Skip to content

Skip to table of contents

ਇਕ ਰਾਜੇ ਦੀ ਨਿਹਚਾ ਦਾ ਫਲ

ਇਕ ਰਾਜੇ ਦੀ ਨਿਹਚਾ ਦਾ ਫਲ

ਉਨੱਤੀਵਾਂ ਅਧਿਆਇ

ਇਕ ਰਾਜੇ ਦੀ ਨਿਹਚਾ ਦਾ ਫਲ

ਯਸਾਯਾਹ 36:1–39:8

1, 2. ਹਿਜ਼ਕੀਯਾਹ ਆਹਾਜ਼ ਨਾਲੋਂ ਚੰਗਾ ਰਾਜਾ ਕਿਵੇਂ ਸਾਬਤ ਹੋਇਆ ਸੀ?

ਹਿਜ਼ਕੀਯਾਹ 25 ਸਾਲਾਂ ਦਾ ਸੀ ਜਦੋਂ ਉਹ ਯਹੂਦਾਹ ਦਾ ਰਾਜਾ ਬਣਿਆ। ਉਹ ਕਿਹੋ ਜਿਹਾ ਰਾਜਾ ਸੀ? ਕੀ ਉਸ ਨੇ ਆਪਣੇ ਪਿਤਾ, ਰਾਜਾ ਆਹਾਜ਼ ਵਾਂਗ ਆਪਣੀ ਪਰਜਾ ਨੂੰ ਝੂਠੇ ਦੇਵਤਿਆਂ ਦੇ ਮਗਰ ਲਾਇਆ ਸੀ? ਜਾਂ ਕੀ ਉਸ ਨੇ ਆਪਣੇ ਪੜਦਾਦੇ, ਰਾਜਾ ਦਾਊਦ ਵਾਂਗ ਲੋਕਾਂ ਨੂੰ ਯਹੋਵਾਹ ਦੀ ਉਪਾਸਨਾ ਵਿਚ ਲਾਇਆ ਸੀ?—2 ਰਾਜਿਆਂ 16:2.

2 ਰਾਜ-ਗੱਦੀ ਤੇ ਬੈਠਣ ਤੋਂ ਥੋੜ੍ਹੀ ਦੇਰ ਬਾਅਦ ਹੀ ਹਿਜ਼ਕੀਯਾਹ ਨੇ ਸਾਬਤ ਕੀਤਾ ਕਿ ਉਹ ਉਹੀ ਕੰਮ ਕਰਨਾ ਚਾਹੁੰਦਾ ਸੀ “ਜੋ ਯਹੋਵਾਹ ਦੀ ਨਿਗਾਹ ਵਿੱਚ ਠੀਕ ਸੀ।” (2 ਰਾਜਿਆਂ 18:2, 3) ਆਪਣੇ ਰਾਜ ਦੇ ਪਹਿਲੇ ਸਾਲ ਵਿਚ ਉਸ ਨੇ ਹੁਕਮ ਦਿੱਤਾ ਕਿ ਯਹੋਵਾਹ ਦੇ ਭਵਨ ਦੀ ਮੁਰੰਮਤ ਕੀਤੀ ਜਾਵੇ ਅਤੇ ਉੱਥੇ ਦੁਬਾਰਾ ਸੇਵਾ ਸ਼ੁਰੂ ਕੀਤੀ ਜਾਵੇ। (2 ਇਤਹਾਸ 29:3, 7, 11) ਫਿਰ ਉਸ ਨੇ ਪਸਾਹ ਮਨਾਉਣ ਦਾ ਪ੍ਰਬੰਧ ਕੀਤਾ। ਇਹ ਇਕ ਵੱਡਾ ਤਿਉਹਾਰ ਸੀ ਜਿਸ ਵਿਚ ਦਸ-ਗੋਤੀ ਉੱਤਰੀ ਰਾਜ ਸਮੇਤ ਸਾਰੀ ਕੌਮ ਨੂੰ ਹਾਜ਼ਰ ਹੋਣ ਦਾ ਸੱਦਾ ਦਿੱਤਾ ਗਿਆ ਸੀ। ਇਹ ਤਿਉਹਾਰ ਕਿੰਨਾ ਵਧੀਆ ਸੀ! ਰਾਜਾ ਸੁਲੇਮਾਨ ਦੇ ਜ਼ਮਾਨੇ ਤੋਂ ਇਸ ਸਮੇਂ ਤਕ ਅਜਿਹਾ ਤਿਉਹਾਰ ਨਹੀਂ ਮਨਾਇਆ ਗਿਆ ਸੀ।—2 ਇਤਹਾਸ 30:1, 25, 26.

3. (ੳ) ਇਸਰਾਏਲ ਅਤੇ ਯਹੂਦਾਹ ਦੇ ਵਾਸੀਆਂ ਨੇ ਕੀ ਕੀਤਾ ਸੀ ਜਦੋਂ ਉਹ ਪਸਾਹ ਮਨਾਉਣ ਲਈ ਇਕੱਠੇ ਹੋਏ ਸਨ? (ਅ) ਅੱਜ ਮਸੀਹੀ ਉਨ੍ਹਾਂ ਪਸਾਹ ਮਨਾਉਣ ਵਾਲਿਆਂ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਨ?

3 ਪਸਾਹ ਦੇ ਤਿਉਹਾਰ ਤੇ ਆਏ ਹੋਏ ਲੋਕਾਂ ਨੇ ਸੱਚੇ ਪਰਮੇਸ਼ੁਰ ਦੀ ਸੇਵਾ ਕਰਨ ਦਾ ਆਪਣਾ ਇਰਾਦਾ ਪੱਕਾ ਕੀਤਾ। ਉਨ੍ਹਾਂ ਨੇ ਝੂਠੀ ਪੂਜਾ ਵਿਚ ਵਰਤੇ ਜਾਣ ਵਾਲੇ ਟੁੰਡਾਂ ਨੂੰ ਵੱਢ ਸੁੱਟਿਆ, ਥੰਮ੍ਹਾਂ ਦੇ ਟੋਟੇ-ਟੋਟੇ ਕਰ ਦਿੱਤੇ, ਅਤੇ ਉੱਚੇ ਅਸਥਾਨਾਂ ਅਤੇ ਜਗਵੇਦੀਆਂ ਨੂੰ ਢਾਹ ਸੁੱਟਿਆ। ਇਸ ਤੋਂ ਬਾਅਦ ਉਹ ਆਪੋ ਆਪਣੇ ਸ਼ਹਿਰਾਂ ਨੂੰ ਮੁੜ ਗਏ। (2 ਇਤਹਾਸ 31:1) ਇਸ ਤਰ੍ਹਾਂ ਉਨ੍ਹਾਂ ਨੇ ਦਿਖਾਇਆ ਕਿ ਉਹ ਯਹੋਵਾਹ ਦੀ ਸੇਵਾ ਦਿਲੋਂ ਕਰਨੀ ਚਾਹੁੰਦੇ ਸਨ। ਅੱਜ ਮਸੀਹੀ ਇਸ ਤੋਂ ਸਬਕ ਸਿੱਖ ਸਕਦੇ ਹਨ ਕਿ ‘ਆਪਸ ਵਿੱਚੀਂ ਇਕੱਠੇ ਹੋਣਾ’ ਕਿੰਨਾ ਜ਼ਰੂਰੀ ਹੈ। ਅਸੀਂ ਭਾਵੇਂ ਕਲੀਸਿਯਾ ਵਿਚ ਜਾਂ ਸੰਮੇਲਨਾਂ ਵਿਚ ਇਕੱਠੇ ਹੋਈਏ, ਭੈਣਾਂ-ਭਰਾਵਾਂ ਰਾਹੀਂ ਸਾਡਾ ਹੌਸਲਾ ਵਧਦਾ ਹੈ। ਫਿਰ ਸਾਨੂੰ ਵੀ ਪਰਮੇਸ਼ੁਰ ਦੀ ਪਵਿੱਤਰ ਆਤਮਾ ਰਾਹੀਂ ਆਪਣੇ ਭੈਣਾਂ-ਭਰਾਵਾਂ ਨੂੰ ‘ਪ੍ਰੇਮ ਅਰ ਸ਼ੁਭ ਕਰਮਾਂ ਲਈ ਉਭਾਰਨਾ’ ਚਾਹੀਦਾ ਹੈ।—ਇਬਰਾਨੀਆਂ 10:23-25.

ਨਿਹਚਾ ਦੀ ਪਰੀਖਿਆ

4, 5. (ੳ) ਹਿਜ਼ਕੀਯਾਹ ਨੇ ਅੱਸ਼ੂਰ ਦੀ ਮਿੱਤਰਤਾ ਬਾਰੇ ਕੀ ਕੀਤਾ ਸੀ? (ਅ) ਸਨਹੇਰੀਬ ਨੇ ਯਹੂਦਾਹ ਖ਼ਿਲਾਫ਼ ਕਿਹੜੀ ਸੈਨਿਕ ਕਾਰਵਾਈ ਕੀਤੀ ਸੀ ਅਤੇ ਯਰੂਸ਼ਲਮ ਨੂੰ ਫ਼ੌਰੀ ਹਮਲੇ ਤੋਂ ਬਚਾਉਣ ਲਈ ਹਿਜ਼ਕੀਯਾਹ ਨੇ ਕੀ ਕੀਤਾ ਸੀ? (ੲ) ਹਿਜ਼ਕੀਯਾਹ ਨੇ ਯਰੂਸ਼ਲਮ ਨੂੰ ਅੱਸ਼ੂਰੀਆਂ ਤੋਂ ਬਚਾਉਣ ਲਈ ਕਿਹੜੀਆਂ ਤਿਆਰੀਆਂ ਕੀਤੀਆਂ ਸਨ?

4 ਉਸ ਸਮੇਂ ਯਰੂਸ਼ਲਮ ਅੱਗੇ ਵੱਡੀਆਂ-ਵੱਡੀਆਂ ਅਜ਼ਮਾਇਸ਼ਾਂ ਖੜ੍ਹੀਆਂ ਸਨ। ਹਿਜ਼ਕੀਯਾਹ ਦੇ ਬੇਵਫ਼ਾ ਪਿਤਾ ਆਹਾਜ਼ ਨੇ ਅੱਸ਼ੂਰੀਆਂ ਨਾਲ ਮਿੱਤਰਤਾ ਕੀਤੀ ਸੀ। ਹਿਜ਼ਕੀਯਾਹ ਨੇ ਇਸ ਮਿੱਤਰਤਾ ਨੂੰ ਤੋੜਨ ਦੇ ਨਾਲ-ਨਾਲ ਅੱਸ਼ੂਰ ਦੇ ਮਿੱਤਰ ਫਿਲਿਸਤੀਆਂ ਨੂੰ ਵੀ ਹਰਾਇਆ ਸੀ। (2 ਰਾਜਿਆਂ 18:7, 8) ਇਸ ਕਰਕੇ ਅੱਸ਼ੂਰ ਦਾ ਰਾਜਾ ਗੁੱਸੇ ਹੋਇਆ। ਇਸ ਲਈ ਅਸੀਂ ਪੜ੍ਹਦੇ ਹਾਂ ਕਿ “ਐਉਂ ਹੋਇਆ ਕਿ ਹਿਜ਼ਕੀਯਾਹ ਪਾਤਸ਼ਾਹ ਦੇ ਚੌਧਵੇਂ ਵਰਹੇ ਵਿੱਚ ਅੱਸ਼ੂਰ ਦੇ ਪਾਤਸ਼ਾਹ ਸਨਹੇਰੀਬ ਨੇ ਯਹੂਦਾਹ ਦੇ ਸਾਰੇ ਗੜ੍ਹ ਵਾਲੇ ਸ਼ਹਿਰਾਂ ਉੱਤੇ ਚੜ੍ਹਾਈ ਕੀਤੀ ਅਤੇ ਉਨ੍ਹਾਂ ਨੂੰ ਲੈ ਲਿਆ।” (ਯਸਾਯਾਹ 36:1) ਹੋ ਸਕਦਾ ਹੈ ਕਿ ਹਿਜ਼ਕੀਯਾਹ ਯਰੂਸ਼ਲਮ ਨੂੰ ਅੱਸ਼ੂਰੀ ਫ਼ੌਜ ਦੇ ਫ਼ੌਰੀ ਹਮਲੇ ਤੋਂ ਬਚਾਉਣ ਲਈ, ਸਨਹੇਰੀਬ ਨੂੰ ਤਿੰਨ ਸੌ ਤੋਲੇ ਚਾਂਦੀ ਅਤੇ ਤੀਹ ਤੋਲੇ ਸੋਨਾ ਦੇਣ ਲਈ ਰਾਜ਼ੀ ਹੋ ਗਿਆ ਸੀ। *2 ਰਾਜਿਆਂ 18:14.

