Skip to content

Skip to table of contents

ਅਧਿਆਇ 1

“ਮੇਰਾ ਚੇਲਾ ਬਣ ਜਾ”—ਯਿਸੂ ਦੇ ਕਹਿਣ ਦਾ ਕੀ ਮਤਲਬ ਸੀ?

“ਮੇਰਾ ਚੇਲਾ ਬਣ ਜਾ”—ਯਿਸੂ ਦੇ ਕਹਿਣ ਦਾ ਕੀ ਮਤਲਬ ਸੀ?

“ਮੈਂ ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਕੀ ਕਰਾਂ?”

1, 2. ਸਾਨੂੰ ਸਾਰਿਆਂ ਨੂੰ ਕਿਹੜਾ ਸੱਦਾ ਮਿਲਿਆ ਹੈ ਅਤੇ ਸਾਨੂੰ ਖ਼ੁਦ ਨੂੰ ਕਿਹੜਾ ਸਵਾਲ ਪੁੱਛਣਾ ਚਾਹੀਦਾ ਹੈ?

ਉਹ ਦਿਨ ਯਾਦ ਕਰੋ ਜਦੋਂ ਤੁਹਾਨੂੰ ਆਪਣੇ ਕਿਸੇ ਦੋਸਤ ਦੇ ਵਿਆਹ ’ਤੇ ਬੁਲਾਇਆ ਗਿਆ, ਤਾਂ ਤੁਸੀਂ ਕਿੰਨੇ ਖ਼ੁਸ਼ ਹੋਏ ਸੀ। ਜਾਂ ਸ਼ਾਇਦ ਤੁਹਾਨੂੰ ਕੋਈ ਖ਼ਾਸ ਜ਼ਿੰਮੇਵਾਰੀ ਸੰਭਾਲਣ ਲਈ ਕਿਹਾ ਗਿਆ, ਤਾਂ ਤੁਸੀਂ ਇਸ ਨੂੰ ਕਿੰਨੇ ਸਨਮਾਨ ਦੀ ਗੱਲ ਸਮਝਿਆ ਸੀ। ਪਰ ਇਸ ਤੋਂ ਵੀ ਕਿਤੇ ਵੱਧ ਕੇ ਤੁਹਾਨੂੰ ਇਕ ਖ਼ਾਸ ਸੱਦਾ ਮਿਲਿਆ ਹੈ। ਇਹ ਸੱਦਾ ਤੁਹਾਨੂੰ ਹੀ ਨਹੀਂ, ਸਗੋਂ ਸਾਨੂੰ ਸਾਰਿਆਂ ਨੂੰ ਮਿਲਿਆ ਹੈ। ਜੇ ਅਸੀਂ ਇਸ ਸੱਦੇ ਨੂੰ ਕਬੂਲ ਕਰਦੇ ਹਾਂ, ਤਾਂ ਇਹ ਸਾਡੀ ਜ਼ਿੰਦਗੀ ਦਾ ਸਭ ਤੋਂ ਵੱਡਾ ਤੇ ਅਹਿਮ ਫ਼ੈਸਲਾ ਹੋਵੇਗਾ।

2 ਇਹ ਸੱਦਾ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ ਦੇ ਇਕਲੌਤੇ ਪੁੱਤਰ ਯਿਸੂ ਮਸੀਹ ਤੋਂ ਹੈ। ਮਰਕੁਸ 10:21 ਵਿਚ ਯਿਸੂ ਸਾਨੂੰ ਸਾਰਿਆਂ ਨੂੰ ਕਹਿ ਰਿਹਾ ਹੈ: ‘ਆ ਮੇਰਾ ਚੇਲਾ ਬਣ ਜਾ।’ ਇਸ ਲਈ ਚੰਗਾ ਹੋਵੇਗਾ ਜੇ ਅਸੀਂ ਖ਼ੁਦ ਨੂੰ ਇਹ ਸਵਾਲ ਪੁੱਛੀਏ, ‘ਕੀ ਮੈਂ ਇਹ ਸੱਦਾ ਕਬੂਲ ਕਰਾਂਗਾ?’ ਸ਼ਾਇਦ ਤੁਸੀਂ ਸੋਚੋ ਕਿ ਅਜਿਹੇ ਸੱਦੇ ਨੂੰ ਕੌਣ ਠੁਕਰਾ ਸਕਦਾ ਹੈ? ਹੈਰਾਨੀ ਦੀ ਗੱਲ ਹੈ ਕਿ ਜ਼ਿਆਦਾਤਰ ਲੋਕ ਇਸ ਨੂੰ ਕਬੂਲ ਨਹੀਂ ਕਰਦੇ। ਪਰ ਕਿਉਂ?

3, 4. (ੳ) ਉਸ ਆਦਮੀ ਕੋਲ ਕਿਹੜੀਆਂ ਤਿੰਨ ਚੀਜ਼ਾਂ ਸਨ ਜਿਨ੍ਹਾਂ ਨੂੰ ਲੋਕ ਜ਼ਰੂਰੀ ਸਮਝਦੇ ਹਨ? (ਅ) ਇਸ ਅਮੀਰ ਨੌਜਵਾਨ ਵਿਚ ਯਿਸੂ ਨੇ ਕਿਹੜੀ ਖੂਬੀ ਦੇਖੀ?

3 ਅੱਜ ਤੋਂ ਲਗਭਗ 2,000 ਸਾਲ ਪਹਿਲਾਂ ਯਿਸੂ ਨੇ ਇਹ ਸੱਦਾ ਇਕ ਮੰਨੇ-ਪ੍ਰਮੰਨੇ ਆਦਮੀ ਨੂੰ ਦਿੱਤਾ ਸੀ। ਬਾਈਬਲ ਦੱਸਦੀ ਹੈ ਕਿ ਇਹ “ਨੌਜਵਾਨ” ਇਕ ‘ਬਹੁਤ ਅਮੀਰ ਆਗੂ’ ਸੀ। (ਮੱਤੀ 19:20; ਲੂਕਾ 18:18, 23) ਉਸ ਕੋਲ ਉਹ ਤਿੰਨ ਚੀਜ਼ਾਂ ਸਨ ਜੋ ਲੋਕ ਜ਼ਰੂਰੀ ਸਮਝਦੇ ਹਨ—ਜਵਾਨੀ, ਧਨ-ਦੌਲਤ ਤੇ ਤਾਕਤ। ਪਰ ਉਸ ਵਿਚ ਖ਼ਾਸ ਗੱਲ ਇਹ ਸੀ ਕਿ ਉਸ ਨੇ ਮਹਾਨ ਗੁਰੂ ਯਿਸੂ ਬਾਰੇ ਜੋ ਕੁਝ ਸੁਣਿਆ ਸੀ, ਉਸ ਨੂੰ ਚੰਗਾ ਲੱਗਾ ਸੀ।

