Skip to content

Skip to table of contents

ਬੇਵਫ਼ਾ ਅੰਗੂਰੀ ਬਾਗ਼ ਉੱਤੇ ਲਾਨ੍ਹਤ!

ਬੇਵਫ਼ਾ ਅੰਗੂਰੀ ਬਾਗ਼ ਉੱਤੇ ਲਾਨ੍ਹਤ!

ਸੱਤਵਾਂ ਅਧਿਆਇ

ਬੇਵਫ਼ਾ ਅੰਗੂਰੀ ਬਾਗ਼ ਉੱਤੇ ਲਾਨ੍ਹਤ!

ਯਸਾਯਾਹ 5:1-30

1, 2. “ਬਾਲਮ” ਨੇ ਕੀ ਲਾਇਆ ਸੀ, ਪਰ ਉਹ ਨਿਰਾਸ਼ ਕਿਉਂ ਹੋਇਆ?

“ਇਹ ਦ੍ਰਿਸ਼ਟਾਂਤ ਮਿੱਠੀ ਬੋਲੀ ਇਸਤੇਮਾਲ ਕਰਨ ਵਿਚ ਅਤੇ ਪੈਗ਼ਾਮ ਦਾ ਅਰਥ ਚੰਗੀ ਤਰ੍ਹਾਂ ਦੱਸਣ ਵਿਚ ਬੇਮਿਸਾਲ ਹੈ।” ਬਾਈਬਲ ਦੇ ਇਕ ਟੀਕਾਕਾਰ ਨੇ ਯਸਾਯਾਹ ਦੇ ਪੰਜਵੇਂ ਅਧਿਆਇ ਦੀਆਂ ਪਹਿਲੀਆਂ ਆਇਤਾਂ ਬਾਰੇ ਇਹ ਕਿਹਾ। ਕਲਾ ਦਿਖਾਉਣ ਤੋਂ ਇਲਾਵਾ, ਯਸਾਯਾਹ ਦੇ ਸ਼ਬਦ ਸੋਹਣੀ ਤਰ੍ਹਾਂ ਸਮਝਾਉਂਦੇ ਹਨ ਕਿ ਯਹੋਵਾਹ ਨੇ ਆਪਣੇ ਲੋਕਾਂ ਦੀ ਪਿਆਰ ਨਾਲ ਦੇਖ-ਭਾਲ ਕੀਤੀ ਸੀ। ਨਾਲੇ, ਇਹ ਸ਼ਬਦ ਸਾਨੂੰ ਉਨ੍ਹਾਂ ਚੀਜ਼ਾਂ ਬਾਰੇ ਚੇਤਾਵਨੀ ਦਿੰਦੇ ਹਨ ਜੋ ਯਹੋਵਾਹ ਨੂੰ ਖ਼ੁਸ਼ ਨਹੀਂ ਕਰਦੀਆਂ।

2 ਯਸਾਯਾਹ ਦਾ ਦ੍ਰਿਸ਼ਟਾਂਤ ਇਸ ਤਰ੍ਹਾਂ ਸ਼ੁਰੂ ਹੋਇਆ: “ਮੈਂ ਆਪਣੇ ਬਾਲਮ ਲਈ ਉਹ ਦੇ ਅੰਗੂਰੀ ਬਾਗ ਦੇ ਵਿਖੇ ਇੱਕ ਪ੍ਰੇਮ ਰਤਾ ਗੀਤ ਗਾਵਾਂ,—ਮੇਰੇ ਬਾਲਮ ਦਾ ਇੱਕ ਅੰਗੂਰੀ ਬਾਗ ਇੱਕ ਫਲਦਾਰ ਟਿੱਬੇ ਉੱਤੇ ਸੀ। ਉਹ ਨੇ ਉਸ ਨੂੰ ਗੁੱਡਿਆ ਅਤੇ ਉਸ ਦੇ ਪੱਥਰ ਕੱਢ ਸੁੱਟੇ, ਅਤੇ ਉਸ ਵਿੱਚ ਚੰਗੀਆਂ ਦਾਬਾਂ ਲਾਈਆਂ, ਅਤੇ ਉਸ ਦੇ ਵਿੱਚਕਾਰ ਇੱਕ ਬੁਰਜ ਉਸਾਰਿਆ, ਨਾਲੇ ਉਸ ਵਿੱਚ ਇੱਕ ਚੁਬੱਚਾ ਪੁੱਟਿਆ, ਤਾਂ ਓਸ ਉਡੀਕਿਆ ਭਈ ਉਸ ਵਿੱਚ ਚੰਗੇ ਅੰਗੂਰ ਲੱਗਣ, ਪਰ ਲੱਗੇ ਜੰਗਲੀ ਅੰਗੂਰ।”—ਯਸਾਯਾਹ 5:1, 2. ਮਰਕੁਸ 12:1 ਦੀ ਤੁਲਨਾ ਕਰੋ।

ਅੰਗੂਰੀ ਬਾਗ਼ ਦੀ ਦੇਖ-ਭਾਲ

3, 4. ਅੰਗੂਰੀ ਬਾਗ਼ ਲਾਉਣ ਵਿਚ ਕਿਹੋ ਜਿਹੀ ਮਿਹਨਤ ਕੀਤੀ ਗਈ?

3 ਚਾਹੇ ਯਸਾਯਾਹ ਨੇ ਇਹ ਦ੍ਰਿਸ਼ਟਾਂਤ ਇਕ ਗੀਤ ਗਾ ਕੇ ਸੁਣਾਇਆ ਜਾਂ ਨਹੀਂ, ਪਰ ਇਸ ਨੇ ਸੁਣਨ ਵਾਲਿਆਂ ਦਾ ਧਿਆਨ ਜ਼ਰੂਰ ਖਿੱਚਿਆ। ਯਸਾਯਾਹ ਦੇ ਸਪੱਸ਼ਟ ਅਤੇ ਅਸਲੀ ਵਰਣਨ ਤੋਂ ਕਈ ਲੋਕ ਸ਼ਾਇਦ ਜਾਣਦੇ ਸਨ ਕਿ ਅੰਗੂਰੀ ਬਾਗ਼ ਲਾਉਣ ਵਿਚ ਕਿੰਨੀ ਜ਼ਿਆਦਾ ਮਿਹਨਤ ਕਰਨੀ ਪੈਂਦੀ ਸੀ। ਅੱਜ ਦੇ ਜ਼ਮਾਨੇ ਦੇ ਵੇਲਾਂ ਲਾਉਣ ਵਾਲਿਆਂ ਵਾਂਗ, ਅੰਗੂਰੀ ਬਾਗ਼ ਦੇ ਮਾਲਕ ਨੇ ਅੰਗੂਰਾਂ ਦੇ ਬੀ ਨਹੀਂ ਬੀਜੇ ਸਗੋਂ ਇਕ ‘ਚੰਗੀ’ ਦਾਖ ਵੇਲ ਲਾਈ, ਯਾਨੀ ਹੋਰ ਵੇਲ ਦੀ ਟਾਹਣੀ ਕੱਟ ਕੇ ਲਾਈ। ਇਹ ਉਚਿਤ ਸੀ ਕਿ ਉਸ ਨੇ ਇਸ ਅੰਗੂਰੀ ਬਾਗ਼ ਨੂੰ “ਇੱਕ ਫਲਦਾਰ ਟਿੱਬੇ ਉੱਤੇ” ਲਾਇਆ, ਅਜਿਹੀ ਜਗ੍ਹਾ ਜਿੱਥੇ ਇਹ ਵਧੇ-ਫੁੱਲੇਗਾ।

4 ਇਕ ਅੰਗੂਰੀ ਬਾਗ਼ ਤੋਂ ਫਲ ਹਾਸਲ ਕਰਨ ਲਈ ਸਖ਼ਤ ਮਿਹਨਤ ਦੀ ਜ਼ਰੂਰਤ ਹੁੰਦੀ ਹੈ। ਯਸਾਯਾਹ ਨੇ ਕਿਹਾ ਕਿ ਮਾਲਕ ‘ਜ਼ਮੀਨ ਨੂੰ ਗੁੱਡਦਾ ਅਤੇ ਉਸ ਦੇ ਪੱਥਰ ਕੱਢ ਸੁੱਟਦਾ ਹੈ।’ ਵਾਕਈ, ਬੜੀ ਮਿਹਨਤ ਦੀ ਲੋੜ ਸੀ! ਉਸ ਨੇ ਸ਼ਾਇਦ ਵੱਡੇ ਪੱਥਰਾਂ ਨਾਲ “ਇੱਕ ਬੁਰਜ ਉਸਾਰਿਆ।” ਪੁਰਾਣੇ ਜ਼ਮਾਨੇ ਵਿਚ ਪਹਿਰੇਦਾਰ ਅਜਿਹੇ ਬੁਰਜਾਂ ਉੱਤੇ ਖੜ੍ਹੇ ਹੋ ਕੇ ਚੋਰਾਂ ਅਤੇ ਜਾਨਵਰਾਂ ਤੋਂ ਫ਼ਸਲ ਦੀ ਰਾਖੀ ਕਰਦੇ ਸਨ। * ਇਸ ਤੋਂ ਇਲਾਵਾ, ਮਾਲਕ ਨੇ ਅੰਗੂਰੀ ਬਾਗ਼ ਦੇ ਦੁਆਲੇ ਕੰਧ ਬਣਾਈ। (ਯਸਾਯਾਹ 5:5) ਇਹ ਕੰਧ ਆਮ ਕਰਕੇ ਉਪਰਲੀ ਮਿੱਟੀ ਨੂੰ ਮੀਂਹ ਨਾਲ ਖੁਰ ਕੇ ਵਹਿਣ ਤੋਂ ਰੋਕਣ ਲਈ ਬਣਾਈ ਜਾਂਦੀ ਸੀ।

5. ਮਾਲਕ ਨੇ ਆਪਣੇ ਅੰਗੂਰੀ ਬਾਗ਼ ਤੋਂ ਕਿਸ ਚੀਜ਼ ਦੀ ਉਮੀਦ ਰੱਖੀ ਸੀ, ਪਰ ਉਸ ਨੂੰ ਕੀ ਮਿਲਿਆ?

