Skip to content

Skip to table of contents

“ਬਾਬਲ ਡਿੱਗ ਪਿਆ!”

“ਬਾਬਲ ਡਿੱਗ ਪਿਆ!”

ਸਤਾਰ੍ਹਵਾਂ ਅਧਿਆਇ

“ਬਾਬਲ ਡਿੱਗ ਪਿਆ!”

ਯਸਾਯਾਹ 21:1-17

1, 2. (ੳ) ਬਾਈਬਲ ਦਾ ਮੁੱਖ ਵਿਸ਼ਾ ਕੀ ਹੈ, ਪਰ ਯਸਾਯਾਹ ਵਿਚ ਹੋਰ ਕਿਹੜਾ ਅਹਿਮ ਵਿਸ਼ਾ ਪੇਸ਼ ਕੀਤਾ ਗਿਆ ਹੈ? (ਅ) ਬਾਈਬਲ ਵਿਚ ਬਾਬਲ ਦੇ ਡਿੱਗਣ ਦੇ ਵਿਸ਼ੇ ਬਾਰੇ ਕਿਵੇਂ ਦੱਸਿਆ ਗਿਆ ਹੈ?

ਕਿਹਾ ਜਾ ਸਕਦਾ ਹੈ ਕਿ ਬਾਈਬਲ ਸੁਰੀਲੇ ਸੰਗੀਤ ਵਰਗੀ ਹੈ ਜਿਸ ਦੀ ਇਕ ਮੁੱਖ ਤਾਲ ਹੈ ਅਤੇ ਉਸ ਦੇ ਨਾਲ-ਨਾਲ ਹੋਰ ਤਾਲਾਂ ਮਿਲਦੀਆਂ ਹਨ ਅਤੇ ਫਿਰ ਧੁਨ ਸੁਣਾਈ ਦਿੰਦੀ ਹੈ। ਇਸੇ ਤਰ੍ਹਾਂ, ਬਾਈਬਲ ਦਾ ਇਕ ਮੁੱਖ ਵਿਸ਼ਾ ਹੈ, ਯਾਨੀ ਮਸੀਹਾਈ ਰਾਜ ਦੀ ਹਕੂਮਤ ਰਾਹੀਂ ਯਹੋਵਾਹ ਦੀ ਸਰਬਸੱਤਾ ਨੂੰ ਸਹੀ ਸਾਬਤ ਕਰਨਾ। ਪਰ ਇਸ ਦੇ ਹੋਰ ਅਹਿਮ ਅਤੇ ਵਾਰ-ਵਾਰ ਦੁਹਰਾਏ ਜਾਣ ਵਾਲੇ ਵਿਸ਼ੇ ਵੀ ਹਨ। ਇਕ ਵਿਸ਼ਾ ਹੈ ਬਾਬਲ ਦਾ ਡਿੱਗਣਾ।

2 ਇਹ ਵਿਸ਼ਾ ਪਹਿਲਾਂ ਯਸਾਯਾਹ ਦੇ 13ਵੇਂ ਅਤੇ 14ਵੇਂ ਅਧਿਆਵਾਂ ਵਿਚ ਪੇਸ਼ ਕੀਤਾ ਜਾਂਦਾ ਹੈ। ਇਹ ਵਿਸ਼ਾ ਸਾਨੂੰ 21ਵੇਂ, 44ਵੇਂ, ਅਤੇ 45ਵੇਂ ਅਧਿਆਵਾਂ ਵਿਚ ਦੁਬਾਰਾ ਮਿਲਦਾ ਹੈ। ਇਕ ਸਦੀ ਬਾਅਦ, ਯਿਰਮਿਯਾਹ ਨੇ ਇਸੇ ਵਿਸ਼ੇ ਬਾਰੇ ਹੋਰ ਦੱਸਿਆ ਅਤੇ ਇਸ ਦੀ ਸ਼ਾਨਦਾਰ ਸਮਾਪਤੀ ਪਰਕਾਸ਼ ਦੀ ਪੋਥੀ ਵਿਚ ਦੇਖੀ ਜਾਂਦੀ ਹੈ। (ਯਿਰਮਿਯਾਹ 51:60-64; ਪਰਕਾਸ਼ ਦੀ ਪੋਥੀ 18:1–19:4) ਬਾਈਬਲ ਦੇ ਹਰੇਕ ਵਿਦਿਆਰਥੀ ਨੂੰ ਪਰਮੇਸ਼ੁਰ ਦੇ ਬਚਨ ਦੇ ਮੁੱਖ ਵਿਸ਼ੇ ਨਾਲ ਜੁੜੇ ਹੋਏ ਇਸ ਵਿਸ਼ੇ ਬਾਰੇ ਸੋਚਣਾ ਚਾਹੀਦਾ ਹੈ। ਇਸ ਦੇ ਸੰਬੰਧ ਵਿਚ ਯਸਾਯਾਹ ਦਾ 21ਵਾਂ ਅਧਿਆਇ ਸਾਡੀ ਮਦਦ ਕਰਦਾ ਹੈ, ਕਿਉਂਕਿ ਇਹ ਸਾਨੂੰ ਭਵਿੱਖ ਵਿਚ ਉਸ ਵੱਡੀ ਵਿਸ਼ਵ ਸ਼ਕਤੀ ਦੇ ਡਿੱਗਣ ਬਾਰੇ ਦੱਸਦਾ ਹੈ। ਬਾਅਦ ਵਿਚ ਅਸੀਂ ਦੇਖਾਂਗੇ ਕਿ ਯਸਾਯਾਹ ਦਾ 21ਵਾਂ ਅਧਿਆਇ ਬਾਈਬਲ ਦੇ ਇਕ ਹੋਰ ਅਹਿਮ ਵਿਸ਼ੇ ਬਾਰੇ ਦੱਸਦਾ ਹੈ—ਅਜਿਹਾ ਵਿਸ਼ਾ ਜੋ ਜ਼ਾਹਰ ਕਰਦਾ ਹੈ ਕਿ ਮਸੀਹੀਆਂ ਵਜੋਂ ਅਸੀਂ ਸਾਵਧਾਨ ਹਾਂ ਕਿ ਨਹੀਂ।

“ਇੱਕ ਔਖਾ ਦਰਸ਼ਣ”

3. ਬਾਬਲ ਨੂੰ “ਸਮੁੰਦਰ ਦੀ ਉਜਾੜ” ਕਿਉਂ ਕਿਹਾ ਗਿਆ ਸੀ ਅਤੇ ਇਸ ਨੇ ਉਸ ਦੇ ਭਵਿੱਖ ਬਾਰੇ ਕੀ ਸੰਕੇਤ ਕੀਤਾ?

3 ਯਸਾਯਾਹ ਦਾ 21ਵਾਂ ਅਧਿਆਇ ਇਕ ਬਦਸ਼ਗਨੀ ਗੱਲ ਨਾਲ ਸ਼ੁਰੂ ਹੁੰਦਾ ਹੈ: “ਸਮੁੰਦਰ ਦੀ ਉਜਾੜ ਲਈ ਅਗੰਮ ਵਾਕ,—ਜਿਵੇਂ ਦੱਖਣ ਵਿੱਚ ਵਾਵਰੋਲੇ ਲੰਘਣ ਨੂੰ ਹਨ, ਉਹ ਉਜਾੜ ਤੋਂ, ਇੱਕ ਡਰਾਉਣੀ ਧਰਤੀ ਤੋਂ ਆਉਂਦਾ ਹੈ।” (ਯਸਾਯਾਹ 21:1) ਬਾਬਲ, ਫਰਾਤ ਦਰਿਆ ਦੇ ਦੋਵੇਂ ਪਾਸੇ ਸੀ ਅਤੇ ਉਸ ਦਾ ਪੂਰਬੀ ਹਿੱਸਾ ਫਰਾਤ ਅਤੇ ਟਾਈਗ੍ਰਿਸ ਦੇ ਦੋ ਵੱਡੇ-ਵੱਡੇ ਦਰਿਆਵਾਂ ਦੇ ਵਿਚਕਾਰਲੇ ਇਲਾਕੇ ਵਿਚ ਸੀ। ਬਾਬਲ ਸਮੁੰਦਰ ਤੋਂ ਕਾਫ਼ੀ ਦੂਰ ਸੀ। ਤਾਂ ਫਿਰ, ਇਸ ਨੂੰ “ਸਮੁੰਦਰ ਦੀ ਉਜਾੜ” ਕਿਉਂ ਸੱਦਿਆ ਗਿਆ? ਕਿਉਂਕਿ ਹਰ ਸਾਲ ਬਾਬਲ ਦੇ ਇਲਾਕੇ ਵਿਚ ਹੜ੍ਹ ਆਉਂਦੇ ਸਨ, ਜਿਸ ਦੇ ਕਾਰਨ ਇਕ ਵੱਡਾ ਦਲਦਲੀ “ਸਮੁੰਦਰ” ਬਣ ਜਾਂਦਾ ਸੀ। ਲੇਕਿਨ, ਬਾਬਲੀਆਂ ਨੇ ਗੁੰਝਲਦਾਰ ਖਾਈਆਂ, ਨਹਿਰਾਂ, ਅਤੇ ਨਾਲੀਆਂ ਬਣਾ ਕੇ ਇਸ ਸਮੁੰਦਰੀ ਉਜਾੜ ਨੂੰ ਆਪਣੇ ਵੱਸ ਵਿਚ ਕਰ ਲਿਆ ਸੀ। ਉਹ ਹੁਸ਼ਿਆਰੀ ਨਾਲ ਇਨ੍ਹਾਂ ਪਾਣੀਆਂ ਨੂੰ ਸ਼ਹਿਰ ਦੀ ਸੁਰੱਖਿਆ ਕਰਨ ਲਈ ਇਸਤੇਮਾਲ ਕਰਦੇ ਸਨ। ਫਿਰ ਵੀ, ਮਨੁੱਖਾਂ ਦਾ ਕੋਈ ਵੀ ਜਤਨ ਬਾਬਲ ਨੂੰ ਪਰਮੇਸ਼ੁਰ ਦੇ ਨਿਆਉਂ ਤੋਂ ਨਹੀਂ ਬਚਾ ਸਕਿਆ। ਉਹ ਇਕ ਉਜਾੜ ਸੀ ਅਤੇ ਉਹ ਫਿਰ ਇਕ ਉਜਾੜ ਬਣ ਗਿਆ। ਉਸ ਉੱਤੇ ਉਸ ਤਰ੍ਹਾਂ ਤਬਾਹੀ ਆਈ ਜਿਵੇਂ ਇਸਰਾਏਲ ਉੱਤੇ ਕਦੀ-ਕਦੀ ਡਰਾਉਣੇ ਦੱਖਣੀ ਉਜਾੜ ਤੋਂ ਜ਼ੋਰਦਾਰ ਤੂਫ਼ਾਨ ਆਉਂਦੇ ਸਨ।—ਜ਼ਕਰਯਾਹ 9:14 ਦੀ ਤੁਲਨਾ ਕਰੋ।

4. ‘ਵੱਡੀ ਬਾਬੁਲ’ ਬਾਰੇ ਪਰਕਾਸ਼ ਦੀ ਪੋਥੀ ਦੇ ਦਰਸ਼ਣ ਵਿਚ “ਪਾਣੀ” ਅਤੇ “ਉਜਾੜ” ਕਿਵੇਂ ਸ਼ਾਮਲ ਹਨ, ਅਤੇ “ਪਾਣੀਆਂ” ਦਾ ਕੀ ਅਰਥ ਹੈ?

