Skip to content

Skip to table of contents

ਅਧਿਆਇ 15

“ਉਸ ਨੂੰ ਉਨ੍ਹਾਂ ’ਤੇ ਤਰਸ ਆਇਆ”

“ਉਸ ਨੂੰ ਉਨ੍ਹਾਂ ’ਤੇ ਤਰਸ ਆਇਆ”

“ਪ੍ਰਭੂ, ਅਸੀਂ ਸੁਜਾਖੇ ਹੋਣਾ ਚਾਹੁੰਦੇ ਹਾਂ”

1-3. (ੳ) ਜਦੋਂ ਦੋ ਭਿਖਾਰੀਆਂ ਨੇ ਯਿਸੂ ਨੂੰ ਮਦਦ ਲਈ ਫ਼ਰਿਆਦ ਕੀਤੀ, ਤਾਂ ਉਸ ਨੇ ਕੀ ਕੀਤਾ? (ਅ) ਬਾਈਬਲ ਵਿਚ ਜਿਸ ਯੂਨਾਨੀ ਸ਼ਬਦ ਦਾ ਤਰਜਮਾ “ਦਇਆ ਆਈ” ਕੀਤਾ ਗਿਆ ਹੈ ਉਸ ਦਾ ਕੀ ਮਤਲਬ ਹੈ? (ਫੁਟਨੋਟ ਦੇਖੋ।)

ਯਰੀਹੋ ਸ਼ਹਿਰ ਦੇ ਬਾਹਰ ਦੋ ਅੰਨ੍ਹੇ ਭਿਖਾਰੀ ਸੜਕ ’ਤੇ ਬੈਠੇ ਹੋਏ ਹਨ। ਉਹ ਰੋਜ਼ ਇਸ ਰਸਤਿਓਂ ਆਉਂਦੇ-ਜਾਂਦੇ ਲੋਕਾਂ ਕੋਲੋਂ ਭੀਖ ਮੰਗਦੇ ਹਨ। ਪਰ ਅੱਜ ਕੁਝ ਅਜਿਹਾ ਹੋਵੇਗਾ ਜਿਸ ਕਰਕੇ ਉਨ੍ਹਾਂ ਦੀ ਜ਼ਿੰਦਗੀ ਦਾ ਰੁਖ ਹੀ ਬਦਲ ਜਾਵੇਗਾ।

2 ਅਚਾਨਕ ਭਿਖਾਰੀਆਂ ਨੂੰ ਰੌਲ਼ਾ ਸੁਣਾਈ ਦਿੰਦਾ ਹੈ ਅਤੇ ਇਨ੍ਹਾਂ ਵਿੱਚੋਂ ਇਕ ਜਣਾ ਰਾਹ ਜਾਂਦੇ ਲੋਕਾਂ ਨੂੰ ਇਸ ਦਾ ਕਾਰਨ ਪੁੱਛਦਾ ਹੈ। ਲੋਕ ਉਸ ਨੂੰ ਦੱਸਦੇ ਹਨ: “ਯਿਸੂ ਨਾਸਰੀ ਇੱਧਰੋਂ ਦੀ ਲੰਘ ਰਿਹਾ ਹੈ!” ਯਿਸੂ ਆਖ਼ਰੀ ਵਾਰ ਯਰੂਸ਼ਲਮ ਜਾ ਰਿਹਾ ਹੈ, ਪਰ ਉਹ ਇਕੱਲਾ ਨਹੀਂ ਹੈ। ਇਕ ਵੱਡੀ ਭੀੜ ਉਸ ਦੇ ਪਿੱਛੇ-ਪਿੱਛੇ ਆ ਰਹੀ ਹੈ। ਯਿਸੂ ਬਾਰੇ ਸੁਣ ਕੇ ਭਿਖਾਰੀ ਉੱਚੀ-ਉੱਚੀ ਕਹਿਣ ਲੱਗਦੇ ਹਨ: “ਹੇ ਪ੍ਰਭੂ, ਦਾਊਦ ਦੇ ਪੁੱਤਰ, ਸਾਡੇ ’ਤੇ ਰਹਿਮ ਕਰ!” ਲੋਕ ਖਿੱਝ ਕੇ ਭਿਖਾਰੀਆਂ ਨੂੰ ਚੁੱਪ ਕਰਨ ਲਈ ਕਹਿੰਦੇ ਹਨ। ਪਰ ਕੋਈ ਵੀ ਉਨ੍ਹਾਂ ਨੂੰ ਚੁੱਪ ਨਹੀਂ ਕਰਾ ਸਕਦਾ ਕਿਉਂਕਿ ਉਹ ਕਿਸੇ ਵੀ ਹਾਲਤ ਵਿਚ ਯਿਸੂ ਨੂੰ ਮਿਲਣਾ ਚਾਹੁੰਦੇ ਹਨ।

3 ਭੀੜ ਦੇ ਰੌਲ਼ੇ-ਰੱਪੇ ਦੇ ਬਾਵਜੂਦ ਯਿਸੂ ਉਨ੍ਹਾਂ ਦੀ ਪੁਕਾਰ ਸੁਣ ਲੈਂਦਾ ਹੈ। ਹੁਣ ਉਹ ਕੀ ਕਰੇਗਾ? ਉਸ ਦੇ ਮਨ ’ਤੇ ਕਈ ਗੱਲਾਂ ਦਾ ਬੋਝ ਹੈ ਕਿਉਂਕਿ ਧਰਤੀ ’ਤੇ ਉਸ ਦੀ ਜ਼ਿੰਦਗੀ ਦੇ ਕੁਝ ਹੀ ਦਿਨ ਬਾਕੀ ਹਨ। ਉਹ ਜਾਣਦਾ ਹੈ ਕਿ ਬਹੁਤ ਜਲਦ ਉਸ ਨੂੰ ਦੁੱਖ-ਤਕਲੀਫ਼ ਸਹਿਣੇ ਪੈਣਗੇ ਅਤੇ ਫਿਰ ਉਸ ਨੂੰ ਬੇਰਹਿਮੀ ਨਾਲ ਮਾਰ ਦਿੱਤਾ ਜਾਵੇਗਾ। ਫਿਰ ਵੀ ਉਹ ਇਨ੍ਹਾਂ ਭਿਖਾਰੀਆਂ ਦੀ ਫ਼ਰਿਆਦ ਸੁਣ ਕੇ ਰੁਕ ਜਾਂਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਕੋਲ ਬੁਲਾ ਲੈਂਦਾ ਹੈ। ਭਿਖਾਰੀ ਤਰਲੇ ਕਰਦਿਆਂ ਕਹਿੰਦੇ ਹਨ: “ਪ੍ਰਭੂ, ਅਸੀਂ ਸੁਜਾਖੇ ਹੋਣਾ ਚਾਹੁੰਦੇ ਹਾਂ।” ਯਿਸੂ ਨੂੰ “ਉਨ੍ਹਾਂ ’ਤੇ ਦਇਆ ਆਈ,” ਇਸ ਲਈ ਉਹ ਉਨ੍ਹਾਂ ਦੀਆਂ ਅੱਖਾਂ ਨੂੰ ਛੋਂਹਦਾ ਹੈ ਤੇ ਉਸੇ ਵੇਲੇ ਉਨ੍ਹਾਂ ਦੀ ਅੱਖਾਂ ਦੀ ਰੌਸ਼ਨੀ ਵਾਪਸ ਆ ਜਾਂਦੀ ਹੈ। * ਫਿਰ ਉਹ ਯਿਸੂ ਦੇ ਪਿੱਛੇ-ਪਿੱਛੇ ਤੁਰ ਪੈਂਦੇ ਹਨ।—ਲੂਕਾ 18:35-43; ਮੱਤੀ 20:29-34.

4. ਯਿਸੂ ਨੇ ਜ਼ਬੂਰ 72:13 ਵਿਚ ਲਿਖੇ ਸ਼ਬਦ ਕਿਵੇਂ ਪੂਰੇ ਕੀਤੇ?