4 ਉਸ ਜ਼ਮਾਨੇ ਦੇ ਜ਼ਿਆਦਾਤਰ ਆਗੂ ਯਿਸੂ ਦਾ ਆਦਰ ਨਹੀਂ ਕਰਦੇ ਸਨ। (ਯੂਹੰਨਾ 7:48; 12:42) ਪਰ ਇਹ ਆਗੂ ਉਨ੍ਹਾਂ ਤੋਂ ਵੱਖਰਾ ਸੀ। ਬਾਈਬਲ ਦੱਸਦੀ ਹੈ: “ਜਦੋਂ [ਯਿਸੂ] ਜਾ ਰਿਹਾ ਸੀ, ਤਾਂ ਰਾਹ ਵਿਚ ਇਕ ਆਦਮੀ ਉਸ ਕੋਲ ਭੱਜਾ ਆਇਆ ਅਤੇ ਉਸ ਦੇ ਸਾਮ੍ਹਣੇ ਗੋਡੇ ਟੇਕ ਕੇ ਪੁੱਛਿਆ: ‘ਚੰਗੇ ਗੁਰੂ ਜੀ, ਮੈਂ ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਕੀ ਕਰਾਂ?’” (ਮਰਕੁਸ 10:17) ਧਿਆਨ ਦਿਓ ਕਿ ਇਹ ਆਦਮੀ ਯਿਸੂ ਨਾਲ ਗੱਲ ਕਰਨ ਲਈ ਕਿੰਨਾ ਉਤਾਵਲਾ ਸੀ! ਉਹ ਸਾਰਿਆਂ ਦੇ ਸਾਮ੍ਹਣੇ ਯਿਸੂ ਕੋਲ ਭੱਜਾ ਆਇਆ, ਜਿਵੇਂ ਗ਼ਰੀਬ ਤੇ ਆਮ ਲੋਕ ਆਉਂਦੇ ਸਨ। ਫਿਰ ਉਸ ਨੇ ਮਸੀਹ ਦੇ ਅੱਗੇ ਆਦਰ ਨਾਲ ਗੋਡੇ ਟੇਕੇ। ਇਸ ਤੋਂ ਜ਼ਾਹਰ ਹੁੰਦਾ ਹੈ ਕਿ ਉਹ ਕੁਝ ਹੱਦ ਤਕ ਨਿਮਰ ਸੀ ਅਤੇ ਪਰਮੇਸ਼ੁਰ ਦੀ ਅਗਵਾਈ ਵਿਚ ਚੱਲਣਾ ਚਾਹੁੰਦਾ ਸੀ। ਇਹ ਦੇਖ ਕੇ ਯਿਸੂ ਬਹੁਤ ਖ਼ੁਸ਼ ਹੋਇਆ। (ਮੱਤੀ 5:3; 18:4) ਇਸੇ ਕਰਕੇ “ਯਿਸੂ ਦਾ ਦਿਲ ਉਸ ਵਾਸਤੇ ਪਿਆਰ ਨਾਲ ਭਰ ਗਿਆ।” (ਮਰਕੁਸ 10:21) ਪਰ ਯਿਸੂ ਨੇ ਉਸ ਆਦਮੀ ਦੇ ਸਵਾਲ ਦਾ ਕੀ ਜਵਾਬ ਦਿੱਤਾ?

ਇਕ ਸ਼ਾਨਦਾਰ ਸੱਦਾ

5. ਯਿਸੂ ਨੇ ਉਸ ਨੌਜਵਾਨ ਨੂੰ ਕੀ ਜਵਾਬ ਦਿੱਤਾ? ਕੀ ਯਿਸੂ ਇਹ ਕਹਿ ਰਿਹਾ ਸੀ ਕਿ ਪਰਮੇਸ਼ੁਰ ਦੀ ਸੇਵਾ ਕਰਨ ਲਈ ਇਕ ਇਨਸਾਨ ਨੂੰ ਆਪਣਾ ਸਾਰਾ ਕੁਝ ਵੇਚ ਦੇਣਾ ਚਾਹੀਦਾ ਹੈ? (ਫੁਟਨੋਟ ਦੇਖੋ।)

5 ਯਿਸੂ ਨੇ ਉਸ ਆਦਮੀ ਦਾ ਧਿਆਨ ਪਰਮੇਸ਼ੁਰ ਦੇ ਬਚਨ ਵੱਲ ਖਿੱਚਿਆ। ਉਸ ਨੇ ਸਮਝਾਇਆ ਕਿ ਮੂਸਾ ਦੇ ਕਾਨੂੰਨ ਵਿਚ ਦੱਸਿਆ ਗਿਆ ਹੈ ਕਿ ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਕੀ ਕਰਨ ਦੀ ਲੋੜ ਹੈ। ਤਦ ਨੌਜਵਾਨ ਨੇ ਕਿਹਾ ਕਿ ਉਹ ਇਸ ਮੁਤਾਬਕ ਵਫ਼ਾਦਾਰੀ ਨਾਲ ਚੱਲ ਰਿਹਾ ਸੀ। ਪਰ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਮਦਦ ਨਾਲ ਯਿਸੂ ਦੇਖ ਸਕਿਆ ਕਿ ਉਸ ਦੇ ਦਿਲ ਵਿਚ ਕੀ ਸੀ। (ਯੂਹੰਨਾ 2:25) ਉਸ ਨੇ ਇਸ ਨੌਜਵਾਨ ਵਿਚ ਇਕ ਗੱਲ ਦੇਖੀ ਜਿਸ ਕਰਕੇ ਉਸ ਦਾ ਪਰਮੇਸ਼ੁਰ ਨਾਲ ਰਿਸ਼ਤਾ ਕਮਜ਼ੋਰ ਪੈ ਰਿਹਾ ਸੀ। ਯਿਸੂ ਨੇ ਕਿਹਾ: “ਤੇਰੇ ਵਿਚ ਇਕ ਗੱਲ ਦੀ ਘਾਟ ਹੈ।” ਉਹ ਕਿਹੜੀ ਗੱਲ ਸੀ? ਯਿਸੂ ਨੇ ਸਮਝਾਇਆ: “ਤੂੰ ਜਾ ਕੇ ਆਪਣਾ ਸਾਰਾ ਕੁਝ ਵੇਚ ਦੇ ਅਤੇ ਪੈਸੇ ਗ਼ਰੀਬਾਂ ਵਿਚ ਵੰਡ ਦੇ।” (ਮਰਕੁਸ 10:21) ਕੀ ਯਿਸੂ ਇਹ ਕਹਿ ਰਿਹਾ ਸੀ ਕਿ ਪਰਮੇਸ਼ੁਰ ਦੀ ਸੇਵਾ ਕਰਨ ਲਈ ਇਕ ਇਨਸਾਨ ਨੂੰ ਆਪਣਾ ਸਾਰਾ ਕੁਝ ਵੇਚ ਦੇਣਾ ਚਾਹੀਦਾ ਹੈ? ਨਹੀਂ। * ਯਿਸੂ ਇਕ ਬਹੁਤ ਜ਼ਰੂਰੀ ਗੱਲ ਵੱਲ ਧਿਆਨ ਦਿਵਾ ਰਿਹਾ ਸੀ। ਆਓ ਦੇਖੀਏ ਇਹ ਕਿਹੜੀ ਗੱਲ ਸੀ।

6. ਯਿਸੂ ਨੇ ਅਮੀਰ ਆਗੂ ਨੂੰ ਕਿਹੜਾ ਸੱਦਾ ਦਿੱਤਾ ਅਤੇ ਉਸ ਵਿਚ ਕਿਸ ਗੱਲ ਦੀ ਘਾਟ ਸੀ?

