Skip to content

Skip to table of contents

ਮਸੀਹਾ ਦੇ ਰਾਜ ਅਧੀਨ ਮੁਕਤੀ ਅਤੇ ਖ਼ੁਸ਼ੀਆਂ

ਮਸੀਹਾ ਦੇ ਰਾਜ ਅਧੀਨ ਮੁਕਤੀ ਅਤੇ ਖ਼ੁਸ਼ੀਆਂ

ਤੇਰ੍ਹਵਾਂ ਅਧਿਆਇ

ਮਸੀਹਾ ਦੇ ਰਾਜ ਅਧੀਨ ਮੁਕਤੀ ਅਤੇ ਖ਼ੁਸ਼ੀਆਂ

ਯਸਾਯਾਹ 11:1–12:6

1. ਯਸਾਯਾਹ ਦੇ ਜ਼ਮਾਨੇ ਵਿਚ ਪਰਮੇਸ਼ੁਰ ਦੇ ਨੇਮ-ਬੱਧ ਲੋਕਾਂ ਦੀ ਰੂਹਾਨੀ ਹਾਲਤ ਬਾਰੇ ਦੱਸੋ।

ਯਸਾਯਾਹ ਦੇ ਜ਼ਮਾਨੇ ਵਿਚ, ਪਰਮੇਸ਼ੁਰ ਦੇ ਨੇਮ-ਬੱਧ ਲੋਕਾਂ ਦੀ ਰੂਹਾਨੀ ਹਾਲਤ ਬਹੁਤ ਖ਼ਰਾਬ ਸੀ। ਉੱਜ਼ੀਯਾਹ ਅਤੇ ਯੋਥਾਮ ਵਰਗੇ ਵਫ਼ਾਦਾਰ ਰਾਜਿਆਂ ਦੇ ਰਾਜ ਅਧੀਨ ਵੀ ਕਈ ਲੋਕ ਉੱਚੀਆਂ ਥਾਵਾਂ ਉੱਤੇ ਪੂਜਾ ਕਰਦੇ ਹੁੰਦੇ ਸਨ। (2 ਰਾਜਿਆਂ 15:1-4, 34, 35; 2 ਇਤਹਾਸ 26:1, 4) ਜਦੋਂ ਹਿਜ਼ਕੀਯਾਹ ਰਾਜਾ ਬਣਿਆ, ਉਸ ਨੂੰ ਦੇਸ਼ ਵਿੱਚੋਂ ਬਆਲ ਦੀ ਪੂਜਾ ਲਈ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਕੱਢਣੀਆਂ ਪਈਆਂ। (2 ਇਤਹਾਸ 31:1) ਇਸ ਲਈ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਯਹੋਵਾਹ ਨੇ ਆਪਣੇ ਲੋਕਾਂ ਨੂੰ ਆਪਣੇ ਵੱਲ ਮੁੜਨ ਦੀ ਉਤੇਜਨਾ ਅਤੇ ਆਉਣ ਵਾਲੀ ਸਜ਼ਾ ਦੀ ਚੇਤਾਵਨੀ ਵੀ ਦਿੱਤੀ ਸੀ!

2, 3. ਯਹੋਵਾਹ ਉਨ੍ਹਾਂ ਨੂੰ ਕਿਸ ਤਰ੍ਹਾਂ ਹੌਸਲਾ ਦਿੰਦਾ ਹੈ ਜੋ ਦੂਰ ਤਕ ਫੈਲੀ ਬੇਵਫ਼ਾਈ ਦੇ ਬਾਵਜੂਦ ਵੀ ਉਸ ਦੀ ਸੇਵਾ ਕਰਨੀ ਚਾਹੁੰਦੇ ਹਨ?

2 ਫਿਰ ਵੀ, ਸਾਰੇ ਲੋਕ ਬਾਗ਼ੀ ਨਹੀਂ ਸਨ। ਯਹੋਵਾਹ ਦੇ ਵਫ਼ਾਦਾਰ ਨਬੀ ਸਨ, ਅਤੇ ਸ਼ਾਇਦ ਕੁਝ ਯਹੂਦੀਆਂ ਨੇ ਉਨ੍ਹਾਂ ਦੀ ਗੱਲ ਸੁਣੀ ਵੀ ਹੋਵੇ। ਇਨ੍ਹਾਂ ਲਈ ਯਹੋਵਾਹ ਕੋਲ ਦਿਲਾਸਾ-ਭਰੇ ਸ਼ਬਦ ਸਨ। ਇਹ ਦੱਸਣ ਤੋਂ ਬਾਅਦ ਕਿ ਅੱਸ਼ੂਰੀ ਲੋਕਾਂ ਦੇ ਹਮਲੇ ਦੌਰਾਨ ਯਹੂਦਾਹ ਉੱਤੇ ਕਿਹੋ ਜਿਹੀ ਤਬਾਹੀ ਆਵੇਗੀ, ਯਸਾਯਾਹ ਨਬੀ ਬਾਈਬਲ ਦਾ ਇਕ ਬਹੁਤ ਸੁੰਦਰ ਹਿੱਸਾ ਲਿਖਣ ਲਈ ਪ੍ਰੇਰਿਤ ਹੋਇਆ। ਇਹ ਮਸੀਹਾ ਦੇ ਰਾਜ ਦੌਰਾਨ ਆਉਣ ਵਾਲੀਆਂ ਬਰਕਤਾਂ ਬਾਰੇ ਦੱਸਦਾ ਹੈ। * ਇਨ੍ਹਾਂ ਬਰਕਤਾਂ ਦੀਆਂ ਕੁਝ ਗੱਲਾਂ ਛੋਟੇ ਪੈਮਾਨੇ ਤੇ ਉਦੋਂ ਪੂਰੀਆਂ ਹੋਈਆਂ ਜਦੋਂ ਯਹੂਦੀ ਲੋਕ ਬਾਬਲ ਦੀ ਬੰਦਸ਼ ਵਿੱਚੋਂ ਵਾਪਸ ਆਏ ਸਨ। ਪਰ ਇਸ ਭਵਿੱਖਬਾਣੀ ਦੀ ਮੁੱਖ ਪੂਰਤੀ ਸਾਡੇ ਸਮੇਂ ਵਿਚ ਹੁੰਦੀ ਹੈ। ਇਹ ਸੱਚ ਹੈ ਕਿ ਯਸਾਯਾਹ ਅਤੇ ਉਸ ਦੇ ਜ਼ਮਾਨੇ ਦੇ ਹੋਰ ਵਫ਼ਾਦਾਰ ਯਹੂਦੀਆਂ ਨੇ ਇਨ੍ਹਾਂ ਬਰਕਤਾਂ ਨੂੰ ਆਪਣੀਆਂ ਜ਼ਿੰਦਗੀਆਂ ਵਿਚ ਨਹੀਂ ਦੇਖਿਆ। ਪਰ ਉਨ੍ਹਾਂ ਨੇ ਨਿਹਚਾ ਵਿਚ ਇਨ੍ਹਾਂ ਦੀ ਪੂਰਤੀ ਦੀ ਉਮੀਦ ਰੱਖੀ ਅਤੇ ਮੁਰਦਿਆਂ ਵਿੱਚੋਂ ਜੀ ਉਠਣ ਤੋਂ ਬਾਅਦ ਉਹ ਇਨ੍ਹਾਂ ਸ਼ਬਦਾਂ ਦੀ ਪੂਰਤੀ ਦੇਖਣਗੇ।—ਇਬਰਾਨੀਆਂ 11:35.

3 ਅੱਜ ਯਹੋਵਾਹ ਦੇ ਸੇਵਕਾਂ ਨੂੰ ਵੀ ਹੌਸਲੇ ਦੀ ਜ਼ਰੂਰਤ ਹੈ। ਉਹ ਸਾਰੇ ਜਣੇ ਦੁਨੀਆਂ ਵਿਚ ਬੁਰੇ ਚਾਲ-ਚਲਣ, ਰਾਜ ਦੇ ਸੰਦੇਸ਼ ਖ਼ਿਲਾਫ਼ ਸਖ਼ਤ ਵਿਰੋਧਤਾ, ਅਤੇ ਆਪੋ-ਆਪਣੀਆਂ ਕਮਜ਼ੋਰੀਆਂ ਦੇ ਕਾਰਨ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਹਨ। ਮਸੀਹਾ ਅਤੇ ਉਸ ਦੇ ਰਾਜ ਬਾਰੇ ਯਸਾਯਾਹ ਦੇ ਸੋਹਣੇ ਸ਼ਬਦ ਪਰਮੇਸ਼ੁਰ ਦੇ ਲੋਕਾਂ ਨੂੰ ਮਜ਼ਬੂਤ ਕਰ ਸਕਦੇ ਹਨ ਤਾਂਕਿ ਉਹ ਇਨ੍ਹਾਂ ਮੁਸ਼ਕਲਾਂ ਦਾ ਹੌਸਲੇ ਨਾਲ ਸਾਮ੍ਹਣਾ ਕਰ ਸਕਣ।

ਮਸੀਹਾ—ਇਕ ਕਾਬਲ ਹਾਕਮ

4, 5. ਮਸੀਹਾ ਦੇ ਆਉਣ ਬਾਰੇ ਯਸਾਯਾਹ ਨੇ ਕਿਹੜੀ ਭਵਿੱਖਬਾਣੀ ਕੀਤੀ ਸੀ, ਅਤੇ ਜ਼ਾਹਰਾ ਤੌਰ ਤੇ ਮੱਤੀ ਨੇ ਯਸਾਯਾਹ ਦੇ ਸ਼ਬਦਾਂ ਨੂੰ ਕਿਵੇਂ ਲਾਗੂ ਕੀਤਾ ਸੀ?

4 ਯਸਾਯਾਹ ਦੇ ਜ਼ਮਾਨੇ ਤੋਂ ਕਈ ਸਦੀਆਂ ਪਹਿਲਾਂ, ਬਾਈਬਲ ਦੇ ਹੋਰ ਇਬਰਾਨੀ ਲਿਖਾਰੀਆਂ ਨੇ ਵੀ ਮਸੀਹਾ ਦੇ ਆਉਣ ਬਾਰੇ ਦੱਸਿਆ ਸੀ, ਯਾਨੀ ਉਹ ਅਸਲੀ ਹਾਕਮ ਜਿਸ ਨੂੰ ਯਹੋਵਾਹ ਇਸਰਾਏਲ ਵਿਚ ਭੇਜੇਗਾ। (ਉਤਪਤ 49:10; ਬਿਵਸਥਾ ਸਾਰ 18:18; ਜ਼ਬੂਰ 118:22, 26) ਹੁਣ ਯਸਾਯਾਹ ਰਾਹੀਂ ਯਹੋਵਾਹ ਨੇ ਹੋਰ ਗੱਲਾਂ ਵੀ ਦੱਸੀਆਂ। ਯਸਾਯਾਹ ਨੇ ਲਿਖਿਆ: “ਯੱਸੀ ਦੇ ਟੁੰਡ ਤੋਂ ਇੱਕ ਲਗਰ ਨਿੱਕਲੇਗੀ, ਅਤੇ ਉਹ ਦੀਆਂ ਜੜ੍ਹਾਂ ਵਿੱਚੋਂ ਇੱਕ ਟਹਿਣਾ ਫਲ ਦੇਵੇਗਾ।” (ਯਸਾਯਾਹ 11:1. ਜ਼ਬੂਰ 132:11 ਦੀ ਤੁਲਨਾ ਕਰੋ।) “ਲਗਰ” ਅਤੇ “ਟਹਿਣਾ” ਦੋਵੇਂ ਸੰਕੇਤ ਕਰਦੇ ਹਨ ਕਿ ਮਸੀਹਾ ਦਾਊਦ ਰਾਹੀਂ ਯੱਸੀ ਦੀ ਸੰਤਾਨ ਵਿੱਚੋਂ ਹੋਵੇਗਾ। ਦਾਊਦ ਇਸਰਾਏਲ ਦੇ ਰਾਜੇ ਵਜੋਂ ਤੇਲ ਨਾਲ ਮਸਹ ਕੀਤਾ ਗਿਆ ਸੀ। (1 ਸਮੂਏਲ 16:13; ਯਿਰਮਿਯਾਹ 23:5; ਪਰਕਾਸ਼ ਦੀ ਪੋਥੀ 22:16) ਜਦੋਂ ਸੱਚਾ ਮਸੀਹਾ ਆਵੇਗਾ, ਦਾਊਦ ਦੇ ਘਰਾਣੇ ਵਿੱਚੋਂ ਇਹ “ਟਹਿਣਾ” ਚੰਗਾ ਫਲ ਉਤਪੰਨ ਕਰੇਗਾ।

