Skip to content

Skip to table of contents

ਅਧਿਆਇ 1

ਦੁਨੀਆਂ ਦਾ ਸਿਰਜਣਹਾਰ ਕਿਹੋ ਜਿਹਾ ਹੈ?

ਦੁਨੀਆਂ ਦਾ ਸਿਰਜਣਹਾਰ ਕਿਹੋ ਜਿਹਾ ਹੈ?
  • ਕੀ ਰੱਬ ਨੂੰ ਤੁਹਾਡੀ ਪਰਵਾਹ ਹੈ?

  • ਰੱਬ ਕਿਹੋ ਜਿਹਾ ਹੈ? ਉਸ ਦਾ ਨਾਂ ਕੀ ਹੈ?

  • ਅਸੀਂ ਰੱਬ ਦੇ ਦਿਲ ਵਿਚ ਕਿੱਦਾਂ ਵੱਸ ਸਕਦੇ ਹਾਂ?

1, 2. ਸਵਾਲ ਪੁੱਛਣੇ ਕਿਉਂ ਜ਼ਰੂਰੀ ਹਨ?

ਇਕ ਛੋਟਾ ਬੱਚਾ ਆਪਣੇ ਪਿਤਾ ਦੀ ਉਂਗਲੀ ਫੜੀ ਤੁਰਦਾ-ਤੁਰਦਾ ਇੱਧਰ-ਉੱਧਰ ਦੇਖਦਾ ਹੈ। ਉਸ ਦੀਆਂ ਛੋਟੀਆਂ-ਛੋਟੀਆਂ ਅੱਖਾਂ ਵਿਚ ਚਮਕ ਹੈ ਅਤੇ ਉਹ ਹਰ ਚੀਜ਼ ਬਾਰੇ ਜਾਣਨ ਲਈ ਬੇਤਾਬ ਹੈ। ਉਹ ਪਿਆਰੀ ਜਿਹੀ ਆਵਾਜ਼ ਨਾਲ ਪੁੱਛਦਾ ਹੈ: ‘ਆਹ ਕੀ ਹੈ? ਉਹ ਕੀ ਹੈ?’ ਉਸ ਦਾ ਪਿਤਾ ਉਸ ਦੇ ਇਕ ਸਵਾਲ ਦਾ ਜਵਾਬ ਦੇ ਕੇ ਹਟਦਾ ਹੀ ਹੈ ਕਿ ਉਸ ਦੇ ਮਨ ਵਿਚ ਦਸ ਹੋਰ ਸਵਾਲ ਖੜ੍ਹੇ ਹੋ ਜਾਂਦੇ ਹਨ: ‘ਇਹ ਕਾਹਤੋਂ? ਉਹ ਕਾਹਤੋਂ?’

2 ਜਦ ਅਸੀਂ ਛੋਟੇ ਹੁੰਦੇ ਸੀ, ਤਾਂ ਸ਼ਾਇਦ ਅਸੀਂ ਵੀ ਬਹੁਤ ਸਾਰੇ ਸਵਾਲ ਪੁੱਛਦੇ ਸੀ। ਸ਼ਾਇਦ ਹੁਣ ਵੀ ਸਾਡੇ ਮਨ ਵਿਚ ਕਈ ਸਵਾਲ ਉੱਠਦੇ ਹਨ। ਕਦੀ-ਕਦੀ ਅਸੀਂ ਦੂਸਰਿਆਂ ਤੋਂ ਰਾਹ ਪੁੱਛਣ ਲਈ, ਉਨ੍ਹਾਂ ਤੋਂ ਸਲਾਹ ਲੈਣ ਲਈ ਜਾਂ ਕਿਸੇ ਖ਼ਾਸ ਵਿਸ਼ੇ ਉੱਤੇ ਜਾਣਕਾਰੀ ਲੈਣ ਲਈ ਸਵਾਲ ਪੁੱਛਦੇ ਹਾਂ। ਹਰੇਕ ਇਨਸਾਨ ਵਿਚ ਜ਼ਿੰਦਗੀ ਬਾਰੇ ਜਾਣਨ ਦੀ ਆਰਜ਼ੂ ਹੁੰਦੀ ਹੈ ਕਿਉਂਕਿ ਸਾਰੇ ਜ਼ਿੰਦਗੀ ਵਿਚ ਸੁੱਖ ਪਾਉਣਾ ਚਾਹੁੰਦੇ ਹਾਂ।

3. ਕਈ ਲੋਕ ਜ਼ਰੂਰੀ ਸਵਾਲਾਂ ਦੇ ਜਵਾਬ ਲੱਭਣੇ ਕਿਉਂ ਛੱਡ ਦਿੰਦੇ ਹਨ?

3 ਜ਼ਿੰਦਗੀ ਦੇ ਸਵਾਲਾਂ ਦੇ ਜਵਾਬ ਲੱਭਣ ਲਈ ਕਈ ਲੋਕ ਗੁਰੂਆਂ ਤੇ ਪਾਦਰੀਆਂ ਕੋਲ ਜਾਂਦੇ ਹਨ ਜਾਂ ਧਰਮ-ਗ੍ਰੰਥਾਂ ਵਿਚ ਦੇਖਦੇ ਹਨ। ਪਰ ਜਵਾਬ ਨਾ ਮਿਲਣ ਤੇ ਉਹ ਨਿਰਾਸ਼ ਹੋ ਕੇ ਸਵਾਲ ਪੁੱਛਣੇ ਛੱਡ ਦਿੰਦੇ ਹਨ। ਉਹ ਸੋਚਦੇ ਹਨ ਕਿ ਇਹ ਸਵਾਲ ਬਹੁਤ ਹੀ ਡੂੰਘੇ ਹਨ ਅਤੇ ਇਨ੍ਹਾਂ ਦੇ ਜਵਾਬ ਲੱਭਣੇ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ। ਪਰ ਹੌਸਲਾ ਰੱਖੋ, ਤੁਸੀਂ ਆਪਣੇ ਸਵਾਲਾਂ ਦੇ ਜਵਾਬ ਪਾ ਸਕਦੇ ਹੋ।

4, 5. ਜ਼ਿੰਦਗੀ ਦੇ ਜ਼ਰੂਰੀ ਸਵਾਲਾਂ ਦੇ ਜਵਾਬ ਲੱਭਣ ਵਿਚ ਸਾਨੂੰ ਕਦੇ ਵੀ ਹਾਰ ਕਿਉਂ ਨਹੀਂ ਮੰਨਣੀ ਚਾਹੀਦੀ?

4 ਜ਼ਿੰਦਗੀ ਵਿਚ ਸੁੱਖ ਪਾਉਣ ਲਈ ਇਹ ਜ਼ਰੂਰੀ ਹੈ ਕਿ ਅਸੀਂ ਜ਼ਿੰਦਗੀ ਦੇਣ ਵਾਲੇ ਨੂੰ ਜਾਣੀਏ। ਉਹ ਹੀ ਸਾਨੂੰ ਸਾਡੇ ਸਵਾਲਾਂ ਦੇ ਜਵਾਬ ਦੇ ਸਕਦਾ ਹੈ। ਪਰ ਸਾਨੂੰ ਉਸ ਬਾਰੇ ਕੌਣ ਦੱਸ ਸਕਦਾ ਹੈ? ਉਹ ਕਿਹੋ ਜਿਹਾ ਹੈ? ਉਸ ਨੇ ਦੁਨੀਆਂ ਕਿਉਂ ਬਣਾਈ ਹੈ? ਜ਼ਿੰਦਗੀ ਦੁੱਖਾਂ ਨਾਲ ਕਿਉਂ ਭਰੀ ਹੋਈ ਹੈ? ਤੁਸੀਂ ਇਨ੍ਹਾਂ ਗੱਲਾਂ ਬਾਰੇ ਕਦੀ-ਨਾ-ਕਦੀ ਤਾਂ ਜ਼ਰੂਰ ਸੋਚਿਆ ਹੋਣਾ। ਤੁਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਕਿੱਦਾਂ ਪਾ ਸਕਦੇ ਹੋ? ਮਹਾਨ ਗੁਰੂ ਯਿਸੂ ਨੇ ਕਿਹਾ ਸੀ ਕਿ ਜੇ ਤੁਸੀਂ ਮੰਗੋਗੇ, ਤਾਂ ਤੁਹਾਨੂੰ ਦਿੱਤਾ ਜਾਵੇਗਾ, ਜੇ ਤੁਸੀਂ ਤਲਾਸ਼ ਕਰੋਗੇ, ਤਾਂ ਤੁਹਾਨੂੰ ਲੱਭੇਗਾ।​—ਮੱਤੀ 7:7.

