Skip to content

Skip to table of contents

ਬੇਵਫ਼ਾਈ ਤੋਂ ਸਬਕ

ਬੇਵਫ਼ਾਈ ਤੋਂ ਸਬਕ

ਅਠਾਰ੍ਹਵਾਂ ਅਧਿਆਇ

ਬੇਵਫ਼ਾਈ ਤੋਂ ਸਬਕ

ਯਸਾਯਾਹ 22:1-25

1. ਪੁਰਾਣੇ ਜ਼ਮਾਨੇ ਵਿਚ ਕਿਸੇ ਘੇਰੇ ਹੋਏ ਸ਼ਹਿਰ ਦੇ ਅੰਦਰ ਹੋਣਾ ਸ਼ਾਇਦ ਕਿਹੋ ਜਿਹਾ ਹੁੰਦਾ ਸੀ?

ਜ਼ਰਾ ਕਲਪਨਾ ਕਰੋ ਕਿ ਤੁਹਾਡੇ ਸ਼ਹਿਰ ਨੂੰ ਘੇਰਾ ਪਾਇਆ ਹੋਇਆ ਹੈ। ਕੰਧਾਂ ਤੋਂ ਬਾਹਰ ਵੱਡੀ ਦੁਸ਼ਮਣ ਫ਼ੌਜ ਖੜ੍ਹੀ ਹੈ। ਤੁਹਾਨੂੰ ਪਤਾ ਹੈ ਕਿ ਉਹ ਪਹਿਲਾਂ ਹੀ ਦੂਸਰੇ ਸ਼ਹਿਰਾਂ ਉੱਤੇ ਕਬਜ਼ਾ ਕਰ ਚੁੱਕੀ ਹੈ। ਹੁਣ ਇਸ ਫ਼ੌਜ ਨੇ ਠਾਣਿਆ ਹੋਇਆ ਹੈ ਕਿ ਉਹ ਤੁਹਾਡੇ ਸ਼ਹਿਰ ਨੂੰ ਲੁੱਟੇਗੀ, ਔਰਤਾਂ ਨਾਲ ਬਲਾਤਕਾਰ ਕਰੇਗੀ, ਅਤੇ ਵਾਸੀਆਂ ਨੂੰ ਮਾਰ ਛੱਡੇਗੀ। ਦੁਸ਼ਮਣ ਫ਼ੌਜ ਨਾਲ ਲੜਿਆ ਨਹੀਂ ਜਾ ਸਕਦਾ ਕਿਉਂਕਿ ਉਹ ਬਹੁਤ ਸ਼ਕਤੀਸ਼ਾਲੀ ਹੈ; ਤੁਸੀਂ ਬੱਸ ਇੰਨੀ ਉਮੀਦ ਰੱਖ ਸਕਦੇ ਹੋ ਕਿ ਸ਼ਹਿਰ ਦੀਆਂ ਕੰਧਾਂ ਉਸ ਦੁਸ਼ਮਣ ਨੂੰ ਬਾਹਰ ਰੱਖਣਗੀਆਂ। ਤੁਸੀਂ ਕੰਧਾਂ ਉੱਪਰ ਦੀ ਦੇਖਦੇ ਹੋ ਕਿ ਫ਼ੌਜ ਨੇ ਜੰਗੀ ਬੁਰਜ ਨਾਲ ਲਿਆਂਦੇ ਹਨ। ਉਨ੍ਹਾਂ ਕੋਲ ਅਜਿਹੇ ਹਥਿਆਰ ਵੀ ਹਨ ਜਿਨ੍ਹਾਂ ਨਾਲ ਵੱਡੇ-ਵੱਡੇ ਪੱਥਰ ਸੁੱਟ ਕੇ ਤੁਹਾਡੀ ਕਿਲ੍ਹਾਬੰਦੀ ਤੋੜੀ ਜਾ ਸਕਦੀ ਹੈ। ਤੁਹਾਨੂੰ ਉਨ੍ਹਾਂ ਦੇ ਜੰਗੀ ਬੁਰਜ, ਪੌੜੀਆਂ, ਤੀਰਅੰਦਾਜ਼, ਰਥ, ਅਤੇ ਸਿਪਾਹੀਆਂ ਦੀ ਭੀੜ ਨਜ਼ਰ ਆਉਂਦੀ ਹੈ। ਇਹ ਨਜ਼ਾਰਾ ਕਿੰਨਾ ਡਰਾਉਣਾ ਹੈ!

2. ਯਸਾਯਾਹ ਦੇ 22ਵੇਂ ਅਧਿਆਇ ਵਿਚ ਦੱਸੀ ਗਈ ਘੇਰਾਬੰਦੀ ਕਦੋਂ ਕੀਤੀ ਗਈ ਸੀ?

2 ਯਸਾਯਾਹ ਦੇ 22ਵੇਂ ਅਧਿਆਇ ਵਿਚ ਅਸੀਂ ਯਰੂਸ਼ਲਮ ਦੀ ਅਜਿਹੀ ਹੀ ਘੇਰਾਬੰਦੀ ਬਾਰੇ ਪੜ੍ਹਦੇ ਹਾਂ। ਇਹ ਘੇਰਾਬੰਦੀ ਕਦੋਂ ਕੀਤੀ ਗਈ ਸੀ? ਇੱਥੇ ਕਿਸੇ ਖ਼ਾਸ ਘੇਰਾਬੰਦੀ ਦੀ ਗੱਲ ਨਹੀਂ ਕੀਤੀ ਗਈ ਜਿਸ ਵਿਚ ਦੱਸੀਆਂ ਗਈਆਂ ਸਾਰੀਆਂ ਗੱਲਾਂ ਪੂਰੀਆਂ ਹੋਈਆਂ ਹੋਣ। ਇਸ ਭਵਿੱਖਬਾਣੀ ਨੂੰ ਆਮ ਬਿਆਨ ਸਮਝਣਾ ਚਾਹੀਦਾ ਹੈ। ਇਹ ਇਕ ਆਮ ਚੇਤਾਵਨੀ ਸੀ ਜਿਸ ਨੇ ਯਰੂਸ਼ਲਮ ਦੁਆਲੇ ਪੈਣ ਵਾਲੀਆਂ ਕਈ ਘੇਰਾਬੰਦੀਆਂ ਬਾਰੇ ਦੱਸਿਆ।

3. ਯਰੂਸ਼ਲਮ ਦੇ ਵਾਸੀਆਂ ਨੇ ਯਸਾਯਾਹ ਦੁਆਰਾ ਦੱਸੀ ਗਈ ਘੇਰਾਬੰਦੀ ਦਾ ਸਾਮ੍ਹਣਾ ਕਿਵੇਂ ਕੀਤਾ?

3 ਜਿਸ ਘੇਰਾਬੰਦੀ ਬਾਰੇ ਯਸਾਯਾਹ ਨੇ ਦੱਸਿਆ ਉਸ ਦਾ ਸਾਮ੍ਹਣਾ ਕਰਨ ਲਈ ਯਰੂਸ਼ਲਮ ਦੇ ਵਾਸੀ ਕੀ ਕਰ ਰਹੇ ਸਨ? ਪਰਮੇਸ਼ੁਰ ਦੇ ਨੇਮ-ਬੱਧ ਲੋਕਾਂ ਵਜੋਂ, ਕੀ ਉਹ ਯਹੋਵਾਹ ਨੂੰ ਦੁਹਾਈ ਦੇ ਰਹੇ ਸਨ ਕਿ ਉਹ ਉਨ੍ਹਾਂ ਨੂੰ ਬਚਾ ਲਵੇ? ਨਹੀਂ, ਉਨ੍ਹਾਂ ਨੇ ਸਮਝਦਾਰੀ ਨਹੀਂ ਦਿਖਾਈ, ਠੀਕ ਜਿਵੇਂ ਅੱਜ ਵੀ ਪਰਮੇਸ਼ੁਰ ਦੀ ਉਪਾਸਨਾ ਕਰਨ ਦਾ ਦਾਅਵਾ ਕਰਨ ਵਾਲੇ ਕੁਝ ਲੋਕ ਸਮਝਦਾਰੀ ਨਹੀਂ ਦਿਖਾਉਂਦੇ।

ਘੇਰਿਆ ਹੋਇਆ ਸ਼ਹਿਰ

4. (ੳ) “ਦਰਸ਼ਣ ਵਾਲੀ ਦੂਣ” ਕੀ ਸੀ ਅਤੇ ਇਸ ਨੂੰ ਇਹ ਨਾਂ ਕਿਉਂ ਦਿੱਤਾ ਗਿਆ ਸੀ? (ਅ) ਯਰੂਸ਼ਲਮ ਦੇ ਵਾਸੀਆਂ ਦੀ ਰੂਹਾਨੀ ਹਾਲਤ ਕੀ ਸੀ?

4 ਯਸਾਯਾਹ ਦੇ 21ਵੇਂ ਅਧਿਆਇ ਵਿਚ, ਤਿੰਨ “ਅਗੰਮ ਵਾਕ” ਸਜ਼ਾ ਦੇ ਸੁਨੇਹੇ ਵਜੋਂ ਪੇਸ਼ ਕੀਤੇ ਗਏ ਸਨ। (ਯਸਾਯਾਹ 21:1, 11, 13) ਬਾਈਵੇਂ ਅਧਿਆਇ ਵਿਚ ਵੀ ਇਸੇ ਤਰ੍ਹਾਂ ਇਕ ਅਗੰਮ ਵਾਕ ਪੇਸ਼ ਕੀਤਾ ਗਿਆ ਹੈ: “ਦਰਸ਼ਣ ਵਾਲੀ ਦੂਣ ਲਈ ਅਗੰਮ ਵਾਕ,—ਫੇਰ ਤੈਨੂੰ ਕੀ ਹੋਇਆ, ਤੁਸੀਂ ਜੋ ਸਾਰਿਆਂ ਦੇ ਸਾਰੇ ਕੋਠਿਆਂ ਉੱਤੇ ਚੜ੍ਹ ਗਏ ਹੋ?” (ਯਸਾਯਾਹ 22:1) “ਦਰਸ਼ਣ ਵਾਲੀ ਦੂਣ” ਯਰੂਸ਼ਲਮ ਸੀ। ਭਾਵੇਂ ਕਿ ਸ਼ਹਿਰ ਉੱਚੀ ਥਾਂ ਤੇ ਸੀ, ਪਰ ਉਸ ਨੂੰ ਦੂਣ ਜਾਂ ਵਾਦੀ ਇਸ ਲਈ ਕਿਹਾ ਗਿਆ ਕਿਉਂਕਿ ਉਸ ਦੇ ਦੁਆਲੇ ਹੋਰ ਵੀ ਉੱਚੇ-ਉੱਚੇ ਪਹਾੜ ਸਨ। ਸ਼ਹਿਰ ਦਾ ਸੰਬੰਧ “ਦਰਸ਼ਣ” ਨਾਲ ਸੀ ਕਿਉਂਕਿ ਇੱਥੇ ਪਰਮੇਸ਼ੁਰ ਤੋਂ ਕਾਫ਼ੀ ਦਰਸ਼ਣ ਅਤੇ ਸੁਨੇਹੇ ਮਿਲ ਚੁੱਕੇ ਸਨ। ਇਸ ਕਾਰਨ, ਸ਼ਹਿਰ ਦੇ ਵਾਸੀਆਂ ਨੂੰ ਯਹੋਵਾਹ ਦੀ ਬਾਣੀ ਵੱਲ ਧਿਆਨ ਦੇਣਾ ਚਾਹੀਦਾ ਸੀ। ਪਰ, ਇਸ ਦੀ ਬਜਾਇ, ਉਨ੍ਹਾਂ ਨੇ ਉਸ ਨੂੰ ਰੱਦ ਕੀਤਾ ਅਤੇ ਉਹ ਕੁਰਾਹੇ ਪੈ ਕੇ ਝੂਠੀ ਪੂਜਾ ਕਰਨ ਲੱਗ ਪਏ। ਪਰਮੇਸ਼ੁਰ ਨੇ ਆਪਣੇ ਜ਼ਿੱਦੀ ਲੋਕਾਂ ਨੂੰ ਸਜ਼ਾ ਦੇਣ ਲਈ ਦੁਸ਼ਮਣ ਫ਼ੌਜ ਨੂੰ ਵਰਤਿਆ ਜਿਸ ਨੇ ਸ਼ਹਿਰ ਨੂੰ ਘੇਰਣਾ ਸੀ।—ਬਿਵਸਥਾ ਸਾਰ 28:45, 49, 50, 52.