5 ਇਹ ਕੀਮਤ ਭਰਨ ਲਈ ਸ਼ਾਹੀ ਖ਼ਜ਼ਾਨੇ ਵਿਚ ਇੰਨਾ ਸੋਨਾ ਅਤੇ ਚਾਂਦੀ ਨਹੀਂ ਸੀ। ਇਸ ਲਈ ਹਿਜ਼ਕੀਯਾਹ ਨੂੰ ਯਹੋਵਾਹ ਦੇ ਭਵਨ ਤੋਂ ਵੀ ਕੁਝ ਕੀਮਤੀ ਮਾਲ ਦੇਣਾ ਪਿਆ। ਉਸ ਨੇ ਸੋਨੇ ਨਾਲ ਮੜ੍ਹੇ ਹੋਏ ਭਵਨ ਦੇ ਬੂਹੇ ਕੱਟ ਕੇ ਸਨਹੇਰੀਬ ਨੂੰ ਭੇਜੇ। ਪਰ ਇਸ ਨੇ ਉਸ ਅੱਸ਼ੂਰੀ ਨੂੰ ਕੁਝ ਹੀ ਸਮੇਂ ਲਈ ਸੰਤੁਸ਼ਟ ਕੀਤਾ ਸੀ। (2 ਰਾਜਿਆਂ 18:15, 16) ਹਿਜ਼ਕੀਯਾਹ ਨੂੰ ਪਤਾ ਸੀ ਕਿ ਕਿਸੇ-ਨ-ਕਿਸੇ ਵੇਲੇ ਅੱਸ਼ੂਰੀ ਫ਼ੌਜ ਯਰੂਸ਼ਲਮ ਵਿਰੁੱਧ ਆਵੇਗੀ। ਇਸ ਲਈ ਉਸ ਨੇ ਉਨ੍ਹਾਂ ਦੇ ਆਉਣ ਦੀਆਂ ਤਿਆਰੀਆਂ ਕੀਤੀਆਂ ਸਨ। ਲੋਕਾਂ ਨੇ ਪਾਣੀ ਦੇ ਸੋਮੇ ਬੰਦ ਕਰ ਦਿੱਤੇ ਸਨ ਤਾਂਕਿ ਹਮਲਾ ਕਰਨ ਵਾਲੇ ਅੱਸ਼ੂਰੀਆਂ ਨੂੰ ਪਾਣੀ ਨਾ ਮਿਲ ਸਕੇ। ਹਿਜ਼ਕੀਯਾਹ ਨੇ ਯਰੂਸ਼ਲਮ ਦੀ ਕਿਲਾਬੰਦੀ ਹੋਰ ਵੀ ਪੱਕੀ ਕਰ ਦਿੱਤੀ ਸੀ ਅਤੇ ਹਥਿਆਰ ਤਿਆਰ ਕਰਨ ਵਿਚ “ਬਹੁਤ ਸਾਰੇ ਸ਼ਸਤਰ ਅਤੇ ਢਾਲਾਂ ਬਣਾਈਆਂ।”—2 ਇਤਹਾਸ 32:4, 5.

6. ਹਿਜ਼ਕੀਯਾਹ ਨੇ ਆਪਣਾ ਭਰੋਸਾ ਕਿਸ ਉੱਤੇ ਰੱਖਿਆ ਸੀ?

6 ਲੇਕਿਨ, ਹਿਜ਼ਕੀਯਾਹ ਨੇ ਯੁੱਧ-ਕਲਾ ਜਾਂ ਕਿਲਾਬੰਦੀਆਂ ਉੱਤੇ ਭਰੋਸਾ ਰੱਖਣ ਦੀ ਬਜਾਇ, ਸੈਨਾ ਦੇ ਯਹੋਵਾਹ ਉੱਤੇ ਭਰੋਸਾ ਰੱਖਿਆ ਸੀ। ਉਸ ਨੇ ਆਪਣੇ ਫ਼ੌਜੀ ਸਰਦਾਰਾਂ ਨੂੰ ਕਿਹਾ ਕਿ “ਤਕੜੇ ਹੋਵੋ ਅਤੇ ਬਹਾਦਰੀ ਕਰੋ! ਅੱਸ਼ੂਰ ਦੇ ਪਾਤਸ਼ਾਹ ਅਤੇ ਏਸ ਸਾਰੇ ਮਹੈਣ ਤੋਂ ਜੋ ਉਸ ਦੇ ਨਾਲ ਹੈ ਨਾ ਡਰੋ ਅਤੇ ਨਾ ਘਾਬਰੋ ਕਿਉਂ ਜੋ ਸਾਡੇ ਨਾਲ ਦਾ ਉਨ੍ਹਾਂ ਨਾਲੋਂ ਵੱਡਾ ਹੈ। ਉਹ ਦੇ ਨਾਲ ਜੀਵ ਦਾ ਹੱਥ ਹੈ ਪਰ ਸਾਡੇ ਨਾਲ ਯਹੋਵਾਹ ਸਾਡਾ ਪਰਮੇਸ਼ੁਰ ਹੈ ਜੋ ਸਾਡੀ ਸਹਾਇਤਾ ਕਰਦਾ ਅਤੇ ਸਾਡੀਆਂ ਲੜਾਈਆਂ ਲੜਦਾ ਹੈ। ਤਾਂ ਲੋਕਾਂ ਨੇ ਯਹੂਦਾਹ ਦੇ ਪਾਤਸ਼ਾਹ ਹਿਜ਼ਕੀਯਾਹ ਦੀਆਂ ਗੱਲਾਂ ਉੱਤੇ ਭਰੋਸਾ ਕੀਤਾ।” (2 ਇਤਹਾਸ 32:7, 8) ਆਓ ਆਪਾਂ ਯਸਾਯਾਹ ਦੀ ਭਵਿੱਖਬਾਣੀ ਵਿਚ 36ਵੇਂ ਅਧਿਆਇ ਤੋਂ ਲੈ ਕੇ 39ਵੇਂ ਅਧਿਆਇ ਦੀਆਂ ਦਿਲਚਸਪ ਘਟਨਾਵਾਂ ਉੱਤੇ ਗੌਰ ਕਰੀਏ।

ਰਬਸ਼ਾਕੇਹ ਦੀ ਦਲੀਲ

7. ਰਬਸ਼ਾਕੇਹ ਕੌਣ ਸੀ ਅਤੇ ਉਸ ਨੂੰ ਯਰੂਸ਼ਲਮ ਕਿਉਂ ਘੱਲਿਆ ਗਿਆ ਸੀ?

7 ਸਨਹੇਰੀਬ ਨੇ ਰਬਸ਼ਾਕੇਹ (ਜੋ ਉਸ ਦਾ ਨਾਂ ਨਹੀਂ ਪਰ ਉਸ ਦੀ ਸੈਨਿਕ ਪਦਵੀ ਸੀ) ਦੇ ਨਾਲ ਦੋ ਹੋਰ ਉੱਚ-ਅਧਿਕਾਰੀਆਂ ਨੂੰ ਯਰੂਸ਼ਲਮ ਨੂੰ ਘੱਲਿਆ ਤਾਂਕਿ ਸ਼ਹਿਰ ਦੇ ਲੋਕ ਹਾਰ ਮੰਨ ਕੇ ਆਪਣੇ ਆਪ ਨੂੰ ਉਸ ਦੇ ਹਵਾਲੇ ਕਰ ਦੇਣ। (2 ਰਾਜਿਆਂ 18:17) ਉਨ੍ਹਾਂ ਨੂੰ ਸ਼ਹਿਰ ਦੀ ਕੰਧ ਤੋਂ ਬਾਹਰ ਹਿਜ਼ਕੀਯਾਹ ਦੇ ਤਿੰਨ ਆਦਮੀ ਮਿਲਣ ਗਏ ਸਨ। ਇਹ ਆਦਮੀ ਮਹਿਲ ਦੀ ਨਿਗਰਾਨੀ ਕਰਨ ਵਾਲੇ ਅਲਯਾਕੀਮ, ਸ਼ਬਨਾ ਮੁਨੀਮ, ਅਤੇ ਆਸਾਫ਼ ਦਾ ਪੁੱਤਰ ਯੋਆਹ ਲਿਖਾਰੀ ਸਨ।ਯਸਾਯਾਹ 36:2, 3.

8. ਰਬਸ਼ਾਕੇਹ ਨੇ ਯਰੂਸ਼ਲਮ ਨੂੰ ਹਰਾਉਣ ਦੀ ਕੋਸ਼ਿਸ਼ ਕਿਵੇਂ ਕੀਤੀ ਸੀ?

8 ਰਬਸ਼ਾਕੇਹ ਦਾ ਮਕਸਦ ਬੱਸ ਇਹੀ ਸੀ ਕਿ ਯਰੂਸ਼ਲਮ ਬਿਨਾਂ ਲੜਾਈ ਕੀਤੇ ਹਾਰ ਮੰਨ ਲਵੇ। ਇਬਰਾਨੀ ਭਾਸ਼ਾ ਵਿਚ ਗੱਲ ਕਰਦੇ ਹੋਏ ਪਹਿਲਾਂ ਉਸ ਨੇ ਆਖਿਆ: “ਤੂੰ ਕਿਹੜੀ ਸ਼ਰਧਾ ਉੱਤੇ ਭਰੋਸਾ ਕੀਤਾ ਹੈ? . . . ਤੈਨੂੰ ਕਿਹ ਦੇ ਉੱਤੇ ਭਰੋਸਾ ਹੈ ਜੋ ਤੂੰ ਮੈਥੋਂ ਬੇਮੁੱਖ ਹੋਇਆ ਹੈ?” (ਯਸਾਯਾਹ 36:4, 5) ਰਬਸ਼ਾਕੇਹ ਨੇ ਡਰੇ ਹੋਏ ਯਹੂਦੀਆਂ ਨੂੰ ਤਾਅਨੇ ਮਾਰ ਕੇ ਯਾਦ ਕਰਾਇਆ ਕਿ ਉਹ ਬਿਲਕੁਲ ਇਕੱਲੇ ਸਨ। ਉਨ੍ਹਾਂ ਦੀ ਮਦਦ ਕੌਣ ਕਰ ਸਕਦਾ ਸੀ? ਕੀ ਉਹ ਉਸ “ਦਰੜੇ ਹੋਏ ਕਾਨੇ,” ਮਤਲਬ ਮਿਸਰ ਤੋਂ ਮਦਦ ਦੀ ਆਸ ਰੱਖ ਸਕਦੇ ਸਨ? (ਯਸਾਯਾਹ 36:6) ਉਸ ਸਮੇਂ ਮਿਸਰ ਇਕ ਕੁਚਲੇ ਹੋਏ ਕਾਨੇ ਵਰਗਾ ਹੀ ਸੀ। ਭਾਵੇਂ ਮਿਸਰ ਪਹਿਲਾਂ ਇਕ ਵਿਸ਼ਵ ਸ਼ਕਤੀ ਸੀ, ਪਰ ਉਹ ਥੋੜ੍ਹੇ ਸਮੇਂ ਲਈ ਕੂਸ਼ ਦੇ ਅਧੀਨ ਹੋ ਗਿਆ ਸੀ ਅਤੇ ਮਿਸਰ ਦਾ ਫ਼ਿਰਊਨ, ਰਾਜਾ ਤਿਰਹਾਕਾਹ, ਮਿਸਰੀ ਨਹੀਂ ਸਗੋਂ ਕੂਸ਼ੀ ਸੀ। ਅਤੇ ਜਲਦੀ ਹੀ ਅੱਸ਼ੂਰ ਉਸ ਉੱਤੇ ਜਿੱਤ ਪ੍ਰਾਪਤ ਕਰਨ ਵਾਲਾ ਸੀ। (2 ਰਾਜਿਆਂ 19:8, 9) ਜਦ ਮਿਸਰ ਆਪਣੇ ਆਪ ਨੂੰ ਨਹੀਂ ਬਚਾ ਸਕਦਾ ਸੀ, ਤਾਂ ਉਸ ਨੇ ਯਹੂਦਾਹ ਦੀ ਕੀ ਮਦਦ ਕਰਨੀ ਸੀ?

9. ਰਬਸ਼ਾਕੇਹ ਨੇ ਇਹ ਕਿਉਂ ਸੋਚਿਆ ਸੀ ਕਿ ਯਹੋਵਾਹ ਆਪਣੇ ਲੋਕਾਂ ਨੂੰ ਛੱਡ ਦੇਵੇਗਾ, ਪਰ ਅਸਲੀਅਤ ਕੀ ਸੀ?

