Skip to content

Skip to table of contents

ਅਧਿਆਇ 7

ਸਾਡੇ ਮਰੇ ਹੋਏ ਅਜ਼ੀਜ਼ਾਂ ਲਈ ਪੱਕੀ ਉਮੀਦ

ਸਾਡੇ ਮਰੇ ਹੋਏ ਅਜ਼ੀਜ਼ਾਂ ਲਈ ਪੱਕੀ ਉਮੀਦ
  • ਸਾਨੂੰ ਕਿੱਦਾਂ ਪਤਾ ਹੈ ਕਿ ਮਰੇ ਹੋਏ ਲੋਕ ਸੱਚ-ਮੁੱਚ ਜੀਉਂਦੇ ਕੀਤੇ ਜਾਣਗੇ?

  • ਮਰੇ ਹੋਇਆਂ ਨੂੰ ਜੀਉਂਦਾ ਕਰਨ ਬਾਰੇ ਯਹੋਵਾਹ ਕਿੱਦਾਂ ਮਹਿਸੂਸ ਕਰਦਾ ਹੈ?

  • ਕਿਨ੍ਹਾਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ?

1-3. ਸਾਡੀ ਸਭ ਤੋਂ ਵੱਡੀ ਦੁਸ਼ਮਣ ਕੌਣ ਹੈ, ਪਰ ਯਹੋਵਾਹ ਸਾਨੂੰ ਕੀ ਉਮੀਦ ਦਿੰਦਾ ਹੈ?

ਮੌਤ ਸਾਡੀ ਸਭ ਤੋਂ ਵੱਡੀ ਦੁਸ਼ਮਣ ਹੈ। ਇਹ ਬਹੁਤ ਹੀ ਬੇਰਹਿਮ ਹੈ ਅਤੇ ਕਿਸੇ ਨੂੰ ਨਹੀਂ ਬਖ਼ਸ਼ਦੀ। ਇਸ ਤੋਂ ਬਚਣ ਲਈ ਅਸੀਂ ਆਪਣੇ ਵੱਲੋਂ ਚਾਹੇ ਜਿੰਨੀ ਮਰਜ਼ੀ ਕੋਸ਼ਿਸ਼ ਕਰੀਏ, ਇਹ ਫਿਰ ਵੀ ਸਾਨੂੰ ਦਬੋਚ ਲੈਂਦੀ ਹੈ। ਇਸ ਦੁਸ਼ਮਣ ਤੋਂ ਬਚਣ ਦੀ ਕੋਈ ਉਮੀਦ ਨਜ਼ਰ ਨਹੀਂ ਆਉਂਦੀ। ਪਰ ਸਾਨੂੰ ਹਿੰਮਤ ਹਾਰਨ ਦੀ ਲੋੜ ਨਹੀਂ ਕਿਉਂਕਿ ਸਾਡਾ ਸਹਾਇਕ ਯਹੋਵਾਹ ਸਾਨੂੰ ਉਮੀਦ ਦਿੰਦਾ ਹੈ।

2 ਯਹੋਵਾਹ ਨੇ ਆਪਣੇ ਬਚਨ ਵਿਚ ਦੱਸਿਆ ਹੈ ਕਿ ਉਹ ਇਸ ਦੁਸ਼ਮਣ ਨੂੰ ਹਮੇਸ਼ਾ-ਹਮੇਸ਼ਾ ਲਈ ਨਾਸ਼ ਕਰ ਦੇਵੇਗਾ। (1 ਕੁਰਿੰਥੀਆਂ 15:26) ਕੀ ਇਹ ਜਾਣ ਕੇ ਸਾਡੀ ਜਾਨ ਵਿਚ ਜਾਨ ਨਹੀਂ ਆਉਂਦੀ? ਕੀ ਅਸੀਂ ਸੁੱਖ ਦਾ ਸਾਹ ਨਹੀਂ ਲੈਂਦੇ? ਹਾਂ, ਇਹ ਜਾਣ ਕੇ ਸਾਨੂੰ ਕਿੰਨਾ ਹੌਸਲਾ ਮਿਲਦਾ ਹੈ ਕਿ ਰੱਬ ਸਾਡਾ ਰਾਖਾ ਹੈ!

3 ਯਹੋਵਾਹ ਵਾਅਦਾ ਕਰਦਾ ਹੈ ਕਿ ਉਹ ਮਰੇ ਹੋਇਆਂ ਨੂੰ ਦੁਬਾਰਾ ਜੀਉਂਦਾ ਕਰੇਗਾ, ਉਨ੍ਹਾਂ ਨੂੰ ਮੌਤ ਦੀ ਨੀਂਦ ਤੋਂ ਜਗਾਵੇਗਾ। ਉਸ ਦਾ ਇਹ ਵਾਅਦਾ ਪੱਕਾ ਹੈ। (ਯਸਾਯਾਹ 26:19) ਪਰ ਆਓ ਆਪਾਂ ਪਹਿਲਾਂ ਇਹ ਦੇਖੀਏ ਕਿ ਜਦ ਮੌਤ ਸਾਡੇ ਕਿਸੇ ਅਜ਼ੀਜ਼ ਉੱਤੇ ਵਾਰ ਕਰਦੀ ਹੈ, ਤਦ ਸਾਡੇ ਉੱਤੇ ਕੀ ਬੀਤਦੀ ਹੈ।

ਜਦੋਂ ਸਾਡਾ ਕੋਈ ਅਜ਼ੀਜ਼ ਵਿਛੜ ਜਾਂਦਾ ਹੈ

4. (ੳ) ਯਿਸੂ ਦੀਆਂ ਭਾਵਨਾਵਾਂ ਤੋਂ ਅਸੀਂ ਯਹੋਵਾਹ ਦੇ ਜਜ਼ਬਾਤਾਂ ਬਾਰੇ ਕੀ ਸਿੱਖ ਸਕਦੇ ਹਾਂ? (ਅ) ਯਿਸੂ ਦੀ ਕਿਨ੍ਹਾਂ ਨਾਲ ਗੂੜ੍ਹੀ ਦੋਸਤੀ ਸੀ?

4 ਕੀ ਤੁਸੀਂ ਕਦੇ ਆਪਣੇ ਕਿਸੇ ਅਜ਼ੀਜ਼ ਦੀ ਮੌਤ ਦਾ ਗਮ ਸਹਿਆ ਹੈ? ਇਹ ਦੁਖਦਾਈ ਵਿਛੋੜਾ ਝੱਲਣਾ ਬਹੁਤ ਮੁਸ਼ਕਲ ਹੁੰਦਾ ਹੈ, ਪਰ ਯਹੋਵਾਹ ਆਪਣੇ ਬਚਨ ਵਿਚ ਸਾਨੂੰ ਦਿਲਾਸਾ ਦਿੰਦਾ ਹੈ। (2 ਕੁਰਿੰਥੀਆਂ 1:3, 4 ਪੜ੍ਹੋ।) ਬਾਈਬਲ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਕਿਸੇ ਦੀ ਮੌਤ ਹੋਣ ’ਤੇ ਯਿਸੂ ਨੇ ਕਿੱਦਾਂ ਮਹਿਸੂਸ ਕੀਤਾ। ਉਸ ਦੇ ਦੁੱਖ ਅਤੇ ਪਰੇਸ਼ਾਨੀ ਨੂੰ ਦੇਖ ਕੇ ਸਾਨੂੰ ਯਹੋਵਾਹ ਦੇ ਜਜ਼ਬਾਤਾਂ ਦੀ ਵੀ ਝਲਕ ਮਿਲਦੀ ਹੈ ਕਿਉਂਕਿ ਉਹ ਹੂ-ਬਹੂ ਆਪਣੇ ਪਿਤਾ ਯਹੋਵਾਹ ਵਰਗਾ ਹੈ। ਯਿਸੂ ਨੇ ਖ਼ੁਦ ਆਪਣੇ ਪਿਆਰੇ ਦੋਸਤ ਦੀ ਮੌਤ ਦਾ ਗਮ ਸਹਿਆ ਸੀ। (ਯੂਹੰਨਾ 14:9) ਲਾਜ਼ਰ ਯਿਸੂ ਦਾ ਜਿਗਰੀ ਦੋਸਤ ਸੀ। ਜਦੋਂ ਵੀ ਯਿਸੂ ਯਰੂਸ਼ਲਮ ਜਾਂਦਾ ਸੀ, ਤਾਂ ਉਹ ਆਪਣੇ ਦੋਸਤ ਲਾਜ਼ਰ ਅਤੇ ਉਸ ਦੀਆਂ ਭੈਣਾਂ ਨੂੰ ਜ਼ਰੂਰ ਮਿਲਣ ਜਾਂਦਾ ਸੀ। ਯਿਸੂ ਉਨ੍ਹਾਂ ਤਿੰਨਾਂ ਨੂੰ ਬਹੁਤ ਪਿਆਰ ਕਰਦਾ ਸੀ। (ਯੂਹੰਨਾ 11:5) ਪਰ ਜਿੱਦਾਂ ਅਸੀਂ ਪਿਛਲੇ ਅਧਿਆਇ ਵਿਚ ਸਿੱਖਿਆ ਸੀ, ਲਾਜ਼ਰ ਬੀਮਾਰ ਹੋ ਕੇ ਮਰ ਗਿਆ ਸੀ।