5. ਲੋਕ ਸ਼ਾਇਦ ਕੋਠਿਆਂ ਉੱਤੇ ਕਿਉਂ ਚੜ੍ਹੇ ਸਨ?

5 ਧਿਆਨ ਦਿਓ ਕਿ ਯਰੂਸ਼ਲਮ ਦੇ “ਸਾਰੇ” ਵਾਸੀ ਆਪਣੇ ‘ਕੋਠਿਆਂ ਉੱਤੇ ਚੜ੍ਹ ਗਏ ਸਨ।’ ਪੁਰਾਣੇ ਜ਼ਮਾਨੇ ਵਿਚ, ਇਸਰਾਏਲੀ ਘਰਾਂ ਦੀਆਂ ਛੱਤਾਂ ਪੱਧਰੀਆਂ ਹੁੰਦੀਆਂ ਸਨ ਅਤੇ ਪਰਿਵਾਰ ਅਕਸਰ ਕੋਠਿਆਂ ਉੱਤੇ ਇਕੱਠੇ ਹੁੰਦੇ ਸਨ। ਯਸਾਯਾਹ ਨੇ ਸਾਨੂੰ ਇਹ ਨਹੀਂ ਦੱਸਿਆ ਕਿ ਇਸ ਵਾਰ ਉਹ ਕੋਠਿਆਂ ਤੇ ਕਿਉਂ ਚੜ੍ਹੇ ਸਨ, ਪਰ ਉਸ ਦੇ ਸ਼ਬਦ ਨਿੰਦਿਆ ਪ੍ਰਗਟ ਕਰਦੇ ਹਨ। ਇਸ ਲਈ, ਲੱਗਦਾ ਹੈ ਕਿ ਉਹ ਕੋਠਿਆਂ ਉੱਤੇ ਝੂਠੇ ਦੇਵਤਿਆਂ ਅੱਗੇ ਪ੍ਰਾਰਥਨਾ ਕਰਨ ਗਏ ਸਨ। ਇਹ 607 ਸਾ.ਯੁ.ਪੂ. ਵਿਚ ਯਰੂਸ਼ਲਮ ਦੇ ਨਾਸ਼ ਤੋਂ ਪਹਿਲਾਂ ਕਾਫ਼ੀ ਸਾਲਾਂ ਤੋਂ ਉਨ੍ਹਾਂ ਦੀ ਰੀਤ ਰਹੀ ਸੀ।—ਯਿਰਮਿਯਾਹ 19:13; ਸਫ਼ਨਯਾਹ 1:5.

6. (ੳ) ਯਰੂਸ਼ਲਮ ਦਾ ਕੀ ਹਾਲ ਹੋਇਆ ਸੀ? (ਅ) ਕੁਝ ਲੋਕ ਖ਼ੁਸ਼ ਕਿਉਂ ਹੁੰਦੇ ਸਨ, ਪਰ ਉਨ੍ਹਾਂ ਦੇ ਅੱਗੇ ਕੀ ਹੋਣ ਵਾਲਾ ਸੀ?

6 ਯਸਾਯਾਹ ਨੇ ਅੱਗੇ ਕਿਹਾ: “ਹੇ ਸ਼ੋਰ ਦੇ ਭਰੇ ਹੋਏ ਰੌਲੇ ਵਾਲੇ ਸ਼ਹਿਰ! ਹੇ ਅਨੰਦਮਈ ਨਗਰ! ਤੇਰੇ ਵੱਢੇ ਹੋਏ ਨਾ ਤਲਵਾਰ ਨਾਲ ਵੱਢੇ ਗਏ, ਨਾ ਜੰਗ ਵਿੱਚ ਮਾਰੇ ਗਏ!” (ਯਸਾਯਾਹ 22:2) ਬਹੁਤ ਸਾਰੇ ਲੋਕ ਸ਼ਹਿਰ ਨੂੰ ਆਏ ਹੋਏ ਸਨ ਜਿਸ ਵਿਚ ਬਹੁਤ ਗੜਬੜ ਫੈਲੀ ਹੋਈ ਸੀ। ਸੜਕਾਂ ਉੱਤੇ ਸ਼ੋਰ-ਸ਼ਰਾਬੇ ਕਾਰਨ ਲੋਕ ਡਰਦੇ ਸਨ। ਪਰ ਕੁਝ ਲੋਕ ਸੁਰੱਖਿਅਤ ਮਹਿਸੂਸ ਕਰਨ ਕਰਕੇ ਖ਼ੁਸ਼ੀ ਮਨਾ ਰਹੇ ਸਨ ਕਿਉਂਕਿ ਸ਼ਾਇਦ ਉਹ ਮੰਨਦੇ ਸਨ ਕਿ ਖ਼ਤਰਾ ਲੰਘ ਗਿਆ ਸੀ। * ਲੇਕਿਨ, ਉਸ ਵੇਲੇ ਖ਼ੁਸ਼ੀ ਮਨਾਉਣੀ ਮੂਰਖਤਾ ਸੀ। ਸ਼ਹਿਰ ਵਿਚ ਕਈਆਂ ਦੀ ਮੌਤ ਤਲਵਾਰ ਨਾਲੋਂ ਵੀ ਭੈੜਿਆਂ ਤਰੀਕਿਆਂ ਨਾਲ ਹੋਈ। ਘੇਰੇ ਹੋਏ ਸ਼ਹਿਰ ਨੂੰ ਬਾਹਰੋਂ ਕੋਈ ਅੰਨ ਨਹੀਂ ਮਿਲਦਾ ਸੀ। ਸ਼ਹਿਰ ਦੇ ਅੰਦਰ ਜਮ੍ਹਾਂ ਕੀਤਾ ਗਿਆ ਅੰਨ ਖ਼ਤਮ ਹੁੰਦਾ ਗਿਆ। ਭੁੱਖ ਦੇ ਕਾਰਨ ਲੋਕਾਂ ਵਿਚ ਕਈ ਰੋਗ ਫੈਲ ਗਏ। ਇਸ ਤਰ੍ਹਾਂ ਯਰੂਸ਼ਲਮ ਵਿਚ ਲੋਕ ਕਾਲ਼ ਅਤੇ ਮਹਾਂਮਾਰੀਆਂ ਨਾਲ ਮਰੇ। ਇਹ ਗੱਲਾਂ 607 ਸਾ.ਯੁ.ਪੂ. ਵਿਚ ਅਤੇ ਫਿਰ 70 ਸਾ.ਯੁ. ਵਿਚ ਵੀ ਹੋਈਆਂ ਸਨ।—2 ਰਾਜਿਆਂ 25:3; ਵਿਰਲਾਪ 4:9, 10. *

7. ਘੇਰਾਬੰਦੀ ਦੌਰਾਨ ਯਰੂਸ਼ਲਮ ਦੇ ਹਾਕਮਾਂ ਨੇ ਕੀ ਕੀਤਾ ਸੀ ਅਤੇ ਉਨ੍ਹਾਂ ਨਾਲ ਕੀ ਹੋਇਆ ਸੀ?

7 ਇਸ ਸੰਕਟ ਵਿਚ ਯਰੂਸ਼ਲਮ ਦੇ ਆਗੂਆਂ ਨੇ ਕੀ ਕੀਤਾ ਸੀ? ਯਸਾਯਾਹ ਨੇ ਜਵਾਬ ਦਿੱਤਾ: “ਤੇਰੇ ਸਾਰੇ ਆਗੂ ਇਕੱਠੇ ਭੱਜ ਗਏ, ਓਹ ਤੀਰ ਅੰਦਾਜਾਂ ਤੋਂ ਫੜੇ ਗਏ, ਜਿੰਨੇ ਲੱਭ ਪਏ ਓਹ ਇਕੱਠੇ ਫੜੇ ਗਏ, ਓਹ ਦੂਰੋਂ ਭੱਜ ਗਏ।” (ਯਸਾਯਾਹ 22:3) ਭਾਵੇਂ ਹਾਕਮ ਅਤੇ ਸੂਰਬੀਰ ਭੱਜੇ, ਪਰ ਉਹ ਫੜੇ ਗਏ ਸਨ! ਤੀਰ ਚਲਾਏ ਬਿਨਾਂ ਹੀ ਉਨ੍ਹਾਂ ਨੂੰ ਫੜ ਕੇ ਕੈਦ ਕੀਤਾ ਗਿਆ ਸੀ। ਇਹ 607 ਸਾ.ਯੁ.ਪੂ. ਵਿਚ ਹੋਇਆ ਸੀ। ਜਦੋਂ ਯਰੂਸ਼ਲਮ ਦੀ ਕੰਧ ਵਿਚ ਤੇੜਾਂ ਨਜ਼ਰ ਆਈਆਂ, ਤਾਂ ਰਾਜਾ ਸਿਦਕੀਯਾਹ ਰਾਤ ਨੂੰ ਆਪਣੇ ਸੂਰਬੀਰਾਂ ਨਾਲ ਭੱਜ ਨਿਕਲਿਆ। ਦੁਸ਼ਮਣ ਫ਼ੌਜ ਨੂੰ ਇਸ ਬਾਰੇ ਪਤਾ ਲੱਗਣ ਤੇ ਉਨ੍ਹਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਯਰੀਹੋ ਦੇ ਮਦਾਨ ਵਿਚ ਉਹ ਫੜੇ ਗਏ। ਸੂਰਬੀਰ ਖਿੰਡ ਗਏ। ਸਿਦਕੀਯਾਹ ਫੜਿਆ ਗਿਆ, ਉਸ ਨੂੰ ਅੰਨ੍ਹਾ ਕੀਤਾ ਗਿਆ, ਉਸ ਦੇ ਪੈਰਾਂ ਨੂੰ ਪਿੱਤਲ ਦੀਆਂ ਬੇੜੀਆਂ ਨਾਲ ਜਕੜਿਆ ਗਿਆ, ਅਤੇ ਉਸ ਨੂੰ ਘਸੀਟ ਕੇ ਬਾਬਲ ਨੂੰ ਲਿਆਂਦਾ ਗਿਆ। (2 ਰਾਜਿਆਂ 25:2-7) ਉਸ ਦੀ ਬੇਵਫ਼ਾਈ ਦਾ ਕਿੰਨਾ ਬੁਰਾ ਨਤੀਜਾ!

