Skip to content

Skip to table of contents

ਕੌਮਾਂ ਉੱਤੇ ਯਹੋਵਾਹ ਦਾ ਕ੍ਰੋਧ

ਕੌਮਾਂ ਉੱਤੇ ਯਹੋਵਾਹ ਦਾ ਕ੍ਰੋਧ

ਸਤਾਈਵਾਂ ਅਧਿਆਇ

ਕੌਮਾਂ ਉੱਤੇ ਯਹੋਵਾਹ ਦਾ ਕ੍ਰੋਧ

ਯਸਾਯਾਹ 34:1-17

1, 2. (ੳ) ਅਸੀਂ ਯਹੋਵਾਹ ਦੇ ਲੇਖਾ ਲੈਣ ਬਾਰੇ ਕਿਹੜਾ ਭਰੋਸਾ ਰੱਖ ਸਕਦੇ ਹਾਂ? (ਅ) ਯਹੋਵਾਹ ਬਦਲਾ ਕਿਉਂ ਲਵੇਗਾ?

ਯਹੋਵਾਹ ਪਰਮੇਸ਼ੁਰ ਸਿਰਫ਼ ਆਪਣੇ ਵਫ਼ਾਦਾਰ ਸੇਵਕਾਂ ਨਾਲ ਹੀ ਨਹੀਂ, ਸਗੋਂ ਜ਼ਰੂਰਤ ਪੈਣ ਤੇ ਉਹ ਆਪਣੇ ਦੁਸ਼ਮਣਾਂ ਨਾਲ ਵੀ ਧੀਰਜਵਾਨ ਹੁੰਦਾ ਹੈ। (1 ਪਤਰਸ 3:19, 20; 2 ਪਤਰਸ 3:15) ਯਹੋਵਾਹ ਦੇ ਵਿਰੋਧੀ ਸ਼ਾਇਦ ਉਸ ਦੇ ਧੀਰਜ ਦੀ ਕਦਰ ਨਾ ਕਰਨ ਅਤੇ ਉਹ ਸ਼ਾਇਦ ਸੋਚਣ ਕਿ ਯਹੋਵਾਹ ਨਾ ਤਾਂ ਕੁਝ ਕਰਨਾ ਚਾਹੁੰਦਾ ਹੈ ਅਤੇ ਨਾ ਕੁਝ ਕਰ ਸਕਦਾ ਹੈ। ਪਰ, ਯਸਾਯਾਹ ਦਾ 34ਵਾਂ ਅਧਿਆਇ ਦਿਖਾਉਂਦਾ ਹੈ ਕਿ ਯਹੋਵਾਹ ਆਪਣੇ ਦੁਸ਼ਮਣਾਂ ਤੋਂ ਹਮੇਸ਼ਾ ਲੇਖਾ ਲੈਂਦਾ ਹੈ। (ਸਫ਼ਨਯਾਹ 3:8) ਪਰਮੇਸ਼ੁਰ ਨੇ ਕੁਝ ਸਮੇਂ ਲਈ ਅਦੋਮ ਅਤੇ ਹੋਰਨਾਂ ਕੌਮਾਂ ਨੂੰ ਆਪਣੇ ਲੋਕਾਂ ਦਾ ਵਿਰੋਧ ਕਰਨ ਤੋਂ ਨਹੀਂ ਰੋਕਿਆ। ਲੇਕਿਨ ਉਸ ਨੇ ਉਨ੍ਹਾਂ ਤੋਂ ਸਮੇਂ ਸਿਰ ਬਦਲਾ ਜ਼ਰੂਰ ਲਿਆ। (ਬਿਵਸਥਾ ਸਾਰ 32:35) ਇਸੇ ਤਰ੍ਹਾਂ ਯਹੋਵਾਹ ਆਪਣੇ ਠਹਿਰਾਏ ਗਏ ਸਮੇਂ ਤੇ ਇਸ ਦੁਸ਼ਟ ਦੁਨੀਆਂ ਤੋਂ ਲੇਖਾ ਲਵੇਗਾ ਜੋ ਉਸ ਦੇ ਰਾਜ ਕਰਨ ਦੇ ਹੱਕ ਦਾ ਵਿਰੋਧ ਕਰਦੀ ਹੈ।

2 ਲੇਖਾ ਲੈਣ ਦਾ ਮੁੱਖ ਕਾਰਨ ਇਹ ਹੈ ਕਿ ਪਰਮੇਸ਼ੁਰ ਆਪਣੇ ਰਾਜ ਕਰਨ ਦੇ ਹੱਕ ਨੂੰ ਪ੍ਰਗਟ ਕਰ ਕੇ ਆਪਣੇ ਨਾਂ ਦੀ ਵਡਿਆਈ ਕਰੇ। (ਜ਼ਬੂਰ 83:13-18) ਬਦਲਾ ਲੈ ਕੇ ਉਹ ਆਪਣੇ ਸੇਵਕਾਂ ਨੂੰ ਆਪਣੇ ਪ੍ਰਤਿਨਿਧਾਂ ਵਜੋਂ ਸੱਚੇ ਸਾਬਤ ਕਰੇਗਾ ਅਤੇ ਉਨ੍ਹਾਂ ਨੂੰ ਭੈੜੀਆਂ ਹਾਲਤਾਂ ਵਿੱਚੋਂ ਬਚਾਵੇਗਾ। ਇਸ ਤੋਂ ਇਲਾਵਾ, ਯਹੋਵਾਹ ਹਮੇਸ਼ਾ ਇਨਸਾਫ਼ ਦੇ ਅਨੁਸਾਰ ਲੇਖਾ ਲੈਂਦਾ ਹੈ।—ਜ਼ਬੂਰ 58:10, 11.

ਹੇ ਕੌਮੋ, ਕੰਨ ਲਾਓ

3. ਯਸਾਯਾਹ ਰਾਹੀਂ ਯਹੋਵਾਹ ਨੇ ਕੌਮਾਂ ਨੂੰ ਕਿਹੜਾ ਸੱਦਾ ਦਿੱਤਾ ਸੀ?

3 ਅਦੋਮ ਤੋਂ ਬਦਲਾ ਲੈਣ ਬਾਰੇ ਗੱਲ ਕਰਨ ਤੋਂ ਪਹਿਲਾਂ, ਯਹੋਵਾਹ ਨੇ ਯਸਾਯਾਹ ਰਾਹੀਂ ਸਾਰੀਆਂ ਕੌਮਾਂ ਨੂੰ ਇਕ ਸੱਦਾ ਦਿੱਤਾ: “ਹੇ ਕੌਮੋ, ਸੁਣਨ ਲਈ ਨੇੜੇ ਆਓ, ਹੇ ਉੱਮਤੋ, ਕੰਨ ਲਾਓ! ਧਰਤੀ ਅਰ ਉਹ ਦੀ ਭਰਪੂਰੀ, ਜਗਤ ਅਤੇ ਸਭ ਜੋ ਉਸ ਵਿੱਚੋਂ ਨਿੱਕਲਦਾ ਹੈ, ਸੋ ਸੁਣੇ!” (ਯਸਾਯਾਹ 34:1) ਨਬੀ ਮੂਰਤੀ-ਪੂਜਕ ਕੌਮਾਂ ਖ਼ਿਲਾਫ਼ ਵਾਰ-ਵਾਰ ਬੋਲ ਚੁੱਕਾ ਸੀ। ਅੱਗੇ ਉਸ ਨੇ ਉਨ੍ਹਾਂ ਵਿਰੁੱਧ ਪਰਮੇਸ਼ੁਰ ਦੀਆਂ ਚੇਤਾਵਨੀਆਂ ਦਾ ਸਾਰ ਦਿੱਤਾ। ਕੀ ਇਹ ਚੇਤਾਵਨੀਆਂ ਸਾਡੇ ਜ਼ਮਾਨੇ ਵਿਚ ਕੋਈ ਅਰਥ ਰੱਖਦੀਆਂ ਹਨ?

4. (ੳ) ਯਸਾਯਾਹ 34:1 ਦੇ ਅਨੁਸਾਰ ਕੌਮਾਂ ਨੂੰ ਕੀ ਕਰਨ ਲਈ ਕਿਹਾ ਗਿਆ ਹੈ? (ਅ) ਕੀ ਕੌਮਾਂ ਨੂੰ ਸਖ਼ਤ ਸਜ਼ਾ ਦੇ ਕੇ ਯਹੋਵਾਹ ਆਪਣੇ ਆਪ ਨੂੰ ਇਕ ਬੇਰਹਿਮ ਪਰਮੇਸ਼ੁਰ ਸਾਬਤ ਕਰਦਾ ਹੈ? (ਸਫ਼ੇ 363 ਉੱਤੇ ਡੱਬੀ ਦੇਖੋ।)