4 ਜਿਵੇਂ ਅਸੀਂ ਇਸ ਪੁਸਤਕ ਦੇ 14ਵੇਂ ਅਧਿਆਇ ਵਿਚ ਸਿੱਖਿਆ ਸੀ, ਪ੍ਰਾਚੀਨ ਬਾਬਲ ਅੱਜ ‘ਵੱਡੀ ਬਾਬੁਲ,’ ਯਾਨੀ ਝੂਠੇ ਧਰਮ ਦੇ ਵਿਸ਼ਵ ਸਾਮਰਾਜ ਨੂੰ ਦਰਸਾਉਂਦਾ ਹੈ। ਪਰਕਾਸ਼ ਦੀ ਪੋਥੀ ਵਿਚ ਦਿਖਾਇਆ ਗਿਆ ਹੈ ਕਿ ਵੱਡੀ ਬਾਬੁਲ ਦਾ ਵੀ “ਉਜਾੜ” ਅਤੇ “ਪਾਣੀਆਂ” ਨਾਲ ਸੰਬੰਧ ਹੈ। ਯੂਹੰਨਾ ਰਸੂਲ ਨੂੰ ਵੱਡੀ ਬਾਬੁਲ ਦਿਖਾਉਣ ਲਈ ਉਜਾੜ ਵਿਚ ਲਿਜਾਇਆ ਗਿਆ ਸੀ। ਉਸ ਨੂੰ ਦੱਸਿਆ ਗਿਆ ਸੀ ਕਿ ਉਹ “ਬਹੁਤਿਆਂ ਪਾਣੀਆਂ ਉੱਤੇ ਬੈਠੀ ਹੋਈ ਹੈ” ਜੋ “ਉੱਮਤਾਂ ਅਤੇ ਮਹਾਇਣ ਅਤੇ ਕੌਮਾਂ ਅਤੇ ਭਾਖਿਆਂ” ਨੂੰ ਦਰਸਾਉਂਦੇ ਹਨ। (ਪਰਕਾਸ਼ ਦੀ ਪੋਥੀ 17:1-3, 5, 15) ਲੋਕਾਂ ਦੇ ਸਹਾਰੇ ਨਾਲ ਝੂਠਾ ਧਰਮ ਹਮੇਸ਼ਾ ਕਾਇਮ ਰਹਿ ਸਕਿਆ ਹੈ, ਪਰ ਅੰਤ ਵਿਚ ਅਜਿਹੇ “ਪਾਣੀ” ਉਸ ਨੂੰ ਬਚਾ ਨਾ ਸਕਣਗੇ। ਪ੍ਰਾਚੀਨ ਬਾਬਲ ਦੀ ਤਰ੍ਹਾਂ, ਉਹ ਬੇਆਬਾਦ, ਭੁਲਾਈ, ਅਤੇ ਬਰਬਾਦ ਕੀਤੀ ਜਾਵੇਗੀ।

5. ਬਾਬਲ ਨੇ “ਛਲੀਆ” ਅਤੇ “ਲੁਟੇਰਾ” ਨਾਂ ਕਿਵੇਂ ਕਮਾਏ ਸਨ?

5 ਯਸਾਯਾਹ ਦੇ ਜ਼ਮਾਨੇ ਵਿਚ ਬਾਬਲ ਅਜੇ ਮੁੱਖ ਵਿਸ਼ਵ ਸ਼ਕਤੀ ਵੀ ਨਹੀਂ ਸੀ, ਪਰ ਯਹੋਵਾਹ ਪਹਿਲਾਂ ਹੀ ਦੇਖ ਸਕਦਾ ਸੀ ਕਿ ਜਦੋਂ ਬਾਬਲ ਦਾ ਸਮਾਂ ਆਉਣਾ ਸੀ, ਉਸ ਨੇ ਆਪਣੀ ਸ਼ਕਤੀ ਦੀ ਕੁਵਰਤੋਂ ਕਰਨੀ ਸੀ। ਯਸਾਯਾਹ ਨੇ ਅੱਗੇ ਕਿਹਾ: “ਇੱਕ ਔਖਾ ਦਰਸ਼ਣ ਮੈਨੂੰ ਵਿਖਾਇਆ ਗਿਆ,—ਛਲੀਆ ਛਲਦਾ, ਲੁਟੇਰਾ ਲੁੱਟਦਾ!” (ਯਸਾਯਾਹ 21:2ੳ) ਬਾਬਲ ਨੇ ਸੱਚ-ਮੁੱਚ ਯਹੂਦਾਹ ਸਮੇਤ ਜਿੱਤੀਆਂ ਕੌਮਾਂ ਨੂੰ ਲੁੱਟਿਆ ਸੀ ਅਤੇ ਉਨ੍ਹਾਂ ਨਾਲ ਭੈੜਾ ਸਲੂਕ ਕੀਤਾ ਸੀ। ਬਾਬਲੀ ਲੋਕਾਂ ਨੇ ਯਰੂਸ਼ਲਮ ਦਾ ਨਾਸ਼ ਕੀਤਾ, ਉਸ ਦੀ ਹੈਕਲ ਨੂੰ ਲੁੱਟਿਆ, ਅਤੇ ਉਸ ਦੇ ਲੋਕਾਂ ਨੂੰ ਬਾਬਲ ਵਿਚ ਗ਼ੁਲਾਮ ਬਣਾਇਆ। ਉੱਥੇ, ਇਨ੍ਹਾਂ ਬੇਬੱਸ ਬੰਦੀਆਂ ਨਾਲ ਭੈੜਾ ਸਲੂਕ ਕੀਤਾ ਗਿਆ, ਉਨ੍ਹਾਂ ਦੀ ਨਿਹਚਾ ਦਾ ਮਖੌਲ ਉਡਾਇਆ ਗਿਆ, ਅਤੇ ਉਨ੍ਹਾਂ ਨੂੰ ਆਪਣੇ ਵਤਨ ਨੂੰ ਮੁੜਨ ਦੀ ਕੋਈ ਆਸ ਨਹੀਂ ਦਿੱਤੀ ਗਈ ਸੀ।—2 ਇਤਹਾਸ 36:17-21; ਜ਼ਬੂਰ 137:1-4.

6. (ੳ) ਯਹੋਵਾਹ ਨੇ ਕਿਹੜੀਆਂ ਧਾਹਾਂ ਦਾ ਅੰਤ ਲਿਆਉਣਾ ਸੀ? (ਅ) ਭਵਿੱਖਬਾਣੀ ਅਨੁਸਾਰ ਕਿਹੜੀਆਂ ਕੌਮਾਂ ਨੇ ਬਾਬਲ ਉੱਤੇ ਹਮਲਾ ਕਰਨਾ ਸੀ ਅਤੇ ਇਹ ਭਵਿੱਖਬਾਣੀ ਕਿਵੇਂ ਪੂਰੀ ਹੋਈ ਸੀ?

6 ਜੀ ਹਾਂ, ਬਾਬਲ ਇਸ ‘ਔਖੇ ਦਰਸ਼ਣ’ ਦੇ ਪੂਰੀ ਤਰ੍ਹਾਂ ਲਾਇਕ ਸੀ ਅਤੇ ਇਸ ਦਾ ਮਤਲਬ ਹੈ ਕਿ ਉਸ ਉੱਤੇ ਔਖਿਆਈ ਆਉਣੀ ਸੀ। ਯਸਾਯਾਹ ਨੇ ਅੱਗੇ ਕਿਹਾ: “ਹੇ ਏਲਾਮ, ਚੜ੍ਹ! ਹੇ ਮਾਦਈ, ਘੇਰ ਲੈ! ਮੈਂ ਉਹ ਦਾ ਸਾਰਾ ਹੂੰਗਾ ਮੁਕਾ ਦਿੰਦਾ ਹਾਂ।” (ਯਸਾਯਾਹ 21:2ਅ) ਇਸ ਛਲੀਏ ਸਾਮਰਾਜ ਦਾ ਜ਼ੁਲਮ ਸਹਿਣ ਵਾਲੇ ਲੋਕਾਂ ਨੂੰ ਰਾਹਤ ਮਿਲਣੀ ਸੀ। ਜੀ ਹਾਂ, ਉਨ੍ਹਾਂ ਨੇ ਫਿਰ ਕਦੀ ਵੀ ਧਾਹਾਂ ਨਹੀਂ ਮਾਰਨੀਆਂ ਸਨ! (ਜ਼ਬੂਰ 79:11, 12) ਇਹ ਰਾਹਤ ਕਿਸ ਤਰ੍ਹਾਂ ਮਿਲਣੀ ਸੀ? ਯਸਾਯਾਹ ਨੇ ਦੋ ਕੌਮਾਂ ਦੇ ਨਾਂ ਦੱਸੇ ਜਿਨ੍ਹਾਂ ਨੇ ਬਾਬਲ ਉੱਤੇ ਹਮਲਾ ਕਰਨਾ ਸੀ: ਏਲਾਮ ਅਤੇ ਮਾਦੀ। ਦੋ ਸਦੀਆਂ ਬਾਅਦ, 539 ਸਾ.ਯੁ.ਪੂ. ਵਿਚ, ਫ਼ਾਰਸੀ ਖੋਰਸ ਨੇ ਬਾਬਲ ਦੇ ਵਿਰੁੱਧ ਮਾਦੀ-ਫ਼ਾਰਸੀਆਂ ਦੀ ਫ਼ੌਜ ਲਿਆਂਦੀ ਸੀ। ਜਿੱਥੇ ਤਕ ਏਲਾਮ ਦੀ ਗੱਲ ਆਉਂਦੀ ਹੈ, 539 ਸਾ.ਯੁ.ਪੂ. ਤੋਂ ਪਹਿਲਾਂ ਹੀ ਫ਼ਾਰਸੀ ਸ਼ਹਿਨਸ਼ਾਹਾਂ ਨੇ ਉਸ ਦੇਸ਼ ਦੇ ਕੁਝ ਹਿੱਸੇ ਉੱਤੇ ਕਬਜ਼ਾ ਕਰ ਲਿਆ ਸੀ। * ਇਸ ਤਰ੍ਹਾਂ ਫ਼ਾਰਸੀ ਫ਼ੌਜਾਂ ਵਿਚ ਏਲਾਮੀ ਵੀ ਸ਼ਾਮਲ ਸਨ।

7. ਯਸਾਯਾਹ ਉੱਤੇ ਉਸ ਦੇ ਦਰਸ਼ਣ ਦਾ ਕੀ ਅਸਰ ਹੋਇਆ ਸੀ, ਅਤੇ ਇਸ ਦਾ ਕੀ ਮਤਲਬ ਸੀ?

7 ਧਿਆਨ ਦਿਓ ਕਿ ਯਸਾਯਾਹ ਨੇ ਆਪਣੇ ਉੱਤੇ ਇਸ ਦਰਸ਼ਣ ਦੇ ਅਸਰ ਬਾਰੇ ਕੀ ਕਿਹਾ ਸੀ: “ਏਸ ਲਈ ਮੇਰਾ ਲੱਕ ਤੜਫਾਟ ਨਾਲ ਭਰਿਆ ਹੈ, ਜਣਨ ਵਾਲੀ ਦੀਆਂ ਪੀੜਾਂ ਵਾਂਙੁ ਪੀੜਾਂ ਨੇ ਮੈਨੂੰ ਫੜ ਲਿਆ, ਮੈਂ ਝੁਕਾਇਆ ਗਿਆ ਸੋ ਮੈਂ ਸੁਣ ਨਹੀਂ ਸੱਕਦਾ, ਮੈਂ ਘਬਰਾਇਆ ਗਿਆ ਸੋ ਮੈਂ ਵੇਖ ਨਹੀਂ ਸੱਕਦਾ। ਮੇਰਾ ਦਿਲ ਧੜਕਦਾ ਹੈ, ਕੰਬਣੀ ਮੈਨੂੰ ਆ ਦੱਬਿਆ, ਸੰਝ ਜਿਹ ਨੂੰ ਮੈਂ ਲੋਚਦਾ ਸਾਂ ਮੇਰੇ ਲਈ ਕਾਂਬਾ ਬਣ ਗਈ।” (ਯਸਾਯਾਹ 21:3, 4) ਇਸ ਤਰ੍ਹਾਂ ਲੱਗਦਾ ਹੈ ਕਿ ਨਬੀ ਸੰਝ ਜਾਂ ਸ਼ਾਮ ਦੇ ਵੇਲੇ ਦਾ ਆਨੰਦ ਮਾਣਦਾ ਹੁੰਦਾ ਸੀ, ਜੋ ਮਨਨ ਕਰਨ ਲਈ ਇਕ ਸੋਹਣਾ ਸਮਾਂ ਹੈ। ਪਰ ਹੁਣ ਸ਼ਾਮ ਦੇ ਵੇਲੇ ਦਾ ਕੋਈ ਆਨੰਦ ਨਹੀਂ ਰਿਹਾ, ਇਸ ਦੀ ਥਾਂ ਉਸ ਨੂੰ ਸਿਰਫ਼ ਡਰ, ਦਰਦ, ਅਤੇ ਕਾਂਬਾ ਲੱਗਦਾ ਸੀ। ਉਸ ਦੀਆਂ ਪੀੜਾਂ ਜਣਨ ਵਾਲੀ ਦੀਆਂ ਪੀੜਾਂ ਵਰਗੀਆਂ ਸਨ, ਅਤੇ ਤੇਜ਼ੀ ਨਾਲ ਉਸ ਦਾ “ਦਿਲ ਧੜਕਦਾ ਹੈ।” ਅਜਿਹਾ ਦੁੱਖ ਕਿਉਂ? ਇਸ ਤਰ੍ਹਾਂ ਲੱਗਦਾ ਹੈ ਕਿ ਯਸਾਯਾਹ ਦੇ ਜਜ਼ਬਾਤ ਭਵਿੱਖ ਨਾਲ ਸੰਬੰਧ ਰੱਖਦੇ ਸਨ। ਪੰਜ/ਛੇ ਅਕਤੂਬਰ, 539 ਸਾ.ਯੁ.ਪੂ. ਦੀ ਰਾਤ ਨੂੰ ਬਾਬਲੀ ਲੋਕਾਂ ਨੂੰ ਵੀ ਅਜਿਹਾ ਡਰ ਲੱਗਣਾ ਸੀ।

8. ਭਵਿੱਖਬਾਣੀ ਅਨੁਸਾਰ, ਬਾਬਲੀਆਂ ਨੇ ਕੀ ਕੀਤਾ ਭਾਵੇਂ ਕਿ ਉਨ੍ਹਾਂ ਦੇ ਵੈਰੀ ਸ਼ਹਿਰ ਦੀਆਂ ਕੰਧਾਂ ਤੋਂ ਬਾਹਰ ਸਨ?