ਬਿਪਤਾ ਕਾਰਨ ਤਕਲੀਫ਼

8. (ੳ) ਯਰੂਸ਼ਲਮ ਉੱਤੇ ਆਉਣ ਵਾਲੀ ਬਿਪਤਾ ਦੀ ਭਵਿੱਖਬਾਣੀ ਬਾਰੇ ਯਸਾਯਾਹ ਨੇ ਕਿਵੇਂ ਮਹਿਸੂਸ ਕੀਤਾ? (ਅ) ਯਰੂਸ਼ਲਮ ਵਿਚ ਹਾਲਾਤ ਕਿਸ ਤਰ੍ਹਾਂ ਦੇ ਸਨ?

8 ਇਸ ਭਵਿੱਖਬਾਣੀ ਨੇ ਯਸਾਯਾਹ ਨੂੰ ਬਹੁਤ ਦੁਖੀ ਕੀਤਾ ਸੀ। ਉਸ ਨੇ ਕਿਹਾ: “ਮੇਰੀ ਵੱਲ ਨਾ ਤੱਕ, ਮੈਂ ਵਿਲਕ ਵਿਲਕ ਕੇ ਰੋਵਾਂਗਾ। ਮੇਰੀ ਪਰਜਾ ਦੀ ਧੀ ਦੀ ਬਰਬਾਦੀ ਉੱਤੇ, ਮੇਰੀ ਤਸੱਲੀ ਦਾ ਜਤਨ ਨਾ ਕਰ।” (ਯਸਾਯਾਹ 22:4) ਯਸਾਯਾਹ ਨੇ ਮੋਆਬ ਅਤੇ ਬਾਬਲ ਦੀ ਤਬਾਹੀ ਉੱਤੇ ਵੀ ਸੋਗ ਕੀਤਾ ਸੀ। (ਯਸਾਯਾਹ 16:11; 21:3) ਪਰ ਆਪਣੇ ਲੋਕਾਂ ਉੱਤੇ ਆਉਣ ਵਾਲੀ ਤਬਾਹੀ ਬਾਰੇ ਸੋਚ ਕੇ ਉਸ ਨੂੰ ਇੰਨੀ ਤਕਲੀਫ਼ ਹੋਈ ਕਿ ਉਹ ਰੋਇਆ। ਉਸ ਨੂੰ ਕੋਈ ਤਸੱਲੀ ਨਹੀਂ ਦਿੱਤੀ ਜਾ ਸਕਦੀ ਸੀ। ਕਿਉਂ? ਕਿਉਂਕਿ ਇਹ “ਸੈਨਾਂ ਦੇ ਪ੍ਰਭੁ ਯਹੋਵਾਹ ਦਾ ਇੱਕ ਦਿਨ ਹੈ, ਰੌਲਾ ਅਤੇ ਲਤਾੜਨਾ ਅਤੇ ਗੜਬੜ ਦਰਸ਼ਣ ਵਾਲੀ ਦੂਣ ਵਿੱਚ, ਕੰਧਾਂ ਦਾ ਢੱਠਣਾ ਅਤੇ ਪਹਾੜਾਂ ਤੀਕ ਰੌਲਾ!” (ਯਸਾਯਾਹ 22:5) ਯਰੂਸ਼ਲਮ ਵਿਚ ਬਹੁਤ ਗੜਬੜ ਸੀ। ਲੋਕ ਡਰ ਦੇ ਮਾਰੇ ਐਵੇਂ ਘੁੰਮਦੇ-ਫਿਰਦੇ ਸਨ। ਜਿਉਂ ਹੀ ਦੁਸ਼ਮਣ ਫ਼ੌਜ ਸ਼ਹਿਰ ਦੀਆਂ ਕੰਧਾਂ ਤੋੜ ਕੇ ਅੰਦਰ ਵੜੀ, “ਪਹਾੜਾਂ ਤੀਕ ਰੌਲਾ” ਪਿਆ। ਕੀ ਇਸ ਦਾ ਇਹ ਮਤਲਬ ਸੀ ਕਿ ਸ਼ਹਿਰ ਦੇ ਵਾਸੀਆਂ ਨੇ ਮੋਰੀਯਾਹ ਪਹਾੜ ਉੱਤੇ ਪਰਮੇਸ਼ੁਰ ਦੀ ਪਵਿੱਤਰ ਹੈਕਲ ਵਿਚ ਉਸ ਨੂੰ ਦੁਹਾਈ ਦਿੱਤੀ? ਸ਼ਾਇਦ ਦਿੱਤੀ ਹੋਵੇ। ਪਰ, ਉਨ੍ਹਾਂ ਦੀ ਬੇਵਫ਼ਾਈ ਨੂੰ ਮਨ ਵਿਚ ਰੱਖਦੇ ਹੋਏ ਸ਼ਾਇਦ ਇਸ ਦਾ ਮਤਲਬ ਸਿਰਫ਼ ਇਹੀ ਸੀ ਕਿ ਉਨ੍ਹਾਂ ਦੀਆਂ ਡਰ ਭਰੀਆਂ ਚੀਕਾਂ ਆਲੇ-ਦੁਆਲੇ ਦੇ ਪਹਾੜਾਂ ਵਿਚ ਗੂੰਜੀਆਂ।

9. ਯਰੂਸ਼ਲਮ ਲਈ ਖ਼ਤਰਾ ਪੇਸ਼ ਕਰਨ ਵਾਲੀ ਫ਼ੌਜ ਬਾਰੇ ਦੱਸੋ।

9 ਯਰੂਸ਼ਲਮ ਲਈ ਕਿਹੋ ਜਿਹੀਆਂ ਦੁਸ਼ਮਣ ਫ਼ੌਜਾਂ ਖ਼ਤਰਾ ਪੇਸ਼ ਕਰ ਰਹੀਆਂ ਸਨ? ਯਸਾਯਾਹ ਨੇ ਸਾਨੂੰ ਦੱਸਿਆ: “ਏਲਾਮ ਨੇ ਤਰਕਸ਼ ਚੁੱਕਿਆ, ਰਥਾਂ, ਆਦਮੀਆਂ ਅਤੇ ਘੋੜ ਚੜ੍ਹਿਆਂ ਨਾਲ, ਅਤੇ ਕੀਰ ਨੇ ਢਾਲ ਨੰਗੀ ਕੀਤੀ।” (ਯਸਾਯਾਹ 22:6) ਦੁਸ਼ਮਣ ਫ਼ੌਜ ਹਥਿਆਰਾਂ ਨਾਲ ਪੂਰੀ ਤਿਆਰੀ ਕਰ ਕੇ ਆਈ ਸੀ। ਤੀਰਅੰਦਾਜ਼ਾਂ ਦੇ ਤੀਰਦਾਨ ਭਰੇ ਹੋਏ ਸਨ। ਫ਼ੌਜੀ ਲੜਾਈ ਲਈ ਆਪਣੀਆਂ ਢਾਲਾਂ ਤਿਆਰ ਕਰ ਰਹੇ ਸਨ। ਰਥ ਅਤੇ ਘੋੜੇ ਤਿਆਰ ਸਨ। ਕੁਝ ਫ਼ੌਜੀ ਏਲਾਮ ਤੋਂ ਸਨ, ਜੋ ਅੱਜ ਫ਼ਾਰਸੀ ਖਾੜੀ ਦੇ ਉੱਤਰ ਵੱਲ ਹੈ, ਅਤੇ ਕੁਝ ਕੀਰ ਤੋਂ ਸਨ, ਜੋ ਸ਼ਾਇਦ ਏਲਾਮ ਦੇ ਆਸ-ਪਾਸ ਸੀ। ਇਨ੍ਹਾਂ ਦੇਸ਼ਾਂ ਦੇ ਨਾਂ ਸੰਕੇਤ ਕਰਦੇ ਹਨ ਕਿ ਹਮਲਾ ਕਰਨ ਵਾਲੇ ਬਹੁਤ ਦੂਰੋਂ ਆਏ ਸਨ। ਇਸ ਤੋਂ ਇਹ ਸੰਕੇਤ ਵੀ ਮਿਲਦਾ ਹੈ ਕਿ ਏਲਾਮੀ ਤੀਰਅੰਦਾਜ਼ ਸ਼ਾਇਦ ਉਸ ਫ਼ੌਜ ਵਿਚ ਵੀ ਸਨ ਜਿਸ ਨੇ ਹਿਜ਼ਕੀਯਾਹ ਦੇ ਸਮੇਂ ਵਿਚ ਯਰੂਸ਼ਲਮ ਲਈ ਖ਼ਤਰਾ ਪੇਸ਼ ਕੀਤਾ ਸੀ।

ਬਚਾਅ ਕਰਨ ਦੇ ਜਤਨ

10. ਸ਼ਹਿਰ ਨਾਲ ਕਿਹੜੀ ਬੁਰੀ ਘਟਨਾ ਵਾਪਰੀ ਸੀ?

10 ਯਸਾਯਾਹ ਨੇ ਦੱਸਿਆ ਕਿ ਅੱਗੇ ਕੀ ਹੋਇਆ: “ਐਉਂ ਹੋਇਆ ਕਿ ਤੇਰੀਆਂ ਚੰਗੇਰੀਆਂ ਦੂਣਾਂ ਰਥਾਂ ਨਾਲ ਭਰੀਆਂ ਹੋਈਆਂ ਸਨ, ਅਤੇ ਘੋੜ ਚੜ੍ਹਿਆਂ ਨੇ ਫਾਟਕ ਦੇ ਅੱਗੇ ਪਾਲ ਬੰਨ੍ਹੀ ਹੋਈ ਸੀ। ਓਸ ਯਹੂਦਾਹ ਦਾ ਪੜਦਾ ਲਾਹ ਸੁੱਟਿਆ।” (ਯਸਾਯਾਹ 22:7, 8ੳ) ਯਰੂਸ਼ਲਮ ਸ਼ਹਿਰ ਦਾ ਬਾਹਰਲਾ ਮੈਦਾਨ ਰਥਾਂ ਅਤੇ ਘੋੜਿਆਂ ਨਾਲ ਭਰਿਆ ਹੋਇਆ ਸੀ ਅਤੇ ਸ਼ਹਿਰ ਦੇ ਫਾਟਕਾਂ ਨੂੰ ਤੋੜਨ ਦੀ ਤਿਆਰੀ ਕੀਤੀ ਜਾ ਰਹੀ ਸੀ। “ਯਹੂਦਾਹ ਦਾ ਪੜਦਾ” ਕੀ ਸੀ ਜਿਸ ਨੂੰ ਲਾਹ ਸੁੱਟਿਆ ਗਿਆ? ਇਹ ਸ਼ਾਇਦ ਸ਼ਹਿਰ ਦਾ ਇਕ ਫਾਟਕ ਸੀ ਅਤੇ ਰਾਖੇ ਨਹੀਂ ਸੀ ਚਾਹੁੰਦੇ ਕਿ ਇਸ ਉੱਤੇ ਕਬਜ਼ਾ ਕੀਤਾ ਜਾਵੇ। * ਜਦੋਂ ਇਹ ਪੜਦਾ ਲਾਹ ਸੁੱਟਿਆ ਗਿਆ, ਤਾਂ ਹਮਲਾ ਕਰਨ ਵਾਲਿਆਂ ਲਈ ਸ਼ਹਿਰ ਦੇ ਅੰਦਰ ਵੜਨਾ ਸੌਖਾ ਹੋ ਗਿਆ ਸੀ।

11, 12. ਯਰੂਸ਼ਲਮ ਦੇ ਵਾਸੀਆਂ ਨੇ ਬਚਾਅ ਲਈ ਕੀ ਕੁਝ ਕੀਤਾ?