5 ਯਿਸੂ ਵਾਅਦਾ ਕੀਤਾ ਗਿਆ ਮਸੀਹਾ ਹੈ। ਇੰਜੀਲ ਦੇ ਲਿਖਾਰੀ ਮੱਤੀ ਨੇ ਯਸਾਯਾਹ 11:1 ਦੇ ਸ਼ਬਦਾਂ ਵੱਲ ਸੰਕੇਤ ਕੀਤਾ ਸੀ ਜਦੋਂ ਉਸ ਨੇ ਕਿਹਾ ਕਿ ਯਿਸੂ ਦੇ “ਨਾਸਰੀ” ਸੱਦੇ ਜਾਣ ਨੇ ਨਬੀਆਂ ਦੇ ਬਚਨ ਨੂੰ ਪੂਰਾ ਕੀਤਾ। ਯਿਸੂ ਨਾਸਰਤ ਦੇ ਨਗਰ ਵਿਚ ਪਲਿਆ ਸੀ, ਇਸ ਲਈ ਉਸ ਨੂੰ ਇਕ ਨਾਸਰੀ ਸੱਦਿਆ ਗਿਆ। ਜ਼ਾਹਰਾ ਤੌਰ ਤੇ ਇਹ ਨਾਂ ਯਸਾਯਾਹ 11:1 ਵਿਚ ‘ਟਹਿਣੇ’ ਲਈ ਵਰਤੇ ਗਏ ਇਬਰਾਨੀ ਸ਼ਬਦ ਨਾਲ ਮਿਲਦਾ-ਜੁਲਦਾ ਹੈ। *ਮੱਤੀ 2:23; ਲੂਕਾ 2:39, 40.

6. ਭਵਿੱਖਬਾਣੀ ਦੇ ਅਨੁਸਾਰ ਮਸੀਹਾ ਕਿਹੋ ਜਿਹਾ ਹਾਕਮ ਹੋਵੇਗਾ?

6 ਮਸੀਹਾ ਕਿਹੋ ਜਿਹਾ ਹਾਕਮ ਹੋਵੇਗਾ? ਕੀ ਉਹ ਬੇਰਹਿਮ ਅਤੇ ਜ਼ਿੱਦੀ ਅੱਸ਼ੂਰ ਵਰਗਾ ਹੋਵੇਗਾ ਜਿਸ ਨੇ ਦਸ-ਗੋਤੀ ਉੱਤਰੀ ਰਾਜ ਦਾ ਨਾਸ਼ ਕੀਤਾ ਸੀ? ਬਿਲਕੁਲ ਨਹੀਂ। ਯਸਾਯਾਹ ਨੇ ਮਸੀਹਾ ਬਾਰੇ ਕਿਹਾ ਕਿ “ਯਹੋਵਾਹ ਦਾ ਆਤਮਾ ਉਸ ਉੱਤੇ ਠਹਿਰੇਗਾ, ਬੁੱਧ ਤੇ ਸਮਝ ਦਾ ਆਤਮਾ, ਸਲਾਹ ਤੇ ਸਮਰੱਥਾ ਦਾ ਆਤਮਾ, ਯਹੋਵਾਹ ਦੇ ਗਿਆਨ ਅਤੇ ਭੈ ਦਾ ਆਤਮਾ। ਅਤੇ ਯਹੋਵਾਹ ਦੇ ਭੈ ਵਿੱਚ ਉਹ ਮਗਨ ਰਹੇਗਾ।” (ਯਸਾਯਾਹ 11:2, 3ੳ) ਮਸੀਹਾ ਤੇਲ ਨਾਲ ਨਹੀਂ, ਸਗੋਂ ਪਰਮੇਸ਼ੁਰ ਦੀ ਪਵਿੱਤਰ ਆਤਮਾ ਜਾਂ ਸ਼ਕਤੀ ਨਾਲ ਮਸਹ ਕੀਤਾ ਗਿਆ ਸੀ। ਇਹ ਯਿਸੂ ਦੇ ਬਪਤਿਸਮੇ ਤੇ ਹੋਇਆ ਸੀ, ਜਦੋਂ ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਨੂੰ ਕਬੂਤਰ ਦੇ ਰੂਪ ਵਿਚ ਯਿਸੂ ਉੱਤੇ ਉਤਰਦੀ ਦੇਖਿਆ। (ਲੂਕਾ 3:22) ਯਹੋਵਾਹ ਦੀ ਸ਼ਕਤੀ ਯਿਸੂ ‘ਉੱਤੇ ਠਹਿਰੀ’ ਅਤੇ ਉਸ ਨੇ ਇਸ ਦਾ ਸਬੂਤ ਦਿੱਤਾ ਜਦੋਂ ਉਸ ਨੇ ਬੁੱਧ, ਸਮਝ, ਸਲਾਹ, ਸਮਰਥਾ, ਅਤੇ ਗਿਆਨ ਨਾਲ ਕੰਮ ਕੀਤਾ। ਇਕ ਹਾਕਮ ਲਈ ਇਹ ਕਿੰਨੇ ਵਧੀਆ ਗੁਣ ਹਨ!

7. ਯਿਸੂ ਨੇ ਆਪਣੇ ਵਫ਼ਾਦਾਰ ਚੇਲਿਆਂ ਨਾਲ ਕਿਹੜਾ ਵਾਅਦਾ ਕੀਤਾ ਸੀ?

7 ਯਿਸੂ ਦੇ ਚੇਲਿਆਂ ਨੂੰ ਵੀ ਪਵਿੱਤਰ ਸ਼ਕਤੀ ਮਿਲ ਸਕਦੀ ਹੈ। ਆਪਣੇ ਇਕ ਭਾਸ਼ਣ ਵਿਚ ਯਿਸੂ ਨੇ ਕਿਹਾ: “ਜੇ ਤੁਸੀਂ ਬੁਰੇ ਹੋ ਕੇ ਆਪਣਿਆਂ ਬਾਲਕਾਂ ਨੂੰ ਚੰਗੀਆਂ ਦਾਤਾਂ ਦੇਣੀਆਂ ਜਾਣਦੇ ਹੋ ਤਾਂ ਉਹ ਸੁਰਗੀ ਪਿਤਾ ਕਿੰਨਾ ਵਧੀਕ ਆਪਣੇ ਮੰਗਣ ਵਾਲਿਆਂ ਨੂੰ ਪਵਿੱਤ੍ਰ ਆਤਮਾ ਦੇਵੇਗਾ!” (ਲੂਕਾ 11:13) ਇਸ ਲਈ, ਪਰਮੇਸ਼ੁਰ ਤੋਂ ਪਵਿੱਤਰ ਸ਼ਕਤੀ ਮੰਗਣ ਵਿਚ ਸਾਨੂੰ ਕਦੀ ਨਹੀਂ ਝਿਜਕਣਾ ਚਾਹੀਦਾ, ਅਤੇ ਨਾ ਹੀ ਸਾਨੂੰ ਉਸ ਦਾ ਗੁਣਕਾਰੀ ਫਲ ਉਤਪੰਨ ਕਰਨ ਤੋਂ ਰੁਕਣਾ ਚਾਹੀਦਾ ਹੈ, ਯਾਨੀ “ਪ੍ਰੇਮ, ਅਨੰਦ, ਸ਼ਾਂਤੀ, ਧੀਰਜ, ਦਿਆਲਗੀ, ਭਲਿਆਈ, ਵਫ਼ਾਦਾਰੀ, ਨਰਮਾਈ, ਸੰਜਮ।” (ਗਲਾਤੀਆਂ 5:22, 23) ਯਹੋਵਾਹ ਵਾਅਦਾ ਕਰਦਾ ਹੈ ਕਿ ਉਹ ‘ਉੱਪਰੋਂ ਆਈ ਬੁੱਧ’ ਲਈ ਯਿਸੂ ਦੇ ਚੇਲਿਆਂ ਦੀ ਬੇਨਤੀ ਸੁਣੇਗਾ, ਤਾਂਕਿ ਉਨ੍ਹਾਂ ਨੂੰ ਜ਼ਿੰਦਗੀ ਦੀਆਂ ਮੁਸ਼ਕਲਾਂ ਦਾ ਚੰਗੀ ਤਰ੍ਹਾਂ ਸਾਮ੍ਹਣਾ ਕਰਨ ਵਿਚ ਮਦਦ ਮਿਲ ਸਕੇ।—ਯਾਕੂਬ 1:5; 3:17.

8. ਯਿਸੂ ਯਹੋਵਾਹ ਦੇ ਭੈ ਵਿਚ ਮਗਨ ਕਿਵੇਂ ਰਿਹਾ?

8 ਯਹੋਵਾਹ ਦਾ ਭੈ ਕੀ ਹੈ ਜੋ ਮਸੀਹਾ ਨੇ ਦਿਖਾਇਆ? ਯਿਸੂ ਲਈ ਪਰਮੇਸ਼ੁਰ ਡਰਾਉਣਾ ਨਹੀਂ ਹੈ; ਉਸ ਨੂੰ ਇਹ ਡਰ ਨਹੀਂ ਕਿ ਉਹ ਉਸ ਦੁਆਰਾ ਦੋਸ਼ੀ ਠਹਿਰਾਇਆ ਜਾਵੇਗਾ। ਇਸ ਦੀ ਬਜਾਇ, ਮਸੀਹਾ ਨੇ ਪਰਮੇਸ਼ੁਰ ਦਾ ਸ਼ਰਧਾ ਭਰਿਆ ਭੈ ਰੱਖਿਆ, ਉਸ ਨੇ ਪ੍ਰੇਮ ਨਾਲ ਉਸ ਦਾ ਸਤਿਕਾਰ ਕੀਤਾ। ਪਰਮੇਸ਼ੁਰ ਦਾ ਭੈ ਰੱਖਣ ਵਾਲਾ ਵਿਅਕਤੀ ਯਿਸੂ ਵਾਂਗ ਹਮੇਸ਼ਾ ‘ਓਹ ਕੰਮ ਕਰਨੇ ਚਾਹੁੰਦਾ ਹੈ ਜਿਹੜੇ ਪਰਮੇਸ਼ੁਰ ਨੂੰ ਭਾਉਂਦੇ ਹਨ।’ (ਯੂਹੰਨਾ 8:29) ਆਪਣੀ ਕਹਿਣੀ ਅਤੇ ਕਰਨੀ ਰਾਹੀਂ, ਯਿਸੂ ਨੇ ਸਿਖਾਇਆ ਕਿ ਹਰ ਰੋਜ਼ ਯਹੋਵਾਹ ਦੇ ਭੈ ਵਿਚ ਚੱਲਣ ਨਾਲੋਂ ਹੋਰ ਕੋਈ ਵੱਡੀ ਖ਼ੁਸ਼ੀ ਨਹੀਂ ਹੋ ਸਕਦੀ।

ਧਰਮੀ ਅਤੇ ਦਿਆਲੂ ਨਿਆਂਕਾਰ

9. ਮਸੀਹੀ ਕਲੀਸਿਯਾ ਵਿਚ ਨਿਆਉਂ ਕਰਨ ਵਾਲਿਆਂ ਲਈ ਯਿਸੂ ਕਿਹੜੀ ਮਿਸਾਲ ਕਾਇਮ ਕਰਦਾ ਹੈ?

