Skip to content

Skip to table of contents

ਅਧਿਆਇ 11

“ਪਹਿਲਾਂ ਕਦੇ ਵੀ ਕਿਸੇ ਨੇ ਇਸ ਆਦਮੀ ਵਾਂਗ ਸਿੱਖਿਆ ਨਹੀਂ ਦਿੱਤੀ”

“ਪਹਿਲਾਂ ਕਦੇ ਵੀ ਕਿਸੇ ਨੇ ਇਸ ਆਦਮੀ ਵਾਂਗ ਸਿੱਖਿਆ ਨਹੀਂ ਦਿੱਤੀ”

1, 2. (ੳ) ਯਿਸੂ ਨੂੰ ਗਿਰਫ਼ਤਾਰ ਕਰਨ ਦੀ ਬਜਾਇ ਪਹਿਰੇਦਾਰ ਖਾਲੀ ਹੱਥ ਵਾਪਸ ਕਿਉਂ ਆਏ? (ਅ) ਯਿਸੂ ਇੰਨਾ ਵਧੀਆ ਸਿੱਖਿਅਕ ਕਿਉਂ ਸੀ?

ਯਿਸੂ ਮੰਦਰ ਵਿਚ ਆਪਣੇ ਪਿਤਾ ਬਾਰੇ ਲੋਕਾਂ ਨੂੰ ਸਿਖਾ ਰਿਹਾ ਹੈ। ਉਸ ਦੀਆਂ ਗੱਲਾਂ ਸੁਣ ਕੇ ਭੀੜ ਵਿਚ ਫੁੱਟ ਪੈ ਜਾਂਦੀ ਹੈ। ਕਈ ਉਸ ’ਤੇ ਨਿਹਚਾ ਕਰਦੇ ਹਨ, ਜਦ ਕਿ ਦੂਜੇ ਚਾਹੁੰਦੇ ਹਨ ਕਿ ਉਸ ਨੂੰ ਗਿਰਫ਼ਤਾਰ ਕੀਤਾ ਜਾਵੇ। ਗੁੱਸੇ ਵਿਚ ਭੜਕੇ ਧਾਰਮਿਕ ਆਗੂ ਮੰਦਰ ਦੇ ਪਹਿਰੇਦਾਰਾਂ ਨੂੰ ਯਿਸੂ ਨੂੰ ਫੜਨ ਲਈ ਘੱਲਦੇ ਹਨ। ਜਦੋਂ ਪਹਿਰੇਦਾਰ ਖਾਲੀ ਹੱਥ ਵਾਪਸ ਆਉਂਦੇ ਹਨ, ਤਾਂ ਮੁੱਖ ਪੁਜਾਰੀ ਅਤੇ ਫ਼ਰੀਸੀ ਉਨ੍ਹਾਂ ਨੂੰ ਪੁੱਛਦੇ ਹਨ: “ਤੁਸੀਂ ਉਸ ਨੂੰ ਫੜ ਕੇ ਕਿਉਂ ਨਹੀਂ ਲਿਆਏ?” ਪਹਿਰੇਦਾਰ ਜਵਾਬ ਦਿੰਦੇ ਹਨ: “ਪਹਿਲਾਂ ਕਦੇ ਵੀ ਕਿਸੇ ਨੇ ਇਸ ਆਦਮੀ ਵਾਂਗ ਸਿੱਖਿਆ ਨਹੀਂ ਦਿੱਤੀ।” ਯਿਸੂ ਦੀਆਂ ਸਿੱਖਿਆਵਾਂ ਦਾ ਉਨ੍ਹਾਂ ’ਤੇ ਇੰਨਾ ਜ਼ਿਆਦਾ ਅਸਰ ਹੁੰਦਾ ਹੈ ਕਿ ਉਹ ਉਸ ਨੂੰ ਗਿਰਫ਼ਤਾਰ ਨਹੀਂ ਕਰ ਪਾਉਂਦੇ। *ਯੂਹੰਨਾ 7:45, 46.

2 ਯਿਸੂ ਦੀਆਂ ਸਿੱਖਿਆਵਾਂ ਦਾ ਅਸਰ ਸਿਰਫ਼ ਪਹਿਰੇਦਾਰਾਂ ’ਤੇ ਹੀ ਨਹੀਂ ਪਿਆ, ਸਗੋਂ ਭੀੜਾਂ ਦੀਆਂ ਭੀੜਾਂ ਉਸ ਦੀਆਂ ਗੱਲਾਂ ਸੁਣਨ ਆਉਂਦੀਆਂ ਸਨ। (ਮਰਕੁਸ 3:7, 9; 4:1; ਲੂਕਾ 5:1-3) ਯਿਸੂ ਇੰਨਾ ਵਧੀਆ ਸਿੱਖਿਅਕ ਕਿਉਂ ਸੀ? ਜਿਵੇਂ ਅਸੀਂ ਅੱਠਵੇਂ ਅਧਿਆਇ ਵਿਚ ਦੇਖਿਆ ਸੀ, ਉਹ ਪਰਮੇਸ਼ੁਰ ਦੇ ਗਿਆਨ ਨੂੰ ਅਨਮੋਲ ਸਮਝਦਾ ਸੀ ਅਤੇ ਉਨ੍ਹਾਂ ਲੋਕਾਂ ਨੂੰ ਪਿਆਰ ਕਰਦਾ ਸੀ ਜਿਨ੍ਹਾਂ ਨੂੰ ਉਹ ਸਿਖਾਉਂਦਾ ਸੀ। ਇਸ ਦੇ ਨਾਲ-ਨਾਲ ਉਹ ਸਿੱਖਿਆ ਦੇਣ ਵਿਚ ਵੀ ਮਾਹਰ ਸੀ। ਆਓ ਅਸੀਂ ਉਸ ਦੇ ਸਿੱਖਿਆ ਦੇਣ ਦੇ ਤਿੰਨ ਵਧੀਆ ਤਰੀਕਿਆਂ ’ਤੇ ਗੌਰ ਕਰੀਏ ਅਤੇ ਦੇਖੀਏ ਕਿ ਅਸੀਂ ਉਸ ਦੀ ਰੀਸ ਕਿਵੇਂ ਕਰ ਸਕਦੇ ਹਾਂ।

ਸੌਖੇ ਤਰੀਕੇ ਨਾਲ ਸਿਖਾਉਣਾ

3, 4. (ੳ) ਯਿਸੂ ਨੇ ਸਿਖਾਉਣ ਵੇਲੇ ਸੌਖੀ ਭਾਸ਼ਾ ਕਿਉਂ ਵਰਤੀ? (ਅ) ਆਪਣੇ ਮਸ਼ਹੂਰ ਉਪਦੇਸ਼ ਵਿਚ ਯਿਸੂ ਨੇ ਸੌਖੇ ਤਰੀਕੇ ਨਾਲ ਕਿਵੇਂ ਸਿਖਾਇਆ ਸੀ?

3 ਜ਼ਰਾ ਸੋਚੋ ਕਿ ਜੇ ਯਿਸੂ ਚਾਹੁੰਦਾ, ਤਾਂ ਉਹ ਵੱਡੇ-ਵੱਡੇ ਸ਼ਬਦ ਇਸਤੇਮਾਲ ਕਰ ਕੇ ਲੋਕਾਂ ਨੂੰ ਸਿਖਾ ਸਕਦਾ ਸੀ। ਪਰ ਉਸ ਨੇ ਸੌਖੀ ਭਾਸ਼ਾ ਵਰਤੀ ਤਾਂਕਿ “ਘੱਟ ਪੜ੍ਹੇ-ਲਿਖੇ ਅਤੇ ਆਮ” ਲੋਕ ਉਸ ਦੀਆਂ ਗੱਲਾਂ ਸਮਝ ਸਕਣ। (ਰਸੂਲਾਂ ਦੇ ਕੰਮ 4:13) ਉਹ ਉਨ੍ਹਾਂ ਦੀ ਸਿੱਖਣ ਦੀ ਕਾਬਲੀਅਤ ਨੂੰ ਧਿਆਨ ਵਿਚ ਰੱਖਦਾ ਸੀ ਅਤੇ ਉਨ੍ਹਾਂ ਨੂੰ ਹੱਦੋਂ ਵੱਧ ਗੱਲਾਂ ਨਹੀਂ ਸੀ ਸਿਖਾਉਂਦਾ। (ਯੂਹੰਨਾ 16:12) ਹਾਲਾਂਕਿ ਉਸ ਦੇ ਸ਼ਬਦ ਸਮਝਣ ਵਿਚ ਸੌਖੇ ਸਨ, ਪਰ ਇਨ੍ਹਾਂ ਰਾਹੀਂ ਉਸ ਨੇ ਡੂੰਘੀਆਂ ਸੱਚਾਈਆਂ ਸਿਖਾਈਆਂ ਸਨ।

