Skip to content

Skip to table of contents

“ਆਓ, ਅਸੀਂ ਸਲਾਹ ਕਰੀਏ”

“ਆਓ, ਅਸੀਂ ਸਲਾਹ ਕਰੀਏ”

ਤੀਜਾ ਅਧਿਆਇ

“ਆਓ, ਅਸੀਂ ਸਲਾਹ ਕਰੀਏ”

ਯਸਾਯਾਹ 1:10-31

1, 2. ਯਹੋਵਾਹ ਨੇ ਯਰੂਸ਼ਲਮ ਅਤੇ ਯਹੂਦਾਹ ਦੇ ਹਾਕਮਾਂ ਅਤੇ ਲੋਕਾਂ ਦੀ ਤੁਲਨਾ ਕਿਨ੍ਹਾਂ ਨਾਲ ਕੀਤੀ ਸੀ ਅਤੇ ਇਹ ਸਹੀ ਕਿਉਂ ਸੀ?

ਯਸਾਯਾਹ 1:1-9 ਵਿਚ ਦਰਜ ਕੀਤੀ ਗਈ ਨਿੰਦਿਆ ਸੁਣਨ ਤੋਂ ਬਾਅਦ, ਯਰੂਸ਼ਲਮ ਦੇ ਵਾਸੀਆਂ ਨੇ ਸ਼ਾਇਦ ਆਪਣੇ ਆਪ ਨੂੰ ਧਰਮੀ ਸਿੱਧ ਕਰਨਾ ਚਾਹਿਆ ਹੋਵੇ। ਉਨ੍ਹਾਂ ਨੇ ਸ਼ਾਇਦ ਫ਼ਖ਼ਰ ਨਾਲ ਉਨ੍ਹਾਂ ਚੜ੍ਹਾਵਿਆਂ ਵੱਲ ਇਸ਼ਾਰਾ ਕਰਨਾ ਚਾਹਿਆ ਹੋਵੇ ਜੋ ਉਹ ਯਹੋਵਾਹ ਨੂੰ ਚੜ੍ਹਾਉਂਦੇ ਸਨ। ਪਰ, 10 ਤੋਂ 15 ਆਇਤਾਂ ਵਿਚ ਸਾਨੂੰ ਅਜਿਹੇ ਰਵੱਈਏ ਬਾਰੇ ਯਹੋਵਾਹ ਦਾ ਜਵਾਬ ਮਿਲਦਾ ਹੈ, ਜਿਸ ਨੇ ਉਨ੍ਹਾਂ ਨੂੰ ਦੋਸ਼ੀ ਠਹਿਰਾਇਆ ਸੀ। ਇਹ ਇਸ ਤਰ੍ਹਾਂ ਸ਼ੁਰੂ ਹੋਇਆ: “ਹੇ ਸਦੂਮ ਦੇ ਆਗੂਓ, ਯਹੋਵਾਹ ਦਾ ਬਚਨ ਸੁਣੋ, ਹੇ ਅਮੂਰਾਹ ਦੇ ਲੋਕੋ, ਸਾਡੇ ਪਰਮੇਸ਼ੁਰ ਦੀ ਬਿਵਸਥਾ ਤੇ ਕੰਨ ਲਾਓ!”—ਯਸਾਯਾਹ 1:10.

2 ਸਦੂਮ ਅਤੇ ਅਮੂਰਾਹ ਆਪਣੇ ਗੰਦੇ ਕੰਮਾਂ ਕਰਕੇ ਹੀ ਨਹੀਂ, ਸਗੋਂ ਆਪਣੇ ਪੱਥਰ ਦਿਲ ਅਤੇ ਘਮੰਡੀ ਰਵੱਈਏ ਕਾਰਨ ਵੀ ਨਾਸ਼ ਕੀਤੇ ਗਏ ਸਨ। (ਉਤਪਤ 18:20, 21; 19:4, 5, 23-25; ਹਿਜ਼ਕੀਏਲ 16:49, 50) ਇਸਰਾਏਲੀ ਲੋਕ ਆਪਣੀ ਤੁਲਨਾ ਇਨ੍ਹਾਂ ਘਿਣਾਉਣੇ ਸ਼ਹਿਰਾਂ ਨਾਲ ਕੀਤੀ ਹੋਈ ਸੁਣ ਕੇ ਬਹੁਤ ਹੈਰਾਨ ਹੋਏ ਹੋਣਗੇ। * ਪਰ ਯਹੋਵਾਹ ਆਪਣੇ ਲੋਕਾਂ ਨੂੰ ਚੰਗੀ ਤਰ੍ਹਾਂ ਜਾਣਦਾ ਸੀ, ਅਤੇ ਯਸਾਯਾਹ ਨੇ ‘ਉਨ੍ਹਾਂ ਦੇ ਕੰਨਾਂ ਦੀ ਜਲੂਨ’ ਲਈ ਪਰਮੇਸ਼ੁਰ ਦੇ ਸੁਨੇਹੇ ਨੂੰ ਨਰਮ ਨਹੀਂ ਕੀਤਾ।—2 ਤਿਮੋਥਿਉਸ 4:3.

3. ਯਹੋਵਾਹ ਦਾ ਕੀ ਮਤਲਬ ਸੀ ਜਦੋਂ ਉਸ ਨੇ ਕਿਹਾ ਕਿ ਉਹ ਲੋਕਾਂ ਦੀਆਂ ਬਲੀਆਂ ਨਾਲ “ਰੱਜ ਗਿਆ” ਅਤੇ ਇਹ ਇਸ ਤਰ੍ਹਾਂ ਕਿਉਂ ਸੀ?

3 ਧਿਆਨ ਦਿਓ ਕਿ ਯਹੋਵਾਹ ਆਪਣੇ ਲੋਕਾਂ ਦੀ ਰਸਮੀ ਉਪਾਸਨਾ ਬਾਰੇ ਕਿਵੇਂ ਮਹਿਸੂਸ ਕਰਦਾ ਸੀ। “ਮੈਨੂੰ ਤੁਹਾਡੀਆਂ ਬਲੀਆਂ ਦੀ ਵਾਫਰੀ ਨਾਲ ਕੀ ਕੰਮ? ਯਹੋਵਾਹ ਆਖਦਾ ਹੈ। ਮੈਂ ਤਾਂ ਛੱਤਰਿਆਂ ਦੀਆਂ ਹੋਮ ਬਲੀਆਂ ਨਾਲ, ਅਤੇ ਪਲੇ ਹੋਏ ਪਸੂਆਂ ਦੀ ਚਰਬੀ ਨਾਲ ਰੱਜ ਗਿਆ ਹਾਂ, ਬਲਦਾਂ ਯਾ ਲੇਲਿਆਂ ਯਾ ਬੱਕਰਿਆਂ ਦੇ ਲਹੂ ਨਾਲ ਮੈਂ ਪਰਸੰਨ ਨਹੀਂ ਹਾਂ।” (ਯਸਾਯਾਹ 1:11) ਲੋਕ ਭੁੱਲ ਗਏ ਸਨ ਕਿ ਯਹੋਵਾਹ ਉਨ੍ਹਾਂ ਦੀਆਂ ਬਲੀਆਂ ਉੱਤੇ ਨਿਰਭਰ ਨਹੀਂ ਕਰਦਾ ਸੀ। (ਜ਼ਬੂਰ 50:8-13) ਉਸ ਨੂੰ ਇਨਸਾਨਾਂ ਦੇ ਕਿਸੇ ਵੀ ਚੜ੍ਹਾਵੇ ਦੀ ਲੋੜ ਨਹੀਂ ਹੈ। ਇਸ ਲਈ ਜੇ ਲੋਕ ਸੋਚਦੇ ਸਨ ਕਿ ਉਹ ਖੋਟੇ ਦਿਲ ਨਾਲ ਚੜ੍ਹਾਏ ਗਏ ਚੜ੍ਹਾਵਿਆਂ ਨਾਲ ਯਹੋਵਾਹ ਉੱਤੇ ਕੋਈ ਅਹਿਸਾਨ ਕਰ ਰਹੇ ਸਨ, ਉਹ ਧੋਖਾ ਖਾ ਰਹੇ ਸਨ। ਯਹੋਵਾਹ ਨੇ ਇਕ ਜ਼ਬਰਦਸਤ ਉਦਾਹਰਣ ਇਸਤੇਮਾਲ ਕੀਤੀ। ਉਸ ਨੇ ਕਿਹਾ “ਮੈਂ ਰੱਜ ਗਿਆ ਹਾਂ।” ਕੀ ਤੁਹਾਡੇ ਨਾਲ ਵੀ ਕਦੀ ਇਸ ਤਰ੍ਹਾਂ ਹੋਇਆ ਕਿ ਤੁਸੀਂ ਇੰਨਾ ਖਾ ਕੇ ਰੱਜ ਚੁੱਕੇ ਹੋ ਕਿ ਹੋਰ ਖਾਣਾ ਦੇਖ ਕੇ ਹੀ ਤੁਹਾਨੂੰ ਘਿਰਣਾ ਆਉਂਦੀ ਹੈ? ਯਹੋਵਾਹ ਵੀ ਉਨ੍ਹਾਂ ਬਲੀਆਂ ਬਾਰੇ ਇਸੇ ਤਰ੍ਹਾਂ ਮਹਿਸੂਸ ਕਰਦਾ ਸੀ—ਉਸ ਲਈ ਉਹ ਘਿਣਾਉਣੀਆਂ ਸਨ!

4. ਯਸਾਯਾਹ 1:12 ਨੇ ਕਿਵੇਂ ਦਿਖਾਇਆ ਕਿ ਯਰੂਸ਼ਲਮ ਦੀ ਹੈਕਲ ਵਿਚ ਲੋਕਾਂ ਦਾ ਆਉਣਾ ਵਿਅਰਥ ਸੀ?

4 ਯਹੋਵਾਹ ਨੇ ਅੱਗੇ ਕਿਹਾ: “ਜਦ ਤੁਸੀਂ ਮੇਰੇ ਸਨਮੁਖ ਹਾਜ਼ਰ ਹੁੰਦੇ ਹੋ, ਤਾਂ ਤੁਹਾਡੀ ਵੱਲੋਂ ਕਿਸ ਨੇ ਚਾਹਿਆ ਭਈ ਤੁਸੀਂ ਮੇਰੇ ਵੇਹੜਿਆਂ ਨੂੰ ਮਿੱਧੋ?” (ਯਸਾਯਾਹ 1:12) ਕੀ ਯਹੋਵਾਹ ਦੀ ਬਿਵਸਥਾ ਨੇ ਇਹ ਨਹੀਂ ਸੀ ਮੰਗਿਆ ਕਿ ਲੋਕ ‘ਉਸ ਦੇ ਸਨਮੁਖ ਵਿਖਲਾਈ ਦੇਣ,’ ਯਾਨੀ, ਯਰੂਸ਼ਲਮ ਵਿਚ ਉਸ ਦੀ ਹੈਕਲ ਵਿਚ ਆਉਣ? (ਕੂਚ 34:23, 24) ਹਾਂ, ਪਰ ਇਹ ਇਨ੍ਹਾਂ ਲੋਕਾਂ ਲਈ ਸਿਰਫ਼ ਇਕ ਰਸਮ ਹੀ ਸੀ, ਉਹ ਸ਼ੁੱਧ ਉਪਾਸਨਾ ਦਾ ਸਿਰਫ਼ ਇਕ ਦਿਖਾਵਾ ਕਰ ਰਹੇ ਸਨ, ਉਨ੍ਹਾਂ ਦੇ ਦਿਲ ਸ਼ੁੱਧ ਨਹੀਂ ਸਨ। ਯਹੋਵਾਹ ਦੀਆਂ ਨਜ਼ਰਾਂ ਵਿਚ, ਉਸ ਦੇ ਵਿਹੜਿਆਂ ਵਿਚ ਉਨ੍ਹਾਂ ਦਾ ਕਈ ਵਾਰ ਆਉਣਾ ਸਿਰਫ਼ ‘ਮਿੱਧਣ’ ਦੇ ਬਰਾਬਰ ਸੀ, ਮਾਨੋ ਉਹ ਫ਼ਰਸ਼ ਘਿਸਾਉਣ ਤੋਂ ਇਲਾਵਾ ਹੋਰ ਕੁਝ ਨਹੀਂ ਕਰ ਰਹੇ ਸਨ।

5. ਯਹੂਦੀ ਲੋਕ ਉਪਾਸਨਾ ਦੇ ਕਿਹੜੇ ਕੁਝ ਕੰਮ ਕਰਦੇ ਸਨ, ਅਤੇ ਇਹ ਯਹੋਵਾਹ ਲਈ “ਖੇਚਲ” ਕਿਉਂ ਬਣ ਗਏ ਸਨ?

