Skip to content

Skip to table of contents

ਅਧਿਆਇ 12

“ਉਹ ਮਿਸਾਲਾਂ ਤੋਂ ਬਿਨਾਂ ਉਨ੍ਹਾਂ ਨਾਲ ਗੱਲ ਨਹੀਂ ਸੀ ਕਰਦਾ”

“ਉਹ ਮਿਸਾਲਾਂ ਤੋਂ ਬਿਨਾਂ ਉਨ੍ਹਾਂ ਨਾਲ ਗੱਲ ਨਹੀਂ ਸੀ ਕਰਦਾ”

1-3. (ੳ) ਯਿਸੂ ਦੇ ਚੇਲਿਆਂ ਕੋਲ ਕਿਹੜਾ ਵੱਡਾ ਸਨਮਾਨ ਸੀ ਅਤੇ ਉਸ ਨੇ ਸਿੱਖਿਆਵਾਂ ਯਾਦ ਰੱਖਣ ਵਿਚ ਉਨ੍ਹਾਂ ਦੀ ਮਦਦ ਕਿਵੇਂ ਕੀਤੀ? (ਅ) ਚੰਗੀਆਂ ਮਿਸਾਲਾਂ ਨੂੰ ਯਾਦ ਰੱਖਣਾ ਕਿਉਂ ਆਸਾਨ ਹੁੰਦਾ ਹੈ?

ਯਿਸੂ ਦੇ ਚੇਲੇ ਉਸ ਨਾਲ ਸਫ਼ਰ ਕਰ ਰਹੇ ਹਨ। ਉਨ੍ਹਾਂ ਲਈ ਇਸ ਮਹਾਨ ਗੁਰੂ ਤੋਂ ਸਿੱਖਣਾ ਕਿੰਨੇ ਵੱਡੇ ਸਨਮਾਨ ਦੀ ਗੱਲ ਹੈ! ਜਦੋਂ ਯਿਸੂ ਪਰਮੇਸ਼ੁਰ ਦੇ ਬਚਨ ਦੀਆਂ ਸ਼ਾਨਦਾਰ ਗੱਲਾਂ ਖੋਲ੍ਹ ਕੇ ਸਮਝਾਉਂਦਾ ਹੈ, ਤਾਂ ਉਹ ਧਿਆਨ ਨਾਲ ਸੁਣਦੇ ਹਨ। ਇਸ ਵੇਲੇ ਉਨ੍ਹਾਂ ਨੂੰ ਇਹ ਅਨਮੋਲ ਗੱਲਾਂ ਆਪਣੇ ਮਨਾਂ ਅਤੇ ਦਿਲਾਂ ਵਿਚ ਸਾਂਭ ਕੇ ਰੱਖਣ ਦੀ ਲੋੜ ਹੈ ਕਿਉਂਕਿ ਅਜੇ ਇਨ੍ਹਾਂ ਨੂੰ ਲਿਖਣ ਦਾ ਸਮਾਂ ਨਹੀਂ ਆਇਆ। * ਪਰ ਯਿਸੂ ਇਨ੍ਹਾਂ ਸਿੱਖਿਆਵਾਂ ਨੂੰ ਆਸਾਨੀ ਨਾਲ ਯਾਦ ਰੱਖਣ ਵਿਚ ਉਨ੍ਹਾਂ ਦੀ ਮਦਦ ਕਰਦਾ ਹੈ। ਕਿਵੇਂ? ਉਸ ਦਾ ਸਿਖਾਉਣ ਦਾ ਤਰੀਕਾ ਬਹੁਤ ਵਧੀਆ ਹੈ, ਖ਼ਾਸ ਕਰਕੇ ਜਦ ਉਹ ਮਿਸਾਲਾਂ ਵਰਤਦਾ ਹੈ।

2 ਚੰਗੀਆਂ ਮਿਸਾਲਾਂ ਨੂੰ ਲੋਕ ਛੇਤੀ ਕਿਤੇ ਨਹੀਂ ਭੁੱਲਦੇ। ਮਿਸਾਲਾਂ ਬਾਰੇ ਇਕ ਲੇਖਕ ਨੇ ਕਿਹਾ: “ਸਾਡੇ ਕੰਨ ਜੋ ਕੁਝ ਸੁਣਦੇ ਹਨ, ਸਾਡਾ ਮਨ ਉਨ੍ਹਾਂ ਦੀ ਤਸਵੀਰ ਬਣਾਉਂਦਾ ਹੈ।” ਅਸੀਂ ਤਸਵੀਰਾਂ ਦੀ ਮਦਦ ਨਾਲ ਕਿਸੇ ਗੱਲ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਾਂ, ਇਸ ਲਈ ਮਿਸਾਲਾਂ ਵਰਤਣੀਆਂ ਬਹੁਤ ਫ਼ਾਇਦੇਮੰਦ ਹਨ। ਇਹ ਸ਼ਬਦਾਂ ਵਿਚ ਜਾਨ ਪਾਉਂਦੀਆਂ ਹਨ ਅਤੇ ਸਿੱਖੀਆਂ ਗੱਲਾਂ ਸਾਡੇ ਮਨਾਂ ਵਿਚ ਹਮੇਸ਼ਾ ਲਈ ਬੈਠ ਜਾਂਦੀਆਂ ਹਨ।

3 ਅੱਜ ਤਕ ਧਰਤੀ ਉੱਤੇ ਯਿਸੂ ਮਸੀਹ ਵਰਗਾ ਮਹਾਨ ਗੁਰੂ ਪੈਦਾ ਨਹੀਂ ਹੋਇਆ। ਅੱਜ ਵੀ ਲੋਕਾਂ ਨੂੰ ਉਸ ਦੀਆਂ ਮਿਸਾਲਾਂ ਯਾਦ ਹਨ। ਯਿਸੂ ਨੇ ਸਿਖਾਉਣ ਲਈ ਇਹ ਖ਼ਾਸ ਤਰੀਕਾ ਕਿਉਂ ਵਰਤਿਆ ਸੀ? ਉਸ ਦੀਆਂ ਮਿਸਾਲਾਂ ਇੰਨੀਆਂ ਅਸਰਦਾਰ ਕਿਉਂ ਸਨ? ਅਤੇ ਅਸੀਂ ਪ੍ਰਚਾਰ ਵਿਚ ਮਿਸਾਲਾਂ ਕਿਵੇਂ ਵਰਤ ਸਕਦੇ ਹਾਂ?

ਯਿਸੂ ਨੇ ਮਿਸਾਲਾਂ ਦੇ ਕੇ ਕਿਉਂ ਸਿਖਾਇਆ?

4, 5. ਯਿਸੂ ਮਿਸਾਲਾਂ ਕਿਉਂ ਵਰਤਦਾ ਸੀ?

4 ਬਾਈਬਲ ਦੱਸਦੀ ਹੈ ਕਿ ਯਿਸੂ ਨੇ ਦੋ ਜ਼ਰੂਰੀ ਕਾਰਨਾਂ ਕਰਕੇ ਮਿਸਾਲਾਂ ਵਰਤੀਆਂ। ਪਹਿਲਾ ਕਾਰਨ, ਉਹ ਭਵਿੱਖਬਾਣੀ ਪੂਰੀ ਕਰ ਰਿਹਾ ਸੀ। ਮੱਤੀ 13:34, 35 ਵਿਚ ਲਿਖਿਆ ਹੈ: “ਯਿਸੂ ਨੇ ਮਿਸਾਲਾਂ ਵਰਤ ਕੇ ਭੀੜ ਨੂੰ ਇਹ ਸਾਰੀਆਂ ਗੱਲਾਂ ਦੱਸੀਆਂ। ਅਸਲ ਵਿਚ, ਉਹ ਮਿਸਾਲਾਂ ਤੋਂ ਬਿਨਾਂ ਉਨ੍ਹਾਂ ਨਾਲ ਗੱਲ ਨਹੀਂ ਸੀ ਕਰਦਾ। ਇਸ ਤਰ੍ਹਾਂ ਨਬੀ ਦੀ ਇਹ ਗੱਲ ਪੂਰੀ ਹੋਈ: ‘ਮੈਂ ਗੱਲ ਕਰਨ ਵੇਲੇ ਮਿਸਾਲਾਂ ਵਰਤਾਂਗਾ।’” ਇੱਥੇ ਮੱਤੀ ਉਸ ਨਬੀ ਦੀ ਗੱਲ ਕਰ ਰਿਹਾ ਸੀ ਜਿਸ ਨੇ ਜ਼ਬੂਰ 78:2 ਲਿਖਿਆ ਸੀ। ਜ਼ਬੂਰਾਂ ਦੇ ਲਿਖਾਰੀ ਨੇ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਨਾਲ ਯਿਸੂ ਦੇ ਜਨਮ ਤੋਂ ਕਈ ਸਦੀਆਂ ਪਹਿਲਾਂ ਇਹ ਗੱਲ ਲਿਖੀ ਸੀ। ਜ਼ਰਾ ਸੋਚੋ ਕਿ ਯਹੋਵਾਹ ਨੇ ਸਦੀਆਂ ਪਹਿਲਾਂ ਹੀ ਇਹ ਗੱਲ ਲਿਖਵਾ ਦਿੱਤੀ ਸੀ ਕਿ ਉਸ ਦਾ ਪੁੱਤਰ ਸਿੱਖਿਆ ਦੇਣ ਵੇਲੇ ਮਿਸਾਲਾਂ ਵਰਤੇਗਾ। ਇਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਸਿਖਾਉਣ ਦੇ ਇਸ ਤਰੀਕੇ ਨੂੰ ਅਹਿਮ ਸਮਝਦਾ ਹੈ।