9 ਯਸਾਯਾਹ ਨੇ ਮਸੀਹਾ ਦੇ ਹੋਰ ਗੁਣਾਂ ਬਾਰੇ ਭਵਿੱਖਬਾਣੀ ਕੀਤੀ: “ਉਹ ਨਾ ਆਪਣੀਆਂ ਅੱਖਾਂ ਦੇ ਵੇਖਣ ਅਨੁਸਾਰ ਨਿਆਉਂ ਕਰੇਗਾ, ਨਾ ਆਪਣੇ ਕੰਨਾਂ ਦੇ ਸੁਣਨ ਅਨੁਸਾਰ ਫ਼ੈਸਲਾ ਦੇਵੇਗਾ।” (ਯਸਾਯਾਹ 11:3ਅ) ਜੇਕਰ ਤੁਹਾਨੂੰ ਅਦਾਲਤ ਵਿਚ ਖੜ੍ਹੇ ਹੋਣਾ ਪਵੇ, ਤਾਂ ਕੀ ਤੁਸੀਂ ਅਜਿਹੇ ਨਿਆਂਕਾਰ ਲਈ ਧੰਨਵਾਦੀ ਨਹੀਂ ਹੋਵੋਗੇ? ਸਾਰੀ ਮਨੁੱਖਜਾਤੀ ਦੇ ਨਿਆਂਕਾਰ ਹੋਣ ਦੀ ਹੈਸੀਅਤ ਵਿਚ, ਮਸੀਹਾ ਅਦਾਲਤ ਵਿਚ ਚਲਾਕ ਤਰੀਕਿਆਂ, ਝੂਠੀਆਂ ਦਲੀਲਾਂ, ਸੁਣੀਆਂ-ਸੁਣਾਈਆਂ ਗੱਲਾਂ, ਜਾਂ ਪੈਸੇ ਦੇ ਦਿਖਾਵੇ ਵਰਗੀਆਂ ਚੀਜ਼ਾਂ ਤੋਂ ਪ੍ਰਭਾਵਿਤ ਨਹੀਂ ਹੁੰਦਾ। ਉਹ ਧੋਖੇਬਾਜ਼ੀ ਪਛਾਣ ਸਕਦਾ ਹੈ ਅਤੇ ਬਾਹਰਲੇ ਰੂਪ ਨੂੰ ਹੀ ਨਹੀਂ ਦੇਖਦਾ, ਪਰ “ਮਨ ਦੀ ਗੁਪਤ ਇਨਸਾਨੀਅਤ” ਪਛਾਣਦਾ ਹੈ। (1 ਪਤਰਸ 3:4) ਯਿਸੂ ਦੀ ਉੱਤਮ ਮਿਸਾਲ ਉਨ੍ਹਾਂ ਲਈ ਇਕ ਨਮੂਨਾ ਹੈ ਜਿਨ੍ਹਾਂ ਨੂੰ ਮਸੀਹੀ ਕਲੀਸਿਯਾ ਵਿਚ ਨਿਆਉਂ ਕਰਨਾ ਪੈਂਦਾ ਹੈ।—1 ਕੁਰਿੰਥੀਆਂ 6:1-4.

10, 11. (ੳ) ਯਿਸੂ ਆਪਣੇ ਚੇਲਿਆਂ ਨੂੰ ਕਿਸ ਤਰ੍ਹਾਂ ਤਾੜਦਾ ਹੈ? (ਅ) ਯਿਸੂ ਦੁਸ਼ਟ ਲੋਕਾਂ ਨੂੰ ਕਿਹੜੀ ਸਜ਼ਾ ਸੁਣਾਉਂਦਾ ਹੈ?

10 ਮਸੀਹਾ ਦੇ ਉੱਤਮ ਗੁਣ ਉਸ ਦੇ ਨਿਆਂਕਾਰੀ ਫ਼ੈਸਲਿਆਂ ਉੱਤੇ ਕਿਵੇਂ ਅਸਰ ਪਾਉਣਗੇ? ਯਸਾਯਾਹ ਨੇ ਸਮਝਾਇਆ: “ਉਹ ਧਰਮ ਨਾਲ ਗਰੀਬਾਂ ਦਾ ਨਿਆਉਂ ਕਰੇਗਾ, ਅਤੇ ਰਾਸਤੀ ਨਾਲ ਧਰਤੀ ਦੇ ਮਸਕੀਨਾਂ ਦਾ ਫ਼ੈਸਲਾ ਦੇਵੇਗਾ, ਉਹ ਧਰਤੀ ਨੂੰ ਆਪਣੇ ਮੂੰਹ ਦੇ ਡੰਡੇ ਨਾਲ ਮਾਰੇਗਾ, ਅਤੇ ਆਪਣੇ ਬੁੱਲ੍ਹਾਂ ਦੇ ਸਾਹ ਨਾਲ ਦੁਸ਼ਟਾਂ ਨੂੰ ਜਾਨੋਂ ਮਾਰ ਮੁਕਾਵੇਗਾ। ਧਰਮ ਉਹ ਦੀ ਕਮਰ ਦਾ ਪਟਕਾ ਹੋਵੇਗਾ, ਅਤੇ ਵਫ਼ਾਦਾਰੀ ਉਹ ਦੇ ਲੱਕ ਦੀ ਪੇਟੀ ਹੋਵੇਗੀ।”—ਯਸਾਯਾਹ 11:4, 5.

11 ਜਦੋਂ ਯਿਸੂ ਦੇ ਚੇਲਿਆਂ ਨੂੰ ਤਾੜਨਾ ਦੀ ਜ਼ਰੂਰਤ ਹੁੰਦੀ ਹੈ, ਤਾਂ ਉਹ ਅਜਿਹੇ ਤਰੀਕੇ ਨਾਲ ਤਾੜਦਾ ਹੈ ਜਿਸ ਤੋਂ ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਲਾਭ ਮਿਲਦਾ ਹੈ। ਇਹ ਮਸੀਹੀ ਬਜ਼ੁਰਗਾਂ ਲਈ ਇਕ ਵਧੀਆ ਮਿਸਾਲ ਹੈ। ਦੂਜੇ ਪਾਸੇ, ਜਿਹੜੇ ਬੁਰੇ ਕੰਮਾਂ ਵਿਚ ਲੱਗੇ ਰਹਿੰਦੇ ਹਨ ਉਹ ਸਖ਼ਤ ਸਜ਼ਾ ਦੀ ਉਮੀਦ ਰੱਖ ਸਕਦੇ ਹਨ। ਜਦੋਂ ਪਰਮੇਸ਼ੁਰ ਇਸ ਦੁਨੀਆਂ ਤੋਂ ਲੇਖਾ ਲਵੇਗਾ, ਤਾਂ ਮਸੀਹਾ ਆਪਣੀ ਰੋਹਬਦਾਰ ਆਵਾਜ਼ ਨਾਲ ‘ਧਰਤੀ ਨੂੰ ਮਾਰੇਗਾ,’ ਯਾਨੀ ਸਾਰੇ ਦੁਸ਼ਟ ਲੋਕਾਂ ਦੇ ਨਾਸ਼ ਦਾ ਹੁਕਮ ਦੇਵੇਗਾ। (ਜ਼ਬੂਰ 2:9. ਪਰਕਾਸ਼ ਦੀ ਪੋਥੀ 19:15 ਦੀ ਤੁਲਨਾ ਕਰੋ।) ਅੰਤ ਵਿਚ, ਮਨੁੱਖਜਾਤੀ ਦੀ ਸ਼ਾਂਤੀ ਵਿਗਾੜਨ ਲਈ ਕੋਈ ਦੁਸ਼ਟ ਲੋਕ ਨਹੀਂ ਰਹਿਣਗੇ। (ਜ਼ਬੂਰ 37:10, 11) ਯਿਸੂ ਕੋਲ ਇਹ ਕਰਨ ਦੀ ਸ਼ਕਤੀ ਹੈ ਕਿਉਂਕਿ ਉਸ ਦੀ ਕਮਰ ਅਤੇ ਉਸ ਦਾ ਲੱਕ ਧਰਮ ਅਤੇ ਵਫ਼ਾਦਾਰੀ ਨਾਲ ਬੰਨ੍ਹੇ ਹੋਏ ਹਨ।—ਜ਼ਬੂਰ 45:3-7.

ਧਰਤੀ ਦੀ ਬਦਲੀ ਹੋਈ ਹਾਲਤ

12. ਇਕ ਯਹੂਦੀ ਬਾਬਲ ਤੋਂ ਵਾਅਦਾ ਕੀਤੇ ਗਏ ਦੇਸ਼ ਨੂੰ ਵਾਪਸ ਜਾਣ ਬਾਰੇ ਸੋਚਦਾ ਹੋਇਆ ਸ਼ਾਇਦ ਕਿਨ੍ਹਾਂ ਗੱਲਾਂ ਦੀ ਚਿੰਤਾ ਕਰੇ?

12 ਇਕ ਅਜਿਹੇ ਇਸਰਾਏਲੀ ਦੀ ਕਲਪਨਾ ਕਰੋ ਜਿਸ ਨੂੰ ਖੋਰਸ ਦੇ ਫ਼ਰਮਾਨ ਬਾਰੇ ਹੁਣੇ ਹੀ ਪਤਾ ਲੱਗਾ ਹੈ ਕਿ ਯਹੂਦੀ ਯਰੂਸ਼ਲਮ ਨੂੰ ਵਾਪਸ ਜਾ ਕੇ ਹੈਕਲ ਨੂੰ ਦੁਬਾਰਾ ਬਣਾਉਣ। ਕੀ ਉਹ ਬਾਬਲ ਦੀ ਸੁਰੱਖਿਆ ਨੂੰ ਛੱਡ ਕੇ ਘਰ ਵਾਪਸ ਜਾਣ ਦਾ ਲੰਬਾ ਸਫ਼ਰ ਕਰਨ ਲਈ ਤਿਆਰ ਹੋਵੇਗਾ? ਇਸਰਾਏਲ ਦੀ 70 ਸਾਲਾਂ ਦੀ ਗ਼ੈਰ-ਹਾਜ਼ਰੀ ਦੌਰਾਨ, ਉਜੜੇ ਹੋਏ ਖੇਤਾਂ ਵਿਚ ਜੰਗਲੀ ਬੂਟੀਆਂ ਅਤੇ ਘਾਹ-ਫੂਸ ਉੱਗੇ ਹੋਏ ਸਨ। ਬਘਿਆੜ, ਚੀਤੇ, ਸ਼ੇਰ, ਅਤੇ ਰਿੱਛ ਹੁਣ ਉਨ੍ਹਾਂ ਖੇਤਾਂ ਵਿਚ ਸ਼ਿਕਾਰ ਲੱਭਦੇ-ਫਿਰਦੇ ਸਨ। ਉੱਥੇ ਹੁਣ ਨਾਗ ਵੀ ਰਹਿੰਦੇ ਸਨ। ਵਾਪਸ ਆ ਰਹੇ ਯਹੂਦੀਆਂ ਨੂੰ ਜੀਉਂਦੇ ਰਹਿਣ ਲਈ ਘਰੇਲੂ ਡੰਗਰਾਂ ਉੱਤੇ ਨਿਰਭਰ ਹੋਣਾ ਪਵੇਗਾ—ਇੱਜੜ ਤੋਂ ਦੁੱਧ, ਉੱਨ, ਅਤੇ ਮਾਸ, ਅਤੇ ਬਲਦ ਹਲ ਵਾਹੁਣ ਲਈ। ਕੀ ਇਹ ਡੰਗਰ ਸ਼ਿਕਾਰੀ ਜਾਨਵਰਾਂ ਦੇ ਸ਼ਿਕਾਰ ਬਣਨਗੇ? ਕੀ ਸੱਪ ਛੋਟੇ ਬੱਚਿਆਂ ਨੂੰ ਡੰਗ ਮਾਰਨਗੇ? ਰਸਤੇ ਵਿਚ ਜਾਂਦਿਆਂ ਕਿਸੇ ਹਮਲੇ ਦੇ ਖ਼ਤਰੇ ਬਾਰੇ ਕੀ?

13. (ੳ) ਯਸਾਯਾਹ ਨੇ ਦਿਲ ਨੂੰ ਖ਼ੁਸ਼ ਕਰਨ ਵਾਲੀ ਕਿਹੜੀ ਤਸਵੀਰ ਖਿੱਚੀ? (ਅ) ਅਸੀਂ ਕਿਸ ਤਰ੍ਹਾਂ ਜਾਣਦੇ ਹਾਂ ਕਿ ਜਿਸ ਸ਼ਾਂਤੀ ਬਾਰੇ ਯਸਾਯਾਹ ਨੇ ਜ਼ਿਕਰ ਕੀਤਾ ਉਹ ਸਿਰਫ਼ ਜੰਗਲੀ ਜਾਨਵਰਾਂ ਤੋਂ ਸੁਰੱਖਿਆ ਦੀ ਗੱਲ ਹੀ ਨਹੀਂ ਹੈ?