5, 6. (ੳ) ਜਦੋਂ ਯਿਸੂ ਨੇ ਲਾਜ਼ਰ ਦੇ ਰਿਸ਼ਤੇਦਾਰਾਂ ਤੇ ਦੋਸਤਾਂ ਨੂੰ ਸੋਗ ਮਨਾਉਂਦੇ ਦੇਖਿਆ, ਤਾਂ ਉਸ ’ਤੇ ਕੀ ਬੀਤੀ? (ਅ) ਯਿਸੂ ਦੇ ਜਜ਼ਬਾਤਾਂ ਨੂੰ ਦੇਖ ਕੇ ਸਾਡਾ ਹੌਸਲਾ ਕਿਉਂ ਵਧਦਾ ਹੈ?

5 ਲਾਜ਼ਰ ਦੀ ਮੌਤ ਹੋਣ ’ਤੇ ਯਿਸੂ ਉੱਤੇ ਕੀ ਬੀਤੀ? ਜਦੋਂ ਉਹ ਆਪਣੇ ਜਿਗਰੀ ਦੋਸਤ ਨੂੰ ਮੌਤ ਦੀ ਨੀਂਦ ਤੋਂ ਜਗਾਉਣ ਗਿਆ, ਤਾਂ ਉਸ ਤੋਂ ਲਾਜ਼ਰ ਦੇ ਰਿਸ਼ਤੇਦਾਰਾਂ ਤੇ ਦੋਸਤਾਂ ਦਾ ਦੁੱਖ ਦੇਖਿਆ ਨਾ ਗਿਆ। ਲਾਜ਼ਰ ਦੀ ਮੌਤ ਕਾਰਨ ਯਿਸੂ ਦਾ ਵੀ ਦਿਲ ਤੜਫ਼ ਉੱਠਿਆ। ਬਾਈਬਲ ਕਹਿੰਦੀ ਹੈ ਕਿ ਉਸ ਵੇਲੇ ਯਿਸੂ ਵੀ ਰੋਇਆ ਸੀ। (ਯੂਹੰਨਾ 11:33, 35) ਪਰ ਯਿਸੂ ਇੰਨਾ ਦੁਖੀ ਕਿਉਂ ਹੋਇਆ ਸੀ ਜਦ ਕਿ ਉਸ ਨੂੰ ਪਤਾ ਸੀ ਕਿ ਉਹ ਲਾਜ਼ਰ ਨੂੰ ਦੁਬਾਰਾ ਜੀਉਂਦਾ ਕਰਨ ਵਾਲਾ ਸੀ? (ਯੂਹੰਨਾ 11:3, 4) ਕਿਉਂਕਿ ਲਾਜ਼ਰ ਉਸ ਦਾ ਜਿਗਰੀ ਦੋਸਤ ਸੀ। ਉਸ ਵੇਲੇ ਉਸ ਨੇ ਉਹੋ ਦੁੱਖ ਮਹਿਸੂਸ ਕੀਤਾ ਜੋ ਕਿਸੇ ਰਿਸ਼ਤੇਦਾਰ ਜਾਂ ਦੋਸਤ-ਮਿੱਤਰ ਦੀ ਮੌਤ ਹੋਣ ’ਤੇ ਲੋਕ ਆਮ ਤੌਰ ਤੇ ਮਹਿਸੂਸ ਕਰਦੇ ਹਨ।

6 ਯਿਸੂ ਦੇ ਜਜ਼ਬਾਤਾਂ ਨੂੰ ਦੇਖ ਕੇ ਸਾਡਾ ਹੌਸਲਾ ਵਧਦਾ ਹੈ। ਕਿਉਂ? ਕਿਉਂਕਿ ਇਸ ਤੋਂ ਜ਼ਾਹਰ ਹੁੰਦਾ ਹੈ ਕਿ ਜਿੰਨਾ ਦੁੱਖ ਸਾਨੂੰ ਹੁੰਦਾ ਹੈ ਉਸ ਤੋਂ ਕਿਤੇ ਜ਼ਿਆਦਾ ਦੁੱਖ ਯਿਸੂ ਨੂੰ ਅਤੇ ਉਸ ਦੇ ਪਿਤਾ ਯਹੋਵਾਹ ਨੂੰ ਹੁੰਦਾ ਹੈ। ਉਨ੍ਹਾਂ ਨੂੰ ਇਨਸਾਨਾਂ ਨੂੰ ਮਰਦੇ ਹੋਏ ਦੇਖਣਾ ਬਿਲਕੁਲ ਪਸੰਦ ਨਹੀਂ। ਪਰ ਯਹੋਵਾਹ ਸਰਬਸ਼ਕਤੀਮਾਨ ਪਰਮੇਸ਼ੁਰ ਹੈ, ਇਸ ਲਈ ਉਹ ਸਾਡੀ ਇਸ ਦੁਸ਼ਮਣ ਮੌਤ ਨੂੰ ਹਮੇਸ਼ਾ-ਹਮੇਸ਼ਾ ਲਈ ਮਿਟਾ ਸਕਦਾ ਹੈ! ਆਓ ਆਪਾਂ ਦੇਖੀਏ ਕਿ ਲਾਜ਼ਰ ਦੀ ਮੌਤ ਹੋਣ ’ਤੇ ਯਿਸੂ ਨੇ ਯਹੋਵਾਹ ਦੀ ਮਦਦ ਨਾਲ ਕੀ ਕੀਤਾ ਸੀ।

“ਲਾਜ਼ਰ, ਬਾਹਰ ਆ ਜਾ!”

7, 8. ਇਨਸਾਨੀ ਨਜ਼ਰੀਏ ਤੋਂ ਇਸ ਤਰ੍ਹਾਂ ਕਿਉਂ ਲੱਗਦਾ ਸੀ ਕਿ ਲਾਜ਼ਰ ਲਈ ਕੋਈ ਉਮੀਦ ਨਹੀਂ ਸੀ, ਪਰ ਯਿਸੂ ਨੇ ਕੀ ਕੀਤਾ?