4 ਮਿਸਾਲ ਲਈ, ਜ਼ਰਾ ਮੱਤੀ 5:3–7:27 ਵਿਚ ਦਰਜ ਉਸ ਦੀਆਂ ਸਿੱਖਿਆਵਾਂ ’ਤੇ ਗੌਰ ਕਰੋ। ਇਸ ਉਪਦੇਸ਼ ਵਿਚ ਯਿਸੂ ਹਰ ਗੱਲ ਦੀ ਤਹਿ ਤਕ ਪਹੁੰਚਿਆ। ਇਹ ਉਪਦੇਸ਼ ਸਮਝਣ ਵਿਚ ਔਖਾ ਨਹੀਂ ਸੀ। ਦਰਅਸਲ ਯਿਸੂ ਦੀਆਂ ਗੱਲਾਂ ਇੰਨੀਆਂ ਆਸਾਨ ਸਨ ਕਿ ਇਕ ਬੱਚਾ ਵੀ ਇਨ੍ਹਾਂ ਨੂੰ ਸਮਝ ਸਕਦਾ ਸੀ! ਇਸੇ ਕਰਕੇ ਜਦੋਂ ਯਿਸੂ ਨੇ ਆਪਣਾ ਉਪਦੇਸ਼ ਖ਼ਤਮ ਕੀਤਾ, ਤਾਂ ਲੋਕ, ਜਿਨ੍ਹਾਂ ਵਿਚ ਕਿਸਾਨ, ਚਰਵਾਹੇ ਅਤੇ ਮਛੇਰੇ ਵੀ ਸਨ, “ਉਸ ਦੇ ਸਿੱਖਿਆ ਦੇਣ ਦੇ ਢੰਗ ਤੋਂ ਹੈਰਾਨ ਰਹਿ ਗਏ।”—ਮੱਤੀ 7:28.

5. ਕੁਝ ਉਦਾਹਰਣਾਂ ਦੇ ਕੇ ਸਮਝਾਓ ਕਿ ਯਿਸੂ ਥੋੜ੍ਹੇ ਸ਼ਬਦਾਂ ਵਿਚ ਵੱਡੀਆਂ-ਵੱਡੀਆਂ ਗੱਲਾਂ ਕਿਵੇਂ ਕਹਿੰਦਾ ਸੀ।

5 ਯਿਸੂ ਅਕਸਰ ਥੋੜ੍ਹੇ ਸ਼ਬਦਾਂ ਵਿਚ ਵੱਡੀਆਂ-ਵੱਡੀਆਂ ਗੱਲਾਂ ਕਹਿ ਜਾਂਦਾ ਸੀ। ਭਾਵੇਂ ਉਸ ਵੇਲੇ ਕਿਤਾਬਾਂ ਨਹੀਂ ਹੁੰਦੀਆਂ ਸਨ, ਪਰ ਯਿਸੂ ਇੰਨੇ ਜ਼ਬਰਦਸਤ ਤਰੀਕੇ ਨਾਲ ਗੱਲਾਂ ਸਿਖਾਉਂਦਾ ਸੀ ਕਿ ਇਹ ਸੁਣਨ ਵਾਲਿਆਂ ਦੇ ਦਿਲ-ਦਿਮਾਗ਼ ’ਤੇ ਗਹਿਰੀ ਛਾਪ ਛੱਡ ਜਾਂਦੀਆਂ ਸਨ। ਕੁਝ ਉਦਾਹਰਣਾਂ ’ਤੇ ਗੌਰ ਕਰੋ: “ਦੂਸਰਿਆਂ ਵਿਚ ਨੁਕਸ ਕੱਢਣੇ ਛੱਡ ਦਿਓ, ਤਾਂ ਤੁਹਾਡੇ ਵਿਚ ਵੀ ਨੁਕਸ ਨਹੀਂ ਕੱਢੇ ਜਾਣਗੇ।” “ਹਕੀਮ ਦੀ ਲੋੜ ਤੰਦਰੁਸਤ ਲੋਕਾਂ ਨੂੰ ਨਹੀਂ, ਸਗੋਂ ਬੀਮਾਰਾਂ ਨੂੰ ਪੈਂਦੀ ਹੈ।” “ਦਿਲ ਤਾਂ ਤਿਆਰ ਹੈ, ਪਰ ਪਾਪੀ ਸਰੀਰ ਕਮਜ਼ੋਰ ਹੈ।” “ਰਾਜੇ ਦੀਆਂ ਚੀਜ਼ਾਂ ਰਾਜੇ ਨੂੰ ਦਿਓ, ਪਰ ਪਰਮੇਸ਼ੁਰ ਦੀਆਂ ਚੀਜ਼ਾਂ ਪਰਮੇਸ਼ੁਰ ਨੂੰ ਦਿਓ।” “ਲੈਣ ਨਾਲੋਂ ਦੇਣ ਵਿਚ ਜ਼ਿਆਦਾ ਖ਼ੁਸ਼ੀ ਮਿਲਦੀ ਹੈ।” * (ਮੱਤੀ 7:1; 9:12; 26:41; ਮਰਕੁਸ 12:17; ਰਸੂਲਾਂ ਦੇ ਕੰਮ 20:35) ਭਾਵੇਂ ਯਿਸੂ ਨੇ ਇਹ ਗੱਲਾਂ ਤਕਰੀਬਨ 2,000 ਸਾਲ ਪਹਿਲਾਂ ਕਹੀਆਂ ਸਨ, ਪਰ ਇਹ ਅੱਜ ਵੀ ਲੋਕਾਂ ਨੂੰ ਯਾਦ ਹਨ।

6, 7. (ੳ) ਸੌਖੇ ਤਰੀਕੇ ਨਾਲ ਸਿਖਾਉਣ ਲਈ ਸੌਖੀ ਭਾਸ਼ਾ ਵਰਤਣੀ ਕਿਉਂ ਜ਼ਰੂਰੀ ਹੈ? (ਅ) ਅਸੀਂ ਕਿਵੇਂ ਧਿਆਨ ਰੱਖ ਸਕਦੇ ਹਾਂ ਕਿ ਅਸੀਂ ਆਪਣੇ ਸਟੂਡੈਂਟ ਨੂੰ ਇੱਕੋ ਵਾਰ ਬਹੁਤ ਜ਼ਿਆਦਾ ਗੱਲਾਂ ਨਾ ਦੱਸੀਏ?

6 ਅਸੀਂ ਸੌਖੇ ਤਰੀਕੇ ਨਾਲ ਕਿਵੇਂ ਸਿਖਾ ਸਕਦੇ ਹਾਂ? ਇੱਦਾਂ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਸੌਖੀ ਭਾਸ਼ਾ ਵਰਤੀਏ ਜੋ ਜ਼ਿਆਦਾਤਰ ਲੋਕ ਆਸਾਨੀ ਨਾਲ ਸਮਝ ਸਕਦੇ ਹਨ। ਪਰਮੇਸ਼ੁਰ ਦੇ ਬਚਨ ਦੀਆਂ ਬੁਨਿਆਦੀ ਗੱਲਾਂ ਔਖੀਆਂ ਨਹੀਂ ਹਨ। ਯਹੋਵਾਹ ਨੇ ਆਪਣੇ ਮਕਸਦ ਨੇਕਦਿਲ ਅਤੇ ਨਿਮਰ ਲੋਕਾਂ ਨੂੰ ਜ਼ਾਹਰ ਕੀਤੇ ਹਨ। (1 ਕੁਰਿੰਥੀਆਂ 1:26-28) ਅਸੀਂ ਧਿਆਨ ਨਾਲ ਸੌਖੇ ਸ਼ਬਦ ਚੁਣ ਕੇ ਲੋਕਾਂ ਨੂੰ ਪਰਮੇਸ਼ੁਰ ਦੇ ਬਚਨ ਦੀ ਸੱਚਾਈ ਵਧੀਆ ਤਰੀਕੇ ਨਾਲ ਸਮਝਾ ਸਕਦੇ ਹਾਂ।