13 ਯਸਾਯਾਹ ਨੇ ਹੁਣ ਉਨ੍ਹਾਂ ਹਾਲਾਤਾਂ ਦੀ ਇਕ ਸੋਹਣੀ ਤਸਵੀਰ ਖਿੱਚੀ ਜੋ ਪਰਮੇਸ਼ੁਰ ਦੇਸ਼ ਵਿਚ ਲਿਆਵੇਗਾ। ਉਸ ਨੇ ਕਿਹਾ: “ਬਘਿਆੜ ਲੇਲੇ ਨਾਲ ਰਹੇਗਾ, ਅਤੇ ਚਿੱਤਾ ਮੇਮਣੇ ਨਾਲ ਬੈਠੇਗਾ, ਵੱਛਾ, ਜੁਆਨ ਸ਼ੇਰ ਤੇ ਪਾਲਤੂ ਪਸੂ ਇਕੱਠੇ ਰਹਿਣਗੇ, ਅਤੇ ਇੱਕ ਛੋਟਾ ਮੁੰਡਾ ਓਹਨਾਂ ਨੂੰ ਲਈ ਫਿਰੇਗਾ। ਗਾਂ ਤੇ ਰਿੱਛਨੀ ਚਰਨਗੀਆਂ, ਅਤੇ ਉਨ੍ਹਾਂ ਦੇ ਬੱਚੇ ਇਕੱਠੇ ਬੈਠਣਗੇ, ਬਬਰ ਸ਼ੇਰ ਬਲਦ ਵਾਂਙੁ ਭੋਹ ਖਾਵੇਗਾ। ਦੁੱਧ ਚੁੰਘਦਾ ਬੱਚਾ ਸੱਪ ਦੀ ਖੁੱਡ ਉੱਤੇ ਖੇਡੇਗਾ, ਅਤੇ ਦੁੱਧੋਂ ਛੁਡਾਇਆ ਹੋਇਆ ਬੱਚਾ ਆਪਣਾ ਹੱਥ ਨਾਗ ਦੀ ਵਰਮੀ ਉੱਤੇ ਰੱਖੇਗਾ। ਮੇਰੇ ਸਾਰੇ ਪਵਿੱਤ੍ਰ ਪਰਬਤ ਵਿੱਚ ਓਹ ਨਾ ਸੱਟ ਲਾਉਣਗੇ ਨਾ ਨਾਸ ਕਰਨਗੇ, ਕਿਉਂ ਜੋ ਧਰਤੀ ਯਹੋਵਾਹ ਦੇ ਗਿਆਨ ਨਾਲ ਭਰੀ ਹੋਈ ਹੋਵੇਗੀ, ਜਿਵੇਂ ਸਮੁੰਦਰ ਪਾਣੀ ਨਾਲ ਢੱਕਿਆ ਰੋਇਆ ਹੈ।” (ਯਸਾਯਾਹ 11:6-9) ਕੀ ਇਹ ਸ਼ਬਦ ਦਿਲ ਨੂੰ ਖ਼ੁਸ਼ ਨਹੀਂ ਕਰਦੇ? ਧਿਆਨ ਦਿਓ ਕਿ ਇੱਥੇ ਜ਼ਿਕਰ ਕੀਤੀ ਗਈ ਸ਼ਾਂਤੀ ਯਹੋਵਾਹ ਦੇ ਗਿਆਨ ਦੇ ਨਤੀਜੇ ਵਜੋਂ ਆਉਂਦੀ ਹੈ। ਇਸ ਲਈ, ਇੱਥੇ ਸਿਰਫ਼ ਜੰਗਲੀ ਜਾਨਵਰਾਂ ਤੋਂ ਸੁਰੱਖਿਆ ਦੀ ਗੱਲ ਨਹੀਂ ਕੀਤੀ ਗਈ। ਯਹੋਵਾਹ ਦਾ ਗਿਆਨ ਜਾਨਵਰਾਂ ਨੂੰ ਨਹੀਂ ਬਦਲੇਗਾ, ਪਰ ਇਹ ਲੋਕਾਂ ਉੱਤੇ ਅਸਰ ਪਾਵੇਗਾ। ਇਸਰਾਏਲੀਆਂ ਨੂੰ ਨਾ ਰਸਤੇ ਵਿਚ ਅਤੇ ਨਾ ਹੀ ਮੁੜ-ਬਹਾਲ ਦੇਸ਼ ਵਿਚ ਜੰਗਲੀ ਜਾਨਵਰਾਂ ਜਾਂ ਵਹਿਸ਼ੀ ਮਨੁੱਖਾਂ ਤੋਂ ਡਰਨ ਦੀ ਲੋੜ ਸੀ।—ਅਜ਼ਰਾ 8:21, 22; ਯਸਾਯਾਹ 35:8-10; 65:25.

14. ਯਸਾਯਾਹ 11:6-9 ਦੀ ਵੱਡੀ ਪੂਰਤੀ ਕੀ ਹੈ?

14 ਪਰ ਇਸ ਭਵਿੱਖਬਾਣੀ ਦੀ ਇਕ ਵੱਡੀ ਪੂਰਤੀ ਵੀ ਹੋਣੀ ਸੀ। ਸੰਨ 1914 ਵਿਚ ਯਿਸੂ, ਯਾਨੀ ਮਸੀਹਾ, ਸਵਰਗੀ ਸੀਯੋਨ ਪਰਬਤ ਉੱਤੇ ਰਾਜਾ ਬਣਾਇਆ ਗਿਆ। ਸੰਨ 1919 ਵਿਚ “ਪਰਮੇਸ਼ੁਰ ਦੇ ਇਸਰਾਏਲ” ਦੇ ਬਕੀਏ ਨੂੰ ਬਾਬਲੀ ਬੰਦਸ਼ ਤੋਂ ਛੁਡਾਇਆ ਗਿਆ ਸੀ ਅਤੇ ਉਨ੍ਹਾਂ ਨੇ ਸੱਚੀ ਉਪਾਸਨਾ ਦੀ ਮੁੜ ਸਥਾਪਨਾ ਵਿਚ ਹਿੱਸਾ ਲਿਆ। (ਗਲਾਤੀਆਂ 6:16) ਨਤੀਜੇ ਵਜੋਂ, ਫਿਰਦੌਸ ਬਾਰੇ ਯਸਾਯਾਹ ਦੀ ਭਵਿੱਖਬਾਣੀ ਦੀ ਅੱਜ ਦੀ ਪੂਰਤੀ ਲਈ ਰਾਹ ਖੋਲ੍ਹਿਆ ਗਿਆ। ਯਹੋਵਾਹ ਦੇ “ਪੂਰਨ ਗਿਆਨ” ਨੇ ਲੋਕਾਂ ਨੂੰ ਬਦਲਿਆ ਹੈ। (ਕੁਲੁੱਸੀਆਂ 3:9, 10) ਜੋ ਲੋਕ ਪਹਿਲਾਂ ਹਿੰਸਕ ਹੁੰਦੇ ਸਨ ਉਹ ਹੁਣ ਸ਼ਾਂਤਮਈ ਬਣ ਗਏ ਹਨ। (ਰੋਮੀਆਂ 12:2; ਅਫ਼ਸੀਆਂ 4:17-24) ਇਨ੍ਹਾਂ ਗੱਲਾਂ ਦਾ ਹੁਣ ਲੱਖਾਂ ਹੀ ਲੋਕਾਂ ਉੱਤੇ ਅਸਰ ਪਿਆ ਹੈ, ਕਿਉਂਕਿ ਯਸਾਯਾਹ ਦੀ ਭਵਿੱਖਬਾਣੀ ਵਿਚ ਜ਼ਮੀਨੀ ਉਮੀਦ ਰੱਖਣ ਵਾਲੇ ਮਸੀਹੀਆਂ ਦੀ ਵੱਧ ਰਹੀ ਗਿਣਤੀ ਵੀ ਸ਼ਾਮਲ ਹੈ। (ਜ਼ਬੂਰ 37:29; ਯਸਾਯਾਹ 60:22) ਇਨ੍ਹਾਂ ਨੇ ਉਸ ਸਮੇਂ ਦੀ ਉਡੀਕ ਕਰਨੀ ਸਿੱਖੀ ਹੈ ਜਦੋਂ ਪਰਮੇਸ਼ੁਰ ਦੇ ਮੁਢਲੇ ਮਕਸਦ ਅਨੁਸਾਰ ਸਾਰੀ ਧਰਤੀ ਦੁਬਾਰਾ ਫਿਰਦੌਸ ਵਰਗੀ ਬਣਾਈ ਜਾਵੇਗੀ ਜਿੱਥੇ ਸੁੱਖ-ਸ਼ਾਂਤੀ ਹੋਵੇਗੀ।—ਮੱਤੀ 6:9, 10; 2 ਪਤਰਸ 3:13.

15. ਕੀ ਅਸੀਂ ਨਵੇਂ ਸੰਸਾਰ ਵਿਚ ਯਸਾਯਾਹ ਦੇ ਸ਼ਬਦਾਂ ਦੀ ਅਸਲੀ ਪੂਰਤੀ ਦੀ ਉਮੀਦ ਰੱਖ ਸਕਦੇ ਹਾਂ? ਸਮਝਾਓ।

15 ਕੀ ਉਸ ਫਿਰਦੌਸ ਵਿਚ ਯਸਾਯਾਹ ਦੀ ਭਵਿੱਖਬਾਣੀ ਦੀ ਹੋਰ ਅਸਲੀ ਪੂਰਤੀ ਹੋਵੇਗੀ? ਇਸ ਤਰ੍ਹਾਂ ਸੋਚਣਾ ਉਚਿਤ ਲੱਗਦਾ ਹੈ। ਇਹ ਭਵਿੱਖਬਾਣੀ ਮਸੀਹਾ ਦੇ ਰਾਜ ਅਧੀਨ ਰਹਿਣ ਵਾਲਿਆਂ ਨੂੰ ਉਹੀ ਭਰੋਸਾ ਦਿੰਦੀ ਹੈ ਜੋ ਵਾਪਸ ਮੁੜ ਰਹੇ ਇਸਰਾਏਲੀਆਂ ਨੂੰ ਦਿੱਤਾ ਗਿਆ ਸੀ; ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਕਿਸੇ ਨੁਕਸਾਨ ਦਾ ਖ਼ਤਰਾ ਨਹੀਂ ਹੋਵੇਗਾ—ਚਾਹੇ ਮਨੁੱਖਾਂ ਤੋਂ ਜਾਂ ਜਾਨਵਰਾਂ ਤੋਂ। ਮਸੀਹਾ ਦੇ ਰਾਜ ਅਧੀਨ, ਧਰਤੀ ਦੇ ਸਾਰੇ ਵਾਸੀ ਉਨ੍ਹਾਂ ਸ਼ਾਂਤਮਈ ਹਾਲਾਤਾਂ ਦਾ ਆਨੰਦ ਮਾਣਨਗੇ ਜਿਨ੍ਹਾਂ ਦਾ ਆਨੰਦ ਆਦਮ ਅਤੇ ਹੱਵਾਹ ਨੇ ਅਦਨ ਵਿਚ ਮਾਣਿਆ ਸੀ। ਇਹ ਸੱਚ ਹੈ ਕਿ ਬਾਈਬਲ ਹਰੇਕ ਗੱਲ ਨਹੀਂ ਦੱਸਦੀ ਕਿ ਅਦਨ ਵਿਚ ਜੀਵਨ ਕਿਹੋ ਜਿਹਾ ਸੀ—ਜਾਂ ਕਿ ਫਿਰਦੌਸ ਵਿਚ ਜੀਵਨ ਕਿਹੋ ਜਿਹਾ ਹੋਵੇਗਾ। ਪਰ ਅਸੀਂ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਰਾਜਾ ਯਿਸੂ ਮਸੀਹ ਦੇ ਬੁੱਧੀਮਾਨ ਅਤੇ ਪ੍ਰੇਮਪੂਰਣ ਰਾਜ ਅਧੀਨ ਸਭ ਕੁਝ ਐਨ ਉਸੇ ਤਰ੍ਹਾਂ ਹੋਵੇਗਾ ਜਿਵੇਂ ਹੋਣਾ ਚਾਹੀਦਾ ਹੈ।

ਮਸੀਹਾ ਰਾਹੀਂ ਸ਼ੁੱਧ ਉਪਾਸਨਾ ਮੁੜ ਸਥਾਪਿਤ ਕੀਤੀ ਗਈ

16. ਸੰਨ 537 ਸਾ.ਯੁ.ਪੂ. ਵਿਚ ਪਰਮੇਸ਼ੁਰ ਦੇ ਲੋਕਾਂ ਲਈ ਝੰਡੇ ਵਜੋਂ ਕਿਹੜੀ ਚੀਜ਼ ਖੜ੍ਹੀ ਹੋਈ ਸੀ?

