Skip to content

Skip to table of contents

ਵਧੇਰੇ ਜਾਣਕਾਰੀ

ਕੀ ਇਨਸਾਨਾਂ ਅੰਦਰ ਆਤਮਾ ਹੈ?

ਕੀ ਇਨਸਾਨਾਂ ਅੰਦਰ ਆਤਮਾ ਹੈ?

ਦੁਨੀਆਂ ਭਰ ਵਿਚ ਕਈ ਲੋਕ ਵਿਸ਼ਵਾਸ ਕਰਦੇ ਹਨ ਕਿ ਸਾਡੇ ਅੰਦਰ ਆਤਮਾ ਹੁੰਦੀ ਹੈ ਜੋ ਸਾਡੇ ਮਰਨ ਤੋਂ ਬਾਅਦ ਜੀਉਂਦੀ ਰਹਿੰਦੀ ਹੈ। ਪਰ ਕਈ ਲੋਕ ਇਹ ਜਾਣ ਕੇ ਹੈਰਾਨ ਹੁੰਦੇ ਹਨ ਕਿ ਇਹ ਸਿੱਖਿਆ ਬਾਈਬਲ ਵਿਚ ਨਹੀਂ ਪਾਈ ਜਾਂਦੀ। ਤਾਂ ਫਿਰ, ਮਰਨ ਤੋਂ ਬਾਅਦ ਇਨਸਾਨਾਂ ਨੂੰ ਕੀ ਹੁੰਦਾ ਹੈ? ਬਾਈਬਲ ਇਸ ਬਾਰੇ ਕੀ ਕਹਿੰਦੀ ਹੈ?

ਬਾਈਬਲ ਕੀ ਸਿਖਾਉਂਦੀ ਹੈ?

ਪੰਜਾਬੀ ਬਾਈਬਲਾਂ ਵਿਚ ਕਈ ਥਾਵਾਂ ਤੇ ਇਬਰਾਨੀ ਸ਼ਬਦ ਰੂਆਖ ਅਤੇ ਯੂਨਾਨੀ ਸ਼ਬਦ ਪਨੈਵਮਾ ਦਾ ਤਰਜਮਾ “ਆਤਮਾ” ਕੀਤਾ ਗਿਆ ਹੈ। ਮਿਸਾਲ ਲਈ, ਯਾਕੂਬ 2:26 ਵਿਚ ਲਿਖਿਆ ਹੈ: “ਆਤਮਾ [ਪਨੈਵਮਾ] ਬਾਝੋਂ ਸਰੀਰ ਮੁਰਦਾ ਹੈ।” ਪਰ ਇਹ ਸਹੀ ਤਰਜਮਾ ਨਹੀਂ ਹੈ। ਰੂਆਖ ਅਤੇ ਪਨੈਵਮਾ ਸ਼ਬਦਾਂ ਦਾ ਸਹੀ ਮਤਲਬ “ਜੀਵਨ ਦਾ ਸਾਹ” ਹੈ ਜੋ ਇਨਸਾਨ ਨੂੰ ਜੀਉਂਦਾ ਰੱਖਦਾ ਹੈ। ਮਿਸਾਲ ਲਈ, ਨੂਹ ਦੇ ਦਿਨਾਂ ਵਿਚ ਜਲ-ਪਰਲੋ ਦੇ ਸੰਬੰਧ ਵਿਚ ਉਤਪਤ 6:17 ਵਿਚ ਪਰਮੇਸ਼ੁਰ ਨੇ ਕਿਹਾ: “ਮੈਂ ਹੀ ਪਾਣੀ ਦੀ ਪਰਲੋ ਧਰਤੀ ਉੱਤੇ ਲਿਆ ਰਿਹਾ ਹਾਂ ਤਾਂਜੋ ਸਾਰੇ ਸਰੀਰਾਂ ਨੂੰ ਜਿਨ੍ਹਾਂ ਦੇ ਵਿੱਚ ਜੀਵਣ ਦਾ ਸਾਹ [ਯਾਨੀ ਰੂਆਖ] ਹੈ ਅਕਾਸ਼ ਦੇ ਹੇਠੋਂ ਨਾਸ ਕਰਾਂ।” (ਉਤਪਤ 7:15, 22) ਹਾਂ, ਜੀਵਨ ਦੇ ਸਾਹ ਤੋਂ ਬਗੈਰ ਇਨਸਾਨ ਮਰ ਜਾਂਦਾ ਹੈ। ਤਾਂ ਫਿਰ, ਰੂਆਖ ਅਤੇ ਪਨੈਵਮਾ ਦਾ ਮਤਲਬ ਜੀਵਨ ਦਾ ਸਾਹ ਹੈ ਜਿਸ ਨਾਲ ਸਾਰੇ ਜੀਵਾਂ ਵਿਚ ਜਾਨ ਪੈਂਦੀ ਹੈ।