5 ਆਪਣੇ ਅੰਗੂਰੀ ਬਾਗ਼ ਦੀ ਰਾਖੀ ਕਰਨ ਲਈ ਇੰਨੀ ਮਿਹਨਤ ਕਰਨ ਤੋਂ ਬਾਅਦ, ਮਾਲਕ ਨੇ ਹਰ ਉਮੀਦ ਰੱਖੀ ਕਿ ਉਸ ਨੂੰ ਫਲ ਲੱਗੇਗਾ। ਇਸ ਦੀ ਉਡੀਕ ਵਿਚ ਉਸ ਨੇ ਅੰਗੂਰ-ਰਸ ਕੱਢਣ ਲਈ ਇਕ ਚੁਬੱਚਾ ਪੁੱਟਿਆ। ਪਰ ਜਿਸ ਫਲ ਦੀ ਉਹ ਉਮੀਦ ਰੱਖਦਾ ਸੀ ਉਸ ਦੀ ਬਜਾਇ ਅੰਗੂਰੀ ਬਾਗ਼ ਵਿਚ ਜੰਗਲੀ ਅੰਗੂਰ ਲੱਗੇ।

ਅੰਗੂਰੀ ਬਾਗ਼ ਅਤੇ ਉਸ ਦਾ ਮਾਲਕ

6, 7. (ੳ) ਅੰਗੂਰੀ ਬਾਗ਼ ਕੀ ਸੀ ਅਤੇ ਉਸ ਦਾ ਮਾਲਕ ਕੌਣ ਸੀ? (ਅ) ਮਾਲਕ ਕਿਹੜਾ ਫ਼ੈਸਲਾ ਸੁਣਨਾ ਚਾਹੁੰਦਾ ਸੀ?

6 ਅੰਗੂਰੀ ਬਾਗ਼ ਕੀ ਸੀ ਅਤੇ ਉਸ ਦਾ ਮਾਲਕ ਕੌਣ ਸੀ? ਮਾਲਕ ਨੇ ਖ਼ੁਦ ਇਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਜਦੋਂ ਉਸ ਨੇ ਕਿਹਾ: “ਹੁਣ ਹੇ ਯਰੂਸ਼ਲਮ ਦੇ ਵਾਸੀਓ ਅਤੇ ਯਹੂਦਾਹ ਦੇ ਮਨੁੱਖੋ, ਮੇਰਾ ਅਤੇ ਮੇਰੇ ਅੰਗੂਰੀ ਬਾਗ ਦਾ ਫ਼ੈਸਲਾ ਕਰੋ। ਹੋਰ ਮੈਂ ਆਪਣੇ ਬਾਗ ਲਈ ਕੀ ਕਰ ਸੱਕਦਾ ਸਾਂ ਜੋ ਮੈਂ ਉਸ ਵਿੱਚ ਨਹੀਂ ਕੀਤਾ? ਜਦ ਮੈਂ ਉਡੀਕਿਆ ਕਿ ਉਸ ਵਿੱਚ ਚੰਗੇ ਅੰਗੂਰ ਲੱਗਣ, ਤਾਂ ਕਿਉਂ ਜੰਗਲੀ ਲੱਗੇ? ਹੁਣ ਮੈਂ ਤੁਹਾਨੂੰ ਦੱਸਦਾ ਹਾਂ, ਭਈ ਮੈਂ ਆਪਣੇ ਅੰਗੂਰੀ ਬਾਗ ਨਾਲ ਕੀ ਕਰਨ ਵਾਲਾ ਹਾਂ। ਮੈਂ ਉਸ ਦੀ ਵਾੜ ਹਟਾ ਦਿਆਂਗਾ, ਅਤੇ ਉਹ ਸੜ ਜਾਵੇਗੀ, ਮੈਂ ਉਸ ਦੀ ਕੰਧ ਢਾਹ ਸੁੱਟਾਂਗਾ, ਅਤੇ ਉਹ ਲਤਾੜੀ ਜਾਵੇਗੀ।”—ਯਸਾਯਾਹ 5:3-5.

7 ਜੀ ਹਾਂ, ਯਹੋਵਾਹ ਹੀ ਅੰਗੂਰੀ ਬਾਗ਼ ਦਾ ਮਾਲਕ ਸੀ, ਅਤੇ ਮਾਨੋ ਉਹ ਇਕ ਅਦਾਲਤ ਵਿਚ ਆਪਣਾ ਅਤੇ ਆਪਣੇ ਬਾਗ਼ ਦਾ ਫ਼ੈਸਲਾ ਸੁਣਨਾ ਚਾਹੁੰਦਾ ਸੀ। ਤਾਂ ਫਿਰ, ਅੰਗੂਰੀ ਬਾਗ਼ ਕੀ ਸੀ? ਮਾਲਕ ਨੇ ਸਮਝਾਇਆ: “ਸੈਨਾਂ ਦੇ ਯਹੋਵਾਹ ਦਾ ਅੰਗੂਰੀ ਬਾਗ ਤਾਂ ਇਸਰਾਏਲ ਦਾ ਘਰਾਣਾ ਹੈ, ਅਤੇ ਯਹੂਦਾਹ ਦੇ ਮਨੁੱਖ ਉਹ ਦਾ ਮਨ ਭਾਉਂਦਾ ਬੂਟਾ ਹੈ।”—ਯਸਾਯਾਹ 5:7ੳ.

8. ਇਸ ਦੀ ਕੀ ਮਹੱਤਤਾ ਹੈ ਕਿ ਯਸਾਯਾਹ ਨੇ ਯਹੋਵਾਹ ਨੂੰ ‘ਆਪਣਾ ਬਾਲਮ’ ਸੱਦਿਆ?

8 ਯਸਾਯਾਹ ਨੇ ਅੰਗੂਰੀ ਬਾਗ਼ ਦੇ ਮਾਲਕ, ਯਹੋਵਾਹ, ਨੂੰ ‘ਮੇਰਾ ਬਾਲਮ’ ਸੱਦਿਆ। (ਯਸਾਯਾਹ 5:1) ਯਸਾਯਾਹ ਦਾ ਯਹੋਵਾਹ ਨਾਲ ਇਕ ਗੂੜ੍ਹਾ ਰਿਸ਼ਤਾ ਸੀ। ਇਸ ਲਈ ਉਹ ਪਿਆਰ ਨਾਲ ਯਹੋਵਾਹ ਬਾਰੇ ਇਹ ਕਹਿ ਸਕਦਾ ਸੀ। (ਅੱਯੂਬ 29:4; ਜ਼ਬੂਰ 25:14 ਦੀ ਤੁਲਨਾ ਕਰੋ।) ਪਰ, ਨਬੀ ਦਾ ਪ੍ਰੇਮ ਆਪਣੇ ਪਰਮੇਸ਼ੁਰ ਲਈ ਉੱਨਾ ਗੂੜ੍ਹਾ ਨਹੀਂ ਸੀ ਜਿੰਨਾ ਪਰਮੇਸ਼ੁਰ ਦਾ ਆਪਣੇ “ਅੰਗੂਰੀ ਬਾਗ,” ਲਈ ਸੀ, ਯਾਨੀ ਉਸ ਕੌਮ ਲਈ ਜਿਸ ਨੂੰ ਉਸ ਨੇ ‘ਲਾਇਆ’ ਸੀ।—ਕੂਚ 15:17; ਜ਼ਬੂਰ 80:8, 9 ਦੀ ਤੁਲਨਾ ਕਰੋ।

9. ਯਹੋਵਾਹ ਨੇ ਆਪਣੀ ਕੌਮ ਨਾਲ ਇਕ ਕੀਮਤੀ ਅੰਗੂਰੀ ਬਾਗ਼ ਦੀ ਤਰ੍ਹਾਂ ਕਿਵੇਂ ਦੇਖ-ਭਾਲ ਕੀਤੀ?

9 ਯਹੋਵਾਹ ਨੇ ਆਪਣੀ ਕੌਮ ਨੂੰ ਕਨਾਨ ਦੇਸ਼ ਵਿਚ ‘ਲਾਇਆ’ ਸੀ ਅਤੇ ਉਨ੍ਹਾਂ ਨੂੰ ਆਪਣੇ ਕਾਨੂੰਨ ਦਿੱਤੇ ਸਨ। ਇਕ ਕੰਧ ਜਾਂ ਵਾੜ ਦੀ ਤਰ੍ਹਾਂ ਇਹ ਕਾਨੂੰਨ ਉਨ੍ਹਾਂ ਨੂੰ ਦੂਸਰੀਆਂ ਕੌਮਾਂ ਦੁਆਰਾ ਭ੍ਰਿਸ਼ਟ ਹੋਣ ਤੋਂ ਬਚਾਉਂਦੇ ਸਨ। (ਕੂਚ 19:5, 6; ਜ਼ਬੂਰ 147:19, 20; ਅਫ਼ਸੀਆਂ 2:14) ਇਸ ਤੋਂ ਇਲਾਵਾ, ਯਹੋਵਾਹ ਨੇ ਉਨ੍ਹਾਂ ਨੂੰ ਸਿੱਖਿਆ ਦੇਣ ਲਈ ਨਿਆਈ, ਜਾਜਕ, ਅਤੇ ਨਬੀ ਦਿੱਤੇ। (2 ਰਾਜਿਆਂ 17:13; ਮਲਾਕੀ 2:7; ਰਸੂਲਾਂ ਦੇ ਕਰਤੱਬ 13:20) ਜਦੋਂ ਵੀ ਕਿਸੇ ਸੈਨਾ ਨੇ ਇਸਰਾਏਲ ਉੱਤੇ ਹਮਲਾ ਕੀਤਾ, ਯਹੋਵਾਹ ਨੇ ਉਸ ਨੂੰ ਬਚਾਉਣ ਵਾਲੇ ਘੱਲੇ। (ਇਬਰਾਨੀਆਂ 11:32, 33) ਇਸ ਲਈ, ਯਹੋਵਾਹ ਨੇ ਪੁੱਛਿਆ: “ਹੋਰ ਮੈਂ ਆਪਣੇ ਬਾਗ ਲਈ ਕੀ ਕਰ ਸੱਕਦਾ ਸਾਂ ਜੋ ਮੈਂ ਉਸ ਵਿੱਚ ਨਹੀਂ ਕੀਤਾ?”

ਅੱਜ ਪਰਮੇਸ਼ੁਰ ਦਾ ਅੰਗੂਰੀ ਬਾਗ਼ ਕੌਣ ਹੈ?

10. ਯਿਸੂ ਨੇ ਅੰਗੂਰੀ ਬਾਗ਼ ਬਾਰੇ ਕਿਹੜਾ ਦ੍ਰਿਸ਼ਟਾਂਤ ਦਿੱਤਾ ਸੀ?

