Skip to content

Skip to table of contents

ਯਹੋਵਾਹ ਦਾ ਭਵਨ ਉੱਚਾ ਕੀਤਾ ਗਿਆ

ਯਹੋਵਾਹ ਦਾ ਭਵਨ ਉੱਚਾ ਕੀਤਾ ਗਿਆ

ਚੌਥਾ ਅਧਿਆਇ

ਯਹੋਵਾਹ ਦਾ ਭਵਨ ਉੱਚਾ ਕੀਤਾ ਗਿਆ

ਯਸਾਯਾਹ 2:1-5

1, 2. ਸੰਯੁਕਤ ਰਾਸ਼ਟਰ-ਸੰਘ ਦੇ ਚੌਂਕ ਦੀ ਇਕ ਕੰਧ ਤੇ ਕਿਹੜੇ ਸ਼ਬਦ ਉੱਕਰੇ ਹੋਏ ਹਨ, ਅਤੇ ਉਹ ਕਿੱਥੋਂ ਲਏ ਗਏ ਹਨ?

“ਓਹ ਆਪਣੀਆਂ ਤਲਵਾਰਾਂ ਨੂੰ ਕੁੱਟ ਕੇ ਫਾਲੇ ਬਣਾਉਣਗੇ, ਅਤੇ ਆਪਣੇ ਬਰਛਿਆਂ ਨੂੰ ਦਾਤ। ਕੌਮ ਕੌਮ ਉੱਤੇ ਤਲਵਾਰ ਨਹੀਂ ਚੁੱਕੇਗੀ, ਅਤੇ ਓਹ ਫੇਰ ਕਦੀ ਵੀ ਲੜਾਈ ਨਾ ਸਿੱਖਣਗੇ।” ਇਹ ਸ਼ਬਦ ਨਿਊਯਾਰਕ ਸਿਟੀ ਵਿਚ ਸੰਯੁਕਤ ਰਾਸ਼ਟਰ-ਸੰਘ ਦੇ ਚੌਂਕ ਦੀ ਇਕ ਕੰਧ ਤੇ ਉੱਕਰੇ ਹੋਏ ਹਨ। ਕਈਆਂ ਦਹਾਕਿਆਂ ਲਈ ਕੋਈ ਸੰਕੇਤ ਨਹੀਂ ਪਾਇਆ ਜਾਂਦਾ ਸੀ ਕਿ ਇਹ ਹਵਾਲਾ ਕਿੱਥੋਂ ਲਿਆ ਗਿਆ ਹੈ। ਕਿਉਂ ਜੋ ਯੂ. ਐੱਨ. ਦਾ ਟੀਚਾ ਸਾਰੀ ਧਰਤੀ ਉੱਤੇ ਸ਼ਾਂਤੀ ਲਿਆਉਣਾ ਹੈ, ਲੋਕ ਇਹ ਸਿੱਟਾ ਕੱਢ ਸਕਦੇ ਸਨ ਕਿ ਇਹ ਹਵਾਲਾ 1945 ਵਿਚ ਯੂ. ਐੱਨ. ਦੇ ਮੋਢੀਆਂ ਦੇ ਆਪਣੇ ਹੀ ਸ਼ਬਦ ਸਨ।

2 ਪਰ, 1975 ਵਿਚ, ਕੰਧ ਉੱਤੇ ਇਸ ਹਵਾਲੇ ਦੇ ਥੱਲੇ ਯਸਾਯਾਹ ਦਾ ਨਾਂ ਉੱਕਰਿਆ ਗਿਆ ਸੀ। ਉਦੋਂ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਇਹ ਸ਼ਬਦ ਅੱਜ-ਕੱਲ੍ਹ ਦੇ ਕਿਸੇ ਇਨਸਾਨ ਤੋਂ ਨਹੀਂ ਸਨ। ਦਰਅਸਲ, ਇਹ ਸ਼ਬਦ ਕੁਝ 2,700 ਸਾਲ ਪਹਿਲਾਂ ਭਵਿੱਖਬਾਣੀ ਵਜੋਂ ਦਰਜ ਕੀਤੇ ਗਏ ਸਨ ਅਤੇ ਅਸੀਂ ਇਨ੍ਹਾਂ ਨੂੰ ਯਸਾਯਾਹ ਦੀ ਪੋਥੀ ਦੇ ਦੂਜੇ ਅਧਿਆਇ ਵਿਚ ਪੜ੍ਹ ਸਕਦੇ ਹਾਂ। ਹਜ਼ਾਰਾਂ ਹੀ ਸਾਲਾਂ ਤੋਂ ਸ਼ਾਂਤੀ-ਪਸੰਦ ਲੋਕਾਂ ਨੇ ਇਸ ਉੱਤੇ ਗੌਰ ਕੀਤਾ ਹੈ ਕਿ ਯਸਾਯਾਹ ਦੁਆਰਾ ਪਹਿਲਾਂ ਦੱਸੀਆਂ ਗਈਆਂ ਇਹ ਗੱਲਾਂ ਕਿਵੇਂ ਅਤੇ ਕਦੋਂ ਪੂਰੀਆਂ ਹੋਣਗੀਆਂ। ਹੁਣ ਇਸ ਬਾਰੇ ਸੋਚਣ ਦੀ ਹੋਰ ਜ਼ਰੂਰਤ ਨਹੀਂ ਹੈ। ਅੱਜ ਅਸੀਂ ਆਪਣੇ ਸਾਮ੍ਹਣੇ ਇਸ ਪੁਰਾਣੀ ਭਵਿੱਖਬਾਣੀ ਦੀ ਅਨੋਖੀ ਪੂਰਤੀ ਦੇਖ ਰਹੇ ਹਾਂ।

3. ਉਹ ਕੌਮਾਂ ਕੌਣ ਹਨ ਜੋ ਆਪਣੀਆਂ ਤਲਵਾਰਾਂ ਨੂੰ ਕੁੱਟ ਕੇ ਫਾਲੇ ਬਣਾਉਂਦੀਆਂ ਹਨ?

3 ਇਹ ਕੌਮਾਂ ਕੌਣ ਹਨ ਜੋ ਆਪਣੀਆਂ ਤਲਵਾਰਾਂ ਨੂੰ ਕੁੱਟ ਕੇ ਫਾਲੇ ਬਣਾਉਂਦੀਆਂ ਹਨ? ਯਕੀਨਨ, ਇਹ ਅੱਜ-ਕੱਲ੍ਹ ਦੀਆਂ ਕੌਮਾਂ ਅਤੇ ਸਰਕਾਰਾਂ ਨਹੀਂ ਹਨ। ਇਨ੍ਹਾਂ ਕੌਮਾਂ ਨੇ ਤਾਂ ਅੱਜ ਤਕ ਲੜਾਈਆਂ ਲੜਨ ਲਈ ਅਤੇ ਦੂਜਿਆਂ ਵਿਰੁੱਧ ਜ਼ੋਰ ਵਰਤ ਕੇ “ਸ਼ਾਂਤੀ” ਕਾਇਮ ਰੱਖਣ ਲਈ ਤਲਵਾਰਾਂ, ਜਾਂ ਹਥਿਆਰ, ਤਿਆਰ ਕੀਤੇ ਹਨ। ਅਸਲ ਵਿਚ ਕੌਮਾਂ ਨੇ ਤਾਂ ਆਮ ਤੌਰ ਤੇ ਫਾਲੇ ਕੁੱਟ ਕੇ ਤਲਵਾਰਾਂ ਬਣਾਈਆਂ ਹਨ! ਯਸਾਯਾਹ ਦੀ ਭਵਿੱਖਬਾਣੀ ਸਾਰੀਆਂ ਕੌਮਾਂ ਦੇ ਉਨ੍ਹਾਂ ਲੋਕਾਂ ਵਿਚ ਪੂਰੀ ਹੁੰਦੀ ਹੈ ਜੋ “ਸ਼ਾਂਤੀ ਦਾਤਾ ਪਰਮੇਸ਼ੁਰ” ਯਹੋਵਾਹ ਦੀ ਉਪਾਸਨਾ ਕਰਦੇ ਹਨ।—ਫ਼ਿਲਿੱਪੀਆਂ 4:9.

ਕੌਮਾਂ ਜੋ ਸ਼ੁੱਧ ਉਪਾਸਨਾ ਵੱਲ ਵਗਦੀਆਂ ਹਨ

4, 5. ਯਸਾਯਾਹ ਦੇ ਦੂਜੇ ਅਧਿਆਇ ਦੀਆਂ ਪਹਿਲੀਆਂ ਆਇਤਾਂ ਵਿਚ ਕਿਹੜੀ ਭਵਿੱਖਬਾਣੀ ਹੈ, ਅਤੇ ਇਸ ਗੱਲ ਉੱਤੇ ਕਿਵੇਂ ਜ਼ੋਰ ਦਿੱਤਾ ਗਿਆ ਕਿ ਇਹ ਸ਼ਬਦ ਭਰੋਸੇਯੋਗ ਹਨ?

4 ਯਸਾਯਾਹ ਦਾ ਦੂਜਾ ਅਧਿਆਇ ਇਨ੍ਹਾਂ ਸ਼ਬਦਾਂ ਨਾਲ ਸ਼ੁਰੂ ਹੁੰਦਾ ਹੈ: “ਆਮੋਸ ਦੇ ਪੁੱਤ੍ਰ ਯਸਾਯਾਹ ਦੀ ਗੱਲ ਜਿਹੜੀ ਉਸ ਨੇ ਯਹੂਦਾਹ ਤੇ ਯਰੂਸ਼ਲਮ ਦੇ ਵਿਖੇ ਵੇਖੀ,—ਆਖਰੀ ਦਿਨਾਂ ਦੇ ਵਿੱਚ ਇਉਂ ਹੋਵੇਗਾ ਕਿ ਯਹੋਵਾਹ ਦੇ ਭਵਨ ਦਾ ਪਰਬਤ ਪਹਾੜਾਂ ਦੇ ਸਿਰੇ ਤੇ ਕਾਇਮ ਕੀਤਾ ਜਾਵੇਗਾ, ਅਤੇ ਉਹ ਪਹਾੜੀਆਂ ਤੋਂ ਉੱਚਾ ਕੀਤਾ ਜਾਵੇਗਾ, ਅਤੇ ਸਭ ਕੌਮਾਂ ਉਸ ਦੀ ਵੱਲ ਵਗਣਗੀਆਂ।”—ਯਸਾਯਾਹ 2:1, 2.