ਸਿਖਾਉਂਦੇ ਵੇਲੇ ਸੌਖਾ ਤਰੀਕਾ ਵਰਤੋ

7 ਸਾਨੂੰ ਇਹ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਆਪਣੇ ਬਾਈਬਲ ਸਟੂਡੈਂਟ ਨੂੰ ਇੱਕੋ ਵਾਰ ਬਹੁਤ ਜ਼ਿਆਦਾ ਗੱਲਾਂ ਨਾ ਦੱਸੀਏ। ਬਾਈਬਲ ਸਟੱਡੀ ਕਰਾਉਂਦੇ ਵੇਲੇ ਜ਼ਰੂਰੀ ਨਹੀਂ ਹੈ ਕਿ ਅਸੀਂ ਹਰ ਵਿਸ਼ੇ ਬਾਰੇ ਹਰ ਗੱਲ ਖੋਲ੍ਹ ਕੇ ਸਮਝਾਈਏ; ਨਾ ਹੀ ਸਾਨੂੰ ਕਾਹਲੀ ਕਰਨ ਦੀ ਲੋੜ ਹੈ। ਇਹ ਜ਼ਰੂਰੀ ਨਹੀਂ ਕਿ ਹਰ ਸਟੱਡੀ ਦੌਰਾਨ ਸਾਨੂੰ ਪੂਰਾ ਅਧਿਆਇ ਖ਼ਤਮ ਕਰਨਾ ਚਾਹੀਦਾ ਹੈ। ਇਸ ਦੀ ਬਜਾਇ ਸਾਨੂੰ ਆਪਣੇ ਸਟੂਡੈਂਟ ਦੀਆਂ ਲੋੜਾਂ ਅਤੇ ਕਾਬਲੀਅਤ ਮੁਤਾਬਕ ਸਟੱਡੀ ਕਰਾਉਣੀ ਚਾਹੀਦੀ ਹੈ। ਅਸੀਂ ਚਾਹੁੰਦੇ ਹਾਂ ਕਿ ਉਹ ਯਿਸੂ ਦਾ ਚੇਲਾ ਬਣੇ ਅਤੇ ਯਹੋਵਾਹ ਦੀ ਭਗਤੀ ਕਰੇ। ਇਸ ਲਈ ਸਾਨੂੰ ਉੱਨਾ ਸਮਾਂ ਲਾਉਣ ਦੀ ਲੋੜ ਹੈ ਜਿੰਨਾ ਸਮਾਂ ਸਟੂਡੈਂਟ ਨੂੰ ਕੋਈ ਗੱਲ ਸਮਝਣ ਵਿਚ ਲੱਗਦਾ ਹੈ। ਤਦ ਹੀ ਬਾਈਬਲ ਦੀ ਸੱਚਾਈ ਉਸ ਦੇ ਦਿਲ ਨੂੰ ਛੂਹੇਗੀ ਅਤੇ ਉਹ ਸਿੱਖੀਆਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰ ਸਕੇਗਾ।—ਰੋਮੀਆਂ 12:2.

ਢੁਕਵੇਂ ਸਵਾਲ ਪੁੱਛਣੇ

8, 9. (ੳ) ਯਿਸੂ ਸਵਾਲ ਕਿਉਂ ਪੁੱਛਦਾ ਸੀ? (ਅ) ਯਿਸੂ ਨੇ ਪਤਰਸ ਨੂੰ ਮੰਦਰ ਦਾ ਟੈਕਸ ਦੇਣ ਬਾਰੇ ਸਹੀ ਨਤੀਜੇ ’ਤੇ ਪਹੁੰਚਣ ਲਈ ਕਿਹੜੇ ਸਵਾਲ ਪੁੱਛੇ?

8 ਯਿਸੂ ਸਵਾਲ ਪੁੱਛੇ ਬਿਨਾਂ ਕੋਈ ਗੱਲ ਆਸਾਨੀ ਨਾਲ ਸਮਝਾ ਸਕਦਾ ਸੀ, ਪਰ ਫਿਰ ਵੀ ਉਸ ਨੇ ਵਧੀਆ ਤਰੀਕੇ ਨਾਲ ਸਵਾਲ ਵਰਤੇ। ਉਹ ਸਵਾਲ ਕਿਉਂ ਪੁੱਛਦਾ ਸੀ? ਕਦੀ-ਕਦੀ ਉਹ ਆਪਣੇ ਵਿਰੋਧੀਆਂ ਦੇ ਬੁਰੇ ਇਰਾਦਿਆਂ ਦਾ ਪਰਦਾਫ਼ਾਸ਼ ਕਰਨ ਲਈ ਅਤੇ ਉਨ੍ਹਾਂ ਨੂੰ ਚੁੱਪ ਕਰਾਉਣ ਲਈ ਸਵਾਲ ਪੁੱਛਦਾ ਸੀ। (ਮੱਤੀ 21:23-27; 22:41-46) ਪਰ ਜ਼ਿਆਦਾਤਰ ਉਹ ਆਪਣੇ ਚੇਲਿਆਂ ਦੇ ਵਿਚਾਰ ਜਾਣਨ ਲਈ ਸਵਾਲ ਪੁੱਛਦਾ ਸੀ। ਉਹ ਚਾਹੁੰਦਾ ਸੀ ਕਿ ਉਹ ਆਪਣੀ ਸੋਚਣ-ਸਮਝਣ ਦੀ ਕਾਬਲੀਅਤ ਵਰਤਣ। ਇਸ ਲਈ ਉਹ ਅਜਿਹੇ ਸਵਾਲ ਪੁੱਛਦਾ ਸੀ: “ਤੁਹਾਡਾ ਇਸ ਬਾਰੇ ਕੀ ਖ਼ਿਆਲ ਹੈ?” ਅਤੇ ‘ਕੀ ਤੁਸੀਂ ਵਿਸ਼ਵਾਸ ਕਰਦੇ ਹੋ?’ (ਮੱਤੀ 21:28; ਯੂਹੰਨਾ 16:31) ਸਵਾਲ ਪੁੱਛ ਕੇ ਯਿਸੂ ਆਪਣੇ ਚੇਲਿਆਂ ਦੇ ਦਿਲਾਂ ਤਕ ਪਹੁੰਚ ਸਕਿਆ। ਜ਼ਰਾ ਇਕ ਮਿਸਾਲ ’ਤੇ ਗੌਰ ਕਰੋ।

9 ਇਕ ਵਾਰ ਮੰਦਰ ਦਾ ਟੈਕਸ ਵਸੂਲਣ ਵਾਲਿਆਂ ਨੇ ਪਤਰਸ ਨੂੰ ਪੁੱਛਿਆ ਕਿ ਯਿਸੂ ਮੰਦਰ ਦਾ ਟੈਕਸ ਦਿੰਦਾ ਹੈ ਜਾਂ ਨਹੀਂ। * ਪਤਰਸ ਨੇ ਫ਼ੌਰਨ ਜਵਾਬ ਦਿੱਤਾ: “ਹਾਂ, ਦਿੰਦਾ ਹੈ।” ਬਾਅਦ ਵਿਚ ਯਿਸੂ ਨੇ ਪਤਰਸ ਨੂੰ ਪੁੱਛਿਆ: “ਸ਼ਮਊਨ, ਤੇਰੇ ਖ਼ਿਆਲ ਵਿਚ ਦੁਨੀਆਂ ਦੇ ਰਾਜੇ ਕਿਨ੍ਹਾਂ ਤੋਂ ਚੁੰਗੀ ਤੇ ਟੈਕਸ ਵਸੂਲ ਕਰਦੇ ਹਨ? ਆਪਣੇ ਪੁੱਤਰਾਂ ਤੋਂ ਜਾਂ ਫਿਰ ਲੋਕਾਂ ਤੋਂ?” ਪਤਰਸ ਨੇ ਕਿਹਾ: “ਲੋਕਾਂ ਤੋਂ।” ਯਿਸੂ ਨੇ ਕਿਹਾ: “ਤਾਂ ਫਿਰ ਪੁੱਤਰਾਂ ਨੂੰ ਟੈਕਸ ਦੇਣ ਦੀ ਲੋੜ ਨਹੀਂ।” (ਮੱਤੀ 17:24-27) ਪਤਰਸ ਨੂੰ ਪਤਾ ਸੀ ਕਿ ਯਿਸੂ ਨੇ ਉਸ ਨੂੰ ਇਹ ਸਵਾਲ ਕਿਉਂ ਪੁੱਛੇ ਸਨ ਕਿਉਂਕਿ ਸਾਰੇ ਜਾਣਦੇ ਸਨ ਕਿ ਰਾਜੇ ਦੇ ਪਰਿਵਾਰ ਨੂੰ ਟੈਕਸ ਦੇਣ ਦੀ ਲੋੜ ਨਹੀਂ ਸੀ। ਯਿਸੂ ਨੂੰ ਵੀ ਟੈਕਸ ਦੇਣ ਦੀ ਲੋੜ ਨਹੀਂ ਸੀ ਕਿਉਂਕਿ ਉਹ ਸਵਰਗ ਦੇ ਰਾਜੇ ਯਹੋਵਾਹ ਦਾ ਇਕਲੌਤਾ ਪੁੱਤਰ ਸੀ ਅਤੇ ਮੰਦਰ ਵਿਚ ਉਸ ਦੇ ਪਿਤਾ ਦੀ ਭਗਤੀ ਕੀਤੀ ਜਾਂਦੀ ਸੀ। ਇਸ ਤਰ੍ਹਾਂ ਯਿਸੂ ਨੇ ਪਤਰਸ ਨੂੰ ਸਹੀ ਜਵਾਬ ਦੱਸਣ ਦੀ ਬਜਾਇ ਉਸ ਨੂੰ ਸਵਾਲ ਪੁੱਛੇ ਤਾਂਕਿ ਉਹ ਆਪ ਸਹੀ ਨਤੀਜੇ ’ਤੇ ਪਹੁੰਚ ਸਕੇ ਅਤੇ ਅਗਲੀ ਵਾਰ ਸੋਚ-ਸਮਝ ਕੇ ਜਵਾਬ ਦੇਵੇ।

ਲੋਕਾਂ ਨੂੰ ਉਨ੍ਹਾਂ ਦੀ ਦਿਲਚਸਪੀ ਮੁਤਾਬਕ ਸਵਾਲ ਪੁੱਛੋ

10. ਅਸੀਂ ਪ੍ਰਚਾਰ ਵਿਚ ਕਿਹੜੇ ਅਸਰਦਾਰ ਸਵਾਲ ਪੁੱਛ ਸਕਦੇ ਹਾਂ?