11 ਯਸਾਯਾਹ ਨੇ ਫਿਰ ਲੋਕਾਂ ਦੇ ਬਚਾਅ ਲਈ ਕੀਤੇ ਗਏ ਜਤਨਾਂ ਵੱਲ ਧਿਆਨ ਦਿੱਤਾ। ਉਨ੍ਹਾਂ ਨੇ ਪਹਿਲਾਂ ਹਥਿਆਰਾਂ ਬਾਰੇ ਸੋਚਿਆ। “ਓਸ ਦਿਨ ਤੈਂ ਬਣ ਦੇ ਮਹਿਲ ਵਿੱਚ ਸ਼ਸਤਰਾਂ ਦਾ ਗੌਹ ਕੀਤਾ। ਅਤੇ ਤੁਸਾਂ ਦਾਊਦ ਦੇ ਸ਼ਹਿਰ ਦੀਆਂ ਤੇੜਾਂ ਵੇਖੀਆਂ ਕਿ ਓਹ ਬਹੁਤ ਸਨ ਅਤੇ ਤੁਸਾਂ ਹੇਠਲੇ ਤਲਾ ਦਾ ਪਾਣੀ ਇਕੱਠਾ ਕੀਤਾ।” (ਯਸਾਯਾਹ 22:8ਅ, 9) ਹਥਿਆਰ ਬਣ ਦੇ ਮਹਿਲ ਵਿਚ ਰੱਖੇ ਜਾਂਦੇ ਸਨ। ਇਹ ਮਹਿਲ ਸੁਲੇਮਾਨ ਨੇ ਬਣਾਇਆ ਸੀ। ਇਹ ਲਬਾਨੋਨ ਤੋਂ ਦਿਆਰ ਦੇ ਰੁੱਖਾਂ ਤੋਂ ਬਣਿਆ ਹੋਇਆ ਸੀ, ਇਸ ਲਈ ਇਸ ਨੂੰ “ਲਬਾਨੋਨ ਬਣ ਦਾ ਮਹਿਲ” ਸੱਦਿਆ ਜਾਂਦਾ ਸੀ। (1 ਰਾਜਿਆਂ 7:2-5) ਕੰਧ ਦੀਆਂ ਤੇੜਾਂ ਦੀ ਜਾਂਚ ਕੀਤੀ ਗਈ। ਪਾਣੀ ਵੀ ਜਮ੍ਹਾ ਕੀਤਾ ਗਿਆ ਜੋ ਜੀਉਂਦੇ ਰਹਿਣ ਲਈ ਜ਼ਰੂਰੀ ਹੁੰਦਾ ਹੈ। ਇਸ ਦੇ ਬਗੈਰ, ਕੋਈ ਸ਼ਹਿਰ ਖੜ੍ਹਾ ਨਹੀਂ ਰਹਿ ਸਕਦਾ। ਪਰ, ਧਿਆਨ ਦਿਓ ਕਿ ਬਚਾਅ ਲਈ ਯਹੋਵਾਹ ਵੱਲ ਦੇਖਣ ਦੀ ਕੋਈ ਗੱਲ ਨਹੀਂ ਕੀਤੀ ਗਈ। ਸਗੋਂ, ਲੋਕ ਆਪਣੇ ਆਪ ਉੱਤੇ ਭਰੋਸਾ ਰੱਖਦੇ ਸਨ। ਸਾਨੂੰ ਅਜਿਹੀ ਗ਼ਲਤੀ ਕਦੀ ਨਹੀਂ ਕਰਨੀ ਚਾਹੀਦੀ!—ਜ਼ਬੂਰ 127:1.

12 ਸ਼ਹਿਰ ਦੀ ਕੰਧ ਦੀਆਂ ਤੇੜਾਂ ਬਾਰੇ ਕੀ ਕੀਤਾ ਜਾ ਸਕਦਾ ਸੀ? “ਤੁਸਾਂ ਯਰੂਸ਼ਲਮ ਦੇ ਘਰਾਂ ਦੀ ਗਿਣਤੀ ਲਈ ਅਤੇ ਘਰਾਂ ਨੂੰ ਢਾਹ ਸੁੱਟਿਆ ਭਈ ਸਫੀਲ ਨੂੰ ਪੱਕਾ ਕਰੋ।” (ਯਸਾਯਾਹ 22:10) ਘਰਾਂ ਦਾ ਇਹ ਦੇਖਣ ਲਈ ਅੰਦਾਜ਼ਾ ਲਾਇਆ ਗਿਆ ਕਿ ਉਨ੍ਹਾਂ ਵਿੱਚੋਂ ਕਿਹੜੇ ਘਰਾਂ ਨੂੰ ਢਾਹ ਕੇ ਕੰਧ ਦੀ ਮੁਰੰਮਤ ਲਈ ਵਰਤਿਆ ਜਾ ਸਕਦਾ ਸੀ। ਦੁਸ਼ਮਣ ਫ਼ੌਜ ਨੂੰ ਰੋਕਣ ਦਾ ਇਹ ਇਕ ਜਤਨ ਸੀ।

ਬੇਵਫ਼ਾ ਲੋਕ

13. ਲੋਕਾਂ ਨੇ ਪਾਣੀ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕਿਵੇਂ ਕੀਤੀ, ਪਰ ਉਨ੍ਹਾਂ ਨੇ ਕਿਹ ਨੂੰ ਭੁਲਾ ਦਿੱਤਾ?

13 “ਤੁਸਾਂ ਪੁਰਾਣੇ ਤਾਲ ਦੇ ਪਾਣੀ ਲਈ ਦੋਹਾਂ ਕੰਧਾਂ ਦੇ ਵਿਚਕਾਰ ਇੱਕ ਹੌਦ ਬਣਾਇਆ ਪਰ ਤੁਸਾਂ ਉਹ ਦੇ ਬਣਾਉਣ ਵਾਲੇ ਦਾ ਗੌਹ ਨਾ ਕੀਤਾ, ਨਾ ਉਹ ਦੇ ਮੁੱਢ ਦੇ ਢੰਗ ਸੋਚਣ ਵਾਲੇ ਵੱਲ ਧਿਆਨ ਦਿੱਤਾ।” (ਯਸਾਯਾਹ 22:11) ਇੱਥੇ ਅਤੇ ਨੌਵੀਂ ਆਇਤ ਵਿਚ ਪਾਣੀ ਜਮ੍ਹਾ ਕਰਨ ਦਾ ਜਤਨ ਸਾਨੂੰ ਰਾਜਾ ਹਿਜ਼ਕੀਯਾਹ ਦੇ ਉਸ ਕੰਮ ਬਾਰੇ ਯਾਦ ਦਿਲਾਉਂਦਾ ਹੈ ਜੋ ਉਸ ਨੇ ਹਮਲਾ ਕਰਨ ਵਾਲੇ ਅੱਸ਼ੂਰੀਆਂ ਵਿਰੁੱਧ ਸ਼ਹਿਰ ਦਾ ਬਚਾਅ ਕਰਨ ਲਈ ਕੀਤਾ ਸੀ। (2 ਇਤਹਾਸ 32:2-5) ਪਰ, ਹਿਜ਼ਕੀਯਾਹ ਦੇ ਉਲਟ, ਸ਼ਹਿਰ ਦੇ ਬਚਾਅ ਦਾ ਕੰਮ ਕਰਦੇ ਹੋਏ ਉਨ੍ਹਾਂ ਨੇ ਸਿਰਜਣਹਾਰ ਬਾਰੇ ਰਤਾ ਵੀ ਨਹੀਂ ਸੋਚਿਆ। ਯਸਾਯਾਹ ਦੀ ਇਸ ਭਵਿੱਖਬਾਣੀ ਵਿਚ ਸ਼ਹਿਰ ਦੇ ਲੋਕ ਪੂਰੀ ਤਰ੍ਹਾਂ ਬੇਵਫ਼ਾ ਸਨ।

14. ਯਹੋਵਾਹ ਵੱਲੋਂ ਚੇਤਾਵਨੀ ਦੇ ਬਾਵਜੂਦ, ਲੋਕਾਂ ਨੇ ਕਿਵੇਂ ਨਾਸਮਝੀ ਦਿਖਾਈ?

14 ਯਸਾਯਾਹ ਨੇ ਅੱਗੇ ਕਿਹਾ: “ਓਸ ਦਿਨ ਸੈਨਾਂ ਦੇ ਪ੍ਰਭੁ ਯਹੋਵਾਹ ਨੇ ਏਹ ਮੰਗਿਆ, ਰੋਣਾ, ਸੋਗ ਮੁਨਾਉਣਾ, ਅਤੇ ਤੱਪੜ ਪਾਉਣਾ, ਅਤੇ ਵੇਖੋ, ਖੁਸ਼ੀ ਅਤੇ ਅਨੰਦ, ਬਲਦਾਂ ਦਾ ਕੱਟਣਾ ਅਤੇ ਭੇਡਾਂ ਦਾ ਕੱਟਣਾ, ਮਾਸ ਖਾਣਾ ਅਤੇ ਮਧ ਪੀਣੀ,—ਅਸੀਂ ਖਾਈਏ ਪੀਵੀਏ, ਕਿਉਂ ਜੋ ਕੱਲ ਅਸੀਂ ਮਰਾਂਗੇ।” (ਯਸਾਯਾਹ 22:12, 13) ਯਰੂਸ਼ਲਮ ਦੇ ਵਾਸੀਆਂ ਨੇ ਯਹੋਵਾਹ ਵਿਰੁੱਧ ਆਪਣੀ ਬਗਾਵਤ ਦਾ ਪਛਤਾਵਾ ਨਹੀਂ ਕੀਤਾ। ਨਾ ਤਾਂ ਉਹ ਤੋਬਾ ਕਰ ਕੇ ਰੋਏ, ਨਾ ਉਨ੍ਹਾਂ ਨੇ ਵਾਲ ਕੱਟੇ, ਅਤੇ ਨਾ ਹੀ ਤੱਪੜ ਪਾਇਆ। ਜੇਕਰ ਉਹ ਇਹ ਕਰਦੇ, ਸ਼ਾਇਦ ਯਹੋਵਾਹ ਉਨ੍ਹਾਂ ਨੂੰ ਆਉਣ ਵਾਲੀਆਂ ਭਿਆਨਕ ਘਟਨਾਵਾਂ ਤੋਂ ਬਚਾ ਲੈਂਦਾ। ਇਸ ਦੀ ਬਜਾਇ ਉਹ ਖਾਂਦੇ-ਪੀਂਦੇ ਅਤੇ ਐਸ਼-ਅਰਾਮ ਕਰਦੇ ਰਹੇ। ਅਜਿਹਾ ਰਵੱਈਆ ਅੱਜ ਵੀ ਉਨ੍ਹਾਂ ਲੋਕਾਂ ਵਿਚ ਦੇਖਿਆ ਜਾ ਸਕਦਾ ਹੈ ਜੋ ਪਰਮੇਸ਼ੁਰ ਉੱਤੇ ਨਿਹਚਾ ਨਹੀਂ ਰੱਖਦੇ। ਉਹ ਨਹੀਂ ਮੰਨਦੇ ਕਿ ਮੁਰਦੇ ਜੀ ਉੱਠਣਗੇ ਜਾਂ ਧਰਤੀ ਫਿਰਦੌਸ ਬਣੇਗੀ। ਇਸ ਲਈ ਉਹ ਭੋਗ-ਵਿਲਾਸ ਦੀ ਜ਼ਿੰਦਗੀ ਜੀਉਂਦੇ ਹਨ ਅਤੇ ਕਹਿੰਦੇ ਹਨ ਕਿ “ਆਓ ਅਸੀਂ ਖਾਈਏ ਪੀਵੀਏ ਕਿਉਂ ਜੋ ਭਲਕੇ ਮਰਨਾ ਹੈ।” (1 ਕੁਰਿੰਥੀਆਂ 15:32) ਜੀਵਨ ਬਾਰੇ ਇਸ ਤਰ੍ਹਾਂ ਸੋਚਣਾ ਕਿੰਨੀ ਨਾਸਮਝੀ ਦੀ ਗੱਲ ਹੈ! ਕਾਸ਼ ਉਹ ਆਪਣਾ ਭਰੋਸਾ ਯਹੋਵਾਹ ਉੱਤੇ ਰੱਖਣ, ਤਾਂ ਭਵਿੱਖ ਲਈ ਉਨ੍ਹਾਂ ਦੀ ਉਮੀਦ ਵੀ ਚੰਗੀ ਹੋਵੇਗੀ!—ਜ਼ਬੂਰ 4:6-8; ਕਹਾਉਤਾਂ 1:33.

