Skip to content

Skip to table of contents

ਅਧਿਆਇ 9

‘ਜਾਓ ਅਤੇ ਚੇਲੇ ਬਣਾਓ’

‘ਜਾਓ ਅਤੇ ਚੇਲੇ ਬਣਾਓ’

ਜੇ ਕਿਸਾਨ ਬਹੁਤ ਸਾਰੀ ਫ਼ਸਲ ਇਕੱਲਿਆਂ ਇਕੱਠੀ ਨਹੀਂ ਕਰ ਸਕਦਾ, ਤਾਂ ਉਸ ਨੂੰ ਕੀ ਕਰਨਾ ਚਾਹੀਦਾ ਹੈ?

1-3. (ੳ) ਜਦੋਂ ਕਿਸਾਨ ਲਈ ਇਕੱਲਿਆਂ ਫ਼ਸਲ ਇਕੱਠੀ ਕਰਨੀ ਮੁਸ਼ਕਲ ਹੋ ਜਾਂਦੀ ਹੈ, ਤਾਂ ਉਹ ਕੀ ਕਰਦਾ ਹੈ? (ਅ) 33 ਈਸਵੀ ਦੀ ਬਸੰਤ ਰੁੱਤ ਵਿਚ ਯਿਸੂ ਸਾਮ੍ਹਣੇ ਕਿਹੜੀ ਮੁਸ਼ਕਲ ਖੜ੍ਹੀ ਹੋਈ ਸੀ ਅਤੇ ਉਸ ਨੇ ਇਸ ਨੂੰ ਕਿਵੇਂ ਹੱਲ ਕੀਤਾ?

ਜ਼ਰਾ ਇਕ ਕਿਸਾਨ ਬਾਰੇ ਸੋਚੋ ਜਿਸ ਨੇ ਕੁਝ ਮਹੀਨੇ ਪਹਿਲਾਂ ਆਪਣੇ ਖੇਤਾਂ ਵਿਚ ਬੀ ਬੀਜੇ ਸਨ। ਉਸ ਨੇ ਬੂਟਿਆਂ ਨੂੰ ਵੱਡੇ ਹੁੰਦੇ ਦੇਖਿਆ ਅਤੇ ਜਦੋਂ ਉਨ੍ਹਾਂ ਨੂੰ ਸਿੱਟੇ ਲੱਗੇ, ਤਾਂ ਉਸ ਨੂੰ ਬਹੁਤ ਖ਼ੁਸ਼ੀ ਹੋਈ। ਉਸ ਨੂੰ ਆਪਣੀ ਮਿਹਨਤ ਦਾ ਫਲ ਮਿਲਣ ਵਾਲਾ ਹੈ ਕਿਉਂਕਿ ਵਾਢੀ ਦਾ ਸਮਾਂ ਆ ਗਿਆ ਹੈ। ਪਰ ਹੁਣ ਮੁਸ਼ਕਲ ਇਹ ਹੈ ਕਿ ਉਹ ਇਕੱਲਾ ਇਸ ਫ਼ਸਲ ਨੂੰ ਇਕੱਠਾ ਨਹੀਂ ਕਰ ਸਕਦਾ। ਇਸ ਲਈ ਉਹ ਕੁਝ ਮਜ਼ਦੂਰਾਂ ਨੂੰ ਆਪਣੇ ਖੇਤਾਂ ਵਿਚ ਕੰਮ ਕਰਨ ਲਈ ਭੇਜਦਾ ਹੈ। ਉਹ ਜਾਣਦਾ ਹੈ ਕਿ ਇਸ ਕੀਮਤੀ ਫ਼ਸਲ ਨੂੰ ਇਕੱਠਾ ਕਰਨ ਲਈ ਥੋੜ੍ਹਾ ਹੀ ਸਮਾਂ ਹੈ।

2 ਹੁਣ ਕਲਪਨਾ ਕਰੋ ਕਿ 33 ਈਸਵੀ ਦੀ ਬਸੰਤ ਰੁੱਤ ਹੈ। ਯਿਸੂ ਨੂੰ ਮਰੇ ਹੋਇਆਂ ਵਿੱਚੋਂ ਜੀਉਂਦਾ ਕੀਤਾ ਗਿਆ ਹੈ ਅਤੇ ਉਸ ਕਿਸਾਨ ਵਾਂਗ ਉਸ ਦੇ ਸਾਮ੍ਹਣੇ ਵੀ ਇਕ ਮੁਸ਼ਕਲ ਹੈ। ਪ੍ਰਚਾਰ ਕਰਦਿਆਂ ਯਿਸੂ ਨੇ ਸੱਚਾਈ ਦੇ ਬੀ ਬੀਜੇ ਸਨ। ਹੁਣ ਵਾਢੀ ਦਾ ਵੇਲਾ ਆ ਗਿਆ ਹੈ ਅਤੇ ਫ਼ਸਲ ਬਹੁਤ ਜ਼ਿਆਦਾ ਹੈ। ਬਹੁਤ ਸਾਰੇ ਲੋਕ ਯਿਸੂ ਦੇ ਚੇਲੇ ਬਣਨ ਲਈ ਤਿਆਰ ਹਨ ਅਤੇ ਉਨ੍ਹਾਂ ਨੂੰ ਇਕੱਠਾ ਕਰਨ ਦੀ ਲੋੜ ਹੈ। (ਯੂਹੰਨਾ 4:35-38) ਯਿਸੂ ਇਸ ਮੁਸ਼ਕਲ ਨੂੰ ਕਿਵੇਂ ਹੱਲ ਕਰਦਾ ਹੈ? ਸਵਰਗ ਵਾਪਸ ਜਾਣ ਤੋਂ ਕੁਝ ਸਮਾਂ ਪਹਿਲਾਂ, ਯਿਸੂ ਗਲੀਲ ਵਿਚ ਇਕ ਪਹਾੜ ’ਤੇ ਆਪਣੇ ਚੇਲਿਆਂ ਨੂੰ ਹੋਰ ਮਜ਼ਦੂਰ ਇਕੱਠੇ ਕਰਨ ਦਾ ਕੰਮ ਸੌਂਪਦਾ ਹੈ। ਉਹ ਕਹਿੰਦਾ ਹੈ: ‘ਜਾਓ ਅਤੇ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਬਪਤਿਸਮਾ ਦਿਓ, ਅਤੇ ਉਨ੍ਹਾਂ ਨੂੰ ਸਾਰੇ ਹੁਕਮਾਂ ਦੀ ਪਾਲਣਾ ਕਰਨੀ ਸਿਖਾਓ ਜਿਹੜੇ ਹੁਕਮ ਮੈਂ ਤੁਹਾਨੂੰ ਦਿੱਤੇ ਹਨ।’—ਮੱਤੀ 28:19, 20.

3 ਇਸ ਕੰਮ ਨੂੰ ਪੂਰਾ ਕਰ ਕੇ ਹੀ ਅਸੀਂ ਖ਼ੁਦ ਨੂੰ ਮਸੀਹ ਦੇ ਸੱਚੇ ਚੇਲੇ ਕਹਿ ਸਕਦੇ ਹਾਂ। ਤਾਂ ਫਿਰ, ਆਓ ਅਸੀਂ ਤਿੰਨ ਸਵਾਲਾਂ ’ਤੇ ਗੌਰ ਕਰੀਏ। ਯਿਸੂ ਨੇ ਆਪਣੇ ਚੇਲਿਆਂ ਨੂੰ ਹੋਰ ਮਜ਼ਦੂਰ ਇਕੱਠੇ ਕਰਨ ਦਾ ਕੰਮ ਕਿਉਂ ਸੌਂਪਿਆ ਸੀ? ਉਸ ਨੇ ਆਪਣੇ ਚੇਲਿਆਂ ਨੂੰ ਹੋਰ ਮਜ਼ਦੂਰ ਲੱਭਣ ਦੀ ਸਿਖਲਾਈ ਕਿਵੇਂ ਦਿੱਤੀ? ਅਤੇ ਅਸੀਂ ਇਸ ਕੰਮ ਵਿਚ ਕਿਵੇਂ ਸ਼ਾਮਲ ਹਾਂ?

ਹੋਰ ਮਜ਼ਦੂਰਾਂ ਦੀ ਲੋੜ ਕਿਉਂ ਪਈ

4, 5. ਯਿਸੂ ਇਕੱਲਾ ਪ੍ਰਚਾਰ ਦਾ ਕੰਮ ਪੂਰਾ ਕਿਉਂ ਨਹੀਂ ਕਰ ਸਕਦਾ ਸੀ ਅਤੇ ਉਸ ਦੇ ਸਵਰਗ ਵਾਪਸ ਚਲੇ ਜਾਣ ਤੋਂ ਬਾਅਦ ਕਿਸ ਨੇ ਇਹ ਕੰਮ ਜਾਰੀ ਰੱਖਣਾ ਸੀ?