6 ਯਿਸੂ ਨੇ ਉਸ ਆਦਮੀ ਨੂੰ ਇਹ ਸ਼ਾਨਦਾਰ ਸੱਦਾ ਦਿੱਤਾ: “ਆ ਕੇ ਮੇਰਾ ਚੇਲਾ ਬਣ ਜਾ।” ਜ਼ਰਾ ਸੋਚੋ, ਅੱਤ ਮਹਾਨ ਪਰਮੇਸ਼ੁਰ ਦੇ ਪੁੱਤਰ ਨੇ ਖ਼ੁਦ ਉਸ ਆਦਮੀ ਨੂੰ ਉਸ ਦਾ ਚੇਲਾ ਬਣਨ ਲਈ ਕਿਹਾ! ਇਸ ਤੋਂ ਇਲਾਵਾ ਯਿਸੂ ਨੇ ਵਾਅਦਾ ਕੀਤਾ ਕਿ ਉਸ ਨੂੰ ਬਹੁਤ ਵੱਡਾ ਇਨਾਮ ਮਿਲੇਗਾ। ਯਿਸੂ ਨੇ ਕਿਹਾ: “ਤੈਨੂੰ ਸਵਰਗ ਵਿਚ ਖ਼ਜ਼ਾਨਾ ਮਿਲੇਗਾ।” ਕੀ ਇਸ ਅਮੀਰ ਆਗੂ ਨੇ ਇਸ ਸੱਦੇ ਨੂੰ ਕਬੂਲ ਕੀਤਾ? ਬਾਈਬਲ ਕਹਿੰਦੀ ਹੈ: “ਉਹ ਆਦਮੀ ਉਸ ਦੀ ਗੱਲ ਸੁਣ ਕੇ ਬਹੁਤ ਉਦਾਸ ਹੋਇਆ ਅਤੇ ਦੁਖੀ ਹੋ ਕੇ ਚਲਾ ਗਿਆ ਕਿਉਂਕਿ ਉਸ ਕੋਲ ਬਹੁਤ ਧਨ-ਦੌਲਤ ਸੀ।” (ਮਰਕੁਸ 10:21, 22) ਹਾਂ, ਅਫ਼ਸੋਸ ਦੀ ਗੱਲ ਹੈ ਕਿ ਉਹ ਯਿਸੂ ਤੇ ਯਹੋਵਾਹ ਨੂੰ ਪੂਰੇ ਦਿਲ ਨਾਲ ਪਿਆਰ ਨਹੀਂ ਸੀ ਕਰਦਾ, ਸਗੋਂ ਉਸ ਨੂੰ ਆਪਣੀ ਧਨ-ਦੌਲਤ ਨਾਲ ਜ਼ਿਆਦਾ ਪਿਆਰ ਸੀ ਅਤੇ ਆਪਣੀ ਤਾਕਤ ਤੇ ਰੁਤਬੇ ਉੱਤੇ ਬੜਾ ਮਾਣ ਸੀ। ਉਸ ਵਿਚ ਇਸੇ “ਗੱਲ ਦੀ ਘਾਟ” ਸੀ। ਇਸ ਕਰਕੇ ਉਸ ਨੇ ਯਿਸੂ ਦੇ ਸੱਦੇ ਨੂੰ ਠੁਕਰਾ ਦਿੱਤਾ! ਪਰ ਕੀ ਇਹ ਸੱਦਾ ਤੁਹਾਨੂੰ ਵੀ ਦਿੱਤਾ ਗਿਆ ਹੈ?

7. ਅਸੀਂ ਯਕੀਨ ਨਾਲ ਕਿਵੇਂ ਕਹਿ ਸਕਦੇ ਹਾਂ ਕਿ ਯਿਸੂ ਨੇ ਸਾਨੂੰ ਵੀ ਉਸ ਦੇ ਚੇਲੇ ਬਣਨ ਦਾ ਸੱਦਾ ਦਿੱਤਾ ਹੈ?

7 ਯਿਸੂ ਨੇ ਇਹ ਸੱਦਾ ਸਿਰਫ਼ ਉਸ ਆਦਮੀ ਨੂੰ ਹੀ ਨਹੀਂ ਦਿੱਤਾ ਸੀ। ਉਸ ਨੇ ਕਿਹਾ: ‘ਜੇ ਕੋਈ ਚਾਹੁੰਦਾ ਹੈ, ਤਾਂ ਉਹ ਮੇਰੇ ਪਿੱਛੇ-ਪਿੱਛੇ ਹਮੇਸ਼ਾ ਚੱਲਦਾ ਰਹੇ।’ (ਲੂਕਾ 9:23) ਹਾਂ, ਕੋਈ ਵੀ ਯਿਸੂ ਦਾ ਚੇਲਾ ਬਣ ਸਕਦਾ ਹੈ ਜੇ ਉਹ ਦਿਲੋਂ ਬਣਨਾ ਚਾਹੁੰਦਾ ਹੈ। ਪਰਮੇਸ਼ੁਰ ਨੇਕਦਿਲ ਲੋਕਾਂ ਨੂੰ ਆਪਣੇ ਪੁੱਤਰ ਵੱਲ ਖਿੱਚਦਾ ਹੈ। (ਯੂਹੰਨਾ 6:44) ਨਾਲੇ ਯਿਸੂ ਨੇ ਇਹ ਸੱਦਾ ਸਿਰਫ਼ ਉਸ ਜ਼ਮਾਨੇ ਦੇ ਲੋਕਾਂ ਨੂੰ ਹੀ ਨਹੀਂ, ਸਗੋਂ ਸਾਨੂੰ ਸਾਰਿਆਂ ਨੂੰ ਦਿੱਤਾ ਹੈ। ਸੋ ਯਿਸੂ ਦਾ ਇਹ ਸੱਦਾ ‘ਆ ਮੇਰਾ ਚੇਲਾ ਬਣ ਜਾ’ ਅਮੀਰ, ਗ਼ਰੀਬ, ਹਰ ਕੌਮ ਅਤੇ ਨਸਲ ਦੇ ਲੋਕਾਂ ਨੂੰ ਦਿੱਤਾ ਗਿਆ ਹੈ। ਹਾਂ, ਇਹ ਸੱਦਾ ਤੁਹਾਨੂੰ ਵੀ ਦਿੱਤਾ ਗਿਆ ਹੈ। ਤੁਹਾਨੂੰ ਮਸੀਹ ਦੇ ਪਿੱਛੇ-ਪਿੱਛੇ ਚੱਲਣ ਦੀ ਕਿਉਂ ਲੋੜ ਹੈ? ਅਤੇ ਇਸ ਦਾ ਕੀ ਮਤਲਬ ਹੈ?

ਮਸੀਹ ਦੇ ਪਿੱਛੇ-ਪਿੱਛੇ ਕਿਉਂ ਚੱਲੀਏ?

8. ਇਨਸਾਨਾਂ ਨੂੰ ਕਿਸ ਦੀ ਲੋੜ ਹੈ ਅਤੇ ਕਿਉਂ?

8 ਸਾਨੂੰ ਸਾਰਿਆਂ ਨੂੰ ਇਕ ਚੰਗੇ ਆਗੂ ਦੀ ਲੋੜ ਹੈ। ਹਾਲਾਂਕਿ ਸਾਰੇ ਇਸ ਗੱਲ ਨੂੰ ਨਹੀਂ ਮੰਨਦੇ, ਪਰ ਯਹੋਵਾਹ ਨੇ ਆਪਣੇ ਨਬੀ ਯਿਰਮਿਯਾਹ ਤੋਂ ਇਹ ਸੱਚਾਈ ਲਿਖਵਾਈ ਸੀ: “ਮੈਂ ਜਾਣਦਾ ਹਾਂ, ਕਿ ਆਦਮੀ ਦਾ ਰਾਹ ਉਹ ਦੇ ਵੱਸ ਵਿੱਚ ਨਹੀਂ ਹੈ, ਏਹ ਮਨੁੱਖ ਦੇ ਵੱਸ ਨਹੀਂ ਕਿ ਤੁਰਨ ਲਈ ਆਪਣੇ ਕਦਮਾਂ ਨੂੰ ਕਾਇਮ ਕਰੇ।” (ਯਿਰਮਿਯਾਹ 10:23) ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਇਨਸਾਨਾਂ ਕੋਲ ਨਾ ਤਾਂ ਆਪਣੀ ਅਗਵਾਈ ਕਰਨ ਦੀ ਕਾਬਲੀਅਤ ਹੈ ਤੇ ਨਾ ਹੀ ਅਧਿਕਾਰ। (ਉਪਦੇਸ਼ਕ ਦੀ ਪੋਥੀ 8:9) ਯਿਸੂ ਦੇ ਜ਼ਮਾਨੇ ਦੇ ਆਗੂ ਲੋਕਾਂ ’ਤੇ ਜ਼ੁਲਮ ਢਾਹੁੰਦੇ ਸਨ, ਉਨ੍ਹਾਂ ਨਾਲ ਬਦਸਲੂਕੀ ਕਰਦੇ ਸਨ ਅਤੇ ਉਨ੍ਹਾਂ ਨੂੰ ਗੁਮਰਾਹ ਕਰਦੇ ਸਨ। ਯਿਸੂ ਨੇ ਆਮ ਲੋਕਾਂ ਦੀ ਹਾਲਤ ਬਾਰੇ ਠੀਕ ਹੀ ਕਿਹਾ ਸੀ ਕਿ ਉਹ “ਉਨ੍ਹਾਂ ਭੇਡਾਂ ਵਾਂਗ ਸਨ ਜਿਨ੍ਹਾਂ ਦਾ ਕੋਈ ਚਰਵਾਹਾ ਨਾ ਹੋਵੇ।” (ਮਰਕੁਸ 6:34) ਅੱਜ ਵੀ ਲੋਕਾਂ ਦੀ ਹਾਲਤ ਇੱਦਾਂ ਦੀ ਹੈ। ਸਾਨੂੰ ਸਾਰਿਆਂ ਨੂੰ ਅਜਿਹੇ ਆਗੂ ਦੀ ਲੋੜ ਹੈ ਜੋ ਸਾਡੇ ਭਰੋਸੇ ਤੇ ਆਦਰ ਦੇ ਲਾਇਕ ਹੋਵੇ। ਕੀ ਯਿਸੂ ਅਜਿਹਾ ਆਗੂ ਹੈ? ਬਿਲਕੁਲ! ਜ਼ਰਾ ਇਸ ਦੇ ਕੁਝ ਕਾਰਨਾਂ ’ਤੇ ਗੌਰ ਕਰੋ।

