ਕਹਾਣੀ 8
ਧਰਤੀ ਉੱਤੇ ਦੈਂਤ
ਤੁਸੀਂ ਕੀ ਕਰੋਗੇ ਜੇ ਤੁਹਾਡੇ ਘਰ ਦੀ ਛੱਤ ਨਾਲੋਂ ਉੱਚਾ-ਲੰਬਾ ਆਦਮੀ ਤੁਹਾਡੇ ਮੋਹਰੇ ਆ ਖੜ੍ਹਾ ਹੋਵੇ? ਕੀ ਤੁਸੀਂ ਉਸ ਤੋਂ ਨਹੀਂ ਡਰੋਗੇ? ਇੱਦਾਂ ਦੇ ਆਦਮੀ ਨੂੰ ਦੈਂਤ ਕਹਿੰਦੇ ਹਨ। ਇਕ ਜ਼ਮਾਨਾ ਸੀ ਜਦ ਧਰਤੀ ਤੇ ਸੱਚ-ਮੁੱਚ ਦੈਂਤ ਹੁੰਦੇ ਸਨ। ਬਾਈਬਲ ਦੱਸਦੀ ਹੈ ਕਿ ਇਹ ਦੈਂਤ ਫ਼ਰਿਸ਼ਤਿਆਂ ਦੀ ਔਲਾਦ ਸਨ। ਸ਼ਾਇਦ ਤੁਸੀਂ ਸੋਚੋ ਇਹ ਕਿਵੇਂ ਹੋ ਸਕਦਾ ਹੈ।
ਆਪਾਂ ਪਹਿਲੀਆਂ ਕਹਾਣੀਆਂ ਵਿਚ ਦੇਖਿਆ ਸੀ ਕਿ ਸ਼ਤਾਨ ਲੋਕਾਂ ਨੂੰ ਪੁੱਠੇ ਰਾਹ ਪਾ ਰਿਹਾ ਸੀ। ਉਸ ਨੇ ਸਿਰਫ਼ ਇਨਸਾਨਾਂ ਨੂੰ ਹੀ ਨਹੀਂ ਬਲਕਿ ਫ਼ਰਿਸ਼ਤਿਆਂ ਨੂੰ ਵੀ ਆਪਣੇ ਮਗਰ ਲਾਉਣ ਦੀ ਕੋਸ਼ਿਸ਼ ਕੀਤੀ। ਦੁੱਖ ਦੀ ਗੱਲ ਹੈ ਕਿ ਕਈ ਫ਼ਰਿਸ਼ਤੇ ਸ਼ਤਾਨ ਦੇ ਪਿੱਛੇ ਲੱਗ ਗਏ। ਉਨ੍ਹਾਂ ਨੇ ਸਵਰਗ ਵਿਚ ਪਰਮੇਸ਼ੁਰ ਦੀ ਇੱਛਾ ਪੂਰੀ ਕਰਨੀ ਛੱਡ ਦਿੱਤੀ ਅਤੇ ਉਹ ਇਨਸਾਨਾਂ ਦਾ ਰੂਪ ਧਾਰ ਕੇ ਧਰਤੀ ਤੇ ਆ ਗਏ। ਕੀ ਤੁਹਾਨੂੰ ਪਤਾ ਹੈ ਕਿ ਉਨ੍ਹਾਂ ਨੇ ਇੰਜ ਕਿਉਂ ਕੀਤਾ?