16 ਅਦਨ ਦੇ ਬਾਗ਼ ਵਿਚ ਸ਼ੁੱਧ ਉਪਾਸਨਾ ਉੱਤੇ ਪਹਿਲੀ ਵਾਰ ਹਮਲਾ ਹੋਇਆ ਸੀ ਜਦੋਂ ਸ਼ਤਾਨ ਨੇ ਆਦਮ ਅਤੇ ਹੱਵਾਹ ਨੂੰ ਯਹੋਵਾਹ ਦੇ ਖ਼ਿਲਾਫ਼ ਜਾਣ ਲਈ ਸਫ਼ਲਤਾ ਨਾਲ ਭਰਮਾਇਆ ਸੀ। ਸ਼ਤਾਨ ਨੇ ਅੱਜ ਤਕ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਪਰਮੇਸ਼ੁਰ ਤੋਂ ਦੂਰ ਕਰਨ ਦਾ ਆਪਣਾ ਇਰਾਦਾ ਨਹੀਂ ਬਦਲਿਆ। ਪਰ ਯਹੋਵਾਹ ਧਰਤੀ ਤੋਂ ਸ਼ੁੱਧ ਉਪਾਸਨਾ ਨੂੰ ਕਦੀ ਵੀ ਖ਼ਤਮ ਨਹੀਂ ਹੋਣ ਦੇਵੇਗਾ। ਇਹ ਉਸ ਦੇ ਨਾਂ ਦਾ ਸਵਾਲ ਹੈ, ਅਤੇ ਉਹ ਉਸ ਦੀ ਸੇਵਾ ਕਰਨ ਵਾਲਿਆਂ ਦੀ ਪਰਵਾਹ ਕਰਦਾ ਹੈ। ਇਸ ਲਈ, ਯਸਾਯਾਹ ਰਾਹੀਂ ਉਹ ਇਕ ਕਮਾਲ ਦਾ ਵਾਅਦਾ ਕਰਦਾ ਹੈ ਕਿ “ਓਸ ਦਿਨ ਐਉਂ ਹੋਵੇਗਾ ਕਿ ਯੱਸੀ ਦੀ ਜੜ੍ਹ ਜਿਹੜੀ ਲੋਕਾਂ ਦੇ ਝੰਡੇ ਲਈ ਖੜੀ ਹੈ,—ਉਹ ਨੂੰ ਕੌਮਾਂ ਭਾਲਣਗੀਆਂ ਅਤੇ ਉਹ ਦਾ ਅਰਾਮ ਅਸਥਾਨ ਪਰਤਾਪਵਾਨ ਹੋਵੇਗਾ।” (ਯਸਾਯਾਹ 11:10) ਦਾਊਦ ਨੇ ਯਰੂਸ਼ਲਮ ਨੂੰ ਦੇਸ਼ ਦੀ ਰਾਜਧਾਨੀ ਬਣਾਇਆ ਸੀ। ਸੰਨ 537 ਸਾ.ਯੁ.ਪੂ. ਵਿਚ, ਯਰੂਸ਼ਲਮ ਇਕ ਝੰਡੇ ਵਾਂਗ ਖਿੰਡੇ ਹੋਏ ਯਹੂਦੀਆਂ ਦੇ ਵਫ਼ਾਦਾਰ ਬਕੀਏ ਨੂੰ ਵਾਪਸ ਬੁਲਾ ਰਿਹਾ ਸੀ ਕਿ ਉਹ ਹੈਕਲ ਨੂੰ ਦੁਬਾਰਾ ਉਸਾਰਨ।

17. ਪਹਿਲੀ ਸਦੀ ਵਿਚ ਅਤੇ ਸਾਡੇ ਜ਼ਮਾਨੇ ਵਿਚ ਯਿਸੂ ਕੌਮਾਂ ਉੱਤੇ ਹਕੂਮਤ ਕਰਨ ਲਈ ਕਿਵੇਂ ਉੱਠਿਆ?

17 ਪਰ ਭਵਿੱਖਬਾਣੀ ਇਸ ਤੋਂ ਵੀ ਵੱਧ ਗੱਲ ਦਾ ਸੰਕੇਤ ਦਿੰਦੀ ਹੈ। ਜਿਵੇਂ ਅਸੀਂ ਪਹਿਲਾਂ ਹੀ ਦੇਖ ਚੁੱਕੇ ਹਾਂ, ਇਹ ਉਸ ਮਸੀਹਾ ਦੇ ਰਾਜ ਵੱਲ ਧਿਆਨ ਖਿੱਚ ਰਹੀ ਹੈ ਜੋ ਸਾਰੀਆਂ ਕੌਮਾਂ ਦੇ ਲੋਕਾਂ ਦਾ ਅਸਲੀ ਹਾਕਮ ਹੈ। ਪੌਲੁਸ ਰਸੂਲ ਨੇ ਯਸਾਯਾਹ 11:10 ਦਾ ਹਵਾਲਾ ਦੇ ਕੇ ਦਿਖਾਇਆ ਕਿ ਉਸ ਦੇ ਜ਼ਮਾਨੇ ਵਿਚ ਕੌਮਾਂ ਦੇ ਲੋਕਾਂ ਲਈ ਮਸੀਹੀ ਕਲੀਸਿਯਾ ਵਿਚ ਜਗ੍ਹਾ ਹੋਵੇਗੀ। ਬਾਈਬਲ ਦੇ ਸੈਪਟੁਜਿੰਟ ਤਰਜਮੇ ਤੋਂ ਇਸ ਆਇਤ ਦਾ ਹਵਾਲਾ ਦਿੰਦੇ ਹੋਏ, ਉਸ ਨੇ ਲਿਖਿਆ: “ਯਸਾਯਾਹ ਆਖਦਾ ਹੈ,—ਯੱਸੀ ਦੀ ਜੜ੍ਹ ਪਰਗਟ ਹੋਵੇਗੀ, ਅਤੇ ਜਿਹੜਾ ਕੌਮਾਂ ਉੱਤੇ ਹਕੂਮਤ ਕਰਨ ਲਈ ਉੱਠਣ ਵਾਲਾ ਹੈ, ਉਹ ਦੇ ਉੱਤੇ ਕੌਮਾਂ ਆਸਾ ਰੱਖਣਗੀਆਂ।” (ਰੋਮੀਆਂ 15:12) ਇਸ ਤੋਂ ਇਲਾਵਾ, ਭਵਿੱਖਬਾਣੀ ਦੀ ਪੂਰਤੀ ਸਾਡੇ ਜ਼ਮਾਨੇ ਤਕ ਪਹੁੰਚਦੀ ਹੈ ਜਦੋਂ ਕੌਮਾਂ ਦੇ ਲੋਕ ਮਸੀਹਾ ਦੇ ਮਸਹ ਕੀਤੇ ਹੋਏ ਭਰਾਵਾਂ ਨੂੰ ਸਹਾਰਾ ਦੇ ਕੇ ਯਹੋਵਾਹ ਲਈ ਆਪਣਾ ਪ੍ਰੇਮ ਦਿਖਾਉਂਦੇ ਹਨ।—ਯਸਾਯਾਹ 61:5-9; ਮੱਤੀ 25:31-40.

18. ਸਾਡੇ ਜ਼ਮਾਨੇ ਵਿਚ, ਯਿਸੂ ਇਕੱਠੇ ਹੋਣ ਦਾ ਨਿਸ਼ਾਨ ਕਿਵੇਂ ਬਣਿਆ ਹੈ?

18 ਅੱਜ ਦੇ ਜ਼ਮਾਨੇ ਦੀ ਪੂਰਤੀ ਵਿਚ, ‘ਉਹ ਦਿਨ’ ਜਿਸ ਬਾਰੇ ਯਸਾਯਾਹ ਨੇ ਗੱਲ ਕੀਤੀ ਸੀ 1914 ਵਿਚ ਸ਼ੁਰੂ ਹੋਇਆ ਜਦੋਂ ਮਸੀਹਾ ਪਰਮੇਸ਼ੁਰ ਦੇ ਸਵਰਗੀ ਰਾਜ ਦਾ ਰਾਜਾ ਬਣਾਇਆ ਗਿਆ। (ਲੂਕਾ 21:10; 2 ਤਿਮੋਥਿਉਸ 3:1-5; ਪਰਕਾਸ਼ ਦੀ ਪੋਥੀ 12:10) ਉਸ ਸਮੇਂ ਤੋਂ, ਯਿਸੂ ਮਸੀਹ ਰੂਹਾਨੀ ਇਸਰਾਏਲ ਲਈ ਅਤੇ ਧਰਮੀ ਹਕੂਮਤ ਚਾਹੁਣ ਵਾਲੇ ਲੋਕਾਂ ਲਈ ਇਕੱਠੇ ਹੋਣ ਦਾ ਝੰਡਾ ਜਾਂ ਇਕ ਸਾਫ਼ ਨਿਸ਼ਾਨ ਬਣਿਆ ਹੈ। ਮਸੀਹਾ ਦੇ ਨਿਰਦੇਸ਼ਨ ਅਧੀਨ, ਰਾਜ ਦੀ ਖ਼ੁਸ਼ ਖ਼ਬਰੀ ਸਾਰੀਆਂ ਕੌਮਾਂ ਤਕ ਪਹੁੰਚਾਈ ਗਈ ਹੈ, ਜਿਵੇਂ ਯਿਸੂ ਨੇ ਭਵਿੱਖਬਾਣੀ ਕੀਤੀ ਸੀ। (ਮੱਤੀ 24:14; ਮਰਕੁਸ 13:10) ਲੋਕਾਂ ਉੱਤੇ ਇਸ ਖ਼ੁਸ਼ ਖ਼ਬਰੀ ਦਾ ਡੂੰਘਾ ਅਸਰ ਪੈਂਦਾ ਹੈ। “ਹਰੇਕ ਕੌਮ ਵਿੱਚੋਂ . . . ਇੱਕ ਵੱਡੀ ਭੀੜ ਜਿਹ ਦੀ ਗਿਣਤੀ ਕਿਸੇ ਕੋਲੋਂ ਨਹੀਂ ਹੁੰਦੀ” ਸ਼ੁੱਧ ਉਪਾਸਨਾ ਵਿਚ ਮਸਹ ਕੀਤੇ ਹੋਏ ਬਕੀਏ ਨਾਲ ਮਿਲ ਕੇ ਮਸੀਹਾ ਦੇ ਅਧੀਨ ਆ ਰਹੀ ਹੈ। (ਪਰਕਾਸ਼ ਦੀ ਪੋਥੀ 7:9) ਜਿਉਂ-ਜਿਉਂ ਕਈ ਨਵੇਂ ਵਿਅਕਤੀ ਯਹੋਵਾਹ ਦੇ ‘ਪ੍ਰਾਰਥਨਾ ਦੇ ਰੂਹਾਨੀ ਘਰ’ ਵਿਚ ਬਕੀਏ ਨਾਲ ਮਿਲ ਰਹੇ ਹਨ, ਉਹ ਮਸੀਹਾ ਦੇ “ਅਰਾਮ ਅਸਥਾਨ,” ਯਾਨੀ ਪਰਮੇਸ਼ੁਰ ਦੀ ਵੱਡੀ ਰੂਹਾਨੀ ਹੈਕਲ ਨੂੰ ਹੋਰ ਪਰਤਾਪਵਾਨ ਬਣਾਉਂਦੇ ਹਨ।—ਯਸਾਯਾਹ 56:7; ਹੱਜਈ 2:7.

ਲੋਕ ਇਕਮੁੱਠ ਹੋ ਕੇ ਯਹੋਵਾਹ ਦੀ ਸੇਵਾ ਕਰਦੇ ਹਨ

19. ਯਹੋਵਾਹ ਨੇ ਕਿਨ੍ਹਾਂ ਦੋ ਮੌਕਿਆਂ ਤੇ ਸਾਰੀ ਧਰਤੀ ਵਿਚ ਖਿੰਡੇ ਹੋਏ ਆਪਣੇ ਲੋਕਾਂ ਦੇ ਬਕੀਏ ਨੂੰ ਇਕੱਠਾ ਕੀਤਾ?