8 ਉਸ ਰਾਤ ਜਿੱਦਾਂ-ਜਿੱਦਾਂ ਹਨੇਰਾ ਹੁੰਦਾ ਗਿਆ, ਬਾਬਲੀਆਂ ਦੇ ਮਨਾਂ ਵਿਚ ਡਰਨ ਦਾ ਕੋਈ ਕਾਰਨ ਨਹੀਂ ਸੀ। ਕੁਝ ਦੋ ਸਦੀਆਂ ਪਹਿਲਾਂ, ਯਸਾਯਾਹ ਨੇ ਭਵਿੱਖਬਾਣੀ ਕੀਤੀ ਸੀ: “ਓਹ ਮੇਜ਼ ਲਾਉਂਦੇ ਹਨ, ਓਹ ਦਰੀਆਂ ਵਿਛਾਉਂਦੇ ਹਨ, ਓਹ ਖਾਂਦੇ ਪੀਂਦੇ ਹਨ।” (ਯਸਾਯਾਹ 21:5ੳ) ਜੀ ਹਾਂ, ਹੰਕਾਰੀ ਰਾਜਾ ਬੇਲਸ਼ੱਸਰ ਨੇ ਇਕ ਦਾਅਵਤ ਦਿੱਤੀ। ਇਕ ਹਜ਼ਾਰ ਪ੍ਰਧਾਨਾਂ ਲਈ ਅਤੇ ਕਈ ਤੀਵੀਆਂ ਅਤੇ ਰਖੇਲਾਂ ਲਈ ਸੀਟਾਂ ਦਾ ਪ੍ਰਬੰਧ ਕੀਤਾ ਗਿਆ। (ਦਾਨੀਏਲ 5:1, 2) ਇਹ ਐਸ਼ ਕਰਨ ਵਾਲੇ ਜਾਣਦੇ ਸਨ ਕਿ ਸ਼ਹਿਰ ਦੀਆਂ ਕੰਧਾਂ ਤੋਂ ਬਾਹਰ ਇਕ ਫ਼ੌਜ ਖੜ੍ਹੀ ਸੀ, ਪਰ ਉਹ ਮੰਨਦੇ ਸਨ ਕਿ ਉਨ੍ਹਾਂ ਦਾ ਸ਼ਹਿਰ ਬਿਲਕੁਲ ਸੁਰੱਖਿਅਤ ਸੀ। ਸ਼ਹਿਰ ਦੀਆਂ ਵੱਡੀਆਂ-ਵੱਡੀਆਂ ਕੰਧਾਂ ਅਤੇ ਡੂੰਘੀ ਖਾਈ ਤੋਂ ਲੱਗਦਾ ਸੀ ਕਿ ਉਹ ਜਿੱਤਿਆ ਨਹੀਂ ਜਾ ਸਕਦਾ; ਉਨ੍ਹਾਂ ਦੇ ਅਨੁਸਾਰ ਬਾਬਲ ਦੇ ਦੇਵੀ-ਦੇਵਤੇ ਇਸ ਤਰ੍ਹਾਂ ਹੋਣ ਹੀ ਨਹੀਂ ਦੇਣਗੇ। ਇਸ ਲਈ ਉਹ “ਖਾਂਦੇ ਪੀਂਦੇ ਹਨ।” ਬੇਲਸ਼ੱਸਰ ਅਤੇ ਉਸ ਦੇ ਮਹਿਮਾਨ ਸ਼ਰਾਬੀ ਹੋ ਗਏ। ਭਵਿੱਖ ਬਾਰੇ ਯਸਾਯਾਹ ਦੇ ਅਗਲੇ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਪ੍ਰਧਾਨ ਸ਼ਰਾਬ ਪੀ-ਪੀ ਕੇ ਮਸਤ ਹੋ ਚੁੱਕੇ ਸਨ ਅਤੇ ਆਪਣੇ ਹੋਸ਼-ਹਵਾਸ ਗੁਆ ਬੈਠੇ ਸਨ ਕਿਉਂਕਿ ਉਨ੍ਹਾਂ ਨੂੰ ਉਠਾਉਣ ਦੀ ਲੋੜ ਪਈ ਸੀ।

9. ‘ਢਾਲਾਂ ਨੂੰ ਤੇਲ ਮਲਣ’ ਦੀ ਜ਼ਰੂਰਤ ਕਿਉਂ ਪਈ ਸੀ?

9 “ਹੇ ਸਰਦਾਰੋ, ਉੱਠੋ! ਢਾਲਾਂ ਨੂੰ ਤੇਲ ਮਲੋ!” (ਯਸਾਯਾਹ 21:5ਅ) ਅਚਾਨਕ, ਦਾਅਵਤ ਖ਼ਤਮ ਹੋ ਗਈ। ਸਰਦਾਰਾਂ ਨੂੰ ਉੱਠਣਾ ਪਿਆ। ਬੁੱਢੇ ਨਬੀ ਦਾਨੀਏਲ ਨੂੰ ਮਹਿਲ ਵਿਚ ਸੱਦਿਆ ਗਿਆ ਅਤੇ ਉਸ ਨੇ ਦੇਖਿਆ ਕਿ ਬਾਬਲੀ ਰਾਜਾ ਬੇਲਸ਼ੱਸਰ ਯਸਾਯਾਹ ਦੇ ਸ਼ਬਦਾਂ ਅਨੁਸਾਰ ਡਰਿਆ ਹੋਇਆ ਸੀ। ਸ਼ਹਿਰ ਦੀ ਮਜ਼ਬੂਤੀ ਦੇ ਬਾਵਜੂਦ, ਮਾਦੀਆਂ, ਫ਼ਾਰਸੀਆਂ, ਅਤੇ ਏਲਾਮੀਆਂ ਦੀਆਂ ਫ਼ੌਜਾਂ ਅੰਦਰ ਵੜ ਆਈਆਂ ਸਨ। ਰਾਜੇ ਦੇ ਪ੍ਰਧਾਨ ਹਫੜਾ-ਦਫੜੀ ਵਿਚ ਪਏ ਹੋਏ ਸਨ। ਬਾਬਲ ਕਿੰਨੀ ਛੇਤੀ ਡਿੱਗ ਪਿਆ! ਲੇਕਿਨ, ‘ਢਾਲਾਂ ਨੂੰ ਤੇਲ ਮਲਣ’ ਦਾ ਮਤਲਬ ਕੀ ਸੀ? ਕਦੀ-ਕਦੀ ਬਾਈਬਲ ਇਕ ਕੌਮ ਦੇ ਰਾਜੇ ਨੂੰ ਉਸ ਦੀ ਢਾਲ ਸੱਦਦੀ ਹੈ ਕਿਉਂਕਿ ਉਹ ਦੇਸ਼ ਦਾ ਰਖਵਾਲਾ ਹੁੰਦਾ ਸੀ। * (ਜ਼ਬੂਰ 89:18) ਇਸ ਲਈ ਯਸਾਯਾਹ ਵਿਚ ਇਹ ਆਇਤ ਸ਼ਾਇਦ ਇਕ ਨਵੇਂ ਰਾਜੇ ਦੀ ਜ਼ਰੂਰਤ ਬਾਰੇ ਦੱਸਦੀ ਹੋਵੇ। ਕਿਉਂ? ਕਿਉਂਕਿ ਉਸੇ “ਰਾਤ ਨੂੰ” ਬੇਲਸ਼ੱਸਰ ਮਾਰਿਆ ਗਿਆ ਸੀ। ਇਸ ਲਈ, ‘ਢਾਲਾਂ ਨੂੰ ਤੇਲ ਮਲਣ’ ਜਾਂ ਨਵਾਂ ਰਾਜਾ ਨਿਯੁਕਤ ਕਰਨ ਦੀ ਲੋੜ ਸੀ।—ਦਾਨੀਏਲ 5:1-9, 30.

10. ਯਹੋਵਾਹ ਦੇ ਉਪਾਸਕਾਂ ਨੂੰ ਛਲੀਏ ਬਾਰੇ ਯਸਾਯਾਹ ਦੀ ਭਵਿੱਖਬਾਣੀ ਦੀ ਪੂਰਤੀ ਤੋਂ ਕਿਹੜੀ ਆਸ ਮਿਲਦੀ ਹੈ?

10 ਸੱਚੀ ਉਪਾਸਨਾ ਦੇ ਸਾਰੇ ਪ੍ਰੇਮੀਆਂ ਨੂੰ ਇਸ ਬਿਰਤਾਂਤ ਤੋਂ ਦਿਲਾਸਾ ਮਿਲਦਾ ਹੈ। ਅੱਜ ਦਾ ਬਾਬਲ, ਯਾਨੀ ਵੱਡੀ ਬਾਬੁਲ, ਪ੍ਰਾਚੀਨ ਬਾਬਲ ਦੀ ਤਰ੍ਹਾਂ ਛਲੀਆ ਅਤੇ ਲੁਟੇਰਾ ਹੈ। ਧਾਰਮਿਕ ਆਗੂ ਅੱਜ ਤਕ ਯਹੋਵਾਹ ਦੇ ਗਵਾਹਾਂ ਨੂੰ ਰੋਕਣ, ਸਤਾਉਣ, ਜਾਂ ਉਨ੍ਹਾਂ ਉੱਤੇ ਟੈਕਸ ਲਾਉਣ ਦੀਆਂ ਸਾਜ਼ਸ਼ਾਂ ਘੜਦੇ ਹਨ। ਪਰ ਇਹ ਭਵਿੱਖਬਾਣੀ ਸਾਨੂੰ ਆਸ ਦਿੰਦੀ ਹੈ ਕਿ ਯਹੋਵਾਹ ਅਜਿਹਾ ਭੈੜਾ ਸਲੂਕ ਦੇਖਦਾ ਹੈ ਅਤੇ ਉਹ ਇਸ ਦੀ ਸਜ਼ਾ ਜ਼ਰੂਰ ਦੇਵੇਗਾ। ਉਹ ਉਸ ਦਾ ਨਾਂ ਬਦਨਾਮ ਕਰਨ ਵਾਲੇ ਅਤੇ ਉਸ ਦੇ ਲੋਕਾਂ ਨਾਲ ਬੁਰਾ ਸਲੂਕ ਕਰਨ ਵਾਲੇ ਸਾਰੇ ਮਜ਼ਹਬਾਂ ਦਾ ਅੰਤ ਕਰੇਗਾ। (ਪਰਕਾਸ਼ ਦੀ ਪੋਥੀ 18:8) ਕੀ ਅਸੀਂ ਇਸ ਵਿਚ ਵਿਸ਼ਵਾਸ ਕਰ ਸਕਦੇ ਹਾਂ? ਪ੍ਰਾਚੀਨ ਬਾਬਲ ਅਤੇ ਅੱਜ ਦੀ ਬਾਬੁਲ ਦੇ ਡਿੱਗਣ ਬਾਰੇ ਪੂਰੀਆਂ ਹੋ ਚੁੱਕੀਆਂ ਚੇਤਾਵਨੀਆਂ ਨੂੰ ਦੇਖ ਕੇ ਅਸੀਂ ਆਪਣੀ ਨਿਹਚਾ ਮਜ਼ਬੂਤ ਕਰ ਸਕਦੇ ਹਾਂ।

“ਬਾਬਲ ਡਿੱਗ ਪਿਆ!”