5 ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਯਹੋਵਾਹ ਨੇ ਹੁਣ ਸਖ਼ਤ ਸ਼ਬਦ ਕਹੇ! “ਅੱਗੇ ਨੂੰ ਵਿਅਰਥ ਚੜ੍ਹਾਵੇ ਨਾ ਲਿਆਓ, ਧੂਪ, ਉਹ ਮੇਰੇ ਲਈ ਘਿਣਾਉਣੀ ਹੈ, ਅਮੱਸਿਆਂ ਅਤੇ ਸਬਤ, ਸੰਗਤਾਂ ਦਾ ਜੋੜ ਮੇਲਾ ਵੀ—ਮੈਂ ਬਦੀ ਅਤੇ ਧਰਮ ਸਭਾ ਝੱਲ ਨਹੀਂ ਸੱਕਦਾ। ਤੁਹਾਡੀਆਂ ਅਮੱਸਿਆਂ ਅਤੇ ਤੁਹਾਡੇ ਮਿਥੇ ਹੋਏ ਪਰਬਾਂ ਤੋਂ ਮੇਰੇ ਜੀ ਨੂੰ ਸੂਗ ਆਉਂਦੀ ਹੈ, ਓਹ ਮੇਰੇ ਲਈ ਖੇਚਲ ਹਨ, ਚੁੱਕਦੇ ਚੁੱਕਦੇ ਮੈਂ ਥੱਕ ਗਿਆ!” (ਯਸਾਯਾਹ 1:13, 14) ਚੜ੍ਹਾਵੇ, ਧੂਪ, ਸਬਤ, ਅਤੇ ਧਰਮ ਸਭਾਵਾਂ ਇਸਰਾਏਲ ਲਈ ਪਰਮੇਸ਼ੁਰ ਦੀ ਬਿਵਸਥਾ ਦਾ ਹਿੱਸਾ ਸਨ। “ਅਮੱਸਿਆਂ” ਬਾਰੇ ਬਿਵਸਥਾ ਸਿਰਫ਼ ਇਹੀ ਕਹਿੰਦੀ ਸੀ ਕਿ ਇਹ ਤਿਉਹਾਰ ਮਨਾਏ ਜਾਣੇ ਚਾਹੀਦੇ ਸਨ, ਪਰ ਇਸ ਦੇ ਮਨਾਉਣ ਨਾਲ ਹੋਰ ਚੰਗੀਆਂ ਰੀਤਾਂ ਵੀ ਸਥਾਪਿਤ ਕੀਤੀਆਂ ਗਈਆਂ ਸਨ। (ਗਿਣਤੀ 10:10; 28:11) ਸਬਤ ਵਾਂਗ ਅਮੱਸਿਆ ਜਾਂ ਨਵੇਂ ਚੰਦ ਦਾ ਤਿਉਹਾਰ ਹਰ ਮਹੀਨੇ ਮਨਾਇਆ ਜਾਂਦਾ ਸੀ, ਜਦੋਂ ਲੋਕ ਕੰਮ ਨਹੀਂ ਕਰਦੇ ਸਨ ਅਤੇ ਨਬੀਆਂ ਅਤੇ ਜਾਜਕਾਂ ਤੋਂ ਸਿੱਖਿਆ ਲੈਣ ਲਈ ਇਕੱਠੇ ਹੁੰਦੇ ਸਨ। (2 ਰਾਜਿਆਂ 4:23; ਹਿਜ਼ਕੀਏਲ 46:3; ਆਮੋਸ 8:5) ਅਜਿਹੀਆਂ ਰੀਤਾਂ ਗ਼ਲਤ ਨਹੀਂ ਸਨ। ਗ਼ਲਤੀ ਇਹ ਸੀ ਕਿ ਇਹ ਸਿਰਫ਼ ਦਿਖਾਵੇ ਲਈ ਕੀਤਾ ਜਾ ਰਿਹਾ ਸੀ। ਇਸ ਤੋਂ ਇਲਾਵਾ, ਪਰਮੇਸ਼ੁਰ ਦੀ ਬਿਵਸਥਾ ਦੀ ਰਸਮੀ ਪਾਲਣਾ ਦੇ ਨਾਲ-ਨਾਲ, ਯਹੂਦੀ ਲੋਕ “ਬਦੀ” ਜਾਂ ਜਾਦੂ-ਟੂਣੇ ਵੀ ਕਰ ਰਹੇ ਸਨ। * ਇਸ ਤਰ੍ਹਾਂ, ਯਹੋਵਾਹ ਦੀ ਉਪਾਸਨਾ ਵਿਚ ਉਨ੍ਹਾਂ ਦੇ ਇਹ ਕੰਮ ਉਸ ਲਈ “ਖੇਚਲ” ਸਨ।

6. ਯਹੋਵਾਹ ਕਿਸ ਭਾਵ ਵਿਚ “ਥੱਕ” ਗਿਆ ਸੀ?

6 ਪਰ, ਯਹੋਵਾਹ “ਥੱਕ” ਕਿਵੇਂ ਸਕਦਾ ਸੀ? ਆਖ਼ਰਕਾਰ, ਉਸ ਕੋਲ ਤਾਂ ‘ਡਾਢਾ ਬਲ ਹੈ ਅਤੇ ਉਹ ਨਾ ਹੁੱਸਦਾ ਹੈ, ਨਾ ਥੱਕਦਾ ਹੈ।’ (ਯਸਾਯਾਹ 40:26, 28) ਯਹੋਵਾਹ ਇਕ ਸਪੱਸ਼ਟ ਉਦਾਹਰਣ ਵਰਤ ਰਿਹਾ ਸੀ ਤਾਂਕਿ ਅਸੀਂ ਉਸ ਦੇ ਜਜ਼ਬਾਤ ਸਮਝ ਸਕੀਏ। ਕੀ ਤੁਸੀਂ ਕਦੀ ਇਕ ਅਜਿਹਾ ਭਾਰਾ ਬੋਝ ਚੁੱਕਿਆ ਹੈ ਜਿਸ ਦੇ ਕਾਰਨ ਤੁਸੀਂ ਬਹੁਤ ਥੱਕ ਗਏ ਸਨ ਅਤੇ ਉਸ ਨੂੰ ਲਾਹ ਕੇ ਪਰੇ ਸੁੱਟਣਾ ਚਾਹੁੰਦੇ ਸਨ? ਯਹੋਵਾਹ ਆਪਣੇ ਲੋਕਾਂ ਦੀ ਉਪਾਸਨਾ ਦੇ ਪਖੰਡੀ ਕੰਮਾਂ ਦੇ ਕਾਰਨ ਇਸੇ ਤਰ੍ਹਾਂ ਮਹਿਸੂਸ ਕਰਦਾ ਸੀ।

7. ਯਹੋਵਾਹ ਆਪਣੇ ਲੋਕਾਂ ਦੀਆਂ ਪ੍ਰਾਰਥਨਾਵਾਂ ਕਿਉਂ ਨਹੀਂ ਸੁਣਦਾ ਸੀ?

7 ਯਹੋਵਾਹ ਨੇ ਹੁਣ ਉਪਾਸਨਾ ਦੇ ਸਭ ਤੋਂ ਜ਼ਾਤੀ ਮਾਮਲੇ ਬਾਰੇ ਗੱਲ ਕੀਤੀ। “ਜਦ ਤੁਸੀਂ ਆਪਣੇ ਹੱਥ ਅੱਡੋਗੇ, ਤਾਂ ਮੈਂ ਤੁਹਾਥੋਂ ਆਪਣੀ ਅੱਖ ਮੀਚ ਲਵਾਂਗਾ, ਨਾਲੇ ਭਾਵੇਂ ਤੁਸੀਂ ਕਿੰਨੀ ਪ੍ਰਾਰਥਨਾ ਕਰੋ, ਮੈਂ ਨਹੀਂ ਸੁਣਾਂਗਾ, ਤੁਹਾਡੇ ਹੱਥ ਲਹੂ ਨਾਲ ਭਰੇ ਹੋਏ ਹਨ।” (ਯਸਾਯਾਹ 1:15) ਹੱਥ ਅੱਡਣ ਦਾ ਮਤਲਬ ਹੈ ਬੇਨਤੀ ਕਰਨੀ। ਯਹੋਵਾਹ ਅੱਗੇ ਇਸ ਤਰ੍ਹਾਂ ਕਰਨਾ ਵਿਅਰਥ ਹੋ ਚੁੱਕਾ ਸੀ ਕਿਉਂਕਿ ਇਨ੍ਹਾਂ ਲੋਕਾਂ ਦੇ ਹੱਥ ਲਹੂ ਨਾਲ ਰੰਗੇ ਹੋਏ ਸਨ। ਦੇਸ਼ ਹਿੰਸਾ ਨਾਲ ਭਰਿਆ ਹੋਇਆ ਸੀ। ਕਮਜ਼ੋਰ ਲੋਕਾਂ ਉੱਤੇ ਜ਼ੁਲਮ ਕਰਨਾ ਆਮ ਸੀ। ਇਹ ਦੋਸ਼ੀ ਅਤੇ ਖ਼ੁਦਗਰਜ਼ ਲੋਕ ਪ੍ਰਾਰਥਨਾ ਕਰ ਕੇ ਬਰਕਤਾਂ ਮੰਗਦੇ ਸਨ ਪਰ ਯਹੋਵਾਹ ਲਈ ਉਨਾਂ ਦੀ ਬੇਨਤੀ ਘਿਣਾਉਣੀ ਸੀ। ਤਾਂ ਹੀ ਯਹੋਵਾਹ ਨੇ ਕਿਹਾ “ਮੈਂ ਨਹੀਂ ਸੁਣਾਂਗਾ”!

8. ਅੱਜ ਈਸਾਈ-ਜਗਤ ਕਿਹੜਾ ਭੁਲੇਖਾ ਖਾਂਦਾ ਹੈ, ਅਤੇ ਕੁਝ ਮਸੀਹੀ ਅਜਿਹੇ ਫੰਦੇ ਵਿਚ ਕਿਵੇਂ ਫਸ ਜਾਂਦੇ ਹਨ?

8 ਸਾਡੇ ਜ਼ਮਾਨੇ ਵਿਚ, ਈਸਾਈ-ਜਗਤ ਨੇ ਵੀ ਇਸੇ ਤਰ੍ਹਾਂ ਕੀਤਾ ਹੈ। ਭਾਵੇਂ ਉਸ ਨੇ ਆਪਣੀਆਂ ਲਗਾਤਾਰ ਜਪੀਆਂ ਗਈਆਂ ਪ੍ਰਾਰਥਨਾਵਾਂ ਅਤੇ ਹੋਰ ਧਾਰਮਿਕ “ਕਰਾਮਾਤਾਂ” ਨਾਲ ਪਰਮੇਸ਼ੁਰ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਸ ਨੇ ਪਰਮੇਸ਼ੁਰ ਦੀ ਮਿਹਰ ਨਹੀਂ ਪ੍ਰਾਪਤ ਕੀਤੀ। (ਮੱਤੀ 7:21-23) ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਇਸ ਫੰਦੇ ਵਿਚ ਨਾ ਫਸੀਏ। ਕਦੀ-ਕਦਾਈਂ, ਇਕ ਮਸੀਹੀ ਕਿਸੇ ਵੱਡੇ ਪਾਪ ਵਿਚ ਪੈ ਜਾਂਦਾ ਹੈ ਅਤੇ ਉਸ ਵਿਚ ਲੱਗਾ ਰਹਿੰਦਾ ਹੈ। ਫਿਰ ਉਹ ਸੋਚਦਾ ਹੈ ਕਿ ਜੇ ਉਹ ਆਪਣੇ ਪਾਪ ਨੂੰ ਲੁਕੋ ਕੇ ਰੱਖੇ ਅਤੇ ਮਸੀਹੀ ਕਲੀਸਿਯਾ ਵਿਚ ਆਪਣੀ ਸੇਵਾ ਵਧਾ ਦੇਵੇ, ਤਾਂ ਉਸ ਦੇ ਇਹ ਕੰਮ ਕਿਸੇ-ਨ-ਕਿਸੇ ਤਰ੍ਹਾਂ ਉਸ ਦਾ ਪਾਪ ਧੋਹ ਦੇਣਗੇ। ਅਜਿਹੇ ਰਸਮੀ ਕੰਮ ਯਹੋਵਾਹ ਨੂੰ ਖ਼ੁਸ਼ ਨਹੀਂ ਕਰਦੇ। ਰੂਹਾਨੀ ਰੋਗ ਦਾ ਸਿਰਫ਼ ਇੱਕੋ ਇਲਾਜ ਹੈ, ਜਿਵੇਂ ਯਸਾਯਾਹ ਦੀਆਂ ਅਗਲੀਆਂ ਆਇਤਾਂ ਵਿਚ ਦਿਖਾਇਆ ਗਿਆ ਹੈ।

ਰੂਹਾਨੀ ਰੋਗ ਦਾ ਇਲਾਜ

9, 10. ਯਹੋਵਾਹ ਦੀ ਉਪਾਸਨਾ ਕਰਨ ਵਿਚ ਸਾਡੇ ਲਈ ਸ਼ੁੱਧ ਹੋਣਾ ਕਿੰਨਾ ਕੁ ਜ਼ਰੂਰੀ ਹੈ?

9 ਯਹੋਵਾਹ ਪਰਮੇਸ਼ੁਰ, ਜੋ ਦਇਆਵਾਨ ਹੈ, ਨੇ ਅੱਗੇ ਇਕ ਨਿੱਘੇ

, ਮਨਭਾਉਂਦੇ ਤਰੀਕੇ ਨਾਲ ਗੱਲ ਕੀਤੀ। “ਨਹਾਓ, ਆਪਣੇ ਆਪ ਨੂੰ ਪਾਕ ਕਰੋ, ਆਪਣੇ ਬੁਰੇ ਕੰਮਾਂ ਨੂੰ ਮੇਰੀਆਂ ਅੱਖਾਂ ਦੇ ਅੱਗੋਂ ਦੂਰ ਕਰੋ, ਬੁਰਿਆਈ ਨੂੰ ਛੱਡੋ। ਨੇਕੀ ਸਿੱਖੋ, ਨਿਆਉਂ ਨੂੰ ਭਾਲੋ, ਜ਼ਾਲਮ ਨੂੰ ਸਿੱਧਾ ਕਰੋ ਯਤੀਮ ਦਾ ਨਿਆਉਂ ਕਰੋ, ਵਿਧਵਾ ਦਾ ਮੁਕੱਦਮਾ ਲੜੋ।” (ਯਸਾਯਾਹ 1:16, 17) ਇੱਥੇ ਸਾਨੂੰ ਨੌਂ ਹੁਕਮਾਂ ਦੀ ਲੜੀ ਮਿਲਦੀ ਹੈ। ਪਹਿਲੇ ਚਾਰ ਹੁਕਮ ਪਾਪ ਦੂਰ ਕਰਨ ਦੀ ਲੋੜ ਨੂੰ ਦਿਖਾਉਂਦੇ ਹਨ; ਅਗਲੇ ਪੰਜ ਹੁਕਮ ਯਹੋਵਾਹ ਦੀ ਬਰਕਤ ਹਾਸਲ ਕਰਨ ਲਈ ਜ਼ਰੂਰੀ ਹਨ।