15. (ੳ) ਯਰੂਸ਼ਲਮ ਵਿਰੁੱਧ ਯਹੋਵਾਹ ਦਾ ਫ਼ੈਸਲਾ ਕੀ ਸੀ ਅਤੇ ਇਹ ਸਜ਼ਾ ਕਿਨ੍ਹਾਂ ਦੁਆਰਾ ਦਿੱਤੀ ਗਈ ਸੀ? (ਅ) ਈਸਾਈ-ਜਗਤ ਉੱਤੇ ਯਰੂਸ਼ਲਮ ਵਰਗੀ ਬਿਪਤਾ ਕਿਉਂ ਆਵੇਗੀ?

15 ਯਰੂਸ਼ਲਮ ਦੇ ਵਾਸੀ ਨਹੀਂ ਬਚਣਗੇ। ਯਸਾਯਾਹ ਨੇ ਕਿਹਾ: “ਮੇਰੇ ਕੰਨ ਵਿੱਚ ਸੈਨਾਂ ਦੇ ਯਹੋਵਾਹ ਤੋਂ ਏਹ ਪਰਗਟ ਕੀਤਾ ਗਿਆ, ਕਿ ਤੁਹਾਡੇ ਲਈ ਏਸ ਬਦੀ ਦਾ ਪਰਾਸਚਿਤ ਨਾ ਹੋਵੇਗਾ, ਜਦ ਤੀਕ ਤੁਸੀਂ ਨਾ ਮਰੋਗੇ, ਸੈਨਾਂ ਦਾ ਪ੍ਰਭੁ ਯਹੋਵਾਹ ਏਹ ਆਖਦਾ ਹੈ।” (ਯਸਾਯਾਹ 22:14) ਪੱਥਰ-ਦਿਲ ਲੋਕਾਂ ਨੂੰ ਮਾਫ਼ੀ ਨਹੀਂ ਮਿਲੇਗੀ। ਸਰਬਸ਼ਕਤੀਮਾਨ ਪ੍ਰਭੂ ਯਹੋਵਾਹ ਨੇ ਇਹ ਫ਼ਰਮਾਇਆ। ਉਨ੍ਹਾਂ ਨੂੰ ਸਿਰਫ਼ ਮੌਤ ਹੀ ਮਿਲੇਗੀ। ਯਸਾਯਾਹ ਦੀ ਭਵਿੱਖਬਾਣੀ ਦੀ ਪੂਰਤੀ ਵਿਚ, ਬੇਵਫ਼ਾ ਯਰੂਸ਼ਲਮ ਉੱਤੇ ਦੋ ਵਾਰ ਬਿਪਤਾ ਆਈ। ਪਹਿਲਾਂ ਇਹ ਬਾਬਲ ਦੀਆਂ ਫ਼ੌਜਾਂ ਦੁਆਰਾ ਬਰਬਾਦ ਹੋਇਆ ਅਤੇ ਬਾਅਦ ਵਿਚ ਰੋਮ ਦੀਆਂ ਫ਼ੌਜਾਂ ਦੁਆਰਾ। ਇਸੇ ਤਰ੍ਹਾਂ, ਬੇਵਫ਼ਾ ਈਸਾਈ-ਜਗਤ ਉੱਤੇ ਵੀ ਬਿਪਤਾ ਆਵੇਗੀ, ਜਿਸ ਦੇ ਮੈਂਬਰ ਪਰਮੇਸ਼ੁਰ ਦੀ ਉਪਾਸਨਾ ਕਰਨ ਦਾ ਦਾਅਵਾ ਕਰਦੇ ਹਨ। ਇਸ ਦੇ ਬਾਵਜੂਦ ਉਹ ਆਪਣੀਆਂ ਕਰਨੀਆਂ ਰਾਹੀਂ ਉਸ ਦਾ ਇਨਕਾਰ ਕਰਦੇ ਹਨ। (ਤੀਤੁਸ 1:16) ਪਰਮੇਸ਼ੁਰ ਦੇ ਧਰਮੀ ਰਾਹਾਂ ਦਾ ਅਪਮਾਨ ਕਰਨ ਵਾਲੇ ਈਸਾਈ-ਜਗਤ ਦੇ ਪਾਪ ਨਾਲੇ ਸੰਸਾਰ ਦੇ ਦੂਜਿਆਂ ਧਰਮਾਂ ਦੇ ਪਾਪ “ਅਕਾਸ਼ ਨੂੰ ਅੱਪੜ ਪਏ ਹਨ।” ਧਰਮ-ਤਿਆਗੀ ਯਰੂਸ਼ਲਮ ਦੇ ਪਾਪਾਂ ਵਾਂਗ, ਉਨ੍ਹਾਂ ਦੇ ਪਾਪਾਂ ਦੀ ਉਨ੍ਹਾਂ ਨੂੰ ਮਾਫ਼ੀ ਨਹੀਂ ਮਿਲੇਗੀ।—ਪਰਕਾਸ਼ ਦੀ ਪੋਥੀ 18:5, 8, 21.

ਇਕ ਖ਼ੁਦਗਰਜ਼ ਮੁਖ਼ਤਿਆਰ

16, 17. (ੳ) ਯਹੋਵਾਹ ਵੱਲੋਂ ਕਿਸ ਨੂੰ ਚੇਤਾਵਨੀ ਮਿਲੀ ਅਤੇ ਕਿਉਂ? (ਅ) ਸ਼ਬਨਾ ਦੀਆਂ ਵੱਡੀਆਂ-ਵੱਡੀਆਂ ਉਮੀਦਾਂ ਕਾਰਨ, ਉਸ ਨੂੰ ਕੀ ਹੋਵੇਗਾ?

16 ਨਬੀ ਨੇ ਅੱਗੇ ਇਨ੍ਹਾਂ ਬੇਵਫ਼ਾ ਲੋਕਾਂ ਵੱਲੋਂ ਧਿਆਨ ਹਟਾ ਕੇ ਇਕ ਬੇਵਫ਼ਾ ਵਿਅਕਤੀ ਵੱਲ ਧਿਆਨ ਲਗਾਇਆ। ਉਸ ਨੇ ਲਿਖਿਆ: “ਸੈਨਾਂ ਦਾ ਪ੍ਰਭੁ ਯਹੋਵਾਹ ਇਉਂ ਆਖਦਾ ਹੈ, ਆ, ਇਸ ਮੁਖ਼ਤਿਆਰ ਕੋਲ, ਸ਼ਬਨਾ ਕੋਲ, ਜਾਹ ਜਿਹੜਾ ਇਸ ਘਰ ਉੱਤੇ ਹੈ। ਐਥੇ ਤੇਰੇ ਕੋਲ ਕੀ ਹੈ? ਅਤੇ ਐਥੇ ਤੇਰੇ ਕੋਲ ਕੌਣ ਹੈ? ਕਿ ਤੈਂ ਆਪਣੇ ਲਈ ਐਥੇ ਇੱਕ ਕਬਰ ਪੁੱਟੀ ਹੈ! ਉਚਿਆਈ ਤੇ ਉਹ ਆਪਣੀ ਕਬਰ ਪੁੱਟਦਾ, ਚਟਾਨ ਵਿੱਚ ਉਹ ਆਪਣੇ ਲਈ ਇੱਕ ਟਿਕਾਣਾ ਘੜਦਾ ਹੈ!”—ਯਸਾਯਾਹ 22:15, 16.