4 ਜੀ ਹਾਂ, ਸਰਬਸ਼ਕਤੀਮਾਨ ਨੂੰ ਇਸ ਦੁਸ਼ਟ ਦੁਨੀਆਂ ਦੇ ਹਰ ਹਿੱਸੇ ਉੱਤੇ ਗਿਲਾ ਹੈ। ਇਸੇ ਲਈ ‘ਉੱਮਤਾਂ ਅਤੇ ਧਰਤੀ’ ਨੂੰ ਯਹੋਵਾਹ ਦਾ ਸੁਨੇਹਾ ਸੁਣਨ ਲਈ ਕਿਹਾ ਗਿਆ ਹੈ ਜਿਸ ਦਾ ਉਹ ਸਾਰੀ ਦੁਨੀਆਂ ਵਿਚ ਪ੍ਰਚਾਰ ਕਰਵਾ ਰਿਹਾ ਹੈ। ਯਸਾਯਾਹ ਨੇ ਜ਼ਬੂਰ 24:1 ਦੇ ਸ਼ਬਦਾਂ ਵਾਂਗ ਸਾਰੀ ਧਰਤੀ ਬਾਰੇ ਗੱਲ ਕੀਤੀ ਕਿ ਉਹ ਸੁਨੇਹਾ ਸੁਣੇਗੀ। ਇਹ ਭਵਿੱਖਬਾਣੀ ਸਾਡੇ ਜ਼ਮਾਨੇ ਵਿਚ ਪੂਰੀ ਹੋ ਰਹੀ ਹੈ ਕਿਉਂ ਜੋ ਯਹੋਵਾਹ ਦੇ ਗਵਾਹ “ਧਰਤੀ ਦੇ ਬੰਨੇ ਤੀਕੁਰ” ਪ੍ਰਚਾਰ ਕਰ ਰਹੇ ਹਨ। (ਰਸੂਲਾਂ ਦੇ ਕਰਤੱਬ 1:8) ਪਰ ਕੌਮਾਂ ਸੁਣ ਨਹੀਂ ਰਹੀਆਂ। ਉਨ੍ਹਾਂ ਨੂੰ ਆਉਣ ਵਾਲੇ ਨਾਸ਼ ਦੀ ਚੇਤਾਵਨੀ ਬਾਰੇ ਕੋਈ ਪਰਵਾਹ ਨਹੀਂ। ਪਰ ਇਸ ਦਾ ਇਹ ਮਤਲਬ ਨਹੀਂ ਕਿ ਯਹੋਵਾਹ ਆਪਣਾ ਬਚਨ ਪੂਰਾ ਨਹੀਂ ਕਰੇਗਾ।

5, 6. (ੳ) ਕੌਮਾਂ ਨੂੰ ਪਰਮੇਸ਼ੁਰ ਨੂੰ ਲੇਖਾ ਕਿਉਂ ਦੇਣਾ ਪਵੇਗਾ? (ਅ) ਇਹ ਗੱਲ ਕਿਵੇਂ ਸੱਚ ਹੈ ਕਿ “ਪਹਾੜ ਓਹਨਾਂ ਦੇ ਲਹੂ ਨਾਲ ਵਗ ਤੁਰਨਗੇ”?

5 ਅੱਗੇ, ਭਵਿੱਖਬਾਣੀ ਵਿਚ ਅਧਰਮੀ ਕੌਮਾਂ ਦੇ ਮਾੜੇ ਭਵਿੱਖ ਬਾਰੇ ਦੱਸਿਆ ਗਿਆ ਹੈ। ਇਹ ਭਵਿੱਖ ਪਰਮੇਸ਼ੁਰ ਦੇ ਲੋਕਾਂ ਦੀ ਵਧੀਆ ਉਮੀਦ ਤੋਂ ਬਿਲਕੁਲ ਉਲਟ ਸੀ ਜਿਸ ਬਾਰੇ ਯਸਾਯਾਹ ਨੇ ਬਾਅਦ ਵਿਚ ਗੱਲ ਕੀਤੀ ਸੀ। (ਯਸਾਯਾਹ 35:1-10) ਨਬੀ ਨੇ ਕਿਹਾ: “ਯਹੋਵਾਹ ਤਾਂ ਸਾਰੀਆਂ ਕੌਮਾਂ ਉੱਤੇ ਲਾਲ ਪੀਲਾ ਹੋਇਆ ਹੈ, ਉਹ ਓਹਨਾਂ ਦੀਆਂ ਸਾਰੀਆਂ ਸੈਨਾਂ ਉੱਤੇ ਭਖਿਆ ਹੋਇਆ ਹੈ, ਉਸ ਓਹਨਾਂ ਨੂੰ ਅਰਪਣ ਕਰ ਦਿੱਤਾ, ਉਸ ਓਹਨਾਂ ਨੂੰ ਵੱਢੇ ਜਾਣ ਲਈ ਦੇ ਦਿੱਤਾ ਹੈ। ਓਹਨਾਂ ਦੇ ਵੱਢੇ ਹੋਏ ਬਾਹਰ ਸੁੱਟੇ ਜਾਣਗੇ, ਓਹਨਾਂ ਦੀਆਂ ਲੋਥਾਂ ਤੋਂ ਸੜ੍ਹਿਆਂਧ ਉੱਠੇਗੀ, ਅਤੇ ਪਹਾੜ ਓਹਨਾਂ ਦੇ ਲਹੂ ਨਾਲ ਵਗ ਤੁਰਨਗੇ।”—ਯਸਾਯਾਹ 34:2, 3.

6 ਇੱਥੇ ਕੌਮਾਂ ਦੇ ਖ਼ੂਨ ਦੇ ਦੋਸ਼ ਬਾਰੇ ਦੱਸਿਆ ਗਿਆ ਹੈ। ਅੱਜ ਖ਼ਾਸ ਕਰਕੇ ਈਸਾਈ-ਜਗਤ ਦੀਆਂ ਕੌਮਾਂ ਉੱਤੇ ਖ਼ੂਨ ਦਾ ਦੋਸ਼ ਹੈ। ਉਸ ਨੇ ਦੋ ਵਿਸ਼ਵ ਯੁੱਧਾਂ ਵਿਚ ਅਤੇ ਦੂਸਰੀਆਂ ਲੜਾਈਆਂ ਵਿਚ ਧਰਤੀ ਨੂੰ ਇਨਸਾਨਾਂ ਦੇ ਖ਼ੂਨ ਨਾਲ ਰੰਗ ਦਿੱਤਾ ਹੈ। ਇਸ ਖ਼ੂਨ-ਖ਼ਰਾਬੇ ਲਈ ਇਨਸਾਫ਼ ਮੰਗਣ ਦਾ ਹੱਕ ਕਿਸ ਦਾ ਬਣਦਾ ਹੈ? ਇਹ ਹੱਕ ਖ਼ੁਦ ਸਾਡੇ ਸਿਰਜਣਹਾਰ ਦਾ ਹੈ ਜੋ ਜੀਵਨ ਦਾ ਦਾਤਾ ਹੈ। (ਜ਼ਬੂਰ 36:9) ਯਹੋਵਾਹ ਦੀ ਬਿਵਸਥਾ ਦਾ ਇਕ ਅਸੂਲ ਸੀ ਕਿ “ਜੀਵਨ ਦੇ ਵੱਟੇ ਜੀਵਨ” ਦਿੱਤਾ ਜਾਣਾ ਚਾਹੀਦਾ ਹੈ। (ਕੂਚ 21:23-25; ਉਤਪਤ 9:4-6) ਯਹੋਵਾਹ ਇਹ ਅਸੂਲ ਲਾਗੂ ਕਰ ਕੇ ਕੌਮਾਂ ਦਾ ਲਹੂ ਵਹਾਏਗਾ ਜਦੋਂ ਉਹ ਉਨ੍ਹਾਂ ਦਾ ਅੰਤ ਕਰੇਗਾ। ਉਨ੍ਹਾਂ ਲੋਕਾਂ ਨੂੰ ਦਫ਼ਨਾਇਆ ਨਹੀਂ ਜਾਵੇਗਾ ਅਤੇ ਉਨ੍ਹਾਂ ਦੀਆਂ ਲਾਸ਼ਾਂ ਦੀ ਸੜਿਆਂਦ ਫੈਲ ਜਾਵੇਗੀ। ਇਹ ਕਿੰਨੀ ਸ਼ਰਮਨਾਕ ਮੌਤ ਹੋਵੇਗੀ! (ਯਿਰਮਿਯਾਹ 25:33) ਖ਼ੂਨ ਦੇ ਵੱਟੇ ਖ਼ੂਨ ਮੰਗਿਆ ਜਾਵੇਗਾ ਅਤੇ ਇਸ ਨਾਲ ਮਾਨੋ ਪਹਾੜ ਵਗ ਤੁਰਨਗੇ। (ਸਫ਼ਨਯਾਹ 1:17) ਬਾਈਬਲ ਵਿਚ ਪਹਾੜ ਸਰਕਾਰਾਂ ਨੂੰ ਦਰਸਾਉਂਦੇ ਹਨ। ਕੌਮਾਂ ਦੀਆਂ ਫ਼ੌਜਾਂ ਦਾ ਨਾਸ਼ ਹੋ ਜਾਵੇਗਾ ਅਤੇ ਉਨ੍ਹਾਂ ਦੀਆਂ ਸਰਕਾਰਾਂ ਢਹਿ ਪੈਣਗੀਆਂ।—ਦਾਨੀਏਲ 2:35, 44, 45; ਪਰਕਾਸ਼ ਦੀ ਪੋਥੀ 17:9.

7. “ਅਕਾਸ਼” ਕੀ ਹਨ ਅਤੇ “ਅਕਾਸ਼ ਦੀ ਸਾਰੀ ਸੈਨਾ” ਕੀ ਹੈ?