5 ਦੂਜਾ ਕਾਰਨ, ਮਿਸਾਲਾਂ ਰਾਹੀਂ ਯਿਸੂ ਨੂੰ ਪਤਾ ਲੱਗ ਜਾਂਦਾ ਸੀ ਕਿ ਕਿਹੜੇ ਲੋਕ ਉਸ ਦੀਆਂ ਗੱਲਾਂ ਸੁਣਨੀਆਂ ਚਾਹੁੰਦੇ ਸਨ ਤੇ ਕਿਹੜੇ ਨਹੀਂ। (ਮੱਤੀ 13:10-15; ਯਸਾਯਾਹ 6:9, 10) ਉਸ ਦੀਆਂ ਮਿਸਾਲਾਂ ਤੋਂ ਜ਼ਾਹਰ ਹੋ ਜਾਂਦਾ ਸੀ ਕਿ ਲੋਕਾਂ ਦੇ ਦਿਲਾਂ ਵਿਚ ਕੀ ਸੀ। ਉਹ ਚਾਹੁੰਦਾ ਸੀ ਕਿ ਲੋਕ ਉਸ ਕੋਲ ਆ ਕੇ ਮਿਸਾਲਾਂ ਦਾ ਮਤਲਬ ਪੁੱਛਣ ਤਾਂਕਿ ਉਹ ਉਸ ਦੀਆਂ ਗੱਲਾਂ ਨੂੰ ਪੂਰੀ ਤਰ੍ਹਾਂ ਸਮਝ ਸਕਣ। ਨਿਮਰ ਲੋਕ ਉਸ ਕੋਲ ਆਉਂਦੇ ਸਨ, ਪਰ ਘਮੰਡੀ ਜਾਂ ਦਿਲਚਸਪੀ ਨਾ ਰੱਖਣ ਵਾਲੇ ਲੋਕ ਨਹੀਂ ਆਉਂਦੇ ਸਨ। (ਮੱਤੀ 13:36; ਮਰਕੁਸ 4:34) ਯਿਸੂ ਦੀਆਂ ਮਿਸਾਲਾਂ ਰਾਹੀਂ ਨਿਮਰ ਲੋਕਾਂ ਨੇ ਸੱਚਾਈ ਸਿੱਖੀ ਜਦ ਕਿ ਘਮੰਡੀ ਲੋਕਾਂ ਤੋਂ ਸੱਚਾਈ ਲੁਕੀ ਰਹੀ।

6. ਯਿਸੂ ਦੀਆਂ ਮਿਸਾਲਾਂ ਦੇ ਕਿਹੜੇ ਫ਼ਾਇਦੇ ਸਨ?

6 ਯਿਸੂ ਦੀਆਂ ਮਿਸਾਲਾਂ ਦੇ ਹੋਰ ਵੀ ਕਈ ਫ਼ਾਇਦੇ ਸਨ। ਉਸ ਦੀਆਂ ਮਿਸਾਲਾਂ ਇੰਨੀਆਂ ਦਿਲਚਸਪ ਸਨ ਕਿ ਲੋਕ ਸੁਣਨ ਲਈ ਮਜਬੂਰ ਹੋ ਜਾਂਦੇ ਸਨ। ਉਨ੍ਹਾਂ ਦੇ ਮਨਾਂ ਵਿਚ ਤਸਵੀਰਾਂ ਬਣਦੀਆਂ ਸਨ ਜਿਸ ਕਰਕੇ ਉਹ ਆਸਾਨੀ ਨਾਲ ਉਸ ਦੀਆਂ ਗੱਲਾਂ ਸਮਝ ਕੇ ਯਾਦ ਰੱਖ ਸਕਦੇ ਸਨ। ਮੱਤੀ 5:3–7:27 ਵਿਚ ਦਰਜ ਯਿਸੂ ਦੇ ਮਸ਼ਹੂਰ ਉਪਦੇਸ਼ ਵਿਚ ਉਸ ਨੇ ਬਹੁਤ ਸਾਰੀਆਂ ਮਿਸਾਲਾਂ ਇਸਤੇਮਾਲ ਕੀਤੀਆਂ। ਇਕ ਲਿਖਾਰੀ ਮੁਤਾਬਕ ਯਿਸੂ ਨੇ ਇਸ ਉਪਦੇਸ਼ ਵਿਚ ਤਕਰੀਬਨ 50 ਵੱਖੋ-ਵੱਖਰੀਆਂ ਮਿਸਾਲਾਂ ਵਰਤੀਆਂ। ਅਸੀਂ ਇਸ ਉਪਦੇਸ਼ ਨੂੰ ਤਕਰੀਬਨ 20 ਮਿੰਟਾਂ ਵਿਚ ਪੜ੍ਹ ਸਕਦੇ ਹਾਂ। ਇਸ ਦਾ ਮਤਲਬ ਹੈ ਕਿ ਉਸ ਨੇ ਲਗਭਗ ਹਰ 20 ਸਕਿੰਟਾਂ ਬਾਅਦ ਇਕ ਮਿਸਾਲ ਦਿੱਤੀ! ਵਾਕਈ, ਯਿਸੂ ਨੇ ਆਪਣੀਆਂ ਗੱਲਾਂ ਵਿਚ ਤਸਵੀਰੀ ਭਾਸ਼ਾ ਵਰਤਣੀ ਬਹੁਤ ਜ਼ਰੂਰੀ ਸਮਝੀ!

7. ਸਾਨੂੰ ਯਿਸੂ ਵਾਂਗ ਮਿਸਾਲਾਂ ਕਿਉਂ ਵਰਤਣੀਆਂ ਚਾਹੀਦੀਆਂ ਹਨ?

7 ਯਿਸੂ ਦੇ ਚੇਲੇ ਹੋਣ ਕਰਕੇ ਅਸੀਂ ਵੀ ਉਸ ਵਾਂਗ ਸਿੱਖਿਆ ਦੇਣ ਵੇਲੇ ਮਿਸਾਲਾਂ ਵਰਤਣੀਆਂ ਚਾਹੁੰਦੇ ਹਾਂ। ਜਿਵੇਂ ਅਸੀਂ ਕਿਸੇ ਸਬਜ਼ੀ ਵਿਚ ਮਿਰਚ-ਮਸਾਲਾ ਪਾ ਕੇ ਉਸ ਨੂੰ ਲਜ਼ੀਜ਼ ਬਣਾਉਂਦੇ ਹਾਂ, ਇਸੇ ਤਰ੍ਹਾਂ ਮਿਸਾਲਾਂ ਵਰਤ ਕੇ ਅਸੀਂ ਆਪਣੀਆਂ ਗੱਲਾਂ ਨੂੰ ਦਮਦਾਰ ਬਣਾ ਸਕਦੇ ਹਾਂ। ਵਧੀਆ ਤਸਵੀਰੀ ਭਾਸ਼ਾ ਦੀ ਮਦਦ ਨਾਲ ਲੋਕ ਜ਼ਰੂਰੀ ਗੱਲਾਂ ਨੂੰ ਆਸਾਨੀ ਨਾਲ ਸਮਝ ਸਕਦੇ ਹਨ। ਆਓ ਆਪਾਂ ਇਸ ਉੱਤੇ ਗੌਰ ਕਰੀਏ ਕਿ ਯਿਸੂ ਦੀਆਂ ਮਿਸਾਲਾਂ ਇੰਨੀਆਂ ਅਸਰਦਾਰ ਕਿਉਂ ਸਨ। ਫਿਰ ਅਸੀਂ ਦੇਖ ਸਕਾਂਗੇ ਕਿ ਅਸੀਂ ਸਿੱਖਿਆ ਦੇਣ ਦੇ ਇਸ ਵਧੀਆ ਤਰੀਕੇ ਨੂੰ ਕਿਵੇਂ ਵਰਤ ਸਕਦੇ ਹਾਂ।

