ਬਾਈਬਲ ਦਾ ਸੰਦੇਸ਼—ਮੁੱਖ ਗੱਲਾਂ
ਯਹੋਵਾਹ ਨੇ ਆਦਮ ਅਤੇ ਹੱਵਾਹ ਨੂੰ ਹਮੇਸ਼ਾ ਜੀਉਂਦੇ ਰਹਿਣ ਵਾਸਤੇ ਬਣਾਇਆ ਸੀ। ਸ਼ਤਾਨ ਨੇ ਪਰਮੇਸ਼ੁਰ ਦੇ ਨਾਂ ਨੂੰ ਬਦਨਾਮ ਕੀਤਾ ਅਤੇ ਉਸ ਦੇ ਰਾਜ ਕਰਨ ਦੇ ਹੱਕ ਉੱਤੇ ਸਵਾਲ ਖੜ੍ਹੇ ਕੀਤੇ। ਆਦਮ ਅਤੇ ਹੱਵਾਹ ਨੇ ਵੀ ਸ਼ਤਾਨ ਨਾਲ ਰਲ ਕੇ ਯਹੋਵਾਹ ਦੇ ਖ਼ਿਲਾਫ਼ ਬਗਾਵਤ ਕੀਤੀ। ਇਸ ਕਰਕੇ ਦੁਨੀਆਂ ਵਿਚ ਪਾਪ ਅਤੇ ਮੌਤ ਆਈ
ਯਹੋਵਾਹ ਨੇ ਬਾਗ਼ੀਆਂ ਨੂੰ ਸਜ਼ਾ ਸੁਣਾਈ ਅਤੇ ਵਾਅਦਾ ਕੀਤਾ ਕਿ ਉਹ ਮੁਕਤੀਦਾਤੇ ਜਾਂ ਸੰਤਾਨ ਦੇ ਰਾਹੀਂ ਸ਼ਤਾਨ ਦਾ ਸਿਰ ਕੁਚਲੇਗਾ ਅਤੇ ਅਣਆਗਿਆਕਾਰੀ ਅਤੇ ਪਾਪ ਦੇ ਬੁਰੇ ਅੰਜਾਮ ਨੂੰ ਖ਼ਤਮ ਕਰੇਗਾ
ਯਹੋਵਾਹ ਨੇ ਅਬਰਾਹਾਮ ਅਤੇ ਦਾਊਦ ਨਾਲ ਵਾਅਦਾ ਕੀਤਾ ਕਿ ਉਨ੍ਹਾਂ ਦੀ ਪੀੜ੍ਹੀ ਵਿਚ ਸੰਤਾਨ ਜਾਂ ਮਸੀਹ ਪੈਦਾ ਹੋਵੇਗਾ ਜੋ ਹਮੇਸ਼ਾ ਲਈ ਰਾਜ ਕਰੇਗਾ
ਯਹੋਵਾਹ ਨੇ ਆਪਣੇ ਨਬੀਆਂ ਰਾਹੀਂ ਲਿਖਵਾਇਆ ਕਿ ਮਸੀਹ ਦੁਨੀਆਂ ਵਿੱਚੋਂ ਪਾਪ ਅਤੇ ਮੌਤ ਦਾ ਖ਼ਾਤਮਾ ਕਰੇਗਾ। ਉਹ ਅਤੇ ਉਸ ਦੇ ਸਾਥੀ ਆਪਣੇ ਰਾਜ ਦੌਰਾਨ ਲੜਾਈਆਂ, ਬੀਮਾਰੀਆਂ ਅਤੇ ਮੌਤ ਦਾ ਨਾਮੋ-ਨਿਸ਼ਾਨ ਮਿਟਾਉਣਗੇ
ਯਹੋਵਾਹ ਨੇ ਆਪਣੇ ਪੁੱਤਰ ਨੂੰ ਧਰਤੀ ਉੱਤੇ ਘੱਲਿਆ ਅਤੇ ਯਿਸੂ ਦੀ ਪਛਾਣ ਮਸੀਹ ਦੇ ਤੌਰ ਤੇ ਕਰਾਈ। ਯਿਸੂ ਨੇ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕੀਤਾ ਅਤੇ ਆਪਣੀ ਜਾਨ ਦੀ ਕੁਰਬਾਨੀ ਦਿੱਤੀ। ਫਿਰ ਯਹੋਵਾਹ ਨੇ ਉਸ ਨੂੰ ਮੁੜ ਜੀਉਂਦਾ ਕੀਤਾ
ਜਿਸ ਸਮੇਂ ਤੋਂ ਯਹੋਵਾਹ ਨੇ ਸਵਰਗ ਵਿਚ ਆਪਣੇ ਪੁੱਤਰ ਨੂੰ ਰਾਜਾ ਬਣਾਇਆ, ਉਸ ਸਮੇਂ ਤੋਂ ਇਸ ਬੁਰੀ ਦੁਨੀਆਂ ਦੇ ਅਖ਼ੀਰਲੇ ਦਿਨ ਸ਼ੁਰੂ ਹੋਏ। ਯਿਸੂ ਦੇ ਚੇਲੇ ਪੂਰੀ ਦੁਨੀਆਂ ਵਿਚ ਪਰਮੇਸ਼ੁਰ ਦੇ ਰਾਜ ਬਾਰੇ ਪ੍ਰਚਾਰ ਕਰਦੇ ਹਨ ਅਤੇ ਉਹ ਉਨ੍ਹਾਂ ਨੂੰ ਸੇਧ ਦਿੰਦਾ ਹੈ
ਯਹੋਵਾਹ ਆਪਣੇ ਪੁੱਤਰ ਨੂੰ ਦੱਸੇਗਾ ਕਿ ਧਰਤੀ ਵਿਰੁੱਧ ਕਾਰਵਾਈ ਕਦੋਂ ਕਰਨੀ ਹੈ। ਯਿਸੂ ਆਪਣੇ ਰਾਜ ਦੇ ਜ਼ਰੀਏ ਸਾਰੀਆਂ ਦੁਸ਼ਟ ਸਰਕਾਰਾਂ ਨੂੰ ਖ਼ਤਮ ਕਰੇਗਾ, ਦੁਨੀਆਂ ਦੀ ਹਰ ਸਮੱਸਿਆ ਨੂੰ ਹੱਲ ਕਰੇਗਾ ਅਤੇ ਵਫ਼ਾਦਾਰ ਇਨਸਾਨਾਂ ਨੂੰ ਮੁਕੰਮਲ ਬਣਾਵੇਗਾ। ਫਿਰ ਇਹ ਗੱਲ ਸਾਬਤ ਹੋ ਜਾਵੇਗੀ ਕਿ ਸਿਰਫ਼ ਯਹੋਵਾਹ ਕੋਲ ਹੀ ਰਾਜ ਕਰਨ ਦਾ ਹੱਕ ਹੈ ਅਤੇ ਉਸ ਦਾ ਨਾਂ ਹਮੇਸ਼ਾ-ਹਮੇਸ਼ਾ ਲਈ ਪਵਿੱਤਰ ਰਹੇਗਾ