7 ਤਸਵੀਰੀ ਭਾਸ਼ਾ ਵਰਤਦੇ ਹੋਏ, ਯਸਾਯਾਹ ਨੇ ਅੱਗੇ ਕਿਹਾ: “ਅਕਾਸ਼ ਦੀ ਸਾਰੀ ਸੈਨਾ ਗਲ ਜਾਵੇਗੀ, ਅਤੇ ਅਕਾਸ਼ ਪੱਤ੍ਰੀ ਵਾਂਙੁ ਲਪੇਟੇ ਜਾਣਗੇ, ਅਤੇ ਓਹਨਾਂ ਦੀ ਸਾਰੀ ਸੈਨਾ ਝੜ ਜਾਵੇਗੀ, ਜਿਵੇਂ ਪੱਤੇ ਬੇਲ ਤੋਂ ਝੜ ਜਾਂਦੇ, ਅਤੇ ਜਿਵੇਂ ਓਹ ਹਜੀਰ ਤੋਂ ਝੜ ਜਾਂਦੇ ਹਨ।” (ਯਸਾਯਾਹ 34:4) ਇਹ ਸ਼ਬਦ “ਅਕਾਸ਼ ਦੀ ਸਾਰੀ ਸੈਨਾ” ਤਾਰਿਆਂ ਅਤੇ ਗ੍ਰਹਿਆਂ ਦੀ ਗੱਲ ਨਹੀਂ ਹੈ। ਪੰਜਵੀਂ ਅਤੇ ਛੇਵੀਂ ਆਇਤ ਵਿਚ ਸਜ਼ਾ ਦੇਣ ਵਾਲੀ ਤਲਵਾਰ ਬਾਰੇ ਗੱਲ ਕੀਤੀ ਗਈ ਹੈ ਜੋ “ਅਕਾਸ਼” ਵਿਚ ਲਹੂ ਨਾਲ ਭਿੱਜੀ ਹੋਈ ਹੈ। ਤਾਂ ਫਿਰ, ਇਹ ਆਕਾਸ਼ ਕਿਸੇ ਇਨਸਾਨੀ ਚੀਜ਼ ਨੂੰ ਦਰਸਾਉਂਦੇ ਹਨ। (1 ਕੁਰਿੰਥੀਆਂ 15:50) ਲੋਕਾਂ ਉੱਤੇ ਰਾਜ ਕਰਨ ਵਾਲੀਆਂ ਸਰਕਾਰਾਂ ਨੂੰ ਆਕਾਸ਼ ਨਾਲ ਦਰਸਾਇਆ ਜਾਂਦਾ ਹੈ ਕਿਉਂਕਿ ਉਹ ਉੱਚ ਹਕੂਮਤਾਂ ਹਨ। (ਰੋਮੀਆਂ 13:1-4) ਇਸ ਲਈ “ਅਕਾਸ਼ ਦੀ ਸਾਰੀ ਸੈਨਾ” ਮਨੁੱਖੀ ਸਰਕਾਰਾਂ ਦੀਆਂ ਸਾਰੀਆਂ ਫ਼ੌਜਾਂ ਨੂੰ ਦਰਸਾਉਂਦੀ ਹੈ।

8. ਆਕਾਸ਼ “ਪੱਤ੍ਰੀ ਵਾਂਙੁ” ਕਿਵੇਂ ਸਾਬਤ ਹੋਣਗੇ ਅਤੇ ਉਨ੍ਹਾਂ ਦੀਆਂ ‘ਸੈਨਾਵਾਂ’ ਨਾਲ ਕੀ ਹੋਵੇਗਾ?

8 ਗਲ਼ ਜਾਣ ਵਾਲੀਆਂ ਚੀਜ਼ਾਂ ਦੀ ਤਰ੍ਹਾਂ ਇਹ “ਸੈਨਾ ਗਲ ਜਾਵੇਗੀ।” (ਜ਼ਬੂਰ 102:26; ਯਸਾਯਾਹ 51:6) ਇਹ ਆਕਾਸ਼ ਪੁਰਾਣੇ ਜ਼ਮਾਨੇ ਦੀਆਂ ਪੋਥੀਆਂ ਵਰਗੇ ਹਨ। ਆਮ ਤੌਰ ਤੇ ਇਨ੍ਹਾਂ ਪੋਥੀਆਂ ਦੇ ਅੰਦਰਲੇ ਪਾਸੇ ਲਿਖਿਆ ਜਾਂਦਾ ਸੀ। ਪੋਥੀ ਦੀਆਂ ਲਿਖਤਾਂ ਪੜ੍ਹਨ ਤੋਂ ਬਾਅਦ ਉਸ ਨੂੰ ਲਪੇਟ ਕੇ ਰੱਖਿਆ ਜਾਂਦਾ ਸੀ। ਇਸੇ ਤਰ੍ਹਾਂ, “ਅਕਾਸ਼ ਪੱਤ੍ਰੀ ਵਾਂਙੁ ਲਪੇਟੇ ਜਾਣਗੇ,” ਯਾਨੀ ਇਨਸਾਨੀ ਸਰਕਾਰਾਂ ਨੂੰ ਖ਼ਤਮ ਕੀਤਾ ਜਾਵੇਗਾ। ਆਪਣੇ ਇਤਿਹਾਸ ਦੇ ਅਖ਼ੀਰ ਵਿਚ ਪਹੁੰਚ ਕੇ ਆਰਮਾਗੇਡਨ ਵਿਚ ਉਨ੍ਹਾਂ ਦਾ ਨਾਸ਼ ਕੀਤਾ ਜਾਵੇਗਾ। ਉਨ੍ਹਾਂ ਦੀਆਂ ਵੱਡੀਆਂ-ਵੱਡੀਆਂ ‘ਸੈਨਾਵਾਂ’ ਹਜੀਰ ਦੇ ਦਰਖ਼ਤ ਜਾਂ ਵੇਲ ਦੇ ਪੱਤਿਆਂ ਵਾਂਗ ਝੜ ਜਾਣਗੀਆਂ। ਉਨ੍ਹਾਂ ਦਾ ਸਮਾਂ ਬੀਤ ਚੁੱਕਾ ਹੋਵੇਗਾ।—ਪਰਕਾਸ਼ ਦੀ ਪੋਥੀ 6:12-14 ਦੀ ਤੁਲਨਾ ਕਰੋ।

ਬਦਲਾ ਲੈਣ ਦਾ ਦਿਨ

9. (ੳ) ਅਦੋਮ ਦੀ ਕੌਮ ਕਿਸ ਦੀ ਔਲਾਦ ਸੀ ਅਤੇ ਇਸਰਾਏਲ ਤੇ ਅਦੋਮ ਦਾ ਕਿਹੋ ਜਿਹਾ ਰਿਸ਼ਤਾ ਸੀ? (ਅ) ਅਦੋਮ ਲਈ ਯਹੋਵਾਹ ਦਾ ਕੀ ਫ਼ੈਸਲਾ ਸੀ?

9 ਅੱਗੇ ਭਵਿੱਖਬਾਣੀ ਨੇ ਅਦੋਮ ਦੀ ਕੌਮ ਵੱਲ ਧਿਆਨ ਦਿੱਤਾ ਜੋ ਯਸਾਯਾਹ ਦੇ ਜ਼ਮਾਨੇ ਵਿਚ ਮੌਜੂਦ ਸੀ। ਅਦੋਮ ਦੇ ਲੋਕ ਏਸਾਓ (ਅਦੋਮ) ਦੀ ਸੰਤਾਨ ਸਨ। ਏਸਾਓ ਨੇ ਆਪਣੇ ਜੁੜਵੇਂ ਭਰਾ ਯਾਕੂਬ ਨੂੰ ਰੋਟੀ ਅਤੇ ਦਾਲ ਦੇ ਬਦਲੇ ਆਪਣੇ ਜੇਠੇ ਹੋਣ ਦਾ ਹੱਕ ਵੇਚ ਦਿੱਤਾ ਸੀ। (ਉਤਪਤ 25:24-34) ਜਦੋਂ ਯਾਕੂਬ ਨੂੰ ਏਸਾਓ ਦੀ ਥਾਂ ਜੇਠੇ ਹੋਣ ਦਾ ਹੱਕ ਮਿਲਿਆ ਤਾਂ ਏਸਾਓ ਆਪਣੇ ਭਰਾ ਨਾਲ ਨਫ਼ਰਤ ਕਰਨ ਲੱਗ ਪਿਆ ਸੀ। ਬਾਅਦ ਵਿਚ ਅਦੋਮ ਅਤੇ ਇਸਰਾਏਲ ਦੀਆਂ ਕੌਮਾਂ ਇਨ੍ਹਾਂ ਜੌੜੇ ਭਰਾਵਾਂ ਦੀ ਸੰਤਾਨ ਹੋਣ ਦੇ ਬਾਵਜੂਦ ਵੀ ਇਕ ਦੂਜੇ ਦੀਆਂ ਦੁਸ਼ਮਣ ਬਣ ਗਈਆਂ ਸਨ। ਪਰਮੇਸ਼ੁਰ ਦੇ ਲੋਕਾਂ ਨਾਲ ਵੈਰ ਕਰਨ ਲਈ ਅਦੋਮ ਉੱਤੇ ਯਹੋਵਾਹ ਦਾ ਗੁੱਸਾ ਭੜਕਿਆ ਅਤੇ ਉਸ ਨੇ ਕਿਹਾ: “ਮੇਰੀ ਤਲਵਾਰ ਤਾਂ ਅਕਾਸ਼ ਵਿੱਚ ਪੀ ਕੇ ਰੱਜ ਗਈ ਹੈ, ਵੇਖੋ, ਉਹ ਅਦੋਮ ਉੱਤੇ ਅਤੇ ਮੇਰੀ ਫਿੱਟੀ ਹੋਈ ਕੌਮ ਉੱਤੇ ਨਿਆਉਂ ਲਈ ਜਾ ਪਵੇਗੀ। ਯਹੋਵਾਹ ਦੀ ਤਲਵਾਰ ਲਹੂ ਨਾਲ ਲਿਬੜੀ ਹੋਈ ਹੈ, ਉਹ ਚਰਬੀ ਨਾਲ ਥਿੰਧਿਆਈ ਹੋਈ ਹੈ, ਲੇਲੀਆਂ ਅਰ ਬੱਕਰੀਆਂ ਦੇ ਲਹੂ ਨਾਲ, ਛੱਤਰਿਆਂ ਦੇ ਗੁਰਦੇ ਦੀ ਚਰਬੀ ਨਾਲ, ਕਿਉਂ ਜੋ ਯਹੋਵਾਹ ਲਈ ਬਾਸਰਾਹ ਵਿੱਚ ਬਲੀ ਹੈ, ਅਤੇ ਅਦੋਮ ਦੇ ਦੇਸ ਵਿੱਚ ਵੱਡਾ ਵਢਾਂਗਾ ਹੈ।”—ਯਸਾਯਾਹ 34:5, 6.

