Skip to content

Skip to table of contents

ਅਧਿਆਇ 13

“ਮੈਂ ਪਿਤਾ ਨਾਲ ਪਿਆਰ ਕਰਦਾ ਹਾਂ”

“ਮੈਂ ਪਿਤਾ ਨਾਲ ਪਿਆਰ ਕਰਦਾ ਹਾਂ”

1, 2. ਯੂਹੰਨਾ ਨੇ ਉਸ ਆਖ਼ਰੀ ਰਾਤ ਬਾਰੇ ਕੀ ਦੱਸਿਆ ਜੋ ਯਿਸੂ ਨੇ ਆਪਣੇ ਰਸੂਲਾਂ ਨਾਲ ਬਿਤਾਈ ਸੀ?

ਯੂਹੰਨਾ ਹੁਣ ਤਕਰੀਬਨ 100 ਸਾਲ ਦੀ ਉਮਰ ਦਾ ਹੋ ਚੁੱਕਾ ਹੈ। ਯਿਸੂ ਦੇ ਰਸੂਲਾਂ ਵਿੱਚੋਂ ਸਿਰਫ਼ ਉਹੀ ਜੀਉਂਦਾ ਹੈ। ਉਹ ਕੁਝ 70 ਸਾਲ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਦਾ ਹੈ। ਉਸ ਨੂੰ ਅਜੇ ਵੀ ਉਹ ਆਖ਼ਰੀ ਰਾਤ ਯਾਦ ਹੈ ਜੋ ਯਿਸੂ ਨੇ ਆਪਣੀ ਮੌਤ ਤੋਂ ਪਹਿਲਾਂ ਆਪਣੇ ਰਸੂਲਾਂ ਨਾਲ ਬਿਤਾਈ ਸੀ। ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਮਦਦ ਨਾਲ ਉਸ ਨੂੰ ਸਾਰੀਆਂ ਗੱਲਾਂ ਯਾਦ ਆਉਂਦੀਆਂ ਹਨ ਅਤੇ ਫਿਰ ਉਹ ਸਿਆਹੀ ਵਿਚ ਕਲਮ ਡੁਬੋ ਕੇ ਇਕ-ਇਕ ਗੱਲ ਲਿਖਣੀ ਸ਼ੁਰੂ ਕਰਦਾ ਹੈ।

2 ਉਸ ਰਾਤ ਯਿਸੂ ਨੇ ਆਪਣੇ ਰਸੂਲਾਂ ਨੂੰ ਸਾਫ਼-ਸਾਫ਼ ਦੱਸਿਆ ਸੀ ਕਿ ਬਹੁਤ ਜਲਦ ਉਸ ਨੂੰ ਮਾਰ ਦਿੱਤਾ ਜਾਵੇਗਾ। ਸਿਰਫ਼ ਯੂਹੰਨਾ ਹੀ ਦੱਸਦਾ ਹੈ ਕਿ ਯਿਸੂ ਇੰਨੀ ਬੇਰਹਿਮ ਮੌਤ ਮਰਨ ਲਈ ਕਿਉਂ ਤਿਆਰ ਸੀ। ਯੂਹੰਨਾ ਨੇ ਯਿਸੂ ਦੇ ਇਹ ਸ਼ਬਦ ਲਿਖੇ: “ਇਸ ਲਈ ਕਿ ਦੁਨੀਆਂ ਜਾਣੇ ਕਿ ਮੈਂ ਪਿਤਾ ਨਾਲ ਪਿਆਰ ਕਰਦਾ ਹਾਂ, ਮੈਂ ਉਹੀ ਕਰਦਾ ਹਾਂ ਜੋ ਪਿਤਾ ਨੇ ਮੈਨੂੰ ਕਰਨ ਦਾ ਹੁਕਮ ਦਿੱਤਾ ਹੈ।”—ਯੂਹੰਨਾ 14:31.

3. ਯਿਸੂ ਨੇ ਆਪਣੇ ਪਿਤਾ ਲਈ ਆਪਣੇ ਗਹਿਰੇ ਪਿਆਰ ਦਾ ਸਬੂਤ ਕਿਵੇਂ ਦਿੱਤਾ?

3 “ਮੈਂ ਪਿਤਾ ਨਾਲ ਪਿਆਰ ਕਰਦਾ ਹਾਂ।” ਇਹ ਗੱਲ ਯਿਸੂ ਦੀ ਜ਼ਿੰਦਗੀ ਵਿਚ ਸਭ ਤੋਂ ਜ਼ਿਆਦਾ ਮਾਅਨੇ ਰੱਖਦੀ ਸੀ। ਉਸ ਨੇ ਇਹ ਗੱਲ ਵਾਰ-ਵਾਰ ਨਹੀਂ ਕਹੀ, ਸਗੋਂ ਇੱਕੋ ਵਾਰ ਕਹੀ ਸੀ। ਬਾਈਬਲ ਵਿਚ ਯੂਹੰਨਾ 14:31 ਵਿਚ ਇਸ ਦਾ ਜ਼ਿਕਰ ਆਉਂਦਾ ਹੈ। ਪਰ ਉਸ ਨੇ ਆਪਣੇ ਕੰਮਾਂ ਰਾਹੀਂ ਆਪਣੇ ਪਿਤਾ ਲਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ। ਹਰ ਰੋਜ਼ ਉਸ ਨੇ ਆਪਣੀ ਹਿੰਮਤ, ਆਗਿਆਕਾਰੀ ਅਤੇ ਧੀਰਜ ਰਾਹੀਂ ਦਿਖਾਇਆ ਕਿ ਉਹ ਯਹੋਵਾਹ ਨੂੰ ਪਿਆਰ ਕਰਦਾ ਸੀ। ਉਸ ਦੀ ਸੇਵਕਾਈ ਵੀ ਉਸ ਦੇ ਗਹਿਰੇ ਪਿਆਰ ਦਾ ਸਬੂਤ ਸੀ।

4, 5. ਬਾਈਬਲ ਜ਼ਿਆਦਾਤਰ ਕਿਸ ਤਰ੍ਹਾਂ ਦੇ ਪਿਆਰ ਦੀ ਗੱਲ ਕਰਦੀ ਹੈ ਅਤੇ ਯਹੋਵਾਹ ਲਈ ਯਿਸੂ ਦੇ ਪਿਆਰ ਬਾਰੇ ਕੀ ਕਿਹਾ ਜਾ ਸਕਦਾ ਹੈ?

4 ਅੱਜ ਕੁਝ ਲੋਕ ਸ਼ਾਇਦ ਸੋਚਣ ਕਿ ਪਿਆਰ ਸਿਰਫ਼ ਕਮਜ਼ੋਰ ਲੋਕ ਕਰਦੇ ਹਨ। ਉਹ ਪਿਆਰ ਸ਼ਬਦ ਸੁਣ ਕੇ ਸ਼ਾਇਦ ਕਵਿਤਾਵਾਂ ਅਤੇ ਗੀਤਾਂ ਵਿਚ ਪਾਏ ਜਾਂਦੇ ਰੋਮਾਂਟਿਕ ਪਿਆਰ ਬਾਰੇ ਸੋਚਣ। ਜਾਂ ਉਹ ਪਿਆਰ ਵਿਚ ਪਾਗਲ ਹੋਏ ਪ੍ਰੇਮੀਆਂ ਬਾਰੇ ਸੋਚਣ। ਦਰਅਸਲ ਬਾਈਬਲ ਵਿਚ ਵੀ ਰੋਮਾਂਟਿਕ ਪਿਆਰ ਦਾ ਜ਼ਿਕਰ ਕੀਤਾ ਗਿਆ ਹੈ, ਪਰ ਆਦਰਯੋਗ ਤਰੀਕੇ ਨਾਲ। (ਕਹਾਉਤਾਂ 5:15-21) ਪਰ ਪਰਮੇਸ਼ੁਰ ਦੇ ਬਚਨ ਵਿਚ ਇਕ ਹੋਰ ਕਿਸਮ ਦੇ ਪਿਆਰ ਬਾਰੇ ਜ਼ਿਆਦਾ ਗੱਲ ਕੀਤੀ ਗਈ ਹੈ। ਇਹ ਪਿਆਰ ਦਾ ਜਨੂਨ ਨਹੀਂ, ਨਾ ਹੀ ਇਹ ਪਲ ਭਰ ਦਾ ਪਿਆਰ ਹੈ ਜਾਂ ਅਜਿਹਾ ਪਿਆਰ ਜੋ ਸਿਰਫ਼ ਦਿਖਾਵੇ ਲਈ ਕੀਤਾ ਜਾਂਦਾ ਹੈ। ਇਹ ਉਹ ਪਿਆਰ ਹੈ ਜੋ ਇਨਸਾਨ ਆਪਣੇ ਦਿਲ-ਦਿਮਾਗ਼ ਦੋਹਾਂ ਨਾਲ ਕਰਦਾ ਹੈ ਅਤੇ ਜੋ ਉੱਚੇ ਅਸੂਲਾਂ ’ਤੇ ਆਧਾਰਿਤ ਹੁੰਦਾ ਹੈ। ਇਹ ਪਿਆਰ ਚੰਗੇ ਕੰਮਾਂ ਰਾਹੀਂ ਜ਼ਾਹਰ ਕੀਤਾ ਜਾਂਦਾ ਹੈ। ਨਾਲੇ ਪਰਮੇਸ਼ੁਰ ਦਾ ਬਚਨ ਕਹਿੰਦਾ ਹੈ ਕਿ ਇਹ “ਪਿਆਰ ਕਦੇ ਖ਼ਤਮ ਨਹੀਂ ਹੁੰਦਾ।”—1 ਕੁਰਿੰਥੀਆਂ 13:8.