10 ਧੋਣਾ ਅਤੇ ਪਾਕ ਹੋਣਾ, ਸ਼ੁੱਧ ਉਪਾਸਨਾ ਦਾ ਮਹੱਤਵਪੂਰਣ ਹਿੱਸਾ ਹਮੇਸ਼ਾ ਰਹੇ ਹਨ। (ਕੂਚ 19:10, 11; 30:20; 2 ਕੁਰਿੰਥੀਆਂ 7:1) ਪਰ ਯਹੋਵਾਹ ਚਾਹੁੰਦਾ ਹੈ ਕਿ ਉਸ ਦੇ ਉਪਾਸਕਾਂ ਦੇ ਦਿਲ ਸਾਫ਼ ਹੋਣ। ਨੈਤਿਕ ਅਤੇ ਰੂਹਾਨੀ ਸਫ਼ਾਈ ਸਭ ਤੋਂ ਜ਼ਰੂਰੀ ਹੈ, ਅਤੇ ਯਹੋਵਾਹ ਇਸ ਸਫ਼ਾਈ ਬਾਰੇ ਗੱਲ ਕਰ ਰਿਹਾ ਸੀ। ਸੋਲਵੀਂ ਆਇਤ ਵਿਚ ਪਹਿਲੇ ਦੋ ਹੁਕਮਾਂ ਦਾ ਇੱਕੋ ਮਤਲਬ ਨਹੀਂ ਹੈ। ਇਬਰਾਨੀ ਭਾਸ਼ਾ ਦੇ ਵਿਆਕਰਣ ਦਾ ਇਕ ਮਾਹਰ ਕਹਿੰਦਾ ਹੈ ਕਿ ਪਹਿਲਾ ਹੁਕਮ “ਨਹਾਓ,” ਸਾਫ਼ ਹੋਣ ਲਈ ਪਹਿਲਾ ਕਦਮ ਹੈ, ਪਰ ਦੂਜਾ, “ਆਪਣੇ ਆਪ ਨੂੰ ਪਾਕ ਕਰੋ,” ਸਾਫ਼ ਰਹਿਣ ਲਈ ਲਗਾਤਾਰ ਜਤਨ ਕਰਦੇ ਰਹਿਣ ਨੂੰ ਸੰਕੇਤ ਕਰਦਾ ਹੈ।

11. ਪਾਪ ਦਾ ਵਿਰੋਧ ਕਰਨ ਲਈ, ਸਾਨੂੰ ਕੀ ਕਰਨਾ ਚਾਹੀਦਾ ਹੈ ਅਤੇ ਸਾਨੂੰ ਕਿਹੜੀ ਗੱਲ ਤੋਂ ਬਚਣਾ ਚਾਹੀਦਾ ਹੈ?

11 ਅਸੀਂ ਯਹੋਵਾਹ ਤੋਂ ਕੁਝ ਨਹੀਂ ਲੁਕੋ ਸਕਦੇ। (ਅੱਯੂਬ 34:22; ਕਹਾਉਤਾਂ 15:3; ਇਬਰਾਨੀਆਂ 4:13) ਇਸ ਲਈ ਉਸ ਦਾ ਇਹ ਹੁਕਮ ਕਿ “ਆਪਣੇ ਬੁਰੇ ਕੰਮਾਂ ਨੂੰ ਮੇਰੀਆਂ ਅੱਖਾਂ ਦੇ ਅੱਗੋਂ ਦੂਰ ਕਰੋ,” ਦਾ ਸਿਰਫ਼ ਇੱਕੋ ਮਤਲਬ ਹੋ ਸਕਦਾ ਹੈ—ਬੁਰਿਆਈ ਨੂੰ ਛੱਡੋ। ਸਾਨੂੰ ਘੋਰ ਪਾਪਾਂ ਨੂੰ ਲੁਕਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ, ਕਿਉਂਕਿ ਇਸ ਤਰ੍ਹਾਂ ਕਰਨਾ ਖ਼ੁਦ ਇਕ ਪਾਪ ਹੈ। ਕਹਾਉਤਾਂ 28:13 ਚੇਤਾਵਨੀ ਦਿੰਦਾ ਹੈ: “ਜਿਹੜਾ ਆਪਣੇ ਅਪਰਾਧਾਂ ਨੂੰ ਲੁਕੋ ਲੈਂਦਾ ਹੈ ਉਹ ਸਫ਼ਲ ਨਹੀਂ ਹੁੰਦਾ, ਪਰ ਜੋ ਓਹਨਾਂ ਨੂੰ ਮੰਨ ਕੇ ਛੱਡ ਦਿੰਦਾ ਹੈ ਉਹ ਦੇ ਉੱਤੇ ਰਹਮ ਕੀਤਾ ਜਾਵੇਗਾ।”

12. (ੳ) ‘ਨੇਕੀ ਸਿੱਖਣੀ’ ਕਿਉਂ ਜ਼ਰੂਰੀ ਹੈ? (ਅ) ਖ਼ਾਸ ਕਰਕੇ ਬਜ਼ੁਰਗ ਇਨ੍ਹਾਂ ਹੁਕਮਾਂ ਉੱਤੇ ਕਿਵੇਂ ਅਮਲ ਕਰ ਸਕਦੇ ਹਨ ਕਿ “ਨਿਆਉਂ ਨੂੰ ਭਾਲੋ” ਅਤੇ “ਜ਼ਾਲਮ ਨੂੰ ਸਿੱਧਾ ਕਰੋ”?

12 ਸਤਾਰ੍ਹਵੀਂ ਆਇਤ ਵਿਚ ਅਸੀਂ ਯਹੋਵਾਹ ਵੱਲੋਂ ਦਿੱਤੇ ਗਏ ਹੁਕਮਾਂ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ। ਧਿਆਨ ਦਿਓ ਕਿ ਉਸ ਨੇ ਇੱਥੇ ਸਿਰਫ਼ ‘ਨੇਕੀ ਕਰੋ’ ਨਹੀਂ ਕਿਹਾ ਪਰ ‘ਨੇਕੀ ਸਿੱਖੋ’ ਕਿਹਾ ਸੀ। ਪਰਮੇਸ਼ੁਰ ਦੇ ਬਚਨ ਦਾ ਨਿੱਜੀ ਅਧਿਐਨ ਕਰਨ ਨਾਲ ਅਸੀਂ ਸਮਝ ਸਕਦੇ ਹਾਂ ਕਿ ਉਸ ਦੀ ਨਿਗਾਹ ਵਿਚ ਨੇਕੀ ਕੀ ਚੀਜ਼ ਹੈ ਅਤੇ ਫਿਰ ਅਸੀਂ ਨੇਕੀ ਕਰਨੀ ਚਾਹਾਂਗੇ। ਇਸ ਤੋਂ ਇਲਾਵਾ, ਯਹੋਵਾਹ ਨੇ ਸਿਰਫ਼ ਇਹ ਨਹੀਂ ਕਿਹਾ ਕਿ “ਨਿਆਉਂ ਕਰੋ” ਸਗੋਂ ਉਸ ਨੇ ਇਹ ਕਿਹਾ ਕਿ ‘ਨਿਆਉਂ ਨੂੰ ਭਾਲੋ।’ ਤਜਰਬੇਕਾਰ ਬਜ਼ੁਰਗਾਂ ਨੂੰ ਵੀ ਪਰਮੇਸ਼ੁਰ ਦੇ ਬਚਨ ਦੀ ਡੂੰਘੀ ਖੋਜ ਕਰਨੀ ਚਾਹੀਦੀ ਹੈ ਤਾਂਕਿ ਉਹ ਔਖਿਆਂ ਮਾਮਲਿਆਂ ਵਿਚ ਵੀ ਨਿਆਉਂ ਕਰ ਸਕਣ। ਯਹੋਵਾਹ ਦੇ ਅਗਲੇ ਹੁਕਮ ਅਨੁਸਾਰ ‘ਜ਼ਾਲਮ ਨੂੰ ਸਿੱਧਾ ਕਰਨ’ ਦੀ ਵੀ ਜ਼ਿੰਮੇਵਾਰੀ ਉਨ੍ਹਾਂ ਦੀ ਹੈ। ਇਹ ਹੁਕਮ ਅੱਜ ਮਸੀਹੀ ਚਰਵਾਹਿਆਂ ਲਈ ਜ਼ਰੂਰੀ ਹਨ, ਕਿਉਂਕਿ ਉਹ ‘ਬੁਰੇ ਬੁਰੇ ਬਘਿਆੜਾਂ’ ਤੋਂ ਇੱਜੜ ਦੀ ਰੱਖਿਆ ਕਰਨੀ ਚਾਹੁੰਦੇ ਹਨ।—ਰਸੂਲਾਂ ਦੇ ਕਰਤੱਬ 20:28-30.

13. ਅਸੀਂ ਅੱਜ ਯਤੀਮਾਂ ਅਤੇ ਵਿਧਵਾਵਾਂ ਬਾਰੇ ਹੁਕਮਾਂ ਦੀ ਪਾਲਣਾ ਕਿਵੇਂ ਕਰ ਸਕਦੇ ਹਾਂ?

13 ਆਖ਼ਰੀ ਦੋ ਹੁਕਮ ਪਰਮੇਸ਼ੁਰ ਦੇ ਲੋਕਾਂ ਵਿਚਕਾਰ ਬੇਸਹਾਰੇ ਯਤੀਮਾਂ ਅਤੇ ਵਿਧਵਾਵਾਂ ਬਾਰੇ ਸਨ। ਦੁਨੀਆਂ ਅਜਿਹੇ ਵਿਅਕਤੀਆਂ ਦਾ ਫ਼ਾਇਦਾ ਉਠਾਉਣ ਲਈ ਤਿਆਰ ਰਹਿੰਦੀ ਹੈ; ਪਰਮੇਸ਼ੁਰ ਦੇ ਲੋਕਾਂ ਵਿਚਕਾਰ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਪ੍ਰੇਮਮਈ ਬਜ਼ੁਰਗ ਕਲੀਸਿਯਾ ਵਿਚ ਯਤੀਮਾਂ ‘ਦਾ ਨਿਆਉਂ ਕਰਦੇ’ ਹਨ। ਉਹ ਉਨ੍ਹਾਂ ਦੀ ਰਖਵਾਲੀ ਕਰਦੇ ਹਨ ਅਤੇ ਉਨ੍ਹਾਂ ਨੂੰ ਨਿਆਉਂ ਦਿਲਾਉਣ ਵਿਚ ਮਦਦ ਦਿੰਦੇ ਹਨ ਕਿਉਂ ਜੋ ਇਹ ਦੁਨੀਆਂ ਉਨ੍ਹਾਂ ਦਾ ਫ਼ਾਇਦਾ ਉਠਾਉਣਾ ਅਤੇ ਉਨ੍ਹਾਂ ਨੂੰ ਵਿਗਾੜਨਾ ਚਾਹੁੰਦੀ ਹੈ। ਬਜ਼ੁਰਗ ਵਿਧਵਾਵਾਂ ‘ਦਾ ਮੁਕੱਦਮਾ ਲੜਦੇ’ ਹਨ, ਜਾਂ ਇਬਰਾਨੀ ਸ਼ਬਦ ਦੇ ਹੋਰ ਮਤਲਬ ਅਨੁਸਾਰ, ਉਹ ਉਨ੍ਹਾਂ ਲਈ “ਸੰਘਰਸ਼” ਕਰਦੇ ਹਨ। ਅਸਲ ਵਿਚ ਸਾਰੇ ਮਸੀਹੀ ਸਾਡੇ ਵਿਚਕਾਰ ਲੋੜਵੰਦ ਵਿਅਕਤੀਆਂ ਲਈ ਆਸਰਾ, ਦਿਲਾਸਾ, ਅਤੇ ਇਨਸਾਫ਼ ਦਾ ਸ੍ਰੋਤ ਬਣਨਾ ਚਾਹੁੰਦੇ ਹਨ ਕਿਉਂਕਿ ਇਹ ਵਿਅਕਤੀ ਯਹੋਵਾਹ ਲਈ ਅਨਮੋਲ ਹਨ।—ਮੀਕਾਹ 6:8; ਯਾਕੂਬ 1:27.

14. ਯਸਾਯਾਹ 1:16, 17 ਵਿਚ ਕਿਹੜਾ ਚੰਗਾ ਸੁਨੇਹਾ ਦਿੱਤਾ ਗਿਆ ਹੈ?

14 ਇਨ੍ਹਾਂ ਨੌਂ ਹੁਕਮਾਂ ਰਾਹੀਂ ਯਹੋਵਾਹ ਨੇ ਕਿੰਨਾ ਪੱਕਾ ਅਤੇ ਚੰਗਾ ਸੁਨੇਹਾ ਦਿੱਤਾ! ਕਦੇ-ਕਦੇ ਪਾਪ ਕਰਨ ਵਾਲੇ ਵਿਅਕਤੀ ਆਪਣੇ ਆਪ ਨੂੰ ਯਕੀਨ ਦਿਲਾ ਲੈਂਦੇ ਹਨ ਕਿ ਸਹੀ ਕੰਮ ਕਰਨੇ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ ਹੈ। ਅਜਿਹੇ ਖ਼ਿਆਲ ਉਨ੍ਹਾਂ ਦਾ ਹੌਸਲਾ ਢਾਉਂਦੇ ਹਨ। ਇਸ ਤੋਂ ਇਲਾਵਾ, ਇਹ ਖ਼ਿਆਲ ਗ਼ਲਤ ਹਨ। ਯਹੋਵਾਹ ਜਾਣਦਾ ਹੈ ਅਤੇ ਉਹ ਚਾਹੁੰਦਾ ਹੈ ਕਿ ਅਸੀਂ ਵੀ ਜਾਣੀਏ ਕਿ ਉਸ ਦੀ ਮਦਦ ਨਾਲ ਕੋਈ ਵੀ ਪਾਪੀ ਆਪਣਾ ਪਾਪੀ ਰਸਤਾ ਛੱਡ ਸਕਦਾ ਹੈ, ਉਸ ਤੋਂ ਪਿੱਛੇ ਮੁੜ ਸਕਦਾ ਹੈ, ਅਤੇ ਪਾਪ ਕਰਨ ਦੀ ਬਜਾਇ ਸਹੀ ਕੰਮ ਕਰ ਸਕਦਾ ਹੈ।

ਦਇਆਵਾਨ ਅਤੇ ਨਿਆਂਪੂਰਣ ਬੇਨਤੀ

15. “ਆਓ, ਅਸੀਂ ਸਲਾਹ ਕਰੀਏ” ਸ਼ਬਦ ਕਦੇ-ਕਦੇ ਕਿਸ ਤਰ੍ਹਾਂ ਗ਼ਲਤ ਸਮਝੇ ਜਾਂਦੇ ਹਨ, ਪਰ ਇਨ੍ਹਾਂ ਦਾ ਅਸਲੀ ਅਰਥ ਕੀ ਹੈ?

