Skip to content

Skip to table of contents

“ਕੋਈ ਵਾਸੀ ਨਾ ਆਖੇਗਾ, ਮੈਂ ਬਿਮਾਰ ਹਾਂ”

“ਕੋਈ ਵਾਸੀ ਨਾ ਆਖੇਗਾ, ਮੈਂ ਬਿਮਾਰ ਹਾਂ”

ਛੱਬ੍ਹੀਵਾਂ ਅਧਿਆਇ

“ਕੋਈ ਵਾਸੀ ਨਾ ਆਖੇਗਾ, ਮੈਂ ਬਿਮਾਰ ਹਾਂ”

ਯਸਾਯਾਹ 33:1-24

1. ਯਸਾਯਾਹ 33:24 ਦੇ ਸ਼ਬਦਾਂ ਤੋਂ ਸਾਨੂੰ ਕਿਉਂ ਦਿਲਾਸਾ ਮਿਲਦਾ ਹੈ?

“ਸਾਰੀ ਸਰਿਸ਼ਟੀ ਰਲ ਕੇ ਹੁਣ ਤੀਕ ਹਾਹੁਕੇ ਭਰਦੀ ਹੈ ਅਤੇ ਉਹ ਨੂੰ ਪੀੜਾਂ ਲੱਗੀਆਂ ਹੋਈਆਂ ਹਨ।” ਪੌਲੁਸ ਰਸੂਲ ਨੇ ਇਹ ਸ਼ਬਦ ਕਹੇ ਸਨ। (ਰੋਮੀਆਂ 8:22) ਡਾਕਟਰੀ ਵਿਗਿਆਨ ਦੀ ਤਰੱਕੀ ਦੇ ਬਾਵਜੂਦ, ਲੋਕ ਹਾਲੇ ਵੀ ਬੀਮਾਰ ਹੁੰਦੇ ਹਨ ਅਤੇ ਮਰ ਜਾਂਦੇ ਹਨ। ਤਾਂ ਫਿਰ, ਯਸਾਯਾਹ ਦੀ ਭਵਿੱਖਬਾਣੀ ਦਾ ਇਹ ਵਾਅਦਾ ਕਿੰਨਾ ਸ਼ਾਨਦਾਰ ਹੈ! ਉਸ ਸਮੇਂ ਦੀ ਕਲਪਨਾ ਕਰੋ ਜਦੋਂ “ਕੋਈ ਵਾਸੀ ਨਾ ਆਖੇਗਾ, ਮੈਂ ਬਿਮਾਰ ਹਾਂ।” (ਯਸਾਯਾਹ 33:24) ਇਹ ਵਾਅਦਾ ਕਦੋਂ ਅਤੇ ਕਿੱਦਾਂ ਪੂਰਾ ਹੋਵੇਗਾ?

2, 3. (ੳ) ਇਸਰਾਏਲ ਦੀ ਕੌਮ ਬੀਮਾਰ ਕਿਵੇਂ ਸੀ? (ਅ) ਅੱਸ਼ੂਰ ਸਜ਼ਾ ਦੇਣ ਲਈ ਪਰਮੇਸ਼ੁਰ ਦਾ “ਡੰਡਾ” ਕਿਵੇਂ ਬਣਿਆ?

2 ਯਸਾਯਾਹ ਨੇ ਇਹ ਸ਼ਬਦ ਉਦੋਂ ਲਿਖੇ ਸਨ ਜਦੋਂ ਪਰਮੇਸ਼ੁਰ ਦੇ ਨੇਮ-ਬੱਧ ਲੋਕ ਰੂਹਾਨੀ ਤੌਰ ਤੇ ਬੀਮਾਰ ਸਨ। (ਯਸਾਯਾਹ 1:5, 6) ਉਹ ਸੱਚਾ ਧਰਮ ਤਿਆਗ ਕੇ ਅਨੈਤਿਕਤਾ ਵਿਚ ਇੰਨੇ ਰੁੱਝੇ ਹੋਏ ਸਨ ਕਿ ਯਹੋਵਾਹ ਪਰਮੇਸ਼ੁਰ ਨੂੰ ਉਨ੍ਹਾਂ ਨੂੰ ਸਜ਼ਾ ਦੇਣੀ ਪਈ। ਯਹੋਵਾਹ ਨੇ ਸਜ਼ਾ ਦੇਣ ਲਈ ਅੱਸ਼ੂਰ ਨੂੰ ਆਪਣੇ “ਡੰਡੇ” ਵਜੋਂ ਇਸਤੇਮਾਲ ਕੀਤਾ ਸੀ। (ਯਸਾਯਾਹ 7:17; 10:5, 15) ਪਹਿਲਾਂ, 740 ਸਾ.ਯੁ.ਪੂ. ਵਿਚ ਅੱਸ਼ੂਰ ਨੇ ਉੱਤਰੀ ਦਸ-ਗੋਤੀ ਰਾਜ ਇਸਰਾਏਲ ਨੂੰ ਆਪਣੇ ਕਬਜ਼ੇ ਵਿਚ ਕਰ ਲਿਆ। (2 ਰਾਜਿਆਂ 17:1-18; 18:9-11) ਕੁਝ ਹੀ ਸਾਲ ਬਾਅਦ, ਰਾਜਾ ਸਨਹੇਰੀਬ ਨੇ ਦੱਖਣੀ ਰਾਜ ਯਹੂਦਾਹ ਉੱਤੇ ਹਮਲਾ ਕਰ ਲਿਆ। (2 ਰਾਜਿਆਂ 18:13; ਯਸਾਯਾਹ 36:1) ਜਦੋਂ ਅੱਸ਼ੂਰ ਦੀ ਫ਼ੌਜ ਦੇਸ਼ ਵਿਚ ਆਈ, ਤਾਂ ਇਸ ਤਰ੍ਹਾਂ ਲੱਗਦਾ ਸੀ ਕਿ ਯਹੂਦਾਹ ਦਾ ਨਾਸ਼ ਹੋ ਜਾਵੇਗਾ।

3 ਪਰਮੇਸ਼ੁਰ ਨੇ ਅੱਸ਼ੂਰੀਆਂ ਨੂੰ ਆਪਣੇ ਲੋਕਾਂ ਨੂੰ ਸਿਰਫ਼ ਸਜ਼ਾ ਦੇਣ ਦਾ ਅਧਿਕਾਰ ਦਿੱਤਾ ਸੀ, ਪਰ ਅੱਸ਼ੂਰੀ ਇਸ ਤੋਂ ਵੀ ਵੱਧ ਕਰਨਾ ਚਾਹੁੰਦੇ ਸਨ। ਅੱਸ਼ੂਰੀ ਲੋਕਾਂ ਨੂੰ ਸਾਰੀ ਦੁਨੀਆਂ ਉੱਤੇ ਰਾਜ ਕਰਨ ਦਾ ਲਾਲਚ ਹੋ ਗਿਆ ਸੀ। (ਯਸਾਯਾਹ 10:7-11) ਕੀ ਯਹੋਵਾਹ ਨੇ ਆਪਣੇ ਲੋਕਾਂ ਦੀ ਬਦਸਲੂਕੀ ਲਈ ਅੱਸ਼ੂਰ ਨੂੰ ਸਜ਼ਾ ਦਿੱਤੀ ਸੀ? ਕੀ ਕੌਮ ਦੀ ਰੂਹਾਨੀ ਬੀਮਾਰੀ ਦਾ ਇਲਾਜ ਕੀਤਾ ਗਿਆ ਸੀ? ਯਸਾਯਾਹ ਦੇ 33ਵੇਂ ਅਧਿਆਇ ਵਿਚ ਅਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਪੜ੍ਹ ਸਕਦੇ ਹਾਂ।

ਲੁਟੇਰੇ ਨੂੰ ਲੁੱਟਣਾ

4, 5. (ੳ) ਅੱਸ਼ੂਰ ਨੇ ਆਪਣੀ ਕੀਤੀ ਦੀ ਸਜ਼ਾ ਕਿਵੇਂ ਭਰਨੀ ਸੀ? (ਅ) ਯਸਾਯਾਹ ਨੇ ਯਹੋਵਾਹ ਦੇ ਲੋਕਾਂ ਲਈ ਕਿਹੜੀ ਪ੍ਰਾਰਥਨਾ ਕੀਤੀ ਸੀ?

4 ਭਵਿੱਖਬਾਣੀ ਇਸ ਤਰ੍ਹਾਂ ਸ਼ੁਰੂ ਹੁੰਦੀ ਹੈ: “ਹਾਇ ਲੁਟੇਰਿਆ ਤੇਰੇ ਉੱਤੇ, ਤੂੰ ਜੋ ਲੁੱਟਿਆ ਨਹੀਂ ਗਿਆ! ਅਤੇ ਠੱਗਾ, ਤੇਰੇ ਉੱਤੇ ਜਿਹ ਨੂੰ ਓਹਨਾਂ ਨੇ ਨਹੀਂ ਠੱਗਿਆ! ਜਦ ਤੂੰ ਲੁੱਟ ਚੁੱਕਿਆ ਤਾਂ ਤੂੰ ਲੁੱਟਿਆ ਜਾਏਂਗਾ, ਜਦ ਤੂੰ ਠੱਗ ਹਟਿਆ ਤਾਂ ਓਹ ਤੈਨੂੰ ਠੱਗਣਗੇ!” (ਯਸਾਯਾਹ 33:1) ਇੱਥੇ ਯਸਾਯਾਹ ਨੇ ਅੱਸ਼ੂਰ ਨੂੰ ਲੁਟੇਰਾ ਸੱਦਿਆ ਸੀ। ਇਹ ਕੌਮ ਸ਼ਕਤੀਸ਼ਾਲੀ ਸੀ ਅਤੇ ਇਸ ਤਰ੍ਹਾਂ ਲੱਗਦਾ ਸੀ ਕਿ ਇਸ ਨੂੰ ਕੋਈ ਨਹੀਂ ਸੀ ਹਰਾ ਸਕਦਾ। ਅੱਸ਼ੂਰ ਦੂਸਰਿਆਂ ਨੂੰ ‘ਲੁੱਟਦਾ ਸੀ ਪਰ ਆਪ ਲੁੱਟਿਆ ਨਹੀਂ ਗਿਆ।’ ਉਸ ਨੇ ਯਹੂਦਾਹ ਦੇ ਸ਼ਹਿਰਾਂ ਵਿਚ ਲੁੱਟ-ਮਾਰ ਕੀਤੀ ਅਤੇ ਯਹੋਵਾਹ ਦੇ ਭਵਨ ਦੇ ਖ਼ਜ਼ਾਨੇ ਵੀ ਲੁੱਟ ਲਏ ਸਨ। ਇਸ ਤਰ੍ਹਾਂ ਲੱਗਦਾ ਸੀ ਕਿ ਅੱਸ਼ੂਰ ਨੇ ਆਪਣੀ ਕਰਨੀ ਦੀ ਨਹੀਂ ਭਰਨੀ ਸੀ! (2 ਰਾਜਿਆਂ 18:14-16; 2 ਇਤਹਾਸ 28:21) ਪਰ ਉਸ ਨੂੰ ਆਪਣੀ ਕੀਤੀ ਦਾ ਫਲ ਭੁਗਤਣਾ ਪਿਆ! ਯਸਾਯਾਹ ਨੇ ਦਲੇਰੀ ਨਾਲ ਕਿਹਾ ਕਿ “ਤੂੰ ਲੁੱਟਿਆ ਜਾਏਂਗਾ।” ਇਸ ਭਵਿੱਖਬਾਣੀ ਨੇ ਵਫ਼ਾਦਾਰ ਲੋਕਾਂ ਨੂੰ ਕਿੰਨਾ ਦਿਲਾਸਾ ਦਿੱਤਾ ਹੋਣਾ!