5 ਜਿੰਨਾ ਪਿਆਰ ਯਿਸੂ ਨੇ ਯਹੋਵਾਹ ਨਾਲ ਕੀਤਾ, ਉੱਨਾ ਹੋਰ ਕਿਸੇ ਵੀ ਇਨਸਾਨ ਨੇ ਨਹੀਂ ਕੀਤਾ। ਯਿਸੂ ਨੇ ਕਿਹਾ ਕਿ ਪਰਮੇਸ਼ੁਰ ਦੇ ਹੁਕਮਾਂ ਵਿੱਚੋਂ ਸਭ ਤੋਂ ਵੱਡਾ ਹੁਕਮ ਹੈ: “ਤੂੰ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਆਪਣੇ ਪੂਰੇ ਦਿਲ ਨਾਲ, ਆਪਣੀ ਪੂਰੀ ਜਾਨ ਨਾਲ, ਆਪਣੀ ਪੂਰੀ ਸਮਝ ਨਾਲ ਅਤੇ ਆਪਣੀ ਪੂਰੀ ਸ਼ਕਤੀ ਨਾਲ ਪਿਆਰ ਕਰ।” (ਮਰਕੁਸ 12:30) ਸਿਰਫ਼ ਯਿਸੂ ਹੀ ਇਨ੍ਹਾਂ ਸ਼ਬਦਾਂ ’ਤੇ ਖਰਾ ਉਤਰਿਆ। ਯਿਸੂ ਨੇ ਪਰਮੇਸ਼ੁਰ ਲਈ ਅਜਿਹਾ ਪਿਆਰ ਕਿੱਦਾਂ ਪੈਦਾ ਕੀਤਾ? ਧਰਤੀ ਉੱਤੇ ਰਹਿੰਦਿਆਂ ਉਸ ਨੇ ਪਰਮੇਸ਼ੁਰ ਲਈ ਆਪਣਾ ਪਿਆਰ ਕਿਵੇਂ ਬਰਕਰਾਰ ਰੱਖਿਆ? ਅਤੇ ਅਸੀਂ ਉਸ ਦੀ ਰੀਸ ਕਿਵੇਂ ਕਰ ਸਕਦੇ ਹਾਂ?

ਪਿਆਰ ਦਾ ਸਭ ਤੋਂ ਮਜ਼ਬੂਤ ਤੇ ਪੁਰਾਣਾ ਬੰਧਨ

6, 7. ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਕਹਾਉਤਾਂ 8:22-31 ਵਿਚ ਬੁੱਧ ਦੇ ਗੁਣ ਦੀ ਨਹੀਂ, ਸਗੋਂ ਯਿਸੂ ਦੀ ਗੱਲ ਕੀਤੀ ਗਈ ਹੈ?

6 ਕੀ ਤੁਸੀਂ ਕਦੇ ਆਪਣੇ ਕਿਸੇ ਦੋਸਤ ਨਾਲ ਮਿਲ ਕੇ ਕੋਈ ਕੰਮ ਕੀਤਾ ਹੈ? ਜੇ ਹਾਂ, ਤਾਂ ਇੱਦਾਂ ਕਰਨ ਨਾਲ ਸ਼ਾਇਦ ਤੁਹਾਡੀ ਦੋਵਾਂ ਦੀ ਦੋਸਤੀ ਹੋਰ ਵੀ ਪੱਕੀ ਹੋ ਗਈ ਹੋਣੀ। ਇਸੇ ਤਰ੍ਹਾਂ ਮਿਲ ਕੇ ਕੰਮ ਕਰਨ ਨਾਲ ਯਹੋਵਾਹ ਅਤੇ ਉਸ ਦੇ ਇਕਲੌਤੇ ਪੁੱਤਰ ਵਿਚਕਾਰ ਪਿਆਰ ਦਾ ਬੰਧਨ ਮਜ਼ਬੂਤ ਹੋਇਆ ਹੈ। ਕਹਾਉਤਾਂ 8:30 ਦੀ ਆਇਤ ਸ਼ਾਇਦ ਅਸੀਂ ਕਈ ਵਾਰ ਪੜ੍ਹੀ ਹੈ, ਪਰ ਆਓ ਆਪਾਂ ਹੁਣ ਇਸ ਆਇਤ ਦੇ ਆਲੇ-ਦੁਆਲੇ ਦੀਆਂ ਆਇਤਾਂ ਵੱਲ ਗੌਰ ਕਰੀਏ। ਆਇਤਾਂ 22 ਤੋਂ 31 ਵਿਚ ਯਿਸੂ ਨੂੰ ਬੁੱਧ ਵਜੋਂ ਦਰਸਾਇਆ ਗਿਆ ਹੈ। ਪਰ ਸਾਨੂੰ ਕਿਵੇਂ ਪਤਾ ਹੈ ਕਿ ਇਹ ਸ਼ਬਦ ਪਰਮੇਸ਼ੁਰ ਦੇ ਪੁੱਤਰ ਬਾਰੇ ਹਨ?

7 ਆਇਤ 22 ਵਿਚ ਬੁੱਧ ਕਹਿੰਦੀ ਹੈ: “ਯਹੋਵਾਹ ਨੇ ਆਪਣੇ ਕੰਮ ਦੇ ਅਰੰਭ ਵਿੱਚ, ਸਗੋਂ ਆਪਣੇ ਪਰਾਚੀਨ ਕਾਲ ਦੇ ਕੰਮਾਂ ਤੋਂ ਵੀ ਪਹਿਲਾਂ ਮੈਨੂੰ ਰਚਿਆ।” ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਇਸ ਆਇਤ ਵਿਚ ਬੁੱਧ ਦੇ ਗੁਣ ਦੀ ਨਹੀਂ, ਸਗੋਂ ਯਿਸੂ ਦੀ ਗੱਲ ਕੀਤੀ ਗਈ ਹੈ? ਬੁੱਧ ਦੇ ਗੁਣ ਨੂੰ ਨਾ ਤਾਂ “ਰਚਿਆ” ਗਿਆ ਤੇ ਨਾ ਹੀ ਇਸ ਦੀ ਕੋਈ ਸ਼ੁਰੂਆਤ ਹੈ। ਇਸ ਦਾ ਸੋਮਾ ਯਹੋਵਾਹ ਹੈ ਜੋ ਹਮੇਸ਼ਾ-ਹਮੇਸ਼ਾ ਤੋਂ ਹੈ। (ਜ਼ਬੂਰਾਂ ਦੀ ਪੋਥੀ 90:2) ਪਰ ਯਹੋਵਾਹ ਨੇ ਯਿਸੂ ਨੂੰ ਸਾਰੀਆਂ ਚੀਜ਼ਾਂ ਤੋਂ ਪਹਿਲਾਂ ਬਣਾਇਆ ਸੀ। ਹਾਂ, ਉਹ “ਸਾਰੀ ਸ੍ਰਿਸ਼ਟੀ ਵਿੱਚੋਂ ਜੇਠਾ” ਹੈ। (ਕੁਲੁੱਸੀਆਂ 1:15) ਤਾਂ ਫਿਰ, ਅਸੀਂ ਕਹਿ ਸਕਦੇ ਹਾਂ ਕਿ ਕਹਾਉਤਾਂ 8:22-31 ਵਿਚ ਯਿਸੂ ਬਾਰੇ ਗੱਲ ਕੀਤੀ ਗਈ ਹੈ। ਨਾਲੇ “ਸ਼ਬਦ” ਯਾਨੀ ਪਰਮੇਸ਼ੁਰ ਦੇ ਬੁਲਾਰੇ ਵਜੋਂ ਉਸ ਨੇ ਯਹੋਵਾਹ ਦੀ ਬੁੱਧ ਜ਼ਾਹਰ ਕੀਤੀ ਸੀ।—ਯੂਹੰਨਾ 1:1.