ਸੌਖੀਆਂ ਮਿਸਾਲਾਂ ਵਰਤੋ

ਯਿਸੂ ਨੇ ਪੰਛੀਆਂ ਤੇ ਫੁੱਲਾਂ ਦੀ ਮਿਸਾਲ ਦੇ ਕੇ ਕਿਵੇਂ ਦਿਖਾਇਆ ਕਿ ਪਰਮੇਸ਼ੁਰ ਸਾਡੀ ਦੇਖ-ਭਾਲ ਕਰੇਗਾ?

8, 9. ਯਿਸੂ ਨੇ ਇਕ ਚੀਜ਼ ਦੀ ਤੁਲਨਾ ਕਿਸੇ ਹੋਰ ਚੀਜ਼ ਨਾਲ ਕਰ ਕੇ ਆਪਣੀਆਂ ਗੱਲਾਂ ਦਮਦਾਰ ਤਰੀਕੇ ਨਾਲ ਕਿਵੇਂ ਸਮਝਾਈਆਂ?

8 ਯਿਸੂ ਸਿਖਾਉਂਦੇ ਵੇਲੇ ਥੋੜ੍ਹੇ ਅਤੇ ਸੌਖੇ ਸ਼ਬਦਾਂ ਵਿਚ ਮਿਸਾਲਾਂ ਦਿੰਦਾ ਸੀ ਜਿਸ ਨਾਲ ਲੋਕਾਂ ਦੇ ਮਨਾਂ ਵਿਚ ਸਾਫ਼-ਸਾਫ਼ ਤਸਵੀਰ ਬਣ ਜਾਂਦੀ ਸੀ। ਇੱਦਾਂ ਉਹ ਆਸਾਨੀ ਨਾਲ ਪਰਮੇਸ਼ੁਰ ਦੀਆਂ ਗੱਲਾਂ ਸਮਝ ਜਾਂਦੇ ਸਨ। ਉਦਾਹਰਣ ਲਈ, ਜਦੋਂ ਉਹ ਆਪਣੇ ਚੇਲਿਆਂ ਨੂੰ ਜ਼ਿੰਦਗੀ ਦੀਆਂ ਲੋੜਾਂ ਬਾਰੇ ਚਿੰਤਾ ਨਾ ਕਰਨ ਦੀ ਸਲਾਹ ਦੇ ਰਿਹਾ ਸੀ, ਤਾਂ ਉਸ ਨੇ “ਆਕਾਸ਼ ਦੇ ਪੰਛੀਆਂ” ਅਤੇ “ਜੰਗਲੀ ਫੁੱਲਾਂ” ਦੀ ਮਿਸਾਲ ਦਿੱਤੀ। ਉਸ ਨੇ ਸਮਝਾਇਆ ਕਿ ਪੰਛੀ ਨਾ ਬੀਜਦੇ ਤੇ ਨਾ ਵੱਢਦੇ ਹਨ ਅਤੇ ਫੁੱਲ ਨਾ ਮਿਹਨਤ ਕਰਦੇ ਤੇ ਨਾ ਹੀ ਕੱਤਦੇ ਹਨ। ਫਿਰ ਵੀ ਪਰਮੇਸ਼ੁਰ ਉਨ੍ਹਾਂ ਦੀ ਦੇਖ-ਭਾਲ ਕਰਦਾ ਹੈ। ਉਸ ਦੀ ਗੱਲ ਸਮਝਣੀ ਕਿੰਨੀ ਆਸਾਨ ਹੈ ਕਿ ਜੇ ਪਰਮੇਸ਼ੁਰ ਪੰਛੀਆਂ ਤੇ ਫੁੱਲਾਂ ਦੀ ਦੇਖ-ਭਾਲ ਕਰਦਾ ਹੈ, ਤਾਂ ਉਹ ਉਨ੍ਹਾਂ ਦੀਆਂ ਲੋੜਾਂ ਜ਼ਰੂਰ ਪੂਰੀਆਂ ਕਰੇਗਾ ਜੋ ਉਸ ਦੇ “ਰਾਜ ਨੂੰ ਆਪਣੀ ਜ਼ਿੰਦਗੀ ਵਿਚ ਹਮੇਸ਼ਾ ਪਹਿਲ” ਦਿੰਦੇ ਹਨ।—ਮੱਤੀ 6:26, 28-33.

9 ਕਈ ਵਾਰ ਯਿਸੂ ਆਪਣੀਆਂ ਮਿਸਾਲਾਂ ਵਿਚ ਇਕ ਚੀਜ਼ ਦੀ ਤੁਲਨਾ ਕਿਸੇ ਹੋਰ ਚੀਜ਼ ਨਾਲ ਕਰਦਾ ਸੀ। ਪਰ ਉਦੋਂ ਵੀ ਉਹ ਆਪਣੀ ਗੱਲ ਸੌਖੇ ਤਰੀਕੇ ਨਾਲ ਸਮਝਾਉਂਦਾ ਸੀ। ਇਕ ਵਾਰ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ: “ਤੁਸੀਂ ਦੁਨੀਆਂ ਦਾ ਚਾਨਣ ਹੋ।” ਉਸ ਦੇ ਚੇਲੇ ਝੱਟ ਹੀ ਇਹ ਮਿਸਾਲ ਸਮਝ ਗਏ ਕਿ ਉਹ ਆਪਣੀ ਕਹਿਣੀ ਤੇ ਕਰਨੀ ਦੁਆਰਾ ਦੁਨੀਆਂ ਵਿਚ ਸੱਚਾਈ ਦਾ ਚਾਨਣ ਫੈਲਾ ਸਕਦੇ ਸਨ ਅਤੇ ਪਰਮੇਸ਼ੁਰ ਦੀ ਮਹਿਮਾ ਕਰਨ ਵਿਚ ਲੋਕਾਂ ਦੀ ਮਦਦ ਕਰ ਸਕਦੇ ਸਨ। (ਮੱਤੀ 5:14-16) ਯਿਸੂ ਨੇ ਇਹ ਵੀ ਕਿਹਾ ਕਿ “ਤੁਸੀਂ ਧਰਤੀ ਦਾ ਲੂਣ ਹੋ” ਅਤੇ “ਮੈਂ ਅੰਗੂਰੀ ਵੇਲ ਹਾਂ ਅਤੇ ਤੁਸੀਂ ਟਾਹਣੀਆਂ ਹੋ।” (ਮੱਤੀ 5:13; ਯੂਹੰਨਾ 15:5) ਅਜਿਹੀਆਂ ਮਿਸਾਲਾਂ ਭਾਵੇਂ ਬਹੁਤ ਸੌਖੀਆਂ ਸਨ, ਪਰ ਸਨ ਬੜੀਆਂ ਦਮਦਾਰ।

10. ਕੁਝ ਉਦਾਹਰਣਾਂ ਦੇ ਕੇ ਸਮਝਾਓ ਕਿ ਲੋਕਾਂ ਨੂੰ ਸਿਖਾਉਣ ਵੇਲੇ ਤੁਸੀਂ ਮਿਸਾਲਾਂ ਕਿਵੇਂ ਵਰਤ ਸਕਦੇ ਹੋ।

