Skip to content

Skip to table of contents

ਅਧਿਆਇ 17

“ਇਸ ਤੋਂ ਵੱਡਾ ਪਿਆਰ ਹੋਰ ਕੀ ਹੋ ਸਕਦਾ ਹੈ”

“ਇਸ ਤੋਂ ਵੱਡਾ ਪਿਆਰ ਹੋਰ ਕੀ ਹੋ ਸਕਦਾ ਹੈ”

1-4. (ੳ) ਜਦੋਂ ਪਿਲਾਤੁਸ ਯਿਸੂ ਨੂੰ ਮਹਿਲ ਦੇ ਬਾਹਰ ਇਕੱਠੀ ਹੋਈ ਭੀੜ ਦੇ ਸਾਮ੍ਹਣੇ ਪੇਸ਼ ਕਰਦਾ ਹੈ, ਤਾਂ ਕੀ ਹੁੰਦਾ ਹੈ? (ਅ) ਯਿਸੂ ਬੇਇੱਜ਼ਤੀ ਅਤੇ ਦੁੱਖ ਸਹਿਣ ਦੇ ਬਾਵਜੂਦ ਕੀ ਕਰਦਾ ਹੈ ਅਤੇ ਕਿਹੜੇ ਜ਼ਰੂਰੀ ਸਵਾਲ ਖੜ੍ਹੇ ਹੁੰਦੇ ਹਨ?

33 ਈਸਵੀ ਦਾ ਪਸਾਹ ਦਾ ਦਿਨ ਹੈ। ਰੋਮੀ ਰਾਜਪਾਲ ਪੁੰਤੀਅਸ ਪਿਲਾਤੁਸ ਦੇ ਮਹਿਲ ਦੇ ਬਾਹਰ ਗੁੱਸੇ ਨਾਲ ਭੜਕੀ ਹੋਈ ਇਕ ਵੱਡੀ ਭੀੜ ਇਕੱਠੀ ਹੋਈ ਹੈ। ਪਿਲਾਤੁਸ ਯਿਸੂ ਨੂੰ ਲੋਕਾਂ ਸਾਮ੍ਹਣੇ ਇਹ ਕਹਿੰਦੇ ਹੋਏ ਪੇਸ਼ ਕਰਦਾ ਹੈ: “ਦੇਖੋ! ਇਹੀ ਹੈ ਉਹ ਆਦਮੀ!” (ਯੂਹੰਨਾ 19:5) ਇਹ ਭੀੜ ਕੁਝ ਦਿਨ ਪਹਿਲਾਂ ਯਿਸੂ ਦੀ ਜੈ-ਜੈ ਕਾਰ ਕਰ ਰਹੀ ਸੀ ਜਦੋਂ ਉਹ ਪਰਮੇਸ਼ੁਰ ਦੇ ਚੁਣੇ ਹੋਏ ਰਾਜੇ ਵਜੋਂ ਯਰੂਸ਼ਲਮ ਆਇਆ ਸੀ। ਪਰ ਅੱਜ ਇਹੀ ਭੀੜ ਉਸ ਦੇ ਖ਼ੂਨ ਦੀ ਪਿਆਸੀ ਹੈ।

2 ਯਿਸੂ ਦਾ ਮਜ਼ਾਕ ਉਡਾਉਣ ਲਈ ਫ਼ੌਜੀ ਉਸ ਦੇ ਸਿਰ ’ਤੇ ਕੰਡਿਆਂ ਨਾਲ ਗੁੰਦਿਆ ਮੁਕਟ ਪਾਉਂਦੇ ਹਨ। ਸਿਰ ਵਿਚ ਕੰਡੇ ਖੁੱਭਣ ਕਰਕੇ ਉਸ ਦੇ ਲਹੂ ਵਹਿਣ ਲੱਗਦਾ ਹੈ। ਨਾਲੇ ਉਹ ਕੋਰੜਿਆਂ ਨਾਲ ਲਹੂ-ਲੁਹਾਨ ਹੋਈ ਉਸ ਦੀ ਪਿੱਠ ਨੂੰ ਢੱਕਣ ਲਈ ਉਸ ਦੇ ਬੈਂਗਣੀ ਰੰਗ ਦਾ ਸ਼ਾਹੀ ਕੱਪੜਾ ਪਾਉਂਦੇ ਹਨ। ਮੁੱਖ ਪੁਜਾਰੀ ਉੱਚੀ-ਉੱਚੀ ਕਹਿੰਦੇ ਹਨ: “ਸੂਲ਼ੀ ’ਤੇ ਟੰਗ ਦਿਓ ਇਹ ਨੂੰ! ਸੂਲ਼ੀ ’ਤੇ ਟੰਗ ਦਿਓ ਇਹ ਨੂੰ!” ਉਨ੍ਹਾਂ ਨੇ ਲੋਕਾਂ ਨੂੰ ਵੀ ਇੰਨਾ ਭੜਕਾਇਆ ਹੈ ਕਿ ਉਹ ਯਿਸੂ ਦੀ ਬੁਰੀ ਹਾਲਤ ’ਤੇ ਤਰਸ ਖਾਣ ਦੀ ਬਜਾਇ ਚੀਕ-ਚੀਕ ਕੇ ਕਹਿੰਦੇ ਹਨ: “ਇਹ ਆਦਮੀ ਮੌਤ ਦੀ ਸਜ਼ਾ ਦੇ ਲਾਇਕ ਹੈ।”—ਯੂਹੰਨਾ 19:1-7.

3 ਯਿਸੂ ਚੁੱਪ-ਚਾਪ ਇਹ ਬੇਇੱਜ਼ਤੀ ਬਰਦਾਸ਼ਤ ਕਰ ਲੈਂਦਾ ਹੈ ਅਤੇ ਬੜੀ ਹਿੰਮਤ ਨਾਲ ਦੁੱਖ ਸਹਿ ਲੈਂਦਾ ਹੈ। * ਉਹ ਆਪਣੀ ਜਾਨ ਦੇਣ ਲਈ ਤਿਆਰ ਹੈ ਅਤੇ ਉਸੇ ਦਿਨ ਉਹ ਤਸੀਹੇ ਦੀ ਸੂਲ਼ੀ ’ਤੇ ਦਰਦਨਾਕ ਮੌਤ ਮਰ ਜਾਂਦਾ ਹੈ।—ਯੂਹੰਨਾ 19:17, 18, 30.

4 ਆਪਣੀ ਜਾਨ ਦੇ ਕੇ ਯਿਸੂ ਨੇ ਆਪਣੇ ਚੇਲਿਆਂ ਨੂੰ ਆਪਣੀ ਦੋਸਤੀ ਦਾ ਸਭ ਤੋਂ ਵੱਡਾ ਸਬੂਤ ਦਿੱਤਾ। ਉਸ ਨੇ ਕਿਹਾ: “ਇਸ ਤੋਂ ਵੱਡਾ ਪਿਆਰ ਹੋਰ ਕੀ ਹੋ ਸਕਦਾ ਹੈ ਕਿ ਕੋਈ ਆਪਣੇ ਦੋਸਤਾਂ ਦੀ ਖ਼ਾਤਰ ਆਪਣੀ ਜਾਨ ਦੇਵੇ।” (ਯੂਹੰਨਾ 15:13) ਹੁਣ ਇਹ ਜ਼ਰੂਰੀ ਸਵਾਲ ਖੜ੍ਹੇ ਹੁੰਦੇ ਹਨ: ਕੀ ਯਿਸੂ ਲਈ ਇੰਨਾ ਦੁੱਖ ਸਹਿ ਕੇ ਮਰਨਾ ਜ਼ਰੂਰੀ ਸੀ? ਉਹ ਆਪਣੀ ਜਾਨ ਦੇਣ ਲਈ ਕਿਉਂ ਤਿਆਰ ਸੀ? ਉਸ ਦੇ “ਦੋਸਤਾਂ” ਅਤੇ ਚੇਲਿਆਂ ਵਜੋਂ ਅਸੀਂ ਉਸ ਦੀ ਰੀਸ ਕਿਵੇਂ ਕਰ ਸਕਦੇ ਹਾਂ?

ਯਿਸੂ ਲਈ ਦੁੱਖ ਸਹਿ ਕੇ ਮਰਨਾ ਕਿਉਂ ਜ਼ਰੂਰੀ ਸੀ?