8. ਧਰਤੀ ਉੱਤੇ ਆਉਣ ਤੋਂ ਪਹਿਲਾਂ ਯਿਸੂ ਕੀ ਕਰ ਰਿਹਾ ਸੀ ਅਤੇ ਸ੍ਰਿਸ਼ਟੀ ਦੀਆਂ ਚੀਜ਼ਾਂ ਦੇਖ ਕੇ ਅਸੀਂ ਕਿਹੜੀ ਗੱਲ ਯਾਦ ਰੱਖ ਸਕਦੇ ਹਾਂ?

8 ਧਰਤੀ ਉੱਤੇ ਆਉਣ ਤੋਂ ਪਹਿਲਾਂ ਯਿਸੂ ਸਵਰਗ ਵਿਚ ਅਰਬਾਂ-ਖਰਬਾਂ ਸਾਲਾਂ ਲਈ ਕੀ ਕਰ ਰਿਹਾ ਸੀ? ਆਇਤ 30 ਦੱਸਦੀ ਹੈ ਕਿ ਉਹ ਪਰਮੇਸ਼ੁਰ ਨਾਲ “ਰਾਜ ਮਿਸਤਰੀ” ਵਜੋਂ ਕੰਮ ਕਰ ਰਿਹਾ ਸੀ। ਇਸ ਦਾ ਕੀ ਮਤਲਬ ਹੈ? ਕੁਲੁੱਸੀਆਂ 1:16 ਦੱਸਦਾ ਹੈ: “ਸਵਰਗ ਵਿਚ ਅਤੇ ਧਰਤੀ ਉੱਤੇ . . . ਬਾਕੀ ਸਾਰੀਆਂ ਚੀਜ਼ਾਂ ਉਸ ਰਾਹੀਂ ਅਤੇ ਉਸੇ ਲਈ ਸਿਰਜੀਆਂ ਗਈਆਂ ਹਨ।” ਸਾਰੀਆਂ ਚੀਜ਼ਾਂ ਬਣਾਉਣ ਲਈ ਸਾਡੇ ਸਿਰਜਣਹਾਰ ਯਹੋਵਾਹ ਨੇ ਆਪਣੇ ਪੁੱਤਰ ਨੂੰ ਰਾਜ ਮਿਸਤਰੀ ਵਜੋਂ ਇਸਤੇਮਾਲ ਕੀਤਾ। ਹਾਂ, ਉਸ ਰਾਹੀਂ ਸਵਰਗ ਵਿਚ ਸਾਰੇ ਫ਼ਰਿਸ਼ਤੇ, ਸਾਰੀ ਕਾਇਨਾਤ ਅਤੇ ਧਰਤੀ ਉੱਪਰ ਭਾਂਤ-ਭਾਂਤ ਦੇ ਪੌਦੇ ਤੇ ਤਰ੍ਹਾਂ-ਤਰ੍ਹਾਂ ਦੇ ਜਾਨਵਰ ਬਣਾਏ ਗਏ ਸਨ। ਪਰ ਉਨ੍ਹਾਂ ਦੀ ਸਭ ਤੋਂ ਕਮਾਲ ਦੀ ਰਚਨਾ ਸੀ ਇਨਸਾਨ! ਅਸੀਂ ਕਹਿ ਸਕਦੇ ਹਾਂ ਕਿ ਪਿਉ-ਪੁੱਤ ਨੇ ਉਵੇਂ ਮਿਲ ਕੇ ਕੰਮ ਕੀਤਾ ਜਿਵੇਂ ਇਕ ਆਰਕੀਟੈਕਟ ਕਿਸੇ ਰਾਜ ਮਿਸਤਰੀ ਜਾਂ ਠੇਕੇਦਾਰ ਨਾਲ ਮਿਲ ਕੇ ਕੰਮ ਕਰਦਾ ਹੈ। ਰਾਜ ਮਿਸਤਰੀ, ਆਰਕੀਟੈਕਟ ਦੇ ਡੀਜ਼ਾਈਨਾਂ ਨੂੰ ਸ਼ਕਲ-ਸੂਰਤ ਦਿੰਦਾ ਹੈ। ਜਦੋਂ ਅਸੀਂ ਸ੍ਰਿਸ਼ਟੀ ਦੇ ਅਜੂਬਿਆਂ ਨੂੰ ਦੇਖਦੇ ਹਾਂ, ਤਾਂ ਅਸੀਂ ਆਪ-ਮੁਹਾਰੇ ਯਹੋਵਾਹ ਦੀ ਮਹਿਮਾ ਕਰਦੇ ਹਾਂ। (ਜ਼ਬੂਰਾਂ ਦੀ ਪੋਥੀ 19:1) ਨਾਲੇ ਯਾਦ ਰੱਖੋ ਕਿ ਸਾਡੇ ਸਿਰਜਣਹਾਰ ਤੇ ਉਸ ਦੇ “ਰਾਜ ਮਿਸਤਰੀ” ਨੇ ਲੰਬੇ ਸਮੇਂ ਤੋਂ ਖ਼ੁਸ਼ੀ-ਖ਼ੁਸ਼ੀ ਇਕ-ਦੂਜੇ ਨਾਲ ਕੰਮ ਕੀਤਾ।

9, 10. (ੳ) ਯਹੋਵਾਹ ਅਤੇ ਉਸ ਦੇ ਪੁੱਤਰ ਦਾ ਆਪਸੀ ਰਿਸ਼ਤਾ ਕਿਵੇਂ ਮਜ਼ਬੂਤ ਬਣਿਆ? (ਅ) ਤੁਸੀਂ ਆਪਣੇ ਪਿਤਾ ਯਹੋਵਾਹ ਨਾਲ ਆਪਣਾ ਰਿਸ਼ਤਾ ਕਿਵੇਂ ਮਜ਼ਬੂਤ ਬਣਾ ਸਕਦੇ ਹੋ?

9 ਦੋ ਨਾਮੁਕੰਮਲ ਇਨਸਾਨਾਂ ਲਈ ਕਦੇ-ਕਦੇ ਇਕੱਠੇ ਮਿਲ ਕੇ ਕੰਮ ਕਰਨਾ ਮੁਸ਼ਕਲ ਹੁੰਦਾ ਹੈ। ਪਰ ਯਹੋਵਾਹ ਅਤੇ ਉਸ ਦੇ ਪੁੱਤਰ ਬਾਰੇ ਇੱਦਾਂ ਨਹੀਂ ਕਿਹਾ ਜਾ ਸਕਦਾ। ਪੁੱਤਰ ਨੇ ਆਪਣੇ ਪਿਤਾ ਨਾਲ ਅਰਬਾਂ-ਖਰਬਾਂ ਸਾਲ ਕੰਮ ਕੀਤਾ ਅਤੇ ਉਸ ਨੇ “ਹਰ ਸਮੇਂ ਉਸਦੀ ਹਾਜ਼ਰੀ ਵਿੱਚ ਆਨੰਦ ਮਾਣਿਆ।” (ਕਹਾਉਤਾਂ 8:30, ERV) ਪਿਉ-ਪੁੱਤਰ ਨੂੰ ਇਕ-ਦੂਜੇ ਨਾਲ ਸਮਾਂ ਬਿਤਾ ਕੇ ਬੇਹੱਦ ਖ਼ੁਸ਼ੀ ਹੁੰਦੀ ਸੀ। ਇਸ ਤਰ੍ਹਾਂ ਪੁੱਤਰ ਹੂ-ਬਹੂ ਆਪਣੇ ਪਿਤਾ ਵਰਗਾ ਬਣਦਾ ਗਿਆ ਅਤੇ ਪਰਮੇਸ਼ੁਰ ਦੇ ਗੁਣ ਅਪਣਾਉਂਦਾ ਗਿਆ। ਤਾਂ ਫਿਰ ਅਸੀਂ ਸਮਝ ਸਕਦੇ ਹਾਂ ਕਿ ਇਨ੍ਹਾਂ ਦੋਹਾਂ ਦਾ ਰਿਸ਼ਤਾ ਇੰਨਾ ਗੂੜ੍ਹਾ ਕਿਵੇਂ ਬਣ ਸਕਿਆ। ਸਾਰੀ ਕਾਇਨਾਤ ਵਿਚ ਇਹ ਪਿਆਰ ਦਾ ਸਭ ਤੋਂ ਮਜ਼ਬੂਤ ਤੇ ਪੁਰਾਣਾ ਬੰਧਨ ਹੈ!