4 ਜਦੋਂ 29 ਈਸਵੀ ਵਿਚ ਯਿਸੂ ਨੇ ਪ੍ਰਚਾਰ ਕਰਨਾ ਸ਼ੁਰੂ ਕੀਤਾ, ਤਾਂ ਉਹ ਜਾਣਦਾ ਸੀ ਕਿ ਉਹ ਇਕੱਲਾ ਇਸ ਕੰਮ ਨੂੰ ਪੂਰਾ ਨਹੀਂ ਕਰ ਸਕਦਾ ਸੀ। ਉਸ ਨੇ ਥੋੜ੍ਹੇ ਹੀ ਸਮੇਂ ਵਿਚ ਸਵਰਗ ਵਾਪਸ ਚਲੇ ਜਾਣਾ ਸੀ, ਇਸ ਲਈ ਉਹ ਧਰਤੀ ਦੇ ਕੋਨੇ-ਕੋਨੇ ਵਿਚ ਜਾ ਕੇ ਸਾਰਿਆਂ ਨੂੰ ਪ੍ਰਚਾਰ ਨਹੀਂ ਸੀ ਕਰ ਸਕਿਆ। ਉਸ ਨੇ ਜ਼ਿਆਦਾ ਕਰਕੇ ‘ਇਜ਼ਰਾਈਲ ਦੇ ਘਰਾਣੇ ਦੀਆਂ ਭਟਕੀਆਂ ਹੋਈਆਂ ਭੇਡਾਂ’ ਯਾਨੀ ਯਹੂਦੀਆਂ ਅਤੇ ਯਹੂਦੀ ਧਰਮ ਅਪਣਾਉਣ ਵਾਲਿਆਂ ਨੂੰ ਪ੍ਰਚਾਰ ਕੀਤਾ ਸੀ। (ਮੱਤੀ 15:24) ਪਰ ਇਜ਼ਰਾਈਲ ਦਾ ਇਲਾਕਾ ਹਜ਼ਾਰਾਂ ਹੀ ਕਿਲੋਮੀਟਰ ਤਕ ਫੈਲਿਆ ਹੋਇਆ ਸੀ ਜਿੱਥੇ “ਭਟਕੀਆਂ ਹੋਈਆਂ ਭੇਡਾਂ” ਹਰ ਪਾਸੇ ਖਿੰਡੀਆਂ ਹੋਈਆਂ ਸਨ। ਇਸ ਤੋਂ ਇਲਾਵਾ, ਖ਼ੁਸ਼ ਖ਼ਬਰੀ ਦਾ ਪ੍ਰਚਾਰ ਪੂਰੀ ਦੁਨੀਆਂ ਵਿਚ ਕੀਤਾ ਜਾਣਾ ਸੀ।—ਮੱਤੀ 13:38; 24:14.

5 ਯਿਸੂ ਨੂੰ ਪਤਾ ਸੀ ਕਿ ਉਸ ਦੀ ਮੌਤ ਤੋਂ ਬਾਅਦ ਬਹੁਤ ਸਾਰਾ ਕੰਮ ਕਰਨਾ ਅਜੇ ਬਾਕੀ ਹੋਵੇਗਾ। ਉਸ ਨੇ ਆਪਣੇ 11 ਵਫ਼ਾਦਾਰ ਰਸੂਲਾਂ ਨੂੰ ਕਿਹਾ ਸੀ: “ਮੈਂ ਤੁਹਾਨੂੰ ਸੱਚ-ਸੱਚ ਦੱਸਦਾ ਹਾਂ, ਜਿਹੜਾ ਮੇਰੇ ਉੱਤੇ ਆਪਣੀ ਨਿਹਚਾ ਕਰਨ ਦਾ ਸਬੂਤ ਦਿੰਦਾ ਹੈ, ਉਹ ਵੀ ਉਹੀ ਕੰਮ ਕਰੇਗਾ ਜੋ ਕੰਮ ਮੈਂ ਕਰਦਾ ਹਾਂ, ਅਤੇ ਉਹ ਇਨ੍ਹਾਂ ਨਾਲੋਂ ਵੀ ਵੱਡੇ-ਵੱਡੇ ਕੰਮ ਕਰੇਗਾ; ਕਿਉਂਕਿ ਮੈਂ ਆਪਣੇ ਪਿਤਾ ਕੋਲ ਜਾ ਰਿਹਾ ਹਾਂ।” (ਯੂਹੰਨਾ 14:12) ਯਿਸੂ ਦੇ ਸਵਰਗ ਵਾਪਸ ਚਲੇ ਜਾਣ ਤੋਂ ਬਾਅਦ ਪ੍ਰਚਾਰ ਤੇ ਸਿੱਖਿਆ ਦੇਣ ਦਾ ਕੰਮ ਸਿਰਫ਼ ਉਸ ਦੇ ਰਸੂਲਾਂ ਨੇ ਹੀ ਨਹੀਂ, ਸਗੋਂ ਉਸ ਦੇ ਸਾਰੇ ਚੇਲਿਆਂ ਨੇ ਜਾਰੀ ਰੱਖਣਾ ਸੀ। (ਯੂਹੰਨਾ 17:20) ਯਿਸੂ ਨੇ ਨਿਮਰਤਾ ਨਾਲ ਕਬੂਲ ਕੀਤਾ ਕਿ ਉਸ ਦੇ ਚੇਲੇ ਉਸ “ਨਾਲੋਂ ਵੀ ਵੱਡੇ-ਵੱਡੇ” ਕੰਮ ਕਰਨਗੇ। ਕਿਵੇਂ? ਆਓ ਤਿੰਨ ਗੱਲਾਂ ਵੱਲ ਧਿਆਨ ਦੇਈਏ।

6, 7. (ੳ) ਯਿਸੂ ਨਾਲੋਂ ਉਸ ਦੇ ਚੇਲਿਆਂ ਦੇ ਕੰਮ ਜ਼ਿਆਦਾ ਵੱਡੇ-ਵੱਡੇ ਕਿਉਂ ਹੋਣੇ ਸਨ? (ਅ) ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਯਿਸੂ ਦਾ ਆਪਣੇ ਚੇਲਿਆਂ ਉੱਤੇ ਭਰੋਸਾ ਕਰਨਾ ਸਹੀ ਸੀ?

6 ਪਹਿਲੀ ਗੱਲ, ਯਿਸੂ ਦੇ ਚੇਲਿਆਂ ਨੇ ਉਸ ਨਾਲੋਂ ਜ਼ਿਆਦਾ ਇਲਾਕਿਆਂ ਵਿਚ ਪ੍ਰਚਾਰ ਕਰਨਾ ਸੀ। ਯਿਸੂ ਨੇ ਸਿਰਫ਼ ਇਜ਼ਰਾਈਲ ਦੇ ਇਲਾਕਿਆਂ ਵਿਚ ਪ੍ਰਚਾਰ ਕੀਤਾ ਸੀ, ਪਰ ਅੱਜ ਉਸ ਦੇ ਚੇਲੇ ਧਰਤੀ ਦੇ ਕੋਨੇ-ਕੋਨੇ ਵਿਚ ਜਾ ਕੇ ਪ੍ਰਚਾਰ ਕਰਦੇ ਹਨ। ਦੂਜੀ ਗੱਲ, ਉਨ੍ਹਾਂ ਨੇ ਉਸ ਨਾਲੋਂ ਜ਼ਿਆਦਾ ਲੋਕਾਂ ਨੂੰ ਪ੍ਰਚਾਰ ਕਰਨਾ ਸੀ। ਯਿਸੂ ਦੇ ਸਵਰਗ ਜਾਣ ਤੋਂ ਕੁਝ ਸਮੇਂ ਬਾਅਦ ਮੁੱਠੀ ਭਰ ਚੇਲਿਆਂ ਦੀ ਗਿਣਤੀ ਹਜ਼ਾਰਾਂ ਵਿਚ ਬਦਲ ਗਈ। (ਰਸੂਲਾਂ ਦੇ ਕੰਮ 2:41; 4:4) ਅੱਜ ਉਨ੍ਹਾਂ ਦੀ ਗਿਣਤੀ ਲੱਖਾਂ ਵਿਚ ਹੈ ਅਤੇ ਹਰ ਸਾਲ ਹਜ਼ਾਰਾਂ ਹੀ ਲੋਕ ਬਪਤਿਸਮਾ ਲੈਂਦੇ ਹਨ। ਤੀਜੀ ਗੱਲ, ਉਸ ਦੇ ਚੇਲਿਆਂ ਨੇ ਉਸ ਨਾਲੋਂ ਜ਼ਿਆਦਾ ਸਮੇਂ ਤਕ ਪ੍ਰਚਾਰ ਕਰਨਾ ਸੀ। ਯਿਸੂ ਨੇ ਤਾਂ ਸਿਰਫ਼ ਸਾਢੇ ਤਿੰਨ ਸਾਲ ਪ੍ਰਚਾਰ ਕੀਤਾ ਸੀ, ਪਰ ਉਸ ਦੇ ਚੇਲੇ 2,000 ਸਾਲਾਂ ਤੋਂ ਇਹ ਕੰਮ ਕਰਦੇ ਆਏ ਹਨ।