10 ਯਿਸੂ ਸ਼ਾਇਦ ਯਸਾਯਾਹ ਦੇ ਸ਼ਬਦਾਂ ਬਾਰੇ ਸੋਚ ਰਿਹਾ ਸੀ ਜਦੋਂ ਉਸ ਨੇ ਖ਼ੂਨੀ ਮਾਲੀਆਂ ਦਾ ਦ੍ਰਿਸ਼ਟਾਂਤ ਦਿੱਤਾ: “ਇੱਕ ਘਰ ਦਾ ਮਾਲਕ ਸੀ ਜਿਹ ਨੇ ਅੰਗੂਰੀ ਬਾਗ਼ ਲਾਇਆ ਅਤੇ ਉਹ ਦੇ ਚੁਫੇਰੇ ਬਾੜ ਦਿੱਤੀ ਅਤੇ ਉਸ ਵਿੱਚ ਰਸ ਲਈ ਇੱਕ ਚੁਬੱਚਾ ਕੱਢਿਆ ਅਤੇ ਬੁਰਜ ਉਸਾਰਿਆ ਅਰ ਉਹ ਨੂੰ ਮਾਲੀਆਂ ਦੇ ਹੱਥ ਸੌਂਪ ਕੇ ਪਰਦੇਸ ਚੱਲਿਆ ਗਿਆ।” ਦੁੱਖ ਦੀ ਗੱਲ ਹੈ ਕਿ ਮਾਲੀਆਂ ਨੇ ਅੰਗੂਰੀ ਬਾਗ਼ ਦੇ ਮਾਲਕ ਨੂੰ ਧੋਖਾ ਦਿੱਤਾ ਅਤੇ ਉਸ ਦੇ ਪੁੱਤਰ ਨੂੰ ਵੀ ਮਾਰ ਸੁੱਟਿਆ। ਯਿਸੂ ਦੇ ਅਗਲੇ ਸ਼ਬਦ ਦਿਖਾਉਂਦੇ ਹਨ ਕਿ ਇਹ ਦ੍ਰਿਸ਼ਟਾਂਤ ਸਿਰਫ਼ ਪੈਦਾਇਸ਼ੀ ਇਸਰਾਏਲ ਬਾਰੇ ਹੀ ਨਹੀਂ ਸੀ। ਉਸ ਨੇ ਕਿਹਾ ਕਿ “ਪਰਮੇਸ਼ੁਰ ਦਾ ਰਾਜ ਤੁਹਾਥੋਂ [ਪੈਦਾਇਸ਼ੀ ਇਸਰਾਏਲ ਤੋਂ] ਖੋਹਿਆ ਅਤੇ ਪਰਾਈ ਕੌਮ ਨੂੰ ਜਿਹੜੀ ਉਹ ਦੇ ਫਲ ਦੇਵੇ ਦਿੱਤਾ ਜਾਵੇਗਾ।”—ਮੱਤੀ 21:33-41, 43.

11. ਪਹਿਲੀ ਸਦੀ ਵਿਚ ਰੂਹਾਨੀ ਅੰਗੂਰੀ ਬਾਗ਼ ਕੌਣ ਸੀ, ਪਰ ਰਸੂਲਾਂ ਦੀ ਮੌਤ ਤੋਂ ਬਾਅਦ ਕੀ ਹੋਇਆ?

11 ਉਹ ਨਵੀਂ “ਕੌਮ” ਮਸਹ ਕੀਤੇ ਹੋਏ ਮਸੀਹੀਆਂ ਦੀ ਇਕ ਰੂਹਾਨੀ ਕੌਮ ਸਾਬਤ ਹੋਈ, ਜਿਨ੍ਹਾਂ ਦੀ ਗਿਣਤੀ 1,44,000 ਹੈ। ਇਸ ਕੌਮ ਨੂੰ ‘ਪਰਮੇਸ਼ੁਰ ਦਾ ਇਸਰਾਏਲ’ ਸੱਦਿਆ ਜਾਂਦਾ ਹੈ। (ਗਲਾਤੀਆਂ 6:16; 1 ਪਤਰਸ 2:9, 10; ਪਰਕਾਸ਼ ਦੀ ਪੋਥੀ 7:3, 4) ਯਿਸੂ ਨੇ ਇਨ੍ਹਾਂ ਚੇਲਿਆਂ ਦੀ ਤੁਲਨਾ “ਟਹਿਣੀਆਂ” ਨਾਲ ਕੀਤੀ। ਇਹ ਟਾਹਣੀਆਂ “ਸੱਚੀ ਅੰਗੂਰ ਦੀ ਬੇਲ” ਵਿਚ ਹਨ ਜੋ ਬੇਲ ਯਿਸੂ ਨੂੰ ਦਰਸਾਉਂਦੀ ਹੈ। ਇਹ ਕੁਦਰਤੀ ਹੈ ਕਿ ਇਨ੍ਹਾਂ ਟਾਹਣੀਆਂ ਤੇ ਫਲ ਲੱਗਣ ਦੀ ਉਮੀਦ ਰੱਖੀ ਜਾਂਦੀ ਹੈ। (ਯੂਹੰਨਾ 15:1-5) ਉਨ੍ਹਾਂ ਨੂੰ ਮਸੀਹ ਵਰਗੇ ਗੁਣ ਦਿਖਾਉਣੇ ਚਾਹੀਦੇ ਹਨ ਅਤੇ ‘ਰਾਜ ਦੀ ਖ਼ੁਸ਼ ਖ਼ਬਰੀ ਦੇ ਪਰਚਾਰ’ ਦੇ ਕੰਮ ਵਿਚ ਹਿੱਸਾ ਲੈਣਾ ਚਾਹੀਦਾ ਹੈ। (ਮੱਤੀ 24:14; ਗਲਾਤੀਆਂ 5:22, 23) ਲੇਕਿਨ ਬਾਰਾਂ ਰਸੂਲਾਂ ਦੀ ਮੌਤ ਤੋਂ ਬਾਅਦ, ਜਿਨ੍ਹਾਂ ਲੋਕਾਂ ਨੇ “ਸੱਚੀ ਅੰਗੂਰ ਦੀ ਬੇਲ” ਦੀਆਂ ਟਾਹਣੀਆਂ ਹੋਣ ਦਾ ਦਾਅਵਾ ਕੀਤਾ ਹੈ ਉਨ੍ਹਾਂ ਦੀ ਵੱਡੀ ਗਿਣਤੀ ਨਕਲੀ ਸਾਬਤ ਹੋਈ। ਇਨ੍ਹਾਂ ਨੇ ਚੰਗੇ ਫਲ ਪੈਦਾ ਕਰਨ ਦੀ ਬਜਾਇ ਜੰਗਲੀ ਅੰਗੂਰ ਪੈਦਾ ਕੀਤੇ ਹਨ।—ਮੱਤੀ 13:24-30, 38, 39.

12. ਯਸਾਯਾਹ ਦੇ ਸ਼ਬਦ ਈਸਾਈ-ਜਗਤ ਨੂੰ ਦੋਸ਼ੀ ਕਿਵੇਂ ਠਹਿਰਾਉਂਦੇ ਹਨ, ਅਤੇ ਸੱਚੇ ਮਸੀਹੀ ਇਨ੍ਹਾਂ ਸ਼ਬਦਾਂ ਤੋਂ ਕਿਹੜਾ ਸਬਕ ਸਿੱਖ ਸਕਦੇ ਹਨ?

12 ਇਸ ਲਈ, ਯਸਾਯਾਹ ਨੇ ਜੋ ਯਹੂਦਾਹ ਬਾਰੇ ਕਿਹਾ ਸੀ ਉਹ ਅੱਜ ਈਸਾਈ-ਜਗਤ ਉੱਤੇ ਲਾਗੂ ਹੁੰਦਾ ਹੈ। ਉਸ ਦੇ ਇਤਿਹਾਸ ਦੀ ਜਾਂਚ, ਯਾਨੀ ਉਸ ਦੀਆਂ ਲੜਾਈਆਂ, ਉਸ ਦੇ ਧਰਮ-ਯੁੱਧ ਅਤੇ ਉਸ ਦੀਆਂ ਧਰਮ-ਅਦਾਲਤਾਂ ਪ੍ਰਗਟ ਕਰਦੀਆਂ ਹਨ ਕਿ ਉਸ ਦਾ ਫਲ ਕਿੰਨਾ ਖੱਟਾ ਨਿਕਲਿਆ ਹੈ! ਪਰ, ਸੱਚੇ ਅੰਗੂਰੀ ਬਾਗ਼ ਵਜੋਂ ਮਸਹ ਕੀਤੇ ਹੋਏ ਮਸੀਹੀ ਅਤੇ ਉਨ੍ਹਾਂ ਦੇ ਸਾਥੀਆਂ ਦੀ “ਵੱਡੀ ਭੀੜ” ਨੂੰ ਯਸਾਯਾਹ ਦੇ ਸ਼ਬਦਾਂ ਵੱਲ ਧਿਆਨ ਦੇਣਾ ਚਾਹੀਦਾ ਹੈ। (ਪਰਕਾਸ਼ ਦੀ ਪੋਥੀ 7:9) ਜੇਕਰ ਉਨ੍ਹਾਂ ਨੇ ਅੰਗੂਰੀ ਬਾਗ਼ ਦੇ ਮਾਲਕ ਨੂੰ ਖ਼ੁਸ਼ ਕਰਨਾ ਹੈ, ਤਾਂ ਉਨ੍ਹਾਂ ਨੂੰ ਨਿੱਜੀ ਤੌਰ ਤੇ ਅਤੇ ਇਕ ਸਮੂਹ ਵਜੋਂ ਅਜਿਹੇ ਫਲ ਪੈਦਾ ਕਰਨੇ ਚਾਹੀਦੇ ਹਨ ਜੋ ਮਾਲਕ ਨੂੰ ਚੰਗੇ ਲੱਗਦੇ ਹਨ।

“ਜੰਗਲੀ ਅੰਗੂਰ”

13. ਸੜੇ-ਗਲ਼ੇ ਫਲ ਪੈਦਾ ਕਰਨ ਲਈ ਯਹੋਵਾਹ ਆਪਣੇ ਅੰਗੂਰੀ ਬਾਗ਼ ਨੂੰ ਕੀ ਕਰੇਗਾ?

13 ਆਪਣੇ ਅੰਗੂਰੀ ਬਾਗ਼ ਨੂੰ ਲਾਉਣ ਅਤੇ ਉਸ ਦੀ ਦੇਖ-ਭਾਲ ਕਰਨ ਵਿਚ ਇੰਨੀ ਮਿਹਨਤ ਕਰਨ ਤੋਂ ਬਾਅਦ, ਯਹੋਵਾਹ ਨੇ ਪੂਰੀ ਉਮੀਦ ਰੱਖੀ ਕਿ ਇਹ “ਇੱਕ ਰਸਿਆ ਹੋਇਆ ਅੰਗੂਰੀ ਬਾਗ” ਬਣ ਜਾਵੇਗਾ! (ਯਸਾਯਾਹ 27:2) ਪਰ, ਚੰਗੇ ਅੰਗੂਰ ਲੱਗਣ ਦੀ ਬਜਾਇ, ਉਸ ਵਿਚ “ਜੰਗਲੀ ਅੰਗੂਰ,” ਯਾਨੀ ਸੜੇ-ਗਲ਼ੇ ਫਲ ਲੱਗੇ। (ਯਸਾਯਾਹ 5:2; ਯਿਰਮਿਯਾਹ 2:21) ਇਸ ਲਈ, ਯਹੋਵਾਹ ਨੇ ਕਿਹਾ ਕਿ ਉਹ ਕੌਮ ਦੇ ਦੁਆਲਿਓਂ ਸੁਰੱਖਿਆ ਦੇਣ ਵਾਲੀ ਆਪਣੀ “ਵਾੜ” ਹਟਾ ਦੇਵੇਗਾ। ਕੌਮ ‘ਉਜਾੜੀ’ ਅਤੇ ਛੱਡੀ ਜਾਵੇਗੀ ਅਤੇ ਉਸ ਵਿਚ ਸੋਕਾ ਪੈ ਜਾਵੇਗਾ। (ਯਸਾਯਾਹ 5:6 ਪੜ੍ਹੋ।) ਮੂਸਾ ਨੇ ਚੇਤਾਵਨੀ ਦਿੱਤੀ ਸੀ ਕਿ ਇਹੋ ਕੁਝ ਹੋਵੇਗਾ ਜੇਕਰ ਉਨ੍ਹਾਂ ਨੇ ਪਰਮੇਸ਼ੁਰ ਦੀ ਬਿਵਸਥਾ ਦੀ ਉਲੰਘਣਾ ਕੀਤੀ।—ਬਿਵਸਥਾ ਸਾਰ 11:17; 28:63, 64; 29:22, 23.

