Skip to content

Skip to table of contents

ਯਹੋਵਾਹ ਹੰਕਾਰੀਆਂ ਨੂੰ ਨੀਵਾਂ ਕਰਦਾ ਹੈ

ਯਹੋਵਾਹ ਹੰਕਾਰੀਆਂ ਨੂੰ ਨੀਵਾਂ ਕਰਦਾ ਹੈ

ਪੰਜਵਾਂ ਅਧਿਆਇ

ਯਹੋਵਾਹ ਹੰਕਾਰੀਆਂ ਨੂੰ ਨੀਵਾਂ ਕਰਦਾ ਹੈ

ਯਸਾਯਾਹ 2:6–4:1

1, 2. ਸਾਨੂੰ ਯਸਾਯਾਹ ਦੇ ਜ਼ਮਾਨੇ ਦੇ ਯਹੂਦੀ ਲੋਕਾਂ ਲਈ ਉਸ ਦੀ ਭਵਿੱਖਬਾਣੀ ਵਿਚ ਦਿਲਚਸਪੀ ਕਿਉਂ ਲੈਣੀ ਚਾਹੀਦੀ ਹੈ?

ਯਸਾਯਾਹ ਨਬੀ ਨੂੰ ਯਰੂਸ਼ਲਮ ਅਤੇ ਯਹੂਦਾਹ ਦੀ ਹਾਲਤ ਤੋਂ ਘਿਰਣਾ ਆਈ। ਉਸ ਨੇ ਯਹੋਵਾਹ ਨੂੰ ਕਿਹਾ: “ਤੈਂ . . . ਆਪਣੀ ਪਰਜਾ ਯਾਕੂਬ ਦੇ ਘਰਾਣੇ ਨੂੰ ਛੱਡ ਦਿੱਤਾ ਹੈ।” (ਯਸਾਯਾਹ 2:6ੳ) ਪਰਮੇਸ਼ੁਰ ਨੇ ਆਪਣੀ ਪਰਜਾ ਨੂੰ ਕਿਉਂ ਛੱਡ ਦਿੱਤਾ ਸੀ ਜਿਸ ਨੂੰ ਉਸ ਨੇ ਖ਼ੁਦ ਇਕ “ਅਣੋਖੀ ਉੱਮਤ” ਵਜੋਂ ਚੁਣਿਆ ਸੀ?—ਬਿਵਸਥਾ ਸਾਰ 14:2.

2 ਯਸਾਯਾਹ ਦੇ ਜ਼ਮਾਨੇ ਵਿਚ ਨਬੀ ਵੱਲੋਂ ਯਹੂਦੀ ਲੋਕਾਂ ਦੀ ਨਿੰਦਿਆ ਸਾਡੇ ਲਈ ਦਿਲਚਸਪੀ ਦੀ ਗੱਲ ਹੈ। ਕਿਉਂ? ਕਿਉਂਕਿ ਅੱਜ ਈਸਾਈ-ਜਗਤ ਦੀ ਹਾਲਤ ਯਸਾਯਾਹ ਦੇ ਲੋਕਾਂ ਵਰਗੀ ਹੈ। ਯਹੋਵਾਹ ਨੇ ਜੋ ਸਜ਼ਾ ਯਹੂਦੀ ਲੋਕਾਂ ਨੂੰ ਸੁਣਾਈ, ਉਹੀ ਸਜ਼ਾ ਈਸਾਈ-ਜਗਤ ਉੱਤੇ ਲਾਗੂ ਹੁੰਦੀ ਹੈ। ਯਸਾਯਾਹ ਦੇ ਐਲਾਨ ਵੱਲ ਧਿਆਨ ਦੇਣ ਨਾਲ ਅਸੀਂ ਸਾਫ਼-ਸਾਫ਼ ਸਮਝ ਸਕਾਂਗੇ ਕਿ ਯਹੋਵਾਹ ਕੀ-ਕੀ ਨਿੰਦਦਾ ਹੈ ਅਤੇ ਸਾਨੂੰ ਅਜਿਹੇ ਕੰਮਾਂ ਤੋਂ ਦੂਰ ਰਹਿਣ ਵਿਚ ਵੀ ਮਦਦ ਮਿਲੇਗੀ। ਤਾਂ ਫਿਰ, ਆਓ ਆਪਾਂ ਵੱਡੀ ਚਾਹ ਨਾਲ ਯਹੋਵਾਹ ਦੇ ਉਸ ਅਗੰਮ ਵਾਕ ਵੱਲ ਧਿਆਨ ਦਈਏ ਜੋ ਯਸਾਯਾਹ 2:6–4:1 ਵਿਚ ਦਰਜ ਹੈ।

ਉਹ ਘਮੰਡ ਨਾਲ ਮੱਥਾ ਟੇਕਦੇ ਸਨ

3. ਯਸਾਯਾਹ ਨੇ ਆਪਣੇ ਲੋਕਾਂ ਦੀ ਕਿਹੜੀ ਗ਼ਲਤੀ ਕਬੂਲ ਕੀਤੀ ਸੀ?

3 ਆਪਣੇ ਲੋਕਾਂ ਦੀ ਗ਼ਲਤੀ ਕਬੂਲ ਕਰਦੇ ਹੋਏ ਯਸਾਯਾਹ ਨੇ ਕਿਹਾ: “ਓਹ ਪੂਰਬ (ਦੀਆਂ ਰੀਤਾਂ) ਨਾਲ ਭਰੇ ਹੋਏ ਹਨ, ਅਤੇ ਫਲਿਸਤੀਆਂ ਵਾਂਙੁ ਮਹੂਰਤ ਵੇਖਦੇ ਹਨ, ਅਤੇ ਪਰਦੇਸੀਆਂ ਦੀ ਅੰਸ ਦੇ ਹੱਥ ਉੱਤੇ ਹੱਥ ਮਾਰਦੇ ਹਨ।” (ਯਸਾਯਾਹ 2:6ਅ) ਇਸ ਤੋਂ ਕੁਝ 800 ਸਾਲ ਪਹਿਲਾਂ, ਯਹੋਵਾਹ ਨੇ ਆਪਣੇ ਚੁਣੇ ਹੋਏ ਲੋਕਾਂ ਨੂੰ ਇਹ ਹੁਕਮ ਦਿੱਤਾ ਸੀ: “ਤੁਸਾਂ ਇਨ੍ਹਾਂ ਗੱਲਾਂ ਵਿੱਚ ਆਪਣੇ ਆਪ ਨੂੰ ਕਿਸੇ ਨਾਲ ਅਸ਼ੁੱਧ ਨਾ ਕਰਨਾ ਕਿਉਂ ਜੋ ਇਨ੍ਹਾਂ ਸਭਨਾਂ ਗੱਲਾਂ ਵਿੱਚ ਉਹ ਜਾਤਾਂ ਜੋ ਮੈਂ ਤੁਹਾਡੇ ਅੱਗੇ ਕੱਢਦਾ ਹਾਂ ਅਸ਼ੁੱਧ ਹੋਈਆਂ ਹਨ।” (ਲੇਵੀਆਂ 18:24) ਜਿਨ੍ਹਾਂ ਨੂੰ ਯਹੋਵਾਹ ਨੇ ਆਪਣੀ ਅਨੋਖੀ ਉੱਮਤ ਵਜੋਂ ਚੁਣਿਆ ਸੀ, ਉਨ੍ਹਾਂ ਬਾਰੇ ਉਸ ਨੇ ਬਿਲਆਮ ਦੇ ਮੂੰਹੋਂ ਇਹ ਕਹਾਇਆ ਸੀ: “ਚਟਾਨ ਦੀਆਂ ਟੀਸੀਆਂ ਤੋਂ ਮੈਂ ਉਹ ਨੂੰ ਵੇਖਦਾ ਹਾਂ, ਅਤੇ ਪਰਬਤਾਂ ਤੋਂ ਮੈਂ ਉਸ ਉੱਤੇ ਨਿਗਾਹ ਮਾਰਦਾ ਹਾਂ। ਏਹ ਪਰਜਾ ਇਕੱਲੀ ਵੱਸਦੀ ਹੈ, ਅਤੇ ਕੌਮਾਂ ਦੇ ਵਿੱਚ ਓਹ ਆਪਣੇ ਆਪ ਨੂੰ ਨਹੀਂ ਗਿਣਦੀ।” (ਗਿਣਤੀ 23:9, 12) ਲੇਕਿਨ, ਯਸਾਯਾਹ ਦੇ ਜ਼ਮਾਨੇ ਵਿਚ ਯਹੋਵਾਹ ਦੇ ਚੁਣੇ ਹੋਏ ਲੋਕ ਆਪਣੇ ਆਲੇ-ਦੁਆਲੇ ਦੀਆਂ ਕੌਮਾਂ ਦੇ ਘਿਣਾਉਣੇ ਰੀਤ-ਰਿਵਾਜ ਅਪਣਾਉਣ ਲੱਗ ਪਏ ਅਤੇ ਉਹ “ਪੂਰਬ (ਦੀਆਂ ਰੀਤਾਂ) ਨਾਲ ਭਰੇ ਹੋਏ” ਸਨ। ਯਹੋਵਾਹ ਅਤੇ ਉਸ ਦੇ ਬਚਨ ਉੱਤੇ ਭਰੋਸਾ ਰੱਖਣ ਦੀ ਬਜਾਇ, ਉਹ “ਫਲਿਸਤੀਆਂ ਵਾਂਙੁ ਮਹੂਰਤ ਵੇਖਦੇ” ਸਨ। ਕੌਮਾਂ ਤੋਂ ਦੂਰ ਰਹਿਣ ਦੀ ਬਜਾਇ, ਦੇਸ਼ ਵਿਚ ਉਹ “ਪਰਦੇਸੀਆਂ ਦੀ ਅੰਸ ਦੇ ਹੱਥ ਉੱਤੇ ਹੱਥ ਮਾਰਦੇ” ਸਨ। ਬਿਨਾਂ ਸ਼ੱਕ, ਇਹ ਉਹ ਪਰਦੇਸੀ ਸਨ ਜਿਨ੍ਹਾਂ ਨੇ ਪਰਮੇਸ਼ੁਰ ਦੀ ਪਰਜਾ ਵਿਚ ਅਧਰਮੀ ਰੀਤ-ਰਿਵਾਜ ਲਿਆਂਦੇ ਸਨ।

4. ਧਨ-ਦੌਲਤ ਅਤੇ ਸੈਨਿਕ ਤਾਕਤ ਲਈ ਯਹੋਵਾਹ ਦਾ ਧੰਨਵਾਦ ਕਰਨ ਦੀ ਬਜਾਇ, ਯਹੂਦੀ ਲੋਕਾਂ ਨੇ ਕੀ ਕੀਤਾ ਸੀ?