11. (ੳ) ਰਾਖੇ ਦੀ ਕੀ ਜ਼ਿੰਮੇਵਾਰੀ ਸੀ ਅਤੇ ਅੱਜ ਰਾਖੇ ਵਜੋਂ ਕੌਣ ਕੰਮ ਕਰ ਰਿਹਾ ਹੈ? (ਅ) ਖੋਤਿਆਂ ਅਤੇ ਊਠਾਂ ਦੇ ਸਵਾਰ ਕਿਸ ਨੂੰ ਦਰਸਾਉਂਦੇ ਸਨ?

11 ਯਹੋਵਾਹ ਨੇ ਨਬੀ ਦੇ ਨਾਲ ਅੱਗੇ ਗੱਲ ਕੀਤੀ। ਯਸਾਯਾਹ ਨੇ ਦੱਸਿਆ: “ਐਉਂ ਤਾਂ ਪ੍ਰਭੁ ਨੇ ਮੈਨੂੰ ਆਖਿਆ ਹੈ, ਜਾਹ, ਰਾਖਾ ਖੜਾ ਕਰ, ਜੋ ਕੁਝ ਉਹ ਵੇਖੇ ਉਹ ਦੱਸੇ।” (ਯਸਾਯਾਹ 21:6) ਇਹ ਸ਼ਬਦ ਇਸ ਅਧਿਆਇ ਦਾ ਇਕ ਹੋਰ ਅਹਿਮ ਵਿਸ਼ਾ ਪੇਸ਼ ਕਰਦੇ ਹਨ, ਯਾਨੀ ਰਾਖੇ ਜਾਂ ਪਹਿਰੇਦਾਰ ਦਾ ਵਿਸ਼ਾ। ਅੱਜ ਸਾਰੇ ਸੱਚੇ ਮਸੀਹੀਆਂ ਲਈ ਇਹ ਦਿਲਚਸਪੀ ਦੀ ਗੱਲ ਹੈ ਕਿਉਂਕਿ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ ਕਿ “ਜਾਗਦੇ ਰਹੋ।” “ਮਾਤਬਰ ਅਤੇ ਬੁੱਧਵਾਨ ਨੌਕਰ” ਪਰਮੇਸ਼ੁਰ ਦੇ ਨਿਆਉਂ ਦੇ ਦਿਨ ਦੀ ਨੇੜਤਾ ਬਾਰੇ ਅਤੇ ਇਸ ਭ੍ਰਿਸ਼ਟ ਦੁਨੀਆਂ ਦੇ ਖ਼ਤਰਿਆਂ ਬਾਰੇ ਸਾਨੂੰ ਹਮੇਸ਼ਾ ਖ਼ਬਰਦਾਰ ਕਰਦਾ ਆਇਆ ਹੈ। (ਮੱਤੀ 24:42, 45-47) ਯਸਾਯਾਹ ਦੇ ਦਰਸ਼ਣ ਵਿਚ ਰਾਖੇ ਨੇ ਕੀ ਦੇਖਿਆ? ‘ਉਹ ਅਸਵਾਰ, ਘੋੜ ਚੜ੍ਹਿਆਂ ਦੇ ਜੋੜੇ, ਖੋਤਿਆਂ ਦੇ ਅਸਵਾਰ, ਊਠਾਂ ਦੇ ਅਸਵਾਰ ਵੇਖਦਾ ਹੈ, ਤਾਂ ਵੱਡੇ ਗੌਹ ਨਾਲ ਗੌਹ ਕਰਦਾ ਹੈ!’ (ਯਸਾਯਾਹ 21:7) ਹੋ ਸਕਦਾ ਹੈ ਕਿ ਜੰਗ ਦੇ ਇਹ ਘੋੜ ਚੜ੍ਹਿਆਂ ਦੇ ਜੋੜੇ ਰਥਾਂ ਦੀਆਂ ਲਾਈਨਾਂ ਸਨ ਜੋ ਲੜਾਈ ਦੀ ਤਿਆਰੀ ਵਿਚ ਤੇਜ਼ੀ ਨਾਲ ਅੱਗੇ ਵੱਧ ਰਹੀਆਂ ਸਨ। ਖੋਤਿਆਂ ਅਤੇ ਊਠਾਂ ਦੇ ਸਵਾਰ ਇਕਮੁੱਠ ਹੋ ਕੇ ਹਮਲਾ ਕਰਨ ਵਾਲੀਆਂ ਮਾਦਾ ਅਤੇ ਫ਼ਾਰਸ ਦੀਆਂ ਸ਼ਕਤੀਆਂ ਨੂੰ ਦਰਸਾਉਂਦੇ ਸਨ। ਇਸ ਤੋਂ ਇਲਾਵਾ, ਇਤਿਹਾਸ ਤੋਂ ਸਾਬਤ ਹੁੰਦਾ ਹੈ ਕਿ ਜੰਗ ਵਿਚ ਫ਼ਾਰਸੀ ਸੈਨਾ ਖੋਤਿਆਂ ਅਤੇ ਊਠਾਂ ਨੂੰ ਇਸਤੇਮਾਲ ਕਰਦੀ ਸੀ।

12. ਯਸਾਯਾਹ ਦੇ ਦਰਸ਼ਣ ਵਿਚ ਰਾਖੇ ਨੇ ਕਿਹੜੇ ਗੁਣ ਦਿਖਾਏ ਅਤੇ ਅੱਜ ਇਨ੍ਹਾਂ ਗੁਣਾਂ ਦੀ ਕਿਨ੍ਹਾਂ ਨੂੰ ਜ਼ਰੂਰਤ ਹੈ?

12 ਫਿਰ, ਰਾਖਾ ਰਿਪੋਰਟ ਕਰਨ ਲਈ ਮਜਬੂਰ ਹੋਇਆ ਅਤੇ “ਉਹ ਨੇ ਸ਼ੇਰ ਬਬਰ ਵਾਂਙੁ ਪੁਕਾਰਿਆ, ਹੇ ਪ੍ਰਭੁ, ਮੈਂ ਪਹਿਰੇ ਦੇ ਬੁਰਜ ਉੱਤੇ ਸਾਰਾ ਦਿਨ ਖਲੋਤਾ ਰਹਿੰਦਾ ਹਾਂ, ਅਤੇ ਰਾਤਾਂ ਦੀਆਂ ਰਾਤਾਂ ਆਪਣੇ ਪਹਿਰੇ ਉੱਤੇ ਟਿਕਿਆ ਰਹਿੰਦਾ ਹਾਂ। ਏਹ ਵੇਖੋ! ਅਸਵਾਰ, ਘੋੜ ਚੜ੍ਹਿਆਂ ਦੇ ਜੋੜੇ ਲਗੇ ਆਉਂਦੇ ਹਨ!” (ਯਸਾਯਾਹ 21:8, 9ੳ) ਦਰਸ਼ਣ ਵਿਚ ਰਾਖਾ “ਸ਼ੇਰ ਬਬਰ ਵਾਂਙੁ” ਨਿਡਰ ਹੋ ਕੇ ਪੁਕਾਰਦਾ ਹੈ। ਬਾਬਲ ਵਰਗੀ ਵੱਡੀ, ਡਰਾਉਣੀ ਕੌਮ ਵਿਰੁੱਧ ਨਿਆਉਂ ਦਾ ਸੁਨੇਹਾ ਦੇਣ ਲਈ ਡਰ ਦੀ ਨਹੀਂ ਪਰ ਹਿੰਮਤ ਦੀ ਜ਼ਰੂਰਤ ਸੀ। ਇਸ ਦੇ ਨਾਲ-ਨਾਲ ਧੀਰਜ ਦੀ ਲੋੜ ਵੀ ਸੀ। ਰਾਖਾ ਦਿਨ-ਰਾਤ ਚੌਕਸੀ ਨਾਲ ਪਹਿਰਾ ਦਿੰਦਾ ਸੀ। ਇਸੇ ਤਰ੍ਹਾਂ, ਇਨ੍ਹਾਂ ਅੰਤ ਦਿਆਂ ਦਿਨਾਂ ਵਿਚ ਰਾਖੇ ਵਰਗ ਨੂੰ ਵੀ ਹਿੰਮਤ ਅਤੇ ਧੀਰਜ ਦੀ ਜ਼ਰੂਰਤ ਹੈ। (ਪਰਕਾਸ਼ ਦੀ ਪੋਥੀ 14:12) ਸਾਰੇ ਸੱਚੇ ਮਸੀਹੀਆਂ ਨੂੰ ਇਨ੍ਹਾਂ ਗੁਣਾਂ ਦੀ ਜ਼ਰੂਰਤ ਹੈ।

13, 14. (ੳ) ਪ੍ਰਾਚੀਨ ਬਾਬਲ ਨਾਲ ਕੀ ਹੋਇਆ ਸੀ, ਅਤੇ ਉਸ ਦੀਆਂ ਮੂਰਤੀਆਂ ਭੱਜਣ ਦਾ ਕੀ ਮਤਲਬ ਸੀ? (ਅ) ਇਕ ਮਿਲਦੇ-ਜੁਲਦੇ ਤਰੀਕੇ ਨਾਲ ਵੱਡੀ ਬਾਬੁਲ ਕਦੋਂ ਅਤੇ ਕਿਸ ਤਰ੍ਹਾਂ ਡਿੱਗੀ ਸੀ?

13 ਯਸਾਯਾਹ ਦੇ ਦਰਸ਼ਣ ਵਿਚ ਰਾਖਾ ਜੰਗੀ ਰਥਾਂ ਨੂੰ ਆਉਂਦਿਆਂ ਦੇਖਦਾ ਹੈ। ਖ਼ਬਰ ਕੀ ਹੈ? “ਉਹ ਨੇ ਉੱਤਰ ਦੇ ਕੇ ਆਖਿਆ, ਡਿੱਗ ਪਿਆ, ਬਾਬਲ ਡਿੱਗ ਪਿਆ! ਉਹ ਦੇ ਦੇਵਤਿਆਂ ਦੀਆਂ ਸਾਰੀਆਂ ਮੂਰਤੀਆਂ ਭੁੰਏਂ ਭੱਜੀਆਂ ਪਈਆਂ ਹਨ।” (ਯਸਾਯਾਹ 21:9ਅ) ਇਹ ਕਿੱਡੀ ਵੱਡੀ ਖ਼ੁਸ਼ ਖ਼ਬਰੀ ਸੀ! ਆਖ਼ਰਕਾਰ, ਪਰਮੇਸ਼ੁਰ ਦੇ ਲੋਕਾਂ ਦਾ ਇਹ ਲੁਟੇਰਾ ਅਤੇ ਛਲੀਆ ਡਿੱਗ ਪਿਆ! * ਪਰ, ਬਾਬਲ ਦੇ ਦੇਵਤਿਆਂ ਦੀਆਂ ਮੂਰਤੀਆਂ ਭੱਜਣ ਦਾ ਕੀ ਮਤਲਬ ਸੀ? ਕੀ ਮਾਦੀ-ਫ਼ਾਰਸੀ ਫ਼ੌਜੀਆਂ ਨੇ ਬਾਬਲ ਦੇ ਮੰਦਰਾਂ ਵਿਚ ਜਾ ਕੇ ਬੇਸ਼ੁਮਾਰ ਮੂਰਤੀਆਂ ਨੂੰ ਤੋੜਿਆ ਸੀ? ਨਹੀਂ, ਇਸ ਤਰ੍ਹਾਂ ਕਰਨ ਦੀ ਕੋਈ ਲੋੜ ਨਹੀਂ ਸੀ। ਬਾਬਲ ਦੀਆਂ ਮੂਰਤੀਆਂ ਭੱਜਣ ਦਾ ਮਤਲਬ ਇਹ ਸੀ ਕਿ ਲੋਕਾਂ ਨੂੰ ਪਤਾ ਲੱਗਾ ਕਿ ਉਹ ਸ਼ਹਿਰ ਦੀ ਰੱਖਿਆ ਨਹੀਂ ਕਰ ਸਕਦੀਆਂ ਸਨ। ਜਦੋਂ ਬਾਬਲ ਪਰਮੇਸ਼ੁਰ ਦੇ ਲੋਕਾਂ ਉੱਤੇ ਹੋਰ ਜ਼ੁਲਮ ਨਹੀਂ ਕਰ ਸਕਿਆ ਤਾਂ ਉਹ ਡਿੱਗ ਪਿਆ।