14. ਯਹੋਵਾਹ ਨੇ ਆਪਣੀ ਕੌਮ ਤੋਂ ਕਿਸ ਤਰ੍ਹਾਂ ਦੇ ਫਲ ਦੀ ਉਮੀਦ ਰੱਖੀ, ਪਰ ਇਸ ਦੀ ਬਜਾਇ ਕੌਮ ਨੇ ਕੀ ਪੈਦਾ ਕੀਤਾ?

14 ਪਰਮੇਸ਼ੁਰ ਨੇ ਉਮੀਦ ਰੱਖੀ ਕਿ ਇਹ ਕੌਮ ਚੰਗੇ ਫਲ ਪੈਦਾ ਕਰੇਗੀ। ਯਸਾਯਾਹ ਦੇ ਜ਼ਮਾਨੇ ਵਿਚ ਰਹਿਣ ਵਾਲੇ ਮੀਕਾਹ ਨੇ ਪੁੱਛਿਆ: “ਯਹੋਵਾਹ ਤੈਥੋਂ ਹੋਰ ਕੀ ਮੰਗਦਾ ਪਰ ਏਹ ਕਿ ਤੂੰ ਇਨਸਾਫ਼ ਕਰ, ਦਯਾ ਨਾਲ ਪ੍ਰੇਮ ਰੱਖ, ਅਤੇ ਅਧੀਨ ਹੋ ਕੇ ਆਪਣੇ ਪਰਮੇਸ਼ੁਰ ਨਾਲ ਚੱਲ?” (ਮੀਕਾਹ 6:8; ਜ਼ਕਰਯਾਹ 7:9) ਪਰ, ਕੌਮ ਨੇ ਯਹੋਵਾਹ ਦੇ ਉਪਦੇਸ਼ ਵੱਲ ਧਿਆਨ ਨਹੀਂ ਦਿੱਤਾ। “[ਪਰਮੇਸ਼ੁਰ ਨੇ] ਨਿਆਉਂ ਨੂੰ ਉਡੀਕਿਆ, ਅਤੇ ਵੇਖੋ, ਖ਼ੂਨ! ਧਰਮ ਨੂੰ, ਅਰ ਵੇਖੋ, ਦੁਹਾਈ!” (ਯਸਾਯਾਹ 5:7ਅ) ਮੂਸਾ ਨੇ ਭਵਿੱਖਬਾਣੀ ਕੀਤੀ ਸੀ ਕਿ ਉਹ ਬੇਵਫ਼ਾ ਕੌਮ “ਸਦੂਮ ਦੀ ਦਾਖ ਬੇਲ” ਤੋਂ ਕੌੜੇ ਅੰਗੂਰ ਪੈਦਾ ਕਰੇਗੀ। (ਬਿਵਸਥਾ ਸਾਰ 32:32) ਤਾਂ ਫਿਰ, ਇਹ ਸੰਭਵ ਹੈ ਕਿ ਜਦੋਂ ਲੋਕਾਂ ਨੇ ਪਰਮੇਸ਼ੁਰ ਦੀ ਬਿਵਸਥਾ ਉੱਤੇ ਚੱਲਣਾ ਛੱਡ ਦਿੱਤਾ, ਤਾਂ ਉਹ ਅਜਿਹੇ ਪਾਪ ਕਰਨ ਲੱਗ ਪਏ ਜਿਵੇਂ ਕਿ ਲਿੰਗੀ ਅਨੈਤਿਕਤਾ, ਖ਼ਾਸ ਕਰਕੇ ਸਮਲਿੰਗਕਾਮੁਕਤਾ। (ਲੇਵੀਆਂ 18:22) ਸ਼ਬਦ “ਖ਼ੂਨ” ਦਾ ਮਤਲਬ “ਕਾਨੂੰਨ ਤੋੜਨਾ” ਵੀ ਹੋ ਸਕਦਾ ਹੈ। ਅਜਿਹੇ ਭੈੜੇ ਸਲੂਕ ਦੇ ਕਾਰਨ ਇੰਨੀ “ਦੁਹਾਈ” ਮਚੀ ਕਿ ਉਹ ਅੰਗੂਰੀ ਬਾਗ਼ ਲਾਉਣ ਵਾਲੇ ਦੇ ਕੰਨੀਂ ਪਹੁੰਚੀ।—ਅੱਯੂਬ 34:28 ਦੀ ਤੁਲਨਾ ਕਰੋ।

15, 16. ਸੱਚੇ ਮਸੀਹੀ ਇਸਰਾਏਲ ਦੀ ਕੌਮ ਵਾਂਗ ਕੌੜੇ ਫਲ ਪੈਦਾ ਕਰਨ ਤੋਂ ਕਿਵੇਂ ਬਚ ਸਕਦੇ ਹਨ?

15 ਯਹੋਵਾਹ ਪਰਮੇਸ਼ੁਰ “ਧਰਮ ਅਤੇ ਨਿਆਉਂ ਨਾਲ ਪ੍ਰੀਤ ਰੱਖਦਾ ਹੈ।” (ਜ਼ਬੂਰ 33:5) ਉਸ ਨੇ ਯਹੂਦੀ ਲੋਕਾਂ ਨੂੰ ਹੁਕਮ ਦਿੱਤਾ ਸੀ: “ਤੁਸਾਂ ਨਿਆਉਂ ਵਿੱਚ ਕੋਈ ਅਨਿਆਉਂ ਨਾ ਕਰਨਾ, ਤੂੰ ਕੰਗਾਲ ਦੀ ਰਈ ਨਾ ਕਰੀਂ, ਨਾ ਸਮਰੱਥੀ ਦਾ ਲਿਹਾਜ ਕਰੀਂ, ਪਰ ਸਚਿਆਈ ਨਾਲ ਤੂੰ ਆਪਣੇ ਗਵਾਂਢੀ ਦਾ ਨਿਆਉ ਕਰੀਂ।” (ਲੇਵੀਆਂ 19:15) ਇਸ ਲਈ ਸਾਨੂੰ ਕਿਸੇ ਦਾ ਪੱਖਪਾਤ ਨਹੀਂ ਕਰਨਾ ਚਾਹੀਦਾ ਹੈ। ਜਾਤ, ਉਮਰ, ਅਮੀਰੀ ਜਾਂ ਗ਼ਰੀਬੀ ਵਰਗੀਆਂ ਚੀਜ਼ਾਂ ਨੂੰ ਲੋਕਾਂ ਬਾਰੇ ਸਾਡੀ ਰਾਇ ਉੱਤੇ ਪ੍ਰਭਾਵ ਨਹੀਂ ਪਾਉਣਾ ਚਾਹੀਦਾ ਹੈ। (ਯਾਕੂਬ 2:1-4) ਇਹ ਖ਼ਾਸ ਕਰਕੇ ਜ਼ਰੂਰੀ ਹੈ ਕਿ ਬਜ਼ੁਰਗ ‘ਕਿਸੇ ਕੰਮ ਵਿੱਚ ਰਈ ਨਾ ਕਰਨ,’ ਪਰ ਕੋਈ ਵੀ ਫ਼ੈਸਲਾ ਕਰਨ ਤੋਂ ਪਹਿਲਾਂ ਦੋਨਾਂ ਪਾਸਿਆਂ ਦੀ ਗੱਲ ਸੁਣਨ।—1 ਤਿਮੋਥਿਉਸ 5:21; ਕਹਾਉਤਾਂ 18:13.

16 ਮਸੀਹੀਆਂ ਨੂੰ ਇਸ ਕੁਧਰਮੀ ਦੁਨੀਆਂ ਵਿਚ ਹੀ ਰਹਿਣਾ ਪੈਂਦਾ ਹੈ। ਇਸ ਲਈ ਉਨ੍ਹਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਕਿ ਉਹ ਹੌਲੀ-ਹੌਲੀ ਇਸ ਦੇ ਬੁਰੇ ਰਵੱਈਏ ਨਾ ਅਪਣਾ ਲੈਣ। ਇਸ ਦੀ ਬਜਾਇ ਸੱਚੇ ਮਸੀਹੀਆਂ ਨੂੰ ਪਰਮੇਸ਼ੁਰ ਦੇ ਹੁਕਮ ਮੰਨਣ ਲਈ ਤਿਆਰ ਰਹਿਣਾ ਚਾਹੀਦਾ ਹੈ। (ਯਾਕੂਬ 3:17) “ਇਸ ਵਰਤਮਾਨ ਬੁਰੇ ਜੁੱਗ” ਦੀ ਬਦਚਲਣੀ ਅਤੇ ਹਿੰਸਾ ਦੇ ਬਾਵਜੂਦ, ਉਨ੍ਹਾਂ ਨੂੰ ‘ਚੌਕਸੀ ਨਾਲ ਵੇਖਣ ਦੀ ਲੋੜ ਹੈ ਭਈਂ ਉਹ ਨਿਰਬੁੱਧਾਂ ਵਾਂਙੁ ਨਹੀਂ ਸਗੋਂ ਬੁੱਧਵਾਨਾਂ ਵਾਂਙੁ ਚੱਲਣ।’ (ਗਲਾਤੀਆਂ 1:4; ਅਫ਼ਸੀਆਂ 5:15) ਉਨ੍ਹਾਂ ਨੂੰ ਸੈਕਸ ਬਾਰੇ ਗ਼ਲਤ ਵਿਚਾਰਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਜਦੋਂ ਉਨ੍ਹਾਂ ਵਿਚ ਕੋਈ ਅਣਬਣ ਹੋ ਜਾਂਦੀ ਹੈ, ਤਾਂ ਉਨ੍ਹਾਂ ਨੂੰ “ਕ੍ਰੋਧ, ਕੋਪ, ਰੌਲਾ, ਅਤੇ ਦੁਰਬਚਨ” ਤੋਂ ਬਿਨਾਂ ਆਪਣੀਆਂ ਸਮੱਸਿਆਵਾਂ ਨੂੰ ਸੁਲਝਾਉਣਾ ਚਾਹੀਦਾ ਹੈ। (ਅਫ਼ਸੀਆਂ 4:31) ਧਾਰਮਿਕਤਾ ਪੈਦਾ ਕਰਨ ਦੁਆਰਾ ਸੱਚੇ ਮਸੀਹੀ ਪਰਮੇਸ਼ੁਰ ਦਾ ਸਤਿਕਾਰ ਕਰਦੇ ਹਨ ਅਤੇ ਉਸ ਦੀ ਕਿਰਪਾ ਹਾਸਲ ਕਰਦੇ ਹਨ।

ਲਾਲਚ ਕਰਨ ਦਾ ਨੁਕਸਾਨ

17. ਯਸਾਯਾਹ ਦੀ ਪਹਿਲੀ ਲਾਨ੍ਹਤ ਵਿਚ ਕਿਹੜੇ ਭੈੜੇ ਕੰਮ ਨਿੰਦੇ ਗਏ ਸਨ?

