Skip to content

Skip to table of contents

ਅਧਿਆਇ 15

ਰੱਬ ਕਿਹੋ ਜਿਹੀ ਭਗਤੀ ਮਨਜ਼ੂਰ ਹੈ?

ਰੱਬ ਕਿਹੋ ਜਿਹੀ ਭਗਤੀ ਮਨਜ਼ੂਰ ਹੈ?
  • ਕੀ ਸਾਰੇ ਧਰਮ ਰੱਬ ਨੂੰ ਮਨਜ਼ੂਰ ਹਨ?

  • ਅਸੀਂ ਸੱਚੇ ਧਰਮ ਦੀ ਕਿੱਦਾਂ ਪਛਾਣ ਕਰ ਸਕਦੇ ਹਾਂ?

  • ਰੱਬ ਦੇ ਸੱਚੇ ਭਗਤ ਕੌਣ ਹਨ?

1. ਜੇ ਅਸੀਂ ਪਰਮੇਸ਼ੁਰ ਦੀ ਭਗਤੀ ਸਹੀ ਤਰੀਕੇ ਨਾਲ ਕਰਾਂਗੇ, ਤਾਂ ਸਾਨੂੰ ਕੀ ਲਾਭ ਹੋਵੇਗਾ?

ਯਹੋਵਾਹ ਪਰਮੇਸ਼ੁਰ ਸਾਨੂੰ ਬੇਹੱਦ ਪਿਆਰ ਕਰਦਾ ਹੈ। ਉਹ ਚਾਹੁੰਦਾ ਹੈ ਕਿ ਅਸੀਂ ਉਸ ਦੀ ਸੇਧ ਵਿਚ ਚੱਲ ਕੇ ਜ਼ਿੰਦਗੀ ਦਾ ਪੂਰਾ ਮਜ਼ਾ ਲਈਏ। ਜੇ ਅਸੀਂ ਉਸ ਦੀ ਭਗਤੀ ਸਹੀ ਤਰੀਕੇ ਨਾਲ ਕਰਾਂਗੇ, ਤਾਂ ਅਸੀਂ ਬਹੁਤ ਸਾਰੀਆਂ ਮੁਸ਼ਕਲਾਂ ਤੋਂ ਬਚ ਕੇ ਜ਼ਿੰਦਗੀ ਵਿਚ ਖ਼ੁਸ਼ੀਆਂ ਪਾਵਾਂਗੇ। ਇਸ ਦੇ ਨਾਲ-ਨਾਲ ਯਹੋਵਾਹ ਸਾਡਾ ਮਦਦਗਾਰ ਬਣੇਗਾ ਅਤੇ ਉਸ ਦਾ ਹੱਥ ਹਮੇਸ਼ਾ ਸਾਡੇ ਸਿਰ ’ਤੇ ਰਹੇਗਾ। (ਯਸਾਯਾਹ 48:17) ਪਰ ਅੱਜ ਦੁਨੀਆਂ ਵਿਚ ਸੈਂਕੜੇ ਹੀ ਵੱਖੋ-ਵੱਖਰੇ ਧਰਮ ਹਨ ਜੋ ਰੱਬ ਬਾਰੇ ਸੱਚਾਈ ਸਿਖਾਉਣ ਦਾ ਦਾਅਵਾ ਕਰਦੇ ਹਨ। ਲੇਕਿਨ ਮੁਸ਼ਕਲ ਇਹ ਖੜ੍ਹੀ ਹੁੰਦੀ ਹੈ ਕਿ ਉਹ ਸਾਰੇ ਰੱਬ ਬਾਰੇ ਵੱਖੋ-ਵੱਖਰੀਆਂ ਗੱਲਾਂ ਸਿਖਾਉਂਦੇ ਹਨ। ਉਨ੍ਹਾਂ ਸਾਰਿਆਂ ਦੀਆਂ ਨਜ਼ਰਾਂ ਵਿਚ ਰੱਬ ਦੀਆਂ ਮੰਗਾਂ ਵੱਖੋ-ਵੱਖਰੀਆਂ ਹਨ।

2. ਮਿਸਾਲ ਦੇ ਕੇ ਸਮਝਾਓ ਕਿ ਅਸੀਂ ਯਹੋਵਾਹ ਦੀ ਭਗਤੀ ਕਰਨ ਦਾ ਸਹੀ ਤਰੀਕਾ ਕਿੱਦਾਂ ਜਾਣ ਸਕਦੇ ਹਾਂ।

2 ਤਾਂ ਫਿਰ ਤੁਸੀਂ ਕਿੱਦਾਂ ਪਤਾ ਲਗਾ ਸਕਦੇ ਹੋ ਕਿ ਯਹੋਵਾਹ ਦੀ ਭਗਤੀ ਕਿਸ ਤਰ੍ਹਾਂ ਕੀਤੀ ਜਾਣੀ ਚਾਹੀਦੀ ਹੈ? ਕੀ ਤੁਹਾਨੂੰ ਹਰੇਕ ਧਰਮ ਬਾਰੇ ਸਿੱਖਣ ਦੀ ਲੋੜ ਹੈ? ਨਹੀਂ, ਤੁਹਾਨੂੰ ਸਿਰਫ਼ ਪਰਮੇਸ਼ੁਰ ਦੇ ਬਚਨ ਬਾਈਬਲ ਵਿੱਚੋਂ ਸੱਚਾਈ ਸਿੱਖਣ ਦੀ ਲੋੜ ਹੈ। ਇਸ ਗੱਲ ਨੂੰ ਸਮਝਣ ਲਈ ਆਓ ਆਪਾਂ ਇਕ ਮਿਸਾਲ ਵੱਲ ਧਿਆਨ ਦੇਈਏ। ਅੱਜ ਦੁਨੀਆਂ ਵਿਚ ਜਾਅਲੀ ਨੋਟਾਂ ਦੀ ਬਹੁਤ ਵੱਡੀ ਸਮੱਸਿਆ ਹੈ। ਜੇ ਤੁਸੀਂ ਜਾਅਲੀ ਨੋਟਾਂ ਨੂੰ ਅਸਲੀ ਨੋਟਾਂ ਤੋਂ ਵੱਖਰਾ ਕਰਨਾ ਹੋਵੇ, ਤਾਂ ਤੁਸੀਂ ਜਾਅਲੀ ਨੋਟਾਂ ਦੀ ਪਛਾਣ ਕਿੱਦਾਂ ਕਰੋਗੇ? ਕੀ ਇਹ ਜ਼ਰੂਰੀ ਹੈ ਕਿ ਤੁਸੀਂ ਹਰ ਤਰ੍ਹਾਂ ਦੇ ਜਾਅਲੀ ਨੋਟਾਂ ਦੀ ਜਾਂਚ ਕਰੋ? ਨਹੀਂ! ਜੇ ਤੁਹਾਨੂੰ ਅਸਲੀ ਨੋਟ ਦੀ ਚੰਗੀ ਤਰ੍ਹਾਂ ਪਛਾਣ ਹੈ, ਤਾਂ ਜਾਅਲੀ ਨੋਟ ’ਤੇ ਨਜ਼ਰ ਪੈਂਦੇ ਹੀ ਤੁਸੀਂ ਉਸ ਨੂੰ ਪਛਾਣ ਲਵੋਗੇ। ਇਹੋ ਗੱਲ ਧਰਮਾਂ ਬਾਰੇ ਵੀ ਸੱਚ ਹੈ। ਜਦ ਅਸੀਂ ਸੱਚੇ ਧਰਮ ਦੀ ਪਛਾਣ ਕਰਨੀ ਸਿੱਖ ਲੈਂਦੇ ਹਾਂ, ਤਾਂ ਝੂਠੇ ਧਰਮਾਂ ਨੂੰ ਅਸੀਂ ਝੱਟ ਪਛਾਣ ਸਕਦੇ ਹਾਂ।

3. ਯਿਸੂ ਦੇ ਕਹਿਣ ਮੁਤਾਬਕ ਯਹੋਵਾਹ ਦੀ ਮਨਜ਼ੂਰੀ ਪਾਉਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ?