7 ਲਾਜ਼ਰ ਦੀ ਲਾਸ਼ ਨੂੰ ਕਫ਼ਨ ਵਿਚ ਲਪੇਟ ਕੇ ਇਕ ਗੁਫ਼ਾ ਵਿਚ ਰੱਖਿਆ ਗਿਆ ਸੀ ਅਤੇ ਗੁਫ਼ਾ ਦੇ ਮੂੰਹ ’ਤੇ ਪੱਥਰ ਧਰਿਆ ਹੋਇਆ ਸੀ। ਜਦ ਯਿਸੂ ਉਸ ਗੁਫ਼ਾ ਕੋਲ ਪਹੁੰਚਿਆ, ਤਦ ਉਸ ਨੇ ਉਹ ਦੇ ਮੋਹਰਿਓਂ ਪੱਥਰ ਹਟਾਉਣ ਲਈ ਕਿਹਾ। ਪਰ ਲਾਜ਼ਰ ਦੀ ਭੈਣ ਮਾਰਥਾ ਨੇ ਕਿਹਾ: “ਪ੍ਰਭੂ, ਉਸ ਦੀ ਲੋਥ ਵਿੱਚੋਂ ਬੋ ਆਉਣ ਲੱਗ ਪਈ ਹੋਣੀ ਕਿਉਂਕਿ ਉਸ ਨੂੰ ਮਰੇ ਨੂੰ ਚਾਰ ਦਿਨ ਹੋ ਗਏ ਹਨ।” (ਯੂਹੰਨਾ 11:39) ਮਾਰਥਾ ਨੂੰ ਲੱਗਦਾ ਸੀ ਕਿ ਹੁਣ ਲਾਜ਼ਰ ਲਈ ਕੁਝ ਨਹੀਂ ਕੀਤਾ ਜਾ ਸਕਦਾ ਸੀ।

ਜਦ ਲਾਜ਼ਰ ਨੂੰ ਜੀਉਂਦਾ ਕੀਤਾ ਗਿਆ ਸੀ, ਤਾਂ ਹਰ ਪਾਸੇ ਖ਼ੁਸ਼ੀ ਫੈਲ ਗਈ।​—ਯੂਹੰਨਾ 11:38-44

8 ਜਦੋਂ ਪੱਥਰ ਹਟਾਇਆ ਗਿਆ, ਤਾਂ ਯਿਸੂ ਨੇ ਪ੍ਰਾਰਥਨਾ ਕਰ ਕੇ ਲਾਜ਼ਰ ਨੂੰ ਆਵਾਜ਼ ਮਾਰੀ: “ਲਾਜ਼ਰ, ਬਾਹਰ ਆ ਜਾ!” ਤਦ ‘ਲਾਜ਼ਰ ਬਾਹਰ ਆ ਗਿਆ।’ (ਯੂਹੰਨਾ 11:43, 44) ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਲਾਜ਼ਰ ਦੀਆਂ ਭੈਣਾਂ, ਰਿਸ਼ਤੇਦਾਰਾਂ ਤੇ ਦੋਸਤ-ਮਿੱਤਰਾਂ ਨੂੰ ਉਸ ਪਲ ਕਿੰਨੀ ਖ਼ੁਸ਼ੀ ਹੋਈ ਹੋਣੀ? ਲਾਜ਼ਰ ਮੌਤ ਦੇ ਪੰਜੇ ਤੋਂ ਛੁੱਟ ਗਿਆ ਸੀ। ਉਹ ਜੀਉਂਦਾ-ਜਾਗਦਾ ਉਨ੍ਹਾਂ ਦੇ ਸਾਮ੍ਹਣੇ ਖੜ੍ਹਾ ਸੀ। ਯਿਸੂ ਨੇ ਮੌਤ ਦੀਆਂ ਜ਼ੰਜੀਰਾਂ ਤੋੜ ਦਿੱਤੀਆਂ ਸਨ!

ਏਲੀਯਾਹ ਨੇ ਇਕ ਵਿਧਵਾ ਦੇ ਬੇਟੇ ਨੂੰ ਮੌਤ ਦੀ ਨੀਂਦ ਤੋਂ ਜਗਾਇਆ।​—1 ਰਾਜਿਆਂ 17:17-24

9, 10. (ੳ) ਯਿਸੂ ਨੂੰ ਲਾਜ਼ਰ ਨੂੰ ਜੀਉਂਦਾ ਕਰਨ ਦੀ ਸ਼ਕਤੀ ਕਿੱਥੋਂ ਮਿਲੀ ਸੀ ਅਤੇ ਅਸੀਂ ਇਹ ਕਿੱਦਾਂ ਜਾਣਦੇ ਹਾਂ? (ਅ) ਬਾਈਬਲ ਵਿਚ ਲੋਕਾਂ ਦੇ ਜੀ ਉਠਾਏ ਜਾਣ ਦੀਆਂ ਉਦਾਹਰਣਾਂ ਪੜ੍ਹਨ ਦੇ ਕੀ ਫ਼ਾਇਦੇ ਹਨ?

9 ਯਿਸੂ ਇਹ ਚਮਤਕਾਰ ਕਿੱਦਾਂ ਕਰ ਸਕਿਆ ਸੀ? ਲਾਜ਼ਰ ਨੂੰ ਜੀ ਉਠਾਉਣ ਤੋਂ ਪਹਿਲਾਂ ਯਿਸੂ ਨੇ ਪ੍ਰਾਰਥਨਾ ਕੀਤੀ ਸੀ। ਇਸ ਤਰ੍ਹਾਂ ਉਸ ਨੇ ਦਿਖਾਇਆ ਕਿ ਇਹ ਸਭ ਕੁਝ ਸਿਰਫ਼ ਯਹੋਵਾਹ ਦੀ ਸ਼ਕਤੀ ਨਾਲ ਹੀ ਹੋ ਸਕਦਾ ਸੀ। (ਯੂਹੰਨਾ 11:41, 42 ਪੜ੍ਹੋ।) ਬਾਈਬਲ ਵਿਚ ਲਾਜ਼ਰ ਤੋਂ ਇਲਾਵਾ ਅੱਠ ਹੋਰ ਲੋਕ ਸਨ ਜਿਨ੍ਹਾਂ ਨੂੰ ਦੁਬਾਰਾ ਜੀਉਂਦਾ ਕੀਤਾ ਗਿਆ ਸੀ। * ਇਨ੍ਹਾਂ ਬਾਰੇ ਪੜ੍ਹ ਕੇ ਸਾਡੇ ਦਿਲ ਕਿੰਨੇ ਖ਼ੁਸ਼ ਹੁੰਦੇ ਹਨ। ਇਨ੍ਹਾਂ ਗੱਲਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਯਹੋਵਾਹ ਕਿਸੇ ਨਾਲ ਪੱਖਪਾਤ ਨਹੀਂ ਕਰਦਾ। ਉਸ ਨੇ ਇਨ੍ਹਾਂ ਸਾਰਿਆਂ ਨੂੰ ਦੁਬਾਰਾ ਜੀਉਂਦਾ ਕੀਤਾ ਚਾਹੇ ਉਹ ਇਜ਼ਰਾਈਲੀ ਸਨ ਜਾਂ ਨਹੀਂ, ਆਦਮੀ ਸਨ ਜਾਂ ਔਰਤਾਂ, ਬੁੱਢੇ ਸਨ ਜਾਂ ਬੱਚੇ। ਮਿਸਾਲ ਲਈ, ਇਕ ਵਾਰ ਯਿਸੂ ਨੇ ਇਕ ਛੋਟੀ ਕੁੜੀ ਨੂੰ ਜੀ ਉਠਾਇਆ ਸੀ ਅਤੇ ਉਸ ਦੇ ਮਾਪੇ ਖ਼ੁਸ਼ੀ ਨਾਲ ਝੂਮ ਉੱਠੇ।​—ਮਰਕੁਸ 5:42.