10 ਤੁਸੀਂ ਲੋਕਾਂ ਨੂੰ ਸਿਖਾਉਣ ਵੇਲੇ ਮਿਸਾਲਾਂ ਕਿਵੇਂ ਵਰਤ ਸਕਦੇ ਹੋ? ਤੁਹਾਨੂੰ ਲੰਬੀਆਂ-ਚੌੜੀਆਂ ਕਹਾਣੀਆਂ ਸੁਣਾਉਣ ਦੀ ਲੋੜ ਨਹੀਂ। ਸੌਖੀਆਂ ਮਿਸਾਲਾਂ ਦੇ ਕੇ ਸਮਝਾਓ। ਜੇ ਤੁਸੀਂ ਕਿਸੇ ਨੂੰ ਇਹ ਸਮਝਾਉਣਾ ਹੋਵੇ ਕਿ ਯਹੋਵਾਹ ਲਈ ਮਰੇ ਹੋਇਆਂ ਨੂੰ ਦੁਬਾਰਾ ਜੀਉਂਦਾ ਕਰਨਾ ਕੋਈ ਮੁਸ਼ਕਲ ਕੰਮ ਨਹੀਂ ਹੈ, ਤਾਂ ਤੁਸੀਂ ਕਿਹੜੀ ਮਿਸਾਲ ਵਰਤੋਗੇ? ਬਾਈਬਲ ਵਿਚ ਮੌਤ ਦੀ ਤੁਲਨਾ ਸੌਣ ਨਾਲ ਕੀਤੀ ਗਈ ਹੈ। ਤਾਂ ਫਿਰ, ਤੁਸੀਂ ਕਹਿ ਸਕਦੇ ਹੋ: “ਜਿੱਦਾਂ ਤੁਸੀਂ ਕਿਸੇ ਸੁੱਤੇ ਪਏ ਬੰਦੇ ਨੂੰ ਜਗਾ ਸਕਦੇ ਹੋ, ਉੱਦਾਂ ਹੀ ਪਰਮੇਸ਼ੁਰ ਬੜੀ ਆਸਾਨੀ ਨਾਲ ਮਰੇ ਹੋਇਆਂ ਨੂੰ ਜੀਉਂਦਾ ਕਰ ਸਕਦਾ ਹੈ।” (ਯੂਹੰਨਾ 11:11-14) ਫ਼ਰਜ਼ ਕਰੋ ਜੇ ਤੁਸੀਂ ਕਿਸੇ ਨੂੰ ਇਹ ਸਮਝਾਉਣਾ ਹੋਵੇ ਕਿ ਬੱਚਿਆਂ ਨੂੰ ਵਧਣ-ਫੁੱਲਣ ਲਈ ਲਾਡ-ਪਿਆਰ ਦੀ ਲੋੜ ਹੈ, ਤਾਂ ਤੁਸੀਂ ਕਿਹੜੀ ਮਿਸਾਲ ਵਰਤੋਗੇ? ਬਾਈਬਲ ਕਹਿੰਦੀ ਹੈ: ਬੱਚੇ “ਜ਼ੈਤੂਨ ਦੇ ਬੂਟਿਆਂ” ਵਰਗੇ ਹੁੰਦੇ ਹਨ। (ਜ਼ਬੂਰਾਂ ਦੀ ਪੋਥੀ 128:3) ਇਹ ਹਵਾਲਾ ਦਿਖਾ ਕੇ ਤੁਸੀਂ ਕਹਿ ਸਕਦੇ ਹੋ: “ਜਿੱਦਾਂ ਇਕ ਬੂਟੇ ਨੂੰ ਸੂਰਜ ਦੀ ਰੌਸ਼ਨੀ ਅਤੇ ਪਾਣੀ ਦੀ ਲੋੜ ਹੁੰਦੀ ਹੈ, ਉੱਦਾਂ ਹੀ ਬੱਚਿਆਂ ਨੂੰ ਲਾਡ-ਪਿਆਰ ਦੀ ਲੋੜ ਹੁੰਦੀ ਹੈ।” ਜਿੰਨੀ ਸੌਖੀ ਸਾਡੀ ਮਿਸਾਲ ਹੋਵੇਗੀ, ਉੱਨੀ ਹੀ ਆਸਾਨੀ ਨਾਲ ਲੋਕ ਸਾਡੀ ਗੱਲ ਸਮਝ ਪਾਉਣਗੇ।

ਰੋਜ਼ਾਨਾ ਜ਼ਿੰਦਗੀ ਦੀਆਂ ਮਿਸਾਲਾਂ ਵਰਤੋ

11. ਯਿਸੂ ਨੇ ਗਲੀਲ ਵਿਚ ਦੇਖੀਆਂ ਕਿਨ੍ਹਾਂ ਚੀਜ਼ਾਂ ਦੀਆਂ ਮਿਸਾਲਾਂ ਦਿੱਤੀਆਂ?

11 ਯਿਸੂ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਜੁੜੀਆਂ ਆਮ ਗੱਲਾਂ ਦੀਆਂ ਮਿਸਾਲਾਂ ਦੇਣ ਵਿਚ ਮਾਹਰ ਸੀ। ਉਸ ਨੇ ਉਨ੍ਹਾਂ ਚੀਜ਼ਾਂ ਦੀਆਂ ਮਿਸਾਲਾਂ ਦਿੱਤੀਆਂ ਜੋ ਉਸ ਨੇ ਗਲੀਲ ਵਿਚ ਰਹਿੰਦਿਆਂ ਦੇਖੀਆਂ ਸਨ। ਜ਼ਰਾ ਸੋਚੋ ਉਸ ਨੇ ਬਚਪਨ ਵਿਚ ਕਿੰਨੀ ਵਾਰ ਆਪਣੀ ਮਾਂ ਨੂੰ ਚੱਕੀ ਪੀਂਹਦੇ, ਆਟੇ ਵਿਚ ਖਮੀਰ ਰਲਾਉਂਦੇ, ਦੀਵਾ ਬਾਲ਼ਦੇ ਅਤੇ ਘਰ ਵਿਚ ਝਾੜੂ ਫੇਰਦੇ ਹੋਏ ਦੇਖਿਆ ਹੋਣਾ। (ਮੱਤੀ 13:33; 24:41; ਲੂਕਾ 15:8) ਉਸ ਨੇ ਕਿੰਨੀ ਵਾਰ ਮਛਿਆਰਿਆਂ ਨੂੰ ਗਲੀਲ ਦੀ ਝੀਲ ਵਿਚ ਜਾਲ਼ ਸੁੱਟਦੇ ਹੋਏ ਦੇਖਿਆ ਹੋਣਾ। (ਮੱਤੀ 13:47) ਉਸ ਨੇ ਕਿੰਨੀ ਵਾਰ ਬਾਜ਼ਾਰ ਵਿਚ ਬੱਚਿਆਂ ਨੂੰ ਖੇਡਦੇ ਹੋਏ ਦੇਖਿਆ ਹੋਣਾ। (ਮੱਤੀ 11:16) ਨਾਲੇ ਯਿਸੂ ਨੇ ਹੋਰ ਬਹੁਤ ਸਾਰੀਆਂ ਚੀਜ਼ਾਂ ਦੇਖੀਆਂ ਹੋਣੀਆਂ ਜਿਵੇਂ ਕਿ ਲੋਕਾਂ ਨੂੰ ਬੀ ਬੀਜਦੇ, ਵਿਆਹ-ਸ਼ਾਦੀਆਂ ਕਰਦੇ-ਕਰਾਉਂਦੇ ਤੇ ਖੇਤਾਂ ਵਿਚ ਫ਼ਸਲਾਂ ਨੂੰ ਧੁੱਪੇ ਪੱਕਦੇ। ਇਨ੍ਹਾਂ ਸਭ ਚੀਜ਼ਾਂ ਦਾ ਜ਼ਿਕਰ ਉਸ ਨੇ ਆਪਣੀਆਂ ਮਿਸਾਲਾਂ ਵਿਚ ਕੀਤਾ।—ਮੱਤੀ 13:3-8; 25:1-12; ਮਰਕੁਸ 4:26-29.

12, 13. ਸਾਮਰੀ ਬੰਦੇ ਦੀ ਕਹਾਣੀ ਵਿਚ ਯਿਸੂ ਨੇ “ਯਰੂਸ਼ਲਮ ਤੋਂ ਯਰੀਹੋ” ਨੂੰ ਜਾਂਦੇ ਰਸਤੇ ਦਾ ਜ਼ਿਕਰ ਕਿਉਂ ਕੀਤਾ?