5 ਉਸ ਡਰਾਉਣੇ ਸਮੇਂ ਦੌਰਾਨ, ਯਹੋਵਾਹ ਦੇ ਵਫ਼ਾਦਾਰ ਉਪਾਸਕਾਂ ਨੂੰ ਮਦਦ ਲਈ ਪ੍ਰਾਰਥਨਾ ਕਰਨੀ ਪਈ। ਯਸਾਯਾਹ ਨੇ ਪ੍ਰਾਰਥਨਾ ਕੀਤੀ: “ਹੇ ਯਹੋਵਾਹ, ਸਾਡੇ ਉੱਤੇ ਕਿਰਪਾ ਕਰ! ਅਸੀਂ ਤੈਨੂੰ ਉਡੀਕਦੇ ਹਾਂ, ਹਰ ਸਵੇਰ ਨੂੰ ਸਾਡੀ ਭੁਜਾ [ਜਾਂ ਸਾਡਾ ਬਲ ਅਤੇ ਸਹਾਰਾ] ਹੋ, ਨਾਲੇ ਦੁਖ ਦੇ ਵੇਲੇ ਸਾਡਾ ਬਚਾਓ। ਹੰਗਾਮੇ ਦੇ ਰੌਲੇ ਨਾਲ ਲੋਕ ਭੱਜ ਗਏ, ਤੇਰੇ ਉੱਠਦਿਆਂ ਹੀ ਕੌਮਾਂ ਛਿੰਨ ਭਿੰਨ ਹੋ ਗਈਆਂ।” (ਯਸਾਯਾਹ 33:2, 3ੳ) ਇਹ ਗੱਲ ਠੀਕ ਸੀ ਕਿ ਯਸਾਯਾਹ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਕਿ ਉਹ ਆਪਣੇ ਲੋਕਾਂ ਨੂੰ ਪਹਿਲਾਂ ਵਾਂਗ ਬਚਾਏ। (ਜ਼ਬੂਰ 44:3; 68:1) ਅਤੇ ਯਸਾਯਾਹ ਨੇ ਆਪਣੀ ਪ੍ਰਾਰਥਨਾ ਅਜੇ ਖ਼ਤਮ ਹੀ ਕੀਤੀ ਸੀ ਕਿ ਯਹੋਵਾਹ ਨੇ ਉਸ ਦਾ ਜਵਾਬ ਦਿੱਤਾ!

6. ਅੱਸ਼ੂਰ ਨਾਲ ਕੀ ਹੋਇਆ ਸੀ ਅਤੇ ਇਹ ਢੁਕਵਾਂ ਕਿਉਂ ਸੀ?

6 “ਜਿਵੇਂ ਸਲਾ ਇਕੱਠਾ ਕਰਦੀ ਹੈ, ਤੁਹਾਡੀ ਲੁੱਟ ਇਕੱਠੀ ਕੀਤੀ ਜਾਵੇਗੀ, ਜਿਵੇਂ ਟਿੱਡੇ ਟੱਪਦੇ ਹਨ, ਓਹ ਉਸ ਉੱਤੇ ਟੱਪਣਗੇ।” (ਯਸਾਯਾਹ 33:3ਅ, 4) ਯਹੂਦਾਹ ਦੇ ਲੋਕ ਜਾਣਦੇ ਸਨ ਕਿ ਟਿੱਡੇ ਤਬਾਹੀ ਲਿਆ ਸਕਦੇ ਸਨ। ਪਰ ਇਸ ਵਾਰੀ, ਯਹੂਦਾਹ ਦੇ ਵੈਰੀਆਂ ਨੂੰ ਤਬਾਹ ਕੀਤਾ ਜਾਣਾ ਸੀ। ਬੇਰਹਿਮ ਅੱਸ਼ੂਰ ਦਾ ਲੁੱਟਿਆ ਜਾਣਾ ਠੀਕ ਸੀ। ਅੱਸ਼ੂਰ ਨੂੰ ਹਰਾਇਆ ਗਿਆ ਅਤੇ ਉਸ ਦੇ ਫ਼ੌਜੀ ਭੱਜ ਗਏ। ਉਹ ਲੁੱਟ ਦਾ ਬਹੁਤ ਸਾਰਾ ਮਾਲ ਯਹੂਦਾਹ ਲਈ ਪਿੱਛੇ ਛੱਡ ਗਏ। ਅੱਸ਼ੂਰ ਦੀ ਕਿੰਨੀ ਬੇਇੱਜ਼ਤੀ ਹੋਈ!—ਯਸਾਯਾਹ 37:36.

ਸਾਡੇ ਜ਼ਮਾਨੇ ਦਾ ਅੱਸ਼ੂਰ

7. (ੳ) ਅੱਜ ਇਸਰਾਏਲ ਦੀ ਕੌਮ ਦੀ ਤੁਲਨਾ ਕਿਸ ਨਾਲ ਕੀਤੀ ਜਾ ਸਕਦੀ ਹੈ? (ਅ) ਈਸਾਈ-ਜਗਤ ਨੂੰ ਖ਼ਤਮ ਕਰਨ ਲਈ ਯਹੋਵਾਹ ਦਾ ‘ਡੰਡਾ’ ਕੌਣ ਬਣੇਗਾ?

7 ਯਸਾਯਾਹ ਦੀ ਭਵਿੱਖਬਾਣੀ ਸਾਡੇ ਜ਼ਮਾਨੇ ਵਿਚ ਕਿਸ ਤਰ੍ਹਾਂ ਲਾਗੂ ਹੁੰਦੀ ਹੈ? ਇਸਰਾਏਲ ਦੀ ਕੌਮ ਰੂਹਾਨੀ ਤੌਰ ਤੇ ਬੀਮਾਰ ਸੀ ਅਤੇ ਉਸ ਦੀ ਤੁਲਨਾ ਬੇਵਫ਼ਾ ਈਸਾਈ-ਜਗਤ ਨਾਲ ਕੀਤੀ ਜਾ ਸਕਦੀ ਹੈ। ਠੀਕ ਜਿਵੇਂ ਯਹੋਵਾਹ ਨੇ ਅੱਸ਼ੂਰ ਨੂੰ “ਡੰਡੇ” ਵਜੋਂ ਇਸਤੇਮਾਲ ਕੀਤਾ ਸੀ, ਉਸੇ ਤਰ੍ਹਾਂ ਉਹ ਈਸਾਈ-ਜਗਤ ਨੂੰ ਸਜ਼ਾ ਦੇਣ ਲਈ ਇਕ “ਡੰਡੇ” ਨੂੰ ਇਸਤੇਮਾਲ ਕਰੇਗਾ। (ਯਸਾਯਾਹ 10:5) ਦਰਅਸਲ, ਇਹ ਸਜ਼ਾ ‘ਵੱਡੀ ਬਾਬੁਲ’ ਯਾਨੀ ਝੂਠੇ ਧਰਮ ਦੇ ਵਿਸ਼ਵ ਸਾਮਰਾਜ ਨੂੰ ਵੀ ਦਿੱਤੀ ਜਾਵੇਗੀ। (ਪਰਕਾਸ਼ ਦੀ ਪੋਥੀ 18:2-8) ਸੰਯੁਕਤ ਰਾਸ਼ਟਰ-ਸੰਘ (ਯੂ. ਐੱਨ.) ਉਹ ‘ਡੰਡਾ’ ਬਣੇਗਾ। ਪਰਕਾਸ਼ ਦੀ ਪੋਥੀ ਵਿਚ ਇਹ ਸੰਗਠਨ ਅਜਿਹੇ ਕਿਰਮਚੀ ਰੰਗ ਦੇ ਦਰਿੰਦੇ ਵਜੋਂ ਦਰਸਾਇਆ ਗਿਆ ਹੈ ਜਿਸ ਦੇ ਸੱਤ ਸਿਰ ਅਤੇ ਦਸ ਸਿੰਗ ਹਨ।—ਪਰਕਾਸ਼ ਦੀ ਪੋਥੀ 17:3, 15-17.

8. (ੳ) ਅੱਜ ਸਨਹੇਰੀਬ ਵਰਗਾ ਕੌਣ ਹੈ? (ਅ) ਸ਼ਤਾਨ ਹੰਕਾਰ ਨਾਲ ਕਿਸ ਉੱਤੇ ਹਮਲਾ ਕਰੇਗਾ ਅਤੇ ਇਸ ਦਾ ਨਤੀਜਾ ਕੀ ਨਿਕਲੇਗਾ?

