Skip to content

Skip to table of contents

ਕਹਾਣੀ 10

ਜਲ-ਪਰਲੋ

ਜਲ-ਪਰਲੋ

ਨੂਹ ਤੇ ਉਸ ਦਾ ਪਰਿਵਾਰ ਅਜੇ ਵੀ ਕਿਸ਼ਤੀ ਦੇ ਅੰਦਰ ਸੀ। ਪਰ ਕਿਸ਼ਤੀ ਦੇ ਬਾਹਰ ਲੋਕ ਨੂਹ ਦਾ ਮਜ਼ਾਕ ਉਡਾਉਣੋਂ ਨਾ ਹਟੇ। ਉਹ ਬਾਹਰ ਖੜ੍ਹੇ ਹੱਸ-ਹੱਸ ਦੂਹਰੇ ਹੋਈ ਜਾ ਰਹੇ ਸਨ। ਪਰ ਜਲਦੀ ਹੀ ਪਰਮੇਸ਼ੁਰ ਨੇ ਉਨ੍ਹਾਂ ਦਾ ਮੂੰਹ ਬੰਦ ਕਰ ਦਿੱਤਾ।

ਇਕ ਦਮ ਜ਼ੋਰਾਂ ਦਾ ਮੀਂਹ ਪੈਣ ਲੱਗਾ ਅਤੇ ਚਾਰੇ ਪਾਸੇ ਪਾਣੀ ਹੀ ਪਾਣੀ ਖੜ੍ਹਾ ਹੋਣ ਲੱਗਾ। ਨੂਹ ਦੀ ਗੱਲ ਸੱਚ ਹੀ ਨਿਕਲੀ। ਲੋਕਾਂ ਦੇ ਪਛਤਾਉਣ ਦਾ ਹੁਣ ਕੋਈ ਫ਼ਾਇਦਾ ਨਹੀਂ ਸੀ। ਯਹੋਵਾਹ ਕਿਸ਼ਤੀ ਦਾ ਦਰਵਾਜ਼ਾ ਬੰਦ ਕਰ ਚੁੱਕਾ ਸੀ।

ਹਰ ਪਾਸੇ ਚੀਕ-ਚਿਹਾੜਾ ਸੀ। ਮੀਂਹ ਨੇ ਵੱਡੇ-ਵੱਡੇ ਦਰਖ਼ਤਾਂ ਨੂੰ ਉਖਾੜ ਦਿੱਤਾ ਅਤੇ ਪੱਥਰਾਂ ਨੂੰ ਰੋੜ ਦਿੱਤਾ। ਡਰ ਦੇ ਮਾਰੇ ਲੋਕਾਂ ਦੀ ਜਾਨ ਥਰ-ਥਰ ਕੰਬ ਰਹੀ ਸੀ ਤੇ ਉਹ ਆਪਣੀਆਂ ਜਾਨਾਂ ਬਚਾਉਣ ਲਈ ਪਹਾੜਾਂ ਵੱਲ ਭੱਜੇ। ਮਨ ਹੀ ਮਨ ਸ਼ਾਇਦ ਉਨ੍ਹਾਂ ਨੇ ਸੋਚਿਆ ਹੋਵੇ, ‘ਕਾਸ਼ ਅਸੀਂ ਨੂਹ ਦੀ ਗੱਲ ਸੁਣੀ ਹੁੰਦੀ, ਤਾਂ ਅੱਜ ਸਾਡਾ ਇਹ ਹਾਲ ਨਾ ਹੁੰਦਾ।’ ਲੇਕਿਨ ਹੁਣ ਬਹੁਤ ਦੇਰ ਹੋ ਚੁੱਕੀ ਸੀ।

40 ਦਿਨ ਤੇ 40 ਰਾਤਾਂ ਮੀਂਹ ਪੈਂਦਾ ਰਿਹਾ। ਇਸ ਕਰਕੇ ਹੁਣ ਉੱਚੇ ਤੋਂ ਉੱਚਾ ਪਹਾੜ ਵੀ ਪਾਣੀ ਨਾਲ ਢੱਕ ਗਿਆ ਸੀ। ਅਜਿਹੀ ਕੋਈ ਵੀ ਥਾਂ ਨਹੀਂ ਬਚੀ ਸੀ ਜਿੱਥੇ ਭੱਜ ਕੇ ਲੋਕ ਆਪਣੀ ਜਾਨ ਬਚਾ ਸਕਦੇ। ਪਰਮੇਸ਼ੁਰ ਨੇ ਜੋ ਕਿਹਾ ਸੀ ਉਹੀ ਹੋਇਆ। ਕਿਸ਼ਤੀ ਦੇ ਬਾਹਰ ਜਿੰਨੇ ਵੀ ਲੋਕ ਤੇ ਜਾਨਵਰ ਸਨ, ਉਹ ਸਾਰੇ ਪਾਣੀ ਵਿਚ ਡੁੱਬ ਗਏ। ਸਿਰਫ਼ ਉਨ੍ਹਾਂ ਦੀਆਂ ਹੀ ਜਾਨਾਂ ਬਚੀਆਂ ਜੋ ਕਿਸ਼ਤੀ ਦੇ ਅੰਦਰ ਸਨ।