10. (ੳ) ਯਹੋਵਾਹ ਨੇ “ਅਕਾਸ਼ ਵਿੱਚ” ਆਪਣੀ ਤਲਵਾਰ ਚਲਾ ਕੇ ਕਿਨ੍ਹਾਂ ਨੂੰ ਥੱਲੇ ਲਾਹਿਆ ਸੀ? (ਅ) ਅਦੋਮ ਦਾ ਕੀ ਰਵੱਈਆ ਸੀ ਜਦੋਂ ਬਾਬਲ ਨੇ ਯਹੂਦਾਹ ਉੱਤੇ ਹਮਲਾ ਕੀਤਾ ਸੀ?

10 ਅਦੋਮ ਦਾ ਦੇਸ਼ ਇਕ ਉੱਚਾ ਪਹਾੜੀ ਇਲਾਕਾ ਸੀ। (ਯਿਰਮਿਯਾਹ 49:16; ਓਬਦਯਾਹ 8, 9, 19, 21) ਫਿਰ ਵੀ, ਜਦੋਂ ਯਹੋਵਾਹ ਨੇ ਆਪਣੀ ਤਲਵਾਰ “ਅਕਾਸ਼ ਵਿੱਚ” ਚਲਾਈ ਅਤੇ ਅਦੋਮ ਦੇ ਆਗੂਆਂ ਨੂੰ ਆਪਣੀ ਉੱਚੀ ਪਦਵੀ ਤੋਂ ਥੱਲੇ ਲਾਹਿਆ, ਤਾਂ ਅਦੋਮ ਨੂੰ ਇਸ ਉੱਚੇ ਪਹਾੜੀ ਇਲਾਕੇ ਦਾ ਕੋਈ ਫ਼ਾਇਦਾ ਨਹੀਂ ਹੋਇਆ। ਅਦੋਮ ਦੀ ਇਕ ਵੱਡੀ ਫ਼ੌਜ ਸੀ ਅਤੇ ਉਸ ਦੇ ਫ਼ੌਜੀ ਇਸ ਉੱਚੇ ਪਹਾੜੀ ਇਲਾਕੇ ਤੋਂ ਦੇਸ਼ ਦੀ ਸੁਰੱਖਿਆ ਕਰਦੇ ਸਨ। ਪਰ ਸ਼ਕਤੀਸ਼ਾਲੀ ਅਦੋਮ ਨੇ ਯਹੂਦਾਹ ਨੂੰ ਕੋਈ ਸਹਾਇਤਾ ਨਹੀਂ ਦਿੱਤੀ ਸੀ ਜਦੋਂ ਬਾਬਲ ਦੀਆਂ ਫ਼ੌਜਾਂ ਨੇ ਉਸ ਉੱਤੇ ਹਮਲਾ ਕੀਤਾ ਸੀ। ਇਸ ਦੀ ਬਜਾਇ, ਅਦੋਮ ਦੇ ਲੋਕ ਬਹੁਤ ਖ਼ੁਸ਼ ਹੋਏ ਜਦੋਂ ਯਹੂਦਾਹ ਦਾ ਰਾਜ ਡਿੱਗਿਆ ਅਤੇ ਇੱਥੋਂ ਤਕ ਉਨ੍ਹਾਂ ਨੇ ਯਹੂਦਾਹ ਉੱਤੇ ਹਮਲਾ ਕਰਨ ਵਾਲਿਆਂ ਨੂੰ ਹੱਲਾਸ਼ੇਰੀ ਵੀ ਦਿੱਤੀ ਸੀ। (ਜ਼ਬੂਰ 137:7) ਅਦੋਮੀਆਂ ਨੇ ਉਨ੍ਹਾਂ ਯਹੂਦੀਆਂ ਦਾ ਵੀ ਪਿੱਛਾ ਕੀਤਾ ਜੋ ਭੱਜ ਰਹੇ ਸਨ ਅਤੇ ਉਨ੍ਹਾਂ ਨੂੰ ਬਾਬਲੀਆਂ ਦੇ ਹੱਥੀਂ ਫੜਵਾਇਆ। (ਓਬਦਯਾਹ 11-14) ਅਦੋਮੀਆਂ ਦਾ ਇਰਾਦਾ ਸੀ ਕਿ ਉਹ ਇਸਰਾਏਲੀਆਂ ਦੇ ਛੱਡੇ ਗਏ ਦੇਸ਼ ਤੇ ਕਬਜ਼ਾ ਕਰ ਲੈਣਗੇ ਅਤੇ ਉਨ੍ਹਾਂ ਨੇ ਯਹੋਵਾਹ ਦੇ ਵਿਰੁੱਧ ਸ਼ੇਖੀ ਮਾਰੀ।—ਹਿਜ਼ਕੀਏਲ 35:10-15.

11. ਅਦੋਮੀਆਂ ਦੇ ਬੁਰੇ ਸਲੂਕ ਲਈ ਯਹੋਵਾਹ ਨੇ ਉਨ੍ਹਾਂ ਤੋਂ ਬਦਲਾ ਕਿਵੇਂ ਲਿਆ ਸੀ?

11 ਕੀ ਯਹੋਵਾਹ ਨੇ ਯਹੂਦੀਆਂ ਨਾਲ ਅਦੋਮੀਆਂ ਦੇ ਬੁਰੇ ਸਲੂਕ ਬਾਰੇ ਕੁਝ ਕੀਤਾ ਸੀ? ਜੀ ਹਾਂ। ਉਸ ਨੇ ਭਵਿੱਖਬਾਣੀ ਵਿਚ ਦੱਸਿਆ ਸੀ ਕਿ ਉਹ ਕੀ ਕਰੇਗਾ: “ਜੰਗਲੀ ਸਾਨ੍ਹ ਉਨ੍ਹਾਂ ਦੇ ਨਾਲ ਲਹਿ ਆਉਣਗੇ, ਅਤੇ ਸਾਨ੍ਹਾਂ ਦੇ ਨਾਲ ਬਲਦ ਹੋਣਗੇ, ਓਹਨਾਂ ਦਾ ਦੇਸ ਲਹੂ ਨਾਲ ਤਰ ਹੋ ਜਾਵੇਗਾ, ਅਤੇ ਓਹਨਾਂ ਦੀ ਧੂੜ ਚਰਬੀ ਨਾਲ ਥਿੰਧਿਆਈ ਜਾਵੇਗੀ।” (ਯਸਾਯਾਹ 34:7) ਯਹੋਵਾਹ ਨੇ ਕੌਮ ਦੇ ਵੱਡੇ ਅਤੇ ਛੋਟੇ ਲੋਕਾਂ ਨੂੰ ਜੰਗਲੀ ਸਾਨ੍ਹ ਅਤੇ ਬਲਦ, ਲੇਲੀਆਂ ਅਤੇ ਬੱਕਰੀਆਂ ਕਿਹਾ ਸੀ। ਯਹੋਵਾਹ ਦੀ “ਤਲਵਾਰ” ਇਸ ਦੋਸ਼ੀ ਦੇਸ਼ ਦੇ ਲੋਕਾਂ ਦੇ ਲਹੂ ਨਾਲ ਲਿੱਬੜੀ ਸੀ।

12. (ੳ) ਅਦੋਮ ਨੂੰ ਸਜ਼ਾ ਦੇਣ ਲਈ ਯਹੋਵਾਹ ਨੇ ਕਿਸ ਨੂੰ ਵਰਤਿਆ ਸੀ? (ਅ) ਓਬਦਯਾਹ ਨਬੀ ਨੇ ਅਦੋਮ ਬਾਰੇ ਕਿਹੜੀ ਭਵਿੱਖਬਾਣੀ ਕੀਤੀ ਸੀ?