9 ਰਬਸ਼ਾਕੇਹ ਨੇ ਅੱਗੇ ਕਿਹਾ ਕਿ ਯਹੋਵਾਹ ਆਪਣੇ ਲੋਕਾਂ ਲਈ ਨਹੀਂ ਲੜੇਗਾ ਕਿਉਂਕਿ ਉਹ ਉਨ੍ਹਾਂ ਨਾਲ ਨਾਰਾਜ਼ ਸੀ: ‘ਜੇ ਤੂੰ ਮੈਨੂੰ ਆਖੇਂ ਭਈ ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਤੇ ਭਰੋਸਾ ਰੱਖਦੇ ਹਾਂ ਤਾਂ ਕੀ ਉਹ ਉਹੋ ਨਹੀਂ ਹੈ ਜਿਹ ਦੇ ਉੱਚੇ ਥਾਵਾਂ ਅਰ ਜਗਵੇਦੀਆਂ ਨੂੰ ਹਿਜ਼ਕੀਯਾਹ ਨੇ ਹਟਾਇਆ?’ (ਯਸਾਯਾਹ 36:7) ਪਰ ਦੇਸ਼ ਵਿੱਚੋਂ ਉੱਚੇ ਥਾਂ ਅਤੇ ਜਗਵੇਦੀਆਂ ਨੂੰ ਢਾਹ ਕੇ ਯਹੋਵਾਹ ਦੀ ਉਪਾਸਨਾ ਛੱਡਣ ਦੀ ਬਜਾਇ, ਯਹੂਦੀ ਤਾਂ ਯਹੋਵਾਹ ਵੱਲ ਵਾਪਸ ਮੁੜੇ ਸਨ!

10. ਇਸ ਦਾ ਕੋਈ ਫ਼ਰਕ ਕਿਉਂ ਨਹੀਂ ਪੈਂਦਾ ਸੀ ਕਿ ਯਹੂਦਾਹ ਦੀ ਫ਼ੌਜ ਵੱਡੀ ਸੀ ਜਾਂ ਛੋਟੀ?

10 ਫਿਰ ਰਬਸ਼ਾਕੇਹ ਨੇ ਯਹੂਦੀਆਂ ਨੂੰ ਯਾਦ ਕਰਾਇਆ ਕਿ ਅੱਸ਼ੂਰ ਦੀ ਫ਼ੌਜ ਉਨ੍ਹਾਂ ਦੀ ਫ਼ੌਜ ਨਾਲੋਂ ਕਿਤੇ ਵੱਡੀ ਸੀ। ਉਸ ਨੇ ਹੰਕਾਰ ਨਾਲ ਉਨ੍ਹਾਂ ਨੂੰ ਲਲਕਾਰਿਆ: “ਮੈਂ ਤੈਨੂੰ ਦੋ ਹਜ਼ਾਰ ਘੋੜੇ ਦਿਆਂਗਾ ਜੇ ਤੂੰ ਓਹਨਾਂ ਉੱਤੇ ਆਪਣੀ ਵੱਲੋਂ ਸਵਾਰ ਬਿਠਾ ਸੱਕੇਂ।” (ਯਸਾਯਾਹ 36:8) ਯਹੂਦਾਹ ਦੀ ਫ਼ੌਜ ਚਾਹੇ ਛੋਟੀ ਸੀ ਜਾਂ ਵੱਡੀ, ਇਸ ਦਾ ਕੋਈ ਫ਼ਰਕ ਨਹੀਂ ਸੀ ਪੈਂਦਾ ਕਿਉਂਕਿ ਯਹੂਦਾਹ ਨੂੰ ਵੱਡੀ ਸੈਨਿਕ ਸ਼ਕਤੀ ਦੀ ਲੋੜ ਨਹੀਂ ਸੀ। ਕਹਾਉਤਾਂ 21:31 ਵਿਚ ਇਹ ਗੱਲ ਇਸ ਤਰ੍ਹਾਂ ਸਮਝਾਈ ਗਈ ਹੈ ਕਿ “ਜੁੱਧ ਦੇ ਦਿਨ ਲਈ ਘੋੜਾ ਤਿਆਰ ਕਰੀਦਾ ਹੈ, ਪਰ ਜਿੱਤ ਯਹੋਵਾਹ ਦੀ ਵੱਲੋਂ ਹੁੰਦੀ ਹੈ।” ਫਿਰ ਰਬਸ਼ਾਕੇਹ ਨੇ ਦਾਅਵਾ ਕੀਤਾ ਕਿ ਯਹੋਵਾਹ ਦੀ ਬਰਕਤ ਯਹੂਦੀਆਂ ਉੱਤੇ ਨਹੀਂ ਬਲਕਿ ਅੱਸ਼ੂਰੀਆਂ ਉੱਤੇ ਸੀ। ਨਹੀਂ ਤਾਂ, ਉਸ ਨੇ ਕਿਹਾ ਕਿ ਅੱਸ਼ੂਰੀ ਯਹੂਦਾਹ ਦੇ ਦੇਸ਼ ਵਿਚ ਇੰਨੀ ਦੂਰ ਤਕ ਕਿਵੇਂ ਵੜ ਸਕਦੇ ਸਨ?ਯਸਾਯਾਹ 36:9, 10.

11, 12. (ੳ) ਰਬਸ਼ਾਕੇਹ ਨੇ “ਯਹੂਦੀਆਂ ਦੀ ਬੋਲੀ” ਵਿਚ ਗੱਲ ਕਰਨ ਦੀ ਜ਼ਿੱਦ ਕਿਉਂ ਕੀਤੀ ਸੀ, ਅਤੇ ਉਸ ਨੇ ਸੁਣ ਰਹੇ ਯਹੂਦੀਆਂ ਨੂੰ ਭਰਮਾਉਣ ਦੀ ਕੋਸ਼ਿਸ਼ ਕਿਵੇਂ ਕੀਤੀ ਸੀ? (ਅ) ਯਹੂਦੀਆਂ ਉੱਤੇ ਰਬਸ਼ਾਕੇਹ ਦੀਆਂ ਗੱਲਾਂ ਦਾ ਕੀ ਅਸਰ ਪੈ ਸਕਦਾ ਸੀ?

11 ਹਿਜ਼ਕੀਯਾਹ ਦੇ ਆਦਮੀਆਂ ਨੂੰ ਚਿੰਤਾ ਸੀ ਕਿ ਰਬਸ਼ਾਕੇਹ ਦੀ ਦਲੀਲ ਦਾ ਉਨ੍ਹਾਂ ਬੰਦਿਆਂ ਉੱਤੇ ਬੁਰਾ ਅਸਰ ਪਵੇਗਾ ਜੋ ਸ਼ਹਿਰ ਦੀ ਕੰਧ ਉੱਤੇ ਉਸ ਨੂੰ ਸੁਣ ਸਕਦੇ ਸਨ। ਇਨ੍ਹਾਂ ਯਹੂਦੀ ਅਧਿਕਾਰੀਆਂ ਨੇ ਬੇਨਤੀ ਕੀਤੀ ਕਿ “ਆਪਣੇ ਦਾਸਾਂ ਨਾਲ ਅਰਾਮੀ ਬੋਲੀ ਵਿੱਚ ਗੱਲ ਕਰੋ ਕਿਉਂ ਜੋ ਅਸੀਂ ਉਹ ਨੂੰ ਸਮਝਦੇ ਹਾਂ ਅਰ ਉਨ੍ਹਾਂ ਲੋਕਾਂ ਦੇ ਸੁਣਦਿਆਂ ਜਿਹੜੇ ਕੰਧ ਉੱਤੇ ਹਨ ਯਹੂਦੀਆਂ ਦੀ ਬੋਲੀ ਵਿੱਚ ਸਾਡੇ ਨਾਲ ਗੱਲ ਨਾ ਕਰੋ।” (ਯਸਾਯਾਹ 36:11) ਪਰ ਰਬਸ਼ਾਕੇਹ ਅਰਾਮੀ ਭਾਸ਼ਾ ਵਿਚ ਨਹੀਂ ਬੋਲਣਾ ਚਾਹੁੰਦਾ ਸੀ। ਉਹ ਯਹੂਦੀਆਂ ਦੇ ਮਨਾਂ ਵਿਚ ਸ਼ੱਕ ਅਤੇ ਡਰ ਪੈਦਾ ਕਰਨਾ ਚਾਹੁੰਦਾ ਸੀ ਤਾਂਕਿ ਉਹ ਹਾਰ ਮੰਨ ਲੈਣ। ਇਸ ਤਰ੍ਹਾਂ ਯਰੂਸ਼ਲਮ ਨੂੰ ਲੜਨ ਤੋਂ ਬਗੈਰ ਹੀ ਜਿੱਤਿਆ ਜਾ ਸਕਦਾ ਸੀ! (ਯਸਾਯਾਹ 36:12) ਇਸ ਲਈ ਇਸ ਅੱਸ਼ੂਰੀ ਨੇ “ਯਹੂਦੀਆਂ ਦੀ ਬੋਲੀ” ਵਿਚ ਹੀ ਗੱਲ ਕੀਤੀ। ਉਸ ਨੇ ਯਰੂਸ਼ਲਮ ਦੇ ਵਾਸੀਆਂ ਨੂੰ ਚੇਤਾਵਨੀ ਦਿੱਤੀ: “ਹਿਜ਼ਕੀਯਾਹ ਤੁਹਾਨੂੰ ਧੋਖਾ ਨਾ ਦੇਵੇ ਕਿਉਂ ਜੋ ਉਹ ਤੁਹਾਨੂੰ ਛੁਡਾ ਨਾ ਸੱਕੇਗਾ।” ਇਸ ਤੋਂ ਬਾਅਦ, ਉਸ ਨੇ ਇਹ ਕਹਿ ਕੇ ਸੁਣਨ ਵਾਲਿਆਂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਕਿ ਅੱਸ਼ੂਰੀ ਰਾਜ ਦੇ ਅਧੀਨ ਜ਼ਿੰਦਗੀ ਕਿੰਨੀ ਚੰਗੀ ਹੋ ਸਕਦੀ ਸੀ: “ਮੇਰੇ ਨਾਲ ਸੁਲਾਹ ਕਰੋ ਅਤੇ ਨਿੱਕਲ ਕੇ ਮੇਰੇ ਕੋਲ ਆਓ, ਤਾਂ ਤੁਹਾਡੇ ਵਿੱਚੋਂ ਹਰ ਕੋਈ ਆਪਣੀ ਦਾਖ ਦੀ ਵੇਲ ਤੋਂ ਅਰ ਹਰ ਕੋਈ ਆਪਣੇ ਹੀ ਹੰਜੀਰ ਦੇ ਰੁੱਖ ਤੋਂ ਖਾਵੇਗਾ ਅਰ ਹਰ ਕੋਈ ਆਪਣੇ ਹੀ ਚੁਬੱਚੇ ਦਾ ਪਾਣੀ ਪੀਵੇਗਾ। ਜਦ ਤਾਈਂ ਮੈਂ ਆ ਕੇ ਤੁਹਾਨੂੰ ਇੱਕ ਅਜੇਹੇ ਦੇਸ ਵਿੱਚ ਨਾ ਲੈ ਜਾਵਾਂ ਜਿਹੜਾ ਤੁਹਾਡੇ ਦੇਸ ਵਾਂਙੁ ਅਨਾਜ ਅਰ ਨਵੀਂ ਮੈ ਦਾ ਦੇਸ, ਰੋਟੀ ਅਰ ਅੰਗੂਰੀ ਬਾਗਾਂ ਦਾ ਦੇਸ ਹੈ।”—ਯਸਾਯਾਹ 36:13-17.

12 ਉਸ ਸਾਲ ਯਹੂਦੀ ਵਾਢੀ ਨਹੀਂ ਕਰ ਸਕਦੇ ਸਨ ਕਿਉਂਕਿ ਅੱਸ਼ੂਰ ਦੇ ਹਮਲੇ ਕਾਰਨ ਉਹ ਕੁਝ ਬੀਜ ਨਹੀਂ ਸਕੇ ਸਨ। ਕੰਧ ਉੱਤੇ ਸੁਣ ਰਹੇ ਬੰਦਿਆਂ ਨੂੰ ਰਸਦਾਰ ਅੰਗੂਰ ਖਾਣ ਅਤੇ ਠੰਢਾ ਪਾਣੀ ਪੀਣ ਦੀ ਗੱਲ ਬਹੁਤ ਚੰਗੀ ਲੱਗੀ ਹੋਵੇਗੀ। ਪਰ ਰਬਸ਼ਾਕੇਹ ਨੇ ਹੋਰ ਬਹੁਤ ਕੁਝ ਕਹਿ ਕੇ ਯਹੂਦੀਆਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ।

13, 14. ਰਬਸ਼ਾਕੇਹ ਦੀ ਦਲੀਲ ਦੇ ਬਾਵਜੂਦ, ਸਾਮਰਿਯਾ ਨਾਲ ਜੋ ਹੋਇਆ ਸੀ ਉਸ ਦਾ ਯਹੂਦਾਹ ਦੀ ਹਾਲਤ ਨਾਲ ਕੋਈ ਮੇਲ ਕਿਉਂ ਨਹੀਂ ਸੀ?