5. ਯਿਸੂ ਕਿਵੇਂ ਜਾਣਦਾ ਸੀ ਕਿ ਉਸ ਨੂੰ ਕਿਨ੍ਹਾਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨਾ ਪਵੇਗਾ?

5 ਵਾਅਦਾ ਕੀਤੇ ਹੋਏ ਮਸੀਹ ਵਜੋਂ ਯਿਸੂ ਜਾਣਦਾ ਸੀ ਕਿ ਉਸ ਨਾਲ ਕੀ-ਕੀ ਹੋਵੇਗਾ। ਉਸ ਨੂੰ ਇਬਰਾਨੀ ਧਰਮ-ਗ੍ਰੰਥ ਦੀਆਂ ਉਨ੍ਹਾਂ ਭਵਿੱਖਬਾਣੀਆਂ ਬਾਰੇ ਪਤਾ ਸੀ ਜਿਨ੍ਹਾਂ ਵਿਚ ਦੱਸਿਆ ਗਿਆ ਸੀ ਕਿ ਮਸੀਹ ਨੂੰ ਦੁੱਖ ਸਹਿਣੇ ਪੈਣਗੇ ਅਤੇ ਉਸ ਨੂੰ ਮਾਰ ਦਿੱਤਾ ਜਾਵੇਗਾ। (ਯਸਾਯਾਹ 53:3-7, 12; ਦਾਨੀਏਲ 9:26) ਯਿਸੂ ਨੇ ਆਪਣੇ ਚੇਲਿਆਂ ਨੂੰ ਵਾਰ-ਵਾਰ ਦੱਸਿਆ ਸੀ ਕਿ ਉਸ ਨੂੰ ਕਿਨ੍ਹਾਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਨਾ ਪਵੇਗਾ। (ਮਰਕੁਸ 8:31; 9:31) ਜਦੋਂ ਉਹ ਯਰੂਸ਼ਲਮ ਵਿਚ ਆਖ਼ਰੀ ਵਾਰ ਪਸਾਹ ਦਾ ਤਿਉਹਾਰ ਮਨਾਉਣ ਲਈ ਜਾ ਰਿਹਾ ਸੀ, ਤਾਂ ਉਸ ਨੇ ਆਪਣੇ ਰਸੂਲਾਂ ਨੂੰ ਦੱਸਿਆ: “ਮਨੁੱਖ ਦੇ ਪੁੱਤਰ ਨੂੰ ਮੁੱਖ ਪੁਜਾਰੀਆਂ ਅਤੇ ਗ੍ਰੰਥੀਆਂ ਦੇ ਹਵਾਲੇ ਕੀਤਾ ਜਾਵੇਗਾ ਅਤੇ ਉਹ ਉਸ ਨੂੰ ਮੌਤ ਦੀ ਸਜ਼ਾ ਸੁਣਾਉਣਗੇ ਅਤੇ ਉਸ ਨੂੰ ਗ਼ੈਰ-ਯਹੂਦੀ ਲੋਕਾਂ ਦੇ ਹਵਾਲੇ ਕਰਨਗੇ, ਅਤੇ ਉਹ ਉਸ ਦਾ ਮਜ਼ਾਕ ਉਡਾਉਣਗੇ, ਉਸ ਉੱਤੇ ਥੁੱਕਣਗੇ, ਉਸ ਨੂੰ ਕੋਰੜੇ ਮਾਰਨਗੇ ਤੇ ਜਾਨੋਂ ਮਾਰ ਦੇਣਗੇ।” (ਮਰਕੁਸ 10:33, 34) ਇਹ ਕੋਈ ਖੋਖਲੀਆਂ ਗੱਲਾਂ ਨਹੀਂ ਸਨ। ਯਿਸੂ ਨਾਲ ਇੱਦਾਂ ਹੀ ਹੋਇਆ ਸੀ। ਉਸ ਦਾ ਮਜ਼ਾਕ ਉਡਾਇਆ ਗਿਆ, ਉਸ ਉੱਤੇ ਥੁੱਕਿਆ ਗਿਆ, ਉਸ ਨੂੰ ਕੋਰੜੇ ਮਾਰੇ ਗਏ ਅਤੇ ਫਿਰ ਉਸ ਨੂੰ ਜਾਨੋਂ ਮਾਰ ਦਿੱਤਾ ਗਿਆ।

6. ਯਿਸੂ ਲਈ ਦੁੱਖ ਸਹਿ ਕੇ ਮਰਨਾ ਕਿਉਂ ਜ਼ਰੂਰੀ ਸੀ?

6 ਪਰ ਯਿਸੂ ਲਈ ਦੁੱਖ ਸਹਿ ਕੇ ਮਰਨਾ ਕਿਉਂ ਜ਼ਰੂਰੀ ਸੀ? ਇਸ ਦੇ ਕਈ ਅਹਿਮ ਕਾਰਨ ਸਨ। ਪਹਿਲਾ ਕਾਰਨ, ਪਰਮੇਸ਼ੁਰ ਦਾ ਕਹਿਣਾ ਮੰਨ ਕੇ ਉਸ ਨੇ ਆਪਣੀ ਵਫ਼ਾਦਾਰੀ ਸਾਬਤ ਕਰਨੀ ਸੀ ਅਤੇ ਯਹੋਵਾਹ ਦੀ ਹਕੂਮਤ ਨੂੰ ਬੁਲੰਦ ਕਰਨਾ ਸੀ। ਨਾਲੇ ਸ਼ੈਤਾਨ ਦਾ ਇਹ ਝੂਠਾ ਦਾਅਵਾ ਯਾਦ ਕਰੋ ਕਿ ਇਨਸਾਨ ਸਿਰਫ਼ ਆਪਣੇ ਫ਼ਾਇਦੇ ਲਈ ਪਰਮੇਸ਼ੁਰ ਦੀ ਸੇਵਾ ਕਰਦੇ ਹਨ। (ਅੱਯੂਬ 2:1-5) ਯਿਸੂ ਨੇ “ਮਰਨ ਤਕ, ਹਾਂ, ਤਸੀਹੇ ਦੀ ਸੂਲ਼ੀ ਉੱਤੇ ਮਰਨ ਤਕ” ਵਫ਼ਾਦਾਰ ਰਹਿ ਕੇ ਸ਼ੈਤਾਨ ਦੇ ਦਾਅਵੇ ਦਾ ਮੂੰਹ-ਤੋੜ ਜਵਾਬ ਦਿੱਤਾ। (ਫ਼ਿਲਿੱਪੀਆਂ 2:8; ਕਹਾਉਤਾਂ 27:11) ਦੂਜਾ ਕਾਰਨ, ਮਸੀਹ ਦੇ ਦੁੱਖ ਝੱਲਣ ਅਤੇ ਜਾਨ ਦੇਣ ਨਾਲ ਹੀ ਇਨਸਾਨਾਂ ਨੂੰ ਆਪਣੇ ਪਾਪਾਂ ਦੀ ਮਾਫ਼ੀ ਮਿਲਣੀ ਸੀ। (ਯਸਾਯਾਹ 53:5, 10; ਦਾਨੀਏਲ 9:24) ਯਿਸੂ ਨੇ “ਬਹੁਤ ਸਾਰੇ ਲੋਕਾਂ ਦੀ ਰਿਹਾਈ ਦੀ ਕੀਮਤ ਦੇਣ ਲਈ ਆਪਣੀ ਜਾਨ ਕੁਰਬਾਨ” ਕੀਤੀ ਤਾਂਕਿ ਪਰਮੇਸ਼ੁਰ ਨਾਲ ਸਾਡੀ ਸੁਲ੍ਹਾ ਹੋ ਸਕੇ। (ਮੱਤੀ 20:28) ਤੀਜਾ ਕਾਰਨ, ਵੱਖੋ-ਵੱਖਰੇ ਦੁੱਖ ਸਹਿ ਕੇ ਯਿਸੂ “ਸਾਡੇ ਵਾਂਗ ਹਰ ਤਰ੍ਹਾਂ ਪਰਖਿਆ ਗਿਆ” ਸੀ। ਇਸ ਲਈ ਉਹ ਇਕ ਦਇਆਵਾਨ ਮਹਾਂ ਪੁਜਾਰੀ ਹੈ ਜੋ ‘ਸਾਡੀਆਂ ਕਮਜ਼ੋਰੀਆਂ ਨੂੰ ਸਮਝ ਸਕਦਾ’ ਹੈ।—ਇਬਰਾਨੀਆਂ 2:17, 18; 4:15.