3 ਇਹ ਬਹੁਤ ਹੀ ਜ਼ਰੂਰੀ ਹੈ ਕਿ ਅਸੀਂ ਯਹੋਵਾਹ ਦੀ ਭਗਤੀ ਉਸ ਤਰੀਕੇ ਨਾਲ ਕਰੀਏ ਜੋ ਉਸ ਨੂੰ ਮਨਜ਼ੂਰ ਹੈ। ਕਈ ਲੋਕ ਵਿਸ਼ਵਾਸ ਕਰਦੇ ਹਨ ਕਿ ਰੱਬ ਨੂੰ ਸਾਰੇ ਧਰਮ ਕਬੂਲ ਹਨ, ਪਰ ਬਾਈਬਲ ਇਸ ਤਰ੍ਹਾਂ ਨਹੀਂ ਸਿਖਾਉਂਦੀ। ਇਹ ਕਹਿਣਾ ਵੀ ਕਾਫ਼ੀ ਨਹੀਂ ਹੈ ਕਿ ਅਸੀਂ ਰੱਬ ਨੂੰ ਮੰਨਦੇ ਹਾਂ ਜਾਂ ਅਸੀਂ ਇਕ ਮਸੀਹੀ ਹਾਂ। ਯਿਸੂ ਨੇ ਕਿਹਾ ਸੀ ਕਿ “ਹਰ ਕੋਈ ਜੋ ਮੈਨੂੰ ‘ਪ੍ਰਭੂ, ਪ੍ਰਭੂ’ ਕਹਿੰਦਾ ਹੈ, ਸਵਰਗ ਦੇ ਰਾਜ ਵਿਚ ਨਹੀਂ ਜਾਵੇਗਾ, ਸਗੋਂ ਉਹੀ ਜਾਵੇਗਾ ਜਿਹੜਾ ਮੇਰੇ ਸਵਰਗੀ ਪਿਤਾ ਦੀ ਇੱਛਾ ਪੂਰੀ ਕਰਦਾ ਹੈ।” ਤਾਂ ਫਿਰ ਪਰਮੇਸ਼ੁਰ ਦੀ ਮਨਜ਼ੂਰੀ ਪਾਉਣ ਲਈ ਸਾਨੂੰ ਉਸ ਦੀ ਸਿੱਖਿਆ ਉੱਤੇ ਚੱਲਣ ਦੀ ਲੋੜ ਹੈ। ਜਿਹੜੇ ਲੋਕ ਯਹੋਵਾਹ ਦੀ ਮਰਜ਼ੀ ’ਤੇ ਨਹੀਂ ਚੱਲਦੇ, ਉਨ੍ਹਾਂ ਨੂੰ ਯਿਸੂ ਨੇ ‘ਬੁਰੇ ਕੰਮ ਕਰਨ ਵਾਲੇ’ ਕਿਹਾ ਸੀ। (ਮੱਤੀ 7:21-23) ਜਿੱਦਾਂ ਜਾਅਲੀ ਨੋਟਾਂ ਦੀ ਕੋਈ ਕੀਮਤ ਨਹੀਂ, ਉੱਦਾਂ ਹੀ ਝੂਠੇ ਧਰਮਾਂ ਦੀ ਵੀ ਕੋਈ ਕੀਮਤ ਨਹੀਂ ਹੈ, ਉਹ ਬਿਲਕੁਲ ਵਿਅਰਥ ਹਨ। ਝੂਠੇ ਧਰਮਾਂ ਮਗਰ ਲੱਗ ਕੇ ਅਸੀਂ ਖ਼ਤਰਿਆਂ ਨੂੰ ਸੱਦਾ ਦਿੰਦੇ ਹਾਂ।

4. ਭੀੜੇ ਅਤੇ ਚੌੜੇ ਰਾਹ ਦੇ ਦ੍ਰਿਸ਼ਟਾਂਤ ਦਾ ਕੀ ਮਤਲਬ ਹੈ ਅਤੇ ਇਹ ਰਾਹ ਕਿਹੜੀਆਂ ਮੰਜ਼ਲਾਂ ਵੱਲ ਲੈ ਜਾਂਦੇ ਹਨ?

4 ਯਹੋਵਾਹ ਸਾਰਿਆਂ ਨੂੰ ਸਦਾ ਦੀ ਜ਼ਿੰਦਗੀ ਪਾਉਣ ਦਾ ਮੌਕਾ ਦਿੰਦਾ ਹੈ। ਪਰ ਅਜਿਹੀ ਜ਼ਿੰਦਗੀ ਪਾਉਣ ਲਈ ਸਾਨੂੰ ਸਹੀ ਤਰੀਕੇ ਨਾਲ ਪਰਮੇਸ਼ੁਰ ਦੀ ਭਗਤੀ ਕਰਨ ਦੇ ਨਾਲ-ਨਾਲ ਉਹ ਕੰਮ ਕਰਨੇ ਚਾਹੀਦੇ ਹਨ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਸਹੀ ਹਨ। ਅਫ਼ਸੋਸ ਦੀ ਗੱਲ ਹੈ ਕਿ ਕਈ ਲੋਕ ਯਹੋਵਾਹ ਦੇ ਰਾਹ ’ਤੇ ਨਹੀਂ ਚੱਲਣਾ ਚਾਹੁੰਦੇ। ਇਸੇ ਲਈ ਯਿਸੂ ਨੇ ਕਿਹਾ ਸੀ: “ਭੀੜੇ ਦਰਵਾਜ਼ੇ ਰਾਹੀਂ ਵੜੋ ਕਿਉਂਕਿ ਚੌੜਾ ਤੇ ਖੁੱਲ੍ਹਾ ਰਾਹ ਨਾਸ਼ ਵੱਲ ਜਾਂਦਾ ਹੈ, ਅਤੇ ਬਹੁਤ ਸਾਰੇ ਲੋਕ ਇਸ ਰਾਹ ’ਤੇ ਚੱਲਦੇ ਹਨ; ਪਰ ਭੀੜਾ ਦਰਵਾਜ਼ਾ ਅਤੇ ਤੰਗ ਰਾਹ ਹਮੇਸ਼ਾ ਦੀ ਜ਼ਿੰਦਗੀ ਵੱਲ ਜਾਂਦਾ ਹੈ ਅਤੇ ਥੋੜ੍ਹੇ ਹੀ ਲੋਕ ਇਸ ਨੂੰ ਲੱਭਦੇ ਹਨ।” (ਮੱਤੀ 7:13, 14) ਸੱਚੇ ਧਰਮ ਦੇ ਤੰਗ ਰਾਹ ’ਤੇ ਚੱਲ ਕੇ ਹੀ ਅਸੀਂ ਸਦਾ ਦੀ ਜ਼ਿੰਦਗੀ ਪਾ ਸਕਦੇ ਹਾਂ, ਜਦ ਕਿ ਝੂਠੇ ਧਰਮ ਦੇ ਖੁੱਲ੍ਹੇ ਰਾਹ ’ਤੇ ਚੱਲ ਕੇ ਅਸੀਂ ਮੌਤ ਵੱਲ ਕਦਮ ਵਧਾ ਰਹੇ ਹੋਵਾਂਗੇ। ਯਹੋਵਾਹ ਨਹੀਂ ਚਾਹੁੰਦਾ ਕਿ ਇਨਸਾਨ ਮੌਤ ਦੇ ਰਾਹ ’ਤੇ ਚੱਲਣ, ਇਸੇ ਲਈ ਉਹ ਹਰੇਕ ਇਨਸਾਨ ਨੂੰ ਸਹੀ ਰਾਹ ’ਤੇ ਚੱਲਣ ਦਾ ਮੌਕਾ ਦੇ ਰਿਹਾ ਹੈ। (2 ਪਤਰਸ 3:9) ਇਸ ਲਈ ਯਹੋਵਾਹ ਦੀ ਭਗਤੀ ਸਹੀ ਤਰੀਕੇ ਨਾਲ ਕਰਨੀ ਬਹੁਤ ਹੀ ਜ਼ਰੂਰੀ ਹੈ। ਇਹ ਜ਼ਿੰਦਗੀ ਤੇ ਮੌਤ ਦਾ ਸਵਾਲ ਹੈ।

ਸੱਚੇ ਧਰਮ ਦੀ ਪਛਾਣ ਕਰਨੀ

5. ਅਸੀਂ ਸੱਚੇ ਧਰਮ ਦੇ ਭਗਤਾਂ ਦੀ ਪਛਾਣ ਕਿੱਦਾਂ ਕਰ ਸਕਦੇ ਹਾਂ?