10 ਅਸੀਂ ਵੀ ਪ੍ਰਚਾਰ ਵਿਚ ਅਸਰਦਾਰ ਸਵਾਲ ਪੁੱਛ ਸਕਦੇ ਹਾਂ। ਘਰ-ਘਰ ਪ੍ਰਚਾਰ ਕਰਦਿਆਂ ਅਸੀਂ ਸਵਾਲ ਪੁੱਛ ਕੇ ਲੋਕਾਂ ਦੀ ਦਿਲਚਸਪੀ ਜਗਾ ਸਕਦੇ ਹਾਂ ਤਾਂਕਿ ਉਹ ਖ਼ੁਸ਼ ਖ਼ਬਰੀ ਸੁਣਨ ਲਈ ਤਿਆਰ ਹੋਣ। ਮਿਸਾਲ ਲਈ, ਜੇ ਅਸੀਂ ਕਿਸੇ ਬਜ਼ੁਰਗ ਨਾਲ ਗੱਲ ਕਰਦੇ ਹਾਂ, ਤਾਂ ਅਸੀਂ ਆਦਰ ਨਾਲ ਪੁੱਛ ਸਕਦੇ ਹਾਂ: “ਕੀ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਜ਼ਿੰਦਗੀ ਦੌਰਾਨ ਦੁਨੀਆਂ ਦੇ ਹਾਲਾਤ ਬਦਲ ਗਏ ਹਨ?” ਉਨ੍ਹਾਂ ਦੇ ਜਵਾਬ ਤੋਂ ਬਾਅਦ ਅਸੀਂ ਪੁੱਛ ਸਕਦੇ ਹਾਂ: “ਤੁਹਾਡੇ ਮੁਤਾਬਕ ਇਸ ਦੁਨੀਆਂ ਵਿਚ ਅਮਨ-ਚੈਨ ਕਾਇਮ ਕਰਨ ਲਈ ਕੀ ਕਰਨ ਦੀ ਲੋੜ ਹੈ?” (ਮੱਤੀ 6:9, 10) ਜੇ ਅਸੀਂ ਕਿਸੇ ਮਾਂ ਨਾਲ ਗੱਲ ਕਰਦੇ ਹਾਂ ਜਿਸ ਦੇ ਛੋਟੇ ਬੱਚੇ ਹਨ, ਤਾਂ ਅਸੀਂ ਪੁੱਛ ਸਕਦੇ ਹਾਂ: “ਕੀ ਤੁਸੀਂ ਕਦੇ ਸੋਚਿਆ ਹੈ ਕਿ ਇਹ ਦੁਨੀਆਂ ਕਿਹੋ ਜਿਹੀ ਹੋਵੇਗੀ ਜਦ ਤੁਹਾਡੇ ਬੱਚੇ ਵੱਡੇ ਹੋ ਜਾਣਗੇ?” (ਜ਼ਬੂਰਾਂ ਦੀ ਪੋਥੀ 37:10, 11) ਅਸੀਂ ਘਰ ਦੇ ਆਲੇ-ਦੁਆਲੇ ਦੀਆਂ ਚੀਜ਼ਾਂ ਦੇਖ ਕੇ ਲੋਕਾਂ ਬਾਰੇ ਕਾਫ਼ੀ ਕੁਝ ਸਿੱਖ ਸਕਦੇ ਹਾਂ, ਫਿਰ ਅਸੀਂ ਉਨ੍ਹਾਂ ਨੂੰ ਅਜਿਹਾ ਕੋਈ ਸਵਾਲ ਪੁੱਛ ਸਕਦੇ ਹਾਂ ਜਿਸ ਵਿਚ ਉਨ੍ਹਾਂ ਨੂੰ ਦਿਲਚਸਪੀ ਹੈ।

11. ਕਿਸੇ ਨੂੰ ਬਾਈਬਲ ਸਟੱਡੀ ਕਰਾਉਂਦੇ ਵੇਲੇ ਅਸੀਂ ਅਸਰਦਾਰ ਤਰੀਕੇ ਨਾਲ ਸਵਾਲ ਕਿਵੇਂ ਪੁੱਛ ਸਕਦੇ ਹਾਂ?

11 ਕਿਸੇ ਨੂੰ ਬਾਈਬਲ ਸਟੱਡੀ ਕਰਾਉਂਦੇ ਵੇਲੇ ਵੀ ਅਸੀਂ ਅਸਰਦਾਰ ਸਵਾਲ ਪੁੱਛ ਸਕਦੇ ਹਾਂ। ਸੋਚ-ਸਮਝ ਕੇ ਪੁੱਛੇ ਗਏ ਸਵਾਲਾਂ ਨਾਲ ਅਸੀਂ ਸਟੂਡੈਂਟ ਦੇ ਦਿਲ ਦੀ ਗੱਲ ਜਾਣ ਸਕਦੇ ਹਾਂ। (ਕਹਾਉਤਾਂ 20:5) ਮਿਸਾਲ ਲਈ, ਹੋ ਸਕਦਾ ਹੈ ਕਿ ਅਸੀਂ ਉਸ ਨਾਲ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? * ਕਿਤਾਬ ਵਿੱਚੋਂ “ਆਪਣੇ ਕੰਮਾਂ ਰਾਹੀਂ ਯਹੋਵਾਹ ਨੂੰ ਖ਼ੁਸ਼ ਕਰੋਨਾਂ ਦਾ ਅਧਿਆਇ ਸਟੱਡੀ ਕਰ ਰਹੇ ਹਾਂ। ਇਸ ਅਧਿਆਇ ਵਿਚ ਦੱਸਿਆ ਗਿਆ ਹੈ ਕਿ ਬਦਚਲਣੀ, ਜ਼ਿਆਦਾ ਸ਼ਰਾਬ ਪੀਣ ਅਤੇ ਝੂਠ ਬੋਲਣ ਬਾਰੇ ਪਰਮੇਸ਼ੁਰ ਦਾ ਕੀ ਨਜ਼ਰੀਆ ਹੈ। ਸਟੂਡੈਂਟ ਦੇ ਜਵਾਬਾਂ ਤੋਂ ਸ਼ਾਇਦ ਲੱਗੇ ਕਿ ਉਹ ਇਹ ਤਾਂ ਸਮਝਦਾ ਹੈ ਕਿ ਬਾਈਬਲ ਕੀ ਸਿਖਾਉਂਦੀ ਹੈ, ਪਰ ਕੀ ਉਹ ਇਨ੍ਹਾਂ ਸਿੱਖਿਆਵਾਂ ਨਾਲ ਸਹਿਮਤ ਹੈ? ਅਸੀਂ ਉਸ ਨੂੰ ਪੁੱਛ ਸਕਦੇ ਹਾਂ: “ਕੀ ਇਨ੍ਹਾਂ ਗੱਲਾਂ ਬਾਰੇ ਪਰਮੇਸ਼ੁਰ ਦਾ ਨਜ਼ਰੀਆ ਤੁਹਾਨੂੰ ਠੀਕ ਲੱਗਦਾ ਹੈ?” ਜਾਂ, “ਇਹ ਜਾਣਕਾਰੀ ਤੁਸੀਂ ਆਪਣੀ ਜ਼ਿੰਦਗੀ ਵਿਚ ਕਿਵੇਂ ਲਾਗੂ ਕਰ ਸਕਦੇ ਹੋ?” ਪਰ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਉਸ ਨਾਲ ਸੋਚ-ਸਮਝ ਕੇ ਅਤੇ ਆਦਰ ਨਾਲ ਗੱਲ ਕਰੀਏ। ਸਾਨੂੰ ਕਦੇ ਵੀ ਅਜਿਹੇ ਸਵਾਲ ਨਹੀਂ ਪੁੱਛਣੇ ਚਾਹੀਦੇ ਜਿਨ੍ਹਾਂ ਕਰਕੇ ਉਹ ਸ਼ਰਮਿੰਦਾ ਹੋਵੇ।—ਕਹਾਉਤਾਂ 12:18.