4 ਰਾਜਾ ਉੱਜ਼ੀਯਾਹ ਦੇ ਰਾਜ ਅਧੀਨ ਯਹੂਦਾਹ ਦੀ ਧਨ-ਦੌਲਤ ਅਤੇ ਸੈਨਿਕ ਤਾਕਤ ਦੇਖ ਕੇ ਯਸਾਯਾਹ ਨੇ ਕਿਹਾ: “ਓਹਨਾਂ ਦਾ ਦੇਸ ਚਾਂਦੀ ਸੋਨੇ ਨਾਲ ਭਰਿਆ ਹੋਇਆ ਹੈ, ਓਹਨਾਂ ਦੇ ਖ਼ਜਾਨਿਆਂ ਦਾ ਅੰਤ ਨਹੀਂ ਹੈ, ਓਹਨਾਂ ਦਾ ਦੇਸ ਘੋੜਿਆਂ ਨਾਲ ਭਰਿਆ ਹੋਇਆ ਹੈ ਅਤੇ ਓਹਨਾਂ ਦੇ ਰਥਾਂ ਦਾ ਅੰਤ ਨਹੀਂ ਹੈ।” (ਯਸਾਯਾਹ 2:7) ਕੀ ਲੋਕ ਅਜਿਹੀ ਦੌਲਤ ਅਤੇ ਸੈਨਿਕ ਤਾਕਤ ਲਈ ਯਹੋਵਾਹ ਦਾ ਧੰਨਵਾਦ ਕਰਦੇ ਸਨ? (2 ਇਤਹਾਸ 26:1, 6-15) ਬਿਲਕੁਲ ਨਹੀਂ! ਸਗੋਂ, ਉਹ ਆਪਣਾ ਭਰੋਸਾ ਉਸ ਦੌਲਤ ਉੱਤੇ ਰੱਖਦੇ ਸਨ ਅਤੇ ਯਹੋਵਾਹ ਪਰਮੇਸ਼ੁਰ ਨੂੰ ਠੁਕਰਾਉਂਦੇ ਸਨ, ਜੋ ਉਸ ਦਾ ਦੇਣ ਵਾਲਾ ਸੀ। ਇਸ ਦਾ ਨਤੀਜਾ ਕੀ ਹੋਇਆ? “ਓਹਨਾਂ ਦਾ ਦੇਸ ਬੁੱਤਾਂ ਨਾਲ ਭਰਿਆ ਹੋਇਆ ਹੈ, ਓਹ ਆਪਣੀ ਦਸਤਕਾਰੀ ਨੂੰ ਮੱਥਾ ਟੇਕਦੇ ਹਨ, ਜਿਹੜੀ ਓਹਨਾਂ ਦੀਆਂ ਉਂਗਲੀਆਂ ਦਾ ਕੰਮ ਹੈ! ਸੋ ਆਦਮੀ ਨਿਵਾਇਆ ਜਾਂਦਾ, ਅਤੇ ਮਨੁੱਖ ਅੱਝਾ ਕੀਤਾ ਜਾਂਦਾ ਹੈ,—ਤੂੰ ਉਨ੍ਹਾਂ ਨੂੰ ਮਾਫ਼ ਨਾ ਕਰ!” (ਯਸਾਯਾਹ 2:8, 9) ਉਹ ਜੀਉਂਦੇ ਪਰਮੇਸ਼ੁਰ ਤੋਂ ਮੂੰਹ ਫੇਰ ਕੇ ਬੇਜਾਨ ਮੂਰਤੀਆਂ ਅੱਗੇ ਮੱਥਾ ਟੇਕਦੇ ਸਨ।

5. ਮੂਰਤੀਆਂ ਅੱਗੇ ਮੱਥਾ ਟੇਕਣਾ ਨਿਮਰਤਾ ਕਿਉਂ ਨਹੀਂ ਦਿਖਾਉਂਦਾ?

5 ਮੱਥਾ ਟੇਕਣ ਵਿਚ ਨਿਮਰਤਾ ਦਾ ਗੁਣ ਦੇਖਿਆ ਜਾ ਸਕਦਾ ਹੈ। ਪਰ ਬੇਜਾਨ ਚੀਜ਼ਾਂ ਅੱਗੇ ਮੱਥਾ ਟੇਕਣਾ ਫਜ਼ੂਲ ਹੈ ਅਤੇ ਇਹ ਕਰਨ ਨਾਲ ਮੂਰਤੀ-ਪੂਜਕ ਬੰਦਾ ਮੂਰਤੀ ਵਰਗਾ ਹੀ ਬਣ ਜਾਂਦਾ ਹੈ। ਯਹੋਵਾਹ ਅਜਿਹੇ ਪਾਪ ਨੂੰ ਕਿਵੇਂ ਮਾਫ਼ ਕਰ ਸਕਦਾ ਸੀ? ਇਨ੍ਹਾਂ ਮੂਰਤੀ-ਪੂਜਕ ਲੋਕਾਂ ਨੇ ਉਦੋਂ ਕੀ ਕੀਤਾ ਜਦੋਂ ਯਹੋਵਾਹ ਨੇ ਉਨ੍ਹਾਂ ਤੋਂ ਲੇਖਾ ਲਿਆ?

ਹੰਕਾਰੀ ਲੋਕ ਨੀਵੇਂ ਕੀਤੇ ਜਾਣਗੇ

6, 7. (ੳ) ਯਹੋਵਾਹ ਦੇ ਨਿਆਉਂ ਦੇ ਦਿਨ ਵਿਚ ਹੰਕਾਰੀਆਂ ਨੂੰ ਕੀ ਹੋਇਆ ਸੀ? (ਅ) ਯਹੋਵਾਹ ਨੇ ਆਪਣਾ ਕ੍ਰੋਧ ਕਿਨ੍ਹਾਂ ਨੂੰ ਦਿਖਾਇਆ ਸੀ, ਅਤੇ ਕਿਉਂ?

6 ਯਸਾਯਾਹ ਨੇ ਅੱਗੇ ਕਿਹਾ: “ਯਹੋਵਾਹ ਦੇ ਭੈ ਦੇ ਅੱਗੋਂ ਅਤੇ ਉਹ ਦੇ ਪਰਤਾਪ ਦੇ ਤੇਜ ਤੋਂ, ਚਟਾਨ ਵਿੱਚ ਵੜ ਅਤੇ ਖ਼ਾਕ ਵਿੱਚ ਲੁਕ!” (ਯਸਾਯਾਹ 2:10) ਪਰ ਸਰਬਸ਼ਕਤੀਮਾਨ ਯਹੋਵਾਹ ਤੋਂ ਨਾ ਕੋਈ ਚਟਾਨ ਉਨ੍ਹਾਂ ਦੀ ਰੱਖਿਆ ਨਹੀਂ ਕਰ ਸਕੀ, ਅਤੇ ਨਾ ਹੀ ਕੋਈ ਜਗ੍ਹਾ ਉਨ੍ਹਾਂ ਨੂੰ ਲੁਕੋ ਸਕੀ। ਜਦੋਂ ਉਹ ਸਜ਼ਾ ਦੇਣ ਆਇਆ ਇਹ ਗੱਲ ਪੂਰੀ ਹੋਈ ਕਿ “ਆਦਮੀ ਦੀਆਂ ਉੱਚੀਆਂ ਅੱਖਾਂ ਅੱਝੀਆਂ ਕੀਤੀਆਂ ਜਾਣਗੀਆਂ, ਮਨੁੱਖਾਂ ਦਾ ਹੰਕਾਰ ਨਿਵਾਇਆ ਜਾਵੇਗਾ, ਅਤੇ ਓਸ ਦਿਨ ਯਹੋਵਾਹ ਅਕੱਲਾ ਹੀ ਉੱਚਾ ਹੋਵੇਗਾ।”—ਯਸਾਯਾਹ 2:11.

