Skip to content

Skip to table of contents

ਯਹੋਵਾਹ ਦੀ ਉਡੀਕ ਕਰਦੇ ਰਹੋ

ਯਹੋਵਾਹ ਦੀ ਉਡੀਕ ਕਰਦੇ ਰਹੋ

ਤੇਈਵਾਂ ਅਧਿਆਇ

ਯਹੋਵਾਹ ਦੀ ਉਡੀਕ ਕਰਦੇ ਰਹੋ

ਯਸਾਯਾਹ 30:1-33

1, 2. (ੳ) ਯਸਾਯਾਹ ਦੇ 30ਵੇਂ ਅਧਿਆਇ ਵਿਚ ਅਸੀਂ ਕੀ-ਕੀ ਪੜ੍ਹਦੇ ਹਾਂ? (ਅ) ਅਸੀਂ ਹੁਣ ਕਿਨ੍ਹਾਂ ਸਵਾਲਾਂ ਵੱਲ ਧਿਆਨ ਦੇਵਾਂਗੇ?

ਯਸਾਯਾਹ ਦੇ 30ਵੇਂ ਅਧਿਆਇ ਵਿਚ, ਅਸੀਂ ਦੁਸ਼ਟ ਲੋਕਾਂ ਲਈ ਪਰਮੇਸ਼ੁਰ ਦੀ ਹੋਰ ਸਜ਼ਾ ਬਾਰੇ ਪੜ੍ਹਦੇ ਹਾਂ। ਫਿਰ ਵੀ, ਯਸਾਯਾਹ ਦੀ ਭਵਿੱਖਬਾਣੀ ਦੇ ਇਸ ਹਿੱਸੇ ਵਿਚ ਅਸੀਂ ਯਹੋਵਾਹ ਦੇ ਚੰਗੇ ਗੁਣਾਂ ਬਾਰੇ ਵੀ ਪੜ੍ਹਦੇ ਹਾਂ। ਦਰਅਸਲ, ਇਸ ਵਿਚ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਕਿ ਅਸੀਂ ਯਹੋਵਾਹ ਦੇ ਨੇੜੇ ਹਾਂ, ਉਸ ਨੂੰ ਦੇਖ ਸਕਦੇ ਹਾਂ, ਉਸ ਦੀ ਆਵਾਜ਼ ਸੁਣ ਸਕਦੇ ਹਾਂ ਜੋ ਸਾਨੂੰ ਸਹੀ ਰਸਤੇ ਤੇ ਪਾਉਂਦੀ ਹੈ, ਅਤੇ ਉਹ ਸਾਨੂੰ ਹੱਥ ਲਾ ਕੇ ਠੀਕ ਕਰ ਸਕਦਾ ਹੈ।—ਯਸਾਯਾਹ 30:20, 21, 26.

2 ਇਸ ਦੇ ਬਾਵਜੂਦ, ਯਸਾਯਾਹ ਦੇ ਦੇਸ਼ ਦੇ ਲੋਕ, ਯਾਨੀ ਯਹੂਦਾਹ ਦੇ ਧਰਮ-ਤਿਆਗੀ ਵਾਸੀ, ਯਹੋਵਾਹ ਵੱਲ ਨਹੀਂ ਮੁੜਨਾ ਚਾਹੁੰਦੇ ਸਨ। ਸਗੋਂ, ਉਨ੍ਹਾਂ ਨੇ ਆਪਣਾ ਭਰੋਸਾ ਇਨਸਾਨਾਂ ਉੱਤੇ ਰੱਖਿਆ ਹੋਇਆ ਸੀ। ਯਹੋਵਾਹ ਨੂੰ ਇਹ ਕਿਸ ਤਰ੍ਹਾਂ ਲੱਗਾ ਸੀ? ਅਤੇ ਯਸਾਯਾਹ ਦੀ ਇਹ ਭਵਿੱਖਬਾਣੀ ਅੱਜ ਯਹੋਵਾਹ ਦੀ ਉਡੀਕ ਕਰਨ ਵਿਚ ਮਸੀਹੀਆਂ ਦੀ ਕਿਸ ਤਰ੍ਹਾਂ ਮਦਦ ਕਰ ਸਕਦੀ ਹੈ? (ਯਸਾਯਾਹ 30:18) ਆਓ ਆਪਾਂ ਦੇਖੀਏ।

ਮੂਰਖਤਾ ਅਤੇ ਤਬਾਹੀ

3. ਯਹੋਵਾਹ ਨੇ ਕਿਸ ਗੱਲ ਦਾ ਭੇਤ ਖੋਲ੍ਹਿਆ ਸੀ?

3 ਯਹੂਦਾਹ ਦੇ ਆਗੂ ਅੱਸ਼ੂਰ ਦੇ ਗ਼ੁਲਾਮ ਬਣਨ ਤੋਂ ਡਰਦੇ ਸਨ। ਕੁਝ ਸਮੇਂ ਲਈ ਉਹ ਉਸ ਤੋਂ ਬਚਣ ਵਾਸਤੇ ਗੁਪਤ ਵਿਚ ਸਾਜ਼ਸ਼ ਘੜ ਰਹੇ ਸਨ। ਪਰ, ਯਹੋਵਾਹ ਉਨ੍ਹਾਂ ਨੂੰ ਦੇਖ ਰਿਹਾ ਸੀ। ਉਸ ਨੇ ਉਨ੍ਹਾਂ ਦੀ ਸਾਜ਼ਸ਼ ਦਾ ਭੇਤ ਖੋਲ੍ਹਿਆ: “ਹਾਇ ਆਕੀ ਬਾਲਕਾਂ ਉੱਤੇ! ਯਹੋਵਾਹ ਦਾ ਵਾਕ ਹੈ, ਜਿਹੜੇ ਸਲਾਹ ਕਰਦੇ ਪਰ ਮੇਰੀ ਵੱਲੋਂ ਨਹੀਂ, ਜਿਹੜੇ ਸੰਬੰਧ ਜੋੜਦੇ ਹਨ ਪਰ ਮੇਰੇ ਆਤਮਾ ਤੋਂ ਨਹੀਂ, ਭਈ ਓਹ ਪਾਪ ਉੱਤੇ ਪਾਪ ਵਧਾਉਣ, ਜਿਹੜੇ ਹੇਠਾਂ ਮਿਸਰ ਨੂੰ ਜਾਣ ਲਈ ਚੱਲਦੇ ਹਨ।”—ਯਸਾਯਾਹ 30:1, 2ੳ.

4. ਪਰਮੇਸ਼ੁਰ ਦੇ ਬਾਗ਼ੀ ਲੋਕਾਂ ਨੇ ਮਿਸਰ ਨੂੰ ਪਰਮੇਸ਼ੁਰ ਦੀ ਥਾਂ ਤੇ ਕਿਵੇਂ ਰੱਖਿਆ ਸੀ?

4 ਉਹ ਆਗੂ ਕਿੰਨੇ ਹੈਰਾਨ ਹੋਏ ਹੋਣੇ ਜਦੋਂ ਯਹੋਵਾਹ ਨੇ ਉਨ੍ਹਾਂ ਦਾ ਭੇਤ ਖੋਲ੍ਹਿਆ! ਮਿਸਰ ਨਾਲ ਮਿੱਤਰਤਾ ਕਰਨ ਲਈ ਉੱਥੇ ਜਾ ਕੇ ਉਨ੍ਹਾਂ ਨੇ ਸਿਰਫ਼ ਅੱਸ਼ੂਰ ਦੀ ਵਿਰੋਧਤਾ ਹੀ ਨਹੀਂ ਕੀਤੀ, ਬਲਕਿ ਯਹੋਵਾਹ ਪਰਮੇਸ਼ੁਰ ਦੇ ਵਿਰੁੱਧ ਬਗਾਵਤ ਵੀ ਕੀਤੀ ਸੀ। ਰਾਜਾ ਦਾਊਦ ਦੇ ਜ਼ਮਾਨੇ ਵਿਚ ਇਸਰਾਏਲੀ ਕੌਮ ਨੇ ਯਹੋਵਾਹ ਉੱਤੇ ਭਰੋਸਾ ਰੱਖਿਆ ਸੀ ਅਤੇ ਉਸ ਦੇ ‘ਖੰਭਾਂ ਦੀ ਛਾਇਆ ਵਿੱਚ ਪਨਾਹ ਲਈ’ ਸੀ। (ਜ਼ਬੂਰ 27:1; 36:7) ਪਰ ਯਸਾਯਾਹ ਦੇ ਜ਼ਮਾਨੇ ਵਿਚ ਉਨ੍ਹਾਂ ਨੇ ‘ਫ਼ਿਰਊਨ ਦੀ ਓਟ ਵਿੱਚ ਸ਼ਕਤੀ ਪਾਈ, ਅਤੇ ਮਿਸਰ ਦੇ ਸਾਯੇ ਵਿੱਚ ਪਨਾਹ ਲਈ।’ (ਯਸਾਯਾਹ 30:2ਅ) ਇਸ ਤਰ੍ਹਾਂ ਉਨ੍ਹਾਂ ਨੇ ਮਿਸਰ ਨੂੰ ਪਰਮੇਸ਼ੁਰ ਦੀ ਥਾਂ ਤੇ ਰੱਖਿਆ ਸੀ! ਪਰਮੇਸ਼ੁਰ ਦੇ ਵਿਰੁੱਧ ਇਹ ਕਿੰਨੀ ਵੱਡੀ ਬਗਾਵਤ ਸੀ!ਯਸਾਯਾਹ 30:3-5 ਪੜ੍ਹੋ।

5, 6. (ੳ) ਮਿਸਰ ਨਾਲ ਮਿੱਤਰਤਾ ਵੱਡੀ ਗ਼ਲਤੀ ਕਿਉਂ ਸੀ? (ਅ) ਪਰਮੇਸ਼ੁਰ ਦੇ ਲੋਕਾਂ ਦੇ ਇਕ ਪਹਿਲੇ ਸਫ਼ਰ ਤੋਂ ਇਸ ਸਫ਼ਰ ਦੀ ਮੂਰਖਤਾ ਕਿਵੇਂ ਨਜ਼ਰ ਆਉਂਦੀ ਹੈ?