ਦਲੀਲਾਂ ਦੇ ਕੇ ਸਮਝਾਉਣਾ

12-14. (ੳ) ਯਿਸੂ ਦਲੀਲਾਂ ਦੇ ਕੇ ਆਪਣੀਆਂ ਗੱਲਾਂ ਕਿਉਂ ਸਮਝਾਉਂਦਾ ਸੀ? (ਅ) ਜਦੋਂ ਫ਼ਰੀਸੀਆਂ ਨੇ ਦਾਅਵਾ ਕੀਤਾ ਕਿ ਯਿਸੂ ਦੁਸ਼ਟ ਦੂਤਾਂ ਨੂੰ ਸ਼ੈਤਾਨ ਦੀ ਮਦਦ ਨਾਲ ਕੱਢ ਰਿਹਾ ਸੀ, ਤਾਂ ਉਸ ਨੇ ਕਿਹੜਾ ਠੋਸ ਜਵਾਬ ਦਿੱਤਾ?

12 ਯਿਸੂ ਮੁਕੰਮਲ ਹੋਣ ਕਰਕੇ ਲੋਕਾਂ ਨੂੰ ਆਪਣੀ ਗੱਲ ਸਮਝਾਉਣ ਵਿਚ ਬੜਾ ਮਾਹਰ ਸੀ। ਕਦੀ-ਕਦੀ ਉਹ ਜ਼ਬਰਦਸਤ ਦਲੀਲਾਂ ਦੇ ਕੇ ਆਪਣੇ ਵਿਰੋਧੀਆਂ ਦੀਆਂ ਗੱਲਾਂ ਨੂੰ ਗ਼ਲਤ ਸਾਬਤ ਕਰਦਾ ਸੀ। ਕਈ ਵਾਰ ਉਸ ਨੇ ਦਲੀਲਾਂ ਦੇ ਕੇ ਆਪਣੇ ਚੇਲਿਆਂ ਨੂੰ ਜ਼ਰੂਰੀ ਸਬਕ ਵੀ ਸਿਖਾਏ ਸਨ। ਆਓ ਆਪਾਂ ਕੁਝ ਉਦਾਹਰਣਾਂ ’ਤੇ ਗੌਰ ਕਰੀਏ।

13 ਇਕ ਵਾਰ ਯਿਸੂ ਨੇ ਇਕ ਅੰਨ੍ਹੇ ਅਤੇ ਗੁੰਗੇ ਆਦਮੀ ਵਿੱਚੋਂ ਦੁਸ਼ਟ ਦੂਤ ਕੱਢਿਆ ਸੀ। ਇਹ ਦੇਖ ਕੇ ਫ਼ਰੀਸੀਆਂ ਨੇ ਕਿਹਾ: “ਇਹ ਬੰਦਾ ਦੁਸ਼ਟ ਦੂਤਾਂ ਦੇ ਸਰਦਾਰ ਬਆਲਜ਼ਬੂਬ [ਯਾਨੀ ਸ਼ੈਤਾਨ] ਦੀ ਮਦਦ ਨਾਲ ਹੀ ਇਹ ਕੰਮ ਕਰਦਾ ਹੈ।” ਉਨ੍ਹਾਂ ਨੂੰ ਇਹ ਗੱਲ ਤਾਂ ਮੰਨਣੀ ਪਈ ਕਿ ਕੋਈ ਇਨਸਾਨ ਆਪਣੀ ਸ਼ਕਤੀ ਨਾਲ ਦੁਸ਼ਟ ਦੂਤਾਂ ਨੂੰ ਨਹੀਂ ਕੱਢ ਸਕਦਾ, ਪਰ ਉਨ੍ਹਾਂ ਨੇ ਦਾਅਵਾ ਕੀਤਾ ਕਿ ਯਿਸੂ ਨੂੰ ਇਹ ਸ਼ਕਤੀ ਸ਼ੈਤਾਨ ਤੋਂ ਮਿਲੀ ਸੀ। ਇਹ ਦਾਅਵਾ ਬਿਲਕੁਲ ਝੂਠਾ ਅਤੇ ਬੇਬੁਨਿਆਦ ਸੀ। ਉਨ੍ਹਾਂ ਦੀ ਗ਼ਲਤ ਸੋਚ ਨੂੰ ਜ਼ਾਹਰ ਕਰਨ ਲਈ ਯਿਸੂ ਨੇ ਜਵਾਬ ਦਿੱਤਾ: “ਜਿਸ ਰਾਜ ਵਿਚ ਫੁੱਟ ਪੈ ਜਾਵੇ, ਉਹ ਬਰਬਾਦ ਹੋ ਜਾਂਦਾ ਹੈ ਅਤੇ ਜਿਸ ਸ਼ਹਿਰ ਜਾਂ ਘਰ ਵਿਚ ਫੁੱਟ ਪੈ ਜਾਵੇ, ਉਹ ਤਬਾਹ ਹੋ ਜਾਂਦਾ ਹੈ। ਇਸੇ ਤਰ੍ਹਾਂ ਜੇ ਸ਼ੈਤਾਨ ਹੀ ਸ਼ੈਤਾਨ ਨੂੰ ਕੱਢਦਾ ਹੈ, ਇਸ ਦਾ ਮਤਲਬ ਹੈ ਕਿ ਉਹ ਆਪਣੇ ਹੀ ਖ਼ਿਲਾਫ਼ ਹੋ ਗਿਆ ਹੈ; ਤਾਂ ਫਿਰ ਉਸ ਦਾ ਰਾਜ ਕਿਵੇਂ ਕਾਇਮ ਰਹੇਗਾ?” (ਮੱਤੀ 12:22-26) ਅਸਲ ਵਿਚ ਯਿਸੂ ਦੇ ਕਹਿਣ ਦਾ ਮਤਲਬ ਸੀ: “ਦੁਸ਼ਟ ਦੂਤ ਤਾਂ ਸ਼ੈਤਾਨ ਦੇ ਸਾਥੀ ਹਨ, ਇਸ ਲਈ ਜੇ ਮੈਂ ਲੋਕਾਂ ਵਿੱਚੋਂ ਦੁਸ਼ਟ ਦੂਤ ਸ਼ੈਤਾਨ ਦੀ ਮਦਦ ਨਾਲ ਕੱਢ ਰਿਹਾ ਹੁੰਦਾ, ਤਾਂ ਸ਼ੈਤਾਨ ਆਪਣਾ ਹੀ ਨੁਕਸਾਨ ਕਰ ਰਿਹਾ ਹੁੰਦਾ।” ਉਹ ਯਿਸੂ ਦੀ ਇਹ ਗੱਲ ਮੰਨਣ ਤੋਂ ਕਿਵੇਂ ਇਨਕਾਰ ਕਰ ਸਕਦੇ ਸਨ?

14 ਯਿਸੂ ਜਾਣਦਾ ਸੀ ਕਿ ਫ਼ਰੀਸੀਆਂ ਦੇ ਕੁਝ ਚੇਲਿਆਂ ਨੇ ਲੋਕਾਂ ਵਿੱਚੋਂ ਦੁਸ਼ਟ ਦੂਤ ਕੱਢੇ ਸਨ। ਇਸ ਲਈ ਉਸ ਨੇ ਆਪਣੀ ਗੱਲ ਜਾਰੀ ਰੱਖਦੇ ਹੋਏ ਉਨ੍ਹਾਂ ਨੂੰ ਇਕ ਸੌਖਾ ਪਰ ਬਹੁਤ ਪ੍ਰਭਾਵਸ਼ਾਲੀ ਸਵਾਲ ਪੁੱਛਿਆ: “ਜੇ ਮੈਂ ਬਆਲਜ਼ਬੂਬ ਦੀ ਮਦਦ ਨਾਲ ਲੋਕਾਂ ਵਿੱਚੋਂ ਦੁਸ਼ਟ ਦੂਤ ਕੱਢਦਾ ਹਾਂ, ਤਾਂ ਤੁਹਾਡੇ ਚੇਲੇ ਕਿਸ ਦੀ ਮਦਦ ਨਾਲ ਉਨ੍ਹਾਂ ਨੂੰ ਕੱਢਦੇ ਹਨ?” (ਮੱਤੀ 12:27) ਅਸਲ ਵਿਚ ਯਿਸੂ ਕਹਿ ਰਿਹਾ ਸੀ: “ਜੇ ਮੈਂ ਸ਼ੈਤਾਨ ਦੀ ਸ਼ਕਤੀ ਨਾਲ ਦੁਸ਼ਟ ਦੂਤ ਕੱਢਦਾ ਹਾਂ, ਤਾਂ ਇਸ ਦਾ ਮਤਲਬ ਤੁਹਾਡੇ ਚੇਲੇ ਵੀ ਉਸੇ ਸ਼ਕਤੀ ਨਾਲ ਕੰਮ ਕਰਦੇ ਹਨ।” ਫ਼ਰੀਸੀਆਂ ਨੂੰ ਇਸ ਦਾ ਕੋਈ ਜਵਾਬ ਨਾ ਸੁੱਝਿਆ। ਉਨ੍ਹਾਂ ਨੇ ਇਹ ਗੱਲ ਕਦੀ ਨਹੀਂ ਮੰਨਣੀ ਸੀ ਕਿ ਉਨ੍ਹਾਂ ਦੇ ਚੇਲੇ ਸ਼ੈਤਾਨ ਦੀ ਮਦਦ ਨਾਲ ਇਹ ਕੰਮ ਕਰਦੇ ਸਨ। ਪਰ ਉਨ੍ਹਾਂ ਨੂੰ ਇਹ ਗੱਲ ਮੰਨਣੀ ਪਈ ਕਿ ਯਿਸੂ, ਪਰਮੇਸ਼ੁਰ ਦੀ ਸ਼ਕਤੀ ਨਾਲ ਲੋਕਾਂ ਵਿੱਚੋਂ ਦੁਸ਼ਟ ਦੂਤ ਕੱਢ ਰਿਹਾ ਸੀ। ਅਸੀਂ ਇਹ ਪੜ੍ਹ ਕੇ ਹੱਕੇ-ਬੱਕੇ ਰਹਿ ਜਾਂਦੇ ਹਾਂ ਕਿ ਯਿਸੂ ਨੇ ਦਲੀਲਾਂ ਦੇ ਕੇ ਕਿੰਨੇ ਵਧੀਆ ਤਰੀਕੇ ਨਾਲ ਗੱਲਬਾਤ ਕੀਤੀ। ਜ਼ਰਾ ਸੋਚੋ, ਜਿਨ੍ਹਾਂ ਲੋਕਾਂ ਨੇ ਯਿਸੂ ਦੀਆਂ ਇਹ ਦਮਦਾਰ ਗੱਲਾਂ ਆਪਣੇ ਕੰਨੀਂ ਸੁਣੀਆਂ, ਉਨ੍ਹਾਂ ’ਤੇ ਇਨ੍ਹਾਂ ਗੱਲਾਂ ਦਾ ਕਿੰਨਾ ਅਸਰ ਪਿਆ ਹੋਣਾ।