7 “ਸੈਨਾਂ ਦੇ ਯਹੋਵਾਹ ਦਾ ਇੱਕ ਦਿਨ” ਆ ਰਿਹਾ ਸੀ। ਇਹ ਉਹ ਸਮਾਂ ਸੀ ਜਦੋਂ ਪਰਮੇਸ਼ੁਰ ਨੇ ਆਪਣਾ ਕ੍ਰੋਧ ਦਿਖਾਇਆ ਸੀ। ਇਹ “ਹਰ ਘੁਮੰਡੀ ਅਤੇ ਅਭਮਾਨੀ ਦੇ ਵਿਰੁੱਧ, ਅਤੇ ਹਰ ਹੰਕਾਰੀ ਦੇ ਵਿਰੁੱਧ ਵੀ ਹੈ, ਅਤੇ ਉਹ ਅੱਝਾ ਕੀਤਾ ਜਾਵੇਗਾ, ਨਾਲੇ ਲਬਾਨੋਨ ਦੇ ਸਾਰੇ ਦਿਆਰਾਂ ਦੇ ਵਿਰੁੱਧ, ਜਿਹੜੇ ਉੱਚੇ ਤੇ ਵਧੀਆ ਹਨ, ਅਤੇ ਬਾਸ਼ਾਨ ਦੇ ਸਾਰੇ ਬਲੂਤਾਂ ਦੇ ਵਿਰੁੱਧ, ਸਾਰੇ ਉੱਚੇ ਪਹਾੜਾਂ ਦੇ ਵਿਰੁੱਧ, ਅਤੇ ਸਾਰੇ ਉਚੇਰੇ ਟਿੱਬਿਆਂ ਦੇ ਵਿਰੁੱਧ, ਨਾਲੇ ਹਰ ਉੱਚੇ ਬੁਰਜ ਦੇ ਵਿਰੁੱਧ, ਅਤੇ ਹਰ ਸਫੀਲ ਦੀ ਕੰਧ ਦੇ ਵਿਰੁੱਧ, ਤਰਸ਼ੀਸ਼ ਦੇ ਸਾਰੇ ਜਹਾਜ਼ਾਂ ਦੇ ਵਿਰੁੱਧ, ਅਤੇ ਸਾਰੇ ਮਨ ਭਾਉਂਦੇ ਸਮਾਨ ਦੇ ਵਿਰੁੱਧ।” (ਯਸਾਯਾਹ 2:12-16) ਹਾਂ, ਯਹੋਵਾਹ ਦੇ ਕ੍ਰੋਧ ਦੇ ਦਿਨ, ਮਨੁੱਖ ਦੇ ਘਮੰਡ ਦੁਆਰਾ ਸਥਾਪਿਤ ਕੀਤੇ ਗਏ ਸੰਗਠਨਾਂ ਦਾ ਅਤੇ ਹਰੇਕ ਅਧਰਮੀ ਇਨਸਾਨ ਦਾ ਨਿਆਉਂ ਕੀਤਾ ਗਿਆ। ਇਸ ਤਰ੍ਹਾਂ, “ਆਦਮੀ ਦਾ ਗਰੂਰ ਨਿਵਾਇਆ ਜਾਵੇਗਾ, ਮਨੁੱਖ ਦਾ ਹੰਕਾਰ ਅੱਝਾ ਕੀਤਾ ਜਾਵੇਗਾ, ਅਤੇ ਓਸ ਦਿਨ ਯਹੋਵਾਹ ਅਕੱਲਾ ਹੀ ਉੱਚਾ ਹੋਵੇਗਾ।”—ਯਸਾਯਾਹ 2:17.

8. ਯਰੂਸ਼ਲਮ ਉੱਤੇ ਨਿਆਉਂ ਦਾ ਦਿਨ 607 ਸਾ.ਯੁ.ਪੂ. ਵਿਚ ਕਿਵੇਂ ਆਇਆ ਸੀ?

8 ਯਹੂਦੀ ਲੋਕਾਂ ਉੱਤੇ ਨਿਆਉਂ ਦਾ ਦਿਨ 607 ਸਾ.ਯੁ.ਪੂ. ਵਿਚ ਆਇਆ। ਇਸ ਦਿਨ ਬਾਰੇ ਪਹਿਲਾਂ ਹੀ ਦੱਸਿਆ ਗਿਆ ਸੀ। ਉਸ ਸਮੇਂ ਬਾਬਲੀ ਰਾਜਾ ਨਬੂਕਦਨੱਸਰ ਨੇ ਯਰੂਸ਼ਲਮ ਨੂੰ ਤਬਾਹ ਕੀਤਾ। ਉਸ ਦੇ ਵਾਸੀਆਂ ਨੇ ਆਪਣਾ ਪਿਆਰਾ ਸ਼ਹਿਰ ਬਲ਼ਦਾ ਹੋਇਆ ਦੇਖਿਆ, ਉਸ ਦੀਆਂ ਸ਼ਾਨਦਾਰ ਇਮਾਰਤਾਂ ਨਸ਼ਟ ਹੁੰਦੀਆਂ ਦੇਖੀਆਂ, ਅਤੇ ਉਸ ਦੀ ਵੱਡੀ ਕੰਧ ਡਿੱਗੀ ਹੋਈ ਦੇਖੀ। ਯਹੋਵਾਹ ਦੀ ਹੈਕਲ ਢਾਹੀ ਗਈ। ‘ਸੈਨਾਂ ਦੇ ਯਹੋਵਾਹ ਦੇ ਦਿਨ’ ਵਿਚ ਉਨ੍ਹਾਂ ਦੇ ਖ਼ਜ਼ਾਨੇ ਜਾਂ ਉਨ੍ਹਾਂ ਦੇ ਰਥ ਉਨ੍ਹਾਂ ਦੀ ਕੋਈ ਵੀ ਮਦਦ ਨਹੀਂ ਕਰ ਸਕੇ। ਅਤੇ ਉਨ੍ਹਾਂ ਦੀਆਂ ਮੂਰਤੀਆਂ ਨਾਲ ਕੀ ਹੋਇਆ? ਉਹੀ ਹੋਇਆ ਜੋ ਯਸਾਯਾਹ ਨੇ ਪਹਿਲਾਂ ਦੱਸਿਆ ਸੀ: “ਬੁੱਤ ਉੱਕੇ ਹੀ ਮਿਟ ਜਾਣਗੇ।” (ਯਸਾਯਾਹ 2:18) ਯਹੂਦੀ ਲੋਕਾਂ ਨੂੰ ਸਰਦਾਰਾਂ ਅਤੇ ਬਲਵਾਨਾਂ ਸਮੇਤ, ਗ਼ੁਲਾਮੀ ਵਿਚ ਬਾਬਲ ਨੂੰ ਲਿਜਾਇਆ ਗਿਆ। ਯਰੂਸ਼ਲਮ 70 ਸਾਲਾਂ ਲਈ ਵਿਰਾਨ ਛੱਡਿਆ ਗਿਆ।

9. ਈਸਾਈ-ਜਗਤ ਦੀ ਹਾਲਤ ਯਰੂਸ਼ਲਮ ਅਤੇ ਯਹੂਦਾਹ ਵਰਗੀ ਕਿਵੇਂ ਹੈ?

9 ਹੁਣ ਈਸਾਈ-ਜਗਤ ਦੀ ਹਾਲਤ ਐਨ ਯਸਾਯਾਹ ਦੇ ਜ਼ਮਾਨੇ ਵਿਚ ਯਰੂਸ਼ਲਮ ਅਤੇ ਯਹੂਦਾਹ ਦੀ ਹਾਲਤ ਵਰਗੀ ਹੈ! ਬਿਨਾਂ ਸ਼ੱਕ ਈਸਾਈ-ਜਗਤ ਨੇ ਇਸ ਸੰਸਾਰ ਦੀਆਂ ਕੌਮਾਂ ਨਾਲ ਇਕ ਨਾਜਾਇਜ਼ ਰਿਸ਼ਤਾ ਕਾਇਮ ਕੀਤਾ ਹੈ। ਉਸ ਨੇ ਸੰਯੁਕਤ ਰਾਸ਼ਟਰ-ਸੰਘ ਨੂੰ ਆਪਣਾ ਪੂਰਾ ਸਾਥ ਦਿੱਤਾ ਅਤੇ ਬਾਈਬਲ ਦੇ ਖ਼ਿਲਾਫ਼ ਮੂਰਤੀ-ਪੂਜਕ ਰੀਤਾਂ ਨੂੰ ਅਪਣਾਇਆ ਹੈ। ਉਸ ਦੇ ਪੈਰੋਕਾਰ ਧਨ-ਦੌਲਤ ਦੇ ਮਗਰ ਲੱਗੇ ਹੋਏ ਹਨ ਅਤੇ ਉਹ ਆਪਣਾ ਭਰੋਸਾ ਸੈਨਿਕ ਤਾਕਤ ਉੱਤੇ ਰੱਖਦੇ ਹਨ। ਕੀ ਉਹ ਆਪਣੇ ਪਾਦਰੀਆਂ ਨੂੰ ਵੱਡੇ-ਵੱਡੇ ਨਾਂ ਅਤੇ ਪਦਵੀਆਂ ਨਹੀਂ ਦਿੰਦੇ? ਈਸਾਈ-ਜਗਤ ਦਾ ਹੰਕਾਰ ਜ਼ਰੂਰ ਤੋੜਿਆ ਜਾਵੇਗਾ। ਪਰ ਕਦੋਂ?

‘ਯਹੋਵਾਹ ਦਾ ਦਿਨ’ ਜਲਦੀ ਆ ਰਿਹਾ ਹੈ

10. ਪੌਲੁਸ ਅਤੇ ਪਤਰਸ ਰਸੂਲਾਂ ਨੇ ਯਹੋਵਾਹ ਦੇ ਕਿਹੜੇ ਦਿਨ ਬਾਰੇ ਦੱਸਿਆ ਸੀ?

10 ਬਾਈਬਲ ਸਾਨੂੰ ‘ਯਹੋਵਾਹ ਦੇ ਅਜਿਹੇ ਦਿਨ’ ਬਾਰੇ ਦੱਸਦੀ ਹੈ ਜੋ ਪ੍ਰਾਚੀਨ ਯਰੂਸ਼ਲਮ ਅਤੇ ਯਹੂਦਾਹ ਉੱਤੇ ਨਿਆਉਂ ਦੇ ਦਿਨ ਨਾਲੋਂ ਕਿਤੇ ਜ਼ਿਆਦਾ ਮਹੱਤਤਾ ਰੱਖੇਗਾ। ਪ੍ਰੇਰਣਾ ਅਧੀਨ, ਪੌਲੁਸ ਰਸੂਲ ਨੇ ਪ੍ਰਭੂ ਯਹੋਵਾਹ ਦਾ ਆ ਰਿਹਾ ਦਿਨ ਬਿਰਾਜਮਾਨ ਰਾਜੇ ਯਿਸੂ ਮਸੀਹ ਦੀ ਮੌਜੂਦਗੀ ਨਾਲ ਜੋੜਿਆ ਸੀ। (2 ਥੱਸਲੁਨੀਕੀਆਂ 2:1, 2) ਪਤਰਸ ਨੇ ਉਸ ਦਿਨ ਬਾਰੇ ਗੱਲ ਕੀਤੀ ਸੀ ਜਦੋਂ ‘ਨਵੇਂ ਅਕਾਸ਼ ਅਤੇ ਨਵੀਂ ਧਰਤੀ ਜਿਨ੍ਹਾਂ ਵਿੱਚ ਧਰਮ ਵੱਸੇਗਾ’ ਸਥਾਪਿਤ ਕੀਤੇ ਜਾਣਗੇ। (2 ਪਤਰਸ 3:10-13) ਇਹ ਉਹ ਦਿਨ ਹੈ ਜਦੋਂ ਯਹੋਵਾਹ ਈਸਾਈ-ਜਗਤ ਦੇ ਨਾਲ-ਨਾਲ ਇਸ ਪੂਰੀ ਦੁਸ਼ਟ ਦੁਨੀਆਂ ਉੱਤੇ ਆਪਣਾ ਨਿਆਉਂ ਪੂਰਾ ਕਰੇਗਾ।

11. (ੳ) ਯਹੋਵਾਹ ਦੇ ਆ ਰਹੇ ਦਿਨ ਨੂੰ ‘ਕੌਣ ਸਹਿ ਸੱਕਦਾ ਹੈ?’ (ਅ) ਅਸੀਂ ਯਹੋਵਾਹ ਨੂੰ ਆਪਣਾ ਸਹਾਰਾ ਕਿਵੇਂ ਬਣਾ ਸਕਦੇ ਹਾਂ?