ਯਿਸੂ ਆਪਣੀ ਜਾਨ ਦੇਣ ਲਈ ਕਿਉਂ ਤਿਆਰ ਸੀ?

7. ਧਰਤੀ ਉੱਤੇ ਆਉਣ ਲਈ ਯਿਸੂ ਨੂੰ ਸਵਰਗ ਵਿਚ ਕੀ ਛੱਡਣਾ ਪਿਆ?

7 ਇਹ ਗੱਲ ਸਮਝਣ ਲਈ ਕਿ ਯਿਸੂ ਕੀ ਕੁਝ ਕਰਨ ਲਈ ਤਿਆਰ ਸੀ, ਜ਼ਰਾ ਇਸ ਮਿਸਾਲ ’ਤੇ ਗੌਰ ਕਰੋ: ਕੀ ਕੋਈ ਆਦਮੀ ਆਪਣਾ ਘਰ-ਪਰਿਵਾਰ ਛੱਡ ਕੇ ਵਿਦੇਸ਼ ਜਾਵੇਗਾ ਜੇ ਉਸ ਨੂੰ ਪਤਾ ਹੋਵੇ ਕਿ ਉੱਥੇ ਦੇ ਜ਼ਿਆਦਾਤਰ ਲੋਕ ਉਸ ਦਾ ਸੁਆਗਤ ਕਰਨ ਦੀ ਬਜਾਇ ਉਸ ਦੀ ਬੇਇੱਜ਼ਤੀ ਕਰਨਗੇ, ਉਸ ਨੂੰ ਮਾਰਨ-ਕੁੱਟਣਗੇ ਅਤੇ ਅਖ਼ੀਰ ਵਿਚ ਉਸ ਦਾ ਕਤਲ ਕਰ ਦੇਣਗੇ? ਹੁਣ ਜ਼ਰਾ ਸੋਚੋ ਕਿ ਯਿਸੂ ਨੇ ਕੀ ਕੀਤਾ। ਧਰਤੀ ’ਤੇ ਆਉਣ ਤੋਂ ਪਹਿਲਾਂ, ਯਿਸੂ ਸਵਰਗ ਵਿਚ ਆਪਣੇ ਪਿਤਾ ਨਾਲ ਸੀ ਅਤੇ ਉਸ ਦਾ ਉੱਚਾ ਅਹੁਦਾ ਸੀ। ਪਰ ਫਿਰ ਵੀ ਉਹ ਸਵਰਗ ਛੱਡ ਕੇ ਇਕ ਇਨਸਾਨ ਦੇ ਰੂਪ ਵਿਚ ਧਰਤੀ ਉੱਤੇ ਆਇਆ। ਉਹ ਜਾਣਦਾ ਸੀ ਕਿ ਜ਼ਿਆਦਾਤਰ ਲੋਕਾਂ ਨੇ ਉਸ ’ਤੇ ਵਿਸ਼ਵਾਸ ਨਹੀਂ ਕਰਨਾ ਸੀ। ਇਸ ਦੀ ਬਜਾਇ ਉਸ ਨੂੰ ਜ਼ਲੀਲ ਕੀਤਾ ਜਾਣਾ ਸੀ, ਬੇਰਹਿਮੀ ਨਾਲ ਮਾਰਿਆ-ਕੁੱਟਿਆ ਜਾਣਾ ਸੀ ਅਤੇ ਉਸ ਨੇ ਦਰਦਨਾਕ ਮੌਤ ਮਰਨਾ ਸੀ। (ਫ਼ਿਲਿੱਪੀਆਂ 2:5-7) ਯਿਸੂ ਇੰਨੀ ਵੱਡੀ ਕੁਰਬਾਨੀ ਕਿਉਂ ਦੇ ਸਕਿਆ?

8, 9. ਯਿਸੂ ਨੂੰ ਆਪਣੀ ਜਾਨ ਕੁਰਬਾਨ ਕਰਨ ਲਈ ਕਿਹੜੀ ਗੱਲ ਨੇ ਪ੍ਰੇਰਿਆ ਸੀ?

8 ਯਿਸੂ ਆਪਣੇ ਪਿਤਾ ਯਹੋਵਾਹ ਨੂੰ ਤਹਿ ਦਿਲੋਂ ਪਿਆਰ ਕਰਦਾ ਸੀ। ਆਪਣੀ ਜਾਨ ਕੁਰਬਾਨ ਕਰਨ ਦਾ ਇਹੀ ਸਭ ਤੋਂ ਵੱਡਾ ਕਾਰਨ ਸੀ। ਦੁੱਖ ਸਹਿ ਕੇ ਉਸ ਨੇ ਪਰਮੇਸ਼ੁਰ ਲਈ ਆਪਣੇ ਪਿਆਰ ਦਾ ਸਬੂਤ ਦੇਣ ਵਿਚ ਕੋਈ ਕਸਰ ਨਹੀਂ ਛੱਡੀ। ਉਸ ਨੂੰ ਆਪਣੇ ਪਿਤਾ ਦੀ ਨੇਕਨਾਮੀ ਦਾ ਫ਼ਿਕਰ ਸੀ। (ਮੱਤੀ 6:9; ਯੂਹੰਨਾ 17:1-6, 26) ਉਸ ਦੀ ਦਿਲੀ ਤਮੰਨਾ ਸੀ ਕਿ ਉਹ ਆਪਣੇ ਪਿਤਾ ਦੇ ਨਾਂ ’ਤੇ ਲੱਗੇ ਕਲੰਕ ਨੂੰ ਮਿਟਾਵੇ। ਇਸ ਲਈ ਉਸ ਨੇ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਨ ਲਈ ਦੁੱਖ ਸਹਿਣਾ ਵੱਡੇ ਸਨਮਾਨ ਦੀ ਗੱਲ ਸਮਝੀ। ਉਹ ਜਾਣਦਾ ਸੀ ਕਿ ਵਫ਼ਾਦਾਰ ਰਹਿ ਕੇ ਉਹ ਆਪਣੇ ਪਿਤਾ ਦੇ ਮਹਾਨ ਨਾਂ ਨੂੰ ਪਵਿੱਤਰ ਕਰੇਗਾ।—1 ਇਤਹਾਸ 29:13.

9 ਯਿਸੂ ਨੇ ਆਪਣੀ ਜਾਨ ਇਸ ਲਈ ਵੀ ਕੁਰਬਾਨ ਕੀਤੀ ਕਿਉਂਕਿ ਉਹ ਇਨਸਾਨਾਂ ਨੂੰ ਪਿਆਰ ਕਰਦਾ ਸੀ। ਉਹ ਸ਼ੁਰੂ ਤੋਂ ਹੀ ਸਾਨੂੰ ਪਿਆਰ ਕਰਦਾ ਆਇਆ ਹੈ। ਬਾਈਬਲ ਦੱਸਦੀ ਹੈ ਕਿ ਧਰਤੀ ’ਤੇ ਆਉਣ ਤੋਂ ਪਹਿਲਾਂ ਉਹ ‘ਮਾਨਵ ਜਾਤੀ ਨਾਲ ਪਰਸੰਨ ਸੀ।’ (ਕਹਾਉਤਾਂ 8:30, 31, CL) ਜਦੋਂ ਉਹ ਧਰਤੀ ’ਤੇ ਆਇਆ, ਤਾਂ ਇਨਸਾਨਾਂ ਲਈ ਉਸ ਦਾ ਪਿਆਰ ਸਾਫ਼ ਨਜ਼ਰ ਆਇਆ। ਅਸੀਂ ਪਿਛਲੇ ਤਿੰਨ ਅਧਿਆਵਾਂ ਵਿਚ ਦੇਖ ਚੁੱਕੇ ਹਾਂ ਕਿ ਯਿਸੂ ਨੇ ਆਮ ਲੋਕਾਂ ਨੂੰ ਅਤੇ ਖ਼ਾਸ ਕਰਕੇ ਆਪਣੇ ਚੇਲਿਆਂ ਨੂੰ ਆਪਣੇ ਪਿਆਰ ਦਾ ਸਬੂਤ ਦਿੱਤਾ। ਪਰ 14 ਨੀਸਾਨ 33 ਈਸਵੀ ਨੂੰ ਉਸ ਨੇ ਖ਼ੁਸ਼ੀ-ਖ਼ੁਸ਼ੀ ਸਾਡੀ ਖ਼ਾਤਰ ਆਪਣੀ ਜਾਨ ਵੀ ਵਾਰ ਦਿੱਤੀ। (ਯੂਹੰਨਾ 10:11) ਇਸ ਤੋਂ ਵਧ ਕੇ ਉਹ ਆਪਣੇ ਪਿਆਰ ਦਾ ਸਬੂਤ ਨਹੀਂ ਦੇ ਸਕਦਾ ਸੀ! ਪਰ ਸਾਡੇ ਬਾਰੇ ਕੀ? ਸਾਨੂੰ ਵੀ ਉਸ ਵਾਂਗ ਦੂਜਿਆਂ ਨਾਲ ਪਿਆਰ ਕਰਨ ਦਾ ਹੁਕਮ ਦਿੱਤਾ ਗਿਆ ਹੈ।