14 ਵੱਡੀ ਬਾਬੁਲ ਬਾਰੇ ਕੀ? ਪਹਿਲੇ ਵਿਸ਼ਵ ਯੁੱਧ ਵਿਚ ਪਰਮੇਸ਼ੁਰ ਦੇ ਲੋਕਾਂ ਉੱਤੇ ਅਤਿਆਚਾਰ ਦੀ ਸਾਜ਼ਸ਼ ਘੜ ਕੇ ਵੱਡੀ ਬਾਬੁਲ ਨੇ ਕੁਝ ਸਮੇਂ ਲਈ ਉਨ੍ਹਾਂ ਨੂੰ ਗ਼ੁਲਾਮੀ ਵਿਚ ਰੱਖਿਆ। ਉਨ੍ਹਾਂ ਦੇ ਪ੍ਰਚਾਰ ਦਾ ਕੰਮ ਤਕਰੀਬਨ ਰੋਕ ਦਿੱਤਾ ਗਿਆ। ਵਾਚ ਟਾਵਰ ਸੋਸਾਇਟੀ ਦੇ ਪ੍ਰਧਾਨ ਅਤੇ ਹੋਰ ਮੁੱਖ ਭਰਾਵਾਂ ਉੱਤੇ ਝੂਠਾ ਇਲਜ਼ਾਮ ਲਗਾ ਕੇ ਉਨ੍ਹਾਂ ਨੂੰ ਕੈਦ ਕੀਤਾ ਗਿਆ। ਪਰ ਹੈਰਾਨੀ ਦੀ ਗੱਲ ਹੈ ਕਿ 1919 ਵਿਚ ਸਭ ਕੁਝ ਬਦਲ ਗਿਆ। ਭਰਾ ਕੈਦ ਤੋਂ ਰਿਹਾ ਕੀਤੇ ਗਏ, ਮੁੱਖ ਦਫ਼ਤਰ ਦੁਬਾਰਾ ਖੋਲ੍ਹਿਆ ਗਿਆ, ਅਤੇ ਪ੍ਰਚਾਰ ਦਾ ਕੰਮ ਫਿਰ ਤੋਂ ਸ਼ੁਰੂ ਹੋ ਗਿਆ। ਇਸ ਤਰ੍ਹਾਂ, ਵੱਡੀ ਬਾਬੁਲ ਡਿੱਗ ਪਈ ਕਿਉਂਕਿ ਉਹ ਹੁਣ ਪਰਮੇਸ਼ੁਰ ਦੇ ਲੋਕਾਂ ਨੂੰ ਆਪਣੇ ਵੱਸ ਵਿਚ ਨਹੀਂ ਰੱਖ ਸਕੀ। * ਪਰਕਾਸ਼ ਦੀ ਪੋਥੀ ਵਿਚ ਇਕ ਦੂਤ ਨੇ ਯਸਾਯਾਹ 21:9 ਦੇ ਸ਼ਬਦ ਵਰਤਦੇ ਹੋਏ ਦੋ ਵਾਰ ਉਸ ਦੇ ਡਿੱਗਣ ਬਾਰੇ ਐਲਾਨ ਕੀਤਾ।—ਪਰਕਾਸ਼ ਦੀ ਪੋਥੀ 14:8; 18:2.

15, 16. ਯਸਾਯਾਹ ਦੇ ਲੋਕ “ਪਿੜ ਦੇ ਅੰਨ” ਕਿਵੇਂ ਸਨ ਅਤੇ ਅਸੀਂ ਉਨ੍ਹਾਂ ਪ੍ਰਤੀ ਯਸਾਯਾਹ ਦੇ ਰਵੱਈਏ ਤੋਂ ਕੀ ਸਿੱਖ ਸਕਦੇ ਹਾਂ?

15 ਯਸਾਯਾਹ ਨੇ ਆਪਣੇ ਲੋਕਾਂ ਲਈ ਹਮਦਰਦੀ ਦਿਖਾ ਕੇ ਇਸ ਭਵਿੱਖਬਾਣੀ ਨੂੰ ਖ਼ਤਮ ਕੀਤਾ। ਉਸ ਨੇ ਕਿਹਾ: “ਹੇ ਮੇਰੇ ਗਾਹ ਅਤੇ ਮੇਰੇ ਪਿੜ ਦੇ ਅੰਨ, ਜੋ ਕੁਝ ਮੈਂ ਇਸਰਾਏਲ ਦੇ ਪਰਮੇਸ਼ੁਰ ਸੈਨਾਂ ਦੇ ਯਹੋਵਾਹ ਤੋਂ ਸੁਣਿਆ ਹੈ, ਮੈਂ ਤੁਹਾਨੂੰ ਦੱਸ ਦਿੱਤਾ।” (ਯਸਾਯਾਹ 21:10) ਬਾਈਬਲ ਵਿਚ ਦਾਣਿਆਂ ਨੂੰ ਕੁੱਟ ਕੇ ਕੱਢਣਾ ਅਕਸਰ ਪਰਮੇਸ਼ੁਰ ਦੇ ਲੋਕਾਂ ਨੂੰ ਤਾੜਨ ਅਤੇ ਸੁਧਾਰਨ ਨੂੰ ਦਰਸਾਉਂਦਾ ਹੈ। ਪਰਮੇਸ਼ੁਰ ਦੇ ਨੇਮ-ਬੱਧ ਲੋਕ ਉਸ ‘ਪਿੜ ਦਾ ਅੰਨ’ ਬਣੇ, ਜਿੱਥੇ ਕਣਕ ਨੂੰ ਕੁੱਟ ਕੇ ਤੂੜੀ ਤੋਂ ਅਲੱਗ ਕੀਤਾ ਜਾਂਦਾ ਸੀ। ਯਸਾਯਾਹ ਨੇ ਇਸ ਤਾੜਨਾ ਤੋਂ ਖ਼ੁਸ਼ੀ ਨਹੀਂ ਮਨਾਈ, ਬਲਕਿ ਉਸ ਨੇ ਆਉਣ ਵਾਲੇ “ਗਾਹ” ਕਰਕੇ ਹਮਦਰਦੀ ਦਿਖਾਈ ਕਿਉਂਕਿ ਇਸਰਾਏਲ ਦੇ ਕੁਝ ਪੁੱਤਰਾਂ ਨੇ ਆਪਣੀ ਸਾਰੀ ਜ਼ਿੰਦਗੀ ਬਾਬਲ ਦੀ ਗ਼ੁਲਾਮੀ ਵਿਚ ਗੁਜ਼ਾਰਨੀ ਸੀ।

16 ਇਸ ਗੱਲ ਤੋਂ ਸਾਨੂੰ ਸਾਰਿਆਂ ਨੂੰ ਚੰਗੀ ਸਲਾਹ ਮਿਲਦੀ ਹੈ। ਅੱਜ ਮਸੀਹੀ ਕਲੀਸਿਯਾ ਵਿਚ ਕਈ ਲੋਕ ਸ਼ਾਇਦ ਗ਼ਲਤੀ ਕਰਨ ਵਾਲਿਆਂ ਉੱਤੇ ਤਰਸ ਨਹੀਂ ਖਾਂਦੇ। ਅਤੇ ਤਾੜੇ ਜਾਣ ਵਾਲੇ ਸ਼ਾਇਦ ਗੱਲ ਦਾ ਬੁਰਾ ਮਨਾਉਂਦੇ ਹਨ। ਪਰ, ਜੇ ਅਸੀਂ ਯਾਦ ਰੱਖੀਏ ਕਿ ਯਹੋਵਾਹ ਆਪਣੇ ਲੋਕਾਂ ਨੂੰ ਇਸ ਲਈ ਤਾੜਦਾ ਹੈ ਤਾਂਕਿ ਉਹ ਸੁਧਰ ਜਾਣ, ਤਾਂ ਅਸੀਂ ਤਾੜਨਾ ਨੂੰ ਅਤੇ ਤਾੜੇ ਜਾਣ ਵਾਲਿਆਂ ਨੂੰ ਤੁੱਛ ਨਹੀਂ ਸਮਝਾਂਗੇ ਅਤੇ ਜੇ ਸਾਨੂੰ ਖ਼ੁਦ ਤਾੜਨਾ ਮਿਲੇ ਤਾਂ ਅਸੀਂ ਉਸ ਨੂੰ ਸਵੀਕਾਰ ਕਰਾਂਗੇ। ਉਮੀਦ ਹੈ ਕਿ ਅਸੀਂ ਪਰਮੇਸ਼ੁਰ ਦੀ ਤਾੜਨਾ ਨੂੰ ਉਸ ਦੇ ਪ੍ਰੇਮ ਦੇ ਸਬੂਤ ਵਜੋਂ ਸਵੀਕਾਰ ਕਰਾਂਗੇ।—ਇਬਰਾਨੀਆਂ 12:6.

ਰਾਖੇ ਤੋਂ ਪੁੱਛਣਾ

17. ਅਦੋਮ ਨੂੰ “ਦੂਮਾਹ” ਕਹਿਣਾ ਢੁਕਵਾਂ ਕਿਉਂ ਸੀ?

17 ਯਸਾਯਾਹ ਦੇ 21ਵੇਂ ਅਧਿਆਇ ਦੀ ਦੂਜੀ ਭਵਿੱਖਬਾਣੀ ਰਾਖੇ ਦੇ ਕੰਮ ਨੂੰ ਚੰਗੀ ਤਰ੍ਹਾਂ ਦਰਸਾਉਂਦੀ ਹੈ। ਇਹ ਇਸ ਤਰ੍ਹਾਂ ਸ਼ੁਰੂ ਹੁੰਦੀ ਹੈ: “ਦੂਮਾਹ ਲਈ ਅਗੰਮ ਵਾਕ,—ਸੇਈਰ ਤੋਂ ਕੋਈ ਮੈਨੂੰ ਪੁਕਾਰਦਾ ਹੈ, ਹੇ ਰਾਖੇ, ਰਾਤ ਦੀ ਕੀ ਖਬਰ ਹੈ? ਹੇ ਰਾਖੇ, ਰਾਤ ਦੀ ਕੀ ਖਬਰ ਹੈ?” (ਯਸਾਯਾਹ 21:11) ਇਹ ਦੂਮਾਹ ਕਿੱਥੇ ਸੀ? ਬਾਈਬਲ ਦੇ ਜ਼ਮਾਨੇ ਵਿਚ ਇਸ ਨਾਂ ਦੇ ਕਈ ਨਗਰ ਹੁੰਦੇ ਸਨ, ਪਰ ਇੱਥੇ ਉਨ੍ਹਾਂ ਵਿੱਚੋਂ ਕਿਸੇ ਦੀ ਗੱਲ ਨਹੀਂ ਕੀਤੀ ਜਾ ਰਹੀ। ਦੂਮਾਹ ਸੇਈਰ ਵਿਚ ਨਹੀਂ, ਪਰ ਸੇਈਰ ਅਦੋਮ ਦਾ ਇਕ ਹੋਰ ਨਾਂ ਸੀ। “ਦੂਮਾਹ” ਦਾ ਅਰਥ “ਖਾਮੋਸ਼ੀ” ਸੀ। ਇਸ ਤਰ੍ਹਾਂ ਲੱਗਦਾ ਹੈ ਕਿ ਪਿਛਲੇ ਅਗੰਮ ਵਾਕ ਵਾਂਗ ਇਸ ਇਲਾਕੇ ਦਾ ਨਾਂ ਉਸ ਦੇ ਭਵਿੱਖ ਨਾਲ ਸੰਬੰਧ ਰੱਖਦਾ ਸੀ। ਅਦੋਮ, ਜੋ ਪਰਮੇਸ਼ੁਰ ਦੇ ਲੋਕਾਂ ਦਾ ਬਦਲਾਖ਼ੋਰ ਦੁਸ਼ਮਣ ਰਿਹਾ ਸੀ, ਖ਼ਾਮੋਸ਼ ਕੀਤਾ ਜਾਣਾ ਸੀ, ਯਾਨੀ ਮੌਤ ਦੀ ਨੀਂਦ ਸੁਲਾਇਆ ਜਾਣਾ ਸੀ। ਪਰ, ਇਸ ਤਰ੍ਹਾਂ ਹੋਣ ਤੋਂ ਪਹਿਲਾਂ, ਕੁਝ ਲੋਕਾਂ ਨੇ ਬੇਤਾਬੀ ਨਾਲ ਭਵਿੱਖ ਬਾਰੇ ਪੁੱਛਿਆ।

18. ਇਹ ਅਗੰਮ ਵਾਕ ਕਿ “ਫ਼ਜਰ ਆਉਂਦੀ ਹੈ, ਅਤੇ ਰਾਤ ਵੀ,” ਪ੍ਰਾਚੀਨ ਅਦੋਮ ਦੇ ਸੰਬੰਧ ਵਿਚ ਕਿਵੇਂ ਪੂਰਾ ਹੋਇਆ?