10 ਕੀ ਅਸੀਂ ਵੀ ਯਹੋਵਾਹ ਪਰਮੇਸ਼ੁਰ ਨਾਲ ਗੂੜ੍ਹਾ ਰਿਸ਼ਤਾ ਕਾਇਮ ਕਰ ਸਕਦੇ ਹਾਂ? ਅਸੀਂ ਸ਼ਾਇਦ ਸੋਚੀਏ ਕਿ ਇਹ ਨਾਮੁਮਕਿਨ ਹੈ। ਪਰ ਯਾਦ ਰੱਖੋ ਕਿ ਯਿਸੂ ਦਾ ਆਪਣੇ ਪਿਤਾ ਨਾਲ ਰਿਸ਼ਤਾ ਕਿਵੇਂ ਗੂੜ੍ਹਾ ਹੋਇਆ। ਉਹ ਦੋਵੇਂ ਮਿਲ ਕੇ ਕੰਮ ਕਰਦੇ ਸਨ। ਇਹ ਸੱਚ ਹੈ ਕਿ ਸਾਡੇ ਕੋਲ ਯਿਸੂ ਵਰਗਾ ਉੱਚਾ ਰੁਤਬਾ ਨਹੀਂ ਹੈ, ਪਰ ਫਿਰ ਵੀ ਯਹੋਵਾਹ ਸਾਨੂੰ ਆਪਣੇ “ਨਾਲ ਮਿਲ ਕੇ ਕੰਮ” ਕਰਨ ਦਾ ਸ਼ਾਨਦਾਰ ਮੌਕਾ ਦੇ ਰਿਹਾ ਹੈ। (1 ਕੁਰਿੰਥੀਆਂ 3:9) ਯਿਸੂ ਦੇ ਨਕਸ਼ੇ-ਕਦਮਾਂ ’ਤੇ ਚੱਲਦਿਆਂ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਪ੍ਰਚਾਰ ਵਿਚ ਅਸੀਂ ਪਰਮੇਸ਼ੁਰ ਦੇ ਨਾਲ ਮਿਲ ਕੇ ਕੰਮ ਕਰ ਰਹੇ ਹੁੰਦੇ ਹਾਂ। ਇੱਦਾਂ ਕਰ ਕੇ ਯਹੋਵਾਹ ਨਾਲ ਸਾਡਾ ਪਿਆਰ ਦਾ ਬੰਧਨ ਮਜ਼ਬੂਤ ਹੁੰਦਾ ਜਾਵੇਗਾ। ਕੀ ਸਾਡੇ ਲਈ ਇਸ ਤੋਂ ਵੱਡਾ ਹੋਰ ਕੋਈ ਸਨਮਾਨ ਹੋ ਸਕਦਾ ਹੈ?

ਯਿਸੂ ਨੇ ਯਹੋਵਾਹ ਲਈ ਆਪਣਾ ਪਿਆਰ ਬਰਕਰਾਰ ਰੱਖਿਆ

11-13. (ੳ) ਅਸੀਂ ਪਿਆਰ ਦੀ ਤੁਲਨਾ ਇਕ ਬੂਟੇ ਨਾਲ ਕਿਉਂ ਕਰ ਸਕਦੇ ਹਾਂ ਅਤੇ ਯਿਸੂ ਨੇ ਛੋਟੀ ਉਮਰੇ ਯਹੋਵਾਹ ਲਈ ਆਪਣਾ ਪਿਆਰ ਕਿਵੇਂ ਮਜ਼ਬੂਤ ਰੱਖਿਆ? (ਅ) ਧਰਤੀ ’ਤੇ ਆਉਣ ਤੋਂ ਪਹਿਲਾਂ ਅਤੇ ਧਰਤੀ ’ਤੇ ਆ ਕੇ ਯਿਸੂ ਨੇ ਕਿਵੇਂ ਦਿਖਾਇਆ ਕਿ ਉਹ ਯਹੋਵਾਹ ਤੋਂ ਸਿੱਖਣਾ ਚਾਹੁੰਦਾ ਸੀ?

11 ਅਸੀਂ ਪਰਮੇਸ਼ੁਰ ਲਈ ਆਪਣੇ ਪਿਆਰ ਦੀ ਤੁਲਨਾ ਗੁਲਾਬ ਦੇ ਬੂਟੇ ਨਾਲ ਕਰ ਸਕਦੇ ਹਾਂ। ਬੂਟੇ ਨੂੰ ਪਾਣੀ ਦੇਣ ਅਤੇ ਉਸ ਦੀ ਦੇਖ-ਭਾਲ ਕਰਨ ਦੀ ਲੋੜ ਪੈਂਦੀ ਹੈ ਤਾਂਕਿ ਉਹ ਵਧਦਾ-ਫੁੱਲਦਾ ਰਹੇ, ਨਹੀਂ ਤਾਂ ਉਹ ਸੁੱਕ ਕੇ ਮੁਰਝਾ ਸਕਦਾ ਹੈ। ਇਸੇ ਤਰ੍ਹਾਂ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਦਿਲ ਵਿਚ ਯਹੋਵਾਹ ਲਈ ਪਿਆਰ ਵਧਦਾ-ਫੁੱਲਦਾ ਰਹੇ, ਤਾਂ ਸਾਨੂੰ ਵੀ ਮਿਹਨਤ ਕਰਨ ਦੀ ਲੋੜ ਹੈ। ਧਰਤੀ ਉੱਤੇ ਹੁੰਦਿਆਂ ਯਿਸੂ ਨੇ ਯਹੋਵਾਹ ਲਈ ਆਪਣੇ ਪਿਆਰ ਨੂੰ ਮਾਮੂਲੀ ਨਹੀਂ ਸਮਝਿਆ, ਸਗੋਂ ਉਸ ਨੇ ਇਸ ਨੂੰ ਮਜ਼ਬੂਤ ਅਤੇ ਬਰਕਰਾਰ ਰੱਖਿਆ। ਆਓ ਦੇਖੀਏ ਕਿਵੇਂ।

12 ਜ਼ਰਾ ਫਿਰ ਉਸ ਸਮੇਂ ਬਾਰੇ ਸੋਚੋ ਜਦੋਂ ਯਿਸੂ 12 ਸਾਲਾਂ ਦਾ ਸੀ ਅਤੇ ਉਹ ਯਰੂਸ਼ਲਮ ਦੇ ਮੰਦਰ ਵਿਚ ਸੀ। ਉਸ ਨੇ ਆਪਣੇ ਪਰੇਸ਼ਾਨ ਮਾਪਿਆਂ ਨੂੰ ਕਿਹਾ: “ਤੁਸੀਂ ਮੈਨੂੰ ਕਿਉਂ ਲੱਭ ਰਹੇ ਸੀ? ਤੁਹਾਨੂੰ ਨਹੀਂ ਪਤਾ ਕਿ ਮੈਂ ਆਪਣੇ ਪਿਤਾ ਦੇ ਘਰ ਹੀ ਹੋਵਾਂਗਾ?” (ਲੂਕਾ 2:49) ਹਾਂ, ਯਿਸੂ ਨੇ ਸਾਫ਼ ਜ਼ਾਹਰ ਕੀਤਾ ਕਿ ਯਹੋਵਾਹ ਨਾਲ ਉਸ ਦਾ ਰਿਸ਼ਤਾ ਕਿੰਨਾ ਪੱਕਾ ਸੀ। ਭਾਵੇਂ ਕਿ ਛੋਟੇ ਹੁੰਦਿਆਂ ਉਸ ਨੂੰ ਸਵਰਗ ਵਾਲੀ ਆਪਣੀ ਜ਼ਿੰਦਗੀ ਯਾਦ ਨਹੀਂ ਸੀ, ਫਿਰ ਵੀ ਯਹੋਵਾਹ ਲਈ ਉਸ ਦਾ ਪਿਆਰ ਬਹੁਤ ਗਹਿਰਾ ਸੀ। ਉਸ ਨੂੰ ਪਤਾ ਸੀ ਕਿ ਪਰਮੇਸ਼ੁਰ ਦੀ ਭਗਤੀ ਕਰ ਕੇ ਉਹ ਆਪਣੇ ਪਿਆਰ ਦਾ ਇਜ਼ਹਾਰ ਕਰ ਸਕਦਾ ਸੀ। ਇਸ ਲਈ ਉਸ ਨੂੰ ਆਪਣੇ ਪਿਤਾ ਦੇ ਘਰ ਜਾਣਾ ਬਹੁਤ ਚੰਗਾ ਲੱਗਦਾ ਸੀ ਅਤੇ ਉਹ ਉੱਥੇ ਹੀ ਰਹਿਣਾ ਚਾਹੁੰਦਾ ਸੀ। ਉੱਥੇ ਉਹ ਸਿਰਫ਼ ਸੁਣਨ ਲਈ ਨਹੀਂ, ਸਗੋਂ ਯਹੋਵਾਹ ਬਾਰੇ ਸਿੱਖਣ ਜਾਂਦਾ ਸੀ ਤੇ ਹੋਰਨਾਂ ਨੂੰ ਵੀ ਉਸ ਬਾਰੇ ਸਿਖਾਉਂਦਾ ਸੀ। ਯਿਸੂ ਦੀ ਹਮੇਸ਼ਾ ਇਹੀ ਤਮੰਨਾ ਰਹੀ ਹੈ ਕਿ ਉਹ ਆਪਣੇ ਪਿਤਾ ਤੋਂ ਸਿੱਖਦਾ ਰਹੇ।