‘ਇਕ-ਦੂਜੇ ਨੂੰ ਉਵੇਂ ਪਿਆਰ ਕਰੋ ਜਿਵੇਂ ਮੈਂ ਤੁਹਾਨੂੰ ਕੀਤਾ’

10, 11. ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹੜਾ ਨਵਾਂ ਹੁਕਮ ਦਿੱਤਾ ਅਤੇ ਇਸ ਦਾ ਕੀ ਮਤਲਬ ਹੈ? ਸਾਡੇ ਲਈ ਇਸ ਹੁਕਮ ਨੂੰ ਮੰਨਣਾ ਜ਼ਰੂਰੀ ਕਿਉਂ ਹੈ?

10 ਆਪਣੀ ਮੌਤ ਤੋਂ ਇਕ ਦਿਨ ਪਹਿਲਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਮੈਂ ਤੁਹਾਨੂੰ ਇਕ ਨਵਾਂ ਹੁਕਮ ਦੇ ਰਿਹਾ ਹਾਂ: ਤੁਸੀਂ ਇਕ-ਦੂਜੇ ਨੂੰ ਪਿਆਰ ਕਰੋ; ਜਿਵੇਂ ਮੈਂ ਤੁਹਾਡੇ ਨਾਲ ਪਿਆਰ ਕੀਤਾ, ਤੁਸੀਂ ਵੀ ਉਸੇ ਤਰ੍ਹਾਂ ਇਕ-ਦੂਜੇ ਨਾਲ ਪਿਆਰ ਕਰੋ। ਜੇ ਤੁਸੀਂ ਆਪਸ ਵਿਚ ਪਿਆਰ ਕਰਦੇ ਹੋ, ਤਾਂ ਇਸ ਤੋਂ ਸਾਰੇ ਜਾਣਨਗੇ ਕਿ ਤੁਸੀਂ ਮੇਰੇ ਚੇਲੇ ਹੋ।” (ਯੂਹੰਨਾ 13:34, 35) ‘ਇਕ-ਦੂਜੇ ਨੂੰ ਪਿਆਰ ਕਰਨ’ ਦਾ ਇਹ ਹੁਕਮ “ਨਵਾਂ” ਕਿਉਂ ਹੈ? ਕੀ ਮੂਸਾ ਦੇ ਕਾਨੂੰਨ ਵਿਚ ਪਹਿਲਾਂ ਹੀ ਇਹ ਹੁਕਮ ਨਹੀਂ ਦਿੱਤਾ ਗਿਆ ਸੀ: “ਤੂੰ ਆਪਣੇ ਗਵਾਂਢੀ ਨਾਲ ਆਪਣੇ ਜੇਹਾ ਪਿਆਰ ਕਰੀਂ”? (ਲੇਵੀਆਂ 19:18) ਹਾਂ, ਪਰ ਯਿਸੂ ਦਾ ਹੁਕਮ ਨਵਾਂ ਇਸ ਲਈ ਹੈ ਕਿਉਂਕਿ ਸਾਡਾ ਪਿਆਰ ਇੰਨਾ ਗਹਿਰਾ ਹੋਣਾ ਚਾਹੀਦਾ ਹੈ ਕਿ ਅਸੀਂ ਦੂਜਿਆਂ ਲਈ ਆਪਣੀ ਜਾਨ ਦੇਣ ਲਈ ਵੀ ਤਿਆਰ ਰਹੀਏ। ਯਿਸੂ ਨੇ ਆਪਣੀ ਗੱਲ ਸਮਝਾਉਂਦੇ ਹੋਏ ਕਿਹਾ: “ਤੁਹਾਨੂੰ ਮੇਰਾ ਹੁਕਮ ਹੈ ਕਿ ਤੁਸੀਂ ਇਕ-ਦੂਜੇ ਨੂੰ ਉਸੇ ਤਰ੍ਹਾਂ ਪਿਆਰ ਕਰੋ ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਪਿਆਰ ਕੀਤਾ ਹੈ। ਇਸ ਤੋਂ ਵੱਡਾ ਪਿਆਰ ਹੋਰ ਕੀ ਹੋ ਸਕਦਾ ਹੈ ਕਿ ਕੋਈ ਆਪਣੇ ਦੋਸਤਾਂ ਦੀ ਖ਼ਾਤਰ ਆਪਣੀ ਜਾਨ ਦੇਵੇ।” (ਯੂਹੰਨਾ 15:12, 13) ਦੂਜੇ ਲਫ਼ਜ਼ਾਂ ਵਿਚ ਨਵੇਂ ਹੁਕਮ ਦਾ ਮਤਲਬ ਹੈ: “ਦੂਜਿਆਂ ਨੂੰ ਆਪਣੇ ਜਿੰਨਾ ਨਹੀਂ, ਸਗੋਂ ਆਪਣੇ ਤੋਂ ਵੀ ਜ਼ਿਆਦਾ ਪਿਆਰ ਕਰਨਾ।” ਯਿਸੂ ਨੇ ਆਪਣੇ ਕੰਮਾਂ ਰਾਹੀਂ ਅਤੇ ਆਪਣੀ ਜਾਨ ਦੇ ਕੇ ਅਜਿਹੇ ਪਿਆਰ ਦੀ ਬੇਜੋੜ ਮਿਸਾਲ ਕਾਇਮ ਕੀਤੀ।

11 ਸਾਡੇ ਲਈ ਨਵੇਂ ਹੁਕਮ ਨੂੰ ਮੰਨਣਾ ਜ਼ਰੂਰੀ ਕਿਉਂ ਹੈ? ਯਾਦ ਕਰੋ ਕਿ ਯਿਸੂ ਨੇ ਕਿਹਾ ਸੀ: “ਜੇ ਤੁਸੀਂ ਆਪਸ ਵਿਚ ਪਿਆਰ ਕਰਦੇ ਹੋ, ਤਾਂ ਇਸ ਤੋਂ ਸਾਰੇ ਜਾਣਨਗੇ ਕਿ ਤੁਸੀਂ ਮੇਰੇ ਚੇਲੇ ਹੋ।” ਜੀ ਹਾਂ, ਦੂਜਿਆਂ ਨੂੰ ਆਪਣੇ ਨਾਲੋਂ ਜ਼ਿਆਦਾ ਪਿਆਰ ਕਰਨਾ ਸੱਚੇ ਮਸੀਹੀਆਂ ਦੀ ਪਛਾਣ ਹੈ। ਅਸੀਂ ਇਸ ਪਿਆਰ ਦੀ ਤੁਲਨਾ ਇਕ ਬੈਜ ਕਾਰਡ ਨਾਲ ਕਰ ਸਕਦੇ ਹਾਂ। ਯਹੋਵਾਹ ਦੇ ਗਵਾਹ ਆਪਣੇ ਸੰਮੇਲਨਾਂ ਵਿਚ ਅਜਿਹਾ ਕਾਰਡ ਲਾਉਂਦੇ ਹਨ ਜਿਸ ’ਤੇ ਉਨ੍ਹਾਂ ਦਾ ਅਤੇ ਉਨ੍ਹਾਂ ਦੀ ਮੰਡਲੀ ਦਾ ਨਾਂ ਲਿਖਿਆ ਹੁੰਦਾ ਹੈ। ਜਿਵੇਂ ਬੈਜ ਕਾਰਡ ਤੋਂ ਕਿਸੇ ਦੀ ਪਛਾਣ ਹੁੰਦੀ ਹੈ, ਉਵੇਂ ਹੀ ਪਿਆਰ ਸੱਚੇ ਮਸੀਹੀਆਂ ਦੀ ਪਛਾਣ ਹੈ। ਕਹਿਣ ਦਾ ਮਤਲਬ ਹੈ ਕਿ ਜਦੋਂ ਅਸੀਂ ਇਕ-ਦੂਜੇ ਨਾਲ ਪਿਆਰ ਕਰਦੇ ਹਾਂ, ਤਾਂ ਲੋਕਾਂ ਨੂੰ ਝੱਟ ਪਤਾ ਲੱਗ ਜਾਂਦਾ ਹੈ ਕਿ ਅਸੀਂ ਮਸੀਹ ਦੇ ਸੱਚੇ ਚੇਲੇ ਹਾਂ। ਇਸ ਲਈ ਖ਼ੁਦ ਨੂੰ ਪੁੱਛੋ: ‘ਕੀ ਮੈਂ ਦੂਜਿਆਂ ਨੂੰ ਆਪਣੇ ਤੋਂ ਜ਼ਿਆਦਾ ਪਿਆਰ ਕਰਦਾ ਹਾਂ?’

