Skip to content

Skip to table of contents

ਸ਼ਾਂਤੀ ਦੇ ਰਾਜਕੁਮਾਰ ਦਾ ਵਾਅਦਾ

ਸ਼ਾਂਤੀ ਦੇ ਰਾਜਕੁਮਾਰ ਦਾ ਵਾਅਦਾ

ਦਸਵਾਂ ਅਧਿਆਇ

ਸ਼ਾਂਤੀ ਦੇ ਰਾਜਕੁਮਾਰ ਦਾ ਵਾਅਦਾ

ਯਸਾਯਾਹ 8:19–9:7

1. ਕਇਨ ਦੇ ਸਮੇਂ ਤੋਂ ਮਨੁੱਖਜਾਤੀ ਨੇ ਕੀ ਕੁਝ ਭੁਗਤਿਆ ਹੈ?

ਪਹਿਲਾ ਬੱਚਾ ਅੱਜ ਤੋਂ ਕੁਝ ਛੇ ਹਜ਼ਾਰ ਸਾਲ ਪਹਿਲਾਂ ਪੈਦਾ ਹੋਇਆ ਸੀ। ਉਸ ਦਾ ਨਾਂ ਕਇਨ ਸੀ, ਅਤੇ ਉਸ ਦਾ ਜਨਮ ਬਹੁਤ ਖ਼ਾਸ ਸੀ। ਉਸ ਦੇ ਮਾਪਿਆਂ ਨੇ, ਦੂਤਾਂ ਨੇ, ਜਾਂ ਇੱਥੋਂ ਤਕ ਕਿ ਸਿਰਜਣਹਾਰ ਨੇ ਵੀ ਪਹਿਲਾਂ ਕਦੀ ਇਨਸਾਨ ਦਾ ਬੱਚਾ ਨਹੀਂ ਦੇਖਿਆ ਸੀ। ਇਹ ਨਵਾਂ ਜੰਮਿਆ ਬੱਚਾ ਦੋਸ਼ੀ ਮਨੁੱਖਜਾਤੀ ਲਈ ਉਮੀਦ ਲਿਆ ਸਕਦਾ ਸੀ। ਕਿੰਨੀ ਅਫ਼ਸੋਸ ਦੀ ਗੱਲ ਹੈ ਕਿ ਵੱਡਾ ਹੋ ਕੇ ਉਹ ਖ਼ੁਦ ਖ਼ੂਨੀ ਬਣਿਆ! (1 ਯੂਹੰਨਾ 3:12) ਉਸ ਸਮੇਂ ਤੋਂ ਲੈ ਕੇ ਮਨੁੱਖਜਾਤੀ ਨੇ ਕਈ ਹੋਰ ਖ਼ੂਨ ਦੇਖੇ ਹਨ। ਇਨਸਾਨਾਂ ਦੇ ਵਿਚਾਰ ਬੁਰੇ ਹੀ ਰਹਿੰਦੇ ਹਨ ਅਤੇ ਉਨ੍ਹਾਂ ਕੋਲ ਨਾ ਹੀ ਆਪਸ ਵਿਚ ਅਤੇ ਨਾ ਹੀ ਪਰਮੇਸ਼ੁਰ ਨਾਲ ਸ਼ਾਂਤੀ ਹੈ।—ਉਤਪਤ 6:5; ਯਸਾਯਾਹ 48:22.

2, 3. ਯਿਸੂ ਮਸੀਹ ਰਾਹੀਂ ਕਿਹੜੀਆਂ ਗੱਲਾਂ ਮੁਮਕਿਨ ਬਣੀਆਂ, ਅਤੇ ਸਾਨੂੰ ਕੀ ਕਰਨਾ ਚਾਹੀਦਾ ਹੈ ਤਾਂਕਿ ਸਾਨੂੰ ਇਹ ਅਸੀਸਾਂ ਮਿਲਣ?

