Skip to content

Skip to table of contents

“ਮੇਰੀ ਪਰਜਾ ਨੂੰ ਦਿਲਾਸਾ ਦਿਓ”

“ਮੇਰੀ ਪਰਜਾ ਨੂੰ ਦਿਲਾਸਾ ਦਿਓ”

ਤੀਹਵਾਂ ਅਧਿਆਇ

“ਮੇਰੀ ਪਰਜਾ ਨੂੰ ਦਿਲਾਸਾ ਦਿਓ”

ਯਸਾਯਾਹ 40:1-31

1. ਯਹੋਵਾਹ ਸਾਨੂੰ ਦਿਲਾਸਾ ਕਿਵੇਂ ਦਿੰਦਾ ਹੈ?

ਯਹੋਵਾਹ “ਧੀਰਜ ਅਤੇ ਦਿਲਾਸੇ ਦਾ ਪਰਮੇਸ਼ੁਰ” ਹੈ। ਉਹ ਸਾਨੂੰ ਆਪਣੇ ਬਚਨ ਵਿਚ ਲਿਖੇ ਹੋਏ ਵਾਅਦਿਆਂ ਰਾਹੀਂ ਦਿਲਾਸਾ ਦਿੰਦਾ ਹੈ। (ਰੋਮੀਆਂ 15:4, 5) ਮਿਸਾਲ ਲਈ, ਜਦੋਂ ਸਾਡੇ ਕਿਸੇ ਪਿਆਰੇ ਮਿੱਤਰ ਜਾਂ ਰਿਸ਼ਤੇਦਾਰ ਦੀ ਮੌਤ ਹੁੰਦੀ ਹੈ, ਤਾਂ ਸਾਨੂੰ ਇਸ ਵਾਅਦੇ ਤੋਂ ਦਿਲਾਸਾ ਮਿਲਦਾ ਹੈ ਕਿ ਉਹ ਪਰਮੇਸ਼ੁਰ ਦੇ ਨਵੇਂ ਸੰਸਾਰ ਵਿਚ ਜੀ ਉਠਾਇਆ ਜਾਵੇਗਾ। (ਯੂਹੰਨਾ 5:28, 29) ਯਹੋਵਾਹ ਦਾ ਇਕ ਹੋਰ ਵਾਅਦਾ ਇਹ ਵੀ ਹੈ ਕਿ ਉਹ ਬਹੁਤ ਜਲਦੀ ਦੁਸ਼ਟਤਾ ਨੂੰ ਖ਼ਤਮ ਕਰ ਕੇ ਇਸ ਧਰਤੀ ਨੂੰ ਫਿਰਦੌਸ ਵਿਚ ਬਦਲ ਦੇਵੇਗਾ। ਕੀ ਸਾਨੂੰ ਇਸ ਉਮੀਦ ਤੋਂ ਦਿਲਾਸਾ ਨਹੀਂ ਮਿਲਦਾ ਕਿ ਅਸੀਂ ਉਹ ਆ ਰਿਹਾ ਫਿਰਦੌਸ ਦੇਖਾਂਗੇ ਅਤੇ ਸਾਨੂੰ ਕਦੇ ਨਹੀਂ ਮਰਨਾ ਪਵੇਗਾ?—ਜ਼ਬੂਰ 37:9-11, 29; ਪਰਕਾਸ਼ ਦੀ ਪੋਥੀ 21:3-5.

2. ਅਸੀਂ ਪਰਮੇਸ਼ੁਰ ਦੇ ਵਾਅਦਿਆਂ ਉੱਤੇ ਭਰੋਸਾ ਕਿਉਂ ਰੱਖ ਸਕਦੇ ਹਾਂ?

2 ਕੀ ਅਸੀਂ ਪਰਮੇਸ਼ੁਰ ਦੇ ਵਾਅਦਿਆਂ ਉੱਤੇ ਭਰੋਸਾ ਰੱਖ ਸਕਦੇ ਹਾਂ? ਜ਼ਰੂਰ! ਵਾਅਦਾ ਕਰਨ ਵਾਲਾ ਬਿਲਕੁਲ ਭਰੋਸੇਯੋਗ ਹੈ। ਉਹ ਆਪਣਾ ਬਚਨ ਪੂਰਾ ਕਰ ਸਕਦਾ ਹੈ ਅਤੇ ਕਰਨਾ ਚਾਹੁੰਦਾ ਵੀ ਹੈ। (ਯਸਾਯਾਹ 55:10, 11) ਇਸ ਗੱਲ ਦਾ ਪੱਕਾ ਸਬੂਤ ਯਸਾਯਾਹ ਨਬੀ ਰਾਹੀਂ ਯਹੋਵਾਹ ਦੇ ਬਚਨ ਤੋਂ ਮਿਲਦਾ ਹੈ ਕਿ ਉਹ ਯਰੂਸ਼ਲਮ ਵਿਚ ਸੱਚੀ ਉਪਾਸਨਾ ਦੁਬਾਰਾ ਸਥਾਪਿਤ ਕਰੇਗਾ। ਆਓ ਆਪਾਂ ਯਸਾਯਾਹ ਦੇ 40ਵੇਂ ਅਧਿਆਇ ਵਿਚ ਉਸ ਭਵਿੱਖਬਾਣੀ ਉੱਤੇ ਗੌਰ ਕਰੀਏ। ਇਸ ਤਰ੍ਹਾਂ ਕਰਨ ਨਾਲ ਯਹੋਵਾਹ ਵਿਚ ਸਾਡੀ ਨਿਹਚਾ ਹੋਰ ਵਧੇਗੀ ਕਿ ਉਹ ਆਪਣੇ ਵਾਅਦੇ ਪੂਰੇ ਕਰਦਾ ਹੈ।

ਦਿਲਾਸਾ-ਭਰਿਆ ਵਾਅਦਾ

3, 4. (ੳ) ਯਸਾਯਾਹ ਨੇ ਕਿਹੜੇ ਦਿਲਾਸੇ-ਭਰੇ ਸ਼ਬਦ ਲਿਖੇ ਸਨ, ਜਿਨ੍ਹਾਂ ਦੀ ਪਰਮੇਸ਼ੁਰ ਦੇ ਲੋਕਾਂ ਨੂੰ ਬਾਅਦ ਵਿਚ ਲੋੜ ਪਈ ਸੀ? (ਅ) ਯਹੂਦਾਹ ਅਤੇ ਯਰੂਸ਼ਲਮ ਦੇ ਵਾਸੀਆਂ ਨੂੰ ਬਾਬਲ ਦੀ ਗ਼ੁਲਾਮੀ ਵਿਚ ਕਿਉਂ ਜਾਣਾ ਪਿਆ ਸੀ, ਅਤੇ ਉਹ ਉੱਥੇ ਕਿੰਨਾ ਚਿਰ ਰਹੇ ਸਨ?

3 ਅੱਠਵੀਂ ਸਦੀ ਸਾ.ਯੁ.ਪੂ. ਵਿਚ, ਯਸਾਯਾਹ ਨਬੀ ਨੇ ਦਿਲਾਸੇ ਦੇ ਉਹ ਸ਼ਬਦ ਲਿਖੇ ਸਨ ਜਿਨ੍ਹਾਂ ਦੀ ਲੋੜ ਯਹੋਵਾਹ ਦੇ ਲੋਕਾਂ ਨੂੰ ਬਾਅਦ ਵਿਚ ਹੋਣੀ ਸੀ। ਪਹਿਲਾਂ ਯਸਾਯਾਹ ਨੇ ਰਾਜਾ ਹਿਜ਼ਕੀਯਾਹ ਨੂੰ ਦੱਸਿਆ ਕਿ ਯਰੂਸ਼ਲਮ ਦਾ ਨਾਸ਼ ਹੋਣਾ ਸੀ ਅਤੇ ਯਹੂਦੀ ਲੋਕਾਂ ਨੂੰ ਬਾਬਲ ਨੂੰ ਲਿਜਾਇਆ ਜਾਣਾ ਸੀ। ਫਿਰ ਉਸ ਨੇ ਯਹੋਵਾਹ ਦੇ ਸ਼ਬਦ ਲਿਖੇ ਜਿਨ੍ਹਾਂ ਵਿਚ ਉਨ੍ਹਾਂ ਦੇ ਵਾਪਸ ਮੁੜਨ ਦਾ ਵਾਅਦਾ ਸੀ: “ਦਿਲਾਸਾ ਦਿਓ, ਮੇਰੀ ਪਰਜਾ ਨੂੰ ਦਿਲਾਸਾ ਦਿਓ, ਤੁਹਾਡਾ ਪਰਮੇਸ਼ੁਰ ਆਖਦਾ ਹੈ। ਯਰੂਸ਼ਲਮ ਦੇ ਦਿਲ ਨਾਲ ਬੋਲੋ ਅਤੇ ਉਹ ਨੂੰ ਪੁਕਾਰ ਕੇ ਆਖੋ, ਭਈ ਉਹ ਦਾ ਜੁੱਧ ਪੂਰਾ ਹੋਇਆ, ਭਈ ਉਹ ਦੀ ਬਦੀ ਦਾ ਡੰਨ ਕਬੂਲ ਹੋਇਆ, ਭਈ ਉਹ ਯਹੋਵਾਹ ਦੇ ਹੱਥੋਂ ਆਪਣੇ ਸਾਰੇ ਪਾਪਾਂ ਦਾ ਦੁਗਣਾ ਡੰਨ ਪਾ ਚੁੱਕਿਆ।”—ਯਸਾਯਾਹ 40:1, 2.

4 ਯਸਾਯਾਹ ਦੇ 40ਵੇਂ ਅਧਿਆਇ ਦਾ ਪਹਿਲਾ ਸ਼ਬਦ “ਦਿਲਾਸਾ” ਹੈ। ਇਹ ਸ਼ਬਦ ਯਸਾਯਾਹ ਦੀ ਬਾਕੀ ਦੀ ਪੁਸਤਕ ਦੇ ਚਾਨਣ ਅਤੇ ਉਮੀਦ ਦੇ ਸੁਨੇਹੇ ਨੂੰ ਚੰਗੀ ਤਰ੍ਹਾਂ ਦਰਸਾਉਂਦਾ ਹੈ। ਸੱਚਾ ਧਰਮ ਛੱਡਣ ਕਰਕੇ ਯਹੂਦਾਹ ਅਤੇ ਯਰੂਸ਼ਲਮ ਦੇ ਵਾਸੀਆਂ ਨੂੰ 607 ਸਾ.ਯੁ.ਪੂ. ਵਿਚ ਬਾਬਲ ਦੀ ਗ਼ੁਲਾਮੀ ਵਿਚ ਜਾਣਾ ਪਿਆ ਸੀ। ਪਰ ਉਨ੍ਹਾਂ ਯਹੂਦੀ ਗ਼ੁਲਾਮਾਂ ਨੇ ਸਦਾ ਲਈ ਬਾਬਲ ਵਿਚ ਨਹੀਂ ਰਹਿਣਾ ਸੀ। ਨਹੀਂ, ਉਨ੍ਹਾਂ ਦੀ ਗ਼ੁਲਾਮੀ ਸਿਰਫ਼ ਉਨ੍ਹਾਂ ਦੀ ਬਦੀ ਦਾ ਡੰਨ “ਕਬੂਲ” ਹੋਣ ਜਾਂ ਸਜ਼ਾ ਭੁਗਤਣ ਤਕ ਹੀ ਰਹਿਣੀ ਸੀ। ਉਹ ਕਿੰਨਾ ਚਿਰ ਸੀ? ਯਿਰਮਿਯਾਹ ਨਬੀ ਦੇ ਅਨੁਸਾਰ ਉਨ੍ਹਾਂ ਨੇ ਬਾਬਲ ਵਿਚ 70 ਸਾਲ ਕੱਟਣੇ ਸਨ। (ਯਿਰਮਿਯਾਹ 25:11, 12) ਉਸ ਤੋਂ ਬਾਅਦ, ਯਹੋਵਾਹ ਨੇ ਤੋਬਾ ਕਰਨ ਵਾਲੇ ਬਕੀਏ ਨੂੰ ਬਾਬਲ ਤੋਂ ਯਰੂਸ਼ਲਮ ਵਾਪਸ ਲਿਜਾਣਾ ਸੀ। ਯਹੂਦਾਹ ਦੀ ਵਿਰਾਨੀ ਦੇ 70ਵੇਂ ਸਾਲ ਵਿਚ ਗ਼ੁਲਾਮਾਂ ਨੂੰ ਇਹ ਜਾਣ ਕੇ ਕਿੰਨਾ ਦਿਲਾਸਾ ਮਿਲਿਆ ਹੋਵੇਗਾ ਕਿ ਵਾਅਦਾ ਕੀਤਾ ਗਿਆ ਛੁੱਟਕਾਰਾ ਨੇੜੇ ਸੀ!—ਦਾਨੀਏਲ 9:1, 2.

5, 6. (ੳ) ਬਾਬਲ ਤੋਂ ਯਰੂਸ਼ਲਮ ਦੇ ਲੰਬੇ ਸਫ਼ਰ ਨੇ ਪਰਮੇਸ਼ੁਰ ਦੇ ਵਾਅਦੇ ਦੀ ਪੂਰਤੀ ਵਿਚ ਰੁਕਾਵਟ ਕਿਉਂ ਨਹੀਂ ਪਾਈ ਸੀ? (ਅ) ਯਹੂਦੀਆਂ ਦੇ ਆਪਣੇ ਵਤਨ ਨੂੰ ਵਾਪਸ ਜਾਣ ਨਾਲ ਦੂਸਰੀਆਂ ਕੌਮਾਂ ਨੂੰ ਕੀ ਕਬੂਲ ਕਰਨਾ ਪਿਆ ਸੀ?