4 ਪਹਿਲਾਂ ਵੀ ਕਈ ਵਾਰ ਲੋਕਾਂ ਦੀ ਹਾਲਤ ਦੇਖ ਯਿਸੂ ਨੂੰ ਉਨ੍ਹਾਂ ’ਤੇ ਤਰਸ ਆਇਆ ਸੀ। ਬਾਈਬਲ ਵਿਚ ਉਸ ਬਾਰੇ ਭਵਿੱਖਬਾਣੀ ਕੀਤੀ ਗਈ ਸੀ ਕਿ “ਉਹ ਗਰੀਬ ਅਤੇ ਕੰਗਾਲ ਉੱਤੇ ਤਰਸ ਖਾਵੇਗਾ।” (ਜ਼ਬੂਰਾਂ ਦੀ ਪੋਥੀ 72:13) ਯਿਸੂ ਇਨ੍ਹਾਂ ਸ਼ਬਦਾਂ ’ਤੇ ਬਿਲਕੁਲ ਪੂਰਾ ਉਤਰਿਆ। ਉਹ ਲੋਕਾਂ ਦੇ ਜਜ਼ਬਾਤਾਂ ਨੂੰ ਚੰਗੀ ਤਰ੍ਹਾਂ ਸਮਝਦਾ ਸੀ ਅਤੇ ਉਸ ਨੇ ਉਨ੍ਹਾਂ ਦੀ ਮਦਦ ਕਰਨ ਵਿਚ ਪਹਿਲ ਕੀਤੀ। ਦਿਲ ਵਿਚ ਇਨਸਾਨਾਂ ਲਈ ਦਇਆ ਹੋਣ ਕਰਕੇ ਉਸ ਨੇ ਜੀ-ਜਾਨ ਨਾਲ ਪ੍ਰਚਾਰ ਕੀਤਾ। ਹਾਂ, ਯਿਸੂ ਦੀ ਕਹਿਣੀ ਤੇ ਕਰਨੀ ਤੋਂ ਦਇਆ ਦਾ ਗੁਣ ਸਾਫ਼ ਝਲਕਦਾ ਸੀ। ਆਓ ਆਪਾਂ ਦੇਖੀਏ ਕਿ ਬਾਈਬਲ ਇਸ ਬਾਰੇ ਕੀ ਕਹਿੰਦੀ ਹੈ ਅਤੇ ਅਸੀਂ ਯਿਸੂ ਦੀ ਰੀਸ ਕਿਵੇਂ ਕਰ ਸਕਦੇ ਹਾਂ।

ਉਸ ਨੇ ਦੂਜਿਆਂ ਦੇ ਜਜ਼ਬਾਤਾਂ ਨੂੰ ਚੰਗੀ ਤਰ੍ਹਾਂ ਸਮਝਿਆ

5, 6. ਕਿਨ੍ਹਾਂ ਮਿਸਾਲਾਂ ਤੋਂ ਪਤਾ ਲੱਗਦਾ ਹੈ ਕਿ ਯਿਸੂ ਇਕ ਹਮਦਰਦ ਇਨਸਾਨ ਸੀ?

5 ਯਿਸੂ ਬਹੁਤ ਹੀ ਹਮਦਰਦ ਇਨਸਾਨ ਸੀ। ਉਹ ਦੂਜਿਆਂ ਦੇ ਜਜ਼ਬਾਤਾਂ ਨੂੰ ਚੰਗੀ ਤਰ੍ਹਾਂ ਸਮਝਦਾ ਸੀ। ਭਾਵੇਂ ਉਹ ਉਨ੍ਹਾਂ ਦੇ ਹਾਲਾਤਾਂ ਵਿੱਚੋਂ ਦੀ ਨਹੀਂ ਗੁਜ਼ਰਿਆ, ਪਰ ਉਸ ਨੇ ਉਨ੍ਹਾਂ ਦੇ ਦੁੱਖਾਂ ਨੂੰ ਆਪਣੇ ਦਿਲ ਵਿਚ ਮਹਿਸੂਸ ਜ਼ਰੂਰ ਕੀਤਾ। (ਇਬਰਾਨੀਆਂ 4:15) ਇਕ ਵਾਰ ਉਸ ਨੇ ਇਕ ਤੀਵੀਂ ਨੂੰ ਠੀਕ ਕੀਤਾ ਜਿਸ ਦਾ 12 ਸਾਲਾਂ ਤੋਂ ਲਹੂ ਵਹਿ ਰਿਹਾ ਸੀ। ਯਿਸੂ ਨੇ ਉਸ ਦੀ ਬੀਮਾਰੀ ਨੂੰ “ਦਰਦਨਾਕ” ਕਿਹਾ ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਸਮਝਦਾ ਸੀ ਕਿ ਇਸ ਤੀਵੀਂ ਨੇ ਕਿੰਨਾ ਦੁੱਖ ਝੱਲਿਆ ਸੀ। (ਮਰਕੁਸ 5:25-34) ਨਾਲੇ ਲਾਜ਼ਰ ਦੀ ਮੌਤ ਵੇਲੇ ਮਰੀਅਮ ਅਤੇ ਹੋਰਾਂ ਨੂੰ ਰੋਂਦਿਆਂ ਦੇਖ ਕੇ ਉਹ ਇੰਨਾ ਦੁਖੀ ਹੋਇਆ ਕਿ ਉਸ ਦਾ ਦਿਲ ਭਰ ਆਇਆ। ਹਾਲਾਂਕਿ ਉਹ ਜਾਣਦਾ ਸੀ ਕਿ ਉਹ ਕੁਝ ਹੀ ਪਲਾਂ ਵਿਚ ਲਾਜ਼ਰ ਨੂੰ ਜੀਉਂਦਾ ਕਰ ਦੇਵੇਗਾ, ਫਿਰ ਵੀ ਉਹ ਰੋਣ ਲੱਗ ਪਿਆ।—ਯੂਹੰਨਾ 11:33, 35.

6 ਇਕ ਹੋਰ ਮੌਕੇ ਤੇ ਇਕ ਕੋੜ੍ਹੀ ਨੇ ਉਸ ਕੋਲ ਆ ਕੇ ਬੇਨਤੀ ਕੀਤੀ: “ਜੇ ਤੂੰ ਚਾਹੇਂ, ਤਾਂ ਤੂੰ ਮੈਨੂੰ ਸ਼ੁੱਧ ਕਰ ਸਕਦਾ ਹੈਂ।” ਭਾਵੇਂ ਯਿਸੂ ਖ਼ੁਦ ਕਦੇ ਬੀਮਾਰ ਨਹੀਂ ਸੀ ਹੋਇਆ, ਪਰ ਫਿਰ ਵੀ ਉਹ ਕੋੜ੍ਹੀ ਦੀ ਹਾਲਤ ਦੇਖ ਕੇ ਤੜਫ ਉੱਠਿਆ। ਹਾਂ, ਯਿਸੂ ਨੂੰ “ਉਸ ਉੱਤੇ ਤਰਸ ਆਇਆ।” (ਮਰਕੁਸ 1:40-42) ਉਹ ਜਾਣਦਾ ਸੀ ਕਿ ਮੂਸਾ ਦੇ ਕਾਨੂੰਨ ਮੁਤਾਬਕ ਕੋੜ੍ਹੀਆਂ ਨੂੰ ਅਸ਼ੁੱਧ ਮੰਨਿਆ ਜਾਂਦਾ ਸੀ ਅਤੇ ਉਨ੍ਹਾਂ ਦਾ ਆਮ ਲੋਕਾਂ ਵਿਚ ਉੱਠਣਾ-ਬੈਠਣਾ ਮਨ੍ਹਾ ਸੀ। (ਲੇਵੀਆਂ 13:45, 46) ਜੇ ਯਿਸੂ ਚਾਹੁੰਦਾ, ਤਾਂ ਉਹ ਉਸ ਆਦਮੀ ਨੂੰ ਹੱਥ ਲਾਏ ਬਿਨਾਂ ਠੀਕ ਕਰ ਸਕਦਾ ਸੀ। (ਮੱਤੀ 8:5-13) ਪਰ ਯਿਸੂ ਨੇ ਉਸ ਵੇਲੇ ਉਹ ਕੀਤਾ ਜੋ ਸ਼ਾਇਦ ਪਹਿਲਾਂ ਕਦੇ ਕਿਸੇ ਨੇ ਉਸ ਕੋੜ੍ਹੀ ਨਾਲ ਨਹੀਂ ਕੀਤਾ ਹੋਣਾ। ਉਸ ਨੇ ਕੋੜ੍ਹੀ ਨੂੰ ਛੂਹਿਆ ਅਤੇ ਕਿਹਾ: “ਮੈਂ ਚਾਹੁੰਦਾ ਹਾਂ ਕਿ ਤੂੰ ਸ਼ੁੱਧ ਹੋ ਜਾਵੇਂ। ਤੂੰ ਸ਼ੁੱਧ ਹੋ ਜਾ।” ਉਸ ਦਾ ਕੋੜ੍ਹ ਝੱਟ ਗਾਇਬ ਹੋ ਗਿਆ। ਵਾਕਈ, ਯਿਸੂ ਕਿੰਨਾ ਹਮਦਰਦ ਇਨਸਾਨ ਸੀ!

ਦੁੱਖਾਂ ਵਿਚ “ਇਕ-ਦੂਜੇ ਦਾ ਸਾਥ ਦਿਓ”

7. ਅਸੀਂ ਹਮਦਰਦ ਕਿਵੇਂ ਬਣ ਸਕਦੇ ਹਾਂ ਅਤੇ ਇਹ ਗੁਣ ਕਿਵੇਂ ਜ਼ਾਹਰ ਕੀਤਾ ਜਾ ਸਕਦਾ ਹੈ?