11 ਯੋਏਲ ਨਬੀ ਨੇ ਕਿਹਾ ਸੀ: “ਹਾਇ ਉਸ ਦਿਨ ਨੂੰ! ਯਹੋਵਾਹ ਦਾ ਦਿਨ ਤਾਂ ਨੇੜੇ ਹੈ, ਉਹ ਸਰਬ ਸ਼ਕਤੀਮਾਨ ਵੱਲੋਂ ਬਰਬਾਦੀ ਵਾਂਙੁ ਆ ਰਿਹਾ ਹੈ!” ਇਹ ਮਨ ਵਿਚ ਰੱਖਦੇ ਹੋਏ ਕਿ ਇਹ “ਦਿਨ” ਬਹੁਤ ਨੇੜੇ ਹੈ, ਕੀ ਸਾਨੂੰ ਉਸ ਭਿਆਨਕ ਸਮੇਂ ਵਿੱਚੋਂ ਬਚ ਨਿਕਲਣ ਦੀ ਚਿੰਤਾ ਨਹੀਂ ਹੋਣੀ ਚਾਹੀਦੀ? ਯੋਏਲ ਨੇ ਪੁੱਛਿਆ: “ਕੌਣ ਉਸ ਨੂੰ ਸਹਿ ਸੱਕਦਾ ਹੈ?” ਫਿਰ ਇਸ ਦੇ ਜਵਾਬ ਵਿਚ ਕਿਹਾ: ‘ਯਹੋਵਾਹ ਆਪਣੀ ਪਰਜਾ ਲਈ ਓਟ ਹੋਵੇਗਾ।’ (ਯੋਏਲ 1:15; 2:11; 3:16) ਕੀ ਯਹੋਵਾਹ ਪਰਮੇਸ਼ੁਰ ਉਨ੍ਹਾਂ ਲਈ ਸਹਾਰਾ ਹੋਵੇਗਾ ਜੋ ਹੰਕਾਰੀ ਹਨ ਅਤੇ ਜੋ ਧਨ-ਦੌਲਤ, ਸੈਨਿਕ ਤਾਕਤ, ਅਤੇ ਆਪਣੇ ਹੱਥਾਂ ਦੀਆਂ ਬਣਾਈਆਂ ਮੂਰਤੀਆਂ ਉੱਤੇ ਭਰੋਸਾ ਰੱਖਦੇ ਹਨ? ਬਿਲਕੁਲ ਨਹੀਂ! ਪਰਮੇਸ਼ੁਰ ਨੇ ਤਾਂ ਆਪਣੇ ਚੁਣੇ ਹੋਏ ਲੋਕਾਂ ਨੂੰ ਵੀ ਰੱਦ ਕੀਤਾ ਸੀ ਜਦੋਂ ਉਨ੍ਹਾਂ ਨੇ ਇਸ ਤਰ੍ਹਾਂ ਕੀਤਾ ਸੀ। ਇਹ ਕਿੰਨਾ ਜ਼ਰੂਰੀ ਹੈ ਕਿ ਪਰਮੇਸ਼ੁਰ ਦੇ ਸਾਰੇ ਸੇਵਕ ‘ਧਰਮ ਨੂੰ ਭਾਲਣ, ਮਸਕੀਨੀ ਨੂੰ ਭਾਲਣ,’ ਅਤੇ ਆਪਣੀਆਂ ਜ਼ਿੰਦਗੀਆਂ ਵਿਚ ਯਹੋਵਾਹ ਦੀ ਉਪਾਸਨਾ ਦੀ ਮਹੱਤਤਾ ਦੀ ਜਾਂਚ ਕਰਨ!—ਸਫ਼ਨਯਾਹ 2:2, 3.

“ਚਕਚੂੰਧਰਾਂ ਅਤੇ ਚਮਗਿੱਦੜਾਂ ਲਈ”

12, 13. ਇਹ ਢੁਕਵਾਂ ਕਿਉਂ ਸੀ ਕਿ ਯਹੋਵਾਹ ਦੇ ਦਿਨ ਵਿਚ ਮੂਰਤੀ-ਪੂਜਕ ਲੋਕਾਂ ਨੇ ਆਪਣੀਆਂ ਮੂਰਤੀਆਂ “ਚਕਚੂੰਧਰਾਂ ਅਤੇ ਚਮਗਿੱਦੜਾਂ ਲਈ” ਸੁੱਟੀਆਂ ਸਨ?

12 ਮੂਰਤੀ-ਪੂਜਕ ਲੋਕ ਯਹੋਵਾਹ ਦੇ ਵੱਡੇ ਦਿਨ ਵਿਚ ਆਪਣੀਆਂ ਮੂਰਤੀਆਂ ਬਾਰੇ ਕੀ ਵਿਚਾਰ ਰੱਖਦੇ ਸਨ? ਯਸਾਯਾਹ ਨੇ ਜਵਾਬ ਦਿੱਤਾ: “ਯਹੋਵਾਹ ਦੇ ਭੈ ਦੇ ਅੱਗੋਂ ਅਤੇ ਉਹ ਦੇ ਪਰਤਾਪ ਦੇ ਤੇਜ ਤੋਂ, ਜਦ ਉਹ ਧਰਤੀ ਨੂੰ ਜ਼ੋਰ ਨਾਲ ਹਿਲਾਉਣ ਨੂੰ ਉੱਠੇਗਾ, ਮਨੁੱਖ ਚਟਾਨ ਦੀਆਂ ਖੁੰਧਰਾਂ ਵਿੱਚ, ਅਤੇ ਮਿੱਟੀ ਦੇ ਟੋਇਆਂ ਵਿੱਚ ਵੜਨਗੇ। ਓਸ ਦਿਨ ਆਦਮੀ ਆਪਣੀ ਚਾਂਦੀ ਦੇ ਬੁੱਤ, ਅਤੇ ਆਪਣੇ ਸੋਨੇ ਦੇ ਬੁੱਤ . . . ਚਕਚੂੰਧਰਾਂ ਅਤੇ ਚਮਗਿੱਦੜਾਂ ਲਈ ਸੁੱਟ ਦੇਣਗੇ। ਯਹੋਵਾਹ ਦੇ ਭੈ ਦੇ ਅੱਗੋਂ ਅਤੇ ਉਹ ਦੇ ਪਰਤਾਪ ਦੇ ਤੇਜ ਤੋਂ, ਜਦ ਉਹ ਧਰਤੀ ਨੂੰ ਜ਼ੋਰ ਨਾਲ ਹਿਲਾਉਣ ਨੂੰ ਉੱਠੇਗਾ, ਓਹ ਚਟਾਨ ਦਿਆਂ ਛੇਕਾਂ ਵਿੱਚ, ਅਤੇ ਢਿੱਗਾਂ ਦੀਆਂ ਤੇੜਾਂ ਵਿੱਚ ਵੜਨਗੇ। ਆਦਮੀ ਤੋਂ ਤੁਸੀਂ ਪਰੇ ਹਟੋ ਜਿਹ ਦਾ ਸਾਹ ਉਹ ਦੀਆਂ ਨਾਸਾਂ ਵਿੱਚ ਹੈ, ਫੇਰ ਉਹ ਕਿਹੜੇ ਹਿਸਾਬ ਵਿੱਚ ਹੈ?”—ਯਸਾਯਾਹ 2:19-22.

13 ਚਕਚੂੰਧਰ ਜ਼ਮੀਨ ਦੀਆਂ ਮੋਰੀਆਂ ਵਿਚ ਅਤੇ ਚਮਗਿੱਦੜ ਹਨੇਰੀਆਂ ਗੁਫਾਵਾਂ ਵਿਚ ਰਹਿੰਦੇ ਹਨ। ਇਸ ਤੋਂ ਇਲਾਵਾ, ਜਿੱਥੇ ਬਹੁਤ ਸਾਰੇ ਚਮਗਿੱਦੜ ਇਕ ਜਗ੍ਹਾ ਇਕੱਠੇ ਰਹਿੰਦੇ ਹਨ, ਉੱਥੋਂ ਬਦਬੂ ਆਉਂਦੀ ਹੈ ਅਤੇ ਉੱਥੇ ਬਿੱਠਾਂ ਦੀ ਮੋਟੀ ਤਹਿ ਹੁੰਦੀ ਹੈ। ਮੂਰਤੀਆਂ ਨੂੰ ਅਜਿਹੀ ਗੰਦੀ ਅਤੇ ਹਨੇਰੀ ਜਗ੍ਹਾ ਵਿਚ ਸੁੱਟਣਾ ਢੁਕਵਾਂ ਸੀ। ਅਤੇ ਲੋਕਾਂ ਨੇ ਯਹੋਵਾਹ ਦੇ ਨਿਆਉਂ ਦੇ ਦਿਨ ਵਿਚ ਗੁਫਾਵਾਂ ਅਤੇ ਪੱਥਰਾਂ ਦੀਆਂ ਤਰੇੜਾਂ ਵਿਚ ਪਨਾਹ ਲੱਭਣ ਦੀ ਕੋਸ਼ਿਸ਼ ਕੀਤੀ। ਤਾਂ ਫਿਰ, ਮੂਰਤੀਆਂ ਅਤੇ ਉਨ੍ਹਾਂ ਦੇ ਪੁਜਾਰੀਆਂ ਦਾ ਅੰਤ ਇੱਕੋ ਜਿਹਾ ਹੋਇਆ। ਠੀਕ ਜਿਵੇਂ ਯਸਾਯਾਹ ਦੀ ਭਵਿੱਖਬਾਣੀ ਨੇ ਕਿਹਾ ਸੀ, ਬੇਜਾਨ ਮੂਰਤੀਆਂ ਨੇ 607 ਸਾ.ਯੁ.ਪੂ. ਵਿਚ ਨਾ ਹੀ ਪੁਜਾਰੀਆਂ ਨੂੰ ਅਤੇ ਨਾ ਹੀ ਯਰੂਸ਼ਲਮ ਨੂੰ ਨਬੂਕਦਨੱਸਰ ਦੇ ਹੱਥੋਂ ਬਚਾਇਆ।