5 ਪਰ ਅਸੀਂ ਕਿਹਦੇ ਕੋਲੋਂ ਜਵਾਬ ਮੰਗੀਏ ਜਾਂ ਕਿੱਥੇ ਤਲਾਸ਼ ਕਰੀਏ? ਤੁਹਾਨੂੰ ਸ਼ਾਇਦ ਯਕੀਨ ਨਾ ਆਵੇ, ਪਰ ਬਾਈਬਲ ਵਿਚ ਜ਼ਿੰਦਗੀ ਨਾਲ ਜੁੜੇ ਹਰ ਸਵਾਲ ਦਾ ਜਵਾਬ ਪਾਇਆ ਜਾਂਦਾ ਹੈ। ਬਾਈਬਲ ਪਰਮੇਸ਼ੁਰ ਦਾ ਬਚਨ ਹੈ। ਇਸ ਵਿਚ ਪਾਇਆ ਜਾਂਦਾ ਗਿਆਨ ਸੋਨੇ-ਚਾਂਦੀ ਨਾਲੋਂ ਵੀ ਕੀਮਤੀ ਹੈ। ਜੇ ਅਸੀਂ ਇਸ ਦੀ ਖੋਜ ਕਰਦੇ ਰਹੀਏ, ਤਾਂ ਸਾਨੂੰ ਆਪਣੇ ਸਵਾਲਾਂ ਦੇ ਜਵਾਬ ਜ਼ਰੂਰ ਮਿਲਣਗੇ। (ਕਹਾਉਤਾਂ 2:1-5) ਜੀ ਹਾਂ, ਪਰਮੇਸ਼ੁਰ ਦਾ ਬਚਨ ਇਕ ਖ਼ਜ਼ਾਨਾ ਹੈ ਜਿਸ ਵਿਚ ਪਾਏ ਜਾਂਦੇ ਅਨਮੋਲ ਰਤਨ ਸਾਡੀ ਜ਼ਿੰਦਗੀ ਨੂੰ ਸ਼ਿੰਗਾਰ ਸਕਦੇ ਹਨ। ਤਾਂ ਫਿਰ, ਆਓ ਆਪਾਂ ਇਕ ਸਵਾਲ ਉੱਤੇ ਗੌਰ ਕਰੀਏ ਜਿਸ ਦਾ ਜਵਾਬ ਪਰਮੇਸ਼ੁਰ ਨੇ ਆਪਣੇ ਬਚਨ ਵਿਚ ਦਿੱਤਾ ਹੈ।

ਕੀ ਦੁੱਖਾਂ ਪਿੱਛੇ ਰੱਬ ਦਾ ਹੱਥ ਹੈ?

6. ਲੋਕਾਂ ਨੂੰ ਕਿਉਂ ਲੱਗਦਾ ਹੈ ਕਿ ਰੱਬ ਨੂੰ ਉਨ੍ਹਾਂ ਦੀ ਕੋਈ ਪਰਵਾਹ ਨਹੀਂ?

6 ਦੁਨੀਆਂ ’ਤੇ ਇੰਨੀ ਭਾਰੀ ਕਿਉਂ ਆਈ ਹੋਈ ਹੈ? ਚਾਰੇ ਪਾਸੇ ਆਫ਼ਤਾਂ ਦੇ ਪਹਾੜ ਟੁੱਟਦੇ ਦੇਖ ਕੇ ਲੋਕਾਂ ਦੇ ਮਨਾਂ ਵਿਚ ਅਜਿਹੇ ਸਵਾਲ ਖੜ੍ਹੇ ਹੁੰਦੇ ਹਨ: ‘ਲੋਕ ਦੁੱਖਾਂ ਦੇ ਸਮੁੰਦਰ ਵਿਚ ਕਿਉਂ ਡੁੱਬਦੇ ਜਾ ਰਹੇ ਹਨ, ਬੀਮਾਰੀਆਂ ਦੇ ਸ਼ਿਕੰਜੇ ਵਿਚ ਕਿਉਂ ਜਕੜੇ ਹੋਏ ਹਨ ਜਾਂ ਨਫ਼ਰਤ ਦੀ ਅੱਗ ਵਿਚ ਕਿਉਂ ਸੜ ਰਹੇ ਹਨ? ਹਾਇ ਰੱਬਾ! ਕੀ ਤੂੰ ਤਮਾਸ਼ਾ ਦੇਖਦਾ ਹੀ ਰਹੇਂਗਾ ਜਾਂ ਕੁਝ ਕਰੇਂਗਾ ਵੀ?’

7. (ੳ) ਧਾਰਮਿਕ ਆਗੂ ਲੋਕਾਂ ਨੂੰ ਕਿੱਦਾਂ ਗੁਮਰਾਹ ਕਰਦੇ ਹਨ? (ਅ) ਸਾਡੇ ਉੱਤੇ ਆਉਂਦੀਆਂ ਦੁੱਖ-ਤਕਲੀਫ਼ਾਂ ਬਾਰੇ ਪਰਮੇਸ਼ੁਰ ਦਾ ਬਚਨ ਕੀ ਕਹਿੰਦਾ ਹੈ?

7 ਹਾਂ, ਦੁਨੀਆਂ ਦੇ ਹਾਲਾਤ ਸਾਡੇ ਦਿਲਾਂ ਨੂੰ ਝੰਜੋੜਦੇ ਹਨ। ਪਰ ਇਸ ਤੋਂ ਵੀ ਦੁੱਖ ਭਰੀ ਗੱਲ ਇਹ ਹੈ ਕਿ ਧਾਰਮਿਕ ਗੁਰੂ ਅਤੇ ਪਾਦਰੀ ਲੋਕਾਂ ਨੂੰ ਗੁਮਰਾਹ ਕਰਦੇ ਹਨ। ਕਿਸ ਤਰ੍ਹਾਂ? ਜਦ ਕੋਈ ਆਫ਼ਤ ਟੁੱਟ ਪੈਂਦੀ ਹੈ, ਤਾਂ ਉਹ ਕਹਿੰਦੇ ਹਨ ਕਿ ‘ਰੱਬ ਦਾ ਕਹਿਰ ਟੁੱਟ ਪਿਆ ਹੈ,’ ਜਾਂ ‘ਇਹ ਰੱਬ ਦੀ ਮਰਜ਼ੀ ਸੀ’ ਜਾਂ ‘ਰੱਬ ਦੇ ਭਾਣੇ ਨੂੰ ਕੌਣ ਟਾਲ ਸਕਦਾ ਹੈ?’ ਹਰ ਬਿਪਤਾ ਦਾ ਦੋਸ਼ ਉਹ ਰੱਬ ਦੇ ਮੱਥੇ ਮੜ੍ਹ ਦਿੰਦੇ ਹਨ। ਪਰ ਇਹ ਬਿਲਕੁਲ ਗ਼ਲਤ ਤੇ ਝੂਠਾ ਇਲਜ਼ਾਮ ਹੈ। ਯਾਕੂਬ 1:13 ਵਿਚ ਕਿਹਾ ਗਿਆ ਹੈ: “ਜਦੋਂ ਕਿਸੇ ਉੱਤੇ ਕੋਈ ਪਰੀਖਿਆ ਆਉਂਦੀ ਹੈ, ਤਾਂ ਉਹ ਇਹ ਨਾ ਕਹੇ: ‘ਪਰਮੇਸ਼ੁਰ ਮੇਰੀ ਪਰੀਖਿਆ ਲੈ ਰਿਹਾ ਹੈ।’ ਕਿਉਂਕਿ ਨਾ ਤਾਂ ਕੋਈ ਬੁਰੇ ਇਰਾਦੇ ਨਾਲ ਪਰਮੇਸ਼ੁਰ ਦੀ ਪਰੀਖਿਆ ਲੈ ਸਕਦਾ ਹੈ ਅਤੇ ਨਾ ਹੀ ਪਰਮੇਸ਼ੁਰ ਆਪ ਇਸ ਇਰਾਦੇ ਨਾਲ ਕਿਸੇ ਦੀ ਪਰੀਖਿਆ ਲੈਂਦਾ ਹੈ।” ਤਾਂ ਫਿਰ, ਇਹ ਪੂਰੇ ਯਕੀਨ ਨਾਲ ਕਿਹਾ ਜਾ ਸਕਦਾ ਹੈ ਕਿ ਦੁਨੀਆਂ ਵਿਚ ਹੋ ਰਹੀ ਬੁਰਾਈ ਲਈ ਰੱਬ ਜ਼ਿੰਮੇਵਾਰ ਨਹੀਂ ਹੈ। (ਅੱਯੂਬ 34:10-12 ਪੜ੍ਹੋ।) ਇਹ ਸੱਚ ਹੈ ਕਿ ਰੱਬ ਸਾਡੇ ਉੱਤੇ ਦੁੱਖ-ਤਕਲੀਫ਼ਾਂ ਆਉਣ ਦਿੰਦਾ ਹੈ, ਪਰ ਇਨ੍ਹਾਂ ਦੇ ਪਿੱਛੇ ਉਸ ਦਾ ਕੋਈ ਹੱਥ ਨਹੀਂ। ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਣ ਲਈ ਆਓ ਆਪਾਂ ਇਕ ਮਿਸਾਲ ਉੱਤੇ ਗੌਰ ਕਰੀਏ।