7 ਯਿਸੂ ਨੂੰ ਪੂਰਾ ਭਰੋਸਾ ਸੀ ਕਿ ਉਸ ਦੇ ਚੇਲੇ ਉਸ “ਨਾਲੋਂ ਵੀ ਵੱਡੇ-ਵੱਡੇ ਕੰਮ” ਕਰਨਗੇ। ਇਸ ਲਈ ਉਸ ਨੇ ਪਰਮੇਸ਼ੁਰ ਦੇ ਰਾਜ ਦੀ “ਖ਼ੁਸ਼ ਖ਼ਬਰੀ” ਦਾ ਪ੍ਰਚਾਰ ਕਰਨ ਅਤੇ ਸਿੱਖਿਆ ਦੇਣ ਦਾ ਕੰਮ ਉਨ੍ਹਾਂ ਦੇ ਹੱਥਾਂ ਵਿਚ ਸੌਂਪਿਆ। (ਲੂਕਾ 4:43) ਉਸ ਨੂੰ ਯਕੀਨ ਸੀ ਕਿ ਉਹ ਇਸ ਜ਼ਿੰਮੇਵਾਰੀ ਨੂੰ ਵਫ਼ਾਦਾਰੀ ਨਾਲ ਨਿਭਾਉਣਗੇ। ਇਹ ਗੱਲ ਅੱਜ ਸਾਡੇ ਲਈ ਕੀ ਮਾਅਨੇ ਰੱਖਦੀ ਹੈ? ਜਦੋਂ ਅਸੀਂ ਜੋਸ਼ ਨਾਲ ਅਤੇ ਜੀ-ਜਾਨ ਲਾ ਕੇ ਪ੍ਰਚਾਰ ਕਰਦੇ ਹਾਂ, ਤਾਂ ਅਸੀਂ ਦਿਖਾਉਂਦੇ ਹਾਂ ਕਿ ਯਿਸੂ ਦਾ ਆਪਣੇ ਚੇਲਿਆਂ ਉੱਤੇ ਭਰੋਸਾ ਕਰਨਾ ਬਿਲਕੁਲ ਸਹੀ ਸੀ। ਸਾਡੇ ਲਈ ਇਹ ਕਿੰਨੇ ਮਾਣ ਵਾਲੀ ਗੱਲ ਹੈ, ਹੈ ਨਾ?—ਲੂਕਾ 13:24.

ਯਿਸੂ ਨੇ ਪ੍ਰਚਾਰ ਕਰਨਾ ਸਿਖਾਇਆ

ਅਸੀਂ ਲੋਕਾਂ ਨੂੰ ਕਿਤੇ ਵੀ ਪ੍ਰਚਾਰ ਕਰਨ ਲਈ ਤਿਆਰ ਰਹਿੰਦੇ ਹਾਂ ਕਿਉਂਕਿ ਅਸੀਂ ਉਨ੍ਹਾਂ ਨੂੰ ਦਿਲੋਂ ਪਿਆਰ ਕਰਦੇ ਹਾਂ

8, 9. ਯਿਸੂ ਨੇ ਪ੍ਰਚਾਰ ਵਿਚ ਕਿਹੜੀ ਮਿਸਾਲ ਕਾਇਮ ਕੀਤੀ ਅਤੇ ਅਸੀਂ ਉਸ ਦੇ ਨਕਸ਼ੇ-ਕਦਮਾਂ ’ਤੇ ਕਿਵੇਂ ਚੱਲ ਸਕਦੇ ਹਾਂ?

8 ਯਿਸੂ ਨੇ ਆਪਣੇ ਚੇਲਿਆਂ ਨੂੰ ਪ੍ਰਚਾਰ ਕਰਨ ਦੀ ਸਭ ਤੋਂ ਵਧੀਆ ਸਿਖਲਾਈ ਦੇਣ ਦੇ ਨਾਲ-ਨਾਲ ਉਨ੍ਹਾਂ ਸਾਮ੍ਹਣੇ ਆਪਣੀ ਬਿਹਤਰੀਨ ਮਿਸਾਲ ਵੀ ਰੱਖੀ। (ਲੂਕਾ 6:40) ਪਿਛਲੇ ਅਧਿਆਇ ਵਿਚ ਅਸੀਂ ਦੇਖਿਆ ਸੀ ਕਿ ਯਿਸੂ ਦਾ ਪ੍ਰਚਾਰ ਬਾਰੇ ਕੀ ਨਜ਼ਰੀਆ ਸੀ। ਜ਼ਰਾ ਉਸ ਦੇ ਚੇਲਿਆਂ ਬਾਰੇ ਸੋਚੋ ਜਿਨ੍ਹਾਂ ਨੇ ਉਸ ਨਾਲ ਥਾਂ-ਥਾਂ ਸਫ਼ਰ ਕੀਤਾ ਸੀ। ਉਨ੍ਹਾਂ ਨੇ ਦੇਖਿਆ ਸੀ ਕਿ ਯਿਸੂ ਝੀਲਾਂ ਦੇ ਕਿਨਾਰੇ, ਪਹਾੜੀ ਇਲਾਕਿਆਂ, ਸ਼ਹਿਰਾਂ, ਬਾਜ਼ਾਰਾਂ ਅਤੇ ਲੋਕਾਂ ਦੇ ਘਰਾਂ ਵਿਚ ਜਾ ਕੇ ਯਾਨੀ ਜਿੱਥੇ ਵੀ ਉਸ ਨੂੰ ਲੋਕ ਮਿਲਦੇ ਸਨ ਉਨ੍ਹਾਂ ਨੂੰ ਪ੍ਰਚਾਰ ਕਰਦਾ ਸੀ। (ਮੱਤੀ 5:1, 2; ਲੂਕਾ 5:1-3; 8:1; 19:5, 6) ਉਨ੍ਹਾਂ ਨੇ ਇਹ ਵੀ ਦੇਖਿਆ ਕਿ ਯਿਸੂ ਇੰਨਾ ਮਿਹਨਤੀ ਸੀ ਕਿ ਉਹ ਸਵੇਰ ਤੋਂ ਲੈ ਕੇ ਦੇਰ ਰਾਤ ਤਕ ਪ੍ਰਚਾਰ ਕਰਦਾ ਸੀ। ਉਹ ਪ੍ਰਚਾਰ ਨੂੰ ਕੋਈ ਮਾਮੂਲੀ ਕੰਮ ਨਹੀਂ ਸੀ ਸਮਝਦਾ! (ਲੂਕਾ 21:37, 38; ਯੂਹੰਨਾ 5:17) ਉਨ੍ਹਾਂ ਨੇ ਮਹਿਸੂਸ ਕੀਤਾ ਹੋਣਾ ਕਿ ਉਹ ਲੋਕਾਂ ਨੂੰ ਦਿਲੋਂ ਪਿਆਰ ਕਰਦਾ ਸੀ। ਉਸ ਦੇ ਚਿਹਰੇ ਤੋਂ ਜ਼ਾਹਰ ਹੋਇਆ ਹੋਣਾ ਕਿ ਉਸ ਨੂੰ ਲੋਕਾਂ ਨਾਲ ਕਿੰਨੀ ਹਮਦਰਦੀ ਸੀ। (ਮਰਕੁਸ 6:34) ਤੁਹਾਡੇ ਖ਼ਿਆਲ ਵਿਚ ਯਿਸੂ ਦੀ ਮਿਸਾਲ ਦਾ ਉਸ ਦੇ ਚੇਲਿਆਂ ’ਤੇ ਕਿੰਨਾ ਕੁ ਅਸਰ ਹੋਇਆ ਹੋਣਾ? ਜੇ ਤੁਸੀਂ ਉੱਥੇ ਹੁੰਦੇ, ਤਾਂ ਤੁਹਾਡੇ ’ਤੇ ਕੀ ਅਸਰ ਹੁੰਦਾ?