15 ਯਹੋਵਾਹ ਦੇ ਜਜ਼ਬਾਤ ਹੋਰ ਵੀ ਨਿੱਘੇ ਹੋਏ ਅਤੇ ਉਸ ਨੇ ਦਇਆ ਦਿਖਾਈ। “ਆਓ, ਅਸੀਂ ਸਲਾਹ ਕਰੀਏ, ਯਹੋਵਾਹ ਆਖਦਾ ਹੈ, ਭਾਵੇਂ ਤੁਹਾਡੇ ਪਾਪ ਕਿਰਮਚ ਜੇਹੇ ਹੋਣ, ਓਹ ਬਰਫ ਜੇਹੇ ਚਿੱਟੇ ਹੋ ਜਾਣਗੇ, ਭਾਵੇਂ ਓਹ ਮਜੀਠ ਜੇਹੇ ਲਾਲ ਹੋਣ, ਓਹ ਉੱਨ ਜੇਹੇ ਹੋ ਜਾਣਗੇ।” (ਯਸਾਯਾਹ 1:18) ਇਸ ਸੁੰਦਰ ਆਇਤ ਦੇ ਸ਼ੁਰੂ ਵਿਚ ਪਾਏ ਜਾਣ ਵਾਲੇ ਸੱਦੇ ਦਾ ਅਕਸਰ ਗ਼ਲਤ ਅਰਥ ਕੱਢਿਆ ਜਾਂਦਾ ਹੈ। ਉਦਾਹਰਣ ਲਈ, ਹਿੰਦੀ ਦੀ ਪਵਿੱਤਰ ਬਾਈਬਲ ਕਹਿੰਦੀ ਹੈ ਕਿ “ਆਓ ਹਮ ਆਪਸ ਮੇ ਵਾਦਵਿਵਾਦ ਕਰੇਂ”—ਜਿਵੇਂ ਦੋਹਾਂ ਪਾਸਿਆਂ ਨੂੰ ਇਕਬਾਲ ਕਰ ਕੇ ਸੁਲ੍ਹਾ ਕਰਨ ਦੀ ਜ਼ਰੂਰਤ ਹੈ। ਪਰ ਗੱਲ ਇਸ ਤਰ੍ਹਾਂ ਨਹੀਂ ਸੀ! ਯਹੋਵਾਹ ਤਾਂ ਸੰਪੂਰਣ ਹੈ, ਅਤੇ ਆਪਣੇ ਵਿਗੜੇ ਅਤੇ ਪਖੰਡੀ ਲੋਕਾਂ ਨਾਲ ਪੇਸ਼ ਆਉਣ ਵਿਚ ਉਸ ਉੱਤੇ ਕੋਈ ਦੋਸ਼ ਨਹੀਂ ਲਾਇਆ ਜਾ ਸਕਦਾ ਸੀ। (ਬਿਵਸਥਾ ਸਾਰ 32:4, 5) ਇਹ ਆਇਤ ਬਰਾਬਰ ਦੇ ਲੋਕਾਂ ਵਿਚਕਾਰ ਸਮਝੌਤਾ ਕਰਨ ਬਾਰੇ ਨਹੀਂ ਹੈ, ਬਲਕਿ ਇਨਸਾਫ਼ ਕਰਨ ਲਈ ਅਦਾਲਤ ਬਾਰੇ ਗੱਲ ਕਰ ਰਹੀ ਹੈ। ਇਹ ਇਸ ਤਰ੍ਹਾਂ ਸੀ ਜਿਵੇਂ ਯਹੋਵਾਹ ਇਸਰਾਏਲ ਨੂੰ ਅਦਾਲਤ ਵਿਚ ਮੁਕੱਦਮਾ ਲੜਨ ਲਈ ਕਹਿ ਰਿਹਾ ਸੀ।

16, 17. ਅਸੀਂ ਕਿਸ ਤਰ੍ਹਾਂ ਜਾਣਦੇ ਹਾਂ ਕਿ ਯਹੋਵਾਹ ਘੋਰ ਪਾਪਾਂ ਨੂੰ ਵੀ ਮਾਫ਼ ਕਰਨਾ ਚਾਹੁੰਦਾ ਹੈ?

16 ਯਹੋਵਾਹ ਨਾਲ ਮੁਕੱਦਮਾ ਲੜਨ ਦਾ ਖ਼ਿਆਲ ਸ਼ਾਇਦ ਡਰਾਉਣਾ ਹੋਵੇ, ਪਰ ਯਹੋਵਾਹ ਸਭ ਤੋਂ ਦਿਆਲੂ ਅਤੇ ਦਇਆਵਾਨ ਨਿਆਂਕਾਰ ਹੈ। ਉਸ ਦੀ ਮਾਫ਼ ਕਰਨ ਦੀ ਯੋਗਤਾ ਬੇਮਿਸਾਲ ਹੈ। (ਜ਼ਬੂਰ 86:5) ਸਿਰਫ਼ ਉਹੀ ਇਸਰਾਏਲ ਦੇ “ਕਿਰਮਚ ਜੇਹੇ” ਪਾਪ ਦੂਰ ਕਰ ਕੇ ਉਨ੍ਹਾਂ ਨੂੰ “ਬਰਫ ਜੇਹੇ ਚਿੱਟੇ” ਕਰ ਸਕਦਾ ਸੀ। ਇਨਸਾਨ ਦੇ ਕੋਈ ਵੀ ਜਤਨ, ਕੰਮ, ਬਲੀਆਂ, ਜਾਂ ਪ੍ਰਾਰਥਨਾਵਾਂ, ਪਾਪ ਦੇ ਕਲੰਕ ਨੂੰ ਨਹੀਂ ਮਿਟਾ ਸਕਦੇ। ਸਿਰਫ਼ ਯਹੋਵਾਹ ਦੀ ਮਾਫ਼ੀ ਹੀ ਪਾਪ ਨੂੰ ਧੋ ਸਕਦੀ ਹੈ। ਪਰਮੇਸ਼ੁਰ ਇਹ ਮਾਫ਼ੀ ਸਿਰਫ਼ ਆਪਣੀਆਂ ਹੀ ਸ਼ਰਤਾਂ ਤੇ ਬਖ਼ਸ਼ਦਾ ਹੈ, ਜਿਸ ਵਿਚ ਇਕ ਇਹ ਹੈ ਕਿ ਤੋਬਾ ਸੱਚੇ ਦਿਲੋਂ ਕੀਤੀ ਜਾਵੇ।

17 ਇਹ ਸੱਚਾਈ ਇੰਨੀ ਮਹੱਤਵਪੂਰਣ ਹੈ ਕਿ ਯਹੋਵਾਹ ਨੇ ਇਸ ਨੂੰ ਇਕ ਕਵਿਤਾ ਵਿਚ ਦੁਹਰਾਇਆ—“ਮਜੀਠ” ਜਿਹੇ ਪਾਪ ਨਵੀਂ, ਬੇਰੰਗੀ, ਚਿੱਟੀ ਉੱਨ ਵਰਗੇ ਹੋ ਜਾਣਗੇ। ਯਹੋਵਾਹ ਚਾਹੁੰਦਾ ਹੈ ਕਿ ਅਸੀਂ ਜਾਣੀਏ ਕਿ ਜਿੰਨਾ ਚਿਰ ਅਸੀਂ ਸੱਚੇ ਦਿਲੋਂ ਤੋਬਾ ਕਰਦੇ ਹਾਂ ਉਹ ਪਾਪਾਂ ਦੀ ਮਾਫ਼ੀ ਕਰਨ ਲਈ ਤਿਆਰ ਰਹਿੰਦਾ ਹੈ, ਭਾਵੇਂ ਇਹ ਘੋਰ ਪਾਪ ਵੀ ਹੋਣ। ਜਿਨ੍ਹਾਂ ਨੂੰ ਆਪਣੇ ਬਾਰੇ ਇਹ ਗੱਲ ਮੰਨਣੀ ਔਖੀ ਲੱਗਦੀ ਹੈ, ਉਨ੍ਹਾਂ ਨੂੰ ਮਨੱਸ਼ਹ ਵਰਗੀਆਂ ਉਦਾਹਰਣਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਉਸ ਨੇ ਕਈਆਂ ਸਾਲਾਂ ਲਈ ਬਹੁਤ ਭੈੜੇ ਪਾਪ ਕੀਤੇ ਸਨ। ਲੇਕਿਨ, ਉਸ ਨੇ ਤੋਬਾ ਕੀਤੀ ਅਤੇ ਉਸ ਨੂੰ ਮਾਫ਼ ਕੀਤਾ ਗਿਆ ਸੀ। (2 ਇਤਹਾਸ 33:9-16) ਯਹੋਵਾਹ ਚਾਹੁੰਦਾ ਹੈ ਕਿ ਅਸੀਂ ਸਾਰੇ ਜਣੇ ਜਾਣੀਏ, ਘੋਰ ਪਾਪ ਕਰਨ ਵਾਲੀ ਵੀ, ਕਿ ਉਸ ਨਾਲ ‘ਸਲਾਹ ਕਰਨ’ ਲਈ ਅਜੇ ਵੀ ਵਕਤ ਹੈ।

18. ਯਹੋਵਾਹ ਨੇ ਆਪਣੇ ਬਾਗ਼ੀ ਲੋਕਾਂ ਦੇ ਸਾਮ੍ਹਣੇ ਕਿਹੜਾ ਫ਼ੈਸਲਾ ਰੱਖਿਆ ਸੀ?

18 ਯਹੋਵਾਹ ਨੇ ਆਪਣੇ ਲੋਕਾਂ ਨੂੰ ਯਾਦ ਦਿਲਾਇਆ ਕਿ ਉਨ੍ਹਾਂ ਦੇ ਸਾਮ੍ਹਣੇ ਇਕ ਫ਼ੈਸਲਾ ਰੱਖਿਆ ਗਿਆ ਸੀ। “ਜੇ ਤੁਸੀਂ ਖੁਸ਼ੀ ਨਾਲ ਮੰਨੋ, ਤੁਸੀਂ ਧਰਤੀ ਦੇ ਪਦਾਰਥ ਖਾਓਗੇ। ਪਰ ਜੇ ਤੁਸੀਂ ਮੁੱਕਰ ਜਾਓ, ਤੇ ਆਕੀ ਹੋ ਜਾਓ, ਤੁਸੀਂ ਤਲਵਾਰ ਨਾਲ ਵੱਢੇ ਜਾਓਗੇ। ਇਹ ਤਾਂ ਯਹੋਵਾਹ ਦਾ ਮੁਖ ਵਾਕ ਹੈ।” (ਯਸਾਯਾਹ 1:19, 20) ਇੱਥੇ ਯਹੋਵਾਹ ਆਪਣੇ ਲੋਕਾਂ ਦੇ ਰਵੱਈਏ ਉੱਤੇ ਜ਼ੋਰ ਦੇ ਰਿਹਾ ਸੀ ਅਤੇ ਇਸ ਗੱਲ ਨੂੰ ਸਮਝਾਉਣ ਲਈ ਉਸ ਨੇ ਇਕ ਹੋਰ ਸਪੱਸ਼ਟ ਉਦਾਹਰਣ ਇਸਤੇਮਾਲ ਕੀਤੀ। ਯਹੂਦਾਹ ਸਾਮ੍ਹਣੇ ਇਹ ਫ਼ੈਸਲਾ ਰੱਖਿਆ ਗਿਆ ਸੀ: ਖਾਓ ਜਾਂ ਵੱਢੇ ਜਾਓ। ਜੇਕਰ ਉਹ ਯਹੋਵਾਹ ਨੂੰ ਸੁਣਨ ਅਤੇ ਉਸ ਪ੍ਰਤੀ ਆਗਿਆਕਾਰ ਰਹਿਣ ਲਈ ਰਜ਼ਾਮੰਦੀ ਵਾਲਾ ਰਵੱਈਆ ਰੱਖਣ, ਤਾਂ ਉਹ ਧਰਤੀ ਦੇ ਚੰਗੇ ਪਦਾਰਥ ਖਾਣਗੇ। ਪਰ, ਜੇਕਰ ਉਹ ਆਪਣੀ ਵਿਗੜੀ ਚਾਲ ਵਿਚ ਚੱਲਦੇ ਰਹਿਣਗੇ, ਤਾਂ ਉਹ ਆਪਣੇ ਦੁਸ਼ਮਣਾਂ ਦੀ ਤਲਵਾਰ ਨਾਲ ਵੱਢੇ ਜਾਣਗੇ! ਅਸੀਂ ਸੋਚ ਵੀ ਨਹੀਂ ਸਕਦੇ ਕਿ ਉਹ ਕਿਸ ਤਰ੍ਹਾਂ ਦੇ ਲੋਕ ਹੋਣਗੇ ਜੋ ਇਕ ਮਾਫ਼ ਕਰਨ ਵਾਲੇ ਪਰਮੇਸ਼ੁਰ ਦੀ ਦਇਆ ਅਤੇ ਖੁੱਲ੍ਹ-ਦਿਲੀ ਨਾਲੋਂ ਆਪਣੇ ਦੁਸ਼ਮਣਾਂ ਦੀ ਤਲਵਾਰ ਚੁਣਨਗੇ। ਫਿਰ ਵੀ, ਯਰੂਸ਼ਲਮ ਦੇ ਲੋਕਾਂ ਨੇ ਇਹੀ ਕੀਤਾ, ਜਿਵੇਂ ਯਸਾਯਾਹ ਦੀਆਂ ਅਗਲੀਆਂ ਆਇਤਾਂ ਦਿਖਾਉਂਦੀਆਂ ਹਨ।

ਪਿਆਰੀ ਨਗਰੀ ਉੱਤੇ ਕੀਰਨੇ

19, 20. (ਉ) ਯਰੂਸ਼ਲਮ ਦੀ ਬੇਵਫ਼ਾਈ ਦੇ ਕਾਰਨ ਯਹੋਵਾਹ ਨੇ ਆਪਣੇ ਜਜ਼ਬਾਤਾਂ ਨੂੰ ਕਿਵੇਂ ਸਮਝਾਇਆ? (ਅ) ਯਰੂਸ਼ਲਮ ਵਿਚ ਧਰਮ ਕਿਵੇਂ ਟਿਕਦਾ ਹੁੰਦਾ ਸੀ?

