Skip to content

Skip to table of contents

ਵਧੇਰੇ ਜਾਣਕਾਰੀ

ਕੀ ਸਾਨੂੰ ਤਿਉਹਾਰ ਮਨਾਉਣੇ ਚਾਹੀਦੇ ਹਨ?

ਕੀ ਸਾਨੂੰ ਤਿਉਹਾਰ ਮਨਾਉਣੇ ਚਾਹੀਦੇ ਹਨ?

ਬਾਈਬਲ ਵਿਚ ਉਨ੍ਹਾਂ ਤਿਉਹਾਰਾਂ ਦਾ ਜ਼ਿਕਰ ਨਹੀਂ ਮਿਲਦਾ ਜੋ ਅੱਜ ਦੁਨੀਆਂ ਭਰ ਵਿਚ ਮਨਾਏ ਜਾਂਦੇ ਹਨ। ਸਾਨੂੰ ਇਹ ਜਾਣਨ ਦੀ ਲੋੜ ਹੈ ਕਿ ਇਹ ਤਿਉਹਾਰ ਕਿੱਥੋਂ ਸ਼ੁਰੂ ਹੋਏ ਸਨ। ਤੁਸੀਂ ਸ਼ਾਇਦ ਆਪਣੇ ਇਲਾਕੇ ਵਿਚ ਮਨਾਏ ਜਾਂਦੇ ਤਿਉਹਾਰਾਂ ਬਾਰੇ ਜਾਣਕਾਰੀ ਪਾ ਕੇ ਹੈਰਾਨ ਹੋਵੋ। ਆਓ ਆਪਾਂ ਕੁਝ ਮਿਸਾਲਾਂ ਵੱਲ ਧਿਆਨ ਦੇਈਏ।

ਈਸਟਰ। ਦ ਐਨਸਾਈਕਲੋਪੀਡੀਆ ਬ੍ਰਿਟੈਨਿਕਾ ਕਹਿੰਦਾ ਹੈ: “ਬਾਈਬਲ ਵਿਚ ਈਸਟਰ ਮਨਾਉਣ ਦਾ ਕੋਈ ਸੰਕੇਤ ਨਹੀਂ ਮਿਲਦਾ।” ਤਾਂ ਫਿਰ ਈਸਟਰ ਦਾ ਤਿਉਹਾਰ ਸ਼ੁਰੂ ਕਿੱਦਾਂ ਹੋਇਆ? ਇਸ ਦਾ ਸੰਬੰਧ ਝੂਠੇ ਧਰਮਾਂ ਨਾਲ ਹੈ। ਭਾਵੇਂ ਕਿ ਇਹ ਤਿਉਹਾਰ ਯਿਸੂ ਦੇ ਜੀ ਉਠਾਏ ਜਾਣ ਦੀ ਯਾਦ ਵਿਚ ਮਨਾਇਆ ਜਾਂਦਾ ਹੈ, ਪਰ ਈਸਟਰ ਨਾਲ ਜੁੜੇ ਰੀਤਾਂ-ਰਿਵਾਜਾਂ ਦਾ ਮਸੀਹੀ ਧਰਮ ਨਾਲ ਕੋਈ ਤਅੱਲਕ ਨਹੀਂ। ਮਿਸਾਲ ਲਈ, ਖ਼ਰਗੋਸ਼ ਈਸਟਰ ਦਾ ਇਕ ਚਿੰਨ੍ਹ ਹੈ ਜਿਸ ਨੂੰ “ਈਸਟਰ ਬੰਨੀ” ਕਿਹਾ ਜਾਂਦਾ ਹੈ। ਦ ਕੈਥੋਲਿਕ ਐਨਸਾਈਕਲੋਪੀਡੀਆ “ਈਸਟਰ ਬੰਨੀ” ਬਾਰੇ ਕਹਿੰਦਾ ਹੈ: “ਈਸਟਰ ਬੰਨੀ ਇਕ ਗ਼ੈਰ-ਈਸਾਈ ਚਿੰਨ੍ਹ ਹੈ ਅਤੇ ਇਹ ਜਣਨ-ਸ਼ਕਤੀ ਦਾ ਨਿਸ਼ਾਨ ਹੈ।”