5 ਬਾਬਲ ਤੋਂ ਯਰੂਸ਼ਲਮ ਤਕ ਪਹੁੰਚਣ ਦੇ ਦੋ ਰਸਤੇ ਸਨ। ਇਕ ਰਸਤਾ 800 ਕਿਲੋਮੀਟਰ ਲੰਬਾ ਸੀ ਅਤੇ ਦੂਜਾ ਉਸ ਤੋਂ ਦੁਗਣਾ 1,600 ਕਿਲੋਮੀਟਰ ਲੰਬਾ ਸੀ। ਕੀ ਇਸ ਲੰਬੇ ਸਫ਼ਰ ਕਰਕੇ ਪਰਮੇਸ਼ੁਰ ਦਾ ਵਾਅਦਾ ਪੂਰਾ ਨਹੀਂ ਹੋਣਾ ਸੀ? ਇਸ ਨੇ ਜ਼ਰੂਰ ਪੂਰਾ ਹੋਣਾ ਸੀ! ਯਸਾਯਾਹ ਨੇ ਲਿਖਿਆ: “ਇੱਕ ਅਵਾਜ਼ ਪੁਕਾਰਦੀ ਹੈ, ਉਜਾੜ ਵਿੱਚ ਯਹੋਵਾਹ ਦਾ ਰਾਹ ਤਿਆਰ ਕਰੋ, ਬੇਆਬਾਨ ਵਿੱਚ ਸਾਡੇ ਪਰਮੇਸ਼ੁਰ ਲਈ ਇੱਕ ਸ਼ਾਹ ਰਾਹ ਨੂੰ ਸਿੱਧਾ ਬਣਾਓ। ਹਰੇਕ ਦੂਣ ਉੱਚੀ ਕੀਤੀ ਜਾਵੇਗੀ, ਅਤੇ ਹਰੇਕ ਪਹਾੜ ਅਰ ਟਿੱਬਾ ਨੀਵਾਂ ਕੀਤਾ ਜਾਵੇਗਾ, ਖੁਰਦਲਾ ਪੱਧਰਾ ਅਰ ਬਿਖਰੇ ਥਾਂ ਮਦਾਨ ਹੋਣਗੇ। ਯਹੋਵਾਹ ਦਾ ਪਰਤਾਪ ਪਰਗਟ ਹੋਵੇਗਾ, ਅਤੇ ਸਭ ਬਸ਼ਰ ਇਕੱਠੇ ਵੇਖਣਗੇ, ਯਹੋਵਾਹ ਦਾ ਮੂੰਹ ਜੋ ਇਹ ਬੋਲਿਆ ਹੈ।”—ਯਸਾਯਾਹ 40:3-5.

6 ਪੂਰਬੀ ਹਾਕਮਾਂ ਦੇ ਕਿਸੇ ਵੀ ਸਫ਼ਰ ਤੋਂ ਪਹਿਲਾਂ ਅਕਸਰ ਕਈ ਤਿਆਰੀਆਂ ਕੀਤੀਆਂ ਜਾਂਦੀਆਂ ਸਨ। ਰਸਤੇ ਵਿੱਚੋਂ ਵੱਡੇ-ਵੱਡੇ ਪੱਥਰ ਪਰੇ ਕਰਨ ਲਈ, ਲਾਂਘੇ ਬਣਾਉਣ ਲਈ, ਅਤੇ ਟਿੱਬਿਆਂ ਨੂੰ ਢਾਹੁਣ ਲਈ ਅਗਾਊਂ ਬੰਦੇ ਭੇਜੇ ਜਾਂਦੇ ਸਨ। ਵਾਪਸ ਮੁੜ ਰਹੇ ਯਹੂਦੀਆਂ ਲਈ ਇਸ ਤਰ੍ਹਾਂ ਹੋਇਆ ਜਿਵੇਂ ਕਿ ਪਰਮੇਸ਼ੁਰ ਖ਼ੁਦ ਉਨ੍ਹਾਂ ਦੇ ਅੱਗੇ ਸੀ, ਅਤੇ ਹਰ ਅੜਿੱਕਾ ਦੂਰ ਕਰ ਰਿਹਾ ਸੀ। ਯਹੋਵਾਹ ਨੇ ਆਪਣੇ ਲੋਕਾਂ ਨੂੰ ਉਨ੍ਹਾਂ ਦੇ ਵਤਨ ਵਿਚ ਮੁੜ ਬਹਾਲ ਕਰਨ ਦਾ ਵਾਅਦਾ ਪੂਰਾ ਕੀਤਾ। ਇਸ ਤਰ੍ਹਾਂ ਉਸ ਦੀ ਵਡਿਆਈ ਸਾਰੀਆਂ ਕੌਮਾਂ ਅੱਗੇ ਪ੍ਰਗਟ ਹੋਈ। ਚਾਹੇ ਕੌਮਾਂ ਨੂੰ ਇਹ ਗੱਲ ਚੰਗੀ ਲੱਗੀ ਜਾਂ ਨਹੀਂ, ਉਨ੍ਹਾਂ ਨੂੰ ਮਜਬੂਰ ਹੋ ਕੇ ਕਬੂਲ ਕਰਨਾ ਪਿਆ ਕਿ ਯਹੋਵਾਹ ਆਪਣੇ ਵਾਅਦੇ ਜ਼ਰੂਰ ਪੂਰੇ ਕਰਦਾ ਹੈ।

7, 8. (ੳ) ਪਹਿਲੀ ਸਦੀ ਸਾ.ਯੁ. ਵਿਚ ਯਸਾਯਾਹ 40:3 ਦੇ ਸ਼ਬਦਾਂ ਦੀ ਕਿਹੜੀ ਪੂਰਤੀ ਹੋਈ ਸੀ? (ਅ) ਸੰਨ 1919 ਵਿਚ ਯਸਾਯਾਹ ਦੀ ਭਵਿੱਖਬਾਣੀ ਦੀ ਹੋਰ ਕਿਹੜੀ ਪੂਰਤੀ ਹੋਈ ਸੀ?

7 ਇਸ ਭਵਿੱਖਬਾਣੀ ਦੀ ਪੂਰਤੀ ਸਿਰਫ਼ ਛੇਵੀਂ ਸਦੀ ਸਾ.ਯੁ.ਪੂ. ਵਿਚ ਹੀ ਨਹੀਂ ਹੋਈ ਸੀ, ਪਰ ਪਹਿਲੀ ਸਦੀ ਸਾ.ਯੁ. ਵਿਚ ਵੀ ਹੋਈ ਸੀ। ਯਸਾਯਾਹ 40:3 ਦੀ ਪੂਰਤੀ ਵਿਚ ਯੂਹੰਨਾ ਬਪਤਿਸਮਾ ਦੇਣ ਵਾਲੇ ਦੀ ਆਵਾਜ਼ ‘ਉਜਾੜ ਵਿੱਚ ਪੁਕਾਰਦੀ’ ਸੀ। (ਲੂਕਾ 3:1-6) ਯੂਹੰਨਾ ਨੇ ਯਸਾਯਾਹ ਦੇ ਸ਼ਬਦ ਆਪਣੇ ਆਪ ਉੱਤੇ ਲਾਗੂ ਕੀਤੇ ਸਨ। (ਯੂਹੰਨਾ 1:19-23) ਸੰਨ 29 ਸਾ.ਯੁ. ਵਿਚ ਯੂਹੰਨਾ ਯਿਸੂ ਮਸੀਹ ਲਈ ਰਾਹ ਤਿਆਰ ਕਰਨ ਲੱਗਾ। * ਯੂਹੰਨਾ ਦੇ ਐਲਾਨ ਨੇ ਲੋਕਾਂ ਨੂੰ ਵਾਅਦਾ ਕੀਤੇ ਗਏ ਮਸੀਹਾ ਨੂੰ ਭਾਲਣ ਲਈ ਤਿਆਰ ਕੀਤਾ ਤਾਂਕਿ ਉਹ ਯਿਸੂ ਦੀ ਸੁਣ ਕੇ ਉਸ ਦੇ ਚੇਲੇ ਬਣ ਸਕਣ। (ਲੂਕਾ 1:13-17, 76) ਯਿਸੂ ਰਾਹੀਂ ਯਹੋਵਾਹ ਤੋਬਾ ਕਰਨ ਵਾਲਿਆਂ ਨੂੰ ਉਸ ਆਜ਼ਾਦੀ ਵੱਲ ਲੈ ਗਿਆ ਜੋ ਸਿਰਫ਼ ਪਰਮੇਸ਼ੁਰ ਦੇ ਰਾਜ ਦੁਆਰਾ ਮਿਲ ਸਕਦੀ ਸੀ, ਯਾਨੀ ਮੌਤ ਅਤੇ ਪਾਪ ਤੋਂ ਛੁਟਕਾਰਾ। (ਯੂਹੰਨਾ 1:29; 8:32) ਯਸਾਯਾਹ ਦੇ ਸ਼ਬਦਾਂ ਦੀ ਇਸ ਤੋਂ ਵੀ ਵੱਡੀ ਪੂਰਤੀ ਉਦੋਂ ਹੋਈ ਸੀ ਜਦੋਂ 1919 ਵਿਚ ਰੂਹਾਨੀ ਇਸਰਾਏਲ ਦੇ ਬਕੀਏ ਨੂੰ ਵੱਡੀ ਬਾਬੁਲ ਤੋਂ ਛੁਟਕਾਰਾ ਮਿਲਿਆ ਅਤੇ ਉਹ ਸੱਚੀ ਉਪਾਸਨਾ ਦੁਬਾਰਾ ਕਰਨ ਲੱਗਿਆ।

8 ਪਰ, ਬਾਬਲ ਵਿਚ ਉਨ੍ਹਾਂ ਯਹੂਦੀ ਗ਼ੁਲਾਮਾਂ ਬਾਰੇ ਕੀ ਜਿਨ੍ਹਾਂ ਨੂੰ ਇਸ ਵਾਅਦੇ ਦੀ ਪਹਿਲੀ ਪੂਰਤੀ ਤੋਂ ਫ਼ਾਇਦਾ ਹੋਣਾ ਸੀ? ਕੀ ਉਹ ਯਹੋਵਾਹ ਦੇ ਵਾਅਦੇ ਉੱਤੇ ਪੂਰਾ ਭਰੋਸਾ ਰੱਖ ਸਕਦੇ ਸਨ ਕਿ ਉਹ ਆਪਣੇ ਪਿਆਰੇ ਵਤਨ ਨੂੰ ਮੁੜਨਗੇ? ਹਾਂ, ਬਿਲਕੁਲ! ਯਸਾਯਾਹ ਨੇ ਆਪਣੇ ਸ਼ਬਦਾਂ ਨਾਲ ਅਤੇ ਰੋਜ਼ ਦੀ ਜ਼ਿੰਦਗੀ ਤੋਂ ਕਈ ਮਿਸਾਲਾਂ ਦੇ ਕੇ ਯਹੂਦੀਆਂ ਨੂੰ ਯਹੋਵਾਹ ਉੱਤੇ ਪੂਰਾ ਭਰੋਸਾ ਰੱਖਣ ਦੇ ਕਈ ਕਾਰਨ ਦਿੱਤੇ ਕਿ ਉਹ ਆਪਣੇ ਬਚਨ ਦਾ ਪੱਕਾ ਹੈ।

ਉਹ ਪਰਮੇਸ਼ੁਰ ਜਿਸ ਦਾ ਬਚਨ ਹਮੇਸ਼ਾ ਪੂਰਾ ਹੁੰਦਾ

9, 10. ਯਸਾਯਾਹ ਨੇ ਇਨਸਾਨਾਂ ਦੀ ਛੋਟੀ ਜਿਹੀ ਜ਼ਿੰਦਗੀ ਦੀ ਤੁਲਨਾ ਪਰਮੇਸ਼ੁਰ ਦੇ ਹਮੇਸ਼ਾ ਕਾਇਮ ਰਹਿਣ ਵਾਲੇ “ਬਚਨ” ਨਾਲ ਕਿਵੇਂ ਕੀਤੀ ਸੀ?

9 ਸਭ ਤੋਂ ਪਹਿਲਾਂ ਯਸਾਯਾਹ ਨੇ ਕਿਹਾ ਕਿ ਵਾਪਸ ਮੁੜਨ ਦਾ ਵਾਅਦਾ ਕਰਨ ਵਾਲੇ ਦਾ ਬਚਨ ਹਮੇਸ਼ਾ ਪੂਰਾ ਹੁੰਦਾ ਹੈ: “ਇੱਕ ਅਵਾਜ਼ ਆਖਦੀ ਹੈ, ਪਰਚਾਰ ਕਰ! ਤਾਂ ਮੈਂ ਆਖਿਆ, ਮੈਂ ਕੀ ਪਰਚਾਰ ਕਰਾਂ? ਹਰ ਬਸ਼ਰ ਘਾਹ ਹੀ ਹੈ, ਉਹ ਦਾ ਸਾਰਾ ਸੁਹੱਪਣ ਖੇਤ ਦੇ ਫੁੱਲ ਵਰਗਾ ਹੈ। ਘਾਹ ਸੁੱਕ ਜਾਂਦਾ ਅਤੇ ਫੁੱਲ ਕੁਮਲਾ ਜਾਂਦਾ ਹੈ, ਜਦ ਯਹੋਵਾਹ ਦਾ ਸਾਹ ਉਸ ਉੱਤੇ ਫੂਕਿਆ ਜਾਂਦਾ ਹੈ,—ਸੱਚ ਮੁੱਚ ਲੋਕ ਘਾਹ ਹੀ ਹਨ! ਘਾਹ ਸੁੱਕ ਜਾਂਦਾ ਅਤੇ ਫੁੱਲ ਕੁਮਲਾ ਜਾਂਦਾ ਹੈ, ਪਰ ਸਾਡੇ ਪਰਮੇਸ਼ੁਰ ਦਾ ਬਚਨ ਸਦਾ ਤੀਕ ਕਾਇਮ ਰਹੇਗਾ।”—ਯਸਾਯਾਹ 40:6-8.