17 ਅੱਠਵੀਂ ਆਇਤ ਵਿਚ, ਯਸਾਯਾਹ ਯਹੋਵਾਹ ਦੇ ਸ਼ਬਦ ਨਹੀਂ ਬੋਲ ਰਿਹਾ। ਯਹੂਦਾਹ ਦੇ ਕੁਝ ‘ਜੰਗਲੀ ਅੰਗੂਰਾਂ’ ਉੱਤੇ ਦੋਸ਼ ਲਾਉਂਦਾ ਹੋਇਆ, ਉਸ ਨੇ ਛੇ ਲਾਨ੍ਹਤਾਂ ਵਿੱਚੋਂ ਪਹਿਲੀ ਲਾਨ੍ਹਤ ਆਪ ਪਾਈ: “ਹਾਇ ਓਹਨਾਂ ਉੱਤੇ ਜਿਹੜੇ ਘਰ ਨਾਲ ਘਰ ਜੋੜਦੇ, ਅਤੇ ਪੈਲੀ ਨਾਲ ਪੈਲੀ ਰਲਾਉਂਦੇ ਹਨ ਜਦ ਤੋੜੀ ਕੋਈ ਥਾਂ ਨਾ ਰਹੇ, ਅਤੇ ਤੁਹਾਨੂੰ ਦੇਸ ਵਿੱਚ ਅਕੱਲੇ ਵੱਸਣਾ ਪਵੇ! ਸੈਨਾਂ ਦਾ ਯਹੋਵਾਹ ਮੇਰੇ ਕੰਨਾਂ ਵਿੱਚ,—ਸੱਚ ਮੁੱਚ ਬਹੁਤ ਸਾਰੇ ਘਰ ਉੱਜੜ ਜਾਣਗੇ, ਵੱਡੇ ਤੇ ਚੰਗੇ ਓਹ ਬੇ ਚਰਾਗ ਹੋਣਗੇ, ਕਿਉਂ ਜੋ ਦਸ ਘੁਮਾਉਂ ਵਾੜੀ ਤੋਂ ਇੱਕ ਮਣ, ਅਤੇ ਬੀ ਦੇ ਦਸਾਂ ਟੋਪਿਆਂ ਤੋਂ ਇੱਕ ਟੋਪਾ ਹੋਵੇਗਾ।”—ਯਸਾਯਾਹ 5:8-10.

18, 19. ਯਸਾਯਾਹ ਦੇ ਜ਼ਮਾਨੇ ਦੇ ਲੋਕ ਜਾਇਦਾਦ ਬਾਰੇ ਯਹੋਵਾਹ ਦੇ ਕਾਨੂੰਨਾਂ ਨੂੰ ਕਿਵੇਂ ਰੱਦ ਕਰਦੇ ਸਨ, ਅਤੇ ਉਨ੍ਹਾਂ ਲਈ ਇਸ ਦਾ ਨਤੀਜਾ ਕੀ ਹੋਇਆ ਸੀ?

18 ਪ੍ਰਾਚੀਨ ਇਸਰਾਏਲ ਦੀ ਸਾਰੀ ਜ਼ਮੀਨ ਯਹੋਵਾਹ ਦੀ ਹੀ ਸੀ। ਪਰਮੇਸ਼ੁਰ ਨੇ ਹਰੇਕ ਪਰਿਵਾਰ ਨੂੰ ਆਪਣੀ-ਆਪਣੀ ਜ਼ਮੀਨ ਦਿੱਤੀ ਸੀ, ਜੋ ਉਹ ਕਿਰਾਏ ਤੇ ਚਾੜ੍ਹ ਸਕਦੇ ਸਨ ਪਰ ਉਹ “ਸਦਾ ਦੇ ਲਈ” ਵੇਚੀ ਨਹੀਂ ਜਾ ਸਕਦੀ ਸੀ। (ਲੇਵੀਆਂ 25:23) ਇਸ ਕਾਨੂੰਨ ਵਿਚ ਅਜਿਹਾ ਬਚਾਅ ਪਾਇਆ ਜਾਂਦਾ ਸੀ ਕਿ ਸਾਰੀ ਜ਼ਮੀਨ ਇੱਕੋ ਪਰਿਵਾਰ ਦੇ ਹੱਥ ਵਿਚ ਨਾ ਚਲੇ ਜਾਵੇ। ਇਸ ਕਾਨੂੰਨ ਨੇ ਪਰਿਵਾਰਾਂ ਨੂੰ ਸਖ਼ਤ ਗ਼ਰੀਬੀ ਵਿਚ ਪੈਣ ਤੋਂ ਵੀ ਬਚਾਇਆ। ਪਰ, ਯਹੂਦਾਹ ਵਿਚ ਕੁਝ ਲੋਕ ਲਾਲਚ ਦੇ ਕਾਰਨ ਜਾਇਦਾਦ ਬਾਰੇ ਪਰਮੇਸ਼ੁਰ ਦੇ ਕਾਨੂੰਨ ਤੋੜ ਰਹੇ ਸਨ। ਮੀਕਾਹ ਨੇ ਲਿਖਿਆ: “ਓਹ ਖੇਤਾਂ ਦਾ ਲੋਭ ਕਰਦੇ ਹਨ ਅਤੇ ਓਹਨਾਂ ਨੂੰ ਖੋਹ ਲੈਂਦੇ ਹਨ, ਨਾਲੇ ਘਰ ਵੀ ਅਤੇ ਓਹਨਾਂ ਨੂੰ ਲੈ ਲੈਂਦੇ ਹਨ। ਓਹ ਮਰਦ ਅਤੇ ਉਸ ਦੇ ਘਰ ਨੂੰ, ਮਨੁੱਖ ਅਤੇ ਉਸ ਦੀ ਮਿਲਖ ਨੂੰ ਸਤਾਉਂਦੇ ਹਨ।” (ਮੀਕਾਹ 2:2) ਲੇਕਿਨ ਕਹਾਉਤਾਂ 20:21 ਚੇਤਾਵਨੀ ਦਿੰਦਾ ਹੈ: “ਪਹਿਲਾਂ ਲੋਭ ਨਾਲ ਲੱਭੀ ਹੋਈ ਮਿਰਾਸ, ਓੜਕ ਨੂੰ ਮੁਬਾਰਕ ਨਾ ਹੋਵੇਗੀ।”

19 ਯਹੋਵਾਹ ਨੇ ਵਾਅਦਾ ਕੀਤਾ ਕਿ ਉਹ ਇਨ੍ਹਾਂ ਲਾਲਚੀ ਲੋਕਾਂ ਤੋਂ ਨਾਜਾਇਜ਼ ਢੰਗ ਨਾਲ ਲਈਆਂ ਚੀਜ਼ਾਂ ਖੋਹ ਲਵੇਗਾ। ਗ਼ੈਰ-ਕਾਨੂੰਨੀ ਤਰੀਕੇ ਨਾਲ ਹਾਸਲ ਕੀਤੇ ਗਏ ਘਰ “ਬੇ ਚਰਾਗ ਹੋਣਗੇ।” ਜਿਸ ਜ਼ਮੀਨ ਦਾ ਉਹ ਲਾਲਚ ਕਰਦੇ ਸਨ ਉਹ ਪੂਰਾ ਫਲ ਪੈਦਾ ਕਰਨ ਦੀ ਬਜਾਇ ਥੋੜ੍ਹਾ ਫਲ ਪੈਦਾ ਕਰੇਗੀ। ਇਹ ਨਹੀਂ ਦੱਸਿਆ ਗਿਆ ਕਿ ਇਹ ਲਾਨ੍ਹਤ ਕਦੋਂ ਅਤੇ ਕਿਸ ਸਮੇਂ ਪੂਰੀ ਹੋਈ। ਸੰਭਵ ਹੈ ਕਿ ਅਜਿਹੇ ਹਾਲਾਤ ਕਿਸੇ ਹੱਦ ਤਕ ਬਾਬਲੀ ਗ਼ੁਲਾਮੀ ਦੌਰਾਨ ਦੇਖੇ ਗਏ ਸਨ।—ਯਸਾਯਾਹ 27:10.

20. ਅੱਜ ਮਸੀਹੀ ਉਸ ਲਾਲਚੀ ਰਵੱਈਏ ਤੋਂ ਕਿਵੇਂ ਬਚ ਸਕਦੇ ਹਨ ਜੋ ਇਸਰਾਏਲ ਵਿਚ ਕੁਝ ਲੋਕਾਂ ਨੇ ਦਿਖਾਇਆ ਸੀ?

20 ਅੱਜ ਮਸੀਹੀਆਂ ਨੂੰ ਉਸ ਲਾਲਚ ਨਾਲ ਨਫ਼ਰਤ ਕਰਨੀ ਚਾਹੀਦੀ ਹੈ ਜੋ ਕੁਝ ਇਸਰਾਏਲੀਆਂ ਦੁਆਰਾ ਦਿਖਾਇਆ ਗਿਆ ਸੀ। (ਕਹਾਉਤਾਂ 27:20) ਜਦੋਂ ਧਨ-ਦੌਲਤ ਅਤੇ ਹੋਰ ਚੀਜ਼ਾਂ ਜ਼ਿਆਦਾ ਮਹੱਤਤਾ ਰੱਖਣ ਲੱਗ ਪੈਂਦੀਆਂ ਹਨ, ਤਾਂ ਪੈਸੇ ਕਮਾਉਣ ਵਿਚ ਬੇਈਮਾਨ ਹੋਣਾ ਸੌਖਾ ਹੁੰਦਾ ਹੈ। ਇਕ ਵਿਅਕਤੀ ਸੌਖਿਆਂ ਹੀ ਬੁਰੇ ਕਾਰੋਬਾਰ ਵਿਚ ਫਸ ਸਕਦਾ ਜਾਂ ਜਲਦੀ ਪੈਸੇ ਕਮਾਉਣ ਵਾਲੇ ਬੇਈਮਾਨ ਕੰਮਾਂ ਵਿਚ ਪੈ ਸਕਦਾ ਹੈ। “ਜਿਹੜਾ ਧਨਵਾਨ ਹੋਣ ਵਿੱਚ ਕਾਹਲੀ ਕਰਦਾ ਹੈ ਉਹ ਬਿਨਾ ਡੰਨ ਦੇ ਨਾ ਛੁੱਟੇਗਾ।” (ਕਹਾਉਤਾਂ 28:20) ਤਾਂ ਫਿਰ, ਕਿੰਨਾ ਜ਼ਰੂਰੀ ਹੈ ਕਿ ਜੋ ਕੁਝ ਸਾਡੇ ਕੋਲ ਹੈ ਅਸੀਂ ਉਸ ਨਾਲ ਸੰਤੁਸ਼ਟ ਹੋਈਏ!—1 ਤਿਮੋਥਿਉਸ 6:8.

