Skip to content

Skip to table of contents

ਵਧੇਰੇ ਜਾਣਕਾਰੀ

“ਮਹਾਂ ਬਾਬਲ” ਕੌਣ ਹੈ?

“ਮਹਾਂ ਬਾਬਲ” ਕੌਣ ਹੈ?

ਪ੍ਰਕਾਸ਼ ਦੀ ਕਿਤਾਬ ਵਿਚ ਅਜਿਹੀਆਂ ਕਈ ਗੱਲਾਂ ਹਨ ਜਿਨ੍ਹਾਂ ਦਾ ਸ਼ਾਬਦਿਕ ਮਤਲਬ ਨਹੀਂ ਕੱਢਿਆ ਜਾਣਾ ਚਾਹੀਦਾ। ਮਿਸਾਲ ਲਈ, ਇਸ ਵਿਚ ਇਕ ਤੀਵੀਂ ਦਾ ਜ਼ਿਕਰ ਕੀਤਾ ਗਿਆ ਹੈ ਜਿਸ ਦੇ ਮੱਥੇ ਉੱਤੇ “ਮਹਾਂ ਬਾਬਲ” ਲਿਖਿਆ ਹੋਇਆ ਹੈ। ਇਹ ਤੀਵੀਂ ‘ਭੀੜਾਂ ਅਤੇ ਕੌਮਾਂ’ ਉੱਤੇ ਬੈਠੀ ਹੋਈ ਹੈ। (ਪ੍ਰਕਾਸ਼ ਦੀ ਕਿਤਾਬ 17:1, 5, 15) ਪਰ ਕੋਈ ਤੀਵੀਂ ਸੱਚ-ਮੁੱਚ ਇਸ ਤਰ੍ਹਾਂ ਕੌਮਾਂ ਉੱਤੇ ਨਹੀਂ ਬੈਠ ਸਕਦੀ, ਇਸ ਲਈ ਅਸੀਂ ਇਹ ਸਿੱਟਾ ਕੱਢ ਸਕਦੇ ਹਾਂ ਕਿ ਮਹਾਂ ਬਾਬਲ ਕੋਈ ਅਸਲੀ ਤੀਵੀਂ ਨਹੀਂ ਹੈ। ਤਾਂ ਫਿਰ ਮਹਾਂ ਬਾਬਲ ਕਿਸ ਨੂੰ ਦਰਸਾਉਂਦੀ ਹੈ?

ਪ੍ਰਕਾਸ਼ ਦੀ ਕਿਤਾਬ 17:18 ਵਿਚ ਇਸੇ ਤੀਵੀਂ ਨੂੰ “ਵੱਡਾ ਸ਼ਹਿਰ” ਕਿਹਾ ਗਿਆ ਹੈ “ਜਿਸ ਦਾ ਧਰਤੀ ਦੇ ਰਾਜਿਆਂ ਉੱਤੇ ਰਾਜ ਹੈ।” ਜਿਵੇਂ ਕਿਸੇ ਦੇਸ਼ ਦੀ ਰਾਜਧਾਨੀ ਸਾਰਿਆਂ ਲੋਕਾਂ ਉੱਤੇ ਪ੍ਰਭਾਵ ਪਾਉਂਦੀ ਹੈ, ਉਸੇ ਤਰ੍ਹਾਂ ਇਸ ‘ਵੱਡੇ ਸ਼ਹਿਰ’ ਦਾ ਪ੍ਰਭਾਵ ਪੂਰੀ ਦੁਨੀਆਂ ਉੱਤੇ ਪੈਂਦਾ ਹੈ। ਤਾਂ ਫਿਰ ਇਹ ਸ਼ਹਿਰ ਕੀ ਹੈ? ਇਹ ਦੁਨੀਆਂ ਦੇ ਸਾਰੇ ਧਰਮਾਂ ਨੂੰ ਦਰਸਾਉਂਦਾ ਹੈ। ਧਿਆਨ ਦਿਓ ਕਿ ਪ੍ਰਕਾਸ਼ ਦੀ ਕਿਤਾਬ ਦੇ ਕੁਝ ਹਵਾਲੇ ਇਸ ਗੱਲ ਨੂੰ ਕਿੱਦਾਂ ਸਮਝਾਉਂਦੇ ਹਨ।

ਬਾਈਬਲ ਵਿਚ ਰਾਜਨੀਤਿਕ, ਵਪਾਰਕ ਜਾਂ ਧਾਰਮਿਕ ਸ਼ਕਤੀਆਂ ਬਾਰੇ ਗੱਲ ਕੀਤੀ ਗਈ ਹੈ। ਪਰ, ਮਹਾਂ ਬਾਬਲ ਨਾਂ ਦੀ ਇਹ ਤੀਵੀਂ ਕੋਈ ਰਾਜਨੀਤਿਕ ਸੰਸਥਾ ਨਹੀਂ ਹੈ ਕਿਉਂਕਿ ਪਰਮੇਸ਼ੁਰ ਦਾ ਬਚਨ ਦੱਸਦਾ ਹੈ ਕਿ “ਧਰਤੀ ਦੇ ਰਾਜਿਆਂ” ਯਾਨੀ ਇਸ ਦੁਨੀਆਂ ਦੀਆਂ ਰਾਜਨੀਤਿਕ ਸੰਸਥਾਵਾਂ ਨੇ ਉਸ ਨਾਲ “ਹਰਾਮਕਾਰੀ ਕੀਤੀ।” ਹਾਂ, ਧਰਤੀ ਦੇ ਰਾਜਿਆਂ ਨਾਲ ਮਿੱਤਰਤਾ ਕਾਇਮ ਕਰ ਕੇ ਉਸ ਨੇ ਉਨ੍ਹਾਂ ਨਾਲ ਹਰਾਮਕਾਰੀ ਕੀਤੀ ਹੈ ਅਤੇ ਇਸੇ ਲਈ ਉਸ ਨੂੰ “ਵੱਡੀ ਕੰਜਰੀ” ਵੀ ਕਿਹਾ ਗਿਆ ਹੈ।​—ਪ੍ਰਕਾਸ਼ ਦੀ ਕਿਤਾਬ 17:1, 2; ਯਾਕੂਬ 4:4.