12 ਆਪਣੀਆਂ ਮਿਸਾਲਾਂ ਵਿਚ ਯਿਸੂ ਅਜਿਹੀਆਂ ਗੱਲਾਂ ਦੱਸਦਾ ਸੀ ਜਿਨ੍ਹਾਂ ਤੋਂ ਉਸ ਦੇ ਸੁਣਨ ਵਾਲੇ ਚੰਗੀ ਤਰ੍ਹਾਂ ਵਾਕਫ਼ ਸਨ। ਮਿਸਾਲ ਲਈ, ਸਾਮਰੀ ਬੰਦੇ ਦੀ ਕਹਾਣੀ ਯਾਦ ਕਰੋ। ਯਿਸੂ ਨੇ ਕਿਹਾ: “ਇਕ ਆਦਮੀ ਯਰੂਸ਼ਲਮ ਤੋਂ ਯਰੀਹੋ ਜਾ ਰਿਹਾ ਸੀ ਅਤੇ ਰਾਹ ਵਿਚ ਲੁਟੇਰਿਆਂ ਦੇ ਹੱਥ ਆ ਗਿਆ। ਉਨ੍ਹਾਂ ਨੇ ਉਸ ਦਾ ਸਭ ਕੁਝ ਲੁੱਟ ਲਿਆ ਅਤੇ ਮਾਰਿਆ-ਕੁੱਟਿਆ ਅਤੇ ਉਸ ਨੂੰ ਅਧਮੋਇਆ ਛੱਡ ਕੇ ਚਲੇ ਗਏ।” (ਲੂਕਾ 10:30) ਗੌਰ ਕਰੋ ਕਿ ਯਿਸੂ ਨੇ ਉਸ ਰਸਤੇ ਦੀ ਗੱਲ ਕੀਤੀ ਜੋ “ਯਰੂਸ਼ਲਮ ਤੋਂ ਯਰੀਹੋ” ਨੂੰ ਜਾਂਦਾ ਸੀ। ਇਹ ਕਹਾਣੀ ਦੱਸਦੇ ਵੇਲੇ ਉਹ ਯਹੂਦੀਆ ਦੇ ਇਲਾਕੇ ਵਿਚ ਸੀ ਜੋ ਯਰੂਸ਼ਲਮ ਦੇ ਨੇੜੇ ਸੀ। ਉਸ ਦੇ ਸੁਣਨ ਵਾਲੇ ਇਸ ਰਸਤੇ ਤੋਂ ਵਾਕਫ਼ ਸਨ। ਇਹ ਰਸਤਾ ਕਾਫ਼ੀ ਖ਼ਤਰਨਾਕ ਸੀ, ਖ਼ਾਸ ਕਰਕੇ ਜੇ ਕੋਈ ਇਕੱਲਾ ਉੱਧਰੋਂ ਦੀ ਲੰਘਦਾ ਹੋਵੇ। ਇਸ ਸੁੰਨੇ ਰਸਤੇ ਵਿਚ ਬਹੁਤ ਮੋੜ-ਘੇੜ ਸਨ ਜਿਸ ਕਰਕੇ ਲੁਟੇਰਿਆਂ ਲਈ ਲੁਕਣ ਵਾਸਤੇ ਕਾਫ਼ੀ ਥਾਵਾਂ ਸਨ।

13 ਧਿਆਨ ਦਿਓ ਕਿ “ਯਰੂਸ਼ਲਮ ਤੋਂ ਯਰੀਹੋ” ਨੂੰ ਜਾਂਦੇ ਰਸਤੇ ਬਾਰੇ ਯਿਸੂ ਨੇ ਹੋਰ ਕਿਹੜੀਆਂ ਗੱਲਾਂ ਦੱਸੀਆਂ। ਇਸ ਕਹਾਣੀ ਅਨੁਸਾਰ ਪਹਿਲਾਂ ਇਕ ਪੁਜਾਰੀ, ਫਿਰ ਇਕ ਲੇਵੀ ਉਸ ਰਸਤਿਓਂ ਉਤਰਿਆ, ਪਰ ਉਨ੍ਹਾਂ ਵਿੱਚੋਂ ਕਿਸੇ ਨੇ ਵੀ ਉਸ ਬੰਦੇ ਦੀ ਮਦਦ ਨਹੀਂ ਕੀਤੀ। (ਲੂਕਾ 10:31, 32) ਪੁਜਾਰੀ ਯਰੂਸ਼ਲਮ ਦੇ ਮੰਦਰ ਵਿਚ ਸੇਵਾ ਕਰਦੇ ਸਨ ਅਤੇ ਲੇਵੀ ਪੁਜਾਰੀਆਂ ਦੀ ਮਦਦ ਕਰਦੇ ਸਨ। ਜਦੋਂ ਉਹ ਮੰਦਰ ਵਿਚ ਸੇਵਾ ਨਹੀਂ ਕਰ ਰਹੇ ਹੁੰਦੇ ਸਨ, ਤਾਂ ਕਈ ਪੁਜਾਰੀ ਅਤੇ ਲੇਵੀ ਯਰੀਹੋ ਵਿਚ ਹੀ ਰਹਿੰਦੇ ਸਨ ਜੋ ਯਰੂਸ਼ਲਮ ਤੋਂ ਸਿਰਫ਼ 23 ਕਿਲੋਮੀਟਰ ਦੂਰ ਸੀ। ਇਸ ਲਈ ਉਹ ਅਕਸਰ ਇਸ ਰਸਤਿਓਂ ਆਉਂਦੇ-ਜਾਂਦੇ ਸਨ। ਇਹ ਵੀ ਧਿਆਨ ਦਿਓ ਕਿ ਸਾਮਰੀ ਬੰਦਾ ਯਰੂਸ਼ਲਮ ਤੋਂ ਥੱਲੇ ਨੂੰ ਜਾ ਰਿਹਾ ਸੀ। ਲੋਕ ਇਸ ਗੱਲ ਨੂੰ ਜਾਣਦੇ ਸਨ ਕਿਉਂਕਿ ਯਰੂਸ਼ਲਮ, ਯਰੀਹੋ ਨਾਲੋਂ ਉੱਚੀ ਜਗ੍ਹਾ ’ਤੇ ਸੀ। ਇਸ ਲਈ “ਯਰੂਸ਼ਲਮ ਤੋਂ ਯਰੀਹੋ” ਨੂੰ ਜਾਣ ਵਾਲੇ ਮੁਸਾਫ਼ਰ ਨੂੰ ਹੇਠਾਂ ਉਤਰਨਾ ਪੈਂਦਾ ਸੀ। * ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਯਿਸੂ ਆਪਣੇ ਸੁਣਨ ਵਾਲਿਆਂ ਨੂੰ ਧਿਆਨ ਵਿਚ ਰੱਖ ਕੇ ਗੱਲ ਕਰਦਾ ਸੀ।

14. ਮਿਸਾਲਾਂ ਦਿੰਦੇ ਵੇਲੇ ਅਸੀਂ ਆਪਣੇ ਸੁਣਨ ਵਾਲਿਆਂ ਨੂੰ ਧਿਆਨ ਵਿਚ ਕਿਵੇਂ ਰੱਖ ਸਕਦੇ ਹਾਂ?

14 ਮਿਸਾਲਾਂ ਦਿੰਦੇ ਵੇਲੇ ਸਾਨੂੰ ਵੀ ਆਪਣੇ ਸੁਣਨ ਵਾਲਿਆਂ ਨੂੰ ਧਿਆਨ ਵਿਚ ਰੱਖਣ ਦੀ ਲੋੜ ਹੈ। ਅਸੀਂ ਉਨ੍ਹਾਂ ਦੀ ਉਮਰ, ਸਭਿਆਚਾਰ, ਪਿਛੋਕੜ ਅਤੇ ਨੌਕਰੀ-ਪੇਸ਼ੇ ਨੂੰ ਧਿਆਨ ਵਿਚ ਰੱਖ ਸਕਦੇ ਹਾਂ। ਉਦਾਹਰਣ ਲਈ, ਖੇਤੀ-ਬਾੜੀ ਦੀ ਮਿਸਾਲ ਸ਼ਹਿਰਾਂ ਨਾਲੋਂ ਪੇਂਡੂ ਇਲਾਕਿਆਂ ਵਿਚ ਰਹਿੰਦੇ ਲੋਕਾਂ ਨੂੰ ਛੇਤੀ ਸਮਝ ਆਵੇਗੀ। ਜੇ ਅਸੀਂ ਲੋਕਾਂ ਦੀ ਰੋਜ਼ਮੱਰਾ ਦੀ ਜ਼ਿੰਦਗੀ ਯਾਨੀ ਉਨ੍ਹਾਂ ਦੇ ਬੱਚਿਆਂ, ਘਰ-ਬਾਰ, ਸ਼ੌਕ ਅਤੇ ਖਾਣ-ਪੀਣ ਦੀਆਂ ਚੀਜ਼ਾਂ ਬਾਰੇ ਮਿਸਾਲਾਂ ਦੇਈਏ, ਤਾਂ ਇਹ ਜ਼ਿਆਦਾ ਢੁਕਵੀਆਂ ਹੋਣਗੀਆਂ।

ਸ੍ਰਿਸ਼ਟੀ ਦੀਆਂ ਮਿਸਾਲਾਂ ਵਰਤੋ

15. ਯਿਸੂ ਸ੍ਰਿਸ਼ਟੀ ਬਾਰੇ ਇੰਨਾ ਕੁਝ ਕਿਵੇਂ ਜਾਣਦਾ ਸੀ?