19 ਯਸਾਯਾਹ 1:21-23 ਵਿਚ, ਅਸੀਂ ਯਰੂਸ਼ਲਮ ਦੀ ਦੁਸ਼ਟਤਾ ਦੀ ਪੂਰੀ ਹੱਦ ਦੇਖਦੇ ਹਾਂ। ਯਸਾਯਾਹ ਨੇ ਹੁਣ ਕੀਰਨੇ ਜਾਂ ਵਿਰਲਾਪ ਦੇ ਰੂਪ ਵਿਚ ਇਕ ਪ੍ਰੇਰਿਤ ਕਵਿਤਾ ਸ਼ੁਰੂ ਕੀਤੀ: “ਉਹ ਸਤਵੰਤੀ ਨਗਰੀ ਕਿੱਕੁਰ ਕੰਜਰੀ ਹੋ ਗਈ! ਜਿਹੜੀ ਨਿਆਉਂ ਨਾਲ ਭਰੀ ਹੋਈ ਸੀ, ਜਿਹ ਦੇ ਵਿੱਚ ਧਰਮ ਟਿਕਦਾ ਸੀ, ਪਰ ਹੁਣ ਖੂਨੀ!”—ਯਸਾਯਾਹ 1:21.

20 ਯਰੂਸ਼ਲਮ ਸ਼ਹਿਰ ਕਿੰਨਾ ਭ੍ਰਿਸ਼ਟ ਹੋ ਗਿਆ ਸੀ! ਇਕ ਸਮੇਂ ਉਹ ਇਕ ਵਫ਼ਾਦਾਰ ਪਤਨੀ ਵਰਗਾ ਸੀ, ਪਰ ਬਾਅਦ ਵਿਚ ਉਹ ਇਕ ਕੰਜਰੀ ਤੀਵੀਂ ਵਰਗਾ ਬਣ ਗਿਆ। ਇਨ੍ਹਾਂ ਲਕਾਂ ਦੀ ਬੇਵਫ਼ਾਈ ਕਰਕੇ ਯਹੋਵਾਹ ਹੋਰ ਕਿਹੜੇ ਬਿਹਤਰ ਤਰੀਕੇ ਵਿਚ ਆਪਣੇ ਨਿਰਾਸ਼ ਜਜ਼ਬਾਤਾਂ ਨੂੰ ਸਮਝਾ ਸਕਦਾ ਸੀ? ਇਸ ਸ਼ਹਿਰ ਵਿਚ ਇਕ ਸਮੇਂ “ਧਰਮ ਟਿਕਦਾ ਸੀ।” ਕਦੋਂ? ਇਸਰਾਏਲੀਆਂ ਦੀ ਕੌਮ ਬਣਨ ਤੋਂ ਪਹਿਲਾਂ, ਅਬਰਾਹਾਮ ਦੇ ਜ਼ਮਾਨੇ ਵਿਚ ਇਸ ਸ਼ਹਿਰ ਨੂੰ ਸ਼ਾਲੇਮ ਸੱਦਿਆ ਜਾਂਦਾ ਸੀ। ਇਸ ਉੱਤੇ ਇਕ ਮਨੁੱਖ, ਰਾਜੇ ਅਤੇ ਜਾਜਕ ਵਜੋਂ ਰਾਜ ਕਰਦਾ ਹੁੰਦਾ ਸੀ। ਉਸ ਦਾ ਨਾਂ ਮਲਕਿ-ਸਿਦਕ ਸੀ ਜਿਸ ਦਾ ਅਰਥ ਹੈ “ਸਲਾਮਤੀ ਦਾ ਰਾਜਾ,” ਅਤੇ ਜ਼ਾਹਰ ਹੁੰਦਾ ਹੈ ਕਿ ਇਹ ਨਾਂ ਉਸ ਲਈ ਢੁਕਵਾਂ ਸੀ। (ਇਬਰਾਨੀਆਂ 7:2; ਉਤਪਤ 14:18-20) ਮਲਕਿ-ਸਿਦਕ ਤੋਂ ਲਗਭਗ 1,000 ਸਾਲ ਬਾਅਦ, ਦਾਊਦ ਅਤੇ ਸੁਲੇਮਾਨ ਦਿਆਂ ਰਾਜਾਂ ਦੌਰਾਨ, ਯਰੂਸ਼ਲਮ ਆਪਣੀ ਸਿਖਰ ਤੇ ਪਹੁੰਚਿਆ। ‘ਉਹ ਦੇ ਵਿੱਚ’ ਖ਼ਾਸ ਕਰਕੇ ਉਦੋਂ “ਧਰਮ ਟਿਕਦਾ ਸੀ” ਜਦੋਂ ਉਸ ਦੇ ਰਾਜੇ, ਯਹੋਵਾਹ ਦੇ ਰਾਹਾਂ ਵਿਚ ਚੱਲ ਕੇ ਪਰਜਾ ਲਈ ਇਕ ਚੰਗੀ ਮਿਸਾਲ ਕਾਇਮ ਕਰਦੇ ਸਨ। ਪਰ, ਯਸਾਯਾਹ ਦੇ ਜ਼ਮਾਨੇ ਤਕ ਅਜਿਹੇ ਸਮੇਂ ਪੁਰਾਣੀ ਯਾਦ ਬਣ ਕੇ ਰਹਿ ਗਏ ਸਨ।

21, 22. ਖੋਟ ਅਤੇ ਪਾਣੀ ਨਾਲ ਮਿਲੀ ਮੈ ਦਾ ਕੀ ਮਤਲਬ ਹੈ, ਅਤੇ ਯਹੂਦਾਹ ਦੇ ਆਗੂ ਇਸ ਤਰ੍ਹਾਂ ਕਹਿਲਾਉਣ ਦੇ ਲਾਇਕ ਕਿਉਂ ਸਨ?

21 ਇਸ ਤਰ੍ਹਾਂ ਲੱਗਦਾ ਹੈ ਕਿ ਇਸ ਹਾਲਤ ਲਈ ਲੋਕਾਂ ਨਾਲੋਂ ਆਗੂ ਜ਼ਿਆਦਾ ਕਸੂਰਵਾਰ ਸਨ। ਯਸਾਯਾਹ ਨੇ ਕੀਰਨੇ ਪਾ ਕੇ ਅੱਗੇ ਕਿਹਾ: “ਤੇਰੀ ਚਾਂਦੀ ਖੋਟ ਬਣ ਗਈ, ਤੇਰੀ ਮੈ ਪਾਣੀ ਵਿੱਚ ਮਿਲੀ ਹੋਈ ਹੈ। ਤੇਰੇ ਸਰਦਾਰ ਜ਼ਿੱਦੀ ਅਤੇ ਚੋਰਾਂ ਦੇ ਸਾਥੀ ਹਨ, ਹਰੇਕ ਵੱਢੀ ਦਾ ਲਾਲਚੀ ਹੈ, ਅਤੇ ਨਜ਼ਰਾਨੇ ਦੇ ਪਿੱਛੇ ਪੈਂਦਾ ਹੈ, ਓਹ ਯਤੀਮ ਦਾ ਨਿਆਉਂ ਨਹੀਂ ਕਰਦੇ, ਅਤੇ ਵਿਧਵਾ ਦਾ ਮੁਕੱਦਮਾ ਉਨ੍ਹਾਂ ਕੋਲ ਨਹੀਂ ਪਹੁੰਚਦਾ।” (ਯਸਾਯਾਹ 1:22, 23) ਪੜ੍ਹਨ ਵਾਲਿਆਂ ਦੇ ਮਨਾਂ ਨੂੰ ਅਗਲੀ ਗੱਲ ਲਈ ਤਿਆਰ ਕਰਨ ਵਾਸਤੇ, ਇੱਥੇ ਇਕ ਉਦਾਹਰਣ ਤੋਂ ਬਾਅਦ ਦੂਜੀ ਉਦਾਹਰਣ ਦਿੱਤੀ ਗਈ ਸੀ। ਜਿਵੇਂ ਇਕ ਲੁਹਾਰ ਆਪਣੀ ਭੱਠੀ ਵਿਚ ਪਿਘਲੀ ਹੋਈ ਚਾਂਦੀ ਵਿੱਚੋਂ ਖੋਟ ਕੱਢ ਕੇ ਸੁੱਟ ਦਿੰਦਾ ਹੈ ਉਸੇ ਤਰ੍ਹਾਂ ਇਸਰਾਏਲ ਦੇ ਸਰਦਾਰ ਅਤੇ ਨਿਆਈ ਚਾਂਦੀ ਵਰਗੇ ਨਹੀਂ, ਸਗੋਂ ਖੋਟ ਵਰਗੇ ਸਨ। ਉਨ੍ਹਾਂ ਨੂੰ ਬਾਹਰ ਕੱਢਣ ਦੀ ਲੋੜ ਸੀ। ਜਿਸ ਤਰ੍ਹਾਂ ਪਾਣੀ ਨਾਲ ਮਿਲਾਈ ਬੇਸੁਆਦੀ ਮੈ ਸਿਰਫ਼ ਨਾਲ਼ੀ ਵਿਚ ਡੋਲ੍ਹਣ ਦੇ ਯੋਗ ਹੁੰਦੀ ਹੈ, ਉਸੇ ਤਰ੍ਹਾਂ ਉਨ੍ਹਾਂ ਨੂੰ ਵੀ ਰੱਦ ਕਰਨ ਦੀ ਲੋੜ ਸੀ!

22 ਤੇਈਵੀਂ ਆਇਤ ਦਿਖਾਉਂਦੀ ਹੈ ਕਿ ਇਹ ਆਗੂ ਇਸ ਤਰ੍ਹਾਂ ਕਹਿਲਾਉਣ ਦੇ ਲਾਇਕ ਕਿਉਂ ਸਨ। ਮੂਸਾ ਦੀ ਬਿਵਸਥਾ ਨੇ ਪਰਮੇਸ਼ੁਰ ਦੇ ਲੋਕਾਂ ਨੂੰ ਮਾਣ ਬਖ਼ਸ਼ਿਆ ਅਤੇ ਉਨ੍ਹਾਂ ਨੂੰ ਬਾਕੀ ਕੌਮਾਂ ਤੋਂ ਵੱਖਰਾ ਕੀਤਾ ਸੀ। ਇਸ ਗੱਲ ਦੀ ਇਕ ਉਦਾਹਰਣ ਹੈ ਯਤੀਮਾਂ ਅਤੇ ਵਿਧਵਾਵਾਂ ਦੀ ਰੱਖਿਆ ਕਰਨ ਦਾ ਹੁਕਮ। (ਕੂਚ 22:22-24) ਪਰ ਯਸਾਯਾਹ ਦੇ ਜ਼ਮਾਨੇ ਵਿਚ ਯਤੀਮ ਇਨਸਾਫ਼ ਨਾਲ ਵਰਤੇ ਜਾਣ ਦੀ ਉਮੀਦ ਹੀ ਨਹੀਂ ਰੱਖ ਸਕਦੇ ਸਨ। ਅਤੇ ਵਿਧਵਾ ਦਾ ਮੁਕੱਦਮਾ ਸੁਣਨ ਲਈ ਵੀ ਕੋਈ ਤਿਆਰ ਨਹੀਂ ਸੀ, ਉਸ ਦੀ ਮਦਦ ਕਰਨੀ ਤਾਂ ਇਕ ਪਾਸੇ ਰਹੀ। ਇਸ ਦੀ ਬਜਾਇ, ਇਹ ਨਿਆਈ ਅਤੇ ਆਗੂ ਆਪਣਾ ਹੀ ਫ਼ਾਇਦਾ ਦੇਖਣ ਵਿਚ ਰੁੱਝੇ ਹੋਏ ਸਨ। ਉਹ ਵੱਢੀਆਂ ਭਾਲਦੇ ਸਨ, ਨਜ਼ਰਾਨੇ ਦੇ ਪਿੱਛੇ ਲੱਗੇ ਹੋਏ ਸਨ, ਅਤੇ ਚੋਰਾਂ ਦੇ ਸਾਥੀ ਬਣੇ ਹੋਏ ਸਨ, ਯਾਨੀ ਉਹ ਮੁਜਰਮਾਂ ਦੀ ਰੱਖਿਆ ਕਰ ਕੇ ਉਨ੍ਹਾਂ ਦੇ ਬੇਗੁਨਾਹ ਸ਼ਿਕਾਰਾਂ ਨੂੰ ਬੇਸਹਾਰਾ ਛੱਡਦੇ ਸਨ। ਇਸ ਤੋਂ ਵੀ ਬੁਰਾ, ਉਹ ਆਪਣੇ ਜੁਰਮ ਵਿਚ “ਜ਼ਿੱਦੀ” ਜਾਂ ਕਠੋਰ ਸਨ। ਇਹ ਹਾਲ ਕਿੰਨਾ ਬੁਰਾ ਸੀ!

ਯਹੋਵਾਹ ਆਪਣੇ ਲੋਕਾਂ ਨੂੰ ਸ਼ੁੱਧ ਕਰੇਗਾ

23. ਯਹੋਵਾਹ ਨੇ ਆਪਣੇ ਵੈਰੀਆਂ ਲਈ ਕਿਹੜੇ ਜਜ਼ਬਾਤ ਪ੍ਰਗਟ ਕੀਤੇ?