17 ਸ਼ਬਨਾ ‘ਘਰ ਦਾ ਮੁਖ਼ਤਿਆਰ ਸੀ।’ ਇਹ ਘਰ ਸ਼ਾਇਦ ਰਾਜਾ ਹਿਜ਼ਕੀਯਾਹ ਦਾ ਸੀ। ਇਸ ਮੁਖ਼ਤਿਆਰੀ ਦੇ ਕਾਰਨ ਉਸ ਦੀ ਉੱਚੀ ਪਦਵੀ ਸੀ ਅਤੇ ਰਾਜੇ ਤੋਂ ਬਾਅਦ ਉਹ ਦੂਜੇ ਦਰਜੇ ਤੇ ਸੀ। ਇਸ ਲਈ ਉਸ ਦੀਆਂ ਕਾਫ਼ੀ ਜ਼ਿੰਮੇਵਾਰੀਆਂ ਸਨ। (1 ਕੁਰਿੰਥੀਆਂ 4:2) ਘੇਰਾਬੰਦੀ ਦੇ ਸਮੇਂ ਉਸ ਨੂੰ ਕੌਮ ਦੇ ਕੰਮਾਂ ਵੱਲ ਪੂਰਾ ਧਿਆਨ ਦੇਣਾ ਚਾਹੀਦਾ ਸੀ, ਪਰ ਇਸ ਦੀ ਬਜਾਇ ਉਸ ਨੇ ਆਪਣੀ ਹੀ ਵਡਿਆਈ ਚਾਹੀ। ਉਹ ਕਿਸੇ ਉੱਚੀ ਚਟਾਨ ਤੇ ਆਪਣੇ ਲਈ ਇਕ ਅਜਿਹੀ ਸ਼ਾਨਦਾਰ ਕਬਰ ਘੜਵਾ ਰਿਹਾ ਸੀ ਜੋ ਕਿ ਰਾਜਿਆਂ ਦੇ ਲਾਇਕ ਸੀ। ਯਹੋਵਾਹ ਨੇ ਇਹ ਦੇਖਿਆ ਅਤੇ ਇਸ ਬੇਵਫ਼ਾ ਮੁਖ਼ਤਿਆਰ ਨੂੰ ਚੇਤਾਵਨੀ ਦੇਣ ਲਈ ਯਸਾਯਾਹ ਨੂੰ ਪ੍ਰੇਰਿਤ ਕੀਤਾ: “ਵੇਖੋ, ਹੇ ਸੂਰਮੇ, ਯਹੋਵਾਹ ਤੈਨੂੰ ਵਗਾਹ ਕੇ ਸੁੱਟ ਦੇਵੇਗਾ! ਉਹ ਤੈਨੂੰ ਫੜ ਛੱਡੇਗਾ। ਉਹ ਜ਼ੋਰ ਨਾਲ ਘੁਮਾ ਘੁਮਾ ਕੇ ਤੈਨੂੰ ਖਿੱਦੋ ਵਾਂਙੁ ਮੋਕਲੇ ਦੇਸ ਵਿੱਚ ਸੁੱਟੇਗਾ, ਉੱਥੇ ਤੂੰ ਮਰੇਂਗਾ ਅਤੇ ਉੱਥੇ ਤੇਰੇ ਸ਼ਾਨਦਾਰ ਰਥ ਹੋਣਗੇ, ਹੇ ਤੂੰ ਆਪਣੇ ਮਾਲਕ ਦੇ ਘਰ ਦੀ ਸ਼ਰਮ! ਮੈਂ ਤੈਨੂੰ ਤੇਰੇ ਹੁੱਦੇ ਤੋਂ ਹਟਾ ਦਿਆਂਗਾ ਅਤੇ ਤੂੰ ਆਪਣੇ ਥਾਂ ਤੋਂ ਲਾਹ ਸੁੱਟਿਆ ਜਾਵੇਂਗਾ।” (ਯਸਾਯਾਹ 22:17-19) ਸ਼ਬਨਾ ਨੇ ਸਿਰਫ਼ ਆਪਣੇ ਬਾਰੇ ਹੀ ਸੋਚਿਆ, ਇਸ ਲਈ ਯਰੂਸ਼ਲਮ ਵਿਚ ਉਸ ਦੀ ਕੋਈ ਆਮ ਕਬਰ ਵੀ ਨਹੀਂ ਹੋਵੇਗੀ। ਸਗੋਂ, ਇਕ ਗੇਂਦ ਵਾਂਗ, ਉਸ ਨੂੰ ਕਿਸੇ ਦੂਰ ਦੇਸ਼ ਵਿਚ ਮਰਨ ਲਈ ਵਗਾਹ ਕੇ ਸੁੱਟਿਆ ਜਾਵੇਗਾ। ਇਸ ਵਿਚ ਉਨ੍ਹਾਂ ਸਾਰਿਆਂ ਲਈ ਚੇਤਾਵਨੀ ਹੈ ਜਿਨ੍ਹਾਂ ਨੂੰ ਪਰਮੇਸ਼ੁਰ ਦੇ ਲੋਕਾਂ ਵਿਚਕਾਰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਜੇ ਉਹ ਇਸ ਅਧਿਕਾਰ ਦੀ ਕੁਵਰਤੋਂ ਕਰਨਗੇ, ਤਾਂ ਉਹ ਆਪਣਾ ਇਖ਼ਤਿਆਰ ਖੋਹ ਬੈਠਣਗੇ।

18. ਸ਼ਬਨਾ ਦੀ ਜਗ੍ਹਾ ਕਿਸ ਨੇ ਲਈ ਅਤੇ ਇਸ ਦਾ ਕੀ ਮਤਲਬ ਹੈ ਕਿ ਇਸ ਨਵੇਂ ਵਿਅਕਤੀ ਨੂੰ ਮੁਖ਼ਤਿਆਰ ਦਾ ਚੋਗਾ ਅਤੇ ਦਾਊਦ ਦੇ ਘਰ ਦੀ ਕੁੰਜੀ ਦਿੱਤੀ ਗਈ?

18 ਪਰ, ਸ਼ਬਨਾ ਆਪਣੀ ਪਦਵੀ ਤੋਂ ਕਿਵੇਂ ਲਾਹਿਆ ਗਿਆ? ਯਸਾਯਾਹ ਰਾਹੀਂ ਯਹੋਵਾਹ ਨੇ ਸਮਝਾਇਆ: “ਓਸ ਦਿਨ ਐਉਂ ਹੋਵੇਗਾ ਕਿ ਮੈਂ ਆਪਣੇ ਦਾਸ ਹਿਲਕੀਯਾਹ ਦੇ ਪੁੱਤ੍ਰ ਅਲਯਾਕੀਮ ਨੂੰ ਬੁਲਾਵਾਂਗਾ। ਅਤੇ ਮੈਂ ਤੇਰਾ ਚੋਗਾ ਉਸ ਤੇ ਪਾਵਾਂਗਾ ਅਤੇ ਤੇਰੀ ਪੇਟੀ ਨਾਲ ਉਸ ਨੂੰ ਕੱਸਾਂਗਾ ਅਤੇ ਤੇਰੀ ਹਕੂਮਤ ਉਸ ਦੇ ਹੱਥ ਦਿਆਂਗਾ ਅਤੇ ਉਹ ਯਰੂਸ਼ਲਮ ਦੇ ਵਾਸੀਆਂ ਦਾ ਅਤੇ ਯਹੂਦਾਹ ਦੇ ਘਰਾਣੇ ਦਾ ਪਿਤਾ ਹੋਵੇਗਾ। ਮੈਂ ਉਹ ਦੇ ਮੋਢੇ ਉੱਤੇ ਦਾਊਦ ਦੇ ਘਰ ਦੀ ਕੁੰਜੀ ਰੱਖਾਂਗਾ ਤਾਂ ਉਹ ਖੋਲ੍ਹੇਗਾ ਅਰ ਕੋਈ ਬੰਦ ਨਾ ਕਰੇਗਾ ਅਤੇ ਉਹ ਬੰਦ ਕਰੇਗਾ ਅਰ ਕੋਈ ਖੋਲ੍ਹੇਗਾ ਨਾ।” (ਯਸਾਯਾਹ 22:20-22) ਸ਼ਬਨਾ ਦੀ ਜਗ੍ਹਾ ਅਲਯਾਕੀਮ ਨੇ ਲੈ ਲਈ। ਉਸ ਨੂੰ ਮੁਖ਼ਤਿਆਰ ਦਾ ਚੋਗਾ ਅਤੇ ਦਾਊਦ ਦੇ ਘਰ ਦੀ ਕੁੰਜੀ ਦਿੱਤੀ ਗਈ। ਬਾਈਬਲ ਵਿਚ “ਕੁੰਜੀ” ਦਾ ਅਰਥ ਅਧਿਕਾਰ, ਹਕੂਮਤ, ਜਾਂ ਹੱਕ ਵੀ ਹੋ ਸਕਦਾ ਹੈ। (ਮੱਤੀ 16:19 ਦੀ ਤੁਲਨਾ ਕਰੋ।) ਪੁਰਾਣੇ ਜ਼ਮਾਨੇ ਵਿਚ, ਰਾਜੇ ਦੇ ਸਲਾਹਕਾਰ ਨੂੰ ਕੁੰਜੀਆਂ ਦਿੱਤੀਆਂ ਜਾਂਦੀਆਂ ਸਨ, ਸ਼ਾਇਦ ਸ਼ਾਹੀ ਕਮਰਿਆਂ ਦੀ ਨਿਗਰਾਨੀ ਕਰਨ ਵਾਸਤੇ। ਉਹੀ ਰਾਜੇ ਦੀ ਸੇਵਾ ਲਈ ਸੇਵਾਦਾਰ ਵੀ ਚੁਣਦਾ ਹੁੰਦਾ ਸੀ। (ਪਰਕਾਸ਼ ਦੀ ਪੋਥੀ 3:7, 8 ਦੀ ਤੁਲਨਾ ਕਰੋ।) ਇਸ ਲਈ, ਮੁਖ਼ਤਿਆਰ ਦੀ ਪਦਵੀ ਮਹੱਤਵਪੂਰਣ ਸੀ ਅਤੇ ਮੁਖ਼ਤਿਆਰੀ ਕਰਨ ਵਾਲੇ ਤੋਂ ਕਾਫ਼ੀ ਉਮੀਦ ਰੱਖੀ ਜਾਂਦੀ ਸੀ। (ਲੂਕਾ 12:48) ਸ਼ਬਨਾ ਭਾਵੇਂ ਕਾਬਲ ਸੀ, ਪਰ ਉਸ ਦੀ ਬੇਵਫ਼ਾਈ ਕਰਕੇ ਯਹੋਵਾਹ ਨੇ ਉਸ ਦੀ ਜਗ੍ਹਾ ਤੇ ਕਿਸੇ ਹੋਰ ਨੂੰ ਰੱਖਿਆ।

ਦੋ ਕਿੱਲੇ ਕੌਣ ਸਨ?

19, 20. (ੳ) ਅਲਯਾਕੀਮ ਰਾਹੀਂ ਲੋਕਾਂ ਨੂੰ ਕਿਵੇਂ ਬਰਕਤ ਮਿਲੀ? (ਅ) ਸ਼ਬਨਾ ਉੱਤੇ ਭਰੋਸਾ ਰੱਖਣ ਵਾਲਿਆਂ ਨੂੰ ਕੀ ਹੋਇਆ?

19 ਅੰਤ ਵਿਚ, ਯਹੋਵਾਹ ਨੇ ਤਸਵੀਰੀ ਭਾਸ਼ਾ ਵਿਚ ਸ਼ਬਨਾ ਦੀ ਜਗ੍ਹਾ ਤੇ ਅਲਯਾਕੀਮ ਨੂੰ ਅਧਿਕਾਰ ਮਿਲਣ ਬਾਰੇ ਦੱਸਿਆ: “ਮੈਂ [ਅਲਯਾਕੀਮ] ਨੂੰ ਕੀਲੇ ਵਾਂਙੁ ਪੱਕੇ ਥਾਂ ਵਿੱਚ ਠੋਕਾਂਗਾ ਅਤੇ ਉਹ ਆਪਣੇ ਪਿਤਾ ਦੇ ਘਰਾਣੇ ਲਈ ਇੱਕ ਤੇਜਵਾਨ ਸਿੰਘਾਸਣ ਹੋਵੇਗਾ। ਅਤੇ ਓਹ ਉਹ ਦੇ ਉੱਤੇ ਉਹ ਦੇ ਪਿਤਾ ਦੇ ਘਰਾਣੇ ਦਾ ਸਾਰਾ ਭਾਰ ਪਾ ਦੇਣਗੇ ਅਰਥਾਤ ਆਲ ਔਲਾਦ, ਸਾਰੇ ਛੋਟੇ ਭਾਂਡੇ ਕਟੋਰਿਆਂ ਤੋਂ ਲੈਕੇ ਸਾਰੀਆਂ ਗਾਗਰਾਂ ਤੀਕ। ਓਸ ਦਿਨ, ਸੈਨਾਂ ਦੇ ਯਹੋਵਾਹ ਦਾ ਵਾਕ ਹੈ, ਉਹ ਕੀਲਾ [ਸ਼ਬਨਾ] ਜਿਹੜਾ ਪੱਕੇ ਥਾਂ ਵਿੱਚ ਠੋਕਿਆ ਹੋਇਆ ਸੀ ਉਖੜ ਜਾਵੇਗਾ ਅਤੇ ਉਹ ਵੱਢਿਆ ਜਾਵੇਗਾ ਅਤੇ ਡਿੱਗੇਗਾ ਅਤੇ ਉਹ ਬੋਝ ਜਿਹੜਾ ਉਸ ਉੱਤੇ ਹੈ ਅੱਡ ਹੋ ਜਾਵੇਗਾ ਕਿਉਂ ਜੋ ਯਹੋਵਾਹ ਇਉਂ ਬੋਲਿਆ ਹੈ।”—ਯਸਾਯਾਹ 22:23-25.

