Skip to content

Skip to table of contents

ਅਧਿਆਇ 13

ਜ਼ਿੰਦਗੀ ਪਰਮੇਸ਼ੁਰ ਦੇ ਨਜ਼ਰੀਏ ਤੋਂ ਦੇਖੋ

ਜ਼ਿੰਦਗੀ ਪਰਮੇਸ਼ੁਰ ਦੇ ਨਜ਼ਰੀਏ ਤੋਂ ਦੇਖੋ
  • ਜ਼ਿੰਦਗੀ ਬਾਰੇ ਯਹੋਵਾਹ ਦਾ ਕੀ ਨਜ਼ਰੀਆ ਹੈ?

  • ਗਰਭਪਾਤ ਬਾਰੇ ਪਰਮੇਸ਼ੁਰ ਦਾ ਕੀ ਵਿਚਾਰ ਹੈ?

  • ਅਸੀਂ ਕਿੱਦਾਂ ਦਿਖਾ ਸਕਦੇ ਹਾਂ ਕਿ ਅਸੀਂ ਜ਼ਿੰਦਗੀ ਦੀ ਕਦਰ ਕਰਦੇ ਹਾਂ?

1. ਹਰ ਜੀਉਂਦੀ ਚੀਜ਼ ਨੂੰ ਕਿਸ ਨੇ ਬਣਾਇਆ ਹੈ?

‘ਯਹੋਵਾਹ ਹੀ ਸੱਚਾ ਤੇ ਜੀਉਂਦਾ ਪਰਮੇਸ਼ੁਰ ਹੈ।’ (ਯਿਰਮਿਯਾਹ 10:10) ਹਰ ਜੀਉਂਦੀ ਚੀਜ਼ ਉਸ ਦੇ ਹੱਥਾਂ ਦੀ ਰਚਨਾ ਹੈ। ਸਵਰਗ ਵਿਚ ਬਜ਼ੁਰਗਾਂ ਨੇ ਉਸ ਦੀ ਮਹਿਮਾ ਵਿਚ ਕਿਹਾ: “ਤੂੰ ਹੀ ਸਾਰੀਆਂ ਚੀਜ਼ਾਂ ਬਣਾਈਆਂ ਹਨ ਅਤੇ ਸਾਰੀਆਂ ਚੀਜ਼ਾਂ ਤੇਰੀ ਹੀ ਇੱਛਾ ਨਾਲ ਹੋਂਦ ਵਿਚ ਆਈਆਂ ਅਤੇ ਬਣਾਈਆਂ ਗਈਆਂ ਹਨ।” (ਪ੍ਰਕਾਸ਼ ਦੀ ਕਿਤਾਬ 4:11) ਰਾਜਾ ਦਾਊਦ ਨੇ ਵੀ ਯਹੋਵਾਹ ਦੇ ਗੁਣ ਗਾਉਂਦੇ ਹੋਏ ਕਿਹਾ: “ਜੀਉਣ ਦਾ ਚਸ਼ਮਾ ਤੇਰੇ ਮੁੱਢ ਹੈ।” (ਜ਼ਬੂਰਾਂ ਦੀ ਪੋਥੀ 36:9) ਹਾਂ, ਜ਼ਿੰਦਗੀ ਯਹੋਵਾਹ ਦੀ ਹੀ ਦੇਣ ਹੈ।

2. ਸਾਡੀ ਜ਼ਿੰਦਗੀ ਬਰਕਰਾਰ ਰੱਖਣ ਲਈ ਯਹੋਵਾਹ ਨੇ ਕੀ ਕੀਤਾ ਹੈ?

2 ਅਸੀਂ ਸਾਰੇ ਯਹੋਵਾਹ ਦੇ ਅਹਿਸਾਨਮੰਦ ਹਾਂ ਕਿਉਂਕਿ ਸਾਡੀ ਜ਼ਿੰਦਗੀ ਉਸ ਦੀ ਬਦੌਲਤ ਹੈ। ਜੀਉਂਦੇ ਰਹਿਣ ਲਈ ਉਹ ਸਾਡੀ ਹਰ ਜ਼ਰੂਰਤ ਪੂਰੀ ਕਰਦਾ ਹੈ। (ਰਸੂਲਾਂ ਦੇ ਕੰਮ 17:28) ਉਹ ਸਾਨੂੰ ਖਿਲਾਉਂਦਾ-ਪਿਲਾਉਂਦਾ ਅਤੇ ਰਜਾਉਂਦਾ ਹੈ। ਉਸ ਨੇ ਸਾਨੂੰ ਰਹਿਣ ਲਈ ਜ਼ਮੀਨ ਦਿੱਤੀ ਹੈ ਅਤੇ ਸਾਡੇ ਆਨੰਦ ਲਈ ਭਾਂਤ-ਭਾਂਤ ਦੀਆਂ ਰੁੱਤਾਂ ਵੀ ਬਣਾਈਆਂ। ਉਸ ਤੋਂ ਬਗੈਰ ਅਸੀਂ ਇਕ ਪਲ ਵੀ ਜੀਉਂਦੇ ਨਹੀਂ ਰਹਿ ਸਕਦੇ। (ਰਸੂਲਾਂ ਦੇ ਕੰਮ 14:15-17 ਪੜ੍ਹੋ।) ਯਹੋਵਾਹ ਦਿਲੋਂ ਚਾਹੁੰਦਾ ਹੈ ਕਿ ਅਸੀਂ ਜ਼ਿੰਦਗੀ ਦਾ ਆਨੰਦ ਮਾਣੀਏ, ਪਰ ਇਹ ਜ਼ਰੂਰੀ ਹੈ ਕਿ ਅਸੀਂ ਉਸ ਦੀ ਮਰਜ਼ੀ ਮੁਤਾਬਕ ਚੱਲੀਏ।​—ਯਸਾਯਾਹ 48:17, 18.

ਜ਼ਿੰਦਗੀ ਦੀ ਕਦਰ ਕਰੋ

3. ਹਾਬਲ ਦੀ ਹੱਤਿਆ ਨੂੰ ਯਹੋਵਾਹ ਨੇ ਕਿਸ ਨਜ਼ਰ ਨਾਲ ਦੇਖਿਆ?