14. ਝੂਠੇ ਧਰਮ ਦੇ ਵਿਸ਼ਵ ਸਾਮਰਾਜ ਉੱਤੇ ਯਹੋਵਾਹ ਦੇ ਆ ਰਹੇ ਦਿਨ ਦੌਰਾਨ, ਇਸ ਦੁਨੀਆਂ ਦੇ ਲੋਕ ਕੀ ਕਰਨਗੇ?

14 ਈਸਾਈ-ਜਗਤ ਅਤੇ ਝੂਠੇ ਧਰਮ ਦੇ ਵਿਸ਼ਵ ਸਾਮਰਾਜ ਦੇ ਹੋਰ ਹਿੱਸਿਆਂ ਉੱਤੇ ਯਹੋਵਾਹ ਦੇ ਆ ਰਹੇ ਦਿਨ ਦੌਰਾਨ ਲੋਕ ਕੀ ਕਰਨਗੇ? ਸੰਭਵ ਹੈ ਕਿ ਜ਼ਿਆਦਾਤਰ ਲੋਕ ਸਾਰੀ ਦੁਨੀਆਂ ਵਿਚ ਵਿਗੜਦੀਆਂ ਹਾਲਤਾਂ ਦਾ ਸਾਮ੍ਹਣਾ ਕਰਦੇ ਹੋਏ ਅਹਿਸਾਸ ਕਰਨਗੇ ਕਿ ਉਨ੍ਹਾਂ ਦੀਆਂ ਮੂਰਤੀਆਂ ਵਿਅਰਥ ਹਨ। ਇਨ੍ਹਾਂ ਦੀ ਬਜਾਇ ਉਹ ਸ਼ਾਇਦ ਮਾਨਵੀ ਸੰਗਠਨਾਂ ਵਿਚ ਪਨਾਹ ਲੱਭਣ। ਇਨ੍ਹਾਂ ਸੰਗਠਨਾਂ ਵਿਚ ਸ਼ਾਇਦ ਸੰਯੁਕਤ ਰਾਸ਼ਟਰ-ਸੰਘ ਵੀ ਹੋਵੇ। ਇਹ ਸੰਗਠਨ ਪਰਕਾਸ਼ ਦੀ ਪੋਥੀ ਦੇ 17ਵੇਂ ਅਧਿਆਇ ਵਿਚ “ਕਿਰਮਚੀ ਰੰਗ ਦੇ ਇੱਕ ਦਰਿੰਦੇ” ਨਾਲ ਦਰਸਾਇਆ ਗਿਆ ਹੈ। ਇਸ ਦਰਿੰਦੇ ਦੇ “ਦਸ ਸਿੰਙ” ਵੱਡੀ ਬਾਬੁਲ, ਯਾਨੀ ਝੂਠੇ ਧਰਮ ਦੇ ਵਿਸ਼ਵ ਸਾਮਰਾਜ ਨੂੰ ਖ਼ਤਮ ਕਰਨਗੇ, ਜਿਸ ਦਾ ਵੱਡਾ ਹਿੱਸਾ ਈਸਾਈ-ਜਗਤ ਹੈ।—ਪਰਕਾਸ਼ ਦੀ ਪੋਥੀ 17:3, 8-12, 16, 17.

15. ਯਹੋਵਾਹ ਆਪਣੇ ਨਿਆਉਂ ਕਰਨ ਦੇ ਦਿਨ ਵਿਚ ਕਿਵੇਂ ਇਕੱਲਾ ਹੀ “ਉੱਚਾ ਹੋਵੇਗਾ”?

15 ਭਾਵੇਂ ਕਿ ਵੱਡੀ ਬਾਬੁਲ ਇਨ੍ਹਾਂ ‘ਦਸਾਂ ਸਿੰਙਾਂ’ ਦੁਆਰਾ ਬਰਬਾਦ ਅਤੇ ਭਸਮ ਕੀਤੀ ਜਾਵੇਗੀ, ਪਰ ਅਸਲ ਵਿਚ ਇਹ ਯਹੋਵਾਹ ਦੇ ਨਿਆਉਂ ਦੀ ਪੂਰਤੀ ਹੋਵੇਗੀ। ਵੱਡੀ ਬਾਬੁਲ ਬਾਰੇ ਪਰਕਾਸ਼ ਦੀ ਪੋਥੀ 18:8 ਕਹਿੰਦੀ ਹੈ: “ਇਸ ਕਰਕੇ ਉਹ ਦੀਆਂ ਬਵਾਂ ਇੱਕੋ ਦਿਨ ਵਿੱਚ ਆ ਪੈਣਗੀਆਂ, ਮੌਤ ਅਤੇ ਸੋਗ ਅਤੇ ਕਾਲ, ਅਤੇ ਉਹ ਅੱਗ ਨਾਲ ਭਸਮ ਕੀਤੀ ਜਾਵੇਗੀ, ਕਿਉਂ ਜੋ ਬਲਵੰਤ ਹੈ ਪ੍ਰਭੁ ਪਰਮੇਸ਼ੁਰ ਜੋ ਉਹ ਦਾ ਨਿਆਉਂ ਕਰਦਾ” ਹੈ। ਇਸ ਲਈ ਮਨੁੱਖਜਾਤੀ ਨੂੰ ਝੂਠੇ ਧਰਮ ਦੇ ਪੰਜੇ ਤੋਂ ਛਡਾਉਣ ਲਈ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ ਦੀ ਵਡਿਆਈ ਕੀਤੀ ਜਾਂਦੀ ਹੈ। ਜਿਵੇਂ ਯਸਾਯਾਹ ਕਹਿੰਦਾ ਹੈ, ‘ਓਸ ਦਿਨ ਯਹੋਵਾਹ ਅਕੱਲਾ ਹੀ ਉੱਚਾ ਹੋਵੇਗਾ। ਕਿਉਂ ਜੋ ਇਹ ਸੈਨਾਂ ਦੇ ਯਹੋਵਾਹ ਦਾ ਦਿਨ ਹੈ।’—ਯਸਾਯਾਹ 2:11 ਅ, 12ੳ.

ਆਗੂਆਂ ਨੇ ਤੁਹਾਨੂੰ ਕੁਰਾਹੇ ਪਾਇਆ

16. (ੳ) ਮਾਨਵੀ ਸਮਾਜ ਲਈ ਕਿਹੜੀਆਂ ਚੀਜ਼ਾਂ “ਆਸਰਾ ਤੇ ਸਹਾਰਾ” ਹੁੰਦੀਆਂ ਹਨ? (ਅ) ਜਦੋਂ ਯਸਾਯਾਹ ਦੇ ਲੋਕਾਂ ਤੋਂ “ਆਸਰਾ ਤੇ ਸਹਾਰਾ” ਖੋਹ ਲਿਆ ਗਿਆ ਸੀ ਤਾਂ ਉਨ੍ਹਾਂ ਤੇ ਕਿਹੜੇ ਦੁੱਖ ਆਏ ਸਨ?