ਅਸੀਂ ਜੀਵਨ ਦੇ ਸਾਹ ਦੀ ਤੁਲਨਾ ਬਿਜਲੀ ਨਾਲ ਕਰ ਸਕਦੇ ਹਾਂ। ਮਿਸਾਲ ਲਈ, ਰੇਡੀਓ ਨੂੰ ਚਲਾਉਣ ਲਈ ਬਿਜਲੀ ਦੀ ਜ਼ਰੂਰਤ ਹੁੰਦੀ ਹੈ। ਜਦੋਂ ਤੁਸੀਂ ਰੇਡੀਓ ਦਾ ਪਲੱਗ ਲਾਉਂਦੇ ਹੋ, ਤਾਂ ਬਿਜਲੀ ਉਸ ਨੂੰ ਚਾਲੂ ਕਰ ਦਿੰਦੀ ਹੈ ਮਾਨੋ ਰੇਡੀਓ ਵਿਚ ਜਾਨ ਪੈ ਜਾਂਦੀ ਹੈ। ਬਿਜਲੀ ਤੋਂ ਬਗੈਰ ਰੇਡੀਓ ਚੱਲ ਨਹੀਂ ਸਕਦਾ। ਇਸੇ ਤਰ੍ਹਾਂ, ਜੀਵਨ ਦੇ ਸਾਹ ਨਾਲ ਸਰੀਰ ਵਿਚ ਜਾਨ ਪੈਂਦੀ ਹੈ। ਪਰ ਬਿਜਲੀ ਵਾਂਗ ਜੀਵਨ ਦੇ ਸਾਹ ਵਿਚ ਦੇਖਣ, ਸੁਣਨ ਜਾਂ ਸੋਚਣ ਦੀ ਯੋਗਤਾ ਨਹੀਂ ਹੁੰਦੀ। ਜ਼ਬੂਰਾਂ ਦੇ ਲਿਖਾਰੀ ਨੇ ਕਿਹਾ ਸੀ ਕਿ ਜੀਵਨ ਦੇ ਸਾਹ ਤੋਂ ਬਗੈਰ ਇਨਸਾਨ “ਪ੍ਰਾਣ ਤਿਆਗਦੇ, ਅਤੇ ਮੁੜ ਆਪਣੀ ਮਿੱਟੀ ਵਿੱਚ ਰਲ ਜਾਂਦੇ ਹਨ।”​—ਜ਼ਬੂਰਾਂ ਦੀ ਪੋਥੀ 104:29.

ਇਨਸਾਨਾਂ ਦੀ ਮੌਤ ਬਾਰੇ ਉਪਦੇਸ਼ਕ ਦੀ ਪੋਥੀ 12:7 ਵਿਚ ਲਿਖਿਆ ਹੈ ਕਿ ਉਹ ਖਾਕ ਬਣ ਕੇ ‘ਮਿੱਟੀ ਨਾਲ ਪਹਿਲਾਂ ਵਾਂਙੁ ਜਾ ਰਲਦਾ ਹੈ, ਅਤੇ ਆਤਮਾ [ਯਾਨੀ ਜੀਵਨ ਦਾ ਸਾਹ] ਪਰਮੇਸ਼ੁਰ ਦੇ ਕੋਲ ਮੁੜ ਜਾਂਦਾ ਹੈ, ਜਿਸ ਨੇ ਉਸ ਨੂੰ ਬਖਸ਼ਿਆ ਸੀ।’ ਤਾਂ ਫਿਰ, ਇਸ ਦਾ ਕੀ ਮਤਲਬ ਹੈ ਕਿ ਜੀਵਨ ਦਾ ਸਾਹ ਪਰਮੇਸ਼ੁਰ ਦੇ ਕੋਲ ਮੁੜ ਜਾਂਦਾ ਹੈ? ਕੀ ਇਸ ਦਾ ਇਹ ਮਤਲਬ ਹੈ ਕਿ ਜੀਵਨ ਦਾ ਸਾਹ ਸੱਚ-ਮੁੱਚ ਸਰੀਰ ਵਿੱਚੋਂ ਨਿਕਲ ਕੇ ਸਵਰਗ ਨੂੰ ਚਲਾ ਜਾਂਦਾ ਹੈ? ਨਹੀਂ! ਇਸ ਦਾ ਮਤਲਬ ਹੈ ਕਿ ਜਦ ਕੋਈ ਮਰ ਜਾਂਦਾ ਹੈ, ਤਾਂ ਉਸ ਦੀ ਜਾਨ ਹੁਣ ਪਰਮੇਸ਼ੁਰ ਦੇ ਹੱਥ ਵਿਚ ਹੈ। ਸਿਰਫ਼ ਪਰਮੇਸ਼ੁਰ ਉਸ ਨੂੰ ਮੁੜ ਜੀਉਂਦਾ ਕਰ ਸਕਦਾ ਹੈ।​—ਜ਼ਬੂਰਾਂ ਦੀ ਪੋਥੀ 36:9.

ਇਹ ਜਾਣ ਕੇ ਸਾਨੂੰ ਕਿੰਨਾ ਦਿਲਾਸਾ ਮਿਲਦਾ ਹੈ ਕਿ ਯਹੋਵਾਹ ਮਰ ਚੁੱਕੇ ਇਨਸਾਨਾਂ ਨੂੰ ਦੁਬਾਰਾ ਜੀਉਂਦਾ ਕਰ ਸਕਦਾ ਹੈ। (ਯੂਹੰਨਾ 5:28, 29) ਲੋਕਾਂ ਨੂੰ ਜੀ ਉਠਾਉਣ ਵੇਲੇ ਯਹੋਵਾਹ ਮਰੇ ਹੋਇਆਂ ਲਈ ਨਵੇਂ ਸਰੀਰ ਬਣਾਵੇਗਾ ਅਤੇ ਉਨ੍ਹਾਂ ਵਿਚ ਜੀਵਨ ਦਾ ਸਾਹ ਫੂਕ ਕੇ ਉਨ੍ਹਾਂ ਨੂੰ ਜੀਉਂਦਾ ਕਰੇਗਾ। ਉਹ ਕਿੰਨਾ ਖ਼ੁਸ਼ੀ ਭਰਿਆ ਦਿਨ ਹੋਵੇਗਾ!