7 ਸਾਨੂੰ ਵੀ ਯਿਸੂ ਵਾਂਗ ਹਮਦਰਦ ਬਣਨਾ ਚਾਹੀਦਾ ਹੈ। ਬਾਈਬਲ ਸਾਨੂੰ ਤਾਕੀਦ ਕਰਦੀ ਹੈ ਕਿ ਅਸੀਂ “ਦੁੱਖਾਂ ਵਿਚ ਇਕ-ਦੂਜੇ ਦਾ ਸਾਥ” ਦੇਈਏ। * (1 ਪਤਰਸ 3:8) ਸਾਡੇ ਲਈ ਉਨ੍ਹਾਂ ਭੈਣ-ਭਰਾਵਾਂ ਦੇ ਜਜ਼ਬਾਤਾਂ ਨੂੰ ਸਮਝਣਾ ਸ਼ਾਇਦ ਮੁਸ਼ਕਲ ਹੋਵੇ ਜੋ ਕਿਸੇ ਗੰਭੀਰ ਬੀਮਾਰੀ ਜਾਂ ਡਿਪਰੈਸ਼ਨ ਦੇ ਸ਼ਿਕਾਰ ਹਨ, ਖ਼ਾਸਕਰ ਜੇ ਅਸੀਂ ਖ਼ੁਦ ਇੱਦਾਂ ਦੇ ਹਾਲਾਤਾਂ ਵਿੱਚੋਂ ਦੀ ਨਹੀਂ ਗੁਜ਼ਰੇ। ਯਾਦ ਰੱਖੋ ਕਿ ਕਿਸੇ ਨੂੰ ਹਮਦਰਦੀ ਦਿਖਾਉਣ ਲਈ ਇਹ ਜ਼ਰੂਰੀ ਨਹੀਂ ਕਿ ਤੁਸੀਂ ਵੀ ਉਨ੍ਹਾਂ ਵਰਗੇ ਹਾਲਾਤਾਂ ਦਾ ਸਾਮ੍ਹਣਾ ਕੀਤਾ ਹੋਵੇ। ਭਾਵੇਂ ਕਿ ਯਿਸੂ ਆਪ ਕਦੇ ਬੀਮਾਰ ਨਹੀਂ ਸੀ ਹੋਇਆ, ਫਿਰ ਵੀ ਉਸ ਨੇ ਬੀਮਾਰ ਲੋਕਾਂ ਨਾਲ ਹਮਦਰਦੀ ਜਤਾਈ। ਤਾਂ ਫਿਰ ਅਸੀਂ ਹਮਦਰਦ ਕਿਵੇਂ ਬਣ ਸਕਦੇ ਹਾਂ? ਜਦੋਂ ਦੁਖੀ ਲੋਕ ਆਪਣਾ ਦੁੱਖ-ਦਰਦ ਅਤੇ ਆਪਣੇ ਜਜ਼ਬਾਤ ਖੁੱਲ੍ਹ ਕੇ ਬਿਆਨ ਕਰਦੇ ਹਨ, ਤਾਂ ਸਾਨੂੰ ਉਨ੍ਹਾਂ ਦੀ ਗੱਲ ਧੀਰਜ ਨਾਲ ਸੁਣਨੀ ਚਾਹੀਦੀ ਹੈ। ਅਸੀਂ ਖ਼ੁਦ ਨੂੰ ਪੁੱਛ ਸਕਦੇ ਹਾਂ: ‘ਜੇ ਮੈਂ ਉਨ੍ਹਾਂ ਦੀ ਜਗ੍ਹਾ ਹੁੰਦਾ, ਤਾਂ ਮੈਂ ਕਿੱਦਾਂ ਮਹਿਸੂਸ ਕਰਦਾ?’ (1 ਕੁਰਿੰਥੀਆਂ 12:26) ਜੇ ਅਸੀਂ ਉਨ੍ਹਾਂ ਦੇ ਜਜ਼ਬਾਤਾਂ ਨੂੰ ਆਪਣੇ ਦਿਲ ਵਿਚ ਮਹਿਸੂਸ ਕਰਾਂਗੇ, ਤਾਂ ਹੀ ਅਸੀਂ “ਨਿਰਾਸ਼ ਲੋਕਾਂ ਨੂੰ ਦਿਲਾਸਾ” ਦੇ ਸਕਾਂਗੇ। (1 ਥੱਸਲੁਨੀਕੀਆਂ 5:14) ਹਮਦਰਦੀ ਸਿਰਫ਼ ਲਫ਼ਜ਼ਾਂ ਨਾਲ ਹੀ ਨਹੀਂ, ਸਗੋਂ ‘ਰੋਣ ਵਾਲਿਆਂ ਨਾਲ ਰੋ’ ਕੇ ਵੀ ਦਿਖਾਈ ਜਾ ਸਕਦੀ ਹੈ।—ਰੋਮੀਆਂ 12:15.

8, 9. ਯਿਸੂ ਨੇ ਕਿਵੇਂ ਦਿਖਾਇਆ ਕਿ ਉਹ ਲੋਕਾਂ ਦੇ ਜਜ਼ਬਾਤਾਂ ਨੂੰ ਸਮਝਦਾ ਸੀ?

8 ਲੋਕਾਂ ਨਾਲ ਯਿਸੂ ਦੇ ਸਲੂਕ ਤੋਂ ਪਤਾ ਲੱਗਦਾ ਹੈ ਕਿ ਉਹ ਦੂਜਿਆਂ ਦੇ ਜਜ਼ਬਾਤਾਂ ਨੂੰ ਚੰਗੀ ਤਰ੍ਹਾਂ ਸਮਝਦਾ ਸੀ। ਜ਼ਰਾ ਉਸ ਮੌਕੇ ਨੂੰ ਯਾਦ ਕਰੋ ਜਦੋਂ ਲੋਕਾਂ ਨੇ ਯਿਸੂ ਕੋਲ ਇਕ ਆਦਮੀ ਲਿਆਂਦਾ ਜੋ ਬੋਲ਼ਾ ਸੀ ਅਤੇ ਜਿਸ ਦੀ ਜ਼ਬਾਨ ਵਿਚ ਨੁਕਸ ਸੀ। ਉਸ ਦੀ ਘਬਰਾਹਟ ਨੂੰ ਮਹਿਸੂਸ ਕਰਦਿਆਂ ਯਿਸੂ “ਉਸ ਨੂੰ ਭੀੜ ਤੋਂ ਦੂਰ ਲੈ ਗਿਆ।” ਆਮ ਤੌਰ ਤੇ ਲੋਕਾਂ ਨੂੰ ਠੀਕ ਕਰਦੇ ਵੇਲੇ ਉਹ ਇੱਦਾਂ ਨਹੀਂ ਸੀ ਕਰਦਾ। ਪਰ ਇਸ ਵਾਰ ਯਿਸੂ ਨੇ ਇਸ ਆਦਮੀ ਨੂੰ ਲੋਕਾਂ ਦੀਆਂ ਨਜ਼ਰਾਂ ਤੋਂ ਪਰੇ ਲੈ ਜਾ ਕੇ ਠੀਕ ਕੀਤਾ।—ਮਰਕੁਸ 7:31-35.

9 ਇਕ ਹੋਰ ਮੌਕੇ ਤੇ ਲੋਕ ਯਿਸੂ ਕੋਲ ਇਕ ਅੰਨ੍ਹੇ ਆਦਮੀ ਨੂੰ ਲਿਆਏ ਅਤੇ ਬੇਨਤੀ ਕੀਤੀ ਕਿ ਉਹ ਉਸ ਨੂੰ ਠੀਕ ਕਰੇ। ਇਸ ਆਦਮੀ ਦੇ ਜਜ਼ਬਾਤਾਂ ਨੂੰ ਸਮਝਦੇ ਹੋਏ ਯਿਸੂ ਉਸ ਦਾ “ਹੱਥ ਫੜ ਕੇ ਉਸ ਨੂੰ ਪਿੰਡੋਂ ਬਾਹਰ” ਲੈ ਗਿਆ। ਫਿਰ ਯਿਸੂ ਨੇ ਉਸ ਦੀਆਂ ਅੱਖਾਂ ਨੂੰ ਹੌਲੀ-ਹੌਲੀ ਠੀਕ ਕੀਤਾ। ਯਿਸੂ ਨੇ ਇੱਦਾਂ ਕਿਉਂ ਕੀਤਾ? ਸ਼ਾਇਦ ਉਸ ਆਦਮੀ ਨੇ ਆਪਣੀ ਸਾਰੀ ਜ਼ਿੰਦਗੀ ਹਨੇਰੇ ਵਿਚ ਗੁਜ਼ਾਰੀ ਸੀ ਅਤੇ ਉਸ ਦੀਆਂ ਅੱਖਾਂ ਵਿਚ ਇਕਦਮ ਰੌਸ਼ਨੀ ਪੈਣ ਨਾਲ ਉਹ ਸ਼ਾਇਦ ਚੌਂਕ ਜਾਂਦਾ। (ਮਰਕੁਸ 8:22-26) ਵਾਕਈ ਯਿਸੂ ਨੂੰ ਲੋਕਾਂ ਦੀਆਂ ਭਾਵਨਾਵਾਂ ਦਾ ਕਿੰਨਾ ਫ਼ਿਕਰ ਸੀ!