15-17. ਉਦਾਹਰਣ ਦੇ ਕੇ ਸਮਝਾਓ ਕਿ ਯਿਸੂ ਨੇ ਆਪਣੇ ਪਿਤਾ ਬਾਰੇ ਦਿਲ ਛੂਹ ਲੈਣ ਵਾਲੀਆਂ ਗੱਲਾਂ ਸਿਖਾਉਣ ਲਈ ਕਿਹੜਾ ਲਾਜਵਾਬ ਤਰੀਕਾ ਵਰਤਿਆ।

15 ਯਿਸੂ ਨੇ ਲੋਕਾਂ ਨੂੰ ਆਪਣੇ ਪਿਤਾ ਬਾਰੇ ਦਿਲ ਛੂਹ ਲੈਣ ਵਾਲੀਆਂ ਗੱਲਾਂ ਸਿਖਾਉਂਦੇ ਵੇਲੇ ਵੀ ਉਨ੍ਹਾਂ ਨੂੰ ਦਲੀਲਾਂ ਦੇ ਕੇ ਕਾਇਲ ਕੀਤਾ। ਉਹ ਅਕਸਰ ਦੋ ਗੱਲਾਂ ਦੀ ਤੁਲਨਾ ਕਰ ਕੇ ਲੋਕਾਂ ਨੂੰ ਸਿਖਾਉਂਦਾ ਸੀ ਤਾਂਕਿ ਜਿਹੜੀਆਂ ਗੱਲਾਂ ਉਹ ਪਹਿਲਾਂ ਹੀ ਜਾਣਦੇ ਸਨ, ਉਨ੍ਹਾਂ ਵਿਚ ਉਨ੍ਹਾਂ ਦਾ ਵਿਸ਼ਵਾਸ ਹੋਰ ਵੀ ਪੱਕਾ ਹੋਵੇ। ਇੱਦਾਂ ਸਿਖਾਉਣ ਨਾਲ ਗੱਲਾਂ ਲੋਕਾਂ ਦੇ ਦਿਲਾਂ ਵਿਚ ਬੈਠ ਜਾਂਦੀਆਂ ਸਨ। ਆਓ ਆਪਾਂ ਦੋ ਮਿਸਾਲਾਂ ਵੱਲ ਧਿਆਨ ਦੇਈਏ।

16 ਇਕ ਵਾਰ ਜਦ ਯਿਸੂ ਦੇ ਚੇਲਿਆਂ ਨੇ ਕਿਹਾ ਕਿ ਉਹ ਉਨ੍ਹਾਂ ਨੂੰ ਪ੍ਰਾਰਥਨਾ ਕਰਨੀ ਸਿਖਾਵੇ, ਤਾਂ ਉਸ ਨੇ ਉਨ੍ਹਾਂ ਨੂੰ ਮਾਪਿਆਂ ਦੀ ਮਿਸਾਲ ਦਿੱਤੀ। ਉਸ ਨੇ ਸਮਝਾਇਆ ਕਿ ਨਾਮੁਕੰਮਲ ਹੁੰਦੇ ਹੋਏ ਵੀ ਮਾਪੇ ਆਪਣੇ ਬੱਚਿਆਂ ਨੂੰ ਖ਼ੁਸ਼ੀ-ਖ਼ੁਸ਼ੀ “ਚੰਗੀਆਂ ਚੀਜ਼ਾਂ” ਦਿੰਦੇ ਹਨ। ਫਿਰ ਆਪਣੀ ਗੱਲ ਖ਼ਤਮ ਕਰਦਿਆਂ ਉਸ ਨੇ ਕਿਹਾ: “ਜੇ ਤੁਸੀਂ ਬੁਰੇ ਹੁੰਦੇ ਹੋਏ ਵੀ ਆਪਣੇ ਬੱਚਿਆਂ ਨੂੰ ਚੰਗੀਆਂ ਚੀਜ਼ਾਂ ਦੇਣੀਆਂ ਜਾਣਦੇ ਹੋ, ਤਾਂ ਇਸ ਗੱਲ ਦਾ ਪੂਰਾ ਭਰੋਸਾ ਰੱਖੋ ਕਿ ਤੁਹਾਡਾ ਪਿਤਾ, ਜੋ ਸਵਰਗ ਵਿਚ ਹੈ, ਮੰਗਣ ਤੇ ਤੁਹਾਨੂੰ ਪਵਿੱਤਰ ਸ਼ਕਤੀ ਜ਼ਰੂਰ ਦੇਵੇਗਾ!” (ਲੂਕਾ 11:1-13) ਹਾਂ, ਯਿਸੂ ਨੇ ਮਾਪਿਆਂ ਦੀ ਤੁਲਨਾ ਸਾਡੇ ਸਵਰਗੀ ਪਿਤਾ ਯਹੋਵਾਹ ਨਾਲ ਕੀਤੀ। ਜੇ ਪਾਪੀ ਹੁੰਦਿਆਂ ਮਾਪੇ ਆਪਣੇ ਬੱਚਿਆਂ ਦੀਆਂ ਲੋੜਾਂ ਪੂਰੀਆਂ ਕਰਦੇ ਹਨ, ਤਾਂ ਪਰਮੇਸ਼ੁਰ, ਜੋ ਹਰ ਗੱਲ ਵਿਚ ਧਰਮੀ ਹੈ, ਆਪਣੇ ਵਫ਼ਾਦਾਰ ਸੇਵਕਾਂ ਦੀਆਂ ਪ੍ਰਾਰਥਨਾਵਾਂ ਸੁਣ ਕੇ ਪਵਿੱਤਰ ਸ਼ਕਤੀ ਜ਼ਰੂਰ ਬਖ਼ਸ਼ੇਗਾ!