20 ਇਨ੍ਹਾਂ ਆਇਤਾਂ ਵਿਚ ਪਹਿਲਾ ਕਿੱਲਾ ਅਲਯਾਕੀਮ ਸੀ। ਉਹ ਆਪਣੇ ਪਿਤਾ ਹਿਲਕੀਯਾਹ ਦੇ ਘਰਾਣੇ ਲਈ “ਇੱਕ ਤੇਜਵਾਨ ਸਿੰਘਾਸਣ ਹੋਵੇਗਾ।” ਅਲਯਾਕੀਮ ਨੇ ਸ਼ਬਨਾ ਵਾਂਗ ਆਪਣੇ ਪਿਤਾ ਦੇ ਘਰਾਣੇ ਉੱਤੇ ਬਦਨਾਮੀ ਨਹੀਂ ਲਿਆਂਦੀ। ਅਲਯਾਕੀਮ ਨੇ ਘਰਾਣੇ ਦੇ ਸਾਰੇ ਭਾਂਡਿਆਂ, ਯਾਨੀ ਰਾਜੇ ਦੇ ਹੋਰ ਸੇਵਾਦਾਰਾਂ ਨੂੰ ਪੂਰੀ ਸਹਾਇਤਾ ਦਿੱਤੀ। (2 ਤਿਮੋਥਿਉਸ 2:20, 21) ਦੂਜਾ ਕਿੱਲਾ, ਯਾਨੀ ਸ਼ਬਨਾ ਕਿੰਨਾ ਵੱਖਰਾ ਸੀ। ਭਾਵੇਂ ਉਸ ਦੀ ਜਗ੍ਹਾ ਪੱਕੀ ਲੱਗਦੀ ਸੀ ਪਰ ਉਹ ਉਖੇੜਿਆ ਗਿਆ। ਉਸ ਉੱਤੇ ਭਰੋਸਾ ਰੱਖਣ ਵਾਲੇ ਡਿੱਗ ਪਏ।

21. ਅੱਜ ਦੇ ਜ਼ਮਾਨੇ ਵਿਚ, ਸ਼ਬਨਾ ਵਾਂਗ, ਕਿਸ ਦੀ ਪਦਵੀ ਬਦਲ ਗਈ ਹੈ, ਕਿਉਂ, ਅਤੇ ਕਿਸ ਦੁਆਰਾ?

21 ਸ਼ਬਨਾ ਨਾਲ ਜੋ ਹੋਇਆ ਉਹ ਸਾਨੂੰ ਯਾਦ ਕਰਾਉਂਦਾ ਹੈ ਕਿ ਪਰਮੇਸ਼ੁਰ ਦੀ ਉਪਾਸਨਾ ਕਰਨ ਦਾ ਦਾਅਵਾ ਕਰਨ ਵਾਲਿਆਂ ਵਿੱਚੋਂ ਜਿਹੜੇ ਸੇਵਾ ਕਰਨ ਦੇ ਸਨਮਾਨ ਸਵੀਕਾਰ ਕਰਦੇ ਹਨ, ਉਨ੍ਹਾਂ ਨੂੰ ਇਹ ਸਨਮਾਨ ਦੂਸਰਿਆਂ ਦੀ ਸੇਵਾ ਕਰਨ ਲਈ ਅਤੇ ਯਹੋਵਾਹ ਦੀ ਵਡਿਆਈ ਕਰਨ ਲਈ ਵਰਤਣੇ ਚਾਹੀਦੇ ਹਨ। ਉਨ੍ਹਾਂ ਨੂੰ ਆਪਣੀ ਪਦਵੀ ਦਾ ਨਾਜਾਇਜ਼ ਫ਼ਾਇਦਾ ਨਹੀਂ ਉਠਾਉਣਾ ਚਾਹੀਦਾ ਤਾਂਕਿ ਉਹ ਅਮੀਰ ਬਣ ਸਕਣ ਜਾਂ ਉਨ੍ਹਾਂ ਨੂੰ ਸ਼ੁਹਰਤ ਮਿਲੇ। ਮਿਸਾਲ ਲਈ, ਈਸਾਈ-ਜਗਤ ਨੇ ਕਾਫ਼ੀ ਸਮੇਂ ਤੋਂ ਆਪਣੇ ਆਪ ਨੂੰ ਧਰਤੀ ਉੱਤੇ ਯਿਸੂ ਮਸੀਹ ਦਾ ਠਹਿਰਾਇਆ ਹੋਇਆ ਮੁਖ਼ਤਿਆਰ ਸਮਝਿਆ ਹੈ। ਲੇਕਿਨ, ਜਿਵੇਂ ਸ਼ਬਨਾ ਨੇ ਆਪਣੀ ਵਡਿਆਈ ਭਾਲ ਕੇ ਆਪਣੇ ਪਿਤਾ ਨੂੰ ਬਦਨਾਮ ਕੀਤਾ ਸੀ, ਉਸੇ ਤਰ੍ਹਾਂ ਈਸਾਈ-ਜਗਤ ਦੇ ਆਗੂਆਂ ਨੇ ਆਪਣੇ ਲਈ ਧਨ ਖੱਟ ਕੇ ਅਤੇ ਅਧਿਕਾਰ ਚਲਾ ਕੇ ਸਿਰਜਣਹਾਰ ਦਾ ਅਪਮਾਨ ਕੀਤਾ ਹੈ। ਇਸ ਲਈ, 1918 ਵਿਚ ਜਦੋਂ “ਪਰਮੇਸ਼ੁਰ ਦੇ ਘਰੋਂ” ਨਿਆਉਂ ਸ਼ੁਰੂ ਹੋਇਆ, ਤਾਂ ਯਹੋਵਾਹ ਨੇ ਈਸਾਈ-ਜਗਤ ਨੂੰ ਉਖੇੜ ਦਿੱਤਾ। ਧਰਤੀ ਉੱਤੇ ਇਕ ਹੋਰ ਮੁਖ਼ਤਿਆਰ, ਯਾਨੀ “ਮਾਤਬਰ ਅਤੇ ਬੁੱਧਵਾਨ ਮੁਖ਼ਤਿਆਰ” ਨੂੰ ਯਿਸੂ ਦੇ ਘਰਾਣੇ ਉੱਤੇ ਠਹਿਰਾਇਆ ਗਿਆ। (1 ਪਤਰਸ 4:17; ਲੂਕਾ 12:42-44) ਇਸ ਸੰਯੁਕਤ ਵਰਗ ਨੇ ਆਪਣੇ ਆਪ ਨੂੰ ਦਾਊਦ ਦੇ ਘਰ ਦੀ “ਕੁੰਜੀ” ਦੀ ਜ਼ਿੰਮੇਵਾਰੀ ਲੈਣ ਦੇ ਲਾਇਕ ਸਾਬਤ ਕੀਤਾ। ਇਕ ਭਰੋਸੇਯੋਗ “ਕੀਲੇ” ਦੀ ਤਰ੍ਹਾਂ, ਇਸ ਨੇ ਸਾਰੇ ‘ਭਾਂਡਿਆਂ’ ਨੂੰ ਪੂਰਾ ਸਹਾਰਾ ਦਿੱਤਾ ਹੈ, ਯਾਨੀ ਵੱਖੋ-ਵੱਖਰੀ ਜ਼ਿੰਮੇਵਾਰੀ ਚੁੱਕਣ ਵਾਲੇ ਉਨ੍ਹਾਂ ਮਸਹ ਕੀਤੇ ਹੋਏ ਮਸੀਹੀਆਂ ਨੂੰ ਸਹਾਰਾ ਦਿੱਤਾ ਹੈ, ਜੋ ਰੂਹਾਨੀ ਭੋਜਨ ਲਈ ਇਸ ਵਰਗ ਉੱਤੇ ਉਮੀਦ ਰੱਖਦੇ ਹਨ। ਪ੍ਰਾਚੀਨ ਯਰੂਸ਼ਲਮ ਵਿਚ ਉਸ ‘ਪਰਦੇਸੀ ਵਾਂਗ ਜਿਹੜਾ ਫਾਟਕਾਂ ਦੇ ਅੰਦਰ ਸੀ,’ ‘ਹੋਰ ਭੇਡਾਂ’ ਇਸ “ਕੀਲੇ,” ਯਾਨੀ ਅੱਜ ਦੇ ਅਲਯਾਕੀਮ ਉੱਤੇ ਨਿਰਭਰ ਕਰਦੀਆਂ ਹਨ।—ਯੂਹੰਨਾ 10:16; ਬਿਵਸਥਾ ਸਾਰ 5:14.

22. (ੳ) ਇਕ ਮੁਖ਼ਤਿਆਰ ਵਜੋਂ ਕਿਸੇ ਹੋਰ ਨੂੰ ਸ਼ਬਨਾ ਦੀ ਜਗ੍ਹਾ ਤੇ ਰੱਖਣਾ ਸਮੇਂ ਸਿਰ ਕਿਉਂ ਸੀ? (ਅ) ਅੱਜ ਦੇ ਜ਼ਮਾਨੇ ਵਿਚ, “ਮਾਤਬਰ ਅਤੇ ਬੁੱਧਵਾਨ ਮੁਖ਼ਤਿਆਰ” ਦਾ ਠਹਿਰਾਉਣਾ ਸਮੇਂ ਸਿਰ ਕਿਉਂ ਹੈ?