ਪਤਰਸ ਰਸੂਲ ਨੇ ਤਬਿਥਾ ਨਾਂ ਦੀ ਮਸੀਹੀ ਔਰਤ ਨੂੰ ਜੀ ਉਠਾਇਆ।​—ਰਸੂਲਾਂ ਦੇ ਕੰਮ 9:36-42

10 ਇਹ ਸੱਚ ਹੈ ਕਿ ਜਿਨ੍ਹਾਂ ਲੋਕਾਂ ਨੂੰ ਯਿਸੂ ਨੇ ਜੀਉਂਦਾ ਕੀਤਾ ਸੀ, ਉਹ ਬਾਅਦ ਵਿਚ ਦੁਬਾਰਾ ਮਰ ਗਏ ਸਨ। ਪਰ ਕੀ ਇਸ ਦਾ ਇਹ ਮਤਲਬ ਹੈ ਕਿ ਯਿਸੂ ਦੇ ਚਮਤਕਾਰਾਂ ਦਾ ਕੋਈ ਫ਼ਾਇਦਾ ਨਹੀਂ ਹੋਇਆ? ਇਸ ਤਰ੍ਹਾਂ ਨਹੀਂ ਹੈ। ਇਨ੍ਹਾਂ ਬਾਰੇ ਪੜ੍ਹ ਕੇ ਯਹੋਵਾਹ ਦੇ ਵਾਅਦਿਆਂ ਵਿਚ ਸਾਡਾ ਵਿਸ਼ਵਾਸ ਪੱਕਾ ਹੁੰਦਾ ਹੈ ਅਤੇ ਸਾਨੂੰ ਉਮੀਦ ਮਿਲਦੀ ਹੈ।

ਮੁਰਦਿਆਂ ਦਾ ਜੀ ਉੱਠਣਾ ਕੋਈ ਸੁਪਨਾ ਨਹੀਂ

11. ਲਾਜ਼ਰ ਦੀ ਉਦਾਹਰਣ ਉਪਦੇਸ਼ਕ ਦੀ ਪੋਥੀ 9:5 ਦੇ ਸ਼ਬਦਾਂ ਨੂੰ ਕਿੱਦਾਂ ਸੱਚ ਸਾਬਤ ਕਰਦੀ ਹੈ?

11 ਬਾਈਬਲ ਸਿਖਾਉਂਦੀ ਹੈ ਕਿ “ਮੋਏ ਕੁਝ ਵੀ ਨਹੀਂ ਜਾਣਦੇ।” (ਉਪਦੇਸ਼ਕ ਦੀ ਪੋਥੀ 9:5) ਇਹ ਸੱਚਾਈ ਲਾਜ਼ਰ ਦੀ ਉਦਾਹਰਣ ਤੋਂ ਦੇਖੀ ਜਾ ਸਕਦੀ ਹੈ। ਜਦ ਲਾਜ਼ਰ ਨੂੰ ਜੀਉਂਦਾ ਕੀਤਾ ਗਿਆ ਸੀ, ਤਾਂ ਉਸ ਨੇ ਇਹ ਨਹੀਂ ਕਿਹਾ ਕਿ ਉਹ ਸਵਰਗ ਵਿਚ ਜਾਂ ਨਰਕ ਵਿਚ ਸੀ। ਨਾ ਹੀ ਉਸ ਨੇ ਕਿਹਾ ਕਿ ਜੀਉਂਦਾ ਕੀਤੇ ਜਾਣ ਤੋਂ ਪਹਿਲਾਂ ਉਸ ਦੀ ਆਤਮਾ ਥਾਂ-ਥਾਂ ਭਟਕ ਰਹੀ ਸੀ। ਲਾਜ਼ਰ ਚਾਰ ਦਿਨ ਮੌਤ ਦੀ ਗੂੜ੍ਹੀ ਨੀਂਦ ਵਿਚ ਸੀ। ਉਸ ਨੂੰ ਕਿਸੇ ਚੀਜ਼ ਦੀ ਖ਼ਬਰ ਨਹੀਂ ਸੀ।​—ਯੂਹੰਨਾ 11:11.

12. ਅਸੀਂ ਕਿਉਂ ਪੱਕਾ ਯਕੀਨ ਕਰ ਸਕਦੇ ਹਾਂ ਕਿ ਲਾਜ਼ਰ ਨੂੰ ਸੱਚ-ਮੁੱਚ ਜੀ ਉਠਾਇਆ ਗਿਆ ਸੀ?

12 ਲਾਜ਼ਰ ਦੀ ਉਦਾਹਰਣ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਮੁਰਦਿਆਂ ਦਾ ਜੀ ਉੱਠਣਾ ਸੁਪਨਾ ਨਹੀਂ, ਬਲਕਿ ਹਕੀਕਤ ਹੈ। ਯਿਸੂ ਨੇ ਲਾਜ਼ਰ ਨੂੰ ਲੋਕਾਂ ਦੀਆਂ ਅੱਖਾਂ ਦੇ ਸਾਮ੍ਹਣੇ ਜੀ ਉਠਾਇਆ। ਉਸ ਸਮੇਂ ਦੇ ਧਾਰਮਿਕ ਆਗੂ, ਜੋ ਯਿਸੂ ਨਾਲ ਬੇਹੱਦ ਨਫ਼ਰਤ ਕਰਦੇ ਸਨ, ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦੇ ਸਨ ਕਿ ਇਹ ਚਮਤਕਾਰ ਹੋਇਆ ਸੀ। ਉਨ੍ਹਾਂ ਨੇ ਖ਼ੁਦ ਕਿਹਾ: “ਅਸੀਂ ਹੁਣ ਕੀ ਕਰੀਏ, ਇਹ ਆਦਮੀ ਤਾਂ ਬਹੁਤ ਸਾਰੇ ਚਮਤਕਾਰ ਕਰ ਰਿਹਾ ਹੈ?” (ਯੂਹੰਨਾ 11:47) ਬਾਅਦ ਵਿਚ ਕਈ ਲੋਕ ਲਾਜ਼ਰ ਨੂੰ ਦੇਖਣ ਆਏ ਤੇ ਉਸ ਨੂੰ ਦੇਖ ਕੇ ਯਿਸੂ ਵਿਚ ਵਿਸ਼ਵਾਸ ਕਰਨ ਲੱਗ ਪਏ। ਲਾਜ਼ਰ ਇਸ ਗੱਲ ਦਾ ਜੀਉਂਦਾ-ਜਾਗਦਾ ਸਬੂਤ ਸੀ ਕਿ ਯਹੋਵਾਹ ਨੇ ਹੀ ਯਿਸੂ ਨੂੰ ਘੱਲਿਆ ਸੀ। ਧਾਰਮਿਕ ਆਗੂ ਇਹ ਸਭ ਕੁਝ ਦੇਖ ਕੇ ਜਲ-ਬਲ ਗਏ ਅਤੇ ਉਨ੍ਹਾਂ ਨੇ ਯਿਸੂ ਅਤੇ ਲਾਜ਼ਰ ਨੂੰ ਜਾਨੋਂ ਮਾਰਨ ਦੀ ਸਾਜ਼ਸ਼ ਘੜੀ।​—ਯੂਹੰਨਾ 11:53; 12:9-11.

13. ਸਾਨੂੰ ਕਿੱਦਾਂ ਪਤਾ ਹੈ ਕਿ ਯਹੋਵਾਹ ਮਰੇ ਹੋਇਆਂ ਨੂੰ ਦੁਬਾਰਾ ਜੀਉਂਦਾ ਕਰ ਸਕਦਾ ਹੈ?