9. ਯਿਸੂ ਦੁਨੀਆਂ ਦੇ ਬਾਕੀ ਆਗੂਆਂ ਤੋਂ ਕਿਵੇਂ ਵੱਖਰਾ ਹੈ?

9 ਪਹਿਲਾ ਕਾਰਨ, ਯਹੋਵਾਹ ਪਰਮੇਸ਼ੁਰ ਨੇ ਆਪ ਯਿਸੂ ਨੂੰ ਚੁਣਿਆ ਹੈ। ਦੁਨੀਆਂ ਦੇ ਆਗੂਆਂ ਨੂੰ ਉਨ੍ਹਾਂ ਵਰਗੇ ਨਾਮੁਕੰਮਲ ਇਨਸਾਨ ਚੁਣਦੇ ਹਨ ਜੋ ਅਕਸਰ ਧੋਖਾ ਖਾ ਕੇ ਗ਼ਲਤ ਫ਼ੈਸਲੇ ਕਰਦੇ ਹਨ। ਪਰ ਯਿਸੂ ਅਜਿਹੇ ਆਗੂਆਂ ਤੋਂ ਬਿਲਕੁਲ ਵੱਖਰਾ ਹੈ। ਉਸ ਦੇ ਖ਼ਿਤਾਬ “ਮਸੀਹ” ਦਾ ਮਤਲਬ ਹੈ “ਚੁਣਿਆ ਹੋਇਆ।” ਪਰ ਉਸ ਨੂੰ ਕਿਸੇ ਇਨਸਾਨ ਨੇ ਨਹੀਂ, ਸਗੋਂ ਖ਼ੁਦ ਦੁਨੀਆਂ ਦੇ ਮਾਲਕ ਨੇ ਚੁਣਿਆ ਸੀ! ਯਹੋਵਾਹ ਪਰਮੇਸ਼ੁਰ ਨੇ ਆਪਣੇ ਪੁੱਤਰ ਬਾਰੇ ਕਿਹਾ ਸੀ: “ਦੇਖੋ! ਮੇਰਾ ਸੇਵਕ ਜਿਸ ਨੂੰ ਮੈਂ ਚੁਣਿਆ ਹੈ। ਉਹ ਮੇਰਾ ਪਿਆਰਾ ਹੈ ਅਤੇ ਮੈਂ ਉਸ ਤੋਂ ਖ਼ੁਸ਼ ਹਾਂ! ਮੈਂ ਉਸ ਨੂੰ ਆਪਣੀ ਸ਼ਕਤੀ ਦਿਆਂਗਾ।” (ਮੱਤੀ 12:18) ਸਿਰਫ਼ ਸਾਡਾ ਸਿਰਜਣਹਾਰ ਹੀ ਜਾਣਦਾ ਹੈ ਕਿ ਸਾਨੂੰ ਕਿਸ ਤਰ੍ਹਾਂ ਦੇ ਆਗੂ ਦੀ ਲੋੜ ਹੈ। ਸਾਨੂੰ ਯਹੋਵਾਹ ਦੀ ਪਸੰਦ ’ਤੇ ਪੂਰਾ-ਪੂਰਾ ਭਰੋਸਾ ਹੈ ਕਿਉਂਕਿ ਉਸ ਦੀ ਬੁੱਧ ਅਸੀਮ ਹੈ।—ਕਹਾਉਤਾਂ 3:5, 6.

10. ਇਨਸਾਨਾਂ ਲਈ ਯਿਸੂ ਦੀ ਮਿਸਾਲ ਸਭ ਤੋਂ ਵਧੀਆ ਕਿਉਂ ਹੈ?

10 ਦੂਜਾ ਕਾਰਨ, ਯਿਸੂ ਨੇ ਸਾਡੇ ਲਈ ਬਹੁਤ ਵਧੀਆ ਮਿਸਾਲ ਕਾਇਮ ਕੀਤੀ। ਸਭ ਤੋਂ ਵਧੀਆ ਆਗੂ ਉਹ ਹੁੰਦਾ ਹੈ ਜਿਸ ਨੂੰ ਉਸ ਦੇ ਗੁਣਾਂ ਕਰਕੇ ਪਸੰਦ ਕੀਤਾ ਜਾਂਦਾ ਹੈ। ਉਸ ਦੀ ਵਧੀਆ ਮਿਸਾਲ ਨੂੰ ਦੇਖ ਕੇ ਉਸ ਦੀ ਪਰਜਾ ਬਿਹਤਰ ਇਨਸਾਨ ਬਣਨ ਦੀ ਕੋਸ਼ਿਸ਼ ਕਰਦੀ ਹੈ। ਇਕ ਆਗੂ ਵਿਚ ਤੁਸੀਂ ਕਿਹੜੇ ਗੁਣ ਦੇਖਣੇ ਪਸੰਦ ਕਰੋਗੇ? ਦਲੇਰੀ? ਬੁੱਧ? ਦਇਆ? ਮੁਸ਼ਕਲਾਂ ਦੇ ਬਾਵਜੂਦ ਹਿੰਮਤ? ਜਿੱਦਾਂ-ਜਿੱਦਾਂ ਤੁਸੀਂ ਯਿਸੂ ਦੀ ਜ਼ਿੰਦਗੀ ਬਾਰੇ ਪੜ੍ਹੋਗੇ, ਉੱਦਾਂ-ਉੱਦਾਂ ਤੁਸੀਂ ਦੇਖੋਗੇ ਕਿ ਉਹ ਇਨ੍ਹਾਂ ਗੁਣਾਂ ਦੇ ਨਾਲ-ਨਾਲ ਹੋਰ ਬਹੁਤ ਸਾਰੇ ਗੁਣਾਂ ਦਾ ਮਾਲਕ ਸੀ। ਉਹ ਇਕ ਮੁਕੰਮਲ ਇਨਸਾਨ ਸੀ ਜੋ ਹੂ-ਬਹੂ ਆਪਣੇ ਸਵਰਗੀ ਪਿਤਾ ਵਰਗਾ ਸੀ। ਇਸ ਲਈ ਉਸ ਦੇ ਕੰਮਾਂ, ਗੱਲਾਂ ਅਤੇ ਜਜ਼ਬਾਤਾਂ ਤੋਂ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ ਅਤੇ ਉਸ ਦੀ ਰੀਸ ਕਰ ਸਕਦੇ ਹਾਂ। ਬਾਈਬਲ ਕਹਿੰਦੀ ਹੈ ਕਿ ਉਸ ਨੇ “ਤੁਹਾਡੇ ਲਈ ਮਿਸਾਲ ਕਾਇਮ ਕੀਤੀ ਤਾਂਕਿ ਤੁਸੀਂ ਉਸ ਦੇ ਨਕਸ਼ੇ-ਕਦਮਾਂ ਉੱਤੇ ਧਿਆਨ ਨਾਲ ਚੱਲੋ।”—1 ਪਤਰਸ 2:21.