ਮਹਾਂ ਬਾਬਲ ਵਪਾਰ ਜਗਤ ਵੀ ਨਹੀਂ ਹੋ ਸਕਦੀ ਕਿਉਂਕਿ “ਧਰਤੀ ਦੇ ਵਪਾਰੀ” ਉਸ ਦੀ ਤਬਾਹੀ ਵੇਲੇ ਸੋਗ ਮਨਾਉਂਦੇ ਹਨ। ਦਰਅਸਲ, ਬਾਈਬਲ ਵਿਚ ਦੱਸਿਆ ਗਿਆ ਹੈ ਕਿ ਧਰਤੀ ਦੇ ਰਾਜੇ ਅਤੇ ਵਪਾਰੀ ਮਹਾਂ ਬਾਬਲ ਦੇ ਨਾਸ਼ ਵੇਲੇ ਉਸ ਨੂੰ ‘ਦੂਰ ਖੜ੍ਹ ਕੇ’ ਦੇਖਣਗੇ। (ਪ੍ਰਕਾਸ਼ ਦੀ ਕਿਤਾਬ 18:3, 9, 10, 15-17) ਇਨ੍ਹਾਂ ਗੱਲਾਂ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਮਹਾਂ ਬਾਬਲ ਨਾ ਤਾਂ ਰਾਜਨੀਤਿਕ ਤੇ ਨਾ ਹੀ ਵਪਾਰਕ ਸ਼ਕਤੀ ਹੈ, ਬਲਕਿ ਇਹ ਦੁਨੀਆਂ ਦੇ ਧਰਮਾਂ ਨੂੰ ਦਰਸਾਉਂਦੀ ਹੈ।

ਬਾਈਬਲ ਕਹਿੰਦੀ ਹੈ ਕਿ ਮਹਾਂ ਬਾਬਲ ਆਪਣੀਆਂ “ਜਾਦੂਗਰੀਆਂ” ਨਾਲ ਸਾਰੀਆਂ ਕੌਮਾਂ ਨੂੰ ਭਰਮਾਉਂਦੀ ਹੈ। ਇਹ ਇਕ ਹੋਰ ਸਬੂਤ ਹੈ ਕਿ ਉਸ ਦਾ ਸੰਬੰਧ ਧਰਮਾਂ ਨਾਲ ਹੈ। (ਪ੍ਰਕਾਸ਼ ਦੀ ਕਿਤਾਬ 18:23) ਹਰ ਕਿਸਮ ਦੀ ਜਾਦੂਗਰੀ ਪਿੱਛੇ ਸ਼ੈਤਾਨ ਦਾ ਹੱਥ ਹੈ। ਇਸੇ ਲਈ ਬਾਈਬਲ ਮਹਾਂ ਬਾਬਲ ਨੂੰ “ਦੁਸ਼ਟ ਦੂਤਾਂ ਦਾ ਠਿਕਾਣਾ” ਕਹਿੰਦੀ ਹੈ। (ਪ੍ਰਕਾਸ਼ ਦੀ ਕਿਤਾਬ 18:2; ਬਿਵਸਥਾ ਸਾਰ 18:10-12) ਮਹਾਂ ਬਾਬਲ ਬਾਰੇ ਇਹ ਵੀ ਕਿਹਾ ਗਿਆ ਹੈ ਕਿ ਇਹ ਸੱਚੇ ਧਰਮ ਦਾ ਵਿਰੋਧ ਕਰਦੀ ਹੈ ਅਤੇ “ਨਬੀਆਂ” ਅਤੇ “ਪਵਿੱਤਰ ਸੇਵਕਾਂ” ਨੂੰ ਬਹੁਤ ਸਤਾਉਂਦੀ ਹੈ। (ਪ੍ਰਕਾਸ਼ ਦੀ ਕਿਤਾਬ 18:24) ਮਹਾਂ ਬਾਬਲ ਨੂੰ ਸੱਚੇ ਧਰਮ ਨਾਲ ਅਤੇ ਪਰਮੇਸ਼ੁਰ ਦੇ ਭਗਤਾਂ ਨਾਲ ਸਖ਼ਤ ਨਫ਼ਰਤ ਹੈ, ਇੱਥੋਂ ਤਕ ਕਿ ਉਸ ਦੇ ਹੱਥ “ਯਿਸੂ ਦੇ ਗਵਾਹਾਂ” ਦੇ ਲਹੂ ਨਾਲ ਰੰਗੇ ਹੋਏ ਹਨ। (ਪ੍ਰਕਾਸ਼ ਦੀ ਕਿਤਾਬ 17:6) ਇਸ ਲਈ, ਮਹਾਂ ਬਾਬਲ ਨਾਂ ਦੀ ਇਹ ਤੀਵੀਂ ਦੁਨੀਆਂ ਦੇ ਸਾਰਿਆਂ ਝੂਠੇ ਧਰਮਾਂ ਨੂੰ ਦਰਸਾਉਂਦੀ ਹੈ ਜੋ ਯਹੋਵਾਹ ਪਰਮੇਸ਼ੁਰ ਦਾ ਵਿਰੋਧ ਕਰਦੇ ਹਨ।