13 ਮੁਰਦਿਆਂ ਦਾ ਜੀ ਉੱਠਣਾ ਇਕ ਹਕੀਕਤ ਹੈ। ਯਿਸੂ ਦੇ ਸ਼ਬਦਾਂ ਤੋਂ ਸਾਡਾ ਵਿਸ਼ਵਾਸ ਹੋਰ ਵੀ ਪੱਕਾ ਹੁੰਦਾ ਹੈ। ਉਸ ਨੇ ਕਿਹਾ ਸੀ ਕਿ ਇਕ ਦਿਨ ਆਵੇਗਾ ਜਦ “ਕਬਰਾਂ ਵਿਚ ਪਏ ਸਾਰੇ ਲੋਕ” ਦੁਬਾਰਾ ਜੀਉਂਦੇ ਕੀਤੇ ਜਾਣਗੇ। (ਯੂਹੰਨਾ 5:28) ਇਸ ਜਹਾਨ ਦਾ ਮਾਲਕ, ਸਾਡਾ ਕਰਤਾਰ ਯਹੋਵਾਹ ਪਰਮੇਸ਼ੁਰ ਸਰਬਸ਼ਕਤੀਮਾਨ ਹੈ। ਇਸ ਲਈ ਉਹ ਕੁਝ ਵੀ ਕਰ ਸਕਦਾ ਹੈ। ਜੇ ਉਹ ਖਰਬਾਂ ਤਾਰਿਆਂ ਦੀ ਰਚਨਾ ਕਰ ਕੇ ਉਨ੍ਹਾਂ ਸਾਰਿਆਂ ਦੇ ਨਾਂ ਯਾਦ ਰੱਖ ਸਕਦਾ ਹੈ, ਤਾਂ ਮੁਰਦਿਆਂ ਨੂੰ ਯਾਦ ਰੱਖਣਾ ਉਸ ਲਈ ਕੋਈ ਵੱਡੀ ਗੱਲ ਨਹੀਂ। (ਯਸਾਯਾਹ 40:26) ਹਾਂ, ਉਹ ਸਾਡੇ ਮਰੇ ਹੋਏ ਅਜ਼ੀਜ਼ਾਂ ਦੀ ਹਰੇਕ ਗੱਲ ਯਾਦ ਰੱਖ ਸਕਦਾ ਹੈ ਤੇ ਉਨ੍ਹਾਂ ਨੂੰ ਦੁਬਾਰਾ ਜੀਉਂਦਾ ਕਰ ਸਕਦਾ ਹੈ।

14, 15. ਕੀ ਯਹੋਵਾਹ ਲੋਕਾਂ ਨੂੰ ਦੁਬਾਰਾ ਜੀਉਂਦਾ ਕਰਨਾ ਚਾਹੁੰਦਾ ਹੈ?

14 ਲੇਕਿਨ, ਸਾਨੂੰ ਕਿੱਦਾਂ ਪਤਾ ਹੈ ਕਿ ਯਹੋਵਾਹ ਮਰੇ ਹੋਇਆਂ ਨੂੰ ਦੁਬਾਰਾ ਜੀਉਂਦਾ ਕਰਨਾ ਚਾਹੁੰਦਾ ਹੈ? ਬਾਈਬਲ ਦੱਸਦੀ ਹੈ ਕਿ ਇਹ ਯਹੋਵਾਹ ਦੀ ਦਿਲੀ ਇੱਛਾ ਹੈ। ਉਸ ਦੇ ਭਗਤ ਅੱਯੂਬ ਨੇ ਪੁੱਛਿਆ ਸੀ ਕਿ ‘ਜੇ ਬੰਦਾ ਮਰ ਜਾਵੇ ਤਾਂ ਕੀ ਉਹ ਫੇਰ ਜੀਵੇਗਾ?’ ਅੱਯੂਬ ਜਾਣਦਾ ਸੀ ਕਿ ਯਹੋਵਾਹ ਉਸ ਨੂੰ ਕਦੀ ਨਹੀਂ ਭੁੱਲੇਗਾ ਕਿਉਂਕਿ ਉਸ ਨੇ ਅੱਗੇ ਕਿਹਾ: “ਤੂੰ ਪੁਕਾਰੇਂਗਾ ਅਤੇ ਮੈਂ ਤੈਨੂੰ ਉੱਤਰ ਦਿਆਂਗਾ, ਤੂੰ ਆਪਣੇ ਹੱਥਾਂ ਦੇ ਕੰਮ ਨੂੰ ਚਾਹਵੇਂਗਾ।”​—ਅੱਯੂਬ 14:13-15.

15 ਹਾਂ, ਯਹੋਵਾਹ ਸੱਚ-ਮੁੱਚ ਮੁਰਦਿਆਂ ਨੂੰ ਜੀਉਂਦਾ ਕਰਨਾ ਚਾਹੁੰਦਾ ਹੈ। ਇਹ ਜਾਣ ਕੇ ਸਾਡੇ ਦਿਲ ਨੂੰ ਕਿੰਨੀ ਠੰਢਕ ਪਹੁੰਚਦੀ ਹੈ। ਪਰ ਕੀ ਯਹੋਵਾਹ ਸਾਰੇ ਮਰੇ ਹੋਏ ਲੋਕਾਂ ਨੂੰ ਜੀਉਂਦਾ ਕਰੇਗਾ?

ਕਿਨ੍ਹਾਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ?

16. ਮਰੇ ਹੋਇਆਂ ਨੂੰ ਕਿਹੋ ਜਿਹੇ ਹਾਲਾਤਾਂ ਵਿਚ ਜੀ ਉਠਾਇਆ ਜਾਵੇਗਾ?

16 ਬਾਈਬਲ ਵਿੱਚੋਂ ਜੀ ਉਠਾਏ ਗਏ ਲੋਕਾਂ ਦੀਆਂ ਉਦਾਹਰਣਾਂ ਤੋਂ ਸਾਨੂੰ ਆਉਣ ਵਾਲੇ ਸਮੇਂ ਬਾਰੇ ਬਹੁਤ ਕੁਝ ਪਤਾ ਲੱਗਦਾ ਹੈ। ਭਵਿੱਖ ਵਿਚ ਵੀ ਇਸੇ ਤਰ੍ਹਾਂ ਲੋਕਾਂ ਨੂੰ ਜੀ ਉਠਾਇਆ ਜਾਵੇਗਾ। ਪਰ ਉਹ ਬਿਹਤਰ ਜ਼ਿੰਦਗੀ ਦਾ ਆਨੰਦ ਮਾਣਨਗੇ। ਜਿੱਦਾਂ ਅਸੀਂ ਤੀਜੇ ਅਧਿਆਇ ਵਿਚ ਸਿੱਖਿਆ ਸੀ, ਪਰਮੇਸ਼ੁਰ ਦਾ ਮਕਸਦ ਹੈ ਕਿ ਸਾਰੇ ਦੁੱਖ-ਤਕਲੀਫ਼ ਦੂਰ ਕੀਤੇ ਜਾਣ ਅਤੇ ਪੂਰੀ ਧਰਤੀ ਇਕ ਸੋਹਣਾ ਬਾਗ਼ ਬਣ ਜਾਵੇ। ਇਸੇ ਸੁੰਦਰ ਧਰਤੀ ਉੱਤੇ ਯਹੋਵਾਹ ਮਰੇ ਹੋਇਆਂ ਨੂੰ ਜੀ ਉਠਾਵੇਗਾ ਅਤੇ ਉਨ੍ਹਾਂ ਨੂੰ ਸਦਾ ਲਈ ਖ਼ੁਸ਼ੀ ਅਤੇ ਅਮਨ-ਚੈਨ ਦੀ ਜ਼ਿੰਦਗੀ ਜੀਉਣ ਦਾ ਮੌਕਾ ਦੇਵੇਗਾ।

17. ਕਿਨ੍ਹਾਂ ਨੂੰ ਜੀ ਉਠਾਇਆ ਜਾਵੇਗਾ?