10 ਇਸਰਾਏਲੀ ਅੱਛੀ ਤਰ੍ਹਾਂ ਜਾਣਦੇ ਸਨ ਕਿ ਘਾਹ ਹਮੇਸ਼ਾ ਨਹੀਂ ਰਹਿੰਦਾ। ਗਰਮੀਆਂ ਦੀ ਰੁੱਤ ਵਿਚ ਇੰਨੀ ਧੁੱਪ ਹੁੰਦੀ ਸੀ ਕਿ ਘਾਹ ਸੁੱਕ ਜਾਂਦਾ ਸੀ। ਕਿਹਾ ਜਾ ਸਕਦਾ ਹੈ ਕਿ ਇਨਸਾਨ ਦੀ ਜ਼ਿੰਦਗੀ ਵੀ ਘਾਹ ਵਰਗੀ ਹੈ ਕਿਉਂਕਿ ਉਹ ਬਹੁਤਾ ਚਿਰ ਨਹੀਂ ਜੀਉਂਦਾ ਰਹਿੰਦਾ। (ਜ਼ਬੂਰ 103:15, 16; ਯਾਕੂਬ 1:10, 11) ਯਸਾਯਾਹ ਨੇ ਇਨਸਾਨਾਂ ਦੀ ਛੋਟੀ ਜਿਹੀ ਜ਼ਿੰਦਗੀ ਦੀ ਤੁਲਨਾ ਪਰਮੇਸ਼ੁਰ ਦੇ “ਬਚਨ” ਨਾਲ ਕੀਤੀ ਸੀ। ਜੀ ਹਾਂ, “ਸਾਡੇ ਪਰਮੇਸ਼ੁਰ ਦਾ ਬਚਨ” ਸਦਾ ਲਈ ਕਾਇਮ ਰਹਿੰਦਾ ਹੈ। ਜਦੋਂ ਪਰਮੇਸ਼ੁਰ ਬੋਲਦਾ ਹੈ, ਤਾਂ ਉਸ ਦੇ ਬਚਨ ਬਦਲੇ ਨਹੀਂ ਜਾ ਸਕਦੇ, ਉਹ ਪੂਰੇ ਹੋ ਕੇ ਹੀ ਰਹਿੰਦੇ ਹਨ।—ਯਹੋਸ਼ੁਆ 23:14.

11. ਅਸੀਂ ਯਹੋਵਾਹ ਉੱਤੇ ਭਰੋਸਾ ਕਿਉਂ ਰੱਖ ਸਕਦੇ ਹਾਂ ਕਿ ਉਹ ਆਪਣੇ ਵਾਅਦੇ ਪੂਰੇ ਕਰੇਗਾ?

11 ਅੱਜ ਅਸੀਂ ਪਰਮੇਸ਼ੁਰ ਦੇ ਮਕਸਦ ਬਾਰੇ ਬਾਈਬਲ ਵਿਚ ਪੜ੍ਹ ਸਕਦੇ ਹਾਂ। ਸਦੀਆਂ ਦੌਰਾਨ ਕੁਝ ਲੋਕ ਬਾਈਬਲ ਦੀ ਸਖ਼ਤ ਵਿਰੋਧਤਾ ਕਰਦੇ ਆਏ ਹਨ, ਅਤੇ ਬਹਾਦਰ ਅਨੁਵਾਦਕਾਂ ਅਤੇ ਦੂਸਰਿਆਂ ਲੋਕਾਂ ਨੇ ਆਪਣੀਆਂ ਜਾਨਾਂ ਖ਼ਤਰੇ ਵਿਚ ਪਾ ਕੇ ਇਸ ਨੂੰ ਬਚਾ ਕੇ ਰੱਖਿਆ। ਪਰ, ਬਾਈਬਲ ਸਿਰਫ਼ ਉਨ੍ਹਾਂ ਦੇ ਜਤਨਾਂ ਦੇ ਕਾਰਨ ਹੀ ਨਹੀਂ ਬਚੀ ਰਹੀ। ਇਸ ਨੂੰ ਬਚਾ ਕੇ ਰੱਖਣ ਵਾਲਾ ਯਹੋਵਾਹ ਹੈ ਅਤੇ ਉਸ ਦੀ ਹੀ ਵਡਿਆਈ ਕੀਤੀ ਜਾਣੀ ਚਾਹੀਦੀ ਹੈ। ਉਹ ‘ਜੀਉਂਦਾ ਅਤੇ ਇਸਥਿਰ ਪਰਮੇਸ਼ੁਰ ਹੈ’ ਜਿਸ ਨੇ ਆਪਣੇ ਬਚਨ ਨੂੰ ਕਾਇਮ ਰੱਖਿਆ ਹੈ। (1 ਪਤਰਸ 1:23-25) ਜ਼ਰਾ ਸੋਚੋ: ਜੇ ਯਹੋਵਾਹ ਨੇ ਆਪਣੇ ਲਿਖੇ ਗਏ ਬਚਨ ਨੂੰ ਬਚਾ ਕੇ ਰੱਖਿਆ ਹੈ, ਤਾਂ ਕੀ ਅਸੀਂ ਭਰੋਸਾ ਨਹੀਂ ਰੱਖ ਸਕਦੇ ਹਾਂ ਕਿ ਉਹ ਉਸ ਵਿਚ ਲਿਖੇ ਗਏ ਵਾਅਦੇ ਵੀ ਪੂਰੇ ਕਰੇਗਾ?

ਕੋਮਲ ਪਰ ਬਲਵਾਨ ਪਰਮੇਸ਼ੁਰ

12, 13. (ੳ) ਵਾਪਸ ਮੁੜਨ ਦੇ ਵਾਅਦੇ ਉੱਤੇ ਭਰੋਸਾ ਰੱਖਣ ਦਾ ਦੂਜਾ ਕਾਰਨ ਕੀ ਸੀ? (ਅ) ਯਹੂਦੀ ਗ਼ੁਲਾਮਾਂ ਲਈ ਕਿਹੜੀ ਖ਼ੁਸ਼ ਖ਼ਬਰੀ ਸੀ, ਅਤੇ ਉਹ ਉਸ ਉੱਤੇ ਭਰੋਸਾ ਕਿਉਂ ਰੱਖ ਸਕਦੇ ਸਨ?

12 ਯਸਾਯਾਹ ਨੇ ਵਾਪਸ ਮੁੜਨ ਦੇ ਵਾਅਦੇ ਉੱਤੇ ਭਰੋਸਾ ਰੱਖਣ ਦਾ ਦੂਜਾ ਕਾਰਨ ਦਿੱਤਾ। ਵਾਅਦਾ ਕਰਨ ਵਾਲਾ ਇਕ ਬਲਵਾਨ ਪਰਮੇਸ਼ੁਰ ਹੈ ਜੋ ਕੋਮਲਤਾ ਨਾਲ ਆਪਣੇ ਲੋਕਾਂ ਦੀ ਦੇਖ-ਭਾਲ ਕਰਦਾ ਹੈ। ਯਸਾਯਾਹ ਨੇ ਅੱਗੇ ਕਿਹਾ: “ਹੇ ਸੀਯੋਨ, ਖੁਸ਼ ਖਬਰੀ ਦੇ ਸੁਣਾਉਣ ਵਾਲੀ, ਉੱਚੇ ਪਹਾੜ ਉੱਤੇ ਚੜ੍ਹ ਜਾਹ! ਹੇ ਯਰੂਸ਼ਲਮ, ਖੁਸ਼ ਖਬਰੀ ਦੇ ਸੁਣਾਉਣ ਵਾਲੀ, ਆਪਣੀ ਅਵਾਜ਼ ਜ਼ੋਰ ਨਾਲ ਉੱਚੀ ਕਰ ਕੇ ਚੁੱਕ! ਉੱਚੀ ਕਰ ਕੇ ਚੁੱਕ, ਨਾ ਡਰ, ਯਹੂਦਾਹ ਦੇ ਸ਼ਹਿਰਾਂ ਨੂੰ ਆਖ, ਵੇਖੋ, ਤੁਹਾਡਾ ਪਰਮੇਸ਼ੁਰ! ਵੇਖੋ, ਪ੍ਰਭੁ ਯਹੋਵਾਹ ਤਕੜਾਈ ਨਾਲ ਆ ਰਿਹਾ ਹੈ, ਉਹ ਦੀ ਭੁਜਾ ਉਹ ਦੇ ਲਈ ਰਾਜ ਕਰਦੀ ਹੈ, ਵੇਖੋ, ਉਹ ਦਾ ਅਜਰ ਉਹ ਦੇ ਨਾਲ ਹੈ, ਅਤੇ ਉਹ ਦਾ ਵਟਾਂਦਰਾ ਉਹ ਦੇ ਸਨਮੁਖ ਹੈ। ਉਹ ਅਯਾਲੀ ਵਾਂਙੁ ਆਪਣੇ ਇੱਜੜ ਨੂੰ ਚਰਾਵੇਗਾ, ਉਹ ਆਪਣੀਆਂ ਬਾਹਾਂ ਨਾਲ ਲੇਲਿਆਂ ਨੂੰ ਸੰਭਾਲੇਗਾ, ਅਤੇ ਆਪਣੀ ਛਾਤੀ ਉੱਤੇ ਓਹਨਾਂ ਨੂੰ ਲਈ ਫਿਰੇਗਾ, ਅਤੇ ਦੁੱਧ ਚੁੰਘਾਉਣ ਵਾਲੀਆਂ ਨੂੰ ਹੌਲੀ ਹੌਲੀ ਤੋਰੇਗਾ।”—ਯਸਾਯਾਹ 40:9-11.

13 ਬਾਈਬਲ ਦੇ ਜ਼ਮਾਨੇ ਵਿਚ ਇਕ ਰਿਵਾਜ ਹੁੰਦਾ ਸੀ ਕਿ ਲੜਾਈਆਂ ਜਿੱਤਣ ਦੇ ਸਮੇਂ ਔਰਤਾਂ ਖ਼ੁਸ਼ੀ ਦੇ ਗੀਤ ਗੁਉਂਦੀਆਂ ਹੁੰਦੀਆਂ ਸਨ। ਉਹ ਜਿੱਤੀਆਂ ਗਈਆਂ ਲੜਾਈਆਂ ਜਾਂ ਆਉਣ ਵਾਲੀ ਰਾਹਤ ਦੀ ਖ਼ੁਸ਼ ਖ਼ਬਰੀ ਉੱਚੀ ਆਵਾਜ਼ ਵਿਚ ਦੱਸਦੀਆਂ ਹੁੰਦੀਆਂ ਸਨ। (1 ਸਮੂਏਲ 18:6, 7; ਜ਼ਬੂਰ 68:11) ਯਸਾਯਾਹ ਦੀ ਭਵਿੱਖਬਾਣੀ ਨੇ ਸੰਕੇਤ ਕੀਤਾ ਕਿ ਯਹੂਦੀ ਗ਼ੁਲਾਮਾਂ ਲਈ ਖ਼ੁਸ਼ ਖ਼ਬਰੀ ਸੀ ਕਿ ਯਹੋਵਾਹ ਨੇ ਆਪਣੇ ਲੋਕਾਂ ਨੂੰ ਉਨ੍ਹਾਂ ਦੇ ਪਿਆਰੇ ਯਰੂਸ਼ਲਮ ਨੂੰ ਵਾਪਸ ਲੈ ਜਾਣਾ ਸੀ! ਇਹ ਖ਼ੁਸ਼ ਖ਼ਬਰੀ ਨਿਡਰਤਾ ਨਾਲ ਪਹਾੜਾਂ ਦੀਆਂ ਟੀਸੀਆਂ ਤੋਂ ਵੀ ਦੱਸੀ ਜਾ ਸਕਦੀ ਸੀ। ਉਹ ਭਰੋਸਾ ਰੱਖ ਸਕਦੇ ਸਨ ਕਿ ਯਹੋਵਾਹ “ਤਕੜਾਈ ਨਾਲ” ਆਵੇਗਾ। ਯਹੋਵਾਹ ਨੂੰ ਆਪਣਾ ਵਾਅਦਾ ਪੂਰਾ ਕਰਨ ਤੋਂ ਕੁਝ ਵੀ ਨਹੀਂ ਰੋਕ ਸਕਦਾ ਸੀ।

14. (ੳ) ਯਸਾਯਾਹ ਨੇ ਕਿਸ ਤਰ੍ਹਾਂ ਦਰਸਾਇਆ ਕਿ ਯਹੋਵਾਹ ਆਪਣੇ ਲੋਕਾਂ ਨੂੰ ਕੋਮਲਤਾ ਨਾਲ ਵਾਪਸ ਲੈ ਜਾਵੇਗਾ? (ਅ) ਕਿਹੜੀ ਉਦਾਹਰਣ ਦਿਖਾਉਂਦੀ ਹੈ ਕਿ ਚਰਵਾਹੇ ਆਪਣੀਆਂ ਭੇਡਾਂ ਦੀ ਦੇਖ-ਭਾਲ ਕੋਮਲਤਾ ਨਾਲ ਕਰਦੇ ਸਨ? (ਸਫ਼ੇ 405 ਉੱਤੇ ਡੱਬੀ ਦੇਖੋ।)