18 ਯਸਾਯਾਹ ਦੀ ਪੁਸਤਕ ਲਿਖਣ ਦੇ ਸਮੇਂ, ਸ਼ਕਤੀਸ਼ਾਲੀ ਅੱਸ਼ੂਰੀ ਫ਼ੌਜ ਨੇ ਅਦੋਮ ਉੱਤੇ ਹਮਲਾ ਕੀਤਾ। ਅਦੋਮ ਵਿਚ ਕੁਝ ਲੋਕ ਇਹ ਪਤਾ ਕਰਨਾ ਚਾਹੁੰਦੇ ਸਨ ਕਿ ਅਤਿਆਚਾਰ ਦੀ ਰਾਤ ਕਦੋਂ ਖ਼ਤਮ ਹੋਵੇਗੀ। ਉਨ੍ਹਾਂ ਨੂੰ ਕੀ ਜਵਾਬ ਦਿੱਤਾ ਗਿਆ? “ਰਾਖੇ ਨੇ ਆਖਿਆ, ਫ਼ਜਰ ਆਉਂਦੀ ਹੈ, ਅਤੇ ਰਾਤ ਵੀ।” (ਯਸਾਯਾਹ 21:12ੳ) ਅਦੋਮ ਦੀ ਹਾਲਤ ਚੰਗੀ ਨਹੀਂ ਸੀ। ਸਵੇਰ ਦੀ ਕਿਰਨ ਤੋਂ ਇਕਦਮ ਬਾਅਦ ਅਤਿਆਚਾਰ ਦੀ ਇਕ ਹੋਰ ਕਾਲੀ ਰਾਤ ਆਈ। ਅਦੋਮ ਦੇ ਭਵਿੱਖ ਦੀ ਇਹ ਕਿੰਨੀ ਢੁਕਵੀਂ ਤਸਵੀਰ ਸੀ! ਅੱਸ਼ੂਰੀਆਂ ਦੁਆਰਾ ਅਤਿਆਚਾਰ ਖ਼ਤਮ ਹੋਇਆ, ਪਰ ਅੱਸ਼ੂਰ ਤੋਂ ਬਾਅਦ ਬਾਬਲ ਇਕ ਵਿਸ਼ਵ ਸ਼ਕਤੀ ਬਣਿਆ ਅਤੇ ਅਦੋਮ ਉੱਤੇ ਤਬਾਹੀ ਲਿਆਇਆ। (ਯਿਰਮਿਯਾਹ 25:17, 21; 27:2-8) ਇਸ ਤਰ੍ਹਾਂ ਕਈ ਵਾਰ ਹੋਇਆ। ਬਾਬਲੀਆਂ ਦੁਆਰਾ ਅਤਿਆਚਾਰ ਤੋਂ ਬਾਅਦ ਫ਼ਾਰਸੀ ਅਤੇ ਫਿਰ ਯੂਨਾਨੀ ਅਤਿਆਚਾਰ ਆਏ। ਇਸ ਤੋਂ ਬਾਅਦ ਰੋਮੀ ਰਾਜ ਅਧੀਨ “ਫ਼ਜਰ” ਜਾਂ ਸਵੇਰ ਦੀ ਕਿਰਨ ਆਈ ਜਦੋਂ ਯਰੂਸ਼ਲਮ ਵਿਚ ਅਦੋਮੀ ਹੇਰੋਦੀਆਂ ਨੇ ਰਾਜ ਕੀਤਾ। ਪਰ ਉਹ “ਫ਼ਜਰ” ਜ਼ਿਆਦਾ ਚਿਰ ਨਹੀਂ ਰਹੀ। ਅੰਤ ਵਿਚ ਅਦੋਮ ਹਮੇਸ਼ਾ ਲਈ ਖ਼ਾਮੋਸ਼ ਕੀਤਾ ਗਿਆ ਅਤੇ ਉਹ ਇਤਿਹਾਸ ਤੋਂ ਮਿਟ ਗਿਆ। ਫਿਰ ਉਸ ਲਈ ਦੂਮਾਹ ਨਾਂ ਸਹੀ ਸਾਬਤ ਹੋਇਆ।

19. ਰਾਖੇ ਦਾ ਇਹ ਕਹਿਣ ਦਾ ਕੀ ਮਤਲਬ ਹੋ ਸਕਦਾ ਸੀ ਕਿ “ਜੇ ਤੁਸੀਂ ਪੁੱਛਣਾ ਚਾਹੁੰਦੇ ਹੋ ਤਾਂ ਪੁੱਛੋ, ਫੇਰ ਮੁੜਕੇ ਆਓ”?

19 ਰਾਖੇ ਨੇ ਆਪਣੇ ਛੋਟੇ ਜਿਹੇ ਸੁਨੇਹੇ ਨੂੰ ਇਨ੍ਹਾਂ ਸ਼ਬਦਾਂ ਨਾਲ ਸਮਾਪਤ ਕੀਤਾ: “ਜੇ ਤੁਸੀਂ ਪੁੱਛਣਾ ਚਾਹੁੰਦੇ ਹੋ ਤਾਂ ਪੁੱਛੋ, ਫੇਰ ਮੁੜਕੇ ਆਓ।” (ਯਸਾਯਾਹ 21:12ਅ) ਇਹ ਸ਼ਬਦ ਕਿ “ਫੇਰ ਮੁੜਕੇ ਆਓ” ਸ਼ਾਇਦ ਅਦੋਮ ਉੱਤੇ ਆਉਣ ਵਾਲੀ ਇਕ ਤੋਂ ਬਾਅਦ ਦੂਜੀ “ਰਾਤ” ਨੂੰ ਸੰਕੇਤ ਕਰਨ। ਜਾਂ, ਕਿਉਂਕਿ ਇਨ੍ਹਾਂ ਸ਼ਬਦਾਂ ਦਾ ਤਰਜਮਾ “ਵਾਪਸ ਮੁੜੋ” ਵੀ ਕੀਤਾ ਜਾ ਸਕਦਾ ਹੈ, ਨਬੀ ਸ਼ਾਇਦ ਕਹਿ ਰਿਹਾ ਹੋਵੇ ਕਿ ਜਿਹੜੇ ਅਦੋਮੀ ਲੋਕ ਕੌਮ ਦੀ ਸਜ਼ਾ ਤੋਂ ਬਚਣਾ ਚਾਹੁੰਦੇ ਸਨ, ਉਨ੍ਹਾਂ ਨੂੰ ਤੋਬਾ ਕਰ ਕੇ ਯਹੋਵਾਹ ਵੱਲ ‘ਵਾਪਸ ਮੁੜਨਾ’ ਚਾਹੀਦਾ ਸੀ। ਜੋ ਵੀ ਹੋਵੇ, ਰਾਖਾ ਚਾਹੁੰਦਾ ਸੀ ਕਿ ਉਸ ਤੋਂ ਹੋਰ ਪੁੱਛਿਆ ਜਾਵੇ।

20. ਯਹੋਵਾਹ ਦੇ ਲੋਕਾਂ ਲਈ ਯਸਾਯਾਹ 21:11, 12 ਵਿਚ ਲਿਖਿਆ ਗਿਆ ਅਗੰਮ ਵਾਕ ਅੱਜ ਮਹੱਤਤਾ ਕਿਉਂ ਰੱਖਦਾ ਹੈ?

20 ਇਹ ਛੋਟਾ ਜਿਹਾ ਅਗੰਮ ਵਾਕ ਅੱਜ ਦੇ ਜ਼ਮਾਨੇ ਵਿਚ ਯਹੋਵਾਹ ਦੇ ਲੋਕਾਂ ਲਈ ਕਾਫ਼ੀ ਮਹੱਤਤਾ ਰੱਖਦਾ ਹੈ। * ਅਸੀਂ ਜਾਣਦੇ ਹਾਂ ਕਿ ਮਨੁੱਖਜਾਤੀ ਰੂਹਾਨੀ ਤੌਰ ਤੇ ਅੰਨ੍ਹੀ ਹੈ ਅਤੇ ਪਰਮੇਸ਼ੁਰ ਤੋਂ ਜੁਦਾ ਹੋਣ ਕਰਕੇ ਕਾਲੀ ਰਾਤ ਵਿੱਚੋਂ ਲੰਘ ਰਹੀ ਹੈ। ਇਸ ਰਾਤ ਦੇ ਕਾਰਨ ਇਸ ਦੁਨੀਆਂ ਦਾ ਅੰਤ ਆਵੇਗਾ। (ਰੋਮੀਆਂ 13:12; 2 ਕੁਰਿੰਥੀਆਂ 4:4) ਰਾਤ ਦੇ ਇਸ ਵੇਲੇ, ਆਸ਼ਾ ਦੀ ਕੋਈ ਵੀ ਝਲਕ ਕਿ ਕਿਸੇ-ਨ-ਕਿਸੇ ਤਰ੍ਹਾਂ ਮਨੁੱਖਜਾਤੀ ਸੁਖ-ਸ਼ਾਂਤੀ ਲਿਆ ਸਕਦੀ ਹੈ, ਸਵੇਰ ਦੀ ਉਸ ਝਲਕ ਵਰਗੀ ਹੈ ਜਿਸ ਤੋਂ ਬਾਅਦ ਹੋਰ ਕਾਲੀਆਂ ਰਾਤਾਂ ਆਉਂਦੀਆਂ ਹਨ। ਪਰ ਇਕ ਅਸਲੀ ਸਵੇਰਾ ਆ ਰਿਹਾ ਹੈ—ਇਸ ਧਰਤੀ ਉੱਤੇ ਮਸੀਹ ਦੇ ਹਜ਼ਾਰ ਵਰ੍ਹਿਆਂ ਦਾ ਰਾਜ। ਸੋ ਜਿੰਨਾ ਚਿਰ ਇਹ ਸਵੇਰਾ ਨਹੀਂ ਆਉਂਦਾ, ਸਾਨੂੰ ਰੂਹਾਨੀ ਤੌਰ ਤੇ ਚੌਕਸ ਰਹਿ ਕੇ ਅਤੇ ਹਿੰਮਤ ਨਾਲ ਇਸ ਭ੍ਰਿਸ਼ਟ ਦੁਨੀਆਂ ਦੇ ਅੰਤ ਦੀ ਨੇੜਤਾ ਬਾਰੇ ਪ੍ਰਚਾਰ ਕਰ ਕੇ ਰਾਖੇ ਵਰਗ ਦੀ ਅਗਵਾਈ ਉੱਤੇ ਚੱਲਣਾ ਚਾਹੀਦਾ ਹੈ।—1 ਥੱਸਲੁਨੀਕੀਆਂ 5:6.