9 ਮਸੀਹ ਦੇ ਚੇਲੇ ਹੋਣ ਕਰਕੇ ਅਸੀਂ ਉਸ ਦੇ ਨਕਸ਼ੇ-ਕਦਮਾਂ ’ਤੇ ਚੱਲਦੇ ਹਾਂ। ਇਸ ਲਈ ਜਦੋਂ “ਚੰਗੀ ਤਰ੍ਹਾਂ” ਪ੍ਰਚਾਰ ਕਰਨ ਦੀ ਗੱਲ ਆਉਂਦੀ ਹੈ, ਤਾਂ ਅਸੀਂ ਲੋਕਾਂ ਨੂੰ ਲੱਭਣ ਵਿਚ ਕੋਈ ਕਸਰ ਨਹੀਂ ਛੱਡਦੇ। (ਰਸੂਲਾਂ ਦੇ ਕੰਮ 10:42) ਯਿਸੂ ਵਾਂਗ ਅਸੀਂ ਘਰ-ਘਰ ਜਾ ਕੇ ਲੋਕਾਂ ਨੂੰ ਪ੍ਰਚਾਰ ਕਰਦੇ ਹਾਂ। (ਰਸੂਲਾਂ ਦੇ ਕੰਮ 5:42) ਨਾਲੇ ਅਸੀਂ ਵੱਖ-ਵੱਖ ਸਮਿਆਂ ’ਤੇ ਪ੍ਰਚਾਰ ਕਰਦੇ ਹਾਂ ਤਾਂਕਿ ਅਸੀਂ ਲੋਕਾਂ ਨੂੰ ਉਸ ਸਮੇਂ ਮਿਲ ਸਕੀਏ ਜਦੋਂ ਉਹ ਘਰ ਹੁੰਦੇ ਹਨ। ਅਸੀਂ ਸਮਝਦਾਰੀ ਨਾਲ ਲੋਕਾਂ ਨੂੰ ਸੜਕਾਂ, ਪਾਰਕਾਂ, ਦੁਕਾਨਾਂ ਅਤੇ ਕੰਮ ਕਰਨ ਦੀਆਂ ਥਾਵਾਂ ’ਤੇ ਵੀ ਜਾ ਕੇ ਗਵਾਹੀ ਦਿੰਦੇ ਹਾਂ। ਅਸੀਂ ਪ੍ਰਚਾਰ ਵਿਚ “ਪੂਰੀ ਵਾਹ ਲਾ ਕੇ ਸਖ਼ਤ ਮਿਹਨਤ ਕਰਦੇ ਹਾਂ” ਕਿਉਂਕਿ ਅਸੀਂ ਇਸ ਕੰਮ ਨੂੰ ਬਹੁਤ ਜ਼ਰੂਰੀ ਸਮਝਦੇ ਹਾਂ। (1 ਤਿਮੋਥਿਉਸ 4:10) ਹਾਂ, ਅਸੀਂ ਕਿਸੇ ਵੀ ਸਮੇਂ ਕਿਤੇ ਵੀ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਲਈ ਤਿਆਰ ਰਹਿੰਦੇ ਹਾਂ ਕਿਉਂਕਿ ਅਸੀਂ ਉਨ੍ਹਾਂ ਨੂੰ ਦਿਲੋਂ ਪਿਆਰ ਕਰਦੇ ਹਾਂ।—1 ਥੱਸਲੁਨੀਕੀਆਂ 2:8.

“ਸੱਤਰ ਚੇਲੇ ਖ਼ੁਸ਼ੀ-ਖ਼ੁਸ਼ੀ ਮੁੜੇ”

10-12. ਯਿਸੂ ਨੇ ਆਪਣੇ ਚੇਲਿਆਂ ਨੂੰ ਪ੍ਰਚਾਰ ਵਿਚ ਭੇਜਣ ਤੋਂ ਪਹਿਲਾਂ ਕਿਹੜੀਆਂ ਹਿਦਾਇਤਾਂ ਦਿੱਤੀਆਂ ਸਨ?

10 ਯਿਸੂ ਨੇ ਆਪਣੇ ਚੇਲਿਆਂ ਨੂੰ ਕਾਫ਼ੀ ਹਿਦਾਇਤਾਂ ਵੀ ਦਿੱਤੀਆਂ ਸਨ। ਉਸ ਨੇ ਆਪਣੇ 12 ਰਸੂਲਾਂ ਨੂੰ ਅਤੇ ਫਿਰ 70 ਹੋਰ ਚੇਲਿਆਂ ਨੂੰ ਪ੍ਰਚਾਰ ਵਿਚ ਭੇਜਣ ਤੋਂ ਪਹਿਲਾਂ ਖ਼ਾਸ ਟ੍ਰੇਨਿੰਗ ਦਿੱਤੀ ਸੀ। (ਮੱਤੀ 10:1-15; ਲੂਕਾ 10:1-12) ਇਸ ਦੇ ਵਧੀਆ ਨਤੀਜੇ ਨਿਕਲੇ ਕਿਉਂਕਿ ਲੂਕਾ 10:17 ਦੱਸਦਾ ਹੈ: “ਸੱਤਰ ਚੇਲੇ ਖ਼ੁਸ਼ੀ-ਖ਼ੁਸ਼ੀ ਮੁੜੇ।” ਆਓ ਦੇਖੀਏ ਕਿ ਯਿਸੂ ਨੇ ਉਨ੍ਹਾਂ ਨੂੰ ਕਿਹੜੀਆਂ ਦੋ ਜ਼ਰੂਰੀ ਗੱਲਾਂ ਦੱਸੀਆਂ। ਇਨ੍ਹਾਂ ਨੂੰ ਸਮਝਣ ਲਈ ਸਾਨੂੰ ਉਸ ਸਮੇਂ ਦੇ ਯਹੂਦੀ ਰੀਤਾਂ-ਰਿਵਾਜਾਂ ਨੂੰ ਧਿਆਨ ਵਿਚ ਰੱਖਣ ਦੀ ਲੋੜ ਹੈ।

11 ਯਿਸੂ ਨੇ ਆਪਣੇ ਚੇਲਿਆਂ ਨੂੰ ਯਹੋਵਾਹ ’ਤੇ ਭਰੋਸਾ ਰੱਖਣਾ ਸਿਖਾਇਆ ਸੀ। ਉਸ ਨੇ ਕਿਹਾ: “ਤੁਸੀਂ ਆਪਣੇ ਬਟੂਏ ਵਿਚ ਸੋਨੇ, ਚਾਂਦੀ ਤੇ ਤਾਂਬੇ ਦੇ ਸਿੱਕੇ ਨਾ ਲੈ ਕੇ ਜਾਓ, ਨਾ ਸਫ਼ਰ ਵਾਸਤੇ ਝੋਲ਼ਾ, ਨਾ ਦੋ-ਦੋ ਕੁੜਤੇ, ਨਾ ਜੁੱਤੀਆਂ ਦਾ ਜੋੜਾ ਅਤੇ ਨਾ ਹੀ ਡੰਡਾ ਲੈ ਕੇ ਜਾਓ, ਕਿਉਂਕਿ ਕਾਮਾ ਆਪਣੇ ਖਾਣੇ ਦਾ ਹੱਕਦਾਰ ਹੈ।” (ਮੱਤੀ 10:9, 10) ਉਸ ਜ਼ਮਾਨੇ ਵਿਚ ਲੋਕ ਸਫ਼ਰ ਕਰਦਿਆਂ ਆਪਣੇ ਨਾਲ ਅਕਸਰ ਬਟੂਏ ਵਿਚ ਪੈਸੇ, ਝੋਲ਼ੇ ਵਿਚ ਖਾਣ-ਪੀਣ ਦੀਆਂ ਚੀਜ਼ਾਂ ਤੇ ਜੁੱਤੀਆਂ ਦਾ ਵਾਧੂ ਜੋੜਾ ਲੈ ਕੇ ਜਾਂਦੇ ਸਨ। ਜਦੋਂ ਯਿਸੂ ਨੇ ਆਪਣੇ ਚੇਲਿਆਂ ਨੂੰ ਇਨ੍ਹਾਂ ਚੀਜ਼ਾਂ ਦੀ ਚਿੰਤਾ ਨਾ ਕਰਨ ਦੀ ਹਿਦਾਇਤ ਦਿੱਤੀ, ਤਾਂ ਅਸਲ ਵਿਚ ਉਹ ਕਹਿ ਰਿਹਾ ਸੀ: “ਯਹੋਵਾਹ ’ਤੇ ਪੂਰਾ ਭਰੋਸਾ ਰੱਖੋ ਕਿਉਂਕਿ ਉਹ ਤੁਹਾਡੀਆਂ ਸਾਰੀਆਂ ਲੋੜਾਂ ਪੂਰੀਆਂ ਕਰੇਗਾ।” ਕਿਵੇਂ? ਇਜ਼ਰਾਈਲ ਵਿਚ ਘਰ ਆਏ ਮਹਿਮਾਨਾਂ ਦੀ ਪਰਾਹੁਣਚਾਰੀ ਕਰਨ ਦਾ ਰਿਵਾਜ ਸੀ। ਇਸ ਲਈ ਯਹੋਵਾਹ ਨੇ ਖ਼ੁਸ਼ ਖ਼ਬਰੀ ਸੁਣਨ ਵਾਲੇ ਲੋਕਾਂ ਦੇ ਜ਼ਰੀਏ ਆਪਣੇ ਸੇਵਕਾਂ ਦੀ ਦੇਖ-ਭਾਲ ਕਰਨੀ ਸੀ।—ਲੂਕਾ 22:35.