11. ਯਿਸੂ ਨੇ ਕਿਵੇਂ ਸਾਬਤ ਕੀਤਾ ਕਿ ਉਹ “ਵਧੀਆ ਚਰਵਾਹਾ” ਹੈ?

11 ਤੀਜਾ ਕਾਰਨ, ਯਿਸੂ ਆਪਣੇ ਇਨ੍ਹਾਂ ਸ਼ਬਦਾਂ ’ਤੇ ਪੂਰਾ ਉਤਰਿਆ: “ਮੈਂ ਵਧੀਆ ਚਰਵਾਹਾ ਹਾਂ।” (ਯੂਹੰਨਾ 10:14) ਉਸ ਜ਼ਮਾਨੇ ਦੇ ਲੋਕ ਚਰਵਾਹੇ ਦੀ ਉਦਾਹਰਣ ਤੋਂ ਚੰਗੀ ਤਰ੍ਹਾਂ ਵਾਕਫ਼ ਸਨ। ਚਰਵਾਹੇ ਆਪਣੀਆਂ ਭੇਡਾਂ ਦੀ ਦੇਖ-ਭਾਲ ਬੜੀ ਮਿਹਨਤ ਨਾਲ ਕਰਦੇ ਸਨ। ਇਕ ‘ਵਧੀਆ ਚਰਵਾਹੇ’ ਨੂੰ ਆਪਣੀਆਂ ਭੇਡਾਂ ਆਪਣੀ ਜਾਨ ਨਾਲੋਂ ਵੀ ਪਿਆਰੀਆਂ ਹੁੰਦੀਆਂ ਸਨ। ਮਿਸਾਲ ਲਈ, ਯਿਸੂ ਦਾ ਪੂਰਵਜ ਦਾਊਦ ਛੋਟੀ ਉਮਰ ਤੋਂ ਹੀ ਚਰਵਾਹਾ ਸੀ। ਉਸ ਨੇ ਕਈ ਵਾਰ ਆਪਣੀ ਜਾਨ ਖ਼ਤਰੇ ਵਿਚ ਪਾ ਕੇ ਆਪਣੀਆਂ ਭੇਡਾਂ ਨੂੰ ਜੰਗਲੀ ਜਾਨਵਰਾਂ ਤੋਂ ਬਚਾਇਆ ਸੀ। (1 ਸਮੂਏਲ 17:34-36) ਯਿਸੂ ਨੇ ਆਪਣੇ ਚੇਲਿਆਂ ਲਈ ਇਸ ਤੋਂ ਵੀ ਵੱਧ ਕੀਤਾ। ਉਸ ਨੇ ਤਾਂ ਉਨ੍ਹਾਂ ਲਈ ਆਪਣੀ ਜਾਨ ਤਕ ਕੁਰਬਾਨ ਕਰ ਦਿੱਤੀ। (ਯੂਹੰਨਾ 10:15) ਕੀ ਦੁਨੀਆਂ ਵਿਚ ਕੋਈ ਅਜਿਹਾ ਆਗੂ ਹੈ ਜੋ ਲੋਕਾਂ ਲਈ ਆਪਣੀ ਜਾਨ ਦੇਣ ਲਈ ਤਿਆਰ ਹੈ?

12, 13. (ੳ) ਅਸੀਂ ਕਿਉਂ ਕਹਿ ਸਕਦੇ ਹਾਂ ਕਿ ਇਕ ਚਰਵਾਹਾ ਆਪਣੀਆਂ ਭੇਡਾਂ ਨੂੰ ਜਾਣਦਾ ਹੈ ਅਤੇ ਉਹ ਉਸ ਨੂੰ ਜਾਣਦੀਆਂ ਹਨ? (ਅ) ਤੁਸੀਂ ਕਿਉਂ ਚਾਹੁੰਦੇ ਹੋ ਕਿ ਯਿਸੂ ਤੁਹਾਡੀ ਅਗਵਾਈ ਕਰੇ?

12 ਯਿਸੂ “ਵਧੀਆ ਚਰਵਾਹਾ” ਹੋਣ ਦਾ ਇਕ ਹੋਰ ਕਾਰਨ ਦੱਸਦਾ ਹੈ: “ਮੈਂ ਆਪਣੀਆਂ ਭੇਡਾਂ ਨੂੰ ਜਾਣਦਾ ਹਾਂ ਅਤੇ ਮੇਰੀਆਂ ਭੇਡਾਂ ਮੈਨੂੰ ਜਾਣਦੀਆਂ ਹਨ।” (ਯੂਹੰਨਾ 10:14) ਇਕ ਆਮ ਬੰਦੇ ਲਈ ਸ਼ਾਇਦ ਭੇਡਾਂ ਸਿਰਫ਼ ਜਾਨਵਰਾਂ ਦਾ ਇਕ ਝੁੰਡ ਹੁੰਦਾ ਹੈ, ਪਰ ਚਰਵਾਹਾ ਆਪਣੀ ਇਕ-ਇਕ ਭੇਡ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਉਸ ਨੂੰ ਪਤਾ ਹੁੰਦਾ ਹੈ ਕਿ ਕਿਹੜੀ ਭੇਡ ਸੂਣ ਵਾਲੀ ਹੈ, ਕਿਹੜੀ ਭੇਡ ਬੀਮਾਰ ਜਾਂ ਜ਼ਖ਼ਮੀ ਹੈ ਜਾਂ ਕਿਹੜੇ ਛੋਟੇ ਤੇ ਕਮਜ਼ੋਰ ਲੇਲੇ ਨੂੰ ਗੋਦੀ ਚੁੱਕਣ ਦੀ ਲੋੜ ਹੈ। ਭੇਡਾਂ ਵੀ ਆਪਣੇ ਚਰਵਾਹੇ ਨੂੰ ਚੰਗੀ ਤਰ੍ਹਾਂ ਜਾਣਦੀਆਂ ਹਨ। ਉਹ ਉਸ ਦੀ ਆਵਾਜ਼ ਪਛਾਣਦੀਆਂ ਹਨ ਅਤੇ ਕਿਸੇ ਹੋਰ ਚਰਵਾਹੇ ਦੀ ਆਵਾਜ਼ ਸੁਣ ਕੇ ਭੁਲੇਖਾ ਨਹੀਂ ਖਾਂਦੀਆਂ। ਜਦ ਉਨ੍ਹਾਂ ਨੂੰ ਆਪਣੇ ਚਰਵਾਹੇ ਦੀ ਆਵਾਜ਼ ਤੋਂ ਲੱਗਦਾ ਹੈ ਕਿ ਕੋਈ ਖ਼ਤਰਾ ਹੈ, ਤਾਂ ਉਹ ਝੱਟ ਉਸ ਦੇ ਪਿੱਛੇ ਤੁਰ ਪੈਂਦੀਆਂ ਹਨ। ਨਾਲੇ ਚਰਵਾਹੇ ਨੂੰ ਪਤਾ ਹੁੰਦਾ ਹੈ ਕਿ ਹਰੇ-ਹਰੇ ਘਾਹ ਦੇ ਮੈਦਾਨ ਤੇ ਤਾਜ਼ੇ ਪਾਣੀ ਦੇ ਚਸ਼ਮੇ ਕਿੱਥੇ ਹਨ ਅਤੇ ਕਿਹੜੀ ਜਗ੍ਹਾ ਭੇਡਾਂ ਲਈ ਸੁਰੱਖਿਅਤ ਹੈ। ਇਸ ਲਈ ਜਿੱਥੇ ਵੀ ਉਹ ਭੇਡਾਂ ਨੂੰ ਲੈ ਕੇ ਜਾਂਦਾ ਹੈ, ਉਹ ਉਸ ਦੇ ਪਿੱਛੇ-ਪਿੱਛੇ ਜਾਂਦੀਆਂ ਹਨ। ਉਹ ਹਮੇਸ਼ਾ ਉਨ੍ਹਾਂ ’ਤੇ ਨਿਗਾਹ ਰੱਖਦਾ ਹੈ ਜਿਸ ਕਰਕੇ ਭੇਡਾਂ ਮਹਿਫੂਜ਼ ਰਹਿੰਦੀਆਂ ਹਨ।—ਜ਼ਬੂਰਾਂ ਦੀ ਪੋਥੀ 23.