10. ਅਸੀਂ ਦੂਜਿਆਂ ਦੇ ਜਜ਼ਬਾਤਾਂ ਨੂੰ ਕਿਵੇਂ ਧਿਆਨ ਵਿਚ ਰੱਖ ਸਕਦੇ ਹਾਂ?

10 ਯਿਸੂ ਦੇ ਚੇਲੇ ਹੋਣ ਦੇ ਨਾਤੇ ਕਿੰਨਾ ਜ਼ਰੂਰੀ ਹੈ ਕਿ ਅਸੀਂ ਦੂਜਿਆਂ ਦੇ ਜਜ਼ਬਾਤਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਸਾਨੂੰ ਸੋਚ-ਸਮਝ ਕੇ ਬੋਲਣਾ ਚਾਹੀਦਾ ਹੈ ਤਾਂਕਿ ਸਾਡੀਆਂ ਗੱਲਾਂ ਤੋਂ ਦੂਜਿਆਂ ਨੂੰ ਠੇਸ ਨਾ ਪਹੁੰਚੇ। (ਕਹਾਉਤਾਂ 12:18; 18:21) ਜੇ ਅਸੀਂ ਦੂਜਿਆਂ ਦੇ ਜਜ਼ਬਾਤਾਂ ਦੀ ਕਦਰ ਕਰਦੇ ਹਾਂ, ਤਾਂ ਅਸੀਂ ਰੁੱਖੇ ਸ਼ਬਦ ਜਾਂ ਚੁਭਵੀਆਂ ਗੱਲਾਂ ਕਹਿ ਕੇ ਕਦੇ ਵੀ ਉਨ੍ਹਾਂ ਨੂੰ ਨੀਵਾਂ ਨਹੀਂ ਦਿਖਾਵਾਂਗੇ। (ਅਫ਼ਸੀਆਂ 4:31) ਬਜ਼ੁਰਗੋ, ਤੁਸੀਂ ਭੈਣਾਂ-ਭਰਾਵਾਂ ਦੇ ਜਜ਼ਬਾਤਾਂ ਨੂੰ ਕਿਵੇਂ ਧਿਆਨ ਵਿਚ ਰੱਖ ਸਕਦੇ ਹੋ? ਕਿਸੇ ਨੂੰ ਸਲਾਹ ਦਿੰਦੇ ਵੇਲੇ ਸਲੀਕੇ ਨਾਲ ਗੱਲ ਕਰੋ ਅਤੇ ਆਪਣੇ ਲਫ਼ਜ਼ਾਂ ਤੋਂ ਦਿਖਾਓ ਕਿ ਤੁਸੀਂ ਉਨ੍ਹਾਂ ਦੀ ਇੱਜ਼ਤ ਕਰਦੇ ਹੋ। (ਗਲਾਤੀਆਂ 6:1) ਮਾਪਿਓ, ਤੁਸੀਂ ਆਪਣੇ ਬੱਚਿਆਂ ਦੇ ਜਜ਼ਬਾਤਾਂ ਨੂੰ ਕਿਵੇਂ ਧਿਆਨ ਵਿਚ ਰੱਖ ਸਕਦੇ ਹੋ? ਉਨ੍ਹਾਂ ਦੀਆਂ ਗ਼ਲਤੀਆਂ ਨੂੰ ਸੁਧਾਰਦੇ ਵੇਲੇ ਉਨ੍ਹਾਂ ਨੂੰ ਸ਼ਰਮਿੰਦਾ ਨਾ ਕਰੋ।—ਕੁਲੁੱਸੀਆਂ 3:21.

ਉਸ ਨੇ ਦੂਜਿਆਂ ਦੀ ਮਦਦ ਕਰਨ ਵਿਚ ਪਹਿਲ ਕੀਤੀ

11, 12. ਕਿਹੜੀਆਂ ਮਿਸਾਲਾਂ ਤੋਂ ਪਤਾ ਲੱਗਦਾ ਹੈ ਕਿ ਯਿਸੂ ਨੇ ਕਈ ਵਾਰ ਖ਼ੁਦ ਪਹਿਲ ਕਰ ਕੇ ਲੋਕਾਂ ’ਤੇ ਦਇਆ ਕੀਤੀ?

11 ਇਕ ਦਇਆਵਾਨ ਇਨਸਾਨ ਦੂਜਿਆਂ ਦੀ ਮਦਦ ਕਰਨ ਲਈ ਹਰਦਮ ਤਿਆਰ ਰਹਿੰਦਾ ਹੈ। ਇਸ ਲਈ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਯਿਸੂ ਲੋਕਾਂ ’ਤੇ ਤਰਸ ਖਾ ਕੇ ਉਨ੍ਹਾਂ ਦੀ ਮਦਦ ਕਰਨ ਵਿਚ ਪਹਿਲ ਕਰਦਾ ਸੀ। ਕਈ ਵਾਰ ਤਾਂ ਉਸ ਨੇ ਲੋਕਾਂ ਦੇ ਬਿਨਾਂ ਪੁੱਛੇ ਹੀ ਉਨ੍ਹਾਂ ’ਤੇ ਦਇਆ ਕੀਤੀ। ਮਿਸਾਲ ਲਈ, ਇਕ ਵਾਰ ਇਕ ਵੱਡੀ ਭੀੜ ਤਿੰਨ ਦਿਨਾਂ ਲਈ ਯਿਸੂ ਨਾਲ ਸੀ ਅਤੇ ਉਨ੍ਹਾਂ ਕੋਲ ਖਾਣ ਲਈ ਕੁਝ ਨਹੀਂ ਸੀ। ਪਰ ਕਿਸੇ ਨੂੰ ਯਿਸੂ ਨੂੰ ਇਹ ਦੱਸਣ ਦੀ ਲੋੜ ਨਹੀਂ ਸੀ ਕਿ ਲੋਕ ਭੁੱਖੇ ਸਨ ਤੇ ਉਸ ਨੂੰ ਉਨ੍ਹਾਂ ਲਈ ਕੁਝ ਕਰਨਾ ਚਾਹੀਦਾ ਸੀ। ਬਾਈਬਲ ਦੱਸਦੀ ਹੈ: “ਯਿਸੂ ਨੇ ਆਪਣੇ ਚੇਲਿਆਂ ਨੂੰ ਕੋਲ ਬੁਲਾ ਕੇ ਕਿਹਾ: ‘ਮੈਨੂੰ ਲੋਕਾਂ ’ਤੇ ਤਰਸ ਆ ਰਿਹਾ ਹੈ, ਕਿਉਂਕਿ ਉਹ ਤਿੰਨਾਂ ਦਿਨਾਂ ਤੋਂ ਮੇਰੇ ਨਾਲ ਹਨ ਅਤੇ ਉਨ੍ਹਾਂ ਕੋਲ ਖਾਣ ਲਈ ਕੁਝ ਨਹੀਂ ਹੈ, ਮੈਂ ਇਨ੍ਹਾਂ ਨੂੰ ਭੁੱਖੇ ਨਹੀਂ ਘੱਲਣਾ ਚਾਹੁੰਦਾ, ਵਰਨਾ ਇਹ ਰਾਹ ਵਿਚ ਹੀ ਡਿਗ ਪੈਣਗੇ।’” ਹਾਂ, ਉਸ ਨੇ ਆਪ ਪਹਿਲ ਕੀਤੀ ਅਤੇ ਚਮਤਕਾਰ ਕਰ ਕੇ ਉਨ੍ਹਾਂ ਨੂੰ ਖਿਲਾਇਆ।—ਮੱਤੀ 15:32-38.