ਨਵੇਂ ਹੁਕਮ ਵਿਚ ਕੀ ਸ਼ਾਮਲ ਹੈ?

12, 13. (ੳ) ਇਕ-ਦੂਜੇ ਲਈ ਆਪਣੇ ਪਿਆਰ ਦਾ ਸਬੂਤ ਦੇਣ ਲਈ ਸ਼ਾਇਦ ਸਾਨੂੰ ਕੀ ਕਰਨਾ ਪਵੇ? (ਅ) ਦੂਜਿਆਂ ਨੂੰ ਆਪਣੇ ਨਾਲੋਂ ਜ਼ਿਆਦਾ ਪਿਆਰ ਕਰਨ ਦਾ ਕੀ ਮਤਲਬ ਹੈ?

12 ਯਿਸੂ ਦੇ ਚੇਲੇ ਹੋਣ ਕਰਕੇ ਸਾਨੂੰ ਇਕ-ਦੂਜੇ ਨੂੰ ਉਸੇ ਤਰ੍ਹਾਂ ਪਿਆਰ ਕਰਨਾ ਚਾਹੀਦਾ ਹੈ ਜਿਸ ਤਰ੍ਹਾਂ ਉਸ ਨੇ ਸਾਡੇ ਨਾਲ ਕੀਤਾ ਹੈ। ਇਸ ਦਾ ਮਤਲਬ ਹੈ ਕਿ ਸਾਨੂੰ ਆਪਣੇ ਭੈਣਾਂ-ਭਰਾਵਾਂ ਲਈ ਕੁਰਬਾਨੀਆਂ ਕਰਨ ਦੀ ਲੋੜ ਹੈ। ਪਰ ਕਿਸ ਹੱਦ ਤਕ? ਬਾਈਬਲ ਸਾਨੂੰ ਦੱਸਦੀ ਹੈ: “ਅਸੀਂ ਇਸ ਗੱਲ ਤੋਂ ਪਿਆਰ ਬਾਰੇ ਸਿੱਖਦੇ ਹਾਂ ਕਿ ਉਸ ਨੇ ਸਾਡੇ ਲਈ ਆਪਣੀ ਜਾਨ ਦਿੱਤੀ; ਅਤੇ ਸਾਡਾ ਵੀ ਹੁਣ ਫ਼ਰਜ਼ ਬਣਦਾ ਹੈ ਕਿ ਅਸੀਂ ਆਪਣੇ ਭਰਾਵਾਂ ਲਈ ਆਪਣੀਆਂ ਜਾਨਾਂ ਦੇਈਏ।” (1 ਯੂਹੰਨਾ 3:16) ਯਿਸੂ ਵਾਂਗ ਸਾਨੂੰ ਇਕ-ਦੂਜੇ ਲਈ ਆਪਣੀ ਜਾਨ ਦੇਣ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ। ਮਿਸਾਲ ਲਈ, ਜਦੋਂ ਸਾਡਾ ਸਖ਼ਤ ਵਿਰੋਧ ਕੀਤਾ ਜਾਂਦਾ ਹੈ, ਤਾਂ ਅਸੀਂ ਆਪਣੇ ਮਸੀਹੀ ਭੈਣਾਂ-ਭਰਾਵਾਂ ਨੂੰ ਦਗ਼ਾ ਦੇ ਕੇ ਉਨ੍ਹਾਂ ਦੀਆਂ ਜਾਨਾਂ ਖ਼ਤਰੇ ਵਿਚ ਨਹੀਂ ਪਾਵਾਂਗੇ, ਸਗੋਂ ਆਪਣੀ ਜਾਨ ਦੇਣ ਲਈ ਤਿਆਰ ਰਹਾਂਗੇ। ਜਿਨ੍ਹਾਂ ਦੇਸ਼ਾਂ ਵਿਚ ਨਸਲੀ ਦੰਗਿਆਂ ਕਰਕੇ ਫੁੱਟ ਪਈ ਹੋਈ ਹੈ, ਉੱਥੇ ਮਸੀਹੀ ਆਪਣੀ ਜਾਨ ਤਲੀ ’ਤੇ ਰੱਖ ਕੇ ਆਪਣੇ ਭਰਾਵਾਂ ਦੀ ਹਿਫਾਜ਼ਤ ਕਰਦੇ ਹਨ, ਚਾਹੇ ਉਹ ਕਿਸੇ ਵੀ ਨਸਲ ਜਾਂ ਜਾਤ ਦੇ ਹੋਣ। ਜਦ ਦੇਸ਼ ਆਪਸ ਵਿਚ ਲੜਦੇ ਹਨ, ਤਾਂ ਅਸੀਂ ਆਪਣੇ ਭੈਣਾਂ-ਭਰਾਵਾਂ ਜਾਂ ਕਿਸੇ ਹੋਰ ਖ਼ਿਲਾਫ਼ ਹਥਿਆਰ ਚੁੱਕਣ ਦੀ ਬਜਾਇ ਜੇਲ੍ਹ ਜਾਣ ਜਾਂ ਮੌਤ ਦਾ ਸਾਮ੍ਹਣਾ ਕਰਨ ਲਈ ਵੀ ਤਿਆਰ ਰਹਿੰਦੇ ਹਾਂ।—ਯੂਹੰਨਾ 17:14, 16; 1 ਯੂਹੰਨਾ 3:10-12.

13 ਹੋ ਸਕਦਾ ਹੈ ਕਿ ਸਾਨੂੰ ਆਪਣੇ ਭੈਣਾਂ-ਭਰਾਵਾਂ ਲਈ ਆਪਣੀ ਜਾਨ ਨਾ ਦੇਣੀ ਪਵੇ। ਪਰ ਹੋਰ ਕਈ ਤਰੀਕੇ ਹਨ ਜਿਨ੍ਹਾਂ ਨਾਲ ਅਸੀਂ ਉਨ੍ਹਾਂ ਲਈ ਆਪਣੇ ਪਿਆਰ ਦਾ ਸਬੂਤ ਦੇ ਸਕਦੇ ਹਾਂ। ਮਿਸਾਲ ਲਈ, ਜੇ ਅਸੀਂ ਆਪਣੇ ਭਰਾਵਾਂ ਲਈ ਆਪਣੀ ਜਾਨ ਕੁਰਬਾਨ ਕਰਨ ਲਈ ਤਿਆਰ ਹਾਂ, ਤਾਂ ਕੀ ਸਾਨੂੰ ਉਨ੍ਹਾਂ ਦੀਆਂ ਛੋਟੀਆਂ-ਮੋਟੀਆਂ ਗੱਲਾਂ ਵਿਚ ਮਦਦ ਨਹੀਂ ਕਰਨੀ ਚਾਹੀਦੀ? ਦੂਜਿਆਂ ਨੂੰ ਆਪਣੇ ਨਾਲੋਂ ਜ਼ਿਆਦਾ ਪਿਆਰ ਕਰਨ ਦਾ ਮਤਲਬ ਹੈ ਕਿ ਅਸੀਂ ਆਪਣੇ ਸੁੱਖ-ਆਰਾਮ ਬਾਰੇ ਨਹੀਂ, ਸਗੋਂ ਉਨ੍ਹਾਂ ਦੀਆਂ ਲੋੜਾਂ ਅਤੇ ਭਲਾਈ ਬਾਰੇ ਸੋਚਾਂਗੇ, ਭਾਵੇਂ ਇੱਦਾਂ ਕਰਨਾ ਸਾਡੇ ਲਈ ਔਖਾ ਹੋ ਸਕਦਾ ਹੈ। (1 ਕੁਰਿੰਥੀਆਂ 10:24) ਤਾਂ ਫਿਰ, ਅਸੀਂ ਕਿਨ੍ਹਾਂ ਕੰਮਾਂ ਰਾਹੀਂ ਆਪਣੇ ਪਿਆਰ ਦਾ ਸਬੂਤ ਦੇ ਸਕਦੇ ਹਾਂ?