13 ਰਬਸ਼ਾਕੇਹ ਨੇ ਆਪਣੀ ਦਲੀਲ ਪੇਸ਼ ਕਰਦੇ ਹੋਏ ਇਕ ਹੋਰ ਗੱਲ ਕੀਤੀ। ਉਸ ਨੇ ਯਹੂਦੀਆਂ ਨੂੰ ਚੇਤਾਵਨੀ ਦਿੱਤੀ ਕਿ ਉਹ ਹਿਜ਼ਕੀਯਾਹ ਦੀ ਗੱਲ ਨਾ ਮੰਨਣ ਜੇ ਉਹ ਕਹੇ ਕਿ “ਯਹੋਵਾਹ ਸਾਨੂੰ ਛੁਡਾਵੇਗਾ!” ਰਬਸ਼ਾਕੇਹ ਨੇ ਯਹੂਦੀਆਂ ਨੂੰ ਯਾਦ ਕਰਾਇਆ ਕਿ ਸਾਮਰਿਯਾ ਦੇ ਦੇਵਤੇ ਅੱਸ਼ੂਰੀਆਂ ਨੂੰ ਨਹੀਂ ਰੋਕ ਸਕੇ ਸਨ ਜਦੋਂ ਉਨ੍ਹਾਂ ਨੇ ਦਸ ਗੋਤਾਂ ਉੱਤੇ ਹਮਲਾ ਕੀਤਾ ਸੀ। ਹੋਰਨਾਂ ਕੌਮਾਂ ਦੇ ਦੇਵਤਿਆਂ ਬਾਰੇ ਕੀ ਜਿਨ੍ਹਾਂ ਉੱਤੇ ਅੱਸ਼ੂਰ ਨੇ ਹਮਲੇ ਕੀਤੇ ਸਨ? ਉਸ ਨੇ ਪੁੱਛਿਆ: “ਹਮਾਥ ਅਰ ਅਰਪਾਦ ਦੇ ਦਿਓਤੇ ਕਿੱਥੇ ਹਨ? ਸਫਰਵਾਇਮ ਦੇ ਦਿਓਤੇ ਕਿੱਥੇ? ਕੀ ਓਹਨਾਂ ਨੇ ਸਾਮਰਿਯਾ ਨੂੰ ਮੇਰੇ ਹੱਥੋਂ ਛੁਡਾ ਲਿਆ?”—ਯਸਾਯਾਹ 36:18-20.

14 ਰਬਸ਼ਾਕੇਹ ਖ਼ੁਦ ਝੂਠੇ ਦੇਵਤਿਆਂ ਦੀ ਪੂਜਾ ਕਰਦਾ ਸੀ। ਉਹ ਇਹ ਗੱਲ ਨਹੀਂ ਸਮਝਦਾ ਸੀ ਕਿ ਯਹੋਵਾਹ ਨੂੰ ਛੱਡਣ ਵਾਲੇ ਸਾਮਰਿਯਾ ਅਤੇ ਯਰੂਸ਼ਲਮ ਵਿਚ ਬਹੁਤ ਵੱਡਾ ਫ਼ਰਕ ਸੀ। ਸਾਮਰਿਯਾ ਦੇ ਝੂਠੇ ਦੇਵਤਿਆਂ ਕੋਲ ਉਸ ਦਸ-ਗੋਤੀ ਰਾਜ ਨੂੰ ਬਚਾਉਣ ਲਈ ਕੋਈ ਸ਼ਕਤੀ ਨਹੀਂ ਸੀ। (2 ਰਾਜਿਆਂ 17:7, 17, 18) ਦੂਜੇ ਪਾਸੇ, ਹਿਜ਼ਕੀਯਾਹ ਦੇ ਅਧੀਨ ਯਰੂਸ਼ਲਮ ਦੇ ਵਾਸੀ ਝੂਠੇ ਦੇਵਤਿਆਂ ਨੂੰ ਛੱਡ ਕੇ ਯਹੋਵਾਹ ਦੀ ਸੇਵਾ ਦੁਬਾਰਾ ਕਰਨ ਲੱਗ ਪਏ ਸਨ। ਪਰ, ਯਹੂਦਾਹ ਦੇ ਤਿੰਨ ਆਦਮੀਆਂ ਨੇ ਰਬਸ਼ਾਕੇਹ ਨੂੰ ਇਹ ਸਭ ਕੁਝ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਉਨ੍ਹਾਂ ਨੇ “ਚੁੱਪ ਵੱਟ ਲਈ ਅਰ ਉਹ ਨੂੰ ਇੱਕ ਗੱਲ ਦਾ ਵੀ ਉੱਤਰ ਨਾ ਦਿੱਤਾ ਕਿਉਂ ਜੋ ਪਾਤਸ਼ਾਹ ਦਾ ਹੁਕਮ ਏਹ ਸੀ ਭਈ ਤੁਸੀਂ ਉਹ ਨੂੰ ਉੱਤਰ ਦੇਣਾ ਹੀ ਨਹੀਂ।” (ਯਸਾਯਾਹ 36:21) ਅਲਯਾਕੀਮ, ਸ਼ਬਨਾ, ਅਤੇ ਯੋਆਹ ਹਿਜ਼ਕੀਯਾਹ ਕੋਲ ਵਾਪਸ ਗਏ ਅਤੇ ਉਨ੍ਹਾਂ ਨੇ ਉਸ ਨੂੰ ਰਬਸ਼ਾਕੇਹ ਦੀਆਂ ਗੱਲਾਂ ਦੀ ਰਿਪੋਰਟ ਦਿੱਤੀ।ਯਸਾਯਾਹ 36:22.

ਹਿਜ਼ਕੀਯਾਹ ਦਾ ਫ਼ੈਸਲਾ

15. (ੳ) ਹਿਜ਼ਕੀਯਾਹ ਨੂੰ ਕਿਹੜਾ ਫ਼ੈਸਲਾ ਕਰਨਾ ਪਿਆ ਸੀ? (ਅ) ਯਹੋਵਾਹ ਨੇ ਆਪਣੇ ਲੋਕਾਂ ਨੂੰ ਭਰੋਸਾ ਕਿਵੇਂ ਦਿਲਾਇਆ ਸੀ?

15 ਰਾਜਾ ਹਿਜ਼ਕੀਯਾਹ ਨੂੰ ਫ਼ੈਸਲਾ ਕਰਨਾ ਪਿਆ। ਕੀ ਯਰੂਸ਼ਲਮ ਅੱਸ਼ੂਰੀਆਂ ਦੇ ਅੱਗੇ ਹਾਰ ਮੰਨੇਗਾ? ਕੀ ਉਹ ਮਿਸਰ ਨਾਲ ਮਿਲ ਜਾਵੇਗਾ? ਜਾਂ ਕੀ ਉਹ ਦ੍ਰਿੜ੍ਹ ਰਹਿ ਕੇ ਲੜੇਗਾ? ਹਿਜ਼ਕੀਯਾਹ ਉੱਤੇ ਬਹੁਤ ਵੱਡਾ ਬੋਝ ਸੀ। ਉਸ ਨੇ ਯਹੋਵਾਹ ਤੋਂ ਸਲਾਹ ਲੈਣ ਲਈ ਅਲਯਾਕੀਮ, ਸ਼ਬਨਾ, ਅਤੇ ਜਾਜਕਾਂ ਦੇ ਬਜ਼ੁਰਗਾਂ ਨੂੰ ਯਸਾਯਾਹ ਨਬੀ ਕੋਲ ਘੱਲਿਆ ਅਤੇ ਉਹ ਖ਼ੁਦ ਯਹੋਵਾਹ ਦੇ ਭਵਨ ਨੂੰ ਗਿਆ। (ਯਸਾਯਾਹ 37:1, 2) ਤੱਪੜ ਪਹਿਨ ਕੇ ਰਾਜੇ ਦੇ ਏਲਚੀਆਂ ਨੇ ਯਸਾਯਾਹ ਕੋਲ ਜਾ ਕੇ ਕਿਹਾ: “ਏਹ ਦਿਨ ਦੁਖ, ਘੂਰ ਅਤੇ ਬੇਪਤੀ ਦਾ ਦਿਨ ਹੈ . . . ਖਬਰੇ ਯਹੋਵਾਹ ਤੇਰਾ ਪਰਮੇਸ਼ੁਰ ਰਬਸ਼ਾਕੇਹ ਦੀਆਂ ਗੱਲਾਂ ਸੁਣੇ ਜਿਸ ਨੂੰ ਉਹ ਦੇ ਸੁਆਮੀ ਅੱਸ਼ੂਰ ਦੇ ਪਾਤਸ਼ਾਹ ਨੇ ਘੱਲਿਆ ਹੈ ਭਈ ਜੀਉਂਦੇ ਪਰਮੇਸ਼ੁਰ ਨੂੰ ਬੋਲੀਆਂ ਮਾਰੇ ਅਤੇ ਜਿਹੜੀਆਂ ਗੱਲਾਂ ਯਹੋਵਾਹ ਤੇਰੇ ਪਰਮੇਸ਼ੁਰ ਨੇ ਸੁਣੀਆਂ ਹਨ ਸ਼ਾਇਤ ਉਹ ਓਹਨਾਂ ਉੱਤੇ ਝਿੜਕੇ।” (ਯਸਾਯਾਹ 37:3-5) ਜੀ ਹਾਂ, ਅੱਸ਼ੂਰੀਆਂ ਨੇ ਜੀਉਂਦੇ ਪਰਮੇਸ਼ੁਰ ਨੂੰ ਲਲਕਾਰਿਆ ਸੀ! ਕੀ ਯਹੋਵਾਹ ਨੇ ਉਨ੍ਹਾਂ ਦੇ ਤਾਅਨਿਆਂ ਵੱਲ ਧਿਆਨ ਦਿੱਤਾ ਸੀ? ਯਸਾਯਾਹ ਰਾਹੀਂ, ਯਹੋਵਾਹ ਨੇ ਯਹੂਦੀਆਂ ਨੂੰ ਭਰੋਸਾ ਦਿਲਾਇਆ: ‘ਤੁਸੀਂ ਉਨ੍ਹਾਂ ਗੱਲਾਂ ਤੋਂ ਜਿਹੜੀਆਂ ਤੁਸੀਂ ਸੁਣੀਆਂ ਹਨ ਨਾ ਡਰਿਓ ਜਿਨ੍ਹਾਂ ਦੇ ਨਾਲ ਅੱਸ਼ੂਰ ਦੇ ਪਾਤਸ਼ਾਹ ਦੇ ਜੁਆਨਾਂ ਨੇ ਮੇਰੇ ਵਿਰੁੱਧ ਕੁਫਰ ਬਕਿਆ ਹੈ। ਵੇਖੋ, ਮੈਂ ਉਹ ਦੇ ਵਿੱਚ ਇੱਕ ਅਜੇਹੀ ਰੂਹ ਪਾਵਾਂਗਾ ਭਈ ਉਹ ਅਵਾਈ ਸੁਣ ਕੇ ਆਪਣੇ ਦੇਸ ਨੂੰ ਮੁੜ ਜਾਵੇਗਾ ਅਤੇ ਮੈਂ ਉਹ ਨੂੰ ਉਹ ਦੇ ਦੇਸ ਵਿੱਚ ਤਲਵਾਰ ਨਾਲ ਡੇਗ ਦਿਆਂਗਾ।’—ਯਸਾਯਾਹ 37:6, 7.

16. ਸਨਹੇਰੀਬ ਨੇ ਕਿਹੜੀ ਚਿੱਠੀ ਭੇਜੀ ਸੀ?