ਬੁਰੇ ਮਨੋਰੰਜਨ ਦਾ ਫੰਧਾ

21. ਯਸਾਯਾਹ ਦੀ ਦੂਜੀ ਲਾਨ੍ਹਤ ਵਿਚ ਕਿਹੜੇ ਪਾਪ ਨਿੰਦੇ ਗਏ?

21 ਹੁਣ ਯਸਾਯਾਹ ਨੇ ਦੂਜੀ ਲਾਨ੍ਹਤ ਪਾਈ: “ਹਾਇ ਓਹਨਾਂ ਉੱਤੇ ਜਿਹੜੇ ਸਵੇਰੇ ਉੱਠ ਬੈਠਦੇ, ਭਈ ਸ਼ਰਾਬ ਦੇ ਪਿੱਛੇ ਦੌੜਨ, ਜਿਹੜੇ ਸੰਝ ਤਿੱਕੁਰ ਠਹਿਰਦੇ ਹਨ, ਭਈ ਮਧ ਓਹਨਾਂ ਨੂੰ ਮਸਤ ਕਰ ਦੇਵੇ! ਓਹਨਾਂ ਦੀਆਂ ਜ਼ਿਆਫ਼ਤਾਂ ਵਿੱਚ ਬਰਬਤ ਤੇ ਸਿਤਾਰ, ਡੱਫ਼, ਬੰਸਰੀ ਤੇ ਮਧ ਤਾਂ ਹਨ, ਪਰ ਓਹ ਯਹੋਵਾਹ ਦੇ ਕੰਮ ਦੀ ਪਰਵਾਹ ਨਹੀਂ ਕਰਦੇ, ਨਾ ਉਹ ਦੀ ਦਸਤਕਾਰੀ ਵੇਖਦੇ ਹਨ।”—ਯਸਾਯਾਹ 5:11, 12.

22. ਇਸਰਾਏਲੀਆਂ ਨੇ ਇਹ ਕਿਵੇਂ ਦਿਖਾਇਆ ਕਿ ਉਹ ਆਪਣੇ ਆਪ ਉੱਤੇ ਕਾਬੂ ਰੱਖਣ ਵਿਚ ਕਮਜ਼ੋਰ ਸਨ, ਅਤੇ ਕੌਮ ਲਈ ਇਸ ਦਾ ਨਤੀਜਾ ਕੀ ਹੋਇਆ?

22 ਯਹੋਵਾਹ “ਖ਼ੁਸ਼ ਪਰਮੇਸ਼ੁਰ” ਹੈ ਅਤੇ ਉਹ ਚਾਹੁੰਦਾ ਹੈ ਕਿ ਉਸ ਦੇ ਸੇਵਕ ਸਹੀ ਮਨੋਰੰਜਨ ਦਾ ਆਨੰਦ ਮਾਣਨ। (1 ਤਿਮੋਥਿਉਸ 1:11, ਨਿ ਵ) ਪਰ, ਯਸਾਯਾਹ ਦੇ ਜ਼ਮਾਨੇ ਵਿਚ ਐਸ਼ ਭਾਲਣ ਵਾਲੇ ਲੋਕ ਸਾਰੀਆਂ ਹੱਦਾਂ ਪਾਰ ਕਰ ਗਏ ਸਨ! ਬਾਈਬਲ ਕਹਿੰਦੀ ਹੈ ਕਿ “ਜਿਹੜੇ ਮਤਵਾਲੇ ਹੁੰਦੇ ਹਨ ਓਹ ਰਾਤ ਨੂੰ ਹੀ ਮਤਵਾਲੇ ਹੁੰਦੇ ਹਨ।” (1 ਥੱਸਲੁਨੀਕੀਆਂ 5:7) ਪਰ ਇਸ ਭਵਿੱਖਬਾਣੀ ਵਿਚ ਰੰਗਰਲੀਆਂ ਮਨਾਉਣ ਵਾਲੇ ਲੋਕਾਂ ਨੇ ਸਵੇਰ ਨੂੰ ਪੀਣਾ ਸ਼ੁਰੂ ਕੀਤਾ ਅਤੇ ਰਾਤ ਤਕ ਪੀਂਦੇ ਰਹਿੰਦੇ ਸਨ! ਉਹ ਇਸ ਤਰ੍ਹਾਂ ਕਰਦੇ ਸਨ ਜਿਵੇਂ ਪਰਮੇਸ਼ੁਰ ਹੈ ਹੀ ਨਹੀਂ, ਅਤੇ ਜਿਵੇਂ ਉਹ ਉਨ੍ਹਾਂ ਤੋਂ ਉਨ੍ਹਾਂ ਦੀਆਂ ਕਰਨੀਆਂ ਦਾ ਲੇਖਾ ਨਹੀਂ ਲਵੇਗਾ। ਯਸਾਯਾਹ ਨੇ ਦੱਸਿਆ ਕਿ ਅਜਿਹੇ ਲੋਕਾਂ ਦਾ ਭਵਿੱਖ ਬੁਰਾ ਹੋਵੇਗਾ। “ਮੇਰੀ ਪਰਜਾ ਬੇਸਮਝੀ ਦੇ ਕਾਰਨ ਅਸੀਰੀ ਵਿੱਚ ਜਾਂਦੀ ਹੈ, ਉਹ ਦੇ ਪਤਵੰਤੇ ਕਾਲ ਨਾਲ ਮਰਦੇ ਹਨ, ਅਤੇ ਉਹ ਦੇ ਆਮ ਤਿਹਾ ਨਾਲ ਤੜਫ਼ਦੇ ਹਨ।” (ਯਸਾਯਾਹ 5:13) ਸੱਚੇ ਗਿਆਨ ਦੇ ਅਨੁਸਾਰ ਕੰਮ ਕਰਨ ਤੋਂ ਇਨਕਾਰ ਕਰਕੇ ਪਰਮੇਸ਼ੁਰ ਦੇ ਨੇਮ-ਬੱਧ ਲੋਕ, ਬਜ਼ੁਰਗ ਅਤੇ ਆਮ ਲੋਕ ਵੀ, ਪਤਾਲ ਵਿਚ ਹੇਠਾਂ ਉੱਤਰੇ ਸਨ।ਯਸਾਯਾਹ 5:14-17 ਪੜ੍ਹੋ।

23, 24. ਮਸੀਹੀਆਂ ਨੂੰ ਕਿਸ ਗੱਲ ਵਿਚ ਆਪਣੇ ਆਪ ਉੱਤੇ ਕਾਬੂ ਰੱਖਣ ਲਈ ਕਿਹਾ ਗਿਆ ਹੈ?

23 “ਬਦਮਸਤੀਆਂ,” ਜਾਂ ਰੰਗਰਲੀਆਂ, ਪਹਿਲੀ ਸਦੀ ਦੇ ਕੁਝ ਮਸੀਹੀਆਂ ਲਈ ਵੀ ਇਕ ਸਮੱਸਿਆ ਸੀ। (ਗਲਾਤੀਆਂ 5:21; 2 ਪਤਰਸ 2:13) ਇਸ ਲਈ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਅੱਜ ਕੁਝ ਸਮਰਪਿਤ ਮਸੀਹੀਆਂ ਨੇ ਪਾਰਟੀਆਂ ਵਿਚ ਸਮਝ ਨਹੀਂ ਵਰਤੀ। ਸ਼ਰਾਬ ਪੀ ਕੇ ਕਈਆਂ ਨੇ ਸ਼ੋਰ-ਸ਼ਰਾਬਾ ਕੀਤਾ ਹੈ ਅਤੇ ਉਹ ਝਗੜਾਲੂ ਬਣੇ ਹਨ। (ਕਹਾਉਤਾਂ 20:1) ਕਈਆਂ ਨੇ ਤਾਂ ਜ਼ਿਆਦਾ ਸ਼ਰਾਬ ਪੀ ਕੇ ਅਨੈਤਿਕ ਕੰਮ ਵੀ ਕੀਤੇ ਹਨ। ਕੁਝ ਪਾਰਟੀਆਂ ਤਕਰੀਬਨ ਸਾਰੀ ਰਾਤ ਚੱਲਦੀਆਂ ਰਹੀਆਂ ਹਨ ਜਿਸ ਕਰਕੇ ਦੂਜੇ ਦਿਨ ਮਸੀਹੀ ਕੰਮਾਂ ਵਿਚ ਰੁਕਾਵਟ ਪਈ ਹੈ।

24 ਪਰ, ਸੰਤੁਲਿਤ ਮਸੀਹੀ ਧਰਮੀ ਫਲ ਪੈਦਾ ਕਰਦੇ ਹਨ ਅਤੇ ਮਨੋਰੰਜਨ ਦੀ ਚੋਣ ਸੋਚ-ਸਮਝ ਕੇ ਕਰਦੇ ਹਨ। ਉਹ ਰੋਮੀਆਂ 13:13 ਵਿਚ ਪੌਲੁਸ ਦੀ ਸਲਾਹ ਵੱਲ ਧਿਆਨ ਦਿੰਦੇ ਹਨ: “ਭਲਮਣਸਊ ਨਾਲ ਚੱਲੀਏ ਜਿੱਕੁਰ ਦਿਨੇ ਚੱਲੀਦਾ ਹੈ, ਨਾ ਬਦਮਸਤੀਆਂ ਅਤੇ ਨਸ਼ਿਆਂ ਵਿੱਚ।”

ਪਾਪ ਨਾਲ ਨਫ਼ਰਤ ਅਤੇ ਸੱਚਾਈ ਨਾਲ ਪ੍ਰੇਮ ਕਰਨਾ

25, 26. ਯਸਾਯਾਹ ਨੇ ਆਪਣੀ ਤੀਜੀ ਅਤੇ ਚੌਥੀ ਲਾਨ੍ਹਤ ਵਿਚ ਇਸਰਾਏਲੀਆਂ ਦੀ ਕਿਹੜੀ ਗ਼ਲਤ ਸੋਚਣੀ ਪ੍ਰਗਟ ਕੀਤੀ?