ਮੰਡਲੀ ਅਤੇ ਪਰਿਵਾਰ ਨਾਲ ਪਿਆਰ

14. (ੳ) ਬਜ਼ੁਰਗਾਂ ਨੂੰ ਕਿਹੜੀਆਂ ਕੁਰਬਾਨੀਆਂ ਕਰਨੀਆਂ ਪੈਂਦੀਆਂ ਹਨ? (ਅ) ਤੁਸੀਂ ਆਪਣੀ ਮੰਡਲੀ ਦੇ ਮਿਹਨਤੀ ਬਜ਼ੁਰਗਾਂ ਬਾਰੇ ਕਿਵੇਂ ਮਹਿਸੂਸ ਕਰਦੇ ਹੋ?

14 ਮੰਡਲੀ ਦੇ ਬਜ਼ੁਰਗ “ਚਰਵਾਹਿਆਂ ਵਾਂਗ ਪਰਮੇਸ਼ੁਰ ਦੀਆਂ ਭੇਡਾਂ ਦੀ ਦੇਖ-ਭਾਲ” ਕਰਨ ਲਈ ਬਹੁਤ ਕੁਰਬਾਨੀਆਂ ਕਰਦੇ ਹਨ। (1 ਪਤਰਸ 5:2, 3) ਉਹ ਆਪਣੇ ਪਰਿਵਾਰ ਦੀ ਦੇਖ-ਭਾਲ ਕਰਨ ਦੇ ਨਾਲ-ਨਾਲ ਸ਼ਾਮ ਨੂੰ ਅਤੇ ਸ਼ਨੀ-ਐਤਵਾਰ ਨੂੰ ਮੰਡਲੀ ਦੇ ਕੰਮਾਂ ਵਿਚ ਬਹੁਤ ਸਮਾਂ ਲਾਉਂਦੇ ਹਨ, ਜਿਵੇਂ ਕਿ ਭਾਸ਼ਣ ਤਿਆਰ ਕਰਨੇ, ਭੈਣਾਂ-ਭਰਾਵਾਂ ਨੂੰ ਹੌਸਲਾ ਦੇਣ ਲਈ ਉਨ੍ਹਾਂ ਨੂੰ ਮਿਲਣ ਜਾਣਾ ਅਤੇ ਜੁਡੀਸ਼ਲ ਮਾਮਲੇ ਸੁਲਝਾਉਣੇ। ਨਾਲੇ ਕਈ ਬਜ਼ੁਰਗ ਸੰਮੇਲਨਾਂ, ਉਸਾਰੀ ਦਾ ਕੰਮ ਕਰਨ ਵਾਲੀਆਂ ਕਮੇਟੀਆਂ ਅਤੇ ਹਸਪਤਾਲ ਸੰਪਰਕ ਕਮੇਟੀਆਂ ਵਿਚ ਕੰਮ ਕਰਦੇ ਹਨ ਅਤੇ ਹਸਪਤਾਲ ਵਿਚ ਦਾਖ਼ਲ ਭੈਣਾਂ-ਭਰਾਵਾਂ ਨੂੰ ਮਿਲਣ ਵੀ ਜਾਂਦੇ ਹਨ। ਬਜ਼ੁਰਗੋ, ਇਹ ਗੱਲ ਕਦੀ ਨਾ ਭੁੱਲੋ ਕਿ ਜਦੋਂ ਤੁਸੀਂ ਖ਼ੁਸ਼ੀ-ਖ਼ੁਸ਼ੀ ਆਪਣੇ ਭੈਣਾਂ-ਭਰਾਵਾਂ ਦੀ ਮਦਦ ਕਰਨ ਲਈ ਆਪਣਾ ਸਮਾਂ, ਤਾਕਤ ਤੇ ਹੋਰ ਚੀਜ਼ਾਂ ਵਰਤਦੇ ਹੋ, ਤਾਂ ਤੁਸੀਂ ਆਪਣੇ ਪਿਆਰ ਦਾ ਸਬੂਤ ਦਿੰਦੇ ਹੋ। (2 ਕੁਰਿੰਥੀਆਂ 12:15) ਤੁਹਾਡੀ ਦਿਲੋਂ ਕੀਤੀ ਗਈ ਮਿਹਨਤ ਦੀ ਯਹੋਵਾਹ ਅਤੇ ਮੰਡਲੀ ਦੇ ਭੈਣ-ਭਰਾ ਬਹੁਤ ਕਦਰ ਕਰਦੇ ਹਨ।—ਫ਼ਿਲਿੱਪੀਆਂ 2:29; ਇਬਰਾਨੀਆਂ 6:10.

15. (ੳ) ਬਜ਼ੁਰਗਾਂ ਦੀਆਂ ਪਤਨੀਆਂ ਕਿਹੜੀਆਂ ਕੁਰਬਾਨੀਆਂ ਕਰਦੀਆਂ ਹਨ? (ਅ) ਤੁਸੀਂ ਆਪਣੀ ਮੰਡਲੀ ਦੇ ਬਜ਼ੁਰਗਾਂ ਦੀਆਂ ਪਤਨੀਆਂ ਬਾਰੇ ਕਿਵੇਂ ਮਹਿਸੂਸ ਕਰਦੇ ਹੋ?

15 ਜ਼ਰਾ ਬਜ਼ੁਰਗਾਂ ਦੀਆਂ ਪਤਨੀਆਂ ਬਾਰੇ ਸੋਚੋ। ਕੀ ਉਹ ਵੀ ਕੁਰਬਾਨੀਆਂ ਨਹੀਂ ਕਰਦੀਆਂ ਤਾਂਕਿ ਉਨ੍ਹਾਂ ਦੇ ਪਤੀ ਭੈਣਾਂ-ਭਰਾਵਾਂ ਦੀ ਮਦਦ ਕਰ ਸਕਣ? ਹਾਂ ਬਿਲਕੁਲ, ਕਿਉਂਕਿ ਜੋ ਸਮਾਂ ਪਤੀ ਆਪਣੇ ਪਰਿਵਾਰ ਨਾਲ ਗੁਜ਼ਾਰ ਸਕਦਾ ਹੈ, ਉਹੀ ਸਮਾਂ ਉਸ ਨੂੰ ਮੰਡਲੀ ਦੇ ਕੰਮਾਂ ਵਿਚ ਲਾਉਣਾ ਪੈਂਦਾ ਹੈ। ਨਾਲੇ ਸਰਕਟ ਅਤੇ ਡਿਸਟ੍ਰਿਕਟ ਓਵਰਸੀਅਰਾਂ ਦੀਆਂ ਪਤਨੀਆਂ ਬਾਰੇ ਸੋਚੋ। ਉਹ ਹਰ ਹਫ਼ਤੇ ਆਪਣੇ ਪਤੀਆਂ ਨਾਲ ਵੱਖੋ-ਵੱਖਰੀਆਂ ਮੰਡਲੀਆਂ ਵਿਚ ਜਾਂਦੀਆਂ ਹਨ। ਉਨ੍ਹਾਂ ਦਾ ਆਪਣਾ ਘਰ ਨਹੀਂ ਹੁੰਦਾ ਅਤੇ ਉਨ੍ਹਾਂ ਨੂੰ ਵੱਖ-ਵੱਖ ਭੈਣਾਂ-ਭਰਾਵਾਂ ਦੇ ਘਰਾਂ ਵਿਚ ਰਹਿਣਾ ਪੈਂਦਾ ਹੈ। ਇਹ ਕਿੰਨੀ ਵੱਡੀ ਕੁਰਬਾਨੀ ਹੈ! ਅਜਿਹੀਆਂ ਦਰਿਆ-ਦਿਲ ਭੈਣਾਂ ਕਾਬਲ-ਏ-ਤਾਰੀਫ਼ ਹਨ ਕਿਉਂਕਿ ਉਹ ਆਪਣੇ ਸੁੱਖ-ਆਰਾਮ ਬਾਰੇ ਚਿੰਤਾ ਕਰਨ ਦੀ ਬਜਾਇ ਮੰਡਲੀ ਦੀ ਭਲਾਈ ਬਾਰੇ ਸੋਚਦੀਆਂ ਹਨ।—ਫ਼ਿਲਿੱਪੀਆਂ 2:3, 4.