8 ਜਦੋਂ ਯੂ. ਐੱਨ. ਝੂਠੇ ਧਰਮਾਂ ਨੂੰ ਸਜ਼ਾ ਦੇਵੇਗਾ, ਤਾਂ ਇਸ ਤਰ੍ਹਾਂ ਲੱਗੇਗਾ ਕਿ ਉਸ ਨੂੰ ਰੋਕਿਆ ਨਹੀਂ ਜਾ ਸਕਦਾ ਹੈ। ਕਿਹਾ ਜਾ ਸਕਦਾ ਹੈ ਕਿ ਸ਼ਤਾਨ ਦਾ ਰਵੱਈਆ ਸਨਹੇਰੀਬ ਵਰਗਾ ਹੈ। ਸ਼ਤਾਨ ਹੰਕਾਰ ਨਾਲ ਨਾ ਸਿਰਫ਼ ਝੂਠੇ ਧਰਮਾਂ ਉੱਤੇ ਹਮਲਾ ਕਰੇਗਾ ਜੋ ਸਜ਼ਾ ਦੇ ਲਾਇਕ ਹਨ, ਪਰ ਉਹ ਸੱਚੇ ਮਸੀਹੀਆਂ ਉੱਤੇ ਵੀ ਹਮਲਾ ਕਰੇਗਾ। ਯਹੋਵਾਹ ਦੇ ਮਸਹ ਕੀਤੇ ਹੋਏ ਪੁੱਤਰਾਂ ਦੇ ਬਕੀਏ ਨਾਲ ਲੱਖਾਂ ਹੀ ਲੋਕ ਮਿਲੇ ਹੋਏ ਹਨ। ਇਹ ਲੋਕ ਵੱਡੀ ਬਾਬੁਲ ਅਤੇ ਸ਼ਤਾਨ ਦੀ ਦੁਨੀਆਂ ਵਿੱਚੋਂ ਨਿਕਲ ਆਏ ਹਨ ਅਤੇ ਇਨ੍ਹਾਂ ਨੇ ਯਹੋਵਾਹ ਦੇ ਰਾਜ ਨੂੰ ਸਵੀਕਾਰ ਕੀਤਾ ਹੈ। “ਇਸ ਜੁੱਗ ਦੇ ਈਸ਼ੁਰ” ਸ਼ਤਾਨ ਨੂੰ ਵੱਡਾ ਕ੍ਰੋਧ ਹੈ ਕਿਉਂਕਿ ਸੱਚੇ ਮਸੀਹੀ ਉਸ ਨੂੰ ਮਾਨਤਾ ਨਹੀਂ ਦਿੰਦੇ। (2 ਕੁਰਿੰਥੀਆਂ 4:4) ਇਸ ਲਈ ਉਹ ਉਨ੍ਹਾਂ ਉੱਤੇ ਹਮਲਾ ਕਰੇਗਾ। (ਹਿਜ਼ਕੀਏਲ 38:10-16) ਇਹ ਹਮਲਾ ਭਾਵੇਂ ਕਿੰਨਾ ਵੀ ਡਰਾਉਣਾ ਹੋਵੇ, ਯਹੋਵਾਹ ਦੇ ਲੋਕਾਂ ਨੂੰ ਡਰਨ ਦੀ ਕੋਈ ਲੋੜ ਨਹੀਂ ਹੋਵੇਗੀ। (ਯਸਾਯਾਹ 10:24, 25) ਪਰਮੇਸ਼ੁਰ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਹੈ ਕਿ ਉਹ “ਦੁਖ ਦੇ ਵੇਲੇ [ਉਨ੍ਹਾਂ ਦਾ] ਬਚਾਓ” ਕਰੇਗਾ। ਪਰਮੇਸ਼ੁਰ ਹਮਲੇ ਵਿਚ ਦਖ਼ਲ ਦੇ ਕੇ ਸ਼ਤਾਨ ਅਤੇ ਉਸ ਦੇ ਲੋਕਾਂ ਉੱਤੇ ਤਬਾਹੀ ਲਿਆਵੇਗਾ। (ਹਿਜ਼ਕੀਏਲ 38:18-23) ਪੁਰਾਣੇ ਜ਼ਮਾਨੇ ਵਾਂਗ ਪਰਮੇਸ਼ੁਰ ਦੇ ਲੋਕਾਂ ਨੂੰ ਲੁੱਟਣ ਦੀ ਕੋਸ਼ਿਸ਼ ਕਰਨ ਵਾਲੇ ਖ਼ੁਦ ਲੁੱਟੇ ਜਾਣਗੇ! (ਕਹਾਉਤਾਂ 13:22ਅ ਦੀ ਤੁਲਨਾ ਕਰੋ।) ਯਹੋਵਾਹ ਦਾ ਨਾਂ ਪਵਿੱਤਰ ਮੰਨਿਆ ਜਾਵੇਗਾ ਅਤੇ ਬਚਣ ਵਾਲਿਆਂ ਨੂੰ ‘ਬੁੱਧੀ ਅਤੇ ਗਿਆਨ ਅਤੇ ਯਹੋਵਾਹ ਦਾ ਭੈ’ ਰੱਖਣ ਦਾ ਫਲ ਮਿਲੇਗਾ।ਯਸਾਯਾਹ 33:5, 6 ਪੜ੍ਹੋ।

ਬੇਵਫ਼ਾ ਲੋਕਾਂ ਲਈ ਚੇਤਾਵਨੀ

9. (ੳ) ਯਹੂਦਾਹ ਦੇ ‘ਸੂਰਮਿਆਂ ਅਤੇ ਸ਼ਾਂਤੀ ਦੇ ਦੂਤਾਂ’ ਨੇ ਕੀ ਕੀਤਾ ਸੀ? (ਅ) ਅੱਸ਼ੂਰ ਨੇ ਯਹੂਦਾਹ ਦੇ ਸ਼ਾਂਤੀ ਦੇ ਸਮਝੌਤਿਆਂ ਬਾਰੇ ਕੀ ਕੀਤਾ ਸੀ?

9 ਯਹੂਦਾਹ ਦੇ ਬੇਵਫ਼ਾ ਲੋਕਾਂ ਨਾਲ ਕੀ ਹੋਇਆ ਸੀ? ਯਸਾਯਾਹ ਨੇ ਦੱਸਿਆ ਕਿ ਉਨ੍ਹਾਂ ਦੀ ਭਿਆਨਕ ਤਬਾਹੀ ਅੱਸ਼ੂਰ ਦੇ ਹੱਥੋਂ ਹੋਵੇਗੀ। (ਯਸਾਯਾਹ 33:7 ਪੜ੍ਹੋ।) ਯਹੂਦਾਹ ਦੇ ‘ਸੂਰਮਿਆਂ’ ਨੇ ਅੱਸ਼ੂਰੀਆਂ ਨੂੰ ਆਉਂਦੇ ਦੇਖ ਕੇ ਡਰ ਦੇ ਮਾਰੇ ਦੁਹਾਈ ਮਚਾਈ ਸੀ। ਲੜਾਕੇ ਅੱਸ਼ੂਰੀਆਂ ਨਾਲ ਸਮਝੌਤਾ ਕਰਨ ਵਾਸਤੇ ਯਹੂਦਾਹ ਨੇ ਆਪਣੇ “ਸ਼ਾਂਤੀ ਦੇ ਦੂਤ” ਭੇਜੇ, ਪਰ ਅੱਸ਼ੂਰ ਨੇ ਉਨ੍ਹਾਂ ਦਾ ਮਖੌਲ ਉਡਾ ਕੇ ਉਨ੍ਹਾਂ ਦਾ ਅਪਮਾਨ ਕੀਤਾ। ਯਹੂਦਾਹ ਦੇ ਲੋਕ ਇਸ ਅਸਫ਼ਲਤਾ ਉੱਤੇ ਰੋਏ ਸਨ। (ਯਿਰਮਿਯਾਹ 8:15 ਦੀ ਤੁਲਨਾ ਕਰੋ।) ਪਰ ਬੇਰਹਿਮ ਅੱਸ਼ੂਰ ਨੇ ਉਨ੍ਹਾਂ ਉੱਤੇ ਤਰਸ ਨਹੀਂ ਖਾਧਾ। (ਯਸਾਯਾਹ 33:8, 9 ਪੜ੍ਹੋ।) ਉਸ ਨੇ ਯਹੂਦਾਹ ਦੇ ਵਾਸੀਆਂ ਨਾਲ ਕੀਤੇ ਗਏ ਇਕਰਾਰਨਾਮਿਆਂ ਦੀ ਕੋਈ ਪਰਵਾਹ ਨਹੀਂ ਕੀਤੀ। (2 ਰਾਜਿਆਂ 18:14-16) ਅੱਸ਼ੂਰ ਨੇ ਆਪਣੀ ਨਫ਼ਰਤ ਕਾਰਨ ਯਹੂਦਾਹ ਦੇ ‘ਸ਼ਹਿਰਾਂ ਨੂੰ ਤੁੱਛ ਕੀਤਾ’ ਮਤਲਬ ਕਿ ਉਸ ਦੇ ਵਾਸੀਆਂ ਨੂੰ ਮਾਰ ਸੁੱਟਿਆ। ਹਾਲਤ ਇੰਨੀ ਭੈੜੀ ਹੋ ਗਈ ਸੀ ਕਿ ਮਾਨੋ ਲਬਾਨੋਨ, ਸ਼ਾਰੋਨ, ਬਾਸ਼ਾਨ, ਅਤੇ ਕਰਮਲ ਦੇ ਇਲਾਕਿਆਂ ਸਮੇਤ ਪੂਰੇ ਦੇਸ਼ ਨੇ ਵੀ ਸੋਗ ਕੀਤਾ।

10. (ੳ) ਕੀ ਈਸਾਈ-ਜਗਤ ਦੇ “ਸੂਰਮੇ” ਉਸ ਦੀ ਮਦਦ ਕਰ ਸਕਣਗੇ? (ਅ) ਈਸਾਈ-ਜਗਤ ਦੇ ਦੁੱਖ ਦੇ ਵੇਲੇ ਸੱਚੇ ਮਸੀਹੀਆਂ ਦੀ ਰੱਖਿਆ ਕੌਣ ਕਰੇਗਾ?

10 ਇਸ ਵਿਚ ਕੋਈ ਸ਼ੱਕ ਨਹੀਂ ਕਿ ਨੇੜਲੇ ਭਵਿੱਖ ਵਿਚ ਅਜਿਹੀਆਂ ਹਾਲਤਾਂ ਦੁਬਾਰਾ ਪੈਦਾ ਹੋਣਗੀਆਂ ਜਦੋਂ ਕੌਮਾਂ ਮਜ਼ਹਬਾਂ ਉੱਤੇ ਹਮਲੇ ਸ਼ੁਰੂ ਕਰਨਗੀਆਂ। ਹਿਜ਼ਕੀਯਾਹ ਦੇ ਜ਼ਮਾਨੇ ਵਾਂਗ ਕੌਮਾਂ ਨੂੰ ਰੋਕਣ ਲਈ ਕੁਝ ਵੀ ਨਹੀਂ ਕੀਤਾ ਜਾ ਸਕੇਗਾ। ਈਸਾਈ-ਜਗਤ ਦੇ “ਸੂਰਮੇ,” ਯਾਨੀ ਉਸ ਦੇ ਸਿਆਸਤਦਾਨ, ਉਸ ਲਈ ਚੰਦਾ ਇਕੱਠਾ ਕਰਨ ਵਾਲੇ, ਅਤੇ ਹੋਰ ਵੱਡੇ-ਵੱਡੇ ਲੋਕ ਉਸ ਦੀ ਮਦਦ ਨਹੀਂ ਕਰ ਸਕਣਗੇ। ਈਸਾਈ-ਜਗਤ ਦੀ ਸੁਰੱਖਿਆ ਲਈ ਬੰਨ੍ਹੇ ਗਏ ਰਾਜਨੀਤਿਕ ਅਤੇ ਮਾਲੀ “ਨੇਮ” ਜਾਂ ਇਕਰਾਰਨਾਮੇ ਤੋੜੇ ਜਾਣਗੇ। (ਯਸਾਯਾਹ 28:15-18) ਤਬਾਹੀ ਨੂੰ ਰੋਕਣ ਲਈ ਸਮਝੌਤੇ ਕਰਨ ਦਾ ਕੋਈ ਫ਼ਾਇਦਾ ਨਹੀਂ ਹੋਵੇਗਾ। ਜਿਉਂ-ਜਿਉਂ ਈਸਾਈ-ਜਗਤ ਦੀ ਜਾਇਦਾਦ ਅਤੇ ਪੂੰਜੀ ਖੋਹ ਲਈ ਜਾਂ ਨਸ਼ਟ ਕੀਤੀ ਜਾਵੇਗੀ, ਤਾਂ ਉਨ੍ਹਾਂ ਦੇ ਵਪਾਰਕ ਕੰਮ-ਧੰਦੇ ਬੰਦ ਹੋ ਜਾਣਗੇ। ਜਿਹੜੇ ਲੋਕ ਉਸ ਸਮੇਂ ਈਸਾਈ-ਜਗਤ ਨਾਲ ਕੋਈ ਦੋਸਤੀ ਰੱਖਦੇ ਹੋਣਗੇ, ਉਹ ਸਿਰਫ਼ ਦੂਰੋਂ ਹੀ ਉਸ ਦੀ ਬਰਬਾਦੀ ਉੱਤੇ ਸੋਗ ਕਰਨਗੇ। (ਪਰਕਾਸ਼ ਦੀ ਪੋਥੀ 18:9-19) ਕੀ ਸੱਚੀ ਮਸੀਹੀਅਤ ਨੂੰ ਈਸਾਈ-ਜਗਤ ਦੇ ਨਾਲ ਖ਼ਤਮ ਕੀਤਾ ਜਾਵੇਗਾ? ਜੀ ਨਹੀਂ, ਕਿਉਂਕਿ ਯਹੋਵਾਹ ਖ਼ੁਦ ਭਰੋਸਾ ਦਿਲਾਉਂਦਾ ਹੈ: “ਹੁਣ ਮੈਂ ਉੱਠਾਂਗਾ, ਯਹੋਵਾਹ ਆਖਦਾ ਹੈ, ਹੁਣ ਮੈਂ ਆਪ ਨੂੰ ਉੱਚਾ ਕਰਾਂਗਾ, ਹੁਣ ਮੈਂ ਸਲਾਹਿਆ ਜਾਵਾਂਗਾ।” (ਯਸਾਯਾਹ 33:10) ਅਖ਼ੀਰ ਵਿਚ ਯਹੋਵਾਹ ਹਿਜ਼ਕੀਯਾਹ ਵਰਗੇ ਵਫ਼ਾਦਾਰ ਲੋਕਾਂ ਦੀ ਖ਼ਾਤਰ ਦਖ਼ਲ ਦੇ ਕੇ ਯੂ. ਐੱਨ. ਦੇ ਹਮਲੇ ਨੂੰ ਰੋਕੇਗਾ।—ਜ਼ਬੂਰ 12:5.

11, 12. (ੳ) ਯਸਾਯਾਹ 33:11-14 ਦੇ ਸ਼ਬਦਾਂ ਦੀ ਪੂਰਤੀ ਕਦੋਂ ਅਤੇ ਕਿਸ ਤਰ੍ਹਾਂ ਹੋਈ ਸੀ? (ਅ) ਯਹੋਵਾਹ ਦੇ ਸ਼ਬਦ ਅੱਜ ਕਿਹੜੀ ਚੇਤਾਵਨੀ ਦਿੰਦੇ ਹਨ?

11 ਬੇਵਫ਼ਾ ਲੋਕ ਅਜਿਹੀ ਰੱਖਿਆ ਦੀ ਉਮੀਦ ਨਹੀਂ ਰੱਖ ਸਕਦੇ। ਯਹੋਵਾਹ ਨੇ ਕਿਹਾ: “ਤੁਹਾਡਾ ਗਰਭ ਪਏਗਾ ਭੋਹ ਅਤੇ ਜਣੋਗੇ ਘਾਹ, ਤੁਹਾਡਾ ਸਾਹ ਇੱਕ ਅੱਗ ਹੈ ਜਿਹੜੀ ਤੁਹਾਨੂੰ ਭਸਮ ਕਰੇਗੀ। ਲੋਕ ਚੂਨੇ ਵਾਂਙੁ ਸਾੜੇ ਜਾਣਗੇ, ਵੱਢੇ ਹੋਏ ਕੰਡਿਆਂ ਵਾਂਙੁ ਓਹ ਅੱਗ ਵਿੱਚ ਜਾਲੇ ਜਾਣਗੇ। ਹੇ ਦੂਰ ਦਿਓ, ਤੁਸੀਂ ਸੁਣੋ ਜੋ ਮੈਂ ਕੀਤਾ, ਹੇ ਨੇੜੇ ਦਿਓ, ਤੁਸੀਂ ਮੇਰੀ ਸ਼ਕਤੀ ਨੂੰ ਮੰਨੋ! ਸੀਯੋਨ ਵਿੱਚ ਪਾਪੀ ਡਰ ਗਏ, ਕਾਂਬੇ ਨੇ ਕਾਫਰਾਂ ਨੂੰ ਫੜ ਲਿਆ, ਕੌਣ ਸਾਡੇ ਵਿੱਚੋਂ ਭਸਮ ਕਰਨ ਵਾਲੀ ਅੱਗ ਕੋਲ ਟਿਕ ਸੱਕਦਾ ਹੈ? ਕੌਣ ਸਾਡੇ ਵਿੱਚੋਂ ਸਦੀਪਕ ਸਾੜੇ ਕੋਲ ਰਹਿ ਸੱਕਦਾ ਹੈ?” (ਯਸਾਯਾਹ 33:11-14) ਇਹ ਸ਼ਬਦ ਉਦੋਂ ਲਾਗੂ ਹੋਏ ਜਦੋਂ ਯਹੂਦਾਹ ਨੂੰ ਇਕ ਨਵੇਂ ਵੈਰੀ ਯਾਨੀ ਬਾਬਲ ਦਾ ਸਾਮ੍ਹਣਾ ਕਰਨਾ ਪਿਆ ਸੀ। ਹਿਜ਼ਕੀਯਾਹ ਦੀ ਮੌਤ ਤੋਂ ਬਾਅਦ, ਯਹੂਦਾਹ ਦੇ ਲੋਕ ਆਪਣੇ ਭੈੜੇ ਕੰਮਾਂ ਵਿਚ ਦੁਬਾਰਾ ਪੈ ਗਏ ਸਨ। ਕੁਝ ਸਾਲ ਬਾਅਦ ਯਹੂਦਾਹ ਦੀ ਹਾਲਤ ਇੰਨੀ ਵਿਗੜ ਗਈ ਸੀ ਕਿ ਪਰਮੇਸ਼ੁਰ ਦਾ ਕ੍ਰੋਧ ਪੂਰੀ ਕੌਮ ਉੱਤੇ ਭੜਕਿਆ।—ਬਿਵਸਥਾ ਸਾਰ 32:22.

12 ਅਣਆਗਿਆਕਾਰ ਲੋਕਾਂ ਨੇ ਪਰਮੇਸ਼ੁਰ ਦੀ ਸਜ਼ਾ ਤੋਂ ਬਚਣ ਲਈ ਜੋ ਵੀ ਦੁਸ਼ਟ ਜੁਗਤਾਂ ਘੜੀਆਂ ਸਨ ਉਨ੍ਹਾਂ ਦਾ ਕੋਈ ਫ਼ਾਇਦਾ ਨਹੀਂ ਹੋਇਆ। ਅਸਲ ਵਿਚ, ਕੌਮ ਦੇ ਘਮੰਡ ਅਤੇ ਉਸ ਦੇ ਬਾਗ਼ੀ ਰਵੱਈਏ ਕਰਕੇ ਹੀ ਉਸ ਦਾ ਨਾਸ਼ ਕੀਤਾ ਗਿਆ ਸੀ। (ਯਿਰਮਿਯਾਹ 52:3-11) ਦੁਸ਼ਟ ਲੋਕਾਂ ਬਾਰੇ ਭਵਿੱਖਬਾਣੀ ਕੀਤੀ ਗਈ ਸੀ ਕਿ ਉਹ “ਚੂਨੇ ਵਾਂਙੁ ਸਾੜੇ” ਜਾਣਗੇ, ਮਤਲਬ ਕਿ ਉਨ੍ਹਾਂ ਦਾ ਸੱਤਿਆਨਾਸ ਕੀਤਾ ਜਾਵੇਗਾ! ਇਹ ਭਵਿੱਖਬਾਣੀ ਸੁਣ ਕੇ ਯਹੂਦਾਹ ਦੇ ਵਾਸੀ ਜ਼ਰੂਰ ਡਰੇ ਹੋਣਗੇ। ਬੇਵਫ਼ਾ ਯਹੂਦੀਆਂ ਖ਼ਿਲਾਫ਼ ਯਹੋਵਾਹ ਦੇ ਇਹ ਸ਼ਬਦ ਅੱਜ ਈਸਾਈ-ਜਗਤ ਦੇ ਮੈਂਬਰਾਂ ਦੀ ਹਾਲਤ ਨੂੰ ਚੰਗੀ ਤਰ੍ਹਾਂ ਦਰਸਾਉਂਦੇ ਹਨ। ਜੇ ਉਨ੍ਹਾਂ ਨੇ ਪਰਮੇਸ਼ੁਰ ਦੀ ਚੇਤਾਵਨੀ ਵੱਲ ਧਿਆਨ ਨਾ ਦਿੱਤਾ, ਤਾਂ ਉਨ੍ਹਾਂ ਦਾ ਭਵਿੱਖ ਵੀ ਡਰਾਉਣਾ ਹੋਵੇਗਾ।

‘ਧਰਮ ਨਾਲ ਚੱਲਣਾ’

13. ‘ਧਰਮ ਨਾਲ ਚੱਲਣ’ ਵਾਲੇ ਬੰਦੇ ਨਾਲ ਕਿਹੜਾ ਵਾਅਦਾ ਕੀਤਾ ਗਿਆ ਸੀ ਅਤੇ ਯਿਰਮਿਯਾਹ ਉੱਤੇ ਇਹ ਕਿਵੇਂ ਪੂਰਾ ਹੋਇਆ ਸੀ?

13 ਬੇਵਫ਼ਾ ਲੋਕਾਂ ਦੇ ਭਵਿੱਖ ਤੋਂ ਉਲਟ ਯਹੋਵਾਹ ਨੇ ਅੱਗੇ ਕਿਹਾ: “ਉਹ ਜਿਹੜਾ ਧਰਮ ਨਾਲ ਚੱਲਦਾ, ਜਿਹੜਾ ਸਿੱਧੀਆਂ ਗੱਲਾਂ ਕਰਦਾ, ਜਿਹੜਾ ਜ਼ੁਲਮ ਦੀ ਕਮਾਈ ਨੂੰ ਤੁੱਛ ਜਾਣਦਾ, ਜਿਹੜਾ ਵੱਢੀ ਲੈਣ ਤੋਂ ਆਪਣਾ ਹੱਥ ਛਿੜਦਾ ਹੈ, ਖੂਨ ਦੇ ਸੁਣਨ ਤੋਂ ਆਪਣੇ ਕੰਨ ਬੰਦ ਕਰਦਾ ਹੈ, ਅਤੇ ਬਦੀ ਦੇ ਵੇਖਣ ਤੋਂ ਆਪਣੀਆਂ ਅੱਖਾਂ ਮੀਟ ਲੈਂਦਾ ਹੈ। ਉਹ ਉੱਚਿਆਈਆਂ ਉੱਤੇ ਵੱਸੇਗਾ, ਉਹ ਦੀ ਪਨਾਹਗਾਹ ਚਟਾਨਾਂ ਦੇ ਗੜ੍ਹ ਹੋਣਗੇ, ਉਹ ਦੀ ਰੋਟੀ ਉਹ ਨੂੰ ਦਿੱਤੀ ਜਾਵੇਗੀ, ਉਹ ਦਾ ਜਲ ਅੰਮ੍ਰਿਤ ਹੋਵੇਗਾ।” (ਯਸਾਯਾਹ 33:15, 16) ਬਾਅਦ ਵਿਚ ਪਤਰਸ ਰਸੂਲ ਨੇ ਵੀ ਕਿਹਾ ਸੀ ਕਿ “ਪ੍ਰਭੁ ਭਗਤਾਂ ਨੂੰ ਪਰਤਾਵੇ ਵਿੱਚੋਂ ਕੱਢਣਾ ਅਤੇ ਕੁਧਰਮੀਆਂ ਨੂੰ ਨਿਆਉਂ ਦੇ ਦਿਨ ਤੀਕ ਸਜ਼ਾ ਹੇਠ ਰੱਖਣਾ ਜਾਣਦਾ ਹੈ!” (2 ਪਤਰਸ 2:9) ਯਹੋਵਾਹ ਨੇ ਯਿਰਮਿਯਾਹ ਨੂੰ ਵੀ ਬਚਾ ਕੇ ਪਰਤਾਵੇ ਵਿੱਚੋਂ ਕੱਢਿਆ ਸੀ। ਬਾਬਲੀ ਘੇਰਾਬੰਦੀ ਦੌਰਾਨ, ਲੋਕਾਂ ਨੂੰ “ਰੋਟੀ ਤੋਲ ਕੇ ਚਿੰਤਾ ਨਾਲ” ਖਾਣੀ ਪਈ ਸੀ। (ਹਿਜ਼ਕੀਏਲ 4:16) ਕੁਝ ਔਰਤਾਂ ਆਪਣੇ ਬੱਚਿਆਂ ਨੂੰ ਖਾਣ ਲਈ ਮਜਬੂਰ ਹੋਈਆਂ ਸਨ। (ਵਿਰਲਾਪ 2:20) ਪਰ ਯਹੋਵਾਹ ਨੇ ਯਿਰਮਿਯਾਹ ਦੀ ਦੇਖ-ਭਾਲ ਕੀਤੀ ਸੀ।

14. ਅੱਜ ਮਸੀਹੀ ਧਰਮ ਨਾਲ ਕਿਵੇਂ ਚੱਲ ਸਕਦੇ ਹਨ?

14 ਅੱਜ ਮਸੀਹੀਆਂ ਨੂੰ ਵੀ ‘ਧਰਮ ਨਾਲ ਚੱਲਣਾ’ ਚਾਹੀਦਾ ਹੈ ਅਤੇ ਹਮੇਸ਼ਾ ਯਹੋਵਾਹ ਦੇ ਅਸੂਲਾਂ ਤੇ ਪੱਕੇ ਰਹਿਣਾ ਚਾਹੀਦਾ ਹੈ। (ਜ਼ਬੂਰ 15:1-5) ਉਨ੍ਹਾਂ ਨੂੰ ਝੂਠੀਆਂ ਗੱਲਾਂ ਛੱਡ ਕੇ “ਸਿੱਧੀਆਂ ਗੱਲਾਂ” ਕਰਨੀਆਂ ਚਾਹੀਦੀਆਂ ਹਨ। (ਕਹਾਉਤਾਂ 3:32) ਕਈ ਦੇਸ਼ਾਂ ਵਿਚ ਧੋਖੇਬਾਜ਼ੀ ਅਤੇ ਰਿਸ਼ਵਤਖ਼ੋਰੀ ਆਮ ਹਨ, ਪਰ ‘ਧਰਮ ਨਾਲ ਚੱਲਣ’ ਵਾਲਿਆਂ ਲਈ ਇਹ ਚੀਜ਼ਾਂ ਘਿਣਾਉਣੀਆਂ ਹਨ। ਕੰਮ-ਧੰਦਿਆਂ ਵਿਚ ਮਸੀਹੀਆਂ ਦੀ ਜ਼ਮੀਰ ਸ਼ੁੱਧ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਧੋਖੇਬਾਜ਼ ਜੁਗਤਾਂ ਤੋਂ ਦੂਰ ਰਹਿਣ ਲਈ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। (ਇਬਰਾਨੀਆਂ 13:18; 1 ਤਿਮੋਥਿਉਸ 6:9, 10) ਜਿਹੜਾ ਵਿਅਕਤੀ “ਖੂਨ ਦੇ ਸੁਣਨ ਤੋਂ ਆਪਣੇ ਕੰਨ ਬੰਦ ਕਰਦਾ ਹੈ, ਅਤੇ ਬਦੀ ਦੇ ਵੇਖਣ ਤੋਂ ਆਪਣੀਆਂ ਅੱਖਾਂ ਮੀਟ ਲੈਂਦਾ ਹੈ,” ਉਹ ਸੰਗੀਤ ਅਤੇ ਮਨੋਰੰਜਨ ਦਿਆਂ ਮਾਮਲਿਆਂ ਵਿਚ ਚੰਗੀ ਚੋਣ ਕਰਦਾ ਹੈ। (ਜ਼ਬੂਰ 119:37) ਆਪਣੇ ਨਿਆਉਂ ਦੇ ਦਿਨ ਵਿਚ, ਯਹੋਵਾਹ ਆਪਣੇ ਸੇਵਕਾਂ ਨੂੰ ਬਚਾਈ ਰੱਖੇਗਾ ਕਿਉਂਕਿ ਉਹ ਉਸ ਦੇ ਅਸੂਲਾਂ ਉੱਤੇ ਚੱਲਦੇ ਹਨ।—ਸਫ਼ਨਯਾਹ 2:3.

ਵਫ਼ਾਦਾਰਾਂ ਦਾ ਰਾਜਾ

15. ਬਾਬਲ ਦੀ ਗ਼ੁਲਾਮੀ ਵਿਚ ਵਫ਼ਾਦਾਰ ਯਹੂਦੀਆਂ ਨੂੰ ਕਿਸ ਵਾਅਦੇ ਨੇ ਆਸ ਦਿੱਤੀ ਹੋਵੇਗੀ?

15 ਯਸਾਯਾਹ ਨੇ ਅੱਗੇ ਭਵਿੱਖ ਬਾਰੇ ਇਹ ਝਲਕ ਦਿੱਤੀ: “ਤੇਰੀਆਂ ਅੱਖਾਂ ਪਾਤਸ਼ਾਹ ਨੂੰ ਉਹ ਦੇ ਸੁਹੱਪਣ ਵਿੱਚ ਝਾਕਣਗੀਆਂ, ਓਹ ਮੋਕਲੇ ਦੇਸ ਨੂੰ ਵੇਖਣਗੀਆਂ। ਤੇਰਾ ਮਨ ਉਸ ਹੌਲ ਉੱਤੇ ਸੋਚੇਗਾ, ਲਿਖਾਰੀ ਕਿੱਥੇ ਹੈ? ਤੋੱਲਾ ਕਿੱਥੇ ਹੈ? ਬੁਰਜਾਂ ਦਾ ਗਿਣਨ ਵਾਲਾ ਕਿੱਥੇ ਹੈ? ਤੂੰ ਫੇਰ ਓਹਨਾਂ ਮਗਰੂਰ ਲੋਕਾਂ ਨੂੰ ਨਾ ਵੇਖੇਂਗਾ, ਇੱਕ ਘਿੱਚ ਮਿੱਚ ਬੋਲੀ ਦੇ ਲੋਕ ਜਿਨ੍ਹਾਂ ਦੀ ਤੂੰ ਸੁਣ ਨਹੀਂ ਸੱਕਦਾ, ਥਥਲੀ ਜ਼ਬਾਨ ਵਾਲੇ ਜਿਨ੍ਹਾਂ ਦੀ ਸਮਝ ਨਹੀਂ ਆਉਂਦੀ।” (ਯਸਾਯਾਹ 33:17-19) ਮਸੀਹਾਈ ਰਾਜੇ ਅਤੇ ਉਸ ਦੇ ਰਾਜ ਦੇ ਵਾਅਦੇ ਨੇ ਵਫ਼ਾਦਾਰ ਯਹੂਦੀ ਲੋਕਾਂ ਨੂੰ ਬਾਬਲ ਦੀ ਗ਼ੁਲਾਮੀ ਵਿਚ ਆਸ ਦਿੱਤੀ ਹੋਵੇਗੀ, ਭਾਵੇਂ ਕਿ ਉਹ ਉਸ ਰਾਜ ਨੂੰ ਦੂਰੋਂ ਹੀ ਦੇਖ ਸਕਦੇ ਸਨ। (ਇਬਰਾਨੀਆਂ 11:13) ਮਸੀਹਾ ਦੇ ਰਾਜ ਅਧੀਨ, ਬਾਬਲ ਦਾ ਅਤਿਆਚਾਰ ਸਿਰਫ਼ ਇਕ ਯਾਦਾਸ਼ਤ ਹੀ ਰਹਿ ਜਾਵੇਗਾ। ਫਿਰ ਅੱਸ਼ੂਰ ਦੇ ਹਮਲੇ ਵਿੱਚੋਂ ਬਚ ਨਿਕਲਣ ਵਾਲੇ ਖ਼ੁਸ਼ੀ ਨਾਲ ਪੁੱਛਣਗੇ: “ਟੈਕਸ ਇਕੱਠਾ ਕਰਨ ਵਾਲੇ ਜਾਂ ਸੂਹ ਲੈਣ ਵਾਲੇ ਕਿਥੇ ਹਨ”?—ਯਸਾਯਾਹ 33:18, ਪਵਿੱਤਰ ਬਾਈਬਲ ਨਵਾਂ ਅਨੁਵਾਦ।

16. ਪਰਮੇਸ਼ੁਰ ਦੇ ਲੋਕ ਕਿਸ ਸਮੇਂ ਤੋਂ ਮਸੀਹਾਈ ਰਾਜੇ ਨੂੰ ‘ਝਾਕ’ ਸਕੇ ਹਨ ਅਤੇ ਇਸ ਦਾ ਨਤੀਜਾ ਕੀ ਨਿਕਲਿਆ ਹੈ?

16 ਯਸਾਯਾਹ ਦੇ ਸ਼ਬਦਾਂ ਨੇ ਯਹੂਦੀ ਲੋਕਾਂ ਨੂੰ ਬਾਬਲ ਦੀ ਗ਼ੁਲਾਮੀ ਤੋਂ ਛੁਟਕਾਰਾ ਪਾਉਣ ਦੀ ਗਾਰੰਟੀ ਦਿੱਤੀ ਸੀ। ਪਰ, ਇਹ ਭਵਿੱਖਬਾਣੀ ਉਨ੍ਹਾਂ ਯਹੂਦੀਆਂ ਉੱਤੇ ਉਦੋਂ ਪੂਰੀ ਤਰ੍ਹਾਂ ਲਾਗੂ ਹੋਵੇਗੀ ਜਦੋਂ ਉਹ ਫਿਰ ਤੋਂ ਜੀ ਉਠਾਏ ਜਾਣਗੇ। ਪਰਮੇਸ਼ੁਰ ਦੇ ਅੱਜ ਦੇ ਸੇਵਕਾਂ ਬਾਰੇ ਕੀ? ਇਹ ਕਿਹਾ ਜਾ ਸਕਦਾ ਹੈ ਕਿ 1914 ਤੋਂ ਯਹੋਵਾਹ ਦੇ ਲੋਕ ਮਸੀਹਾਈ ਰਾਜੇ ਯਿਸੂ ਮਸੀਹ ਦੀ ਰੂਹਾਨੀ ਸੁੰਦਰਤਾ ਉੱਤੇ ‘ਝਾਕ’ ਰਹੇ ਹਨ। (ਜ਼ਬੂਰ 45:2; 118:22-26) ਨਤੀਜੇ ਵਜੋਂ, ਉਨ੍ਹਾਂ ਨੇ ਸ਼ਤਾਨ ਦੀ ਦੁਸ਼ਟ ਦੁਨੀਆਂ ਦੇ ਕੰਟ੍ਰੋਲ ਅਤੇ ਜ਼ੁਲਮ ਤੋਂ ਛੁਟਕਾਰਾ ਪਾਇਆ ਹੈ। ਉਹ ਪਰਮੇਸ਼ੁਰ ਦੀ ਰਾਜ-ਗੱਦੀ, ਸੀਯੋਨ ਅਧੀਨ ਸੱਚਾ ਰੂਹਾਨੀ ਸੁਖ ਪਾ ਸਕਦੇ ਹਨ।

17. (ੳ) ਸੀਯੋਨ ਬਾਰੇ ਕਿਹੜੇ ਵਾਅਦੇ ਕੀਤੇ ਗਏ ਸਨ? (ਅ) ਸੀਯੋਨ ਬਾਰੇ ਯਹੋਵਾਹ ਦੇ ਵਾਅਦੇ ਮਸੀਹਾਈ ਰਾਜ ਅਤੇ ਉਸ ਦੀ ਪਰਜਾ ਉੱਤੇ ਕਿਵੇਂ ਲਾਗੂ ਹੁੰਦੇ ਹਨ?

17 ਯਸਾਯਾਹ ਨੇ ਅੱਗੇ ਕਿਹਾ: “ਸੀਯੋਨ ਨੂੰ ਤੱਕ, ਸਾਡੇ ਮਿਥੇ ਹੋਏ ਪਰਬਾਂ ਦਾ ਨਗਰ, ਤੇਰੀਆਂ ਅੱਖਾਂ ਯਰੂਸ਼ਲਮ ਨੂੰ ਵੇਖਣਗੀਆਂ, ਇੱਕ ਅਰਾਮ ਦਾ ਵਾਸ, ਇੱਕ ਤੰਬੂ ਜਿਹੜਾ ਪੁੱਟਿਆ ਨਾ ਜਾਵੇਗਾ, ਜਿਹ ਦੇ ਕੀਲੇ ਕਦੀ ਉਖਾੜੇ ਨਹੀਂ ਜਾਣਗੇ, ਜਿਹ ਦੀਆਂ ਲਾਸਾਂ ਵਿੱਚੋਂ ਇੱਕ ਵੀ ਤੋੜੀ ਨਾ ਜਾਵੇਗੀ। ਪਰ ਉੱਥੇ ਯਹੋਵਾਹ ਸ਼ਾਨ ਵਿੱਚ ਸਾਡੇ ਅੰਗ ਸੰਗ ਹੋਵੇਗਾ, ਜਿੱਥੇ ਚੌੜੀਆਂ ਨਦੀਆਂ ਅਤੇ ਦਰਿਆ ਹਨ, ਜਿੱਥੇ ਕੋਈ ਚੱਪੂਆਂ ਵਾਲੀ ਬੇੜੀ ਨਾ ਚੱਲੇਗੀ, ਜਿਹ ਦੇ ਉੱਤੇ ਕੋਈ ਸ਼ਾਨਦਾਰ ਜਹਾਜ਼ ਨਾ ਲੰਘੇਗਾ।” (ਯਸਾਯਾਹ 33:20, 21) ਇੱਥੇ ਯਸਾਯਾਹ ਨੇ ਸਾਨੂੰ ਭਰੋਸਾ ਦਿਲਾਇਆ ਕਿ ਪਰਮੇਸ਼ੁਰ ਦਾ ਮਸੀਹਾਈ ਰਾਜ ਉਖੇੜਿਆ ਨਹੀਂ ਜਾ ਸਕਦਾ। ਇਸ ਤੋਂ ਇਲਾਵਾ, ਅੱਜ ਧਰਤੀ ਉੱਤੇ ਰਾਜ ਦੀ ਵਫ਼ਾਦਾਰ ਪਰਜਾ ਵੀ ਅਜਿਹੀ ਸੁਰੱਖਿਆ ਪਾ ਸਕਦੀ ਹੈ। ਭਾਵੇਂ ਕਿ ਪਰਮੇਸ਼ੁਰ ਦੇ ਰਾਜ ਨੂੰ ਸਵੀਕਾਰ ਕਰਨ ਵਾਲਿਆਂ ਉੱਤੇ ਵੱਡੇ-ਵੱਡੇ ਜ਼ੁਲਮ ਕੀਤੇ ਜਾਂਦੇ ਹਨ, ਪਰ ਇਕ ਕਲੀਸਿਯਾ ਦੇ ਤੌਰ ਤੇ ਉਨ੍ਹਾਂ ਨੂੰ ਖ਼ਤਮ ਕਰਨ ਦਾ ਕੋਈ ਵੀ ਜਤਨ ਸਫ਼ਲ ਨਹੀਂ ਹੋ ਸਕਦਾ। (ਯਸਾਯਾਹ 54:17) ਯਹੋਵਾਹ ਆਪਣੇ ਲੋਕਾਂ ਨੂੰ ਇਸ ਤਰ੍ਹਾਂ ਸੁਰੱਖਿਅਤ ਰੱਖੇਗਾ ਜਿਵੇਂ ਕਿਸੇ ਸ਼ਹਿਰ ਦੁਆਲੇ ਉਸ ਦੀ ਖਾਈ ਉਸ ਨੂੰ ਸੁਰੱਖਿਅਤ ਰੱਖਦੀ ਹੈ। ਉਨ੍ਹਾਂ ਦੇ ਸਾਰੇ ਦੁਸ਼ਮਣ ਨਾਸ਼ ਕੀਤੇ ਜਾਣਗੇ ਭਾਵੇਂ ਉਹ “ਚੱਪੂਆਂ ਵਾਲੀ ਬੇੜੀ” ਜਾਂ “ਸ਼ਾਨਦਾਰ ਜਹਾਜ਼” ਜਿੰਨੇ ਸ਼ਕਤੀਸ਼ਾਲੀ ਹੋਣ!