13 ਯਿਸੂ ਹਮੇਸ਼ਾ ਆਪਣੇ ਚੇਲਿਆਂ ਨਾਲ ਇਸੇ ਤਰ੍ਹਾਂ ਪੇਸ਼ ਆਇਆ ਸੀ। ਉਹ ਵਾਅਦਾ ਕਰਦਾ ਹੈ ਕਿ ਉਹ ਤੁਹਾਡੀ ਵੀ ਅਗਵਾਈ ਕਰੇਗਾ ਤਾਂਕਿ ਤੁਸੀਂ ਖ਼ੁਸ਼ਹਾਲ ਜ਼ਿੰਦਗੀ ਦਾ ਆਨੰਦ ਮਾਣ ਸਕੋ ਅਤੇ ਆਉਣ ਵਾਲੇ ਸਮੇਂ ਵਿਚ ਹਮੇਸ਼ਾ ਦੀ ਜ਼ਿੰਦਗੀ ਪਾ ਸਕੋ! (ਯੂਹੰਨਾ 10:10, 11; ਪ੍ਰਕਾਸ਼ ਦੀ ਕਿਤਾਬ 7:16, 17) ਕੀ ਤੁਸੀਂ ਅਜਿਹਾ ਹੀ ਆਗੂ ਨਹੀਂ ਚਾਹੁੰਦੇ? ਤਾਂ ਫਿਰ, ਸਾਨੂੰ ਇਹ ਜਾਣਨ ਦੀ ਲੋੜ ਹੈ ਕਿ ਮਸੀਹ ਦੇ ਪਿੱਛੇ-ਪਿੱਛੇ ਚੱਲਣ ਦਾ ਕੀ ਮਤਲਬ ਹੈ।

ਮਸੀਹ ਦੇ ਪਿੱਛੇ-ਪਿੱਛੇ ਚੱਲਣ ਦਾ ਮਤਲਬ

14, 15. ਮਸੀਹੀ ਹੋਣ ਦਾ ਦਾਅਵਾ ਕਰਨਾ ਜਾਂ ਇਹ ਕਹਿਣਾ ਕਿ ਅਸੀਂ ਉਸ ਨਾਲ ਪਿਆਰ ਕਰਦੇ ਹਾਂ ਕਾਫ਼ੀ ਕਿਉਂ ਨਹੀਂ ਹੈ?

14 ਅੱਜ ਲੱਖਾਂ ਹੀ ਲੋਕ ਸੋਚਦੇ ਹਨ ਕਿ ਉਹ ਯਿਸੂ ਦੇ ਪਿੱਛੇ-ਪਿੱਛੇ ਚੱਲ ਰਹੇ ਹਨ। ਇਸੇ ਲਈ ਉਹ ਖ਼ੁਦ ਨੂੰ ਮਸੀਹੀ ਕਹਿੰਦੇ ਹਨ। ਸ਼ਾਇਦ ਉਹ ਉਸ ਚਰਚ ਦੇ ਮੈਂਬਰ ਹੋਣ ਜਿੱਥੇ ਉਨ੍ਹਾਂ ਦੇ ਮਾਪਿਆਂ ਨੇ ਉਨ੍ਹਾਂ ਨੂੰ ਛੋਟੇ ਹੁੰਦਿਆਂ ਬਪਤਿਸਮਾ ਦਿਵਾਇਆ ਸੀ। ਜਾਂ ਸ਼ਾਇਦ ਉਹ ਕਹਿਣ ਕਿ ‘ਮੈਂ ਯਿਸੂ ਨੂੰ ਪਿਆਰ ਕਰਦਾ ਹਾਂ। ਉਹੀ ਮੇਰਾ ਮੁਕਤੀਦਾਤਾ ਹੈ।’ ਪਰ ਕੀ ਉਹ ਵਾਕਈ ਯਿਸੂ ਦੇ ਚੇਲੇ ਹਨ? ਕੀ ਉਸ ਦੇ ਪਿੱਛੇ-ਪਿੱਛੇ ਚੱਲਣ ਦਾ ਇਹੀ ਮਤਲਬ ਹੈ? ਨਹੀਂ, ਇਸ ਵਿਚ ਹੋਰ ਵੀ ਬਹੁਤ ਕੁਝ ਸ਼ਾਮਲ ਹੈ।

15 ਜ਼ਰਾ ਉਨ੍ਹਾਂ ਦੇਸ਼ਾਂ ਬਾਰੇ ਸੋਚੋ ਜਿੱਥੇ ਜ਼ਿਆਦਾਤਰ ਲੋਕ ਮਸੀਹੀ ਹੋਣ ਦਾ ਦਾਅਵਾ ਕਰਦੇ ਹਨ। ਕੀ ਉਹ ਯਿਸੂ ਮਸੀਹ ਦੀਆਂ ਸਿੱਖਿਆਵਾਂ ਮੁਤਾਬਕ ਚੱਲਦੇ ਹਨ? ਕੀ ਉਨ੍ਹਾਂ ਦੇਸ਼ਾਂ ਵਿਚ ਬਾਕੀ ਦੇਸ਼ਾਂ ਵਾਂਗ ਨਫ਼ਰਤ, ਜ਼ੁਲਮ, ਅਪਰਾਧ ਅਤੇ ਬੇਇਨਸਾਫ਼ੀ ਨਹੀਂ ਹੁੰਦੀ? ਹਿੰਦੂ ਨੇਤਾ ਮੋਹਨਦਾਸ ਗਾਂਧੀ ਨੇ ਕਿਹਾ ਸੀ: “ਜਿੰਨਾ ਯਿਸੂ ਨੇ ਇਨਸਾਨਾਂ ਲਈ ਕੀਤਾ ਉੱਨਾ ਹੋਰ ਕਿਸੇ ਨੇ ਨਹੀਂ ਕੀਤਾ। ਯਿਸੂ ਦੀਆਂ ਸਿੱਖਿਆਵਾਂ ਤਾਂ ਵਧੀਆ ਹਨ, ਪਰ ਦੁੱਖ ਦੀ ਗੱਲ ਇਹ ਹੈ ਕਿ ਉਸ ਦੇ ਚੇਲੇ ਹੋਣ ਦਾ ਦਾਅਵਾ ਕਰਨ ਵਾਲੇ ਉਸ ਦੀਆਂ ਸਿੱਖਿਆਵਾਂ ਉੱਤੇ ਚੱਲਦੇ ਨਹੀਂ।”

16, 17. ਮਸੀਹੀ ਹੋਣ ਦਾ ਦਾਅਵਾ ਕਰਨ ਵਾਲਿਆਂ ਵਿਚ ਅਕਸਰ ਕਿਸ ਗੱਲ ਦੀ ਘਾਟ ਹੁੰਦੀ ਹੈ ਅਤੇ ਮਸੀਹ ਦੇ ਸੱਚੇ ਚੇਲਿਆਂ ਦੀ ਕੀ ਪਛਾਣ ਹੈ?