17 ਇਸੇ ਤਰੀਕੇ ਨਾਲ ਯਿਸੂ ਨੇ ਸਮਝਾਇਆ ਕਿ ਸਾਨੂੰ ਕਿਸੇ ਗੱਲ ਦੀ ਚਿੰਤਾ ਨਹੀਂ ਕਰਨੀ ਚਾਹੀਦੀ। ਉਸ ਨੇ ਕਿਹਾ: “ਜ਼ਰਾ ਕਾਂਵਾਂ ਵੱਲ ਧਿਆਨ ਦਿਓ ਜਿਹੜੇ ਨਾ ਬੀਜਦੇ ਹਨ, ਨਾ ਵੱਢਦੇ ਹਨ ਅਤੇ ਨਾ ਹੀ ਉਨ੍ਹਾਂ ਕੋਲ ਦਾਣਿਆਂ ਲਈ ਕੋਠੀਆਂ ਹਨ। ਫਿਰ ਵੀ ਪਰਮੇਸ਼ੁਰ ਉਨ੍ਹਾਂ ਦਾ ਢਿੱਡ ਭਰਦਾ ਹੈ। ਕੀ ਤੁਸੀਂ ਪੰਛੀਆਂ ਨਾਲੋਂ ਕੀਮਤੀ ਨਹੀਂ ਹੋ? ਜੰਗਲੀ ਫੁੱਲਾਂ ਨੂੰ ਦੇਖੋ; ਉਹ ਨਾ ਮਿਹਨਤ ਕਰਦੇ ਹਨ ਤੇ ਨਾ ਹੀ ਕੱਤਦੇ ਹਨ; . . . ਹੁਣ ਜੇ ਪਰਮੇਸ਼ੁਰ ਇਨ੍ਹਾਂ ਜੰਗਲੀ ਪੇੜ-ਪੌਦਿਆਂ ਨੂੰ ਇੰਨਾ ਸੋਹਣਾ ਬਣਾ ਸਕਦਾ ਹੈ ਜੋ ਅੱਜ ਹਰੇ-ਭਰੇ ਹਨ ਅਤੇ ਕੱਲ੍ਹ ਨੂੰ ਤੰਦੂਰ ਵਿਚ ਸੁੱਟੇ ਜਾਂਦੇ ਹਨ, ਤਾਂ ਥੋੜ੍ਹੀ ਨਿਹਚਾ ਕਰਨ ਵਾਲਿਓ, ਕੀ ਉਹ ਤੁਹਾਨੂੰ ਪਹਿਨਣ ਲਈ ਕੱਪੜੇ ਨਹੀਂ ਦੇਵੇਗਾ?” (ਲੂਕਾ 12:24, 27, 28) ਜੇ ਯਹੋਵਾਹ ਪੰਛੀਆਂ ਅਤੇ ਫੁੱਲਾਂ ਦੀ ਇੰਨੀ ਦੇਖ-ਭਾਲ ਕਰਦਾ ਹੈ, ਤਾਂ ਉਹ ਉਨ੍ਹਾਂ ਇਨਸਾਨਾਂ ਦੀ ਜ਼ਰੂਰ ਦੇਖ-ਭਾਲ ਕਰੇਗਾ ਜੋ ਉਸ ਨੂੰ ਪਿਆਰ ਕਰਦੇ ਹਨ ਅਤੇ ਉਸ ਦੀ ਭਗਤੀ ਕਰਦੇ ਹਨ! ਇਨ੍ਹਾਂ ਗੱਲਾਂ ਨਾਲ ਯਿਸੂ ਨੇ ਆਪਣੇ ਸੁਣਨ ਵਾਲਿਆਂ ਦੇ ਦਿਲ ਜ਼ਰੂਰ ਮੋਹ ਲਏ ਹੋਣੇ। ਵਾਹ, ਸਿਖਾਉਣ ਦਾ ਕਿੰਨਾ ਹੀ ਲਾਜਵਾਬ ਤਰੀਕਾ!

18, 19. ਜੇ ਕੋਈ ਕਹੇ ਕਿ ਉਹ ਰੱਬ ਨੂੰ ਨਹੀਂ ਮੰਨਦਾ ਕਿਉਂਕਿ ਉਹ ਉਸ ਨੂੰ ਦੇਖ ਨਹੀਂ ਸਕਦਾ, ਤਾਂ ਅਸੀਂ ਕੀ ਕਹਿ ਸਕਦੇ ਹਾਂ?

18 ਪ੍ਰਚਾਰ ਕਰਦਿਆਂ ਅਸੀਂ ਵੀ ਦਲੀਲਾਂ ਦੇ ਕੇ ਲੋਕਾਂ ਨੂੰ ਯਹੋਵਾਹ ਬਾਰੇ ਸੱਚਾਈ ਸਿਖਾ ਸਕਦੇ ਹਾਂ। (ਰਸੂਲਾਂ ਦੇ ਕੰਮ 19:8; 28:23, 24) ਅਸੀਂ ਉਦੋਂ ਵੀ ਦਲੀਲਾਂ ਦੇ ਕੇ ਕੋਈ ਗੱਲ ਸਮਝਾ ਸਕਦੇ ਹਾਂ ਜਦੋਂ ਉਨ੍ਹਾਂ ਦੀਆਂ ਸਿੱਖਿਆਵਾਂ ਬਾਈਬਲ ਮੁਤਾਬਕ ਨਹੀਂ ਹੁੰਦੀਆਂ। ਕੀ ਸਾਨੂੰ ਲੰਬੀਆਂ-ਚੌੜੀਆਂ ਦਲੀਲਾਂ ਦੇਣ ਦੀ ਲੋੜ ਹੈ? ਬਿਲਕੁਲ ਨਹੀਂ। ਯਿਸੂ ਤੋਂ ਅਸੀਂ ਇਹ ਸਬਕ ਸਿੱਖਦੇ ਹਾਂ ਕਿ ਲੋਕਾਂ ਨੂੰ ਸਿਖਾਉਂਦੇ ਵੇਲੇ ਸਾਨੂੰ ਸੌਖੀਆਂ ਦਲੀਲਾਂ ਦੇ ਕੇ ਸਮਝਾਉਣਾ ਚਾਹੀਦਾ ਹੈ।

19 ਮਿਸਾਲ ਲਈ, ਜੇ ਕੋਈ ਕਹੇ ਕਿ ਉਹ ਰੱਬ ਨੂੰ ਨਹੀਂ ਮੰਨਦਾ ਕਿਉਂਕਿ ਉਹ ਉਸ ਨੂੰ ਦੇਖ ਨਹੀਂ ਸਕਦਾ, ਤਾਂ ਅਸੀਂ ਕੀ ਕਹਿ ਸਕਦੇ ਹਾਂ? ਅਸੀਂ ਸਮਝਾ ਸਕਦੇ ਹਾਂ ਕਿ ਹਰ ਚੀਜ਼ ਦਾ ਕੋਈ-ਨਾ-ਕੋਈ ਬਣਾਉਣ ਵਾਲਾ ਹੁੰਦਾ ਹੈ। ਫਿਰ ਅਸੀਂ ਉਨ੍ਹਾਂ ਨੂੰ ਕਹਿ ਸਕਦੇ ਹਾਂ: “ਜੇ ਤੁਸੀਂ ਇਕ ਸੁੰਨੀ ਜਗ੍ਹਾ ਵਿਚ ਇਕ ਸੁੰਦਰ ਘਰ ਦੇਖੋ ਜਿਸ ਵਿਚ ਖਾਣ-ਪੀਣ ਦੀਆਂ ਚੀਜ਼ਾਂ ਪਈਆਂ ਹਨ, ਤਾਂ ਤੁਸੀਂ ਇਕਦਮ ਮੰਨ ਲਓਗੇ ਕਿ ਕਿਸੇ ਨੇ ਇਹ ਘਰ ਬਣਾਇਆ ਅਤੇ ਉਸ ਵਿਚ ਖਾਣ-ਪੀਣ ਦੀਆਂ ਚੀਜ਼ਾਂ ਰੱਖੀਆਂ ਹਨ। ਇਸੇ ਤਰ੍ਹਾਂ ਜਦੋਂ ਅਸੀਂ ਇਸ ਸੋਹਣੀ ਧਰਤੀ ਉੱਤੇ ਨਿਗਾਹ ਮਾਰਦੇ ਹਾਂ ਤੇ ਇਸ ਉੱਤੇ ਬਹੁਤ ਸਾਰੀਆਂ ਖਾਣ-ਪੀਣ ਵਾਲੀਆਂ ਚੀਜ਼ਾਂ ਦੇਖਦੇ ਹਾਂ, ਤਾਂ ਕੀ ਇਹ ਗੱਲ ਸਾਫ਼ ਨਹੀਂ ਹੋ ਜਾਂਦੀ ਕਿ ਕਿਸੇ ਨੇ ਇਸ ਨੂੰ ਬਣਾਇਆ ਹੈ? ਬਾਈਬਲ ਸਾਫ਼-ਸਾਫ਼ ਦੱਸਦੀ ਹੈ ਕਿ ‘ਬੇਸ਼ੱਕ ਹਰ ਘਰ ਨੂੰ ਕਿਸੇ-ਨਾ-ਕਿਸੇ ਨੇ ਬਣਾਇਆ ਹੁੰਦਾ ਹੈ, ਪਰ ਜਿਸ ਨੇ ਸਭ ਕੁਝ ਬਣਾਇਆ ਹੈ, ਉਹ ਪਰਮੇਸ਼ੁਰ ਹੈ।’” (ਇਬਰਾਨੀਆਂ 3:4) ਯਾਦ ਰੱਖੋ ਕਿ ਭਾਵੇਂ ਤੁਸੀਂ ਆਪਣੀ ਗੱਲ ਬਹੁਤ ਚੰਗੀ ਤਰ੍ਹਾਂ ਸਮਝਾਉਂਦੇ ਹੋ, ਪਰ ਜ਼ਰੂਰੀ ਨਹੀਂ ਕਿ ਹਰੇਕ ਜਣਾ ਤੁਹਾਡੀ ਗੱਲ ਮੰਨ ਲਵੇਗਾ।—2 ਥੱਸਲੁਨੀਕੀਆਂ 3:2.