3 ਯਹੋਵਾਹ ਚਾਹੁੰਦਾ ਹੈ ਕਿ ਅਸੀਂ ਆਪਣੀ ਅਤੇ ਦੂਸਰਿਆਂ ਦੀ ਜ਼ਿੰਦਗੀ ਦੀ ਕਦਰ ਕਰੀਏ। ਇਸ ਗੱਲ ਨੂੰ ਸਮਝਣ ਲਈ ਜ਼ਰਾ ਆਦਮ ਤੇ ਹੱਵਾਹ ਦੇ ਪੁੱਤਰ ਕਾਇਨ ਦੀ ਮਿਸਾਲ ਉੱਤੇ ਗੌਰ ਕਰੋ। ਇਕ ਦਫ਼ਾ ਕਾਇਨ ਆਪਣੇ ਛੋਟੇ ਭਰਾ ਹਾਬਲ ਨਾਲ ਬਹੁਤ ਹੀ ਗੁੱਸੇ ਹੋਇਆ। ਯਹੋਵਾਹ ਨੇ ਕਾਇਨ ਨੂੰ ਚੇਤਾਵਨੀ ਦਿੱਤੀ ਕਿ ਉਹ ਆਪਣੇ ਗੁੱਸੇ ਉੱਤੇ ਕਾਬੂ ਰੱਖੇ, ਨਹੀਂ ਤਾਂ ਇਸ ਦੇ ਬੁਰੇ ਨਤੀਜੇ ਨਿਕਲਣਗੇ। ਪਰ ਕਾਇਨ ਨੇ ਯਹੋਵਾਹ ਦੀ ਇਕ ਨਾ ਸੁਣੀ। ਉਸ ਦੇ ਦਿਲ ਵਿਚ ਨਫ਼ਰਤ ਦਾ ਜ਼ਹਿਰ ਭਰ ਚੁੱਕਾ ਸੀ ਅਤੇ ਉਸ ਨੇ “ਆਪਣੇ ਭਰਾ ਹਾਬਲ ਦੇ ਵਿਰੁੱਧ ਉੱਠਕੇ ਉਹ ਨੂੰ ਮਾਰ ਸੁੱਟਿਆ।” (ਉਤਪਤ 4:3-8) ਯਹੋਵਾਹ ਨੇ ਕਾਇਨ ਨੂੰ ਆਪਣੇ ਭਰਾ ਦਾ ਖ਼ੂਨ ਕਰਨ ਤੇ ਸਖ਼ਤ ਸਜ਼ਾ ਦਿੱਤੀ।​—ਉਤਪਤ 4:9-11.

4. ਜ਼ਿੰਦਗੀ ਬਾਰੇ ਸਹੀ ਨਜ਼ਰੀਆ ਰੱਖਣ ਦੇ ਸੰਬੰਧ ਵਿਚ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਕਿਹੜਾ ਹੁਕਮ ਦਿੱਤਾ ਸੀ?

4 ਇਸ ਘਟਨਾ ਤੋਂ ਤਕਰੀਬਨ 2,400 ਸਾਲ ਬਾਅਦ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਕੁਝ ਹੁਕਮ ਦਿੱਤੇ ਸਨ ਜਿਨ੍ਹਾਂ ’ਤੇ ਚੱਲ ਕੇ ਉਹ ਯਹੋਵਾਹ ਦੀ ਭਗਤੀ ਸਹੀ ਤਰੀਕੇ ਨਾਲ ਕਰ ਸਕਦੇ ਸਨ। ਯਹੋਵਾਹ ਨੇ ਇਹ ਹੁਕਮ ਆਪਣੇ ਭਗਤ ਮੂਸਾ ਦੁਆਰਾ ਦਿੱਤੇ ਸਨ ਜਿਸ ਕਰਕੇ ਇਨ੍ਹਾਂ ਨੂੰ ਮੂਸਾ ਦੇ ਕਾਨੂੰਨ ਵੀ ਕਿਹਾ ਜਾਂਦਾ ਹੈ। ਇਨ੍ਹਾਂ ਹੁਕਮਾਂ ਵਿੱਚੋਂ ਇਕ ਹੁਕਮ ਸੀ: “ਤੂੰ ਖ਼ੂਨ ਨਾ ਕਰ।” (ਬਿਵਸਥਾ ਸਾਰ 5:17) ਇਹ ਹੁਕਮ ਦੇ ਕੇ ਯਹੋਵਾਹ ਆਪਣੇ ਲੋਕਾਂ ਨੂੰ ਦਿਖਾ ਰਿਹਾ ਸੀ ਕਿ ਜ਼ਿੰਦਗੀ ਉਸ ਦੀਆਂ ਨਜ਼ਰਾਂ ਵਿਚ ਬਹੁਤ ਕੀਮਤੀ ਹੈ ਅਤੇ ਇਨਸਾਨਾਂ ਨੂੰ ਵੀ ਆਪਣੀ ਅਤੇ ਦੂਸਰਿਆਂ ਦੀ ਜ਼ਿੰਦਗੀ ਨੂੰ ਕੀਮਤੀ ਸਮਝਣਾ ਚਾਹੀਦਾ ਹੈ।

5. ਸਾਨੂੰ ਗਰਭਪਾਤ ਕਰਨ ਬਾਰੇ ਕਿੱਦਾਂ ਮਹਿਸੂਸ ਕਰਨਾ ਚਾਹੀਦਾ ਹੈ?

5 ਪਰ ਇਕ ਅਣਜੰਮੇ ਬੱਚੇ ਦੀ ਜ਼ਿੰਦਗੀ ਬਾਰੇ ਕੀ? ਕੀ ਮਾਂ ਦੀ ਕੁੱਖ ਵਿਚ ਪਲ ਰਹੇ ਬੱਚੇ ਦੀ ਜਾਨ ਦੀ ਕੋਈ ਕੀਮਤ ਹੈ? ਹਾਂ, ਜ਼ਰੂਰ ਹੈ। ਇਜ਼ਰਾਈਲੀਆਂ ਨੂੰ ਇਸ ਸੰਬੰਧੀ ਕਾਨੂੰਨ ਦਿੱਤਾ ਗਿਆ ਸੀ: “ਜੇ ਆਦਮੀ ਆਪਸ ਵਿਚ ਲੜ ਰਹੇ ਹੋਣ ਅਤੇ ਉਹ ਕਿਸੇ ਗਰਭਵਤੀ ਤੀਵੀਂ ਨੂੰ ਸੱਟ ਲਾਉਣ ਅਤੇ ਤੀਵੀ ਸਮੇਂ ਤੋਂ ਪਹਿਲਾਂ ਬੱਚੇ ਨੂੰ ਜਨਮ ਦੇਵੇ, ਪਰ ਮਾਂ ਜਾਂ ਬੱਚੇ ਦੀ ਜਾਨ ਨਾ ਜਾਵੇ, ਤਾਂ ਦੋਸ਼ੀ ਨੂੰ ਜੁਰਮਾਨਾ ਭਰਨਾ ਪਵੇਗਾ ਜੋ ਉਸ ਤੀਵੀਂ ਦਾ ਪਤੀ ਲਵੇਗਾ; ਦੋਸ਼ੀ ਨੂੰ ਨਿਆਂਕਾਰਾਂ ਦੇ ਰਾਹੀਂ ਜੁਰਮਾਨਾ ਭਰਨਾ ਪਵੇਗਾ। ਪਰ ਜੇ ਕਿਸੇ ਦੀ ਜਾਨ ਚਲੀ ਜਾਂਦੀ ਹੈ, ਤਾਂ ਦੋਸ਼ੀ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ।” (ਕੂਚ 21:22, 23, NW) ਯਹੋਵਾਹ ਦੀਆਂ ਨਜ਼ਰਾਂ ਵਿਚ ਅਣਜੰਮਾ ਬੱਚਾ ਵੀ ਇਕ ਜੀਉਂਦੀ ਜਾਨ ਹੈ ਜਿਸ ਨੂੰ ਉਹ ਕੀਮਤੀ ਸਮਝਦਾ ਹੈ। (ਜ਼ਬੂਰਾਂ ਦੀ ਪੋਥੀ 127:3 ਪੜ੍ਹੋ।) ਇਸ ਲਈ ਗਰਭਪਾਤ ਕਰਨਾ ਵੱਡਾ ਪਾਪ ਹੈ।

6. ਸਾਨੂੰ ਦੂਸਰਿਆਂ ਨਾਲ ਨਫ਼ਰਤ ਕਿਉਂ ਨਹੀਂ ਕਰਨੀ ਚਾਹੀਦੀ?