16 ਮਾਨਵੀ ਸਮਾਜ ਨੂੰ ‘ਆਸਰੇ ਤੇ ਸਹਾਰੇ’ ਲਈ ਰੋਟੀ-ਪਾਣੀ ਵਰਗੀਆਂ ਚੀਜ਼ਾਂ ਦੀ ਲੋੜ ਹੈ ਅਤੇ ਇਸ ਤੋਂ ਵੀ ਜ਼ਰੂਰੀ, ਵਿਸ਼ਵਾਸਯੋਗ ਆਗੂ ਚਾਹੀਦੇ ਹਨ, ਜੋ ਲੋਕਾਂ ਦੀ ਅਗਵਾਈ ਕਰ ਸਕਣ ਅਤੇ ਅਮਨ-ਚੈਨ ਕਾਇਮ ਰੱਖ ਸਕਣ। ਪਰ, ਪ੍ਰਾਚੀਨ ਇਸਰਾਏਲ ਬਾਰੇ ਯਸਾਯਾਹ ਨੇ ਭਵਿੱਖਬਾਣੀ ਕੀਤੀ: “ਵੇਖੋ! ਪ੍ਰਭੁ, ਸੈਨਾਂ ਦਾ ਯਹੋਵਾਹ, ਯਰੂਸ਼ਲਮ ਤੇ ਯਹੂਦਾਹ ਤੋਂ ਆਸਰਾ ਤੇ ਸਹਾਰਾ ਲੈ ਜਾ ਰਿਹਾ ਹੈ, ਰੋਟੀ ਦਾ ਸਾਰਾ ਸਹਾਰਾ ਤੇ ਪਾਣੀ ਦਾ ਸਾਰਾ ਸਹਾਰਾ, ਸੂਰਬੀਰ ਤੇ ਜੋਧਾ, ਨਿਆਈ ਤੇ ਨਬੀ, ਫਾਲ ਪਾਉਣ ਵਾਲਾ ਤੇ ਬਜ਼ੁਰਗ, ਪੰਜਾਹਾਂ ਦਾ ਸਰਦਾਰ ਤੇ ਰਈਸ, ਦਰਬਾਰੀ ਤੇ ਸਿਆਣਾ ਚਤਰਾ, ਅਤੇ ਚਾਤਰ ਜਾਦੂਗਰ।” (ਯਸਾਯਾਹ 3:1-3) ਮੁੰਡੇ ਸਰਦਾਰ ਬਣੇ ਅਤੇ ਉਨ੍ਹਾਂ ਨੇ ਮਨ-ਮੌਜੀ ਢੰਗ ਨਾਲ ਰਾਜ ਕੀਤਾ। ਭਵਿੱਖਬਾਣੀ ਨੇ ਇਹ ਵੀ ਕਿਹਾ ਕਿ ਹਾਕਮਾਂ ਦੇ ਨਾਲ-ਨਾਲ ‘ਲੋਕ ਵੀ ਇੱਕ ਦੂਜੇ ਉੱਤੇ ਜ਼ੁਲਮ ਕਰਨਗੇ, ਜੁਆਨ ਬੁੱਢੇ ਦੀ, ਅਤੇ ਨੀਚ ਪਤਵੰਤੇ ਦੀ ਬੇਇੱਜ਼ਤੀ ਕਰੇਗਾ।’ (ਯਸਾਯਾਹ 3:4, 5) ਬੱਚਿਆਂ ਨੇ ਆਪਣੇ ਬਜ਼ੁਰਗਾਂ ਦਾ ਆਦਰ ਕਰਨ ਦੀ ਬਜਾਇ ਉਨ੍ਹਾਂ ਦੀ “ਬੇਇੱਜ਼ਤੀ” ਕੀਤੀ। ਜ਼ਿੰਦਗੀ ਦੇ ਹਾਲਾਤ ਇੰਨੇ ਵਿਗੜ ਗਏ ਕਿ ਲੋਕ ਕਿਸੇ ਨੂੰ ਵੀ ਰਾਜਾ ਬਣਾਉਣ ਲਈ ਤਿਆਰ ਸਨ: “ਤੇਰੇ ਕੋਲ ਚੋਗਾ ਹੈ, ਤੂੰ ਸਾਡਾ ਮੁਰਹੈਲ ਹੋ, ਅਤੇ ਇਹ ਉੱਜੜਿਆ ਹੋਇਆ ਢੇਰ ਤੇਰੇ ਹੱਥ ਹੇਠ ਹੋਵੇਗਾ।” (ਯਸਾਯਾਹ 3:6) ਪਰ ਅਜਿਹੇ ਮਨੁੱਖਾਂ ਨੇ ਸਾਫ਼-ਸਾਫ਼ ਇਨਕਾਰ ਕਰ ਦਿੱਤਾ ਕਿਉਂਕਿ ਉਨ੍ਹਾਂ ਕੋਲ ਦੇਸ਼ ਦੀ ਬੁਰੀ ਹਾਲਤ ਠੀਕ ਕਰਨ ਦੀ ਯੋਗਤਾ ਅਤੇ ਪੈਸਾ ਨਹੀਂ ਸੀ। ਉਨ੍ਹਾਂ ਨੇ ਦ੍ਰਿੜ੍ਹਤਾ ਨਾਲ ਕਿਹਾ: “ਮੈਂ ਪੱਟੀ ਬੰਨ੍ਹਣ ਵਾਲਾ ਨਹੀਂ ਹੋਵਾਂਗਾ, ਮੇਰੇ ਘਰ ਵਿੱਚ ਨਾ ਰੋਟੀ ਹੈ ਨਾ ਚੋਗਾ, ਮੈਨੂੰ ਲੋਕਾਂ ਦਾ ਮੁਰਹੈਲ ਨਾ ਠਹਿਰਾਓ!”—ਯਸਾਯਾਹ 3:7.

17. (ੳ) ਯਰੂਸ਼ਲਮ ਅਤੇ ਯਹੂਦਾਹ ਦਾ ਪਾਪ ‘ਸਦੂਮ ਵਰਗਾ’ ਪਾਪ ਕਿਵੇਂ ਸੀ? (ਅ) ਆਪਣੇ ਲੋਕਾਂ ਦੀ ਹਾਲਤ ਲਈ ਯਸਾਯਾਹ ਨੇ ਕਿਨ੍ਹਾਂ ਨੂੰ ਜ਼ਿੰਮੇਵਾਰ ਠਹਿਰਾਇਆ ਸੀ?

17 ਯਸਾਯਾਹ ਨੇ ਅੱਗੇ ਕਿਹਾ: “ਯਰੂਸ਼ਲਮ ਤਾਂ ਠੇਡਾ ਖਾ ਗਿਆ, ਅਤੇ ਯਹੂਦਾਹ ਡਿੱਗ ਪਿਆ ਹੈ, ਕਿਉਂ ਜੋ ਓਹਨਾਂ ਦੀ ਬੋਲੀ ਤੇ ਓਹਨਾਂ ਦੇ ਕੰਮ ਯਹੋਵਾਹ ਦੇ ਵਿਰੁੱਧ ਹਨ, ਭਈ ਉਹ ਦੀਆਂ ਤੇਜਵਾਨ ਅੱਖਾਂ ਨੂੰ ਲਾਲ ਕਰਨ। ਓਹਨਾਂ ਦੇ ਮੁਖੜੇ ਦਾ ਰੂਪ ਓਹਨਾਂ ਦੇ ਵਿਰੁੱਧ ਗਵਾਹੀ ਦਿੰਦਾ ਹੈ, ਅਤੇ ਓਹ ਆਪਣੇ ਆਪ ਨੂੰ ਸਦੂਮ ਵਾਂਙੁ ਪਰਗਟ ਕਰਦੇ ਹਨ, ਓਹ ਉਹ ਨੂੰ ਲੁਕਾਉਂਦੇ ਨਹੀਂ,—ਹਾਇ ਓਹਨਾਂ ਦੀ ਜਾਨ ਉੱਤੇ! ਓਹ ਆਪ ਹੀ ਆਪਣੇ ਉੱਤੇ ਬੁਰਿਆਈ ਲੈ ਆਉਂਦੇ ਹਨ।” (ਯਸਾਯਾਹ 3:8, 9) ਸੱਚੇ ਪਰਮੇਸ਼ੁਰ ਦੇ ਲੋਕਾਂ ਨੇ ਆਪਣੇ ਬੋਲ-ਚਾਲ ਰਾਹੀਂ ਉਸ ਦੇ ਵਿਰੁੱਧ ਬਗਾਵਤ ਕੀਤੀ ਸੀ। ਉਨ੍ਹਾਂ ਦੇ ਬੇਸ਼ਰਮ ਪਾਪ ਸਦੂਮ ਵਰਗੇ ਘਿਣਾਉਣੇ ਸਨ। ਭਾਵੇਂ ਕਿ ਉਹ ਯਹੋਵਾਹ ਪਰਮੇਸ਼ੁਰ ਨਾਲ ਇਕ ਨੇਮ ਵਿਚ ਬੰਨ੍ਹੇ ਹੋਏ ਸਨ, ਉਸ ਨੇ ਉਨ੍ਹਾਂ ਲਈ ਆਪਣੇ ਅਸੂਲ ਨਹੀਂ ਬਦਲੇ। “ਧਰਮੀ ਨੂੰ ਆਖੋ ਕਿ ਭਲਾ ਹੋਵੇਗਾ, ਕਿਉਂ ਜੋ ਓਹ ਆਪਣੇ ਕੰਮਾਂ ਦਾ ਫਲ ਖਾਣਗੇ। ਹਾਇ ਦੁਸ਼ਟ ਤੇ! ਉਹ ਦਾ ਬੁਰਾ ਹੋਵੇਗਾ, ਕਿਉਂ ਜੋ ਉਹ ਆਪਣੇ ਹੱਥ ਦਾ ਕੀਤਾ ਆਪ ਭੋਗੇਗਾ। ਮੇਰੀ ਪਰਜਾ! ਬੱਚੇ ਓਹਨਾਂ ਨੂੰ ਜਿੱਚ ਕਰਦੇ, ਅਤੇ ਤੀਵੀਆਂ ਓਹਨਾਂ ਉੱਤੇ ਹਕੂਮਤ ਕਰਦੀਆਂ ਹਨ। ਮੇਰੀ ਪਰਜਾ! ਤੇਰੇ ਆਗੂ ਤੈਨੂੰ ਭੁਲਾਉਂਦੇ ਹਨ, ਅਤੇ ਤੇਰੇ ਮਾਰਗਾਂ ਦੀ ਸੇਧ ਮਿਟਾ ਦਿੰਦੇ ਹਨ।”—ਯਸਾਯਾਹ 3:10-12.

18. (ੳ) ਯਸਾਯਾਹ ਦੇ ਜ਼ਮਾਨੇ ਦੇ ਬਜ਼ੁਰਗਾਂ ਅਤੇ ਸਰਦਾਰਾਂ ਨੂੰ ਯਹੋਵਾਹ ਨੇ ਕਿਹੜੀ ਸਜ਼ਾ ਸੁਣਾਈ? (ਅ) ਅਸੀਂ ਬਜ਼ੁਰਗਾਂ ਅਤੇ ਸਰਦਾਰਾਂ ਉੱਤੇ ਯਹੋਵਾਹ ਦੇ ਨਿਆਉਂ ਤੋਂ ਕਿਹੜਾ ਸਬਕ ਸਿੱਖਦੇ ਹਾਂ?