14 ਪਰ ਇਹ ਬਲਵਾਨ ਪਰਮੇਸ਼ੁਰ ਕੋਮਲ ਵੀ ਹੈ। ਯਸਾਯਾਹ ਨੇ ਸੋਹਣੀ ਤਰ੍ਹਾਂ ਦੱਸਿਆ ਕਿ ਯਹੋਵਾਹ ਨੇ ਆਪਣੇ ਲੋਕਾਂ ਨੂੰ ਵਾਪਸ ਕਿੱਦਾਂ ਲੈ ਜਾਣਾ ਸੀ। ਯਹੋਵਾਹ ਇਕ ਪ੍ਰੇਮਪੂਰਣ ਚਰਵਾਹੇ ਵਾਂਗ ਆਪਣੇ ਲੇਲੇ ਇਕੱਠੇ ਕਰ ਕੇ ਉਨ੍ਹਾਂ ਨੂੰ ਆਪਣੀ “ਛਾਤੀ” ਉੱਤੇ ਲਈ ਫਿਰੇਗਾ। ਇੱਥੇ ਇਹ ਸ਼ਬਦ “ਛਾਤੀ” ਪੱਲੇ ਵਿਚ ਲਪੇਟਣ ਨੂੰ ਸੰਕੇਤ ਕਰਦਾ ਹੈ। ਚਰਵਾਹਾ ਕਦੇ-ਕਦੇ ਉਨ੍ਹਾਂ ਲੇਲਿਆਂ ਨੂੰ, ਜੋ ਬਾਕੀ ਦੇ ਇੱਜੜ ਨਾਲੋਂ ਹੌਲੀ-ਹੌਲੀ ਤੁਰਦੇ ਸਨ, ਚੁੱਕ ਕੇ ਆਪਣੀ ਝੋਲੀ ਵਿਚ ਲਪੇਟ ਲੈਂਦਾ ਸੀ। (2 ਸਮੂਏਲ 12:3) ਇਸ ਤਰ੍ਹਾਂ ਯਹੋਵਾਹ ਦੀ ਕੋਮਲਤਾ ਬਾਰੇ ਸੁਣ ਕੇ ਗ਼ੁਲਾਮ ਲੋਕਾਂ ਨੂੰ ਯਹੋਵਾਹ ਦੇ ਪਿਆਰ ਦਾ ਜ਼ਰੂਰ ਭਰੋਸਾ ਹੋਇਆ ਹੋਣਾ। ਉਨ੍ਹਾਂ ਨੂੰ ਯਕੀਨ ਹੋਇਆ ਹੋਵੇਗਾ ਕਿ ਅਜਿਹਾ ਬਲਵਾਨ ਪਰ ਕੋਮਲ ਪਰਮੇਸ਼ੁਰ ਉਨ੍ਹਾਂ ਨਾਲ ਕੀਤਾ ਗਿਆ ਆਪਣਾ ਵਾਅਦਾ ਜ਼ਰੂਰ ਪੂਰਾ ਕਰੇਗਾ!

15. (ੳ) ਯਹੋਵਾਹ “ਤਕੜਾਈ ਨਾਲ” ਕਦੋਂ ਆਇਆ ਸੀ ਅਤੇ “ਉਹ ਦੀ ਭੁਜਾ” ਕੌਣ ਹੈ ਜੋ ਉਹ ਦੇ ਲਈ ਰਾਜ ਕਰਦੀ ਹੈ? (ਅ) ਕਿਹੜੀ ਖ਼ੁਸ਼ ਖ਼ਬਰੀ ਨਿਡਰਤਾ ਨਾਲ ਦੱਸੀ ਜਾਣੀ ਚਾਹੀਦੀ ਹੈ?

15 ਯਸਾਯਾਹ ਦੇ ਸ਼ਬਦ ਸਾਡੇ ਜ਼ਮਾਨੇ ਲਈ ਵੀ ਕਾਫ਼ੀ ਅਰਥ ਰੱਖਦੇ ਹਨ। ਸੰਨ 1914 ਵਿਚ ਯਹੋਵਾਹ ਨੇ “ਤਕੜਾਈ ਨਾਲ” ਆ ਕੇ ਸਵਰਗ ਵਿਚ ਆਪਣਾ ਰਾਜ ਸਥਾਪਿਤ ਕੀਤਾ। ਉਸ ਦਾ ਪੁੱਤਰ ਯਿਸੂ ਮਸੀਹ ‘ਉਹ ਦੀ ਭੁਜਾ ਹੈ ਜੋ ਉਹ ਦੇ ਲਈ ਰਾਜ ਕਰਦੀ ਹੈ’ ਜਿਸ ਨੂੰ ਯਹੋਵਾਹ ਨੇ ਸਵਰਗੀ ਸਿੰਘਾਸਣ ਉੱਤੇ ਬਿਠਾਇਆ ਹੈ। ਸੰਨ 1919 ਵਿਚ ਯਹੋਵਾਹ ਨੇ ਧਰਤੀ ਉੱਤੇ ਆਪਣੇ ਮਸਹ ਕੀਤੇ ਹੋਏ ਸੇਵਕਾਂ ਨੂੰ ਵੱਡੀ ਬਾਬੁਲ ਦੀ ਕੈਦ ਤੋਂ ਛੁਡਾਇਆ ਅਤੇ ਇਸ ਤਰ੍ਹਾਂ ਜੀਉਂਦੇ ਅਤੇ ਸੱਚੇ ਪਰਮੇਸ਼ੁਰ ਦੀ ਸ਼ੁੱਧ ਉਪਾਸਨਾ ਪੂਰੀ ਤਰ੍ਹਾਂ ਦੁਬਾਰਾ ਸਥਾਪਿਤ ਹੋਣੀ ਸ਼ੁਰੂ ਹੋਈ। ਇਸ ਖ਼ੁਸ਼ ਖ਼ਬਰੀ ਬਾਰੇ ਨਿਡਰਤਾ ਨਾਲ ਦੱਸਿਆ ਜਾਣਾ ਚਾਹੀਦਾ ਹੈ, ਪਹਾੜਾਂ ਦੀਆਂ ਟੀਸੀਆਂ ਤੋਂ ਉੱਚੀ ਆਵਾਜ਼ ਨਾਲ ਪੁਕਾਰਿਆ ਜਾਣਾ ਚਾਹੀਦਾ ਹੈ ਤਾਂਕਿ ਇਹ ਸਾਰੇ ਪਾਸੀਂ ਸੁਣਾਈ ਦੇਵੇ। ਤਾਂ ਫਿਰ, ਆਓ ਆਪਾਂ ਆਪਣੀਆਂ ਆਵਾਜ਼ਾਂ ਉੱਚੀਆਂ ਕਰੀਏ ਅਤੇ ਹੋਰਨਾਂ ਨੂੰ ਦੱਸੀਏ ਕਿ ਯਹੋਵਾਹ ਪਰਮੇਸ਼ੁਰ ਧਰਤੀ ਉੱਤੇ ਸ਼ੁੱਧ ਉਪਾਸਨਾ ਸਥਾਪਿਤ ਕਰ ਚੁੱਕਾ ਹੈ!

16. ਯਹੋਵਾਹ ਅੱਜ ਆਪਣੇ ਲੋਕਾਂ ਦੀ ਅਗਵਾਈ ਕਿਵੇਂ ਕਰਦਾ ਹੈ, ਅਤੇ ਉਹ ਕਿਹੜਾ ਨਮੂਨਾ ਕਾਇਮ ਕਰਦਾ ਹੈ?

16 ਯਸਾਯਾਹ 40:10, 11 ਦੇ ਸ਼ਬਦ ਅੱਜ ਸਾਡੇ ਲਈ ਵੀ ਜ਼ਰੂਰੀ ਹਨ। ਇਸ ਗੱਲ ਤੋਂ ਸਾਨੂੰ ਦਿਲਾਸਾ ਮਿਲਦਾ ਹੈ ਕਿ ਯਹੋਵਾਹ ਆਪਣੇ ਲੋਕਾਂ ਦੀ ਅਗਵਾਈ ਕੋਮਲਤਾ ਨਾਲ ਕਰ ਰਿਹਾ ਹੈ। ਜਿਸ ਤਰ੍ਹਾਂ ਇਕ ਚਰਵਾਹਾ ਆਪਣੀ ਇਕ-ਇਕ ਭੇਡ ਦੀ ਲੋੜ ਸਮਝਦਾ ਹੈ, ਿਨੱਕੇ ਲੇਲਿਆਂ ਦੀ ਵੀ ਜੋ ਬਾਕੀ ਦੇ ਇੱਜੜ ਨਾਲੋਂ ਹੌਲੀ-ਹੌਲੀ ਤੁਰਦੇ ਹਨ, ਉਸੇ ਤਰ੍ਹਾਂ ਯਹੋਵਾਹ ਆਪਣੇ ਵਫ਼ਾਦਾਰ ਸੇਵਕਾਂ ਦੀਆਂ ਸਾਰੀਆਂ ਲੋੜਾਂ ਅਤੇ ਕਮਜ਼ੋਰੀਆਂ ਸਮਝਦਾ ਹੈ। ਇਸ ਤੋਂ ਇਲਾਵਾ, ਯਹੋਵਾਹ ਇਕ ਕੋਮਲ ਚਰਵਾਹੇ ਵਜੋਂ ਮਸੀਹੀ ਚਰਵਾਹਿਆਂ ਲਈ ਨਮੂਨਾ ਕਾਇਮ ਕਰਦਾ ਹੈ। ਯਹੋਵਾਹ ਦੀ ਰੀਸ ਕਰਦੇ ਹੋਏ ਬਜ਼ੁਰਗਾਂ ਨੂੰ ਕੋਮਲਤਾ ਨਾਲ ਇੱਜੜ ਦੀ ਦੇਖ-ਭਾਲ ਕਰਨੀ ਚਾਹੀਦੀ ਹੈ। ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਇੱਜੜ ਦੇ ਹਰ ਮੈਂਬਰ ਨਾਲ ਕਿੰਨਾ ਪਿਆਰ ਕਰਦਾ ਹੈ “ਜਿਹ ਨੂੰ ਉਸ ਨੇ ਆਪਣੇ ਹੀ [ਪੁੱਤਰ ਦੇ] ਲਹੂ ਨਾਲ ਮੁੱਲ ਲਿਆ ਹੈ।”—ਰਸੂਲਾਂ ਦੇ ਕਰਤੱਬ 20:28.

ਸਰਬਬੁੱਧੀਮਾਨ ਅਤੇ ਸਰਬਸ਼ਕਤੀਮਾਨ

17, 18. (ੳ) ਯਹੂਦੀ ਗ਼ੁਲਾਮਾਂ ਕੋਲ ਮੁੜ ਬਹਾਲੀ ਦੇ ਵਾਅਦੇ ਉੱਤੇ ਭਰੋਸਾ ਰੱਖਣ ਦਾ ਹੋਰ ਕਿਹੜਾ ਕਾਰਨ ਸੀ? (ਅ) ਯਸਾਯਾਹ ਨੇ ਕਿਹੜੇ ਅਸਚਰਜ ਸਵਾਲ ਪੁੱਛੇ ਸਨ?

17 ਯਹੂਦੀ ਗ਼ੁਲਾਮ ਵਾਪਸ ਮੁੜਨ ਦੇ ਵਾਅਦੇ ਉੱਤੇ ਇਸ ਲਈ ਵੀ ਭਰੋਸਾ ਕਰ ਸਕਦੇ ਸਨ ਕਿਉਂਕਿ ਪਰਮੇਸ਼ੁਰ ਸਰਬਬੁੱਧੀਮਾਨ ਅਤੇ ਸਰਬਸ਼ਕਤੀਮਾਨ ਹੈ। ਯਸਾਯਾਹ ਨੇ ਕਿਹਾ: “ਕਿਹ ਨੇ ਆਪਣੀਆਂ ਚੁਲੀਆਂ ਨਾਲ ਪਾਣੀਆਂ ਨੂੰ ਮਿਣਿਆ, ਅਤੇ ਆਪਣੀਆਂ ਗਿੱਠਾਂ ਨਾਲ ਅਕਾਸ਼ ਨੂੰ ਮਾਪਿਆ, ਧਰਤੀ ਦੀ ਧੂੜ ਨੂੰ ਟੋਪੇ ਵਿੱਚ ਭਰਿਆ, ਪਹਾੜਾਂ ਨੂੰ ਤੱਕੜੀਆਂ ਵਿੱਚ, ਅਤੇ ਟਿੱਬਿਆਂ ਨੂੰ ਛਾਬਿਆਂ ਵਿੱਚ ਤੋਲਿਆ ਹੈ? ਕਿਹ ਨੇ ਯਹੋਵਾਹ ਦਾ ਆਤਮਾ ਮਾਪਿਆ, ਯਾ ਉਹ ਦਾ ਸਲਾਹੀ ਹੋ ਕੇ ਉਹ ਨੂੰ ਸਮਝਾਇਆ? ਉਹ ਨੇ ਕਿਹ ਦੇ ਨਾਲ ਸਲਾਹ ਕੀਤੀ, ਕਿਹ ਨੇ ਉਹ ਨੂੰ ਸਮਝ ਬਖ਼ਸ਼ੀ, ਯਾ ਨਿਆਉਂ ਦਾ ਮਾਰਗ ਉਹ ਨੂੰ ਸਿਖਾਇਆ, ਯਾ ਉਹ ਨੂੰ ਵਿੱਦਿਆ ਸਿਖਾਈ, ਯਾ ਉਹ ਨੂੰ ਗਿਆਨ ਦਾ ਰਾਹ ਸਮਝਾਇਆ?”—ਯਸਾਯਾਹ 40:12-14.