ਨਵੇਂ ਸਾਲ ਦਾ ਤਿਉਹਾਰ। ਨਵੇਂ ਸਾਲ ਦੇ ਤਿਉਹਾਰ ਦੀ ਤਾਰੀਖ਼ ਅਤੇ ਉਸ ਨਾਲ ਸੰਬੰਧਿਤ ਰੀਤਾਂ-ਰਸਮਾਂ ਵੱਖੋ-ਵੱਖਰੇ ਦੇਸ਼ਾਂ ਵਿਚ ਵੱਖੋ-ਵੱਖਰੀਆਂ ਹੁੰਦੀਆਂ ਹਨ। ਇਸ ਤਿਉਹਾਰ ਦੀ ਸ਼ੁਰੂਆਤ ਬਾਰੇ ਗੱਲ ਕਰਦੇ ਹੋਏ ਦ ਵਰਲਡ ਬੁੱਕ ਐਨਸਾਈਕਲੋਪੀਡੀਆ ਕਹਿੰਦਾ ਹੈ: “ਰੋਮੀ ਸਮਰਾਟ ਜੂਲੀਅਸ ਸੀਜ਼ਰ ਨੇ 46 ਈਸਵੀ ਪੂਰਵ ਵਿਚ ਜਨਵਰੀ ਦੇ ਪਹਿਲੇ ਦਿਨ ਨੂੰ ਨਵੇਂ ਸਾਲ ਦੇ ਦਿਨ ਵਜੋਂ ਸਥਾਪਿਤ ਕੀਤਾ ਸੀ। ਰੋਮੀ ਲੋਕਾਂ ਨੇ ਇਹ ਦਿਨ ਜੇਨਸ ਨਾਂ ਦੇ ਦੇਵਤੇ ਨੂੰ ਅਰਪਿਤ ਕੀਤਾ ਸੀ ਜੋ ਫਾਟਕਾਂ, ਦਰਵਾਜ਼ਿਆਂ ਅਤੇ ਸ਼ੁਰੂਆਤ ਦਾ ਦੇਵਤਾ ਮੰਨਿਆ ਜਾਂਦਾ ਸੀ। ਜੇਨਸ ਦੇਵਤੇ ਦੇ ਨਾਂ ’ਤੇ ਜਨਵਰੀ ਮਹੀਨੇ ਦਾ ਨਾਂ ਰੱਖਿਆ ਗਿਆ ਸੀ। ਇਹ ਦੋ ਚਿਹਰਿਆਂ ਵਾਲਾ ਦੇਵਤਾ ਸੀ, ਜਿਸ ਦਾ ਇਕ ਚਿਹਰਾ ਅੱਗੇ ਨੂੰ ਅਤੇ ਦੂਜਾ ਪਿੱਛੇ ਨੂੰ ਦੇਖਦਾ ਸੀ।” ਇਸ ਤੋਂ ਅਸੀਂ ਦੇਖ ਸਕਦੇ ਹਾਂ ਕਿ ਨਵੇਂ ਸਾਲ ਦੇ ਤਿਉਹਾਰ ਦੇ ਰੀਤ-ਰਿਵਾਜ ਗ਼ੈਰ-ਈਸਾਈ ਧਰਮ ਤੋਂ ਲਏ ਗਏ ਹਨ।