5 ਹੁਣ ਸਵਾਲ ਇਹ ਹੈ ਕਿ ਅਸੀਂ ‘ਜ਼ਿੰਦਗੀ ਦਾ ਰਾਹ’ ਕਿੱਦਾਂ ਲੱਭ ਸਕਦੇ ਹਾਂ? ਯਿਸੂ ਨੇ ਕਿਹਾ ਸੀ ਕਿ ਜਿਸ ਤਰ੍ਹਾਂ ਇਕ ਚੰਗਾ ਦਰਖ਼ਤ ਚੰਗੇ ਫਲਾਂ ਤੋਂ ਪਛਾਣਿਆ ਜਾਂਦਾ ਹੈ, ਉਸੇ ਤਰ੍ਹਾਂ ਸੱਚਾ ਧਰਮ ਉਸ ਉੱਤੇ ਚੱਲਣ ਵਾਲਿਆਂ ਦੇ ਚੰਗੇ ਕੰਮਾਂ ਤੋਂ ਪਛਾਣਿਆ ਜਾ ਸਕਦਾ ਹੈ। (ਮੱਤੀ 7:16, 17) ਇਨ੍ਹਾਂ ਲੋਕਾਂ ਦੇ ਨੇਕ ਚਾਲ-ਚਲਣ ਅਤੇ ਵਿਸ਼ਵਾਸਾਂ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਉਹ ਇਕ ਸਮੂਹ ਵਜੋਂ ਪਰਮੇਸ਼ੁਰ ਦੇ ਸੱਚੇ ਭਗਤ ਹਨ ਭਾਵੇਂ ਕਿ ਉਹ ਕਦੀ-ਕਦੀ ਗ਼ਲਤੀਆਂ ਕਰਦੇ ਹਨ। ਉਹ ਪਰਮੇਸ਼ੁਰ ਦੀ ਭਗਤੀ ਕਰਨ ਦਾ ਸਿਰਫ਼ ਦਾਅਵਾ ਹੀ ਨਹੀਂ ਕਰਦੇ, ਪਰ ਉਸ ਦੀ ਇੱਛਾ ’ਤੇ ਚੱਲਣ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਆਓ ਆਪਾਂ ਛੇ ਗੱਲਾਂ ਵੱਲ ਧਿਆਨ ਦੇਈਏ ਜੋ ਸੱਚੇ ਧਰਮ ਦੇ ਭਗਤਾਂ ਦੀ ਪਛਾਣ ਕਰਾਉਂਦੀਆਂ ਹਨ।

6, 7. ਪਰਮੇਸ਼ੁਰ ਦੇ ਸੇਵਕ ਬਾਈਬਲ ਨੂੰ ਕਿੱਦਾਂ ਵਿਚਾਰਦੇ ਹਨ ਅਤੇ ਯਿਸੂ ਨੇ ਇਸ ਗੱਲ ਵਿਚ ਕਿਹੜੀ ਮਿਸਾਲ ਕਾਇਮ ਕੀਤੀ ਸੀ?

6 ਪਹਿਲੀ ਗੱਲ: ਪਰਮੇਸ਼ੁਰ ਦੇ ਸੱਚੇ ਭਗਤਾਂ ਦੀਆਂ ਸਿੱਖਿਆਵਾਂ ਸਿਰਫ਼ ਬਾਈਬਲ ਉੱਤੇ ਆਧਾਰਿਤ ਹੁੰਦੀਆਂ ਹਨ। ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਬਾਈਬਲ ਪਰਮੇਸ਼ੁਰ ਦਾ ਹੀ ਬਚਨ ਹੈ। ਬਾਈਬਲ ਆਪ ਗਵਾਹੀ ਦਿੰਦੀ ਹੈ: “ਪੂਰਾ ਧਰਮ-ਗ੍ਰੰਥ ਪਰਮੇਸ਼ੁਰ ਦੀ ਸ਼ਕਤੀ ਦੀ ਪ੍ਰੇਰਣਾ ਨਾਲ ਲਿਖਿਆ ਗਿਆ ਹੈ ਅਤੇ ਇਹ ਸਿਖਾਉਣ, ਤਾੜਨ, ਸੁਧਾਰਨ ਅਤੇ ਪਰਮੇਸ਼ੁਰ ਦੇ ਸਹੀ ਮਿਆਰਾਂ ਮੁਤਾਬਕ ਅਨੁਸ਼ਾਸਨ ਦੇਣ ਲਈ ਫ਼ਾਇਦੇਮੰਦ ਹੈ, ਤਾਂਕਿ ਪਰਮੇਸ਼ੁਰ ਦਾ ਸੇਵਕ ਹਰ ਚੰਗਾ ਕੰਮ ਕਰਨ ਲਈ ਪੂਰੀ ਤਰ੍ਹਾਂ ਕਾਬਲ ਅਤੇ ਤਿਆਰ ਹੋਵੇ।” (2 ਤਿਮੋਥਿਉਸ 3:16, 17) ਪੌਲੁਸ ਰਸੂਲ ਨੇ ਮਸੀਹੀ ਭੈਣਾਂ-ਭਰਾਵਾਂ ਨੂੰ ਲਿਖਿਆ: “ਜਦੋਂ ਤੁਸੀਂ ਸਾਡੇ ਤੋਂ ਪਰਮੇਸ਼ੁਰ ਦਾ ਬਚਨ ਸੁਣਿਆ, ਤਾਂ ਤੁਸੀਂ ਇਸ ਨੂੰ ਇਨਸਾਨਾਂ ਦਾ ਬਚਨ ਸਮਝ ਕੇ ਨਹੀਂ, ਸਗੋਂ ਪਰਮੇਸ਼ੁਰ ਦਾ ਬਚਨ ਸਮਝ ਕੇ ਕਬੂਲ ਕੀਤਾ, ਜੋ ਕਿ ਇਹ ਸੱਚ-ਮੁੱਚ ਹੈ।” (1 ਥੱਸਲੁਨੀਕੀਆਂ 2:13) ਤਾਂ ਫਿਰ, ਸੱਚੇ ਧਰਮ ਉੱਤੇ ਚੱਲਣ ਵਾਲੇ ਲੋਕ ਇਨਸਾਨਾਂ ਦੇ ਰੀਤਾਂ-ਰਿਵਾਜਾਂ ਦੇ ਗ਼ੁਲਾਮ ਨਹੀਂ ਹੁੰਦੇ, ਸਗੋਂ ਉਹ ਬਾਈਬਲ ਦੀਆਂ ਸਿੱਖਿਆਵਾਂ ਉੱਤੇ ਚੱਲਦੇ ਹਨ।

7 ਯਿਸੂ ਨੇ ਸਾਡੇ ਲਈ ਵਧੀਆ ਮਿਸਾਲ ਕਾਇਮ ਕੀਤੀ ਕਿਉਂਕਿ ਉਸ ਦੀ ਹਰ ਸਿੱਖਿਆ ਪਰਮੇਸ਼ੁਰ ਦੇ ਬਚਨ ਵਿੱਚੋਂ ਸੀ। ਇਕ ਵਾਰ ਪ੍ਰਾਰਥਨਾ ਕਰਦੇ ਹੋਏ ਉਸ ਨੇ ਆਪਣੇ ਪਿਤਾ ਯਹੋਵਾਹ ਨੂੰ ਕਿਹਾ: “ਤੇਰਾ ਬਚਨ ਹੀ ਸੱਚਾਈ ਹੈ।” (ਯੂਹੰਨਾ 17:17) ਯਿਸੂ ਨੇ ਪੂਰੇ ਦਿਲ ਨਾਲ ਪਰਮੇਸ਼ੁਰ ਦੇ ਬਚਨ ਉੱਤੇ ਭਰੋਸਾ ਰੱਖਿਆ ਸੀ। ਉਸ ਨੇ ਸਿੱਖਿਆ ਦਿੰਦੇ ਵੇਲੇ ਜਾਂ ਕਿਸੇ ਸਵਾਲ ਦਾ ਜਵਾਬ ਦਿੰਦੇ ਸਮੇਂ ਹਮੇਸ਼ਾ ਪਰਮੇਸ਼ੁਰ ਦੇ ਬਚਨ ਵਿੱਚੋਂ ਹਵਾਲੇ ਦਿੱਤੇ। ਉਸ ਨੇ ਅਕਸਰ ਕਿਹਾ ਕਿ ਧਰਮ-ਗ੍ਰੰਥ ਵਿਚ “ਲਿਖਿਆ ਹੈ।” (ਮੱਤੀ 4:4, 7, 10) ਇਸੇ ਤਰ੍ਹਾਂ ਅੱਜ ਪਰਮੇਸ਼ੁਰ ਦੇ ਸੱਚੇ ਸੇਵਕ ਆਪਣੇ ਹੀ ਖ਼ਿਆਲ ਨਹੀਂ ਸਿਖਾਉਂਦੇ। ਉਹ ਯਕੀਨ ਕਰਦੇ ਹਨ ਕਿ ਬਾਈਬਲ ਪਰਮੇਸ਼ੁਰ ਦਾ ਬਚਨ ਹੈ ਅਤੇ ਉਹ ਬਾਈਬਲ ਵਿੱਚੋਂ ਹੀ ਸਿਖਾਉਂਦੇ ਹਨ।

8. ਯਹੋਵਾਹ ਦੀ ਭਗਤੀ ਕਰਨ ਵਿਚ ਕੀ ਸ਼ਾਮਲ ਹੈ?