18 ਯਹੂਦੀ ਗ਼ੁਲਾਮਾਂ ਦੇ ਸੋਚਣ ਲਈ ਇਹ ਅਸਚਰਜ ਸਵਾਲ ਸਨ। ਕੀ ਨਿਰੇ ਇਨਸਾਨ ਵੱਡੇ-ਵੱਡੇ ਸਮੁੰਦਰਾਂ ਦੀਆਂ ਲਹਿਰਾਂ ਪਿੱਛੇ ਮੋੜ ਸਕਦੇ ਹਨ? ਬਿਲਕੁਲ ਨਹੀਂ! ਪਰ ਯਹੋਵਾਹ ਲਈ ਧਰਤੀ ਦੇ ਸਾਰੇ ਸਮੁੰਦਰ ਉਸ ਦੀ ਹਥੇਲੀ ਵਿਚ ਪਾਣੀ ਦੇ ਤੁਪਕੇ ਵਰਗੇ ਹਨ। * ਕੀ ਇਨਸਾਨ ਵੱਡਾ ਆਕਾਸ਼ ਮਿਣ ਸਕਦੇ ਹਨ ਜਾਂ ਧਰਤੀ ਦੇ ਪਹਾੜ ਅਤੇ ਪਹਾੜੀਆਂ ਤੋਲ ਸਕਦੇ ਹਨ? ਨਹੀਂ। ਪਰ ਯਹੋਵਾਹ ਆਕਾਸ਼ ਨੂੰ ਉਸ ਤਰ੍ਹਾਂ ਮਿਣਦਾ ਹੈ ਜਿਵੇਂ ਕੋਈ ਬੰਦਾ ਕਿਸੇ ਚੀਜ਼ ਨੂੰ ਗਿੱਠਾਂ ਨਾਲ ਮਾਪਦਾ ਹੋਵੇ। ਅਸੀਂ ਕਹਿ ਸਕਦੇ ਹਾਂ ਕਿ ਪਰਮੇਸ਼ੁਰ ਤਾਂ ਪਹਾੜਾਂ ਅਤੇ ਪਹਾੜੀਆਂ ਨੂੰ ਤੱਕੜੀਆਂ ਵਿਚ ਤੋਲ ਸਕਦਾ ਹੈ। ਕੀ ਕੋਈ ਅਜਿਹਾ ਬੁੱਧੀਮਾਨ ਬੰਦਾ ਹੈ ਜੋ ਪਰਮੇਸ਼ੁਰ ਨੂੰ ਸਲਾਹ ਦੇ ਸਕਦਾ ਹੈ ਕਿ ਉਸ ਨੂੰ ਅੱਜ ਦੀ ਹਾਲਤ ਬਾਰੇ ਜਾਂ ਭਵਿੱਖ ਵਿਚ ਕੀ ਕਰਨਾ ਚਾਹੀਦਾ ਹੈ? ਬਿਲਕੁਲ ਨਹੀਂ!

19, 20. ਯਹੋਵਾਹ ਦੀ ਮਹਾਨਤਾ ਉੱਤੇ ਜ਼ੋਰ ਦੇਣ ਲਈ ਯਸਾਯਾਹ ਨੇ ਕਿਹੜੀਆਂ ਮਿਸਾਲਾਂ ਇਸਤੇਮਾਲ ਕੀਤੀਆਂ ਸਨ?

19 ਧਰਤੀ ਦੀਆਂ ਵੱਡੀਆਂ-ਵੱਡੀਆਂ ਕੌਮਾਂ ਬਾਰੇ ਕੀ? ਕੀ ਉਹ ਪਰਮੇਸ਼ੁਰ ਦਾ ਬਚਨ ਪੂਰਾ ਹੋਣ ਤੋਂ ਰੋਕ ਸਕਦੀਆਂ ਹਨ? ਯਸਾਯਾਹ ਨੇ ਕੌਮਾਂ ਬਾਰੇ ਗੱਲ ਕਰਦੇ ਹੋਏ ਇਹ ਜਵਾਬ ਦਿੱਤਾ: “ਵੇਖੋ, ਕੌਮਾਂ ਡੋਲ ਵਿੱਚੋਂ ਇੱਕ ਤੁਪਕੇ ਜਿਹੀਆਂ ਹਨ, ਅਤੇ ਛਾਬਿਆਂ ਦੀ ਧੂੜ ਜਿਹੀਆਂ ਗਿਣੀਦੀਆਂ ਹਨ, ਵੇਖੋ, ਉਹ ਟਾਪੂਆਂ ਨੂੰ ਇੱਕ ਕਣੀ ਵਾਂਙੁ ਚੁੱਕ ਲੈਂਦਾ ਹੈ। ਲਬਾਨੋਨ ਬਾਲਣ ਲਈ ਥੋੜਾ ਹੈ, ਅਤੇ ਉਹ ਦੇ ਦਰਿੰਦੇ ਹੋਮ ਬਲੀ ਲਈ ਵੀ ਥੋੜੇ ਹਨ। ਸਾਰੀਆਂ ਕੌਮਾਂ ਉਹ ਦੇ ਹਜ਼ੂਰ ਨਾ ਹੋਈਆਂ ਜਿਹੀਆਂ ਹਨ, ਓਹ ਉਸ ਤੋਂ ਨੇਸਤੀ ਤੋਂ ਘੱਟ ਅਤੇ ਫੋਕਟ ਗਿਣੀਦੀਆਂ ਹਨ।”—ਯਸਾਯਾਹ 40:15-17.

20 ਯਹੋਵਾਹ ਦੇ ਸਾਮ੍ਹਣੇ ਸਾਰੀਆਂ ਕੌਮਾਂ ਬਾਲਟੀ ਵਿੱਚੋਂ ਪਾਣੀ ਦੇ ਇਕ ਤੁਪਕੇ ਜਿਹੀਆਂ ਹਨ। ਉਹ ਛਾਬੇ ਦੀ ਧੂੜ ਵਰਗੀਆਂ ਹਨ, ਜਿਸ ਦਾ ਕੋਈ ਫ਼ਰਕ ਨਹੀਂ ਪੈਂਦਾ। * ਫ਼ਰਜ਼ ਕਰੋ ਕਿ ਕੋਈ ਇਨਸਾਨ ਇਕ ਵੱਡੀ ਸਾਰੀ ਵੇਦੀ ਬਣਾਉਂਦਾ ਹੈ ਅਤੇ ਬਾਲਣ ਲਈ ਲੇਬਨਾਨ ਦੇ ਪਹਾੜਾਂ ਦੇ ਸਾਰੇ ਦਰਖ਼ਤ ਵਰਤਦਾ ਹੈ। ਫਿਰ ਫ਼ਰਜ਼ ਕਰੋ ਉਹ ਉਨ੍ਹਾਂ ਪਹਾੜਾਂ ਤੇ ਘੁੰਮਦੇ-ਫਿਰਦੇ ਸਾਰਿਆਂ ਜਾਨਵਰਾਂ ਦਾ ਚੜ੍ਹਾਵਾ ਚੜ੍ਹਾਉਂਦਾ ਹੈ। ਅਜਿਹਾ ਬਲੀਦਾਨ ਵੀ ਯਹੋਵਾਹ ਲਈ ਕਾਫ਼ੀ ਨਹੀਂ ਹੋਵੇਗਾ। ਆਪਣੀ ਗੱਲ ਉੱਤੇ ਹੋਰ ਜ਼ੋਰ ਦੇਣ ਲਈ ਯਸਾਯਾਹ ਨੇ ਅੱਗੇ ਇਹ ਦੱਸਿਆ ਕਿ ਯਹੋਵਾਹ ਦੀ ਨਜ਼ਰ ਵਿਚ ਸਾਰੀਆਂ ਕੌਮਾਂ “ਨੇਸਤੀ ਤੋਂ [ਵੀ] ਘੱਟ” ਹਨ, ਯਾਨੀ ਉਹ ਕੁਝ ਵੀ ਨਹੀਂ ਹਨ।—ਯਸਾਯਾਹ 40:17.

21, 22. (ੳ) ਯਸਾਯਾਹ ਨੇ ਕਿਸ ਤਰ੍ਹਾਂ ਦਿਖਾਇਆ ਸੀ ਕਿ ਯਹੋਵਾਹ ਬੇਮਿਸਾਲ ਹੈ? (ਅ) ਯਸਾਯਾਹ ਦੀਆਂ ਮਿਸਾਲਾਂ ਸਾਨੂੰ ਕਿਸ ਸਿੱਟੇ ਤੇ ਪਹੁੰਚਾਉਂਦੀਆਂ ਹਨ? (ੲ) ਯਸਾਯਾਹ ਨਬੀ ਨੇ ਕਿਹੜੀ ਗੱਲ ਲਿਖੀ ਸੀ ਜੋ ਵਿਗਿਆਨਕ ਤੌਰ ਤੇ ਸਹੀ ਹੈ? (ਸਫ਼ਾ 412 ਉੱਤੇ ਡੱਬੀ ਦੇਖੋ।)

21 ਇਸ ਗੱਲ ਉੱਤੇ ਹੋਰ ਵੀ ਜ਼ੋਰ ਦੇਣ ਲਈ ਕਿ ਯਹੋਵਾਹ ਬੇਮਿਸਾਲ ਹੈ, ਯਸਾਯਾਹ ਨੇ ਸੋਨੇ, ਚਾਂਦੀ, ਜਾਂ ਲੱਕੜ ਦੀਆਂ ਮੂਰਤੀਆਂ ਬਣਾਉਣ ਵਾਲੇ ਲੋਕਾਂ ਦੀ ਮੂਰਖਤਾ ਦਿਖਾਈ। ਇਹ ਸੋਚਣਾ ਕਿ ਅਜਿਹੀ ਮੂਰਤ ਉਸ ਵਰਗੀ ਹੈ “ਜਿਹੜਾ ਧਰਤੀ ਦੇ ਕੁੰਡਲ ਉੱਪਰ ਬਹਿੰਦਾ ਹੈ” ਅਤੇ ਉਸ ਦੇ ਵਾਸੀਆਂ ਉੱਤੇ ਰਾਜ ਕਰਦਾ ਹੈ, ਕਿੰਨੀ ਬੇਵਕੂਫ਼ੀ ਦੀ ਗੱਲ ਸੀ!ਯਸਾਯਾਹ 40:18-24 ਪੜ੍ਹੋ।

22 ਇਹ ਸਾਰੀਆਂ ਮਿਸਾਲਾਂ ਸਾਨੂੰ ਇੱਕੋ ਸਿੱਟੇ ਤੇ ਪਹੁੰਚਾਉਂਦੀਆਂ ਹਨ ਕਿ ਯਹੋਵਾਹ ਸਰਬਸ਼ਕਤੀਮਾਨ, ਸਰਬਬੁੱਧੀਮਾਨ, ਅਤੇ ਬੇਮਿਸਾਲ ਹੈ ਅਤੇ ਉਸ ਨੂੰ ਆਪਣਾ ਵਾਅਦਾ ਪੂਰਾ ਕਰਨ ਤੋਂ ਕੋਈ ਨਹੀਂ ਰੋਕ ਸਕਦਾ। ਯਸਾਯਾਹ ਦੇ ਸ਼ਬਦਾਂ ਨੇ ਬਾਬਲ ਵਿਚ ਉਨ੍ਹਾਂ ਯਹੂਦੀ ਗ਼ੁਲਾਮਾਂ ਨੂੰ ਕਿੰਨਾ ਦਿਲਾਸਾ ਦਿੱਤਾ ਹੋਵੇਗਾ ਅਤੇ ਉਨ੍ਹਾਂ ਨੂੰ ਕਿੰਨਾ ਮਜ਼ਬੂਤ ਕੀਤਾ ਹੋਵੇਗਾ ਜੋ ਆਪਣੇ ਵਤਨ ਮੁੜਨਾ ਚਾਹੁੰਦੇ ਸਨ! ਅੱਜ ਅਸੀਂ ਵੀ ਭਰੋਸਾ ਰੱਖ ਸਕਦੇ ਹਾਂ ਕਿ ਭਵਿੱਖ ਬਾਰੇ ਯਹੋਵਾਹ ਦੇ ਵਾਅਦੇ ਪੂਰੇ ਹੋ ਕੇ ਰਹਿਣਗੇ।

“ਕਿਹਨੇ ਏਹਨਾਂ ਨੂੰ ਸਾਜਿਆ”?

23. ਯਹੂਦੀ ਗ਼ੁਲਾਮ ਕਿਸ ਗੱਲ ਕਾਰਨ ਹੌਸਲਾ ਰੱਖ ਸਕਦੇ ਸਨ, ਅਤੇ ਯਹੋਵਾਹ ਨੇ ਆਪਣੇ ਬਾਰੇ ਕਿਹੜੀ ਗੱਲ ਦੱਸੀ ਸੀ?

23 ਯਹੂਦੀ ਗ਼ੁਲਾਮਾਂ ਲਈ ਹੌਸਲਾ ਰੱਖਣ ਦਾ ਇਕ ਹੋਰ ਵੀ ਕਾਰਨ ਸੀ। ਜਿਸ ਨੇ ਛੁਟਕਾਰੇ ਦਾ ਵਾਅਦਾ ਕੀਤਾ ਸੀ ਉਹ ਸਾਰੀਆਂ ਚੀਜ਼ਾਂ ਦਾ ਸਿਰਜਣਹਾਰ ਹੈ ਅਤੇ ਉਸ ਕੋਲ ਵੱਡੀ ਸ਼ਕਤੀ ਹੈ। ਯਹੋਵਾਹ ਨੇ ਆਪਣੀ ਵੱਡੀ ਹੈਸੀਅਤ ਉੱਤੇ ਜ਼ੋਰ ਦੇਣ ਲਈ ਆਪਣੀਆਂ ਰਚੀਆਂ ਹੋਈਆਂ ਚੀਜ਼ਾਂ ਵੱਲ ਧਿਆਨ ਖਿੱਚਿਆ: “ਤੁਸੀਂ ਮੈਨੂੰ ਕਿਹ ਦੇ ਵਰਗਾ ਦੱਸੋਗੇ, ਕਿ ਮੈਂ ਉਹ ਦੇ ਤੁੱਲ ਹਾਂ? ਪਵਿੱਤਰ ਪੁਰਖ ਆਖਦਾ ਹੈ। ਆਪਣੀਆਂ ਅੱਖਾਂ ਉਤਾਹਾਂ ਚੁੱਕੋ, ਅਤੇ ਵੇਖੋ ਭਈ ਕਿਹਨੇ ਏਹਨਾਂ ਨੂੰ ਸਾਜਿਆ, ਜਿਹੜਾ ਏਹਨਾਂ ਦੀ ਸੈਨਾ ਗਿਣ ਕੇ ਬਾਹਰ ਲੈ ਜਾਂਦਾ ਹੈ, ਉਹ ਏਹਨਾਂ ਸਾਰਿਆਂ ਨੂੰ ਨਾਉਂ ਲੈ ਲੈ ਕੇ ਪੁਕਾਰਦਾ ਹੈ, ਉਹ ਦੀ ਵੱਡੀ ਸ਼ਕਤੀ ਨਾਲ, ਅਤੇ ਉਹ ਦੇ ਡਾਢੇ ਬਲ ਦੇ ਕਾਰਨ, ਇੱਕ ਦੀ ਵੀ ਕਮੀ ਨਹੀਂ ਹੁੰਦੀ।”—ਯਸਾਯਾਹ 40:25, 26.