8, 9. ਮਿਸਾਲ ਦੇ ਕੇ ਸਮਝਾਓ ਕਿ ਇਨਸਾਨਾਂ ਦੀਆਂ ਮੁਸੀਬਤਾਂ ਪਿੱਛੇ ਰੱਬ ਦਾ ਹੱਥ ਕਿਉਂ ਨਹੀਂ?

8 ਜ਼ਰਾ ਇਕ ਲੜਕੇ ਦੀ ਕਲਪਨਾ ਕਰੋ ਜਿਸ ਦੀ ਪਰਵਰਿਸ਼ ਇਕ ਚੰਗੇ ਖ਼ਾਨਦਾਨ ਵਿਚ ਹੋਈ ਹੈ। ਉਸ ਦੇ ਮਾਂ-ਬਾਪ ਨੇ ਬੜੇ ਲਾਡ-ਪਿਆਰ ਨਾਲ ਉਸ ਨੂੰ ਪਾਲ-ਪੋਸ ਕੇ ਵੱਡਾ ਕੀਤਾ ਹੈ। ਪਰ ਉਹ ਆਪਣੇ ਮਾਪਿਆਂ ਦੇ ਆਖੇ ਨਹੀਂ ਲੱਗਦਾ। ਉਹ ਆਪਣੀ ਮਰਜ਼ੀ ਨਾਲ ਘਰ ਛੱਡ ਕੇ ਚਲਾ ਜਾਂਦਾ ਹੈ। ਉਹ ਬੁਰੇ ਰਾਹ ’ਤੇ ਚੱਲ ਕੇ ਮੁਸੀਬਤਾਂ ਵਿਚ ਫੱਸ ਜਾਂਦਾ ਹੈ। ਕੀ ਤੁਸੀਂ ਕਹੋਗੇ ਕਿ ਇਸ ਮੁੰਡੇ ਦੀਆਂ ਗ਼ਲਤੀਆਂ ਅਤੇ ਉਸ ਉੱਤੇ ਆਏ ਦੁੱਖਾਂ ਲਈ ਉਸ ਦਾ ਪਿਤਾ ਜ਼ਿੰਮੇਵਾਰ ਹੈ? ਬਿਲਕੁਲ ਨਹੀਂ। ਭਾਵੇਂ ਪਿਤਾ ਨੇ ਆਪਣੇ ਬੇਟੇ ਨੂੰ ਘਰੋਂ ਜਾਣ ਤੋਂ ਨਹੀਂ ਰੋਕਿਆ, ਪਰ ਉਸ ਉੱਤੇ ਆਈਆਂ ਮੁਸੀਬਤਾਂ ਪਿੱਛੇ ਪਿਤਾ ਦਾ ਕੋਈ ਹੱਥ ਨਹੀਂ ਸੀ। (ਲੂਕਾ 15:11-13) ਇਸੇ ਤਰ੍ਹਾਂ, ਇਨਸਾਨਾਂ ਨੇ ਆਪਣੀ ਮਰਜ਼ੀ ਕਰ ਕੇ ਬੁਰਾ ਰਾਹ ਚੁਣਿਆ ਹੈ। ਸਹੀ ਰਾਹ ਤੋਂ ਭਟਕ ਕੇ ਉਨ੍ਹਾਂ ਨੇ ਰੱਬ ਤੋਂ ਮੂੰਹ ਮੋੜ ਲਿਆ ਹੈ ਅਤੇ ਮੁਸੀਬਤਾਂ ਵਿਚ ਫੱਸ ਗਏ ਹਨ। ਹਾਂ, ਇਸ ਵਿਚ ਪਰਮੇਸ਼ੁਰ ਦਾ ਕੋਈ ਕਸੂਰ ਨਹੀਂ।

9 ਪਰ ਤੁਸੀਂ ਸ਼ਾਇਦ ਸੋਚ ਰਹੇ ਹੋਵੋਗੇ ਕਿ ਰੱਬ ਨੇ ਹਾਲੇ ਤਕ ਇਨ੍ਹਾਂ ਮੁਸੀਬਤਾਂ ਨੂੰ ਖ਼ਤਮ ਕਿਉਂ ਨਹੀਂ ਕੀਤਾ? ਉਸ ਨੇ ਅੱਜ ਤਕ ਇਨਸਾਨੀ ਮਾਮਲਿਆਂ ਵਿਚ ਦਖ਼ਲ ਕਿਉਂ ਨਹੀਂ ਦਿੱਤਾ? ਅਸੀਂ ਇਨ੍ਹਾਂ ਸਵਾਲਾਂ ਦੇ ਜਵਾਬ 11ਵੇਂ ਅਧਿਆਇ ਵਿਚ ਪਾਵਾਂਗੇ। ਜੇ ਸੋਚਿਆ ਜਾਵੇ, ਤਾਂ ਸਾਨੂੰ ਸਰਬਸ਼ਕਤੀਮਾਨ ਪਰਮੇਸ਼ੁਰ ਤੋਂ ਕੁਝ ਵੀ ਪੁੱਛਣ ਦਾ ਹੱਕ ਨਹੀਂ, ਪਰ ਫਿਰ ਵੀ ਉਸ ਨੇ ਸਾਡੇ ਸਾਰੇ ਸਵਾਲਾਂ ਦੇ ਜਵਾਬ ਆਪਣੇ ਬਚਨ ਵਿਚ ਦਿੱਤੇ ਹਨ। ਆਪਣੇ ਬੇਹੱਦ ਪਿਆਰ ਕਰਕੇ ਉਸ ਨੇ ਸਾਨੂੰ ਨਿਰਾਸ਼ਾ ਵਿਚ ਆਸ਼ਾ ਦਿੱਤੀ ਹੈ।​—ਯਸਾਯਾਹ 33:2.

10. ਅਸੀਂ ਕਿਉਂ ਭਰੋਸਾ ਰੱਖ ਸਕਦੇ ਹਾਂ ਕਿ ਪਰਮੇਸ਼ੁਰ ਬੁਰਾਈ ਨੂੰ ਮਿਟਾ ਦੇਵੇਗਾ?