16 ਇਸ ਸਮੇਂ ਦੌਰਾਨ, ਰਬਸ਼ਾਕੇਹ ਨੂੰ ਸਨਹੇਰੀਬ ਦੇ ਕੋਲ ਬੁਲਾਇਆ ਗਿਆ ਸੀ ਕਿਉਂਕਿ ਉਹ ਲਿਬਨਾਹ ਨਾਲ ਯੁੱਧ ਕਰ ਰਿਹਾ ਸੀ। ਸਨਹੇਰੀਬ ਯਰੂਸ਼ਲਮ ਨੂੰ ਬਾਅਦ ਵਿਚ ਦੇਖ ਲਵੇਗਾ। (ਯਸਾਯਾਹ 37:8) ਫਿਰ ਵੀ, ਰਬਸ਼ਾਕੇਹ ਦੇ ਜਾਣ ਨਾਲ ਹਿਜ਼ਕੀਯਾਹ ਦਾ ਬੋਝ ਜ਼ਰਾ ਵੀ ਹਲਕਾ ਨਹੀਂ ਹੋਇਆ। ਸਨਹੇਰੀਬ ਨੇ ਚਿੱਠੀ ਭੇਜੀ ਜਿਸ ਵਿਚ ਲਿਖਿਆ ਸੀ ਕਿ ਯਰੂਸ਼ਲਮ ਦੇ ਵਾਸੀਆਂ ਨਾਲ ਕੀ ਕੀਤਾ ਜਾਣਾ ਸੀ ਜੇ ਉਨ੍ਹਾਂ ਨੇ ਹਾਰ ਨਾ ਮੰਨੀ: “ਤੂੰ ਆਪ ਸੁਣਿਆ ਹੈ ਕਿ ਅੱਸ਼ੂਰ ਦਿਆਂ ਪਾਤਸ਼ਾਹਾਂ ਨੇ ਸਾਰਿਆਂ ਦੇਸਾਂ ਨੂੰ ਨਾਸ ਕਰ ਕੇ ਓਹਨਾਂ ਨਾਲ ਕੀ ਕੀਤਾ। ਕੀ ਤੂੰ ਹੀ ਛੁੱਟ ਜਾਵੇਂਗਾ? ਕੀ ਕੌਮਾਂ ਦੇ ਦਿਓਤਿਆਂ ਨੇ ਓਹਨਾਂ ਨੂੰ ਛੁਡਾਇਆ ਸੀ ਜਿਨ੍ਹਾਂ ਨੂੰ ਮੇਰੇ ਪਿਉ ਦਾਦਿਆਂ ਨੇ ਨਾਸ ਕੀਤਾ . . .? ਹਮਾਥ ਦਾ ਰਾਜਾ, ਅਰਪਾਦ ਦਾ ਰਾਜਾ ਅਰ ਸਫਰਵਾਇਮ ਸ਼ਹਿਰ ਦਾ, ਹੇਨਾ ਅਰ ਇੱਵਾਹ ਦੇ ਰਾਜੇ ਕਿੱਥੇ ਹਨ?” (ਯਸਾਯਾਹ 37:9-13) ਸਨਹੇਰੀਬ ਇਹ ਕਹਿ ਰਿਹਾ ਸੀ ਕਿ ਵਿਰੋਧ ਕਰਨ ਦਾ ਕੋਈ ਫ਼ਾਇਦਾ ਨਹੀਂ, ਕਿਉਂਕਿ ਵਿਰੋਧ ਕਰਨ ਨਾਲ ਹੋਰ ਮੁਸੀਬਤ ਖੜ੍ਹੀ ਹੋ ਜਾਣੀ ਸੀ!

17, 18. (ੳ) ਹਿਜ਼ਕੀਯਾਹ ਨੇ ਯਹੋਵਾਹ ਤੋਂ ਮਦਦ ਕਿਉਂ ਮੰਗੀ ਸੀ? (ਅ) ਯਸਾਯਾਹ ਰਾਹੀਂ ਯਹੋਵਾਹ ਨੇ ਉਸ ਅੱਸ਼ੂਰੀ ਨੂੰ ਜਵਾਬ ਕਿਵੇਂ ਦਿੱਤਾ ਸੀ?

17 ਹਿਜ਼ਕੀਯਾਹ ਨੂੰ ਬੜੀ ਚਿੰਤਾ ਸੀ ਕਿ ਉਸ ਦੇ ਫ਼ੈਸਲੇ ਦੇ ਨਤੀਜੇ ਕੀ ਨਿਕਲਣਗੇ, ਇਸ ਲਈ ਉਸ ਨੇ ਭਵਨ ਵਿਚ ਯਹੋਵਾਹ ਅੱਗੇ ਸਨਹੇਰੀਬ ਦੀ ਚਿੱਠੀ ਖੋਲ੍ਹ ਕੇ ਰੱਖੀ। (ਯਸਾਯਾਹ 37:14) ਦਿਲੋਂ ਪ੍ਰਾਰਥਨਾ ਕਰਦੇ ਹੋਏ ਉਸ ਨੇ ਯਹੋਵਾਹ ਅੱਗੇ ਬੇਨਤੀ ਕੀਤੀ ਕਿ ਉਹ ਉਸ ਅੱਸ਼ੂਰੀ ਦੀਆਂ ਧਮਕੀਆਂ ਸੁਣੇ। ਫਿਰ ਉਸ ਨੇ ਇਨ੍ਹਾਂ ਸ਼ਬਦਾਂ ਨਾਲ ਆਪਣੀ ਪ੍ਰਾਰਥਨਾ ਸਮਾਪਤ ਕੀਤੀ: “ਹੁਣ, ਹੇ ਯਹੋਵਾਹ, ਸਾਡੇ ਪਰਮੇਸ਼ੁਰ, ਸਾਨੂੰ ਉਹ ਦੇ ਹੱਥੋਂ ਬਚਾ ਭਈ ਧਰਤੀ ਦੀਆਂ ਸਾਰੀਆਂ ਪਾਤਸ਼ਾਹੀਆਂ ਜਾਣ ਲੈਣ ਕਿ ਤੂੰ ਹੀ ਇਕੱਲਾ ਯਹੋਵਾਹ ਹੈਂ!” (ਯਸਾਯਾਹ 37:15-20) ਇਸ ਤੋਂ ਪਤਾ ਲੱਗਦਾ ਹੈ ਕਿ ਹਿਜ਼ਕੀਯਾਹ ਨੂੰ ਸਿਰਫ਼ ਆਪਣੀ ਹੀ ਜਾਨ ਦਾ ਫ਼ਿਕਰ ਨਹੀਂ ਸੀ। ਸਗੋਂ ਉਸ ਨੂੰ ਚਿੰਤਾ ਸੀ ਕਿ ਜੇ ਅੱਸ਼ੂਰ ਯਰੂਸ਼ਲਮ ਨੂੰ ਜਿੱਤ ਲੈਂਦਾ, ਤਾਂ ਯਹੋਵਾਹ ਦੇ ਨਾਂ ਦੀ ਬਦਨਾਮੀ ਹੋਣੀ ਸੀ।

18 ਹਿਜ਼ਕੀਯਾਹ ਦੀ ਪ੍ਰਾਰਥਨਾ ਦਾ ਜਵਾਬ ਯਸਾਯਾਹ ਰਾਹੀਂ ਮਿਲਿਆ। ਯਰੂਸ਼ਲਮ ਨੂੰ ਅੱਸ਼ੂਰ ਅੱਗੇ ਹਾਰ ਨਹੀਂ ਮੰਨਣੀ ਚਾਹੀਦੀ ਸੀ; ਉਸ ਨੂੰ ਦ੍ਰਿੜ੍ਹ ਰਹਿਣਾ ਚਾਹੀਦਾ ਸੀ। ਯਸਾਯਾਹ ਨੇ ਦਲੇਰੀ ਨਾਲ ਯਹੋਵਾਹ ਦਾ ਸੰਦੇਸ਼ ਦੱਸਿਆ ਜਿਵੇਂ ਯਹੋਵਾਹ ਖ਼ੁਦ ਸਨਹੇਰੀਬ ਨਾਲ ਗੱਲ ਕਰ ਰਿਹਾ ਹੋਵੇ: “ਉਹ ਤੈਨੂੰ ਤੁੱਛ ਜਾਣਦੀ ਹੈ, ਉਹ ਤੈਨੂੰ ਮਖੌਲ ਕਰਦੀ ਹੈ,—ਸੀਯੋਨ ਦੀ ਕੁਆਰੀ ਧੀ। ਯਰੂਸ਼ਲਮ ਦੀ ਧੀ ਤੇਰੇ ਪਿੱਛੇ ਸਿਰ ਹਿਲਾਉਂਦੀ ਹੈ।” (ਯਸਾਯਾਹ 37:21, 22) ਫਿਰ ਮਾਨੋ ਯਹੋਵਾਹ ਨੇ ਕਿਹਾ ‘ਇਸਰਾਏਲ ਦੇ ਪਵਿੱਤਰ ਪੁਰਖ ਦੇ ਖ਼ਿਲਾਫ਼ ਬੋਲਣ ਵਾਲਾ ਤੂੰ ਕੌਣ ਹੁੰਦਾ ਹੈਂ? ਮੈਂ ਤੇਰੇ ਕੰਮ ਜਾਣਦਾ ਹਾਂ। ਤੂੰ ਵੱਡੀਆਂ-ਵੱਡੀਆਂ ਉਮੀਦਾਂ ਰੱਖਦਾ ਹੈਂ; ਤੂੰ ਸ਼ੇਖੀ ਮਾਰਦਾ ਹੈਂ। ਤੈਂ ਆਪਣੀ ਸੈਨਿਕ ਸ਼ਕਤੀ ਉੱਤੇ ਭਰੋਸਾ ਰੱਖਿਆ ਹੈ ਅਤੇ ਦੇਸ਼ ਦੇ ਵੱਡੇ ਹਿੱਸੇ ਉੱਤੇ ਕਬਜ਼ਾ ਕੀਤਾ ਹੈ। ਪਰ ਤੂੰ ਵੀ ਹਰਾਇਆ ਜਾ ਸਕਦਾ ਹੈਂ। ਮੈਂ ਤੇਰੇ ਇਰਾਦੇ ਪੂਰੇ ਹੋਣ ਤੋਂ ਰੋਕਾਂਗਾ। ਮੈਂ ਤੈਨੂੰ ਹਰਾਵਾਂਗਾ। ਫਿਰ ਮੈਂ ਤੇਰੇ ਨਾਲ ਉਹ ਕਰਾਂਗਾ ਜੋ ਤੂੰ ਦੂਸਰਿਆਂ ਨਾਲ ਕੀਤਾ ਹੈ। ਮੈਂ ਤੇਰੇ ਨੱਕ ਵਿਚ ਕੁੰਡੀ ਪਾ ਕੇ ਤੈਨੂੰ ਅੱਸ਼ੂਰ ਵਾਪਸ ਲੈ ਜਾਵਾਂਗਾ!’ਯਸਾਯਾਹ 37:23-29.

“ਤੇਰੇ ਲਈ ਇਹ ਨਿਸ਼ਾਨ ਹੋਵੇਗਾ”

19. ਯਹੋਵਾਹ ਨੇ ਹਿਜ਼ਕੀਯਾਹ ਨੂੰ ਕਿਹੜਾ ਨਿਸ਼ਾਨ ਦਿੱਤਾ ਸੀ ਅਤੇ ਇਸ ਦਾ ਮਤਲਬ ਕੀ ਸੀ?

19 ਹਿਜ਼ਕੀਯਾਹ ਕੋਲ ਕਿਹੜੀ ਗਾਰੰਟੀ ਸੀ ਕਿ ਯਸਾਯਾਹ ਦੀ ਭਵਿੱਖਬਾਣੀ ਪੂਰੀ ਹੋਵੇਗੀ? ਯਹੋਵਾਹ ਨੇ ਜਵਾਬ ਦਿੱਤਾ: “ਤੇਰੇ ਲਈ ਇਹ ਨਿਸ਼ਾਨ ਹੋਵੇਗਾ, ਇਸ ਵਰਹੇ ਉਹ ਖਾਓ ਜੋ ਆਪ ਉੱਗੇ, ਦੂਜੇ ਵਰਹੇ ਉਹ ਜੋ ਉਸ ਤੋਂ ਉੱਗੇ, ਅਤੇ ਤੀਜੇ ਵਰਹੇ ਬੀਜੋ ਵੱਢੋ, ਅੰਗੂਰੀ ਬਾਗ ਲਾਓ ਅਰ ਓਹਨਾਂ ਦਾ ਫਲ ਖਾਓ।” (ਯਸਾਯਾਹ 37:30) ਯਹੋਵਾਹ ਨੇ ਯਰੂਸ਼ਲਮ ਅੰਦਰ ਫਸੇ ਹੋਏ ਯਹੂਦੀਆਂ ਨੂੰ ਭੁੱਖੇ ਨਹੀਂ ਮਰਨ ਦੇਣਾ ਸੀ। ਭਾਵੇਂ ਕਿ ਅੱਸ਼ੂਰੀਆਂ ਦੇ ਕਬਜ਼ੇ ਕਰਕੇ ਉਹ ਬੀ ਨਹੀਂ ਬੀਜ ਸਕੇ ਸਨ, ਉਹ ਪਿਛਲੇ ਸਾਲ ਦੀ ਵਾਢੀ ਤੋਂ ਖਾਣਾ ਖਾ ਸਕਦੇ ਸਨ। ਅਗਲਾ ਸਾਲ ਸਬਤ ਦਾ ਸਾਲ ਸੀ, ਇਸ ਲਈ ਉਨ੍ਹਾਂ ਦੀ ਮੁਸ਼ਕਲ ਹਾਲਤ ਦੇ ਬਾਵਜੂਦ ਵੀ ਉਨ੍ਹਾਂ ਨੂੰ ਆਪਣੇ ਖੇਤ ਵਿਹਲੇ ਛੱਡਣੇ ਪੈਣੇ ਸਨ। (ਕੂਚ 23:11) ਯਹੋਵਾਹ ਨੇ ਵਾਅਦਾ ਕੀਤਾ ਸੀ ਕਿ ਜੇ ਲੋਕ ਉਸ ਦੀ ਸੁਣਨਗੇ, ਤਾਂ ਖੇਤਾਂ ਵਿਚ ਉਨ੍ਹਾਂ ਲਈ ਬਥੇਰੀ ਫ਼ਸਲ ਹੋਵੇਗੀ। ਫਿਰ ਤੀਜੇ ਸਾਲ ਉਹ ਬੀ ਬੀਜ ਸਕਣਗੇ ਅਤੇ ਆਪਣੀ ਮਿਹਨਤ ਦਾ ਫਲ ਖਾ ਸਕਣਗੇ।

20. ਅੱਸ਼ੂਰ ਦੇ ਹਮਲੇ ਤੋਂ ਬਚਣ ਵਾਲਿਆਂ ਨੇ ‘ਹੇਠਾਂ ਨੂੰ ਜੜ ਫੜ ਕੇ ਉਤਾਹਾਂ ਨੂੰ ਕਿਵੇਂ ਫਲਣਾ’ ਸੀ?