12 ਇਕ ਹੋਰ ਮਿਸਾਲ ’ਤੇ ਗੌਰ ਕਰੋ। 31 ਈਸਵੀ ਦਾ ਸਮਾਂ ਸੀ ਅਤੇ ਯਿਸੂ ਨਾਇਨ ਸ਼ਹਿਰ ਪਹੁੰਚਿਆ। ਉੱਥੇ ਉਸ ਨੇ ਇਕ ਬਹੁਤ ਹੀ ਦਰਦਨਾਕ ਘਟਨਾ ਦੇਖੀ। ਇਕ ਜਵਾਨ ਮੁੰਡੇ ਦੀ ਅਰਥੀ ਨੂੰ ਸ਼ਹਿਰੋਂ ਬਾਹਰ ਦਫ਼ਨਾਉਣ ਲਈ ਲਿਜਾਇਆ ਜਾ ਰਿਹਾ ਸੀ। ਇਹ ਮੁੰਡਾ “ਆਪਣੀ ਵਿਧਵਾ ਮਾਂ ਦਾ ਇੱਕੋ-ਇਕ ਪੁੱਤ ਸੀ।” ਕੀ ਤੁਸੀਂ ਉਸ ਮਾਂ ਦੇ ਦੁੱਖ ਦਾ ਅੰਦਾਜ਼ਾ ਲਗਾ ਸਕਦੇ ਹੋ? ਉਹ ਆਪਣੇ ਇਕਲੌਤੇ ਪੁੱਤਰ ਨੂੰ ਦਫ਼ਨਾਉਣ ਜਾ ਰਹੀ ਸੀ ਅਤੇ ਉਸ ਦਾ ਤਾਂ ਪਤੀ ਵੀ ਨਹੀਂ ਸੀ ਜਿਸ ਨਾਲ ਉਹ ਆਪਣਾ ਗਮ ਸਾਂਝਾ ਕਰ ਸਕਦੀ ਸੀ। ਸਾਰੇ ਲੋਕਾਂ ਵਿੱਚੋਂ ਯਿਸੂ ਦੀ ਨਜ਼ਰ ਇਸ ਬੇਚਾਰੀ ਵਿਧਵਾ ’ਤੇ ਪਈ ਅਤੇ ਉਸ ਨੂੰ “ਉਸ ਤੀਵੀਂ ਉੱਤੇ ਬੜਾ ਤਰਸ ਆਇਆ।” ਕਿਸੇ ਨੇ ਯਿਸੂ ਨੂੰ ਉਸ ਵਿਧਵਾ ਦੀ ਮਦਦ ਕਰਨ ਲਈ ਨਹੀਂ ਕਿਹਾ, ਸਗੋਂ ਯਿਸੂ ਨੇ ਆਪ ਪਹਿਲ ਕਰ ਕੇ ਉਸ ਜਵਾਨ ਮੁੰਡੇ ਨੂੰ ਜੀਉਂਦਾ ਕੀਤਾ। ਇਸ ਤੋਂ ਬਾਅਦ ਕੀ ਹੋਇਆ? ਯਿਸੂ ਨੇ ਉਸ ਜਵਾਨ ਨੂੰ ਆਪਣੇ ਨਾਲ ਆਉਣ ਲਈ ਨਹੀਂ ਕਿਹਾ। ਇਸ ਦੀ ਬਜਾਇ, ਉਸ ਨੇ ਮੁੰਡੇ ਨੂੰ “ਉਸ ਦੀ ਮਾਂ ਦੇ ਹਵਾਲੇ ਕਰ ਦਿੱਤਾ” ਤਾਂਕਿ ਉਹ ਆਪਣੀ ਵਿਧਵਾ ਮਾਂ ਦੀ ਦੇਖ-ਭਾਲ ਕਰ ਸਕੇ।—ਲੂਕਾ 7:11-15.

ਲੋੜਵੰਦਾਂ ਦੀ ਮਦਦ ਕਰਨ ਵਿਚ ਪਹਿਲ ਕਰੋ

13. ਅਸੀਂ ਯਿਸੂ ਦੀ ਰੀਸ ਕਰਦਿਆਂ ਦੂਜਿਆਂ ਦੀ ਮਦਦ ਕਰਨ ਵਿਚ ਕਿਵੇਂ ਪਹਿਲ ਕਰ ਸਕਦੇ ਹਾਂ?

13 ਅਸੀਂ ਯਿਸੂ ਦੀ ਮਿਸਾਲ ’ਤੇ ਕਿਵੇਂ ਚੱਲ ਸਕਦੇ ਹਾਂ? ਇਹ ਸੱਚ ਹੈ ਕਿ ਅਸੀਂ ਚਮਤਕਾਰ ਕਰ ਕੇ ਲੋਕਾਂ ਨੂੰ ਖਾਣਾ ਨਹੀਂ ਖਿਲਾ ਸਕਦੇ ਤੇ ਨਾ ਹੀ ਅਸੀਂ ਮਰੇ ਹੋਇਆਂ ਨੂੰ ਜੀਉਂਦਾ ਕਰ ਸਕਦੇ ਹਾਂ। ਪਰ ਅਸੀਂ ਯਿਸੂ ਵਾਂਗ ਦੂਜਿਆਂ ਦੀ ਮਦਦ ਕਰਨ ਵਿਚ ਪਹਿਲ ਜ਼ਰੂਰ ਕਰ ਸਕਦੇ ਹਾਂ। ਮਿਸਾਲ ਲਈ, ਹੋ ਸਕਦਾ ਹੈ ਕਿ ਕਿਸੇ ਭੈਣ ਜਾਂ ਭਰਾ ਨੂੰ ਪੈਸੇ ਦੀ ਤੰਗੀ ਹੋਵੇ ਜਾਂ ਸ਼ਾਇਦ ਉਸ ਦੀ ਨੌਕਰੀ ਛੁੱਟ ਗਈ ਹੋਵੇ। (1 ਯੂਹੰਨਾ 3:17) ਜਾਂ ਕਿਸੇ ਵਿਧਵਾ ਭੈਣ ਦੇ ਘਰ ਦੀ ਮੁਰੰਮਤ ਕਰਨ ਦੀ ਲੋੜ ਹੋਵੇ। (ਯਾਕੂਬ 1:27) ਸ਼ਾਇਦ ਕਿਸੇ ਪਰਿਵਾਰ ਨੂੰ ਆਪਣੇ ਅਜ਼ੀਜ਼ ਦੀ ਮੌਤ ਕਾਰਨ ਦਿਲਾਸੇ ਜਾਂ ਮਦਦ ਦੀ ਲੋੜ ਪਵੇ। (1 ਥੱਸਲੁਨੀਕੀਆਂ 5:11) ਸਾਨੂੰ ਆਪਣੇ ਲੋੜਵੰਦ ਭੈਣਾਂ-ਭਰਾਵਾਂ ਦੇ ਕਹਿਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਮਦਦ ਕਰਨ ਲਈ ਤਿਆਰ ਹੋਣਾ ਚਾਹੀਦਾ ਹੈ। (ਕਹਾਉਤਾਂ 3:27) ਉਨ੍ਹਾਂ ’ਤੇ ਦਇਆ ਕਰ ਕੇ ਅਸੀਂ ਆਪਣੀ ਹੈਸੀਅਤ ਮੁਤਾਬਕ ਉਨ੍ਹਾਂ ਦੀ ਮਦਦ ਕਰਨ ਵਿਚ ਪਹਿਲ ਕਰ ਸਕਦੇ ਹਾਂ। ਇਹ ਵੀ ਯਾਦ ਰੱਖੋ ਕਿ ਅਸੀਂ ਤਸੱਲੀ ਭਰੇ ਸ਼ਬਦਾਂ ਦੇ ਜ਼ਰੀਏ ਵੀ ਦਇਆ ਦਿਖਾ ਸਕਦੇ ਹਾਂ।—ਕੁਲੁੱਸੀਆਂ 3:12.

ਉਸ ਨੇ ਦਇਆ ਕਰਕੇ ਪ੍ਰਚਾਰ ਕੀਤਾ

14. ਯਿਸੂ ਨੇ ਪ੍ਰਚਾਰ ਦੇ ਕੰਮ ਨੂੰ ਪਹਿਲ ਕਿਉਂ ਦਿੱਤੀ?

14 ਇਸ ਕਿਤਾਬ ਦੇ ਦੂਜੇ ਭਾਗ ਵਿਚ ਅਸੀਂ ਸਿੱਖਿਆ ਸੀ ਕਿ ਯਿਸੂ ਨੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ ਵਧੀਆ ਮਿਸਾਲ ਕਾਇਮ ਕੀਤੀ। ਉਸ ਨੇ ਕਿਹਾ: “ਇਹ ਜ਼ਰੂਰੀ ਹੈ ਕਿ ਮੈਂ . . . ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਾਂ, ਕਿਉਂਕਿ ਮੈਨੂੰ ਇਸੇ ਕੰਮ ਲਈ ਭੇਜਿਆ ਗਿਆ ਹੈ।” (ਲੂਕਾ 4:43) ਯਿਸੂ ਨੇ ਇਸ ਕੰਮ ਨੂੰ ਪਹਿਲ ਕਿਉਂ ਦਿੱਤੀ? ਸਭ ਤੋਂ ਵੱਡਾ ਕਾਰਨ ਸੀ ਕਿ ਉਹ ਪਰਮੇਸ਼ੁਰ ਨੂੰ ਪਿਆਰ ਕਰਦਾ ਸੀ। ਪਰ ਇਸ ਦੇ ਨਾਲ-ਨਾਲ ਉਸ ਨੂੰ ਲੋਕਾਂ ’ਤੇ ਤਰਸ ਆਇਆ ਕਿਉਂਕਿ ਉਹ ਪਰਮੇਸ਼ੁਰ ਦੇ ਗਿਆਨ ਦੇ ਭੁੱਖੇ ਸਨ। ਉਸ ਨੇ ਵੱਖੋ-ਵੱਖਰੇ ਤਰੀਕਿਆਂ ਨਾਲ ਦਇਆ ਕੀਤੀ, ਪਰ ਖ਼ਾਸਕਰ ਲੋਕਾਂ ਨੂੰ ਸੱਚਾਈ ਸਿਖਾ ਕੇ। ਆਓ ਆਪਾਂ ਦੋ ਘਟਨਾਵਾਂ ’ਤੇ ਗੌਰ ਕਰੀਏ ਅਤੇ ਦੇਖੀਏ ਕਿ ਯਿਸੂ ਲੋਕਾਂ ਬਾਰੇ ਕਿਵੇਂ ਮਹਿਸੂਸ ਕਰਦਾ ਸੀ। ਨਾਲੇ ਉਸ ਦੀ ਮਿਸਾਲ ’ਤੇ ਗੌਰ ਕਰ ਕੇ ਅਸੀਂ ਪ੍ਰਚਾਰ ਕਰਨ ਦੇ ਆਪਣੇ ਇਰਾਦਿਆਂ ਦੀ ਜਾਂਚ ਕਰ ਸਕਾਂਗੇ।