10 ਅਸੀਂ ਪਰਮੇਸ਼ੁਰ ਉੱਤੇ ਪੂਰਾ ਭਰੋਸਾ ਰੱਖ ਸਕਦੇ ਹਾਂ। ਉਹ ਇਨਸਾਨਾਂ ਵਰਗਾ ਨਹੀਂ ਜਿਨ੍ਹਾਂ ਦਾ ਕੋਈ ਭਰੋਸਾ ਨਹੀਂ। ਇਨਸਾਨ ਵੱਡੇ-ਵੱਡੇ ਵਾਅਦੇ ਤਾਂ ਕਰਦੇ ਹਨ, ਪਰ ਉਨ੍ਹਾਂ ਨੂੰ ਨਿਭਾਉਣ ਦਾ ਨਾ ਹੀ ਉਨ੍ਹਾਂ ਦਾ ਇਰਾਦਾ ਹੁੰਦਾ ਹੈ ਅਤੇ ਨਾ ਹੀ ਉਨ੍ਹਾਂ ਵਿਚ ਦਮ ਹੁੰਦਾ ਹੈ। ਪਰ ਪਰਮੇਸ਼ੁਰ ਪਵਿੱਤਰ ਹੈ, ਖਰਾ ਹੈ, ਬੇਦਾਗ਼ ਹੈ, ਸਾਫ਼ ਹੈ, ਪਾਕ ਅਤੇ ਸ਼ੁੱਧ ਹੈ। ਉਸ ਵਿਚ ਜ਼ਰਾ ਵੀ ਖੋਟ ਨਹੀਂ। (ਯਸਾਯਾਹ 6:3) ਉਹ ਸਰਬਸ਼ਕਤੀਮਾਨ ਹੈ, ਇਸ ਲਈ ਉਸ ਵਿਚ ਆਪਣੇ ਹਰੇਕ ਵਾਅਦੇ ਨੂੰ ਨਿਭਾਉਣ ਦੀ ਤਾਕਤ ਹੈ। ਉਹ ਵਾਅਦਾ ਕਰਦਾ ਹੈ ਕਿ ਉਹ ਦੁਨੀਆਂ ਦੇ ਹਾਲਾਤਾਂ ਨੂੰ ਪੂਰੀ ਤਰ੍ਹਾਂ ਬਦਲ ਦੇਵੇਗਾ ਅਤੇ ਹਮੇਸ਼ਾ-ਹਮੇਸ਼ਾ ਲਈ ਬੁਰਾਈ ਨੂੰ ਜੜ੍ਹੋਂ ਉਖਾੜ ਦੇਵੇਗਾ। ਉਹ ਹੀ ਸਾਡੀ ਹਨੇਰੀ ਜ਼ਿੰਦਗੀ ਵਿਚ ਰੌਸ਼ਨੀ ਲਿਆਵੇਗਾ। ਹਾਂ, ਅਸੀਂ ਉਸ ਉੱਤੇ ਪੂਰਾ ਭਰੋਸਾ ਰੱਖ ਸਕਦੇ ਹਾਂ।​—ਜ਼ਬੂਰਾਂ ਦੀ ਪੋਥੀ 37:9-11 ਪੜ੍ਹੋ।

ਰੱਬ ਸਾਡੇ ਦੁੱਖ ਵਿਚ ਦੁਖੀ ਹੁੰਦਾ ਹੈ

11. (ੳ) ਬੇਇਨਸਾਫ਼ੀ ਬਾਰੇ ਰੱਬ ਦਾ ਕੀ ਵਿਚਾਰ ਹੈ? (ਅ) ਸਾਡੇ ਦੁੱਖਾਂ ਬਾਰੇ ਰੱਬ ਕਿੱਦਾਂ ਮਹਿਸੂਸ ਕਰਦਾ ਹੈ?

11 ਤੁਸੀਂ ਸ਼ਾਇਦ ਸੋਚੋ, ‘ਅੱਛਾ, ਇਹ ਤਾਂ ਠੀਕ ਹੈ ਕਿ ਰੱਬ ਭਵਿੱਖ ਵਿਚ ਬੁਰਾਈ ਮਿਟਾ ਦੇਵੇਗਾ, ਪਰ ਅੱਜ ਬਾਰੇ ਕੀ? ਅੱਜ ਹੋ ਰਹੀ ਬੁਰਾਈ ਬਾਰੇ ਉਹ ਕੀ ਸੋਚਦਾ ਹੈ?’ ਦੁਨੀਆਂ ਦੇ ਹਾਲਾਤ ਦੇਖ ਕੇ ਸਾਡੇ ਵਾਂਗ ਉਸ ਦਾ ਵੀ ਦਿਲ ਦੁਖੀ ਹੁੰਦਾ ਹੈ। ਉਸ ਨੂੰ ਬੇਇਨਸਾਫ਼ੀ ਤੋਂ ਸਖ਼ਤ ਨਫ਼ਰਤ ਹੈ ਅਤੇ ਉਹ ਕਿਸੇ ਨਾਲ ਕਦੇ ਅਨਿਆਂ ਨਹੀਂ ਕਰਦਾ। (ਜ਼ਬੂਰਾਂ ਦੀ ਪੋਥੀ 37:28) ਜਦੋਂ ਉਹ ਸਾਡੇ ਦੁੱਖ ਦੇ ਹੰਝੂ ਦੇਖਦਾ ਹੈ, ਤਾਂ ਉਸ ਦੇ ਦਿਲ ਨੂੰ ਗਹਿਰੀ ਸੱਟ ਵੱਜਦੀ ਹੈ। ਉਹ ਸਾਨੂੰ ਯਕੀਨ ਦਿਲਾਉਂਦਾ ਹੈ ਕਿ ਉਹ ਸਾਡੇ ਨਾਲ ਬਹੁਤ ਪਿਆਰ ਕਰਦਾ ਹੈ ਅਤੇ ‘ਉਸ ਨੂੰ ਸਾਡਾ ਫ਼ਿਕਰ ਹੈ।’ (1 ਪਤਰਸ 5:7 ਪੜ੍ਹੋ।) ਇਸੇ ਕਰਕੇ ਉਸ ਨੇ ਵਾਅਦਾ ਕੀਤਾ ਹੈ ਕਿ ਉਹ ਬਹੁਤ ਹੀ ਜਲਦ ਬੁਰਾਈ ਨੂੰ ਜੜ੍ਹੋਂ ਪੁੱਟ ਸੁੱਟੇਗਾ। ਹਾਂ, ਉਹ ਹਮੇਸ਼ਾ-ਹਮੇਸ਼ਾ ਲਈ ਇਸ ਦਾ ਨਾਮੋ-ਨਿਸ਼ਾਨ ਮਿਟਾ ਦੇਵੇਗਾ। ਕਈ ਸਦੀਆਂ ਪਹਿਲਾਂ ਵੀ ਉਸ ਨੇ ਬੁਰਾਈ ਨਾਲ ਭਰੀ ਦੁਨੀਆਂ ਦੇ ਖ਼ਿਲਾਫ਼ ਕਦਮ ਚੁੱਕਿਆ ਸੀ। ਭਵਿੱਖ ਵਿਚ ਵੀ ਉਹ ਜ਼ਰੂਰ ਕਦਮ ਚੁੱਕੇਗਾ।​—ਉਤਪਤ 6:5, 6; ਮਲਾਕੀ 3:6.

ਬਾਈਬਲ ਕਹਿੰਦੀ ਹੈ ਕਿ ਇਹ ਸਭ ਸਾਡੇ ਪਿਆਰੇ ਪਿਤਾ ਯਹੋਵਾਹ ਦੇ ਹੱਥਾਂ ਦਾ ਕਮਾਲ ਹੈ

12, 13. (ੳ) ਸਾਡੇ ਵਿਚ ਪਿਆਰ ਵਰਗੇ ਗੁਣ ਕਿਉਂ ਹਨ ਅਤੇ ਦੁਨੀਆਂ ਦੇ ਹਾਲਾਤ ਦੇਖ ਕੇ ਅਸੀਂ ਕਿੱਦਾਂ ਮਹਿਸੂਸ ਕਰਦੇ ਹਾਂ? (ਅ) ਅਸੀਂ ਕਿਉਂ ਭਰੋਸਾ ਰੱਖ ਸਕਦੇ ਹਾਂ ਕਿ ਰੱਬ ਦੁਨੀਆਂ ਦੇ ਹਾਲਾਤਾਂ ਨੂੰ ਜ਼ਰੂਰ ਬਦਲੇਗਾ?