23 ਯਹੋਵਾਹ ਇਖ਼ਤਿਆਰ ਦੀ ਅਜਿਹੀ ਕੁਵਰਤੋਂ ਸਦਾ ਲਈ ਨਹੀਂ ਸਹਾਰੇਗਾ। ਯਸਾਯਾਹ ਨੇ ਅੱਗੇ ਕਿਹਾ: “ਏਸ ਲਈ ਪ੍ਰਭੁ ਦਾ ਵਾਕ ਹੈ, ਸੈਨਾਂ ਦੇ ਯਹੋਵਾਹ ਦਾ, ਇਸਰਾਏਲ ਦੇ ਸ਼ਕਤੀਮਾਨ ਦਾ, ਹਾਇ, ਮੈਂ ਆਪਣੇ ਵਿਰੋਧੀਆਂ ਤੋਂ ਅਰਾਮ ਪਾਵਾਂਗਾ, ਅਤੇ ਆਪਣੇ ਵੈਰੀਆਂ ਤੋਂ ਵੱਟਾ ਲਵਾਂਗਾ!” (ਯਸਾਯਾਹ 1:24) ਯਹੋਵਾਹ ਨੂੰ ਇੱਥੇ ਤਿੰਨ ਪਦਵੀਆਂ ਦਿੱਤੀਆਂ ਗਈਆਂ ਹਨ, ਜੋ ਉਸ ਦੇ ਪ੍ਰਭੂ ਹੋਣ ਦਾ ਹੱਕ ਅਤੇ ਉਸ ਦੀ ਵੱਡੀ ਸ਼ਕਤੀ ਨੂੰ ਜ਼ਾਹਰ ਕਰਦੀਆਂ ਹਨ। “ਹਾਇ” ਦੀ ਪੁਕਾਰ ਨੇ ਸ਼ਾਇਦ ਇਹ ਦਰਸਾਇਆ ਕਿ ਯਹੋਵਾਹ ਤਰਸ ਖਾਣ ਦੇ ਨਾਲ-ਨਾਲ ਹੁਣ ਆਪਣਾ ਗੁੱਸਾ ਦਿਖਾਉਣ ਲਈ ਵੀ ਦ੍ਰਿੜ੍ਹ ਸੀ। ਇਸ ਤਰ੍ਹਾਂ ਕਰਨ ਦਾ ਚੰਗਾ ਕਾਰਨ ਸੀ।

24. ਯਹੋਵਾਹ ਆਪਣੇ ਲੋਕਾਂ ਨੂੰ ਸ਼ੁੱਧ ਕਰਨ ਦੇ ਕਿਹੜੇ ਤਰੀਕੇ ਦਾ ਇਰਾਦਾ ਰੱਖਦਾ ਸੀ?

24 ਯਹੋਵਾਹ ਦੇ ਲੋਕ ਖ਼ੁਦ ਉਸ ਦੇ ਵੈਰੀ ਬਣ ਗਏ ਸਨ। ਉਹ ਪਰਮੇਸ਼ੁਰ ਦੇ ਬਦਲੇ ਦੇ ਪੂਰੀ ਤਰ੍ਹਾਂ ਲਾਇਕ ਸਨ। ਯਹੋਵਾਹ ਨੇ ਆਪਣੇ ਵੈਰੀਆਂ ਤੋਂ ‘ਅਰਾਮ ਪਾਉਣਾ’ ਸੀ ਯਾਨੀ ਉਨ੍ਹਾਂ ਨੂੰ ਖ਼ਤਮ ਕਰ ਦੇਣਾ ਸੀ। ਕੀ ਇਸ ਦਾ ਇਹ ਮਤਲਬ ਸੀ ਕਿ ਉਸ ਦੇ ਨਾਂ ਤੋਂ ਪਛਾਣੇ ਜਾਣ ਵਾਲੇ ਲੋਕ ਪੂਰੀ ਤਰ੍ਹਾਂ ਅਤੇ ਹਮੇਸ਼ਾ ਲਈ ਮਿਟਾਏ ਜਾਣੇ ਸਨ? ਨਹੀਂ, ਕਿਉਂਕਿ ਯਹੋਵਾਹ ਨੇ ਅੱਗੇ ਕਿਹਾ: “ਮੈਂ ਆਪਣਾ ਹੱਥ ਤੇਰੇ ਉੱਤੇ ਫੇਰਾਂਗਾ, ਮੈਂ ਤੇਰਾ ਖੋਟ ਤਾਕੇ ਸਿੱਕੇ ਨਾਲ ਕੱਢਾਂਗਾ, ਅਤੇ ਮੈਂ ਤੇਰੀ ਸਾਰੀ ਮਿਲਾਉਟ ਦੂਰ ਕਰਾਂਗਾ।” (ਯਸਾਯਾਹ 1:25) ਯਹੋਵਾਹ ਨੇ ਹੁਣ ਸ਼ੁੱਧ ਕਰਨ ਦੇ ਕੰਮ ਦੀ ਉਦਾਹਰਣ ਇਸਤੇਮਾਲ ਕੀਤੀ। ਪੁਰਾਣੇ ਜ਼ਮਾਨੇ ਵਿਚ ਇਕ ਲੁਹਾਰ ਕਈ ਵਾਰ ਖਾਰ ਪਾ ਕੇ ਕੀਮਤੀ ਧਾਤ ਵਿੱਚੋਂ ਖੋਟ ਕੱਢਦਾ ਹੁੰਦਾ ਸੀ। ਇਸੇ ਤਰ੍ਹਾਂ, ਯਹੋਵਾਹ ਆਪਣੇ ਲੋਕਾਂ ਵਿਚ ਸਿਰਫ਼ ਬੁਰਾਈ ਹੀ ਨਹੀਂ ਦੇਖਦਾ ਸੀ, ਇਸ ਲਈ ਉਸ ਨੇ ਉਨ੍ਹਾਂ ਨੂੰ ‘ਜੋਗ ਸਜ਼ਾ ਦੇਣੀ ਸੀ।’ ਉਸ ਨੇ ਉਨ੍ਹਾਂ ਵਿੱਚੋਂ ਸਿਰਫ਼ “ਮਿਲਾਉਟ” ਦੂਰ ਕਰਨੀ ਸੀ, ਯਾਨੀ ਜ਼ਿੱਦੀ, ਬੁਰੇ ਲੋਕ, ਜੋ ਸਿੱਖਣਾ ਅਤੇ ਆਗਿਆਕਾਰ ਹੋਣਾ ਨਹੀਂ ਚਾਹੁੰਦੇ ਸਨ। * (ਯਿਰਮਿਯਾਹ 46:28, ਪਵਿੱਤਰ ਬਾਈਬਲ ਨਵਾਂ ਅਨੁਵਾਦ) ਇਹ ਸ਼ਬਦ ਲਿਖ ਕੇ ਯਸਾਯਾਹ ਨੂੰ ਘਟਨਾ ਵਾਪਰਨ ਤੋਂ ਪਹਿਲਾਂ ਇਤਿਹਾਸ ਲਿਖਣ ਦਾ ਸਨਮਾਨ ਮਿਲਿਆ।

25. (ੳ) ਯਹੋਵਾਹ ਨੇ 607 ਸਾ.ਯੁ.ਪੂ. ਵਿਚ ਆਪਣੇ ਲੋਕਾਂ ਨੂੰ ਕਿਵੇਂ ਸ਼ੁੱਧ ਕੀਤਾ ਸੀ? (ਅ) ਸਾਡੇ ਜ਼ਮਾਨੇ ਵਿਚ ਯਹੋਵਾਹ ਨੇ ਆਪਣੇ ਲੋਕਾਂ ਨੂੰ ਕਦੋਂ ਸ਼ੁੱਧ ਕੀਤਾ ਸੀ?

25 ਯਹੋਵਾਹ ਨੇ ਸੱਚ-ਮੁੱਚ ਆਪਣੇ ਲੋਕਾਂ ਨੂੰ ਸ਼ੁੱਧ ਕੀਤਾ ਸੀ ਅਤੇ ਭ੍ਰਿਸ਼ਟ ਆਗੂਆਂ ਅਤੇ ਹੋਰ ਬਾਗ਼ੀਆਂ ਨੂੰ ਖ਼ਤਮ ਕਰ ਕੇ ਖੋਟ ਦੂਰ ਕੀਤੀ। ਯਸਾਯਾਹ ਦੇ ਸਮੇਂ ਤੋਂ ਕਾਫ਼ੀ ਚਿਰ ਬਾਅਦ, 607 ਸਾ.ਯੁ.ਪੂ. ਵਿਚ ਯਰੂਸ਼ਲਮ ਦਾ ਨਾਸ਼ ਕੀਤਾ ਗਿਆ ਅਤੇ ਉਸ ਦੇ ਵਾਸੀ ਬਾਬਲ ਵਿਚ 70 ਸਾਲਾਂ ਦੀ ਗ਼ੁਲਾਮੀ ਵਿਚ ਲਿਜਾਏ ਗਏ। ਕੁਝ ਤਰੀਕਿਆਂ ਵਿਚ ਇਹ ਉਸ ਕਦਮ ਵਰਗਾ ਸੀ ਜੋ ਪਰਮੇਸ਼ੁਰ ਨੇ ਕਾਫ਼ੀ ਸਮੇਂ ਬਾਅਦ ਚੁੱਕਿਆ ਸੀ। ਮਲਾਕੀ 3:1-5 ਦੀ ਭਵਿੱਖਬਾਣੀ ਬਾਬਲੀ ਗ਼ੁਲਾਮੀ ਤੋਂ ਬਹੁਤ ਚਿਰ ਬਾਅਦ ਲਿਖੀ ਗਈ ਸੀ। ਇਸ ਨੇ ਦਿਖਾਇਆ ਕਿ ਪਰਮੇਸ਼ੁਰ ਫਿਰ ਤੋਂ ਸ਼ੁੱਧ ਕਰਨ ਦਾ ਕੰਮ ਕਰੇਗਾ। ਇਸ ਨੇ ਉਸ ਸਮੇਂ ਵੱਲ ਸੰਕੇਤ ਕੀਤਾ ਜਦੋਂ ਯਹੋਵਾਹ ਪਰਮੇਸ਼ੁਰ ਆਪਣੀ ਰੂਹਾਨੀ ਹੈਕਲ ਵਿਚ ‘ਨੇਮ ਦੇ ਦੂਤ,’ ਯਿਸੂ ਮਸੀਹ ਨਾਲ ਆਵੇਗਾ। ਜ਼ਾਹਰ ਹੈ ਕਿ ਇਹ ਪਹਿਲੇ ਵਿਸ਼ਵ ਯੁੱਧ ਦੇ ਅੰਤ ਤੇ ਹੋਇਆ ਸੀ। ਯਹੋਵਾਹ ਨੇ ਉਨ੍ਹਾਂ ਸਾਰਿਆਂ ਦੀ ਜਾਂਚ ਕੀਤੀ ਜੋ ਮਸੀਹੀ ਹੋਣ ਦਾ ਦਾਅਵਾ ਕਰ ਰਹੇ ਸਨ, ਅਤੇ ਉਸ ਨੇ ਸੱਚੇ ਮਸੀਹੀਆਂ ਨੂੰ ਝੂਠੇ ਮਸੀਹੀਆਂ ਤੋਂ ਵੱਖਰਾ ਕੀਤਾ। ਇਸ ਦਾ ਨਤੀਜਾ ਕੀ ਨਿਕਲਿਆ?

26-28. (ੳ) ਯਸਾਯਾਹ 1:26 ਦੀ ਮੁਢਲੀ ਪੂਰਤੀ ਕਿਵੇਂ ਹੋਈ ਸੀ? (ਅ) ਸਾਡੇ ਜ਼ਮਾਨੇ ਵਿਚ ਇਸ ਭਵਿੱਖਬਾਣੀ ਦੀ ਪੂਰਤੀ ਕਿਵੇਂ ਹੋਈ ਹੈ? (ੲ) ਇਸ ਭਵਿੱਖਬਾਣੀ ਤੋਂ ਅੱਜ ਬਜ਼ੁਰਗਾਂ ਨੂੰ ਕੀ ਲਾਭ ਹੋ ਸਕਦਾ ਹੈ?

26 ਯਹੋਵਾਹ ਨੇ ਦੱਸਿਆ: “ਮੈਂ ਤੇਰੇ ਨਿਆਈਆਂ ਨੂੰ ਅੱਗੇ ਵਾਂਙੁ, ਅਤੇ ਤੇਰੇ ਸਲਾਹੂਆਂ ਨੂੰ ਪਹਿਲਾਂ ਵਾਂਙੁ ਬਹਾਲ ਕਰਾਂਗਾ, ਫੇਰ ਤੂੰ ਧਰਮੀ ਸ਼ਹਿਰ, ਸਤਵੰਤੀ ਨਗਰੀ ਸਦਾਵੇਂਗੀ। ਸੀਯੋਨ ਨਿਆਉਂ ਤੋਂ ਅਤੇ ਉਹ ਦੇ ਤੋਬਾ ਕਰਨ ਵਾਲੇ ਧਰਮ ਤੋਂ ਛੁਟਕਾਰਾ ਪਾਉਣਗੇ।” (ਯਸਾਯਾਹ 1:26, 27) ਪ੍ਰਾਚੀਨ ਯਰੂਸ਼ਲਮ ਨੇ ਇਸ ਭਵਿੱਖਬਾਣੀ ਦੀ ਮੁਢਲੀ ਪੂਰਤੀ ਅਨੁਭਵ ਕੀਤੀ ਸੀ। ਸੰਨ 537 ਸਾ.ਯੁ.ਪੂ. ਵਿਚ ਜਦੋਂ ਗ਼ੁਲਾਮ ਲੋਕ ਆਪਣੇ ਪਿਆਰੇ ਸ਼ਹਿਰ ਨੂੰ ਵਾਪਸ ਆਏ, ਉਦੋਂ ਪਿਛਲੇ ਸਮਿਆਂ ਵਾਂਗ ਇਕ ਵਾਰ ਫਿਰ ਵਫ਼ਾਦਾਰ ਨਿਆਈ ਅਤੇ ਸਲਾਹਕਾਰ ਸਨ। ਹੱਜਈ ਅਤੇ ਜ਼ਕਰਯਾਹ ਨਬੀ, ਜਾਜਕ ਯਹੋਸ਼ੁਆ, ਅਜ਼ਰਾ ਗ੍ਰੰਥੀ, ਅਤੇ ਹਾਕਮ ਜ਼ਰੁੱਬਾਬਲ ਨੇ ਵਾਪਸ ਆ ਰਹੇ ਵਫ਼ਾਦਾਰ ਬਕੀਏ ਨੂੰ ਪਰਮੇਸ਼ੁਰ ਦੇ ਮਾਰਗਾਂ ਵਿਚ ਚੱਲਣ ਦੀ ਅਗਵਾਈ ਦਿੱਤੀ। ਪਰ, ਇਸ 20ਵੀਂ ਸਦੀ ਵਿਚ ਇਸ ਤੋਂ ਵੀ ਮਹੱਤਵਪੂਰਣ ਪੂਰਤੀ ਹੋਈ।