16 ਯਿਸੂ ਮੁਤਾਬਕ ਉਸ ਦੇ ਸੱਚੇ ਚੇਲਿਆਂ ਨੂੰ ਉਨ੍ਹਾਂ ਦੀਆਂ ਗੱਲਾਂ ਤੋਂ ਹੀ ਨਹੀਂ, ਪਰ ਖ਼ਾਸ ਕਰਕੇ ਉਨ੍ਹਾਂ ਦੇ ਕੰਮਾਂ ਤੋਂ ਪਛਾਣਿਆ ਜਾਂਦਾ ਹੈ। ਮਿਸਾਲ ਲਈ, ਉਸ ਨੇ ਕਿਹਾ: “ਹਰ ਕੋਈ ਜੋ ਮੈਨੂੰ ‘ਪ੍ਰਭੂ, ਪ੍ਰਭੂ’ ਕਹਿੰਦਾ ਹੈ, ਸਵਰਗ ਦੇ ਰਾਜ ਵਿਚ ਨਹੀਂ ਜਾਵੇਗਾ, ਸਗੋਂ ਉਹੀ ਜਾਵੇਗਾ ਜਿਹੜਾ ਮੇਰੇ ਸਵਰਗੀ ਪਿਤਾ ਦੀ ਇੱਛਾ ਪੂਰੀ ਕਰਦਾ ਹੈ।” (ਮੱਤੀ 7:21) ਯਿਸੂ ਨੂੰ ਆਪਣਾ ਪ੍ਰਭੂ ਮੰਨਣ ਦਾ ਦਾਅਵਾ ਕਰਨ ਵਾਲੇ ਲੋਕ ਉਸ ਦੇ ਪਿਤਾ ਦੀ ਇੱਛਾ ਪੂਰੀ ਕਿਉਂ ਨਹੀਂ ਕਰਦੇ? ਅਕਸਰ ਇਨ੍ਹਾਂ ਲੋਕਾਂ ਵਿਚ ਉਸ ਅਮੀਰ ਆਗੂ ਵਾਂਗ “ਇਕ ਗੱਲ ਦੀ ਘਾਟ” ਹੁੰਦੀ ਹੈ: ਉਹ ਯਿਸੂ ਅਤੇ ਪਰਮੇਸ਼ੁਰ ਨੂੰ ਦਿਲੋਂ ਪਿਆਰ ਨਹੀਂ ਕਰਦੇ।

17 ਪਰ ਇਹ ਕਿੱਦਾਂ ਹੋ ਸਕਦਾ ਹੈ? ਕੀ ਆਪਣੇ ਆਪ ਨੂੰ ਮਸੀਹੀ ਕਹਿਣ ਵਾਲੇ ਲੱਖਾਂ ਹੀ ਲੋਕ ਯਿਸੂ ਨੂੰ ਪਿਆਰ ਕਰਨ ਦਾ ਦਾਅਵਾ ਨਹੀਂ ਕਰਦੇ? ਹਾਂ ਕਰਦੇ ਹਨ, ਪਰ ਸਿਰਫ਼ ਇਹ ਕਹਿਣਾ ਕਾਫ਼ੀ ਨਹੀਂ ਕਿ ਅਸੀਂ ਯਿਸੂ ਅਤੇ ਯਹੋਵਾਹ ਨੂੰ ਪਿਆਰ ਕਰਦੇ ਹਾਂ। ਯਿਸੂ ਨੇ ਕਿਹਾ: “ਜੇ ਕੋਈ ਮੈਨੂੰ ਪਿਆਰ ਕਰਦਾ ਹੈ, ਤਾਂ ਉਹ ਮੇਰੀ ਗੱਲ ਮੰਨੇਗਾ।” (ਯੂਹੰਨਾ 14:23) ਉਸ ਨੇ ਅੱਗੇ ਕਿਹਾ: “ਮੇਰੀਆਂ ਭੇਡਾਂ ਮੇਰੀ ਆਵਾਜ਼ ਸੁਣਦੀਆਂ ਹਨ ਅਤੇ ਮੈਂ ਉਨ੍ਹਾਂ ਨੂੰ ਜਾਣਦਾ ਹਾਂ ਅਤੇ ਉਹ ਮੇਰੇ ਪਿੱਛੇ-ਪਿੱਛੇ ਆਉਂਦੀਆਂ ਹਨ।” (ਯੂਹੰਨਾ 10:27) ਜੀ ਹਾਂ, ਅਸੀਂ ਮਸੀਹ ਲਈ ਆਪਣੇ ਪਿਆਰ ਦਾ ਇਜ਼ਹਾਰ ਸਿਰਫ਼ ਸ਼ਬਦਾਂ ਰਾਹੀਂ ਨਹੀਂ, ਸਗੋਂ ਆਪਣੇ ਕੰਮਾਂ ਰਾਹੀਂ ਵੀ ਕਰਦੇ ਹਾਂ।

18, 19. (ੳ) ਯਿਸੂ ਬਾਰੇ ਸਿੱਖ ਕੇ ਸਾਡੇ ਉੱਤੇ ਕਿਹੋ ਜਿਹਾ ਅਸਰ ਹੋਣਾ ਚਾਹੀਦਾ ਹੈ? (ਅ) ਇਸ ਕਿਤਾਬ ਦਾ ਕੀ ਮਕਸਦ ਹੈ ਅਤੇ ਜੋ ਲੋਕ ਕਾਫ਼ੀ ਚਿਰ ਤੋਂ ਯਿਸੂ ਦੇ ਚੇਲੇ ਹਨ, ਉਨ੍ਹਾਂ ਨੂੰ ਇਸ ਤੋਂ ਕੀ ਫ਼ਾਇਦਾ ਹੋਵੇਗਾ?

18 ਸਾਡੇ ਕੰਮਾਂ ਤੋਂ ਜ਼ਾਹਰ ਹੁੰਦਾ ਹੈ ਕਿ ਅਸੀਂ ਅੰਦਰੋਂ ਕਿਹੋ ਜਿਹੇ ਇਨਸਾਨ ਹਾਂ। ਸਾਨੂੰ ਆਪਣੇ ਸੁਭਾਅ ਤੇ ਆਪਣੀ ਸੋਚ ਨੂੰ ਸੁਧਾਰਦੇ ਰਹਿਣ ਦੀ ਲੋੜ ਹੈ। ਯਿਸੂ ਨੇ ਕਿਹਾ: “ਹਮੇਸ਼ਾ ਦੀ ਜ਼ਿੰਦਗੀ ਪਾਉਣ ਲਈ ਜ਼ਰੂਰੀ ਹੈ ਕਿ ਉਹ ਤੇਰੇ ਬਾਰੇ, ਯਾਨੀ ਇੱਕੋ-ਇਕ ਸੱਚੇ ਪਰਮੇਸ਼ੁਰ ਬਾਰੇ ਅਤੇ ਯਿਸੂ ਮਸੀਹ ਬਾਰੇ, ਜਿਸ ਨੂੰ ਤੂੰ ਘੱਲਿਆ ਹੈ, ਸਿੱਖਦੇ ਰਹਿਣ।” (ਯੂਹੰਨਾ 17:3) ਜੇ ਅਸੀਂ ਯਿਸੂ ਬਾਰੇ ਸਹੀ ਗਿਆਨ ਲੈ ਕੇ ਇਸ ’ਤੇ ਸੋਚ-ਵਿਚਾਰ ਕਰਦੇ ਰਹਾਂਗੇ, ਤਾਂ ਇਸ ਦਾ ਸਾਡੇ ਦਿਲ ’ਤੇ ਗਹਿਰਾ ਅਸਰ ਪਵੇਗਾ। ਉਸ ਲਈ ਸਾਡਾ ਪਿਆਰ ਵਧਦਾ ਜਾਵੇਗਾ ਅਤੇ ਦਿਨ-ਬ-ਦਿਨ ਉਸ ਦੇ ਪਿੱਛੇ-ਪਿੱਛੇ ਚੱਲਦੇ ਰਹਿਣ ਦੀ ਸਾਡੀ ਖ਼ਾਹਸ਼ ਵੀ ਵਧਦੀ ਜਾਵੇਗੀ।