12 ਯਿਸੂ ਨੇ ਆਪਣੇ ਚੇਲਿਆਂ ਨੂੰ ਇਹ ਵੀ ਸਿਖਾਇਆ ਕਿ ਉਨ੍ਹਾਂ ਨੂੰ ਬੇਵਜ੍ਹਾ ਆਪਣਾ ਧਿਆਨ ਭਟਕਣ ਨਹੀਂ ਦੇਣਾ ਚਾਹੀਦਾ। ਉਸ ਨੇ ਕਿਹਾ: ‘ਰਾਹ ਵਿਚ ਕਿਸੇ ਨਾਲ ਗਲ਼ੇ ਮਿਲਣ ਵਿਚ ਸਮਾਂ ਨਾ ਗੁਆਓ।’ (ਲੂਕਾ 10:4) ਕੀ ਯਿਸੂ ਇਹ ਕਹਿ ਰਿਹਾ ਸੀ ਕਿ ਉਹ ਲੋਕਾਂ ਨਾਲ ਰੁੱਖੇ ਤਰੀਕੇ ਨਾਲ ਪੇਸ਼ ਆਉਣ? ਬਿਲਕੁਲ ਨਹੀਂ। ਉਸ ਜ਼ਮਾਨੇ ਵਿਚ ਲੋਕ ਰਾਹ ਜਾਂਦਿਆਂ ਜਦੋਂ ਇਕ-ਦੂਜੇ ਨੂੰ ਮਿਲਦੇ ਸਨ, ਤਾਂ ਉਹ ਸਿਰਫ਼ ਨਮਸਤੇ ਕਹਿ ਕੇ ਅੱਗੇ ਨਹੀਂ ਤੁਰ ਪੈਂਦੇ ਸਨ, ਸਗੋਂ ਖੜ੍ਹ ਕੇ ਲੰਮੀ-ਚੌੜੀ ਗੱਲਬਾਤ ਕਰਦੇ ਸਨ। ਬਾਈਬਲ ਦਾ ਇਕ ਵਿਦਵਾਨ ਕਹਿੰਦਾ ਹੈ: “ਪੂਰਬੀ ਦੇਸ਼ਾਂ ਦੇ ਲੋਕ ਇਕ-ਦੂਜੇ ਨੂੰ ਸਲਾਮ-ਦੁਆ ਕਰਦਿਆਂ ਸਾਡੇ ਵਾਂਗ ਸਿਰਫ਼ ਹੱਥ ਨਹੀਂ ਮਿਲਾਉਂਦੇ ਸਨ, ਸਗੋਂ ਉਹ ਗਲ਼ੇ ਮਿਲਦੇ ਸਨ ਅਤੇ ਜ਼ਮੀਨ ’ਤੇ ਝੁਕ ਕੇ ਇਕ-ਦੂਜੇ ਨੂੰ ਨਮਸਕਾਰ ਕਰਦੇ ਸਨ। ਇਸ ਵਿਚ ਬਹੁਤ ਸਮਾਂ ਲੱਗ ਜਾਂਦਾ ਸੀ।” ਜਦੋਂ ਯਿਸੂ ਨੇ ਆਪਣੇ ਚੇਲਿਆਂ ਨੂੰ ਲੋਕਾਂ ਨੂੰ ਗਲ਼ੇ ਨਾ ਮਿਲਣ ਦੀ ਸਲਾਹ ਦਿੱਤੀ, ਤਾਂ ਉਸ ਦਾ ਮਤਲਬ ਸੀ: “ਆਪਣੇ ਸਮੇਂ ਨੂੰ ਚੰਗੀ ਤਰ੍ਹਾਂ ਵਰਤੋ ਕਿਉਂਕਿ ਲੋਕਾਂ ਨੂੰ ਸੰਦੇਸ਼ ਸੁਣਾਉਣਾ ਬਹੁਤ ਜ਼ਰੂਰੀ ਹੈ।” *

13. ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਉਨ੍ਹਾਂ ਹੀ ਹਿਦਾਇਤਾਂ ’ਤੇ ਚੱਲਦੇ ਹਾਂ ਜੋ ਯਿਸੂ ਨੇ ਆਪਣੇ ਚੇਲਿਆਂ ਨੂੰ ਦਿੱਤੀਆਂ ਸਨ?

13 ਅਸੀਂ ਉਨ੍ਹਾਂ ਹੀ ਹਿਦਾਇਤਾਂ ’ਤੇ ਚੱਲਦੇ ਹਾਂ ਜੋ ਯਿਸੂ ਨੇ ਆਪਣੇ ਚੇਲਿਆਂ ਨੂੰ ਦਿੱਤੀਆਂ ਸਨ। ਪ੍ਰਚਾਰ ਕਰਦਿਆਂ ਅਸੀਂ ਯਹੋਵਾਹ ’ਤੇ ਪੂਰਾ ਭਰੋਸਾ ਰੱਖਦੇ ਹਾਂ। (ਕਹਾਉਤਾਂ 3:5, 6) ਸਾਨੂੰ ਪਤਾ ਹੈ ਕਿ ਜੇ ਅਸੀਂ “ਪਰਮੇਸ਼ੁਰ ਦੇ ਰਾਜ ਨੂੰ ਆਪਣੀ ਜ਼ਿੰਦਗੀ ਵਿਚ ਹਮੇਸ਼ਾ ਪਹਿਲ” ਦੇਵਾਂਗੇ, ਤਾਂ ਸਾਨੂੰ ਜ਼ਰੂਰੀ ਚੀਜ਼ਾਂ ਦੀ ਕਦੀ ਵੀ ਘਾਟ ਨਹੀਂ ਹੋਵੇਗੀ। (ਮੱਤੀ 6:33) ਦੁਨੀਆਂ ਭਰ ਵਿਚ ਪ੍ਰਚਾਰ ਵਿਚ ਆਪਣਾ ਪੂਰਾ ਸਮਾਂ ਲਾਉਣ ਵਾਲੇ ਭੈਣ-ਭਰਾ ਇਸ ਗੱਲ ਦੀ ਹਾਮੀ ਭਰਦੇ ਹਨ ਕਿ ਮੁਸ਼ਕਲ ਸਮਿਆਂ ਵਿਚ ਵੀ ਯਹੋਵਾਹ ਨੇ ਉਨ੍ਹਾਂ ਦੀ ਹਰ ਲੋੜ ਪੂਰੀ ਕੀਤੀ ਹੈ। (ਜ਼ਬੂਰਾਂ ਦੀ ਪੋਥੀ 37:25) ਨਾਲੇ ਸਾਨੂੰ ਕਿਸੇ ਗੱਲੋਂ ਆਪਣਾ ਧਿਆਨ ਭਟਕਣ ਨਹੀਂ ਦੇਣਾ ਚਾਹੀਦਾ। ਜੇ ਅਸੀਂ ਸਾਵਧਾਨ ਨਹੀਂ ਰਹਾਂਗੇ, ਤਾਂ ਇਹ ਦੁਨੀਆਂ ਆਸਾਨੀ ਨਾਲ ਸਾਨੂੰ ਕੁਰਾਹੇ ਪਾ ਦੇਵੇਗੀ। (ਲੂਕਾ 21:34-36) ਸਾਨੂੰ ਆਪਣਾ ਪੂਰਾ ਧਿਆਨ ਪ੍ਰਚਾਰ ’ਤੇ ਲਾਉਣਾ ਚਾਹੀਦਾ ਹੈ ਕਿਉਂਕਿ ਲੋਕਾਂ ਦੀਆਂ ਜਾਨਾਂ ਦਾ ਸਵਾਲ ਹੈ। ਉਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਦਾ ਸੰਦੇਸ਼ ਸੁਣਾਉਣਾ ਬਹੁਤ ਜ਼ਰੂਰੀ ਹੈ। (ਰੋਮੀਆਂ 10:13-15) ਜੇ ਅਸੀਂ ਪ੍ਰਚਾਰ ਨੂੰ ਸਭ ਤੋਂ ਜ਼ਰੂਰੀ ਕੰਮ ਸਮਝਦੇ ਹਾਂ, ਤਾਂ ਅਸੀਂ ਦੁਨੀਆਂ ਦੀਆਂ ਚੀਜ਼ਾਂ ਨਾਲ ਲਗਾਅ ਰੱਖਣ ਦੀ ਬਜਾਇ ਆਪਣਾ ਸਮਾਂ ਤੇ ਆਪਣੀ ਤਾਕਤ ਪ੍ਰਚਾਰ ਕਰਨ ਵਿਚ ਲਾਵਾਂਗੇ। ਯਾਦ ਰੱਖੋ ਕਿ ਸਮਾਂ ਥੋੜ੍ਹਾ ਰਹਿ ਗਿਆ ਹੈ ਅਤੇ ਫ਼ਸਲ ਬਹੁਤ ਹੈ।—ਮੱਤੀ 9:37, 38.