17 ਇਸ ਸੁੰਦਰ ਧਰਤੀ ਉੱਤੇ ਕਿਨ੍ਹਾਂ ਨੂੰ ਜੀ ਉਠਾਇਆ ਜਾਵੇਗਾ? ਯਿਸੂ ਨੇ ਕਿਹਾ ਸੀ ਕਿ “ਕਬਰਾਂ ਵਿਚ ਪਏ ਸਾਰੇ ਲੋਕ ਉਸ ਦੀ ਆਵਾਜ਼ ਸੁਣਨਗੇ ਅਤੇ ਬਾਹਰ ਨਿਕਲ ਆਉਣਗੇ।” (ਯੂਹੰਨਾ 5:28, 29) ਬਾਈਬਲ ਇਹ ਵੀ ਕਹਿੰਦੀ ਹੈ ਕਿ “ਸਮੁੰਦਰ ਨੇ ਉਹ ਸਾਰੇ ਮਰੇ ਹੋਏ ਲੋਕ ਮੋੜ ਦਿੱਤੇ ਜਿਹੜੇ ਉਸ ਵਿਚ ਸਨ, ਅਤੇ ‘ਮੌਤ’ ਤੇ ‘ਕਬਰ’ ਨੇ ਵੀ ਉਹ ਸਾਰੇ ਮਰੇ ਹੋਏ ਲੋਕ ਮੋੜ ਦਿੱਤੇ ਜਿਹੜੇ ਉਨ੍ਹਾਂ ਵਿਚ ਸਨ।” (ਪ੍ਰਕਾਸ਼ ਦੀ ਕਿਤਾਬ 20:13; ਦਿੱਤੀ ਗਈ ਵਧੇਰੇ ਜਾਣਕਾਰੀ “ਸ਼ੀਓਲ ਅਤੇ ਹੇਡੀਜ਼ ਕੀ ਹਨ?” ਦੇਖੋ।) ਮਰ ਚੁੱਕੇ ਖਰਬਾਂ ਲੋਕ ਜੀ ਉਠਾਏ ਜਾਣਗੇ। ਬਾਈਬਲ ਕਹਿੰਦੀ ਹੈ ਕਿ “ਪਰਮੇਸ਼ੁਰ ਮਰ ਚੁੱਕੇ ਧਰਮੀ ਅਤੇ ਕੁਧਰਮੀ ਲੋਕਾਂ ਨੂੰ ਦੁਬਾਰਾ ਜੀਉਂਦਾ ਕਰੇਗਾ।” (ਰਸੂਲਾਂ ਦੇ ਕੰਮ 24:15) ਇਹ ਧਰਮੀ ਤੇ ਕੁਧਰਮੀ ਲੋਕ ਕੌਣ ਹਨ?

ਬਾਗ਼ ਵਰਗੀ ਸੋਹਣੀ ਧਰਤੀ ’ਤੇ ਲੋਕ ਆਪਣੇ ਵਿਛੜੇ ਹੋਏ ਅਜ਼ੀਜ਼ਾਂ ਨੂੰ ਦੁਬਾਰਾ ਮਿਲਣਗੇ

18. ਦੁਬਾਰਾ ਜੀ ਉਠਾਏ ਜਾਣ ਵਾਲੇ ‘ਧਰਮੀਆਂ’ ਵਿਚ ਕੌਣ-ਕੌਣ ਹੋਣਗੇ ਅਤੇ ਇਸ ਉਮੀਦ ਬਾਰੇ ਤੁਸੀਂ ਕਿੱਦਾਂ ਮਹਿਸੂਸ ਕਰਦੇ ਹੋ?

18 “ਧਰਮੀ” ਉਹ ਲੋਕ ਹਨ ਜਿਨ੍ਹਾਂ ਨੇ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕੀਤੀ ਸੀ। ਇਨ੍ਹਾਂ ਵਿੱਚੋਂ ਬਹੁਤ ਸਾਰੇ ਸੇਵਕ ਯਿਸੂ ਦੇ ਜ਼ਮਾਨੇ ਤੋਂ ਪਹਿਲਾਂ ਦੇ ਸਮੇਂ ਵਿਚ ਜੀਉਂਦੇ ਸਨ। ਤੁਸੀਂ ਸ਼ਾਇਦ ਨੂਹ, ਅਬਰਾਹਾਮ, ਸਾਰਾਹ, ਮੂਸਾ, ਰੂਥ, ਅਸਤਰ ਅਤੇ ਹੋਰ ਕਈ ਵਫ਼ਾਦਾਰ ਸੇਵਕਾਂ ਦੇ ਨਾਂ ਜਾਣਦੇ ਹੋਵੋਗੇ। (ਇਬਰਾਨੀਆਂ, ਅਧਿਆਇ 11) ਨਾਲੇ ਧਰਮੀਆਂ ਵਿਚ ਯਹੋਵਾਹ ਦੇ ਉਹ ਸੇਵਕ ਵੀ ਹਨ ਜੋ ਹਾਲ ਹੀ ਦੇ ਸਮਿਆਂ ਵਿਚ ਮਰੇ ਹਨ। ਜੇ ਅਸੀਂ ਇਸ ਦੁਨੀਆਂ ਦਾ ਅੰਤ ਆਉਣ ਤੋਂ ਪਹਿਲਾਂ ਮਰ ਜਾਈਏ, ਤਾਂ ਅਸੀਂ ਵੀ ਦੁਬਾਰਾ ਜੀ ਉਠਾਏ ਜਾਣ ਦੀ ਪੱਕੀ ਉਮੀਦ ਰੱਖ ਸਕਦੇ ਹਾਂ। ਇਸ ਲਈ ਸਾਨੂੰ ਮੌਤ ਤੋਂ ਜ਼ਰਾ ਵੀ ਡਰਨ ਦੀ ਲੋੜ ਨਹੀਂ।—ਇਬਰਾਨੀਆਂ 2:15.

19. “ਕੁਧਰਮੀ” ਕੌਣ ਹਨ ਅਤੇ ਯਹੋਵਾਹ ਇਨ੍ਹਾਂ ਨੂੰ ਕਿਹੜਾ ਵਧੀਆ ਮੌਕਾ ਦੇਵੇਗਾ?

19 ਇਹ “ਕੁਧਰਮੀ” ਲੋਕ ਕੌਣ ਹਨ? ਇਹ ਉਹ ਲੋਕ ਹਨ ਜਿਨ੍ਹਾਂ ਨੂੰ ਯਹੋਵਾਹ ਬਾਰੇ ਜਾਣਨ ਤੋਂ ਪਹਿਲਾਂ ਹੀ ਮੌਤ ਨੇ ਨਿਗਲ ਲਿਆ ਸੀ। ਯਹੋਵਾਹ ਨੂੰ ਨਾ ਜਾਣਨ ਕਰਕੇ ਇਹ ਲੋਕ ਉਸ ਦੇ ਰਾਹਾਂ ’ਤੇ ਨਹੀਂ ਚੱਲ ਸਕੇ। ਯਹੋਵਾਹ ਇਨ੍ਹਾਂ ਲੱਖਾਂ ਲੋਕਾਂ ਨੂੰ ਭੁੱਲੇਗਾ ਨਹੀਂ। ਇਨ੍ਹਾਂ ਨੂੰ ਵੀ ਮੌਤ ਦੀ ਨੀਂਦ ਤੋਂ ਜਗਾਇਆ ਜਾਵੇਗਾ ਅਤੇ ਸੱਚੇ ਪਰਮੇਸ਼ੁਰ ਬਾਰੇ ਜਾਣਨ ਅਤੇ ਉਸ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਜਾਵੇਗਾ। ਇਹ ਸਭ ਕੁਝ ਯਿਸੂ ਦੇ ਹਜ਼ਾਰ ਸਾਲਾਂ ਦੇ ਰਾਜ ਦੌਰਾਨ ਹੋਵੇਗਾ। ਉਹ ਬਹੁਤ ਹੀ ਵਧੀਆ ਸਮਾਂ ਹੋਵੇਗਾ। ਬਾਈਬਲ ਇਸ ਨੂੰ ਨਿਆਂ ਦਾ ਦਿਨ ਕਹਿੰਦੀ ਹੈ। *

20. ਕੀ ਸਾਰੇ ਮਰ ਚੁੱਕੇ ਇਨਸਾਨਾਂ ਨੂੰ ਜੀ ਉਠਾਇਆ ਜਾਵੇਗਾ?