5 ਯਹੋਵਾਹ ਜਾਣਦਾ ਸੀ ਕਿ ਮਿਸਰ ਜਾਣ ਲਈ ਇਹ ਕੋਈ ਆਮ ਸਫ਼ਰ ਨਹੀਂ ਸੀ। ਇਹ ਗੱਲ ਜ਼ਾਹਰ ਕਰਨ ਲਈ ਯਸਾਯਾਹ ਨੇ ਹੋਰ ਵੀ ਗੱਲਾਂ ਦੱਸੀਆਂ: “ਦੱਖਣੀ ਡੰਗਰਾਂ ਲਈ ਅਗੰਮ ਵਾਕ,—ਦੁਖ ਅਤੇ ਕਸ਼ਟ ਦੇ ਦੇਸ ਥਾਣੀ, ਜਿੱਥੋਂ ਬਬਰ ਸ਼ੇਰ ਤੇ ਸ਼ੇਰਨੀ, ਨਾਗ ਅਤੇ ਉੱਡਣ ਵਾਲਾ ਸੱਪ ਆਉਂਦੇ ਹਨ, ਓਹ ਜੁਆਨ ਖੋਤਿਆਂ ਦੀ ਪਿੱਠ ਉੱਤੇ ਆਪਣਾ ਧਨ, ਅਤੇ ਉੱਠਾਂ ਦੇ ਕੁਹਾਨਾਂ ਉੱਤੇ ਆਪਣੇ ਖ਼ਜ਼ਾਨੇ, ਓਸ ਕੌਮ ਵੱਲ ਜਿਹੜੀ ਲਾਭਦਾਇਕ ਨਹੀਂ ਚੁੱਕੀ ਲਈ ਜਾਂਦੇ ਹਨ!” (ਯਸਾਯਾਹ 30:6) ਇਸ ਤੋਂ ਪਤਾ ਲੱਗਦਾ ਹੈ ਕਿ ਇਸ ਸਫ਼ਰ ਲਈ ਪੂਰੀ ਤਿਆਰੀ ਕੀਤੀ ਗਈ ਸੀ। ਰਾਜਦੂਤਾਂ ਨੇ ਊਠਾਂ ਅਤੇ ਖੋਤਿਆਂ ਉੱਤੇ ਕੀਮਤੀ ਮਾਲ ਲੱਦਿਆ ਅਤੇ ਉਹ ਉਜਾੜ ਵਿੱਚੋਂ ਦੀ ਲੰਘੇ ਜਿੱਥੇ ਸ਼ੇਰ ਗਰਜਦੇ ਸਨ ਅਤੇ ਜ਼ਹਿਰੀਲੇ ਸੱਪ ਫਿਰਦੇ ਸਨ। ਅਖ਼ੀਰ ਵਿਚ, ਰਾਜਦੂਤ ਆਪਣੀ ਮੰਜ਼ਲ ਤੇ ਪਹੁੰਚੇ ਅਤੇ ਉਨ੍ਹਾਂ ਨੇ ਆਪਣੇ ਖ਼ਜ਼ਾਨੇ ਮਿਸਰੀ ਲੋਕਾਂ ਨੂੰ ਦਿੱਤੇ। ਉਨ੍ਹਾਂ ਦੇ ਭਾਣੇ ਉਨ੍ਹਾਂ ਨੇ ਸੁਰੱਖਿਆ ਖ਼ਰੀਦ ਲਈ ਸੀ। ਪਰ ਯਹੋਵਾਹ ਨੇ ਕਿਹਾ: “ਮਿਸਰੀ ਵਿਅਰਥ ਅਤੇ ਫੋਕੀ ਸਹਾਇਤਾ ਕਰਦੇ ਹਨ, ਏਸ ਲਈ ਮੈਂ ਉਹ ਨੂੰ ਸੱਦਿਆ, ‘ਰਹਬ ਜਿਹੜੀ ਬੈਠੀ ਰਹਿੰਦੀ ਹੈ’!” (ਯਸਾਯਾਹ 30:7) “ਰਹਬ” ਇਕ “ਸਰਾਲ” ਸੀ ਅਤੇ ਇਸ ਨੇ ਮਿਸਰ ਨੂੰ ਦਰਸਾਇਆ ਸੀ। (ਯਸਾਯਾਹ 51:9, 10) ਮਿਸਰ ਨੇ ਵਾਅਦੇ ਤਾਂ ਬਹੁਤ ਕੀਤੇ ਸਨ ਪਰ ਉਹ ਸਾਰੇ ਝੂਠੇ ਨਿਕਲੇ। ਉਸ ਨਾਲ ਯਹੂਦਾਹ ਦੀ ਮਿੱਤਰਤਾ ਇਕ ਵੱਡੀ ਗ਼ਲਤੀ ਸੀ ਜੋ ਯਹੂਦਾਹ ਨੂੰ ਬਹੁਤ ਮਹਿੰਗੀ ਪਈ।

6 ਜਦੋਂ ਯਸਾਯਾਹ ਰਾਜਦੂਤਾਂ ਦੇ ਸਫ਼ਰ ਬਾਰੇ ਦੱਸ ਰਿਹਾ ਸੀ, ਤਾਂ ਉਸ ਦੇ ਸੁਣਨ ਵਾਲਿਆਂ ਨੂੰ ਸ਼ਾਇਦ ਮੂਸਾ ਦੇ ਜ਼ਮਾਨੇ ਵਿਚ ਕੀਤਾ ਗਿਆ ਅਜਿਹਾ ਸਫ਼ਰ ਯਾਦ ਆਇਆ ਹੋਵੇ। ਉਸ ਸਮੇਂ ਉਨ੍ਹਾਂ ਦੇ ਦਾਦੇ-ਪੜਦਾਦਿਆਂ ਨੇ ਉਸੇ “ਭਿਆਣਕ ਉਜਾੜ” ਰਾਹੀਂ ਪੈਦਲ ਸਫ਼ਰ ਕੀਤਾ ਸੀ। (ਬਿਵਸਥਾ ਸਾਰ 8:14-16) ਪਰ, ਉਦੋਂ ਇਸਰਾਏਲੀ ਗ਼ੁਲਾਮੀ ਤੋਂ ਛੁੱਟ ਕੇ ਮਿਸਰ ਤੋਂ ਦੂਰ ਜਾ ਰਹੇ ਸਨ। ਲੇਕਿਨ ਯਸਾਯਾਹ ਦੇ ਜ਼ਮਾਨੇ ਵਿਚ, ਰਾਜਦੂਤ ਮਿਸਰ ਨੂੰ ਜਾ ਕੇ ਉਨ੍ਹਾਂ ਦੇ ਅਧੀਨ ਆ ਰਹੇ ਸਨ। ਇਹ ਕਿੰਨੀ ਮੂਰਖਤਾ ਸੀ! ਉਮੀਦ ਹੈ ਕਿ ਅਸੀਂ ਕਦੀ ਵੀ ਅਜਿਹਾ ਕਦਮ ਨਾ ਚੁੱਕਾਂਗੇ ਅਤੇ ਆਪਣੀ ਰੂਹਾਨੀ ਆਜ਼ਾਦੀ ਨੂੰ ਗ਼ੁਲਾਮੀ ਵਿਚ ਨਾ ਬਦਲਾਂਗੇ!—ਗਲਾਤੀਆਂ 5:1 ਦੀ ਤੁਲਨਾ ਕਰੋ।

ਨਬੀ ਦੇ ਸੁਨੇਹੇ ਦੀ ਵਿਰੋਧਤਾ

7. ਯਹੂਦਾਹ ਲਈ ਯਹੋਵਾਹ ਨੇ ਯਸਾਯਾਹ ਨੂੰ ਇਹ ਚੇਤਾਵਨੀ ਲਿਖਣ ਲਈ ਕਿਉਂ ਕਿਹਾ ਸੀ?

7 ਯਹੋਵਾਹ ਨੇ ਯਸਾਯਾਹ ਨੂੰ ਆਪਣਾ ਸੁਨੇਹਾ ਲਿਖਣ ਲਈ ਕਿਹਾ ਤਾਂਕਿ “ਉਹ ਆਖਰੀ ਸਮਿਆਂ ਲਈ ਸਦਾ ਦੀ ਸਾਖੀ ਹੋਵੇ।” (ਯਸਾਯਾਹ 30:8) ਯਹੋਵਾਹ ਇਸ ਗੱਲ ਤੋਂ ਬਹੁਤ ਨਾਰਾਜ਼ ਸੀ ਕਿ ਲੋਕਾਂ ਨੇ ਉਸ ਉੱਤੇ ਭਰੋਸਾ ਰੱਖਣ ਦੀ ਬਜਾਇ, ਇਨਸਾਨਾਂ ਉੱਤੇ ਭਰੋਸਾ ਰੱਖਿਆ। ਇਹ ਗੱਲ ਆਉਣ ਵਾਲੀਆਂ ਪੀੜ੍ਹੀਆਂ ਦੇ ਫ਼ਾਇਦੇ ਲਈ ਲਿਖੀ ਗਈ ਸੀ ਅਤੇ ਅੱਜ ਸਾਡੀ ਪੀੜ੍ਹੀ ਵੀ ਇਸ ਤੋਂ ਲਾਭ ਉਠਾ ਸਕਦੀ ਹੈ। (2 ਪਤਰਸ 3:1-4) ਪਰ ਉਸ ਸਮੇਂ ਲਈ ਵੀ ਇਸ ਸੁਨੇਹੇ ਨੂੰ ਲਿਖਣਾ ਜ਼ਰੂਰੀ ਸੀ। “ਏਹ ਤਾਂ ਆਕੀ ਪਰਜਾ, ਝੂਠੇ ਬਾਲਕ ਹਨ, ਬਾਲਕ ਜਿਹੜੇ ਯਹੋਵਾਹ ਦੀ ਬਿਵਸਥਾ ਨੂੰ ਸੁਣਨਾ ਨਹੀਂ ਚਾਹੁੰਦੇ।” (ਯਸਾਯਾਹ 30:9) ਲੋਕਾਂ ਨੇ ਪਰਮੇਸ਼ੁਰ ਦੀ ਸਲਾਹ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਲਈ, ਇਸ ਸੁਨੇਹੇ ਨੂੰ ਲਿਖਣਾ ਜ਼ਰੂਰੀ ਸੀ ਤਾਂਕਿ ਬਾਅਦ ਵਿਚ ਉਹ ਇਹ ਨਾ ਕਹਿ ਸਕਣ ਕਿ ਉਨ੍ਹਾਂ ਨੂੰ ਚੇਤਾਵਨੀ ਨਹੀਂ ਦਿੱਤੀ ਗਈ ਸੀ।—ਕਹਾਉਤਾਂ 28:9; ਯਸਾਯਾਹ 8:1, 2.

8, 9. (ੳ) ਯਹੂਦਾਹ ਦੇ ਆਗੂਆਂ ਨੇ ਯਹੋਵਾਹ ਦੇ ਨਬੀਆਂ ਨੂੰ ਕਿਵੇਂ ਰੋਕਣ ਦੀ ਕੋਸ਼ਿਸ਼ ਕੀਤੀ ਸੀ? (ਅ) ਯਸਾਯਾਹ ਨੇ ਕਿਵੇਂ ਦਿਖਾਇਆ ਕਿ ਉਹ ਡਰ ਕੇ ਰੁਕਣ ਵਾਲਾ ਨਹੀਂ ਸੀ?