15, 16. ਦੋ ਘਟਨਾਵਾਂ ਬਾਰੇ ਦੱਸੋ ਜੋ ਦਿਖਾਉਂਦੀਆਂ ਹਨ ਕਿ ਯਿਸੂ ਉਨ੍ਹਾਂ ਲੋਕਾਂ ਬਾਰੇ ਕਿਵੇਂ ਮਹਿਸੂਸ ਕਰਦਾ ਸੀ ਜਿਨ੍ਹਾਂ ਨੂੰ ਉਹ ਪ੍ਰਚਾਰ ਕਰਦਾ ਸੀ।

15 ਯਿਸੂ ਨੇ ਦੋ ਸਾਲਾਂ ਤਕ ਪੂਰੀ ਵਾਹ ਲਾ ਕੇ ਪ੍ਰਚਾਰ ਕੀਤਾ। ਫਿਰ 31 ਈਸਵੀ ਵਿਚ ਉਸ ਨੇ ਖ਼ੁਸ਼ ਖ਼ਬਰੀ ਫੈਲਾਉਣ ਲਈ ਗਲੀਲ ਦੇ “ਸਾਰੇ ਸ਼ਹਿਰਾਂ ਤੇ ਪਿੰਡਾਂ ਵਿਚ” ਜਾ ਕੇ ਪ੍ਰਚਾਰ ਕੀਤਾ। ਮੱਤੀ ਰਸੂਲ ਦੱਸਦਾ ਹੈ: “ਭੀੜਾਂ ਨੂੰ ਦੇਖ ਕੇ ਉਸ ਨੂੰ ਉਨ੍ਹਾਂ ’ਤੇ ਤਰਸ ਆਇਆ ਕਿਉਂਕਿ ਉਹ ਉਨ੍ਹਾਂ ਭੇਡਾਂ ਵਰਗੇ ਸਨ ਜਿਨ੍ਹਾਂ ਦੀ ਚਮੜੀ ਉਧੇੜ ਦਿੱਤੀ ਗਈ ਹੋਵੇ ਅਤੇ ਜੋ ਚਰਵਾਹੇ ਤੋਂ ਬਿਨਾਂ ਇੱਧਰ-ਉੱਧਰ ਭਟਕ ਰਹੀਆਂ ਹੋਣ।” (ਮੱਤੀ 9:35, 36) ਆਮ ਲੋਕਾਂ ਦੀ ਮਾੜੀ ਹਾਲਤ ਦੇਖ ਕੇ ਯਿਸੂ ਦੁਖੀ ਹੋਇਆ ਕਿਉਂਕਿ ਉਹ ਜਾਣਦਾ ਸੀ ਕਿ ਉਨ੍ਹਾਂ ਨੂੰ ਪਰਮੇਸ਼ੁਰ ਦੇ ਗਿਆਨ ਦੀ ਲੋੜ ਸੀ। ਸਿੱਖਿਆ ਦੇਣ ਦੀ ਜ਼ਿੰਮੇਵਾਰੀ ਧਾਰਮਿਕ ਆਗੂਆਂ ਦੀ ਸੀ, ਪਰ ਉਹ ਤਾਂ ਲੋਕਾਂ ਨਾਲ ਬੁਰਾ ਸਲੂਕ ਕਰਦੇ ਸਨ। ਉਨ੍ਹਾਂ ਆਗੂਆਂ ਤੋਂ ਉਲਟ ਯਿਸੂ ਨੇ ਦਿਨ-ਰਾਤ ਮਿਹਨਤ ਕਰ ਕੇ ਲੋਕਾਂ ਨੂੰ ਉਮੀਦ ਦੀ ਕਿਰਨ ਦਿੱਤੀ। ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਨ ਦੀ ਲੋੜ ਸੀ।

16 ਧਿਆਨ ਦਿਓ ਕਿ ਇਸ ਤੋਂ ਕੁਝ ਮਹੀਨੇ ਬਾਅਦ ਲਗਭਗ 32 ਈਸਵੀ ਦੇ ਪਸਾਹ ਦੇ ਤਿਉਹਾਰ ਦੇ ਸਮੇਂ ਕੀ ਹੋਇਆ। ਯਿਸੂ ਅਤੇ ਉਸ ਦੇ ਰਸੂਲਾਂ ਨੇ ਕਿਸ਼ਤੀ ਵਿਚ ਬਹਿ ਕੇ ਗਲੀਲ ਦੀ ਝੀਲ ਪਾਰ ਕੀਤੀ ਤਾਂਕਿ ਉਹ ਇਕਾਂਤ ਜਗ੍ਹਾ ਜਾ ਕੇ ਆਰਾਮ ਕਰ ਸਕਣ। ਪਰ ਲੋਕਾਂ ਦੀ ਭੀੜ ਭੱਜ ਕੇ ਕਿਸ਼ਤੀ ਤੋਂ ਪਹਿਲਾਂ ਹੀ ਝੀਲ ਦੇ ਦੂਜੇ ਪਾਸੇ ਪਹੁੰਚ ਗਈ। ਯਿਸੂ ਨੇ ਕੀ ਕੀਤਾ? “ਜਦ ਉਹ ਕਿਸ਼ਤੀ ਤੋਂ ਉੱਤਰਿਆ, ਤਾਂ ਉਸ ਨੇ ਬਹੁਤ ਵੱਡੀ ਭੀੜ ਦੇਖੀ, ਅਤੇ ਉਸ ਨੂੰ ਉਨ੍ਹਾਂ ’ਤੇ ਤਰਸ ਆਇਆ ਕਿਉਂਕਿ ਉਹ ਉਨ੍ਹਾਂ ਭੇਡਾਂ ਵਾਂਗ ਸਨ ਜਿਨ੍ਹਾਂ ਦਾ ਕੋਈ ਚਰਵਾਹਾ ਨਾ ਹੋਵੇ। ਅਤੇ ਉਹ ਉਨ੍ਹਾਂ ਨੂੰ ਬਹੁਤ ਗੱਲਾਂ ਸਿਖਾਉਣ ਲੱਗ ਪਿਆ।” (ਮਰਕੁਸ 6:31-34) ਹਾਂ, ਯਿਸੂ ਨੂੰ ਲੋਕਾਂ ਉੱਤੇ “ਤਰਸ ਆਇਆ” ਕਿਉਂਕਿ ਇਨ੍ਹਾਂ ਲੋਕਾਂ ਨੂੰ ਪਰਮੇਸ਼ੁਰ ਬਾਰੇ ਸੱਚਾਈ ਸਿਖਾਉਣ ਵਾਲਾ ਕੋਈ ਨਹੀਂ ਸੀ। ਇਹ ਲੋਕ ਉਨ੍ਹਾਂ ਭੇਡਾਂ ਵਾਂਗ ਇੱਧਰ-ਉੱਧਰ ਭਟਕ ਰਹੇ ਸਨ “ਜਿਨ੍ਹਾਂ ਦਾ ਕੋਈ ਚਰਵਾਹਾ ਨਾ ਹੋਵੇ।” ਸੋ ਯਿਸੂ ਨੇ ਆਪਣਾ ਫ਼ਰਜ਼ ਸਮਝ ਕੇ ਨਹੀਂ, ਸਗੋਂ ਉਨ੍ਹਾਂ ’ਤੇ ਤਰਸ ਖਾ ਕੇ ਪ੍ਰਚਾਰ ਕੀਤਾ।

ਪ੍ਰਚਾਰ ਕਰ ਕੇ ਲੋਕਾਂ ’ਤੇ ਦਇਆ ਕਰੋ

17, 18. (ੳ) ਪ੍ਰਚਾਰ ਕਰਨ ਲਈ ਕਿਹੜੀ ਗੱਲ ਸਾਨੂੰ ਪ੍ਰੇਰਦੀ ਹੈ? (ਅ) ਅਸੀਂ ਦਇਆ ਕਿਵੇਂ ਪੈਦਾ ਕਰ ਸਕਦੇ ਹਾਂ?