18 ਯਹੋਵਾਹ ਨੇ ਯਹੂਦਾਹ ਦੇ ਬਜ਼ੁਰਗਾਂ ਅਤੇ ਸਰਦਾਰਾਂ ‘ਦਾ ਫ਼ੈਸਲਾ ਕੀਤਾ’ ਅਤੇ ਉਹ ਉਨ੍ਹਾਂ ਦੇ ‘ਨਿਆਉਂ ਲਈ ਆਇਆ’: “ਤੁਸੀਂ ਅੰਗੂਰੀ ਬਾਗ ਚੱਟ ਲਿਆ ਹੈ, ਮਸਕੀਨਾਂ ਦੀ ਲੁੱਟ ਤੁਹਾਡੇ ਘਰਾਂ ਵਿੱਚ ਹੈ। ਤੁਹਾਡਾ ਕੀ ਮਤਲਬ ਹੈ ਕਿ ਤੁਸੀਂ ਮੇਰੀ ਪਰਜਾ ਨੂੰ ਦਬਾਉਂਦੇ ਹੋ, ਅਤੇ ਮਸਕੀਨਾਂ ਦੇ ਮੂੰਹ ਰਗੜਦੇ ਹੋ?” (ਯਸਾਯਾਹ 3:13-15) ਲੋਕਾਂ ਦੀ ਭਲਾਈ ਕਰਨ ਦੀ ਬਜਾਇ, ਆਗੂ ਉਨ੍ਹਾਂ ਨੂੰ ਲੁੱਟ ਰਹੇ ਸਨ। ਉਹ ਗ਼ਰੀਬਾਂ ਨੂੰ ਲੁੱਟ ਕੇ ਆਪਣਾ ਢਿੱਡ ਭਰਦੇ ਸਨ ਅਤੇ ਆਪਣੇ ਇਖ਼ਤਿਆਰ ਦੀ ਗ਼ਲਤ ਵਰਤੋਂ ਕਰਦੇ ਸਨ। ਪਰ ਦੁਖੀ ਲੋਕਾਂ ਉੱਤੇ ਜ਼ੁਲਮ ਕਰਨ ਲਈ ਇਨ੍ਹਾਂ ਆਗੂਆਂ ਨੂੰ ਸੈਨਾਂ ਦੇ ਯਹੋਵਾਹ ਨੂੰ ਲੇਖਾ ਦੇਣਾ ਪਿਆ। ਅੱਜ ਇਹ ਕਲੀਸਿਯਾ ਵਿਚ ਜ਼ਿੰਮੇਵਾਰੀ ਸੰਭਾਲਣ ਵਾਲੇ ਭਰਾਵਾਂ ਲਈ ਕਿੰਨੀ ਵੱਡੀ ਚੇਤਾਵਨੀ ਹੈ! ਉਨ੍ਹਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਉਹ ਆਪਣੇ ਇਖ਼ਤਿਆਰ ਦੀ ਕਦੀ ਵੀ ਗ਼ਲਤ ਵਰਤੋਂ ਨਾ ਕਰਨ।

19. ਈਸਾਈ-ਜਗਤ ਕਿਸ ਜ਼ੁਲਮ ਲਈ ਦੋਸ਼ੀ ਹੈ?

19 ਈਸਾਈ-ਜਗਤ, ਖ਼ਾਸ ਕਰਕੇ ਉਸ ਦੇ ਪਾਦਰੀ ਅਤੇ ਮੁਖੀਏ, ਆਪਣੇ ਫ਼ਾਇਦੇ ਲਈ ਲੋਕਾਂ ਨੂੰ ਬਹੁਤ ਸਮੇਂ ਤੋਂ ਠੱਗਦੇ ਆਏ ਹਨ। ਇਹ ਕਿੱਡਾ ਜ਼ੁਲਮ ਹੈ! ਈਸਾਈ-ਜਗਤ ਨੇ ਪਰਮੇਸ਼ੁਰ ਦੇ ਲੋਕਾਂ ਨਾਲ ਅਨਿਆਈ ਕੀਤੀ ਹੈ। ਉਨ੍ਹਾਂ ਨੇ ਉਨ੍ਹਾਂ ਨੂੰ ਮਾਰਿਆ-ਕੁੱਟਿਆ ਅਤੇ ਸਤਾਇਆ ਹੈ। ਈਸਾਈ-ਜਗਤ ਨੇ ਯਹੋਵਾਹ ਦਾ ਨਾਂ ਵੀ ਬਦਨਾਮ ਕੀਤਾ ਹੈ। ਸਮੇਂ ਸਿਰ, ਯਹੋਵਾਹ ਜ਼ਰੂਰ ਉਸ ਦਾ ਨਿਆਉਂ ਕਰੇਗਾ।

“ਸੁਹੱਪਣ ਦੇ ਥਾਂ ਦਾਗ”

20. ਯਹੋਵਾਹ ਨੇ “ਸੀਯੋਨ ਦੀਆਂ ਧੀਆਂ” ਉੱਤੇ ਦੋਸ਼ ਕਿਉਂ ਲਾਇਆ?

20 ਆਗੂਆਂ ਨੂੰ ਉਨ੍ਹਾਂ ਦੇ ਪਾਪਾਂ ਕਾਰਨ ਨਿੰਦਣ ਤੋਂ ਬਾਅਦ, ਯਹੋਵਾਹ ਨੇ ਸੀਯੋਨ, ਜਾਂ ਯਰੂਸ਼ਲਮ, ਦੀਆਂ ਔਰਤਾਂ ਵੱਲ ਧਿਆਨ ਦਿੱਤਾ। ਫ਼ੈਸ਼ਨ ਦੀਆਂ ਮਾਰੀਆਂ “ਸੀਯੋਨ ਦੀਆਂ ਧੀਆਂ” ਪੈਰਾਂ ਵਿਚ ਛਣਕਦੀਆਂ “ਪਜੇਬਾਂ” ਪਾਉਂਦੀਆਂ ਸਨ। ਇਹ ਔਰਤਾਂ ਮੋਰਨੀ ਵਾਂਗ “ਠੁਮਕ ਠੁਮਕ ਚਾਲ ਚੱਲਦੀਆਂ” ਸਨ। ਕੀ ਇਸ ਤਰ੍ਹਾਂ ਦੀ ਚਾਲ-ਢਾਲ ਗ਼ਲਤ ਸੀ? ਨਹੀਂ, ਪਰ ਇਨ੍ਹਾਂ ਔਰਤਾਂ ਦਾ ਰਵੱਈਆ ਗ਼ਲਤ ਸੀ। ਯਹੋਵਾਹ ਨੇ ਕਿਹਾ: “ਸੀਯੋਨ ਦੀਆਂ ਧੀਆਂ ਹੰਕਾਰਨਾਂ ਹਨ, ਅਤੇ ਗਰਦਨ ਅਕੜਾ ਕੇ ਅਤੇ ਅੱਖਾਂ ਮਟਕਾ ਕੇ ਤੁਰਦੀਆਂ ਹਨ।” (ਯਸਾਯਾਹ 3:16) ਉਨ੍ਹਾਂ ਨੂੰ ਅਜਿਹੇ ਹੰਕਾਰ ਦਾ ਨਤੀਜਾ ਜ਼ਰੂਰ ਭੁਗਤਣਾ ਪਿਆ।

21. ਯਹੂਦੀ ਔਰਤਾਂ ਉੱਤੇ ਯਰੂਸ਼ਲਮ ਉੱਤੇ ਯਹੋਵਾਹ ਵੱਲੋਂ ਨਿਆਉਂ ਦਾ ਕੀ ਅਸਰ ਪਿਆ?

21 ਇਸ ਲਈ, ਜਦੋਂ ਯਹੋਵਾਹ ਦੇਸ਼ ਉੱਤੇ ਆਪਣਾ ਨਿਆਉਂ ਲਿਆਇਆ, ਯਰੂਸ਼ਲਮ ਦੀਆਂ ਹੰਕਾਰੀ ਔਰਤਾਂ ਆਪਣਾ ਸਭ ਕੁਝ ਗੁਆ ਬੈਠੀਆਂ—ਉਹ ਸੁੰਦਰਤਾ ਵੀ ਜਿਸ ਦਾ ਉਹ ਹੰਕਾਰ ਕਰਦੀਆਂ ਸਨ। ਯਹੋਵਾਹ ਨੇ ਭਵਿੱਖਬਾਣੀ ਕੀਤੀ: “ਹੁਣ ਪ੍ਰਭੁ ਸੀਯੋਨ ਦੀਆਂ ਧੀਆਂ ਦਾ ਤਾਲੂ ਗੰਜਾ ਕਰ ਸੁੱਟੇਗਾ, ਅਤੇ ਯਹੋਵਾਹ ਓਹਨਾਂ ਦੇ ਸਰੀਰ ਨੰਗੇ ਕਰ ਦੇਵੇਗਾ। ਓਸ ਦਿਨ ਪ੍ਰਭੁ ਓਹਨਾਂ ਦੀਆਂ ਪਜੇਬਾਂ ਦੀ ਸਜਾਵਟ, ਅਤੇ ਜਾਲੀਆਂ ਤੇ ਚੰਦਨਹਾਰ ਲੈ ਜਾਵੇਗਾ, ਝੁਮਕੇ, ਛਣਕੰਗਨ, ਘੁੰਡ, ਨਾਲੇ ਚੌਂਕ, ਕੰਗਣ, ਪਟਕੇ, ਅਤਰਦਾਨੀਆਂ, ਚੌਂਕੀਆਂ [ਜਾਂ, ਤਵੀਤ], ਅਤੇ ਮੁੰਦਰੀਆਂ ਤੇ ਨੱਥਾਂ, ਰਾਖਵੇਂ ਕੱਪੜੇ, ਚੱਦਰਾਂ, ਦੁਪੱਟੇ ਅਤੇ ਖੀਸੇ, ਆਰਸੀਆਂ, ਮਲਮਲ, ਸਾਫ਼ੇ ਅਤੇ ਬੁਰਕੇ।” (ਯਸਾਯਾਹ 3:17-23) ਉਨ੍ਹਾਂ ਦੀ ਹਾਲਤ ਵਿਚ ਜ਼ਮੀਨ ਆਸਮਾਨ ਦਾ ਫ਼ਰਕ ਪਿਆ!

22. ਆਪਣੇ ਗਹਿਣਿਆਂ ਤੋਂ ਇਲਾਵਾ, ਯਰੂਸ਼ਲਮ ਦੀਆਂ ਔਰਤਾਂ ਹੋਰ ਕੀ ਗੁਆ ਬੈਠੀਆਂ ਸਨ?