ਅਰਬ ਦੇਸ਼ ਉੱਤੇ ਰਾਤ

21. (ੳ) “ਅਰਬ ਲਈ ਅਗੰਮ ਵਾਕ” ਦਾ ਕੀ ਅਰਥ ਹੋ ਸਕਦਾ ਸੀ? (ਅ) ਦਦਾਨ ਦੇ ਕਾਫ਼ਲੇ ਕੀ ਸਨ?

21 ਯਸਾਯਾਹ 21 ਦਾ ਆਖ਼ਰੀ ਅਗੰਮ ਵਾਕ “ਅਰਬ” ਦੇ ਵਿਰੁੱਧ ਸੀ। ਇਹ ਇਸ ਤਰ੍ਹਾਂ ਸ਼ੁਰੂ ਹੋਇਆ: “ਅਰਬ ਲਈ ਅਗੰਮ ਵਾਕ,—ਹੇ ਦਦਾਨੀਆਂ ਦੇ ਕਾਫ਼ਿਲਿਓ, ਤੁਸੀਂ ਅਰਬ ਦੇ ਬਣ ਵਿੱਚ ਟਿਕੋ।” (ਯਸਾਯਾਹ 21:13) ਇਹ ਅਗੰਮ ਵਾਕ ਕਈ ਅਰਬੀ ਕਬੀਲਿਆਂ ਦੇ ਵਿਰੁੱਧ ਕੀਤਾ ਗਿਆ। ਇਬਰਾਨੀ ਭਾਸ਼ਾ ਵਿਚ “ਅਰਬ” ਲਈ ਇਸਤੇਮਾਲ ਕੀਤਾ ਗਿਆ ਸ਼ਬਦ ਕਦੀ-ਕਦੀ “ਸ਼ਾਮ” ਵੀ ਅਨੁਵਾਦ ਕੀਤਾ ਜਾ ਸਕਦਾ ਹੈ, ਕਿਉਂਕਿ ਇਨ੍ਹਾਂ ਦੋਹਾਂ ਸ਼ਬਦਾਂ ਦਾ ਅਰਥ ਮਿਲਦਾ-ਜੁਲਦਾ ਹੈ। ਕੁਝ ਲੋਕ ਕਹਿੰਦੇ ਹਨ ਕਿ ਇਹ ਸ਼ਬਦ ਇਹ ਦਿਖਾਉਣ ਲਈ ਵਰਤੇ ਗਏ ਸਨ ਕਿ ਕਾਲੀ ਸ਼ਾਮ, ਯਾਨੀ ਦੁੱਖ ਦਾ ਵੇਲਾ ਇਸ ਇਲਾਕੇ ਉੱਤੇ ਆਉਣ ਵਾਲਾ ਸੀ। ਇਹ ਅਗੰਮ ਵਾਕ ਰਾਤ ਦੀ ਤਸਵੀਰ ਨਾਲ ਸ਼ੁਰੂ ਹੋਇਆ ਜਿਸ ਵਿਚ ਇਕ ਮਸ਼ਹੂਰ ਅਰਬੀ ਕਬੀਲੇ, ਦਦਾਨ ਦੇ ਕਾਫ਼ਲੇ ਜਾਂ ਕਾਰਵਾਂ ਸਨ। ਅਜਿਹੇ ਕਾਰਵਾਂ ਵਪਾਰੀ ਰਸਤਿਆਂ ਤੇ ਮਸਾਲੇ, ਮੋਤੀ, ਅਤੇ ਹੋਰ ਖ਼ਜ਼ਾਨੇ ਲੈ ਕੇ ਰਗਿਸਤਾਨ ਦੇ ਇਕ ਵਿਸ਼ਰਾਮ-ਸਥਾਨ ਤੋਂ ਦੂਜੇ ਤਕ ਜਾਂਦੇ ਸਨ। ਪਰ ਇੱਥੇ ਅਸੀਂ ਦੇਖਦੇ ਹਾਂ ਕਿ ਉਨ੍ਹਾਂ ਨੂੰ ਰਸਤਾ ਛੱਡ ਕੇ ਰਾਤ ਨੂੰ ਲੁਕਣਾ ਪਿਆ। ਇਹ ਕਿਉਂ?

22, 23. (ੳ) ਅਰਬੀ ਕਬੀਲਿਆਂ ਉੱਤੇ ਕਿਹੜਾ ਭਾਰਾ ਬੋਝ ਪੈਣ ਵਾਲਾ ਸੀ ਅਤੇ ਇਸ ਦਾ ਉਨ੍ਹਾਂ ਉੱਤੇ ਕੀ ਅਸਰ ਪਿਆ? (ਅ) ਇਹ ਤਬਾਹੀ ਕਿੰਨੀ ਕੁ ਜਲਦੀ ਅਤੇ ਕਿਹ ਦੇ ਹੱਥੋਂ ਆ ਰਹੀ ਸੀ?

22 ਯਸਾਯਾਹ ਨੇ ਸਮਝਾਇਆ: “ਹੇ ਤੇਮਾ ਦੇਸ ਦੇ ਵਾਸੀਓ, ਤਿਹਾਏ ਦੇ ਮਿਲਣ ਲਈ ਪਾਣੀ ਲਿਆਓ, ਭਗੌੜੇ ਲਈ ਆਪਣੀ ਰੋਟੀ ਲੈ ਕੇ ਮਿਲੋ, ਕਿਉਂ ਜੋ ਓਹ ਤਲਵਾਰ ਤੋਂ, ਸੂਤੀ ਹੋਈ ਤਲਵਾਰ ਤੋਂ ਅਤੇ ਝੁਕਾਈ ਹੋਈ ਧਣੁਖ ਤੋਂ, ਜੁੱਧ ਦੇ ਘਮਸਾਣ ਤੋਂ ਭੱਜੇ ਹਨ।” (ਯਸਾਯਾਹ 21:14, 15) ਜੀ ਹਾਂ, ਇਨ੍ਹਾਂ ਅਰਬੀ ਕਬੀਲਿਆਂ ਉੱਤੇ ਯੁੱਧ ਦਾ ਭਾਰਾ ਬੋਝ ਆ ਪਿਆ। ਇਸ ਇਲਾਕੇ ਵਿਚ ਤੇਮਾ ਸਭ ਤੋਂ ਜ਼ਿਆਦਾ ਪਾਣੀ ਵਾਲਾ ਵਿਸ਼ਰਾਮ-ਸਥਾਨ ਸੀ। ਉਸ ਨੂੰ ਯੁੱਧ ਦੇ ਦੁਖੀ ਸ਼ਰਨਾਰਥੀਆਂ ਨੂੰ ਰੋਟੀ-ਪਾਣੀ ਦੇਣਾ ਪਿਆ। ਇਹ ਦੁੱਖ ਕਦੋਂ ਆਇਆ?

23 ਯਸਾਯਾਹ ਨੇ ਅੱਗੇ ਕਿਹਾ: “ਪ੍ਰਭੁ ਨੇ ਤਾਂ ਮੈਨੂੰ ਐਉਂ ਆਖਿਆ, ਮਜੂਰ ਦੇ ਵਰਿਹਾਂ ਦੇ ਅਨੁਸਾਰ ਇੱਕ ਵਰਹੇ ਦੇ ਵਿੱਚ, ਕੇਦਾਰ ਦਾ ਸਾਰਾ ਪਰਤਾਪ ਮੁੱਕ ਜਾਵੇਗਾ। ਕੇਦਾਰੀਆਂ ਦੇ ਸੂਰਮੇ ਤੀਰ ਅੰਦਾਜ਼ਾਂ ਦਾ ਬਕੀਆ ਥੋੜਾ ਰਹਿ ਜਾਵੇਗਾ, ਇਸਰਾਏਲ ਦਾ ਪਰਮੇਸ਼ੁਰ ਯਹੋਵਾਹ ਐਉਂ ਹੀ ਬੋਲਿਆ ਹੈ।” (ਯਸਾਯਾਹ 21:16, 17) ਕੇਦਾਰ ਦਾ ਕਬੀਲਾ ਇੰਨਾ ਮਸ਼ਹੂਰ ਸੀ ਕਿ ਕਦੀ-ਕਦੀ ਇਹ ਨਾਂ ਸਾਰੇ ਅਰਬ ਦੇਸ਼ ਨੂੰ ਦਰਸਾਉਣ ਲਈ ਇਸਤੇਮਾਲ ਕੀਤਾ ਜਾਂਦਾ ਸੀ। ਯਹੋਵਾਹ ਨੇ ਠਾਣ ਲਿਆ ਸੀ ਕਿ ਇਸ ਕਬੀਲੇ ਦੇ ਤੀਰਅੰਦਾਜ਼ਾਂ ਅਤੇ ਸੂਰਮਿਆਂ ਦੀ ਗਿਣਤੀ ਬਹੁਤ ਘਟਾਈ ਜਾਵੇਗੀ। ਕਦੋਂ? ਸਿਰਫ਼ “ਇੱਕ ਵਰਹੇ ਦੇ ਵਿੱਚ।” ਜਿਸ ਤਰ੍ਹਾਂ ਕਿਸੇ ਮਜ਼ਦੂਰ ਨੂੰ ਨਿਸ਼ਚਿਤ ਸਮੇਂ ਲਈ ਕੰਮ ਕਰਨ ਦੀ ਮਜ਼ਦੂਰੀ ਦਿੱਤੀ ਜਾਂਦੀ ਹੈ, ਬੱਸ ਉੱਨੇ ਚਿਰ ਲਈ। ਅਸੀਂ ਇਹ ਨਹੀਂ ਜਾਣਦੇ ਕਿ ਇਹ ਸਾਰਾ ਕੁਝ ਐਨ ਕਿਸ ਤਰ੍ਹਾਂ ਪੂਰਾ ਹੋਇਆ ਸੀ। ਸਰਗੋਨ ਦੂਜੇ ਅਤੇ ਸਨਹੇਰੀਬ, ਅੱਸ਼ੂਰ ਦੇ ਦੋ ਰਾਜਿਆਂ ਨੇ ਅਰਬ ਦੇਸ਼ ਉੱਤੇ ਜਿੱਤ ਪ੍ਰਾਪਤ ਕਰਨ ਦਾ ਦਾਅਵਾ ਕੀਤਾ ਸੀ। ਭਵਿੱਖਬਾਣੀ ਦੇ ਅਨੁਸਾਰ, ਇਨ੍ਹਾਂ ਵਿੱਚੋਂ ਇਕ ਰਾਜਾ ਇਨ੍ਹਾਂ ਹੰਕਾਰੀ ਅਰਬੀ ਕਬੀਲਿਆਂ ਨੂੰ ਤਬਾਹ ਕਰ ਸਕਦਾ ਸੀ।

24. ਸਾਨੂੰ ਪੂਰਾ ਯਕੀਨ ਕਿਉਂ ਹੈ ਕਿ ਅਰਬ ਦੇਸ਼ ਵਿਰੁੱਧ ਯਸਾਯਾਹ ਦੀ ਭਵਿੱਖਬਾਣੀ ਪੂਰੀ ਹੋਈ ਸੀ?