6 ਜੇ ਅਸੀਂ ਦਿਲ ਹੀ ਦਿਲ ਵਿਚ ਕਿਸੇ ਨਾਲ ਨਫ਼ਰਤ ਕਰਦੇ ਹਾਂ, ਤਾਂ ਕੀ ਅਸੀਂ ਇਹ ਕਹਿ ਸਕਦੇ ਹਾਂ ਕਿ ਅਸੀਂ ਉਨ੍ਹਾਂ ਦੀ ਜ਼ਿੰਦਗੀ ਨੂੰ ਕੀਮਤੀ ਸਮਝਦੇ ਹਾਂ? ਬਿਲਕੁਲ ਨਹੀਂ। ਬਾਈਬਲ ਕਹਿੰਦੀ ਹੈ: “ਜਿਹੜਾ ਆਪਣੇ ਭਰਾ ਨਾਲ ਨਫ਼ਰਤ ਕਰਦਾ ਹੈ, ਉਹ ਕਾਤਲ ਹੈ ਅਤੇ ਤੁਸੀਂ ਜਾਣਦੇ ਹੋ ਕਿ ਕਿਸੇ ਕਾਤਲ ਨੂੰ ਹਮੇਸ਼ਾ ਦੀ ਜ਼ਿੰਦਗੀ ਨਹੀਂ ਮਿਲੇਗੀ।” (1 ਯੂਹੰਨਾ 3:15) ਜੇ ਅਸੀਂ ਸਦਾ ਦੀ ਜ਼ਿੰਦਗੀ ਚਾਹੁੰਦੇ ਹਾਂ, ਤਾਂ ਸਾਨੂੰ ਆਪਣੇ ਦਿਲ ਵਿੱਚੋਂ ਨਫ਼ਰਤ ਨੂੰ ਜੜ੍ਹੋਂ ਪੁੱਟ ਸੁੱਟਣਾ ਚਾਹੀਦਾ ਹੈ। ਵੈਰ ਅਤੇ ਹਿੰਸਾ ਦੀ ਅਸਲੀ ਜੜ੍ਹ ਨਫ਼ਰਤ ਹੀ ਹੈ। (1 ਯੂਹੰਨਾ 3:11, 12) ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਤਹਿ ਦਿਲੋਂ ਇਕ-ਦੂਸਰੇ ਨਾਲ ਪਿਆਰ ਕਰੀਏ।

7. ਜ਼ਿੰਦਗੀ ਦੀ ਕਦਰ ਕਰਨ ਲਈ ਸਾਨੂੰ ਕਿਨ੍ਹਾਂ ਆਦਤਾਂ ਨੂੰ ਛੱਡਣਾ ਚਾਹੀਦਾ ਹੈ?

7 ਸਾਨੂੰ ਆਪਣੀ ਜ਼ਿੰਦਗੀ ਦੀ ਵੀ ਕਦਰ ਕਰਨੀ ਚਾਹੀਦੀ ਹੈ। ਭਾਵੇਂ ਕਿ ਆਮ ਤੌਰ ਤੇ ਲੋਕ ਮਰਨਾ ਨਹੀਂ ਚਾਹੁੰਦੇ, ਪਰ ਫਿਰ ਵੀ ਕੁਝ ਲੋਕ ਜਾਣ-ਬੁੱਝ ਕੇ ਆਪਣੀ ਜ਼ਿੰਦਗੀ ਨੂੰ ਖ਼ਤਰੇ ਵਿਚ ਪਾਉਂਦੇ ਹਨ। ਮਿਸਾਲ ਲਈ, ਕਈ ਲੋਕ ਸਿਗਰਟਾਂ ਪੀਂਦੇ ਹਨ, ਸੁਪਾਰੀ ਖਾਂਦੇ ਹਨ ਅਤੇ ਨਸ਼ੇ ਕਰਦੇ ਹਨ। ਅਜਿਹੀਆਂ ਆਦਤਾਂ ਸਿਹਤ ਲਈ ਹਾਨੀਕਾਰਕ ਹਨ ਅਤੇ ਮੌਤ ਦਾ ਕਾਰਨ ਬਣ ਸਕਦੀਆਂ ਹਨ। ਇਸ ਲਈ ਜੋ ਵੀ ਨਸ਼ੇ-ਪੱਤੇ ਕਰਦੇ ਹਨ, ਉਹ ਜ਼ਿੰਦਗੀ ਦੀ ਕਦਰ ਨਹੀਂ ਕਰਦੇ। ਇਨ੍ਹਾਂ ਗੰਦੀਆਂ ਆਦਤਾਂ ਤੋਂ ਯਹੋਵਾਹ ਨੂੰ ਸਖ਼ਤ ਨਫ਼ਰਤ ਹੈ। (ਰੋਮੀਆਂ 6:19; 12:1; 2 ਕੁਰਿੰਥੀਆਂ 7:1 ਪੜ੍ਹੋ।) ਜੇ ਅਸੀਂ ਸਹੀ ਤਰੀਕੇ ਨਾਲ ਯਹੋਵਾਹ ਦੀ ਭਗਤੀ ਕਰਨੀ ਚਾਹੁੰਦੇ ਹਾਂ, ਤਾਂ ਸਾਨੂੰ ਬੁਰੀਆਂ ਆਦਤਾਂ ਛੱਡਣੀਆਂ ਚਾਹੀਦੀਆਂ ਹਨ। ਇਹ ਸੱਚ ਹੈ ਕਿ ਇਸ ਤਰ੍ਹਾਂ ਕਰਨਾ ਸੌਖਾ ਨਹੀਂ, ਪਰ ਜੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਤਾਂ ਯਹੋਵਾਹ ਬੇਹੱਦ ਖ਼ੁਸ਼ ਹੋਵੇਗਾ ਅਤੇ ਸਾਡੀ ਮਦਦ ਜ਼ਰੂਰ ਕਰੇਗਾ।

8. ਅਸੀਂ ਹੋਰ ਕਿਹੜੇ ਤਰੀਕੇ ਨਾਲ ਦਿਖਾ ਸਕਦੇ ਹਾਂ ਕਿ ਅਸੀਂ ਜੀਵਨ ਦੀ ਕਦਰ ਕਰਦੇ ਹਾਂ?