24. ਆਪਣੇ ਲਈ ਗੱਲ ਕਰਦੇ ਹੋਏ, ਯਹੋਵਾਹ ਨੇ ਕਿਵੇਂ ਦਿਖਾਇਆ ਕਿ ਉਸ ਵਰਗਾ ਕੋਈ ਨਹੀਂ ਹੈ?

24 ਇਸਰਾਏਲ ਦੇ ਪਵਿੱਤਰ ਪੁਰਖ ਨੇ ਆਪਣੇ ਲਈ ਗੱਲ ਕੀਤੀ। ਇਹ ਦਿਖਾਉਣ ਲਈ ਕਿ ਉਸ ਵਰਗਾ ਕੋਈ ਨਹੀਂ ਹੈ, ਯਹੋਵਾਹ ਨੇ ਆਕਾਸ਼ ਦੇ ਤਾਰਿਆਂ ਵੱਲ ਧਿਆਨ ਖਿੱਚਿਆ। ਇਕ ਸੈਨਾਪਤੀ ਵਾਂਗ ਉਹ ਤਾਰਿਆਂ ਨੂੰ ਹੁਕਮ ਦੇ ਸਕਦਾ ਹੈ। ਜੇ ਉਹ ਉਨ੍ਹਾਂ ਨੂੰ ਇਕੱਠੇ ਕਰੇ, ਤਾਂ ‘ਇੱਕ ਦੀ ਵੀ ਕਮੀ ਨਹੀਂ ਹੋਵੇਗੀ।’ ਭਾਵੇਂ ਕਿ ਤਾਰਿਆਂ ਦੀ ਗਿਣਤੀ ਬਹੁਤ ਹੈ, ਉਹ ਹਰੇਕ ਦਾ ਨਾਂ ਲੈ ਕੇ ਪੁਕਾਰਦਾ ਹੈ, ਚਾਹੇ ਉਹ ਉਨ੍ਹਾਂ ਦਾ ਕੋਈ ਨਿੱਜੀ ਨਾਂ ਲੈ ਕੇ, ਜਾਂ ਹੋਰ ਕੁਝ ਕਹਿ ਕੇ ਪੁਕਾਰੇ। ਆਗਿਆਕਾਰ ਫ਼ੌਜੀਆਂ ਵਾਂਗ, ਉਹ ਆਪਣੇ ਟਿਕਾਣੇ ਤੇ ਰਹਿੰਦੇ ਹਨ, ਕਿਉਂਕਿ ਉਨ੍ਹਾਂ ਦੇ ਅਫ਼ਸਰ ਕੋਲ “ਵੱਡੀ ਸ਼ਕਤੀ” ਅਤੇ ‘ਡਾਢਾ ਬਲ’ ਹੈ। ਇਸ ਲਈ ਯਹੂਦੀ ਗ਼ੁਲਾਮਾਂ ਕੋਲ ਭਰੋਸਾ ਰੱਖਣ ਦਾ ਚੰਗਾ ਕਾਰਨ ਸੀ। ਤਾਰਿਆਂ ਨੂੰ ਹੁਕਮ ਦੇਣ ਵਾਲੇ ਸਿਰਜਣਹਾਰ ਕੋਲ ਆਪਣੇ ਸੇਵਕਾਂ ਨੂੰ ਸਹਾਰਾ ਦੇਣ ਦੀ ਤਾਕਤ ਸੀ।

25. ਯਸਾਯਾਹ 40:26 ਵਿਚ ਪਰਮੇਸ਼ੁਰ ਦੇ ਲਿਖੇ ਗਏ ਸੱਦੇ ਬਾਰੇ ਅਸੀਂ ਕੀ ਕਰ ਸਕਦੇ ਹਾਂ, ਅਤੇ ਸਾਡੇ ਉੱਤੇ ਇਸ ਦਾ ਅਸਰ ਕੀ ਹੋਣਾ ਚਾਹੀਦਾ ਹੈ?

25 ਯਸਾਯਾਹ 40:26 ਵਿਚ ਪਰਮੇਸ਼ੁਰ ਦੇ ਲਿਖੇ ਗਏ ਸੱਦੇ ਨੂੰ ਸਾਡੇ ਵਿੱਚੋਂ ਕੌਣ ਇਨਕਾਰ ਕਰ ਸਕਦਾ ਹੈ ਕਿ “ਆਪਣੀਆਂ ਅੱਖਾਂ ਉਤਾਹਾਂ ਚੁੱਕੋ, ਅਤੇ ਵੇਖੋ”? ਯਸਾਯਾਹ ਦੇ ਜ਼ਮਾਨੇ ਦੇ ਲੋਕ ਤਾਰਿਆਂ ਬਾਰੇ ਇੰਨਾ ਕੁਝ ਨਹੀਂ ਜਾਣਦੇ ਸਨ। ਅੱਜ-ਕੱਲ੍ਹ ਦੇ ਖਗੋਲ-ਵਿਗਿਆਨੀਆਂ ਦੀਆਂ ਲੱਭਤਾਂ ਨੇ ਦਿਖਾਇਆ ਹੈ ਕਿ ਤਾਰਿਆਂ ਨਾਲ ਭਰਿਆ ਹੋਇਆ ਸਾਡਾ ਆਕਾਸ਼ ਬਹੁਤ ਹੀ ਅਸਚਰਜ ਹੈ। ਵੱਡੀਆਂ-ਵੱਡੀਆਂ ਦੂਰਬੀਨਾਂ ਨਾਲ ਆਕਾਸ਼ ਵੱਲ ਦੇਖਣ ਵਾਲੇ ਵਿਗਿਆਨੀਆਂ ਨੇ ਅੰਦਾਜ਼ਾ ਲਾਇਆ ਹੈ ਕਿ ਦਿਸਣ ਵਾਲੇ ਬ੍ਰਹਿਮੰਡ ਵਿਚ ਕੁਝ 125 ਅਰਬ ਗਲੈਕਸੀਆਂ ਹਨ। ਕੁਝ ਅੰਦਾਜ਼ਿਆਂ ਅਨੁਸਾਰ ਇਨ੍ਹਾਂ ਵਿੱਚੋਂ ਸਿਰਫ਼ ਇਕ ਹੀ ਗਲੈਕਸੀ, ਯਾਨੀ ਆਕਾਸ਼-ਗੰਗਾ ਵਿਚ ਕੁਝ 100 ਅਰਬ ਤਾਰੇ ਹਨ! ਅਜਿਹੇ ਗਿਆਨ ਕਰਕੇ ਸਾਨੂੰ ਦਿਲੋਂ ਆਪਣੇ ਸਿਰਜਣਹਾਰ ਲਈ ਸ਼ਰਧਾ ਦਿਖਾਉਣੀ ਚਾਹੀਦੀ ਹੈ ਅਤੇ ਉਸ ਦੇ ਵਾਅਦਿਆਂ ਉੱਤੇ ਭਰੋਸਾ ਕਰਨਾ ਚਾਹੀਦਾ ਹੈ।

26, 27. ਬਾਬਲ ਵਿਚ ਬੈਠੇ ਗ਼ੁਲਾਮਾਂ ਦੇ ਜਜ਼ਬਾਤ ਕਿਸ ਤਰ੍ਹਾਂ ਸਮਝਾਏ ਗਏ ਸਨ, ਅਤੇ ਉਨ੍ਹਾਂ ਨੂੰ ਕਿਨ੍ਹਾਂ ਗੱਲਾਂ ਬਾਰੇ ਪਤਾ ਹੋਣਾ ਚਾਹੀਦਾ ਸੀ?

26 ਯਹੋਵਾਹ ਜਾਣਦਾ ਸੀ ਕਿ ਗ਼ੁਲਾਮੀ ਵਿਚ ਕਈ ਸਾਲ ਗੁਜ਼ਾਰਨ ਤੋਂ ਬਾਅਦ ਉਸ ਦੇ ਲੋਕਾਂ ਦਾ ਹੌਸਲਾ ਘੱਟ ਜਾਣਾ ਸੀ। ਇਸ ਲਈ ਉਸ ਨੇ ਯਸਾਯਾਹ ਨੂੰ ਇਹ ਹੌਸਲੇ ਵਾਲੇ ਸ਼ਬਦ ਲਿਖਣ ਲਈ ਕਿਹਾ: “ਹੇ ਯਾਕੂਬ, ਤੂੰ ਕਿਉਂ ਆਖਦਾ, ਅਤੇ ਹੇ ਇਸਰਾਏਲ, ਤੂੰ ਕਿਉਂ ਬੋਲਦਾ ਹੈਂ, ਕਿ ਮੇਰਾ ਰਾਹ ਯਹੋਵਾਹ ਤੋਂ ਲੁਕਿਆ ਹੋਇਆ ਹੈ, ਅਤੇ ਮੇਰਾ ਇਨਸਾਫ਼ ਮੇਰੇ ਪਰਮੇਸ਼ੁਰ ਵੱਲੋਂ ਛੱਡਿਆ ਗਿਆ ਹੈ? ਕੀ ਤੂੰ ਨਹੀਂ ਜਾਣਿਆ, ਕੀ ਤੂੰ ਨਹੀਂ ਸੁਣਿਆ, ਕਿ ਅਨਾਦੀ ਪਰਮੇਸ਼ੁਰ ਯਹੋਵਾਹ, ਧਰਤੀ ਦਿਆਂ ਬੰਨਿਆਂ ਦਾ ਕਰਤਾ, ਨਾ ਹੁੱਸਦਾ ਹੈ, ਨਾ ਥੱਕਦਾ ਹੈ, ਉਹ ਦੀ ਸਮਝ ਅਥਾਹ ਹੈ?”—ਯਸਾਯਾਹ 40:27, 28. *

27 ਯਹੋਵਾਹ ਨੇ ਯਸਾਯਾਹ ਰਾਹੀਂ ਉਨ੍ਹਾਂ ਯਹੂਦੀ ਗ਼ੁਲਾਮਾਂ ਦੇ ਜਜ਼ਬਾਤ ਸਮਝਾਏ ਜੋ ਬਾਬਲ ਵਿਚ ਆਪਣੇ ਵਤਨ ਤੋਂ ਸੈਂਕੜੇ ਕਿਲੋਮੀਟਰ ਦੂਰ ਸਨ। ਕਈ ਯਹੂਦੀ ਸੋਚਦੇ ਸਨ ਕਿ ਪਰਮੇਸ਼ੁਰ ਉਨ੍ਹਾਂ ਦਾ “ਰਾਹ,” ਯਾਨੀ ਉਨ੍ਹਾਂ ਦੀ ਔਖੀ ਜ਼ਿੰਦਗੀ, ਨਾ ਦੇਖ ਸਕਦਾ ਸੀ ਅਤੇ ਨਾ ਹੀ ਜਾਣਦਾ ਸੀ। ਉਹ ਸਮਝਦੇ ਸਨ ਕਿ ਯਹੋਵਾਹ ਉਨ੍ਹਾਂ ਨਾਲ ਹੋ ਰਹੀ ਬੇਇਨਸਾਫ਼ੀ ਦੀ ਕੋਈ ਪਰਵਾਹ ਨਹੀਂ ਕਰਦਾ ਸੀ। ਇਸ ਲਈ ਯਹੂਦੀ ਗ਼ੁਲਾਮਾਂ ਨੂੰ ਉਨ੍ਹਾਂ ਗੱਲਾਂ ਬਾਰੇ ਚੇਤਾ ਕਰਾਇਆ ਗਿਆ ਜਿਨ੍ਹਾਂ ਦਾ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਸੀ। ਉਨ੍ਹਾਂ ਨੂੰ ਇਨ੍ਹਾਂ ਗੱਲਾਂ ਦਾ ਜਾਂ ਤਾਂ ਨਿੱਜੀ ਤਜਰਬਾ ਹੋਣਾ ਚਾਹੀਦਾ ਸੀ, ਜਾਂ ਉਨ੍ਹਾਂ ਬਾਰੇ ਉਨ੍ਹਾਂ ਨੇ ਜ਼ਰੂਰ ਸੁਣਿਆ ਹੋਣਾ ਸੀ। ਯਹੋਵਾਹ ਆਪਣੇ ਲੋਕਾਂ ਨੂੰ ਛੁਡਾ ਸਕਦਾ ਸੀ ਅਤੇ ਛੁਡਾਉਣਾ ਚਾਹੁੰਦਾ ਵੀ ਸੀ। ਉਹ ਅਨਾਦੀ ਪਰਮੇਸ਼ੁਰ ਅਤੇ ਸਾਰੀ ਧਰਤੀ ਦਾ ਸਿਰਜਣਹਾਰ ਹੈ। ਇਸ ਲਈ, ਉਨ੍ਹਾਂ ਨੂੰ ਪਛਾਣਨਾ ਚਾਹੀਦਾ ਸੀ ਕਿ ਉਸ ਕੋਲ ਉਹੀ ਸ਼ਕਤੀ ਹੈ ਜੋ ਉਸ ਨੇ ਸਾਰੀਆਂ ਚੀਜ਼ਾਂ ਬਣਾਉਣ ਲਈ ਇਸਤੇਮਾਲ ਕੀਤੀ ਸੀ, ਅਤੇ ਬਾਬਲ ਉਸ ਦੇ ਸਾਮ੍ਹਣੇ ਕੀ ਚੀਜ਼ ਸੀ। ਅਜਿਹਾ ਪਰਮੇਸ਼ੁਰ ਥੱਕ ਨਹੀਂ ਸਕਦਾ ਅਤੇ ਆਪਣੀ ਪਰਜਾ ਨੂੰ ਭੁਲਾ ਨਹੀਂ ਸਕਦਾ ਸੀ। ਉਨ੍ਹਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਸੀ ਕਿ ਉਹ ਯਹੋਵਾਹ ਦੀਆਂ ਕਰਨੀਆਂ ਪੂਰੀ ਤਰ੍ਹਾਂ ਸਮਝ ਸਕਦੇ ਸਨ। ਯਹੋਵਾਹ ਦੀ ਸਮਝ, ਯਾਨੀ ਉਸ ਦੀ ਪੂਰੀ ਜਾਣਕਾਰੀ ਅਤੇ ਗਿਆਨ, ਅਤੇ ਉਸ ਦੀ ਸੂਝ ਉਨ੍ਹਾਂ ਦੀ ਸਮਝ ਤੋਂ ਬਹੁਤ ਦੂਰ ਸੀ।