22 ਸ਼ਬਨਾ ਦੀ ਜਗ੍ਹਾ ਤੇ ਅਲਯਾਕੀਮ ਨੇ ਉਸ ਸਮੇਂ ਸੇਵਾ ਕੀਤੀ ਜਦੋਂ ਸਨਹੇਰੀਬ ਅਤੇ ਉਸ ਦੀ ਫ਼ੌਜ ਯਰੂਸ਼ਲਮ ਲਈ ਖ਼ਤਰਾ ਪੇਸ਼ ਕਰ ਰਹੇ ਸਨ। ਇਸੇ ਤਰ੍ਹਾਂ, “ਮਾਤਬਰ ਅਤੇ ਬੁੱਧਵਾਨ ਮੁਖ਼ਤਿਆਰ” ਨੂੰ ਅੰਤ ਦੇ ਸਮੇਂ ਦੌਰਾਨ ਸੇਵਾ ਕਰਨ ਲਈ ਠਹਿਰਾਇਆ ਗਿਆ ਹੈ। ਇਸ ਸਮੇਂ ਦੀ ਸਮਾਪਤੀ ਉਦੋਂ ਹੋਵੇਗੀ ਜਦੋਂ ਸ਼ਤਾਨ ਅਤੇ ਉਸ ਦੇ ਬੁਰੇ ਦੂਤ “ਪਰਮੇਸ਼ੁਰ ਦੇ ਇਸਰਾਏਲ” ਅਤੇ ਉਨ੍ਹਾਂ ਦਾ ਸਾਥ ਦੇਣ ਵਾਲੀਆਂ ਹੋਰ ਭੇਡਾਂ ਉੱਤੇ ਆਪਣਾ ਆਖ਼ਰੀ ਹਮਲਾ ਕਰਨਗੇ। (ਗਲਾਤੀਆਂ 6:16) ਜਿਵੇਂ ਹਿਜ਼ਕੀਯਾਹ ਦੇ ਸਮੇਂ ਵਿਚ ਹੋਇਆ ਸੀ, ਉਸੇ ਤਰ੍ਹਾਂ ਇਸ ਹਮਲੇ ਦਾ ਨਤੀਜਾ ਧਾਰਮਿਕਤਾ ਦੇ ਦੁਸ਼ਮਣਾਂ ਦਾ ਨਾਸ਼ ਹੋਵੇਗਾ। ਜਿਹੜੇ ਲੋਕ ‘ਪੱਕੇ ਥਾਂ ਵਿੱਚ ਠੋਕੇ ਕੀਲੇ,’ ਯਾਨੀ ਵਫ਼ਾਦਾਰ ਮੁਖ਼ਤਿਆਰ ਤੋਂ ਸਹਾਰਾ ਲੈਂਦੇ ਹਨ, ਉਹ ਬਚਣਗੇ, ਠੀਕ ਜਿਵੇਂ ਯਰੂਸ਼ਲਮ ਦੇ ਵਫ਼ਾਦਾਰ ਵਾਸੀ ਯਹੂਦਾਹ ਉੱਤੇ ਅੱਸ਼ੂਰੀ ਹਮਲੇ ਵਿੱਚੋਂ ਬਚ ਨਿਕਲੇ ਸਨ। ਤਾਂ ਫਿਰ, ਇਹ ਕਿੰਨੀ ਬੁੱਧੀਮਤਾ ਦੀ ਗੱਲ ਹੈ ਕਿ ਅਸੀਂ ਈਸਾਈ-ਜਗਤ ਦੇ ਬਦਨਾਮ “ਕੀਲੇ” ਨਾਲ ਨਾ ਬੱਝੀਏ!

23. ਅਖ਼ੀਰ ਵਿਚ ਸ਼ਬਨਾ ਨਾਲ ਕੀ ਹੋਇਆ ਸੀ ਅਤੇ ਅਸੀਂ ਇਸ ਤੋਂ ਕੀ ਸਬਕ ਸਿੱਖ ਸਕਦੇ ਹਾਂ?

23 ਸ਼ਬਨਾ ਨਾਲ ਕੀ ਹੋਇਆ ਸੀ? ਸਾਨੂੰ ਇਸ ਗੱਲ ਬਾਰੇ ਕੁਝ ਵੀ ਨਹੀਂ ਦੱਸਿਆ ਗਿਆ ਕਿ ਯਸਾਯਾਹ 22:18 ਵਿਚ ਉਸ ਬਾਰੇ ਲਿਖੀ ਗਈ ਭਵਿੱਖਬਾਣੀ ਕਿਵੇਂ ਪੂਰੀ ਹੋਈ ਸੀ। ਜਦੋਂ ਉਸ ਨੇ ਆਪਣੀ ਵਡਿਆਈ ਕਰਨੀ ਚਾਹੀ ਤਾਂ ਉਸ ਦੀ ਬਦਨਾਮੀ ਹੋਈ, ਇਸ ਤਰ੍ਹਾਂ ਉਹ ਈਸਾਈ-ਜਗਤ ਵਰਗਾ ਸੀ। ਪਰ ਹੋ ਸਕਦਾ ਹੈ ਕਿ ਉਸ ਨੇ ਤਾੜਨਾ ਤੋਂ ਸਬਕ ਸਿੱਖ ਲਿਆ ਹੋਵੇ। ਇਸ ਵਿਚ ਉਹ ਈਸਾਈ-ਜਗਤ ਵਰਗਾ ਨਹੀਂ ਸੀ। ਜਦੋਂ ਅੱਸ਼ੂਰੀ ਰਬਸ਼ਾਕੇਹ ਨੇ ਯਰੂਸ਼ਲਮ ਨੂੰ ਹਾਰ ਸਵੀਕਾਰ ਕਰਨ ਲਈ ਲਲਕਾਰਿਆ ਸੀ, ਤਾਂ ਹਿਜ਼ਕੀਯਾਹ ਦਾ ਨਵਾਂ ਮੁਖ਼ਤਿਆਰ ਅਲਯਾਕੀਮ ਉਸ ਨੂੰ ਮਿਲਣ ਲਈ ਆਪਣੇ ਨਾਲ ਇਕ ਸਮੂਹ ਨੂੰ ਲੈ ਕੇ ਗਿਆ ਸੀ। ਪਰ, ਰਾਜੇ ਦੇ ਮੁਨੀਮ ਵਜੋਂ ਸ਼ਬਨਾ ਵੀ ਉਸ ਦੇ ਨਾਲ ਸੀ। ਇਹ ਗੱਲ ਸਾਫ਼ ਜ਼ਾਹਰ ਕਰਦੀ ਹੈ ਕਿ ਉਹ ਅਜੇ ਵੀ ਰਾਜੇ ਲਈ ਕੰਮ ਕਰ ਰਿਹਾ ਸੀ। (ਯਸਾਯਾਹ 36:2, 22) ਇਹ ਉਨ੍ਹਾਂ ਵਾਸਤੇ ਕਿੰਨਾ ਵਧੀਆ ਸਬਕ ਹੈ ਜੋ ਪਰਮੇਸ਼ੁਰ ਦੇ ਸੰਗਠਨ ਵਿਚ ਸੇਵਾ ਕਰਨ ਦੀਆਂ ਪਦਵੀਆਂ ਗੁਆ ਬੈਠਦੇ ਹਨ! ਰੁੱਖੇ ਅਤੇ ਗੁੱਸੇ ਹੋਣ ਦੀ ਬਜਾਇ, ਉਨ੍ਹਾਂ ਲਈ ਬੁੱਧੀਮਤਾ ਦੀ ਗੱਲ ਇਹ ਹੋਵੇਗੀ ਕਿ ਉਹ ਆਪਣੇ ਹਾਲਾਤਾਂ ਦੇ ਮੁਤਾਬਕ ਜਿੰਨਾ ਕਰ ਸਕਣ, ਉੱਨਾ ਯਹੋਵਾਹ ਦੀ ਸੇਵਾ ਵਿਚ ਕਰਦੇ ਰਹਿਣ। (ਇਬਰਾਨੀਆਂ 12:6) ਇਸ ਤਰ੍ਹਾਂ ਕਰਨ ਨਾਲ ਉਹ ਈਸਾਈ-ਜਗਤ ਉੱਤੇ ਆਉਣ ਵਾਲੀ ਤਬਾਹੀ ਤੋਂ ਬਚ ਜਾਣਗੇ। ਉਨ੍ਹਾਂ ਉੱਤੇ ਹਮੇਸ਼ਾ ਲਈ ਪਰਮੇਸ਼ੁਰ ਦੀ ਕਿਰਪਾ ਅਤੇ ਅਸੀਸ ਹੋਵੇਗੀ।

[ਫੁਟਨੋਟ]

^ ਪੈਰਾ 6 ਕਈ ਯਹੂਦੀ 66 ਸਾ.ਯੁ. ਵਿਚ ਖ਼ੁਸ਼ ਹੋਏ ਸਨ ਜਦੋਂ ਯਰੂਸ਼ਲਮ ਦੁਆਲੇ ਘੇਰਾ ਪਾਉਣ ਵਾਲੀਆਂ ਰੋਮੀ ਫ਼ੌਜਾਂ ਪਿੱਛੇ ਹਟ ਗਈਆਂ ਸਨ।

^ ਪੈਰਾ 6 ਪਹਿਲੀ ਸਦੀ ਦੇ ਇਤਿਹਾਸਕਾਰ ਜੋਸੀਫ਼ਸ ਅਨੁਸਾਰ 70 ਸਾ.ਯੁ. ਵਿਚ ਕਾਲ਼ ਇੰਨਾ ਸਖ਼ਤ ਸੀ ਕਿ ਲੋਕਾਂ ਨੇ ਚਮੜਾ ਅਤੇ ਘਾਹ-ਫੂਸ ਵੀ ਖਾਧਾ। ਇਕ ਘਟਨਾ ਵਿਚ, ਇਕ ਮਾਂ ਨੇ ਆਪਣੇ ਪੁੱਤਰ ਨੂੰ ਵੀ ਭੁੰਨ ਕੇ ਖਾਧਾ ਸੀ।

^ ਪੈਰਾ 10 ਜਾਂ, ਹੋ ਸਕਦਾ ਹੈ ਕਿ “ਯਹੂਦਾਹ ਦਾ ਪੜਦਾ” ਸ਼ਹਿਰ ਦੀ ਰੱਖਿਆ ਲਈ ਕੋਈ ਹੋਰ ਚੀਜ਼ ਸੀ, ਜਿਵੇਂ ਕਿ ਉਹ ਕਿਲ੍ਹੇ ਜਿੱਥੇ ਹਥਿਆਰ ਰੱਖੇ ਜਾਂਦੇ ਸਨ ਅਤੇ ਜਿੱਥੇ ਫ਼ੌਜੀ ਰਹਿੰਦੇ ਸਨ।

[ਸਵਾਲ]

[ਸਫ਼ਾ 231 ਉੱਤੇ ਤਸਵੀਰ]

ਜਦੋਂ ਸਿਦਕੀਯਾਹ ਭੱਜਿਆ ਸੀ, ਉਹ ਫੜਿਆ ਅਤੇ ਅੰਨ੍ਹਾ ਕੀਤਾ ਗਿਆ ਸੀ

[ਸਫ਼ੇ 232, 233 ਉੱਤੇ ਤਸਵੀਰ]

ਯਰੂਸ਼ਲਮ ਵਿਚ ਫਸੇ ਯਹੂਦੀਆਂ ਦਾ ਭਵਿੱਖ ਭਿਆਨਕ ਸੀ

[ਸਫ਼ਾ 239 ਉੱਤੇ ਤਸਵੀਰ]

ਅਲਯਾਕੀਮ ‘ਪੱਕੇ ਥਾਂ ਵਿੱਚ ਕੀਲੇ ਵਾਂਙ’ ਠਹਿਰਾਇਆ ਗਿਆ ਸੀ

[ਸਫ਼ਾ 241 ਉੱਤੇ ਤਸਵੀਰ]

ਸ਼ਬਨਾ ਵਾਂਗ, ਈਸਾਈ-ਜਗਤ ਦੇ ਕਈਆਂ ਆਗੂਆਂ ਨੇ ਧਨ-ਦੌਲਤ ਖੱਟ ਕੇ ਸਿਰਜਣਹਾਰ ਦਾ ਅਪਮਾਨ ਕੀਤਾ ਹੈ

[ਸਫ਼ਾ 242 ਉੱਤੇ ਤਸਵੀਰਾਂ]

ਅੱਜ ਦੇ ਜ਼ਮਾਨੇ ਵਿਚ ਇਕ ਵਰਗ ਨੂੰ ਵਫ਼ਾਦਾਰ ਮੁਖ਼ਤਿਆਰ ਵਜੋਂ ਯਿਸੂ ਦੇ ਘਰਾਣੇ ਉੱਤੇ ਠਹਿਰਾਇਆ ਗਿਆ ਹੈ