20 ਅੱਗੇ ਯਹੋਵਾਹ ਨੇ ਆਪਣੇ ਲੋਕਾਂ ਦੀ ਤੁਲਨਾ ਉਸ ਪੌਦੇ ਨਾਲ ਕੀਤੀ ਜੋ ਸੌਖੀ ਤਰ੍ਹਾਂ ਜੜ੍ਹੋਂ ਨਹੀਂ ਪੁੱਟਿਆ ਜਾ ਸਕਦਾ ਸੀ: “ਓਹ ਭਗੌੜੇ ਜੋ ਯਹੂਦਾਹ ਦੇ ਘਰਾਣੇ ਵਿੱਚੋਂ ਬਚ ਰਹੇ ਹਨ, ਹੇਠਾਂ ਨੂੰ ਜੜ ਫੜ ਕੇ ਉਤਾਹਾਂ ਨੂੰ ਫਲਣਗੇ।” (ਯਸਾਯਾਹ 37:31, 32) ਜੀ ਹਾਂ, ਯਹੋਵਾਹ ਉੱਤੇ ਭਰੋਸਾ ਰੱਖਣ ਵਾਲਿਆਂ ਨੂੰ ਡਰਨ ਦੀ ਕੋਈ ਲੋੜ ਨਹੀਂ ਸੀ। ਉਨ੍ਹਾਂ ਨੇ ਆਪਣੀ ਔਲਾਦ ਨਾਲ ਦੇਸ਼ ਵਿਚ ਪੱਕੀ ਤਰ੍ਹਾਂ ਕਾਇਮ ਰਹਿਣਾ ਸੀ।

21, 22. (ੳ) ਸਨਹੇਰੀਬ ਬਾਰੇ ਕਿਹੜੀ ਭਵਿੱਖਬਾਣੀ ਕੀਤੀ ਗਈ ਸੀ? (ਅ) ਸਨਹੇਰੀਬ ਬਾਰੇ ਇਹ ਭਵਿੱਖਬਾਣੀ ਕਦੋਂ ਅਤੇ ਕਿੱਦਾਂ ਪੂਰੀ ਹੋਈ ਸੀ?

21 ਯਰੂਸ਼ਲਮ ਦੇ ਖ਼ਿਲਾਫ਼ ਉਸ ਅੱਸ਼ੂਰੀ ਦੀਆਂ ਧਮਕੀਆਂ ਬਾਰੇ ਕੀ? ਯਹੋਵਾਹ ਨੇ ਕਿਹਾ: “ਉਹ ਨਾ ਤਾਂ ਇਸ ਸ਼ਹਿਰ ਕੋਲ ਆਵੇਗਾ, ਨਾ ਐਥੇ ਬਾਣ ਚਲਾਵੇਗਾ, ਨਾ ਢਾਲ ਲੈ ਕੇ ਉਹ ਦੇ ਉੱਤੇ ਧਾਵਾ ਕਰੇਗਾ, ਨਾ ਉਹ ਦੇ ਅੱਗੇ ਦਮਦਮਾ ਬਣਾਵੇਗਾ। ਜਿਸ ਰਾਹ ਉਹ ਆਇਆ, ਉਸੇ ਰਾਹ ਉਹ ਮੁੜ ਜਾਵੇਗਾ, ਉਹ ਇਸ ਸ਼ਹਿਰ ਕੋਲ ਨਾ ਆਵੇਗਾ।” (ਯਸਾਯਾਹ 37:33, 34) ਅੱਸ਼ੂਰ ਅਤੇ ਯਰੂਸ਼ਲਮ ਦੀ ਕੋਈ ਲੜਾਈ ਨਹੀਂ ਹੋਣੀ ਸੀ। ਹੈਰਾਨੀ ਦੀ ਗੱਲ ਸੀ ਕਿ ਯਹੂਦੀਆਂ ਦੀ ਬਜਾਇ ਅੱਸ਼ੂਰੀਆਂ ਨੂੰ ਲੜਾਈ ਕੀਤੇ ਬਿਨਾਂ ਹਰਾਇਆ ਜਾਣਾ ਸੀ।

22 ਯਹੋਵਾਹ ਆਪਣੇ ਬਚਨ ਦਾ ਪੱਕਾ ਰਿਹਾ ਅਤੇ ਉਸ ਨੇ ਇਕ ਦੂਤ ਭੇਜਿਆ ਜਿਸ ਨੇ ਸਨਹੇਰੀਬ ਦੀ ਫ਼ੌਜ ਦੇ ਸਭ ਤੋਂ ਵਧੀਆ 1,85,000 ਫ਼ੌਜੀ ਮਾਰ ਛੱਡੇ। ਹੋ ਸਕਦਾ ਹੈ ਕਿ ਇਹ ਲਿਬਨਾਹ ਵਿਚ ਹੋਇਆ ਸੀ ਅਤੇ ਸਨਹੇਰੀਬ ਨੇ ਖ਼ੁਦ ਉੱਠ ਕੇ ਆਗੂਆਂ, ਸੈਨਾਪਤੀਆਂ, ਅਤੇ ਫ਼ੌਜੀਆਂ ਨੂੰ ਮਰੇ ਹੋਏ ਦੇਖਿਆ ਸੀ। ਸ਼ਰਮ ਦੇ ਮਾਰੇ, ਉਹ ਨੀਨਵਾਹ ਨੂੰ ਵਾਪਸ ਮੁੜ ਗਿਆ, ਪਰ ਉਸ ਦੀ ਵੱਡੀ ਹਾਰ ਦੇ ਬਾਵਜੂਦ ਵੀ ਉਹ ਆਪਣੇ ਝੂਠੇ ਦੇਵਤੇ ਨਿਸਰੋਕ ਦਾ ਪੁਜਾਰੀ ਬਣਿਆ ਰਿਹਾ। ਕੁਝ ਸਾਲ ਬਾਅਦ, ਨਿਸਰੋਕ ਦੇ ਮੰਦਰ ਵਿਚ ਪੂਜਾ ਕਰਦੇ ਸਮੇਂ, ਸਨਹੇਰੀਬ ਦੇ ਦੋ ਪੁੱਤਰਾਂ ਨੇ ਉਸ ਦਾ ਖ਼ੂਨ ਕਰ ਦਿੱਤਾ। ਇਕ ਵਾਰ ਫਿਰ, ਬੇਜਾਨ ਨਿਸਰੋਕ ਉਸ ਨੂੰ ਬਚਾਉਣ ਲਈ ਕੁਝ ਨਹੀਂ ਕਰ ਸਕਿਆ।ਯਸਾਯਾਹ 37:35-38.

ਹਿਜ਼ਕੀਯਾਹ ਦੀ ਨਿਹਚਾ ਹੋਰ ਮਜ਼ਬੂਤ ਕੀਤੀ ਗਈ

23. ਜਦੋਂ ਸਨਹੇਰੀਬ ਪਹਿਲੀ ਵਾਰ ਯਹੂਦਾਹ ਵਿਰੁੱਧ ਆਇਆ, ਤਾਂ ਹਿਜ਼ਕੀਯਾਹ ਕਿਹੜੀ ਮੁਸੀਬਤ ਵਿਚ ਪਿਆ ਹੋਇਆ ਸੀ ਅਤੇ ਇਸ ਮੁਸੀਬਤ ਦਾ ਕੀ ਨਤੀਜਾ ਨਿਕਲ ਸਕਦਾ ਸੀ?

23 ਜਦੋਂ ਸਨਹੇਰੀਬ ਪਹਿਲੀ ਵਾਰ ਯਹੂਦਾਹ ਦੇ ਵਿਰੁੱਧ ਆਇਆ, ਤਾਂ ਹਿਜ਼ਕੀਯਾਹ ਬਹੁਤ ਬੀਮਾਰ ਸੀ। ਯਸਾਯਾਹ ਨੇ ਉਸ ਨੂੰ ਦੱਸਿਆ ਸੀ ਕਿ ਉਹ ਮਰ ਜਾਵੇਗਾ। (ਯਸਾਯਾਹ 38:1) ਰਾਜਾ ਜੋ ਸਿਰਫ਼ 39 ਸਾਲਾਂ ਦਾ ਸੀ, ਬਹੁਤ ਉਦਾਸ ਹੋਇਆ। ਉਸ ਨੂੰ ਸਿਰਫ਼ ਆਪਣੀ ਸਿਹਤ ਦੀ ਹੀ ਨਹੀਂ, ਬਲਕਿ ਲੋਕਾਂ ਦੇ ਭਵਿੱਖ ਦੀ ਵੀ ਚਿੰਤਾ ਸੀ। ਯਰੂਸ਼ਲਮ ਅਤੇ ਯਹੂਦਾਹ ਨੂੰ ਅੱਸ਼ੂਰੀਆਂ ਦੇ ਹਮਲੇ ਦਾ ਖ਼ਤਰਾ ਸੀ। ਜੇ ਹਿਜ਼ਕੀਯਾਹ ਮਰ ਜਾਂਦਾ, ਤਾਂ ਲੜਾਈ ਵਿਚ ਅਗਵਾਈ ਕੌਣ ਕਰ ਸਕਦਾ ਸੀ? ਉਸ ਸਮੇਂ ਹਿਜ਼ਕੀਯਾਹ ਦਾ ਕੋਈ ਪੁੱਤਰ ਵੀ ਨਹੀਂ ਸੀ ਜੋ ਰਾਜ ਸੰਭਾਲ ਸਕਦਾ ਸੀ। ਪੂਰੇ ਦਿਲ ਨਾਲ ਪ੍ਰਾਰਥਨਾ ਕਰਦੇ ਹੋਏ ਹਿਜ਼ਕੀਯਾਹ ਨੇ ਯਹੋਵਾਹ ਅੱਗੇ ਮਿੰਨਤ ਕੀਤੀ ਕਿ ਉਹ ਉਸ ਉੱਤੇ ਦਇਆ ਕਰੇ।ਯਸਾਯਾਹ 38:2, 3.

24, 25. (ੳ) ਯਹੋਵਾਹ ਨੇ ਹਿਜ਼ਕੀਯਾਹ ਉੱਤੇ ਮਿਹਰ ਕਰ ਕੇ ਉਸ ਦੀ ਪ੍ਰਾਰਥਨਾ ਕਿਵੇਂ ਸੁਣੀ ਸੀ? (ਅ) ਯਸਾਯਾਹ 38:7, 8 ਦੇ ਅਨੁਸਾਰ ਯਹੋਵਾਹ ਨੇ ਕਿਹੜਾ ਚਮਤਕਾਰ ਕੀਤਾ ਸੀ?

24 ਯਸਾਯਾਹ ਅਜੇ ਮਹਿਲ ਦੇ ਵਿਹੜੇ ਵਿਚ ਹੀ ਸੀ ਜਦੋਂ ਯਹੋਵਾਹ ਨੇ ਉਸ ਨੂੰ ਬੀਮਾਰ ਹਿਜ਼ਕੀਯਾਹ ਕੋਲ ਇਕ ਹੋਰ ਸੁਨੇਹਾ ਦੇ ਕੇ ਵਾਪਸ ਭੇਜਿਆ: “ਮੈਂ ਤੇਰੀ ਪ੍ਰਾਰਥਨਾ ਸੁਣੀ ਹੈ, ਮੈਂ ਤੇਰੇ ਅੱਥਰੂ ਵੇਖੇ ਹਨ। ਵੇਖ, ਮੈਂ ਤੇਰੀ ਉਮਰ ਵਿੱਚ ਪੰਦਰਾਂ ਵਰਹੇ ਹੋਰ ਵਧਾਵਾਂਗਾ। ਮੈਂ ਤੈਨੂੰ ਅਤੇ ਇਸ ਸ਼ਹਿਰ ਨੂੰ ਅੱਸ਼ੂਰ ਦੇ ਪਾਤਸ਼ਾਹ ਦੇ ਹੱਥੋਂ ਛੁਡਾਵਾਂਗਾ ਅਤੇ ਇਸ ਸ਼ਹਿਰ ਨੂੰ ਸਾਂਭ ਰੱਖਾਂਗਾ।” (ਯਸਾਯਾਹ 38:4-6; 2 ਰਾਜਿਆਂ 20:4, 5) ਯਹੋਵਾਹ ਨੇ ਇਕ ਅਜੀਬ ਨਿਸ਼ਾਨ ਨਾਲ ਆਪਣਾ ਵਾਅਦਾ ਪੱਕਾ ਕੀਤਾ: “ਮੈਂ ਉਸ ਪਰਛਾਵੇਂ ਨੂੰ ਜਿਹੜਾ ਆਹਾਜ਼ ਦੀ ਧੁੱਪ ਘੜੀ ਉੱਤੇ ਸੂਰਜ ਨਾਲ ਲਹਿ ਗਿਆ ਹੈ ਦਸ ਦਰਜੇ ਪਿੱਛਾਵਾਂ ਮੋੜ ਦਿਆਂਗਾ।”—ਯਸਾਯਾਹ 38:7, 8ੳ.