ਨੂਹ ਤੇ ਉਸ ਦੇ ਪੁੱਤਰਾਂ ਨੇ ਕਿਸ਼ਤੀ ਨੂੰ ਵਧੀਆ ਢੰਗ ਨਾਲ ਬਣਾਇਆ ਸੀ। ਇਸ ਕਰਕੇ ਜਿੱਦਾਂ-ਜਿੱਦਾਂ ਧਰਤੀ ਪਾਣੀ ਨਾਲ ਭਰਨ ਲੱਗੀ ਉੱਦਾਂ-ਉੱਦਾਂ ਕਿਸ਼ਤੀ ਪਾਣੀ ਉੱਪਰ ਆ ਕੇ ਤੈਰਨ ਲੱਗੀ। ਜਦ ਮੀਂਹ ਰੁਕਿਆ, ਤਾਂ ਧੁੱਪ ਨਿਕਲ ਆਈ। ਹੁਣ ਧਰਤੀ ਦੇਖਣ ਨੂੰ ਵੱਡੇ ਸਮੁੰਦਰ ਵਰਗੀ ਲੱਗਦੀ ਸੀ। ਦੂਰ-ਦੂਰ ਤਕ ਕੁਝ ਨਜ਼ਰ ਨਹੀਂ ਸੀ ਆਉਂਦਾ। ਬਸ ਨੂਹ ਦੀ ਕਿਸ਼ਤੀ ਹੀ ਦਿਖਾਈ ਦਿੰਦੀ ਸੀ।

ਇਸ ਹੜ੍ਹ ਵਿਚ ਸਾਰੇ ਦੈਂਤ ਵੀ ਮਾਰੇ ਗਏ। ਉਨ੍ਹਾਂ ਦੀਆਂ ਮਾਵਾਂ ਅਤੇ ਬਾਕੀ ਸਾਰੇ ਭੈੜੇ ਲੋਕਾਂ ਦਾ ਵੀ ਇਹੀ ਅੰਜਾਮ ਹੋਇਆ। ਪਰ ਕੀ ਇਨ੍ਹਾਂ ਦੈਂਤਾਂ ਦੇ ਪਿਉ ਵੀ ਹੜ੍ਹ ਵਿਚ ਮਾਰੇ ਗਏ?

ਯਾਦ ਹੈ ਆਪਾਂ ਪਹਿਲਾਂ ਪੜ੍ਹਿਆ ਸੀ ਕਿ ਇਨ੍ਹਾਂ ਦੈਂਤਾਂ ਦੇ ਪਿਉ ਉਹ ਫ਼ਰਿਸ਼ਤੇ ਸਨ ਜੋ ਇਨਸਾਨਾਂ ਦਾ ਰੂਪ ਧਾਰ ਕੇ ਧਰਤੀ ਤੇ ਆਏ ਸਨ। ਜਲ-ਪਰਲੋ ਆਉਣ ਤੇ ਉਹ ਆਪਣੀਆਂ ਦੇਹੀਆਂ ਤਿਆਗ ਕੇ ਮੁੜ ਫ਼ਰਿਸ਼ਤੇ ਬਣ ਗਏ ਅਤੇ ਵਾਪਸ ਸਵਰਗ ਚਲੇ ਗਏ। ਪਰ ਹੁਣ ਪਰਮੇਸ਼ੁਰ ਉਨ੍ਹਾਂ ਨੂੰ ਆਪਣੇ ਪੁੱਤਰ ਨਹੀਂ ਸਮਝਦਾ ਸੀ ਕਿਉਂਕਿ ਉਹ ਸ਼ਤਾਨ ਦੇ ਨਾਲ ਰਲ ਗਏ ਸਨ।