5 ਧਿਆਨ ਦਿਓ ਕਿ ਜਿਸ ਗੱਲ ਬਾਰੇ ਯਸਾਯਾਹ ਨੇ ਭਵਿੱਖਬਾਣੀ ਕੀਤੀ ਇਹ ਉਸ ਦਾ ਕੋਈ ਆਪਣਾ ਖ਼ਿਆਲ ਨਹੀਂ ਸੀ। ਯਸਾਯਾਹ ਨੂੰ ਉਨ੍ਹਾਂ ਘਟਨਾਵਾਂ ਬਾਰੇ ਲਿਖਣ ਲਈ ਕਿਹਾ ਗਿਆ ਸੀ ਜੋ ‘ਇਉਂ ਹੋਣਗੀਆਂ,’ ਯਾਨੀ ਜ਼ਰੂਰ ਵਾਪਰਨਗੀਆਂ। ਜਿਹੜੀ ਵੀ ਗੱਲ ਦਾ ਯਹੋਵਾਹ ਇਰਾਦਾ ਰੱਖਦਾ ਹੈ ਉਹ ‘ਸਫ਼ਲ ਹੋਏਗੀ।’ (ਯਸਾਯਾਹ 55:11) ਇਸ ਗੱਲ ਉੱਤੇ ਜ਼ੋਰ ਦੇਣ ਲਈ ਕਿ ਪਰਮੇਸ਼ੁਰ ਦਾ ਵਾਅਦਾ ਭਰੋਸੇਯੋਗ ਹੈ, ਪਰਮੇਸ਼ੁਰ ਨੇ ਯਸਾਯਾਹ ਦੇ ਜ਼ਮਾਨੇ ਵਿਚ ਰਹਿਣ ਵਾਲੇ ਮੀਕਾਹ ਨਬੀ ਨੂੰ ਉਹੀ ਭਵਿੱਖਬਾਣੀ ਦਰਜ ਕਰਨ ਲਈ ਪ੍ਰੇਰਿਤ ਕੀਤਾ ਸੀ ਜੋ ਯਸਾਯਾਹ 2:2-4 ਵਿਚ ਪਾਈ ਜਾਂਦੀ ਹੈ।—ਮੀਕਾਹ 4:1-3.

6. ਯਸਾਯਾਹ ਦੀ ਭਵਿੱਖਬਾਣੀ ਕਦੋਂ ਪੂਰੀ ਹੁੰਦੀ ਹੈ?

6 ਯਸਾਯਾਹ ਦੀ ਭਵਿੱਖਬਾਣੀ ਕਦੋਂ ਪੂਰੀ ਹੋਵੇਗੀ? “ਆਖਰੀ ਦਿਨਾਂ ਦੇ ਵਿੱਚ।” ਬਾਈਬਲ ਦੇ ਯੂਨਾਨੀ ਹਿੱਸੇ ਨੇ ਪਹਿਲਾਂ ਹੀ ਉਹ ਨਿਸ਼ਾਨੀਆਂ ਦੱਸੀਆਂ ਸਨ ਜੋ ਇਸ ਸਮੇਂ ਦੀ ਪਛਾਣ ਕਰਾਉਣਗੀਆਂ। ਇਨ੍ਹਾਂ ਨਿਸ਼ਾਨੀਆਂ ਵਿਚ ਯੁੱਧ, ਭੁਚਾਲ, ਮਰੀਆਂ, ਕਾਲ, ਅਤੇ “ਭੈੜੇ ਸਮੇਂ” ਸ਼ਾਮਲ ਹਨ। * (2 ਤਿਮੋਥਿਉਸ 3:1-5; ਲੂਕਾ 21:10, 11) ਅਜਿਹੀਆਂ ਭਵਿੱਖਬਾਣੀਆਂ ਦੀ ਪੂਰਤੀ ਸਾਨੂੰ ਬਹੁਤ ਸਾਰਾ ਸਬੂਤ ਦਿੰਦੀ ਹੈ ਕਿ ਅਸੀਂ ਇਸ ਦੁਨੀਆਂ ਦੇ “ਆਖਰੀ ਦਿਨਾਂ ਦੇ ਵਿੱਚ” ਜੀ ਰਹੇ ਹਾਂ। ਤਾਂ ਫਿਰ, ਅਸੀਂ ਉਹ ਗੱਲਾਂ ਪੂਰੀਆਂ ਹੋਣ ਦੀ ਉਮੀਦ ਰੱਖ ਸਕਦੇ ਹਾਂ ਜਿਸ ਬਾਰੇ ਯਸਾਯਾਹ ਨੇ ਭਵਿੱਖਬਾਣੀ ਕੀਤੀ ਸੀ।

ਉਪਾਸਨਾ ਲਈ ਇਕ ਪਰਬਤ

7. ਯਸਾਯਾਹ ਨੇ ਭਵਿੱਖ ਬਾਰੇ ਕਿਹੜੀ ਤਸਵੀਰ ਖਿੱਚੀ ਸੀ?

7 ਯਸਾਯਾਹ ਨੇ ਕੁਝ ਹੀ ਸ਼ਬਦਾਂ ਵਿਚ ਭਵਿੱਖ ਬਾਰੇ ਇਕ ਸਪੱਸ਼ਟ ਤਸਵੀਰ ਖਿੱਚੀ। ਅਸੀਂ ਇਕ ਉੱਚਾ ਪਰਬਤ ਦੇਖਦੇ ਹਾਂ, ਜਿਸ ਉੱਤੇ ਇਕ ਸ਼ਾਨਦਾਰ ਭਵਨ ਹੈ, ਯਾਨੀ ਯਹੋਵਾਹ ਦੀ ਹੈਕਲ। ਇਹ ਪਰਬਤ ਆਲੇ-ਦੁਆਲੇ ਦੇ ਪਹਾੜਾਂ ਅਤੇ ਪਹਾੜੀਆਂ ਤੋਂ ਬਹੁਤ ਉੱਚਾ ਹੈ। ਲੇਕਿਨ, ਇਸ ਦੀ ਉੱਚਾਈ ਨੂੰ ਦੇਖ ਕੇ ਅਸੀਂ ਘਬਰਾਉਂਦੇ ਨਹੀਂ ਅਤੇ ਨਾ ਹੀ ਹੌਸਲਾ ਹਾਰਦੇ ਹਾਂ। ਸਾਰੀਆਂ ਕੌਮਾਂ ਦੇ ਲੋਕ ਯਹੋਵਾਹ ਦੇ ਭਵਨ ਵਾਲੇ ਪਰਬਤ ਉੱਤੇ ਚੜ੍ਹਨਾ ਚਾਹੁੰਦੇ ਹਨ; ਉਹ ਕੌਮਾਂ ਉਸ ਵੱਲ ਵਗਦੀਆਂ ਹਨ। ਆਪਣੇ ਮਨ ਵਿਚ ਇਸ ਦੀ ਕਲਪਨਾ ਕਰਨੀ ਸੌਖੀ ਹੈ, ਪਰ ਇਸ ਦਾ ਮਤਲਬ ਕੀ ਹੈ?

8. (ੳ) ਯਸਾਯਾਹ ਦੇ ਜ਼ਮਾਨੇ ਵਿਚ ਪਹਾੜ ਅਤੇ ਪਹਾੜੀਆਂ ਕਿਸ ਚੀਜ਼ ਲਈ ਵਰਤੀਆਂ ਜਾਂਦੀਆਂ ਸਨ? (ਅ) ‘ਯਹੋਵਾਹ ਦੇ ਭਵਨ ਦੇ ਪਰਬਤ’ ਵੱਲ ਕੌਮਾਂ ਦਾ ਵਗਣਾ ਕਿਸ ਚੀਜ਼ ਨੂੰ ਦਰਸਾਉਂਦਾ ਹੈ?

8 ਯਸਾਯਾਹ ਦੇ ਜ਼ਮਾਨੇ ਵਿਚ ਪਹਾੜਾਂ ਅਤੇ ਪਹਾੜੀਆਂ ਉੱਤੇ ਅਕਸਰ ਝੂਠੇ ਦੇਵੀ-ਦੇਵਤਿਆਂ ਦੀ ਪੂਜਾ ਕੀਤੀ ਜਾਂਦੀ ਸੀ। (ਬਿਵਸਥਾ ਸਾਰ 12:2; ਯਿਰਮਿਯਾਹ 3:6) ਪਰ, ਯਹੋਵਾਹ ਦਾ ਭਵਨ ਯਰੂਸ਼ਲਮ ਵਿਚ ਮੋਰੀਯਾਹ ਪਹਾੜ ਦੀ ਟੀਸੀ ਉੱਤੇ ਸੀ। ਸਾਲ ਵਿਚ ਤਿੰਨ ਵਾਰ ਵਫ਼ਾਦਾਰ ਇਸਰਾਏਲੀ ਯਰੂਸ਼ਲਮ ਨੂੰ ਜਾਂਦੇ ਸਨ ਅਤੇ ਸੱਚੇ ਪਰਮੇਸ਼ੁਰ ਦੀ ਉਪਾਸਨਾ ਕਰਨ ਲਈ ਮੋਰੀਯਾਹ ਪਹਾੜ ਉੱਤੇ ਚੜ੍ਹਦੇ ਸਨ। (ਬਿਵਸਥਾ ਸਾਰ 16:16) ਤਾਂ ਫਿਰ ‘ਯਹੋਵਾਹ ਦੇ ਭਵਨ ਦੇ ਪਰਬਤ’ ਵੱਲ ਕੌਮਾਂ ਦਾ ਵਗਣਾ ਇਹ ਦਰਸਾਉਂਦਾ ਹੈ ਕਿ ਕਈ ਲੋਕ ਸੱਚੀ ਉਪਾਸਨਾ ਲਈ ਇਕੱਠੇ ਹੋਣਗੇ।

9. “ਯਹੋਵਾਹ ਦੇ ਭਵਨ ਦਾ ਪਰਬਤ” ਕਿਸ ਚੀਜ਼ ਨੂੰ ਦਰਸਾਉਂਦਾ ਹੈ?

9 ਲੇਕਿਨ, ਅੱਜ, ਪਰਮੇਸ਼ੁਰ ਦੇ ਲੋਕ ਕਿਸੇ ਅਸਲੀ ਪਹਾੜ ਉੱਤੇ ਇਕੱਠੇ ਨਹੀਂ ਹੁੰਦੇ, ਜਿੱਥੇ ਇੱਟ-ਪੱਥਰ ਨਾਲ ਬਣੀ ਕੋਈ ਹੈਕਲ ਹੋਵੇ। ਯਰੂਸ਼ਲਮ ਵਿਚ ਯਹੋਵਾਹ ਦੀ ਹੈਕਲ 70 ਸਾ.ਯੁ. ਵਿਚ ਰੋਮੀ ਫ਼ੌਜਾਂ ਦੁਆਰਾ ਤਬਾਹ ਕੀਤੀ ਗਈ ਸੀ। ਇਸ ਤੋਂ ਇਲਾਵਾ, ਪੌਲੁਸ ਰਸੂਲ ਨੇ ਸਪੱਸ਼ਟ ਕੀਤਾ ਕਿ ਯਰੂਸ਼ਲਮ ਦੀ ਹੈਕਲ ਅਤੇ ਉਸ ਤੋਂ ਪਹਿਲਾਂ ਉਪਾਸਨਾ ਲਈ ਡੇਹਰਾ ਕਿਸੇ ਹੋਰ ਚੀਜ਼ ਨੂੰ ਦਰਸਾਉਂਦੇ ਸਨ। ਉਹ ਇਕ ਵੱਡੀ ਰੂਹਾਨੀ ਅਸਲੀਅਤ ਨੂੰ ਦਰਸਾਉਂਦੇ ਸਨ, ਯਾਨੀ ‘ਉਹ ਅਸਲ ਡੇਹਰਾ ਜਿਹ ਨੂੰ ਮਨੁੱਖ ਨੇ ਨਹੀਂ ਸਗੋਂ ਪ੍ਰਭੁ ਨੇ ਗੱਡਿਆ।’ (ਇਬਰਾਨੀਆਂ 8:2) ਇਹ ਰੂਹਾਨੀ ਡੇਹਰਾ ਯਹੋਵਾਹ ਦੀ ਉਪਾਸਨਾ ਕਰਨ ਲਈ ਉਹ ਇੰਤਜ਼ਾਮ ਹੈ ਜੋ ਯਿਸੂ ਮਸੀਹ ਦੇ ਰਿਹਾਈ-ਕੀਮਤ ਬਲੀਦਾਨ ਉੱਤੇ ਆਧਾਰਿਤ ਹੈ। (ਇਬਰਾਨੀਆਂ 9:2-10, 23) ਇਸੇ ਤਰ੍ਹਾਂ, ਯਸਾਯਾਹ 2:2 ਵਿਚ “ਯਹੋਵਾਹ ਦੇ ਭਵਨ ਦਾ ਪਰਬਤ” ਸਾਡੇ ਜ਼ਮਾਨੇ ਵਿਚ ਯਹੋਵਾਹ ਦੀ ਸ਼ੁੱਧ ਉਪਾਸਨਾ ਨੂੰ ਦਰਸਾਉਂਦਾ ਹੈ। ਸ਼ੁੱਧ ਉਪਾਸਨਾ ਕਰਨ ਵਾਲੇ ਲੋਕ ਹੁਣ ਕਿਸੇ ਖ਼ਾਸ ਜਗ੍ਹਾ ਤੇ ਇਕੱਠੇ ਨਹੀਂ ਹੁੰਦੇ ਪਰ ਉਹ ਆਪਣੀ ਉਪਾਸਨਾ ਵਿਚ ਇਕਮੁੱਠ ਰਹਿੰਦੇ ਹਨ।

ਸ਼ੁੱਧ ਉਪਾਸਨਾ ਨੂੰ ਉੱਚਾ ਕਰਨਾ

10, 11. ਸਾਡੇ ਜ਼ਮਾਨੇ ਵਿਚ ਯਹੋਵਾਹ ਦੀ ਉਪਾਸਨਾ ਕਿਸ ਤਰ੍ਹਾਂ ਉੱਚੀ ਕੀਤੀ ਗਈ ਹੈ?

10 ਨਬੀ ਨੇ ਕਿਹਾ ਕਿ ਸ਼ੁੱਧ ਉਪਾਸਨਾ, ਯਾਨੀ “ਯਹੋਵਾਹ ਦੇ ਭਵਨ ਦਾ ਪਰਬਤ ਪਹਾੜਾਂ ਦੇ ਸਿਰੇ ਤੇ ਕਾਇਮ ਕੀਤਾ ਜਾਵੇਗਾ” ਅਤੇ “ਪਹਾੜੀਆਂ ਤੋਂ ਉੱਚਾ ਕੀਤਾ ਜਾਵੇਗਾ।” ਯਸਾਯਾਹ ਦੇ ਜ਼ਮਾਨੇ ਤੋਂ ਕਾਫ਼ੀ ਚਿਰ ਪਹਿਲਾਂ, ਰਾਜਾ ਦਾਊਦ ਨੇ ਨੇਮ ਦੇ ਸੰਦੂਕ ਨੂੰ ਯਰੂਸ਼ਲਮ ਵਿਚ ਸੀਯੋਨ ਦੇ ਪਰਬਤ ਉੱਤੇ ਲਿਆਂਦਾ ਸੀ। ਇਹ ਪਰਬਤ ਸਮੁੰਦਰ ਦੇ ਤਲ ਤੋਂ 760 ਮੀਟਰ ਉੱਚਾ ਸੀ। ਸੰਦੂਕ ਉਦੋਂ ਤਕ ਇੱਥੇ ਰੱਖਿਆ ਗਿਆ ਜਦ ਤਕ ਉਹ ਮੋਰੀਯਾਹ ਪਹਾੜ ਉੱਤੇ ਬਣਾਈ ਗਈ ਹੈਕਲ ਵਿਚ ਲਿਆਂਦਾ ਗਿਆ। (2 ਸਮੂਏਲ 5:7; 6:14-19; 2 ਇਤਹਾਸ 3:1; 5:1-10) ਇਸ ਲਈ, ਯਸਾਯਾਹ ਦੇ ਜ਼ਮਾਨੇ ਤਕ ਪਵਿੱਤਰ ਸੰਦੂਕ ਪਹਿਲਾਂ ਹੀ ਹੈਕਲ ਵਿਚ ਉੱਚੀ ਥਾਂ ਤੇ ਰੱਖਿਆ ਗਿਆ ਸੀ ਅਤੇ ਇਸ ਤਰ੍ਹਾਂ ਇਹ ਆਲੇ-ਦੁਆਲੇ ਦੀਆਂ ਉਨ੍ਹਾਂ ਪਹਾੜੀਆਂ ਤੋਂ ਉੱਚੇ ਦਰਜੇ ਤੇ ਸੀ ਜੋ ਝੂਠੀ ਉਪਾਸਨਾ ਲਈ ਵਰਤੀਆਂ ਜਾਂਦੀਆਂ ਸਨ।

11 ਇਹ ਗੱਲ ਤਾਂ ਪਹਿਲਾਂ ਹੀ ਸੱਚ ਹੈ ਕਿ ਰੂਹਾਨੀ ਤੌਰ ਤੇ ਯਹੋਵਾਹ ਦੀ ਉਪਾਸਨਾ ਝੂਠੇ ਦੇਵਤਿਆਂ ਦੇ ਪੁਜਾਰੀਆਂ ਦੀਆਂ ਧਾਰਮਿਕ ਰੀਤਾਂ ਨਾਲੋਂ ਹਮੇਸ਼ਾ ਉੱਤਮ ਰਹੀ ਹੈ। ਪਰ, ਸਾਡੇ ਜ਼ਮਾਨੇ ਵਿਚ, ਯਹੋਵਾਹ ਨੇ ਆਪਣੀ ਉਪਾਸਨਾ ਆਕਾਸ਼ ਜਿੰਨੀ ਉੱਚੀ ਕੀਤੀ ਹੈ, ਮਤਲਬ ਕਿ ਹਰ ਪ੍ਰਕਾਰ ਦੀ ਅਸ਼ੁੱਧ ਉਪਾਸਨਾ ਤੋਂ ਉਤਾਂਹ ਕੀਤੀ ਹੈ—ਜੀ ਹਾਂ, “ਪਹਾੜੀਆਂ” ਅਤੇ “ਪਹਾੜਾਂ ਦੇ ਸਿਰੇ” ਤੋਂ ਬਹੁਤ ਉੱਚੀ। ਉਹ ਕਿਸ ਤਰ੍ਹਾਂ? ਆਮ ਤੌਰ ਤੇ ਉਨ੍ਹਾਂ ਲੋਕਾਂ ਨੂੰ ਇਕੱਠੇ ਕਰ ਕੇ ਜੋ “ਆਤਮਾ ਅਰ ਸਚਿਆਈ ਨਾਲ” ਉਸ ਦੀ ਉਪਾਸਨਾ ਕਰਨੀ ਚਾਹੁੰਦੇ ਹਨ।—ਯੂਹੰਨਾ 4:23.

12. “ਰਾਜ ਦੇ ਪੁੱਤ੍ਰ” ਕੌਣ ਹਨ, ਅਤੇ ਇਕੱਠੇ ਕਰਨ ਦਾ ਕਿਹੜਾ ਕੰਮ ਕੀਤਾ ਗਿਆ ਹੈ?

12 ਮਸੀਹ ਯਿਸੂ ਨੇ ‘ਜੁਗ ਦੇ ਅੰਤ’ ਨੂੰ ਵਾਢੀ ਦਾ ਵੇਲਾ ਸੱਦਿਆ ਸੀ। ਉਸ ਵੇਲੇ ਦੂਤਾਂ ਰਾਹੀਂ “ਰਾਜ ਦੇ ਪੁੱਤ੍ਰ” ਇਕੱਠੇ ਕੀਤੇ ਜਾਣੇ ਸਨ। ਇਹ ਪੁੱਤਰ ਸਵਰਗੀ ਤੇਜ ਵਿਚ ਯਿਸੂ ਦੇ ਨਾਲ ਰਾਜ ਕਰਨ ਦੀ ਉਮੀਦ ਰੱਖਦੇ ਹਨ। (ਮੱਤੀ 13:36-43) ਸੰਨ 1919 ਤੋਂ, ਯਹੋਵਾਹ ਨੇ ਇਨ੍ਹਾਂ ਪੁੱਤਰਾਂ ਵਿੱਚੋਂ ਧਰਤੀ ਉੱਤੇ ਬਾਕੀ ਦੇ ‘ਰਹਿਣ ਵਾਲਿਆਂ’ ਨੂੰ ਦੂਤਾਂ ਨਾਲ ਵਾਢੀ ਦੇ ਕੰਮ ਵਿਚ ਹਿੱਸਾ ਲੈਣ ਲਈ ਸ਼ਕਤੀ ਬਖ਼ਸ਼ੀ ਹੈ। (ਪਰਕਾਸ਼ ਦੀ ਪੋਥੀ 12:17) ਇਸ ਤਰ੍ਹਾਂ, ਸ਼ੁਰੂ ਵਿਚ, “ਰਾਜ ਦੇ ਪੁੱਤ੍ਰ,” ਯਾਨੀ ਯਿਸੂ ਦੇ ਮਸਹ ਕੀਤੇ ਹੋਏ ਭਰਾ ਪਹਿਲਾਂ ਇਕੱਠੇ ਕੀਤੇ ਗਏ ਸਨ। ਫਿਰ ਉਹ ਇਕੱਠੇ ਕਰਨ ਦੇ ਇਕ ਹੋਰ ਕੰਮ ਵਿਚ ਹਿੱਸਾ ਲੈਣ ਲੱਗੇ।

13. ਯਹੋਵਾਹ ਨੇ ਮਸਹ ਕੀਤੇ ਹੋਏ ਬਕੀਏ ਨੂੰ ਕਿਵੇਂ ਬਰਕਤ ਦਿੱਤੀ ਹੈ?

13 ਵਾਢੀ ਦੇ ਇਸ ਵੇਲੇ ਦੌਰਾਨ ਯਹੋਵਾਹ ਮਸਹ ਕੀਤੇ ਹੋਏ ਬਕੀਏ ਨੂੰ ਆਪਣਾ ਬਚਨ, ਯਾਨੀ ਬਾਈਬਲ ਨੂੰ ਸਮਝਣ ਅਤੇ ਲਾਗੂ ਕਰਨ ਵਿਚ ਸਹਿਜੇ-ਸਹਿਜੇ ਮਦਦ ਦਿੰਦਾ ਆਇਆ ਹੈ। ਇਸ ਤਰ੍ਹਾਂ ਵੀ ਸ਼ੁੱਧ ਉਪਾਸਨਾ ਉੱਚੀ ਕੀਤੀ ਗਈ ਹੈ। ਭਾਵੇਂ ਕਿ ‘ਅਨ੍ਹੇਰੇ ਨੇ ਧਰਤੀ ਨੂੰ ਢੱਕ ਲਿਆ ਹੈ, ਅਤੇ ਉੱਮਤਾਂ ਨੂੰ ਘਟਾਂ ਨੇ,’ ਪਰ ਮਸਹ ਕੀਤੇ ਹੋਏ ਮਸੀਹੀ ਮਨੁੱਖਜਾਤੀ ਵਿਚਕਾਰ “ਜੋਤਾਂ ਵਾਂਙੁ ਦਿੱਸਦੇ” ਹਨ, ਕਿਉਂ ਜੋ ਯਹੋਵਾਹ ਨੇ ਉਨ੍ਹਾਂ ਨੂੰ ਸ਼ੁੱਧ ਕੀਤਾ ਹੈ। (ਯਸਾਯਾਹ 60:2; ਫ਼ਿਲਿੱਪੀਆਂ 2:15) ਪਵਿੱਤਰ ਆਤਮਾ, ਜਾਂ ਸ਼ਕਤੀ, ਦੁਆਰਾ ਮਸਹ ਕੀਤੇ ਹੋਏ ਇਹ ਮਸੀਹੀ ‘ਹਰ ਪਰਕਾਰ ਦੇ ਆਤਮਕ ਗਿਆਨ ਅਤੇ ਸਮਝ ਨਾਲ ਉਹ ਦੀ ਇੱਛਿਆ ਦੀ ਪਛਾਣ ਤੋਂ ਭਰਪੂਰ ਹੋਣ’ ਕਰਕੇ, ‘ਆਪਣੇ ਪਿਤਾ ਦੇ ਰਾਜ ਵਿੱਚ ਸੂਰਜ ਵਾਂਙੁ ਚਮਕਦੇ ਹਨ।’—ਕੁਲੁੱਸੀਆਂ 1:9; ਮੱਤੀ 13:43.

14, 15. ‘ਰਾਜ ਦੇ ਪੁੱਤ੍ਰਾਂ’ ਨੂੰ ਇਕੱਠੇ ਕਰਨ ਤੋਂ ਇਲਾਵਾ, ਹੋਰ ਕੌਣ ਇਕੱਠੇ ਕੀਤੇ ਗਏ ਹਨ ਅਤੇ ਹੱਜਈ ਨੇ ਇਨ੍ਹਾਂ ਬਾਰੇ ਕਿਹੜੀ ਭਵਿੱਖਬਾਣੀ ਕੀਤੀ ਸੀ?

14 ਇਨ੍ਹਾਂ ਤੋਂ ਇਲਾਵਾ, ਹੋਰ ਵੀ ਲੋਕ ‘ਯਹੋਵਾਹ ਦੇ ਭਵਨ ਦੇ ਪਰਬਤ’ ਵੱਲ ਜਾਂਦੇ ਹਨ। ਯਿਸੂ ਨੇ ਇਨ੍ਹਾਂ ਨੂੰ ਆਪਣੀਆਂ ‘ਹੋਰ ਭੇਡਾਂ’ ਸੱਦਿਆ ਸੀ ਅਤੇ ਇਨ੍ਹਾਂ ਕੋਲ ਫਿਰਦੌਸ ਵਰਗੀ ਧਰਤੀ ਉੱਤੇ ਸਦਾ ਲਈ ਜੀਉਣ ਦੀ ਆਸ ਹੈ। (ਯੂਹੰਨਾ 10:16; ਪਰਕਾਸ਼ ਦੀ ਪੋਥੀ 21:3, 4) ਤਕਰੀਬਨ 1930 ਦੇ ਦਹਾਕੇ ਤੋਂ ਸ਼ੁਰੂ ਹੁੰਦੇ ਹੋਏ, ਇਨ੍ਹਾਂ ਦੀ ਗਿਣਤੀ ਹਜ਼ਾਰਾਂ ਤੋਂ ਲੈ ਕੇ ਹੁਣ ਲੱਖਾਂ ਵਿਚ ਵੱਧ ਗਈ ਹੈ! ਯੂਹੰਨਾ ਰਸੂਲ ਨੂੰ ਦਿੱਤੇ ਗਏ ਇਕ ਦਰਸ਼ਣ ਵਿਚ ਦੱਸਿਆ ਗਿਆ ਸੀ ਕਿ ਇਹ “ਹਰੇਕ ਕੌਮ ਵਿੱਚੋਂ ਅਤੇ ਸਭਨਾਂ ਗੋਤਾਂ, ਉੱਮਤਾਂ ਅਤੇ ਭਾਖਿਆਂ ਵਿੱਚੋਂ ਇੱਕ ਵੱਡੀ ਭੀੜ” ਹੋਣਗੇ, “ਜਿਹ ਦੀ ਗਿਣਤੀ ਕਿਸੇ ਕੋਲੋਂ ਨਹੀਂ ਹੁੰਦੀ।”—ਪਰਕਾਸ਼ ਦੀ ਪੋਥੀ 7:9.

15 ਹੱਜਈ ਨਬੀ ਨੇ ਵੀ ਇਸ ਵੱਡੀ ਭੀੜ ਦੇ ਆਉਣ ਬਾਰੇ ਪਹਿਲਾਂ ਹੀ ਦੱਸਿਆ ਸੀ। ਉਸ ਨੇ ਲਿਖਿਆ: “ਸੈਨਾਂ ਦਾ ਯਹੋਵਾਹ ਇਉਂ ਆਖਦਾ ਹੈ ਕਿ ਥੋੜੇ ਜਿਹੇ ਚਿਰ ਵਿੱਚ ਮੈਂ ਫੇਰ ਅਕਾਸ਼ ਅਤੇ ਧਰਤੀ ਅਤੇ ਜਲ ਥਲ ਨੂੰ ਹਿਲਾ ਦਿਆਂਗਾ। ਨਾਲੇ ਮੈਂ ਸਾਰੀਆਂ ਕੌਮਾਂ ਨੂੰ ਹਿਲਾ ਦਿਆਂਗਾ ਅਤੇ ਸਾਰੀਆਂ ਕੌਮਾਂ ਦੇ ਪਦਾਰਥ [ਉਹ ਲੋਕ ਜੋ ਮਸਹ ਕੀਤੇ ਹੋਏ ਮਸੀਹੀਆਂ ਨਾਲ ਸ਼ੁੱਧ ਉਪਾਸਨਾ ਕਰਦੇ ਹਨ] ਆਉਣਗੇ ਸੋ ਮੈਂ ਏਸ ਭਵਨ ਨੂੰ ਪਰਤਾਪ ਨਾਲ ਭਰ ਦਿਆਂਗਾ, ਸੈਨਾਂ ਦਾ ਯਹੋਵਾਹ ਕਹਿੰਦਾ ਹੈ।” (ਹੱਜਈ 2:6, 7) ਇਹ ਵੱਡੀ ਭੀੜ ਅਤੇ ਉਨ੍ਹਾਂ ਦੇ ਮਸਹ ਕੀਤੇ ਹੋਏ ਸਾਥੀ ਯਹੋਵਾਹ ਦੇ ਭਵਨ ਵਿਚ ਸ਼ੁੱਧ ਉਪਾਸਨਾ ਨੂੰ ਉੱਚਾ ਕਰ ਰਹੇ ਹਨ, ਜੀ ਹਾਂ, ਪਰਤਾਪ ਨਾਲ ਭਰ ਰਹੇ ਹਨ। ਸੱਚੇ ਪਰਮੇਸ਼ੁਰ ਦੀ ਉਪਾਸਨਾ ਕਰਨ ਵਾਲੇ ਲੋਕਾਂ ਦੀ ਇੰਨੀ ਵੱਡੀ ਗਿਣਤੀ ਪਹਿਲਾਂ ਕਦੀ ਵੀ ਨਹੀਂ ਦੇਖੀ ਗਈ। ਇਸ ਵਿਚ ਯਹੋਵਾਹ ਦੀ ਅਤੇ ਉਸ ਦੇ ਬਿਰਾਜਮਾਨ ਰਾਜੇ, ਯਿਸੂ ਮਸੀਹ ਦੀ ਵਡਿਆਈ ਹੁੰਦੀ ਹੈ। ਰਾਜਾ ਸੁਲੇਮਾਨ ਨੇ ਲਿਖਿਆ: “ਰਈਅਤ ਦੇ ਵਾਧੇ ਨਾਲ ਰਾਜੇ ਦੀ ਸ਼ਾਨ ਹੁੰਦੀ ਹੈ।”—ਕਹਾਉਤਾਂ 14:28.

ਲੋਕਾਂ ਦੀਆਂ ਜ਼ਿੰਦਗੀਆਂ ਵਿਚ ਉਪਾਸਨਾ ਉੱਚੀ ਕੀਤੀ ਗਈ

16-18. ਯਹੋਵਾਹ ਦੀ ਉਪਾਸਨਾ ਸਹੀ ਤਰੀਕੇ ਵਿਚ ਕਰਨ ਲਈ ਕੁਝ ਲੋਕਾਂ ਨੇ ਕਿਹੋ ਜਿਹੀਆਂ ਤਬਦੀਲੀਆਂ ਕੀਤੀਆਂ ਹਨ?

16 ਸਾਡੇ ਜ਼ਮਾਨੇ ਵਿਚ ਸ਼ੁੱਧ ਉਪਾਸਨਾ ਉੱਚੀ ਕਰਨ ਲਈ ਯਹੋਵਾਹ ਨੂੰ ਹੀ ਵਡਿਆਈ ਦਿੱਤੀ ਜਾ ਸਕਦੀ ਹੈ। ਪਰ ਸੱਚੀ ਉਪਾਸਨਾ ਕਰਨ ਵਾਲਿਆਂ ਨੂੰ ਵੀ ਉਸ ਦੀ ਉਪਾਸਨਾ ਉੱਚੀ ਕਰਨ ਦਾ ਸਨਮਾਨ ਮਿਲਦਾ ਹੈ। ਜਿਸ ਤਰ੍ਹਾਂ ਪਹਾੜ ਉੱਤੇ ਚੜ੍ਹਨ ਲਈ ਜਤਨ ਕਰਨ ਦੀ ਲੋੜ ਪੈਂਦੀ ਹੈ, ਉਸੇ ਤਰ੍ਹਾਂ ਪਰਮੇਸ਼ੁਰ ਦੇ ਧਰਮੀ ਅਸੂਲ ਸਿੱਖਣ ਅਤੇ ਉਨ੍ਹਾਂ ਦੇ ਅਨੁਸਾਰ ਜੀਉਣ ਲਈ ਵੀ ਜਤਨ ਕਰਨ ਦੀ ਲੋੜ ਪੈਂਦੀ ਹੈ। ਪਹਿਲੀ ਸਦੀ ਦੇ ਮਸੀਹੀਆਂ ਵਾਂਗ, ਅੱਜ ਪਰਮੇਸ਼ੁਰ ਦੇ ਸੇਵਕਾਂ ਨੇ ਤਰ੍ਹਾਂ-ਤਰ੍ਹਾਂ ਦੇ ਜੀਵਨ-ਢੰਗ ਛੱਡ ਦਿੱਤੇ ਹਨ ਜੋ ਸੱਚੀ ਉਪਾਸਨਾ ਨਾਲ ਮੇਲ ਨਹੀਂ ਖਾਂਦੇ। ਹਰਾਮਕਾਰਾਂ, ਮੂਰਤੀ-ਪੂਜਕਾਂ, ਜ਼ਨਾਹਕਾਰਾਂ, ਚੋਰਾਂ, ਲੋਭੀਆਂ, ਸ਼ਰਾਬੀਆਂ, ਅਤੇ ਹੋਰਨਾਂ ਨੇ ਆਪਣੇ ਚਾਲ-ਚਲਣਾਂ ਨੂੰ ਬਦਲ ਲਿਆ ਹੈ ਅਤੇ ਉਹ ਪਰਮੇਸ਼ੁਰ ਦੀ ਨਜ਼ਰ ਵਿਚ “ਧੋਤੇ ਗਏ” ਹਨ।—1 ਕੁਰਿੰਥੀਆਂ 6:9-11.

17 ਇਕ ਮੁਟਿਆਰ ਨੇ ਲਿਖਿਆ: “ਮੇਰੀ ਜ਼ਿੰਦਗੀ ਉਜੜੀ ਹੋਈ ਸੀ ਅਤੇ ਮੇਰਾ ਜੀਵਨ ਸਿਰਫ਼ ਬੁਰੇ ਕੰਮਾਂ ਅਤੇ ਨਸ਼ੇਬਾਜ਼ੀ ਨਾਲ ਭਰਿਆ ਹੋਇਆ ਸੀ। ਮੈਨੂੰ ਜਿਨਸੀ ਰੋਗ ਲੱਗੇ ਹੋਏ ਸਨ। ਮੈਂ ਡ੍ਰੱਗਜ਼ ਵੇਚਦੀ ਹੁੰਦੀ ਸੀ ਅਤੇ ਮੈਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਸੀ।” ਇਹ ਤਜਰਬਾ ਆਮ ਹੈ। ਬਾਈਬਲ ਦਾ ਅਧਿਐਨ ਕਰਨ ਤੋਂ ਬਾਅਦ, ਉਸ ਨੇ ਪਰਮੇਸ਼ੁਰ ਦੇ ਅਸੂਲਾਂ ਤੇ ਚੱਲਣ ਲਈ ਆਪਣੀ ਜ਼ਿੰਦਗੀ ਵਿਚ ਵੱਡੀਆਂ-ਵੱਡੀਆਂ ਤਬਦੀਲੀਆਂ ਕੀਤੀਆਂ। ਹੁਣ ਉਹ ਕਹਿੰਦੀ ਹੈ: “ਮੇਰੇ ਮਨ ਨੂੰ ਸ਼ਾਂਤੀ ਮਿਲੀ। ਹੁਣ ਮੇਰੀ ਇੱਜ਼ਤ ਵੀ ਹੈ। ਮੇਰੇ ਕੋਲ ਭਵਿੱਖ ਲਈ ਆਸ ਹੈ। ਮੇਰਾ ਪਿਆਰਾ ਪਰਿਵਾਰ ਹੈ ਅਤੇ ਸਭ ਤੋਂ ਵਧੀਆ ਚੀਜ਼ ਜੋ ਮੈਨੂੰ ਮਿਲੀ ਹੈ ਉਹ ਹੈ ਸਾਡੇ ਪਿਤਾ, ਯਹੋਵਾਹ ਨਾਲ ਇਕ ਰਿਸ਼ਤਾ।”

18 ਯਹੋਵਾਹ ਦੀ ਪ੍ਰਵਾਨਗੀ ਹਾਸਲ ਕਰਨ ਤੋਂ ਬਾਅਦ ਵੀ, ਸਾਨੂੰ ਸਾਰਿਆਂ ਨੂੰ ਆਪਣੀ ਜ਼ਿੰਦਗੀ ਵਿਚ ਸ਼ੁੱਧ ਉਪਾਸਨਾ ਨੂੰ ਪਹਿਲਾ ਦਰਜਾ ਦਿੰਦੇ ਜਾਣਾ ਚਾਹੀਦਾ ਹੈ। ਹਜ਼ਾਰਾਂ ਸਾਲ ਪਹਿਲਾਂ, ਯਹੋਵਾਹ ਨੇ ਯਸਾਯਾਹ ਰਾਹੀਂ ਆਪਣਾ ਭਰੋਸਾ ਪ੍ਰਗਟ ਕੀਤਾ ਸੀ ਕਿ ਸਾਡੇ ਸਮੇਂ ਵਿਚ ਬਹੁਤ ਸਾਰੇ ਲੋਕ ਹੋਣਗੇ ਜੋ ਆਪਣੀਆਂ ਜ਼ਿੰਦਗੀਆਂ ਵਿਚ ਉਸ ਦੀ ਉਪਾਸਨਾ ਨੂੰ ਸਭ ਤੋਂ ਜ਼ਰੂਰੀ ਗੱਲ ਸਮਝਣਗੇ। ਕੀ ਤੁਸੀਂ ਉਨ੍ਹਾਂ ਵਿੱਚੋਂ ਹੋ?

ਯਹੋਵਾਹ ਦੇ ਰਾਹ ਸਿਖਣ ਵਾਲੇ ਲੋਕ

19, 20. ਪਰਮੇਸ਼ੁਰ ਦੇ ਲੋਕਾਂ ਨੂੰ ਕੀ ਸਿਖਾਇਆ ਜਾਂਦਾ ਹੈ ਅਤੇ ਇਹ ਸਿੱਖਿਆ ਕਿੱਥੇ ਮਿਲਦੀ ਹੈ?

19 ਯਸਾਯਾਹ ਨੇ ਸਾਨੂੰ ਅੱਜ ਸ਼ੁੱਧ ਉਪਾਸਨਾ ਕਰਨ ਵਾਲਿਆਂ ਬਾਰੇ ਹੋਰ ਦੱਸਿਆ ਸੀ। ਉਸ ਨੇ ਕਿਹਾ: “ਬਹੁਤੀਆਂ ਉੱਮਤਾਂ ਆਉਣਗੀਆਂ ਅਤੇ ਆਖਣਗੀਆਂ, ਆਓ, ਅਸੀਂ ਯਹੋਵਾਹ ਦੇ ਪਰਬਤ ਉੱਤੇ, ਯਾਕੂਬ ਦੇ ਪਰਮੇਸ਼ੁਰ ਦੇ ਭਵਨ ਵੱਲ ਚੜ੍ਹੀਏ, ਭਈ ਉਹ ਸਾਨੂੰ ਆਪਣੇ ਰਾਹ ਵਿਖਾਵੇ, ਅਤੇ ਅਸੀਂ ਉਹ ਦੇ ਮਾਰਗਾਂ ਵਿੱਚ ਚੱਲੀਏ, ਕਿਉਂ ਜੋ ਬਿਵਸਥਾ ਸੀਯੋਨ ਤੋਂ ਨਿੱਕਲੇਗੀ, ਅਤੇ ਯਹੋਵਾਹ ਦਾ ਬਚਨ ਯਰੂਸ਼ਲਮ ਤੋਂ।”—ਯਸਾਯਾਹ 2:3.

20 ਯਹੋਵਾਹ ਆਪਣੇ ਲੋਕਾਂ ਨੂੰ ਗੁਆਚੀਆਂ ਭੇਡਾਂ ਵਾਂਗ ਨਹੀਂ ਘੁੰਮਣ-ਫਿਰਨ ਦਿੰਦਾ। ਬਾਈਬਲ ਅਤੇ ਬਾਈਬਲ ਉੱਤੇ ਆਧਾਰਿਤ ਪ੍ਰਕਾਸ਼ਨਾਂ ਰਾਹੀਂ, ਉਹ ਉਨ੍ਹਾਂ ਨੂੰ ਆਪਣੀ “ਬਿਵਸਥਾ” ਅਤੇ ਆਪਣਾ “ਬਚਨ” ਦਿੰਦਾ ਹੈ ਤਾਂਕਿ ਉਹ ਉਸ ਦੇ ਰਾਹਾਂ ਬਾਰੇ ਸਿੱਖ ਸਕਣ। ਇਹ ਗਿਆਨ ਉਨ੍ਹਾਂ ਨੂੰ ‘ਉਸ ਦੇ ਮਾਰਗਾਂ ਵਿੱਚ ਚੱਲਣ’ ਦੀ ਮਦਦ ਦਿੰਦਾ ਹੈ। ਉਨ੍ਹਾਂ ਦੇ ਦਿਲ ਕਦਰ ਨਾਲ ਭਰੇ ਹੋਏ ਹਨ ਕਿ ਪਰਮੇਸ਼ਰ ਨੇ ਉਨ੍ਹਾਂ ਨੂੰ ਸੱਚਾ ਰਾਹ ਦਿਖਾਇਆ ਹੈ। ਉਹ ਇਕ ਦੂਜੇ ਨਾਲ ਯਹੋਵਾਹ ਦੇ ਰਾਹਾਂ ਬਾਰੇ ਗੱਲਾਂ ਕਰਦੇ ਹਨ। ਉਹ ਮਹਾਂ-ਸੰਮੇਲਨਾਂ, ਕਿੰਗਡਮ ਹਾਲਾਂ, ਅਤੇ ਘਰਾਂ ਵਿਚ ਇਕੱਠੇ ਹੁੰਦੇ ਹਨ, ਤਾਂਕਿ ਉਹ ਪਰਮੇਸ਼ੁਰ ਦੇ ਰਾਹ ਬਾਰੇ ਸੁਣ ਅਤੇ ਸਿੱਖ ਸਕਣ। (ਬਿਵਸਥਾ ਸਾਰ 31:12, 13) ਇਸ ਤਰ੍ਹਾਂ ਉਹ ਮੁਢਲੇ ਮਸੀਹੀਆਂ ਦੇ ਨਮੂਨੇ ਉੱਤੇ ਚੱਲਦੇ ਹਨ, ਜੋ ‘ਪ੍ਰੇਮ ਅਰ ਸ਼ੁਭ ਕਰਮ’ ਕਰਨ ਲਈ ਅਤੇ ਇਕ ਦੂਜੇ ਦਾ ਹੌਸਲਾ ਵਧਾਉਣ ਲਈ ਇਕੱਠੇ ਮਿਲਦੇ ਹੁੰਦੇ ਸਨ।—ਇਬਰਾਨੀਆਂ 10:24, 25.

21. ਯਹੋਵਾਹ ਦੇ ਸੇਵਕ ਕਿਹੜੇ ਕੰਮ ਵਿਚ ਹਿੱਸਾ ਲੈਂਦੇ ਹਨ?

21 ਉਹ ਹੋਰਨਾਂ ਨੂੰ ਯਹੋਵਾਹ ਪਰਮੇਸ਼ੁਰ ਦੀ ਉੱਚੀ ਉਪਾਸਨਾ ‘ਵੱਲ ਚੜ੍ਹਨ’ ਦਾ ਸੱਦਾ ਦਿੰਦੇ ਹਨ। ਇਹ ਯਿਸੂ ਦੇ ਹੁਕਮ ਨਾਲ ਕਿੰਨੀ ਚੰਗੀ ਤਰ੍ਹਾਂ ਮੇਲ ਖਾਂਦਾ ਹੈ ਜੋ ਉਸ ਨੇ ਸਵਰਗ ਨੂੰ ਚੜ੍ਹਨ ਤੋਂ ਪਹਿਲਾਂ ਆਪਣੇ ਚੇਲਿਆਂ ਨੂੰ ਦਿੱਤਾ ਸੀ! ਉਸ ਨੇ ਉਨ੍ਹਾਂ ਨੂੰ ਕਿਹਾ: “ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ ਅਤੇ ਪੁੱਤ੍ਰ ਅਤੇ ਪਵਿੱਤ੍ਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ। ਅਰ ਉਨ੍ਹਾਂ ਨੂੰ ਸਿਖਾਓ ਭਈ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ।” (ਮੱਤੀ 28:19, 20) ਪਰਮੇਸ਼ੁਰ ਦੀ ਮਦਦ ਨਾਲ, ਯਹੋਵਾਹ ਦੇ ਆਗਿਆਕਾਰ ਗਵਾਹ ਸੰਸਾਰ ਭਰ ਵਿਚ ਜਾਂਦੇ ਹਨ। ਉਹ ਲੋਕਾਂ ਨੂੰ ਸਿੱਖਿਆ ਦੇ ਕੇ ਚੇਲੇ ਬਣਾਉਂਦੇ ਹਨ, ਅਤੇ ਉਨ੍ਹਾਂ ਨੂੰ ਬਪਤਿਸਮਾ ਦਿੰਦੇ ਹਨ।

ਤਲਵਾਰਾਂ ਦੇ ਫਾਲੇ ਬਣਾਉਣੇ

22, 23. ਯਸਾਯਾਹ 2:4 ਵਿਚ ਕਿਹੜੀ ਭਵਿੱਖਬਾਣੀ ਕੀਤੀ ਗਈ ਹੈ, ਅਤੇ ਸੰਯੁਕਤ ਰਾਸ਼ਟਰ-ਸੰਘ ਦੇ ਇਕ ਅਧਿਕਾਰੀ ਨੇ ਇਸ ਬਾਰੇ ਕੀ ਕਿਹਾ ਸੀ?

22 ਹੁਣ ਅਸੀਂ ਅਗਲੀ ਆਇਤ ਵੱਲ ਧਿਆਨ ਲਾਉਂਦੇ ਹਾਂ, ਜਿਸ ਦਾ ਕੁਝ ਹਿੱਸਾ ਯੂ. ਐੱਨ. ਦੇ ਚੌਂਕ ਦੀ ਕੰਧ ਉੱਤੇ ਉੱਕਰਿਆ ਹੋਇਆ ਹੈ। ਯਸਾਯਾਹ ਨੇ ਲਿਖਿਆ: “ਉਹ ਕੌਮਾਂ ਵਿੱਚ ਨਿਆਉਂ ਕਰੇਗਾ, ਅਤੇ ਬਹੁਤੀਆਂ ਉੱਮਤਾਂ ਦਾ ਫ਼ੈਸਲਾ ਕਰੇਗਾ, ਓਹ ਆਪਣੀਆਂ ਤਲਵਾਰਾਂ ਨੂੰ ਕੁੱਟ ਕੇ ਫਾਲੇ ਬਣਾਉਣਗੇ, ਅਤੇ ਆਪਣੇ ਬਰਛਿਆਂ ਨੂੰ ਦਾਤ। ਕੌਮ ਕੌਮ ਉੱਤੇ ਤਲਵਾਰ ਨਹੀਂ ਚੁੱਕੇਗੀ, ਅਤੇ ਓਹ ਫੇਰ ਕਦੀ ਵੀ ਲੜਾਈ ਨਾ ਸਿੱਖਣਗੇ।”—ਯਸਾਯਾਹ 2:4.

23 ਇਸ ਤਰ੍ਹਾਂ ਕਰਨਾ ਕੋਈ ਸੌਖਾ ਕੰਮ ਨਹੀਂ। ਸੰਯੁਕਤ ਰਾਸ਼ਟਰ-ਸੰਘ ਦੇ ਸਿੱਖਿਅਕ, ਵਿਗਿਆਨਕ, ਅਤੇ ਸਭਿਆਚਾਰਕ ਸੰਗਠਨ ਦੇ ਡਾਇਰੈਕਟਰ-ਜਨਰਲ ਨੇ ਇਕ ਵਾਰ ਕਿਹਾ ਸੀ: ‘ਅੱਜ-ਕੱਲ੍ਹ ਅਸੀਂ ਘਰ ਬੈਠੇ ਹੀ ਜੰਗ ਦੇ ਸਾਰੇ ਭਿਆਨਕ ਨਤੀਜਿਆਂ ਨੂੰ ਸੁਣ ਅਤੇ ਦੇਖ ਸਕਦੇ ਹਾਂ। ਫਿਰ ਵੀ ਅਸੀਂ ਜੰਗ ਦੀ ਇਸ ਵੱਡੀ ਕਾਰਵਾਈ ਨੂੰ ਰੋਕ ਨਹੀਂ ਸਕਦੇ। ਇਨਸਾਨ ਸਦੀਆਂ ਤੋਂ ਜੰਗ ਕਰਦੇ ਆਏ ਹਨ। ਅੱਜ-ਕੱਲ੍ਹ ਦੀਆਂ ਪੀੜ੍ਹੀਆਂ ਸਾਮ੍ਹਣੇ ਉਹ ਪਹਾੜ ਜਿੱਡਾ ਕੰਮ ਪੇਸ਼ ਹੈ ਕਿ ਉਹ “ਤਲਵਾਰਾਂ ਨੂੰ ਕੁੱਟ ਕੇ ਫਾਲੇ ਬਣਾਉਣ।” ਮੇਰੇ ਖ਼ਿਆਲ ਵਿਚ ਇਹ ਨਾਮੁਮਕਿਨ ਲੱਗਦਾ ਹੈ ਕਿ ਇਨਸਾਨ ਜੰਗ ਦੀਆਂ ਆਦਤਾਂ ਬਦਲ ਕੇ ਸ਼ਾਂਤੀ ਲਿਆਵੇਗਾ। ਪਰ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਇਹ ਸਭ ਤੋਂ ਵਧੀਆ ਵਿਰਾਸਤ ਛੱਡ ਸਕਦੇ ਹਾਂ।’

24, 25. ਯਸਾਯਾਹ ਦੇ ਸ਼ਬਦ ਕਿਨ੍ਹਾਂ ਦੁਆਰਾ ਪੂਰੇ ਹੁੰਦੇ ਹਨ, ਅਤੇ ਕਿਸ ਤਰ੍ਹਾਂ?

24 ਸਾਰੀਆਂ ਕੌਮਾਂ ਮਿਲ ਕੇ ਇਹ ਉੱਤਮ ਟੀਚਾ ਕਦੀ ਵੀ ਨਹੀਂ ਹਾਸਲ ਕਰ ਸਕਦੀਆਂ ਹਨ। ਇਹ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ ਹੈ। ਯਸਾਯਾਹ ਦੇ ਸ਼ਬਦ ਉਨ੍ਹਾਂ ਵਿਅਕਤੀਆਂ ਦੁਆਰਾ ਪੂਰੇ ਹੁੰਦੇ ਹਨ ਜੋ ਵੱਖਰੀਆਂ-ਵੱਖਰੀਆਂ ਕੌਮਾਂ ਵਿੱਚੋਂ ਹੋਣ ਦੇ ਬਾਵਜੂਦ ਵੀ ਸ਼ੁੱਧ ਉਪਾਸਨਾ ਵਿਚ ਇਕਮੁੱਠ ਹਨ। ਯਹੋਵਾਹ ਨੇ ਉਨ੍ਹਾਂ ਵਿਚਕਾਰ ‘ਸਲਾਹ ਕਰਾਈ’ ਹੈ। ਉਸ ਨੇ ਆਪਣੇ ਲੋਕਾਂ ਨੂੰ ਇਕ ਦੂਜੇ ਨਾਲ ਸ਼ਾਂਤੀ ਵਿਚ ਰਹਿਣਾ ਸਿਖਾਇਆ ਹੈ। ਸੱਚ-ਮੁੱਚ ਹੀ, ਇਸ ਫਸਾਦ ਭਰੇ ਸੰਸਾਰ ਵਿਚ, ਉਨ੍ਹਾਂ ਨੇ ਆਪਣੀਆਂ ‘ਤਲਵਾਰਾਂ ਨੂੰ ਕੁੱਟ ਕੇ ਫਾਲੇ ਬਣਾਏ ਹਨ, ਅਤੇ ਆਪਣੇ ਬਰਛਿਆਂ ਨੂੰ ਦਾਤ।’ ਉਹ ਕਿਸ ਤਰ੍ਹਾਂ?

25 ਇਕ ਗੱਲ ਇਹ ਹੈ ਕਿ ਉਹ ਕੌਮਾਂ ਦੀਆਂ ਲੜਾਈਆਂ ਵਿਚ ਹਿੱਸਾ ਨਹੀਂ ਲੈਂਦੇ। ਯਿਸੂ ਦੀ ਮੌਤ ਤੋਂ ਥੋੜ੍ਹੀ ਹੀ ਦੇਰ ਪਹਿਲਾਂ, ਕੁਝ ਮਨੁੱਖ ਹਥਿਆਰਾਂ ਨਾਲ ਉਸ ਨੂੰ ਗਿਰਫ਼ਤਾਰ ਕਰਨ ਲਈ ਆਏ। ਜਦੋਂ ਪਤਰਸ ਨੇ ਆਪਣੇ ਸੁਆਮੀ ਦੀ ਰੱਖਿਆ ਕਰਨ ਲਈ ਤਲਵਾਰ ਖਿੱਚੀ, ਤਾਂ ਯਿਸੂ ਨੇ ਉਸ ਨੂੰ ਕਿਹਾ: “ਆਪਣੀ ਤਲਵਾਰ ਮਿਆਨ ਕਰ ਕਿਉਂਕਿ ਸਭ ਜੋ ਤਲਵਾਰ ਖਿੱਚਦੇ ਹਨ ਤਲਵਾਰ ਨਾਲ ਮਾਰੇ ਜਾਣਗੇ।” (ਮੱਤੀ 26:52) ਉਸ ਸਮੇਂ ਤੋਂ, ਯਿਸੂ ਦੇ ਚੇਲਿਆਂ ਨੇ ਆਪਣੀਆਂ ਤਲਵਾਰਾਂ ਨੂੰ ਕੁੱਟ ਕੇ ਫਾਲੇ ਬਣਾਏ ਹਨ। ਉਨ੍ਹਾਂ ਨੇ ਆਪਣੇ ਸੰਗੀ ਮਨੁੱਖਾਂ ਨੂੰ ਮਾਰਨ ਲਈ ਨਾ ਹੀ ਹਥਿਆਰ ਚੁੱਕੇ ਹਨ ਅਤੇ ਨਾ ਹੀ ਹੋਰ ਕਿਸੇ ਤਰੀਕੇ ਵਿਚ ਲੜਾਈਆਂ ਵਿਚ ਹਿੱਸਾ ਲਿਆ ਹੈ। ਉਹ ‘ਸਭਨਾਂ ਨਾਲ ਮੇਲ ਰੱਖਣ ਦਾ ਪਿੱਛਾ ਕਰਦੇ ਹਨ।’—ਇਬਰਾਨੀਆਂ 12:14.

ਸ਼ਾਂਤੀ ਦਾ ਪਿੱਛਾ ਕਰਨਾ

26, 27. ਪਰਮੇਸ਼ੁਰ ਦੇ ਲੋਕ ਕਿਵੇਂ ‘ਮਿਲਾਪ ਨੂੰ ਲੱਭਦੇ ਅਤੇ ਉਹ ਦਾ ਪਿੱਛਾ ਕਰਦੇ ਹਨ’? ਇਕ ਮਿਸਾਲ ਦਿਓ।

26 ਪਰਮੇਸ਼ੁਰ ਦੇ ਲੋਕਾਂ ਕੋਲ ਸਿਰਫ਼ ਇਸੇ ਕਾਰਨ ਸ਼ਾਂਤੀ ਨਹੀਂ ਹੈ ਕਿਉਂਕਿ ਉਹ ਜੰਗ ਵਿਚ ਹਿੱਸਾ ਨਹੀਂ ਲੈਂਦੇ। ਭਾਵੇਂ ਉਹ 230 ਮੁਲਕਾਂ ਵਿਚ ਰਹਿੰਦੇ ਹਨ ਅਤੇ ਉਨ੍ਹਾਂ ਦੀਆਂ ਵੱਖੋ-ਵੱਖਰੀਆਂ ਬੋਲੀਆਂ ਅਤੇ ਆਪੋ-ਆਪਣੇ ਸਭਿਆਚਾਰ ਹਨ, ਉਹ ਇਕ ਦੂਜੇ ਨਾਲ ਸ਼ਾਂਤੀ ਦਾ ਆਨੰਦ ਮਾਣਦੇ ਹਨ। ਅੱਜ ਯਿਸੂ ਦੇ ਉਹ ਸ਼ਬਦ ਉਨ੍ਹਾਂ ਵਿਚ ਪੂਰੇ ਹੋ ਰਹੇ ਹਨ, ਜੋ ਉਸ ਨੇ ਪਹਿਲੀ ਸਦੀ ਵਿਚ ਆਪਣੇ ਚੇਲਿਆਂ ਨੂੰ ਕਹੇ ਸਨ: “ਜੇ ਤੁਸੀਂ ਆਪੋ ਵਿੱਚ ਪ੍ਰੇਮ ਰੱਖੋ ਤਾਂ ਇਸੇ ਤੋਂ ਸਭ ਜਾਣਨਗੇ ਭਈ ਤੁਸੀਂ ਮੇਰੇ ਚੇਲੇ ਹੋ।” (ਯੂਹੰਨਾ 13:35) ਅੱਜ ਮਸੀਹੀ ਦੂਜਿਆਂ ਵਿਚ “ਮੇਲ ਕਰਾਉਣ” ਲਈ ਜਾਣੇ ਜਾਂਦੇ ਹਨ। (ਮੱਤੀ 5:9) ਉਹ ‘ਮਿਲਾਪ ਨੂੰ ਲੱਭਦੇ ਅਤੇ ਉਹ ਦਾ ਪਿੱਛਾ ਕਰਦੇ ਹਨ।’ (1 ਪਤਰਸ 3:11) “ਸ਼ਾਂਤੀ ਦਾਤਾ ਪਰਮੇਸ਼ੁਰ” ਯਹੋਵਾਹ ਉਨ੍ਹਾਂ ਨੂੰ ਸਹਾਰਾ ਦਿੰਦਾ ਹੈ।—ਰੋਮੀਆਂ 15:33.

27 ਸ਼ਾਂਤੀ ਸਿੱਖਣ ਵਾਲਿਆਂ ਦੀਆਂ ਕਈ ਵਧੀਆ ਮਿਸਾਲਾਂ ਹਨ। ਇਕ ਨੌਜਵਾਨ ਆਪਣੀ ਜਵਾਨੀ ਬਾਰੇ ਲਿਖਦਾ ਹੈ: “ਜ਼ਿੰਦਗੀ ਵਿਚ ਠੋਕਰਾਂ ਨੇ ਮੈਨੂੰ ਬਹੁਤ ਕਠੋਰ ਅਤੇ ਹਿੰਸਕ ਬਣਾ ਦਿੱਤਾ। ਮੈਂ ਹਮੇਸ਼ਾ ਝਗੜਾ ਕਰਦਾ ਰਹਿੰਦਾ ਸੀ। ਹਰ ਦਿਨ, ਮੈਂ ਗੁਆਂਢ ਵਿਚ ਕਿਸੇ-ਨਾ-ਕਿਸੇ ਮੁੰਡੇ ਨਾਲ ਲੜਦਾ ਸੀ। ਕਦੀ-ਕਦੀ ਮੁੱਕੇਬਾਜ਼ੀ ਹੁੰਦੀ ਸੀ ਅਤੇ ਕਦੀ-ਕਦੀ ਮੈਂ ਪੱਥਰ ਜਾਂ ਬੋਤਲਾਂ ਵਰਤਦਾ ਸੀ। ਮੈਂ ਵੱਡਾ ਹੋ ਕੇ ਬੜਾ ਲੜਾਕਾ ਬਣ ਗਿਆ।” ਪਰ, ਅਖ਼ੀਰ ਵਿਚ, ਉਸ ਨੇ ‘ਯਹੋਵਾਹ ਦੇ ਭਵਨ ਦੇ ਪਰਬਤ’ ਉੱਤੇ ਚੜ੍ਹਨ ਦਾ ਸੱਦਾ ਸਵੀਕਾਰ ਕੀਤਾ। ਉਸ ਨੇ ਪਰਮੇਸ਼ੁਰ ਦੇ ਰਾਹ ਤੇ ਚੱਲਣਾ ਸਿੱਖਿਆ, ਅਤੇ ਉਹ ਪਰਮੇਸ਼ੁਰ ਦਾ ਇਕ ਅਮਨਪਸੰਦ ਸੇਵਕ ਬਣ ਗਿਆ।

28. ਸ਼ਾਂਤੀ ਦਾ ਪਿੱਛਾ ਕਰਨ ਲਈ ਮਸੀਹੀ ਕੀ ਕਰ ਸਕਦੇ ਹਨ?

28 ਯਹੋਵਾਹ ਦੇ ਜ਼ਿਆਦਾਤਰ ਸੇਵਕਾਂ ਦਾ ਅਜਿਹਾ ਹਿੰਸਕ ਪਿਛੋਕੜ ਨਹੀਂ ਹੈ। ਫਿਰ ਵੀ, ਛੋਟੀਆਂ-ਛੋਟੀਆਂ ਗੱਲਾਂ ਵਿਚ, ਯਾਨੀ ਦਿਆਲਗੀ, ਮਾਫ਼ੀ ਅਤੇ ਹਮਦਰਦੀ ਦਿਖਾ ਕੇ ਵੀ ਉਹ ਦੂਸਰਿਆਂ ਨਾਲ ਸ਼ਾਂਤੀ ਵਧਾਉਂਦੇ ਹਨ। ਭਾਵੇਂ ਉਹ ਖ਼ੁਦ ਵੀ ਗ਼ਲਤੀਆਂ ਕਰਦੇ ਹਨ, ਉਹ ਬਾਈਬਲ ਦੀ ਸਲਾਹ ਉੱਤੇ ਅਮਲ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿ “ਜੇ ਕੋਈ ਕਿਸੇ ਉੱਤੇ ਗਿਲਾ ਰੱਖਦਾ ਹੋਵੇ ਤਾਂ ਇੱਕ ਦੂਏ ਦੀ ਸਹਿ ਲਵੇ ਅਤੇ ਇੱਕ ਦੂਏ ਨੂੰ ਮਾਫ਼ ਕਰ ਦੇਵੇ।”—ਕੁਲੁੱਸੀਆਂ 3:13.

ਸ਼ਾਂਤੀ ਵਾਲਾ ਭਵਿੱਖ

29, 30. ਧਰਤੀ ਲਈ ਕਿਹੜੀ ਸੰਭਾਵਨਾ ਹੈ?

29 ਇਨ੍ਹਾਂ “ਆਖਰੀ ਦਿਨਾਂ ਦੇ ਵਿੱਚ” ਯਹੋਵਾਹ ਨੇ ਅਚੰਭੇ ਵਾਲਾ ਕੰਮ ਕੀਤਾ ਹੈ। ਉਸ ਨੇ ਸਾਰੀਆਂ ਕੌਮਾਂ ਵਿੱਚੋਂ ਉਨ੍ਹਾਂ ਲੋਕਾਂ ਨੂੰ ਇਕੱਠੇ ਕੀਤਾ ਹੈ ਜੋ ਉਸ ਦੀ ਸੇਵਾ ਕਰਨੀ ਚਾਹੁੰਦੇ ਹਨ। ਉਸ ਨੇ ਉਨ੍ਹਾਂ ਨੂੰ ਆਪਣੇ ਸ਼ਾਂਤੀ ਦੇ ਰਾਹਾਂ ਉੱਤੇ ਚੱਲਣਾ ਸਿਖਾਇਆ ਹੈ। ਇਹ ਉਹ ਹਨ ਜੋ ਆਉਣ ਵਾਲੀ “ਵੱਡੀ ਬਿਪਤਾ” ਵਿੱਚੋਂ ਬਚਣਗੇ ਅਤੇ ਉਸ ਨਵੇਂ ਸੰਸਾਰ ਵਿਚ ਵੜਨਗੇ ਜਿੱਥੇ ਜੰਗ ਹਮੇਸ਼ਾ ਲਈ ਖ਼ਤਮ ਕੀਤਾ ਜਾਵੇਗਾ ਅਤੇ ਸ਼ਾਂਤੀ ਛਾਈ ਹੋਵੇਗੀ।—ਪਰਕਾਸ਼ ਦੀ ਪੋਥੀ 7:14.

30 ਉੱਥੇ ਹਥਿਆਰ ਨਹੀਂ ਹੋਣਗੇ। ਜ਼ਬੂਰਾਂ ਦੇ ਲਿਖਾਰੀ ਨੇ ਉਸ ਸਮੇਂ ਬਾਰੇ ਲਿਖਿਆ: “ਆਓ, ਯਹੋਵਾਹ ਦੇ ਕੰਮਾਂ ਨੂੰ ਵੇਖੋ, ਜਿਹ ਨੇ ਧਰਤੀ ਉੱਤੇ ਤਬਾਹੀਆਂ ਮਚਾਈਆਂ ਹਨ। ਉਹ ਧਰਤੀ ਦੇ ਬੰਨਿਆਂ ਤੀਕੁਰ ਲੜਾਈਆਂ ਨੂੰ ਮੁਕਾ ਦਿੰਦਾ ਹੈ, ਉਹ ਧਣੁਖ ਨੂੰ ਭੰਨ ਸੁੱਟਦਾ ਅਤੇ ਬਰਛੀ ਦੇ ਟੋਟੇ ਟੋਟੇ ਕਰ ਦਿੰਦਾ ਹੈ, ਉਹ ਰਥਾਂ ਨੂੰ ਅੱਗ ਨਾਲ ਸਾੜ ਸੁੱਟਦਾ ਹੈ!” (ਜ਼ਬੂਰ 46:8, 9) ਅਜਿਹੀ ਸੰਭਾਵਨਾ ਮਨ ਵਿਚ ਰੱਖਦੇ ਹੋਏ, ਯਸਾਯਾਹ ਦਾ ਅਗਲਾ ਉਪਦੇਸ਼ ਅੱਜ ਉੱਨਾ ਹੀ ਢੁਕਵਾਂ ਹੈ, ਜਿੰਨਾ ਇਹ ਉਸ ਦੇ ਲਿਖਣ ਸਮੇਂ ਸੀ: “ਹੇ ਯਾਕੂਬ ਦੇ ਘਰਾਣੇ, ਆਓ, ਅਤੇ ਅਸੀਂ ਯਹੋਵਾਹ ਦੇ ਚਾਨਣ ਵਿੱਚ ਚੱਲੀਏ।” (ਯਸਾਯਾਹ 2:5) ਹਾਂ, ਆਓ ਅਸੀਂ ਯਹੋਵਾਹ ਦੇ ਚਾਨਣ ਨੂੰ ਹੁਣ ਆਪਣਾ ਮਾਰਗ ਰੌਸ਼ਨ ਕਰਨ ਦੇਈਏ, ਅਤੇ ਫਿਰ ਅਸੀਂ ਉਸ ਦੇ ਰਾਹ ਉੱਤੇ ਸਦਾ ਲਈ ਚੱਲ ਸਕਾਂਗੇ।—ਮੀਕਾਹ 4:5.

[ਫੁਟਨੋਟ]

^ ਪੈਰਾ 6 ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਨਾਮਕ ਪੁਸਤਕ ਦਾ 11ਵਾਂ ਅਧਿਆਇ ਦੇਖੋ, “ਇਹ ਅੰਤ ਦੇ ਦਿਨ ਹਨ!

[ਸਵਾਲ]