ਬਾਈਬਲ ਦੱਸਦੀ ਹੈ ਕਿ ਇਨ੍ਹਾਂ ਫ਼ਰਿਸ਼ਤਿਆਂ ਨੇ ਧਰਤੀ ਤੇ ਸੋਹਣੀਆਂ ਤੀਵੀਆਂ ਨੂੰ ਦੇਖਿਆ ਅਤੇ ਉਨ੍ਹਾਂ ਨਾਲ ਵਿਆਹ ਕਰਵਾ ਲਿਆ। ਪਰ ਇਸ ਤਰ੍ਹਾਂ ਕਰਨਾ ਗ਼ਲਤ ਸੀ ਕਿਉਂਕਿ ਬਾਈਬਲ ਕਹਿੰਦੀ ਹੈ ਕਿ ਪਰਮੇਸ਼ੁਰ ਨੇ ਫ਼ਰਿਸ਼ਤਿਆਂ ਨੂੰ ਸਵਰਗ ਵਿਚ ਰਹਿਣ ਲਈ ਬਣਾਇਆ ਸੀ ਨਾ ਕਿ ਧਰਤੀ ਤੇ ਰਹਿਣ ਲਈ।
ਜਦ ਉਨ੍ਹਾਂ ਦੀਆਂ ਤੀਵੀਆਂ ਦੇ ਬੱਚੇ ਹੋਏ, ਤਾਂ ਇਹ ਬੱਚੇ ਆਮ ਬੱਚਿਆਂ ਨਾਲੋਂ ਵੱਖਰੇ ਨਜ਼ਰ ਆਉਂਦੇ ਸਨ। ਉਹ ਵਧ-ਫੁੱਲ ਕੇ ਇੰਨੇ ਤਕੜੇ ਹੋ ਗਏ ਕਿ ਉਹ ਦੈਂਤ ਬਣ ਗਏ।
ਦੈਂਤ ਬਹੁਤ ਹੀ ਬੁਰੇ ਸਨ। ਦੂਸਰੇ ਲੋਕਾਂ ਨਾਲੋਂ ਜ਼ਿਆਦਾ ਤਕੜੇ ਹੋਣ ਕਰਕੇ ਇਹ ਉਨ੍ਹਾਂ ਨੂੰ ਦੁਖੀ ਕਰਦੇ ਸਨ। ਉਨ੍ਹਾਂ ਨੇ ਲੋਕਾਂ ਨੂੰ ਵੀ ਆਪਣੇ ਵਾਂਗ ਬੁਰੇ ਬਣਾਉਣ ਦੀ ਕੋਸ਼ਿਸ਼ ਕੀਤੀ।
ਉਸ ਸਮੇਂ ਹਨੋਕ ਤਾਂ ਜ਼ਿੰਦਾ ਨਹੀਂ ਸੀ। ਪਰ ਪਰਮੇਸ਼ੁਰ ਦਾ ਇਕ ਹੋਰ ਸੇਵਕ ਧਰਤੀ ਤੇ ਅਜੇ ਜੀਉਂਦਾ ਸੀ। ਉਸ ਦਾ ਨਾਂ ਨੂਹ ਸੀ। ਉਹ ਹਮੇਸ਼ਾ ਉਹੀ ਕਰਦਾ ਸੀ ਜੋ ਪਰਮੇਸ਼ੁਰ ਨੂੰ ਪਸੰਦ ਸੀ।
ਇਕ ਦਿਨ ਪਰਮੇਸ਼ੁਰ ਨੇ ਨੂਹ ਨੂੰ ਦੱਸਿਆ ਕਿ ਉਹ ਧਰਤੀ ਤੋਂ ਬੁਰੇ ਲੋਕਾਂ ਨੂੰ ਖ਼ਤਮ ਕਰਨ ਵਾਲਾ ਸੀ। ਪਰਮੇਸ਼ੁਰ ਨੇ ਸਿਰਫ਼ ਨੂਹ, ਉਸ ਦੇ ਪਰਿਵਾਰ ਅਤੇ ਕੁਝ ਜਾਨਵਰਾਂ ਨੂੰ ਹੀ ਬਚਾਉਣਾ ਸੀ। ਆਓ ਆਪਾਂ ਦੇਖੀਏ ਕਿ ਯਹੋਵਾਹ ਨੇ ਇਹ ਸਭ ਕੁਝ ਕਿਵੇਂ ਕੀਤਾ।