27 ਸੰਨ 1919 ਵਿਚ, ਯਹੋਵਾਹ ਦੇ ਲੋਕ ਪਰੀਖਿਆ ਦੇ ਸਮੇਂ ਵਿੱਚੋਂ ਨਿਕਲੇ। ਉਹ ਵੱਡੀ ਬਾਬੁਲ, ਯਾਨੀ ਝੂਠੇ ਧਰਮ ਦੇ ਵਿਸ਼ਵ ਸਾਮਰਾਜ ਦੀ ਰੂਹਾਨੀ ਕੈਦ ਤੋਂ ਛੁਡਾਏ ਗਏ ਸਨ। ਇਸ ਤਰ੍ਹਾਂ ਇਸ ਵਫ਼ਾਦਾਰ ਮਸਹ ਕੀਤੇ ਹੋਏ ਬਕੀਏ ਅਤੇ ਈਸਾਈ-ਜਗਤ ਦੇ ਧਰਮ-ਤਿਆਗੀ ਪਾਦਰੀਆਂ ਵਿਚਕਾਰ ਫ਼ਰਕ ਸਪੱਸ਼ਟ ਹੋ ਗਿਆ। ਪਰਮੇਸ਼ੁਰ ਨੇ ਫਿਰ ਤੋਂ ਆਪਣੇ ਲੋਕਾਂ ਨੂੰ ਬਰਕਤ ਦਿੱਤੀ ਅਤੇ ‘ਅੱਗੇ ਵਾਂਙੁ ਨਿਆਈਆਂ ਨੂੰ ਅਤੇ ਸਲਾਹੂਆਂ ਨੂੰ ਬਹਾਲ ਕੀਤਾ।’ ਇਹ ਉਹ ਵਫ਼ਾਦਾਰ ਮਨੁੱਖ ਸਨ ਜੋ ਇਨਸਾਨਾਂ ਦੀਆਂ ਰੀਤਾਂ ਅਨੁਸਾਰ ਨਹੀਂ ਪਰ ਪਰਮੇਸ਼ੁਰ ਦੇ ਬਚਨ ਅਨੁਸਾਰ ਉਸ ਦੇ ਲੋਕਾਂ ਨੂੰ ਸਲਾਹ ਦਿੰਦੇ ਸਨ। ਅੱਜ ਵੀ ਹਜ਼ਾਰਾਂ ਹੀ ਅਜਿਹੇ ਮਨੁੱਖ “ਛੋਟੇ ਝੁੰਡ” ਅਤੇ ‘ਹੋਰ ਭੇਡਾਂ’ ਵਿਚਕਾਰ ਮੌਜੂਦ ਹਨ।—ਲੂਕਾ 12:32; ਯੂਹੰਨਾ 10:16; ਯਸਾਯਾਹ 32:1, 2; 60:17; 61:3, 4.

28 ਬਜ਼ੁਰਗ ਯਾਦ ਰੱਖਦੇ ਹਨ ਕਿ ਕਲੀਸਿਯਾ ਨੂੰ ਨੈਤਿਕ ਅਤੇ ਰੂਹਾਨੀ ਤੌਰ ਤੇ ਸਾਫ਼ ਰੱਖਣ ਲਈ ਅਤੇ ਗ਼ਲਤੀ ਕਰਨ ਵਾਲਿਆਂ ਨੂੰ ਸੁਧਾਰਨ ਲਈ, ਉਹ ਕੁਝ ਮੌਕਿਆਂ ਤੇ ਕਲੀਸਿਯਾ ਵਿਚ “ਨਿਆਈਆਂ” ਵਜੋਂ ਕੰਮ ਕਰਦੇ ਹਨ। ਉਹ ਪਰਮੇਸ਼ੁਰੀ ਤਰੀਕੇ ਨਾਲ ਕੰਮ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਨ ਅਤੇ ਉਸ ਦੇ ਦਿਆਲੂ, ਸੰਤੁਲਿਤ ਨਿਆਉਂ ਦੀ ਰੀਸ ਕਰਨੀ ਚਾਹੁੰਦੇ ਹਨ। ਪਰ, ਜ਼ਿਆਦਾਤਰ ਮਾਮਲਿਆਂ ਵਿਚ, ਉਹ “ਸਲਾਹੂਆਂ” ਵਜੋਂ ਕੰਮ ਕਰਦੇ ਹਨ। ਨਿਸ਼ਚੇ ਹੀ ਇਹ ਰੋਹਬ ਪਾਉਣ ਵਾਲੇ ਸਰਦਾਰਾਂ ਜਾਂ ਅਤਿਆਚਾਰੀ ਸ਼ਾਸਕਾਂ ਤੋਂ ਬਿਲਕੁਲ ਵੱਖਰੇ ਹਨ। ਉਹ ਕਿਸੇ ਵੀ ਤਰੀਕੇ ਇਸ ਤਰ੍ਹਾਂ ਨਹੀਂ ਪੇਸ਼ ਆਉਣਾ ਚਾਹੁੰਦੇ ਜਿਵੇਂ ਕਿ ਉਹ ‘ਓਹਨਾਂ ਉੱਤੇ ਹੁਕਮ ਚਲਾ ਰਹੇ ਹਨ ਜਿਹੜੇ ਉਨ੍ਹਾਂ ਦੇ ਸਪੁਰਦ ਹਨ।’—1 ਪਤਰਸ 5:3.

29, 30. (ੳ) ਯਹੋਵਾਹ ਨੇ ਉਨ੍ਹਾਂ ਨੂੰ ਕਿਹੜੀ ਸਜ਼ਾ ਸੁਣਾਈ ਸੀ ਜੋ ਸ਼ੁੱਧ ਨਹੀਂ ਹੋਣਾ ਚਾਹੁੰਦੇ ਸਨ? (ਅ) ਲੋਕ ਆਪਣਿਆਂ ਦਰਖ਼ਤਾਂ ਅਤੇ ਬਾਗ਼ਾਂ ਤੋਂ ਕਿਸ ਭਾਵ ਵਿਚ “ਲੱਜਿਆਵਾਨ” ਹੋਏ ਸਨ?

29 ਯਸਾਯਾਹ ਦੀ ਭਵਿੱਖਬਾਣੀ ਵਿਚ ਜ਼ਿਕਰ ਕੀਤੇ ਗਏ “ਖੋਟ” ਬਾਰੇ ਕੀ? ਉਨ੍ਹਾਂ ਨਾਲ ਕੀ ਹੋਇਆ ਸੀ ਜੋ ਪਰਮੇਸ਼ੁਰ ਵੱਲੋਂ ਸ਼ੁੱਧ ਨਹੀਂ ਕੀਤੇ ਜਾਣਾ ਚਾਹੁੰਦੇ ਸਨ? ਯਸਾਯਾਹ ਨੇ ਅੱਗੇ ਦੱਸਿਆ: “ਪਰ ਅਪਰਾਧੀਆਂ ਤੇ ਪਾਪੀਆਂ ਦਾ ਨਾਸ ਇਕੱਠਾ ਹੀ ਹੋਵੇਗਾ, ਅਤੇ ਯਹੋਵਾਹ ਦੇ ਤਿਆਗਣ ਵਾਲੇ ਮੁੱਕ ਜਾਣਗੇ। ਓਹ ਤਾਂ ਉਨ੍ਹਾਂ ਬਲੂਤਾਂ ਤੋਂ ਜਿਨ੍ਹਾਂ ਨੂੰ ਤੁਸਾਂ ਪਸੰਦ ਕੀਤਾ ਲੱਜਿਆਵਾਨ ਹੋਣਗੇ, ਅਤੇ ਤੁਸੀਂ ਉਨ੍ਹਾਂ ਬਾਗਾਂ ਤੋਂ ਜਿਨ੍ਹਾਂ ਨੂੰ ਤੁਸਾਂ ਚੁਣਿਆ ਖੱਜਲ ਹੋਵੋਗੇ।” (ਯਸਾਯਾਹ 1:28, 29) ਜਿਹੜਿਆਂ ਲੋਕਾਂ ਨੇ ਯਹੋਵਾਹ ਵਿਰੁੱਧ ਬਗਾਵਤ ਅਤੇ ਪਾਪ ਕੀਤਾ ਸੀ, ਅਤੇ ਉਸ ਦੇ ਨਬੀਆਂ ਦੇ ਚੇਤਾਵਨੀ-ਭਰੇ ਸੁਨੇਹੇ ਨਹੀਂ ਸੁਣੇ, ਉਨ੍ਹਾਂ ਦਾ ਸੱਚ-ਮੁੱਚ “ਨਾਸ” ਕੀਤਾ ਗਿਆ ਅਤੇ ਉਹ ‘ਮੁਕਾਏ ਗਏ।’ ਇਹ 607 ਸਾ.ਯੁ.ਪੂ. ਵਿਚ ਹੋਇਆ ਸੀ। ਪਰ, ਇੱਥੇ ਬਲੂਤਾਂ ਅਤੇ ਬਾਗ਼ਾਂ ਦਾ ਕੀ ਮਤਲਬ ਸੀ?

30 ਯਹੂਦੀ ਲੋਕ ਅਕਸਰ ਮੂਰਤੀ ਪੂਜਾ ਵਿਚ ਫਸ ਜਾਂਦੇ ਸਨ। ਉਨ੍ਹਾਂ ਦੀ ਘਿਣਾਉਣੀ ਪੂਜਾ ਵਿਚ ਦਰਖ਼ਤ, ਬਾਗ਼, ਅਤੇ ਰੁੱਖਾਂ ਦੇ ਝੁੰਡ ਅਕਸਰ ਵਰਤੇ ਜਾਂਦੇ ਸਨ। ੳਦਾਹਰਣ ਲਈ, ਬਆਲ ਅਤੇ ਉਸ ਦੀ ਸਾਥਣ ਅਸ਼ਤਾਰੋਥ ਦੇ ਪੁਜਾਰੀਆਂ ਦਾ ਇਹ ਵਿਸ਼ਵਾਸ ਸੀ ਕਿ ਗਰਮੀਆਂ ਦੀ ਰੁੱਤ ਵਿਚ, ਇਹ ਦੇਵੀ-ਦੇਵਤਾ ਮਰੇ ਅਤੇ ਦਫ਼ਨਾਏ ਹੋਏ ਸਨ। ਮੂਰਤੀ-ਪੂਜਕ ਲੋਕ ਇਸ ਦੇਵੀ-ਦੇਵਤੇ ਨੂੰ ਜਗਾ ਕੇ ਉਨ੍ਹਾਂ ਤੋਂ ਸੰਭੋਗ ਕਰਾਉਣ ਲਈ, ਤਾਂਕਿ ਜ਼ਮੀਨ ਫਲ ਉਤਪੰਨ ਕਰੇ, ਰੁੱਖਾਂ ਦੇ ਝੁੰਡਾਂ ਜਾਂ ਬਾਗ਼ਾਂ ਵਿਚ ਇਕੱਠੇ ਹੋ ਕੇ “ਪਵਿੱਤਰ” ਦਰਖ਼ਤਾਂ ਹੇਠ ਗੰਦੇ ਲਿੰਗੀ ਕੰਮ ਕਰਦੇ ਸਨ। ਜਦੋਂ ਮੀਂਹ ਪੈਂਦਾ ਸੀ ਅਤੇ ਫਲ ਪੈਦਾ ਹੁੰਦੇ ਸਨ, ਤਾਂ ਇਨ੍ਹਾਂ ਝੂਠੇ ਦੇਵਤਿਆਂ ਦੀ ਵਡਿਆਈ ਕੀਤੀ ਜਾਂਦੀ ਸੀ; ਅਤੇ ਮੂਰਤੀ-ਪੂਜਕ ਲੋਕਾਂ ਦਾ ਅੰਧਵਿਸ਼ਵਾਸ ਹੋਰ ਪੱਕਾ ਹੋ ਜਾਂਦਾ ਸੀ। ਪਰ ਜਦੋਂ ਯਹੋਵਾਹ ਨੇ ਇਨ੍ਹਾਂ ਬਾਗ਼ੀ ਮੂਰਤੀ-ਪੂਜਕ ਲੋਕਾਂ ਦਾ ਨਾਸ ਕਰ ਕੇ ਉਨ੍ਹਾਂ ਨੂੰ ਮੁਕਾ ਦਿੱਤਾ, ਤਾਂ ਕਿਸੇ ਵੀ ਦੇਵਤੇ ਦੀ ਮੂਰਤ ਨੇ ਉਨ੍ਹਾਂ ਨੂੰ ਨਹੀਂ ਬਚਾਇਆ। ਇਹ ਬਾਗ਼ੀ ਇਨ੍ਹਾਂ ਬੇਕਾਰ ਦਰਖ਼ਤਾਂ ਅਤੇ ਬਾਗ਼ਾਂ ਤੋਂ “ਲੱਜਿਆਵਾਨ” ਹੋਏ।

31. ਮੂਰਤੀ-ਪੂਜਕ ਲੋਕਾਂ ਨੇ ਹੋਰ ਕਿਸ ਚੀਜ਼ ਦਾ ਸਾਮ੍ਹਣਾ ਕੀਤਾ ਜੋ ਲੱਜਿਆਵਾਨ ਹੋਣ ਨਾਲੋਂ ਵੀ ਭੈੜੀ ਸੀ?