12 ਜੇ ਤੁਹਾਨੂੰ ਹਾਲੇ ਵੀ ਯਕੀਨ ਨਹੀਂ ਕਿ ਪਰਮੇਸ਼ੁਰ ਸਾਡੇ ਦੁੱਖ ਵਿਚ ਦੁਖੀ ਹੁੰਦਾ ਹੈ, ਤਾਂ ਜ਼ਰਾ ਇਸ ਗੱਲ ’ਤੇ ਗੌਰ ਕਰੋ। ਰੱਬ ਨੇ ਸਾਨੂੰ ਬਿਲਕੁਲ ਆਪਣੇ ਵਰਗਾ ਬਣਾਇਆ ਹੈ। ਉਸ ਵਾਂਗ ਸਾਡੇ ਵਿਚ ਵੀ ਪਿਆਰ ਤੇ ਦਇਆ ਵਰਗੇ ਗੁਣ ਹਨ। (ਉਤਪਤ 1:26) ਜ਼ਰਾ ਸੋਚੋ। ਕਿਸੇ ਨੂੰ ਬੀਮਾਰ ਦੇਖ ਕੇ ਜਾਂ ਕਿਸੇ ਬੱਚੇ ਨੂੰ ਭੁੱਖਾ ਦੇਖ ਕੇ ਕੀ ਤੁਹਾਨੂੰ ਦੁੱਖ ਨਹੀਂ ਲੱਗਦਾ? ਤੁਸੀਂ ਸ਼ਾਇਦ ਕਹੋ, ‘ਹਾਂ ਜ਼ਰੂਰ ਲੱਗਦਾ ਹੈ।’ ਤਾਂ ਫਿਰ, ਜਦ ਅਸੀਂ ਦੂਸਰਿਆਂ ਦੇ ਦੁੱਖ ਵਿਚ ਦੁਖੀ ਹੁੰਦੇ ਹਾਂ, ਤਾਂ ਸੋਚੋ ਕਿ ਰੱਬ ਦੇ ਦਿਲ ’ਤੇ ਕੀ ਬੀਤਦੀ ਹੋਵੇਗੀ? ਕੀ ਉਸ ਨੂੰ ਜ਼ਿਆਦਾ ਦੁੱਖ ਨਹੀਂ ਲੱਗਦਾ ਹੋਣਾ? ਕੀ ਉਹ ਨਿਰਦੋਸ਼ ਤੇ ਮਾਸੂਮ ਲੋਕਾਂ ਦੇ ਦੁੱਖ ਦੇਖ ਕੇ ਹੱਥ ’ਤੇ ਹੱਥ ਰੱਖ ਕੇ ਬੈਠਾ ਰਹੇਗਾ? ਬਿਲਕੁਲ ਨਹੀਂ।

13 ਜ਼ਰਾ ਇਸ ਗੱਲ ਬਾਰੇ ਵੀ ਸੋਚੋ, ਜੇ ਤੁਹਾਡੇ ਕੋਲ ਦੁੱਖ-ਤਕਲੀਫ਼ਾਂ ਨੂੰ ਖ਼ਤਮ ਕਰਨ ਦੀ ਤਾਕਤ ਹੁੰਦੀ, ਤਾਂ ਕੀ ਤੁਸੀਂ ਦੁੱਖਾਂ ਤੇ ਅਨਿਆਂ ਨੂੰ ਖ਼ਤਮ ਨਹੀਂ ਕਰਦੇ? ਹਾਂ, ਜ਼ਰੂਰ ਕਰਦੇ। ਤਾਂ ਫਿਰ, ਯਾਦ ਰੱਖੋ ਕਿ ਰੱਬ ਸਭ ਤੋਂ ਤਾਕਤਵਰ ਹੈ ਅਤੇ ਪਿਆਰ ਉਸ ਦੀ ਰਗ-ਰਗ ਵਿਚ ਸਮਾਇਆ ਹੋਇਆ ਹੈ। (1 ਯੂਹੰਨਾ 4:8) ਉਸ ਨੇ ਵਾਅਦਾ ਕੀਤਾ ਹੈ ਕਿ ਉਹ ਬਹੁਤ ਜਲਦ ਦੁੱਖਾਂ ਨੂੰ ਮਿਟਾ ਦੇਵੇਗਾ। ਰੱਬ ਦੇ ਇਹ ਵਾਅਦੇ ਖੋਖਲੇ ਨਹੀਂ ਹਨ, ਇਹ ਪੱਥਰ ’ਤੇ ਲਕੀਰ ਹਨ! ਇਨ੍ਹਾਂ ਵਾਅਦਿਆਂ ਉੱਤੇ ਆਪਣੇ ਭਰੋਸੇ ਨੂੰ ਪੱਕਾ ਕਰਨ ਲਈ ਸਾਨੂੰ ਪਰਮੇਸ਼ੁਰ ਬਾਰੇ ਹੋਰ ਜਾਣਨ ਦੀ ਲੋੜ ਹੈ।

ਰੱਬ ਆਪਣੀ ਪਛਾਣ ਕਰਾਉਂਦਾ ਹੈ

ਆਪਣੀ ਜਾਣ-ਪਛਾਣ ਕਰਾਉਣ ਵੇਲੇ ਤੁਸੀਂ ਆਪਣਾ ਨਾਂ ਦੱਸਦੇ ਹੋ, ਉਸੇ ਤਰ੍ਹਾਂ ਰੱਬ ਨੇ ਆਪਣੇ ਬਚਨ ਵਿਚ ਸਾਨੂੰ ਆਪਣਾ ਨਾਂ ਦੱਸਿਆ ਹੈ

14. ਰੱਬ ਦਾ ਨਾਂ ਕੀ ਹੈ ਅਤੇ ਸਾਨੂੰ ਉਸ ਦਾ ਨਾਂ ਕਿਉਂ ਲੈਣਾ ਚਾਹੀਦਾ ਹੈ?

14 ਜਦੋਂ ਅਸੀਂ ਕਿਸੇ ਨਾਲ ਆਪਣੀ ਜਾਣ-ਪਛਾਣ ਕਰਾਉਂਦੇ ਹਾਂ, ਤਾਂ ਅਸੀਂ ਪਹਿਲਾਂ ਉਸ ਨੂੰ ਆਪਣਾ ਨਾਂ ਦੱਸਦੇ ਹਾਂ। ਜਿਸ ਤਰ੍ਹਾਂ ਸਾਡਾ ਸਾਰਿਆਂ ਦਾ ਇਕ ਨਾਂ ਹੈ, ਉਸੇ ਤਰ੍ਹਾਂ ਰੱਬ ਦਾ ਵੀ ਇਕ ਨਾਂ ਹੈ। ਪਰਮੇਸ਼ੁਰ ਨੇ ਆਪਣੇ ਬਚਨ ਵਿਚ ਦੱਸਿਆ ਹੈ ਕਿ ਉਸ ਦਾ ਨਾਂ ਯਹੋਵਾਹ ਹੈ। (ਜ਼ਬੂਰਾਂ ਦੀ ਪੋਥੀ 83:18) (ਜੇ ਤੁਹਾਡੀ ਬਾਈਬਲ ਵਿਚ ਯਹੋਵਾਹ ਦਾ ਨਾਂ ਨਹੀਂ ਹੈ, ਤਾਂ ਦਿੱਤੀ ਗਈ ਵਧੇਰੇ ਜਾਣਕਾਰੀ “ਪਰਮੇਸ਼ੁਰ ਦਾ ਨਾਂ—ਇਸ ਦੀ ਵਰਤੋਂ ਅਤੇ ਇਸ ਦਾ ਮਤਲਬ” ਪੜ੍ਹ ਕੇ ਦੇਖੋ ਕਿ ਇਸ ਤਰ੍ਹਾਂ ਕਿਉਂ ਹੈ।) ਪਰ ਲੋਕ ਰੱਬ ਨੂੰ ਉਸ ਦਾ ਨਾਂ ਲੈ ਕੇ ਨਹੀਂ, ਸਗੋਂ ਉਸ ਨੂੰ ਪਰਮਾਤਮਾ, ਈਸ਼ਵਰ, ਭਗਵਾਨ ਜਾਂ ਖ਼ੁਦਾ ਕਹਿ ਕੇ ਬੁਲਾਉਂਦੇ ਹਨ। ਪਰ ਯਹੋਵਾਹ ਨੇ ਹਜ਼ਾਰਾਂ ਵਾਰ ਬਾਈਬਲ ਵਿਚ ਆਪਣਾ ਨਾਂ ਦਰਜ ਕਰਵਾਇਆ ਹੈ ਕਿਉਂਕਿ ਉਹ ਚਾਹੁੰਦਾ ਹੈ ਕਿ ਅਸੀਂ ਉਸ ਦਾ ਨਾਂ ਜਾਣੀਏ ਅਤੇ ਉਸ ਦਾ ਨਾਂ ਲਈਏ।

15. ਯਹੋਵਾਹ ਦੇ ਨਾਂ ਦਾ ਕੀ ਮਤਲਬ ਹੈ?