ਪ੍ਰਚਾਰ ਵਿਚ ਸਾਡੀ ਜ਼ਿੰਮੇਵਾਰੀ

14. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਮੱਤੀ 28:18-20 ਵਿਚ ਦਰਜ ਕੰਮ ਮਸੀਹ ਦੇ ਸਾਰੇ ਚੇਲਿਆਂ ਦੀ ਜ਼ਿੰਮੇਵਾਰੀ ਹੈ? (ਫੁਟਨੋਟ ਵੀ ਦੇਖੋ।)

14 ਯਿਸੂ ਨੇ ਮਰੇ ਹੋਇਆਂ ਵਿੱਚੋਂ ਜੀਉਂਦਾ ਹੋ ਕੇ ਆਪਣੇ ਚੇਲਿਆਂ ਨੂੰ ਇਕ ਵੱਡੀ ਜ਼ਿੰਮੇਵਾਰੀ ਸੌਂਪੀ: ‘ਜਾਓ ਅਤੇ ਚੇਲੇ ਬਣਾਓ।’ ਉਸ ਨੇ ਇਹ ਜ਼ਿੰਮੇਵਾਰੀ ਸਿਰਫ਼ ਉਨ੍ਹਾਂ ਚੇਲਿਆਂ ਨੂੰ ਹੀ ਨਹੀਂ ਸੌਂਪੀ ਸੀ ਜੋ ਉਸ ਦਿਨ ਗਲੀਲ ਦੇ ਇਕ ਪਹਾੜ ’ਤੇ ਇਕੱਠੇ ਹੋਏ ਸਨ। * ਪ੍ਰਚਾਰ “ਸਾਰੀਆਂ ਕੌਮਾਂ ਦੇ ਲੋਕਾਂ ਨੂੰ” ਅਤੇ “ਯੁਗ ਦੇ ਆਖ਼ਰੀ ਸਮੇਂ ਤਕ” ਕੀਤਾ ਜਾਣਾ ਸੀ। ਇਸ ਲਈ, ਪ੍ਰਚਾਰ ਕਰਨਾ ਮਸੀਹ ਦੇ ਸਾਰੇ ਚੇਲਿਆਂ ਦੀ ਜ਼ਿੰਮੇਵਾਰੀ ਹੈ ਅਤੇ ਸਾਡੀ ਵੀ। ਆਓ ਅਸੀਂ ਮੱਤੀ 28:18-20 ਵਿਚ ਦਰਜ ਯਿਸੂ ਮਸੀਹ ਦੇ ਸ਼ਬਦਾਂ ਉੱਤੇ ਹੋਰ ਗੌਰ ਕਰੀਏ।

15. ਚੇਲੇ ਬਣਾਉਣ ਦਾ ਹੁਕਮ ਮੰਨਣਾ ਸਾਡੇ ਲਈ ਅਕਲਮੰਦੀ ਦੀ ਗੱਲ ਕਿਉਂ ਹੈ?

15 ਆਪਣੇ ਚੇਲਿਆਂ ਨੂੰ ਇਹ ਕੰਮ ਸੌਂਪਣ ਤੋਂ ਪਹਿਲਾਂ ਯਿਸੂ ਨੇ ਕਿਹਾ: “ਸਵਰਗ ਵਿਚ ਅਤੇ ਧਰਤੀ ਉੱਤੇ ਸਾਰਾ ਅਧਿਕਾਰ ਮੈਨੂੰ ਦਿੱਤਾ ਗਿਆ ਹੈ।” (ਆਇਤ 18) ਕੀ ਵਾਕਈ ਯਿਸੂ ਨੂੰ ਇੰਨਾ ਅਧਿਕਾਰ ਦਿੱਤਾ ਗਿਆ ਹੈ? ਜੀ ਹਾਂ! ਉਹ ਮਹਾਂ ਦੂਤ ਹੈ ਅਤੇ ਲੱਖਾਂ-ਕਰੋੜਾਂ ਦੂਤ ਉਸ ਦੇ ਅਧੀਨ ਹਨ। (1 ਥੱਸਲੁਨੀਕੀਆਂ 4:16; ਪ੍ਰਕਾਸ਼ ਦੀ ਕਿਤਾਬ 12:7) ‘ਮੰਡਲੀ ਦੇ ਸਿਰ’ ਵਜੋਂ ਉਸ ਨੂੰ ਧਰਤੀ ’ਤੇ ਆਪਣੇ ਸਾਰੇ ਚੇਲਿਆਂ ਉੱਤੇ ਅਧਿਕਾਰ ਦਿੱਤਾ ਗਿਆ ਹੈ। (ਅਫ਼ਸੀਆਂ 5:23) 1914 ਤੋਂ ਉਹ ਸਵਰਗ ਵਿਚ ਰਾਜ ਕਰ ਰਿਹਾ ਹੈ। (ਪ੍ਰਕਾਸ਼ ਦੀ ਕਿਤਾਬ 11:15) ਉਸ ਨੂੰ ਮਰੇ ਹੋਏ ਲੋਕਾਂ ਨੂੰ ਵੀ ਜੀਉਂਦਾ ਕਰਨ ਦੀ ਸ਼ਕਤੀ ਦਿੱਤੀ ਗਈ ਹੈ। (ਯੂਹੰਨਾ 5:26-28) ਯਿਸੂ ਨੇ ਆਪਣੇ ਵੱਡੇ ਅਧਿਕਾਰ ਦਾ ਜ਼ਿਕਰ ਕਿਉਂ ਕੀਤਾ? ਕਿਉਂਕਿ ਉਹ ਆਪਣੇ ਚੇਲਿਆਂ ਨੂੰ ਪ੍ਰਚਾਰ ਕਰਨ ਦਾ ਸੁਝਾਅ ਨਹੀਂ, ਸਗੋਂ ਹੁਕਮ ਦੇ ਰਿਹਾ ਸੀ। ਉਸ ਦਾ ਹੁਕਮ ਮੰਨਣਾ ਸਾਡੇ ਲਈ ਅਕਲਮੰਦੀ ਦੀ ਗੱਲ ਹੋਵੇਗੀ ਕਿਉਂਕਿ ਉਸ ਨੇ ਇਹ ਅਧਿਕਾਰ ਖ਼ੁਦ ਆਪਣੇ ਹੱਥਾਂ ਵਿਚ ਨਹੀਂ ਲਿਆ, ਸਗੋਂ ਪਰਮੇਸ਼ੁਰ ਨੇ ਉਸ ਨੂੰ ਦਿੱਤਾ ਹੈ।—1 ਕੁਰਿੰਥੀਆਂ 15:27.

16. ਜਦੋਂ ਯਿਸੂ ਨੇ ਕਿਹਾ “ਜਾਓ,” ਤਾਂ ਉਹ ਸਾਨੂੰ ਕੀ ਕਰਨ ਲਈ ਕਹਿ ਰਿਹਾ ਸੀ ਅਤੇ ਅਸੀਂ ਇਸ ਕੰਮ ਨੂੰ ਕਿਵੇਂ ਪੂਰਾ ਕਰ ਸਕਦੇ ਹਾਂ?

16 ਸਾਨੂੰ ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਸੌਂਪਦਿਆਂ ਯਿਸੂ ਪਹਿਲਾਂ ਇਹ ਕਹਿੰਦਾ ਹੈ: “ਜਾਓ।” (ਆਇਤ 19) ਉਹ ਸਾਨੂੰ ਹੁਕਮ ਦਿੰਦਾ ਹੈ ਕਿ ਅਸੀਂ ਆਪ ਜਾ ਕੇ ਲੋਕਾਂ ਨੂੰ ਰਾਜ ਦਾ ਸੰਦੇਸ਼ ਸੁਣਾਈਏ। ਇਸ ਕੰਮ ਨੂੰ ਪੂਰਾ ਕਰਨ ਲਈ ਅਸੀਂ ਵੱਖੋ-ਵੱਖਰੇ ਤਰੀਕੇ ਵਰਤ ਸਕਦੇ ਹਾਂ। ਲੋਕਾਂ ਨੂੰ ਮਿਲਣ ਦਾ ਸਭ ਤੋਂ ਵਧੀਆ ਤਰੀਕਾ ਹੈ ਘਰ-ਘਰ ਜਾ ਕੇ ਪ੍ਰਚਾਰ ਕਰਨਾ। (ਰਸੂਲਾਂ ਦੇ ਕੰਮ 20:20) ਪਰ ਇਸ ਦੇ ਨਾਲ-ਨਾਲ ਅਸੀਂ ਰੋਜ਼ਾਨਾ ਜ਼ਿੰਦਗੀ ਵਿਚ ਹਰ ਮੌਕੇ ਤੇ ਲੋਕਾਂ ਨਾਲ ਖ਼ੁਸ਼ ਖ਼ਬਰੀ ਸਾਂਝੀ ਕਰਨ ਲਈ ਤਿਆਰ ਰਹਿੰਦੇ ਹਾਂ। ਅਸੀਂ ਲੋਕਾਂ ਦੀਆਂ ਲੋੜਾਂ ਅਤੇ ਉਨ੍ਹਾਂ ਦੇ ਹਾਲਾਤਾਂ ਨੂੰ ਧਿਆਨ ਵਿਚ ਰੱਖ ਕੇ ਪ੍ਰਚਾਰ ਦੇ ਵੱਖੋ-ਵੱਖਰੇ ਤਰੀਕੇ ਵਰਤ ਸਕਦੇ ਹਾਂ। ਅਸੀਂ ਪ੍ਰਚਾਰ ਕਰਨ ਦਾ ਭਾਵੇਂ ਕੋਈ ਵੀ ਤਰੀਕਾ ਵਰਤੀਏ, ਪਰ ਜ਼ਰੂਰੀ ਗੱਲ ਇਹ ਹੈ ਕਿ ਅਸੀਂ ‘ਜਾ’ ਕੇ ਨੇਕਦਿਲ ਲੋਕਾਂ ਨੂੰ ਲੱਭੀਏ।—ਮੱਤੀ 10:11.

17. ਅਸੀਂ “ਚੇਲੇ” ਕਿਵੇਂ ਬਣਾਉਂਦੇ ਹਾਂ?