18. ਯਹੋਵਾਹ ਕਿਹੜੀ ਜ਼ਿੰਮੇਵਾਰੀ ਲੈਂਦਾ ਹੈ?

18 ਪਰ ਪਰਮੇਸ਼ੁਰ ਦੇ ਰਾਜ ਦੇ ਪ੍ਰੇਮੀ ਪਰਮੇਸ਼ੁਰ ਦੀ ਸੁਰੱਖਿਆ ਉੱਤੇ ਇੰਨਾ ਭਰੋਸਾ ਕਿਉਂ ਰੱਖ ਸਕਦੇ ਹਨ? ਯਸਾਯਾਹ ਨੇ ਸਮਝਾਇਆ: “ਯਹੋਵਾਹ ਤਾਂ ਸਾਡਾ ਨਿਆਈ ਹੈ, ਯਹੋਵਾਹ ਸਾਡਾ ਬਿਧੀਆਂ ਦੇਣ ਵਾਲਾ ਹੈ, ਯਹੋਵਾਹ ਸਾਡਾ ਪਾਤਸ਼ਾਹ ਹੈ, ਉਹ ਸਾਨੂੰ ਬਚਾਵੇਗਾ।” (ਯਸਾਯਾਹ 33:22) ਯਹੋਵਾਹ ਆਪਣੇ ਲੋਕਾਂ ਨੂੰ ਸੁਰੱਖਿਆ ਅਤੇ ਅਗਵਾਈ ਦੇਣ ਦੀ ਜ਼ਿੰਮੇਵਾਰੀ ਲੈਂਦਾ ਹੈ, ਕਿਉਂ ਜੋ ਉਹ ਉਸ ਦੇ ਹਕੂਮਤ ਕਰਨ ਦੇ ਹੱਕ ਨੂੰ ਸਵੀਕਾਰ ਕਰਦੇ ਹਨ। ਉਹ ਖ਼ੁਸ਼ੀ ਨਾਲ ਮਸੀਹਾਈ ਰਾਜ ਦੇ ਅਧੀਨ ਰਹਿੰਦੇ ਹਨ। ਉਹ ਜਾਣਦੇ ਹਨ ਕਿ ਯਹੋਵਾਹ ਕੋਲ ਸਿਰਫ਼ ਕਾਨੂੰਨ ਬਣਾਉਣ ਦਾ ਹੱਕ ਹੀ ਨਹੀਂ ਹੈ, ਸਗੋਂ ਉਹ ਲੋਕਾਂ ਨੂੰ ਮਜਬੂਰ ਕਰ ਕੇ ਇਨ੍ਹਾਂ ਦੀ ਪਾਲਣਾ ਵੀ ਕਰਵਾ ਸਕਦਾ ਹੈ। ਪਰ, ਯਹੋਵਾਹ ਧਾਰਮਿਕਤਾ ਅਤੇ ਇਨਸਾਫ਼ ਦਾ ਪਰਮੇਸ਼ੁਰ ਹੈ, ਇਸ ਲਈ ਉਸ ਦੇ ਉਪਾਸਕਾਂ ਵਾਸਤੇ ਉਸ ਦੇ ਰਾਜ ਅਧੀਨ ਹੋਣਾ ਕੋਈ ਬੋਝ ਨਹੀਂ ਹੈ। ਇਸ ਦੀ ਬਜਾਇ, ਯਹੋਵਾਹ ਦੇ ਅਧਿਕਾਰ ਨੂੰ ਸਵੀਕਾਰ ਕਰਨ ਨਾਲ ਉਹ ‘ਲਾਭ ਉਠਾਉਂਦੇ’ ਹਨ। (ਯਸਾਯਾਹ 48:17) ਯਹੋਵਾਹ ਆਪਣੇ ਵਫ਼ਾਦਾਰ ਲੋਕਾਂ ਨੂੰ ਕਦੀ ਵੀ ਨਹੀਂ ਤਿਆਗੇਗਾ।—ਜ਼ਬੂਰ 37:28.

19. ਯਸਾਯਾਹ ਨੇ ਯਹੋਵਾਹ ਦੇ ਵਫ਼ਾਦਾਰ ਲੋਕਾਂ ਦੇ ਵੈਰੀਆਂ ਦੇ ਨਿਕੰਮੇ ਹੋਣ ਬਾਰੇ ਕੀ ਕਿਹਾ ਸੀ?

19 ਯਸਾਯਾਹ ਨੇ ਯਹੋਵਾਹ ਦੇ ਵਫ਼ਾਦਾਰ ਲੋਕਾਂ ਦੇ ਵੈਰੀਆਂ ਨੂੰ ਦੱਸਿਆ: “ਤੇਰੇ ਰੱਸੇ ਢਿੱਲੇ ਹਨ, ਓਹ ਬਾਦਬਾਨ ਉਹ ਦੇ ਥਾਂ ਤੇ ਕੱਸ ਨਾ ਸੱਕੇ, ਨਾ ਓਹ ਪਾਲ ਨੂੰ ਉਡਾ ਸੱਕੇ, ਤਦ ਸ਼ਿਕਾਰ ਅਰ ਲੁੱਟ ਵਾਫ਼ਰੀ ਨਾਲ ਵੰਡੀ ਜਾਵੇਗੀ, ਲੰਙੇ ਵੀ ਲੁੱਟ ਲੁੱਟਣਗੇ।” (ਯਸਾਯਾਹ 33:23) ਯਹੋਵਾਹ ਦੇ ਸਾਮ੍ਹਣੇ ਆਉਣ ਵਾਲਾ ਹਰ ਦੁਸ਼ਮਣ ਇਕ ਢਿੱਲੇ ਬਾਦਬਾਨ ਵਾਲੇ ਜੰਗੀ ਜਹਾਜ਼ ਵਾਂਗ ਨਿਕੰਮਾ ਹੋਵੇਗਾ। ਪਰਮੇਸ਼ੁਰ ਦੇ ਵੈਰੀਆਂ ਦੇ ਨਾਸ਼ ਤੋਂ ਬਾਅਦ ਇੰਨਾ ਮਾਲ ਬਚਿਆ ਹੋਵੇਗਾ ਕਿ ਅਪਾਹਜ ਲੋਕ ਵੀ ਉਸ ਨੂੰ ਲੁੱਟ ਸਕਣਗੇ। ਇਸ ਲਈ ਅਸੀਂ ਵਿਸ਼ਵਾਸ ਕਰ ਸਕਦੇ ਹਾਂ ਕਿ ਯਹੋਵਾਹ, ਯਿਸੂ ਮਸੀਹ ਦੇ ਜ਼ਰੀਏ “ਵੱਡੀ ਬਿਪਤਾ” ਵਿਚ ਆਪਣੇ ਵੈਰੀਆਂ ਉੱਤੇ ਜਿੱਤ ਪ੍ਰਾਪਤ ਕਰੇਗਾ।—ਪਰਕਾਸ਼ ਦੀ ਪੋਥੀ 7:14.

ਇਲਾਜ

20. ਪਰਮੇਸ਼ੁਰ ਦੇ ਲੋਕਾਂ ਦਾ ਰੂਹਾਨੀ ਤੌਰ ਤੇ ਇਲਾਜ ਕਦੋਂ ਅਤੇ ਕਿਵੇਂ ਕੀਤਾ ਗਿਆ ਸੀ?

20 ਯਸਾਯਾਹ ਦੀ ਇਸ ਭਵਿੱਖਬਾਣੀ ਦੇ ਅਖ਼ੀਰ ਵਿਚ ਇਹ ਸ਼ਾਨਦਾਰ ਵਾਅਦਾ ਮਿਲਦਾ ਹੈ: “ਕੋਈ ਵਾਸੀ ਨਾ ਆਖੇਗਾ, ਮੈਂ ਬਿਮਾਰ ਹਾਂ, ਜਿਹੜੇ ਲੋਕ ਉਸ ਵਿੱਚ ਵੱਸਦੇ ਹਨ, ਓਹਨਾਂ ਦੀ ਬਦੀ ਮਾਫ਼ ਕੀਤੀ ਜਾਵੇਗੀ।” (ਯਸਾਯਾਹ 33:24) ਯਸਾਯਾਹ ਮੁੱਖ ਤੌਰ ਤੇ ਰੂਹਾਨੀ ਬੀਮਾਰੀ ਬਾਰੇ ਗੱਲ ਕਰ ਰਿਹਾ ਸੀ ਜਿਸ ਦਾ ਸੰਬੰਧ ਪਾਪ ਜਾਂ “ਬਦੀ” ਨਾਲ ਹੈ। ਇਸ ਭਵਿੱਖਬਾਣੀ ਦੀ ਪਹਿਲੀ ਪੂਰਤੀ ਬਾਬਲ ਦੀ ਗ਼ੁਲਾਮੀ ਤੋਂ ਛੁਟਕਾਰੇ ਬਾਅਦ ਹੋਈ ਸੀ ਜਦੋਂ ਇਸਰਾਏਲੀ ਕੌਮ ਦਾ ਰੂਹਾਨੀ ਤੌਰ ਤੇ ਇਲਾਜ ਕੀਤਾ ਗਿਆ ਸੀ। (ਯਸਾਯਾਹ 35:5, 6; ਯਿਰਮਿਯਾਹ 33:6. ਜ਼ਬੂਰ 103:1-5 ਦੀ ਤੁਲਨਾ ਕਰੋ।) ਵਾਪਸ ਮੁੜ ਰਹੇ ਯਹੂਦੀਆਂ ਦੇ ਪਾਪ ਮਾਫ਼ ਕੀਤੇ ਗਏ ਸਨ ਅਤੇ ਉਨ੍ਹਾਂ ਨੇ ਯਰੂਸ਼ਲਮ ਵਿਚ ਸ਼ੁੱਧ ਉਪਾਸਨਾ ਦੁਬਾਰਾ ਸ਼ੁਰੂ ਕੀਤੀ ਸੀ।

21. ਅੱਜ ਯਹੋਵਾਹ ਦੇ ਉਪਾਸਕਾਂ ਦਾ ਰੂਹਾਨੀ ਇਲਾਜ ਕਿਸ ਤਰ੍ਹਾਂ ਕੀਤਾ ਜਾਂਦਾ ਹੈ?