25 ਯਹੂਦੀ ਇਤਿਹਾਸਕਾਰ ਜੋਸੀਫ਼ਸ ਦੇ ਅਨੁਸਾਰ, ਮਹਿਲ ਦੇ ਅੰਦਰ ਪੌੜੀਆਂ ਸਨ ਅਤੇ ਉਨ੍ਹਾਂ ਦੇ ਨਾਲ ਇਕ ਥੰਮ੍ਹ ਸੀ। ਜਦੋਂ ਸੂਰਜ ਦੀ ਰੌਸ਼ਨੀ ਥੰਮ੍ਹ ਤੇ ਪੈਂਦੀ ਸੀ, ਤਾਂ ਪੌੜੀਆਂ ਉੱਤੇ ਪਰਛਾਵਾਂ ਪੈਂਦਾ ਸੀ। ਇਸ ਧੁੱਪ ਘੜੀ ਜਾਂ ਪੌੜੀਆਂ ਉੱਤੇ ਪਰਛਾਵੇਂ ਤੋਂ ਸਮਾਂ ਜਾਣਿਆ ਜਾ ਸਕਦਾ ਸੀ। ਯਹੋਵਾਹ ਨੇ ਇਕ ਚਮਤਕਾਰ ਕੀਤਾ। ਜੋ ਪਰਛਾਵਾਂ ਰੋਜ਼ ਵਾਂਗ ਪੌੜੀਆਂ ਉੱਤੇ ਪੈਂਦਾ ਸੀ, ਉਹ ਦਸ ਕਦਮ ਪਿੱਛੇ ਮੁੜਿਆ। ਕੀ ਅਜਿਹੀ ਗੱਲ ਕਿਸੇ ਨੇ ਕਦੀ ਸੁਣੀ ਸੀ? ਬਾਈਬਲ ਕਹਿੰਦੀ ਹੈ: “ਤਾਂ ਸੂਰਜ ਦਾ ਪਰਛਾਵਾਂ ਦਸ ਦਰਜੇ ਧੁੱਪ ਘੜੀ ਉੱਤੇ ਮੁੜ ਗਿਆ ਜਿੱਥੋਂ ਉਹ ਲਹਿ ਗਿਆ ਸੀ।” (ਯਸਾਯਾਹ 38:8ਅ) ਇਸ ਤੋਂ ਥੋੜ੍ਹੀ ਦੇਰ ਬਾਅਦ, ਹਿਜ਼ਕੀਯਾਹ ਆਪਣੀ ਬੀਮਾਰੀ ਤੋਂ ਠੀਕ ਹੋ ਗਿਆ। ਇਹ ਖ਼ਬਰ ਦੂਰ ਬਾਬਲ ਤਕ ਫੈਲ ਗਈ। ਜਦੋਂ ਬਾਬਲ ਦੇ ਰਾਜੇ ਨੂੰ ਇਹ ਖ਼ਬਰ ਮਿਲੀ, ਤਾਂ ਉਸ ਨੇ ਅਸਲੀਅਤ ਜਾਣਨ ਲਈ ਯਰੂਸ਼ਲਮ ਨੂੰ ਆਪਣੇ ਏਲਚੀ ਭੇਜੇ।

26. ਹਿਜ਼ਕੀਯਾਹ ਦੀ ਉਮਰ ਵਧਾਉਣ ਦਾ ਇਕ ਨਤੀਜਾ ਕੀ ਨਿਕਲਿਆ ਸੀ?

26 ਹਿਜ਼ਕੀਯਾਹ ਦੇ ਚਮਤਕਾਰੀ ਢੰਗ ਨਾਲ ਠੀਕ ਹੋਣ ਤੋਂ ਕੁਝ ਤਿੰਨ ਸਾਲ ਬਾਅਦ, ਉਸ ਦਾ ਪਹਿਲਾ ਪੁੱਤਰ ਮਨੱਸ਼ਹ ਪੈਦਾ ਹੋਇਆ ਸੀ। ਵੱਡਾ ਹੋ ਕੇ ਮਨੱਸ਼ਹ ਨੇ ਪਰਮੇਸ਼ੁਰ ਦੀ ਦਇਆ ਦੀ ਕੋਈ ਕਦਰ ਨਹੀਂ ਕੀਤੀ ਜਿਸ ਤੋਂ ਬਗੈਰ ਉਸ ਨੇ ਪੈਦਾ ਵੀ ਨਹੀਂ ਹੋਣਾ ਸੀ! ਇਸ ਦੀ ਬਜਾਇ, ਤਕਰੀਬਨ ਆਪਣੀ ਸਾਰੀ ਜ਼ਿੰਦਗੀ ਦੌਰਾਨ, ਮਨੱਸ਼ਹ ਨੇ ਉਹ ਕੀਤਾ ਜੋ ਯਹੋਵਾਹ ਦੀ ਨਜ਼ਰ ਵਿਚ ਬੁਰਾ ਸੀ।—2 ਇਤਹਾਸ 32:24; 33:1-6.

ਹਿਜ਼ਕੀਯਾਹ ਦੀ ਵੱਡੀ ਗ਼ਲਤੀ

27. ਹਿਜ਼ਕੀਯਾਹ ਨੇ ਯਹੋਵਾਹ ਲਈ ਕਦਰ ਕਿਸ ਤਰ੍ਹਾਂ ਦਿਖਾਈ ਸੀ?

27 ਹਿਜ਼ਕੀਯਾਹ ਆਪਣੇ ਪੜਦਾਦੇ ਦਾਊਦ ਵਾਂਗ ਇਕ ਨਿਹਚਾਵਾਨ ਮਨੁੱਖ ਸੀ। ਉਹ ਪਰਮੇਸ਼ੁਰ ਦੇ ਬਚਨ ਦੀ ਬਹੁਤ ਕਦਰ ਕਰਦਾ ਸੀ। ਕਹਾਉਤਾਂ 25:1 ਦੇ ਅਨੁਸਾਰ, ਉਸ ਨੇ ਉਨ੍ਹਾਂ ਗੱਲਾਂ ਨੂੰ ਲਿਖਵਾਉਣ ਦਾ ਪ੍ਰਬੰਧ ਕੀਤਾ ਜੋ ਹੁਣ ਕਹਾਉਤਾਂ 25 ਤੋਂ 29 ਵਿਚ ਲਿਖੀਆਂ ਗਈਆਂ ਹਨ। ਕੁਝ ਲੋਕ ਇਹ ਵੀ ਮੰਨਦੇ ਹਨ ਕਿ ਉਸ ਨੇ 119ਵਾਂ ਜ਼ਬੂਰ ਰਚਿਆ ਸੀ। ਹਿਜ਼ਕੀਯਾਹ ਨੇ ਠੀਕ ਹੋਣ ਤੋਂ ਬਾਅਦ ਜੋ ਗੀਤ ਲਿਖਿਆ ਸੀ, ਉਸ ਤੋਂ ਪਤਾ ਲੱਗਦਾ ਹੈ ਕਿ ਉਹ ਗਹਿਰੀਆਂ ਭਾਵਨਾਵਾਂ ਵਾਲਾ ਮਨੁੱਖ ਸੀ। ਉਸ ਨੇ ਗੀਤ ਸਮਾਪਤ ਕਰਦੇ ਹੋਏ ਕਿਹਾ ਕਿ ਜ਼ਿੰਦਗੀ ਵਿਚ ਸਭ ਤੋਂ ਜ਼ਰੂਰੀ ਚੀਜ਼ ਇਹ ਸੀ ਕਿ “ਆਪਣੀ ਉਮਰ ਦੇ ਸਾਰੇ ਦਿਨ” ਯਹੋਵਾਹ ਦੇ ਭਵਨ ਵਿਚ ਉਸ ਦੀ ਉਸਤਤ ਕੀਤੀ ਜਾਵੇ। (ਯਸਾਯਾਹ 38:9-20) ਉਮੀਦ ਹੈ ਕਿ ਅਸੀਂ ਸਾਰੇ ਜਣੇ ਸ਼ੁੱਧ ਉਪਾਸਨਾ ਬਾਰੇ ਇਸੇ ਤਰ੍ਹਾਂ ਮਹਿਸੂਸ ਕਰਦੇ ਹਾਂ!

28. ਹਿਜ਼ਕੀਯਾਹ ਦੇ ਠੀਕ ਹੋਣ ਤੋਂ ਕੁਝ ਸਮੇਂ ਬਾਅਦ, ਉਸ ਨੇ ਕਿਹੜੀ ਵੱਡੀ ਗ਼ਲਤੀ ਕੀਤੀ ਸੀ?

28 ਹਿਜ਼ਕੀਯਾਹ ਦੀ ਵਫ਼ਾਦਾਰੀ ਦੇ ਬਾਵਜੂਦ ਉਹ ਅਪੂਰਣ ਸੀ। ਠੀਕ ਹੋਣ ਤੋਂ ਕੁਝ ਸਮੇਂ ਬਾਅਦ, ਉਸ ਨੇ ਇਕ ਵੱਡੀ ਗ਼ਲਤੀ ਕੀਤੀ। ਯਸਾਯਾਹ ਨੇ ਦੱਸਿਆ: “ਉਸ ਵੇਲੇ ਬਾਬਲ ਦੇ ਪਾਤਸ਼ਾਹ ਬਲਦਾਨ ਦੇ ਪੁੱਤ੍ਰ ਮਰੋਦਕ-ਬਲਦਾਨ ਨੇ ਹਿਜ਼ਕੀਯਾਹ ਨੂੰ ਚਿੱਠੀਆਂ ਅਰ ਇੱਕ ਸੁਗਾਤ ਘੱਲੀ ਕਿਉਂ ਜੋ ਉਸ ਨੇ ਸੁਣਿਆ ਸੀ ਕਿ ਉਹ ਬਿਮਾਰ ਹੋ ਗਿਆ ਸੀ ਅਤੇ ਹੁਣ ਤਕੜਾ ਹੈ। ਹਿਜ਼ਕੀਯਾਹ ਓਹਨਾਂ ਦੇ ਕਾਰਨ ਅਨੰਦ ਹੋਇਆ ਅਤੇ ਓਹਨਾਂ ਨੂੰ ਆਪਣਾ ਤੋਸ਼ਾ ਖ਼ਾਨਾ ਵਿਖਾਇਆ, ਚਾਂਦੀ, ਸੋਨਾ, ਮਸਾਲਾ, ਖਾਲਸ ਤੇਲ, ਆਪਣਾ ਸਾਰਾ ਸ਼ਸਤਰ ਖ਼ਾਨਾ ਅਰ ਉਹ ਸਭ ਕੁਝ ਜੋ ਉਹ ਦੇ ਭੰਡਾਰਾਂ ਵਿੱਚ ਸੀ। ਉਹ ਦੇ ਮਹਿਲ ਵਿੱਚ ਅਤੇ ਉਹ ਦੀ ਸਾਰੀ ਪਾਤਸ਼ਾਹੀ ਵਿੱਚ ਕੋਈ ਚੀਜ਼ ਨਹੀਂ ਸੀ ਜਿਹ ਨੂੰ ਹਿਜ਼ਕੀਯਾਹ ਨੇ ਓਹਨਾਂ ਨੂੰ ਨਹੀਂ ਵਿਖਾਇਆ।”—ਯਸਾਯਾਹ 39:1, 2. *

29. (ੳ) ਹਿਜ਼ਕੀਯਾਹ ਨੇ ਬਾਬਲੀਆਂ ਨੂੰ ਆਪਣੀ ਧਨ-ਦੌਲਤ ਸ਼ਾਇਦ ਕਿਉਂ ਦਿਖਾਈ ਸੀ? (ਅ) ਹਿਜ਼ਕੀਯਾਹ ਦੀ ਗ਼ਲਤੀ ਦੇ ਨਤੀਜੇ ਵਜੋਂ ਕੀ ਹੋਇਆ ਸੀ?