19 ਯਸਾਯਾਹ ਨੇ ਇਸਰਾਏਲੀਆਂ ਨੂੰ ਅੱਗੇ ਯਾਦ ਕਰਾਇਆ ਕਿ ਯਹੋਵਾਹ ਨੇ ਪਹਿਲਾਂ ਵੀ ਉਨ੍ਹਾਂ ਲਈ ਮੁਕਤੀ ਦਾ ਪ੍ਰਬੰਧ ਕੀਤਾ ਸੀ ਜਦੋਂ ਕੌਮ ਨੇ ਸ਼ਕਤੀਸ਼ਾਲੀ ਦੁਸ਼ਮਣ ਦੇ ਜ਼ੁਲਮ ਦਾ ਸਾਮ੍ਹਣਾ ਕੀਤਾ ਸੀ। ਸਾਰੇ ਵਫ਼ਾਦਾਰ ਯਹੂਦੀ ਲੋਕ ਇਸਰਾਏਲ ਦੇ ਇਤਿਹਾਸ ਦੇ ਇਸ ਹਿੱਸੇ ਨੂੰ ਅਜ਼ੀਜ਼ ਸਮਝਦੇ ਹਨ ਜਦੋਂ ਯਹੋਵਾਹ ਨੇ ਕੌਮ ਨੂੰ ਮਿਸਰ ਦੀ ਗ਼ੁਲਾਮੀ ਤੋਂ ਛੁਡਾਇਆ ਸੀ। ਯਸਾਯਾਹ ਨੇ ਲਿਖਿਆ: “ਓਸ ਦਿਨ ਐਉਂ ਹੋਵੇਗਾ ਕਿ ਪ੍ਰਭੁ ਫੇਰ ਦੋਬਾਰਾ ਆਪਣੀ ਪਰਜਾ ਦੇ ਬਕੀਏ ਨੂੰ ਅੱਸ਼ੂਰ ਤੋਂ, ਮਿਸਰ ਤੋਂ, ਪਥਰੋਸ ਤੋਂ, ਕੂਸ਼ ਤੋਂ, ਏਲਾਮ ਤੋਂ, ਸ਼ਿਨਾਰ ਤੋਂ, ਹਮਾਥ ਤੋਂ ਅਤੇ ਸਮੁੰਦਰ ਦੇ ਟਾਪੂਆਂ ਤੋਂ ਮੋੜਨ ਲਈ ਆਪਣਾ ਹੱਥ ਪਾਵੇਗਾ। ਉਹ ਕੌਮਾਂ ਲਈ ਇੱਕ ਝੰਡਾ ਖੜਾ ਕਰੇਗਾ, ਅਤੇ ਇਸਰਾਏਲ ਦੇ ਛੁੱਟੜਾਂ ਨੂੰ ਇਕੱਠਾ ਕਰੇਗਾ, ਅਤੇ ਯਹੂਦਾਹ ਦੇ ਖਿੱਲਰਿਆਂ ਹੋਇਆਂ ਨੂੰ ਧਰਤੀ ਦੀਆਂ ਚਹੁੰ ਕੂੰਟਾਂ ਤੋਂ ਜਮਾ ਕਰੇਗਾ।” (ਯਸਾਯਾਹ 11:11, 12) ਯਹੋਵਾਹ ਨੇ ਇਸਰਾਏਲ ਦੇ ਅਤੇ ਯਹੂਦਾਹ ਦੇ ਵਫ਼ਾਦਾਰ ਬਕੀਏ ਨੂੰ ਉਨ੍ਹਾਂ ਕੌਮਾਂ ਵਿੱਚੋਂ, ਜਿੱਥੇ ਉਹ ਖਿੰਡੇ ਹੋਏ ਸਨ, ਇਸ ਤਰ੍ਹਾਂ ਕੱਢਿਆ ਜਿਸ ਤਰ੍ਹਾਂ ਕਿ ਉਸ ਨੇ ਉਨ੍ਹਾਂ ਦਾ ਹੱਥ ਫੜਿਆ ਹੋਇਆ ਸੀ ਅਤੇ ਉਨ੍ਹਾਂ ਨੂੰ ਸਹੀ-ਸਲਾਮਤ ਘਰ ਵਾਪਸ ਲਿਆਂਦਾ। ਛੋਟੇ ਪੈਮਾਨੇ ਤੇ, ਇਹ 537 ਸਾ.ਯੁ.ਪੂ. ਵਿਚ ਹੋਇਆ ਸੀ। ਪਰ ਇਸ ਦੀ ਵੱਡੀ ਪੂਰਤੀ ਹੋਰ ਵੀ ਸ਼ਾਨਦਾਰ ਹੈ! ਸੰਨ 1914 ਵਿਚ, ਯਹੋਵਾਹ ਨੇ ਸਿੰਘਾਸਣ ਤੇ ਬੈਠੇ ਯਿਸੂ ਮਸੀਹ ਨੂੰ ‘ਕੌਮਾਂ ਲਈ ਇੱਕ ਝੰਡੇ’ ਵਜੋਂ ਖੜ੍ਹਾ ਕੀਤਾ। ਸੰਨ 1919 ਵਿਚ ਸ਼ੁਰੂ ਹੁੰਦਿਆਂ “ਪਰਮੇਸ਼ੁਰ ਦੇ ਇਸਰਾਏਲ” ਦਾ ਬਕੀਆ ਇਸ ਝੰਡੇ ਵੱਲ ਇਕੱਠਾ ਹੋਣ ਲੱਗਾ। ਪਰਮੇਸ਼ੁਰ ਦੇ ਰਾਜ ਅਧੀਨ ਇਹ ਮਸੀਹੀ ਸ਼ੁੱਧ ਉਪਾਸਨਾ ਲਈ ਜੋਸ਼ੀਲੇ ਸਨ। ਇਹ ਅਨੋਖੀ ਰੂਹਾਨੀ ਕੌਮ “ਹਰੇਕ ਗੋਤ, ਭਾਖਿਆ, ਉੱਮਤ ਅਤੇ ਕੌਮ ਵਿੱਚੋਂ” ਆਉਂਦੀ ਹੈ।—ਪਰਕਾਸ਼ ਦੀ ਪੋਥੀ 5:9.

20. ਬਾਬਲ ਤੋਂ ਵਾਪਸ ਆ ਕੇ ਪਰਮੇਸ਼ੁਰ ਦੇ ਲੋਕਾਂ ਨੇ ਕਿਸ ਏਕਤਾ ਦਾ ਆਨੰਦ ਮਾਣਿਆ?

20 ਯਸਾਯਾਹ ਨੇ ਹੁਣ ਇਸ ਵਾਪਸ ਆਈ ਕੌਮ ਦੀ ਏਕਤਾ ਬਾਰੇ ਦੱਸਿਆ। ਉੱਤਰੀ ਰਾਜ ਨੂੰ ਇਫ਼ਰਾਈਮ ਅਤੇ ਦੱਖਣੀ ਰਾਜ ਨੂੰ ਯਹੂਦਾਹ ਸੱਦਦੇ ਹੋਏ ਉਸ ਨੇ ਕਿਹਾ: “ਇਫ਼ਰਾਈਮ ਦੀ ਖੁਣਸ ਜਾਂਦੀ ਰਹੇਗੀ, ਅਤੇ ਯਹੋਵਾਹ ਦੇ ਵੈਰੀ ਕੱਟੇ ਜਾਣਗੇ, ਇਫ਼ਰਾਈਮ ਯਹੂਦਾਹ ਨਾਲ ਖੁਣਸ ਨਾ ਕਰੇਗਾ, ਅਤੇ ਯਹੂਦਾਹ ਇਫ਼ਰਾਈਮ ਨਾਲ ਵੈਰ ਨਾ ਰੱਖੇਗਾ। ਤਾਂ ਓਹ ਸਮੁੰਦਰ ਵੱਲ ਫਲਿਸਤੀਆਂ ਦੇ ਮੋਢੇ ਤੇ ਝਪੱਟਾ ਮਾਰਨਗੇ, ਅਤੇ ਓਹ ਇਕੱਠੇ ਪੂਰਬੀਆਂ ਨੂੰ ਲੁੱਟ ਲੈਣਗੇ, ਓਹ ਆਪਣਾ ਹੱਥ ਅਦੋਮ ਅਰ ਮੋਆਬ ਉੱਤੇ ਪਾਉਣਗੇ, ਅਤੇ ਅੰਮੋਨੀ ਉਨ੍ਹਾਂ ਨੂੰ ਮੰਨਣਗੇ।” (ਯਸਾਯਾਹ 11:13, 14) ਬਾਬਲ ਤੋਂ ਵਾਪਸ ਆਉਣ ਦੇ ਸਮੇਂ ਯਹੂਦੀ ਲੋਕ ਦੋ ਕੌਮਾਂ ਵਿਚ ਨਹੀਂ ਵੰਡੇ ਰਹੇ। ਇਸਰਾਏਲ ਦੇ ਸਾਰਿਆਂ ਗੋਤਾਂ ਦੇ ਲੋਕ ਏਕਤਾ ਨਾਲ ਆਪਣੇ ਦੇਸ਼ ਵਾਪਸ ਮੁੜੇ। (ਅਜ਼ਰਾ 6:17) ਉਨ੍ਹਾਂ ਨੇ ਆਪਸ ਵਿਚ ਖੁਣਸ ਨਹੀਂ ਕੀਤੀ ਅਤੇ ਵੈਰ ਨਹੀਂ ਰੱਖਿਆ। ਉਹ ਇਕਮੁੱਠ ਹੋ ਕੇ ਆਲੇ-ਦੁਆਲੇ ਦੀਆਂ ਕੌਮਾਂ ਵਿਚ ਆਪਣੇ ਦੁਸ਼ਮਣਾਂ ਖ਼ਿਲਾਫ਼ ਕਾਮਯਾਬੀ ਨਾਲ ਖੜ੍ਹੇ ਹੋਏ।

21. ਅੱਜ ਪਰਮੇਸ਼ੁਰ ਦੇ ਲੋਕਾਂ ਦੀ ਏਕਤਾ ਕਮਾਲ ਦੀ ਕਿਵੇਂ ਹੈ?

21 “ਪਰਮੇਸ਼ੁਰ ਦੇ ਇਸਰਾਏਲ” ਦੀ ਏਕਤਾ ਇਸ ਤੋਂ ਵੀ ਕਮਾਲ ਹੈ। ਰੂਹਾਨੀ ਇਸਰਾਏਲ ਦੇ 12 ਗੋਤਾਂ ਨੇ ਲਗਭਗ 2,000 ਸਾਲਾਂ ਤੋਂ ਅਜਿਹੀ ਏਕਤਾ ਦਾ ਆਨੰਦ ਮਾਣਿਆ ਹੈ ਜੋ ਪਰਮੇਸ਼ੁਰ ਅਤੇ ਉਨ੍ਹਾਂ ਦੇ ਰੂਹਾਨੀ ਭੈਣਾਂ-ਭਰਾਵਾਂ ਲਈ ਪ੍ਰੇਮ ਉੱਤੇ ਆਧਾਰਿਤ ਹੈ। (ਕੁਲੁੱਸੀਆਂ 3:14; ਪਰਕਾਸ਼ ਦੀ ਪੋਥੀ 7:4-8) ਅੱਜ, ਯਹੋਵਾਹ ਦੇ ਲੋਕ—ਰੂਹਾਨੀ ਇਸਰਾਏਲੀ ਅਤੇ ਜ਼ਮੀਨੀ ਉਮੀਦ ਰੱਖਣ ਵਾਲੇ—ਮਸੀਹਾ ਦੇ ਰਾਜ ਅਧੀਨ ਸੰਸਾਰ ਭਰ ਵਿਚ ਏਕਤਾ ਅਤੇ ਸ਼ਾਂਤੀ ਦਾ ਆਨੰਦ ਮਾਣਦੇ ਹਨ। ਇਹ ਹਾਲਾਤ ਈਸਾਈ-ਜਗਤ ਦੇ ਗਿਰਜਿਆਂ ਵਿਚ ਨਹੀਂ ਪਾਏ ਜਾਂਦੇ। ਸ਼ਤਾਨ ਯਹੋਵਾਹ ਦੇ ਗਵਾਹਾਂ ਦੀ ਉਪਾਸਨਾ ਵਿਚ ਦਖ਼ਲ ਦੇਣ ਦੇ ਜਤਨ ਕਰ ਰਿਹਾ ਹੈ, ਤਾਂ ਇਨ੍ਹਾਂ ਜਤਨਾਂ ਦਾ ਸਾਮ੍ਹਣਾ ਕਰਨ ਵਾਸਤੇ ਗਵਾਹ ਏਕਤਾ ਨਾਲ ਰੂਹਾਨੀ ਤੌਰ ਤੇ ਖੜ੍ਹੇ ਹੁੰਦੇ ਹਨ। ਇਕ ਪਰਜਾ ਵਜੋਂ, ਉਹ ਯਿਸੂ ਦਾ ਹੁਕਮ ਪੂਰਾ ਕਰਦੇ ਹਨ ਕਿ ਸਾਰੀਆਂ ਕੌਮਾਂ ਵਿਚ ਉਸ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਜਾਵੇ ਅਤੇ ਉਸ ਬਾਰੇ ਸਿੱਖਿਆ ਦਿੱਤੀ ਜਾਵੇ।—ਮੱਤੀ 28:19, 20.

