Skip to content

Skip to table of contents

ਕਹਾਣੀ 1

ਪਰਮੇਸ਼ੁਰ ਨੇ ਸਭ ਕੁਝ ਬਣਾਇਆ

ਪਰਮੇਸ਼ੁਰ ਨੇ ਸਭ ਕੁਝ ਬਣਾਇਆ

ਕੀ ਤੁਸੀਂ ਕਦੇ ਸੋਚਿਆ ਹੈ ਕਿ ਸੂਰਜ, ਚੰਨ ਤੇ ਤਾਰਿਆਂ ਨੂੰ ਕਿਸ ਨੇ ਬਣਾਇਆ? ਨਾਲੇ ਕੀ ਤੁਹਾਨੂੰ ਪਤਾ ਇਹ ਧਰਤੀ ਕਿਸ ਨੇ ਬਣਾਈ ਹੈ? ਕੀ ਇਹ ਸਭ ਕੁਝ ਪਰਮੇਸ਼ੁਰ ਦੇ ਹੱਥ ਦੀ ਰਚਨਾ ਨਹੀਂ? ਜੀ ਹਾਂ, ਇਹ ਸਭ ਕੁਝ ਪਰਮੇਸ਼ੁਰ ਨੇ ਹੀ ਸਾਡੇ ਲਈ ਬਣਾਇਆ ਹੈ।

ਇਹ ਸਭ ਕੁਝ ਬਣਾਉਣ ਤੋਂ ਪਹਿਲਾਂ ਪਰਮੇਸ਼ੁਰ ਨੇ ਕੁਝ ਹੋਰ ਵੀ ਬਣਾਇਆ ਸੀ। ਤੁਹਾਨੂੰ ਪਤਾ ਉਹ ਕੀ ਸੀ? ਪਰਮੇਸ਼ੁਰ ਨੇ ਸਭ ਤੋਂ ਪਹਿਲਾਂ ਸਵਰਗ ਵਿਚ ਫ਼ਰਿਸ਼ਤੇ ਬਣਾਏ ਸਨ। ਜਿੱਦਾਂ ਅਸੀਂ ਪਰਮੇਸ਼ੁਰ ਨੂੰ ਨਹੀਂ ਦੇਖ ਸਕਦੇ, ਉਸੇ ਤਰ੍ਹਾਂ ਅਸੀਂ ਇਨ੍ਹਾਂ ਫ਼ਰਿਸ਼ਤਿਆਂ ਨੂੰ ਵੀ ਨਹੀਂ ਦੇਖ ਸਕਦੇ।

ਪਰਮੇਸ਼ੁਰ ਨੇ ਪਹਿਲੇ ਫ਼ਰਿਸ਼ਤੇ ਨੂੰ ਆਪਣਾ ਜੇਠਾ ਪੁੱਤਰ ਕਿਹਾ। ਉਸ ਨੂੰ ਉਹ ਬਹੁਤ ਪਿਆਰ ਕਰਦਾ ਸੀ। ਇਸ ਪੁੱਤਰ ਨੇ ਧਰਤੀ, ਸੂਰਜ, ਚੰਨ ਤੇ ਤਾਰਿਆਂ ਨੂੰ ਬਣਾਉਣ ਵਿਚ ਪਰਮੇਸ਼ੁਰ ਦਾ ਹੱਥ ਵਟਾਇਆ।

ਕੀ ਤੁਹਾਨੂੰ ਪਤਾ ਹੈ ਕਿ ਸ਼ੁਰੂ-ਸ਼ੁਰੂ ਵਿਚ ਧਰਤੀ ਦੇਖਣ ਨੂੰ ਕਿਸ ਤਰ੍ਹਾਂ ਦੀ ਲੱਗਦੀ ਸੀ? ਪਹਿਲਾਂ-ਪਹਿਲ ਧਰਤੀ ਉੱਤੇ ਪਾਣੀ ਹੀ ਪਾਣੀ ਸੀ। ਇਸ ਲਈ ਕੋਈ ਵੀ ਇਸ ਉੱਤੇ ਨਹੀਂ ਸੀ ਰਹਿ ਸਕਦਾ। ਪਰ ਪਰਮੇਸ਼ੁਰ ਚਾਹੁੰਦਾ ਸੀ ਕਿ ਧਰਤੀ ਤੇ ਇਨਸਾਨ ਵਸਣ। ਇਸ ਵਾਸਤੇ ਤੁਹਾਨੂੰ ਪਤਾ ਪਰਮੇਸ਼ੁਰ ਨੇ ਕੀ ਕੀਤਾ?

ਪਹਿਲਾਂ-ਪਹਿਲ ਧਰਤੀ ਤੇ ਘੁੱਪ ਹਨੇਰਾ ਸੀ, ਇਸ ਲਈ ਪਰਮੇਸ਼ੁਰ ਨੇ ਧਰਤੀ ਤੇ ਉਜਾਲਾ ਕੀਤਾ। ਇੱਦਾਂ ਉਸ ਨੇ ਦਿਨ ਤੇ ਰਾਤ ਦੀ ਸ਼ੁਰੂਆਤ ਕੀਤੀ। ਫਿਰ ਉਸ ਨੇ ਪਾਣੀ ਥੱਲਿਓਂ ਜ਼ਮੀਨ ਨੂੰ ਉੱਪਰ ਲਿਆਂਦਾ।

ਸ਼ੁਰੂ ਵਿਚ ਧਰਤੀ ਦੇਖਣ ਨੂੰ ਇਸ ਤਸਵੀਰ ਵਰਗੀ ਲੱਗਦੀ ਸੀ। ਇੱਥੇ ਨਾ ਕੋਈ ਪੇੜ-ਪੌਦਾ ਤੇ ਨਾ ਹੀ ਕੋਈ ਜਾਨਵਰ ਸੀ। ਇੱਥੋਂ ਤਕ ਕਿ ਪਾਣੀ ਵਿਚ ਕੋਈ ਮੱਛੀ ਵੀ ਨਹੀਂ ਸੀ। ਧਰਤੀ ਉੱਤੇ ਕਿਸੇ ਵੀ ਪਸ਼ੂ-ਪੰਛੀ ਜਾਂ ਇਨਸਾਨ ਦਾ ਰਹਿਣਾ ਨਾਮੁਮਕਿਨ ਸੀ। ਪਰਮੇਸ਼ੁਰ ਲਈ ਅਜੇ ਬਹੁਤ ਸਾਰਾ ਕੰਮ ਕਰਨ ਨੂੰ ਪਿਆ ਸੀ।