25 ਯਸਾਯਾਹ ਦੀ ਤੀਜੀ ਅਤੇ ਚੌਥੀ ਲਾਨ੍ਹਤ ਸੁਣੋ: “ਹਾਇ ਓਹਨਾਂ ਉੱਤੇ ਜਿਹੜੇ ਬਦੀ ਨੂੰ ਝੂਠ ਦਿਆਂ ਰੱਸਿਆਂ ਨਾਲ ਖਿੱਚਦੇ ਹਨ, ਅਤੇ ਪਾਪ ਨੂੰ ਗੱਡੇ ਦੀਆਂ ਖੇਂਜਾਂ ਨਾਲ! ਜਿਹੜੇ ਆਖਦੇ ਹਨ, ਉਹ ਛੇਤੀ ਕਰੇ, ਉਹ ਆਪਣੇ ਕੰਮ ਨੂੰ ਸ਼ਤਾਬੀ ਕਰੇ, ਤਾਂ ਜੋ ਅਸੀਂ ਉਹ ਨੂੰ ਵੇਖੀਏ! ਇਸਰਾਏਲ ਦੇ ਪਵਿੱਤਰ ਪੁਰਖ ਦਾ ਪਰੋਜਨ ਨੇੜੇ ਆਵੇ ਭਈ ਅਸੀਂ ਉਹ ਨੂੰ ਜਾਣੀਏ! ਹਾਇ ਓਹਨਾਂ ਉੱਤੇ ਜਿਹੜੇ ਬੁਰਿਆਈ ਨੂੰ ਭਲਿਆਈ ਅਤੇ ਭਲਿਆਈ ਨੂੰ ਬੁਰਿਆਈ ਆਖਦੇ ਹਨ! ਜਿਹੜੇ ਅਨ੍ਹੇਰ ਨੂੰ ਚਾਨਣ ਦੇ ਥਾਂ, ਅਤੇ ਚਾਨਣ ਨੂੰ ਅਨ੍ਹੇਰ ਦੇ ਥਾਂ ਰੱਖਦੇ ਹਨ! ਜਿਹੜੇ ਕੌੜੇ ਨੂੰ ਮਿੱਠੇ ਦੇ ਥਾਂ, ਅਤੇ ਮਿੱਠੇ ਨੂੰ ਕੌੜੇ ਦੇ ਥਾਂ ਰੱਖਦੇ ਹਨ!”—ਯਸਾਯਾਹ 5:18-20.

26 ਪਾਪ ਵਿਚ ਲੱਗੇ ਰਹਿਣ ਵਾਲਿਆਂ ਦਾ ਇੱਥੇ ਕਿੰਨਾ ਠੀਕ ਬਿਆਨ ਕੀਤਾ ਗਿਆ ਹੈ! ਉਹ ਪਾਪ ਨਾਲ ਇਸ ਤਰ੍ਹਾਂ ਜੁੜੇ ਹੋਏ ਸਨ ਜਿਵੇਂ ਡੰਗਰ ਗੱਡੇ ਨਾਲ ਬੰਨ੍ਹੇ ਹੋਏ ਹੁੰਦੇ ਹਨ। ਉਹ ਪਾਪੀ, ਨਿਆਉਂ ਦੇ ਦਿਨ ਤੋਂ ਨਹੀਂ ਡਰਦੇ ਸਨ। ਠੱਠਾ ਕਰਦੇ ਹੋਏ ਉਨ੍ਹਾਂ ਨੇ ਕਿਹਾ: ‘ਪਰਮੇਸ਼ੁਰ ਆਪਣਾ ਕੰਮ ਛੇਤੀ ਕਰੇ!’ ਪਰਮੇਸ਼ੁਰ ਦੇ ਕਾਨੂੰਨ ਮੰਨਣ ਦੀ ਬਜਾਇ ਉਹ “ਬੁਰਿਆਈ ਨੂੰ ਭਲਿਆਈ ਅਤੇ ਭਲਿਆਈ ਨੂੰ ਬੁਰਿਆਈ” ਆਖਦੇ ਸਨ।—ਯਿਰਮਿਯਾਹ 6:15; 2 ਪਤਰਸ 3:3-7 ਦੀ ਤੁਲਨਾ ਕਰੋ।

27. ਅੱਜ ਮਸੀਹੀ ਇਸਰਾਏਲੀਆਂ ਵਰਗੇ ਰਵੱਈਏ ਤੋਂ ਕਿਵੇਂ ਬਚ ਸਕਦੇ ਹਨ?

27 ਅੱਜ ਮਸੀਹੀਆਂ ਨੂੰ ਕਿਸੇ ਵੀ ਹਾਲਤ ਵਿਚ ਅਜਿਹਾ ਰਵੱਈਆ ਨਹੀਂ ਅਪਣਾਉਣਾ ਚਾਹੀਦਾ। ਉਦਾਹਰਣ ਲਈ, ਉਹ ਦੁਨੀਆਂ ਦਾ ਨਜ਼ਰੀਆ ਨਹੀਂ ਅਪਣਾਉਂਦੇ ਕਿ ਵਿਭਚਾਰ ਅਤੇ ਸਮਲਿੰਗਕਾਮੁਕਤਾ ਸਹੀ ਚਲਣ ਹਨ। (ਅਫ਼ਸੀਆਂ 4:18, 19) ਇਹ ਸੱਚ ਹੈ ਕਿ ਕੋਈ ਵੀ ਮਸੀਹੀ ਕੋਈ ਗ਼ਲਤ ਕਦਮ ਚੁੱਕਣ ਤੋਂ ਬਾਅਦ ਕੋਈ ਘੋਰ ਪਾਪ ਕਰ ਸਕਦਾ ਹੈ। (ਗਲਾਤੀਆਂ 6:1) ਕਲੀਸਿਯਾ ਦੇ ਬਜ਼ੁਰਗ ਉਨ੍ਹਾਂ ਦੀ ਮਦਦ ਕਰਨ ਲਈ ਤਿਆਰ ਹਨ ਜਿਨ੍ਹਾਂ ਨੂੰ ਪਾਪ ਵਿਚ ਡਿੱਗਣ ਕਰਕੇ ਸਹਾਇਤਾ ਦੀ ਲੋੜ ਹੈ। (ਯਾਕੂਬ 5:14, 15) ਪ੍ਰਾਰਥਨਾ ਅਤੇ ਬਾਈਬਲ ਦੀ ਸਲਾਹ ਨਾਲ, ਰੂਹਾਨੀ ਤੌਰ ਤੇ ਦੁਬਾਰਾ ਠੀਕ ਹੋਣਾ ਮੁਮਕਿਨ ਹੈ। ਨਹੀਂ ਤਾਂ, “ਪਾਪ ਦਾ ਗੁਲਾਮ” ਬਣਨ ਦਾ ਖ਼ਤਰਾ ਹੁੰਦਾ ਹੈ। (ਯੂਹੰਨਾ 8:34) ਪਰਮੇਸ਼ੁਰ ਦਾ ਮਖੌਲ ਉਡਾਉਣ ਅਤੇ ਨਿਆਉਂ ਦੇ ਆ ਰਹੇ ਦਿਨ ਦੀ ਸਚੇਤਤਾ ਗੁਆਉਣ ਦੀ ਬਜਾਇ, ਮਸੀਹੀ ਯਹੋਵਾਹ ਅੱਗੇ “ਨਿਰਮਲ ਅਤੇ ਨਿਹਕਲੰਕ” ਰਹਿਣ ਦੀ ਸਖ਼ਤ ਕੋਸ਼ਿਸ਼ ਕਰਦੇ ਹਨ।—2 ਪਤਰਸ 3:14; ਗਲਾਤੀਆਂ 6:7, 8.

28. ਯਸਾਯਾਹ ਦੀਆਂ ਅਖ਼ੀਰਲੀਆਂ ਲਾਨ੍ਹਤਾਂ ਵਿਚ ਕਿਹੜੇ ਪਾਪ ਨਿੰਦੇ ਜਾਂਦੇ ਹਨ, ਅਤੇ ਅੱਜ ਮਸੀਹੀ ਅਜਿਹੇ ਪਾਪਾਂ ਤੋਂ ਕਿਵੇਂ ਬਚ ਸਕਦੇ ਹਨ?

28 ਯਸਾਯਾਹ ਦੀਆਂ ਅਖ਼ੀਰਲੀਆਂ ਲਾਨ੍ਹਤਾਂ ਵਾਜਬ ਹਨ: “ਹਾਇ ਓਹਨਾਂ ਉੱਤੇ ਜਿਹੜੇ ਆਪਣੀ ਨਿਗਾਹ ਵਿੱਚ ਸਿਆਣੇ ਹਨ, ਅਤੇ ਆਪਣੇ ਖਿਆਲ ਵਿੱਚ ਬਿਬੇਕੀ ਹਨ! ਹਾਇ ਓਹਨਾਂ ਉੱਤੇ ਜਿਹੜੇ ਮਧ ਪੀਣ ਵਿੱਚ ਸੂਰਮੇ ਹਨ, ਅਤੇ ਸ਼ਰਾਬ ਤਿਆਰ ਕਰਨ ਵਿੱਚ ਸੂਰ ਬੀਰ ਹਨ! ਜਿਹੜੇ ਦੁਸ਼ਟ ਨੂੰ ਵੱਢੀ ਖਾ ਕੇ ਧਰਮੀ ਠਹਿਰਾਉਂਦੇ ਹਨ, ਅਤੇ ਧਰਮੀਆਂ ਦਾ ਧਰਮ ਉਨ੍ਹਾਂ ਤੋਂ ਖੋਹ ਲੈਂਦੇ ਹਨ!” (ਯਸਾਯਾਹ 5:21-23) ਸੰਭਵ ਹੈ ਕਿ ਇਹ ਸ਼ਬਦ ਦੇਸ਼ ਦੇ ਨਿਆਂਕਾਰਾਂ ਨੂੰ ਕਹੇ ਗਏ ਸਨ। ਅੱਜ ਕਲੀਸਿਯਾ ਦੇ ਬਜ਼ੁਰਗ “ਆਪਣੀ ਨਿਗਾਹ ਵਿੱਚ ਸਿਆਣੇ” ਹੋਣ ਤੋਂ ਬਚਦੇ ਹਨ। ਨਿਮਰਤਾ ਨਾਲ ਉਹ ਸੰਗੀ ਬਜ਼ੁਰਗਾਂ ਦੀ ਸਲਾਹ ਮੰਨਦੇ ਹਨ ਅਤੇ ਸੰਸਥਾ ਤੋਂ ਮਿਲੀਆਂ ਹਿਦਾਇਤਾਂ ਦੀ ਚੰਗੀ ਤਰ੍ਹਾਂ ਪਾਲਣਾ ਕਰਦੇ ਹਨ। (ਕਹਾਉਤਾਂ 1:5; 1 ਕੁਰਿੰਥੀਆਂ 14:33) ਉਹ ਸ਼ਰਾਬ ਦੀ ਵਰਤੋਂ ਸੰਜਮ ਨਾਲ ਕਰਦੇ ਹਨ ਅਤੇ ਕਲੀਸਿਯਾ ਦਾ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਸ਼ਰਾਬ ਨਹੀਂ ਪੀਂਦੇ। (ਹੋਸ਼ੇਆ 4:11) ਬਜ਼ੁਰਗ ਪੱਖਪਾਤ ਨਹੀਂ ਕਰਦੇ। (ਯਾਕੂਬ 2:9) ਇਹ ਈਸਾਈ-ਜਗਤ ਦੇ ਪਾਦਰੀਆਂ ਤੋਂ ਕਿੰਨਾ ਵੱਖਰਾ ਹੈ! ਉਹ ਜਾਣੇ-ਪਛਾਣੇ ਅਤੇ ਅਮੀਰ ਲੋਕਾਂ ਦੇ ਪਾਪ ਢੱਕ ਦਿੰਦੇ ਹਨ। ਇਸ ਤਰ੍ਹਾਂ ਕਰਨਾ ਰੋਮੀਆਂ 1:18, 26, 27; 1 ਕੁਰਿੰਥੀਆਂ 6:9, 10; ਅਤੇ ਅਫ਼ਸੀਆਂ 5:3-5 ਵਿਚ ਪੌਲੁਸ ਰਸੂਲ ਦੀਆਂ ਚੇਤਾਵਨੀਆਂ ਦੇ ਬਿਲਕੁਲ ਉਲਟ ਹੈ।

29. ਯਹੋਵਾਹ ਦੇ ਇਸਰਾਏਲੀ ਅੰਗੂਰੀ ਬਾਗ਼ ਦੇ ਬਿਪਤਾ-ਭਰੇ ਅੰਤ ਬਾਰੇ ਕੀ ਦੱਸਿਆ ਗਿਆ ਸੀ?