ਹੈਲੋਵੀਨ। ਦ ਐਨਸਾਈਕਲੋਪੀਡੀਆ ਅਮੈਰੀਕਾਨਾ ਕਹਿੰਦਾ ਹੈ: “ਹੈਲੋਵੀਨ ਨਾਲ ਸੰਬੰਧਿਤ ਰੀਤਾਂ-ਰਸਮਾਂ ਉਨ੍ਹਾਂ ਰੀਤਾਂ-ਰਸਮਾਂ ਨਾਲ ਮਿਲਦੀਆਂ-ਜੁਲਦੀਆਂ ਹਨ ਜੋ ਮਸੀਹ ਦੇ ਸਮੇਂ ਤੋਂ ਪਹਿਲਾਂ ਪ੍ਰਾਚੀਨ ਇੰਗਲੈਂਡ ਦੇ ਕੈੱਲਟਿਕ ਪੁਜਾਰੀ (ਡਰੂਇਡ) ਮਨਾਉਂਦੇ ਸਨ। ਕੈੱਲਟਿਕ ਲੋਕ ਦੋ ਮੁੱਖ ਦੇਵਤਿਆਂ ਦੇ ਸਨਮਾਨ ਵਿਚ ਇਹ ਤਿਉਹਾਰ ਮਨਾਉਂਦੇ ਸਨ। ਇਕ ਸੀ ਸੂਰਜ ਦੇਵਤਾ ਅਤੇ ਦੂਸਰਾ ਸੀ ਮੁਰਦਿਆਂ ਦਾ ਦੇਵਤਾ, . . . ਮੁਰਦਿਆਂ ਦੇ ਦੇਵਤੇ ਦਾ ਤਿਉਹਾਰ ਨਵੰਬਰ ਦੀ ਪਹਿਲੀ ਤਾਰੀਖ਼ ਨੂੰ ਮਨਾਇਆ ਜਾਂਦਾ ਸੀ ਜਿਸ ਦਿਨ ਕੈੱਲਟਿਕ ਲੋਕਾਂ ਦਾ ਨਵਾਂ ਸਾਲ ਸ਼ੁਰੂ ਹੁੰਦਾ ਸੀ। ਸਹਿਜੇ-ਸਹਿਜੇ ਇਹ ਤਿਉਹਾਰ ਈਸਾਈ ਧਰਮ ਨੇ ਵੀ ਮਨਾਉਣਾ ਸ਼ੁਰੂ ਕਰ ਦਿੱਤਾ।”

ਦੂਸਰੇ ਤਿਉਹਾਰ। ਦੁਨੀਆਂ ਭਰ ਵਿਚ ਬਹੁਤ ਸਾਰੇ ਤਿਉਹਾਰ ਮਨਾਏ ਜਾਂਦੇ ਹਨ, ਇਸ ਲਈ ਇਨ੍ਹਾਂ ਸਾਰਿਆਂ ਬਾਰੇ ਗੱਲ ਕਰਨੀ ਨਾਮੁਮਕਿਨ ਹੈ। ਫਿਰ ਵੀ, ਜਿਹੜੇ ਤਿਉਹਾਰ ਇਨਸਾਨਾਂ ਜਾਂ ਸੰਸਥਾਵਾਂ ਨੂੰ ਉੱਚਾ ਕਰਦੇ ਹਨ, ਯਹੋਵਾਹ ਉਨ੍ਹਾਂ ਨੂੰ ਕਬੂਲ ਨਹੀਂ ਕਰਦਾ। (ਯਿਰਮਿਯਾਹ 17:5-7; ਰਸੂਲਾਂ ਦੇ ਕੰਮ 10:25, 26) ਜੇ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਕੋਈ ਧਾਰਮਿਕ ਤਿਉਹਾਰ ਯਹੋਵਾਹ ਨੂੰ ਖ਼ੁਸ਼ ਕਰਦਾ ਹੈ ਜਾਂ ਨਹੀਂ, ਤਾਂ ਸਾਨੂੰ ਪਤਾ ਕਰਨਾ ਚਾਹੀਦਾ ਹੈ ਕਿ ਉਹ ਸ਼ੁਰੂ ਕਿੱਥੋਂ ਹੋਇਆ ਸੀ। (ਯਸਾਯਾਹ 52:11; ਪ੍ਰਕਾਸ਼ ਦੀ ਕਿਤਾਬ 18:4) ਇਸ ਕਿਤਾਬ ਦੇ 16ਵੇਂ ਅਧਿਆਇ ਵਿਚ ਦਿੱਤੇ ਗਏ ਬਾਈਬਲ ਦੇ ਸਿਧਾਂਤਾਂ ਦੀ ਮਦਦ ਨਾਲ ਤੁਸੀਂ ਪਤਾ ਲਗਾ ਸਕਦੇ ਹੋ ਕਿ ਯਹੋਵਾਹ ਗ਼ੈਰ-ਧਾਰਮਿਕ ਤਿਉਹਾਰਾਂ ਨੂੰ ਕਿੱਦਾਂ ਵਿਚਾਰਦਾ ਹੈ।