8 ਅਸੀਂ ਖ਼ਤਰਿਆਂ ਤੋਂ ਦੂਰ ਰਹਿ ਕੇ ਵੀ ਜ਼ਿੰਦਗੀ ਦੀ ਕਦਰ ਕਰਦੇ ਹਾਂ। ਮਿਸਾਲ ਲਈ, ਅਸੀਂ ਆਪਣੀ ਕਾਰ ਨੂੰ ਧਿਆਨ ਨਾਲ ਚਲਾਵਾਂਗੇ ਅਤੇ ਕੋਈ ਵੀ ਨੁਕਸ ਪੈਣ ਤੇ ਫ਼ੌਰਨ ਉਸ ਦੀ ਮੁਰੰਮਤ ਕਰਾਵਾਂਗੇ। ਇਸ ਤਰ੍ਹਾਂ, ਅਸੀਂ ਆਪਣੀ ਅਤੇ ਦੂਸਰਿਆਂ ਦੀ ਜਾਨ ਜੋਖਮ ਵਿਚ ਨਹੀਂ ਪਾਵਾਂਗੇ। ਇਸ ਦੇ ਨਾਲ-ਨਾਲ, ਅਸੀਂ ਹਿੰਸਕ ਜਾਂ ਖ਼ਤਰਨਾਕ ਖੇਡਾਂ ਵਿਚ ਹਿੱਸਾ ਨਹੀਂ ਲਵਾਂਗੇ। (ਕਹਾਉਤਾਂ 3:31) ਯਹੋਵਾਹ ਨੇ ਹਰ ਇਜ਼ਰਾਈਲੀ ਨੂੰ ਹੁਕਮ ਦਿੱਤਾ ਸੀ ਕਿ “ਜਦ ਤੂੰ ਕੋਈ ਨਵਾਂ ਘਰ ਬਣਾਵੇਂ ਤਾਂ ਤੂੰ ਆਪਣੀ ਛੱਤ ਉੱਤੇ ਬਨੇਰਾ ਬਣਾਵੀਂ ਤਾਂ ਜੋ ਤੂੰ ਆਪਣੇ ਘਰ ਉੱਤੇ ਜੇ ਕੋਈ ਉੱਥੋਂ ਡਿੱਗ ਪਵੇ ਖ਼ੂਨ ਨਾ ਲਿਆਵੇਂ।” (ਬਿਵਸਥਾ ਸਾਰ 22:8) ਇਸ ਅਸੂਲ ਮੁਤਾਬਕ ਸਾਨੂੰ ਆਪਣੇ ਘਰ ਨੂੰ ਚੰਗੀ ਹਾਲਤ ਵਿਚ ਰੱਖਣਾ ਚਾਹੀਦਾ ਹੈ। ਅਸੀਂ ਧਿਆਨ ਰੱਖਾਂਗੇ ਕਿ ਘਰ ਵਿਚ ਕਿਸੇ ਵੀ ਚੀਜ਼ ਕਾਰਨ ਕਿਸੇ ਦੇ ਡਿੱਗਣ, ਤਿਲਕਣ ਜਾਂ ਸੱਟ ਲੱਗਣ ਦਾ ਖ਼ਤਰਾ ਨਾ ਹੋਵੇ। ਹਾਂ, ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਸਾਡਾ ਘਰ ਅਤੇ ਸਾਡੀ ਕਾਰ ਕਿਸੇ ਦੀ ਜਾਨ ਨੂੰ ਜੋਖਮ ਵਿਚ ਨਾ ਪਾਉਣ।

9. ਸਾਨੂੰ ਜਾਨਵਰਾਂ ਨਾਲ ਕਿਹੋ ਜਿਹਾ ਸਲੂਕ ਕਰਨਾ ਚਾਹੀਦਾ ਹੈ?

9 ਜਾਨਵਰਾਂ ਬਾਰੇ ਕੀ? ਜਾਨਵਰਾਂ ਦੀ ਜ਼ਿੰਦਗੀ ਵੀ ਯਹੋਵਾਹ ਦੀਆਂ ਨਜ਼ਰਾਂ ਵਿਚ ਕੀਮਤੀ ਹੈ। ਇਹ ਸੱਚ ਹੈ ਕਿ ਯਹੋਵਾਹ ਨੇ ਸਾਨੂੰ ਭੋਜਨ ਤੇ ਕੱਪੜਿਆਂ ਵਾਸਤੇ ਜਾਂ ਆਪਣੀ ਸੁਰੱਖਿਆ ਲਈ ਜਾਨਵਰਾਂ ਨੂੰ ਮਾਰਨ ਦੀ ਇਜਾਜ਼ਤ ਦਿੱਤੀ ਹੈ। (ਉਤਪਤ 3:21; 9:3; ਕੂਚ 21:28) ਪਰ ਜਦ ਲੋਕ ਆਪਣੇ ਮਜ਼ੇ ਲਈ ਜਾਨਵਰਾਂ ਦਾ ਸ਼ਿਕਾਰ ਕਰਦੇ ਹਨ ਜਾਂ ਉਨ੍ਹਾਂ ਨਾਲ ਬੇਰਹਿਮੀ ਵਰਤਦੇ ਹਨ, ਤਾਂ ਇਹ ਯਹੋਵਾਹ ਦੀਆਂ ਨਜ਼ਰਾਂ ਵਿਚ ਪਾਪ ਹੈ। ਜੇ ਅਸੀਂ ਇਸ ਤਰ੍ਹਾਂ ਕਰਾਂਗੇ, ਤਾਂ ਅਸੀਂ ਜੀਵਨ ਦੀ ਕਦਰ ਨਹੀਂ ਕਰਦੇ ਹੋਵਾਂਗੇ।​—ਕਹਾਉਤਾਂ 12:10.

ਖ਼ੂਨ ਦੀ ਕਦਰ ਕਰੋ

10. ਯਹੋਵਾਹ ਨੇ ਕਿੱਦਾਂ ਸਮਝਾਇਆ ਕਿ ਲਹੂ ਜ਼ਿੰਦਗੀ ਨੂੰ ਦਰਸਾਉਂਦਾ ਹੈ?

