Skip to content

Skip to table of contents

ਜਾਣ-ਪਛਾਣ

ਜਾਣ-ਪਛਾਣ

ਕੀ ਤੁਹਾਨੂੰ ਆਪਣੀਆਂ ਸਮੱਸਿਆਵਾਂ ਨਾਲ ਸਿੱਝਣ ਵਿਚ ਮਦਦ ਚਾਹੀਦੀ ਹੈ? ਮਸੀਹੀ ਜ਼ਿੰਦਗੀ ਲਈ ਬਾਈਬਲ ਤੋਂ ਅਸੂਲ ਕਿਤਾਬ ਤੋਂ ਤੁਹਾਨੂੰ ਮਦਦ ਮਿਲ ਸਕਦੀ ਹੈ। ਤੁਸੀਂ ਆਸਾਨੀ ਨਾਲ ਆਪਣੇ ਹਾਲਾਤਾਂ ਨਾਲ ਜੁੜੇ ਬਾਈਬਲ ਦੇ ਹਵਾਲੇ ਅਤੇ ਮਿਸਾਲਾਂ ਲੱਭ ਸਕੋਗੇ। ਇਸ ਤੋਂ ਇਲਾਵਾ, ਤੁਸੀਂ ਉਨ੍ਹਾਂ ਆਇਤਾਂ ਨੂੰ ਵੀ ਲੱਭ ਸਕੋਗੇ ਜੋ ਦੂਜਿਆਂ ਨੂੰ ਹੌਸਲਾ ਦੇਣ ਅਤੇ ਅਜਿਹੇ ਫ਼ੈਸਲੇ ਕਰਨ ਵਿਚ ਮਦਦ ਕਰਨਗੀਆਂ ਜਿਨ੍ਹਾਂ ਕਰਕੇ ਯਹੋਵਾਹ ਦੀ ਵਡਿਆਈ ਹੁੰਦੀ ਹੈ। ਆਪਣੀ ਮਨਪਸੰਦ ਦਾ ਵਿਸ਼ਾ ਚੁਣੋ। ਹਰ ਵਿਸ਼ੇ ਥੱਲੇ ਤੁਹਾਡੀ ਮਦਦ ਵਾਸਤੇ ਸਵਾਲ ਅਤੇ ਬਾਈਬਲ ਵਿੱਚੋਂ ਮਿਸਾਲਾਂ ਬਾਰੇ ਥੋੜ੍ਹੀ-ਬਹੁਤੀ ਜਾਣਕਾਰੀ ਦਿੱਤੀ ਗਈ ਹੈ। (“ ਇਸ ਕਿਤਾਬ ਨੂੰ ਕਿਵੇਂ ਵਰਤੀਏ?” ਨਾਂ ਦੀ ਡੱਬੀ ਦੇਖੋ।) ਤੁਹਾਨੂੰ ਆਸਾਨੀ ਨਾਲ ਬਾਈਬਲ ਦੇ ਕਈ ਢੁਕਵੇਂ ਹਵਾਲੇ ਮਿਲ ਜਾਣਗੇ ਜਿਨ੍ਹਾਂ ਤੋਂ ਤੁਹਾਨੂੰ ਫ਼ਾਇਦੇਮੰਦ ਸਲਾਹ, ਸੇਧ ਅਤੇ ਹੌਸਲਾ ਮਿਲ ਸਕਦਾ ਹੈ। ਇਹ ਕਿਤਾਬ ਇਕ ਅਨਮੋਲ ਖ਼ਜ਼ਾਨੇ ਵਾਂਗ ਹੈ। ਇਸ ਵਿਚ ਬਹੁਤ ਹੀ ਸੋਚ-ਸਮਝ ਕੇ ਅਜਿਹੀਆਂ ਆਇਤਾਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਸਦਕਾ ਦੂਜਿਆਂ ਵਿਚ ਜੋਸ਼ ਭਰ ਸਕਦਾ ਹੈ, ਉਨ੍ਹਾਂ ਦੀ ਮੁਸ਼ਕਲਾਂ ਸਹਿਣ ਵਿਚ ਮਦਦ ਹੋ ਸਕਦੀ ਹੈ ਅਤੇ ਉਨ੍ਹਾਂ ਨੂੰ ਸਲਾਹ ਤੇ ਦਿਲਾਸਾ ਮਿਲ ਸਕਦਾ ਹੈ।