21 ਯਸਾਯਾਹ ਦੀ ਭਵਿੱਖਬਾਣੀ ਦੀ ਪੂਰਤੀ ਸਾਡੇ ਜ਼ਮਾਨੇ ਵਿਚ ਵੀ ਹੁੰਦੀ ਹੈ। ਅੱਜ ਵੀ ਯਹੋਵਾਹ ਦੇ ਲੋਕਾਂ ਦਾ ਰੂਹਾਨੀ ਇਲਾਜ ਕੀਤਾ ਗਿਆ ਹੈ। ਉਨ੍ਹਾਂ ਨੂੰ ਜੂਨਾਂ ਵਿਚ ਪੈਣ, ਤ੍ਰਿਏਕ, ਅਤੇ ਨਰਕ ਦੀ ਅੱਗ ਵਰਗੀਆਂ ਝੂਠੀਆਂ ਸਿੱਖਿਆਵਾਂ ਤੋਂ ਆਜ਼ਾਦੀ ਮਿਲੀ ਹੈ। ਉਨ੍ਹਾਂ ਨੂੰ ਨੇਕ-ਚਲਣ ਬਾਰੇ ਵੀ ਸਿੱਖਿਆ ਮਿਲਦੀ ਹੈ ਜਿਸ ਕਾਰਨ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਅਨੈਤਿਕ ਆਦਤਾਂ ਤੋਂ ਦੂਰ ਰਹਿਣ ਅਤੇ ਚੰਗੇ ਫ਼ੈਸਲੇ ਕਰਨ ਵਿਚ ਵੀ ਮਦਦ ਮਿਲਦੀ ਹੈ। ਅਤੇ ਯਿਸੂ ਮਸੀਹੀ ਦੇ ਬਲੀਦਾਨ ਵਿਚ ਵਿਸ਼ਵਾਸ ਕਾਰਨ, ਯਹੋਵਾਹ ਦੀਆਂ ਨਜ਼ਰਾਂ ਵਿਚ ਉਨ੍ਹਾਂ ਦੀ ਖਰੀ ਸਥਿਤੀ ਹੈ ਅਤੇ ਉਨ੍ਹਾਂ ਦੀਆਂ ਜ਼ਮੀਰਾਂ ਸਾਫ਼ ਹਨ। (ਕੁਲੁੱਸੀਆਂ 1:13, 14; 1 ਪਤਰਸ 2:24; 1 ਯੂਹੰਨਾ 4:10) ਇਸ ਰੂਹਾਨੀ ਇਲਾਜ ਦੇ ਸਰੀਰਕ ਫ਼ਾਇਦੇ ਵੀ ਹਨ। ਉਦਾਹਰਣ ਲਈ, ਵਿਭਚਾਰ ਤੋਂ ਦੂਰ ਰਹਿਣ ਨਾਲ ਮਸੀਹੀ ਅਨੈਤਿਕ ਸੰਬੰਧਾਂ ਦੁਆਰਾ ਫੈਲਣ ਵਾਲੇ ਰੋਗਾਂ ਤੋਂ ਬਚਦੇ ਹਨ ਅਤੇ ਸਿਗਰਟ ਨਾ ਪੀਣ ਕਰਕੇ ਉਹ ਕਈ ਤਰ੍ਹਾਂ ਦੇ ਕੈਂਸਰਾਂ ਤੋਂ ਬਚਦੇ ਹਨ।—1 ਕੁਰਿੰਥੀਆਂ 6:18; 2 ਕੁਰਿੰਥੀਆਂ 7:1.

22, 23. (ੳ) ਭਵਿੱਖ ਵਿਚ ਯਸਾਯਾਹ 33:24 ਦੀ ਸਭ ਤੋਂ ਵੱਡੀ ਪੂਰਤੀ ਕਿਸ ਤਰ੍ਹਾਂ ਹੋਵੇਗੀ? (ਅ) ਅੱਜ ਸੱਚੇ ਉਪਾਸਕਾਂ ਦਾ ਪੱਕਾ ਇਰਾਦਾ ਕੀ ਹੈ?

22 ਇਸ ਤੋਂ ਇਲਾਵਾ, ਯਸਾਯਾਹ 33:24 ਦੀ ਸਭ ਤੋਂ ਵੱਡੀ ਪੂਰਤੀ ਆਰਮਾਗੇਡਨ ਤੋਂ ਬਾਅਦ, ਪਰਮੇਸ਼ੁਰ ਦੇ ਨਵੇਂ ਸੰਸਾਰ ਵਿਚ ਹੋਵੇਗੀ। ਮਸੀਹਾਈ ਰਾਜ ਦੇ ਅਧੀਨ, ਇਨਸਾਨਾਂ ਦੇ ਰੂਹਾਨੀ ਇਲਾਜ ਦੇ ਨਾਲ-ਨਾਲ ਉਨ੍ਹਾਂ ਦਾ ਸਰੀਰਕ ਤੌਰ ਤੇ ਵੀ ਇਲਾਜ ਕੀਤਾ ਜਾਵੇਗਾ। (ਪਰਕਾਸ਼ ਦੀ ਪੋਥੀ 21:3, 4) ਸ਼ਤਾਨ ਦੀ ਦੁਨੀਆਂ ਦੇ ਨਾਸ਼ ਤੋਂ ਥੋੜ੍ਹੀ ਦੇਰ ਬਾਅਦ, ਸਾਰੇ ਸੰਸਾਰ ਵਿਚ ਉਸ ਤਰ੍ਹਾਂ ਦੇ ਚਮਤਕਾਰ ਹੋਣਗੇ ਜਿਸ ਤਰ੍ਹਾਂ ਦੇ ਯਿਸੂ ਨੇ ਧਰਤੀ ਉੱਤੇ ਕੀਤੇ ਸਨ। ਅੰਨ੍ਹੇ ਦੇਖਣਗੇ, ਬੋਲ਼ੇ ਸੁਣਨਗੇ, ਅਤੇ ਲੰਗੜੇ ਤੁਰਨਗੇ! (ਯਸਾਯਾਹ 35:5, 6) ਇਸ ਤਰ੍ਹਾਂ ਵੱਡੀ ਬਿਪਤਾ ਵਿੱਚੋਂ ਬਚਣ ਵਾਲੇ ਸਾਰੇ ਲੋਕ ਧਰਤੀ ਨੂੰ ਫਿਰਦੌਸ ਬਣਾਉਣ ਦੇ ਕੰਮ ਵਿਚ ਹਿੱਸਾ ਲੈਣਗੇ।

23 ਇਸ ਵਿਚ ਕੋਈ ਸ਼ੱਕ ਨਹੀਂ ਕਿ ਮਰੇ ਹੋਏ ਲੋਕਾਂ ਨੂੰ ਚੰਗੀ ਸਿਹਤ ਨਾਲ ਜੀ ਉਠਾਇਆ ਜਾਵੇਗਾ। ਪਰ ਰਿਹਾਈ ਦੇ ਬਲੀਦਾਨ ਦੀ ਕੀਮਤ ਹੋਰ ਲਾਗੂ ਕੀਤੀ ਜਾਣ ਦੇ ਨਾਲ ਸਰੀਰਕ ਲਾਭ ਉਸ ਸਮੇਂ ਤਕ ਮਿਲਦੇ ਰਹਿਣਗੇ ਜਦ ਤਕ ਮਨੁੱਖਜਾਤੀ ਸੰਪੂਰਣ ਨਾ ਬਣ ਜਾਵੇਗੀ। ਸੰਪੂਰਣ ਹੋਣ ਤੋਂ ਬਾਅਦ ਹੀ ਧਰਮੀ ਲੋਕ ਸਹੀ ਅਰਥ ਵਿਚ ‘ਜੀ ਉੱਠਣਗੇ।’ (ਪਰਕਾਸ਼ ਦੀ ਪੋਥੀ 20:5, 6) ਉਦੋਂ, ਰੂਹਾਨੀ ਅਤੇ ਸਰੀਰਕ ਤੌਰ ਤੇ “ਕੋਈ ਵਾਸੀ ਨਾ ਆਖੇਗਾ, ਮੈਂ ਬਿਮਾਰ ਹਾਂ।” ਇਹ ਵਧੀਆ ਵਾਅਦਾ ਦਿਲ ਨੂੰ ਕਿੰਨਾ ਖ਼ੁਸ਼ ਕਰਦਾ ਹੈ! ਉਮੀਦ ਹੈ ਕਿ ਅੱਜ ਸਾਰੇ ਸੱਚੇ ਉਪਾਸਕਾਂ ਦਾ ਪੱਕਾ ਇਰਾਦਾ ਹੈ ਕਿ ਉਹ ਇਸ ਦੀ ਪੂਰਤੀ ਅਨੁਭਵ ਕਰਨਗੇ!

[ਸਵਾਲ]

[ਸਫ਼ਾ 344 ਉੱਤੇ ਤਸਵੀਰ]

ਯਸਾਯਾਹ ਨੇ ਭਰੋਸੇ ਨਾਲ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਸੀ

[ਸਫ਼ਾ 353 ਉੱਤੇ ਤਸਵੀਰਾਂ]

ਰਿਹਾਈ ਦੇ ਬਲੀਦਾਨ ਕਾਰਨ ਯਹੋਵਾਹ ਦੇ ਲੋਕ ਉਸ ਦੇ ਅੱਗੇ ਸ਼ੁੱਧ ਹਨ

[ਸਫ਼ਾ 354 ਉੱਤੇ ਤਸਵੀਰ]

ਨਵੇਂ ਸੰਸਾਰ ਵਿਚ ਸਰੀਰਕ ਇਲਾਜ ਹੋਵੇਗਾ