8 ਦੂਜੀ ਗੱਲ: ਦੁਨੀਆਂ ਵਿਚ ਬਹੁਤ ਸਾਰੇ ਦੇਵੀ-ਦੇਵਤੇ ਹਨ, ਪਰ ਸੱਚੇ ਧਰਮ ਨੂੰ ਮੰਨਣ ਵਾਲੇ ਸਿਰਫ਼ ਯਹੋਵਾਹ ਨੂੰ ਹੀ ਆਪਣਾ ਪਰਮੇਸ਼ੁਰ, ਪਰਵਰਦਗਾਰ ਅਤੇ ਪਿਤਾ ਮੰਨਦੇ ਹਨ। ਜਿੱਦਾਂ ਯਿਸੂ ਨੇ ਕਿਹਾ: “ਤੂੰ ਸਿਰਫ਼ ਯਹੋਵਾਹ ਪਰਮੇਸ਼ੁਰ ਨੂੰ ਹੀ ਮੱਥਾ ਟੇਕ ਅਤੇ ਉਸੇ ਇਕੱਲੇ ਦੀ ਹੀ ਭਗਤੀ ਕਰ।” (ਮੱਤੀ 4:10) ਇਸ ਦੇ ਨਾਲ-ਨਾਲ ਜ਼ਬੂਰਾਂ ਦੀ ਪੋਥੀ 83:18 ਵਿਚ ਲਿਖਿਆ ਹੈ: “ਇਕੱਲਾ ਤੂੰ ਹੀ ਜਿਹ ਦਾ ਨਾਮ ਯਹੋਵਾਹ ਹੈ ਸਾਰੀ ਧਰਤੀ ਉੱਤੇ ਅੱਤ ਮਹਾਨ ਹੈਂ!” ਤਾਂ ਫਿਰ ਸੱਚੇ ਭਗਤਾਂ ਲਈ ਇਹ ਵੀ ਜ਼ਰੂਰੀ ਹੈ ਕਿ ਉਹ ਲੋਕਾਂ ਨੂੰ ਰੱਬ ਦੇ ਨਾਂ ਅਤੇ ਉਸ ਦੇ ਗੁਣਾਂ ਬਾਰੇ ਦੱਸਣ। ਯਿਸੂ ਨੇ ਯਹੋਵਾਹ ਨੂੰ ਜਾਣਨ ਵਿਚ ਬਹੁਤਿਆਂ ਦੀ ਮਦਦ ਕੀਤੀ। ਉਸ ਨੇ ਪ੍ਰਾਰਥਨਾ ਵਿਚ ਕਿਹਾ: “ਮੈਂ ਉਨ੍ਹਾਂ ਲੋਕਾਂ ਸਾਮ੍ਹਣੇ ਤੇਰਾ ਨਾਂ ਪ੍ਰਗਟ ਕੀਤਾ ਹੈ ਜਿਨ੍ਹਾਂ ਨੂੰ ਤੂੰ ਦੁਨੀਆਂ ਵਿੱਚੋਂ ਮੇਰੇ ਹੱਥ ਸੌਂਪਿਆ ਹੈ।” (ਯੂਹੰਨਾ 17:6) ਯਿਸੂ ਦੀ ਮਿਸਾਲ ਉੱਤੇ ਚੱਲਦੇ ਹੋਏ ਸੱਚੇ ਭਗਤ ਅੱਜ ਵੀ ਦੂਸਰਿਆਂ ਨੂੰ ਪਰਮੇਸ਼ੁਰ ਦੇ ਨਾਂ, ਗੁਣਾਂ ਅਤੇ ਉਸ ਦੇ ਮਕਸਦ ਬਾਰੇ ਦੱਸਦੇ ਹਨ।

9, 10. ਪਰਮੇਸ਼ੁਰ ਦੇ ਸੱਚੇ ਸੇਵਕ ਇਕ-ਦੂਸਰੇ ਲਈ ਆਪਣੇ ਪਿਆਰ ਦਾ ਸਬੂਤ ਕਿੱਦਾਂ ਦਿੰਦੇ ਹਨ?

9 ਤੀਜੀ ਗੱਲ: ਯਹੋਵਾਹ ਦੇ ਭਗਤ ਇਕ-ਦੂਜੇ ਨੂੰ ਆਪਣੀ ਜਾਨ ਨਾਲੋਂ ਵੀ ਵੱਧ ਪਿਆਰ ਕਰਦੇ ਹਨ। ਯਿਸੂ ਨੇ ਕਿਹਾ: “ਜੇ ਤੁਸੀਂ ਆਪਸ ਵਿਚ ਪਿਆਰ ਕਰਦੇ ਹੋ, ਤਾਂ ਇਸ ਤੋਂ ਸਾਰੇ ਜਾਣਨਗੇ ਕਿ ਤੁਸੀਂ ਮੇਰੇ ਚੇਲੇ ਹੋ।” (ਯੂਹੰਨਾ 13:35) ਹਾਂ, ਪਿਆਰ ਯਹੋਵਾਹ ਦੇ ਸੇਵਕਾਂ ਦੀ ਪਛਾਣ ਹੈ। ਉਨ੍ਹਾਂ ਦੇ ਵਿਚਕਾਰ ਜਾਤ-ਪਾਤ, ਊਚ-ਨੀਚ, ਰੰਗ-ਰੂਪ ਦਾ ਕੋਈ ਭੇਦ-ਭਾਵ ਨਹੀਂ ਕੀਤਾ ਜਾਂਦਾ। ਉਹ ਇਕ-ਦੂਜੇ ਨੂੰ ਭੈਣਾਂ-ਭਰਾਵਾਂ ਵਾਂਗ ਪਿਆਰ ਕਰਦੇ ਹਨ ਅਤੇ ਕੋਈ ਵੀ ਉਨ੍ਹਾਂ ਦੇ ਇਸ ਰਿਸ਼ਤੇ ਵਿਚ ਦਰਾੜ ਨਹੀਂ ਪਾ ਸਕਦਾ। (ਕੁਲੁੱਸੀਆਂ 3:14 ਪੜ੍ਹੋ।) ਦੂਜੇ ਪਾਸੇ, ਝੂਠੇ ਧਰਮਾਂ ਦੇ ਲੋਕਾਂ ਵਿਚ ਏਕਤਾ ਤੇ ਪਿਆਰ ਨਹੀਂ ਹੈ। ਉਹ ਜਾਤ-ਪਾਤ ਅਤੇ ਰੱਬ ਦੇ ਨਾਂ ’ਤੇ ਖ਼ੂਨ ਦੀਆਂ ਨਦੀਆਂ ਵਹਾ ਰਹੇ ਹਨ। ਪਰ ਰੱਬ ਦੇ ਸੱਚੇ ਭਗਤ ਇਸ ਤਰ੍ਹਾਂ ਨਹੀਂ ਕਰਦੇ। ਬਾਈਬਲ ਕਹਿੰਦੀ ਹੈ: “ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਕੌਣ ਪਰਮੇਸ਼ੁਰ ਦੇ ਬੱਚੇ ਹਨ ਅਤੇ ਕੌਣ ਸ਼ੈਤਾਨ ਦੇ ਬੱਚੇ ਹਨ: ਜਿਹੜੇ ਧਾਰਮਿਕਤਾ ਦੇ ਰਾਹ ’ਤੇ ਨਹੀਂ ਚੱਲਦੇ, ਉਹ ਪਰਮੇਸ਼ੁਰ ਦੇ ਬੱਚੇ ਨਹੀਂ ਹਨ ਤੇ ਨਾ ਹੀ ਉਹ ਜਿਹੜੇ ਆਪਣੇ ਭਰਾ ਨੂੰ ਪਿਆਰ ਨਹੀਂ ਕਰਦੇ। . . . ਸਾਨੂੰ ਇਕ-ਦੂਸਰੇ ਨਾਲ ਪਿਆਰ ਕਰਨਾ ਚਾਹੀਦਾ ਹੈ; ਸਾਨੂੰ ਕਾਇਨ ਵਰਗੇ ਨਹੀਂ ਬਣਨਾ ਚਾਹੀਦਾ ਜਿਹੜਾ ਸ਼ੈਤਾਨ ਦਾ ਬੱਚਾ ਸੀ ਅਤੇ ਜਿਸ ਨੇ ਗੁੱਸੇ ਵਿਚ ਆ ਕੇ ਬੇਰਹਿਮੀ ਨਾਲ ਆਪਣੇ ਭਰਾ ਦਾ ਕਤਲ ਕਰ ਦਿੱਤਾ ਸੀ।”​—1 ਯੂਹੰਨਾ 3:10-12; 4:20, 21.