28, 29. (ੳ) ਯਹੋਵਾਹ ਨੇ ਆਪਣੇ ਲੋਕਾਂ ਨੂੰ ਕਿਵੇਂ ਯਾਦ ਕਰਾਇਆ ਸੀ ਕਿ ਉਹ ਥੱਕੇ ਹੋਇਆਂ ਦੀ ਮਦਦ ਕਰੇਗਾ? (ਅ) ਕਿਹੜੀ ਮਿਸਾਲ ਨੇ ਦਿਖਾਇਆ ਕਿ ਯਹੋਵਾਹ ਆਪਣੇ ਸੇਵਕਾਂ ਨੂੰ ਸ਼ਕਤੀ ਦਿੰਦਾ ਹੈ?

28 ਯਸਾਯਾਹ ਰਾਹੀਂ ਯਹੋਵਾਹ ਨੇ ਨਿਰਾਸ਼ ਗ਼ੁਲਾਮਾਂ ਨੂੰ ਹੋਰ ਹੌਸਲਾ ਦਿੱਤਾ: “ਉਹ ਹੁੱਸੇ ਹੋਏ ਨੂੰ ਬਲ ਦਿੰਦਾ ਹੈ, ਅਤੇ ਨਿਰਬਲ ਦੀ ਸ਼ਕਤੀ ਵਧਾਉਂਦਾ ਹੈ। ਮੁੰਡੇ ਹੁੱਸ ਜਾਣਗੇ ਅਤੇ ਥੱਕ ਜਾਣਗੇ, ਅਤੇ ਜੁਆਨ ਵੀ ਡਿੱਗ ਹੀ ਪੈਣਗੇ, ਪਰ ਯਹੋਵਾਹ ਦੇ ਉਡੀਕਣ ਵਾਲੇ ਨਵੇਂ ਸਿਰਿਓਂ ਬਲ ਪਾਉਣਗੇ, ਓਹ ਉਕਾਬਾਂ ਵਾਂਙੁ ਖੰਭਾਂ ਉੱਤੇ ਉੱਡਣਗੇ, ਓਹ ਦੌੜਨਗੇ ਤੇ ਨਾ ਥੱਕਣਗੇ, ਓਹ ਫਿਰਨਗੇ ਅਰ ਹੁੱਸਣਗੇ ਨਹੀਂ।”—ਯਸਾਯਾਹ 40:29-31.

29 ਹੁੱਸੇ ਹੋਏ ਨੂੰ ਬਲ ਦੇਣ ਦੀ ਗੱਲ ਕਰਦੇ ਹੋਏ, ਯਹੋਵਾਹ ਸ਼ਾਇਦ ਉਸ ਸਫ਼ਰ ਬਾਰੇ ਸੋਚ ਰਿਹਾ ਸੀ ਜੋ ਗ਼ੁਲਾਮਾਂ ਨੂੰ ਵਤਨ ਵਾਪਸ ਮੁੜਨ ਲਈ ਕਰਨਾ ਪੈਣਾ ਸੀ। ਯਹੋਵਾਹ ਨੇ ਆਪਣੇ ਲੋਕਾਂ ਨੂੰ ਯਾਦ ਕਰਾਇਆ ਕਿ ਉਹ ਉਨ੍ਹਾਂ ਥੱਕੇ ਹੋਇਆਂ ਦੀ ਹਮੇਸ਼ਾ ਮਦਦ ਕਰਦਾ ਹੈ ਜੋ ਉਸ ਤੋਂ ਸਹਾਰਾ ਮੰਗਦੇ ਹਨ। ਸਭ ਤੋਂ ਤਕੜੇ ਇਨਸਾਨ ਵੀ, ਯਾਨੀ “ਮੁੰਡੇ” ਅਤੇ “ਜੁਆਨ,” ਥੱਕ ਕੇ ਡਿੱਗ ਸਕਦੇ ਸਨ। ਪਰ ਯਹੋਵਾਹ ਨੇ ਉਸ ਉੱਤੇ ਭਰੋਸਾ ਰੱਖਣ ਵਾਲਿਆਂ ਨੂੰ ਸ਼ਕਤੀ ਦੇਣ ਦਾ ਵਾਅਦਾ ਕੀਤਾ, ਤਾਂਕਿ ਉਹ ਤੁਰ ਅਤੇ ਦੌੜ ਸਕਣ। ਯਹੋਵਾਹ ਨੇ ਉਕਾਬ ਦੀ ਮਿਸਾਲ ਦਿੱਤੀ। ਇਸ ਤਰ੍ਹਾਂ ਲੱਗਦਾ ਹੈ ਕਿ ਉਕਾਬ ਬਿਨਾਂ ਜ਼ਿਆਦਾ ਜ਼ੋਰ ਲਾਏ ਕਈਆਂ ਘੰਟਿਆਂ ਲਈ ਉੱਡ ਸਕਦਾ ਹੈ। * ਇਸ ਵੱਡੇ ਪੰਛੀ ਦੀ ਮਿਸਾਲ ਦੇ ਕੇ ਯਹੋਵਾਹ ਨੇ ਦਿਖਾਇਆ ਕਿ ਉਹ ਆਪਣੇ ਸੇਵਕਾਂ ਨੂੰ ਸ਼ਕਤੀ ਦੇਵੇਗਾ। ਯਹੋਵਾਹ ਦੇ ਅਜਿਹੇ ਸਹਾਰੇ ਨਾਲ, ਯਹੂਦੀ ਗ਼ੁਲਾਮਾਂ ਨੂੰ ਹਿੰਮਤ ਹਾਰਨ ਦੀ ਕੋਈ ਲੋੜ ਨਹੀਂ ਸੀ।

30. ਅੱਜ ਸੱਚੇ ਮਸੀਹੀਆਂ ਨੂੰ ਯਸਾਯਾਹ ਦੇ 40ਵੇਂ ਅਧਿਆਇ ਦੀਆਂ ਆਖ਼ਰੀ ਆਇਤਾਂ ਤੋਂ ਦਿਲਾਸਾ ਕਿਵੇਂ ਮਿਲ ਸਕਦਾ ਹੈ?

30 ਇਸ ਦੁਨੀਆਂ ਦੇ ਅੰਤ ਦਿਆਂ ਦਿਨਾਂ ਵਿਚ ਰਹਿ ਰਹੇ ਸੱਚੇ ਮਸੀਹੀਆਂ ਨੂੰ ਯਸਾਯਾਹ ਦੇ 40ਵੇਂ ਅਧਿਆਇ ਦੀਆਂ ਆਖ਼ਰੀ ਆਇਤਾਂ ਦਿਲਾਸਾ ਦਿੰਦੀਆਂ ਹਨ। ਅਸੀਂ ਹਿੰਮਤ ਤੋੜਨ ਵਾਲੇ ਕਈਆਂ ਦਬਾਵਾਂ ਅਤੇ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਹਾਂ, ਬਹੁਤ ਸਾਰੇ ਦੁੱਖ ਝੱਲਦੇ ਹਾਂ, ਅਤੇ ਸਾਨੂੰ ਬੇਇਨਸਾਫ਼ੀਆਂ ਸਹਿਣੀਆਂ ਪੈਂਦੀਆਂ ਹਨ। ਪਰ ਇਹ ਜਾਣ ਕੇ ਸਾਨੂੰ ਕਿੰਨੀ ਤਸੱਲੀ ਮਿਲਦੀ ਹੈ ਕਿ ਯਹੋਵਾਹ ਇਹ ਸਾਰਾ ਕੁਝ ਦੇਖਦਾ ਹੈ। ਅਸੀਂ ਪੂਰਾ ਯਕੀਨ ਕਰ ਸਕਦੇ ਹਾਂ ਕਿ ਸਾਡਾ ਸਿਰਜਣਹਾਰ ਜਿਸ ਦੀ “ਸਮਝ ਦਾ ਕੋਈ ਪਾਰਾਵਾਰ ਨਹੀਂ ਹੈ,” ਆਪਣੇ ਸਮੇਂ ਵਿਚ ਅਤੇ ਤਰੀਕੇ ਨਾਲ ਸਭ ਕੁਝ ਠੀਕ ਕਰੇਗਾ। (ਜ਼ਬੂਰ 147:5, 6) ਇਸ ਸਮੇਂ ਤੋਂ ਪਹਿਲਾਂ, ਸਾਨੂੰ ਆਪਣੀ ਹੀ ਤਾਕਤ ਵਿਚ ਚੱਲਣ ਦੀ ਲੋੜ ਨਹੀਂ ਹੈ। ਯਹੋਵਾਹ, ਜੋ ਕਦੀ ਥੱਕਦਾ ਨਹੀਂ, ਸਾਨੂੰ ਸ਼ਕਤੀ ਦੇ ਸਕਦਾ ਹੈ ਅਤੇ ਮੁਸੀਬਤਾਂ ਦੌਰਾਨ ਉਹ ਆਪਣੇ ਸੇਵਕਾਂ ਨੂੰ ਮਹਾਂ-ਸ਼ਕਤੀ ਵੀ ਦੇ ਸਕਦਾ ਹੈ।—2 ਕੁਰਿੰਥੀਆਂ 4:7.

31. ਯਸਾਯਾਹ ਦੀ ਭਵਿੱਖਬਾਣੀ ਨੇ ਬਾਬਲ ਵਿਚ ਯਹੂਦੀ ਗ਼ੁਲਾਮਾਂ ਲਈ ਚਾਨਣ ਦੇਣ ਵਾਲਾ ਕਿਹੜਾ ਵਾਅਦਾ ਕੀਤਾ ਸੀ, ਅਤੇ ਅਸੀਂ ਕਿਸ ਗੱਲ ਉੱਤੇ ਪੂਰਾ ਭਰੋਸਾ ਰੱਖ ਸਕਦੇ ਹਾਂ?

31 ਜ਼ਰਾ ਉਨ੍ਹਾਂ ਯਹੂਦੀ ਗ਼ੁਲਾਮਾਂ ਬਾਰੇ ਸੋਚੋ ਜੋ 6ਵੀਂ ਸਦੀ ਸਾ.ਯੁ.ਪੂ. ਵਿਚ ਬਾਬਲ ਵਿਚ ਸਨ। ਸੈਂਕੜੇ ਕਿਲੋਮੀਟਰ ਦੂਰ ਉਨ੍ਹਾਂ ਦਾ ਪਿਆਰਾ ਯਰੂਸ਼ਲਮ ਸ਼ਹਿਰ ਵਿਰਾਨ ਸੀ ਅਤੇ ਉਸ ਦੀ ਹੈਕਲ ਬਰਬਾਦ ਪਈ ਸੀ। ਉਨ੍ਹਾਂ ਲਈ ਯਸਾਯਾਹ ਦੀ ਭਵਿੱਖਬਾਣੀ ਵਿਚ ਇਕ ਦਿਲਾਸਾ-ਭਰਿਆ ਵਾਅਦਾ ਸੀ ਕਿ ਯਹੋਵਾਹ ਉਨ੍ਹਾਂ ਨੂੰ ਉਨ੍ਹਾਂ ਦੇ ਵਤਨ ਵਾਪਸ ਲੈ ਜਾਵੇਗਾ। ਉਨ੍ਹਾਂ ਨੂੰ ਇਸ ਤੋਂ ਚਾਨਣ ਅਤੇ ਉਮੀਦ ਮਿਲੀ ਹੋਵੇਗੀ! ਸੰਨ 537 ਸਾ.ਯੁ.ਪੂ. ਵਿਚ ਯਹੋਵਾਹ ਨੇ ਆਪਣੇ ਲੋਕਾਂ ਨੂੰ ਘਰ ਵਾਪਸ ਲਿਆ ਕੇ ਸਾਬਤ ਕੀਤਾ ਕਿ ਉਹ ਆਪਣੇ ਵਾਅਦੇ ਪੂਰੇ ਕਰਦਾ ਹੈ। ਅਸੀਂ ਵੀ ਯਹੋਵਾਹ ਉੱਤੇ ਪੂਰਾ ਭਰੋਸਾ ਰੱਖ ਸਕਦੇ ਹਾਂ। ਯਸਾਯਾਹ ਦੀ ਪੋਥੀ ਵਿਚ ਲਿਖੇ ਗਏ ਪਰਮੇਸ਼ੁਰ ਦੇ ਰਾਜ ਦੇ ਸੋਹਣੇ ਵਾਅਦੇ ਪੂਰੇ ਹੋ ਕੇ ਰਹਿਣਗੇ। ਇਹ ਵਾਕਈ ਖ਼ੁਸ਼ ਖ਼ਬਰੀ ਹੈ ਅਤੇ ਸਾਰੀ ਮਨੁੱਖਜਾਤੀ ਲਈ ਚਾਨਣ ਦਾ ਸੁਨੇਹਾ ਹੈ!