20 ਕੀ ਇਸ ਦਾ ਇਹ ਮਤਲਬ ਹੈ ਕਿ ਹਰ ਇਨਸਾਨ ਜੋ ਮਰ ਚੁੱਕਾ ਹੈ ਜੀ ਉਠਾਇਆ ਜਾਵੇਗਾ? ਨਹੀਂ। ਬਾਈਬਲ ਅਜਿਹੇ ਲੋਕਾਂ ਦੀ ਗੱਲ ਵੀ ਕਰਦੀ ਹੈ ਜਿਨ੍ਹਾਂ ਦੇ ਪਾਪ ਇੰਨੇ ਭੈੜੇ ਸਨ ਕਿ ਯਹੋਵਾਹ ਉਨ੍ਹਾਂ ਨੂੰ ਦੁਬਾਰਾ ਜੀਉਂਦਾ ਕੀਤੇ ਜਾਣ ਦੇ ਲਾਇਕ ਨਹੀਂ ਸਮਝਦਾ। ਯਿਸੂ ਨੇ ਅਜਿਹੇ ਲੋਕਾਂ ਦੇ ਸਰਬਨਾਸ਼ ਦੀ ਤੁਲਨਾ ਉਨ੍ਹਾਂ ਚੀਜ਼ਾਂ ਨਾਲ ਕੀਤੀ ਸੀ ਜੋ “ਗ਼ਹੈਨਾ” ਵਿਚ ਸੁੱਟੀਆਂ ਜਾਂਦੀਆਂ ਸਨ। (ਲੂਕਾ 12:5) ਯਰੂਸ਼ਲਮ ਦੇ ਬਾਹਰ ਕੂੜਾ ਸੁੱਟਣ ਦੀ ਥਾਂ ਨੂੰ ਗ਼ਹੈਨਾ ਕਿਹਾ ਜਾਂਦਾ ਸੀ। ਉੱਥੇ ਬਲਦੀ ਅੱਗ ਵਿਚ ਕੂੜੇ ਦੇ ਨਾਲ-ਨਾਲ ਉਨ੍ਹਾਂ ਅਪਰਾਧੀਆਂ ਦੀਆਂ ਲਾਸ਼ਾਂ ਨੂੰ ਸੁੱਟਿਆ ਜਾਂਦਾ ਸੀ ਜੋ ਯਹੂਦੀ ਲੋਕਾਂ ਦੀਆਂ ਨਜ਼ਰਾਂ ਵਿਚ ਦਫ਼ਨਾਉਣ ਜਾਂ ਦੁਬਾਰਾ ਜੀਉਂਦਾ ਕੀਤੇ ਜਾਣ ਦੇ ਲਾਇਕ ਨਹੀਂ ਸਨ। ਯਹੋਵਾਹ ਮਰ ਚੁੱਕੇ ਦੁਸ਼ਟਾਂ ਨੂੰ ਵੀ ਇਸੇ ਤਰ੍ਹਾਂ ਵਿਚਾਰਦਾ ਹੈ। ਭਾਵੇਂ ਜੀਉਂਦਿਆਂ ਤੇ ਮਰਿਆਂ ਦਾ ਨਿਆਂ ਕਰਨ ਵਿਚ ਯਿਸੂ ਅਹਿਮ ਭੂਮਿਕਾ ਨਿਭਾਵੇਗਾ, ਪਰ ਯਹੋਵਾਹ ਹੀ ਇਹ ਫ਼ੈਸਲਾ ਕਰੇਗਾ ਕਿ ਕੌਣ ਜੀ ਉਠਾਏ ਜਾਣ ਦੇ ਲਾਇਕ ਹਨ ਤੇ ਕੌਣ ਨਹੀਂ। (ਰਸੂਲਾਂ ਦੇ ਕੰਮ 10:42) ਜਿਹੜੇ ਲੋਕ ਯਹੋਵਾਹ ਦੀਆਂ ਨਜ਼ਰਾਂ ਵਿਚ ਦੁਸ਼ਟ ਅਤੇ ਨਾ ਬਦਲਣਯੋਗ ਸਾਬਤ ਹੁੰਦੇ ਹਨ, ਉਨ੍ਹਾਂ ਨੂੰ ਦੁਬਾਰਾ ਜੀਉਂਦਾ ਨਹੀਂ ਕੀਤਾ ਜਾਵੇਗਾ, ਬਲਕਿ ਉਨ੍ਹਾਂ ਦਾ ਸਰਬਨਾਸ਼ ਹੋ ਚੁੱਕਾ ਹੈ।

ਸਵਰਗ ਜਾਣ ਲਈ ਜੀ ਉਠਾਏ ਗਏ

21, 22. (ੳ) ਧਰਤੀ ਉੱਤੇ ਜੀ ਉਠਾਏ ਗਏ ਇਨਸਾਨਾਂ ਤੋਂ ਇਲਾਵਾ ਹੋਰ ਕਿਨ੍ਹਾਂ ਨੂੰ ਜੀ ਉਠਾਇਆ ਜਾਵੇਗਾ? (ਅ) ਇਨ੍ਹਾਂ ਵਿੱਚੋਂ ਪਹਿਲਾਂ ਕਿਸ ਨੂੰ ਜੀ ਉਠਾਇਆ ਗਿਆ ਸੀ?

21 ਬਾਈਬਲ ਸਾਨੂੰ ਇਹ ਵੀ ਦੱਸਦੀ ਹੈ ਕਿ ਜਿਵੇਂ ਯਿਸੂ ਨੂੰ ਸਵਰਗ ਵਾਪਸ ਜਾਣ ਲਈ ਜੀ ਉਠਾਇਆ ਗਿਆ ਸੀ, ਤਿਵੇਂ ਹੀ ਹੋਰ ਦੂਸਰੇ ਲੋਕਾਂ ਨੂੰ ਵੀ ਜੀ ਉਠਾ ਕੇ ਸਵਰਗ ਲੈ ਜਾਇਆ ਜਾਵੇਗਾ।

22 ਯਿਸੂ ਦੀ ਮੌਤ ਤੋਂ ਬਾਅਦ ਯਹੋਵਾਹ ਨੇ ਆਪਣੇ ਵਫ਼ਾਦਾਰ ਪੁੱਤਰ ਨੂੰ ਕਬਰ ਵਿਚ ਗਲ਼ਣ-ਸੜਨ ਲਈ ਨਹੀਂ ਛੱਡਿਆ। (ਜ਼ਬੂਰਾਂ ਦੀ ਪੋਥੀ 16:10; ਰਸੂਲਾਂ ਦੇ ਕੰਮ 13:34, 35) ਯਹੋਵਾਹ ਨੇ ਉਸ ਨੂੰ ਮੌਤ ਦੀ ਨੀਂਦ ਤੋਂ ਜਗਾਇਆ, ਪਰ ਧਰਤੀ ਉੱਤੇ ਜੀਉਣ ਲਈ ਨਹੀਂ, ਸਗੋਂ ਸਵਰਗ ਵਾਪਸ ਜਾਣ ਲਈ। ਪਤਰਸ ਰਸੂਲ ਸਮਝਾਉਂਦਾ ਹੈ ਕਿ “ਉਸ ਨੂੰ ਇਨਸਾਨੀ ਸਰੀਰ ਵਿਚ ਮਾਰਿਆ ਗਿਆ, ਪਰ ਸਵਰਗੀ ਸਰੀਰ ਵਿਚ ਦੁਬਾਰਾ ਜੀਉਂਦਾ ਕੀਤਾ ਗਿਆ।” (1 ਪਤਰਸ 3:18) ਹਾਂ, ਯਿਸੂ ਇਨਸਾਨ ਵਜੋਂ ਮਰਿਆ, ਪਰ ਫ਼ਰਿਸ਼ਤੇ ਵਜੋਂ ਜੀਉਂਦਾ ਕੀਤਾ ਗਿਆ ਸੀ। (1 ਕੁਰਿੰਥੀਆਂ 15:3-6 ਪੜ੍ਹੋ।) ਯਿਸੂ ਪਹਿਲਾ ਸ਼ਖ਼ਸ ਸੀ ਜਿਸ ਨੂੰ ਸਵਰਗ ਜਾਣ ਲਈ ਜੀ ਉਠਾਇਆ ਗਿਆ ਸੀ, ਪਰ ਉਹ ਆਖ਼ਰੀ ਨਹੀਂ ਸੀ।​—ਯੂਹੰਨਾ 3:13.