ਫਿਰ ਪਰਮੇਸ਼ੁਰ ਨੇ ਧਰਤੀ ਤੇ ਹਵਾ ਵਗਾਈ ਜਿਸ ਨਾਲ ਧਰਤੀ ਉੱਤੋਂ ਪਾਣੀ ਘਟਣ ਲੱਗਾ। ਪੰਜ ਮਹੀਨਿਆਂ ਬਾਅਦ ਕਿਸ਼ਤੀ ਇਕ ਪਹਾੜ ਤੇ ਜਾ ਕੇ ਟਿਕ ਗਈ। ਕੁਝ ਦਿਨ ਹੋਰ ਬੀਤ ਗਏ ਤੇ ਪਾਣੀ ਦੇ ਹੋਰ ਘੱਟ ਜਾਣ ਕਰਕੇ ਪਹਾੜਾਂ ਦੀਆਂ ਚੋਟੀਆਂ ਨਜ਼ਰ ਆਉਣ ਲੱਗੀਆਂ।

ਨੂਹ ਨੇ ਇਕ ਪਹਾੜੀ ਕਾਂ ਕਿਸ਼ਤੀ ਦੇ ਬਾਹਰ ਭੇਜਿਆ, ਪਰ ਹਰ ਵਾਰ ਇਹ ਵਾਪਸ ਆ ਕੇ ਕਿਸ਼ਤੀ ਤੇ ਬੈਠ ਜਾਂਦਾ ਸੀ ਕਿਉਂਕਿ ਉਸ ਨੂੰ ਕੋਈ ਅਜਿਹੀ ਥਾਂ ਨਹੀਂ ਮਿਲੀ ਜਿੱਥੇ ਉਹ ਆਲ੍ਹਣਾ ਬਣਾ ਸਕਦਾ।

ਫਿਰ ਨੂਹ ਨੇ ਇਕ ਘੁੱਗੀ ਨੂੰ ਕਿਸ਼ਤੀ ਦੇ ਬਾਹਰ ਭੇਜਿਆ ਤਾਂਕਿ ਪਤਾ ਕੀਤਾ ਜਾ ਸਕੇ ਕਿ ਧਰਤੀ ਉੱਤੋਂ ਕਿੰਨਾ ਕੁ ਪਾਣੀ ਸੁੱਕ ਗਿਆ ਸੀ। ਪਰ ਘੁੱਗੀ ਵੀ ਵਾਪਸ ਆ ਕੇ ਕਿਸ਼ਤੀ ਤੇ ਬੈਠ ਗਈ। ਜਦ ਘੁੱਗੀ ਦੂਸਰੀ ਵਾਰ ਵਾਪਸ ਆਈ, ਤਾਂ ਉਸ ਦੀ ਚੁੰਝ ਵਿਚ ਜ਼ੈਤੂਨ ਦਾ ਪੱਤਾ ਸੀ। ਨੂਹ ਨੂੰ ਇਸ ਤੋਂ ਇਹ ਅੰਦਾਜ਼ਾ ਹੋ ਗਿਆ ਕਿ ਪਾਣੀ ਕਾਫ਼ੀ ਥੱਲੇ ਜਾ ਚੁੱਕਾ ਸੀ। ਫਿਰ ਜਦ ਨੂਹ ਨੇ ਘੁੱਗੀ ਨੂੰ ਤੀਜੀ ਵਾਰੀ ਕਿਸ਼ਤੀ ਤੋਂ ਬਾਹਰ ਭੇਜਿਆ, ਤਾਂ ਉਹ ਵਾਪਸ ਨਹੀਂ ਆਈ ਕਿਉਂਕਿ ਉਸ ਨੂੰ ਸੁੱਕੀ ਜਗ੍ਹਾ ਮਿਲ ਗਈ ਸੀ।

ਹੁਣ ਪਰਮੇਸ਼ੁਰ ਨੇ ਨੂਹ ਨੂੰ ਕਿਹਾ ਕਿ ‘ਤੂੰ ਤੇ ਤੇਰਾ ਪਰਿਵਾਰ ਕਿਸ਼ਤੀ ਤੋਂ ਬਾਹਰ ਆ ਜਾਓ। ਸਾਰੇ ਜਾਨਵਰਾਂ ਨੂੰ ਵੀ ਬਾਹਰ ਲੈ ਆਓ।’ ਨੂਹ ਅਤੇ ਉਹ ਦਾ ਪਰਿਵਾਰ ਇਕ ਸਾਲ ਤੋਂ ਵੀ ਜ਼ਿਆਦਾ ਸਮਾਂ ਕਿਸ਼ਤੀ ਦੇ ਅੰਦਰ ਰਿਹਾ। ਇਸ ਲਈ ਜ਼ਰਾ ਉਨ੍ਹਾਂ ਦੀ ਖ਼ੁਸ਼ੀ ਦਾ ਅੰਦਾਜ਼ਾ ਲਗਾਓ, ਜਦ ਉਨ੍ਹਾਂ ਨੇ ਕਿਸ਼ਤੀ ਤੋਂ ਬਾਹਰ ਕਦਮ ਰੱਖਿਆ ਹੋਣਾ।