ਰੁਕਾਵਟਾਂ ਪਾਰ ਕੀਤੀਆਂ ਜਾਣਗੀਆਂ

22. ਯਹੋਵਾਹ ਨੇ “ਮਿਸਰ ਦੀ ਸਮੁੰਦਰੀ ਖਾਡੀ ਦਾ ਸੱਤਿਆ ਨਾਸ” ਕਿਵੇਂ ਕੀਤਾ ਅਤੇ “ਆਪਣਾ ਹੱਥ ਦਰਿਆ ਉੱਤੇ ਲੂ ਨਾਲ” ਕਿਵੇਂ ਹਿਲਾਇਆ?

22 ਬੰਦਸ਼ ਵਿੱਚੋਂ ਨਿਕਲ ਕੇ ਇਸਰਾਏਲੀਆਂ ਦੇ ਵਾਪਸ ਆਉਣ ਵਿਚ ਕਈ ਅਸਲੀ ਅਤੇ ਲਾਖਣਿਕ ਰੁਕਾਵਟਾਂ ਸਨ। ਇਹ ਪਾਰ ਕਿਵੇਂ ਕੀਤੀਆਂ ਜਾ ਸਕਦੀਆਂ ਸਨ? ਯਸਾਯਾਹ ਨੇ ਕਿਹਾ: “ਯਹੋਵਾਹ ਮਿਸਰ ਦੀ ਸਮੁੰਦਰੀ ਖਾਡੀ ਦਾ ਸੱਤਿਆ ਨਾਸ ਕਰ ਦੇਵੇਗਾ, ਉਹ ਆਪਣਾ ਹੱਥ ਦਰਿਆ ਉੱਤੇ ਲੂ ਨਾਲ ਹਿਲਾਵੇਗਾ, ਅਤੇ ਉਹ ਨੂੰ ਮਾਰ ਕੇ ਉਹ ਦੇ ਸੱਤ ਨਾਲੇ ਕਰ ਦੇਵੇਗਾ, ਤਾਂ ਉਹ ਓਹਨਾਂ ਨੂੰ ਜੁੱਤੀਆਂ ਸਣੇ ਪਾਰ ਲੰਘਾਵੇਗਾ।” (ਯਸਾਯਾਹ 11:15) ਯਹੋਵਾਹ ਨੇ ਹੀ ਆਪਣੇ ਲੋਕਾਂ ਦੇ ਵਾਪਸੀ ਲਈ ਸਾਰੀਆਂ ਰੁਕਾਵਟਾਂ ਦੂਰ ਕੀਤੀਆਂ। ਭਾਵੇਂ ਇਹ ਰੁਕਾਵਟ ਲਾਲ ਸਮੁੰਦਰ ਦੀ ਇਕ ਖਾੜੀ ਸੀ (ਜਿਵੇਂ ਕਿ ਸਵੇਜ਼ ਦੀ ਖਾੜੀ), ਜਾਂ ਲੰਬਾ-ਚੌੜਾ ਫਰਾਤ ਦਰਿਆ, ਉਹ ਮਾਨੋ ਸੁਕਾਏ ਗਏ, ਤਾਂਕਿ ਲੋਕ ਜੁੱਤੀਆਂ ਸਣੇ ਪਾਰ ਲੰਘ ਸਕੇ!

23. ‘ਅੱਸ਼ੂਰ ਤੋਂ ਇੱਕ ਸੜਕ’ ਕਿਸ ਤਰ੍ਹਾਂ ਨਿਕਲੀ?

23 ਮੂਸਾ ਦੇ ਜ਼ਮਾਨੇ ਵਿਚ, ਯਹੋਵਾਹ ਨੇ ਇਸਰਾਏਲ ਲਈ ਮਿਸਰ ਵਿੱਚੋਂ ਬਚ ਨਿਕਲ ਕੇ ਵਾਅਦਾ ਕੀਤੇ ਹੋਏ ਦੇਸ਼ ਤਕ ਪਹੁੰਚਣ ਦਾ ਰਾਹ ਤਿਆਰ ਕੀਤਾ ਸੀ। ਉਸ ਨੇ ਫਿਰ ਤੋਂ ਕੁਝ ਇਹੋ ਜਿਹਾ ਕੀਤਾ: “ਮੇਰੀ ਪਰਜਾ ਦੇ ਬਕੀਏ ਲਈ ਜਿਹੜਾ ਅੱਸ਼ੂਰ ਤੋਂ ਬਚ ਗਿਆ, ਇੱਕ ਸੜਕ ਹੋਵੇਗੀ, ਜਿਵੇਂ ਇਸਰਾਏਲ ਲਈ ਸੀ, ਜਦ ਓਹ ਮਿਸਰ ਦੇ ਦੇਸੋਂ ਉਤਾਹਾਂ ਆਏ।” (ਯਸਾਯਾਹ 11:16) ਯਹੋਵਾਹ ਨੇ ਵਾਪਸ ਆ ਰਹੇ ਜਲਾਵਤਨਾਂ ਦੀ ਅਗਵਾਈ ਕੀਤੀ ਜਿਵੇਂ ਕਿ ਉਹ ਬੰਦਸ਼ ਦੀ ਜਗ੍ਹਾ ਤੋਂ ਆਪਣੇ ਵਤਨ ਤਕ ਇਕ ਸੜਕ ਉੱਤੇ ਤੁਰ ਰਹੇ ਹੋਣ। ਵਿਰੋਧੀਆਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਦਾ ਪਰਮੇਸ਼ੁਰ, ਯਹੋਵਾਹ, ਉਨ੍ਹਾਂ ਦੇ ਨਾਲ ਸੀ। ਅੱਜ ਵੀ ਮਸਹ ਕੀਤੇ ਹੋਏ ਮਸੀਹੀਆਂ ਅਤੇ ਉਨ੍ਹਾਂ ਦੇ ਸਾਥੀਆਂ ਉੱਤੇ ਹਮਲਾ ਕੀਤਾ ਜਾਂਦਾ ਹੈ, ਪਰ ਉਹ ਬਹਾਦਰੀ ਨਾਲ ਅੱਗੇ ਵੱਧਦੇ ਜਾਂਦੇ ਹਨ! ਉਹ ਅੱਜ ਦੇ ਅੱਸ਼ੂਰ, ਯਾਨੀ ਸ਼ਤਾਨ ਦੀ ਦੁਨੀਆਂ ਵਿੱਚੋਂ ਨਿਕਲ ਆਏ ਹਨ, ਅਤੇ ਉਹ ਇਸੇ ਤਰ੍ਹਾਂ ਕਰਨ ਵਿਚ ਹੋਰਨਾਂ ਦੀ ਵੀ ਮਦਦ ਕਰਦੇ ਹਨ। ਉਹ ਜਾਣਦੇ ਹਨ ਕਿ ਸ਼ੁੱਧ ਉਪਾਸਨਾ ਕਾਮਯਾਬ ਹੋਵੇਗੀ ਅਤੇ ਵਧੇਗੀ। ਇਹ ਮਨੁੱਖ ਦਾ ਕੰਮ ਨਹੀਂ, ਸਗੋਂ ਪਰਮੇਸ਼ੁਰ ਦਾ ਕੰਮ ਹੈ।

ਮਸੀਹਾ ਦੀ ਪਰਜਾ ਲਈ ਬੇਅੰਤ ਖ਼ੁਸ਼ੀ!

24, 25. ਯਹੋਵਾਹ ਦੇ ਲੋਕਾਂ ਨੇ ਉਸਤਤ ਅਤੇ ਧੰਨਵਾਦ ਕਰਨ ਲਈ ਕੀ ਪੁਕਾਰਿਆ?

24 ਖ਼ੁਸ਼ੀ-ਭਰੇ ਸ਼ਬਦਾਂ ਨਾਲ ਯਸਾਯਾਹ ਨੇ ਹੁਣ ਯਹੋਵਾਹ ਦੇ ਬਚਨ ਦੀ ਪੂਰਤੀ ਦੇ ਕਾਰਨ ਉਸ ਦੇ ਲੋਕਾਂ ਦੀ ਖ਼ੁਸ਼ੀ ਬਾਰੇ ਦੱਸਿਆ: “ਉਸ ਦਿਨ ਤੂੰ ਆਖੇਂਗਾ, ਹੇ ਯਹੋਵਾਹ, ਮੈਂ ਤੇਰਾ ਧੰਨਵਾਦ ਕਰਾਂਗਾ, ਭਾਵੇਂ ਤੂੰ ਮੇਰੇ ਨਾਲ ਗੁੱਸੇ ਸੈਂ, ਪਰ ਤੇਰਾ ਕ੍ਰੋਧ ਟਲ ਗਿਆ ਅਤੇ ਤੈਂ ਮੈਨੂੰ ਦਿਲਾਸਾ ਦਿੱਤਾ ਹੈ।” (ਯਸਾਯਾਹ 12:1) ਯਹੋਵਾਹ ਨੇ ਆਪਣੇ ਜ਼ਿੱਦੀ ਲੋਕਾਂ ਨੂੰ ਸਖ਼ਤ ਸਜ਼ਾ ਦਿੱਤੀ। ਪਰ ਇਸ ਸਜ਼ਾ ਦੇ ਕਾਰਨ ਕੌਮ ਦਾ ਰਿਸ਼ਤਾ ਠੀਕ ਹੋਇਆ ਅਤੇ ਸ਼ੁੱਧ ਉਪਾਸਨਾ ਦੁਬਾਰਾ ਸਥਾਪਿਤ ਕੀਤੀ ਗਈ। ਯਹੋਵਾਹ ਨੇ ਆਪਣੇ ਵਫ਼ਾਦਾਰ ਉਪਾਸਕਾਂ ਨੂੰ ਭਰੋਸਾ ਦਿੱਤਾ ਕਿ ਅੰਤ ਵਿਚ ਉਹ ਉਨ੍ਹਾਂ ਨੂੰ ਬਚਾਵੇਗਾ। ਤਾਂ ਫਿਰ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਉਨ੍ਹਾਂ ਨੇ ਉਸ ਲਈ ਆਪਣੀ ਕਦਰ ਦਿਖਾਈ!

25 ਯਹੋਵਾਹ ਉੱਤੇ ਮੁੜ ਬਹਾਲ ਇਸਰਾਏਲੀਆਂ ਦਾ ਭਰੋਸਾ ਪੱਕਾ ਕੀਤਾ ਗਿਆ, ਅਤੇ ਉਨ੍ਹਾਂ ਨੇ ਪੁਕਾਰਿਆ: “ਵੇਖੋ, ਪਰਮੇਸ਼ੁਰ ਮੇਰੀ ਮੁਕਤੀ ਹੈ, ਮੈਂ ਆਸ ਰੱਖਾਂਗਾ ਅਤੇ ਨਾ ਡਰਾਂਗਾ, ਕਿਉਂ ਜੋ ਮੇਰਾ ਬਲ ਅਰ ਮੇਰਾ ਗੀਤ ਯਾਹ ਯਹੋਵਾਹ ਹੈ, ਅਤੇ ਉਹੋ ਮੇਰੀ ਮੁਕਤੀ ਹੈ। ਮੁਕਤੀ ਦੇ ਸੋਤਿਆਂ ਤੋਂ, ਤੁਸੀਂ ਖੁਸ਼ੀ ਨਾਲ ਪਾਣੀ ਭਰੋਗੇ।” (ਯਸਾਯਾਹ 12:2, 3) ਉਪਾਸਕਾਂ ਨੇ “ਯਾਹ ਯਹੋਵਾਹ” ਵੱਲੋਂ ਮੁਕਤੀ ਪਾ ਕੇ ਉਸ ਦਾ ਜਸ ਗਾਇਆ। ਯਹੋਵਾਹ ਦੇ ਨਾਂ ਦਾ ਛੋਟਾ ਰੂਪ “ਯਾਹ,” ਬਾਈਬਲ ਵਿਚ ਉਸਤਤ ਅਤੇ ਧੰਨਵਾਦ ਦੇ ਗਹਿਰੇ ਜਜ਼ਬਾਤ ਪ੍ਰਗਟ ਕਰਨ ਲਈ ਇਸਤੇਮਾਲ ਕੀਤਾ ਜਾਂਦਾ ਹੈ। ਪਰਮੇਸ਼ੁਰ ਦਾ ਦੂਹਰਾ ਨਾਂ “ਯਾਹ ਯਹੋਵਾਹ” ਇਸਤੇਮਾਲ ਕਰਨਾ ਪਰਮੇਸ਼ੁਰ ਦੀ ਉਸਤਤ ਦੇ ਜੋਸ਼ ਨੂੰ ਚੜ੍ਹਦੀ ਕਲਾ ਵਿਚ ਲੈ ਜਾਂਦਾ ਹੈ।

26. ਕੌਮਾਂ ਨੂੰ ਪਰਮੇਸ਼ੁਰ ਦੇ ਕੰਮਾਂ ਬਾਰੇ ਅੱਜ ਕੌਣ ਦੱਸਦੇ ਹਨ?