15 ਯਹੋਵਾਹ ਦੇ ਨਾਂ ਦਾ ਬਹੁਤ ਡੂੰਘਾ ਅਰਥ ਹੈ। ਇਸ ਦਾ ਮਤਲਬ ਹੈ ਕਿ ‘ਜੋ ਕਹੇ ਸੋ ਕਰੇ।’ * ਜੋ ਵੀ ਵਾਅਦਾ ਉਹ ਕਰਦਾ ਹੈ, ਉਸ ਨੂੰ ਪੂਰਾ ਕਰ ਕੇ ਹੀ ਰਹਿੰਦਾ ਹੈ। ਕੋਈ ਵੀ ਉਸ ਦੇ ਮਕਸਦ ਨੂੰ ਪੂਰਾ ਹੋਣ ਤੋਂ ਰੋਕ ਨਹੀਂ ਸਕਦਾ। ਉਸ ਦਾ ਨਾਂ ਬਹੁਤ ਹੀ ਅਨੋਖਾ ਹੈ ਅਤੇ ਸਿਰਫ਼ ਉਸ ਨੂੰ ਹੀ ਸ਼ੋਭਾ ਦਿੰਦਾ ਹੈ। ਪਰ ਯਹੋਵਾਹ ਪਰਮੇਸ਼ੁਰ ਕਈ ਹੋਰ ਗੱਲਾਂ ਵਿਚ ਵੀ ਅਨੋਖਾ ਹੈ। ਕਿਹੜੀਆਂ ਗੱਲਾਂ ਵਿਚ?

16, 17. ਯਹੋਵਾਹ ਦਾ ਬਚਨ ਸਾਨੂੰ ਉਸ ਬਾਰੇ ਕੀ ਦੱਸਦਾ ਹੈ?

16 ਬਾਈਬਲ ਕਹਿੰਦੀ ਹੈ ਕਿ ‘ਇਕੱਲਾ ਯਹੋਵਾਹ ਹੀ ਸਾਰੀ ਧਰਤੀ ਉੱਤੇ ਅੱਤ ਮਹਾਨ ਹੈ!’ (ਜ਼ਬੂਰਾਂ ਦੀ ਪੋਥੀ 83:18) ਸਿਰਫ਼ ਯਹੋਵਾਹ ਹੀ “ਸਰਬਸ਼ਕਤੀਮਾਨ” ਹੈ। ਉਸ ਦੇ ਕੰਮ ਅਸਚਰਜ ਤੇ ਮਹਾਨ ਹਨ। ਉਸ ਦੇ ਸਾਰੇ ਰਾਹ ਸਹੀ ਤੇ ਸੱਚੇ ਹਨ। ਉਹ ਯੁੱਗਾਂ ਤੋਂ ਹੈ। ਉਹ ਬੇਮਿਸਾਲ, ਲਾਜਵਾਬ ਤੇ ਬੇਜੋੜ ਹੈ, ਕੋਈ ਵੀ ਉਸ ਦੇ ਤੁੱਲ ਨਹੀਂ। ਇਹ ਜਾਣ ਕੇ ਕੀ ਸਾਡੇ ਦਿਲ ਸ਼ਰਧਾ ਨਾਲ ਨਹੀਂ ਭਰ ਜਾਂਦੇ?​—ਪ੍ਰਕਾਸ਼ ਦੀ ਕਿਤਾਬ 15:3; ਜ਼ਬੂਰਾਂ ਦੀ ਪੋਥੀ 90:2.

17 ਯਹੋਵਾਹ ਇਸ ਗੱਲ ਵਿਚ ਵੀ ਅਨੋਖਾ ਹੈ ਕਿ ਸਿਰਫ਼ ਉਸ ਨੂੰ ਹੀ ਸ੍ਰਿਸ਼ਟੀਕਰਤਾ ਕਿਹਾ ਗਿਆ ਹੈ। ਬਾਈਬਲ ਕਹਿੰਦੀ ਹੈ ਕਿ “ਹੇ ਸਾਡੇ ਸ਼ਕਤੀਸ਼ਾਲੀ ਪਰਮੇਸ਼ੁਰ ਯਹੋਵਾਹ, ਤੂੰ ਹੀ ਮਹਿਮਾ ਤੇ ਆਦਰ ਪਾਉਣ ਦਾ ਹੱਕਦਾਰ ਹੈਂ ਕਿਉਂਕਿ ਤੂੰ ਹੀ ਸਾਰੀਆਂ ਚੀਜ਼ਾਂ ਬਣਾਈਆਂ ਹਨ ਅਤੇ ਸਾਰੀਆਂ ਚੀਜ਼ਾਂ ਤੇਰੀ ਹੀ ਇੱਛਾ ਨਾਲ ਹੋਂਦ ਵਿਚ ਆਈਆਂ ਅਤੇ ਬਣਾਈਆਂ ਗਈਆਂ ਹਨ।” (ਪ੍ਰਕਾਸ਼ ਦੀ ਕਿਤਾਬ 4:11) ਜ਼ਰਾ ਆਪਣੇ ਚਾਰੇ ਪਾਸੇ ਦੇਖੋ। ਆਸਮਾਨ ਵੱਲ ਦੇਖੋ, ਜ਼ਮੀਨ ਵੱਲ ਦੇਖੋ। ਜੋ ਵੀ ਤੁਹਾਨੂੰ ਨਜ਼ਰ ਆਉਂਦਾ ਹੈ, ਉਹ ਸਭ ਕੁਝ ਯਹੋਵਾਹ ਨੇ ਹੀ ਬਣਾਇਆ ਹੈ। ਆਕਾਸ਼ ਵਿਚ ਚਮਕਦੇ ਚੰਦ-ਤਾਰੇ, ਅੰਬਰ ਨੂੰ ਚੁੰਮਦੇ ਪਹਾੜ, ਆਸਮਾਨ ਵਿਚ ਉੱਡਦੇ ਪੰਛੀ, ਵੱਡੇ-ਵੱਡੇ ਦਰਖ਼ਤ, ਮਹਿਕਦੇ ਫੁੱਲ, ਸਮੁੰਦਰ-ਨਦੀਆਂ ਵਿਚ ਤਰਦੀਆਂ ਰੰਗ-ਬਰੰਗੀਆਂ ਮੱਛੀਆਂ, ਹਾਂ ਇਹ ਸਭ ਦੀਆਂ ਸਭ ਚੀਜ਼ਾਂ ਯਹੋਵਾਹ ਪਰਮੇਸ਼ੁਰ ਦੇ ਹੱਥਾਂ ਦਾ ਕਮਾਲ ਹੈ।

ਅਸੀਂ ਯਹੋਵਾਹ ਦੇ ਦਿਲ ਵਿਚ ਵੱਸ ਸਕਦੇ ਹਾਂ

18. ਕੁਝ ਲੋਕ ਕਿਉਂ ਸੋਚਦੇ ਹਨ ਕਿ ਉਹ ਯਹੋਵਾਹ ਦੇ ਦਿਲ ਵਿਚ ਕਦੇ ਨਹੀਂ ਵੱਸ ਸਕਦੇ ਅਤੇ ਯਹੋਵਾਹ ਦਾ ਬਚਨ ਇਸ ਬਾਰੇ ਕੀ ਕਹਿੰਦਾ ਹੈ?

