Skip to content

Skip to table of contents

ਵਧੇਰੇ ਜਾਣਕਾਰੀ

ਦਾਨੀਏਲ ਦੀ ਭਵਿੱਖਬਾਣੀ ਨੇ ਮਸੀਹ ਦੇ ਆਉਣ ਬਾਰੇ ਕੀ ਦੱਸਿਆ ਸੀ?

ਦਾਨੀਏਲ ਦੀ ਭਵਿੱਖਬਾਣੀ ਨੇ ਮਸੀਹ ਦੇ ਆਉਣ ਬਾਰੇ ਕੀ ਦੱਸਿਆ ਸੀ?

ਦਾਨੀਏਲ ਨਬੀ ਯਿਸੂ ਦੇ ਜਨਮ ਤੋਂ ਤਕਰੀਬਨ 500 ਸਾਲ ਪਹਿਲਾਂ ਯਹੋਵਾਹ ਦੀ ਸੇਵਾ ਕਰਦਾ ਸੀ। ਯਹੋਵਾਹ ਨੇ ਦਾਨੀਏਲ ਨੂੰ ਮਸੀਹ ਬਾਰੇ ਕੁਝ ਗੱਲਾਂ ਦੱਸੀਆਂ ਸਨ। ਇਨ੍ਹਾਂ ਗੱਲਾਂ ਰਾਹੀਂ ਇਹ ਪਤਾ ਲਗਾਇਆ ਜਾ ਸਕਦਾ ਸੀ ਕਿ ਯਿਸੂ ਨੇ ਪਰਮੇਸ਼ੁਰ ਦੇ ਚੁਣੇ ਹੋਏ ਮਸੀਹ ਵਜੋਂ ਕਦੋਂ ਆਉਣਾ ਸੀ। ਦਾਨੀਏਲ ਨੂੰ ਦੱਸਿਆ ਗਿਆ: ‘ਤੂੰ ਜਾਣ ਅਤੇ ਸਮਝ ਲੈ ਕਿ ਜਿਸ ਵੇਲੇ ਤੋਂ ਯਰੂਸ਼ਲਮ ਦੇ ਦੂਜੀ ਵਾਰ ਉਸਾਰਨ ਦੀ ਆਗਿਆ ਨਿੱਕਲੇਗੀ ਮਸੀਹ ਰਾਜ ਪੁੱਤ੍ਰ ਤੀਕਰ ਸੱਤ ਸਾਤੇ ਅਤੇ ਬਾਹਠ ਸਾਤੇ ਹੋਣਗੇ।’​—ਦਾਨੀਏਲ 9:25.

ਇਹ ਪਤਾ ਲਗਾਉਣ ਲਈ ਕਿ ਮਸੀਹ ਨੇ ਕਿਹੜੇ ਸਾਲ ਆਉਣਾ ਸੀ, ਸਾਨੂੰ ਪਹਿਲਾਂ ਇਹ ਜਾਣਨ ਦੀ ਲੋੜ ਹੈ ਕਿ ਇਸ ਆਇਤ ਵਿਚ ਜ਼ਿਕਰ ਕੀਤਾ ਗਿਆ ਸਮਾਂ ਕਦੋਂ ਸ਼ੁਰੂ ਹੋਣਾ ਸੀ। ਇਸ ਭਵਿੱਖਬਾਣੀ ਦੇ ਅਨੁਸਾਰ ਇਹ ਸਮਾਂ ਉਸ ਵੇਲੇ ਸ਼ੁਰੂ ਹੋਣਾ ਸੀ ‘ਜਿਸ ਵੇਲੇ ਯਰੂਸ਼ਲਮ ਦੇ ਦੂਜੀ ਵਾਰ ਉਸਾਰਨ ਦੀ ਆਗਿਆ ਨਿੱਕਲਣੀ ਸੀ।’ ਇਹ ਆਗਿਆ ਕਦੋਂ ਨਿਕਲੀ ਸੀ? ਬਾਈਬਲ ਦੇ ਲਿਖਾਰੀ ਨਹਮਯਾਹ ਦੇ ਅਨੁਸਾਰ “ਅਰਤਹਸ਼ਸ਼ਤਾ ਪਾਤਸ਼ਾਹ ਦੇ ਵੀਹਵੇਂ ਵਰ੍ਹੇ” ਵਿਚ ਯਰੂਸ਼ਲਮ ਦੀਆਂ ਕੰਧਾਂ ਨੂੰ ਉਸਾਰਨ ਦੀ ਆਗਿਆ ਦਿੱਤੀ ਗਈ ਸੀ। (ਨਹਮਯਾਹ 2:1, 5-8) ਇਤਿਹਾਸਕਾਰ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਅਰਤਹਸ਼ਸ਼ਤਾ ਪਾਤਸ਼ਾਹ ਨੇ 475 ਈਸਵੀ ਪੂਰਵ ਵਿਚ ਰਾਜ ਕਰਨਾ ਸ਼ੁਰੂ ਕੀਤਾ ਸੀ। ਇਸ ਦਾ ਮਤਲਬ ਹੈ ਕਿ ਉਸ ਦੇ ਰਾਜ ਦਾ ਵੀਹਵਾਂ ਵਰ੍ਹਾ 455 ਈਸਵੀ ਪੂਰਵ ਸੀ। ਤਾਂ ਫਿਰ ਅਸੀਂ ਕਹਿ ਸਕਦੇ ਹਾਂ ਕਿ ਮਸੀਹ ਬਾਰੇ ਭਵਿੱਖਬਾਣੀ ਦਾ ਸਮਾਂ 455 ਈਸਵੀ ਪੂਰਵ ਵਿਚ ਸ਼ੁਰੂ ਹੋਇਆ ਸੀ।