17 ਫਿਰ ਯਿਸੂ ਸਮਝਾਉਂਦਾ ਹੈ ਕਿ ਪ੍ਰਚਾਰ ਕਰਨ ਦਾ ਮਕਸਦ ਹੈ: ‘ਸਾਰੀਆਂ ਕੌਮਾਂ ਦੇ ਲੋਕਾਂ ਨੂੰ ਚੇਲੇ ਬਣਾਉਣਾ।’ (ਆਇਤ 19) ਅਸੀਂ “ਚੇਲੇ” ਕਿਵੇਂ ਬਣਾਉਂਦੇ ਹਾਂ? ਚੇਲਾ ਉਹ ਹੁੰਦਾ ਹੈ ਜੋ ਆਪਣੇ ਗੁਰੂ ਤੋਂ ਸਿੱਖਿਆ ਲੈਂਦਾ ਹੈ। ਪਰ ਚੇਲੇ ਬਣਾਉਣ ਦਾ ਮਤਲਬ ਸਿਰਫ਼ ਇਹ ਨਹੀਂ ਕਿ ਅਸੀਂ ਦੂਜਿਆਂ ਨੂੰ ਗਿਆਨ ਦੇਈਏ। ਜਦੋਂ ਅਸੀਂ ਕਿਸੇ ਨਾਲ ਬਾਈਬਲ ਸਟੱਡੀ ਕਰਦੇ ਹਾਂ, ਤਾਂ ਸਾਡਾ ਮਕਸਦ ਇਹ ਹੁੰਦਾ ਹੈ ਕਿ ਅਸੀਂ ਮਸੀਹ ਦਾ ਚੇਲਾ ਬਣਨ ਵਿਚ ਉਸ ਦੀ ਮਦਦ ਕਰੀਏ। ਅਸੀਂ ਉਸ ਦਾ ਧਿਆਨ ਯਿਸੂ ਦੀ ਮਿਸਾਲ ਵੱਲ ਖਿੱਚਦੇ ਹਾਂ ਤਾਂਕਿ ਉਹ ਉਸ ਨੂੰ ਆਪਣਾ ਗੁਰੂ ਮੰਨੇ। ਫਿਰ ਉਹ ਯਿਸੂ ਦੇ ਨਕਸ਼ੇ-ਕਦਮਾਂ ’ਤੇ ਚੱਲ ਕੇ ਆਪਣੀ ਜ਼ਿੰਦਗੀ ਜੀਵੇਗਾ ਅਤੇ ਉਹੀ ਕੰਮ ਕਰੇਗਾ ਜੋ ਉਸ ਨੇ ਕੀਤਾ ਸੀ।—ਯੂਹੰਨਾ 13:15.

18. ਇਕ ਚੇਲੇ ਲਈ ਬਪਤਿਸਮਾ ਲੈਣਾ ਜ਼ਰੂਰੀ ਕਦਮ ਕਿਉਂ ਹੈ?

18 ਕਿਸੇ ਨੂੰ ਚੇਲਾ ਬਣਾਉਣ ਲਈ ਇਹ ਗੱਲ ਬਹੁਤ ਜ਼ਰੂਰੀ ਹੈ ਕਿ ਉਸ ਨੂੰ “ਪਿਤਾ ਦੇ ਨਾਂ ’ਤੇ, ਪੁੱਤਰ ਦੇ ਨਾਂ ’ਤੇ ਅਤੇ ਪਵਿੱਤਰ ਸ਼ਕਤੀ ਦੇ ਨਾਂ ’ਤੇ ਬਪਤਿਸਮਾ” ਦਿੱਤਾ ਜਾਵੇ। (ਆਇਤ 19) ਬਪਤਿਸਮਾ ਲੈ ਕੇ ਚੇਲਾ ਦਿਖਾਉਂਦਾ ਹੈ ਕਿ ਉਸ ਨੇ ਆਪਣੀ ਪੂਰੀ ਜ਼ਿੰਦਗੀ ਪਰਮੇਸ਼ੁਰ ਨੂੰ ਸੌਂਪ ਦਿੱਤੀ ਹੈ। ਇਸ ਲਈ ਬਪਤਿਸਮਾ ਲੈਣਾ ਇਕ ਜ਼ਰੂਰੀ ਕਦਮ ਹੈ ਅਤੇ ਮੁਕਤੀ ਪਾਉਣ ਲਈ ਲਾਜ਼ਮੀ ਹੈ। (1 ਪਤਰਸ 3:21) ਜੇ ਇਕ ਚੇਲਾ ਬਪਤਿਸਮੇ ਤੋਂ ਬਾਅਦ ਆਪਣੀ ਪੂਰੀ ਵਾਹ ਲਾ ਕੇ ਯਹੋਵਾਹ ਦੀ ਸੇਵਾ ਕਰਦਾ ਰਹਿੰਦਾ ਹੈ, ਤਾਂ ਉਹ ਨਵੀਂ ਦੁਨੀਆਂ ਵਿਚ ਬੇਅੰਤ ਬਰਕਤਾਂ ਪਾਉਣ ਦੀ ਉਮੀਦ ਰੱਖ ਸਕਦਾ ਹੈ। ਕੀ ਤੁਸੀਂ ਮਸੀਹ ਦਾ ਚੇਲਾ ਬਣਨ ਵਿਚ ਕਿਸੇ ਦੀ ਮਦਦ ਕੀਤੀ ਹੈ? ਇਸ ਤੋਂ ਵੱਡੀ ਖ਼ੁਸ਼ੀ ਦੀ ਗੱਲ ਹੋਰ ਕਿਹੜੀ ਹੋ ਸਕਦੀ ਹੈ?—3 ਯੂਹੰਨਾ 4.

19. ਅਸੀਂ ਨਵੇਂ ਚੇਲਿਆਂ ਨੂੰ ਕਿਹੜੀਆਂ ਗੱਲਾਂ ਸਿਖਾਉਂਦੇ ਹਾਂ ਅਤੇ ਬਪਤਿਸਮੇ ਤੋਂ ਬਾਅਦ ਉਨ੍ਹਾਂ ਨੂੰ ਸ਼ਾਇਦ ਹੋਰ ਮਦਦ ਦੀ ਲੋੜ ਕਿਉਂ ਪਵੇ?

19 ਯਿਸੂ ਅੱਗੇ ਕਹਿੰਦਾ ਹੈ: “ਉਨ੍ਹਾਂ ਨੂੰ ਸਾਰੇ ਹੁਕਮਾਂ ਦੀ ਪਾਲਣਾ ਕਰਨੀ ਸਿਖਾਓ ਜਿਹੜੇ ਹੁਕਮ ਮੈਂ ਤੁਹਾਨੂੰ ਦਿੱਤੇ ਹਨ।” (ਆਇਤ 20) ਅਸੀਂ ਨਵੇਂ ਚੇਲਿਆਂ ਨੂੰ ਯਿਸੂ ਦੇ ਹੁਕਮ ਮੰਨਣੇ ਸਿਖਾਉਂਦੇ ਹਾਂ ਜਿਵੇਂ ਕਿ ਪਰਮੇਸ਼ੁਰ ਨਾਲ ਪਿਆਰ ਕਰਨਾ, ਗੁਆਂਢੀ ਨਾਲ ਪਿਆਰ ਕਰਨਾ ਅਤੇ ਪ੍ਰਚਾਰ ਵਿਚ ਹਿੱਸਾ ਲੈਣਾ। (ਮੱਤੀ 22:37-39) ਅਸੀਂ ਹੌਲੀ-ਹੌਲੀ ਉਨ੍ਹਾਂ ਨੂੰ ਇਹ ਵੀ ਸਿਖਾਉਂਦੇ ਹਾਂ ਕਿ ਉਹ ਬਾਈਬਲ ਦੀਆਂ ਸੱਚਾਈਆਂ ਅਤੇ ਆਪਣੇ ਵਿਸ਼ਵਾਸਾਂ ਬਾਰੇ ਹੋਰਨਾਂ ਨੂੰ ਕਿਵੇਂ ਸਮਝਾ ਸਕਦੇ ਹਨ। ਜਦੋਂ ਉਹ ਪ੍ਰਚਾਰ ਕਰਨ ਦੇ ਕਾਬਲ ਬਣ ਜਾਂਦੇ ਹਨ, ਤਾਂ ਅਸੀਂ ਖ਼ੁਦ ਉਨ੍ਹਾਂ ਨਾਲ ਪ੍ਰਚਾਰ ਕਰਨ ਜਾਂਦੇ ਹਾਂ। ਇੱਦਾਂ ਅਸੀਂ ਆਪਣੀ ਕਹਿਣੀ ਤੇ ਕਰਨੀ ਦੇ ਜ਼ਰੀਏ ਉਨ੍ਹਾਂ ਨੂੰ ਅਸਰਦਾਰ ਢੰਗ ਨਾਲ ਪ੍ਰਚਾਰ ਕਰਨਾ ਸਿਖਾ ਸਕਦੇ ਹਾਂ। ਪਰ ਸਾਡਾ ਸਿੱਖਿਆ ਦੇਣ ਦਾ ਕੰਮ ਇੱਥੇ ਹੀ ਖ਼ਤਮ ਨਹੀਂ ਹੁੰਦਾ। ਨਵੇਂ ਚੇਲਿਆਂ ਨੂੰ ਮਸੀਹ ਦੇ ਪਿੱਛੇ-ਪਿੱਛੇ ਚੱਲਣ ਕਰਕੇ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈ ਸਕਦਾ ਹੈ, ਇਸ ਲਈ ਸ਼ਾਇਦ ਸਾਨੂੰ ਉਨ੍ਹਾਂ ਦੀ ਹੋਰ ਮਦਦ ਕਰਨ ਦੀ ਲੋੜ ਪਵੇ।—ਲੂਕਾ 9:23, 24.