16. ਮਾਪੇ ਆਪਣੇ ਬੱਚਿਆਂ ਲਈ ਕਿਹੜੀਆਂ ਕੁਰਬਾਨੀਆਂ ਕਰਦੇ ਹਨ?

16 ਪਰਿਵਾਰ ਵਿਚ ਅਸੀਂ ਇਕ-ਦੂਜੇ ਨੂੰ ਪਿਆਰ ਕਿਵੇਂ ਕਰ ਸਕਦੇ ਹਾਂ? ਮਾਪਿਓ, ਤੁਸੀਂ ਆਪਣੇ ਬੱਚਿਆਂ ਦੀ ਦੇਖ-ਭਾਲ ਕਰਨ ਅਤੇ ਉਨ੍ਹਾਂ ਨੂੰ “ਯਹੋਵਾਹ ਦੀ ਤਾੜਨਾ ਅਤੇ ਸਿੱਖਿਆ” ਦੇਣ ਲਈ ਕਈ ਕੁਰਬਾਨੀਆਂ ਕਰਦੇ ਹੋ। (ਅਫ਼ਸੀਆਂ 6:4) ਸ਼ਾਇਦ ਤੁਸੀਂ ਰੋਟੀ, ਕੱਪੜੇ ਤੇ ਮਕਾਨ ਵਰਗੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਲੱਕ-ਤੋੜ ਮਿਹਨਤ ਕਰਦੇ ਹੋ। ਤੁਸੀਂ ਖ਼ੁਦ ਤੰਗੀਆਂ ਸਹਿੰਦੇ ਹੋ ਤਾਂਕਿ ਬੱਚਿਆਂ ਨੂੰ ਕਿਸੇ ਚੀਜ਼ ਦੀ ਕਮੀ ਨਾ ਹੋਵੇ। ਤੁਸੀਂ ਬੜੀ ਮਿਹਨਤ ਨਾਲ ਉਨ੍ਹਾਂ ਨਾਲ ਬਾਈਬਲ ਦੀ ਸਟੱਡੀ ਕਰਦੇ ਹੋ, ਉਨ੍ਹਾਂ ਨੂੰ ਮੀਟਿੰਗਾਂ ’ਤੇ ਲੈ ਕੇ ਜਾਂਦੇ ਹੋ ਅਤੇ ਉਨ੍ਹਾਂ ਨਾਲ ਮਿਲ ਕੇ ਪ੍ਰਚਾਰ ਕਰਦੇ ਹੋ। (ਬਿਵਸਥਾ ਸਾਰ 6:6, 7) ਇੱਦਾਂ ਤੁਸੀਂ ਆਪਣੇ ਬੱਚਿਆਂ ਨੂੰ ਹਮੇਸ਼ਾ ਦੀ ਜ਼ਿੰਦਗੀ ਪਾਉਣ ਦਾ ਮੌਕਾ ਦਿੰਦੇ ਹੋ। (ਕਹਾਉਤਾਂ 22:6) ਜਦੋਂ ਤੁਸੀਂ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਪਿਆਰ ਕਰਦੇ ਹੋ, ਤਾਂ ਤੁਸੀਂ ਯਹੋਵਾਹ ਦਾ ਦਿਲ ਖ਼ੁਸ਼ ਕਰਦੇ ਹੋ ਜਿਸ ਨੇ ਪਰਿਵਾਰ ਦੀ ਸ਼ੁਰੂਆਤ ਕੀਤੀ ਹੈ।—ਅਫ਼ਸੀਆਂ 3:14, 15.

17. ਪਤੀ ਯਿਸੂ ਦੇ ਪਿਆਰ ਦੀ ਰੀਸ ਕਿਵੇਂ ਕਰ ਸਕਦੇ ਹਨ?

17 ਪਤੀ ਯਿਸੂ ਦੇ ਪਿਆਰ ਦੀ ਰੀਸ ਕਿਵੇਂ ਕਰ ਸਕਦੇ ਹਨ? ਬਾਈਬਲ ਕਹਿੰਦੀ ਹੈ: “ਪਤੀਓ, ਆਪਣੀਆਂ ਪਤਨੀਆਂ ਨਾਲ ਪਿਆਰ ਕਰਦੇ ਰਹੋ, ਠੀਕ ਜਿਵੇਂ ਮਸੀਹ ਨੇ ਮੰਡਲੀ ਨਾਲ ਪਿਆਰ ਕੀਤਾ ਅਤੇ ਇਸ ਦੀ ਖ਼ਾਤਰ ਆਪਣੀ ਜਾਨ ਕੁਰਬਾਨ ਕੀਤੀ।” (ਅਫ਼ਸੀਆਂ 5:25) ਅਸੀਂ ਦੇਖ ਚੁੱਕੇ ਹਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਇੰਨਾ ਪਿਆਰ ਕੀਤਾ ਕਿ ਉਸ ਨੇ ਉਨ੍ਹਾਂ ਲਈ ਆਪਣੀ ਜਾਨ ਤਕ ਦੇ ਦਿੱਤੀ। ਇਕ ਪਤੀ ਯਿਸੂ ਦੀ ਰੀਸ ਕਰਦਿਆਂ ‘ਆਪਣੇ ਬਾਰੇ ਸੋਚਣ’ ਦੀ ਬਜਾਇ ਆਪਣੀ ਪਤਨੀ ਦੀਆਂ ਲੋੜਾਂ ਅਤੇ ਉਸ ਦੀਆਂ ਖ਼ੁਸ਼ੀਆਂ ਬਾਰੇ ਸੋਚਦਾ ਹੈ। (ਰੋਮੀਆਂ 15:3) ਉਹ ਆਪਣੀ ਗੱਲ ’ਤੇ ਅੜਿਆ ਨਹੀਂ ਰਹਿੰਦਾ। ਜੇ ਪਤਨੀ ਦੀ ਗੱਲ ਬਾਈਬਲ ਦੇ ਖ਼ਿਲਾਫ਼ ਨਹੀਂ ਹੈ, ਤਾਂ ਉਹ ਉਸ ਦੀ ਰਾਇ ਮੰਨ ਲੈਂਦਾ ਹੈ। ਜਿਹੜਾ ਪਤੀ ਆਪਣੇ ਪਰਿਵਾਰ ਨੂੰ ਆਪਣੇ ਨਾਲੋਂ ਜ਼ਿਆਦਾ ਪਿਆਰ ਕਰਦਾ ਹੈ ਉਹ ਯਹੋਵਾਹ ਦੀ ਮਿਹਰ ਪਾਉਂਦਾ ਹੈ ਅਤੇ ਉਸ ਦੀ ਪਤਨੀ ਤੇ ਬੱਚੇ ਉਸ ਨੂੰ ਇੱਜ਼ਤ-ਮਾਣ ਦਿੰਦੇ ਹਨ।

ਤੁਸੀਂ ਕੀ ਕਰੋਗੇ?

18. ਪਿਆਰ ਕਰਨ ਦਾ ਨਵਾਂ ਹੁਕਮ ਮੰਨਣ ਦਾ ਸਾਡੇ ਕੋਲ ਕਿਹੜਾ ਵਧੀਆ ਕਾਰਨ ਹੈ?