26 ਯਹੋਵਾਹ ਦੇ ਸੱਚੇ ਉਪਾਸਕ ਆਪਣੀ ਖ਼ੁਸ਼ੀ ਨੂੰ ਲੁਕੋ ਕੇ ਨਹੀਂ ਰੱਖ ਸਕਦੇ। ਯਸਾਯਾਹ ਨੇ ਭਵਿੱਖਬਾਣੀ ਕੀਤੀ: “ਓਸ ਦਿਨ ਤੁਸੀਂ ਆਖੋਗੇ, ਯਹੋਵਾਹ ਦਾ ਧੰਨਵਾਦ ਕਰੋ, ਉਹ ਦੇ ਨਾਮ ਉੱਤੇ ਪੁਕਾਰੋ, ਲੋਕਾਂ ਵਿੱਚ ਉਹ ਦੀਆਂ ਕਰਨੀਆਂ ਦੱਸੋ, ਪਰਚਾਰ ਕਰੋ ਕਿ ਉਹ ਦਾ ਨਾਮ ਉੱਤਮ ਹੈ। ਯਹੋਵਾਹ ਨੂੰ ਗਾਓ, ਉਸ ਨੇ ਸ਼ਾਨਦਾਰ ਕੰਮ ਜੋ ਕੀਤੇ, ਇਹ ਸਾਰੀ ਧਰਤੀ ਵਿੱਚ ਜਾਣਿਆ ਜਾਵੇ।” (ਯਸਾਯਾਹ 12:4, 5) ਸੰਨ 1919 ਤੋਂ ਲੈ ਕੇ, ਮਸਹ ਕੀਤੇ ਹੋਏ ਮਸੀਹੀਆਂ ਨੇ ‘ਉਹ ਦਿਆਂ ਗੁਣਾਂ ਦਾ ਪਰਚਾਰ ਕੀਤਾ ਹੈ ਜਿਹ ਨੇ ਉਨ੍ਹਾਂ ਨੂੰ ਅਨ੍ਹੇਰੇ ਤੋਂ ਆਪਣੇ ਅਚਰਜ ਚਾਨਣ ਵਿੱਚ ਸੱਦ ਲਿਆ,’ ਅਤੇ ਬਾਅਦ ਵਿਚ ਉਨ੍ਹਾਂ ਨੇ ‘ਹੋਰ ਭੇਡਾਂ,’ ਯਾਨੀ ਆਪਣੇ ਸਾਥੀਆਂ ਦੀ ਮਦਦ ਨਾਲ ਇਹ ਕੰਮ ਕੀਤਾ। ਮਸਹ ਕੀਤੇ ਹੋਏ ਮਸੀਹੀ ਇਕ ‘ਚੁਣਿਆ ਹੋਇਆ ਵੰਸ ਅਤੇ ਪਵਿੱਤਰ ਕੌਮ’ ਹਨ ਜੋ ਇਸੇ ਮਕਸਦ ਲਈ ਵੱਖਰੇ ਕੀਤੇ ਗਏ ਹਨ। (1 ਪਤਰਸ 2:9; ਯੂਹੰਨਾ 10:16) ਮਸਹ ਕੀਤੇ ਹੋਏ ਮਸੀਹੀ ਪ੍ਰਚਾਰ ਕਰਦੇ ਹਨ ਕਿ ਪਰਮੇਸ਼ੁਰ ਦਾ ਪਵਿੱਤਰ ਨਾਂ ਉੱਤਮ ਹੈ ਅਤੇ ਉਹ ਸਾਰੀ ਦੁਨੀਆਂ ਵਿਚ ਉਸ ਦਾ ਨਾਂ ਫੈਲਾਉਣ ਵਿਚ ਹਿੱਸਾ ਲੈਂਦੇ ਹਨ। ਉਹ ਯਹੋਵਾਹ ਦੇ ਸਾਰੇ ਉਪਾਸਕਾਂ ਨੂੰ ਆਪਣੀ ਮੁਕਤੀ ਦੇ ਪ੍ਰਬੰਧ ਵਿਚ ਖ਼ੁਸ਼ ਹੋਣ ਲਈ ਉਕਸਾਉਂਦੇ ਹਨ। ਇਹ ਉਸੇ ਤਰ੍ਹਾਂ ਹੈ ਜਿਵੇਂ ਯਸਾਯਾਹ ਨੇ ਕਿਹਾ ਸੀ: “ਹੇ ਸੀਯੋਨ ਦੀਏ ਵਾਸਣੇ, ਕੂਕ ਮਾਰ ਕੇ ਜੈਕਾਰਾ ਗਜਾ, ਕਿਉਂ ਜੋ ਤੇਰੇ ਵਿੱਚ ਇਸਰਾਏਲ ਦਾ ਪਵਿੱਤਰ ਪੁਰਖ ਮਹਾਨ ਹੈ”! (ਯਸਾਯਾਹ 12:6) ਇਸਰਾਏਲ ਦਾ ਪਵਿੱਤਰ ਪੁਰਖ ਖ਼ੁਦ ਯਹੋਵਾਹ ਪਰਮੇਸ਼ੁਰ ਹੈ।

ਉਮੀਦ ਨਾਲ ਭਵਿੱਖ ਵੱਲ ਦੇਖੋ!

27. ਆਪਣੀ ਉਮੀਦ ਦੀ ਪੂਰਤੀ ਉਡੀਕਦੇ ਹੋਏ, ਮਸੀਹੀ ਕਿਹੜਾ ਭਰੋਸਾ ਰੱਖਦੇ ਹਨ?

27 ਅੱਜ ਲੱਖਾਂ ਹੀ ਲੋਕ ‘ਕੌਮਾਂ ਲਈ ਇੱਕ ਝੰਡੇ,’ ਯਾਨੀ ਪਰਮੇਸ਼ੁਰ ਦੇ ਰਾਜ ਵਿਚ ਸਿੰਘਾਸਣ ਉੱਤੇ ਬੈਠੇ ਯਿਸੂ ਮਸੀਹ ਦੇ ਸਾਮ੍ਹਣੇ ਇਕੱਠੇ ਹੋਏ ਹਨ। ਉਹ ਉਸ ਰਾਜ ਦੇ ਅਧੀਨ ਆ ਕੇ ਖ਼ੁਸ਼ ਹਨ ਅਤੇ ਯਹੋਵਾਹ ਪਰਮੇਸ਼ੁਰ ਅਤੇ ਉਸ ਦੇ ਪੁੱਤਰ ਨੂੰ ਜਾਣ ਕੇ ਵੀ ਉਹ ਬਹੁਤ ਖ਼ੁਸ਼ ਹਨ। (ਯੂਹੰਨਾ 17:3) ਉਨ੍ਹਾਂ ਨੂੰ ਮਸੀਹੀ ਸੰਗਤ ਦੀ ਏਕਤਾ ਤੋਂ ਵੱਡੀ ਖ਼ੁਸ਼ੀ ਮਿਲਦੀ ਹੈ ਅਤੇ ਉਹ ਸ਼ਾਂਤੀ ਕਾਇਮ ਰੱਖਣ ਦੀ ਪੂਰੀ ਕੋਸ਼ਿਸ਼ ਕਰਦੇ ਹਨ, ਜੋ ਸ਼ਾਂਤੀ ਯਹੋਵਾਹ ਦੇ ਸੱਚੇ ਸੇਵਕਾਂ ਦਾ ਚਿੰਨ੍ਹ ਹੈ। (ਯਸਾਯਾਹ 54:13) ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਯਾਹ ਯਹੋਵਾਹ ਅਜਿਹਾ ਪਰਮੇਸ਼ੁਰ ਹੈ ਜੋ ਆਪਣੇ ਵਾਅਦੇ ਨਿਭਾਉਂਦਾ ਹੈ, ਇਸ ਕਰਕੇ ਭਵਿੱਖ ਲਈ ਉਨ੍ਹਾਂ ਦੀ ਉਮੀਦ ਪੱਕੀ ਹੈ, ਅਤੇ ਇਸ ਬਾਰੇ ਹੋਰਨਾਂ ਨੂੰ ਦੱਸ ਕੇ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਮਿਲਦੀ ਹੈ। ਉਮੀਦ ਹੈ ਕਿ ਯਹੋਵਾਹ ਦਾ ਹਰ ਉਪਾਸਕ ਆਪਣੀ ਪੂਰੀ ਹਿੰਮਤ ਨਾਲ ਪਰਮੇਸ਼ੁਰ ਦੀ ਸੇਵਾ ਕਰਦਾ ਰਹੇਗਾ ਅਤੇ ਹੋਰਨਾਂ ਨੂੰ ਵੀ ਇਸ ਤਰ੍ਹਾਂ ਕਰਨ ਵਿਚ ਮਦਦ ਦੇਵੇਗਾ। ਆਓ ਅਸੀਂ ਸਾਰੇ ਜਣੇ ਯਸਾਯਾਹ ਦੇ ਸ਼ਬਦਾਂ ਨੂੰ ਦਿਲ ਵਿਚ ਬਿਠਾਈਏ ਅਤੇ ਯਹੋਵਾਹ ਦੇ ਮਸੀਹਾ ਰਾਹੀਂ ਮੁਕਤੀ ਵਿਚ ਖ਼ੁਸ਼ੀ ਮਨਾਈਏ!

[ਫੁਟਨੋਟ]

^ ਪੈਰਾ 2 “ਮਸੀਹਾ” ਲਈ ਇਬਰਾਨੀ ਸ਼ਬਦ ਮਾਸ਼ੀਅਖ ਹੈ, ਜਿਸ ਦਾ ਅਰਥ ਹੈ “ਮਸਹ ਕੀਤਾ ਹੋਇਆ।” ਯੂਨਾਨੀ ਭਾਸ਼ਾ ਵਿਚ ਇਹ ਸ਼ਬਦ ਕ੍ਰਿਸਟੋਸ ਹੈ।—ਮੱਤੀ 2:4.

^ ਪੈਰਾ 5 ‘ਟਹਿਣੇ’ ਲਈ ਵਰਤਿਆ ਗਿਆ ਇਬਰਾਨੀ ਸ਼ਬਦ ਨੇਟਸਰ ਹੈ, ਅਤੇ “ਨਾਸਰੀ” ਲਈ ਸ਼ਬਦ ਨੋਟਸਰੀ ਹੈ।

[ਸਵਾਲ]

[ਸਫ਼ਾ 158 ਉੱਤੇ ਤਸਵੀਰਾਂ]

ਰਾਜਾ ਦਾਊਦ ਰਾਹੀਂ, ਮਸੀਹਾ, ਯੱਸੀ ਵਿੱਚੋਂ “ਇੱਕ ਲਗਰ” ਹੈ

[ਪੂਰੇ ਸਫ਼ੇ 162 ਉੱਤੇ ਤਸਵੀਰ]

[ਸਫ਼ਾ 170 ਉੱਤੇ ਤਸਵੀਰ]

ਯਸਾਯਾਹ 12:4, 5, ਜਿਵੇਂ ਇਹ ਮ੍ਰਿਤ ਸਾਗਰ ਦੀਆਂ ਪੋਥੀਆਂ ਵਿਚ ਪਾਇਆ ਜਾਂਦਾ ਹੈ (ਪਰਮੇਸ਼ੁਰ ਦਾ ਨਾਂ ਉਜਾਗਰ ਕੀਤਾ ਗਿਆ ਹੈ)