12 ਪਰਮੇਸ਼ੁਰ ਦਾ ਮਕਸਦ ਸੀ ਕਿ ਉਹ ਅਦੋਮ ਨੂੰ ਸਜ਼ਾ ਦੇਵੇ ਕਿਉਂਕਿ ਅਦੋਮ ਸੀਯੋਨ ਨਾਮਕ ਉਸ ਦੇ ਸੰਗਠਨ ਨਾਲ ਬੁਰੀ ਤਰ੍ਹਾਂ ਪੇਸ਼ ਆਇਆ ਸੀ। ਭਵਿੱਖਬਾਣੀ ਨੇ ਕਿਹਾ ਕਿ “ਯਹੋਵਾਹ ਦਾ ਇੱਕ ਬਦਲਾ ਲੈਣ ਦਾ ਦਿਨ ਵੀ ਹੈ, ਸੀਯੋਨ ਦੇ ਕਾਰਨ ਇੱਕ ਵੱਟਾ ਦੇਣ ਦਾ ਵਰਹਾ।” (ਯਸਾਯਾਹ 34:8) ਸੰਨ 607 ਸਾ.ਯੁ.ਪੂ. ਵਿਚ ਯਰੂਸ਼ਲਮ ਦੇ ਨਾਸ਼ ਤੋਂ ਥੋੜ੍ਹੀ ਦੇਰ ਬਾਅਦ, ਯਹੋਵਾਹ ਨੇ ਬਾਬਲ ਦੇ ਰਾਜਾ ਨਬੂਕਦਨੱਸਰ ਰਾਹੀਂ ਅਦੋਮੀਆਂ ਉੱਤੇ ਆਪਣਾ ਧਰਮੀ ਕ੍ਰੋਧ ਪਾਉਣਾ ਸ਼ੁਰੂ ਕੀਤਾ। (ਯਿਰਮਿਯਾਹ 25:15-17, 21) ਜਦੋਂ ਬਾਬਲ ਦੀਆਂ ਫ਼ੌਜਾਂ ਅਦੋਮ ਦੇ ਖ਼ਿਲਾਫ਼ ਆਈਆਂ ਸਨ, ਤਾਂ ਬਚਣ ਦਾ ਕੋਈ ਚਾਰਾ ਨਹੀਂ ਸੀ! ਉਸ ਵੇਲੇ ਉਸ ਪਹਾੜੀ ਦੇਸ਼ ਉੱਤੇ “ਵੱਟਾ ਦੇਣ ਦਾ ਵਰਹਾ” ਆਇਆ ਸੀ। ਯਹੋਵਾਹ ਨੇ ਆਪਣੇ ਨਬੀ ਓਬਦਯਾਹ ਰਾਹੀਂ ਦੱਸਿਆ ਸੀ: “ਤੇਰਾ ਜ਼ੁਲਮ ਜਿਹੜਾ ਤੈਂ ਆਪਣੇ ਭਰਾ ਯਾਕੂਬ ਨਾਲ ਕੀਤਾ, ਲਾਜ ਨਾਲ ਤੈਨੂੰ ਕੱਜ ਲਵੇਗਾ, ਤੂੰ ਸਦਾ ਲਈ ਕੱਟ ਸੁੱਟਿਆ ਜਾਵੇਂਗਾ। . . . ਜਿਹਾ ਤੈਂ ਕੀਤਾ ਤਿਹਾ ਤੇਰੇ ਨਾਲ ਕੀਤਾ ਜਾਵੇਗਾ, ਤੇਰੀ ਕਰਨੀ ਮੁੜ ਕੇ ਤੇਰੇ ਸਿਰ ਪਵੇਗੀ।”—ਓਬਦਯਾਹ 10, 15; ਹਿਜ਼ਕੀਏਲ 25:12-14.

ਈਸਾਈ-ਜਗਤ ਦਾ ਬੁਰਾ ਭਵਿੱਖ

13. ਸਾਡੇ ਜ਼ਮਾਨੇ ਵਿਚ ਅਦੋਮ ਵਰਗਾ ਕੌਣ ਹੈ ਅਤੇ ਇਸ ਤਰ੍ਹਾਂ ਕਿਉਂ ਕਿਹਾ ਜਾ ਸਕਦਾ ਹੈ?

13 ਸਾਡੇ ਜ਼ਮਾਨੇ ਵਿਚ ਵੀ ਅਦੋਮ ਵਰਗਾ ਇਕ ਸੰਗਠਨ ਹੈ। ਉਹ ਕਿਹੜਾ ਸੰਗਠਨ ਹੈ? ਸਾਡੇ ਜ਼ਮਾਨੇ ਵਿਚ ਯਹੋਵਾਹ ਦੇ ਸੇਵਕਾਂ ਬਾਰੇ ਕਿਨ੍ਹਾਂ ਨੇ ਬੁਰਾ-ਭਲਾ ਕਿਹਾ ਹੈ ਅਤੇ ਉਨ੍ਹਾਂ ਉੱਤੇ ਜ਼ੁਲਮ ਕੀਤੇ ਹਨ? ਜੀ ਹਾਂ, ਇਸ ਤਰ੍ਹਾਂ ਈਸਾਈ-ਜਗਤ ਦੇ ਪਾਦਰੀਆਂ ਨੇ ਕੀਤਾ ਹੈ! ਈਸਾਈ-ਜਗਤ ਨੇ ਇਸ ਦੁਨੀਆਂ ਦੇ ਮਾਮਲਿਆਂ ਵਿਚ ਆਪਣੇ ਆਪ ਨੂੰ ਪਹਾੜ ਵਰਗੀ ਉੱਚੀ ਪਦਵੀ ਦਿੱਤੀ ਹੈ। ਵੱਡੀ ਬਾਬੁਲ ਵਿਚ ਉਸ ਦੇ ਮਜ਼ਹਬਾਂ ਦਾ ਮੁੱਖ ਹਿੱਸਾ ਹੈ। ਯਹੋਵਾਹ ਨੇ ਅੱਜ ਦੇ ਅਦੋਮ ਉੱਤੇ “ਵੱਟਾ ਦੇਣ ਦਾ ਵਰਹਾ” ਠਾਣਿਆ ਹੈ ਕਿਉਂਕਿ ਉਸ ਨੇ ਉਸ ਦੇ ਲੋਕਾਂ ਨਾਲ ਬੁਰਾ ਸਲੂਕ ਕੀਤਾ ਹੈ।

14, 15. (ੳ) ਅਦੋਮ ਦੇ ਦੇਸ਼ ਨਾਲ ਕੀ ਹੋਇਆ ਸੀ ਅਤੇ ਈਸਾਈ-ਜਗਤ ਨਾਲ ਕੀ ਹੋਵੇਗਾ? (ਅ) ਬਲ਼ਦੀ ਹੋਈ ਰਾਲ ਅਤੇ ਸਦਾ ਉੱਠਦੇ ਹੋਏ ਧੂੰਏ ਦਾ ਕੀ ਮਤਲਬ ਹੈ ਅਤੇ ਇਨ੍ਹਾਂ ਦਾ ਕੀ ਮਤਲਬ ਨਹੀਂ ਹੈ?

14 ਤਾਂ ਫਿਰ, ਯਸਾਯਾਹ ਦੀ ਭਵਿੱਖਬਾਣੀ ਦਾ ਅਗਲਾ ਹਿੱਸਾ ਪੜ੍ਹਦੇ ਸਮੇਂ, ਅਸੀਂ ਸਿਰਫ਼ ਪੁਰਾਣੇ ਅਦੋਮ ਬਾਰੇ ਹੀ ਨਹੀਂ ਸਗੋਂ ਈਸਾਈ-ਜਗਤ ਬਾਰੇ ਵੀ ਸੋਚਦੇ ਹਾਂ: “ਉਹ ਦੀਆਂ ਨਦੀਆਂ ਰਾਲ ਬਣ ਜਾਣਗੀਆਂ, ਅਤੇ ਉਹ ਦੀ ਖ਼ਾਕ, ਗੰਧਕ, ਉਹ ਦੀ ਧਰਤੀ ਬਲਦੀ ਹੋਈ ਰਾਲ ਹੋ ਜਾਵੇਗੀ। ਦਿਨ ਰਾਤ ਉਹ ਬੁਝੇਗੀ ਨਹੀਂ, ਉਹ ਦਾ ਧੂੰਆਂ ਸਦਾ ਉੱਠਦਾ ਰਹੇਗਾ।” (ਯਸਾਯਾਹ 34:9, 10ੳ) ਅਦੋਮ ਦੇ ਦੇਸ਼ ਦੀ ਮਿੱਟੀ ਮਾਨੋ ਗੰਧਕ ਵਰਗੀ ਸੀ ਅਤੇ ਉਸ ਦੀਆਂ ਨਦੀਆਂ ਪਾਣੀ ਨਹੀਂ ਪਰ ਰਾਲ ਵਰਗੀਆਂ ਸਨ। ਇਹ ਇਸ ਤਰ੍ਹਾਂ ਸੀ ਮਾਨੋ ਇਨ੍ਹਾਂ ਚੀਜ਼ਾਂ ਨੂੰ ਅੱਗ ਲਗਾਈ ਗਈ ਸੀ!—ਪਰਕਾਸ਼ ਦੀ ਪੋਥੀ 17:16 ਦੀ ਤੁਲਨਾ ਕਰੋ।