18 ਇਕ-ਦੂਜੇ ਨੂੰ ਪਿਆਰ ਕਰਨ ਦਾ ਨਵਾਂ ਹੁਕਮ ਮੰਨਣਾ ਸੌਖਾ ਨਹੀਂ ਹੈ, ਪਰ ਸਾਡੇ ਕੋਲ ਇੱਦਾਂ ਕਰਨ ਦਾ ਵਧੀਆ ਕਾਰਨ ਹੈ। ਪੌਲੁਸ ਨੇ ਲਿਖਿਆ: “ਮਸੀਹ ਦਾ ਪਿਆਰ ਸਾਨੂੰ ਪ੍ਰੇਰਦਾ ਹੈ, ਕਿਉਂਕਿ ਅਸੀਂ ਇਹੀ ਸਿੱਟਾ ਕੱਢਿਆ ਹੈ ਕਿ ਇਕ ਆਦਮੀ ਸਾਰਿਆਂ ਦੀ ਖ਼ਾਤਰ ਮਰਿਆ . . . ਤਾਂਕਿ ਜਿਹੜੇ ਜੀ ਰਹੇ ਹਨ, ਉਹ ਅੱਗੇ ਤੋਂ ਆਪਣੇ ਲਈ ਨਾ ਜੀਉਣ, ਸਗੋਂ ਉਸ ਲਈ ਜੀਉਣ ਜੋ ਉਨ੍ਹਾਂ ਦੀ ਖ਼ਾਤਰ ਮਰਿਆ ਅਤੇ ਦੁਬਾਰਾ ਜੀਉਂਦਾ ਕੀਤਾ ਗਿਆ ਸੀ।” (2 ਕੁਰਿੰਥੀਆਂ 5:14, 15) ਜੇ ਯਿਸੂ ਨੇ ਸਾਡੇ ਲਈ ਆਪਣੀ ਜਾਨ ਦਿੱਤੀ, ਤਾਂ ਕੀ ਸਾਨੂੰ ਉਸ ਲਈ ਨਹੀਂ ਜੀਉਣਾ ਚਾਹੀਦਾ? ਹਾਂ, ਦੂਜਿਆਂ ਨੂੰ ਆਪਣੇ ਨਾਲੋਂ ਜ਼ਿਆਦਾ ਪਿਆਰ ਕਰ ਕੇ ਅਸੀਂ ਯਿਸੂ ਲਈ ਜੀ ਰਹੇ ਹੋਵਾਂਗੇ।

19, 20. ਯਹੋਵਾਹ ਨੇ ਸਾਨੂੰ ਕਿਹੜਾ ਅਨਮੋਲ ਤੋਹਫ਼ਾ ਦਿੱਤਾ ਹੈ ਅਤੇ ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਇਸ ਨੂੰ ਕਬੂਲ ਕਰਦੇ ਹਾਂ?

19 ਯਿਸੂ ਨੇ ਇਹ ਗੱਲ ਵਧਾ-ਚੜ੍ਹਾ ਕੇ ਨਹੀਂ ਕਹੀ ਕਿ “ਇਸ ਤੋਂ ਵੱਡਾ ਪਿਆਰ ਹੋਰ ਕੀ ਹੋ ਸਕਦਾ ਹੈ ਕਿ ਕੋਈ ਆਪਣੇ ਦੋਸਤਾਂ ਦੀ ਖ਼ਾਤਰ ਆਪਣੀ ਜਾਨ ਦੇਵੇ।” (ਯੂਹੰਨਾ 15:13) ਉਸ ਨੇ ਸਾਡੇ ਲਈ ਆਪਣੀ ਜਾਨ ਦੇ ਕੇ ਆਪਣੇ ਪਿਆਰ ਦਾ ਸਭ ਤੋਂ ਵੱਡਾ ਸਬੂਤ ਦਿੱਤਾ। ਪਰ ਯਹੋਵਾਹ ਨੇ ਇਸ ਨਾਲੋਂ ਵੀ ਕਿਤੇ ਵਧ ਕੇ ਸਾਨੂੰ ਪਿਆਰ ਕੀਤਾ ਹੈ। ਯਿਸੂ ਨੇ ਕਿਹਾ: “ਪਰਮੇਸ਼ੁਰ ਨੇ ਦੁਨੀਆਂ ਨਾਲ ਇੰਨਾ ਪਿਆਰ ਕੀਤਾ ਕਿ ਉਸ ਨੇ ਲੋਕਾਂ ਦੀ ਖ਼ਾਤਰ ਆਪਣਾ ਇਕਲੌਤਾ ਪੁੱਤਰ ਵਾਰ ਦਿੱਤਾ ਤਾਂਕਿ ਜਿਹੜਾ ਵੀ ਉਸ ਉੱਤੇ ਆਪਣੀ ਨਿਹਚਾ ਦਾ ਸਬੂਤ ਦਿੰਦਾ ਹੈ, ਉਹ ਨਾਸ਼ ਨਾ ਹੋਵੇ, ਸਗੋਂ ਹਮੇਸ਼ਾ ਦੀ ਜ਼ਿੰਦਗੀ ਪਾਵੇ।” (ਯੂਹੰਨਾ 3:16) ਪਰਮੇਸ਼ੁਰ ਸਾਡੇ ਨਾਲ ਇੰਨਾ ਪਿਆਰ ਕਰਦਾ ਹੈ ਕਿ ਉਸ ਨੇ ਆਪਣੇ ਬੇਟੇ ਦੀ ਕੁਰਬਾਨੀ ਦਿੱਤੀ ਤਾਂਕਿ ਸਾਨੂੰ ਪਾਪ ਤੇ ਮੌਤ ਤੋਂ ਛੁਟਕਾਰਾ ਮਿਲ ਸਕੇ। (ਅਫ਼ਸੀਆਂ 1:7) ਇਨਸਾਨਾਂ ਦੀ ਰਿਹਾਈ ਦੀ ਕੀਮਤ ਯਹੋਵਾਹ ਵੱਲੋਂ ਇਕ ਅਨਮੋਲ ਤੋਹਫ਼ਾ ਹੈ, ਪਰ ਇਸ ਨੂੰ ਕਬੂਲ ਕਰਨ ਲਈ ਉਹ ਸਾਨੂੰ ਮਜਬੂਰ ਨਹੀਂ ਕਰਦਾ।

20 ਇਹ ਸਾਡੇ ’ਤੇ ਹੈ ਕਿ ਅਸੀਂ ਯਹੋਵਾਹ ਦੇ ਇਸ ਤੋਹਫ਼ੇ ਨੂੰ ਕਬੂਲ ਕਰਦੇ ਹਾਂ ਜਾਂ ਨਹੀਂ। ਉਹ ਕਿਵੇਂ? ਉਸ ਦੇ ਪੁੱਤਰ ’ਤੇ “ਆਪਣੀ ਨਿਹਚਾ ਦਾ ਸਬੂਤ” ਦੇ ਕੇ। ਜੀ ਹਾਂ, ਸਾਨੂੰ ਆਪਣੇ ਕੰਮਾਂ ਰਾਹੀਂ ਦਿਖਾਉਣ ਦੀ ਲੋੜ ਹੈ ਕਿ ਅਸੀਂ ਨਿਹਚਾ ਕਰਦੇ ਹਾਂ। (ਯਾਕੂਬ 2:26) ਅਸੀਂ ਹਰ ਰੋਜ਼ ਯਿਸੂ ਮਸੀਹ ਦੇ ਪਿੱਛੇ-ਪਿੱਛੇ ਚੱਲ ਕੇ ਇਸ ਦਾ ਸਬੂਤ ਦਿੰਦੇ ਹਾਂ। ਇੱਦਾਂ ਕਰਨ ਨਾਲ ਸਾਨੂੰ ਹੁਣ ਅਤੇ ਭਵਿੱਖ ਵਿਚ ਬੇਸ਼ੁਮਾਰ ਬਰਕਤਾਂ ਮਿਲਣਗੀਆਂ। ਇਸ ਬਾਰੇ ਅਸੀਂ ਅਖ਼ੀਰਲੇ ਅਧਿਆਇ ਵਿਚ ਪੜ੍ਹਾਂਗੇ।

^ ਪੈਰਾ 3 ਉਸ ਦਿਨ ਯਿਸੂ ਦੇ ਮੂੰਹ ’ਤੇ ਦੋ ਵਾਰ ਥੁੱਕਿਆ ਜਾਂਦਾ ਹੈ, ਪਹਿਲਾਂ ਧਾਰਮਿਕ ਆਗੂਆਂ ਵੱਲੋਂ ਤੇ ਫਿਰ ਰੋਮੀ ਫ਼ੌਜੀਆਂ ਵੱਲੋਂ। (ਮੱਤੀ 26:59-68; 27:27-30) ਇਹ ਬਦਸਲੂਕੀ ਖਿੜੇ ਮੱਥੇ ਸਹਾਰ ਕੇ ਯਿਸੂ ਇਹ ਭਵਿੱਖਬਾਣੀ ਪੂਰੀ ਕਰਦਾ ਹੈ: “ਮੈਂ ਆਪਣਾ ਮੂੰਹ ਸ਼ਰਮ ਅਰ ਥੁੱਕ ਤੋਂ ਨਾ ਲੁਕਾਇਆ।”—ਯਸਾਯਾਹ 50:6.