10 ਪਿਆਰ ਕਰਨ ਦਾ ਮਤਲਬ ਸਿਰਫ਼ ਇਹ ਨਹੀਂ ਕਿ ਅਸੀਂ ਇਕ-ਦੂਜੇ ਦੀ ਹੱਤਿਆ ਨਹੀਂ ਕਰਾਂਗੇ। ਯਹੋਵਾਹ ਦੇ ਭਗਤ ਕਈ ਤਰੀਕਿਆਂ ਨਾਲ ਦਿਖਾਉਂਦੇ ਹਨ ਕਿ ਉਹ ਦਿਲੋਂ ਇਕ-ਦੂਸਰੇ ਨਾਲ ਪਿਆਰ ਕਰਦੇ ਹਨ। ਉਹ ਇਕ-ਦੂਸਰੇ ਦਾ ਭਲਾ ਕਰਨ ਵਿਚ ਆਪਣਾ ਤਨ-ਮਨ-ਧਨ ਲਗਾ ਦਿੰਦੇ ਹਨ। ਜਦ ਕੋਈ ਕਹਿਰ ਟੁੱਟਦਾ ਹੈ, ਤਾਂ ਉਹ ਇਕ-ਦੂਸਰੇ ਦੀ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਉਹ ਇਕ-ਦੂਜੇ ਨਾਲ ਦਗ਼ਾ ਨਹੀਂ ਕਰਦੇ। ਦਰਅਸਲ ਉਹ ਬਾਈਬਲ ਦੀ ਸਲਾਹ ’ਤੇ ਚੱਲਦੇ ਹੋਏ ਇਕ-ਦੂਜੇ ਦਾ ਹੀ ਨਹੀਂ, ਸਗੋਂ “ਸਾਰਿਆਂ ਦਾ ਭਲਾ ਕਰਦੇ” ਹਨ।​—ਇਬਰਾਨੀਆਂ 10:24, 25; ਗਲਾਤੀਆਂ 6:10.

11. ਸਦਾ ਦਾ ਜੀਵਨ ਪਾਉਣ ਲਈ ਯਿਸੂ ਦੇ ਲਹੂ ਵਿਚ ਵਿਸ਼ਵਾਸ ਕਰਨਾ ਕਿਉਂ ਲਾਜ਼ਮੀ ਹੈ?

11 ਚੌਥੀ ਗੱਲ: ਸੱਚੇ ਮਸੀਹੀ ਵਿਸ਼ਵਾਸ ਕਰਦੇ ਹਨ ਕਿ ਯਿਸੂ ਉਨ੍ਹਾਂ ਦਾ ਮੁਕਤੀਦਾਤਾ ਹੈ ਕਿਉਂਕਿ ਉਸ ਦੇ ਲਹੂ ਦੁਆਰਾ ਹੀ ਉਨ੍ਹਾਂ ਨੂੰ ਪਾਪ ਤੇ ਮੌਤ ਤੋਂ ਮੁਕਤੀ ਮਿਲ ਸਕਦੀ ਹੈ। ਬਾਈਬਲ ਸਾਫ਼-ਸਾਫ਼ ਕਹਿੰਦੀ ਹੈ: “ਹੋਰ ਕਿਸੇ ਰਾਹੀਂ ਮੁਕਤੀ ਨਹੀਂ ਮਿਲੇਗੀ ਕਿਉਂਕਿ ਪਰਮੇਸ਼ੁਰ ਨੇ ਧਰਤੀ ਉੱਤੇ ਹੋਰ ਕਿਸੇ ਨੂੰ ਨਹੀਂ ਚੁਣਿਆ ਜਿਸ ਦੇ ਨਾਂ ’ਤੇ ਸਾਨੂੰ ਬਚਾਇਆ ਜਾਵੇਗਾ।” (ਰਸੂਲਾਂ ਦੇ ਕੰਮ 4:12) ਅਸੀਂ ਪੰਜਵੇਂ ਅਧਿਆਇ ਵਿਚ ਸਿੱਖਿਆ ਸੀ ਕਿ ਯਿਸੂ ਨੇ ਸਾਰੇ ਆਗਿਆਕਾਰ ਇਨਸਾਨਾਂ ਲਈ ਆਪਣੀ ਜਾਨ ਕੁਰਬਾਨ ਕੀਤੀ ਸੀ। (ਮੱਤੀ 20:28) ਇਸ ਦੇ ਨਾਲ-ਨਾਲ ਯਹੋਵਾਹ ਨੇ ਪੂਰੀ ਧਰਤੀ ਉੱਤੇ ਰਾਜ ਕਰਨ ਲਈ ਯਿਸੂ ਨੂੰ ਰਾਜਾ ਬਣਾਇਆ ਹੈ। ਜੇ ਅਸੀਂ ਹਮੇਸ਼ਾ ਲਈ ਜੀਉਣਾ ਚਾਹੁੰਦੇ ਹਾਂ, ਤਾਂ ਸਾਡੇ ਲਈ ਯਿਸੂ ਨੂੰ ਕਬੂਲ ਕਰ ਕੇ ਉਸ ਦੀਆਂ ਸਿੱਖਿਆਵਾਂ ਉੱਤੇ ਚੱਲਣਾ ਲਾਜ਼ਮੀ ਹੈ। ਇਹ ਯਹੋਵਾਹ ਦੀ ਇੱਛਾ ਹੈ ਕਿਉਂਕਿ ਬਾਈਬਲ ਕਹਿੰਦੀ ਹੈ: “ਜਿਹੜਾ ਪੁੱਤਰ ਉੱਤੇ ਆਪਣੀ ਨਿਹਚਾ ਦਾ ਸਬੂਤ ਦਿੰਦਾ ਹੈ, ਉਸ ਨੂੰ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ; ਜਿਹੜਾ ਪੁੱਤਰ ਦੀ ਆਗਿਆ ਨਹੀਂ ਮੰਨਦਾ, ਉਸ ਨੂੰ ਇਹ ਜ਼ਿੰਦਗੀ ਨਹੀਂ ਮਿਲੇਗੀ।”​—ਯੂਹੰਨਾ 3:36.

12. ਇਸ ਦਾ ਕੀ ਮਤਲਬ ਹੈ ਕਿ ਯਿਸੂ ਦੇ ਚੇਲੇ ਦੁਨੀਆਂ ਦਾ ਕੋਈ ਹਿੱਸਾ ਨਹੀਂ ਹਨ?