29 ਭਾਵੇਂ ਕਿ ਯਹੋਵਾਹ ਦੇ ਦੂਤ ਨੇ ਅੱਸ਼ੂਰ ਨੂੰ ਬੁਰੀ ਤਰ੍ਹਾਂ ਹਰਾਇਆ ਸੀ, ਅੱਸ਼ੂਰ, ਬਾਬਲ ਅਤੇ ਹੋਰ ਕਈਆਂ ਕੌਮਾਂ ਲਈ ਇਕ ਖ਼ਤਰਾ ਸੀ। ਹੋ ਸਕਦਾ ਹੈ ਕਿ ਹਿਜ਼ਕੀਯਾਹ ਨੇ ਬਾਬਲ ਦੇ ਰਾਜੇ ਉੱਤੇ ਚੰਗਾ ਪ੍ਰਭਾਵ ਪਾ ਕੇ ਉਸ ਨੂੰ ਮਿੱਤਰ ਬਣਾਉਣਾ ਚਾਹਿਆ ਹੋਵੇ। ਲੇਕਿਨ, ਯਹੋਵਾਹ ਨਹੀਂ ਚਾਹੁੰਦਾ ਸੀ ਕਿ ਯਹੂਦਾਹ ਦੇ ਵਾਸੀ ਆਪਣੇ ਵੈਰੀਆਂ ਨਾਲ ਮਿਲਣ; ਉਹ ਚਾਹੁੰਦਾ ਸੀ ਕਿ ਉਹ ਉਸ ਉੱਤੇ ਭਰੋਸਾ ਰੱਖਣ! ਯਸਾਯਾਹ ਨਬੀ ਰਾਹੀਂ, ਯਹੋਵਾਹ ਨੇ ਹਿਜ਼ਕੀਯਾਹ ਨੂੰ ਭਵਿੱਖ ਬਾਰੇ ਦੱਸਿਆ: “ਓਹ ਦਿਨ ਆਉਂਦੇ ਹਨ ਜਦ ਸਭ ਕੁਝ ਜੋ ਤੇਰੇ ਮਹਿਲ ਵਿੱਚ ਹੈ ਅਰ ਜੋ ਕੁਝ ਤੇਰੇ ਪਿਉ ਦਾਦਿਆਂ ਨੇ ਅੱਜ ਦੇ ਦਿਨ ਤਾਈਂ ਇਕੱਠਾ ਕੀਤਾ ਹੈ ਬਾਬਲ ਨੂੰ ਲੈ ਜਾਇਆ ਜਾਵੇਗਾ, ਕੁਝ ਵੀ ਛੱਡਿਆ ਨਾ ਜਾਵੇਗਾ, . . . ਅਤੇ ਤੇਰੇ ਪੁੱਤ੍ਰਾਂ ਵਿੱਚੋਂ ਜੋ ਤੈਥੋਂ ਪੈਦਾ ਹੋਣਗੇ ਜਿਨ੍ਹਾਂ ਨੂੰ ਤੂੰ ਜਨਮ ਦੇਵੇਂਗਾ ਕਈਆਂ ਨੂੰ ਓਹ ਲੈ ਜਾਣਗੇ ਅਰ ਓਹ ਬਾਬਲ ਦੇ ਪਾਤਸ਼ਾਹ ਦੇ ਮਹਿਲ ਵਿੱਚ ਖੁਸਰੇ ਬਣਨਗੇ।” (ਯਸਾਯਾਹ 39:3-7) ਜੀ ਹਾਂ, ਜਿਸ ਕੌਮ ਉੱਤੇ ਹਿਜ਼ਕੀਯਾਹ ਨੇ ਚੰਗਾ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕੀਤੀ ਸੀ, ਉਹੀ ਕੌਮ ਯਰੂਸ਼ਲਮ ਦੇ ਖ਼ਜ਼ਾਨੇ ਲੁੱਟ ਕੇ ਲੈ ਜਾਵੇਗੀ ਅਤੇ ਉਸ ਦੇ ਵਾਸੀਆਂ ਨੂੰ ਗ਼ੁਲਾਮ ਬਣਾਵੇਗੀ। ਹਿਜ਼ਕੀਯਾਹ ਨੇ ਆਪਣਾ ਖ਼ਜ਼ਾਨਾ ਦਿਖਾ ਕੇ ਬਾਬਲੀਆਂ ਦੇ ਲਾਲਚ ਨੂੰ ਹੋਰ ਵਧਾ ਦਿੱਤਾ ਸੀ।

30. ਆਪਣੀ ਗ਼ਲਤੀ ਸੁਧਾਰਨ ਲਈ ਹਿਜ਼ਕੀਯਾਹ ਨੇ ਕਿਹੜਾ ਚੰਗਾ ਕਦਮ ਚੁੱਕਿਆ ਸੀ?

30 ਬਾਬਲੀਆਂ ਨੂੰ ਆਪਣਾ ਸਾਰਾ ਖ਼ਜ਼ਾਨਾ ਦਿਖਾਉਣ ਦੀ ਘਟਨਾ ਦਾ ਜ਼ਿਕਰ ਕਰਦੇ ਹੋਏ, 2 ਇਤਹਾਸ 32:26 ਕਹਿੰਦਾ ਹੈ: “ਤਦ ਹਿਜ਼ਕੀਯਾਹ ਤੇ ਯਰੂਸ਼ਲਮ ਦੇ ਵਾਸੀਆਂ ਨੇ ਆਪਣੇ ਮਨ ਵਿੱਚ ਹੰਕਾਰ ਦੇ ਥਾਂ ਅਧੀਨਗੀ ਫੜੀ ਤਾਂ ਹਿਜ਼ਕੀਯਾਹ ਦੇ ਦਿਨਾਂ ਵਿੱਚ ਉਨ੍ਹਾਂ ਉੱਤੇ ਕਹਿਰ ਨਾ ਪਿਆ।”

31. ਹਿਜ਼ਕੀਯਾਹ ਦੀ ਜ਼ਿੰਦਗੀ ਕਿਹੋ ਜਿਹੀ ਸੀ ਅਤੇ ਅਸੀਂ ਇਸ ਤੋਂ ਕੀ ਸਿੱਖ ਸਕਦੇ ਹਾਂ?

31 ਆਪਣੀ ਅਪੂਰਣਤਾ ਦੇ ਬਾਵਜੂਦ, ਹਿਜ਼ਕੀਯਾਹ ਫਿਰ ਵੀ ਇਕ ਨਿਹਚਾਵਾਨ ਮਨੁੱਖ ਸੀ। ਉਸ ਲਈ ਯਹੋਵਾਹ ਅਸਲੀ ਸੀ, ਅਜਿਹਾ ਪਰਮੇਸ਼ੁਰ ਜਿਸ ਦੀਆਂ ਭਾਵਨਾਵਾਂ ਵੀ ਹਨ। ਦਬਾਅ ਦੇ ਅਧੀਨ ਹਿਜ਼ਕੀਯਾਹ ਨੇ ਦਿਲੋਂ ਪ੍ਰਾਰਥਨਾ ਕੀਤੀ ਅਤੇ ਯਹੋਵਾਹ ਨੇ ਉਸ ਦੀ ਸੁਣੀ। ਯਹੋਵਾਹ ਪਰਮੇਸ਼ੁਰ ਨੇ ਉਸ ਦੀ ਬਾਕੀ ਦੀ ਜ਼ਿੰਦਗੀ ਵਿਚ ਉਸ ਨੂੰ ਸ਼ਾਂਤੀ ਬਖ਼ਸ਼ੀ ਜਿਸ ਲਈ ਹਿਜ਼ਕੀਯਾਹ ਸ਼ੁਕਰਗੁਜ਼ਾਰ ਸੀ। (ਯਸਾਯਾਹ 39:8) ਯਹੋਵਾਹ ਨੂੰ ਅੱਜ ਸਾਡੇ ਲਈ ਵੀ ਅਸਲੀ ਹੋਣਾ ਚਾਹੀਦਾ ਹੈ। ਜਦੋਂ ਮੁਸੀਬਤਾਂ ਖੜ੍ਹੀਆਂ ਹੁੰਦੀਆਂ ਹਨ, ਤਾਂ ਸਾਨੂੰ ਹਿਜ਼ਕੀਯਾਹ ਵਾਂਗ ਯਹੋਵਾਹ ਤੋਂ ਬੁੱਧ ਅਤੇ ਮਦਦ ਮੰਗਣੀ ਚਾਹੀਦੀ ਹੈ, ਕਿਉਂਕਿ ਉਹ “ਸਭਨਾਂ ਨੂੰ ਖੁਲ੍ਹੇ ਦਿਲ ਨਾਲ ਬਿਨਾ ਉਲਾਂਭੇ ਦੇ ਦਿੰਦਾ ਹੈ।” (ਯਾਕੂਬ 1:5) ਜੇ ਅਸੀਂ ਧੀਰਜ ਨਾਲ ਯਹੋਵਾਹ ਵਿਚ ਨਿਹਚਾ ਕਰੀਏ, ਤਾਂ ਸਾਨੂੰ ਪੂਰਾ ਯਕੀਨ ਹੋ ਸਕਦਾ ਹੈ ਕਿ ਉਹ ਹੁਣ ਅਤੇ ਭਵਿੱਖ ਵਿਚ “ਆਪਣਿਆਂ ਤਾਲਿਬਾਂ ਦਾ ਫਲ-ਦਾਤਾ” ਬਣੇਗਾ।—ਇਬਰਾਨੀਆਂ 11:6.

[ਫੁਟਨੋਟ]

^ ਪੈਰਾ 4 ਅੱਜ ਦੇ ਹਿਸਾਬ ਨਾਲ ਇਹ ਕੀਮਤ 95 ਲੱਖ ਅਮਰੀਕੀ ਡਾਲਰ ਦੇ ਬਰਾਬਰ ਹੈ।

^ ਪੈਰਾ 28 ਸਨਹੇਰੀਬ ਦੀ ਹਾਰ ਤੋਂ ਬਾਅਦ, ਆਲੇ-ਦੁਆਲੇ ਦੀਆਂ ਕੌਮਾਂ ਨੇ ਸੋਨਾ, ਚਾਂਦੀ, ਅਤੇ ਹੋਰ ਕੀਮਤੀ ਚੀਜ਼ਾਂ ਹਿਜ਼ਕੀਯਾਹ ਲਈ ਲਿਆਂਦੀਆਂ ਸਨ। ਇਤਹਾਸ ਦੀ ਦੂਜੀ ਪੋਥੀ 32:22, 23, 27 ਵਿਚ ਅਸੀਂ ਪੜ੍ਹਦੇ ਹਾਂ ਕਿ “ਹਿਜ਼ਕੀਯਾਹ ਦੀ ਦੌਲਤ ਅਤੇ ਮਾਣ ਬਹੁਤ ਵਧ ਗਿਆ” ਅਤੇ ਉਹ “ਸਾਰੀਆਂ ਕੌਮਾਂ ਦੀ ਨਿਗਾਹ ਵਿੱਚ ਉੱਚਾ ਹੋ ਗਿਆ।” ਇਨ੍ਹਾਂ ਤੋਹਫ਼ਿਆਂ ਨੇ ਸ਼ਾਇਦ ਉਸ ਦੇ ਖ਼ਜ਼ਾਨੇ ਨੂੰ ਦੁਬਾਰਾ ਭਰਿਆ ਹੋਵੇ, ਜੋ ਅੱਸ਼ੂਰੀਆਂ ਨੂੰ ਕਰ ਦੇਣ ਨਾਲ ਖਾਲੀ ਹੋ ਗਿਆ ਸੀ।

[ਸਵਾਲ]

[ਸਫ਼ਾ 383 ਉੱਤੇ ਤਸਵੀਰ]

ਅੱਸ਼ੂਰ ਦੀ ਸ਼ਕਤੀ ਦਾ ਸਾਮ੍ਹਣਾ ਕਰਦੇ ਹੋਏ ਰਾਜਾ ਹਿਜ਼ਕੀਯਾਹ ਨੇ ਯਹੋਵਾਹ ਉੱਤੇ ਭਰੋਸਾ ਰੱਖਿਆ

[ਪੂਰੇ ਸਫ਼ੇ 384 ਉੱਤੇ ਤਸਵੀਰ]

[ਸਫ਼ਾ 389 ਉੱਤੇ ਤਸਵੀਰ]

ਰਾਜੇ ਨੇ ਯਹੋਵਾਹ ਦੀ ਸਲਾਹ ਲੈਣ ਲਈ ਯਸਾਯਾਹ ਕੋਲ ਏਲਚੀ ਭੇਜੇ

[ਸਫ਼ਾ 390 ਉੱਤੇ ਤਸਵੀਰ]

ਹਿਜ਼ਕੀਯਾਹ ਨੇ ਪ੍ਰਾਰਥਨਾ ਕੀਤੀ ਕਿ ਅੱਸ਼ੂਰ ਦੀ ਹਾਰ ਰਾਹੀਂ ਯਹੋਵਾਹ ਦੇ ਨਾਂ ਦੀ ਵਡਿਆਈ ਹੋਵੇ

[ਸਫ਼ਾ 393 ਉੱਤੇ ਤਸਵੀਰ]

ਯਹੋਵਾਹ ਦੇ ਦੂਤ ਨੇ 1,85,000 ਅੱਸ਼ੂਰੀਆਂ ਨੂੰ ਮਾਰ ਸੁੱਟਿਆ