24 ਅਸੀਂ ਪੂਰਾ ਯਕੀਨ ਕਰ ਸਕਦੇ ਹਾਂ ਕਿ ਇਹ ਭਵਿੱਖਬਾਣੀ ਐਨ ਪੂਰੀ ਹੋਈ ਸੀ। ਸਾਨੂੰ ਇਸ ਗੱਲ ਦਾ ਪੂਰਾ ਯਕੀਨ ਇਸ ਲਈ ਹੈ ਕਿਉਂਕਿ ਇਸ ਅਗੰਮ ਵਾਕ ਦੇ ਅਖ਼ੀਰਲੇ ਸ਼ਬਦ ਕਹਿੰਦੇ ਹਨ ਕਿ “ਇਸਰਾਏਲ ਦਾ ਪਰਮੇਸ਼ੁਰ ਯਹੋਵਾਹ ਐਉਂ ਹੀ ਬੋਲਿਆ ਹੈ।” ਇਸ ਤੋਂ ਹੋਰ ਕਿਹੜਾ ਪੱਕਾ ਸਬੂਤ ਹੋ ਸਕਦਾ ਹੈ? ਯਸਾਯਾਹ ਦੇ ਜ਼ਮਾਨੇ ਦੇ ਲੋਕਾਂ ਲਈ ਇਹ ਸ਼ਾਇਦ ਅਣਹੋਣੀ ਗੱਲ ਸੀ ਕਿ ਬਾਬਲ ਅੱਸ਼ੂਰ ਤੋਂ ਵੀ ਉੱਚਾ ਹੋਵੇਗਾ ਅਤੇ ਫਿਰ ਰਾਤੋ-ਰਾਤ ਰੌਣਕ-ਮੇਲੇ ਦੌਰਾਨ ਉਸ ਨੂੰ ਡੇਗ ਦਿੱਤਾ ਜਾਵੇਗਾ। ਇਹ ਗੱਲ ਵੀ ਅਣਹੋਣੀ ਲੱਗੀ ਹੋਵੇਗੀ ਕਿ ਸ਼ਕਤੀਸ਼ਾਲੀ ਅਦੋਮ ਨੂੰ ਮੌਤ ਦੀ ਨੀਂਦ ਸੁਲਾ ਦਿੱਤਾ ਜਾਵੇਗਾ ਜਾਂ ਅਮੀਰ ਅਰਬੀ ਕਬੀਲਿਆਂ ਉੱਤੇ ਬਿਪਤਾ ਅਤੇ ਤੰਗੀ ਦੀ ਰਾਤ ਆਵੇਗੀ। ਪਰ ਯਹੋਵਾਹ ਨੇ ਕਿਹਾ ਸੀ ਕਿ ਇਹੋ ਹੋਵੇਗਾ ਅਤੇ ਇਹ ਹੋ ਕੇ ਹੀ ਰਿਹਾ। ਅੱਜ, ਯਹੋਵਾਹ ਸਾਨੂੰ ਦੱਸਦਾ ਹੈ ਕਿ ਝੂਠੇ ਧਰਮ ਦਾ ਵਿਸ਼ਵ ਸਾਮਰਾਜ ਖ਼ਤਮ ਕੀਤਾ ਜਾਵੇਗਾ। ਇਹ ਸਿਰਫ਼ ਇਕ ਸੰਭਾਵਨਾ ਹੀ ਨਹੀਂ; ਇਹ ਇਕ ਪੱਕੀ ਗੱਲ ਹੈ ਕਿਉਂਕਿ ਯਹੋਵਾਹ ਬੋਲਿਆ ਹੈ!

25. ਅਸੀਂ ਰਾਖੇ ਦੀ ਮਿਸਾਲ ਉੱਤੇ ਕਿਵੇਂ ਚੱਲ ਸਕਦੇ ਹਾਂ?

25 ਤਾਂ ਆਓ ਅਸੀਂ ਰਾਖੇ ਵਰਗੇ ਹੋਈਏ। ਉਮੀਦ ਹੈ ਕਿ ਅਸੀਂ ਜਾਗਦੇ ਰਹਾਂਗੇ, ਜਿਵੇਂ ਅਸੀਂ ਕਿਸੇ ਉੱਚੇ ਪਹਿਰਾਬੁਰਜ ਉੱਤੇ ਖੜ੍ਹੇ ਹੋ ਕੇ ਹਰ ਖ਼ਤਰੇ ਲਈ ਆਲੇ-ਦੁਆਲੇ ਗੌਰ ਨਾਲ ਦੇਖ ਰਹੇ ਹਾਂ। ਉਮੀਦ ਹੈ ਕਿ ਅਸੀਂ ਵਫ਼ਾਦਾਰ ਰਾਖੇ ਵਰਗ, ਯਾਨੀ ਅੱਜ ਧਰਤੀ ਉੱਤੇ ਮਸਹ ਕੀਤੇ ਹੋਏ ਮਸੀਹੀਆਂ ਦੇ ਨਜ਼ਦੀਕ ਰਹਾਂਗੇ। ਆਓ ਆਪਾਂ ਉਨ੍ਹਾਂ ਨਾਲ ਮਿਲ ਕੇ ਹਿੰਮਤ ਨਾਲ ਦੱਸੀਏ ਕਿ ਅਸੀਂ ਵੱਡਾ ਸਬੂਤ ਦੇਖ ਰਹੇ ਹਾਂ ਕਿ ਮਸੀਹ ਸਵਰਗ ਵਿਚ ਰਾਜ ਕਰ ਰਿਹਾ ਹੈ ਅਤੇ ਕਿ ਜਲਦੀ ਉਹ ਪਰਮੇਸ਼ੁਰ ਤੋਂ ਮਨੁੱਖਜਾਤੀ ਦੀ ਜੁਦਾਈ ਦੀ ਲੰਬੀ, ਹਨੇਰੀ ਰਾਤ ਨੂੰ ਖ਼ਤਮ ਕਰ ਕੇ ਇਕ ਅਸਲੀ ਸਵੇਰਾ ਲਿਆਵੇਗਾ, ਯਾਨੀ ਫਿਰਦੌਸ ਵਰਗੀ ਧਰਤੀ ਉੱਤੇ ਉਸ ਦਾ ਹਜ਼ਾਰ ਵਰ੍ਹਿਆਂ ਦਾ ਰਾਜ!

[ਫੁਟਨੋਟ]

^ ਪੈਰਾ 6 ਫ਼ਾਰਸੀ ਰਾਜਾ ਖੋਰਸ ਨੂੰ ਕਦੀ-ਕਦੀ “ਅੰਸ਼ਾਨ ਦਾ ਰਾਜਾ” ਕਿਹਾ ਜਾਂਦਾ ਸੀ। ਅੰਸ਼ਾਨ ਏਲਾਮ ਦਾ ਇਕ ਇਲਾਕਾ ਜਾਂ ਸ਼ਹਿਰ ਸੀ। ਅੱਠਵੀਂ ਸਦੀ ਸਾ.ਯੁ.ਪੂ. ਵਿਚ, ਯਸਾਯਾਹ ਦੇ ਜ਼ਮਾਨੇ ਦੇ ਇਸਰਾਏਲੀ ਸ਼ਾਇਦ ਫ਼ਾਰਸ ਤੋਂ ਅਣਜਾਣ ਸਨ, ਪਰ ਉਨ੍ਹਾਂ ਨੂੰ ਏਲਾਮ ਬਾਰੇ ਪਤਾ ਸੀ। ਸ਼ਾਇਦ ਇਸ ਲਈ ਯਸਾਯਾਹ ਨੇ ਇੱਥੇ ਫ਼ਾਰਸ ਦੀ ਬਜਾਇ ਏਲਾਮ ਦਾ ਨਾਂ ਇਸਤੇਮਾਲ ਕੀਤਾ ਸੀ।

^ ਪੈਰਾ 9 ਬਾਈਬਲ ਉੱਤੇ ਟਿੱਪਣੀ ਕਰਨ ਵਾਲੇ ਕਈ ਲੋਕ ਸਮਝਦੇ ਹਨ ਕਿ ਸ਼ਬਦ “ਢਾਲਾਂ ਨੂੰ ਤੇਲ ਮਲੋ” ਉਸ ਪ੍ਰਾਚੀਨ ਸੈਨਿਕ ਰਿਵਾਜ ਦਾ ਜ਼ਿਕਰ ਹੈ ਜਦੋਂ ਲੜਾਈ ਤੋਂ ਪਹਿਲਾਂ ਚਮੜੇ ਦੀਆਂ ਢਾਲਾਂ ਉੱਤੇ ਤੇਲ ਮਲ਼ਿਆ ਜਾਂਦਾ ਸੀ ਤਾਂਕਿ ਜ਼ਿਆਦਾਤਰ ਤੀਰ ਟੇਢੇ ਲੱਗ ਕੇ ਡਿੱਗ ਪੈਣ। ਜਦ ਕਿ ਇਹ ਗੱਲ ਹੋ ਸਕਦੀ ਹੈ ਧਿਆਨ ਦਿਓ ਕਿ ਜਿਸ ਰਾਤ ਬਾਬਲ ਡਿੱਗਿਆ, ਉਸ ਰਾਤ ਬਾਬਲੀਆਂ ਨੂੰ ਲੜਾਈ ਕਰਨ ਦਾ ਮੌਕਾ ਹੀ ਨਹੀਂ ਮਿਲਿਆ, ਤਾਂ ਫਿਰ ਲੜਾਈ ਦੀ ਤਿਆਰੀ ਲਈ ਢਾਲਾਂ ਨੂੰ ਤੇਲ ਮਲ਼ਣ ਦੀ ਤਾਂ ਗੱਲ ਹੀ ਨਹੀਂ ਰਹੀ ਸੀ!

^ ਪੈਰਾ 13 ਬਾਬਲ ਦੇ ਡਿੱਗਣ ਬਾਰੇ ਯਸਾਯਾਹ ਦੀ ਭਵਿੱਖਬਾਣੀ ਇੰਨੀ ਸੱਚੀ ਸੀ ਕਿ ਬਾਈਬਲ ਦੇ ਕੁਝ ਆਲੋਚਕ ਅਨੁਮਾਨ ਲਾਉਂਦੇ ਹਨ ਕਿ ਇਹ ਘਟਨਾ ਵਾਪਰਨ ਤੋਂ ਬਾਅਦ ਲਿਖੀ ਗਈ ਹੋਣੀ ਹੈ। ਪਰ ਜਿਵੇਂ ਇਕ ਇਬਰਾਨੀ ਵਿਦਵਾਨ ਕਹਿੰਦਾ ਹੈ, ਅਜਿਹੇ ਅਨੁਮਾਨ ਦੀ ਕੋਈ ਲੋੜ ਨਹੀਂ ਹੈ ਜੇ ਅਸੀਂ ਕਬੂਲ ਕਰਦੇ ਹਾਂ ਕਿ ਸੈਂਕੜੇ ਸਾਲਾਂ ਪਹਿਲਾਂ ਪਰਮੇਸ਼ੁਰ ਨੇ ਇਕ ਨਬੀ ਨੂੰ ਭਵਿੱਖਬਾਣੀ ਕਰਨ ਲਈ ਪ੍ਰੇਰਿਤ ਕੀਤਾ ਸੀ।

^ ਪੈਰਾ 20 ਅੰਗ੍ਰੇਜ਼ੀ ਵਿਚ ਕੁਝ 59 ਸਾਲਾਂ ਲਈ ਜਦੋਂ ਪਹਿਰਾਬੁਰਜ ਪਹਿਲਾਂ ਛਾਪਿਆ ਜਾਣ ਲੱਗਾ, ਇਸ ਰਸਾਲੇ ਦੇ ਪਹਿਲੇ ਸਫ਼ੇ ਉੱਤੇ ਯਸਾਯਾਹ 21:11 ਪੇਸ਼ ਕੀਤਾ ਜਾਂਦਾ ਸੀ। ਬਾਈਬਲ ਦੀ ਇਹੀ ਆਇਤ ਵਾਚ ਟਾਵਰ ਸੋਸਾਇਟੀ ਦੇ ਪਹਿਲੇ ਪ੍ਰਧਾਨ, ਭਰਾ ਰਸਲ ਦੇ ਆਖ਼ਰੀ ਲਿਖੇ ਗਏ ਭਾਸ਼ਣ ਦਾ ਵਿਸ਼ਾ ਵੀ ਸੀ। (ਪਿੱਛਲੇ ਸਫ਼ੇ ਉੱਤੇ ਤਸਵੀਰ ਦੇਖੋ।)

[ਸਵਾਲ]

[ਸਫ਼ਾ 219 ਉੱਤੇ ਤਸਵੀਰ]

“ਓਹ ਖਾਂਦੇ ਪੀਂਦੇ ਹਨ।”

[ਸਫ਼ਾ 220 ਉੱਤੇ ਤਸਵੀਰ]

ਰਾਖੇ ਨੇ “ਸ਼ੇਰ ਬਬਰ ਵਾਂਙੁ ਪੁਕਾਰਿਆ”

[ਸਫ਼ਾ 222 ਉੱਤੇ ਤਸਵੀਰ]

‘ਮੈਂ ਸਾਰਾ ਦਿਨ ਅਤੇ ਰਾਤਾਂ ਦੀਆਂ ਰਾਤਾਂ ਖਲੋਤਾ ਰਹਿੰਦਾ ਹਾਂ’