12 ਪੰਜਵੀਂ ਗੱਲ: ਸੱਚੇ ਭਗਤ ਦੁਨੀਆਂ ਦਾ ਕੋਈ ਹਿੱਸਾ ਨਹੀਂ ਹਨ। ਜਦੋਂ ਯਿਸੂ ਉੱਤੇ ਮੁਕੱਦਮਾ ਚੱਲ ਰਿਹਾ ਸੀ, ਉਦੋਂ ਉਸ ਨੇ ਰੋਮੀ ਹਾਕਮ ਪਿਲਾਤੁਸ ਨੂੰ ਕਿਹਾ ਸੀ: “ਮੇਰਾ ਰਾਜ ਇਸ ਦੁਨੀਆਂ ਦਾ ਨਹੀਂ ਹੈ।” (ਯੂਹੰਨਾ 18:36) ਯਿਸੂ ਦੇ ਸੱਚੇ ਚੇਲੇ ਉਸ ਦੇ ਰਾਜ ਦੀ ਪਰਜਾ ਹਨ। ਤਾਂ ਫਿਰ ਅਸੀਂ ਕਹਿ ਸਕਦੇ ਹਾਂ ਕਿ ਉਹ ਪਹਿਲਾਂ ਹੀ ਆਪਣੀ ਵੋਟ ਪਰਮੇਸ਼ੁਰ ਦੇ ਰਾਜ ਨੂੰ ਪਾ ਚੁੱਕੇ ਹਨ। ਇਸ ਲਈ ਉਹ ਕਿਸੇ ਵੀ ਸਿਆਸੀ ਪਾਰਟੀ ਨੂੰ ਵੋਟ ਨਹੀਂ ਪਾਉਂਦੇ। ਉਹ ਚਾਹੇ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਕਿਉਂ ਨਾ ਰਹਿੰਦੇ ਹੋਣ, ਉਹ ਰਾਜਨੀਤਿਕ ਮਾਮਲਿਆਂ, ਦੇਸ਼ਾਂ ਦੇ ਲੜਾਈ-ਝਗੜਿਆਂ ਜਾਂ ਹੋਰ ਅਜਿਹੇ ਕੰਮਾਂ ਵਿਚ ਹਿੱਸਾ ਨਹੀਂ ਲੈਂਦੇ। ਲੇਕਿਨ ਉਹ ਦੇਸ਼ ਦੇ ਕਾਇਦੇ-ਕਾਨੂੰਨ ਮੰਨਦੇ ਹਨ ਕਿਉਂਕਿ ਪਰਮੇਸ਼ੁਰ ਦਾ ਬਚਨ ਉਨ੍ਹਾਂ ਨੂੰ “ਅਧਿਕਾਰ ਰੱਖਣ ਵਾਲਿਆਂ ਦੇ ਅਧੀਨ” ਰਹਿਣ ਦਾ ਹੁਕਮ ਦਿੰਦਾ ਹੈ। (ਰੋਮੀਆਂ 13:1) ਪਰ ਜਦੋਂ ਸਰਕਾਰ ਉਨ੍ਹਾਂ ਨੂੰ ਪਰਮੇਸ਼ੁਰ ਦੇ ਖ਼ਿਲਾਫ਼ ਕੋਈ ਕੰਮ ਕਰਨ ਦਾ ਹੁਕਮ ਦਿੰਦੀ ਹੈ, ਉਦੋਂ ਉਹ ਰਸੂਲਾਂ ਦੀ ਮਿਸਾਲ ’ਤੇ ਚੱਲਦੇ ਹਨ ਜਿਨ੍ਹਾਂ ਨੇ ਕਿਹਾ ਸੀ: “ਪਰਮੇਸ਼ੁਰ ਹੀ ਸਾਡਾ ਰਾਜਾ ਹੈ, ਇਸ ਕਰਕੇ ਅਸੀਂ ਇਨਸਾਨਾਂ ਦੀ ਬਜਾਇ ਉਸ ਦਾ ਹੀ ਹੁਕਮ ਮੰਨਾਂਗੇ।”​—ਰਸੂਲਾਂ ਦੇ ਕੰਮ 5:29; ਮਰਕੁਸ 12:17.

13. ਯਿਸੂ ਦੇ ਚੇਲੇ ਪਰਮੇਸ਼ੁਰ ਦੇ ਰਾਜ ਨੂੰ ਕਿੱਦਾਂ ਵਿਚਾਰਦੇ ਹਨ ਅਤੇ ਨਤੀਜੇ ਵਜੋਂ ਉਹ ਕੀ ਕਰ ਰਹੇ ਹਨ?

13 ਛੇਵੀਂ ਗੱਲ: ਯਿਸੂ ਦੇ ਸੱਚੇ ਚੇਲੇ ਪਰਮੇਸ਼ੁਰ ਦੇ ਸਵਰਗੀ ਰਾਜ ਦਾ ਪ੍ਰਚਾਰ ਕਰਦੇ ਹਨ। ਯਿਸੂ ਨੇ ਕਿਹਾ ਸੀ: “ਸਾਰੀਆਂ ਕੌਮਾਂ ਨੂੰ ਗਵਾਹੀ ਦੇਣ ਲਈ ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪ੍ਰਚਾਰ ਪੂਰੀ ਦੁਨੀਆਂ ਵਿਚ ਕੀਤਾ ਜਾਵੇਗਾ।” (ਮੱਤੀ 24:14) ਸੱਚੇ ਮਸੀਹੀਆਂ ਨੂੰ ਪੂਰਾ ਯਕੀਨ ਹੈ ਕਿ ਦੁਨੀਆਂ ਦੀ ਹਰ ਮੁਸ਼ਕਲ ਪਰਮੇਸ਼ੁਰ ਦੇ ਰਾਜ ਅਧੀਨ ਹੱਲ ਕੀਤੀ ਜਾਵੇਗੀ। ਇਸੇ ਲਈ ਉਹ ਲੋਕਾਂ ਨੂੰ ਉਤਸ਼ਾਹਿਤ ਕਰਦੇ ਹਨ ਕਿ ਉਹ ਮਨੁੱਖੀ ਸਰਕਾਰਾਂ ਉੱਤੇ ਆਸ ਲਾਉਣ ਦੀ ਬਜਾਇ ਪਰਮੇਸ਼ੁਰ ਦੇ ਰਾਜ ਉੱਤੇ ਭਰੋਸਾ ਰੱਖਣ। (ਜ਼ਬੂਰਾਂ ਦੀ ਪੋਥੀ 146:3) ਇਸ ਰਾਜ ਬਾਰੇ ਯਿਸੂ ਨੇ ਸਾਨੂੰ ਇਸ ਤਰ੍ਹਾਂ ਪ੍ਰਾਰਥਨਾ ਕਰਨ ਲਈ ਕਿਹਾ ਸੀ: “ਤੇਰਾ ਰਾਜ ਆਵੇ। ਤੇਰੀ ਇੱਛਾ ਜਿਵੇਂ ਸਵਰਗ ਵਿਚ ਪੂਰੀ ਹੁੰਦੀ ਹੈ, ਉਵੇਂ ਹੀ ਧਰਤੀ ਉੱਤੇ ਪੂਰੀ ਹੋਵੇ।” (ਮੱਤੀ 6:10) ਪਰਮੇਸ਼ੁਰ ਦੇ ਬਚਨ ਵਿਚ ਦੱਸਿਆ ਗਿਆ ਹੈ ਕਿ ਉਸ ਦਾ ਰਾਜ “ਸਾਰੀਆਂ ਪਾਤਸ਼ਾਹੀਆਂ ਨੂੰ ਚੂਰ ਚੂਰ ਕਰ ਕੇ ਸਤਿਆ ਨਾਸ ਕਰੇਗਾ ਪਰ ਆਪ ਸਦਾ ਤਾਈਂ ਖੜਾ ਰਹੇਗਾ।”​—ਦਾਨੀਏਲ 2:44; ਪ੍ਰਕਾਸ਼ ਦੀ ਕਿਤਾਬ 16:14; 19:19-21.

14. ਤੁਹਾਡੇ ਖ਼ਿਆਲ ਵਿਚ ਕਿਹੜੇ ਧਰਮ ਦੇ ਲੋਕ ਇਨ੍ਹਾਂ ਛੇ ਗੱਲਾਂ ਉੱਤੇ ਪੂਰੇ ਉਤਰਦੇ ਹਨ?

14 ਇਨ੍ਹਾਂ ਛੇ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਹੁਣ ਆਪਣੇ ਆਪ ਨੂੰ ਪੁੱਛੋ: ‘ਕਿਹੜੇ ਧਰਮ ਦੀਆਂ ਸਾਰੀਆਂ ਸਿੱਖਿਆਵਾਂ ਬਾਈਬਲ ਉੱਤੇ ਆਧਾਰਿਤ ਹਨ? ਕਿਹੜਾ ਧਰਮ ਯਹੋਵਾਹ ਦੇ ਨਾਂ ਦਾ ਐਲਾਨ ਕਰਦਾ ਹੈ? ਕਿਹੜੇ ਧਰਮ ਦੇ ਲੋਕਾਂ ਵਿਚ ਗਹਿਰਾ ਪਿਆਰ ਹੈ? ਕਿਹੜੇ ਧਰਮ ਦੇ ਲੋਕ ਯਿਸੂ ਵਿਚ ਨਿਹਚਾ ਰੱਖਦੇ ਹਨ, ਦੁਨੀਆਂ ਦਾ ਕੋਈ ਹਿੱਸਾ ਨਹੀਂ ਹਨ ਅਤੇ ਪ੍ਰਚਾਰ ਕਰਦੇ ਹਨ ਕਿ ਪਰਮੇਸ਼ੁਰ ਦਾ ਰਾਜ ਹੀ ਹਰ ਮੁਸ਼ਕਲ ਨੂੰ ਹੱਲ ਕਰੇਗਾ? ਦੁਨੀਆਂ ਦੇ ਸਾਰੇ ਧਰਮਾਂ ਵਿੱਚੋਂ ਕਿਹੜੇ ਧਰਮ ਦੇ ਲੋਕ ਇਹ ਸਾਰੀਆਂ ਗੱਲਾਂ ਪੂਰੀਆਂ ਕਰਦੇ ਹਨ?’ ਇਸ ਵਿਚ ਕੋਈ ਸ਼ੱਕ ਨਹੀਂ ਕਿ ਸਿਰਫ਼ ਯਹੋਵਾਹ ਦੇ ਗਵਾਹ ਹੀ ਇਨ੍ਹਾਂ ਸਾਰੀਆਂ ਗੱਲਾਂ ਉੱਤੇ ਪੂਰੇ ਉਤਰਦੇ ਹਨ!​—ਯਸਾਯਾਹ 43:10-12 ਪੜ੍ਹੋ।

ਤੁਸੀਂ ਕੀ ਕਰੋਗੇ?