ਦਲੀਲਾਂ ਦੇ ਕੇ ਦਿਲ ਤਕ ਪਹੁੰਚੋ

20, 21. (ੳ) ਮਿਸਾਲ ਦੇ ਕੇ ਸਮਝਾਓ ਕਿ ਅਸੀਂ ਲੋਕਾਂ ਨੂੰ ਯਹੋਵਾਹ ਦੇ ਬੇਸ਼ੁਮਾਰ ਗੁਣਾਂ ਅਤੇ ਕੰਮਾਂ ਬਾਰੇ ਕਿਵੇਂ ਸਿਖਾ ਸਕਦੇ ਹਾਂ। (ਅ) ਅਗਲੇ ਅਧਿਆਇ ਵਿਚ ਅਸੀਂ ਕੀ ਸਿੱਖਾਂਗੇ?

20 ਅਸੀਂ ਦੋ ਗੱਲਾਂ ਦੀ ਤੁਲਨਾ ਕਰ ਕੇ ਪ੍ਰਚਾਰ ਜਾਂ ਮੰਡਲੀ ਵਿਚ ਯਹੋਵਾਹ ਦੇ ਬੇਸ਼ੁਮਾਰ ਗੁਣਾਂ ਅਤੇ ਕੰਮਾਂ ਬਾਰੇ ਵੀ ਸਿਖਾ ਸਕਦੇ ਹਾਂ। ਮਿਸਾਲ ਲਈ, ਇਹ ਦਿਖਾਉਣ ਲਈ ਕਿ ਨਰਕ ਵਿਚ ਲੋਕਾਂ ਨੂੰ ਤਸੀਹੇ ਦੇਣ ਦੀ ਸਿੱਖਿਆ ਯਹੋਵਾਹ ਦਾ ਅਪਮਾਨ ਕਰਦੀ ਹੈ, ਅਸੀਂ ਕਹਿ ਸਕਦੇ ਹਾਂ: “ਕੀ ਇਕ ਪਿਤਾ ਜੋ ਆਪਣੇ ਬੱਚੇ ਨਾਲ ਪਿਆਰ ਕਰਦਾ ਹੈ ਉਸ ਨੂੰ ਸਜ਼ਾ ਦੇਣ ਲਈ ਉਸ ਦਾ ਹੱਥ ਅੱਗ ਵਿਚ ਸਾੜੇਗਾ? ਹਰਗਿਜ਼ ਨਹੀਂ! ਤਾਂ ਫਿਰ ਸਾਡੇ ਸਵਰਗੀ ਪਿਤਾ ਨੂੰ, ਜੋ ਸਾਡੇ ਨਾਲ ਬਹੁਤ ਪਿਆਰ ਕਰਦਾ ਹੈ, ਨਰਕ ਦੀ ਸਿੱਖਿਆ ਕਿੰਨੀ ਘਿਣਾਉਣੀ ਲੱਗਦੀ ਹੋਣੀ!” (ਯਿਰਮਿਯਾਹ 7:31) ਕਿਸੇ ਨਿਰਾਸ਼ ਭੈਣ ਜਾਂ ਭਰਾ ਨੂੰ ਯਹੋਵਾਹ ਦੇ ਪਿਆਰ ਦਾ ਯਕੀਨ ਦਿਵਾਉਣ ਲਈ ਅਸੀਂ ਕਹਿ ਸਕਦੇ ਹਾਂ: “ਜੇ ਯਹੋਵਾਹ ਇਕ ਛੋਟੀ ਜਿਹੀ ਚਿੜੀ ਨੂੰ ਅਨਮੋਲ ਸਮਝਦਾ ਹੈ, ਤਾਂ ਉਹ ਆਪਣੇ ਸਾਰੇ ਸੇਵਕਾਂ ਨੂੰ, ਹਾਂ ਤੁਹਾਨੂੰ ਵੀ ਜ਼ਰੂਰ ਅਨਮੋਲ ਸਮਝਦਾ ਹੈ ਅਤੇ ਉਸ ਨੂੰ ਤੁਹਾਡਾ ਬਹੁਤ ਫ਼ਿਕਰ ਹੈ!” (ਮੱਤੀ 10:29-31) ਇਸ ਤਰ੍ਹਾਂ ਆਪਣੀ ਗੱਲ ਸਮਝਾ ਕੇ ਅਸੀਂ ਉਨ੍ਹਾਂ ਦੇ ਦਿਲਾਂ ਤਕ ਪਹੁੰਚ ਸਕਦੇ ਹਾਂ।

21 ਅਸੀਂ ਯਿਸੂ ਦੇ ਸਿਖਾਉਣ ਦੇ ਸਿਰਫ਼ ਤਿੰਨ ਤਰੀਕਿਆਂ ’ਤੇ ਗੌਰ ਕੀਤਾ ਹੈ। ਇਨ੍ਹਾਂ ਤੋਂ ਅਸੀਂ ਦੇਖ ਸਕਦੇ ਹਾਂ ਕਿ ਯਿਸੂ ਨੂੰ ਫੜਨ ਆਏ ਪਹਿਰੇਦਾਰਾਂ ਨੇ ਇਹ ਗੱਲ ਵਧਾ-ਚੜ੍ਹਾ ਕੇ ਨਹੀਂ ਕਹੀ ਸੀ ਕਿ “ਪਹਿਲਾਂ ਕਦੇ ਵੀ ਕਿਸੇ ਨੇ ਇਸ ਆਦਮੀ ਵਾਂਗ ਸਿੱਖਿਆ ਨਹੀਂ ਦਿੱਤੀ।” ਅਗਲੇ ਅਧਿਆਇ ਵਿਚ ਅਸੀਂ ਦੇਖਾਂਗੇ ਕਿ ਯਿਸੂ ਸਿੱਖਿਆ ਦੇਣ ਵੇਲੇ ਮਿਸਾਲਾਂ ਕਿਵੇਂ ਵਰਤਦਾ ਸੀ।

^ ਪੈਰਾ 1 ਪਹਿਰੇਦਾਰ, ਮੁੱਖ ਪੁਜਾਰੀਆਂ ਦੇ ਅਧੀਨ ਮਹਾਸਭਾ ਲਈ ਕੰਮ ਕਰਦੇ ਸਨ।

^ ਪੈਰਾ 5 ਰਸੂਲਾਂ ਦੇ ਕੰਮ 20:35 ਵਿਚ ਯਿਸੂ ਦੀ ਕਹੀ ਇਸ ਗੱਲ ਦਾ ਜ਼ਿਕਰ ਸਿਰਫ਼ ਪੌਲੁਸ ਰਸੂਲ ਨੇ ਕੀਤਾ ਸੀ। ਹੋ ਸਕਦਾ ਹੈ ਕਿ ਪੌਲੁਸ ਨੇ ਇਹ ਗੱਲ ਕਿਸੇ ਤੋਂ ਸੁਣੀ ਸੀ ਜਾਂ ਯਿਸੂ ਦੇ ਦੁਬਾਰਾ ਜੀਉਂਦਾ ਹੋਣ ਤੋਂ ਬਾਅਦ ਉਸ ਨੇ ਆਪ ਉਸ ਦੇ ਮੂੰਹੋਂ ਸੁਣੀ ਸੀ। ਜਾਂ ਸ਼ਾਇਦ ਪਰਮੇਸ਼ੁਰ ਨੇ ਇਹ ਗੱਲ ਆਪਣੀ ਪਵਿੱਤਰ ਸ਼ਕਤੀ ਰਾਹੀਂ ਉਸ ਨੂੰ ਦੱਸੀ ਸੀ।

^ ਪੈਰਾ 9 ਹਰ ਸਾਲ ਯਹੂਦੀਆਂ ਨੂੰ ਮੰਦਰ ਦੇ ਟੈਕਸ ਵਜੋਂ ਦੋ ਦਰਾਖਮਾ ਸਿੱਕੇ ਦੇਣੇ ਪੈਂਦੇ ਸਨ ਜੋ ਤਕਰੀਬਨ ਦੋ ਦਿਨਾਂ ਦੀ ਮਜ਼ਦੂਰੀ ਹੁੰਦੀ ਸੀ। ਇਕ ਕਿਤਾਬ ਮੁਤਾਬਕ “ਇਹ ਟੈਕਸ ਮੁੱਖ ਤੌਰ ਤੇ ਹੋਮ ਬਲ਼ੀਆਂ ਅਤੇ ਲੋਕਾਂ ਦੀ ਖ਼ਾਤਰ ਚੜ੍ਹਾਈਆਂ ਦੂਸਰੀਆਂ ਬਲ਼ੀਆਂ ਦੇ ਖ਼ਰਚੇ ਲਈ ਵਰਤਿਆ ਜਾਂਦਾ ਸੀ।”

^ ਪੈਰਾ 11 ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ।