Skip to content

Skip to table of contents

ਵਧੇਰੇ ਜਾਣਕਾਰੀ

ਮਹਾਂ ਦੂਤ ਮੀਕਾਏਲ ਕੌਣ ਹੈ?

ਮਹਾਂ ਦੂਤ ਮੀਕਾਏਲ ਕੌਣ ਹੈ?

ਬਾਈਬਲ ਵਿਚ ਮੀਕਾਏਲ ਨਾਂ ਦੇ ਫ਼ਰਿਸ਼ਤੇ ਦਾ ਜ਼ਿਕਰ ਬਹੁਤ ਘੱਟ ਕੀਤਾ ਗਿਆ ਹੈ। ਪਰ ਜਦੋਂ ਵੀ ਕੀਤਾ ਗਿਆ ਹੈ, ਉਦੋਂ ਉਹ ਯਹੋਵਾਹ ਦੇ ਕਿਸੇ ਹੁਕਮ ਨੂੰ ਪੂਰਾ ਕਰ ਰਿਹਾ ਹੁੰਦਾ ਹੈ। ਦਾਨੀਏਲ ਦੀ ਕਿਤਾਬ ਵਿਚ ਮੀਕਾਏਲ ਦੁਸ਼ਟ ਦੂਤਾਂ ਨਾਲ ਲੜ ਰਿਹਾ ਹੈ; ਯਹੂਦਾਹ ਦੀ ਚਿੱਠੀ ਵਿਚ ਉਹ ਸ਼ੈਤਾਨ ਨਾਲ ਝਗੜਾ ਕਰ ਰਿਹਾ ਹੈ; ਅਤੇ ਪ੍ਰਕਾਸ਼ ਦੀ ਕਿਤਾਬ ਵਿਚ ਉਹ ਸ਼ੈਤਾਨ ਅਤੇ ਉਸ ਦੇ ਦੂਤਾਂ ਨਾਲ ਲੜ ਰਿਹਾ ਹੈ। ਰੱਬ ਦੇ ਦੁਸ਼ਮਣਾਂ ਦਾ ਸਾਮ੍ਹਣਾ ਕਰ ਕੇ ਮੀਕਾਏਲ ਆਪਣੇ ਨਾਂ ’ਤੇ ਪੂਰਾ ਉਤਰਦਾ ਹੈ ਜਿਸ ਦਾ ਅਰਥ ਹੈ “ਪਰਮੇਸ਼ੁਰ ਵਰਗਾ ਕੌਣ ਹੈ?” ਪਰ ਸਵਾਲ ਖੜ੍ਹਾ ਹੁੰਦਾ ਹੈ ਕਿ ਮੀਕਾਏਲ ਹੈ ਕੌਣ?

ਕਈ ਇਨਸਾਨਾਂ ਦੇ ਇਕ ਤੋਂ ਜ਼ਿਆਦਾ ਨਾਂ ਹੁੰਦੇ ਹਨ। ਮਿਸਾਲ ਲਈ, ਬਾਈਬਲ ਵਿਚ ਯਾਕੂਬ ਦਾ ਨਾਂ ਇਜ਼ਰਾਈਲ ਵੀ ਸੀ ਅਤੇ ਪਤਰਸ ਰਸੂਲ ਨੂੰ ਸ਼ਮਊਨ ਵੀ ਬੁਲਾਇਆ ਜਾਂਦਾ ਸੀ। (ਉਤਪਤ 49:1, 2; ਮੱਤੀ 10:2) ਇਸੇ ਤਰ੍ਹਾਂ, ਬਾਈਬਲ ਦਿਖਾਉਂਦੀ ਹੈ ਕਿ ਧਰਤੀ ਉੱਤੇ ਆਉਣ ਤੋਂ ਪਹਿਲਾਂ ਅਤੇ ਸਵਰਗ ਵਾਪਸ ਜਾਣ ਤੋਂ ਬਾਅਦ ਮੀਕਾਏਲ, ਯਿਸੂ ਮਸੀਹ ਦਾ ਹੀ ਇਕ ਹੋਰ ਨਾਂ ਸੀ। ਆਓ ਆਪਾਂ ਬਾਈਬਲ ਵਿਚ ਕੁਝ ਗੱਲਾਂ ਉੱਤੇ ਗੌਰ ਕਰੀਏ ਜਿਨ੍ਹਾਂ ਤੋਂ ਜ਼ਾਹਰ ਹੁੰਦਾ ਹੈ ਕਿ ਮੀਕਾਏਲ ਯਿਸੂ ਹੀ ਹੈ।

ਮਹਾਂ ਦੂਤ। ਪਰਮੇਸ਼ੁਰ ਦੇ ਬਚਨ ਵਿਚ ਮੀਕਾਏਲ ਨੂੰ “ਮਹਾਂ ਦੂਤ” ਕਿਹਾ ਗਿਆ ਹੈ। (ਯਹੂਦਾਹ 9) ਇਹ ਪਦਵੀ ਸਿਰਫ਼ ਇੱਕੋ ਫ਼ਰਿਸ਼ਤੇ ਨੂੰ ਦਿੱਤੀ ਗਈ ਹੈ। ਦਰਅਸਲ, ਜਦੋਂ ਵੀ ਬਾਈਬਲ ਵਿਚ “ਮਹਾਂ ਦੂਤ” ਬਾਰੇ ਗੱਲ ਕੀਤੀ ਜਾਂਦੀ ਹੈ, ਤਾਂ ਇਹ ਹਮੇਸ਼ਾ ਇਕ-ਵਚਨ ਵਿਚ ਹੁੰਦਾ ਹੈ। ਇਸ ਦੇ ਨਾਲ-ਨਾਲ ਮਹਾਂ ਦੂਤ ਦਾ ਅਹੁਦਾ ਯਿਸੂ ਨੂੰ ਦਿੱਤਾ ਗਿਆ ਹੈ। ਸਵਰਗ ਵਾਪਸ ਗਏ ਯਿਸੂ ਮਸੀਹ ਬਾਰੇ ਗੱਲ ਕਰਦੇ ਹੋਏ 1 ਥੱਸਲੁਨੀਕੀਆਂ 4:16 ਕਹਿੰਦਾ ਹੈ: “ਪ੍ਰਭੂ ਆਪ ਮਹਾਂ ਦੂਤ ਵਜੋਂ ਹੁਕਮ ਦਿੰਦਾ ਹੋਇਆ ਪਰਮੇਸ਼ੁਰ ਦੀ ਤੁਰ੍ਹੀ ਲਈ ਸਵਰਗੋਂ ਥੱਲੇ ਆਵੇਗਾ।” ਇਸ ਆਇਤ ਵਿਚ ਯਿਸੂ ਦੀ ਆਵਾਜ਼ ਨੂੰ ਮਹਾਂ ਦੂਤ ਦੀ ਆਵਾਜ਼ ਕਿਹਾ ਗਿਆ ਹੈ। ਹਾਂ, ਯਿਸੂ ਹੀ ਮਹਾਂ ਦੂਤ ਮੀਕਾਏਲ ਹੈ।

ਫ਼ੌਜ ਦਾ ਸੈਨਾਪਤੀ। ਬਾਈਬਲ ਕਹਿੰਦੀ ਹੈ ਕਿ “ਮੀਕਾਏਲ ਅਤੇ ਉਸ ਦੇ ਦੂਤ ਅਜਗਰ ਨਾਲ ਲੜੇ ਅਤੇ ਅਜਗਰ ਨੇ ਵੀ ਆਪਣੇ ਦੂਤਾਂ ਸਣੇ ਉਨ੍ਹਾਂ ਨਾਲ ਲੜਾਈ ਕੀਤੀ।” (ਪ੍ਰਕਾਸ਼ ਦੀ ਕਿਤਾਬ 12:7) ਇਸ ਤੋਂ ਪਤਾ ਲੱਗਦਾ ਹੈ ਕਿ ਮੀਕਾਏਲ ਵਫ਼ਾਦਾਰ ਦੂਤਾਂ ਦੀ ਫ਼ੌਜ ਦਾ ਸੈਨਾਪਤੀ ਹੈ। ਪ੍ਰਕਾਸ਼ ਦੀ ਕਿਤਾਬ ਵਿਚ ਯਿਸੂ ਨੂੰ ਵੀ ਦੂਤਾਂ ਦਾ ਸੈਨਾਪਤੀ ਕਿਹਾ ਗਿਆ ਹੈ। (ਪ੍ਰਕਾਸ਼ ਦੀ ਕਿਤਾਬ 19:14-16) ਇਸੇ ਤਰ੍ਹਾਂ, ਪੌਲੁਸ ਰਸੂਲ ਨੇ ਵੀ “ਪ੍ਰਭੁ ਯਿਸੂ” ਅਤੇ ਉਸ ਦੇ “ਸ਼ਕਤੀਸ਼ਾਲੀ ਦੂਤਾਂ” ਬਾਰੇ ਗੱਲ ਕੀਤੀ ਸੀ। (2 ਥੱਸਲੁਨੀਕੀਆਂ 1:7) ਇਹ ਸੱਚ ਹੈ ਕਿ ਬਾਈਬਲ ਵਿਚ ਮੀਕਾਏਲ ਤੇ ‘ਉਸ ਦੇ ਦੂਤਾਂ’ ਬਾਰੇ ਅਤੇ ਯਿਸੂ ਤੇ ‘ਉਸ ਦੇ ਦੂਤਾਂ’ ਬਾਰੇ ਗੱਲ ਕੀਤੀ ਗਈ ਹੈ। (ਮੱਤੀ 13:41; 16:27; 24:31; 1 ਪਤਰਸ 3:22) ਪਰ ਬਾਈਬਲ ਕਿਤੇ ਵੀ ਇਹ ਨਹੀਂ ਕਹਿੰਦੀ ਕਿ ਸਵਰਗ ਵਿਚ ਦੂਤਾਂ ਦੀਆਂ ਦੋ ਫ਼ੌਜਾਂ ਹਨ ਜਿਨ੍ਹਾਂ ਵਿੱਚੋਂ ਇਕ ਦਾ ਸੈਨਾਪਤੀ ਮੀਕਾਏਲ ਹੈ ਤੇ ਦੂਜੀ ਦਾ ਯਿਸੂ। ਇਸ ਲਈ ਇਹ ਕਹਿਣਾ ਜਾਇਜ਼ ਹੋਵੇਗਾ ਕਿ ਸਵਰਗ ਵਿਚ ਯਿਸੂ ਮਸੀਹ ਨੂੰ ਮੀਕਾਏਲ ਕਿਹਾ ਜਾਂਦਾ ਹੈ। *

^ ਪੈਰਾ 4 ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਕਿ ਮੀਕਾਏਲ ਹੀ ਯਿਸੂ ਦਾ ਨਾਂ ਹੈ ਇਨਸਾਈਟ ਔਨ ਦ ਸਕ੍ਰਿਪਚਰਸ, ਜਿਲਦ 2 ਦੇ ਸਫ਼ੇ 393-394 ਦੇਖੋ। ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।