10 ਜਦ ਕਾਇਨ ਨੇ ਆਪਣੇ ਭਰਾ ਹਾਬਲ ਨੂੰ ਮਾਰਿਆ ਸੀ, ਤਾਂ ਯਹੋਵਾਹ ਨੇ ਕਾਇਨ ਨੂੰ ਕਿਹਾ: “ਤੇਰੇ ਭਰਾ ਦੇ ਲਹੂ ਦੀ ਅਵਾਜ਼ ਜ਼ਮੀਨ ਵੱਲੋਂ ਮੇਰੇ ਅੱਗੇ ਦੁਹਾਈ ਦਿੰਦੀ ਹੈ।” (ਉਤਪਤ 4:10) ਹਾਬਲ ਦਾ ਲਹੂ ਉਸ ਦੀ ਜ਼ਿੰਦਗੀ ਨੂੰ ਦਰਸਾਉਂਦਾ ਸੀ। ਕਾਇਨ ਨੇ ਹਾਬਲ ਦੀ ਜਾਨ ਲਈ ਸੀ, ਜਿਸ ਦੀ ਸਜ਼ਾ ਉਸ ਨੂੰ ਜ਼ਰੂਰ ਮਿਲਣੀ ਸੀ। ਯਹੋਵਾਹ ਦੀ ਨਜ਼ਰ ਵਿਚ ਮਾਨੋ ਹਾਬਲ ਦਾ ਲਹੂ ਚੀਕ-ਚੀਕ ਕੇ ਇਨਸਾਫ਼ ਮੰਗ ਰਿਹਾ ਸੀ। ਨੂਹ ਦੇ ਦਿਨਾਂ ਵਿਚ ਵੀ ਇਹ ਗੱਲ ਸਪੱਸ਼ਟ ਦੱਸੀ ਗਈ ਸੀ ਕਿ ਲਹੂ ਦਾ ਜ਼ਿੰਦਗੀ ਨਾਲ ਗੂੜ੍ਹਾ ਸੰਬੰਧ ਹੈ। ਜਲ-ਪਰਲੋ ਤੋਂ ਪਹਿਲਾਂ ਇਨਸਾਨ ਸਿਰਫ਼ ਫਲ, ਸਬਜ਼ੀਆਂ ਤੇ ਬਦਾਮ-ਗਿਰੀਆਂ ਵਗੈਰਾ ਖਾਂਦੇ ਸਨ। ਪਰ ਜਲ-ਪਰਲੋ ਤੋਂ ਬਾਅਦ ਯਹੋਵਾਹ ਨੇ ਨੂਹ ਅਤੇ ਉਸ ਦੇ ਪੁੱਤਰਾਂ ਨੂੰ ਕਿਹਾ: “ਹਰ ਚੱਲਣਹਾਰ ਜਿਹ ਦੇ ਵਿੱਚ ਜੀਵਣ ਹੈ ਤੁਹਾਡੇ ਭੋਜਨ ਲਈ ਹੋਵੇਗਾ।” ਪਰ ਯਹੋਵਾਹ ਨੇ ਉਨ੍ਹਾਂ ਉੱਤੇ ਇਹ ਪਾਬੰਦੀ ਲਾਈ ਸੀ ਕਿ “ਮਾਸ ਉਹ ਦੀ ਜਾਨ ਸਣੇ ਅਰਥਾਤ ਲਹੂ ਸਣੇ ਤੁਸੀਂ ਨਾ ਖਾਇਓ।” (ਉਤਪਤ 1:29; 9:3, 4) ਇਸ ਤੋਂ ਅਸੀਂ ਸਾਫ਼-ਸਾਫ਼ ਦੇਖ ਸਕਦੇ ਹਾਂ ਕਿ ਯਹੋਵਾਹ ਦੀਆਂ ਨਜ਼ਰਾਂ ਵਿਚ ਕਿਸੇ ਵੀ ਜੀਵ ਦਾ ਖ਼ੂਨ ਉਸ ਦੀ ਜ਼ਿੰਦਗੀ ਨੂੰ ਦਰਸਾਉਂਦਾ ਹੈ।

11. ਨੂਹ ਦੇ ਦਿਨਾਂ ਤੋਂ ਯਹੋਵਾਹ ਨੇ ਲਹੂ ਦੇ ਸੰਬੰਧ ਵਿਚ ਕਿਹੜੀ ਪਾਬੰਦੀ ਲਾਈ ਹੈ?

11 ਇਹੀ ਹੁਕਮ 800 ਸਾਲ ਬਾਅਦ ਇਜ਼ਰਾਈਲੀਆਂ ਨੂੰ ਫਿਰ ਤੋਂ ਦਿੱਤਾ ਗਿਆ ਸੀ। ਯਹੋਵਾਹ ਨੇ ਉਨ੍ਹਾਂ ਨੂੰ ਕਿਹਾ: “ਕੋਈ ਮਨੁੱਖ . . . ਜਿਹੜਾ ਸ਼ਿਕਾਰ ਕਰਕੇ ਕਿਸੇ ਖਾਣ ਜੋਗ ਪਸੂ ਯਾ ਪੰਛੀ ਨੂੰ ਫੜ ਲਵੇ, ਉਹ ਉਸ ਦਾ ਲਹੂ ਕੱਢ ਕੇ ਉਸ ਨੂੰ ਮਿੱਟੀ ਨਾਲ ਕੱਜੇ। . . . ਮੈਂ ਇਸਰਾਏਲੀਆਂ ਨੂੰ ਆਖਿਆ, ਤੁਸਾਂ ਕਿਸੇ ਪਰਕਾਰ ਦੇ ਮਾਸ ਦਾ ਲਹੂ ਨਾ ਖਾਣਾ।” (ਲੇਵੀਆਂ 17:13, 14) ਹਾਂ, ਯਹੋਵਾਹ ਨੇ ਉਨ੍ਹਾਂ ਨੂੰ ਸਾਫ਼-ਸਾਫ਼ ਦੱਸਿਆ ਕਿ ਮਾਸ ਖਾਧਾ ਜਾ ਸਕਦਾ ਸੀ, ਪਰ ਲਹੂ ਸਣੇ ਨਹੀਂ। ਲਹੂ ਜ਼ਮੀਨ ’ਤੇ ਡੋਲਿਆ ਜਾਣਾ ਸੀ। ਅਜਿਹਾ ਕਰ ਕੇ ਉਹ ਮਾਨੋ ਪਸ਼ੂ ਦੀ ਜ਼ਿੰਦਗੀ ਉਸ ਦੇ ਜੀਵਨਦਾਤੇ ਨੂੰ ਵਾਪਸ ਦੇ ਰਹੇ ਸਨ। ਖ਼ੂਨ ਨਾ ਖਾਣ ਨਾਲ ਉਹ ਦਿਖਾ ਰਹੇ ਸਨ ਕਿ ਉਹ ਜ਼ਿੰਦਗੀ ਦੀ ਬਹੁਤ ਕਦਰ ਕਰਦੇ ਸਨ।

12. ਪਹਿਲੀ ਸਦੀ ਵਿਚ ਖ਼ੂਨ ਬਾਰੇ ਮਸੀਹੀਆਂ ਨੂੰ ਕੀ ਹੁਕਮ ਦਿੱਤਾ ਗਿਆ ਸੀ ਜੋ ਅੱਜ ਵੀ ਲਾਗੂ ਹੁੰਦਾ ਹੈ?

12 ਇਹ ਹੁਕਮ ਅੱਜ ਮਸੀਹੀਆਂ ਉੱਤੇ ਵੀ ਲਾਗੂ ਹੁੰਦਾ ਹੈ। ਪਹਿਲੀ ਸਦੀ ਵਿਚ ਰਸੂਲਾਂ ਅਤੇ ਬਜ਼ੁਰਗਾਂ ਨੇ ਇਹ ਫ਼ੈਸਲਾ ਕਰਨ ਲਈ ਇਕ ਸਭਾ ਬੁਲਾਈ ਸੀ ਕਿ ਮਸੀਹੀਆਂ ਨੂੰ ਕਿਹੜੇ ਹੁਕਮ ਮੰਨਣ ਦੀ ਲੋੜ ਸੀ। ਉਹ ਇਸ ਨਤੀਜੇ ’ਤੇ ਪਹੁੰਚੇ: “ਪਵਿੱਤਰ ਸ਼ਕਤੀ ਦੀ ਮਦਦ ਨਾਲ ਅਸੀਂ ਇਹ ਫ਼ੈਸਲਾ ਕੀਤਾ ਹੈ ਕਿ ਇਨ੍ਹਾਂ ਜ਼ਰੂਰੀ ਗੱਲਾਂ ਤੋਂ ਸਿਵਾਇ ਅਸੀਂ ਤੁਹਾਡੇ ਉੱਤੇ ਵਾਧੂ ਬੋਝ ਨਾ ਪਾਈਏ ਕਿ ਤੁਸੀਂ ਮੂਰਤੀਆਂ ਨੂੰ ਚੜ੍ਹਾਈਆਂ ਚੀਜ਼ਾਂ ਤੋਂ, ਲਹੂ ਤੋਂ, ਗਲਾ ਘੁੱਟ ਕੇ ਮਾਰੇ ਜਾਨਵਰਾਂ ਦੇ ਮਾਸ ਤੋਂ ਅਤੇ ਹਰਾਮਕਾਰੀ ਤੋਂ ਦੂਰ ਰਹੋ।” (ਰਸੂਲਾਂ ਦੇ ਕੰਮ 15:28, 29; 21:25) ਸਾਨੂੰ ਵੀ ‘ਲਹੂ ਤੋਂ ਦੂਰ ਰਹਿਣਾ’ ਚਾਹੀਦਾ ਹੈ। ਯਹੋਵਾਹ ਦੀਆਂ ਨਜ਼ਰਾਂ ਵਿਚ ਖ਼ੂਨ ਤੋਂ ਬਚਣਾ ਉੱਨਾ ਹੀ ਜ਼ਰੂਰੀ ਹੈ ਜਿੰਨਾ ਮੂਰਤੀ-ਪੂਜਾ ਅਤੇ ਬਦਚਲਣੀ ਤੋਂ।

ਜੇ ਡਾਕਟਰ ਤੁਹਾਨੂੰ ਸ਼ਰਾਬ ਪੀਣ ਤੋਂ ਮਨ੍ਹਾ ਕਰੇ, ਤਾਂ ਕੀ ਤੁਸੀਂ ਨਾੜੀਆਂ ਰਾਹੀਂ ਸ਼ਰਾਬ ਲਵੋਗੇ?

13. ਮਿਸਾਲ ਦੇ ਕੇ ਸਮਝਾਓ ਕਿ ਅਸੀਂ ਇਲਾਜ ਕਰਾਉਣ ਵੇਲੇ ਲਹੂ ਕਿਉਂ ਨਹੀਂ ਚੜ੍ਹਾ ਸਕਦੇ।

13 ਤਾਂ ਫਿਰ, ਕੀ ਇਲਾਜ ਕਰਾਉਣ ਵੇਲੇ ਵੀ ਲਹੂ ਲੈਣਾ ਮਨ੍ਹਾ ਹੈ? ਜੀ ਹਾਂ। ਮਿਸਾਲ ਲਈ, ਜੇ ਡਾਕਟਰ ਤੁਹਾਨੂੰ ਸ਼ਰਾਬ ਪੀਣ ਤੋਂ ਮਨ੍ਹਾ ਕਰੇ, ਤਾਂ ਇਸ ਦਾ ਕੀ ਮਤਲਬ ਹੈ? ਕੀ ਇਸ ਦਾ ਇਹ ਮਤਲਬ ਹੈ ਕਿ ਤੁਸੀਂ ਸ਼ਰਾਬ ਪੀ ਨਹੀਂ ਸਕਦੇ, ਪਰ ਤੁਸੀਂ ਨਾੜੀਆਂ ਰਾਹੀਂ ਉਸ ਨੂੰ ਲੈ ਸਕਦੇ ਹੋ? ਬਿਲਕੁਲ ਨਹੀਂ! ਇਸੇ ਤਰ੍ਹਾਂ ਜਦੋਂ ਯਹੋਵਾਹ ਕਹਿੰਦਾ ਹੈ ਕਿ ਲਹੂ ਤੋਂ ਬਚੇ ਰਹੋ, ਤਾਂ ਇਸ ਦਾ ਮਤਲਬ ਹੈ ਕਿ ਸਾਨੂੰ ਕਿਸੇ ਵੀ ਤਰੀਕੇ ਨਾਲ ਲਹੂ ਨਹੀਂ ਲੈਣਾ ਚਾਹੀਦਾ।

14, 15. ਜੇ ਡਾਕਟਰ ਸਾਨੂੰ ਲਹੂ ਲੈਣ ਲਈ ਮਜਬੂਰ ਕਰਨ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ ਅਤੇ ਕਿਉਂ?

14 ਉਦੋਂ ਕੀ ਜੇ ਅਸੀਂ ਕਿਸੇ ਹਾਦਸੇ ਵਿਚ ਬੁਰੀ ਤਰ੍ਹਾਂ ਜ਼ਖ਼ਮੀ ਹੋ ਜਾਂਦੇ ਹਾਂ ਜਾਂ ਸਾਨੂੰ ਕੋਈ ਵੱਡਾ ਓਪਰੇਸ਼ਨ ਕਰਵਾਉਣ ਦੀ ਜ਼ਰੂਰਤ ਪੈਂਦੀ ਹੈ? ਜੇ ਡਾਕਟਰ ਸਾਨੂੰ ਕਹੇ ਕਿ ਲਹੂ ਚੜ੍ਹਾਏ ਬਗੈਰ ਸਾਡਾ ਬਚਣਾ ਔਖਾ ਹੈ, ਤਾਂ ਅਸੀਂ ਕੀ ਕਰਾਂਗੇ? ਕੋਈ ਵੀ ਮਰਨਾ ਨਹੀਂ ਚਾਹੇਗਾ। ਇਸ ਲਈ ਅਸੀਂ ਜੀਉਂਦੇ ਰਹਿਣ ਲਈ ਅਜਿਹਾ ਕੋਈ ਵੀ ਇਲਾਜ ਜਾਂ ਦਵਾਈ ਖ਼ੁਸ਼ੀ-ਖ਼ੁਸ਼ੀ ਸਵੀਕਾਰ ਕਰ ਸਕਦੇ ਹਾਂ ਜਿਸ ਵਿਚ ਲਹੂ ਨਾ ਵਰਤਿਆ ਜਾਵੇ।

15 ਪਰ ਜੇ ਸਾਡੀ ਜਾਨ ਨੂੰ ਖ਼ਤਰਾ ਹੈ, ਤਾਂ ਕੀ ਆਪਣੇ ਆਪ ਨੂੰ ਬਚਾਉਣ ਦੀ ਖ਼ਾਤਰ ਯਹੋਵਾਹ ਦੇ ਹੁਕਮ ਨੂੰ ਤੋੜਨਾ ਜਾਇਜ਼ ਹੋਵੇਗਾ? ਯਿਸੂ ਨੇ ਕਿਹਾ: “ਜਿਹੜਾ ਇਨਸਾਨ ਆਪਣੀ ਜਾਨ ਬਚਾਉਣੀ ਚਾਹੁੰਦਾ ਹੈ, ਉਹ ਆਪਣੀ ਜਾਨ ਗੁਆ ਬੈਠੇਗਾ, ਪਰ ਜਿਹੜਾ ਇਨਸਾਨ ਮੇਰੀ ਖ਼ਾਤਰ ਆਪਣੀ ਜਾਨ ਗੁਆਉਂਦਾ ਹੈ, ਉਹ ਆਪਣੀ ਜਾਨ ਬਚਾਵੇਗਾ।” (ਮੱਤੀ 16:25) ਅਸੀਂ ਮਰਨਾ ਤਾਂ ਨਹੀਂ ਚਾਹੁੰਦੇ, ਪਰ ਜੇ ਅਸੀਂ ਯਹੋਵਾਹ ਦਾ ਹੁਕਮ ਤੋੜ ਕੇ ਕੁਝ ਹੋਰ ਸਾਲ ਜੀ ਵੀ ਲੈਂਦੇ ਹਾਂ, ਤਾਂ ਅਸੀਂ ਸ਼ਾਇਦ ਸਦਾ ਦੀ ਜ਼ਿੰਦਗੀ ਤੋਂ ਹੱਥ ਧੋ ਬੈਠੀਏ। ਯਹੋਵਾਹ ਦੇ ਹੁਕਮ ਸਾਡੇ ਹੀ ਫ਼ਾਇਦੇ ਲਈ ਹਨ। ਜੇ ਅਸੀਂ ਯਹੋਵਾਹ ਉੱਤੇ ਭਰੋਸਾ ਰੱਖ ਕੇ ਉਸ ਦੇ ਹੁਕਮਾਂ ਨੂੰ ਮੰਨਾਂਗੇ, ਤਾਂ ਸਾਡਾ ਭਲਾ ਹੋਵੇਗਾ। ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਭਾਵੇਂ ਅਸੀਂ ਮਰ ਵੀ ਜਾਈਏ, ਪਰ ਸਾਡੀ ਆਸ ਕਦੀ ਨਹੀਂ ਮਰੇਗੀ। ਯਹੋਵਾਹ ਸਾਨੂੰ ਕਦੀ ਵੀ ਨਹੀਂ ਭੁੱਲੇਗਾ। ਉਹ ਸਾਨੂੰ ਮੌਤ ਦੀ ਨੀਂਦ ਤੋਂ ਜ਼ਰੂਰ ਜਗਾਵੇਗਾ।​—ਯੂਹੰਨਾ 5:28, 29; ਇਬਰਾਨੀਆਂ 11:6.

16. ਯਹੋਵਾਹ ਦੇ ਸੇਵਕਾਂ ਨੇ ਲਹੂ ਬਾਰੇ ਕੀ ਠਾਣਿਆ ਹੋਇਆ ਹੈ?

16 ਯਹੋਵਾਹ ਦੇ ਵਫ਼ਾਦਾਰ ਸੇਵਕਾਂ ਨੇ ਠਾਣਿਆ ਹੈ ਕਿ ਉਹ ਲਹੂ ਬਿਲਕੁਲ ਨਹੀਂ ਲੈਣਗੇ। ਉਹ ਨਾ ਹੀ ਲਹੂ ਖਾਣਗੇ ਤੇ ਨਾ ਹੀ ਇਲਾਜ ਕਰਾਉਣ ਵੇਲੇ ਖ਼ੂਨ ਲੈਣਗੇ। * ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਉਨ੍ਹਾਂ ਦਾ ਜੀਵਨਦਾਤਾ ਹਮੇਸ਼ਾ ਉਨ੍ਹਾਂ ਦਾ ਭਲਾ ਹੀ ਸੋਚਦਾ ਹੈ। ਕੀ ਉਸ ਉੱਤੇ ਤੁਹਾਡਾ ਭਰੋਸਾ ਵੀ ਇੰਨਾ ਹੀ ਪੱਕਾ ਹੈ?

ਖ਼ੂਨ ਦੀ ਸਹੀ ਵਰਤੋਂ

17. ਪ੍ਰਾਚੀਨ ਇਜ਼ਰਾਈਲ ਵਿਚ ਯਹੋਵਾਹ ਨੇ ਖ਼ੂਨ ਦੀ ਕਿਹੜੀ ਵਰਤੋਂ ਨੂੰ ਸਹੀ ਠਹਿਰਾਇਆ ਸੀ?

17 ਮੂਸਾ ਦੇ ਕਾਨੂੰਨ ਵਿਚ ਦੱਸਿਆ ਗਿਆ ਸੀ ਕਿ ਖ਼ੂਨ ਸਿਰਫ਼ ਯਹੋਵਾਹ ਦੀ ਭਗਤੀ ਵਿਚ ਵਰਤਿਆ ਜਾ ਸਕਦਾ ਸੀ। ਯਹੋਵਾਹ ਨੇ ਇਜ਼ਰਾਈਲੀਆਂ ਨੂੰ ਇਹ ਹੁਕਮ ਦਿੱਤਾ ਸੀ: “ਹਰ ਜੀਵ ਦਾ ਜੀਵਨ ਉਸ ਦੇ ਲਹੂ ਅੰਦਰ ਹੈ। ਇਸੇ ਲਈ ਮੈਂ ਇਸ ਨੂੰ ਤੁਹਾਡੇ ਪਾਪਾਂ ਦੀ ਮਾਫੀ ਲਈ ਵੇਦੀ ਤੇ ਚੜ੍ਹਾਉਣ ਲਈ ਕਿਹਾ ਹੈ। ਲਹੂ ਵਿਚ ਜਾਨ ਹੈ, ਇਸੇ ਲਈ ਇਸ ਦੇ ਦੁਆਰਾ ਮਾਫੀ ਪ੍ਰਾਪਤੀ ਹੁੰਦੀ ਹੈ।” (ਲੇਵੀਆਂ 17:11, CL) ਜਦ ਇਜ਼ਰਾਈਲੀ ਪਾਪ ਕਰਦੇ ਸਨ, ਤਦ ਜਾਨਵਰਾਂ ਦੀ ਬਲੀ ਚੜ੍ਹਾ ਕੇ ਅਤੇ ਉਨ੍ਹਾਂ ਦਾ ਕੁਝ ਖ਼ੂਨ ਜਗਵੇਦੀ ਉੱਤੇ ਛਿੜਕ ਕੇ ਲੋਕਾਂ ਨੂੰ ਆਪਣੇ ਪਾਪਾਂ ਦੀ ਮਾਫ਼ੀ ਮਿਲ ਸਕਦੀ ਸੀ। ਤਾਂ ਫਿਰ, ਖ਼ੂਨ ਸਿਰਫ਼ ਪਾਪਾਂ ਦੀ ਮਾਫ਼ੀ ਲਈ ਯਹੋਵਾਹ ਦੀ ਭਗਤੀ ਵਿਚ ਵਰਤਿਆ ਜਾਂਦਾ ਸੀ।

18. ਯਿਸੂ ਦੇ ਖ਼ੂਨ ਰਾਹੀਂ ਸਾਨੂੰ ਕਿਹੜੀਆਂ ਬਰਕਤਾਂ ਮਿਲ ਸਕਦੀਆਂ ਹਨ?

18 ਅੱਜ ਅਸੀਂ ਮੂਸਾ ਦੇ ਕਾਨੂੰਨ ਦੇ ਅਧੀਨ ਨਹੀਂ ਹਾਂ। ਇਸ ਲਈ ਅਸੀਂ ਨਾ ਹੀ ਜਾਨਵਰਾਂ ਦੀਆਂ ਬਲੀਆਂ ਚੜ੍ਹਾਉਂਦੇ ਹਾਂ ਅਤੇ ਨਾ ਹੀ ਕਿਸੇ ਜਗਵੇਦੀ ਉੱਤੇ ਖ਼ੂਨ ਛਿੜਕਦੇ ਹਾਂ। (ਇਬਰਾਨੀਆਂ 10:1) ਪੁਰਾਣੇ ਜ਼ਮਾਨੇ ਦੇ ਬਲੀਦਾਨ ਯਹੋਵਾਹ ਦੇ ਪੁੱਤਰ ਯਿਸੂ ਦੇ ਮਹਾਨ ਬਲੀਦਾਨ ਵੱਲ ਇਸ਼ਾਰਾ ਕਰਦੇ ਸਨ। ਜਿੱਦਾਂ ਅਸੀਂ 5ਵੇਂ ਅਧਿਆਇ ਵਿਚ ਦੇਖਿਆ ਸੀ, ਯਿਸੂ ਨੇ ਸਾਡੇ ਲਈ ਆਪਣਾ ਖ਼ੂਨ ਵਹਾਇਆ ਸੀ। ਇਸ ਤੋਂ ਬਾਅਦ, ਉਸ ਨੇ ਸਵਰਗ ਵਾਪਸ ਜਾ ਕੇ ਯਹੋਵਾਹ ਨੂੰ ਆਪਣੇ ਖ਼ੂਨ ਦੀ ਕੀਮਤ ਪੇਸ਼ ਕੀਤੀ ਸੀ। (ਇਬਰਾਨੀਆਂ 9:11, 12) ਉਸ ਦੇ ਖ਼ੂਨ ਰਾਹੀਂ ਸਾਨੂੰ ਆਪਣੇ ਪਾਪਾਂ ਦੀ ਮਾਫ਼ੀ ਅਤੇ ਸਦਾ ਦੀ ਜ਼ਿੰਦਗੀ ਮਿਲ ਸਕਦੀ ਹੈ। (ਮੱਤੀ 20:28; ਯੂਹੰਨਾ 3:16) ਵਾਕਈ ਯਿਸੂ ਦਾ ਖ਼ੂਨ ਕਿੰਨਾ ਕੀਮਤੀ ਤੇ ਅਨਮੋਲ ਹੈ!​—1 ਪਤਰਸ 1:18, 19.

ਤੁਸੀਂ ਕਿੱਦਾਂ ਦਿਖਾ ਸਕਦੇ ਹੋ ਕਿ ਤੁਸੀਂ ਜ਼ਿੰਦਗੀ ਅਤੇ ਖ਼ੂਨ ਦੀ ਕਦਰ ਕਰਦੇ ਹੋ?

19. “ਸਾਰੇ ਲੋਕਾਂ ਦੇ ਲਹੂ ਤੋਂ ਨਿਰਦੋਸ਼” ਹੋਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ?

19 ਆਪਣੇ ਪੁੱਤਰ ਨੂੰ ਕੁਰਬਾਨ ਕਰ ਕੇ ਯਹੋਵਾਹ ਨੇ ਸਾਡੇ ਲਈ ਆਪਣੇ ਪਿਆਰ ਦਾ ਕਿੰਨਾ ਵੱਡਾ ਸਬੂਤ ਦਿੱਤਾ ਹੈ! ਸਾਨੂੰ ਉਸ ਦਾ ਅਹਿਸਾਨ ਕਦੀ ਨਹੀਂ ਭੁੱਲਣਾ ਚਾਹੀਦਾ। ਯਹੋਵਾਹ ਦੇ ਪਿਆਰ ਬਾਰੇ ਦੂਸਰਿਆਂ ਨੂੰ ਦੱਸਣ ਲਈ ਸਾਨੂੰ ਉਤਾਵਲੇ ਹੋਣਾ ਚਾਹੀਦਾ ਹੈ। ਜੇ ਅਸੀਂ ਸੱਚ-ਮੁੱਚ ਦੂਸਰਿਆਂ ਨਾਲ ਪਿਆਰ ਕਰਦੇ ਹਾਂ, ਤਾਂ ਅਸੀਂ ਪੂਰੇ ਜੋਸ਼ ਨਾਲ ਉਨ੍ਹਾਂ ਦੀ ਮਦਦ ਕਰਾਂਗੇ ਤਾਂਕਿ ਉਹ ਵੀ ਸਦਾ ਦੀ ਜ਼ਿੰਦਗੀ ਪਾ ਸਕਣ। (ਹਿਜ਼ਕੀਏਲ 3:17-21 ਪੜ੍ਹੋ।) ਜੇ ਅਸੀਂ ਜੀ-ਜਾਨ ਨਾਲ ਇਸ ਤਰ੍ਹਾਂ ਕਰਾਂਗੇ, ਤਾਂ ਅਸੀਂ ਵੀ ਪੌਲੁਸ ਰਸੂਲ ਵਾਂਗ ਕਹਿ ਸਕਾਂਗੇ: “ਮੈਂ ਸਾਰੇ ਲੋਕਾਂ ਦੇ ਲਹੂ ਤੋਂ ਨਿਰਦੋਸ਼ ਹਾਂ ਕਿਉਂਕਿ ਮੈਂ ਤੁਹਾਨੂੰ ਪਰਮੇਸ਼ੁਰ ਦੀ ਇੱਛਾ ਬਾਰੇ ਸਭ ਕੁਝ ਦੱਸਣ ਤੋਂ ਕਦੇ ਪਿੱਛੇ ਨਹੀਂ ਹਟਿਆ।” (ਰਸੂਲਾਂ ਦੇ ਕੰਮ 20:26, 27) ਜੀ ਹਾਂ, ਦੂਸਰਿਆਂ ਨੂੰ ਯਹੋਵਾਹ ਅਤੇ ਉਸ ਦੇ ਮਕਸਦਾਂ ਬਾਰੇ ਦੱਸ ਕੇ ਅਸੀਂ ਦਿਖਾਵਾਂਗੇ ਕਿ ਅਸੀਂ ਜ਼ਿੰਦਗੀ ਤੇ ਖ਼ੂਨ ਦੀ ਬਹੁਤ ਕਦਰ ਕਰਦੇ ਹਾਂ।

^ ਪੈਰਾ 16 ਬਿਨਾਂ ਖ਼ੂਨ ਚੜ੍ਹਾਏ ਇਲਾਜ ਕਰਨ ਦੇ ਤਰੀਕਿਆਂ ਬਾਰੇ ਜਾਣਕਾਰੀ ਲੈਣ ਲਈ, ਯਹੋਵਾਹ ਦੇ ਗਵਾਹਾਂ ਦੁਆਰਾ ਪ੍ਰਕਾਸ਼ਿਤ ਪਹਿਰਾਬੁਰਜ 15 ਜੂਨ 2004 “ਆਪਣੀ ਜ਼ਿੰਦਗੀ ਦੀ ਕੀਮਤ ਪਛਾਣੋ”, “ਜੀਉਂਦੇ ਪਰਮੇਸ਼ੁਰ ਦੀ ਅਗਵਾਈ ਵਿਚ ਚੱਲੋ” ਅਤੇ “ਪਾਠਕਾਂ ਵੱਲੋਂ ਸਵਾਲ” ਨਾਮਕ ਲੇਖ ਦੇਖੋ।