[ਫੁਟਨੋਟ]

^ ਪੈਰਾ 7 ਯਸਾਯਾਹ ਨੇ ਯਹੋਵਾਹ ਦਾ ਰਾਹ ਤਿਆਰ ਕਰਨ ਬਾਰੇ ਭਵਿੱਖਬਾਣੀ ਕੀਤੀ ਸੀ। (ਯਸਾਯਾਹ 40:3) ਪਰ ਇੰਜੀਲ ਦੇ ਲਿਖਾਰੀਆਂ ਨੇ ਇਹ ਭਵਿੱਖਬਾਣੀ ਯਿਸੂ ਮਸੀਹ ਦਾ ਰਾਹ ਤਿਆਰ ਕਰਨ ਵਾਸਤੇ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਕੰਮ ਉੱਤੇ ਲਾਗੂ ਕੀਤੀ। ਬਾਈਬਲ ਦੇ ਇਨ੍ਹਾਂ ਲਿਖਾਰੀਆਂ ਨੇ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੇ ਅਧੀਨ ਇਸ ਭਵਿੱਖਬਾਣੀ ਨੂੰ ਇਸ ਤਰ੍ਹਾਂ ਲਾਗੂ ਕੀਤਾ ਕਿਉਂਕਿ ਯਿਸੂ ਆਪਣੇ ਪਿਤਾ ਲਈ ਉਸ ਦੇ ਨਾਂ ਵਿਚ ਆਇਆ ਸੀ।—ਯੂਹੰਨਾ 5:43; 8:29.

^ ਪੈਰਾ 18 ਅੰਦਾਜ਼ਾ ਲਗਾਇਆ ਗਿਆ ਹੈ ਕਿ ‘ਸਾਰਿਆਂ ਸਮੁੰਦਰਾਂ ਦਾ ਕੁੱਲ ਭਾਰ ਲਗਭਗ ਇਕ ਕਰੋੜ, ਪੈਂਤੀ ਲੱਖ ਖਰਬ (1.35x1018) ਮੈਟ੍ਰਿਕ ਟਨ’ ਹੈ, ਜਾਂ ਪੂਰੀ ਧਰਤੀ ਦੇ ਭਾਰ ਦਾ 1/4400 ਹਿੱਸਾ।’—ਐਂਕਾਰਟਾ 97 ਐਨਸਾਈਕਲੋਪੀਡੀਆ.

^ ਪੈਰਾ 20 ਬਾਈਬਲ ਬਾਰੇ ਇਕ ਬਿਰਤਾਂਤ ਕਹਿੰਦਾ ਹੈ: “ਪੂਰਬੀ ਬਾਜ਼ਾਰਾਂ ਵਿਚ ਮਾਸ ਜਾਂ ਫਲ ਤੋਲਦੇ ਹੋਏ ਜੇ ਵਪਾਰੀਆਂ ਦੀਆਂ ਤੱਕੜੀਆਂ ਉੱਤੇ ਥੋੜ੍ਹਾ ਬਹੁਤਾ ਪਾਣੀ ਪਿਆ ਹੁੰਦਾ ਸੀ ਜਾਂ ਉਨ੍ਹਾਂ ਦਿਆਂ ਛਾਬਿਆਂ ਵਿਚ ਥੋੜ੍ਹੀ ਕੁ ਧੂੜ ਪਈ ਹੁੰਦੀ ਸੀ, ਤਾਂ ਇਸ ਦਾ ਵਪਾਰੀਆਂ ਨੂੰ ਕੋਈ ਫ਼ਰਕ ਨਹੀਂ ਪੈਂਦਾ ਸੀ।”

^ ਪੈਰਾ 26 ਯਸਾਯਾਹ 40:28 ਵਿਚ “ਅਨਾਦੀ” ਸ਼ਬਦ ਦਾ ਮਤਲਬ “ਜੁੱਗੋ ਜੁੱਗ” ਹੈ, ਕਿਉਂਕਿ ਯਹੋਵਾਹ ‘ਜੁੱਗਾਂ ਦਾ ਮਹਾਰਾਜ’ ਹੈ।—1 ਤਿਮੋਥਿਉਸ 1:17.

^ ਪੈਰਾ 29 ਉਕਾਬ ਗਰਮ ਹਵਾ ਦੀ ਚੜ੍ਹਦੀ ਰੌ ਇਸਤੇਮਾਲ ਕਰ ਕੇ ਘੱਟ ਤੋਂ ਘੱਟ ਜ਼ੋਰ ਨਾਲ ਉੱਡਦਾ ਰਹਿੰਦਾ ਹੈ।

[ਸਵਾਲ]

[ਸਫ਼ੇ 404, 405 ਉੱਤੇ ਡੱਬੀ/ਤਸਵੀਰ]

ਯਹੋਵਾਹ ਇਕ ਪ੍ਰੇਮਪੂਰਣ ਚਰਵਾਹਾ ਹੈ

ਯਸਾਯਾਹ ਨੇ ਯਹੋਵਾਹ ਦੀ ਤੁਲਨਾ ਇਕ ਪ੍ਰੇਮਪੂਰਣ ਚਰਵਾਹੇ ਨਾਲ ਕੀਤੀ ਜੋ ਆਪਣੇ ਲੇਲਿਆਂ ਨੂੰ ਆਪਣੀ ਛਾਤੀ ਉੱਤੇ ਲਈ ਫਿਰਦਾ ਸੀ। (ਯਸਾਯਾਹ 40:10, 11) ਯਸਾਯਾਹ ਨੇ ਇਹ ਸੋਹਣੀ ਮਿਸਾਲ ਚਰਵਾਹਿਆਂ ਦੇ ਅਸਲੀ ਕੰਮਾਂ ਤੋਂ ਲਈ ਸੀ। ਇਕ ਬੰਦੇ ਨੇ ਮੱਧ ਪੂਰਬ ਵਿਚ ਹਰਮੋਨ ਪਹਾੜ ਉੱਤੇ ਚਰਵਾਹਿਆਂ ਨੂੰ ਦੇਖਣ ਤੋਂ ਬਾਅਦ ਕਿਹਾ: ‘ਹਰ ਚਰਵਾਹਾ ਆਪਣੇ ਇੱਜੜ ਦਾ ਬੜਾ ਧਿਆਨ ਰੱਖਦਾ ਸੀ। ਜਦੋਂ ਉਸ ਨੂੰ ਕੋਈ ਨਵਾਂ ਜੰਮਿਆ ਲੇਲਾ ਲੱਭਦਾ ਸੀ ਤਾਂ ਉਹ ਉਸ ਨੂੰ ਆਪਣੇ ਚੋਗੇ ਵਿਚ ਲਪੇਟ ਕੇ ਰੱਖਦਾ ਸੀ, ਕਿਉਂਕਿ ਕਮਜ਼ੋਰ ਹੋਣ ਕਰਕੇ ਉਹ ਲੇਲਾ ਆਪਣੀ ਮਾਂ ਦੇ ਮਗਰ-ਮਗਰ ਨਹੀਂ ਤੁਰ ਸਕਦਾ ਸੀ। ਜਦੋਂ ਚਰਵਾਹੇ ਦਾ ਚੋਗਾ ਭਰ ਜਾਂਦਾ ਸੀ, ਤਾਂ ਉਹ ਲੇਲਿਆਂ ਨੂੰ ਪੈਰਾਂ ਤੋਂ ਫੜ ਕੇ ਆਪਣੇ ਮੋਢਿਆਂ ਉੱਤੇ ਰੱਖਦਾ ਸੀ, ਜਾਂ ਕਿਸੇ ਡੰਗਰ ਉੱਤੇ ਉਨ੍ਹਾਂ ਨੂੰ ਥੈਲੇ ਜਾਂ ਟੋਕਰੀ ਵਿਚ ਪਾਉਂਦਾ ਸੀ। ਲੇਲਿਆਂ ਦੀ ਦੇਖ-ਭਾਲ ਉਦੋਂ ਤਕ ਇਸ ਤਰ੍ਹਾਂ ਕੀਤੀ ਜਾਂਦੀ ਸੀ ਜਦੋਂ ਤਕ ਉਹ ਖ਼ੁਦ ਆਪਣੀ ਮਾਂ ਦੇ ਮਗਰ-ਮਗਰ ਤੁਰ ਸਕਦੇ ਸਨ।’ ਕੀ ਸਾਨੂੰ ਇਸ ਗੱਲ ਤੋਂ ਦਿਲਾਸਾ ਨਹੀਂ ਮਿਲਦਾ ਕਿ ਅਸੀਂ ਅਜਿਹੇ ਪਰਮੇਸ਼ੁਰ ਦੀ ਸੇਵਾ ਕਰ ਰਹੇ ਹਾਂ ਜੋ ਆਪਣੇ ਲੋਕਾਂ ਲਈ ਇਸ ਤਰ੍ਹਾਂ ਦੀ ਕੋਮਲਤਾ ਦਿਖਾਉਂਦਾ ਹੈ?

[ਸਫ਼ਾ 412 ਉੱਤੇ ਡੱਬੀ/ਤਸਵੀਰ]

ਧਰਤੀ ਦਾ ਆਕਾਰ ਕਿਹੋ ਜਿਹਾ ਹੈ?

ਪੁਰਾਣੇ ਜ਼ਮਾਨੇ ਦੇ ਲੋਕ ਮੰਨਦੇ ਸਨ ਕਿ ਧਰਤੀ ਚਪਟੀ ਹੈ। ਪਰ 6ਵੀਂ ਸਦੀ ਸਾ.ਯੁ.ਪੂ. ਵਿਚ ਯੂਨਾਨੀ ਫ਼ਿਲਾਸਫ਼ਰ ਪਾਇਥਾਗੋਰਸ ਨੇ ਅਨੁਮਾਨ ਲਾਇਆ ਕਿ ਧਰਤੀ ਇਕ ਗੋਲਾ ਹੈ। ਫਿਰ ਵੀ, ਪਾਇਥਾਗੋਰਸ ਦੇ ਅਨੁਮਾਨ ਤੋਂ ਦੋ ਸਦੀਆਂ ਪਹਿਲਾਂ ਯਸਾਯਾਹ ਨਬੀ ਨੇ ਸਾਫ਼-ਸਾਫ਼ ਕਿਹਾ ਸੀ ਕਿ “ਉਹੋ ਹੈ ਜਿਹੜਾ ਧਰਤੀ ਦੇ ਕੁੰਡਲ ਉੱਪਰ ਬਹਿੰਦਾ ਹੈ।” (ਯਸਾਯਾਹ 40:22) ਇੱਥੇ “ਕੁੰਡਲ” ਅਨੁਵਾਦ ਕੀਤਾ ਗਿਆ ਇਬਰਾਨੀ ਸ਼ਬਦ ਛੱਗ, “ਗੋਲ਼ਾ” ਵੀ ਅਨੁਵਾਦ ਕੀਤਾ ਜਾ ਸਕਦਾ ਹੈ। ਦਿਲਚਸਪੀ ਦੀ ਗੱਲ ਹੈ ਕਿ ਸਿਰਫ਼ ਇਕ ਗੋਲ਼ਾਕਾਰ ਵਸਤੂ ਹੀ ਹਰ ਪਾਸਿਓਂ ਇਕ ਕੁੰਡਲ ਵਾਂਗ ਦਿਸੇਗੀ। * ਤਾਂ ਫਿਰ, ਯਸਾਯਾਹ ਨਬੀ ਨੇ ਆਪਣੇ ਜ਼ਮਾਨੇ ਦੇ ਲੋਕਾਂ ਦੇ ਵਿਸ਼ਵਾਸਾਂ ਤੋਂ ਬਹੁਤ ਵੱਖਰੀ ਗੱਲ ਲਿਖੀ ਜੋ ਵਿਗਿਆਨਕ ਤੌਰ ਤੇ ਸੱਚੀ ਸੀ ਪਰ ਪੁਰਾਣੀਆਂ ਕਹਾਣੀਆਂ ਤੋਂ ਉਲਟ ਸੀ।

[ਫੁਟਨੋਟ]

^ ਪੈਰਾ 73 ਤਕਨੀਕੀ ਦ੍ਰਿਸ਼ਟੀ ਤੋਂ, ਧਰਤੀ ਇਕ ਗੋਲ਼ਾ ਹੈ ਪਰ ਇਹ ਦੋਹਾਂ ਧਰੁਵਾਂ ਤੇ ਥੋੜ੍ਹੀ ਜਿਹੀ ਚਪਟੀ ਹੈ।

[ਸਫ਼ਾ 403 ਉੱਤੇ ਤਸਵੀਰ]

ਯੂਹੰਨਾ ਬਪਤਿਸਮਾ ਦੇਣ ਵਾਲੇ ਦੀ ਆਵਾਜ਼ ‘ਉਜਾੜ ਵਿੱਚ ਪੁਕਾਰਦੀ’ ਸੀ