29 ਯਸਾਯਾਹ ਨੇ ‘ਯਹੋਵਾਹ ਦੀ ਬਿਵਸਥਾ ਨੂੰ ਰੱਦਣ’ ਵਾਲਿਆਂ ਅਤੇ ਧਰਮੀ ਫਲ ਨਾ ਪੈਦਾ ਕਰਨ ਵਾਲਿਆਂ ਲਈ ਇਕ ਬਿਪਤਾ-ਭਰੇ ਅੰਤ ਬਾਰੇ ਦੱਸ ਕੇ ਇਸ ਭਵਿੱਖਬਾਣੀ ਨੂੰ ਸਮਾਪਤ ਕੀਤਾ। (ਯਸਾਯਾਹ 5:24, 25; ਹੋਸ਼ੇਆ 9:16; ਮਲਾਕੀ 4:1) ਉਸ ਨੇ ਕਿਹਾ: “[ਯਹੋਵਾਹ] ਦੂਰ ਤੋਂ ਕੌਮਾਂ ਲਈ ਝੰਡਾ ਖੜਾ ਕਰੇਗਾ, ਅਤੇ ਇੱਕ ਲਈ ਧਰਤੀ ਦੀਆਂ ਹੱਦਾਂ ਤੋਂ ਫੂਕ ਮਾਰੇਗਾ, ਤਾਂ ਵੇਖੋ, ਉਹ ਤੁਰਤ ਫੁਰਤ ਆਉਂਦੀ ਹੈ।”—ਯਸਾਯਾਹ 5:26; ਬਿਵਸਥਾ ਸਾਰ 28:49; ਯਿਰਮਿਯਾਹ 5:15.

30. ਯਹੋਵਾਹ ਦੇ ਲੋਕਾਂ ਵਿਰੁੱਧ ਇਕ ‘ਕੌਮ’ ਨੂੰ ਕਿਸ ਨੇ ਉਕਸਾਇਆ, ਅਤੇ ਇਸ ਦਾ ਨਤੀਜਾ ਕੀ ਹੋਇਆ?

30 ਪੁਰਾਣੇ ਜ਼ਮਾਨਿਆਂ ਵਿਚ ਕਿਸੇ ਉੱਚੀ ਜਗ੍ਹਾ ਤੇ ਇਕ ਖੰਭਾ, ਜਾਂ “ਝੰਡਾ,” ਲੋਕਾਂ ਜਾਂ ਫ਼ੌਜਾਂ ਨੂੰ ਇਕੱਠੇ ਕਰਨ ਲਈ ਵਰਤਿਆ ਜਾ ਸਕਦਾ ਸੀ। (ਯਸਾਯਾਹ 18:3; ਯਿਰਮਿਯਾਹ 51:27 ਦੀ ਤੁਲਨਾ ਕਰੋ।) ਯਹੋਵਾਹ ਨੇ ਖ਼ੁਦ ਇਕ ਗੁਮਨਾਮ ‘ਕੌਮ’ ਨੂੰ ਉਕਸਾਇਆ ਅਤੇ ਇਹ ਕੌਮ ਉਸ ਵੱਲੋਂ ਸਜ਼ਾ ਲਿਆਈ। * ਯਹੋਵਾਹ ਨੇ ‘ਫੂਕ ਮਾਰੀ’, ਯਾਨੀ ਸੀਟੀ ਮਾਰ ਕੇ ਆਪਣੇ ਜ਼ਿੱਦੀ ਲੋਕਾਂ ਵੱਲ ਉਸ ਕੌਮ ਦਾ ਧਿਆਨ ਖਿੱਚਿਆ ਤਾਂਕਿ ਉਹ ਉਨ੍ਹਾਂ ਉੱਤੇ ਜਿੱਤ ਪਾ ਸਕਣ। ਨਬੀ ਨੇ ਅੱਗੇ ਇਨ੍ਹਾਂ ਸ਼ੇਰਾਂ ਵਰਗੇ ਵਿਜੇਤਿਆਂ ਦੇ ਤੇਜ਼ ਅਤੇ ਡਰਾਉਣੇ ਹਮਲਿਆਂ ਬਾਰੇ ਦੱਸਿਆ। ਉਹ ‘ਸ਼ਿਕਾਰ ਫੜਨਗੇ, ਫੇਰ ਸੁਖਾਲਾ ਹੀ ਲੈ ਜਾਣਗੇ,’ ਯਾਨੀ ਉਹ ਪਰਮੇਸ਼ੁਰ ਦੀ ਕੌਮ ਨੂੰ ਫੜ ਕੇ ਗ਼ੁਲਾਮੀ ਵਿਚ ਲੈ ਜਾਣਗੇ। (ਯਸਾਯਾਹ 5:27-30ੳ ਪੜ੍ਹੋ।) ਯਹੋਵਾਹ ਦੇ ਲੋਕਾਂ ਦੇ ਦੇਸ਼ ਲਈ ਕਿੰਨਾ ਭੈੜਾ ਨਤੀਜਾ! “ਜੇ ਕੋਈ ਦੇਸ ਵੱਲ ਤੱਕੇ, ਤਾਂ ਵੇਖੋ, ਅਨ੍ਹੇਰ ਤੇ ਦੁਖ, ਅਤੇ ਚਾਨਣ ਉਹ ਦੇ ਬੱਦਲਾਂ ਨਾਲ ਅਨ੍ਹੇਰ ਹੋ ਜਾਂਦਾ ਹੈ।”—ਯਸਾਯਾਹ 5:30ਅ.

31. ਸੱਚੇ ਮਸੀਹੀ ਯਹੋਵਾਹ ਦੇ ਇਸਰਾਏਲੀ ਅੰਗੂਰੀ ਬਾਗ਼ ਨੂੰ ਦਿੱਤੀ ਗਈ ਸਜ਼ਾ ਤੋਂ ਕਿਵੇਂ ਬਚ ਸਕਦੇ ਹਨ?

31 ਜੀ ਹਾਂ, ਉਹ ਅੰਗੂਰੀ ਬਾਗ਼ ਜਿਸ ਨੂੰ ਪਰਮੇਸ਼ੁਰ ਨੇ ਇੰਨੇ ਪਿਆਰ ਨਾਲ ਲਾਇਆ ਸੀ ਵਿਰਾਨ ਸਾਬਤ ਹੋਇਆ ਅਤੇ ਉਹ ਸਿਰਫ਼ ਨਾਸ਼ ਦੇ ਲਾਇਕ ਸੀ। ਅੱਜ ਯਹੋਵਾਹ ਦੀ ਸੇਵਾ ਕਰਨ ਵਾਲਿਆਂ ਲਈ ਯਸਾਯਾਹ ਦੇ ਸ਼ਬਦ ਕਿੰਨਾ ਵੱਡਾ ਸਬਕ ਹਨ! ਉਮੀਦ ਹੈ ਕਿ ਉਹ ਯਹੋਵਾਹ ਦੀ ਉਸਤਤ ਕਰਨ ਲਈ ਅਤੇ ਆਪਣੀ ਮੁਕਤੀ ਲਈ ਸਿਰਫ਼ ਧਰਮੀ ਫਲ ਹੀ ਪੈਦਾ ਕਰਨ ਦੀ ਪੂਰੀ ਕੋਸ਼ਿਸ਼ ਕਰਨਗੇ!

[ਫੁਟਨੋਟ]

^ ਪੈਰਾ 4 ਕੁਝ ਵਿਦਵਾਨ ਮੰਨਦੇ ਹਨ ਕਿ ਪੱਥਰ ਦੇ ਬੁਰਜਾਂ ਨਾਲੋਂ ਛੱਪਰ ਜਾਂ ਝੌਂਪੜੀ ਵਰਗੇ ਸਸਤੇ ਅਤੇ ਕੱਚੇ ਡੇਰੇ ਆਮ ਸਨ। (ਯਸਾਯਾਹ 1:8) ਬੁਰਜ ਬਣਾਉਣਾ ਸੰਕੇਤ ਕਰਦਾ ਹੈ ਕਿ ਮਾਲਕ ਨੇ ਕਾਫ਼ੀ ਮਿਹਨਤ ਨਾਲ ਆਪਣਾ “ਅੰਗੂਰੀ ਬਾਗ” ਲਾਇਆ ਸੀ।

^ ਪੈਰਾ 30 ਹੋਰ ਭਵਿੱਖਬਾਣੀਆਂ ਵਿਚ, ਯਸਾਯਾਹ ਨੇ ਦੱਸਿਆ ਕਿ ਬਾਬਲ ਉਹ ਕੌਮ ਸੀ ਜਿਸ ਨੇ ਯਹੋਵਾਹ ਵੱਲੋਂ ਤਬਾਹੀ ਦੀ ਸਜ਼ਾ ਲਿਆਂਦੀ ਸੀ।

[ਸਵਾਲ]

[ਸਫ਼ਾ 83 ਉੱਤੇ ਤਸਵੀਰ]

ਇਕ ਪਾਪੀ ਪਾਪ ਨਾਲ ਇਸ ਤਰ੍ਹਾਂ ਜੁੜਿਆ ਹੁੰਦਾ ਹੈ ਜਿਵੇਂ ਡੰਗਰ ਗੱਡੇ ਨਾਲ ਬੰਨ੍ਹਿਆ ਹੁੰਦਾ ਹੈ

[ਪੂਰੇ ਸਫ਼ੇ 85 ਉੱਤੇ ਤਸਵੀਰ]