ਮਾਪਿਆਂ ਲਈ ਨੋਟ
ਤੁਸੀਂ ਆਪਣੇ ਬੱਚਿਆਂ ਨੂੰ ਸਭ ਤੋਂ ਵਧੀਆ ਤੋਹਫ਼ਾ ਕਿਹੜਾ ਦੇ ਸਕਦੇ ਹੋ? ਉਨ੍ਹਾਂ ਨੂੰ ਪਿਆਰ ਦੀ ਛਾਂ, ਛਤਰ-ਛਾਇਆ ਤੇ ਰਹਿਨੁਮਾਈ ਦੇ ਨਾਲ-ਨਾਲ ਕਈ ਹੋਰ ਚੀਜ਼ਾਂ ਦੀ ਜ਼ਰੂਰਤ ਹੈ। ਪਰ ਤੁਸੀਂ ਆਪਣੇ ਬੱਚਿਆਂ ਨੂੰ ਯਹੋਵਾਹ ਬਾਰੇ ਅਤੇ ਬਾਈਬਲ ਤੋਂ ਸਿਖਾ ਕੇ ਉਨ੍ਹਾਂ ਨੂੰ ਸਭ ਤੋਂ ਕੀਮਤੀ ਤੋਹਫ਼ਾ ਦੇ ਸਕਦੇ ਹੋ। (ਯੂਹੰਨਾ 17:3) ਇਹ ਗਿਆਨ ਲੈ ਕੇ ਤੁਹਾਡੇ ਬੱਚੇ ਛੋਟੀ ਉਮਰੇ ਹੀ ਯਹੋਵਾਹ ਨਾਲ ਆਪਣਾ ਪਿਆਰ ਗੂੜ੍ਹਾ ਕਰ ਸਕਦੇ ਹਨ ਅਤੇ ਆਪਣੇ ਪੂਰੇ ਦਿਲ ਨਾਲ ਉਸ ਦੀ ਸੇਵਾ ਕਰ ਸਕਦੇ ਹਨ।—ਮੱਤੀ 21:16.
ਕਈ ਮਾਪਿਆਂ ਨੇ ਦੇਖਿਆ ਹੈ ਕਿ ਜਦ ਛੋਟੇ ਬੱਚਿਆਂ ਨੂੰ ਥੋੜ੍ਹੇ ਚਿਰ ਲਈ ਅਤੇ ਖੇਡ-ਖੇਡ ਵਿਚ ਸਿਖਾਇਆ ਜਾਂਦਾ ਹੈ, ਤਾਂ ਉਹ ਛੇਤੀ ਸਿੱਖ ਲੈਂਦੇ ਹਨ। ਇਸ ਲਈ ਇਹ ਬਰੋਸ਼ਰ ਮੇਰਾ ਬਾਈਬਲ ਕਾਇਦਾ ਤੁਹਾਡੇ ਲਈ ਤਿਆਰ ਕਰ ਕੇ ਅਸੀਂ ਬਹੁਤ ਖ਼ੁਸ਼ ਹਾਂ। ਹਰ ਪਾਠ ਇੱਦਾਂ ਤਿਆਰ ਕੀਤਾ ਗਿਆ ਹੈ ਕਿ ਬੱਚੇ ਸੌਖਿਆਂ ਹੀ ਸਿੱਖ ਸਕਣਗੇ। ਤਸਵੀਰਾਂ ਦੇ ਨਾਲ-ਨਾਲ ਦਿੱਤੀਆਂ ਗੱਲਾਂ ਖ਼ਾਸ ਕਰਕੇ ਤਿੰਨ ਜਾਂ ਘੱਟ ਸਾਲ ਦੀ ਉਮਰ ਦੇ ਬੱਚਿਆਂ ਲਈ ਤਿਆਰ ਕੀਤੀਆਂ ਗਈਆਂ ਹਨ। ਇਸ ਬਰੋਸ਼ਰ ਵਿਚ ਸਿੱਖਿਆ ਦੇਣ ਦੇ ਹੋਰ ਵੀ ਕਈ ਤਰੀਕੇ ਦੱਸੇ ਗਏ ਹਨ। ਮੇਰਾ ਬਾਈਬਲ ਕਾਇਦਾ ਬੱਚਿਆਂ ਦੇ ਖੇਡਣ ਲਈ ਨਹੀਂ ਬਣਾਇਆ ਗਿਆ ਹੈ, ਸਗੋਂ ਤੁਸੀਂ ਉਨ੍ਹਾਂ ਦੇ ਨਾਲ ਬਹਿ ਕੇ ਨਾਲ-ਨਾਲ ਪੜ੍ਹੋ, ਖੇਡੋ, ਗੱਲਾਂ-ਬਾਤਾਂ ਕਰੋ ਅਤੇ ਸਿੱਖੋ।
ਸਾਨੂੰ ਪੂਰਾ ਯਕੀਨ ਹੈ ਕਿ ਬੱਚਿਆਂ ਨੂੰ “ਛੋਟੇ ਹੁੰਦਿਆਂ ਤੋਂ” ਸਿਖਾਉਣ ਵਿਚ ਇਹ ਬਰੋਸ਼ਰ ਤੁਹਾਡੇ ਲਈ ਮਦਦਗਾਰ ਸਾਬਤ ਹੋਵੇਗਾ।—2 ਤਿਮੋਥਿਉਸ 3:14, 15.
ਤੁਹਾਡੇ ਭਰਾ
ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