15. ਇਹ ਕਹਿਣਾ ਕਾਫ਼ੀ ਕਿਉਂ ਨਹੀਂ ਕਿ ਅਸੀਂ ਰੱਬ ਨੂੰ ਮੰਨਦੇ ਹਾਂ?

15 ਇਹ ਕਹਿਣਾ ਹੀ ਕਾਫ਼ੀ ਨਹੀਂ ਹੈ ਕਿ ਅਸੀਂ ਰੱਬ ਨੂੰ ਮੰਨਦੇ ਹਾਂ। ਬਾਈਬਲ ਸਾਨੂੰ ਦੱਸਦੀ ਹੈ ਕਿ ਸ਼ੈਤਾਨ ਅਤੇ ਉਸ ਦੇ ਦੂਤ ਵੀ ਮੰਨਦੇ ਹਨ ਕਿ ਰੱਬ ਹੈ। (ਯਾਕੂਬ 2:19) ਪਰ ਉਹ ਨਾ ਤਾਂ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਦੇ ਹਨ ਅਤੇ ਨਾ ਹੀ ਪਰਮੇਸ਼ੁਰ ਉਨ੍ਹਾਂ ਤੋਂ ਖ਼ੁਸ਼ ਹੈ। ਤਾਂ ਫਿਰ ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਸਾਨੂੰ ਸੱਚੇ ਧਰਮ ਨੂੰ ਮੰਨ ਕੇ ਉਹੀ ਕਰਨਾ ਚਾਹੀਦਾ ਹੈ ਜੋ ਯਹੋਵਾਹ ਨੂੰ ਮਨਜ਼ੂਰ ਹੈ। ਇਸ ਦੇ ਨਾਲ-ਨਾਲ ਝੂਠੇ ਧਰਮਾਂ ਨਾਲ ਸਾਡਾ ਕੋਈ ਵਾਸਤਾ ਨਹੀਂ ਹੋਣਾ ਚਾਹੀਦਾ।

16. ਝੂਠੇ ਧਰਮਾਂ ਵਿਚ ਹਿੱਸਾ ਲੈਣ ਬਾਰੇ ਬਾਈਬਲ ਕੀ ਕਹਿੰਦੀ ਹੈ?

16 ਪੌਲੁਸ ਰਸੂਲ ਨੇ ਕਿਹਾ ਸੀ ਕਿ ਸਾਨੂੰ ਝੂਠੇ ਧਰਮਾਂ ਵਿਚ ਕੋਈ ਹਿੱਸਾ ਨਹੀਂ ਲੈਣਾ ਚਾਹੀਦਾ। ਉਸ ਨੇ ਲਿਖਿਆ: “‘ਉਨ੍ਹਾਂ ਵਿੱਚੋਂ ਨਿਕਲ ਆਓ ਅਤੇ ਆਪਣੇ ਆਪ ਨੂੰ ਵੱਖ ਕਰੋ,’ ਯਹੋਵਾਹ ਕਹਿੰਦਾ ਹੈ, ‘ਕਿਸੇ ਵੀ ਅਸ਼ੁੱਧ ਚੀਜ਼ ਨੂੰ ਹੱਥ ਨਾ ਲਾਓ’; ‘ਅਤੇ ਮੈਂ ਤੁਹਾਨੂੰ ਕਬੂਲ ਕਰਾਂਗਾ।’” (2 ਕੁਰਿੰਥੀਆਂ 6:17; ਯਸਾਯਾਹ 52:11) ਇਸ ਦਾ ਮਤਲਬ ਹੋਇਆ ਕਿ ਪਰਮੇਸ਼ੁਰ ਦੇ ਸੱਚੇ ਭਗਤਾਂ ਨੂੰ ਝੂਠੇ ਧਰਮਾਂ ਨਾਲ ਜੁੜੀ ਹਰ ਚੀਜ਼ ਤੋਂ ਦੂਰ ਰਹਿਣਾ ਚਾਹੀਦਾ ਹੈ।

17, 18. “ਮਹਾਂ ਬਾਬਲ” ਕੀ ਹੈ ਅਤੇ ਜਲਦ-ਤੋਂ-ਜਲਦ ‘ਉਸ ਵਿੱਚੋਂ ਨਿਕਲ ਆਉਣਾ’ ਕਿਉਂ ਜ਼ਰੂਰੀ ਹੈ?

17 ਬਾਈਬਲ ਦਿਖਾਉਂਦੀ ਹੈ ਕਿ ਹਰ ਝੂਠਾ ਧਰਮ “ਮਹਾਂ ਬਾਬਲ” ਦਾ ਹਿੱਸਾ ਹੈ। * (ਪ੍ਰਕਾਸ਼ ਦੀ ਕਿਤਾਬ 17:5) ਮਹਾਂ ਬਾਬਲ ਕੀ ਹੈ? ਬਾਈਬਲ ਵਿਚ ਸਾਰੇ ਝੂਠੇ ਧਰਮਾਂ ਨੂੰ ਮਹਾਂ ਬਾਬਲ ਸੱਦਿਆ ਜਾਂਦਾ ਹੈ। ਇਹ ਨਾਂ ਪੁਰਾਣੇ ਜ਼ਮਾਨੇ ਦੇ ਬਾਬਲ ਸ਼ਹਿਰ ਤੋਂ ਲਿਆ ਗਿਆ ਹੈ। ਨੂਹ ਦੇ ਦਿਨਾਂ ਵਿਚ ਆਈ ਜਲ-ਪਰਲੋ ਤੋਂ ਬਾਅਦ ਝੂਠੀਆਂ ਸਿੱਖਿਆਵਾਂ ਇਸੇ ਪੁਰਾਣੇ ਸ਼ਹਿਰ ਵਿਚ ਸ਼ੁਰੂ ਹੋਈਆਂ ਸਨ। ਅੱਜ-ਕੱਲ੍ਹ ਦੇ ਝੂਠੇ ਧਰਮਾਂ ਦੀਆਂ ਆਮ ਸਿੱਖਿਆਵਾਂ ਤੇ ਰੀਤਾਂ ਉਸ ਪੁਰਾਣੇ ਸ਼ਹਿਰ ਵਿਚ ਹੀ ਸ਼ੁਰੂ ਹੋਈਆਂ ਸਨ। ਮਿਸਾਲ ਲਈ, ਬਾਬਲੀ ਲੋਕ ਤ੍ਰਿਮੂਰਤੀਆਂ ਦੀ ਪੂਜਾ ਕਰਦੇ ਸਨ। ਅੱਜ ਵੀ ਕਈ ਧਰਮਾਂ ਵਿਚ ਤ੍ਰਿਮੂਰਤੀਆਂ ਅਤੇ ਤ੍ਰਿਦੇਵਾਂ ਦੀ ਪੂਜਾ ਕੀਤੀ ਜਾਂਦੀ ਹੈ। ਈਸਾਈ ਮਤ ਦੇ ਕਈ ਲੋਕ ਤ੍ਰਿਏਕ ਵਿਚ ਵਿਸ਼ਵਾਸ ਕਰਦੇ ਹਨ। ਪਰ ਬਾਈਬਲ ਸਾਨੂੰ ਸਾਫ਼-ਸਾਫ਼ ਸਿਖਾਉਂਦੀ ਹੈ ਕਿ ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ ਅਤੇ ਯਿਸੂ ਮਸੀਹ ਉਸ ਦਾ ਪੁੱਤਰ ਹੈ। ਉਹ ਇਕ-ਦੂਜੇ ਦੇ ਬਰਾਬਰ ਨਹੀਂ ਹਨ। (ਯੂਹੰਨਾ 17:3) ਬਾਬਲੀ ਲੋਕ ਇਹ ਵੀ ਯਕੀਨ ਕਰਦੇ ਸਨ ਕਿ ਮੌਤ ਤੋਂ ਬਾਅਦ ਆਤਮਾ ਜੀਉਂਦੀ ਰਹਿੰਦੀ ਹੈ ਅਤੇ ਮੌਤ ਤੋਂ ਬਾਅਦ ਲੋਕਾਂ ਨੂੰ ਨਰਕ ਵਿਚ ਤਸੀਹੇ ਦਿੱਤੇ ਜਾਂਦੇ ਹਨ। ਅੱਜ ਵੀ ਕਈ ਧਰਮ ਇਹੀ ਸਿਖਾਉਂਦੇ ਹਨ।