2 ਕਇਨ ਦੇ ਜਨਮ ਤੋਂ ਕੁਝ ਚਾਰ ਹਜ਼ਾਰ ਸਾਲ ਬਾਅਦ, ਇਕ ਹੋਰ ਬੱਚਾ ਪੈਦਾ ਹੋਇਆ ਸੀ। ਉਸ ਦਾ ਨਾਂ ਯਿਸੂ ਸੀ, ਅਤੇ ਉਸ ਦਾ ਜਨਮ ਵੀ ਬਹੁਤ ਖ਼ਾਸ ਸੀ। ਉਹ ਪਵਿੱਤਰ ਆਤਮਾ ਦੀ ਸ਼ਕਤੀ ਰਾਹੀਂ ਇਕ ਕੁਆਰੀ ਦੀ ਕੁੱਖੋਂ ਪੈਦਾ ਹੋਇਆ ਸੀ—ਸਾਰੇ ਇਤਿਹਾਸ ਵਿਚ ਅਜਿਹਾ ਕੋਈ ਦੂਸਰਾ ਜਨਮ ਨਹੀਂ ਹੋਇਆ। ਉਸ ਦੇ ਜਨਮ ਵੇਲੇ, ਦੂਤਾਂ ਦੇ ਇਕ ਸਮੂਹ ਨੇ ਖ਼ੁਸ਼ੀ ਨਾਲ ਪਰਮੇਸ਼ੁਰ ਦੀ ਉਸਤਤ ਕੀਤੀ ਅਤੇ ਕਿਹਾ: “ਪਰਮਧਾਮ ਵਿੱਚ ਪਰਮੇਸ਼ੁਰ ਦੀ ਵਡਿਆਈ, ਅਤੇ ਧਰਤੀ ਉੱਤੇ ਸ਼ਾਂਤੀ ਉਨ੍ਹਾਂ ਲੋਕਾਂ ਵਿੱਚ ਜਿਨ੍ਹਾਂ ਨਾਲ ਉਹ ਪਰਸਿੰਨ ਹੈ।” (ਲੂਕਾ 2:13, 14) ਖ਼ੂਨੀ ਹੋਣ ਦੀ ਬਜਾਇ, ਯਿਸੂ ਨੇ ਇਨਸਾਨਾਂ ਲਈ ਰਾਹ ਖੋਲ੍ਹਿਆ ਕਿ ਉਹ ਪਰਮੇਸ਼ੁਰ ਨਾਲ ਮੇਲ ਮਿਲਾਪ ਕਰ ਸਕਣ ਅਤੇ ਸਦਾ ਦਾ ਜੀਵਨ ਹਾਸਲ ਕਰ ਸਕਣ।—ਯੂਹੰਨਾ 3:16; 1 ਕੁਰਿੰਥੀਆਂ 15:55.

3 ਯਸਾਯਾਹ ਨੇ ਭਵਿੱਖਬਾਣੀ ਕੀਤੀ ਸੀ ਕਿ ਯਿਸੂ “ਸ਼ਾਂਤੀ ਦਾ ਰਾਜ ਕੁਮਾਰ” ਸੱਦਿਆ ਜਾਵੇਗਾ। (ਯਸਾਯਾਹ 9:6) ਉਹ ਮਨੁੱਖਜਾਤੀ ਲਈ ਆਪਣੀ ਜਾਨ ਕੁਰਬਾਨ ਕਰ ਦੇਵੇਗਾ ਅਤੇ ਇਸ ਤਰ੍ਹਾਂ ਪਾਪਾਂ ਦੀ ਮਾਫ਼ੀ ਮੁਮਕਿਨ ਬਣਾਵੇਗਾ। (ਯਸਾਯਾਹ 53:11) ਅੱਜ, ਪਰਮੇਸ਼ੁਰ ਨਾਲ ਸ਼ਾਂਤੀ ਅਤੇ ਪਾਪਾਂ ਦੀ ਮਾਫ਼ੀ ਯਿਸੂ ਮਸੀਹ ਵਿਚ ਨਿਹਚਾ ਦੇ ਆਧਾਰ ਤੇ ਪ੍ਰਾਪਤ ਹੋ ਸਕਦੀ ਹੈ। ਪਰ ਅਜਿਹੀਆਂ ਅਸੀਸਾਂ ਆਪੇ ਹੀ ਨਹੀਂ ਆਉਂਦੀਆਂ। (ਕੁਲੁੱਸੀਆਂ 1:21-23) ਜਿਹੜੇ ਲੋਕ ਅਸੀਸਾਂ ਚਾਹੁੰਦੇ ਹਨ ਉਨ੍ਹਾਂ ਨੂੰ ਪਹਿਲਾਂ ਯਹੋਵਾਹ ਪਰਮੇਸ਼ੁਰ ਦੇ ਆਗਿਆਕਾਰ ਹੋਣਾ ਸਿੱਖਣਾ ਪਵੇਗਾ। (1 ਪਤਰਸ 3:11. ਇਬਰਾਨੀਆਂ 5:8, 9 ਦੀ ਤੁਲਨਾ ਕਰੋ।) ਯਸਾਯਾਹ ਦੇ ਜ਼ਮਾਨੇ ਵਿਚ, ਇਸਰਾਏਲ ਅਤੇ ਯਹੂਦਾਹ ਇਸ ਦੇ ਬਿਲਕੁਲ ਉਲਟ ਚੱਲਦੇ ਸਨ।

ਬੁਰੇ ਦੂਤਾਂ ਵੱਲ ਮੁੜਨਾ

4, 5. ਯਸਾਯਾਹ ਦੇ ਜ਼ਮਾਨੇ ਵਿਚ ਹਾਲਾਤ ਕਿਹੋ ਜਿਹੇ ਸਨ, ਅਤੇ ਮਦਦ ਲਈ ਕੁਝ ਲੋਕ ਕਿਸ ਵੱਲ ਮੁੜੇ ਸਨ?