8 ਅੱਗੇ ਯਸਾਯਾਹ ਨੇ ਲੋਕਾਂ ਦੇ ਬਾਗ਼ੀ ਰਵੱਈਏ ਦੀ ਇਕ ਮਿਸਾਲ ਦਿੱਤੀ। ਉਹ “ਵੇਖਣ ਵਾਲਿਆਂ ਨੂੰ ਆਖਦੇ ਹਨ, ਵੇਖੋ ਨਾ! ਅਤੇ ਦਰਸ਼ੀਆਂ ਨੂੰ, ਸੱਚੀਆਂ ਗੱਲਾਂ ਸਾਨੂੰ ਨਾ ਦੱਸੋ, ਸਾਨੂੰ ਮਿੱਠੀਆਂ ਗੱਲਾਂ ਬੋਲੋ, ਛਲ ਫਰੇਬ ਦੱਸੋ!” (ਯਸਾਯਾਹ 30:10) ਵਫ਼ਾਦਾਰ ਨਬੀਆਂ ਨੂੰ ਇਹ ਕਹਿ ਕੇ ਕਿ ਉਹ “ਸੱਚੀਆਂ” ਗੱਲਾਂ ਦੀ ਬਜਾਇ “ਮਿੱਠੀਆਂ” ਗੱਲਾਂ ਬੋਲਣ ਅਤੇ “ਛਲ ਫਰੇਬ” ਦੱਸਣ, ਯਹੂਦਾਹ ਦੇ ਆਗੂਆਂ ਨੇ ਦਿਖਾਇਆ ਸੀ ਕਿ ਉਹ ਨਿੰਦਿਆ ਨਹੀਂ ਸਗੋਂ ਆਪਣੀ ਸਿਫ਼ਤ ਕਰਾਉਣੀ ਚਾਹੁੰਦੇ ਸਨ। ਉਨ੍ਹਾਂ ਦੇ ਖ਼ਿਆਲ ਮੁਤਾਬਕ ਜਿਹੜਾ ਵੀ ਨਬੀ ਉਨ੍ਹਾਂ ਦੀ ਪਸੰਦ ਦੀਆਂ ਗੱਲਾਂ ਨਹੀਂ ਕਰਦਾ ਸੀ ਉਸ ਨੂੰ ‘ਰਸਤੇ ਤੋਂ ਹਟਣਾ ਅਤੇ ਮਾਰਗ ਤੋਂ ਫਿਰ ਜਾਣਾ’ ਚਾਹੀਦਾ ਸੀ। (ਯਸਾਯਾਹ 30:11ੳ) ਉਸ ਨੂੰ ਮਿੱਠੀਆਂ ਗੱਲਾਂ ਕਰਨੀਆਂ ਚਾਹੀਦੀਆਂ ਸਨ ਜਾਂ ਫਿਰ ਪ੍ਰਚਾਰ ਕਰਨਾ ਬੰਦ ਕਰ ਦੇਣਾ ਚਾਹੀਦਾ ਸੀ!

9 ਯਸਾਯਾਹ ਦੇ ਵਿਰੋਧੀਆਂ ਨੇ ਜ਼ਿੱਦ ਕੀਤੀ ਕਿ “ਇਸਰਾਏਲ ਦੇ ਪਵਿੱਤਰ ਪੁਰਖ ਨੂੰ ਸਾਡੇ ਅੱਗਿਓਂ ਹਟਾ ਦਿਓ!” (ਯਸਾਯਾਹ 30:11ਅ) ਉਹ ਚਾਹੁੰਦੇ ਸਨ ਕਿ ਯਸਾਯਾਹ “ਇਸਰਾਏਲ ਦੇ ਪਵਿੱਤਰ ਪੁਰਖ,” ਯਾਨੀ ਯਹੋਵਾਹ ਦਾ ਨਾਂ ਲੈ ਕੇ ਗੱਲ ਨਾ ਕਰੇ। ਯਹੋਵਾਹ ਦੀ ਇਸ ਪਵਿੱਤਰ ਪਦਵੀ ਤੋਂ ਉਹ ਖਿਝਦੇ ਸਨ ਕਿਉਂਕਿ ਯਹੋਵਾਹ ਦੇ ਉੱਚੇ ਅਸੂਲ ਉਨ੍ਹਾਂ ਦੀ ਘਿਣਾਉਣੀ ਹਾਲਤ ਨੂੰ ਜ਼ਾਹਰ ਕਰਦੇ ਸਨ। ਯਸਾਯਾਹ ਨੇ ਕੀ ਕੀਤਾ ਸੀ? ਉਸ ਨੇ ਕਿਹਾ: “ਇਸਰਾਏਲ ਦਾ ਪਵਿੱਤਰ ਪੁਰਖ ਇਉਂ ਆਖਦਾ ਹੈ।” (ਯਸਾਯਾਹ 30:12ੳ) ਬਿਨਾਂ ਝਿਜਕੇ, ਯਸਾਯਾਹ ਨੇ ਉਹੀ ਗੱਲਾਂ ਕੀਤੀਆਂ ਜੋ ਉਸ ਦੇ ਵਿਰੋਧੀ ਨਹੀਂ ਸੁਣਨੀਆਂ ਚਾਹੁੰਦੇ ਸਨ। ਉਹ ਉਨ੍ਹਾਂ ਤੋਂ ਡਰਿਆ ਨਹੀਂ ਸੀ। ਇਹ ਸਾਡੇ ਲਈ ਕਿੰਨੀ ਚੰਗੀ ਮਿਸਾਲ ਹੈ! ਜਦੋਂ ਮਸੀਹੀ ਲੋਕਾਂ ਨੂੰ ਪਰਮੇਸ਼ੁਰ ਦਾ ਸੁਨੇਹਾ ਦੱਸਦੇ ਹਨ ਤਾਂ ਉਨ੍ਹਾਂ ਨੂੰ ਕਦੀ ਵੀ ਸਮਝੌਤਾ ਨਹੀਂ ਕਰਨਾ ਚਾਹੀਦਾ। (ਰਸੂਲਾਂ ਦੇ ਕਰਤੱਬ 5:27-29) ਯਸਾਯਾਹ ਵਾਂਗ, ਉਹ ਪ੍ਰਚਾਰ ਕਰਦੇ ਰਹਿੰਦੇ ਹਨ ਕਿ ‘ਯਹੋਵਾਹ ਇਉਂ ਆਖਦਾ ਹੈ’!

ਬਗਾਵਤ ਦੇ ਨਤੀਜੇ

10, 11. ਯਹੂਦਾਹ ਦੀ ਬਗਾਵਤ ਦੇ ਕੀ ਨਤੀਜੇ ਨਿਕਲੇ ਸਨ?

10 ਯਹੂਦਾਹ ਨੇ ਪਰਮੇਸ਼ੁਰ ਦੇ ਬਚਨ ਨੂੰ ਛੱਡ ਕੇ ਝੂਠ ਅਤੇ “ਹੱਠ” ਉੱਤੇ ਭਰੋਸਾ ਰੱਖਿਆ। (ਯਸਾਯਾਹ 30:12ਅ) ਇਸ ਦੇ ਨਤੀਜੇ ਕੀ ਨਿਕਲੇ? ਯਹੋਵਾਹ ਪਿੱਛੇ ਨਹੀਂ ਹਟਿਆ ਜਿਵੇਂ ਕੌਮ ਚਾਹੁੰਦੀ ਸੀ, ਸਗੋਂ ਉਸ ਨੇ ਉਸ ਕੌਮ ਨੂੰ ਹੀ ਖ਼ਤਮ ਕਰ ਦਿੱਤਾ! ਯਸਾਯਾਹ ਨੇ ਉਦਾਹਰਣ ਦੇ ਕੇ ਸਮਝਾਇਆ ਕਿ ਉਨ੍ਹਾਂ ਨੂੰ ਅਚਾਨਕ ਅਤੇ ਪੂਰੀ ਤਰ੍ਹਾਂ ਤਬਾਹ ਕੀਤਾ ਜਾਣਾ ਸੀ। ਕੌਮ ਦੀ ਬਗਾਵਤ “ਡਿੱਗਣ ਵਾਲੀ ਤੇੜ ਵਾਂਙੁ ਹੋਵੇਗੀ, ਜਿਹੜੀ ਉੱਚੀ ਕੰਧ ਵਿੱਚ ਉਭਰੀ ਹੋਈ ਹੈ, ਜਿਹ ਦਾ ਟੁੱਟਣਾ ਅਚਾਣਕ ਇੱਕ ਦਮ ਹੋਵੇਗਾ।” (ਯਸਾਯਾਹ 30:13) ਜਿਸ ਤਰ੍ਹਾਂ ਉੱਚੀ ਕੰਧ ਵਿਚ ਤੇੜ ਕਰਕੇ ਕੰਧ ਡਿੱਗ ਸਕਦੀ ਹੈ, ਉਸੇ ਤਰ੍ਹਾਂ ਯਸਾਯਾਹ ਦੇ ਲੋਕਾਂ ਦੀ ਬਗਾਵਤ ਕਰਕੇ ਕੌਮ ਡਿੱਗ ਪਈ ਸੀ।

11 ਯਸਾਯਾਹ ਨੇ ਇਕ ਹੋਰ ਉਦਾਹਰਣ ਦਿੱਤੀ ਜਿਸ ਨੇ ਦਿਖਾਇਆ ਕਿ ਉਨ੍ਹਾਂ ਦਾ ਨਾਸ਼ ਕੀਤਾ ਜਾਣਾ ਸੀ: “ਉਹ ਦਾ ਟੁੱਟਣਾ ਘੁਮਿਆਰ ਦੇ ਭਾਂਡੇ ਦੇ ਟੁੱਟਣ ਵਾਂਙੁ ਹੋਵੇਗਾ, ਜਿਹ ਨੂੰ ਉਹ ਚੂਰ ਚੂਰ ਕਰਨ ਤੋਂ ਸਰਫਾ ਨਹੀਂ ਕਰਦਾ, ਅਤੇ ਜਿਹ ਦੇ ਟੁਕੜਿਆਂ ਵਿੱਚੋਂ ਇੱਕ ਠੀਕਰਾ ਵੀ ਨਾ ਲੱਭੇਗਾ, ਜਿਹ ਦੇ ਨਾਲ ਚੁੱਲ੍ਹੇ ਵਿੱਚੋਂ ਅੱਗ ਚੁੱਕੀ ਜਾਵੇ, ਨਾ ਹੌਦ ਤੋਂ ਪਾਣੀ ਭਰਿਆ ਜਾਵੇ।” (ਯਸਾਯਾਹ 30:14) ਯਹੂਦਾਹ ਦਾ ਕੁਝ ਵੀ ਨਹੀਂ ਬਚਿਆ। ਮਿੱਟੀ ਦੇ ਭਾਂਡੇ ਦਾ ਟੁਕੜਾ ਵੀ ਨਹੀਂ ਰਿਹਾ ਜਿਸ ਨਾਲ ਤੱਤੇ ਕੋਲ਼ੇ ਚੁੱਕੇ ਜਾ ਸਕਣ ਜਾਂ ਜਿਸ ਵਿਚ ਪਾਣੀ ਭਰਿਆ ਜਾ ਸਕੇ। ਉਨ੍ਹਾਂ ਦਾ ਅੰਤ ਕਿੰਨਾ ਬੁਰਾ ਹੋਇਆ! ਅੱਜ ਸੱਚੀ ਉਪਾਸਨਾ ਦੇ ਖ਼ਿਲਾਫ਼ ਜਾਣ ਵਾਲਿਆਂ ਦਾ ਵੀ ਅਚਾਨਕ ਸੱਤਿਆਨਾਸ ਹੋਵੇਗਾ।—ਇਬਰਾਨੀਆਂ 6:4-8; 2 ਪਤਰਸ 2:1.