18 ਅੱਜ ਸਾਰੀ ਦੁਨੀਆਂ ਵਿਚ ਝੂਠੇ ਧਰਮਾਂ ਦਾ ਰਾਜ ਚੱਲਦਾ ਹੈ। ਝੂਠੀਆਂ ਸਿੱਖਿਆਵਾਂ ਦੁਨੀਆਂ ਭਰ ਵਿਚ ਫੈਲੀਆਂ ਹੋਈਆਂ ਹਨ। ਪਰ ਯਹੋਵਾਹ ਸਾਨੂੰ ਦੱਸਦਾ ਹੈ ਕਿ ਬਹੁਤ ਹੀ ਜਲਦੀ ਝੂਠੇ ਧਰਮਾਂ ਦਾ ਅਚਾਨਕ ਨਾਮੋ-ਨਿਸ਼ਾਨ ਮਿਟਾਇਆ ਜਾਵੇਗਾ। ਇਸੇ ਲਈ ਯਹੋਵਾਹ ਪਰਮੇਸ਼ੁਰ ਚਾਹੁੰਦਾ ਹੈ ਕਿ ਅਸੀਂ ਜਲਦ ਤੋਂ ਜਲਦ ‘ਉਨ੍ਹਾਂ ਦੇ ਵਿੱਚੋਂ ਨਿਕਲ ਆਈਏ।’ ਜੇ ਤੁਸੀਂ ਆਪਣੀ ਜ਼ਿੰਦਗੀ ਨੂੰ ਕੀਮਤੀ ਸਮਝਦੇ ਹੋ, ਤਾਂ ਝੂਠੇ ਧਰਮਾਂ ਵਿੱਚੋਂ ਨਿਕਲਣ ਵਿਚ ਦੇਰ ਨਾ ਕਰੋ।​—ਪ੍ਰਕਾਸ਼ ਦੀ ਕਿਤਾਬ 18:4, 8 ਪੜ੍ਹੋ।

ਯਹੋਵਾਹ ਦੀ ਭਗਤੀ ਕਰ ਕੇ ਤੁਸੀਂ ਬਹੁਤ ਸਾਰੇ ਭੈਣਾਂ-ਭਰਾਵਾਂ ਤੇ ਦੋਸਤ-ਮਿੱਤਰਾਂ ਦਾ ਪਿਆਰ ਪਾਓਗੇ

19. ਯਹੋਵਾਹ ਦੀ ਭਗਤੀ ਕਰ ਕੇ ਤੁਸੀਂ ਕੀ ਪਾਓਗੇ?

19 ਝੂਠੇ ਧਰਮ ਨੂੰ ਛੱਡਣ ਕਾਰਨ ਸ਼ਾਇਦ ਤੁਹਾਡੇ ਸਾਕ-ਸੰਬੰਧੀ ਅਤੇ ਦੋਸਤ-ਮਿੱਤਰ ਤੁਹਾਡੇ ਤੋਂ ਮੂੰਹ ਮੋੜ ਲੈਣ, ਪਰ ਤੁਸੀਂ ਦਿਲ ਨਾ ਛੱਡੋ। ਯਹੋਵਾਹ ਦੀ ਭਗਤੀ ਕਰ ਕੇ ਤੁਹਾਨੂੰ ਕਿਤੇ ਜ਼ਿਆਦਾ ਭੈਣ-ਭਰਾ ਤੇ ਦੋਸਤ-ਮਿੱਤਰ ਮਿਲ ਜਾਣਗੇ। ਯਿਸੂ ਦੇ ਚੇਲਿਆਂ ਨੇ ਆਪਣਾ ਘਰ-ਬਾਰ ਛੱਡ ਕੇ ਯਹੋਵਾਹ ਦੀ ਸੇਵਾ ਵਿਚ ਬਹੁਤ ਕੁਝ ਪਾਇਆ ਸੀ। ਇਸੇ ਤਰ੍ਹਾਂ ਤੁਸੀਂ ਵੀ ਯਹੋਵਾਹ ਦੀ ਸੇਵਾ ਕਰ ਕੇ ਬੇਅੰਤ ਬਰਕਤਾਂ ਪਾਓਗੇ। ਤੁਸੀਂ ਇਕ ਅਜਿਹੇ ਵੱਡੇ ਪਰਿਵਾਰ ਦਾ ਹਿੱਸਾ ਬਣ ਜਾਓਗੇ ਜਿਸ ਵਿਚ ਲੱਖਾਂ ਹੀ ਲੋਕ ਯਹੋਵਾਹ ਦੀ ਭਗਤੀ ਕਰਦੇ ਹਨ ਅਤੇ ਇਕ-ਦੂਸਰੇ ਨਾਲ ਦਿਲੋਂ ਪਿਆਰ ਕਰਦੇ ਹਨ। ਇਸ ਦੇ ਨਾਲ-ਨਾਲ ਤੁਸੀਂ “ਆਉਣ ਵਾਲੇ ਸਮੇਂ ਵਿਚ” ਸਦਾ ਦੀ ਜ਼ਿੰਦਗੀ ਪਾਓਗੇ। (ਮਰਕੁਸ 10:28-30 ਪੜ੍ਹੋ।) ਕੀ ਪਤਾ ਕਿ ਜਿਨ੍ਹਾਂ ਸਾਕ-ਸੰਬੰਧੀਆਂ ਨੇ ਤੁਹਾਡੇ ਤੋਂ ਹੁਣ ਮੂੰਹ ਮੋੜਿਆ ਹੈ, ਸ਼ਾਇਦ ਉਹ ਵੀ ਤੁਹਾਡਾ ਵਿਸ਼ਵਾਸ ਦੇਖ ਕੇ ਯਹੋਵਾਹ ਦੀ ਭਗਤੀ ਕਰਨ ਲੱਗ ਪੈਣ।

20. ਸੱਚੇ ਧਰਮ ਉੱਤੇ ਚੱਲਣ ਵਾਲਿਆਂ ਦਾ ਭਵਿੱਖ ਕਿਹੋ ਜਿਹਾ ਹੋਵੇਗਾ?

20 ਬਾਈਬਲ ਸਾਨੂੰ ਦੱਸਦੀ ਹੈ ਕਿ ਯਹੋਵਾਹ ਜਲਦ ਹੀ ਇਸ ਭੈੜੀ ਦੁਨੀਆਂ ਨੂੰ ਮਿਟਾ ਦੇਵੇਗਾ। ਆਪਣੇ ਰਾਜ ਦੇ ਜ਼ਰੀਏ ਉਹ ਸਾਰੀ ਧਰਤੀ ਉੱਤੇ ਖ਼ੁਸ਼ੀਆਂ ਲਿਆਵੇਗਾ। (2 ਪਤਰਸ 3:9, 13) ਹਰ ਦਿਲ ਖ਼ੁਸ਼ੀ ਨਾਲ ਝੂਮ ਉੱਠੇਗਾ। ਉਹ ਕਿੰਨਾ ਵਧੀਆ ਸਮਾਂ ਹੋਵੇਗਾ! ਉਸ ਵਕਤ ਦੁਨੀਆਂ ਵਿਚ ਇੱਕੋ ਹੀ ਧਰਮ ਹੋਵੇਗਾ—ਸੱਚਾ ਧਰਮ। ਤਾਂ ਫਿਰ ਸਾਨੂੰ ਹੁਣ ਤੋਂ ਹੀ ਇਸ ਸੱਚੇ ਧਰਮ ਉੱਤੇ ਚੱਲਦੇ ਹੋਏ ਪਰਮੇਸ਼ੁਰ ਦੇ ਕਦਮ ਨਾਲ ਕਦਮ ਮਿਲਾ ਕੇ ਚੱਲਣਾ ਚਾਹੀਦਾ ਹੈ।

^ ਪੈਰਾ 17 ਹੋਰ ਜਾਣਕਾਰੀ ਲਈ ਕਿ ਮਹਾਂ ਬਾਬਲ ਝੂਠੇ ਧਰਮਾਂ ਨੂੰ ਕਿਉਂ ਦਰਸਾਉਂਦੀ ਹੈ, ਦਿੱਤੀ ਗਈ ਵਧੇਰੇ ਜਾਣਕਾਰੀ “‘ਵੱਡੀ ਬਾਬੁਲ’ ਕੌਣ ਹੈ?” ਦੇਖੋ।