17 ਯਿਸੂ ਦੇ ਚੇਲਿਆਂ ਵਜੋਂ ਸਾਨੂੰ ਕਿਹੜੀ ਗੱਲ ਪ੍ਰਚਾਰ ਕਰਨ ਲਈ ਪ੍ਰੇਰਦੀ ਹੈ? ਇਸ ਕਿਤਾਬ ਦੇ ਨੌਵੇਂ ਅਧਿਆਇ ਵਿਚ ਅਸੀਂ ਪੜ੍ਹਿਆ ਸੀ ਕਿ ਸਾਨੂੰ ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। (ਮੱਤੀ 28:19, 20; 1 ਕੁਰਿੰਥੀਆਂ 9:16) ਪਰ ਸਾਨੂੰ ਇਹ ਕੰਮ ਸਿਰਫ਼ ਆਪਣਾ ਫ਼ਰਜ਼ ਸਮਝ ਕੇ ਨਹੀਂ ਕਰਨਾ ਚਾਹੀਦਾ, ਸਗੋਂ ਇਸ ਲਈ ਕਰਨਾ ਚਾਹੀਦਾ ਹੈ ਕਿਉਂਕਿ ਅਸੀਂ ਯਹੋਵਾਹ ਨੂੰ ਪਿਆਰ ਕਰਦੇ ਹਾਂ। ਨਾਲੇ ਅਸੀਂ ਲੋਕਾਂ ਨੂੰ ਇਸ ਕਰਕੇ ਵੀ ਸੱਚਾਈ ਦਾ ਪ੍ਰਚਾਰ ਕਰਦੇ ਹਾਂ ਕਿਉਂਕਿ ਸਾਡੇ ਦਿਲ ਵਿਚ ਉਨ੍ਹਾਂ ਲਈ ਦਇਆ ਹੈ। (ਮਰਕੁਸ 12:28-31) ਤਾਂ ਫਿਰ ਅਸੀਂ ਦਇਆ ਦਾ ਗੁਣ ਕਿਵੇਂ ਪੈਦਾ ਕਰ ਸਕਦੇ ਹਾਂ?

18 ਲੋਕਾਂ ਨੂੰ ਦੇਖ ਕੇ ਯਿਸੂ ਨੇ ਕਿਹਾ ਕਿ ਉਹ “ਉਨ੍ਹਾਂ ਭੇਡਾਂ ਵਰਗੇ ਸਨ ਜਿਨ੍ਹਾਂ ਦੀ ਚਮੜੀ ਉਧੇੜ ਦਿੱਤੀ ਗਈ ਹੋਵੇ ਅਤੇ ਜੋ ਚਰਵਾਹੇ ਤੋਂ ਬਿਨਾਂ ਇੱਧਰ-ਉੱਧਰ ਭਟਕ ਰਹੀਆਂ ਹੋਣ।” ਸਾਨੂੰ ਵੀ ਲੋਕਾਂ ਬਾਰੇ ਅਜਿਹਾ ਨਜ਼ਰੀਆ ਰੱਖਣਾ ਚਾਹੀਦਾ ਹੈ। ਜ਼ਰਾ ਉਸ ਲੇਲੇ ਦੀ ਹਾਲਤ ਬਾਰੇ ਸੋਚੋ ਜਿਹੜਾ ਆਪਣੇ ਚਰਵਾਹੇ ਤੋਂ ਵਿਛੜ ਕੇ ਭੁੱਖਾ-ਪਿਆਸਾ ਇੱਧਰ-ਉੱਧਰ ਭਟਕ ਰਿਹਾ ਹੈ। ਉਸ ਦੀ ਦੇਖ-ਭਾਲ ਕਰਨ ਵਾਲਾ ਅਤੇ ਉਸ ਨੂੰ ਹਰੇ-ਭਰੇ ਘਾਹ ਤੇ ਪਾਣੀਆਂ ਕੋਲ ਲੈ ਜਾਣ ਵਾਲਾ ਕੋਈ ਨਹੀਂ ਹੈ। ਅਜਿਹੀ ਹਾਲਤ ਵਿਚ ਉਹ ਮਰ ਵੀ ਸਕਦਾ ਹੈ। ਕੀ ਇਹ ਦੇਖ ਕੇ ਤੁਹਾਨੂੰ ਉਸ ਬੇਚਾਰੇ ਲੇਲੇ ’ਤੇ ਤਰਸ ਨਹੀਂ ਆਵੇਗਾ? ਕੀ ਤੁਸੀਂ ਉਸ ਦੀ ਮਦਦ ਨਹੀਂ ਕਰੋਗੇ? ਅੱਜ ਬਹੁਤ ਸਾਰੇ ਲੋਕਾਂ ਦੀ ਹਾਲਤ ਵੀ ਇੱਦਾਂ ਦੀ ਹੈ ਕਿਉਂਕਿ ਉਨ੍ਹਾਂ ਨੇ ਰਾਜ ਦੀ ਖ਼ੁਸ਼ ਖ਼ਬਰੀ ਅਜੇ ਨਹੀਂ ਸੁਣੀ। ਧਾਰਮਿਕ ਆਗੂ ਲੋਕਾਂ ਦੀ ਦੇਖ-ਭਾਲ ਨਹੀਂ ਕਰਦੇ ਜਿਸ ਕਰਕੇ ਲੋਕ ਪਰਮੇਸ਼ੁਰ ਦੇ ਗਿਆਨ ਦੇ ਭੁੱਖੇ-ਪਿਆਸੇ ਹਨ ਅਤੇ ਭਵਿੱਖ ਲਈ ਉਨ੍ਹਾਂ ਕੋਲ ਕੋਈ ਉਮੀਦ ਨਹੀਂ ਹੈ। ਪਰ ਅਸੀਂ ਉਨ੍ਹਾਂ ਨੂੰ ਪਰਮੇਸ਼ੁਰ ਦਾ ਗਿਆਨ ਦੇ ਕੇ ਉਨ੍ਹਾਂ ਦੀ ਭੁੱਖ ਮਿਟਾ ਸਕਦੇ ਹਾਂ ਅਤੇ ਉਸ ਦੇ ਬਚਨ ਤੋਂ ਸੱਚਾਈ ਸਿਖਾ ਕੇ ਉਨ੍ਹਾਂ ਦੀ ਪਿਆਸ ਬੁਝਾ ਸਕਦੇ ਹਾਂ। (ਯਸਾਯਾਹ 55:1, 2) ਜਦੋਂ ਅਸੀਂ ਇਹ ਸੋਚਦੇ ਹਾਂ ਕਿ ਲੋਕਾਂ ਨੂੰ ਪਰਮੇਸ਼ੁਰ ਬਾਰੇ ਜਾਣਨ ਦੀ ਕਿੰਨੀ ਲੋੜ ਹੈ, ਤਾਂ ਕੀ ਅਸੀਂ ਉਨ੍ਹਾਂ ’ਤੇ ਤਰਸ ਖਾ ਕੇ ਉਨ੍ਹਾਂ ਦੀ ਮਦਦ ਨਹੀਂ ਕਰਨੀ ਚਾਹੁੰਦੇ? ਜੇ ਯਿਸੂ ਵਾਂਗ ਅਸੀਂ ਲੋਕਾਂ ਨੂੰ ਦਿਲੋਂ ਪਿਆਰ ਕਰਦੇ ਹਾਂ, ਤਾਂ ਅਸੀਂ ਉਨ੍ਹਾਂ ਨੂੰ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ।

19. ਅਸੀਂ ਆਪਣੇ ਬਾਈਬਲ ਸਟੂਡੈਂਟ ਨੂੰ ਪ੍ਰਚਾਰ ਵਿਚ ਹਿੱਸਾ ਲੈਣ ਲਈ ਹੌਸਲਾ ਕਿਵੇਂ ਦੇ ਸਕਦੇ ਹਾਂ?