ਦਾਨੀਏਲ ਨੇ ਦੱਸਿਆ ਕਿ “ਮਸੀਹ ਰਾਜ ਪੁੱਤ੍ਰ” ਦੇ ਆਉਣ ਤਕ ਕਿੰਨਾ ਸਮਾਂ ਲੰਘਣਾ ਸੀ। ਭਵਿੱਖਬਾਣੀ ਦੱਸਦੀ ਹੈ ਕਿ ਇਹ ਸਮਾਂ ‘ਸੱਤ ਸਾਤੇ ਅਤੇ ਬਾਹਠ ਸਾਤੇ’ ਯਾਨੀ 69 ਹਫ਼ਤੇ ਲੰਬਾ ਹੋਣਾ ਸੀ। ਕਈ ਬਾਈਬਲਾਂ ਵਿਚ ਦੱਸਿਆ ਗਿਆ ਹੈ ਕਿ ਇਹ ਹਫ਼ਤੇ ਸੱਤ ਦਿਨਾਂ ਦੇ ਹਫ਼ਤੇ ਨਹੀਂ, ਬਲਕਿ ਸੱਤ-ਸੱਤ ਸਾਲ ਦੇ ਹਫ਼ਤੇ ਹਨ। ਪੁਰਾਣੇ ਜ਼ਮਾਨੇ ਵਿਚ ਯਹੂਦੀ ਲੋਕ ਸਮੇਂ ਦੀ ਗਿਣਤੀ ਸੱਤਾਂ-ਸੱਤਾਂ ਸਾਲਾਂ ਵਿਚ ਕਰਦੇ ਹੁੰਦੇ ਸਨ। ਮਿਸਾਲ ਲਈ, ਉਹ ਹਰ ਸੱਤਵੇਂ ਸਾਲ ਸਬਤ ਦਾ ਸਾਲ ਮਨਾਉਂਦੇ ਸਨ। (ਕੂਚ 23:10, 11) ਤਾਂ ਫਿਰ, 69 ਹਫ਼ਤਿਆਂ ਦੀ ਭਵਿੱਖਬਾਣੀ ਅਸਲ ਵਿਚ 69 ਗੁਣਾ 7 ਸਾਲ ਹਨ ਯਾਨੀ 483 ਸਾਲ ਹਨ।

ਤਾਂ ਫਿਰ ਆਓ ਆਪਾਂ ਹਿਸਾਬ ਲਗਾਈਏ। ਜੇ ਅਸੀਂ 455 ਈਸਵੀ ਪੂਰਵ ਤੋਂ 483 ਸਾਲ ਗਿਣੀਏ, ਤਾਂ ਅਸੀਂ ਸਾਲ 29 ਈਸਵੀ ਵਿਚ ਪਹੁੰਚਦੇ ਹਾਂ। ਇਸੇ ਸਾਲ ਯਿਸੂ ਬਪਤਿਸਮਾ ਲੈ ਕੇ ਮਸੀਹ ਬਣਿਆ! * (ਲੂਕਾ 3:1, 2, 21, 22) ਇਹ ਭਵਿੱਖਬਾਣੀ ਐਨ ਸਮੇਂ ਸਿਰ ਪੂਰੀ ਹੋਈ!

^ ਪੈਰਾ 3 ਸੰਨ 455 ਈਸਵੀ ਪੂਰਵ ਤੋਂ 1 ਈਸਵੀ ਪੂਰਵ ਤਕ 454 ਸਾਲ ਬਣਦੇ ਹਨ। ਫਿਰ 1 ਈਸਵੀ ਪੂਰਵ ਤੋਂ 1 ਈਸਵੀ ਤਕ ਇਕ ਸਾਲ (ਕੋਈ ਜ਼ੀਰੋ ਸਾਲ ਨਹੀਂ ਸੀ)। ਫਿਰ 1 ਈਸਵੀ ਤੋਂ 29 ਈਸਵੀ ਤਕ 28 ਸਾਲ ਬਣਦੇ ਹਨ। ਕੁਲ ਮਿਲਾ ਕੇ ਇਹ 483 ਸਾਲ ਬਣਦੇ ਹਨ। ਯਿਸੂ 70ਵੇਂ ਸਾਤੇ ਜਾਂ 70ਵੇਂ ਹਫ਼ਤੇ ਦੌਰਾਨ 33 ਈਸਵੀ ਵਿਚ “ਵੱਢਿਆ” ਗਿਆ ਸੀ ਯਾਨੀ ਮਾਰਿਆ ਗਿਆ ਸੀ। (ਦਾਨੀਏਲ 9:24, 26) ਇਸ ਭਵਿੱਖਬਾਣੀ ਬਾਰੇ ਹੋਰ ਜਾਣਕਾਰੀ ਲਈ, ਦਾਨੀਏਲ ਦੀ ਭਵਿੱਖਬਾਣੀ ਵੱਲ ਧਿਆਨ ਦਿਓ! ਨਾਮਕ ਕਿਤਾਬ ਦਾ 11ਵਾਂ ਅਧਿਆਇ ਦੇਖੋ। ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।