19 ਇਸ ਕਿਤਾਬ ਦਾ ਇਹੀ ਮਕਸਦ ਹੈ। ਇਸ ਵਿਚ ਯਿਸੂ ਦੀ ਜ਼ਿੰਦਗੀ ਅਤੇ ਸੇਵਕਾਈ ਬਾਰੇ ਸਭ ਕੁਝ ਨਹੀਂ ਦੱਸਿਆ ਗਿਆ, ਪਰ ਇਹ ਉਸ ਦੇ ਪਿੱਛੇ-ਪਿੱਛੇ ਚੱਲਣ ਵਿਚ ਸਾਡੀ ਮਦਦ ਕਰੇਗੀ। * ਇਸ ਦੇ ਜ਼ਰੀਏ ਅਸੀਂ ਪਰਮੇਸ਼ੁਰ ਦੇ ਸ਼ੀਸ਼ੇ ਵਰਗੇ ਬਚਨ ਵਿਚ ਦੇਖ ਕੇ ਖ਼ੁਦ ਨੂੰ ਪੁੱਛ ਸਕਦੇ ਹਾਂ: ‘ਕੀ ਮੈਂ ਸੱਚ-ਮੁੱਚ ਯਿਸੂ ਦੇ ਪਿੱਛੇ-ਪਿੱਛੇ ਚੱਲ ਰਿਹਾ ਹਾਂ?’ (ਯਾਕੂਬ 1:23-25) ਸ਼ਾਇਦ ਤੁਸੀਂ ਕਾਫ਼ੀ ਚਿਰ ਤੋਂ ਯਿਸੂ ਦੇ ਚੇਲੇ ਹੋ, ਪਰ ਫਿਰ ਵੀ ਤੁਸੀਂ ਇਸ ਗੱਲ ਨਾਲ ਜ਼ਰੂਰ ਸਹਿਮਤ ਹੋਵੋਗੇ ਕਿ ਸਾਨੂੰ ਖ਼ੁਦ ਵਿਚ ਸੁਧਾਰ ਕਰਦੇ ਰਹਿਣ ਦੀ ਲੋੜ ਹੈ। ਬਾਈਬਲ ਸਾਨੂੰ ਤਾਕੀਦ ਕਰਦੀ ਹੈ: “ਆਪਣੇ ਆਪ ਨੂੰ ਪਰਖਦੇ ਰਹੋ ਕਿ ਤੁਸੀਂ ਮਸੀਹੀ ਰਾਹ ਉੱਤੇ ਚੱਲ ਰਹੇ ਹੋ ਜਾਂ ਨਹੀਂ, ਅਤੇ ਆਪਣੀ ਜਾਂਚ ਕਰਦੇ ਰਹੋ ਕਿ ਤੁਸੀਂ ਕਿਹੋ ਜਿਹੇ ਇਨਸਾਨ ਹੋ।” (2 ਕੁਰਿੰਥੀਆਂ 13:5) ਸਾਨੂੰ ਪੂਰਾ ਯਕੀਨ ਹੈ ਕਿ ਜੇ ਅਸੀਂ ਯਹੋਵਾਹ ਦੇ ਚੁਣੇ ਹੋਏ ਆਗੂ ਯਿਸੂ ਦੀ ਅਗਵਾਈ ਵਿਚ ਚੱਲਦੇ ਰਹਾਂਗੇ, ਤਾਂ ਸਾਡਾ ਹੀ ਭਲਾ ਹੋਵੇਗਾ।

20. ਅਗਲੇ ਅਧਿਆਇ ਵਿਚ ਅਸੀਂ ਕੀ ਸਿੱਖਾਂਗੇ?

20 ਸਾਨੂੰ ਉਮੀਦ ਹੈ ਕਿ ਇਸ ਕਿਤਾਬ ਦੇ ਜ਼ਰੀਏ ਯਿਸੂ ਅਤੇ ਯਹੋਵਾਹ ਲਈ ਤੁਹਾਡਾ ਪਿਆਰ ਹੋਰ ਵੀ ਗੂੜ੍ਹਾ ਹੋਵੇਗਾ। ਨਾਲੇ ਤੁਹਾਨੂੰ ਇਸ ਬੁਰੀ ਦੁਨੀਆਂ ਵਿਚ ਰਹਿੰਦਿਆਂ ਬੇਹੱਦ ਖ਼ੁਸ਼ੀ ਅਤੇ ਮਨ ਦੀ ਸ਼ਾਂਤੀ ਮਿਲੇਗੀ। ਅਤੇ ਤੁਸੀਂ ਹਮੇਸ਼ਾ ਯਹੋਵਾਹ ਦਾ ਧੰਨਵਾਦ ਕਰੋਗੇ ਕਿ ਉਸ ਨੇ ਤੁਹਾਨੂੰ ਵਧੀਆ ਚਰਵਾਹਾ ਦਿੱਤਾ ਹੈ। ਜੇ ਅਸੀਂ ਯਿਸੂ ਬਾਰੇ ਸਿੱਖਣਾ ਚਾਹੁੰਦੇ ਹਾਂ, ਤਾਂ ਸਾਨੂੰ ਉਸ ਬਾਰੇ ਸਹੀ ਗਿਆਨ ਲੈਣ ਦੀ ਲੋੜ ਹੈ। ਇਸ ਲਈ ਅਗਲੇ ਅਧਿਆਇ ਵਿਚ ਅਸੀਂ ਸਿੱਖਾਂਗੇ ਕਿ ਯਹੋਵਾਹ ਦੇ ਮਕਸਦ ਵਿਚ ਯਿਸੂ ਦਾ ਕੀ ਰੋਲ ਹੈ।

^ ਪੈਰਾ 5 ਯਿਸੂ ਨੇ ਆਪਣੇ ਸਾਰੇ ਚੇਲਿਆਂ ਨੂੰ ਆਪਣੀਆਂ ਚੀਜ਼ਾਂ ਵੇਚਣ ਲਈ ਨਹੀਂ ਕਿਹਾ ਸੀ। ਉਸ ਨੇ ਇਹ ਜ਼ਰੂਰ ਕਿਹਾ ਸੀ ਕਿ ਅਮੀਰ ਲੋਕਾਂ ਲਈ ਪਰਮੇਸ਼ੁਰ ਦੇ ਰਾਜ ਵਿਚ ਜਾਣਾ ਬਹੁਤ ਔਖਾ ਹੋਵੇਗਾ, ਪਰ ਉਸ ਨੇ ਇਹ ਵੀ ਕਿਹਾ ਕਿ ‘ਪਰਮੇਸ਼ੁਰ ਸਭ ਕੁਝ ਕਰ ਸਕਦਾ ਹੈ।’ (ਮਰਕੁਸ 10:23, 27) ਕੁਝ ਅਮੀਰ ਲੋਕ ਵੀ ਯਿਸੂ ਦੇ ਚੇਲੇ ਬਣੇ ਸਨ। ਉਨ੍ਹਾਂ ਨੂੰ ਧਨ-ਦੌਲਤ ਬਾਰੇ ਖ਼ਾਸ ਸਲਾਹ ਮਿਲੀ ਸੀ, ਪਰ ਉਨ੍ਹਾਂ ਨੂੰ ਆਪਣੀ ਸਾਰੀ ਧਨ-ਦੌਲਤ ਗ਼ਰੀਬਾਂ ਵਿਚ ਵੰਡਣ ਲਈ ਨਹੀਂ ਕਿਹਾ ਗਿਆ ਸੀ।—1 ਤਿਮੋਥਿਉਸ 6:17.

^ ਪੈਰਾ 19 ਯਿਸੂ ਦੀ ਜ਼ਿੰਦਗੀ ਅਤੇ ਸੇਵਕਾਈ ਬਾਰੇ ਪੂਰੀ ਜਾਣਕਾਰੀ ਲਈ ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ ਨਾਂ ਦੀ ਕਿਤਾਬ ਪੜ੍ਹੋ। ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।