13 ਸਵਰਗ ਵਿਚ ਯਿਸੂ ਨੇ ਬੜੇ ਚਾਅ ਨਾਲ ਆਪਣੇ ਪਿਤਾ ਤੋਂ ਸਿੱਖਿਆ ਲਈ ਸੀ। ਯਸਾਯਾਹ 50:4-6 ਵਿਚ ਦਰਜ ਭਵਿੱਖਬਾਣੀ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਨੇ ਆਪਣੇ ਬੇਟੇ ਨੂੰ ਇਹ ਖ਼ਾਸ ਸਿਖਲਾਈ ਦਿੱਤੀ ਕਿ ਉਸ ਨੇ ਮਸੀਹ ਵਜੋਂ ਕੀ-ਕੀ ਕਰਨਾ ਸੀ। ਇਹ ਜਾਣਨ ਦੇ ਬਾਵਜੂਦ ਕਿ ਪਰਮੇਸ਼ੁਰ ਦੇ ਚੁਣੇ ਹੋਏ ਸੇਵਕ ਵਜੋਂ ਉਸ ਨੂੰ ਬਹੁਤ ਮੁਸੀਬਤਾਂ ਸਹਿਣੀਆਂ ਪੈਣਗੀਆਂ, ਫਿਰ ਵੀ ਉਹ ਬੜੇ ਚਾਅ ਨਾਲ ਸਿੱਖਦਾ ਰਿਹਾ। ਜਦੋਂ ਉਹ ਧਰਤੀ ’ਤੇ ਆਇਆ, ਤਾਂ ਉਹ ਆਪਣੇ ਪਿਤਾ ਦੇ ਘਰ ਜਾਣ ਲਈ ਉਤਾਵਲਾ ਰਿਹਾ। ਜਿੱਦਾਂ-ਜਿੱਦਾਂ ਉਹ ਵੱਡਾ ਹੁੰਦਾ ਗਿਆ, ਉਹ ਯਹੋਵਾਹ ਦੀ ਭਗਤੀ ਕਰਦਾ ਰਿਹਾ, ਉਸ ਬਾਰੇ ਸਿੱਖਦਾ ਰਿਹਾ ਅਤੇ ਦੂਜਿਆਂ ਨੂੰ ਉਸ ਬਾਰੇ ਸਿਖਾਉਂਦਾ ਰਿਹਾ। ਬਾਈਬਲ ਸਾਨੂੰ ਦੱਸਦੀ ਹੈ ਕਿ ਯਿਸੂ ਨੇ ਕਦੀ ਵੀ ਮੰਦਰ ਅਤੇ ਸਭਾ ਘਰ ਜਾਣਾ ਨਹੀਂ ਛੱਡਿਆ। (ਲੂਕਾ 4:16; 19:47) ਜੇ ਅਸੀਂ ਯਹੋਵਾਹ ਲਈ ਆਪਣੇ ਪਿਆਰ ਨੂੰ ਮਜ਼ਬੂਤ ਅਤੇ ਬਰਕਰਾਰ ਰੱਖਣਾ ਚਾਹੁੰਦੇ ਹਾਂ, ਤਾਂ ਸਾਨੂੰ ਵੀ ਭਗਤੀ ਕਰਨ ਲਈ ਮੀਟਿੰਗਾਂ ਵਿਚ ਜਾਂਦੇ ਰਹਿਣਾ ਚਾਹੀਦਾ ਹੈ। ਇੱਦਾਂ ਕਰਨ ਨਾਲ ਪਰਮੇਸ਼ੁਰ ਬਾਰੇ ਸਾਡਾ ਗਿਆਨ ਅਤੇ ਉਸ ਲਈ ਸਾਡੀ ਕਦਰ ਵਧੇਗੀ।

“ਉਹ ਆਪ ਪਹਾੜ ’ਤੇ ਪ੍ਰਾਰਥਨਾ ਕਰਨ ਚਲਾ ਗਿਆ”

14, 15. (ੳ) ਯਿਸੂ ਇਕੱਲਾ ਸਮਾਂ ਕਿਉਂ ਬਿਤਾਉਣਾ ਚਾਹੁੰਦਾ ਸੀ? (ਅ) ਯਿਸੂ ਨੇ ਆਪਣੀਆਂ ਪ੍ਰਾਰਥਨਾਵਾਂ ਵਿਚ ਕਿਵੇਂ ਜ਼ਾਹਰ ਕੀਤਾ ਕਿ ਉਸ ਦਾ ਆਪਣੇ ਪਿਤਾ ਨਾਲ ਗੂੜ੍ਹਾ ਰਿਸ਼ਤਾ ਸੀ ਅਤੇ ਉਹ ਉਸ ਦਾ ਆਦਰ ਕਰਦਾ ਸੀ?

14 ਯਹੋਵਾਹ ਲਈ ਆਪਣੇ ਪਿਆਰ ਨੂੰ ਮਜ਼ਬੂਤ ਰੱਖਣ ਲਈ ਯਿਸੂ ਨੇ ਰੋਜ਼ ਪ੍ਰਾਰਥਨਾ ਵੀ ਕੀਤੀ। ਭਾਵੇਂ ਕਿ ਉਸ ਨੂੰ ਦੂਜਿਆਂ ਨਾਲ ਮਿਲਣਾ-ਗਿਲ਼ਣਾ ਪਸੰਦ ਸੀ, ਫਿਰ ਵੀ ਉਹ ਇਕੱਲਾ ਸਮਾਂ ਬਿਤਾਉਣਾ ਜ਼ਰੂਰੀ ਸਮਝਦਾ ਸੀ। ਮਿਸਾਲ ਲਈ, ਲੂਕਾ 5:16 ਕਹਿੰਦਾ ਹੈ: “ਉਹ ਇਕਾਂਤ ਥਾਵਾਂ ਵਿਚ ਜਾ ਕੇ ਪ੍ਰਾਰਥਨਾ ਕਰਦਾ ਹੁੰਦਾ ਸੀ।” ਇਸੇ ਤਰ੍ਹਾਂ ਮੱਤੀ 14:23 ਵਿਚ ਦੱਸਿਆ ਗਿਆ ਹੈ: “ਫਿਰ ਭੀੜ ਨੂੰ ਵਿਦਾ ਕਰਨ ਤੋਂ ਬਾਅਦ ਉਹ ਆਪ ਪਹਾੜ ’ਤੇ ਪ੍ਰਾਰਥਨਾ ਕਰਨ ਚਲਾ ਗਿਆ। ਭਾਵੇਂ ਹੁਣ ਰਾਤ ਹੋ ਚੁੱਕੀ ਸੀ, ਪਰ ਉਹ ਇਕੱਲਾ ਪਹਾੜ ’ਤੇ ਸੀ।” ਉਹ ਯਹੋਵਾਹ ਨਾਲ ਇਕੱਲਾ ਸਮਾਂ ਬਿਤਾਉਣਾ ਚਾਹੁੰਦਾ ਸੀ ਤਾਂਕਿ ਉਹ ਆਪਣੇ ਪਿਤਾ ਨਾਲ ਖੁੱਲ੍ਹ ਕੇ ਦਿਲ ਦੀਆਂ ਗੱਲਾਂ ਕਰ ਸਕੇ।

15 ਪ੍ਰਾਰਥਨਾ ਕਰਦਿਆਂ ਯਿਸੂ ਅਕਸਰ ਯਹੋਵਾਹ ਨੂੰ “ਅੱਬਾ, ਮੇਰੇ ਪਿਤਾ” ਕਹਿ ਕੇ ਪੁਕਾਰਦਾ ਸੀ। (ਮਰਕੁਸ 14:36) ਯਿਸੂ ਦੇ ਜ਼ਮਾਨੇ ਵਿਚ ਬੱਚੇ ਪਿਆਰ ਤੇ ਆਦਰ ਨਾਲ ਆਪਣੇ ਪਿਤਾ ਨੂੰ “ਅੱਬਾ” ਕਹਿ ਕੇ ਬੁਲਾਉਂਦੇ ਸੀ। ਬੱਚੇ ਸਭ ਤੋਂ ਪਹਿਲਾਂ ਇਹੀ ਸ਼ਬਦ ਕਹਿਣਾ ਸਿੱਖਦੇ ਸਨ। ਯਹੋਵਾਹ ਨੂੰ ਅੱਬਾ ਕਹਿ ਕੇ ਯਿਸੂ ਨੇ ਦਿਖਾਇਆ ਕਿ ਉਸ ਦਾ ਆਪਣੇ ਪਿਤਾ ਨਾਲ ਗੂੜ੍ਹਾ ਰਿਸ਼ਤਾ ਸੀ ਅਤੇ ਉਹ ਉਸ ਦਾ ਗਹਿਰਾ ਆਦਰ ਕਰਦਾ ਸੀ। ਬਾਈਬਲ ਵਿਚ ਦਰਜ ਯਿਸੂ ਦੀਆਂ ਪ੍ਰਾਰਥਨਾਵਾਂ ਤੋਂ ਸਾਨੂੰ ਇਹੀ ਦੇਖਣ ਨੂੰ ਮਿਲਦਾ ਹੈ। ਮਿਸਾਲ ਲਈ, ਯੂਹੰਨਾ ਰਸੂਲ ਨੇ ਆਪਣੀ ਕਿਤਾਬ ਦੇ 17ਵੇਂ ਅਧਿਆਇ ਵਿਚ ਉਹ ਲੰਬੀ ਪ੍ਰਾਰਥਨਾ ਦਰਜ ਕੀਤੀ ਜੋ ਯਿਸੂ ਨੇ ਆਪਣੀ ਮੌਤ ਤੋਂ ਇਕ ਰਾਤ ਪਹਿਲਾਂ ਤਹਿ ਦਿਲੋਂ ਯਹੋਵਾਹ ਨੂੰ ਕੀਤੀ ਸੀ। ਇਸ ਪ੍ਰਾਰਥਨਾ ’ਤੇ ਗੌਰ ਕਰਨ ਨਾਲ ਸਾਡੇ ਦਿਲਾਂ ’ਤੇ ਗਹਿਰਾ ਅਸਰ ਪਵੇਗਾ। ਸਾਨੂੰ ਵੀ ਯਿਸੂ ਵਾਂਗ ਪ੍ਰਾਰਥਨਾ ਕਰਨੀ ਚਾਹੀਦੀ ਹੈ। ਇਸ ਦਾ ਇਹ ਮਤਲਬ ਨਹੀਂ ਕਿ ਸਾਨੂੰ ਯਿਸੂ ਦੀ ਪ੍ਰਾਰਥਨਾ ਰਟ ਲੈਣੀ ਚਾਹੀਦੀ ਹੈ, ਇਸ ਦੀ ਬਜਾਇ ਸਾਨੂੰ ਉਸ ਵਾਂਗ ਹਰ ਮੌਕੇ ’ਤੇ ਆਪਣੇ ਪਿਤਾ ਯਹੋਵਾਹ ਨਾਲ ਦਿਲ ਖੋਲ੍ਹ ਕੇ ਗੱਲ ਕਰਨੀ ਚਾਹੀਦੀ ਹੈ। ਇੱਦਾਂ ਅਸੀਂ ਯਹੋਵਾਹ ਲਈ ਆਪਣਾ ਪਿਆਰ ਮਜ਼ਬੂਤ ਰੱਖ ਪਾਵਾਂਗੇ।

16, 17. (ੳ) ਯਿਸੂ ਨੇ ਆਪਣੇ ਪਿਤਾ ਲਈ ਆਪਣੇ ਪਿਆਰ ਦਾ ਇਜ਼ਹਾਰ ਕਿਵੇਂ ਕੀਤਾ? (ਅ) ਯਿਸੂ ਨੇ ਇਹ ਕਿਵੇਂ ਦਿਖਾਇਆ ਕਿ ਉਸ ਦਾ ਪਿਤਾ ਦਰਿਆ-ਦਿਲ ਹੈ?

16 ਅਸੀਂ ਪਹਿਲਾਂ ਕਹਿ ਚੁੱਕੇ ਹਾਂ ਕਿ ਯਿਸੂ ਨੇ ਇਹ ਵਾਰ-ਵਾਰ ਨਹੀਂ ਕਿਹਾ ਕਿ “ਮੈਂ ਪਿਤਾ ਨਾਲ ਪਿਆਰ ਕਰਦਾ ਹਾਂ।” ਪਰ ਉਸ ਨੇ ਹੋਰ ਸ਼ਬਦਾਂ ਦੇ ਜ਼ਰੀਏ ਆਪਣੇ ਪਿਤਾ ਲਈ ਆਪਣੇ ਪਿਆਰ ਦਾ ਇਜ਼ਹਾਰ ਜ਼ਰੂਰ ਕੀਤਾ। ਮਿਸਾਲ ਲਈ ਉਸ ਨੇ ਕਿਹਾ: “ਹੇ ਪਿਤਾ, ਸਵਰਗ ਅਤੇ ਧਰਤੀ ਦੇ ਮਾਲਕ, ਮੈਂ ਸਾਰਿਆਂ ਸਾਮ੍ਹਣੇ ਤੇਰੀ ਵਡਿਆਈ ਕਰਦਾ ਹਾਂ।” (ਮੱਤੀ 11:25) ਜਿੱਦਾਂ ਅਸੀਂ ਇਸ ਕਿਤਾਬ ਦੇ ਦੂਜੇ ਭਾਗ ਵਿਚ ਪੜ੍ਹਿਆ ਸੀ, ਲੋਕਾਂ ਨੂੰ ਆਪਣੇ ਪਿਤਾ ਬਾਰੇ ਦੱਸ ਕੇ ਅਤੇ ਉਸ ਦੀ ਵਡਿਆਈ ਕਰ ਕੇ ਯਿਸੂ ਨੂੰ ਬਹੁਤ ਖ਼ੁਸ਼ੀ ਹੁੰਦੀ ਸੀ। ਉਸ ਨੇ ਯਹੋਵਾਹ ਦੀ ਤੁਲਨਾ ਅਜਿਹੇ ਪਿਤਾ ਨਾਲ ਕੀਤੀ ਜੋ ਆਪਣੇ ਉਜਾੜੂ ਪੁੱਤਰ ਨੂੰ ਦਿਲੋਂ ਮਾਫ਼ ਕਰਨ ਲਈ ਤਿਆਰ ਸੀ। ਜਦੋਂ ਪਿਤਾ ਨੇ ਦੂਰੋਂ ਹੀ ਆਪਣੇ ਪੁੱਤਰ ਨੂੰ ਘਰ ਵਾਪਸ ਆਉਂਦੇ ਦੇਖਿਆ, ਤਾਂ ਉਸ ਦੀ ਖ਼ੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ। ਉਸ ਨੇ ਭੱਜ ਕੇ ਉਸ ਨੂੰ ਗਲ਼ੇ ਲਗਾ ਲਿਆ। (ਲੂਕਾ 15:20) ਇਸ ਮਿਸਾਲ ਤੋਂ ਯਿਸੂ ਨੇ ਸਿਖਾਇਆ ਕਿ ਯਹੋਵਾਹ ਸਾਨੂੰ ਬੇਹੱਦ ਪਿਆਰ ਕਰਦਾ ਹੈ ਅਤੇ ਸਾਨੂੰ ਮਾਫ਼ ਕਰਨ ਲਈ ਤਿਆਰ ਹੈ। ਕੀ ਇਹ ਗੱਲ ਸਾਡੇ ਦਿਲ ਨੂੰ ਨਹੀਂ ਛੂਹ ਜਾਂਦੀ?

