Skip to content

Skip to table of contents

ਮੁਖਬੰਧ

ਮੁਖਬੰਧ

ਪਿਆਰੇ ਪਾਠਕੋ:

ਯਿਸੂ ਮਸੀਹ ਅੱਜ ਤੁਹਾਨੂੰ ਇਹ ਸੱਦਾ ਦੇ ਰਿਹਾ ਹੈ: ‘ਆ ਮੇਰਾ ਚੇਲਾ ਬਣ ਜਾ।’ (ਮਰਕੁਸ 10:21) ਕੀ ਤੁਸੀਂ ਉਸ ਦੇ ਪਿੱਛੇ-ਪਿੱਛੇ ਚੱਲ ਰਹੇ ਹੋ? ਇੱਦਾਂ ਕਰਨ ਨਾਲ ਤੁਹਾਡੀ ਜ਼ਿੰਦਗੀ ’ਤੇ ਵੱਡਾ ਅਸਰ ਪਵੇਗਾ। ਕਿਉਂ?

ਯਹੋਵਾਹ ਨੇ ਆਪਣੇ ਇਕਲੌਤੇ ਪੁੱਤਰ ਨੂੰ ਧਰਤੀ ’ਤੇ ਆਪਣੀ ਜਾਨ ਕੁਰਬਾਨ ਕਰਨ ਲਈ ਘੱਲਿਆ। (ਯੂਹੰਨਾ 3:16) ਸਾਡੇ ਲਈ ਆਪਣੀ ਜਾਨ ਦੇਣ ਦੇ ਨਾਲ-ਨਾਲ ਉਸ ਨੇ ਸਾਨੂੰ ਜੀਉਣਾ ਵੀ ਸਿਖਾਇਆ। ਹਰ ਗੱਲ ਵਿਚ ਵਫ਼ਾਦਾਰ ਰਹਿ ਕੇ ਉਸ ਨੇ ਆਪਣੇ ਪਿਤਾ ਨੂੰ ਖ਼ੁਸ਼ ਕੀਤਾ। ਯਿਸੂ ਨੇ ਸਾਨੂੰ ਇਹ ਵੀ ਦਿਖਾਇਆ ਕਿ ਅਸੀਂ ਉਸ ਦੇ ਪਿਤਾ ਦੀ ਰੀਸ ਕਿਵੇਂ ਕਰ ਸਕਦੇ ਹਾਂ। ਉਹ ਆਪਣੀ ਕਹਿਣੀ ਤੇ ਕਰਨੀ ਵਿਚ ਹੂ-ਬਹੂ ਆਪਣੇ ਪਿਤਾ ਵਰਗਾ ਸੀ।—ਯੂਹੰਨਾ 14:9.

ਬਾਈਬਲ ਕਹਿੰਦੀ ਹੈ ਕਿ ਯਿਸੂ ਨੇ ਸਾਡੇ ਲਈ ਵਧੀਆ “ਮਿਸਾਲ” ਕਾਇਮ ਕੀਤੀ ਤਾਂਕਿ ਅਸੀਂ ‘ਉਸ ਦੇ ਨਕਸ਼ੇ-ਕਦਮਾਂ ਉੱਤੇ ਧਿਆਨ ਨਾਲ ਚੱਲ ਸਕੀਏ।’ (1 ਪਤਰਸ 2:21) ਜੇ ਅਸੀਂ ਯਹੋਵਾਹ ਨਾਲ ਗੂੜ੍ਹਾ ਰਿਸ਼ਤਾ ਜੋੜਨਾ ਚਾਹੁੰਦੇ ਹਾਂ, ਜ਼ਿੰਦਗੀ ਵਿਚ ਸੁਖ ਪਾਉਣਾ ਚਾਹੁੰਦੇ ਹਾਂ ਅਤੇ ਹਮੇਸ਼ਾ ਦੀ ਜ਼ਿੰਦਗੀ ਦੇ ਰਾਹ ’ਤੇ ਚੱਲਦੇ ਰਹਿਣਾ ਚਾਹੁੰਦੇ ਹਾਂ, ਤਾਂ ਸਾਨੂੰ ਮਸੀਹ ਦੇ ਨਕਸ਼ੇ-ਕਦਮਾਂ ਉੱਤੇ ਧਿਆਨ ਨਾਲ ਚੱਲਣ ਦੀ ਲੋੜ ਹੈ।

ਯਿਸੂ ਦੇ ਪਿੱਛੇ-ਪਿੱਛੇ ਚੱਲਣ ਲਈ ਸਾਨੂੰ ਇਹ ਜਾਣਨ ਦੀ ਲੋੜ ਹੈ ਕਿ ਧਰਤੀ ’ਤੇ ਉਸ ਦੀ ਜ਼ਿੰਦਗੀ ਕਿਹੋ ਜਿਹੀ ਸੀ। ਇਸ ਲਈ ਸਾਨੂੰ ਬਾਈਬਲ ਵਿਚ ਦਰਜ ਉਸ ਦੀਆਂ ਗੱਲਾਂ ਅਤੇ ਉਸ ਦੇ ਕੰਮਾਂ ’ਤੇ ਧਿਆਨ ਨਾਲ ਸੋਚ-ਵਿਚਾਰ ਕਰਨਾ ਚਾਹੀਦਾ ਹੈ ਤਾਂਕਿ ਅਸੀਂ ਜਾਣ ਸਕੀਏ ਕਿ ਅਸੀਂ ਉਸ ਦੀ ਰੀਸ ਕਿੱਦਾਂ ਕਰ ਸਕਦੇ ਹਾਂ।

ਉਮੀਦ ਹੈ ਕਿ ਇਸ ਕਿਤਾਬ ਦੀ ਮਦਦ ਨਾਲ ਯਿਸੂ ਅਤੇ ਯਹੋਵਾਹ ਲਈ ਤੁਹਾਡਾ ਪਿਆਰ ਹੋਰ ਗਹਿਰਾ ਹੋਵੇਗਾ। ਫਿਰ ਤੁਸੀਂ ਯਿਸੂ ਦੇ ਨਕਸ਼ੇ-ਕਦਮਾਂ ਉੱਤੇ ਚੱਲ ਕੇ ਹਮੇਸ਼ਾ ਲਈ ਯਹੋਵਾਹ ਦੇ ਦਿਲ ਨੂੰ ਖ਼ੁਸ਼ ਕਰ ਸਕੋਗੇ।

ਪ੍ਰਕਾਸ਼ਕ