31 ਲੇਕਿਨ, ਯਹੂਦਾਹ ਦੇ ਮੂਰਤੀ-ਪੂਜਕ ਲੋਕ ਸਿਰਫ਼ ਲੱਜਿਆਵਾਨ ਹੀ ਨਹੀਂ ਹੋਏ, ਪਰ ਉਨ੍ਹਾਂ ਦੀ ਹਾਲਤ ਹੋਰ ਵੀ ਭੈੜੀ ਹੋਈ। ਆਪਣੀ ਉਦਾਹਰਣ ਨੂੰ ਬਦਲਦੇ ਹੋਏ, ਯਹੋਵਾਹ ਨੇ ਹੁਣ ਮੂਰਤੀ-ਪੂਜਕ ਵਿਅਕਤੀ ਨੂੰ ਹੀ ਇਕ ਦਰਖ਼ਤ ਨਾਲ ਦਰਸਾਇਆ। “ਤੁਸੀਂ ਤਾਂ ਉਸ ਬਲੂਤ ਵਾਂਙੁ ਹੋਵੋਗੇ ਜਿਹ ਦੇ ਪੱਤੇ ਕੁਮਲਾ ਗਏ ਹਨ, ਯਾ ਉਸ ਬਾਗ ਵਾਂਙੁ ਜਿਹ ਦੇ ਵਿੱਚ ਪਾਣੀ ਨਹੀਂ।” (ਯਸਾਯਾਹ 1:30) ਮੱਧ ਪੂਰਬ ਦੀ ਗਰਮੀਆਂ ਦੀ ਰੁੱਤ ਵਿਚ, ਇਹ ਉਦਾਹਰਣ ਢੁਕਵੀਂ ਸੀ। ਲਗਾਤਾਰ ਪਾਣੀ ਮਿਲਣ ਤੋਂ ਬਿਨਾਂ ਕੋਈ ਵੀ ਦਰਖ਼ਤ ਜਾਂ ਬਾਗ਼ ਬਹੁਤਾ ਚਿਰ ਨਹੀਂ ਰਹਿ ਸਕਦਾ। ਅਜਿਹੇ ਸੁੱਕੇ ਪੇੜ-ਪੌਦਿਆਂ ਨੂੰ ਸੌਖਿਆਂ ਅੱਗ ਲੱਗ ਸਕਦੀ ਸੀ। ਇਸ ਲਈ, 31ਵੀਂ ਆਇਤ ਦੀ ਉਦਾਹਰਣ ਪੂਰੀ ਹੋਣੀ ਕੁਦਰਤੀ ਸੀ।

32. (ੳ) ਇਕੱਤਵੀਂ ਆਇਤ ਵਿਚ “ਬਲਵਾਨ” ਕੌਣ ਸੀ? (ਅ) ਉਹ “ਸਣ” ਜਿਹੇ ਕਿਵੇਂ ਬਣੇ, ਕਿਹੜੇ “ਚੰਗਿਆੜੇ” ਨੇ ਉਨ੍ਹਾਂ ਨੂੰ ਅੱਗ ਲਾਈ, ਅਤੇ ਨਤੀਜਾ ਕੀ ਨਿਕਲਿਆ?

32 “ਬਲਵਾਨ ਕੱਚੀ ਸਣ ਜਿਹਾ ਹੋ ਜਾਵੇਗਾ, ਅਤੇ ਉਹ ਦਾ ਕੰਮ ਚੰਗਿਆੜੇ ਜਿਹਾ। ਓਹ ਦੋਵੇਂ ਇਕੱਠੇ ਸੜਨਗੇ, ਅਤੇ ਕੋਈ ਬੁਝਾਉਣ ਵਾਲਾ ਨਹੀਂ ਹੋਵੇਗਾ।” (ਯਸਾਯਾਹ 1:31) ਇਹ “ਬਲਵਾਨ” ਕੌਣ ਸੀ? ਇਬਰਾਨੀ ਵਿਚ ਇਸ ਸ਼ਬਦ ਦਾ ਅਰਥ ਤਾਕਤ ਅਤੇ ਦੌਲਤ ਹੋ ਸਕਦਾ ਹੈ। ਸੰਭਵ ਹੈ ਕਿ ਇਹ ਝੂਠੇ ਦੇਵਤਿਆਂ ਦੇ ਰੱਝੇ-ਪੁੱਝੇ ਪੁਜਾਰੀਆਂ ਨੂੰ ਸੰਕੇਤ ਕਰਦਾ ਹੈ ਜੋ ਆਪਣੇ ਆਪ ਉੱਤੇ ਬੜਾ ਯਕੀਨ ਰੱਖਦੇ ਸਨ। ਸਾਡੇ ਜ਼ਮਾਨੇ ਵਾਂਗ, ਯਸਾਯਾਹ ਦੇ ਜ਼ਮਾਨੇ ਵਿਚ ਵੀ ਅਜਿਹੇ ਲੋਕਾਂ ਦੀ ਕੋਈ ਕਮੀ ਨਹੀਂ ਸੀ ਜੋ ਯਹੋਵਾਹ ਅਤੇ ਉਸ ਦੀ ਸ਼ੁੱਧ ਉਪਾਸਨਾ ਨੂੰ ਰੱਦ ਕਰਦੇ ਸਨ। ਕਈ ਕਾਮਯਾਬ ਵੀ ਜਾਪਦੇ ਸਨ। ਫਿਰ ਵੀ, ਯਹੋਵਾਹ ਨੇ ਚੇਤਾਵਨੀ ਦਿੱਤੀ ਕਿ ਅਜਿਹੇ ਲੋਕ “ਸਣ” ਵਰਗੇ ਹੋਣਗੇ, ਮਤਲਬ ਕਿ ਉਹ ਕੱਚੇ ਧਾਗੇ ਜਿੰਨੇ ਕਮਜ਼ੋਰ ਹੋਣਗੇ ਜੋ ਅੱਗ ਦੇ ਸਾੜਨ ਦੇ ਮੁਸ਼ਕ ਨਾਲ ਟੁੱਟ ਜਾਂਦਾ ਹੈ। (ਨਿਆਈਆਂ 16:8, 9) ਮੂਰਤੀ-ਪੂਜਕ ਵਿਅਕਤੀਆਂ ਦੀ ਦੌਲਤ, ਦੇਵਤੇ, ਜਾਂ ਯਹੋਵਾਹ ਦੀ ਬਜਾਇ ਜਿਸ ਕਿਸੇ ਦੀ ਵੀ ਉਹ ਪੂਜਾ ਕਰਦੇ ਸਨ ਅੱਗ ਲਾਉਣ ਵਾਲੇ “ਚੰਗਿਆੜੇ” ਵਰਗੇ ਸਨ। ਦੋਵੇਂ ਚੰਗਿਆੜਾ ਅਤੇ ਸਣ ਸਾੜੇ ਗਏ, ਅਜਿਹੀ ਅੱਗ ਵਿਚ ਖ਼ਤਮ ਕੀਤੇ ਗਏ ਜਿਸ ਨੂੰ ਕੋਈ ਨਹੀਂ ਬੁਝਾ ਸਕਦਾ ਸੀ। ਵਿਸ਼ਵ ਵਿਚ ਕੋਈ ਵੀ ਤਾਕਤ ਯਹੋਵਾਹ ਦੇ ਸੰਪੂਰਣ ਨਿਆਉਂ ਨੂੰ ਨਹੀਂ ਉਲਟਾ ਸਕਦੀ ਸੀ।

33. (ੳ) ਆਉਣ ਵਾਲੀ ਸਜ਼ਾ ਬਾਰੇ ਪਰਮੇਸ਼ੁਰ ਦੀਆਂ ਚੇਤਾਵਨੀਆਂ ਉਸ ਦੀ ਦਇਆ ਵੀ ਕਿਵੇਂ ਦਿਖਾਉਂਦੀਆਂ ਸਨ? (ਅ) ਯਹੋਵਾਹ ਮਨੁੱਖਜਾਤੀ ਨੂੰ ਹੁਣ ਕਿਹੜਾ ਮੌਕਾ ਦੇ ਰਿਹਾ ਹੈ, ਅਤੇ ਇਹ ਸਾਡੇ ਵਿੱਚੋਂ ਹਰੇਕ ਉੱਤੇ ਕਿਵੇਂ ਅਸਰ ਪਾਉਂਦਾ ਹੈ?

33 ਕੀ ਇਹ ਆਖ਼ਰੀ ਸੁਨੇਹਾ 18ਵੀਂ ਆਇਤ ਵਿਚ ਦਇਆ ਅਤੇ ਮਾਫ਼ੀ ਦੇ ਸੁਨੇਹੇ ਨਾਲ ਮੇਲ ਖਾਂਦਾ ਹੈ? ਜ਼ਰੂਰ! ਯਹੋਵਾਹ ਨੇ ਅਜਿਹੀਆਂ ਚੇਤਾਵਨੀਆਂ ਇਸ ਲਈ ਲਿਖਵਾਈਆਂ ਅਤੇ ਉਸ ਦੇ ਸੇਵਕਾਂ ਦੁਆਰਾ ਸੁਣਵਾਈਆਂ ਸਨ ਕਿਉਂਕਿ ਉਹ ਦਿਆਲੂ ਹੈ। ਆਖ਼ਰਕਾਰ, “ਉਹ ਨਹੀਂ ਚਾਹੁੰਦਾ ਹੈ ਭਈ ਕਿਸੇ ਦਾ ਨਾਸ ਹੋਵੇ ਸਗੋਂ ਸੱਭੇ ਤੋਬਾ ਵੱਲ ਮੁੜਨ।” (2 ਪਤਰਸ 3:9) ਇਹ ਅੱਜ ਹਰੇਕ ਸੱਚੇ ਮਸੀਹੀ ਲਈ ਸਨਮਾਨ ਦੀ ਗੱਲ ਹੈ ਕਿ ਉਹ ਸਾਰਿਆਂ ਨੂੰ ਪਰਮੇਸ਼ੁਰ ਦੇ ਚੇਤਾਵਨੀ-ਭਰੇ ਸੁਨੇਹੇ ਸੁਣਾਵੇ ਤਾਂਕਿ ਤੋਬਾ ਕਰਨ ਵਾਲੇ ਲੋਕ ਪਰਮੇਸ਼ੁਰ ਦੀ ਖੁੱਲ੍ਹ-ਦਿਲੀ ਮਾਫ਼ੀ ਤੋਂ ਲਾਭ ਉਠਾ ਸਕਣ ਅਤੇ ਸਦਾ ਲਈ ਜੀਉਂਦੇ ਰਹਿ ਸਕਣ। ਯਹੋਵਾਹ ਕਿੰਨਾ ਕਿਰਪਾਲੂ ਹੈ ਕਿ ਉਹ ਦੇਰ ਹੋਣ ਤੋਂ ਪਹਿਲਾਂ ਮਨੁੱਖਜਾਤੀ ਨੂੰ ਉਸ ਨਾਲ ‘ਸਲਾਹ ਕਰਨ’ ਦਾ ਮੌਕਾ ਦਿੰਦਾ ਹੈ!

[ਫੁਟਨੋਟ]

^ ਪੈਰਾ 2 ਯਹੂਦੀਆਂ ਦੀ ਪ੍ਰਾਚੀਨ ਰੀਤ ਦੇ ਅਨੁਸਾਰ, ਭੈੜੇ ਰਾਜੇ ਮਨੱਸ਼ਹ ਦੇ ਹੁਕਮ ਤੇ ਯਸਾਯਾਹ ਨੂੰ ਚੀਰ ਕੇ ਮਾਰ ਦਿੱਤਾ ਗਿਆ ਸੀ। (ਇਬਰਾਨੀਆਂ 11:37 ਦੀ ਤੁਲਨਾ ਕਰੋ।) ਇਕ ਲਿਖਤ ਕਹਿੰਦੀ ਹੈ ਕਿ ਯਸਾਯਾਹ ਨੂੰ ਮੌਤ ਦੀ ਸਜ਼ਾ ਦਿਲਾਉਣ ਲਈ, ਇਕ ਝੂਠੇ ਨਬੀ ਨੇ ਉਸ ਉੱਤੇ ਇਹ ਇਲਜ਼ਾਮ ਲਾਇਆ ਸੀ ਕਿ “ਉਸ ਨੇ ਯਰੂਸ਼ਲਮ ਨੂੰ ਸਦੂਮ ਸੱਦਿਆ ਹੈ ਅਤੇ ਇਹ ਕਿਹਾ ਹੈ ਕਿ ਯਹੂਦਾਹ ਅਤੇ ਯਰੂਸ਼ਲਮ ਦੇ ਸਰਦਾਰ, ਅਮੂਰਾਹ ਦੇ ਲੋਕ ਹਨ।”

^ ਪੈਰਾ 5 “ਬਦੀ” ਲਈ ਇਬਰਾਨੀ ਸ਼ਬਦ ਇਸ ਤਰ੍ਹਾਂ ਵੀ ਅਨੁਵਾਦ ਕੀਤਾ ਜਾ ਸਕਦਾ ਹੈ, ਜਿਵੇਂ “ਜੋ ਦੁਖਦਾਇਕ ਹੈ,” “ਜੋ ਭੇਤ-ਭਰਿਆ ਹੈ,” ਅਤੇ “ਗ਼ਲਤ।” ਇਕ ਸ਼ਬਦ-ਕੋਸ਼ ਦੇ ਅਨੁਸਾਰ, ਇਬਰਾਨੀ ਨਬੀ “ਸ਼ਕਤੀ ਦੀ ਗ਼ਲਤ ਵਰਤੋਂ ਦੁਆਰਾ ਦੁਸ਼ਟਤਾ” ਨਿੰਦਣ ਲਈ ਇਹ ਸ਼ਬਦ ਇਸਤੇਮਾਲ ਕਰਦੇ ਸਨ।

^ ਪੈਰਾ 24 “ਮੈਂ ਆਪਣਾ ਹੱਥ ਤੇਰੇ ਉੱਤੇ ਫੇਰਾਂਗਾ” ਸ਼ਬਦਾਂ ਦਾ ਮਤਲਬ ਇਹ ਸੀ ਕਿ ਯਹੋਵਾਹ ਆਪਣੇ ਲੋਕਾਂ ਨੂੰ ਸਹਾਰਾ ਦੇਣ ਦੀ ਬਜਾਇ ਉਨ੍ਹਾਂ ਨੂੰ ਸਜ਼ਾ ਦੇਵੇਗਾ।

[ਸਵਾਲ]