17 ਯਿਸੂ ਨੇ ਆਪਣੇ ਪਿਤਾ ਦੀ ਇਸ ਲਈ ਵੀ ਵਡਿਆਈ ਕੀਤੀ ਕਿਉਂਕਿ ਉਹ ਦਰਿਆ-ਦਿਲ ਹੈ। ਯਿਸੂ ਨੇ ਮਾਪਿਆਂ ਦੀ ਮਿਸਾਲ ਦੇ ਕੇ ਸਮਝਾਇਆ ਕਿ ਅਸੀਂ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਮੰਗਣ ਤੇ ਸਾਨੂੰ ਸਾਰਿਆਂ ਨੂੰ ਪਵਿੱਤਰ ਸ਼ਕਤੀ ਜ਼ਰੂਰ ਦੇਵੇਗਾ। (ਲੂਕਾ 11:13) ਯਹੋਵਾਹ ਦੀ ਦਰਿਆ-ਦਿਲੀ ਦਾ ਸਬੂਤ ਇਸ ਤੋਂ ਵੀ ਮਿਲਦਾ ਹੈ ਕਿ ਉਸ ਨੇ ਆਪਣੇ ਸੇਵਕਾਂ ਨੂੰ ਇਕ ਵਧੀਆ ਉਮੀਦ ਦਿੱਤੀ ਹੈ। ਯਿਸੂ ਨੇ ਆਪਣੀ ਉਮੀਦ ਬਾਰੇ ਖ਼ੁਸ਼ੀ-ਖ਼ੁਸ਼ੀ ਦੱਸਿਆ ਕਿ ਉਹ ਇਕ ਦਿਨ ਵਾਪਸ ਆਪਣੇ ਪਿਤਾ ਕੋਲ ਜਾਵੇਗਾ। (ਯੂਹੰਨਾ 14:28; 17:5) ਉਸ ਨੇ ਆਪਣੇ ਚੇਲਿਆਂ ਨੂੰ ਵੀ ਦੱਸਿਆ ਕਿ ਯਹੋਵਾਹ ਨੇ ਉਨ੍ਹਾਂ ਨੂੰ “ਛੋਟੇ ਝੁੰਡ” ਵਜੋਂ ਸਵਰਗ ਵਿਚ ਮਸੀਹ ਨਾਲ ਰਾਜ ਕਰਨ ਦੀ ਸ਼ਾਨਦਾਰ ਉਮੀਦ ਦਿੱਤੀ ਹੈ। (ਲੂਕਾ 12:32; ਯੂਹੰਨਾ 14:2) ਨਾਲੇ ਯਿਸੂ ਨੇ ਆਪਣੇ ਨਾਲ ਸੂਲ਼ੀ ’ਤੇ ਦਮ ਤੋੜ ਰਹੇ ਅਪਰਾਧੀ ਨੂੰ ਧਰਤੀ ’ਤੇ ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ ਦਿੱਤੀ ਸੀ। (ਲੂਕਾ 23:43) ਦੂਜਿਆਂ ਨੂੰ ਆਪਣੇ ਪਿਤਾ ਦੀ ਦਰਿਆ-ਦਿਲੀ ਬਾਰੇ ਦੱਸ ਕੇ ਉਸ ਨੇ ਯਹੋਵਾਹ ਲਈ ਆਪਣਾ ਪਿਆਰ ਬਰਕਰਾਰ ਰੱਖਿਆ। ਅਸੀਂ ਪਰਮੇਸ਼ੁਰ ਲਈ ਆਪਣੇ ਪਿਆਰ ਨੂੰ ਅਤੇ ਉਸ ਵਿਚ ਆਪਣੀ ਨਿਹਚਾ ਨੂੰ ਮਜ਼ਬੂਤ ਕਿਵੇਂ ਰੱਖ ਸਕਦੇ ਹਾਂ? ਯਹੋਵਾਹ ਅਤੇ ਉਸ ਵੱਲੋਂ ਮਿਲੀ ਉਮੀਦ ਬਾਰੇ ਦੂਜਿਆਂ ਨੂੰ ਦੱਸ ਕੇ।

ਕੀ ਤੁਸੀਂ ਯਿਸੂ ਵਾਂਗ ਯਹੋਵਾਹ ਨੂੰ ਪਿਆਰ ਕਰੋਗੇ?

18. ਯਿਸੂ ਦੇ ਨਕਸ਼ੇ-ਕਦਮਾਂ ’ਤੇ ਚੱਲਣ ਦਾ ਸਭ ਤੋਂ ਵਧੀਆ ਤਰੀਕਾ ਕਿਹੜਾ ਹੈ ਅਤੇ ਕਿਉਂ?

18 ਯਿਸੂ ਦੇ ਨਕਸ਼ੇ-ਕਦਮਾਂ ’ਤੇ ਚੱਲਣ ਦਾ ਸਭ ਤੋਂ ਵਧੀਆ ਤਰੀਕਾ ਹੈ ਯਹੋਵਾਹ ਨੂੰ ਆਪਣੇ ਪੂਰੇ ਦਿਲ, ਆਪਣੀ ਪੂਰੀ ਜਾਨ, ਆਪਣੀ ਪੂਰੀ ਬੁੱਧ ਅਤੇ ਆਪਣੀ ਪੂਰੀ ਸ਼ਕਤੀ ਨਾਲ ਪਿਆਰ ਕਰਨਾ। (ਲੂਕਾ 10:27) ਯਹੋਵਾਹ ਲਈ ਦਿਲ ਵਿਚ ਪਿਆਰ ਹੋਣਾ ਕਾਫ਼ੀ ਨਹੀਂ ਹੈ, ਸਗੋਂ ਸਾਨੂੰ ਆਪਣੇ ਕੰਮਾਂ ਰਾਹੀਂ ਆਪਣੇ ਪਿਆਰ ਦਾ ਇਜ਼ਹਾਰ ਕਰਨਾ ਚਾਹੀਦਾ ਹੈ। ਯਿਸੂ ਨੇ ਆਪਣੇ ਪਿਤਾ ਲਈ ਪਿਆਰ ਸਿਰਫ਼ ਆਪਣੇ ਦਿਲ ਵਿਚ ਮਹਿਸੂਸ ਹੀ ਨਹੀਂ ਕੀਤਾ ਜਾਂ ਸਿਰਫ਼ ਇਹ ਨਹੀਂ ਕਿਹਾ ਕਿ “ਮੈਂ ਪਿਤਾ ਨਾਲ ਪਿਆਰ ਕਰਦਾ ਹਾਂ।” ਇਸ ਦੀ ਬਜਾਇ, ਉਸ ਨੇ ਆਪਣੇ ਕੰਮਾਂ ਰਾਹੀਂ ਯਹੋਵਾਹ ਲਈ ਆਪਣੇ ਪਿਆਰ ਦਾ ਸਬੂਤ ਦਿੱਤਾ। ਉਸ ਨੇ ਕਿਹਾ: “ਮੈਂ ਉਹੀ ਕਰਦਾ ਹਾਂ ਜੋ ਪਿਤਾ ਨੇ ਮੈਨੂੰ ਕਰਨ ਦਾ ਹੁਕਮ ਦਿੱਤਾ ਹੈ।” (ਯੂਹੰਨਾ 14:31) ਸ਼ੈਤਾਨ ਨੇ ਦਾਅਵਾ ਕੀਤਾ ਸੀ ਕਿ ਇਨਸਾਨ ਯਹੋਵਾਹ ਦੀ ਭਗਤੀ ਦਿਲੋਂ ਨਹੀਂ, ਸਗੋਂ ਲਾਲਚ ਕਰਕੇ ਕਰਦੇ ਹਨ। (ਅੱਯੂਬ 2:4, 5) ਯਿਸੂ ਨੇ ਸ਼ੈਤਾਨ ਦੇ ਇਸ ਦਾਅਵੇ ਨੂੰ ਗ਼ਲਤ ਸਾਬਤ ਕਰਦਿਆਂ ਪਰਮੇਸ਼ੁਰ ਦਾ ਕਹਿਣਾ ਮੰਨ ਕੇ ਆਪਣੀ ਜਾਨ ਤਕ ਕੁਰਬਾਨ ਕਰ ਦਿੱਤੀ। ਇਸ ਤਰ੍ਹਾਂ ਉਸ ਨੇ ਬੜੀ ਦਲੇਰੀ ਨਾਲ ਦੁਨੀਆਂ ਨੂੰ ਦਿਖਾਇਆ ਕਿ ਉਹ ਆਪਣੇ ਪਿਤਾ ਨੂੰ ਕਿੰਨਾ ਪਿਆਰ ਕਰਦਾ ਸੀ। ਕੀ ਤੁਸੀਂ ਯਿਸੂ ਦੇ ਪਿੱਛੇ-ਪਿੱਛੇ ਚੱਲੋਗੇ? ਕੀ ਤੁਸੀਂ ਦੁਨੀਆਂ ਨੂੰ ਦਿਖਾਓਗੇ ਕਿ ਤੁਸੀਂ ਸੱਚ-ਮੁੱਚ ਯਹੋਵਾਹ ਨੂੰ ਪਿਆਰ ਕਰਦੇ ਹੋ?

19, 20. (ੳ) ਲਗਾਤਾਰ ਮੀਟਿੰਗਾਂ ਵਿਚ ਜਾਣਾ ਇੰਨਾ ਜ਼ਰੂਰੀ ਕਿਉਂ ਹੈ? (ਅ) ਬਾਈਬਲ ਦੀ ਸਟੱਡੀ, ਇਸ ’ਤੇ ਸੋਚ-ਵਿਚਾਰ ਕਰਨ ਅਤੇ ਪ੍ਰਾਰਥਨਾ ਕਰਨ ਬਾਰੇ ਤੁਹਾਨੂੰ ਕਿਵੇਂ ਮਹਿਸੂਸ ਕਰਨਾ ਚਾਹੀਦਾ ਹੈ?