15 ਕੁਝ ਲੋਕਾਂ ਨੇ ਸੋਚਿਆ ਹੈ ਕਿ ਇੱਥੇ ਅੱਗ, ਰਾਲ, ਅਤੇ ਗੰਧਕ ਦੀ ਗੱਲ, ਨਰਕ ਦੀ ਅੱਗ ਦਾ ਸਬੂਤ ਦਿੰਦੀ ਹੈ। ਪਰ ਅਦੋਮ ਨੂੰ ਕਿਸੇ ਨਰਕ ਵਿਚ ਨਹੀਂ ਸੁੱਟਿਆ ਗਿਆ ਸੀ ਜਿੱਥੇ ਉਹ ਸਦਾ ਲਈ ਜਲ਼ਦਾ ਰਹਿੰਦਾ। ਸਗੋਂ ਉਸ ਦਾ ਹਮੇਸ਼ਾ ਲਈ ਮਾਨੋ ਅੱਗ ਅਤੇ ਗੰਧਕ ਨਾਲ ਨਾਸ਼ ਕੀਤਾ ਗਿਆ ਸੀ। ਉਸ ਦਾ ਅੰਤ ਸਦਾ ਦਾ ਤਸੀਹਾ ਨਹੀਂ ਸੀ ਪਰ ਭਵਿੱਖਬਾਣੀ ਦੇ ਅਨੁਸਾਰ ਵੀਰਾਨਗੀ, ਸੁੰਨਾਪਣ, ਅਤੇ ਨਾਸ਼ ਸੀ। (ਯਸਾਯਾਹ 34:11, 12) ‘ਸਦਾ ਉੱਠਦਾ ਧੂੰਆਂ’ ਇਸ ਨਾਸ਼ ਨੂੰ ਚੰਗੀ ਤਰ੍ਹਾਂ ਦਰਸਾਉਂਦਾ ਹੈ। ਜਦੋਂ ਕੋਈ ਘਰ ਅੱਗ ਨਾਲ ਸੜਦਾ ਹੈ, ਤਾਂ ਅੱਗ ਬੁਝ ਜਾਣ ਤੇ ਕਾਫ਼ੀ ਸਮੇਂ ਲਈ ਸੁਆਹ ਵਿੱਚੋਂ ਧੂੰਆਂ ਉੱਠਦਾ ਰਹਿੰਦਾ ਹੈ। ਦੇਖਣ ਵਾਲਿਆਂ ਨੂੰ ਧੂੰਏ ਤੋਂ ਪਤਾ ਲੱਗ ਜਾਂਦਾ ਹੈ ਕਿ ਅੱਗ ਲੱਗੀ ਸੀ। ਮਸੀਹੀ, ਅਦੋਮ ਦੇ ਨਾਸ਼ ਤੋਂ ਅੱਜ ਵੀ ਸਬਕ ਸਿੱਖ ਰਹੇ ਹਨ, ਇਸ ਲਈ ਕਿਹਾ ਜਾ ਸਕਦਾ ਹੈ ਕਿ ਅਦੋਮ ਦਾ ਧੂੰਆਂ ਅੱਜ ਵੀ ਉੱਠ ਰਿਹਾ ਹੈ।

16, 17. ਅਦੋਮ ਦਾ ਕੀ ਬਣਿਆ ਅਤੇ ਉਸ ਦੀ ਇਹ ਹਾਲਤ ਕਿੰਨੇ ਚਿਰ ਲਈ ਰਹਿਣੀ ਸੀ?

16 ਯਸਾਯਾਹ ਦੀ ਭਵਿੱਖਬਾਣੀ ਨੇ ਅੱਗੇ ਦੱਸਿਆ ਕਿ ਅਦੋਮ ਦੇ ਦੇਸ਼ ਵਿਚ ਇਨਸਾਨਾਂ ਦੀ ਬਜਾਇ ਜੰਗਲੀ ਜਾਨਵਰਾਂ ਨੇ ਵੱਸਣਾ ਸੀ, ਮਤਲਬ ਕਿ ਉਸ ਉੱਤੇ ਤਬਾਹੀ ਆਉਣੀ ਸੀ: “ਪੀੜ੍ਹੀਓਂ ਪੀੜ੍ਹੀ ਉਹ ਵਿਰਾਨ ਰਹੇਗੀ, ਅਤੇ ਸਦਾ ਲਈ ਕਦੇ ਵੀ ਉਹ ਦੇ ਵਿੱਚੋਂ ਕੋਈ ਲੰਘਣ ਵਾਲਾ ਨਾ ਹੋਵੇਗਾ। ਲੰਮਢੀਂਗ ਅਤੇ ਕੰਡੈਲਾ ਉਹ ਦੇ ਉੱਤੇ ਕਬਜ਼ਾ ਕਰਨਗੇ, ਅਤੇ ਉੱਲੂ ਅਰ ਕਾਂ ਉਹ ਦੇ ਵਿੱਚ ਵੱਸਣਗੇ। ਉਹ ਉਸ ਉੱਤੇ ਘਬਰਾਹਟ ਦੀ ਜਰੀਬ, ਅਤੇ ਵਿਰਾਨੀ ਦਾ ਸਾਹਲ ਖਿੱਚੇਗਾ। ਉਹ ਦੇ ਸ਼ਰੀਫ ਉਹ ਨੂੰ ‘ਅਲੋਪ ਰਾਜ’ ਸੱਦਣਗੇ, ਅਤੇ ਉਹ ਦੇ ਸਾਰੇ ਸਰਦਾਰ ਨਾ ਹੋਇਆਂ ਜੇਹੇ ਹੋਣਗੇ। ਕੰਡੇ ਉਹ ਦੇ ਮਹਿਲਾਂ ਵਿੱਚ ਉੱਗਣਗੇ, ਬਿੱਛੂ ਬੂਟੀਆਂ ਅਤੇ ਥੋਹਰਾਂ ਉਹ ਦਿਆਂ ਕਿਲਿਆਂ ਵਿੱਚ। ਉਹ ਗਿੱਦੜਾਂ ਦਾ ਵਸੇਬਾ ਅਤੇ ਸ਼ੁਤਰ ਮੁਰਗਾਂ ਦਾ ਵੇਹੜਾ ਹੋਵੇਗਾ। ਉਜਾੜ ਦੇ ਦਰਿੰਦੇ ਬਿੱਜੂਆਂ ਨਾਲ ਮਿਲਣਗੇ, ਬਣ ਬੱਕਰਾ ਆਪਣੇ ਸਾਥੀ ਨੂੰ ਸੱਦੇਗਾ, ਸਗੋਂ ਰਾਤ ਦੀ ਭੂਤਨੀ ਉੱਥੇ ਟਿਕੇਗੀ, ਅਤੇ ਆਪਣੇ ਲਈ ਅਰਾਮ ਦਾ ਥਾਂ ਪਾਵੇਗੀ। ਉੱਥੇ ਉੱਲੂ ਆਹਲਣਾ ਬਣਾ ਕੇ ਆਂਡੇ ਦੇਵੇਗੀ।”—ਯਸਾਯਾਹ 34:10ਅ-15. *

17 ਅਦੋਮ ਦਾ ਦੇਸ਼ ਸੁੰਨਾ ਹੋ ਗਿਆ ਸੀ। ਉਹ ਇਕ ਉਜਾੜ ਬਣਿਆ ਜਿਸ ਵਿਚ ਸਿਰਫ਼ ਜੰਗਲੀ ਜਾਨਵਰ, ਪੰਛੀ, ਅਤੇ ਸੱਪ ਵੱਸਦੇ ਸਨ। ਦਸਵੀਂ ਆਇਤ ਦੇ ਅਨੁਸਾਰ ਦੇਸ਼ ਦੀ ਇਹ ਹਾਲਤ “ਸਦਾ ਲਈ” ਰਹੇਗੀ ਅਤੇ ਇਹ ਦੇਸ਼ ਕਦੀ ਵੀ ਬਹਾਲ ਨਹੀਂ ਕੀਤਾ ਜਾਵੇਗਾ।—ਓਬਦਯਾਹ 18.

ਯਹੋਵਾਹ ਦੇ ਬਚਨ ਦੀ ਪੂਰਤੀ ਜ਼ਰੂਰ ਹੋਵੇਗੀ

18, 19. “ਯਹੋਵਾਹ ਦੀ ਪੁਸਤਕ” ਕੀ ਹੈ ਅਤੇ ਇਸ “ਪੁਸਤਕ” ਵਿਚ ਈਸਾਈ-ਜਗਤ ਬਾਰੇ ਕੀ ਲਿਖਿਆ ਗਿਆ ਹੈ?