ਇਸ ਕਿਤਾਬ ਵਿਚ ਕਿਸੇ ਵਿਸ਼ੇ ਬਾਰੇ ਸਾਰੇ ਹਵਾਲੇ ਨਹੀਂ ਦਿੱਤੇ ਗਏ, ਪਰ ਇਹ ਖੋਜਬੀਨ ਕਰਨ ਲਈ ਇਕ ਚੰਗੀ ਸ਼ੁਰੂਆਤ ਹੈ। (ਕਹਾ 2:1-6) ਜੇ ਤੁਸੀਂ ਕਿਸੇ ਆਇਤ ਬਾਰੇ ਡੂੰਘਾਈ ਨਾਲ ਜਾਣਨਾ ਚਾਹੁੰਦੇ ਹੋ, ਤਾਂ ਪਵਿੱਤਰ ਲਿਖਤਾਂ​—ਨਵੀਂ ਦੁਨੀਆਂ ਅਨੁਵਾਦ ਬਾਈਬਲ ਵਿਚ ਕਈ ਆਇਤਾਂ ਨਾਲ ਸੰਬੰਧਿਤ ਆਇਤਾਂ ਦਿੱਤੀਆਂ ਗਈਆਂ ਹਨ ਜੋ ਤੁਸੀਂ ਦੇਖ ਸਕਦੇ ਹੋ। ਜੇ ਸਟੱਡੀ ਨੋਟਸ ਉਪਲਬਧ ਹਨ, ਤਾਂ ਉਹ ਵੀ ਦੇਖੋ। ਜੇ ਤੁਸੀਂ ਕਿਸੇ ਵੀ ਆਇਤ ਦਾ ਮਤਲਬ ਜਾਣਨਾ ਚਾਹੁੰਦੇ ਹੋ ਅਤੇ ਦੇਖਣਾ ਚਾਹੁੰਦੇ ਹੋ ਕਿ ਇਸ ਨੂੰ ਕਿਵੇਂ ਲਾਗੂ ਕਰਨਾ ਹੈ, ਤਾਂ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ ਵਿਚ “ਆਇਤਾਂ ਦਾ ਮਤਲਬ” ਭਾਗ ਦੇਖੋ ਜਾਂ ਵਾਚ ਟਾਵਰ ਪ੍ਰਕਾਸ਼ਨ ਇੰਡੈਕਸ (ਅੰਗ੍ਰੇਜ਼ੀ) ਦੇਖੋ। ਉਸ ਆਇਤ ਦੀ ਨਵੀਂ ਸਮਝ ਬਾਰੇ ਜਾਣਨ ਲਈ ਨਵੇਂ ਪ੍ਰਕਾਸ਼ਨਾਂ ਵਿੱਚੋਂ ਜਾਂਚ ਕਰਦੇ ਰਹੋ।

ਸਾਡੀ ਇਹੀ ਦੁਆ ਹੈ ਕਿ ਮਸੀਹੀ ਜ਼ਿੰਦਗੀ ਲਈ ਬਾਈਬਲ ਤੋਂ ਅਸੂਲ ਕਿਤਾਬ ਪਰਮੇਸ਼ੁਰ ਦੇ ਬਚਨ ਵਿਚ ਪਾਈ ਜਾਂਦੀ ਬੁੱਧ, ਗਿਆਨ ਅਤੇ ਸਮਝ ਹਾਸਲ ਕਰਨ ਵਿਚ ਤੁਹਾਡੀ ਮਦਦ ਕਰੇ। ਜਿਉਂ-ਜਿਉਂ ਤੁਸੀਂ ਇਸ ਕਿਤਾਬ ਨੂੰ ਵਰਤੋਗੇ, ਤੁਹਾਡਾ ਯਕੀਨ ਹੋਰ ਪੱਕਾ ਹੁੰਦਾ ਜਾਵੇਗਾ ਕਿ “ਪਰਮੇਸ਼ੁਰ ਦਾ ਬਚਨ ਜੀਉਂਦਾ ਅਤੇ ਸ਼ਕਤੀਸ਼ਾਲੀ ਹੈ।”​—ਇਬ 4:12.