18 ਕੀ ਅਸੀਂ ਮਾਮੂਲੀ ਤੇ ਕਮਜ਼ੋਰ ਇਨਸਾਨ ਸਾਰੇ ਜਹਾਨ ਦੇ ਮਾਲਕ ਦੇ ਦਿਲ ਵਿਚ ਵਾਕਈ ਵੱਸ ਸਕਦੇ ਹਾਂ? ਕੁਝ ਲੋਕ ਸ਼ਾਇਦ ਸੋਚਣ ਕਿ ਇਸ ਤਰ੍ਹਾਂ ਹੋ ਹੀ ਨਹੀਂ ਸਕਦਾ। ਪਰ, ਯਹੋਵਾਹ ਦਾ ਬਚਨ ਇਸ ਤੋਂ ਬਿਲਕੁਲ ਉਲਟ ਕਹਿੰਦਾ ਹੈ: “ਉਹ ਸਾਡੇ ਵਿੱਚੋਂ ਕਿਸੇ ਤੋਂ ਵੀ ਦੂਰ ਨਹੀਂ ਹੈ।” (ਰਸੂਲਾਂ ਦੇ ਕੰਮ 17:27) ਜੀ ਹਾਂ, ਯਹੋਵਾਹ ਦੇ ਦਿਲ ਦਾ ਦਰਵਾਜ਼ਾ ਇਨਸਾਨਾਂ ਲਈ ਹਮੇਸ਼ਾ ਖੁੱਲ੍ਹਾ ਹੈ। ਜੇ ਅਸੀਂ ਉਸ ਵੱਲ ਕਦਮ ਵਧਾਵਾਂਗੇ, ਤਾਂ ਉਹ ਵੀ ਸਾਡੇ ਨੇੜੇ ਆਵੇਗਾ।​—ਯਾਕੂਬ 4:8.

19. (ੳ) ਅਸੀਂ ਯਹੋਵਾਹ ਵੱਲ ਕਦਮ ਕਿੱਦਾਂ ਵਧਾ ਸਕਦੇ ਹਾਂ ਅਤੇ ਇਸ ਤਰ੍ਹਾਂ ਕਰ ਕੇ ਸਾਨੂੰ ਕੀ ਫ਼ਾਇਦਾ ਹੋਵੇਗਾ? (ਅ) ਯਹੋਵਾਹ ਦੇ ਗੁਣਾਂ ਵਿੱਚੋਂ ਤੁਹਾਨੂੰ ਕਿਹੜਾ ਗੁਣ ਸਭ ਤੋਂ ਵਧੀਆ ਲੱਗਦਾ ਹੈ?

19 ਅਸੀਂ ਯਹੋਵਾਹ ਵੱਲ ਕਦਮ ਕਿੱਦਾਂ ਵਧਾ ਸਕਦੇ ਹਾਂ? ਯਿਸੂ ਨੇ ਪ੍ਰਾਰਥਨਾ ਕਰਦੇ ਹੋਏ ਕਿਹਾ ਸੀ: “ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਜ਼ਰੂਰੀ ਹੈ ਕਿ ਉਹ ਤੇਰੇ ਬਾਰੇ, ਯਾਨੀ ਇੱਕੋ-ਇਕ ਸੱਚੇ ਪਰਮੇਸ਼ੁਰ ਬਾਰੇ ਅਤੇ ਯਿਸੂ ਮਸੀਹ ਬਾਰੇ, ਜਿਸ ਨੂੰ ਤੂੰ ਘੱਲਿਆ ਹੈ, ਸਿੱਖਦੇ ਰਹਿਣ।” (ਯੂਹੰਨਾ 17:3) ਹਾਂ, ਯਹੋਵਾਹ ਅਤੇ ਯਿਸੂ ਬਾਰੇ ਸਿੱਖਿਆ ਲੈ ਕੇ ਸਾਨੂੰ ਸਦਾ ਦਾ ਜੀਵਨ ਮਿਲ ਸਕਦਾ ਹੈ। ਇਸ ਲਈ ਸਾਨੂੰ ਯਹੋਵਾਹ ਦੀਆਂ ਖੂਬੀਆਂ, ਉਸ ਦੇ ਗੁਣਾਂ ਅਤੇ ਉਸ ਦੇ ਸੁਭਾਅ ਬਾਰੇ ਸਿੱਖਣ ਦੀ ਲੋੜ ਹੈ। ਜ਼ਰਾ ਉਸ ਦੇ ਕੁਝ ਗੁਣਾਂ ਵੱਲ ਧਿਆਨ ਦਿਓ। ਬਾਈਬਲ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਯਹੋਵਾਹ ਪਿਆਰ ਦੀ ਮੂਰਤ ਹੈ। ਉਹ ਦਇਆ ਦਾ ਸਾਗਰ ਹੈ, ਕਿਰਪਾਲੂ ਹੈ, ਛੇਤੀ ਗੁੱਸਾ ਕਰਨ ਦੀ ਬਜਾਇ ਧੀਰਜ ਰੱਖਣ ਵਾਲਾ ਹੈ। ਉਸ ਦਾ ਦਿਲ ਬਹੁਤ ਹੀ ਵੱਡਾ ਹੈ, ਉਹ ਸਾਨੂੰ ਮਾਫ਼ ਕਰਨ ਲਈ ਹਮੇਸ਼ਾ ਤਿਆਰ ਰਹਿੰਦਾ ਹੈ ਅਤੇ ਇਕ ਜਿਗਰੀ ਦੋਸਤ ਵਾਂਗ ਹਮੇਸ਼ਾ ਸਾਥ ਨਿਭਾਉਂਦਾ ਹੈ। (ਕੂਚ 34:6; ਮੀਕਾਹ 7:18; 1 ਕੁਰਿੰਥੀਆਂ 1:9; 2 ਪਤਰਸ 3:9; 1 ਯੂਹੰਨਾ 4:16) ਅਸੀਂ ਤਾਂ ਯਹੋਵਾਹ ਦੇ ਬੇਮਿਸਾਲ ਗੁਣਾਂ ਦੀ ਸਿਰਫ਼ ਇਕ ਛੋਟੀ ਜਿਹੀ ਝਲਕ ਹੀ ਦੇਖੀ ਹੈ। ਉਹ ਤਾਂ ਬੇਸ਼ੁਮਾਰ ਗੁਣਾਂ ਦਾ ਮਾਲਕ ਹੈ!

20-22. (ੳ) ਅਸੀਂ ਯਹੋਵਾਹ ਨੂੰ ਦੇਖ ਨਹੀਂ ਸਕਦੇ, ਤਾਂ ਫਿਰ ਅਸੀਂ ਉਸ ਨੂੰ ਕਿੱਦਾਂ ਜਾਣ ਸਕਦੇ ਹਾਂ? (ਅ) ਤੁਹਾਨੂੰ ਕੀ ਕਰਨਾ ਚਾਹੀਦਾ ਹੈ ਜੇ ਤੁਹਾਡੇ ਘਰ ਦਿਆਂ ਨੂੰ ਚੰਗਾ ਨਾ ਲੱਗੇ ਕਿ ਤੁਸੀਂ ਯਹੋਵਾਹ ਬਾਰੇ ਸਿੱਖ ਰਹੇ ਹੋ?