23, 24. ਯਿਸੂ ਦੇ “ਛੋਟੇ ਝੁੰਡ” ਵਿਚ ਕੌਣ ਹਨ ਤੇ ਉਹ ਕਿੰਨੇ ਜਣੇ ਹਨ?

23 ਜਦ ਯਿਸੂ ਧਰਤੀ ’ਤੇ ਸੀ, ਤਾਂ ਉਸ ਨੇ ਕਿਹਾ ਕਿ ਉਸ ਦੇ ਕੁਝ ਚੇਲੇ ਸਵਰਗ ਨੂੰ ਜਾਣਗੇ। ਉਸ ਨੇ ਕਿਹਾ ਸੀ ਕਿ ਉਹ ਖ਼ੁਦ ਸਵਰਗ ਜਾ ਕੇ ਉਨ੍ਹਾਂ ਲਈ “ਜਗ੍ਹਾ ਤਿਆਰ” ਕਰੇਗਾ। (ਯੂਹੰਨਾ 14:2) ਸਵਰਗ ਜਾਣ ਵਾਲਿਆਂ ਨੂੰ ਉਸ ਨੇ ‘ਛੋਟਾ ਝੁੰਡ’ ਕਿਹਾ ਸੀ। (ਲੂਕਾ 12:32) ਪਰ ਕਿੰਨੇ ਕੁ ਜਣੇ ਸਵਰਗ ਨੂੰ ਜਾਣਗੇ? ਬਾਈਬਲ ਦੀ ਆਖ਼ਰੀ ਕਿਤਾਬ ਵਿਚ ਯੂਹੰਨਾ ਨੇ ਕਿਹਾ: “ਮੈਂ ਸੀਓਨ ਪਹਾੜ ਉੱਤੇ ਲੇਲੇ [ਯਿਸੂ ਮਸੀਹ] ਨੂੰ ਖੜ੍ਹਾ ਦੇਖਿਆ ਅਤੇ ਉਸ ਦੇ ਨਾਲ 1,44,000 ਲੋਕ ਖੜ੍ਹੇ ਸਨ ਅਤੇ ਉਨ੍ਹਾਂ ਦੇ ਮੱਥਿਆਂ ਉੱਤੇ ਲੇਲੇ ਦਾ ਨਾਂ ਅਤੇ ਉਸ ਦੇ ਪਿਤਾ ਦਾ ਨਾਂ ਲਿਖਿਆ ਹੋਇਆ ਸੀ।” (ਪ੍ਰਕਾਸ਼ ਦੀ ਕਿਤਾਬ 14:1) ਤਾਂ ਫਿਰ, ਸਵਰਗ ਨੂੰ ਜਾਣ ਵਾਲਿਆਂ ਦੀ ਗਿਣਤੀ 1,44,000 ਹੈ।

24 ਪਰ ਇਨ੍ਹਾਂ ਵਫ਼ਾਦਾਰ ਚੇਲਿਆਂ ਨੂੰ ਕਦੋਂ ਜੀ ਉਠਾਇਆ ਜਾਣਾ ਸੀ? ਬਾਈਬਲ ਵਿਚ ਦੱਸਿਆ ਗਿਆ ਹੈ ਕਿ ਇਨ੍ਹਾਂ ਨੂੰ ਯਿਸੂ ਦੇ ਰਾਜਾ ਬਣਨ ਤੋਂ ਬਾਅਦ ਜੀ ਉਠਾਇਆ ਜਾਣਾ ਸੀ। ਅਸੀਂ 9ਵੇਂ ਅਧਿਆਇ ਵਿਚ ਸਿੱਖਾਂਗੇ ਕਿ ਯਿਸੂ 1914 ਵਿਚ ਰਾਜਾ ਬਣਿਆ ਸੀ। ਉਸ ਸਮੇਂ ਤੋਂ ਚੁਣੇ ਹੋਏ ਵਫ਼ਾਦਾਰ ਸੇਵਕਾਂ ਨੂੰ ਜੀ ਉਠਾਇਆ ਜਾ ਰਿਹਾ ਹੈ। ਪਰ ਅੱਜ 1,44,000 ਵਿੱਚੋਂ ਕੁਝ ਲੋਕ ਧਰਤੀ ’ਤੇ ਹਾਲੇ ਜੀਉਂਦੇ ਹਨ। ਜਿਸ ਵੇਲੇ ਉਹ ਮੌਤ ਦੀ ਨੀਂਦ ਸੌਣਗੇ, ਉਸੇ ਵੇਲੇ ਉਨ੍ਹਾਂ ਨੂੰ ਜੀ ਉਠਾਇਆ ਜਾਵੇਗਾ ਅਤੇ ਉਹ ਸਵਰਗ ਨੂੰ ਚਲੇ ਜਾਣਗੇ। (1 ਕੁਰਿੰਥੀਆਂ 15:51-55) ਪਰ ਜ਼ਿਆਦਾਤਰ ਲੋਕਾਂ ਨੂੰ ਇਸ ਸੁੰਦਰ ਧਰਤੀ ਉੱਤੇ ਸਦਾ ਵਾਸਤੇ ਜੀਉਣ ਲਈ ਮੌਤ ਦੀ ਨੀਂਦ ਤੋਂ ਜਗਾਇਆ ਜਾਵੇਗਾ।

25. ਅਸੀਂ ਅਗਲੇ ਅਧਿਆਇ ਵਿਚ ਕੀ ਸਿੱਖਾਂਗੇ?

25 ਜੀ ਹਾਂ, ਯਹੋਵਾਹ ਹਮੇਸ਼ਾ-ਹਮੇਸ਼ਾ ਲਈ ਮੌਤ ਦਾ ਨਾਮੋ-ਨਿਸ਼ਾਨ ਮਿਟਾ ਦੇਵੇਗਾ! (ਯਸਾਯਾਹ 25:8 ਪੜ੍ਹੋ।) ਪਰ ਤੁਸੀਂ ਸ਼ਾਇਦ ਸੋਚ ਰਹੇ ਹੋਵੋਗੇ ਕਿ ‘ਸਵਰਗ ਵਿਚ ਇਨ੍ਹਾਂ ਲੋਕਾਂ ਨੇ ਕਰਨਾ ਕੀ ਹੈ?’ ਇਹ ਸਭ ਯਿਸੂ ਨਾਲ ਸਵਰਗ ਵਿਚ ਰਾਜ ਕਰਨਗੇ। ਅਗਲੇ ਅਧਿਆਇ ਵਿਚ ਅਸੀਂ ਇਸ ਰਾਜ ਬਾਰੇ ਹੋਰ ਸਿੱਖਾਂਗੇ।

^ ਪੈਰਾ 9 ਇਨ੍ਹਾਂ ਲੋਕਾਂ ਬਾਰੇ ਇਨ੍ਹਾਂ ਹਵਾਲਿਆਂ ਵਿਚ ਦੱਸਿਆ ਗਿਆ ਹੈ: 1 ਰਾਜਿਆਂ 17:17-24; 2 ਰਾਜਿਆਂ 4:32-37; 13:20, 21; ਮੱਤੀ 28:5-7; ਲੂਕਾ 7:11-17; 8:40-56; ਰਸੂਲਾਂ ਦੇ ਕੰਮ 9:36-42; 20:7-12.

^ ਪੈਰਾ 19 ਨਿਆਂ ਦੇ ਦਿਨ ਬਾਰੇ ਹੋਰ ਜਾਣਕਾਰੀ ਲਈ, ਦਿੱਤੀ ਗਈ ਵਧੇਰੇ ਜਾਣਕਾਰੀ “ਨਿਆਂ ਦਾ ਦਿਨ ਕੀ ਹੈ?” ਦੇਖੋ।