18 ਅਦੋਮ ਦਾ ਨਾਸ਼ ਦਰਸਾਉਂਦਾ ਹੈ ਕਿ ਸਾਡੇ ਜ਼ਮਾਨੇ ਦੇ ਅਦੋਮ, ਯਾਨੀ ਈਸਾਈ-ਜਗਤ ਦਾ ਭਵਿੱਖ ਬੁਰਾ ਹੋਵੇਗਾ! ਈਸਾਈ-ਜਗਤ ਨੇ ਯਹੋਵਾਹ ਦੇ ਗਵਾਹਾਂ ਦੀ ਸਖ਼ਤ ਵਿਰੋਧਤਾ ਕਰ ਕੇ ਆਪਣੇ ਆਪ ਨੂੰ ਯਹੋਵਾਹ ਪਰਮੇਸ਼ੁਰ ਦਾ ਵੱਡਾ ਦੁਸ਼ਮਣ ਸਾਬਤ ਕੀਤਾ ਹੈ। ਅਸੀਂ ਯਕੀਨ ਕਰ ਸਕਦੇ ਹਾਂ ਕਿ ਯਹੋਵਾਹ ਆਪਣਾ ਬਚਨ ਜ਼ਰੂਰ ਪੂਰਾ ਕਰੇਗਾ। ਹਰ ਭਵਿੱਖਬਾਣੀ ਦੀ ਆਪਣੀ ਪੂਰਤੀ ਹੁੰਦੀ ਹੈ ਜਿਸ ਤਰ੍ਹਾਂ ਅਦੋਮ ਦੇ ਬਰਬਾਦ ਦੇਸ਼ ਵਿਚ ਵੱਸਣ ਵਾਲੇ ਜਾਨਵਰਾਂ ਵਿੱਚੋਂ ਹਰ ਨਾਰੀ ਨੂੰ “ਨਰ ਦੀ ਕਮੀ” ਨਹੀਂ ਸੀ। ਯਸਾਯਾਹ ਨੇ ਬਾਈਬਲ ਦੀ ਭਵਿੱਖਬਾਣੀ ਪੜ੍ਹਨ ਵਾਲਿਆਂ ਨੂੰ ਕਿਹਾ: “ਯਹੋਵਾਹ ਦੀ ਪੁਸਤਕ ਵਿੱਚੋਂ ਭਾਲ ਕੇ ਪੜ੍ਹੋ, ਏਹਨਾਂ ਵਿੱਚੋਂ ਇੱਕ ਵੀ ਘੱਟ ਨਾ ਹੋਵੇਗੀ ਕਿਸੇ ਨੂੰ ਆਪਣੇ ਨਰ ਦੀ ਕਮੀ ਨਾ ਹੋਵੇਗੀ, ਕਿਉਂ ਜੋ ਮੇਰੇ ਹੀ ਮੂੰਹ ਨੇ ਏਹ ਹੁਕਮ ਦਿੱਤਾ ਹੈ, ਅਤੇ ਉਸੇ ਦੇ ਆਤਮਾ ਨੇ ਓਹਨਾਂ ਨੂੰ ਇਕੱਠਾ ਕੀਤਾ ਹੈ। ਉਹ ਨੇ ਓਹਨਾਂ ਦੇ ਲਈ ਗੁਣਾ ਪਾਇਆ ਹੈ, ਅਤੇ ਉਹ ਦੇ ਹੱਥ ਨੇ ਓਹਨਾਂ ਲਈ ਜਰੀਬ ਨਾਲ ਵੰਡਿਆ। ਓਹ ਸਦਾ ਤੀਕ ਉਸ ਉੱਤੇ ਕਬਜ਼ਾ ਕਰਨਗੇ, ਪੀੜ੍ਹੀਓਂ ਪੀੜ੍ਹੀ ਓਹ ਉਸ ਵਿੱਚ ਵੱਸਣਗੇ।”—ਯਸਾਯਾਹ 34:16, 17.

19 ਈਸਾਈ-ਜਗਤ ਦੇ ਆਉਣ ਵਾਲੇ ਨਾਸ਼ ਬਾਰੇ “ਯਹੋਵਾਹ ਦੀ ਪੁਸਤਕ” ਵਿਚ ਦੱਸਿਆ ਗਿਆ ਹੈ। ਇਹ “ਪੁਸਤਕ” ਸਾਨੂੰ ਦੱਸਦੀ ਹੈ ਕਿ ਯਹੋਵਾਹ ਆਪਣੇ ਵੈਰੀਆਂ ਤੋਂ ਲੇਖਾ ਲਵੇਗਾ ਕਿਉਂਕਿ ਇਹ ਵੈਰੀ ਉਸ ਦੇ ਲੋਕਾਂ ਉੱਤੇ ਅਤਿਆਚਾਰ ਕਰਦੇ ਹਨ ਪਰ ਤੋਬਾ ਨਹੀਂ ਕਰਦੇ। ਪੁਰਾਣੇ ਅਦੋਮ ਬਾਰੇ ਜੋ ਕੁਝ ਲਿਖਿਆ ਗਿਆ ਸੀ ਉਹ ਪੂਰਾ ਹੋਇਆ ਅਤੇ ਇਸ ਤੋਂ ਸਾਡਾ ਭਰੋਸਾ ਪੱਕਾ ਹੁੰਦਾ ਹੈ ਕਿ ਇਹ ਭਵਿੱਖਬਾਣੀ ਸਾਡੇ ਜ਼ਮਾਨੇ ਦੇ ਅਦੋਮ, ਯਾਨੀ ਈਸਾਈ-ਜਗਤ ਉੱਤੇ ਵੀ ਜ਼ਰੂਰ ਪੂਰੀ ਹੋਵੇਗੀ। “ਜਰੀਬ” ਜਾਂ ਯਹੋਵਾਹ ਦੇ ਅਸੂਲ ਗਾਰੰਟੀ ਦਿੰਦੇ ਹਨ ਕਿ ਰੂਹਾਨੀ ਤੌਰ ਤੇ ਇਹ ਮਰ ਰਿਹਾ ਸੰਗਠਨ ਵਿਰਾਨ ਕੀਤਾ ਜਾਵੇਗਾ।

20. ਪੁਰਾਣੇ ਅਦੋਮ ਵਾਂਗ, ਈਸਾਈ-ਜਗਤ ਨਾਲ ਕੀ ਹੋਵੇਗਾ?

20 ਈਸਾਈ-ਜਗਤ ਆਪਣੇ ਰਾਜਨੀਤਿਕ ਮਿੱਤਰਾਂ ਨੂੰ ਖ਼ੁਸ਼ ਕਰਨ ਲਈ ਆਪਣੀ ਪੂਰੀ ਵਾਹ ਲਾਉਂਦਾ ਹੈ, ਪਰ ਇਸ ਦਾ ਕੋਈ ਫ਼ਾਇਦਾ ਨਹੀਂ ਹੋਵੇਗਾ! ਪਰਕਾਸ਼ ਦੀ ਪੋਥੀ ਦੇ 17ਵੇਂ ਅਤੇ 18ਵੇਂ ਅਧਿਆਵਾਂ ਦੇ ਅਨੁਸਾਰ, ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ ਉਨ੍ਹਾਂ ਮਿੱਤਰਾਂ ਦੇ ਦਿਲਾਂ ਵਿਚ ਇਹ ਖ਼ਿਆਲ ਪਾਵੇਗਾ ਕਿ ਉਹ ਈਸਾਈ-ਜਗਤ ਸਮੇਤ ਵੱਡੀ ਬਾਬੁਲ ਨੂੰ ਖ਼ਤਮ ਕਰ ਦੇਣ। ਉਸ ਸਮੇਂ ਸਾਰੀ ਧਰਤੀ ਉੱਤੇ ਕੋਈ ਝੂਠੇ ਮਸੀਹੀ ਨਹੀਂ ਰਹਿਣਗੇ। ਈਸਾਈ-ਜਗਤ ਦਾ ਹਾਲ ਯਸਾਯਾਹ ਦੇ 34ਵੇਂ ਅਧਿਆਇ ਵਿਚ ਦੱਸੇ ਗਏ ਹਾਲ ਵਰਗਾ ਹੋਵੇਗਾ। ਉਹ “ਵੱਡੇ ਦਿਹਾੜੇ ਦੇ ਜੁੱਧ” ਦੌਰਾਨ ਮੌਜੂਦ ਵੀ ਨਹੀਂ ਹੋਵੇਗਾ ਕਿਉਂਕਿ ਉਹ ਪਹਿਲਾਂ ਹੀ ਖ਼ਤਮ ਕੀਤਾ ਜਾਵੇਗਾ! (ਪਰਕਾਸ਼ ਦੀ ਪੋਥੀ 16:14) ਪੁਰਾਣੇ ਅਦੋਮ ਵਾਂਗ, ਈਸਾਈ-ਜਗਤ ਦਾ ਨਾਸ਼ “ਸਦਾ ਲਈ” ਕੀਤਾ ਜਾਵੇਗਾ।

[ਫੁਟਨੋਟ]

^ ਪੈਰਾ 16 ਮਲਾਕੀ ਦੇ ਜ਼ਮਾਨੇ ਤਕ ਇਹ ਭਵਿੱਖਬਾਣੀ ਪੂਰੀ ਹੋ ਚੁੱਕੀ ਸੀ। (ਮਲਾਕੀ 1:3) ਮਲਾਕੀ ਨੇ ਦੱਸਿਆ ਕਿ ਅਦੋਮੀ ਆਪਣੇ ਵਿਰਾਨ ਦੇਸ਼ ਵਿਚ ਦੁਬਾਰਾ ਵੱਸਣ ਦੀ ਉਮੀਦ ਰੱਖਦੇ ਸਨ। (ਮਲਾਕੀ 1:4) ਲੇਕਿਨ ਇਹ ਯਹੋਵਾਹ ਦੀ ਮਰਜ਼ੀ ਨਹੀਂ ਸੀ ਅਤੇ ਬਾਅਦ ਵਿਚ ਨਬਾਯੋਤ ਦੀ ਸੰਤਾਨ ਨੇ ਇਸ ਦੇਸ਼ ਉੱਤੇ ਕਬਜ਼ਾ ਕਰ ਲਿਆ ਸੀ।

[ਸਵਾਲ]

[ਸਫ਼ਾ 363 ਉੱਤੇ ਡੱਬੀ]

ਕੀ ਪਰਮੇਸ਼ੁਰ ਦਾ ਸੁਭਾਅ ਗੁੱਸੇ ਵਾਲਾ ਹੈ?