20 ਬਾਈਬਲ ਰਾਹੀਂ ਯਹੋਵਾਹ ਆਪਣੀ ਪਛਾਣ ਕਰਾਉਂਦਾ ਹੈ। ਅਸੀਂ ਉਸ ਨੂੰ ਦੇਖ ਤਾਂ ਨਹੀਂ ਸਕਦੇ, ਪਰ ਆਪਣੇ ਮਨ ਦੀਆਂ ਅੱਖਾਂ ਨਾਲ ਅਸੀਂ ਯਹੋਵਾਹ ਦੇ ਗੁਣ ਤੇ ਸੁਭਾਅ ਜ਼ਰੂਰ ਦੇਖ ਸਕਦੇ ਹਾਂ। (ਜ਼ਬੂਰਾਂ ਦੀ ਪੋਥੀ 27:4; ਯੂਹੰਨਾ 1:18; 4:24; ਰੋਮੀਆਂ 1:20; 1 ਤਿਮੋਥਿਉਸ 1:17) ਅਸੀਂ ਯਹੋਵਾਹ ਬਾਰੇ ਜਿੰਨਾ ਜ਼ਿਆਦਾ ਸਿੱਖਾਂਗੇ, ਉਸ ਨਾਲ ਸਾਡਾ ਰਿਸ਼ਤਾ ਉੱਨਾ ਹੀ ਜ਼ਿਆਦਾ ਗੂੜ੍ਹਾ ਹੁੰਦਾ ਜਾਵੇਗਾ।

ਇਕ ਚੰਗੇ ਪਿਤਾ ਵਾਂਗ ਯਹੋਵਾਹ ਸਾਡੇ ਨਾਲ ਬੇਹੱਦ ਪਿਆਰ ਕਰਦਾ ਹੈ

21 ਪਰਮੇਸ਼ੁਰ ਦੇ ਬਚਨ ਵਿਚ ਲਿਖਿਆ ਹੈ ਕਿ ਯਹੋਵਾਹ ਸਾਡਾ ਪਿਤਾ ਹੈ। (ਮੱਤੀ 6:9) ਜਿੱਦਾਂ ਇਕ ਬੱਚਾ ਆਪਣੇ ਪਿਤਾ ਦਾ ਹੱਥ ਫੜ ਕੇ ਚੱਲਦਾ ਹੈ, ਅਸੀਂ ਵੀ ਯਹੋਵਾਹ ਦਾ ਹੱਥ ਫੜ ਕੇ ਚੱਲ ਸਕਦੇ ਹਾਂ। ਉਸ ਨੇ ਨਾ ਕੇਵਲ ਸਾਨੂੰ ਜ਼ਿੰਦਗੀ ਦਿੱਤੀ ਹੈ, ਸਗੋਂ ਉਹ ਹਮੇਸ਼ਾ ਸਾਡਾ ਭਲਾ ਚਾਹੁੰਦਾ ਹੈ। (ਜ਼ਬੂਰਾਂ ਦੀ ਪੋਥੀ 36:9) ਜ਼ਿੰਦਗੀ ਦੇ ਇਸ ਸਫ਼ਰ ਵਿਚ ਉਹ ਸਾਡਾ ਹਮਸਫ਼ਰ, ਦੋਸਤ ਤੇ ਸਾਥੀ ਬਣ ਸਕਦਾ ਹੈ।​—ਯਾਕੂਬ 2:23.

22 ਪਰ ਸ਼ਾਇਦ ਤੁਹਾਡੇ ਘਰ ਦਿਆਂ ਨੂੰ ਚੰਗਾ ਨਾ ਲੱਗੇ ਕਿ ਤੁਸੀਂ ਯਹੋਵਾਹ ਬਾਰੇ ਸਿੱਖ ਰਹੇ ਹੋ। ਉਹ ਸ਼ਾਇਦ ਕਹਿਣ: ‘ਇਹ ਤੁਸੀਂ ਕੀ ਕਰ ਰਹੇ ਹੋ? ਤੁਸੀਂ ਤਾਂ ਆਪਣਾ ਧਰਮ ਬਦਲ ਰਹੇ ਹੋ।’ ਪਰ ਯਾਦ ਰੱਖੋ ਤੁਸੀਂ ਯਹੋਵਾਹ ਯਾਨੀ ਆਪਣੇ ਪਿਤਾ ਬਾਰੇ ਸਿੱਖ ਰਹੇ ਹੋ। ਤਾਂ ਫਿਰ, ਤੁਸੀਂ ਕਿਸ ਦੀ ਗੱਲ ਮੰਨੋਗੇ, ਆਪਣੇ ਪਿਤਾ ਯਹੋਵਾਹ ਦੀ ਜਾਂ ਲੋਕਾਂ ਦੀ? ਉਮੀਦ ਹੈ ਕਿ ਤੁਸੀਂ ਦੂਸਰਿਆਂ ਦੇ ਵਿਰੋਧ ਕਾਰਨ ਆਪਣੇ ਪਿਤਾ ਬਾਰੇ ਸਿੱਖਣਾ ਨਹੀਂ ਛੱਡੋਗੇ।

23, 24. (ੳ) ਕੋਈ ਗੱਲ ਸਮਝ ਨਾ ਆਉਣ ਤੇ ਤੁਹਾਨੂੰ ਸਵਾਲ ਕਿਉਂ ਪੁੱਛਣੇ ਚਾਹੀਦੇ ਹਨ? (ਅ) ਅਗਲੇ ਅਧਿਆਇ ਵਿਚ ਕਿਸ ਵਿਸ਼ੇ ’ਤੇ ਗੱਲ ਕੀਤੀ ਜਾਵੇਗੀ?

23 ਯਹੋਵਾਹ ਬਾਰੇ ਸਿੱਖਦੇ ਸਮੇਂ ਤੁਹਾਨੂੰ ਸ਼ਾਇਦ ਕੁਝ ਗੱਲਾਂ ਸਮਝ ਨਾ ਆਉਣ। ਸ਼ਾਇਦ ਇਕ ਛੋਟੇ ਬੱਚੇ ਵਾਂਗ ਤੁਹਾਡੇ ਮਨ ਵਿਚ ਵੀ ਇਕ ਤੋਂ ਬਾਅਦ ਇਕ ਸਵਾਲ ਖੜ੍ਹਾ ਹੋਵੇ। ਬਾਈਬਲ ਉਨ੍ਹਾਂ ਲੋਕਾਂ ਦੀ ਤਾਰੀਫ਼ ਕਰਦੀ ਹੈ ਜੋ ਪਰਮੇਸ਼ੁਰ ਬਾਰੇ ਸੱਚਾਈ ਸਿੱਖਣ ਲਈ ਉਤਾਵਲੇ ਹਨ। (ਰਸੂਲਾਂ ਦੇ ਕੰਮ 17:11 ਪੜ੍ਹੋ।) ਇਸ ਲਈ, ਚਿੰਤਾ ਕਰਨ ਦੀ ਬਜਾਇ ਤੁਹਾਨੂੰ ਵੀ ਨਿਮਰਤਾ ਨਾਲ ਬੱਚਿਆਂ ਵਾਂਗ ਬੇਝਿਜਕ ਹੋ ਕੇ ਸਵਾਲ ਪੁੱਛਦੇ ਰਹਿਣਾ ਚਾਹੀਦਾ ਹੈ। (ਮੱਤੀ 18:2-4) ਤੁਸੀਂ ਯਕੀਨ ਕਰ ਸਕਦੇ ਹੋ ਕਿ ਯਹੋਵਾਹ ਆਪਣੇ ਬਚਨ ਵਿਚ ਤੁਹਾਡੇ ਹਰ ਸਵਾਲ ਦਾ ਜਵਾਬ ਦੇਵੇਗਾ।

24 ਅਸੀਂ ਦੇਖਿਆ ਹੈ ਕਿ ਬਾਈਬਲ ਸਾਨੂੰ ਯਹੋਵਾਹ ਬਾਰੇ ਬਹੁਤ ਕੁਝ ਸਿਖਾਉਂਦੀ ਹੈ। ਇਹ ਕਿਤਾਬ ਦੂਸਰੇ ਧਾਰਮਿਕ ਗ੍ਰੰਥਾਂ ਤੋਂ ਵੱਖਰੀ ਹੈ। ਪਰ ਕਿਸ ਤਰ੍ਹਾਂ? ਅਗਲੇ ਅਧਿਆਇ ਵਿਚ ਇਸ ਬਾਰੇ ਗੱਲ ਕੀਤੀ ਜਾਵੇਗੀ।

^ ਪੈਰਾ 15 ਰੱਬ ਦੇ ਨਾਂ ਬਾਰੇ ਦਿੱਤੀ ਗਈ ਵਧੇਰੇ ਜਾਣਕਾਰੀ ਵਿਚ “ਪਰਮੇਸ਼ੁਰ ਦਾ ਨਾਂ—ਇਸ ਦੀ ਵਰਤੋਂ ਅਤੇ ਇਸ ਦਾ ਮਤਲਬ” ਹੋਰ ਜਾਣਕਾਰੀ ਪਾਈ ਜਾ ਸਕਦੀ ਹੈ।