ਯਹੋਵਾਹ ਦੀ ਮਦਦ ਦਾ ਇਨਕਾਰ

12. ਯਹੂਦਾਹ ਦੇ ਲੋਕ ਨਾਸ਼ ਕੀਤੇ ਜਾਣ ਤੋਂ ਕਿਵੇਂ ਬਚ ਸਕਦੇ ਸਨ?

12 ਪਰ, ਯਸਾਯਾਹ ਦੇ ਸੁਣਨ ਵਾਲਿਆਂ ਦਾ ਨਾਸ਼ ਹੋਣਾ ਜ਼ਰੂਰੀ ਨਹੀਂ ਸੀ। ਨਬੀ ਨੇ ਸਮਝਾਇਆ ਕਿ ਉਹ ਬਚ ਸਕਦੇ ਸਨ: “ਪ੍ਰਭੁ ਯਹੋਵਾਹ ਇਸਰਾਏਲ ਦਾ ਪਵਿੱਤਰ ਪੁਰਖ ਐਉਂ ਆਖਦਾ ਹੈ, ਮੁੜ ਆਉਣ ਵਿੱਚ ਤੇ ਚੈਨ ਵਿੱਚ ਤੁਹਾਡਾ ਬਚਾਓ ਹੋਵੇਗਾ, ਸ਼ਾਂਤੀ ਅਤੇ ਭਰੋਸੇ ਵਿੱਚ ਤੁਹਾਡਾ ਬਲ ਹੋਵੇਗਾ।” (ਯਸਾਯਾਹ 30:15ੳ) ਯਹੋਵਾਹ ਆਪਣੇ ਲੋਕਾਂ ਨੂੰ ਬਚਾਉਣ ਲਈ ਤਿਆਰ ਸੀ ਜੇਕਰ ਉਹ ਇਨਸਾਨਾਂ ਦੀ ਮਦਦ ਭਾਲਣ ਤੋਂ “ਚੈਨ” ਕਰਦੇ ਜਾਂ ਹਟਦੇ। ਅਤੇ ਡਰਨ ਦੀ ਬਜਾਇ ਉਨ੍ਹਾਂ ਨੂੰ “ਸ਼ਾਂਤੀ” ਨਾਲ ਪਰਮੇਸ਼ੁਰ ਦੀ ਸ਼ਕਤੀ ਉੱਤੇ ਭਰੋਸਾ ਰੱਖਣਾ ਚਾਹੀਦਾ ਸੀ। “ਪਰ,” ਯਸਾਯਾਹ ਨੇ ਲੋਕਾਂ ਨੂੰ ਦੱਸਿਆ “ਤੁਸਾਂ ਨਾ ਚਾਹਿਆ।”—ਯਸਾਯਾਹ 30:15ਅ.

13. ਯਹੂਦਾਹ ਦੇ ਆਗੂਆਂ ਨੇ ਕਿਸ ਉੱਤੇ ਭਰੋਸਾ ਰੱਖਿਆ ਸੀ ਅਤੇ ਕੀ ਇਸ ਤਰ੍ਹਾਂ ਕਰਨਾ ਠੀਕ ਸੀ?

13 ਯਸਾਯਾਹ ਨੇ ਅੱਗੇ ਕਿਹਾ: “ਪਰ ਤੁਸਾਂ ਆਖਿਆ, ਨਹੀਂ ਅਸੀਂ ਘੋੜਿਆਂ ਤੇ ਨੱਠਾਂਗੇ,—ਤਦੇ ਤੁਸੀਂ ਨੱਠੋਗੇ! ਅਸੀਂ ਤੇਜ ਚੱਲਣ ਵਾਲਿਆਂ ਉੱਤੇ ਚੜ੍ਹਾਂਗੇ,—ਤਦੇ ਤੁਹਾਡੇ ਪਿੱਛਾ ਕਰਨ ਵਾਲੇ ਤਾਂ ਤੇਜ ਹੋਣਗੇ!” (ਯਸਾਯਾਹ 30:16) ਯਹੂਦਿਯਾ ਦੇ ਲੋਕ ਸੋਚਦੇ ਸਨ ਕਿ ਉਹ ਯਹੋਵਾਹ ਦੀ ਮਦਦ ਤੋਂ ਬਿਨਾਂ ਤੇਜ਼ ਘੋੜਿਆਂ ਦੀ ਮਦਦ ਨਾਲ ਜਿੱਤ ਸਕਦੇ ਸਨ। (ਬਿਵਸਥਾ ਸਾਰ 17:16; ਕਹਾਉਤਾਂ 21:31) ਪਰ, ਨਬੀ ਨੇ ਕਿਹਾ ਕਿ ਉਹ ਧੋਖਾ ਖਾ ਰਹੇ ਸਨ ਕਿਉਂਕਿ ਉਨ੍ਹਾਂ ਦੇ ਵੈਰੀਆਂ ਨੇ ਉਨ੍ਹਾਂ ਉੱਤੇ ਅਚਾਨਕ ਹਮਲਾ ਕਰ ਦੇਣਾ ਸੀ। ਯਹੂਦੀ ਲੋਕਾਂ ਦੀ ਵੱਡੀ ਗਿਣਤੀ ਹੋਣ ਕਰਕੇ ਵੀ ਉਹ ਜਿੱਤ ਨਹੀਂ ਸਕਦੇ ਸਨ। “ਇੱਕ ਦੀ ਘੁਰਕੀ ਨਾਲ ਇੱਕ ਹਜ਼ਾਰ ਨੱਠੇਗਾ, ਅਤੇ ਪੰਜਾਂ ਦੀ ਘੁਰਕੀ ਦੇ ਅੱਗੋਂ ਤੁਸੀਂ ਨੱਠੋਗੇ।” (ਯਸਾਯਾਹ 30:17ੳ) ਥੋੜ੍ਹੇ ਜਿਹੇ ਵੈਰੀਆਂ ਦੀ ਆਵਾਜ਼ ਸੁਣ ਕੇ ਯਹੂਦਾਹ ਦੀਆਂ ਫ਼ੌਜਾਂ ਨੇ ਡਰ ਕੇ ਭੱਜ ਜਾਣਾ ਸੀ। * ਅੰਤ ਨੂੰ ਸਿਰਫ਼ ਥੋੜ੍ਹੇ ਲੋਕ ਬਚੇ ਸਨ ਅਤੇ ਉਹ “ਪਹਾੜ ਦੀ ਟੀਸੀ ਉੱਤੇ ਬਾਂਸ ਵਾਂਙੁ, ਯਾ ਟਿੱਬੇ ਉੱਤੇ ਇੱਕ ਝੰਡੇ ਵਾਂਙੁ” ਇਕੱਲੇ ਛੱਡੇ ਗਏ ਸਨ। (ਯਸਾਯਾਹ 30:17ਅ) ਇਹ ਭਵਿੱਖਬਾਣੀ 607 ਸਾ.ਯੁ.ਪੂ. ਵਿਚ ਪੂਰੀ ਹੋਈ ਸੀ ਜਦੋਂ ਯਰੂਸ਼ਲਮ ਦਾ ਨਾਸ਼ ਕੀਤਾ ਗਿਆ ਸੀ ਅਤੇ ਸਿਰਫ਼ ਇਕ ਬਕੀਆ ਬਚਿਆ ਸੀ।—ਯਿਰਮਿਯਾਹ 25:8-11.

ਸਜ਼ਾ ਦੇ ਨਾਲ-ਨਾਲ ਦਿਲਾਸਾ

14, 15. ਯਸਾਯਾਹ 30:18 ਦੇ ਸ਼ਬਦਾਂ ਨੇ ਪੁਰਾਣੇ ਜ਼ਮਾਨੇ ਵਿਚ ਯਹੂਦਾਹ ਦੇ ਵਾਸੀਆਂ ਨੂੰ ਕਿਹੜਾ ਦਿਲਾਸਾ ਦਿੱਤਾ ਸੀ ਅਤੇ ਇਹ ਅੱਜ ਮਸੀਹੀਆਂ ਨੂੰ ਕਿਹੜਾ ਦਿਲਾਸਾ ਦਿੰਦੇ ਹਨ?

14 ਸਜ਼ਾ ਬਾਰੇ ਗੱਲ ਕਰਨ ਤੋਂ ਬਾਅਦ, ਯਸਾਯਾਹ ਨੇ ਆਪਣੇ ਸੁਣਨ ਵਾਲਿਆਂ ਨੂੰ ਦਿਲਾਸਾ ਵੀ ਦਿੱਤਾ। ਤਬਾਹੀ ਦੇ ਖ਼ਤਰੇ ਬਾਰੇ ਦੱਸਣ ਤੋਂ ਬਾਅਦ ਉਸ ਨੇ ਬਰਕਤਾਂ ਦੀ ਗੱਲ ਕੀਤੀ। “ਏਸ ਲਈ ਯਹੋਵਾਹ ਉਡੀਕਦਾ ਹੈ, ਭਈ ਉਹ ਤੁਹਾਡੇ ਉੱਤੇ ਕਿਰਪਾ ਕਰੇ, ਅਤੇ ਏਸ ਲਈ ਉਹ ਆਪ ਨੂੰ ਉੱਚਾ ਕਰਦਾ ਹੈ, ਭਈ ਉਹ ਤੁਹਾਡੇ ਉੱਤੇ ਰਹਮ ਕਰੇ, ਕਿਉਂ ਜੋ ਯਹੋਵਾਹ ਇਨਸਾਫ਼ ਦਾ ਪਰਮੇਸ਼ੁਰ ਹੈ, ਧੰਨ ਓਹ ਸਾਰੇ ਜਿਹੜੇ ਉਸ ਨੂੰ ਉਡੀਕਦੇ ਹਨ!” (ਯਸਾਯਾਹ 30:18) ਇਨ੍ਹਾਂ ਸ਼ਬਦਾਂ ਤੋਂ ਕਿੰਨਾ ਦਿਲਾਸਾ ਮਿਲਦਾ ਹੈ! ਯਹੋਵਾਹ ਇਕ ਦਇਆਵਾਨ ਪਿਤਾ ਹੈ ਜੋ ਆਪਣੇ ਬੱਚਿਆਂ ਦੀ ਮਦਦ ਕਰਨੀ ਚਾਹੁੰਦਾ ਹੈ। ਉਹ ਰਹਿਮ ਕਰਨਾ ਚਾਹੁੰਦਾ ਹੈ।—ਜ਼ਬੂਰ 103:13; ਯਸਾਯਾਹ 55:7.