22 ਭਵਿੱਖਬਾਣੀ ਨੇ ਅੱਗੇ ਇਹ ਕਿਹਾ: “ਸੁਗੰਧ ਦੇ ਥਾਂ ਸੜ੍ਹਿਆਂਧ ਹੋਵੇਗੀ, ਪਟਕੇ ਦੇ ਥਾਂ ਰੱਸੀ, ਮੀਢੀਆਂ ਦੇ ਥਾਂ ਗੰਜ, ਚੋਲੀ ਦੇ ਥਾਂ ਟਾਟ ਦੀ ਪੇਟੀ, ਸੁਹੱਪਣ ਦੇ ਥਾਂ ਦਾਗ।” (ਯਸਾਯਾਹ 3:24) ਸੰਨ 607 ਸਾ.ਯੁ.ਪੂ. ਵਿਚ, ਯਰੂਸ਼ਲਮ ਦੀਆਂ ਹੰਕਾਰੀ ਔਰਤਾਂ ਅਮੀਰੀ ਤੋਂ ਗ਼ਰੀਬੀ ਵਿਚ ਪੈ ਗਈਆਂ ਸਨ। ਉਹ ਆਪਣੀ ਆਜ਼ਾਦੀ ਗੁਆ ਕੇ ਗ਼ੁਲਾਮੀ ਦਾ “ਦਾਗ” ਲੁਆ ਬੈਠੀਆਂ ਸਨ।

‘ਉਹ ਲੁੱਟ ਪੁੱਟ ਹੋਵੇਗੀ’

23. ਯਹੋਵਾਹ ਨੇ ਯਰੂਸ਼ਲਮ ਬਾਰੇ ਕੀ ਐਲਾਨ ਕੀਤਾ ਸੀ?

23 ਯਹੋਵਾਹ ਨੇ ਯਰੂਸ਼ਲਮ ਸ਼ਹਿਰ ਨੂੰ ਅੱਗੇ ਕਿਹਾ: “ਤੇਰੇ ਪੁਰਖ ਤਲਵਾਰ ਨਾਲ, ਅਤੇ ਤੇਰੇ ਸੂਰਮੇ ਜੁੱਧ ਵਿੱਚ ਡਿੱਗਣਗੇ। ਉਹ ਦੇ ਦਰਵੱਜੇ ਵਿਰਲਾਪ ਤੇ ਸੋਗ ਕਰਨਗੇ, ਅਤੇ ਲੁੱਟ ਪੁੱਟ ਹੋ ਕੇ ਉਹ ਭੁੰਞੇਂ ਬੈਠੇਗੀ।” (ਯਸਾਯਾਹ 3:25, 26) ਯਰੂਸ਼ਲਮ ਦੇ ਆਦਮੀ, ਇੱਥੋਂ ਤਕ ਕਿ ਉਸ ਦੇ ਸੂਰਮੇ ਵੀ ਲੜਾਈ ਵਿਚ ਵੱਢੇ ਗਏ ਸਨ ਅਤੇ ਸ਼ਹਿਰ ਪੱਧਰਾ ਕੀਤਾ ਗਿਆ ਸੀ। ‘ਉਹ ਦੇ ਦਰਵੱਜਿਆਂ’ ਲਈ ‘ਵਿਰਲਾਪ ਤੇ ਸੋਗ ਕਰਨ’ ਦਾ ਵੇਲਾ ਆਇਆ। ਯਰੂਸ਼ਲਮ “ਲੁੱਟ ਪੁੱਟ ਹੋ ਕੇ” ਵਿਰਾਨ ਹੋ ਗਿਆ।

24. ਤਲਵਾਰ ਨਾਲ ਆਦਮੀਆਂ ਦੀ ਮੌਤ ਹੋਣ ਕਰਕੇ ਯਰੂਸ਼ਲਮ ਦੀਆਂ ਔਰਤਾਂ ਦਾ ਕਿਹੜਾ ਬੁਰਾ ਹਾਲ ਹੋਇਆ?

24 ਤਲਵਾਰ ਨਾਲ ਆਦਮੀਆਂ ਦੀ ਮੌਤ ਹੋਣ ਕਰਕੇ ਯਰੂਸ਼ਲਮ ਦੀਆਂ ਔਰਤਾਂ ਦਾ ਬੁਰਾ ਹਾਲ ਹੋਇਆ। ਆਪਣੀ ਭਵਿੱਖਬਾਣੀ ਦਾ ਇਹ ਭਾਗ ਖ਼ਤਮ ਕਰਦੇ ਹੋਏ ਯਸਾਯਾਹ ਨੇ ਕਿਹਾ: “ਓਸ ਦਿਨ ਸੱਤ ਤੀਵੀਆਂ ਇੱਕ ਮਰਦ ਨੂੰ ਏਹ ਆਖ ਕੇ ਫੜਨਗੀਆਂ, ਅਸੀਂ ਆਪਣੀ ਰੋਟੀ ਖਾਵਾਂਗੀਆਂ ਤੇ ਆਪਣੇ ਕੱਪੜੇ ਪਾਵਾਂਗੀਆਂ। ਅਸੀਂ ਕੇਵਲ ਤੇਰੇ ਨਾਉਂ ਤੋਂ ਸਦਾਈਏ। ਸਾਡੀ ਸ਼ਰਮਿੰਦਗੀ ਮਿਟਾਈਂ।” (ਯਸਾਯਾਹ 4:1) ਕੁਆਰੇ ਮਰਦਾਂ ਦੀ ਇੰਨੀ ਜ਼ਿਆਦਾ ਕਮੀ ਸੀ ਕਿ ਇੱਕੋ-ਇਕ ਆਦਮੀ ਮਗਰ ਕਈ ਔਰਤਾਂ ਲੱਗੀਆਂ ਹੋਈਆਂ ਸਨ ਤਾਂਕਿ ਉਹ ਉਸ ਦੇ ਨਾਂ ਤੋਂ ਸਦੀਆਂ ਜਾਣ, ਯਾਨੀ ਉਹ ਉਸ ਦੀਆਂ ਪਤਨੀਆਂ ਵਜੋਂ ਜਾਣੀਆਂ ਜਾਣ ਅਤੇ ਇਸ ਤਰ੍ਹਾਂ ਉਹ ਬਿਨ-ਪਤੀ ਹੋਣ ਦੇ ਕਲੰਕ ਤੋਂ ਬਚਣ। ਮੂਸਾ ਦੀ ਬਿਵਸਥਾ ਅਨੁਸਾਰ ਪਤੀ ਨੂੰ ਆਪਣੀ ਪਤਨੀ ਲਈ ਰੋਟੀ ਅਤੇ ਕੱਪੜੇ ਦਾ ਇੰਤਜ਼ਾਮ ਕਰਨਾ ਪੈਂਦਾ ਸੀ। (ਕੂਚ 21:10) ਪਰ, ਇਹ ਔਰਤਾਂ ‘ਆਪਣੀ ਰੋਟੀ ਖਾਣ ਤੇ ਆਪਣੇ ਕੱਪੜੇ ਪਹਿਨਣ’ ਲਈ ਰਾਜ਼ੀ ਸਨ। ਉਹ ਆਦਮੀ ਨੂੰ ਉਸ ਦੀਆਂ ਕਾਨੂੰਨੀ ਜ਼ਿੰਮੇਵਾਰੀਆਂ ਤੋਂ ਮੁਕਤ ਕਰਨ ਲਈ ਤਿਆਰ ਸਨ। ‘ਸੀਯੋਨ ਦੀਆਂ ਹੰਕਾਰੀ ਧੀਆਂ’ ਦਾ ਕਿੰਨਾ ਬੁਰਾ ਹਾਲ ਹੋਇਆ!

25. ਨੇੜਲੇ ਭਵਿੱਖ ਵਿਚ ਹੰਕਾਰੀਆਂ ਦਾ ਕੀ ਹੋਣ ਵਾਲਾ ਹੈ?

25 ਯਹੋਵਾਹ ਹੰਕਾਰੀਆਂ ਨੂੰ ਨੀਵਾਂ ਕਰਦਾ ਹੈ। ਸੰਨ 607 ਸਾ.ਯੁ.ਪੂ. ਵਿਚ, ਉਸ ਨੇ ਆਪਣੇ ਚੁਣੇ ਹੋਏ ਲੋਕਾਂ ਦਾ ਹੰਕਾਰ ਜ਼ਰੂਰ “ਨਿਵਾਇਆ”। ਉਮੀਦ ਹੈ ਕਿ ਸੱਚੇ ਮਸੀਹੀ ਇਹ ਕਦੀ ਨਾ ਭੁੱਲਣਗੇ ਕਿ “ਪਰਮੇਸ਼ੁਰ ਹੰਕਾਰੀਆਂ ਦਾ ਸਾਹਮਣਾ ਕਰਦਾ ਪਰ ਹਲੀਮਾਂ ਉੱਤੇ ਕਿਰਪਾ ਕਰਦਾ ਹੈ।”—ਯਾਕੂਬ 4:6.

[ਸਵਾਲ]

[ਸਫ਼ਾ 50 ਉੱਤੇ ਤਸਵੀਰ]

ਯਹੋਵਾਹ ਦੇ ਨਿਆਉਂ ਦੇ ਦਿਨ ਵਿਚ ਮੂਰਤੀਆਂ, ਧਨ-ਦੌਲਤ, ਅਤੇ ਸੈਨਿਕ ਤਾਕਤਾਂ ਨੇ ਯਰੂਸ਼ਲਮ ਨੂੰ ਨਹੀਂ ਬਚਾਇਆ

[ਸਫ਼ਾ 55 ਉੱਤੇ ਤਸਵੀਰ]

‘ਯਹੋਵਾਹ ਦੇ ਦਿਨ’ ਵਿਚ, ਝੂਠੇ ਧਰਮ ਦਾ ਵਿਸ਼ਵ ਸਾਮਰਾਜ ਤਬਾਹ ਕੀਤਾ ਜਾਵੇਗਾ