‘ਮੈਂ ਹਰ ਵੇਲੇ ਤੁਹਾਡੇ ਨਾਲ ਰਹਾਂਗਾ’

20, 21. (ੳ) ਯਿਸੂ ਵੱਲੋਂ ਮਿਲੇ ਕੰਮ ਨੂੰ ਪੂਰਾ ਕਰਦਿਆਂ ਸਾਨੂੰ ਡਰਨ ਦੀ ਲੋੜ ਕਿਉਂ ਨਹੀਂ ਹੈ? (ਅ) ਹੁਣ ਢਿੱਲੇ ਪੈਣ ਦਾ ਸਮਾਂ ਕਿਉਂ ਨਹੀਂ ਹੈ ਅਤੇ ਸਾਨੂੰ ਕੀ ਕਰਨ ਦਾ ਪੱਕਾ ਇਰਾਦਾ ਕਰ ਲੈਣਾ ਚਾਹੀਦਾ ਹੈ?

20 ਯਿਸੂ ਦੇ ਆਖ਼ਰੀ ਲਫ਼ਜ਼ਾਂ ਤੋਂ ਸਾਨੂੰ ਬਹੁਤ ਹੌਸਲਾ ਮਿਲਦਾ ਹੈ: “ਦੇਖੋ! ਮੈਂ ਯੁਗ ਦੇ ਆਖ਼ਰੀ ਸਮੇਂ ਤਕ ਹਰ ਵੇਲੇ ਤੁਹਾਡੇ ਨਾਲ ਰਹਾਂਗਾ।” (ਮੱਤੀ 28:20) ਯਿਸੂ ਜਾਣਦਾ ਹੈ ਕਿ ਪ੍ਰਚਾਰ ਦਾ ਕੰਮ ਬੜੀ ਜ਼ਿੰਮੇਵਾਰੀ ਵਾਲਾ ਹੈ। ਉਸ ਨੂੰ ਪਤਾ ਹੈ ਕਿ ਇਹ ਕੰਮ ਕਰਦਿਆਂ ਕਦੀ-ਕਦੀ ਉਸ ਦੇ ਚੇਲਿਆਂ ਨੂੰ ਵਿਰੋਧੀਆਂ ਤੋਂ ਸਤਾਹਟਾਂ ਦਾ ਸਾਮ੍ਹਣਾ ਕਰਨਾ ਪਵੇਗਾ। (ਲੂਕਾ 21:12) ਫਿਰ ਵੀ ਸਾਨੂੰ ਡਰਨ ਦੀ ਲੋੜ ਨਹੀਂ ਕਿਉਂਕਿ ਸਾਡਾ ਆਗੂ ਸਾਡਾ ਸਾਥ ਕਦੇ ਨਹੀਂ ਛੱਡੇਗਾ। “ਸਵਰਗ ਵਿਚ ਅਤੇ ਧਰਤੀ ਉੱਤੇ ਸਾਰਾ ਅਧਿਕਾਰ” ਰੱਖਣ ਵਾਲਾ ਸਾਡਾ ਪ੍ਰਭੂ ਯਿਸੂ ਇਸ ਕੰਮ ਨੂੰ ਪੂਰਾ ਕਰਨ ਵਿਚ ਸਾਡੀ ਮਦਦ ਕਰਨ ਲਈ ਤਿਆਰ ਹੈ। ਕੀ ਇਹ ਜਾਣ ਕੇ ਸਾਨੂੰ ਹੌਸਲਾ ਨਹੀਂ ਮਿਲਦਾ?

21 ਯਿਸੂ ਨੇ ਆਪਣੇ ਚੇਲਿਆਂ ਨੂੰ ਯਕੀਨ ਦਿਵਾਇਆ ਸੀ ਕਿ ਉਹ ਪ੍ਰਚਾਰ ਦੌਰਾਨ ਹਰ ਵੇਲੇ ਯਾਨੀ “ਯੁਗ ਦੇ ਆਖ਼ਰੀ ਸਮੇਂ ਤਕ” ਉਨ੍ਹਾਂ ਦੇ ਨਾਲ ਰਹੇਗਾ। ਜੀ ਹਾਂ, ਜਦ ਤਕ ਅੰਤ ਨਹੀਂ ਆ ਜਾਂਦਾ ਤਦ ਤਕ ਸਾਨੂੰ ਇਹ ਕੰਮ ਕਰਦੇ ਰਹਿਣਾ ਚਾਹੀਦਾ ਹੈ। ਹੁਣ ਇਸ ਕੰਮ ਵਿਚ ਢਿੱਲੇ ਪੈਣ ਦਾ ਸਮਾਂ ਨਹੀਂ ਹੈ। ਅਜੇ ਵੀ ਬਹੁਤ ਸਾਰੇ ਲੋਕ ਸੱਚਾਈ ਵਿਚ ਆ ਰਹੇ ਹਨ! ਇਸ ਲਈ, ਮਸੀਹ ਦੇ ਚੇਲਿਆਂ ਵਜੋਂ ਆਓ ਆਪਾਂ ਪੱਕਾ ਇਰਾਦਾ ਕਰੀਏ ਕਿ ਅਸੀਂ ਆਪਣਾ ਸਮਾਂ, ਤਾਕਤ ਅਤੇ ਪੈਸਾ ਲਾ ਕੇ ਮਸੀਹ ਦਾ ਹੁਕਮ ਪੂਰਾ ਕਰਾਂਗੇ ਅਤੇ ‘ਜਾ ਕੇ ਚੇਲੇ ਬਣਾਵਾਂਗੇ।’

^ ਪੈਰਾ 12 ਅਲੀਸ਼ਾ ਨਬੀ ਨੇ ਵੀ ਇਕ ਵਾਰ ਆਪਣੇ ਸੇਵਕ ਗੇਹਾਜੀ ਨੂੰ ਅਜਿਹੀਆਂ ਹਿਦਾਇਤਾਂ ਦਿੱਤੀਆਂ ਸਨ। ਉਸ ਨੂੰ ਇਕ ਤੀਵੀਂ ਦੇ ਘਰ ਭੇਜਣ ਤੋਂ ਪਹਿਲਾਂ, ਜਿਸ ਦੇ ਪੁੱਤਰ ਦੀ ਮੌਤ ਹੋ ਚੁੱਕੀ ਸੀ, ਅਲੀਸ਼ਾ ਨੇ ਕਿਹਾ: “ਜੇ ਕੋਈ ਆਦਮੀ ਤੈਨੂੰ ਮਿਲੇ ਤਾਂ ਉਹ ਨੂੰ ਪਰਨਾਮ ਨਾ ਕਰੀਂ।” (2 ਰਾਜਿਆਂ 4:29) ਉਸ ਦਾ ਕੰਮ ਬਹੁਤ ਜ਼ਰੂਰੀ ਸੀ, ਸੋ ਉਸ ਨੂੰ ਬੇਵਜ੍ਹਾ ਦੇਰ ਨਹੀਂ ਕਰਨੀ ਚਾਹੀਦੀ ਸੀ।

^ ਪੈਰਾ 14 ਯਿਸੂ ਦੇ ਜ਼ਿਆਦਾਤਰ ਚੇਲੇ ਗਲੀਲ ਦੇ ਸਨ। ਇਸ ਲਈ ਸੰਭਵ ਹੈ ਕਿ ਮੱਤੀ 28:16-20 ਵਿਚ ਦਰਜ ਗੱਲਾਂ ਉਦੋਂ ਦੀਆਂ ਹਨ ਜਦੋਂ ਯਿਸੂ ਜੀਉਂਦਾ ਹੋਣ ਤੋਂ ਬਾਅਦ “500 ਤੋਂ ਜ਼ਿਆਦਾ ਭਰਾਵਾਂ ਦੇ ਸਾਮ੍ਹਣੇ” ਪ੍ਰਗਟ ਹੋਇਆ ਸੀ। (1 ਕੁਰਿੰਥੀਆਂ 15:6) ਸੋ ਹੋ ਸਕਦਾ ਹੈ ਕਿ ਜਦੋਂ ਯਿਸੂ ਨੇ ਚੇਲੇ ਬਣਾਉਣ ਦਾ ਕੰਮ ਸੌਂਪਿਆ ਸੀ, ਤਾਂ ਉੱਥੇ ਉਸ ਦੇ ਸੈਂਕੜੇ ਚੇਲੇ ਮੌਜੂਦ ਸਨ।