19 ਅਸੀਂ ਯਿਸੂ ਦੇ ਨਕਸ਼ੇ-ਕਦਮਾਂ ’ਤੇ ਚੱਲਣ ਲਈ ਦੂਜਿਆਂ ਦੀ ਮਦਦ ਕਿਵੇਂ ਕਰ ਸਕਦੇ ਹਾਂ? ਫ਼ਰਜ਼ ਕਰੋ ਕਿ ਤੁਹਾਡਾ ਬਾਈਬਲ ਸਟੂਡੈਂਟ ਮੰਡਲੀ ਨਾਲ ਮਿਲ ਕੇ ਪ੍ਰਚਾਰ ਕਰਨ ਦੇ ਕਾਬਲ ਬਣ ਗਿਆ ਹੈ ਅਤੇ ਤੁਸੀਂ ਇਸ ਕੰਮ ਲਈ ਉਸ ਦਾ ਹੌਸਲਾ ਵਧਾਉਣਾ ਚਾਹੁੰਦੇ ਹੋ। ਜਾਂ ਸ਼ਾਇਦ ਕਿਸੇ ਭੈਣ ਜਾਂ ਭਰਾ ਨੇ ਪ੍ਰਚਾਰ ਕਰਨਾ ਛੱਡ ਦਿੱਤਾ ਹੈ ਅਤੇ ਤੁਸੀਂ ਉਸ ਦੀ ਮਦਦ ਕਰਨੀ ਚਾਹੁੰਦੇ ਹੋ ਤਾਂਕਿ ਉਹ ਫਿਰ ਤੋਂ ਪ੍ਰਚਾਰ ਕਰਨਾ ਸ਼ੁਰੂ ਕਰੇ। ਅਜਿਹੇ ਲੋਕਾਂ ਦੀ ਮਦਦ ਕਰਨ ਲਈ ਸਾਨੂੰ ਉਨ੍ਹਾਂ ਦੇ ਦਿਲਾਂ ਤਕ ਪਹੁੰਚਣ ਦੀ ਲੋੜ ਹੈ। ਯਾਦ ਕਰੋ ਕਿ ਯਿਸੂ ਨੂੰ ਪਹਿਲਾਂ ਲੋਕਾਂ ’ਤੇ “ਤਰਸ ਆਇਆ” ਅਤੇ ਫਿਰ ਉਹ ਉਨ੍ਹਾਂ ਨੂੰ ਗੱਲਾਂ ਸਿਖਾਉਣ ਲੱਗਾ। (ਮਰਕੁਸ 6:34) ਜੇ ਅਸੀਂ ਦਇਆ ਦਾ ਗੁਣ ਪੈਦਾ ਕਰਨ ਵਿਚ ਬਾਈਬਲ ਸਟੂਡੈਂਟ ਦੀ ਮਦਦ ਕਰਾਂਗੇ, ਤਾਂ ਉਹ ਯਿਸੂ ਵਾਂਗ ਦਿਲੋਂ ਲੋਕਾਂ ਨਾਲ ਖ਼ੁਸ਼ ਖ਼ਬਰੀ ਸਾਂਝੀ ਕਰਨੀ ਚਾਹੇਗਾ। ਉਸ ਨੂੰ ਪੁੱਛੋ: “ਪਰਮੇਸ਼ੁਰ ਦੇ ਰਾਜ ਬਾਰੇ ਜਾਣ ਕੇ ਤੁਹਾਡੀ ਜ਼ਿੰਦਗੀ ’ਤੇ ਕਿਹੜਾ ਵਧੀਆ ਅਸਰ ਪਿਆ ਹੈ? ਕੀ ਤੁਹਾਨੂੰ ਲੱਗਦਾ ਹੈ ਕਿ ਹੋਰਨਾਂ ਨੂੰ ਵੀ ਰਾਜ ਦੀ ਖ਼ੁਸ਼ ਖ਼ਬਰੀ ਸੁਣਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ? ਤੁਸੀਂ ਉਨ੍ਹਾਂ ਦੀ ਮਦਦ ਕਿਵੇਂ ਕਰ ਸਕਦੇ ਹੋ?” ਉਸ ਨੂੰ ਯਾਦ ਕਰਾਓ ਕਿ ਪ੍ਰਚਾਰ ਕਰਨ ਦਾ ਮੁੱਖ ਕਾਰਨ ਹੈ ਕਿ ਅਸੀਂ ਪਰਮੇਸ਼ੁਰ ਨੂੰ ਪਿਆਰ ਕਰਦੇ ਹਾਂ ਅਤੇ ਉਸ ਦੀ ਸੇਵਾ ਕਰਨੀ ਚਾਹੁੰਦੇ ਹਾਂ।

20. (ੳ) ਯਿਸੂ ਦੇ ਚੇਲੇ ਹੋਣ ਦਾ ਕੀ ਮਤਲਬ ਹੈ? (ਅ) ਅਗਲੇ ਅਧਿਆਇ ਵਿਚ ਅਸੀਂ ਕੀ ਸਿੱਖਾਂਗੇ?

20 ਯਿਸੂ ਦੇ ਚੇਲਿਆਂ ਵਜੋਂ ਇੰਨਾ ਕਾਫ਼ੀ ਨਹੀਂ ਕਿ ਅਸੀਂ ਦੂਜਿਆਂ ਨੂੰ ਉਸ ਦੀਆਂ ਗੱਲਾਂ ਸਿਖਾਈਏ ਅਤੇ ਉਸ ਵਰਗੇ ਕੰਮ ਕਰੀਏ। ਸਾਡੇ “ਮਨ ਦਾ ਸੁਭਾਅ” ਵੀ ਯਿਸੂ ਵਰਗਾ ਹੋਣਾ ਚਾਹੀਦਾ ਹੈ। (ਫ਼ਿਲਿੱਪੀਆਂ 2:5) ਅਸੀਂ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਬਾਈਬਲ ਪੜ੍ਹ ਕੇ ਸਾਨੂੰ ਯਿਸੂ ਦੀਆਂ ਗੱਲਾਂ ਜਾਂ ਕੰਮਾਂ ਦਾ ਹੀ ਨਹੀਂ, ਸਗੋਂ ਇਨ੍ਹਾਂ ਤੋਂ ਉਸ ਦੇ ਵਿਚਾਰਾਂ ਤੇ ਜਜ਼ਬਾਤਾਂ ਦਾ ਵੀ ਪਤਾ ਲੱਗਦਾ ਹੈ। ਜੇ ਅਸੀਂ ‘ਮਸੀਹ ਦੇ ਮਨ’ ਯਾਨੀ ਉਸ ਦੇ ਸੁਭਾਅ ਬਾਰੇ ਸਿੱਖਾਂਗੇ, ਤਾਂ ਸਾਨੂੰ ਦੂਜਿਆਂ ਦੇ ਜਜ਼ਬਾਤਾਂ ਨੂੰ ਚੰਗੀ ਤਰ੍ਹਾਂ ਸਮਝਣ ਵਿਚ ਮਦਦ ਮਿਲੇਗੀ। ਇੱਦਾਂ ਅਸੀਂ ਯਿਸੂ ਦੀ ਰੀਸ ਕਰਦਿਆਂ ਉਨ੍ਹਾਂ ਨਾਲ ਦਇਆ ਨਾਲ ਪੇਸ਼ ਆ ਸਕਾਂਗੇ। (1 ਕੁਰਿੰਥੀਆਂ 2:16) ਅਗਲੇ ਅਧਿਆਇ ਵਿਚ ਅਸੀਂ ਦੇਖਾਂਗੇ ਕਿ ਯਿਸੂ ਨੇ ਕਿਨ੍ਹਾਂ ਤਰੀਕਿਆਂ ਨਾਲ ਆਪਣੇ ਚੇਲਿਆਂ ਲਈ ਪਿਆਰ ਜ਼ਾਹਰ ਕੀਤਾ।

^ ਪੈਰਾ 3 ਬਾਈਬਲ ਵਿਚ ਜਿਸ ਯੂਨਾਨੀ ਸ਼ਬਦ ਦਾ ਤਰਜਮਾ “ਦਇਆ ਆਈ” ਜਾਂ “ਤਰਸ ਆਇਆ” ਕੀਤਾ ਗਿਆ ਹੈ, ਉਹ ਸ਼ਬਦ ਗਹਿਰੇ ਜਜ਼ਬਾਤਾਂ ਨੂੰ ਦਰਸਾਉਂਦਾ ਹੈ। ਇਕ ਕਿਤਾਬ ਕਹਿੰਦੀ ਹੈ ਕਿ ਜਿਹੜਾ ਇਨਸਾਨ ਕਿਸੇ ’ਤੇ ਤਰਸ ਖਾਂਦਾ ਹੈ, ਉਹ “ਉਸ ਦੀ ਹਾਲਤ ਦੇਖ ਕੇ ਸਿਰਫ਼ ਦੁਖੀ ਨਹੀਂ ਹੁੰਦਾ, ਸਗੋਂ ਉਸ ਦੇ ਦੁੱਖ ਨੂੰ ਹੌਲਾ ਕਰਨ ਜਾਂ ਦੂਰ ਕਰਨ ਲਈ ਉਸ ਦੀ ਮਦਦ ਵੀ ਕਰਨੀ ਚਾਹੁੰਦਾ ਹੈ।”

^ ਪੈਰਾ 7 ਯੂਨਾਨੀ ਭਾਸ਼ਾ ਵਿਚ “ਦੁੱਖਾਂ ਵਿਚ ਇਕ-ਦੂਜੇ ਦਾ ਸਾਥ” ਦੇਣ ਦਾ ਮਤਲਬ ਹੈ, “ਕਿਸੇ ਦੇ ਦੁੱਖ ਨੂੰ ਆਪ ਮਹਿਸੂਸ ਕਰਨਾ।”