15 ਯਿਸੂ ਦੀਆਂ ਕਈ ਮਿਸਾਲਾਂ ਤੋਂ ਜ਼ਾਹਰ ਹੁੰਦਾ ਹੈ ਕਿ ਉਹ ਪੌਦਿਆਂ, ਜਾਨਵਰਾਂ ਅਤੇ ਮੌਸਮ ਬਾਰੇ ਬਹੁਤ ਕੁਝ ਜਾਣਦਾ ਸੀ। (ਮੱਤੀ 16:2, 3; ਲੂਕਾ 12:24, 27) ਉਸ ਨੂੰ ਇਹ ਗਿਆਨ ਕਿੱਥੋਂ ਮਿਲਿਆ ਸੀ? ਇਸ ਵਿਚ ਕੋਈ ਸ਼ੱਕ ਨਹੀਂ ਕਿ ਗਲੀਲ ਵਿਚ ਵੱਡੇ ਹੁੰਦੇ ਹੋਏ ਉਸ ਨੇ ਕਈ ਵਾਰ ਸ੍ਰਿਸ਼ਟੀ ਦੀਆਂ ਚੀਜ਼ਾਂ ਵੱਲ ਧਿਆਨ ਦਿੱਤਾ ਹੋਣਾ। ਨਾਲੇ ਯਿਸੂ “ਸਾਰੀ ਸ੍ਰਿਸ਼ਟੀ ਵਿੱਚੋਂ ਜੇਠਾ ਹੈ” ਅਤੇ ਯਹੋਵਾਹ ਨੇ ਉਸ ਨੂੰ ਸਭ ਕੁਝ ਬਣਾਉਣ ਲਈ “ਰਾਜ ਮਿਸਤਰੀ” ਵਜੋਂ ਇਸਤੇਮਾਲ ਕੀਤਾ ਸੀ। (ਕੁਲੁੱਸੀਆਂ 1:15, 16; ਕਹਾਉਤਾਂ 8:30, 31) ਇਸੇ ਕਰਕੇ ਉਹ ਸ੍ਰਿਸ਼ਟੀ ਬਾਰੇ ਬਹੁਤ ਕੁਝ ਜਾਣਦਾ ਸੀ। ਆਓ ਆਪਾਂ ਦੇਖੀਏ ਕਿ ਉਸ ਨੇ ਸਿੱਖਿਆ ਦੇਣ ਲਈ ਇਹ ਗਿਆਨ ਕਿਵੇਂ ਵਰਤਿਆ।

16, 17. (ੳ) ਕਿਸ ਗੱਲ ਤੋਂ ਪਤਾ ਲੱਗਦਾ ਹੈ ਕਿ ਯਿਸੂ ਭੇਡਾਂ ਬਾਰੇ ਚੰਗੀ ਤਰ੍ਹਾਂ ਜਾਣਦਾ ਸੀ? (ਅ) ਅਸੀਂ ਕਿੱਦਾਂ ਕਹਿ ਸਕਦੇ ਹਾਂ ਕਿ ਭੇਡਾਂ ਵਾਕਈ ਆਪਣੇ ਚਰਵਾਹੇ ਦੀ ਆਵਾਜ਼ ਨੂੰ ਪਛਾਣਦੀਆਂ ਹਨ?

16 ਯਾਦ ਕਰੋ ਕਿ ਯਿਸੂ ਨੇ ਖ਼ੁਦ ਨੂੰ “ਵਧੀਆ ਚਰਵਾਹਾ” ਅਤੇ ਆਪਣੇ ਚੇਲਿਆਂ ਨੂੰ “ਆਪਣੀਆਂ ਭੇਡਾਂ” ਕਿਹਾ ਸੀ। ਉਹ ਭੇਡਾਂ ਬਾਰੇ ਚੰਗੀ ਤਰ੍ਹਾਂ ਜਾਣਦਾ ਸੀ। ਉਸ ਨੂੰ ਪਤਾ ਸੀ ਕਿ ਇਕ ਚਰਵਾਹੇ ਅਤੇ ਉਸ ਦੀਆਂ ਭੇਡਾਂ ਵਿਚਕਾਰ ਗੂੜ੍ਹਾ ਰਿਸ਼ਤਾ ਹੁੰਦਾ ਹੈ। ਉਸ ਨੇ ਕਿਹਾ ਕਿ ਭੇਡਾਂ ਨੂੰ ਚਰਵਾਹੇ ’ਤੇ ਇੰਨਾ ਭਰੋਸਾ ਹੁੰਦਾ ਹੈ ਕਿ ਉਹ ਹਮੇਸ਼ਾ ਉਸ ਦੇ ਪਿੱਛੇ-ਪਿੱਛੇ ਜਾਂਦੀਆਂ ਹਨ। ਕਿਉਂ? ਯਿਸੂ ਇਸ ਦਾ ਕਾਰਨ ਦੱਸਦਾ ਹੈ: “ਕਿਉਂਕਿ ਉਹ ਉਸ ਦੀ ਆਵਾਜ਼ ਪਛਾਣਦੀਆਂ ਹਨ।” (ਯੂਹੰਨਾ 10:2-4, 11) ਕੀ ਭੇਡਾਂ ਵਾਕਈ ਆਪਣੇ ਚਰਵਾਹੇ ਦੀ ਆਵਾਜ਼ ਨੂੰ ਪਛਾਣਦੀਆਂ ਹਨ?

17 ਧਿਆਨ ਦਿਓ ਇਕ ਲੇਖਕ ਨੇ ਆਪਣੇ ਤਜਰਬੇ ਬਾਰੇ ਕੀ ਲਿਖਿਆ: “ਕਦੀ-ਕਦੀ ਅਸੀਂ ਯਹੂਦੀਆ ਵਿਚ ਦੁਪਹਿਰ ਨੂੰ ਖੂਹਾਂ ਕੋਲ ਆਰਾਮ ਕਰਦੇ ਹੁੰਦੇ ਸੀ ਜਿੱਥੇ ਤਿੰਨ ਜਾਂ ਚਾਰ ਚਰਵਾਹੇ ਆਪਣੀਆਂ ਭੇਡਾਂ ਲੈ ਕੇ ਆਉਂਦੇ ਸਨ। ਇਹ ਸਾਰੀਆਂ ਭੇਡਾਂ ਆਪਸ ਵਿਚ ਰਲ਼-ਮਿਲ ਜਾਂਦੀਆਂ ਸਨ ਅਤੇ ਅਸੀਂ ਸੋਚਦੇ ਹੁੰਦੇ ਸੀ ਕਿ ਇਹ ਚਰਵਾਹੇ ਆਪੋ-ਆਪਣੀਆਂ ਭੇਡਾਂ ਕਿੱਦਾਂ ਪਛਾਣਨਗੇ। ਪਰ ਜਦੋਂ ਭੇਡਾਂ ਪਾਣੀ ਪੀ ਕੇ ਅਤੇ ਖੇਡ-ਖੂਡ ਕੇ ਹਟਦੀਆਂ ਸਨ, ਤਾਂ ਚਰਵਾਹੇ ਇਕ ਦੂਜੇ ਤੋਂ ਦੂਰ-ਦੂਰ ਖੜ੍ਹ ਕੇ ਆਪੋ-ਆਪਣੀਆਂ ਭੇਡਾਂ ਨੂੰ ਆਵਾਜ਼ ਮਾਰਦੇ ਸਨ। ਸਾਰੀਆਂ ਭੇਡਾਂ ਆਪੋ-ਆਪਣੇ ਚਰਵਾਹੇ ਵੱਲ ਉਸੇ ਤਰ੍ਹਾਂ ਚੱਲੀਆਂ ਜਾਂਦੀਆਂ ਸਨ ਜਿੱਦਾਂ ਉਹ ਆਈਆਂ ਸਨ।” ਯਿਸੂ ਆਪਣੀ ਗੱਲ ਸਮਝਾਉਣ ਲਈ ਇਸ ਤੋਂ ਵਧੀਆ ਮਿਸਾਲ ਨਹੀਂ ਵਰਤ ਸਕਦਾ ਸੀ। ਜੇ ਅਸੀਂ ਉਸ ਦੀਆਂ ਸਿੱਖਿਆਵਾਂ ਨੂੰ ਜਾਣ ਕੇ ਉਨ੍ਹਾਂ ਉੱਤੇ ਚੱਲਾਂਗੇ ਅਤੇ ਉਸ ਦੇ ਪਿੱਛੇ-ਪਿੱਛੇ ਤੁਰਾਂਗੇ, ਤਾਂ ਉਹ ਇਕ ‘ਵਧੀਆ ਚਰਵਾਹੇ’ ਵਾਂਗ ਸਾਡੀ ਦੇਖ-ਭਾਲ ਕਰੇਗਾ।