ਯਸਾਯਾਹ 34:4-7 ਵਰਗੇ ਹਵਾਲੇ ਪੜ੍ਹ ਕੇ ਕਈਆਂ ਲੋਕਾਂ ਨੂੰ ਲੱਗਿਆ ਹੈ ਕਿ ਬਾਈਬਲ ਦੇ ਇਬਰਾਨੀ ਭਾਗ ਵਿਚ ਜੋ ਯਹੋਵਾਹ ਬਾਰੇ ਦੱਸਿਆ ਗਿਆ ਹੈ ਉਸ ਅਨੁਸਾਰ ਉਹ ਇਕ ਬੇਰਹਿਮ ਅਤੇ ਗੁੱਸੇ ਵਾਲਾ ਪਰਮੇਸ਼ੁਰ ਹੈ। ਕੀ ਇਹ ਸੱਚ ਹੈ?

ਨਹੀਂ ਇਹ ਸੱਚ ਨਹੀਂ ਹੈ। ਪਰ ਇੰਨਾ ਸੱਚ ਜ਼ਰੂਰ ਹੈ ਕਿ ਯਹੋਵਾਹ ਕਦੀ-ਕਦਾਈਂ ਗੁੱਸੇ ਹੁੰਦਾ ਹੈ, ਪਰ ਇਸ ਗੁੱਸੇ ਦਾ ਹਮੇਸ਼ਾ ਚੰਗਾ ਕਾਰਨ ਹੁੰਦਾ ਹੈ। ਉਹ ਕਦੀ ਵੀ ਇੰਨਾ ਗੁੱਸੇ ਨਹੀਂ ਹੁੰਦਾ ਕਿ ਉਹ ਆਪਣੇ ਅਸੂਲਾਂ ਨੂੰ ਭੁੱਲ ਜਾਵੇ। ਇਸ ਤੋਂ ਇਲਾਵਾ, ਉਹ ਉਦੋਂ ਗੁੱਸੇ ਹੁੰਦਾ ਹੈ ਜਦੋਂ ਸਿਰਜਣਹਾਰ ਦੇ ਹੱਕ ਵਜੋਂ ਉਸ ਨੂੰ ਅਣਵੰਡੀ ਭਗਤੀ ਨਹੀਂ ਦਿੱਤੀ ਜਾਂਦੀ ਅਤੇ ਜਦੋਂ ਕੋਈ ਵਿਅਕਤੀ ਸੱਚਾਈ ਦੇ ਅਸੂਲਾਂ ਦੇ ਅਨੁਸਾਰ ਨਹੀਂ ਚੱਲਦਾ। ਪਰਮੇਸ਼ੁਰ ਆਪਣਾ ਗੁੱਸਾ ਇਸ ਲਈ ਦਿਖਾਉਂਦਾ ਹੈ ਕਿਉਂਕਿ ਉਹ ਧਾਰਮਿਕਤਾ ਅਤੇ ਉਸ ਅਨੁਸਾਰ ਚੱਲਣ ਵਾਲਿਆਂ ਨਾਲ ਪਿਆਰ ਕਰਦਾ ਹੈ। ਯਹੋਵਾਹ ਸਭ ਕੁਝ ਦੇਖ ਸਕਦਾ ਹੈ ਅਤੇ ਉਸ ਨੂੰ ਹਰ ਹਾਲਤ ਦਾ ਪੂਰਾ ਗਿਆਨ ਹੁੰਦਾ ਹੈ। (ਇਬਰਾਨੀਆਂ 4:13) ਉਹ ਇਨਸਾਨਾਂ ਦੇ ਦਿਲ ਦੀ ਗੱਲ ਜਾਣਦਾ ਹੈ ਅਤੇ ਇਹ ਵੀ ਜਾਣਦਾ ਹੈ ਕਿ ਕੋਈ ਪਾਪ ਅਣਜਾਣੇ ਵਿਚ, ਲਾਪਰਵਾਹੀ ਨਾਲ, ਜਾਂ ਜਾਣ-ਬੁੱਝ ਕੇ ਕੀਤਾ ਗਿਆ ਹੈ। ਇਸ ਦੇ ਅਨੁਸਾਰ ਉਹ ਨਿਰਪੱਖਤਾ ਨਾਲ ਕਦਮ ਚੁੱਕਦਾ ਹੈ।—ਬਿਵਸਥਾ ਸਾਰ 10:17, 18; 1 ਸਮੂਏਲ 16:7; ਰਸੂਲਾਂ ਦੇ ਕਰਤੱਬ 10:34, 35.

ਪਰ, ਯਹੋਵਾਹ ਪਰਮੇਸ਼ੁਰ “ਕਰੋਧ ਵਿੱਚ ਧੀਰਜੀ ਅਰ ਭਲਿਆਈ . . . ਨਾਲ ਭਰਪੂਰ ਹੈ।” (ਕੂਚ 34:6) ਉਹ ਇਨਸਾਨਾਂ ਦੀ ਪਾਪੀ ਹਾਲਤ ਦੇ ਕਾਰਨ ਉਨ੍ਹਾਂ ਲੋਕਾਂ ਉੱਤੇ ਦਇਆ ਕਰਦਾ ਹੈ ਜੋ ਉਸ ਦਾ ਭੈ ਰੱਖ ਕੇ ਧਾਰਮਿਕਤਾ ਦੇ ਅਨੁਸਾਰ ਚੱਲਦੇ ਹਨ। ਅੱਜ ਪਰਮੇਸ਼ੁਰ ਇਹ ਦਇਆ ਯਿਸੂ ਦੇ ਬਲੀਦਾਨ ਦੇ ਆਧਾਰ ਤੇ ਦਿਖਾਉਂਦਾ ਹੈ। (ਜ਼ਬੂਰ 103:13, 14) ਸਹੀ ਵਕਤ ਤੇ, ਯਹੋਵਾਹ ਉਨ੍ਹਾਂ ਨਾਲ ਗੁੱਸੇ ਨਹੀਂ ਹੋਵੇਗਾ ਜੋ ਆਪਣੇ ਪਾਪਾਂ ਨੂੰ ਕਬੂਲ ਕਰ ਕੇ ਤੋਬਾ ਕਰਦੇ ਹਨ ਅਤੇ ਸੱਚੇ ਦਿਲੋਂ ਉਸ ਦੀ ਸੇਵਾ ਕਰਦੇ ਹਨ। (ਯਸਾਯਾਹ 12:1) ਯਹੋਵਾਹ ਗੁੱਸੇ ਵਾਲਾ ਨਹੀਂ ਪਰ ਖ਼ੁਸ਼ ਪਰਮੇਸ਼ੁਰ ਹੈ। (1 ਤਿਮੋਥਿਉਸ 1:11) ਉਹ ਰੁੱਖਾ ਨਹੀਂ ਸਗੋਂ ਨਿੱਘੇ ਸੁਭਾਅ ਵਾਲਾ ਹੈ ਅਤੇ ਜੋ ਉਸ ਨੂੰ ਸੱਚੇ ਦਿਲੋਂ ਪ੍ਰਾਰਥਨਾ ਕਰਦੇ ਹਨ ਉਨ੍ਹਾਂ ਨੂੰ ਉਹ ਪਸੰਦ ਕਰਦਾ ਹੈ। ਉਹ ਝੂਠੇ ਦੇਵੀ-ਦੇਵਤਿਆਂ ਤੋਂ ਬਿਲਕੁਲ ਉਲਟ ਹੈ ਜੋ ਬੇਰਹਿਮ ਅਤੇ ਜ਼ਾਲਮ ਦਿਖਾਏ ਜਾਂਦੇ ਹਨ।

[ਸਫ਼ਾ 362 ਉੱਤੇ ਨਕਸ਼ਾ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਵੱਡਾ ਸਾਗਰ

ਦੰਮਿਸਕ

ਸਾਈਡਨ

ਸੂਰ

ਇਸਰਾਏਲ

ਦਾਨ

ਗਲੀਲ ਦੀ ਝੀਲ

ਯਰਦਨ ਨਦੀ

ਮਗਿੱਦੋ

ਰਾਮੋਥ-ਗਿਲਆਦ

ਸਾਮਰਿਯਾ

ਫਲਿਸਤ

ਯਹੂਦਾਹ

ਯਰੂਸ਼ਲਮ

ਲਿਬਨਾਹ

ਲਾਕੀਸ਼

ਬਏਰਸਬਾ

ਕਾਦੇਸ਼-ਬਰਨੇਆ

ਖਾਰਾ ਸਾਗਰ

ਆਮੋਨ

ਰੱਬਾਹ

ਮੋਆਬ

ਕੀਰ-ਹਰਾਸਥ

ਅਦੋਮ

ਬਾਸਰਾਹ

ਤੇਮਾਨ

[ਸਫ਼ਾ 359 ਉੱਤੇ ਤਸਵੀਰਾਂ]

ਈਸਾਈ-ਜਗਤ ਨੇ ਧਰਤੀ ਨੂੰ ਲਹੂ ਲੁਹਾਨ ਕੀਤਾ ਹੈ

[ਸਫ਼ਾ 360 ਉੱਤੇ ਤਸਵੀਰ]

“ਅਕਾਸ਼ ਪੱਤ੍ਰੀ ਵਾਂਙੁ ਲਪੇਟੇ ਜਾਣਗੇ”