15 ਇਹ ਸ਼ਬਦ ਯਹੂਦੀ ਬਕੀਏ ਉੱਤੇ ਉਦੋਂ ਲਾਗੂ ਹੋਏ ਜਦੋਂ 607 ਸਾ.ਯੁ.ਪੂ. ਵਿਚ ਉਹ ਯਰੂਸ਼ਲਮ ਦੇ ਨਾਸ਼ ਵਿੱਚੋਂ ਬਚਿਆ ਸੀ ਅਤੇ ਫਿਰ 537 ਸਾ.ਯੁ.ਪੂ. ਵਿਚ ਵੀ ਲਾਗੂ ਹੋਏ ਜਦੋਂ ਕੁਝ ਲੋਕ ਵਾਅਦਾ ਕੀਤੇ ਗਏ ਦੇਸ਼ ਨੂੰ ਵਾਪਸ ਮੁੜੇ। ਪਰ, ਨਬੀ ਦੇ ਇਹ ਸ਼ਬਦ ਅੱਜ ਮਸੀਹੀਆਂ ਨੂੰ ਵੀ ਦਿਲਾਸਾ ਦਿੰਦੇ ਹਨ। ਸਾਨੂੰ ਯਾਦ ਕਰਾਇਆ ਜਾਂਦਾ ਹੈ ਕਿ ਯਹੋਵਾਹ ਸਾਡੀ ਖ਼ਾਤਰ “ਉੱਚਾ” ਹੋਵੇਗਾ ਅਤੇ ਇਸ ਦੁਸ਼ਟ ਦੁਨੀਆਂ ਦਾ ਅੰਤ ਕਰੇਗਾ। ਯਹੋਵਾਹ “ਇਨਸਾਫ਼ ਦਾ ਪਰਮੇਸ਼ੁਰ ਹੈ।” ਇਸ ਲਈ ਉਸ ਦੇ ਵਫ਼ਾਦਾਰ ਉਪਾਸਕ ਭਰੋਸਾ ਰੱਖ ਸਕਦੇ ਹਨ ਕਿ ਉਹ ਸ਼ਤਾਨ ਦੀ ਦੁਨੀਆਂ ਨੂੰ ਐਨ ਠੀਕ ਸਮੇਂ ਤੇ ਖ਼ਤਮ ਕਰ ਕੇ ਜ਼ਰੂਰ ਇਨਸਾਫ਼ ਕਰੇਗਾ। ਅਤੇ “ਜਿਹੜੇ ਉਸ ਨੂੰ ਉਡੀਕਦੇ ਹਨ” ਉਹ ਬਹੁਤ ਹੀ ਖ਼ੁਸ਼ ਹਨ।

ਯਹੋਵਾਹ ਪ੍ਰਾਰਥਨਾਵਾਂ ਦਾ ਜਵਾਬ ਦੇ ਕੇ ਆਪਣੇ ਲੋਕਾਂ ਨੂੰ ਦਿਲਾਸਾ ਦਿੰਦਾ ਹੈ

16. ਯਹੋਵਾਹ ਨਿਰਾਸ਼ ਲੋਕਾਂ ਨੂੰ ਦਿਲਾਸਾ ਕਿਵੇਂ ਦਿੰਦਾ ਹੈ?

16 ਕੁਝ ਲੋਕ ਸ਼ਾਇਦ ਨਿਰਾਸ਼ ਹੋਏ ਹੋਣ ਕਿ ਉਨ੍ਹਾਂ ਦੇ ਬਚਾਅ ਵਿਚ ਐਨੀ ਦੇਰ ਕਿਉਂ ਲੱਗ ਰਹੀ ਸੀ। (ਕਹਾਉਤਾਂ 13:12; 2 ਪਤਰਸ 3:9) ਉਨ੍ਹਾਂ ਨੂੰ ਯਸਾਯਾਹ ਦੇ ਅਗਲੇ ਸ਼ਬਦਾਂ ਤੋਂ ਜ਼ਰੂਰ ਦਿਲਾਸਾ ਮਿਲਿਆ ਹੋਵੇਗਾ ਜੋ ਸਾਨੂੰ ਯਹੋਵਾਹ ਬਾਰੇ ਖ਼ਾਸ ਗੱਲ ਦੱਸਦੇ ਹਨ। “ਹਾਂ, ਹੇ ਲੋਕੋ, ਜਿਹੜੇ ਯਰੂਸ਼ਲਮ ਵਿੱਚ ਸੀਯੋਨ ਤੇ ਵੱਸਦੇ ਹੋ, ਤੁਸੀਂ ਫੇਰ ਕਦੇ ਨਾ ਰੋਵੋਗੇ, ਉਹ ਤੁਹਾਡੀ ਦੁਹਾਈ ਦੀ ਅਵਾਜ਼ ਦੇ ਕਾਰਨ ਜਰੂਰ ਤੁਹਾਡੇ ਉੱਤੇ ਕਿਰਪਾ ਕਰੇਗਾ, ਜਦ ਉਹ ਉਸ ਨੂੰ ਸੁਣੇਗਾ, ਉਹ ਤੁਹਾਨੂੰ ਉੱਤਰ ਦੇਵੇਗਾ।” (ਯਸਾਯਾਹ 30:19) ਇੱਥੇ ਯਸਾਯਾਹ ਨੇ ਯਹੋਵਾਹ ਦੀ ਕੋਮਲਤਾ ਬਾਰੇ ਦੱਸਿਆ ਸੀ। ਜਦੋਂ ਯਹੋਵਾਹ ਦੁਖੀ ਲੋਕਾਂ ਨੂੰ ਦਿਲਾਸਾ ਦਿੰਦਾ ਹੈ, ਤਾਂ ਉਹ ਹਰੇਕ ਬਾਰੇ ਨਿੱਜੀ ਤੌਰ ਤੇ ਸੋਚਦਾ ਹੈ। ਇਕ ਪਿਤਾ ਵਾਂਗ, ਉਹ ਆਪਣੇ ਕਿਸੇ ਨਿਰਾਸ਼ ਪੁੱਤਰ ਨੂੰ ਇਹ ਨਹੀਂ ਪੁੱਛਦਾ ਕਿ ‘ਤੂੰ ਆਪਣੇ ਭਰਾ ਵਰਗਾ ਕਿਉਂ ਨਹੀਂ ਹੋ ਸਕਦਾ?’ (ਗਲਾਤੀਆਂ 6:4) ਸਗੋਂ, ਉਹ ਧਿਆਨ ਨਾਲ ਹਰੇਕ ਦੀ ਦੁਹਾਈ ਸੁਣਦਾ ਹੈ। ਦਰਅਸਲ “ਜਦ ਉਹ ਉਸ ਨੂੰ ਸੁਣੇਗਾ, ਉਹ ਤੁਹਾਨੂੰ ਉੱਤਰ ਦੇਵੇਗਾ।” ਇਨ੍ਹਾਂ ਸ਼ਬਦਾਂ ਤੋਂ ਕਿੰਨਾ ਹੌਸਲਾ ਮਿਲਦਾ ਹੈ! ਯਹੋਵਾਹ ਨੂੰ ਪ੍ਰਾਰਥਨਾ ਕਰ ਕੇ ਨਿਰਾਸ਼ ਲੋਕਾਂ ਨੂੰ ਬਹੁਤ ਤਾਕਤ ਮਿਲ ਸਕਦੀ ਹੈ।—ਜ਼ਬੂਰ 65:2.

ਪਰਮੇਸ਼ੁਰ ਦਾ ਬਚਨ ਪੜ੍ਹ ਕੇ ਉਸ ਦੀ ਆਵਾਜ਼ ਸੁਣੋ

17, 18. ਯਹੋਵਾਹ ਔਖਿਆਂ ਸਮਿਆਂ ਵਿਚ ਵੀ ਕਿਸ ਤਰ੍ਹਾਂ ਅਗਵਾਈ ਕਰਦਾ ਹੈ?

17 ਅੱਗੇ ਯਸਾਯਾਹ ਨੇ ਆਪਣੇ ਸੁਣਨ ਵਾਲਿਆਂ ਨੂੰ ਯਾਦ ਕਰਾਇਆ ਕਿ ਉਨ੍ਹਾਂ ਉੱਤੇ ਤੰਗੀ ਆਉਣੀ ਸੀ। ਲੋਕਾਂ ਨੂੰ “ਦੁਖ ਦੀ ਰੋਟੀ ਅਤੇ ਕਸ਼ਟ ਦਾ ਪਾਣੀ” ਮਿਲਣਾ ਸੀ। (ਯਸਾਯਾਹ 30:20ੳ) ਘੇਰਾਬੰਦੀ ਦੌਰਾਨ ਉਨ੍ਹਾਂ ਲਈ ਦੁੱਖ ਅਤੇ ਕਸ਼ਟ, ਰੋਟੀ ਤੇ ਪਾਣੀ ਜਿੰਨਾ ਆਮ ਹੋ ਜਾਣਾ ਸੀ। ਫਿਰ ਵੀ, ਯਹੋਵਾਹ ਨੇਕਦਿਲ ਲੋਕਾਂ ਨੂੰ ਬਚਾਉਣ ਲਈ ਤਿਆਰ ਸੀ। “ਤੁਹਾਡਾ [ਮਹਾਨ] ਗੁਰੂ ਆਪ ਨੂੰ ਨਾ ਲੁਕਾਵੇਗਾ, ਸਗੋਂ ਤੁਹਾਡੀਆਂ ਅੱਖਾਂ ਆਪਣੇ ਗੁਰੂ ਨੂੰ ਵੇਖਣਗੀਆਂ। ਅਤੇ ਤੁਹਾਡੇ ਕੰਨ ਤੁਹਾਡੇ ਪਿੱਛੋਂ ਏਹ ਗੱਲ ਸੁਣਨਗੇ ਕਿ ਤੁਹਾਡਾ ਰਾਹ ਏਹੋ ਈ ਹੈ, ਏਸ ਵਿੱਚ ਚੱਲੋ, ਜਦ ਤੁਸੀਂ ਸੱਜੇ ਨੂੰ ਮੁੜੋ ਅਤੇ ਜਦ ਤੁਸੀਂ ਖੱਬੇ ਨੂੰ ਮੁੜੋ।”—ਯਸਾਯਾਹ 30:20ਅ, 21. *

18 ਯਹੋਵਾਹ ‘ਮਹਾਨ ਗੁਰੂ’ ਹੈ। ਉਸ ਵਾਂਗ ਹੋਰ ਕੋਈ ਨਹੀਂ ਸਿੱਖਿਆ ਦਿੰਦਾ। ਪਰ ਲੋਕ ਉਸ ਨੂੰ ਕਿਵੇਂ ‘ਦੇਖ’ ਅਤੇ ‘ਸੁਣ’ ਸਕਦੇ ਹਨ? ਯਹੋਵਾਹ ਆਪਣੇ ਆਪ ਨੂੰ ਆਪਣੇ ਨਬੀਆਂ ਰਾਹੀਂ ਪ੍ਰਗਟ ਕਰਦਾ ਸੀ ਜਿਨ੍ਹਾਂ ਦੇ ਸ਼ਬਦ ਬਾਈਬਲ ਵਿਚ ਦਰਜ ਹਨ। (ਆਮੋਸ 3:6, 7) ਅੱਜ, ਜਦੋਂ ਅਸੀਂ ਵਫ਼ਾਦਾਰ ਉਪਾਸਕਾਂ ਵਜੋਂ ਬਾਈਬਲ ਪੜ੍ਹਦੇ ਹਾਂ, ਤਾਂ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਸਾਡੇ ਪਿਤਾ ਯਹੋਵਾਹ ਦੀ ਆਵਾਜ਼ ਸਾਡਾ ਚਾਲ-ਚਲਣ ਸੁਧਾਰ ਕੇ ਸਾਨੂੰ ਸਹੀ ਰਸਤੇ ਪਾ ਰਹੀ ਹੈ। ਮਸੀਹੀਆਂ ਨੂੰ ਧਿਆਨ ਨਾਲ ਸੁਣਨਾ ਚਾਹੀਦਾ ਹੈ ਜਦੋਂ ਯਹੋਵਾਹ ਬਾਈਬਲ ਰਾਹੀਂ, ਅਤੇ “ਮਾਤਬਰ ਅਤੇ ਬੁੱਧਵਾਨ ਨੌਕਰ” ਦੁਆਰਾ ਤਿਆਰ ਕੀਤੇ ਗਏ ਬਾਈਬਲ ਦੇ ਹੋਰ ਪ੍ਰਕਾਸ਼ਨਾਂ ਰਾਹੀਂ ਉਨ੍ਹਾਂ ਨਾਲ ਗੱਲ ਕਰਦਾ ਹੈ। (ਮੱਤੀ 24:45-47) ਉਮੀਦ ਹੈ ਕਿ ਹਰੇਕ ਮਸੀਹੀ ਲਗਨ ਨਾਲ ਬਾਈਬਲ ਪੜ੍ਹੇਗਾ, ਕਿਉਂਕਿ ‘ਉਹੀ ਉਸ ਦਾ ਜੀਵਨ ਹੈ।’—ਬਿਵਸਥਾ ਸਾਰ 32:46, 47; ਯਸਾਯਾਹ 48:17.

ਆਉਣ ਵਾਲੀਆਂ ਬਰਕਤਾਂ ਬਾਰੇ ਸੋਚੋ

19, 20. ਮਹਾਨ ਗੁਰੂ ਦੀ ਆਵਾਜ਼ ਸੁਣਨ ਵਾਲਿਆਂ ਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ?

19 ਜਿਨ੍ਹਾਂ ਲੋਕਾਂ ਨੇ ਆਪਣੇ ਮਹਾਨ ਗੁਰੂ ਦੀ ਆਵਾਜ਼ ਸੁਣੀ ਸੀ ਉਨ੍ਹਾਂ ਨੇ ਉੱਕਰੀਆਂ ਹੋਈਆਂ ਮੂਰਤੀਆਂ ਨੂੰ ਘਿਣਾਉਣੀਆਂ ਸਮਝ ਕੇ ਸੁੱਟ ਦਿੱਤਾ ਸੀ। (ਯਸਾਯਾਹ 30:22 ਪੜ੍ਹੋ।) ਇਸ ਤੋਂ ਬਾਅਦ ਉਨ੍ਹਾਂ ਨੂੰ ਸ਼ਾਨਦਾਰ ਬਰਕਤਾਂ ਮਿਲੀਆਂ ਸਨ। ਇਹ ਬਰਕਤਾਂ ਯਸਾਯਾਹ 30:23-26 ਵਿਚ ਦਰਜ ਹਨ। ਇਨ੍ਹਾਂ ਆਇਤਾਂ ਵਿਚ ਯਸਾਯਾਹ ਨੇ ਮੁੜ ਬਹਾਲੀ ਦੀ ਸ਼ਾਨਦਾਰ ਭਵਿੱਖਬਾਣੀ ਕੀਤੀ ਸੀ। ਇਸ ਦੀ ਪਹਿਲੀ ਪੂਰਤੀ 537 ਸਾ.ਯੁ.ਪੂ. ਵਿਚ ਹੋਈ ਸੀ ਜਦੋਂ ਇਕ ਯਹੂਦੀ ਬਕੀਆ ਗ਼ੁਲਾਮੀ ਤੋਂ ਛੁੱਟ ਕੇ ਆਪਣੇ ਦੇਸ਼ ਵਾਪਸ ਮੁੜਿਆ। ਅੱਜ, ਇਹ ਭਵਿੱਖਬਾਣੀ ਸਾਡਾ ਧਿਆਨ ਉਨ੍ਹਾਂ ਵੱਡੀਆਂ ਬਰਕਤਾਂ ਵੱਲ ਦਿਵਾਉਂਦੀ ਹੈ ਜੋ ਮਸੀਹਾ ਹੁਣ ਰੂਹਾਨੀ ਫਿਰਦੌਸ ਵਿਚ ਦੇ ਰਿਹਾ ਹੈ ਅਤੇ ਅਗਾਹਾਂ ਨੂੰ ਧਰਤੀ ਉੱਤੇ ਹਕੀਕਤ ਵਿਚ ਵੀ ਦੇਵੇਗਾ।

20 “ਉਹ ਉਸ ਬੀ ਲਈ ਜਿਹੜਾ ਤੂੰ ਜਮੀਨ ਵਿੱਚ ਬੀਜੇਂਗਾ ਮੀਂਹ ਘੱਲੇਗਾ, ਨਾਲੇ ਜਮੀਨ ਦੀ ਪੈਦਾਵਾਰ ਤੋਂ ਰੋਟੀ ਵੀ, ਜਿਹੜੀ ਮੋਟੀ ਅਤੇ ਵਾਫ਼ਰ ਹੋਵੇਗੀ। ਓਸ ਦਿਨ ਤੇਰਾ ਵੱਗ ਮੋਕਲੀ ਜੂਹ ਵਿੱਚ ਚੁਗੇਗਾ। ਬਲਦ ਅਤੇ ਜੁਆਨ ਗਧੇ, ਜਮੀਨ ਦੇ ਵਾਹੁਣ ਵਾਲੇ, ਸਲੂਣੇ ਪੱਠੇ ਖਾਣਗੇ, ਜਿਹੜੇ ਛੱਜ ਤੇ ਤੰਗੁਲੀ ਨਾਲ ਉਡਾਏ ਹੋਏ ਹੋਣਗੇ।” (ਯਸਾਯਾਹ 30:23, 24) ਭਵਿੱਖਬਾਣੀ ਅਨੁਸਾਰ ਹਰ ਇਨਸਾਨ ਨੂੰ ਰੋਜ਼ “ਮੋਟੀ ਅਤੇ ਵਾਫ਼ਰ” ਰੋਟੀ ਮਿਲਣੀ ਸੀ। ਜ਼ਮੀਨ ਦੀ ਫ਼ਸਲ ਇੰਨੀ ਜ਼ਿਆਦਾ ਹੋਣੀ ਸੀ ਕਿ ਪਸ਼ੂਆਂ ਨੂੰ ਵੀ ਇਸ ਦਾ ਫ਼ਾਇਦਾ ਹੋਣਾ ਸੀ। ਡੰਗਰਾਂ ਨੇ “ਸਲੂਣੇ ਪੱਠੇ” ਖਾਣੇ ਸਨ, ਅਜਿਹੇ ਸੁਆਦਲੇ ਪੱਠੇ ਜੋ ਸਿਰਫ਼ ਕਦੀ-ਕਦੀ ਦਿੱਤੇ ਜਾਂਦੇ ਸਨ। ਇਨ੍ਹਾਂ ਨੂੰ ਛੱਟਿਆ ਵੀ ਜਾਣਾ ਸੀ। ਇਸ ਤਰ੍ਹਾਂ ਸਿਰਫ਼ ਉਸ ਅੰਨ ਨਾਲ ਕੀਤਾ ਜਾਂਦਾ ਸੀ ਜੋ ਇਨਸਾਨਾਂ ਦੇ ਖਾਣ ਵਾਸਤੇ ਸੀ। ਇੱਥੇ ਯਸਾਯਾਹ ਨੇ ਕਿੰਨੀਆਂ ਸੋਹਣੀਆਂ-ਸੋਹਣੀਆਂ ਗੱਲਾਂ ਦੱਸੀਆਂ ਜੋ ਵਫ਼ਾਦਾਰ ਮਨੁੱਖਜਾਤੀ ਉੱਤੇ ਯਹੋਵਾਹ ਦੀਆਂ ਵੱਡੀਆਂ ਬਰਕਤਾਂ ਦਰਸਾਉਂਦੀਆਂ ਹਨ!

21. ਆਉਣ ਵਾਲੀਆਂ ਬਰਕਤਾਂ ਬਾਰੇ ਦੱਸੋ।

21 “ਹਰੇਕ ਬੁਲੰਦ ਪਹਾੜ ਉੱਤੇ ਅਰ ਹਰੇਕ ਉੱਚੇ ਟਿੱਬੇ ਉੱਤੇ ਨਾਲੀਆਂ ਅਤੇ ਵਗਦੇ ਪਾਣੀ ਹੋਣਗੇ।” (ਯਸਾਯਾਹ 30:25ੳ) * ਯਸਾਯਾਹ ਨੇ ਯਹੋਵਾਹ ਦੀਆਂ ਬਰਕਤਾਂ ਨੂੰ ਦਰਸਾਉਣ ਲਈ ਕਿੰਨੀ ਢੁਕਵੀਂ ਗੱਲ ਦੱਸੀ ਕਿ ਪਾਣੀ ਦੀ ਕੋਈ ਥੁੜ ਨਹੀਂ ਹੋਵੇਗੀ ਜੋ ਜੀਉਣ ਲਈ ਜ਼ਰੂਰੀ ਹੈ। ਇਹ ਸਿਰਫ਼ ਨੀਵੀਂ ਧਰਤੀ ਉੱਤੇ ਹੀ ਨਹੀਂ, ਸਗੋਂ ਹਰ ਪਹਾੜ ਉੱਤੇ, ਇੱਥੋਂ ਤਕ ਕਿ “ਹਰੇਕ ਬੁਲੰਦ ਪਹਾੜ ਉੱਤੇ ਅਰ ਹਰੇਕ ਉੱਚੇ ਟਿੱਬੇ ਉੱਤੇ” ਵੀ ਵਗੇਗਾ। ਜੀ ਹਾਂ, ਉਸ ਸਮੇਂ ਕੋਈ ਭੁੱਖਾ-ਪਿਆਸਾ ਨਹੀਂ ਰਹੇਗਾ। (ਜ਼ਬੂਰ 72:16) ਅੱਗੇ ਨਬੀ ਦਾ ਧਿਆਨ ਪਹਾੜਾਂ ਤੋਂ ਵੀ ਉੱਚੀਆਂ ਗੱਲਾਂ ਤੇ ਗਿਆ। ਉਸ ਨੇ ਕਿਹਾ ਕਿ “ਚੰਦ ਦਾ ਚਾਨਣ ਸੂਰਜ ਦੇ ਚਾਨਣ ਵਰਗਾ ਹੋਵੇਗਾ, ਅਤੇ ਸੂਰਜ ਦਾ ਚਾਨਣ ਸੱਤ ਗੁਣਾ, ਸੱਤਾਂ ਦਿਨਾਂ ਦੇ ਚਾਨਣ ਦੇ ਬਰੱਬਰ ਹੋਵੇਗਾ, ਜਿਸ ਦਿਨ ਯਹੋਵਾਹ ਆਪਣੀ ਪਰਜਾ ਦਾ ਫੱਟ ਬੰਨ੍ਹੇਗਾ, ਅਤੇ ਆਪਣੀ ਲਾਈ ਹੋਈ ਸੱਟ ਦਾ ਘਾਉ ਚੰਗਾ ਕਰੇਗਾ।” (ਯਸਾਯਾਹ 30:26) ਇਸ ਵਧੀਆ ਭਵਿੱਖਬਾਣੀ ਦੇ ਅੰਤ ਵਿਚ ਸਾਨੂੰ ਕਿੰਨੇ ਖ਼ੁਸ਼ੀ-ਭਰੇ ਸਮੇਂ ਬਾਰੇ ਦੱਸਿਆ ਗਿਆ ਹੈ! ਯਹੋਵਾਹ ਦਾ ਪ੍ਰਤਾਪ ਪੂਰੀ ਤਰ੍ਹਾਂ ਦੇਖਿਆ ਜਾਵੇਗਾ। ਪਰਮੇਸ਼ੁਰ ਦੇ ਵਫ਼ਾਦਾਰ ਉਪਾਸਕਾਂ ਲਈ ਆਉਣ ਵਾਲੀਆਂ ਬਰਕਤਾਂ ਹੁਣ ਦੀਆਂ ਬਰਕਤਾਂ ਤੋਂ ਸੱਤ ਗੁਣਾ, ਯਾਨੀ ਕਿਤੇ ਵੱਧ ਹੋਣਗੀਆਂ।

ਸਜ਼ਾ ਅਤੇ ਖ਼ੁਸ਼ੀ

22. ਵਫ਼ਾਦਾਰ ਲੋਕਾਂ ਨੂੰ ਤਾਂ ਬਰਕਤਾਂ ਮਿਲੀਆਂ ਸਨ, ਪਰ ਯਹੋਵਾਹ ਨੇ ਦੁਸ਼ਟ ਲੋਕਾਂ ਨਾਲ ਕੀ ਕੀਤਾ ਸੀ?

22 ਯਸਾਯਾਹ ਨੇ ਸਜ਼ਾ ਬਾਰੇ ਗੱਲ ਕਰਦੇ ਹੋਏ ਆਪਣੇ ਸੁਣਨ ਵਾਲਿਆਂ ਦਾ ਧਿਆਨ ਖਿੱਚਣ ਲਈ ਅੱਗੇ ਇਹ ਕਿਹਾ: “ਵੇਖੋ, ਯਹੋਵਾਹ ਦਾ ਨਾਮ ਦੂਰੋਂ ਲਗਾ ਆਉਂਦਾ ਹੈ, ਕ੍ਰੋਧ ਨਾਲ ਭਖਿਆ ਹੋਇਆ ਅਤੇ ਗੂੜ੍ਹੇ ਉੱਠਦੇ ਧੂੰਏਂ ਨਾਲ। ਉਹ ਦੇ ਬੁੱਲ੍ਹ ਗਜ਼ਬ ਨਾਲ ਭਰੇ ਹੋਏ ਹਨ, ਅਤੇ ਉਹ ਦੀ ਜੀਭ ਭਸਮ ਕਰਨ ਵਾਲੀ ਅੱਗ ਵਾਂਙੁ ਹੈ।” (ਯਸਾਯਾਹ 30:27) ਉਸ ਸਮੇਂ ਤਕ ਯਹੋਵਾਹ ਨੇ ਆਪਣੇ ਲੋਕਾਂ ਦੇ ਵੈਰੀਆਂ ਨੂੰ ਆਪੋ-ਆਪਣਾ ਰਸਤਾ ਅਪਣਾਉਣ ਦਿੱਤਾ ਅਤੇ ਉਸ ਨੇ ਉਨ੍ਹਾਂ ਦੇ ਕੰਮ ਵਿਚ ਕੋਈ ਦਖ਼ਲ ਨਹੀਂ ਦਿੱਤਾ। ਪਰ ਹੁਣ ਉਹ ਇਕ ਆ ਰਹੇ ਤੇਜ਼ ਤੂਫ਼ਾਨ ਦੀ ਤਰ੍ਹਾਂ ਬਹੁਤ ਜਲਦੀ ਉਨ੍ਹਾਂ ਨੂੰ ਸਜ਼ਾ ਦੇਣ ਵਾਲਾ ਸੀ। “ਉਹ ਦਾ ਸਾਹ ਨਦੀ ਦੇ ਹੜ੍ਹ ਵਾਂਙੁ ਹੈ, ਜਿਹੜਾ ਗਲ ਤੀਕ ਪਹੁੰਚਦਾ ਹੈ, ਤਾਂ ਜੋ ਉਹ ਕੌਮਾਂ ਨੂੰ ਨੇਸਤੀ ਦੇ ਛੱਜ ਨਾਲ ਛੱਟੇ, ਅਤੇ ਕੁਰਾਹੇ ਪਾਉਣ ਵਾਲੀ ਲਗਾਮ ਕੌਮਾਂ ਦਿਆਂ ਜਬਾੜਿਆਂ ਵਿੱਚ ਹੋਵੇਗੀ।” (ਯਸਾਯਾਹ 30:28) ਪਰਮੇਸ਼ੁਰ ਦੇ ਲੋਕਾਂ ਦੇ ਵੈਰੀ “ਨਦੀ ਦੇ ਹੜ੍ਹ” ਨਾਲ ਘੇਰੇ ਗਏ, “ਛੱਜ ਨਾਲ ਛੱਟੇ” ਗਏ, ਅਤੇ “ਲਗਾਮ” ਨਾਲ ਕਾਬੂ ਕੀਤੇ ਗਏ ਸਨ। ਇਸ ਤਰ੍ਹਾਂ ਉਨ੍ਹਾਂ ਦਾ ਨਾਸ਼ ਕੀਤਾ ਗਿਆ।

23. ਅੱਜ ਮਸੀਹੀਆਂ ਨੂੰ “ਦਿਲ ਦੀ ਅਨੰਦਤਾ” ਕਿਉਂ ਹੁੰਦੀ ਹੈ?

23 ਯਸਾਯਾਹ ਨੇ ਫਿਰ ਤੋਂ ਵਫ਼ਾਦਾਰ ਉਪਾਸਕਾਂ ਦੀ ਖ਼ੁਸ਼ੀ ਬਾਰੇ ਗੱਲ ਕੀਤੀ ਜੋ ਆਪਣੇ ਦੇਸ਼ ਵਾਪਸ ਮੁੜੇ ਸਨ। “ਤੁਹਾਡਾ ਗੀਤ ਹੋਵੇਗਾ, ਜਿਵੇਂ ਪਵਿੱਤ੍ਰ ਪਰਬ ਦੀ ਰਾਤ ਵਿੱਚ ਹੁੰਦਾ ਹੈ, ਅਤੇ ਦਿਲ ਦੀ ਅਨੰਦਤਾ, ਜਿਵੇਂ ਕੋਈ ਬੰਸਰੀ ਨਾਲ ਇਸਰਾਏਲ ਦੀ ਚਟਾਨ ਵੱਲ ਯਹੋਵਾਹ ਦੇ ਪਹਾੜ ਉੱਤੇ ਚੱਲਿਆ ਆਉਂਦਾ ਹੈ।” (ਯਸਾਯਾਹ 30:29) ਅੱਜ ਸੱਚੇ ਮਸੀਹੀ ਵੀ “ਦਿਲ ਦੀ ਅਨੰਦਤਾ” ਮਾਣਦੇ ਹਨ ਜਦੋਂ ਉਹ ਸ਼ਤਾਨ ਦੀ ਦੁਨੀਆਂ ਦੇ ਅੰਤ ਬਾਰੇ, “ਮੁਕਤ ਦੀ ਚਟਾਨ” ਯਹੋਵਾਹ ਦੀ ਰੱਖਿਆ ਬਾਰੇ, ਅਤੇ ਉਸ ਦੇ ਰਾਜ ਅਧੀਨ ਆਉਣ ਵਾਲੀਆਂ ਬਰਕਤਾਂ ਬਾਰੇ ਸੋਚਦੇ ਹਨ।—ਜ਼ਬੂਰ 95:1.

24, 25. ਯਸਾਯਾਹ ਦੀ ਭਵਿੱਖਬਾਣੀ ਨੇ ਅੱਸ਼ੂਰ ਦੀ ਸਜ਼ਾ ਦੀ ਅਸਲੀਅਤ ਕਿਵੇਂ ਦਿਖਾਈ ਸੀ?

24 ਖ਼ੁਸ਼ੀ ਦੀ ਗੱਲ ਕਰਨ ਤੋਂ ਬਾਅਦ ਯਸਾਯਾਹ ਨੇ ਫਿਰ ਤੋਂ ਸਜ਼ਾ ਬਾਰੇ ਗੱਲ ਕੀਤੀ ਅਤੇ ਦੱਸਿਆ ਕਿ ਪਰਮੇਸ਼ੁਰ ਦਾ ਗੁੱਸਾ ਕਿਨ੍ਹਾਂ ਲੋਕਾਂ ਉੱਤੇ ਭੜਕਣ ਵਾਲਾ ਸੀ। “ਯਹੋਵਾਹ ਆਪਣੀ ਤੇਜਵਾਨ ਅਵਾਜ਼ ਸੁਣਾਵੇਗਾ, ਅਤੇ ਆਪਣੀ ਬਾਂਹ ਦਾ ਉਲਾਰ ਤੱਤੇ ਕ੍ਰੋਧ ਨਾਲ, ਅਤੇ ਭਸਮ ਕਰਨ ਵਾਲੀ ਅੱਗ ਦੀ ਲਾਟ ਨਾਲ ਵਿਖਾਵੇਗਾ, ਨਾਲੇ ਮੁਹਲੇ ਧਾਰ ਮੀਂਹ, ਵਾਛੜ ਅਤੇ ਗੜੇ ਹੋਣਗੇ। ਅੱਸ਼ੂਰੀ ਤਾਂ ਯਹੋਵਾਹ ਦੀ ਅਵਾਜ਼ ਤੋਂ ਡੈਂਬਰ ਜਾਣਗੇ, ਜਦ ਉਹ ਆਪਣੇ ਡੰਡੇ ਨਾਲ ਮਾਰੇਗਾ।” (ਯਸਾਯਾਹ 30:30, 31) ਇਨ੍ਹਾਂ ਆਇਤਾਂ ਵਿਚ ਯਸਾਯਾਹ ਨੇ ਅੱਸ਼ੂਰ ਉੱਤੇ ਪਰਮੇਸ਼ੁਰ ਦੀ ਸਜ਼ਾ ਦੀ ਅਸਲੀਅਤ ਬਾਰੇ ਚੰਗੀ ਤਰ੍ਹਾਂ ਦੱਸਿਆ ਸੀ। ਇਹ ਇਸ ਤਰ੍ਹਾਂ ਸੀ ਮਾਨੋ ਅੱਸ਼ੂਰੀ ਲੋਕ ਪਰਮੇਸ਼ੁਰ ਦੇ ਅੱਗੇ ਖੜ੍ਹੇ ਸਨ ਅਤੇ ਉਨ੍ਹਾਂ ਨੂੰ ਸਜ਼ਾ ਦੇਣ ਲਈ ਉਸ ਦੀ ਉੱਪਰ ਚੁੱਕੀ ਹੋਈ “ਬਾਂਹ ਦਾ ਉਲਾਰ” ਦੇਖ ਕੇ ਉਹ ਡਰ ਦੇ ਮਾਰੇ ਕੰਬਦੇ ਸਨ।

25 ਨਬੀ ਨੇ ਅੱਗੇ ਕਿਹਾ: “ਸਜ਼ਾ ਦੀ ਲਾਠੀ ਦੀ ਹਰ ਸੱਟ ਜਿਹੜੀ ਉਹ ਓਹਨਾਂ ਉੱਤੇ ਲਾਵੇਗਾ, ਡੱਫਾਂ ਨਾਲ ਅਤੇ ਬਰਬਤ ਨਾਲ ਹੋਵੇਗੀ, ਅਤੇ ਲੜਾਈਆਂ ਵਿੱਚ ਚੁੱਕੇ ਹੋਏ ਹੱਥ ਨਾਲ ਉਹ ਓਹਨਾਂ ਨਾਲ ਲੜੇਗਾ। ਪਰਾਚੀਨ ਸਮੇਂ ਤੋਂ ਇੱਕ ਸਿਵਾ ਤਿਆਰ ਹੈ, ਹਾਂ, ਉਹ ਪਾਤਸ਼ਾਹ ਲਈ ਡੂੰਘਾ ਤੇ ਖੁਲ੍ਹਾ ਕਰ ਕੇ ਠਹਿਰਾਇਆ ਗਿਆ ਹੈ, ਉਹ ਦੀ ਚਿਤਾ ਅੱਗ ਅਤੇ ਬਹੁਤ ਲੱਕੜਾਂ ਦੀ ਹੈ, ਯਹੋਵਾਹ ਦਾ ਸਾਹ ਗੰਧਕ ਦੀ ਧਾਰ ਵਾਂਙੁ ਉਹ ਨੂੰ ਸੁਲਗਾਵੇਗਾ।” (ਯਸਾਯਾਹ 30:32, 33) “ਸਿਵਾ” ਜਾਂ ਹਿੰਨੋਮ ਦੀ ਵਾਦੀ ਵਿਚ ਤੋਫਥ ਨਾਂ ਦੀ ਇਕ ਜਗ੍ਹਾ ਸੀ ਜਿੱਥੇ ਹਮੇਸ਼ਾ ਅੱਗ ਬਲਦੀ ਰਹਿੰਦੀ ਸੀ। ਇਹ ਕਹਿ ਕੇ ਕਿ ਅੱਸ਼ੂਰ ਨੇ ਇਸ ਜਗ੍ਹਾ ਵਿਚ ਜਾਣਾ ਸੀ, ਯਸਾਯਾਹ ਦੱਸ ਰਿਹਾ ਸੀ ਕਿ ਉਸ ਕੌਮ ਦਾ ਸੱਤਿਆਨਾਸ ਹੋਣਾ ਸੀ।—2 ਰਾਜਿਆਂ 23:10 ਦੀ ਤੁਲਨਾ ਕਰੋ।

26. (ੳ) ਅੱਸ਼ੂਰ ਖ਼ਿਲਾਫ਼ ਯਹੋਵਾਹ ਦੀ ਭਵਿੱਖਬਾਣੀ ਸਾਡੇ ਜ਼ਮਾਨੇ ਵਿਚ ਕਿਵੇਂ ਲਾਗੂ ਹੋਵੇਗੀ? (ਅ) ਅੱਜ ਮਸੀਹੀ ਯਹੋਵਾਹ ਦੀ ਉਡੀਕ ਕਿਸ ਤਰ੍ਹਾਂ ਕਰਦੇ ਹਨ?

26 ਭਾਵੇਂ ਕਿ ਇਹ ਸਜ਼ਾ ਅੱਸ਼ੂਰ ਉੱਤੇ ਆਈ ਸੀ, ਯਸਾਯਾਹ ਦੀ ਇਸ ਭਵਿੱਖਬਾਣੀ ਦੀ ਪੂਰਤੀ ਆਉਣ ਵਾਲੇ ਸਮੇਂ ਵਿਚ ਵੀ ਹੋਣੀ ਸੀ। (ਰੋਮੀਆਂ 15:4) ਇਕ ਵਾਰ ਫਿਰ ਯਹੋਵਾਹ ਮਾਨੋ ਦੂਰੋਂ ਆ ਕੇ ਆਪਣੇ ਲੋਕਾਂ ਉੱਤੇ ਜ਼ੁਲਮ ਕਰਨ ਵਾਲਿਆਂ ਨੂੰ ਡੋਬ ਦੇਵੇਗਾ, ਛੱਟੇਗਾ, ਅਤੇ ਉਨ੍ਹਾਂ ਨੂੰ ਲਗਾਮ ਪਾਵੇਗਾ। (ਹਿਜ਼ਕੀਏਲ 38:18-23; 2 ਪਤਰਸ 3:7; ਪਰਕਾਸ਼ ਦੀ ਪੋਥੀ 19:11-21) ਸਾਨੂੰ ਉਮੀਦ ਹੈ ਕਿ ਉਹ ਦਿਨ ਜਲਦੀ ਆਵੇਗਾ! ਇਸ ਵਕਤ, ਮਸੀਹੀ ਮੁਕਤੀ ਦੇ ਦਿਨ ਨੂੰ ਉਡੀਕਦੇ ਹਨ। ਉਨ੍ਹਾਂ ਨੂੰ ਯਸਾਯਾਹ ਦੇ 30ਵੇਂ ਅਧਿਆਇ ਵਿਚ ਦਰਜ ਕੀਤੇ ਗਏ ਸ਼ਬਦਾਂ ਉੱਤੇ ਮਨਨ ਕਰ ਕੇ ਤਾਕਤ ਮਿਲਦੀ ਹੈ। ਇਹ ਸ਼ਬਦ ਪਰਮੇਸ਼ੁਰ ਦੇ ਸੇਵਕਾਂ ਨੂੰ ਪ੍ਰਾਰਥਨਾ ਦੀ ਕਦਰ ਕਰਨ, ਲਗਨ ਨਾਲ ਬਾਈਬਲ ਦਾ ਅਧਿਐਨ ਕਰਨ, ਅਤੇ ਉਸ ਦੇ ਰਾਜ ਵਿਚ ਆਉਣ ਵਾਲੀਆਂ ਬਰਕਤਾਂ ਉੱਤੇ ਮਨਨ ਕਰਨ ਲਈ ਉਤਸ਼ਾਹ ਦਿੰਦੇ ਹਨ। (ਜ਼ਬੂਰ 42:1, 2; ਕਹਾਉਤਾਂ 2:1-6; ਰੋਮੀਆਂ 12:12) ਇਸ ਤਰ੍ਹਾਂ ਯਸਾਯਾਹ ਦੇ ਸ਼ਬਦ ਸਾਨੂੰ ਯਹੋਵਾਹ ਦੀ ਉਡੀਕ ਕਰਨ ਵਿਚ ਮਦਦ ਦਿੰਦੇ ਹਨ।

[ਫੁਟਨੋਟ]

^ ਪੈਰਾ 13 ਧਿਆਨ ਦਿਓ ਕਿ ਜੇ ਯਹੂਦਾਹ ਵਫ਼ਾਦਾਰ ਰਿਹਾ ਹੁੰਦਾ, ਤਾਂ ਇਸ ਦੇ ਉਲਟ ਹੋਣਾ ਸੀ।—ਲੇਵੀਆਂ 26:7, 8.

^ ਪੈਰਾ 17 ਬਾਈਬਲ ਵਿਚ ਸਿਰਫ਼ ਇਸੇ ਜਗ੍ਹਾ ਯਹੋਵਾਹ ਨੂੰ ‘ਮਹਾਨ ਗੁਰੂ’ ਕਿਹਾ ਜਾਂਦਾ ਹੈ।

^ ਪੈਰਾ 21 ਯਸਾਯਾਹ 30:25 ਦਾ ਦੂਜਾ ਹਿੱਸਾ ਕਹਿੰਦਾ ਹੈ ਕਿ ‘ਵੱਡੇ ਵਢਾਂਗੇ ਦੇ ਦਿਨ ਬੁਰਜ ਡਿੱਗ ਪੈਣਗੇ।’ ਇਸ ਦੀ ਪਹਿਲੀ ਪੂਰਤੀ ਸ਼ਾਇਦ ਬਾਬਲ ਦੇ ਡਿੱਗਣ ਸਮੇਂ ਹੋਈ ਸੀ। ਇਸ ਦੇ ਡਿੱਗਣ ਕਰਕੇ ਇਸਰਾਏਲ ਉਨ੍ਹਾਂ ਬਰਕਤਾਂ ਦਾ ਆਨੰਦ ਮਾਣ ਸਕਿਆ ਜੋ ਯਸਾਯਾਹ 30:18-26 ਵਿਚ ਦੱਸੀਆਂ ਗਈਆਂ ਸਨ। (ਉੱਨੀਵਾਂ ਪੈਰਾ ਦੇਖੋ।) ਇਹ ਗੱਲ ਸ਼ਾਇਦ ਆਰਮਾਗੇਡਨ ਦੇ ਵਿਨਾਸ਼ ਬਾਰੇ ਵੀ ਹੋਵੇ, ਜਿਸ ਤੋਂ ਬਾਅਦ ਨਵੇਂ ਸੰਸਾਰ ਵਿਚ ਇਨ੍ਹਾਂ ਬਰਕਤਾਂ ਦੀ ਸਭ ਤੋਂ ਮਹਾਨ ਪੂਰਤੀ ਹੋਵੇਗੀ।

[ਸਵਾਲ]

[ਸਫ਼ਾ 305 ਉੱਤੇ ਤਸਵੀਰਾਂ]

ਮੂਸਾ ਦੇ ਜ਼ਮਾਨੇ ਵਿਚ ਇਸਰਾਏਲੀ ਮਿਸਰ ਤੋਂ ਬਚ ਨਿਕਲੇ ਸਨ। ਯਸਾਯਾਹ ਦੇ ਜ਼ਮਾਨੇ ਵਿਚ ਯਹੂਦਾਹ ਦੇ ਲੋਕ ਮਦਦ ਲਈ ਮਿਸਰ ਨੂੰ ਗਏ

[ਸਫ਼ਾ 311 ਉੱਤੇ ਤਸਵੀਰ]

“ਹਰੇਕ ਉੱਚੇ ਟਿੱਬੇ ਉੱਤੇ ਨਾਲੀਆਂ ਅਤੇ ਵਗਦੇ ਪਾਣੀ ਹੋਣਗੇ”

[ਸਫ਼ਾ 312 ਉੱਤੇ ਤਸਵੀਰ]

ਯਹੋਵਾਹ ‘ਕ੍ਰੋਧ ਨਾਲ ਅਤੇ ਗੂੜ੍ਹੇ ਉੱਠਦੇ ਧੂੰਏਂ ਨਾਲ’ ਆਵੇਗਾ