18. ਅਸੀਂ ਯਹੋਵਾਹ ਦੀ ਸ੍ਰਿਸ਼ਟੀ ਬਾਰੇ ਜਾਣਕਾਰੀ ਕਿੱਥੋਂ ਲੈ ਸਕਦੇ ਹਾਂ?

18 ਅਸੀਂ ਵੀ ਸ੍ਰਿਸ਼ਟੀ ਦੀਆਂ ਮਿਸਾਲਾਂ ਵਰਤ ਸਕਦੇ ਹਾਂ। ਪਰ ਅਸੀਂ ਯਹੋਵਾਹ ਦੁਆਰਾ ਬਣਾਏ ਜਾਨਵਰਾਂ ਅਤੇ ਹੋਰ ਚੀਜ਼ਾਂ ਬਾਰੇ ਕਿੱਥੋਂ ਸਿੱਖ ਸਕਦੇ ਹਾਂ? ਬਾਈਬਲ ਵਿਚ ਤਰ੍ਹਾਂ-ਤਰ੍ਹਾਂ ਦੇ ਜਾਨਵਰਾਂ ਅਤੇ ਉਨ੍ਹਾਂ ਦੀਆਂ ਖੂਬੀਆਂ ਬਾਰੇ ਬਹੁਤ ਸਾਰੀਆਂ ਗੱਲਾਂ ਦੱਸੀਆਂ ਗਈਆਂ ਹਨ। ਮਿਸਾਲ ਲਈ, ਬਾਈਬਲ ਵਿਚ ਹਿਰਨ ਜਾਂ ਚੀਤੇ ਵਾਂਗ ਤੇਜ਼ ਦੌੜਨ, ਸੱਪਾਂ ਵਾਂਗ ਸਾਵਧਾਨ ਰਹਿਣ ਅਤੇ ਕਬੂਤਰਾਂ ਵਾਂਗ ਮਾਸੂਮ ਬਣਨ ਦੀ ਗੱਲ ਕੀਤੀ ਗਈ ਹੈ। (1 ਇਤਹਾਸ 12:8; ਹਬੱਕੂਕ 1:8; ਮੱਤੀ 10:16) ਨਾਲੇ ਪਹਿਰਾਬੁਰਜ, ਜਾਗਰੂਕ ਬਣੋ! ਅਤੇ ਯਹੋਵਾਹ ਦੇ ਗਵਾਹਾਂ ਦੇ ਹੋਰ ਪ੍ਰਕਾਸ਼ਨ ਵੀ ਅਜਿਹੀ ਜਾਣਕਾਰੀ ਨਾਲ ਭਰੇ ਹੋਏ ਹਨ। ਇਨ੍ਹਾਂ ਵਿਚ ਯਹੋਵਾਹ ਦੀ ਸ੍ਰਿਸ਼ਟੀ ਦੇ ਅਜੂਬਿਆਂ ਬਾਰੇ ਦਿੱਤੀਆਂ ਵਧੀਆ ਮਿਸਾਲਾਂ ਨੂੰ ਅਸੀਂ ਵਰਤ ਸਕਦੇ ਹਾਂ।

ਮਸ਼ਹੂਰ ਘਟਨਾਵਾਂ ਦੀਆਂ ਮਿਸਾਲਾਂ ਦਿਓ

19, 20. (ੳ) ਇਕ ਸਿੱਖਿਆ ਨੂੰ ਗ਼ਲਤ ਸਾਬਤ ਕਰਨ ਲਈ ਯਿਸੂ ਨੇ ਕਿਸ ਮਸ਼ਹੂਰ ਘਟਨਾ ਦੀ ਮਿਸਾਲ ਦਿੱਤੀ ਸੀ? (ਅ) ਅਸੀਂ ਲੋਕਾਂ ਨੂੰ ਸਿਖਾਉਂਦੇ ਵੇਲੇ ਜ਼ਿੰਦਗੀ ਦੀਆਂ ਘਟਨਾਵਾਂ ਜਾਂ ਤਜਰਬਿਆਂ ਨੂੰ ਕਿਵੇਂ ਵਰਤ ਸਕਦੇ ਹਾਂ?

19 ਅਸੀਂ ਜ਼ਿੰਦਗੀ ਵਿਚ ਵਾਪਰੀਆਂ ਘਟਨਾਵਾਂ ਤੋਂ ਵਧੀਆ ਮਿਸਾਲਾਂ ਦੇ ਸਕਦੇ ਹਾਂ। ਮਿਸਾਲ ਲਈ ਯਿਸੂ ਦੇ ਜ਼ਮਾਨੇ ਵਿਚ ਕੁਝ ਲੋਕਾਂ ਦਾ ਮੰਨਣਾ ਸੀ ਕਿ ਇਨਸਾਨਾਂ ਨੂੰ ਬੁਰੇ ਕਰਮਾਂ ਕਰਕੇ ਦੁੱਖ ਭੁਗਤਣੇ ਪੈਂਦੇ ਹਨ। ਪਰ ਯਿਸੂ ਨੇ ਇਕ ਮਸ਼ਹੂਰ ਘਟਨਾ ਬਾਰੇ ਗੱਲ ਕਰ ਕੇ ਇਸ ਸਿੱਖਿਆ ਨੂੰ ਝੂਠਾ ਸਾਬਤ ਕੀਤਾ। ਉਸ ਨੇ ਕਿਹਾ: “ਜਿਹੜੇ ਅਠਾਰਾਂ ਲੋਕ ਸੀਲੋਮ ਦਾ ਬੁਰਜ ਡਿਗਣ ਕਰਕੇ ਮਰੇ ਸਨ, ਤੁਹਾਡੇ ਖ਼ਿਆਲ ਵਿਚ ਕੀ ਉਹ ਯਰੂਸ਼ਲਮ ਦੇ ਬਾਕੀ ਸਾਰੇ ਲੋਕਾਂ ਨਾਲੋਂ ਜ਼ਿਆਦਾ ਪਾਪੀ ਸਨ?” (ਲੂਕਾ 13:4) ਨਹੀਂ, ਇਹ 18 ਲੋਕ ਇਸ ਲਈ ਨਹੀਂ ਮਰੇ ਸਨ ਕਿਉਂਕਿ ਰੱਬ ਉਨ੍ਹਾਂ ਨਾਲ ਕਿਸੇ ਗੱਲੋਂ ਨਾਰਾਜ਼ ਸੀ, ਸਗੋਂ ਉਨ੍ਹਾਂ ਦੀ ਮੌਤ ਸਿਰਫ਼ ਇਕ ਹਾਦਸਾ ਸੀ। ਬਾਈਬਲ ਦੱਸਦੀ ਹੈ ਕਿ “ਹਰ ਕਿਸੇ ਉੱਤੇ ਬੁਰਾ ਸਮਾਂ ਆਉਂਦਾ ਹੈ।” (ਉਪਦੇਸ਼ਕ 9:11, CL) ਇੱਦਾਂ ਯਿਸੂ ਨੇ ਇਕ ਮਸ਼ਹੂਰ ਘਟਨਾ ਦੀ ਮਿਸਾਲ ਦੇ ਕੇ ਲੋਕਾਂ ਦੇ ਵਿਚਾਰਾਂ ਨੂੰ ਗ਼ਲਤ ਸਾਬਤ ਕੀਤਾ।