19 ਪਰਮੇਸ਼ੁਰ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰਨ ਲਈ ਸਾਨੂੰ ਉਸ ਨੂੰ ਦਿਲੋਂ ਪਿਆਰ ਕਰਨ ਦੀ ਲੋੜ ਹੈ। ਇਸ ਵਾਸਤੇ ਯਹੋਵਾਹ ਨੇ ਕਿਹੜਾ ਇੰਤਜ਼ਾਮ ਕੀਤਾ ਹੈ? ਉਸ ਨੇ ਮੀਟਿੰਗਾਂ ਦਾ ਪ੍ਰਬੰਧ ਕੀਤਾ ਹੈ ਜਿੱਥੇ ਜਾ ਕੇ ਅਸੀਂ ਉਸ ਦੀ ਭਗਤੀ ਕਰਦੇ ਹਾਂ ਅਤੇ ਉਸ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰਦੇ ਹਾਂ। ਉੱਥੇ ਅਸੀਂ ਯਹੋਵਾਹ ਨੂੰ ਦਿਲੋਂ ਪ੍ਰਾਰਥਨਾ ਕਰਦੇ ਹਾਂ, ਉਸ ਦੀ ਵਡਿਆਈ ਦੇ ਗੀਤ ਗਾਉਂਦੇ ਹਾਂ, ਧਿਆਨ ਨਾਲ ਸੁਣਦੇ ਹਾਂ ਅਤੇ ਮੌਕਾ ਮਿਲਣ ਤੇ ਹਿੱਸਾ ਵੀ ਲੈਂਦੇ ਹਾਂ। ਨਾਲੇ ਸਾਨੂੰ ਆਪਣੇ ਭੈਣਾਂ-ਭਰਾਵਾਂ ਨੂੰ ਹੌਸਲਾ ਦੇਣ ਦਾ ਵੀ ਮੌਕਾ ਮਿਲਦਾ ਹੈ। (ਇਬਰਾਨੀਆਂ 10:24, 25) ਇੱਦਾਂ ਯਹੋਵਾਹ ਦੀ ਭਗਤੀ ਕਰ ਕੇ ਉਸ ਨਾਲ ਸਾਡਾ ਬੰਧਨ ਮਜ਼ਬੂਤ ਹੁੰਦਾ ਜਾਵੇਗਾ।

20 ਇਸ ਤੋਂ ਇਲਾਵਾ ਬਾਈਬਲ ਦੀ ਸਟੱਡੀ ਕਰਨ, ਇਸ ਉੱਤੇ ਸੋਚ-ਵਿਚਾਰ ਕਰਨ ਅਤੇ ਪ੍ਰਾਰਥਨਾ ਕਰਨ ਰਾਹੀਂ ਤੁਹਾਡਾ ਰਿਸ਼ਤਾ ਪਰਮੇਸ਼ੁਰ ਨਾਲ ਹੋਰ ਵੀ ਗੂੜ੍ਹਾ ਹੁੰਦਾ ਜਾਵੇਗਾ। ਜਦ ਤੁਸੀਂ ਬਾਈਬਲ ਪੜ੍ਹ ਕੇ ਇਸ ’ਤੇ ਸੋਚ-ਵਿਚਾਰ ਕਰਦੇ ਹੋ, ਤਾਂ ਮਾਨੋ ਯਹੋਵਾਹ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰ ਰਿਹਾ ਹੁੰਦਾ ਹੈ। ਪ੍ਰਾਰਥਨਾ ਕਰਦੇ ਵੇਲੇ ਤੁਸੀਂ ਆਪਣੇ ਦਿਲ ਦੀ ਹਰ ਗੱਲ ਉਸ ਨੂੰ ਦੱਸ ਸਕਦੇ ਹੋ। ਜ਼ਰਾ ਸੋਚੋ: ਇਹ ਤੁਹਾਡੇ ਲਈ ਯਹੋਵਾਹ ਨਾਲ ਇਕੱਲਿਆਂ ਸਮਾਂ ਬਿਤਾਉਣ ਦੇ ਮੌਕੇ ਹਨ! ਪ੍ਰਾਰਥਨਾ ਵਿਚ ਹਮੇਸ਼ਾ ਪਰਮੇਸ਼ੁਰ ਤੋਂ ਕੁਝ ਮੰਗਦੇ ਨਾ ਰਹੋ, ਸਗੋਂ ਬਰਕਤਾਂ ਲਈ ਯਹੋਵਾਹ ਦਾ ਧੰਨਵਾਦ ਅਤੇ ਉਸ ਦੇ ਸ਼ਾਨਦਾਰ ਕੰਮਾਂ ਦੀ ਤਾਰੀਫ਼ ਵੀ ਕਰੋ। (ਜ਼ਬੂਰਾਂ ਦੀ ਪੋਥੀ 146:1) ਨਾਲੇ ਸਾਰਿਆਂ ਸਾਮ੍ਹਣੇ ਖ਼ੁਸ਼ੀ ਤੇ ਜੋਸ਼ ਨਾਲ ਯਹੋਵਾਹ ਦੀ ਮਹਿਮਾ ਕਰ ਕੇ ਤੁਸੀਂ ਯਹੋਵਾਹ ਦਾ ਦਿਲੋਂ ਸ਼ੁਕਰੀਆ ਅਦਾ ਕਰ ਸਕਦੇ ਹੋ ਅਤੇ ਉਸ ਲਈ ਆਪਣੇ ਪਿਆਰ ਦਾ ਸਬੂਤ ਦੇ ਸਕਦੇ ਹੋ।

21. ਯਹੋਵਾਹ ਨੂੰ ਪਿਆਰ ਕਰਨਾ ਇੰਨਾ ਜ਼ਰੂਰੀ ਕਿਉਂ ਹੈ ਅਤੇ ਅਗਲੇ ਅਧਿਆਇ ਵਿਚ ਅਸੀਂ ਕਿਸ ਗੱਲ ’ਤੇ ਗੌਰ ਕਰਾਂਗੇ?

21 ਅਸੀਂ ਤਦ ਹੀ ਹਮੇਸ਼ਾ ਲਈ ਖ਼ੁਸ਼ ਰਹਿ ਸਕਾਂਗੇ ਜੇ ਅਸੀਂ ਪਰਮੇਸ਼ੁਰ ਨੂੰ ਪਿਆਰ ਕਰਾਂਗੇ। ਜੇ ਆਦਮ ਤੇ ਹੱਵਾਹ ਦੇ ਦਿਲ ਵਿਚ ਪਰਮੇਸ਼ੁਰ ਲਈ ਸੱਚਾ ਪਿਆਰ ਹੁੰਦਾ, ਤਾਂ ਉਹ ਉਸ ਦਾ ਕਹਿਣਾ ਜ਼ਰੂਰ ਮੰਨਦੇ, ਪਰ ਉਨ੍ਹਾਂ ਨੇ ਇਸ ਤਰ੍ਹਾਂ ਨਹੀਂ ਕੀਤਾ। ਜਦੋਂ ਸਾਡੀ ਨਿਹਚਾ ਪਰਖੀ ਜਾਂਦੀ ਹੈ ਜਾਂ ਅਸੀਂ ਕਿਸੇ ਅਜ਼ਮਾਇਸ਼ ਜਾਂ ਮੁਸੀਬਤ ਦਾ ਸਾਮ੍ਹਣਾ ਕਰਦੇ ਹਾਂ, ਤਾਂ ਯਹੋਵਾਹ ਲਈ ਪਿਆਰ ਹੋਣਾ ਬਹੁਤ ਜ਼ਰੂਰੀ ਹੈ। ਯਿਸੂ ਦੇ ਚੇਲੇ ਹੋਣ ਦਾ ਇਹੀ ਮਤਲਬ ਹੈ ਕਿ ਅਸੀਂ ਪਰਮੇਸ਼ੁਰ ਨੂੰ ਪਿਆਰ ਕਰੀਏ। ਇਸ ਦੇ ਨਾਲ-ਨਾਲ ਸਾਨੂੰ ਇਨਸਾਨਾਂ ਨੂੰ ਵੀ ਪਿਆਰ ਕਰਨ ਦੀ ਲੋੜ ਹੈ। (1 ਯੂਹੰਨਾ 4:20) ਇਸ ਭਾਗ ਵਿਚ ਅਸੀਂ ਦੇਖਾਂਗੇ ਕਿ ਯਿਸੂ ਨੇ ਲੋਕਾਂ ਲਈ ਪਿਆਰ ਕਿਵੇਂ ਜ਼ਾਹਰ ਕੀਤਾ। ਅਗਲੇ ਅਧਿਆਇ ਵਿਚ ਅਸੀਂ ਇਸ ਗੱਲ ’ਤੇ ਗੌਰ ਕਰਾਂਗੇ ਕਿ ਲੋਕ ਯਿਸੂ ਕੋਲ ਆਉਣਾ ਕਿਉਂ ਪਸੰਦ ਕਰਦੇ ਸਨ।