20 ਅਸੀਂ ਯਿਸੂ ਦੀ ਰੀਸ ਕਰਦਿਆਂ ਜ਼ਿੰਦਗੀ ਵਿਚ ਵਾਪਰੀਆਂ ਘਟਨਾਵਾਂ ਜਾਂ ਤਜਰਬਿਆਂ ਨੂੰ ਕਿਵੇਂ ਵਰਤ ਸਕਦੇ ਹਾਂ? ਫ਼ਰਜ਼ ਕਰੋ ਕਿ ਤੁਸੀਂ ਕਿਸੇ ਨੂੰ ਇਹ ਸਮਝਾ ਰਹੇ ਹੋ ਕਿ ਅੱਜ ਯਿਸੂ ਦੀ ਮੌਜੂਦਗੀ ਬਾਰੇ ਭਵਿੱਖਬਾਣੀਆਂ ਪੂਰੀਆਂ ਹੋ ਰਹੀਆਂ ਹਨ। (ਮੱਤੀ 24:3-14) ਤੁਸੀਂ ਸਬੂਤ ਵਜੋਂ ਸ਼ਾਇਦ ਹਾਲ ਹੀ ਵਿਚ ਹੋਈਆਂ ਲੜਾਈਆਂ, ਭੁੱਖਮਰੀਆਂ ਜਾਂ ਭੁਚਾਲ਼ਾਂ ਦਾ ਜ਼ਿਕਰ ਕਰ ਸਕਦੇ ਹੋ। ਜਾਂ ਸ਼ਾਇਦ ਤੁਸੀਂ ਕਿਸੇ ਭੈਣ ਜਾਂ ਭਰਾ ਦਾ ਤਜਰਬਾ ਦੇ ਕੇ ਸਮਝਾ ਸਕਦੇ ਹੋ ਕਿ ਉਸ ਨੇ ਨਵਾਂ ਸੁਭਾਅ ਪੈਦਾ ਕਰਨ ਲਈ ਆਪਣੇ ਵਿਚ ਕਿਹੜੀਆਂ ਤਬਦੀਲੀਆਂ ਕੀਤੀਆਂ। (ਅਫ਼ਸੀਆਂ 4:20-24) ਤੁਹਾਨੂੰ ਅਜਿਹਾ ਤਜਰਬਾ ਕਿੱਥੋਂ ਮਿਲ ਸਕਦਾ ਹੈ? ਤੁਸੀਂ ਮੰਡਲੀ ਦੇ ਕਿਸੇ ਭੈਣ ਜਾਂ ਭਰਾ ਦਾ ਜਾਂ ਫਿਰ ਯਹੋਵਾਹ ਦੇ ਗਵਾਹਾਂ ਦੇ ਪ੍ਰਕਾਸ਼ਨਾਂ ਵਿੱਚੋਂ ਕੋਈ ਤਜਰਬਾ ਦੇ ਸਕਦੇ ਹੋ।

21. ਜੇ ਅਸੀਂ ਪਰਮੇਸ਼ੁਰ ਦੇ ਬਚਨ ਨੂੰ ਵਧੀਆ ਤਰੀਕੇ ਨਾਲ ਸਿਖਾਉਂਦੇ ਹਾਂ, ਤਾਂ ਸਾਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ?

21 ਵਾਕਈ, ਯਿਸੂ ਕਿੰਨਾ ਮਹਾਨ ਸਿੱਖਿਅਕ ਸੀ! ਜਿਵੇਂ ਅਸੀਂ ਇਸ ਭਾਗ ਵਿਚ ਦੇਖਿਆ ਹੈ ਕਿ ਯਿਸੂ ਦੀ ਜ਼ਿੰਦਗੀ ਵਿਚ ਲੋਕਾਂ ਨੂੰ ‘ਸਿੱਖਿਆ ਦੇਣੀ ਅਤੇ ਖ਼ੁਸ਼ ਖ਼ਬਰੀ ਦਾ ਪ੍ਰਚਾਰ’ ਕਰਨਾ ਸਭ ਤੋਂ ਅਹਿਮ ਕੰਮ ਸੀ। (ਮੱਤੀ 4:23) ਸਾਡੇ ਲਈ ਵੀ ਇਹ ਕੰਮ ਉੱਨਾ ਹੀ ਜ਼ਰੂਰੀ ਹੈ। ਵਧੀਆ ਸਿੱਖਿਅਕ ਬਣਨ ਨਾਲ ਸਾਨੂੰ ਕਈ ਬਰਕਤਾਂ ਮਿਲਣਗੀਆਂ। ਲੋਕਾਂ ਨੂੰ ਯਹੋਵਾਹ ਦਾ ਅਨਮੋਲ ਗਿਆਨ ਦੇ ਕੇ ਸਾਨੂੰ ਬਹੁਤ ਖ਼ੁਸ਼ੀ ਮਿਲਦੀ ਹੈ ਕਿਉਂਕਿ ਇਸ ਤੋਂ ਉਨ੍ਹਾਂ ਨੂੰ ਹਮੇਸ਼ਾ ਲਈ ਫ਼ਾਇਦਾ ਹੋਵੇਗਾ। (ਰਸੂਲਾਂ ਦੇ ਕੰਮ 20:35) ਨਾਲੇ ਸਾਨੂੰ ਇਸ ਗੱਲੋਂ ਵੀ ਖ਼ੁਸ਼ੀ ਹੁੰਦੀ ਹੈ ਕਿ ਅਸੀਂ ਆਪਣੇ ਮਹਾਨ ਸਿੱਖਿਅਕ ਯਿਸੂ ਦੇ ਨਕਸ਼ੇ-ਕਦਮਾਂ ’ਤੇ ਚੱਲਦੇ ਹਾਂ।

^ ਪੈਰਾ 1 ਧਰਤੀ ਉੱਤੇ ਯਿਸੂ ਦੀ ਜ਼ਿੰਦਗੀ ਬਾਰੇ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਅਧੀਨ ਮੱਤੀ ਨੇ ਪਹਿਲੀ ਕਿਤਾਬ ਲਿਖੀ ਸੀ। ਇਹ ਯਿਸੂ ਦੀ ਮੌਤ ਤੋਂ ਅੱਠ ਸਾਲ ਬਾਅਦ ਲਿਖੀ ਗਈ ਸੀ।

^ ਪੈਰਾ 13 ਕਈ ਸ਼ਾਇਦ ਕਹਿਣ ਕਿ ਪੁਜਾਰੀ ਅਤੇ ਲੇਵੀ ਨੇ ਜ਼ਖ਼ਮੀ ਬੰਦੇ ਦੀ ਮਦਦ ਇਸ ਲਈ ਨਹੀਂ ਕੀਤੀ ਕਿਉਂਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਉਹ ਬੰਦਾ ਮਰ ਚੁੱਕਾ ਸੀ। ਸੋ ਜੇ ਉਹ ਲਾਸ਼ ਨੂੰ ਹੱਥ ਲਾ ਦਿੰਦੇ, ਤਾਂ ਉਨ੍ਹਾਂ ਨੇ ਮੰਦਰ ਵਿਚ ਸੇਵਾ ਕਰਨ ਲਈ ਅਸ਼ੁੱਧ ਹੋ ਜਾਣਾ ਸੀ। ਪਰ ਯਿਸੂ ਨੇ ਕਿਹਾ ਕਿ ਪੁਜਾਰੀ ਅਤੇ ਲੇਵੀ “ਯਰੂਸ਼ਲਮ ਤੋਂ” ਵਾਪਸ ਆ ਰਹੇ ਸਨ, ਮਤਲਬ ਕਿ ਉਹ ਮੰਦਰ ਵਿਚ ਸੇਵਾ ਕਰ ਚੁੱਕੇ ਸਨ।—ਲੇਵੀਆਂ 21:1; ਗਿਣਤੀ 19:16.