4 ਯਸਾਯਾਹ ਦੇ ਜ਼ਮਾਨੇ ਦੇ ਲੋਕਾਂ ਦੀ ਨੈਤਿਕ ਹਾਲਤ ਬੁਰੀ ਸੀ ਕਿਉਂਕਿ ਉਨ੍ਹਾਂ ਨੇ ਯਹੋਵਾਹ ਦਾ ਕਹਿਣਾ ਨਹੀਂ ਮੰਨਿਆ। ਉਹ ਰੂਹਾਨੀ ਤੌਰ ਤੇ ਹਨੇਰੇ ਵਿਚ ਸਨ। ਦੱਖਣੀ ਰਾਜ ਯਹੂਦਾਹ ਵਿਚ ਵੀ ਸ਼ਾਂਤੀ ਨਹੀਂ ਸੀ, ਜਿੱਥੇ ਪਰਮੇਸ਼ੁਰ ਦੀ ਹੈਕਲ ਸੀ। ਯਹੂਦਾਹ ਦੇ ਲੋਕਾਂ ਦੀ ਬੇਵਫ਼ਾਈ ਦੇ ਕਾਰਨ, ਉਨ੍ਹਾਂ ਨੂੰ ਅੱਸ਼ੂਰੀ ਲੋਕਾਂ ਦੇ ਹਮਲੇ ਦਾ ਖ਼ਤਰਾ ਸੀ, ਅਤੇ ਉਨ੍ਹਾਂ ਦੇ ਅੱਗੇ ਔਖੇ ਸਮੇਂ ਸਨ। ਉਹ ਮਦਦ ਲਈ ਕਿਸ ਵੱਲ ਮੁੜੇ? ਅਫ਼ਸੋਸ ਦੀ ਗੱਲ ਹੈ ਕਿ ਕਈ ਲੋਕ ਯਹੋਵਾਹ ਵੱਲੋਂ ਮਦਦ ਦੀ ਬਜਾਇ ਸ਼ਤਾਨ ਵੱਲ ਮੁੜੇ। ਇਸ ਦਾ ਇਹ ਮਤਲਬ ਨਹੀਂ ਕਿ ਉਹ ਸ਼ਤਾਨ ਦਾ ਨਾਂ ਲੈ ਕੇ ਉਸ ਨੂੰ ਪੁਕਾਰਦੇ ਸਨ। ਅਸਲ ਵਿਚ ਉਹ ਪ੍ਰੇਤਵਾਦ ਵਿਚ ਲੱਗੇ ਹੋਏ ਸਨ ਜਿਵੇਂ ਪੁਰਾਣੇ ਸਮੇਂ ਦਾ ਰਾਜਾ ਸ਼ਾਊਲ ਲੱਗਾ ਹੋਇਆ ਸੀ। ਲੋਕ ਆਪਣੀਆਂ ਸਮੱਸਿਆਵਾਂ ਦਾ ਹੱਲ ਲੱਭਣ ਲਈ ਮੁਰਦਿਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਸਨ।—1 ਸਮੂਏਲ 28:1-20.

5 ਕੁਝ ਲੋਕ ਤਾਂ ਇਸ ਕੰਮ ਨੂੰ ਅੱਗੇ ਵਧਾ ਰਹੇ ਸਨ। ਯਸਾਯਾਹ ਨੇ ਇਸੇ ਧਰਮ-ਤਿਆਗ ਬਾਰੇ ਗੱਲ ਕੀਤੀ ਜਦੋਂ ਉਸ ਨੇ ਕਿਹਾ: “ਜਦ ਓਹ ਤੁਹਾਨੂੰ ਆਖਣ ਭਈ ਭੂਤ-ਮਿੱਤ੍ਰਾਂ ਨੂੰ ਅਤੇ ਦਿਓ-ਯਾਰਾਂ ਨੂੰ ਜਿਹੜੇ ਸੁਰ ਸੁਰ ਤੇ ਬੁੜ ਬੁੜ ਕਰਦੇ ਹਨ ਪੁੱਛੋ,—ਭਲਾ, ਲੋਕ ਆਪਣੇ ਪਰਮੇਸ਼ੁਰ ਨੂੰ ਨਾ ਪੁੱਛਣ? ਕੀ ਜੀਉਂਦਿਆਂ ਦੇ ਲਈ ਮੁਰਦਿਆਂ ਨੂੰ ਪੁੱਛੀਦਾ ਹੈ?” (ਯਸਾਯਾਹ 8:19) ਜੋਤਸ਼ੀ ਜਾਂ ਪੁੱਛਾਂ ਪਾਉਣ ਵਾਲੇ ‘ਸੁਰ ਸੁਰ ਤੇ ਬੁੜ ਬੁੜ ਕਰ ਕੇ’ ਲੋਕਾਂ ਨੂੰ ਧੋਖਾ ਦੇ ਸਕਦੇ ਹਨ। ਆਮ ਤੌਰ ਤੇ ਇਹ ਮੰਨਿਆ ਜਾਂਦਾ ਹੈ ਕਿ ਅਜਿਹੀਆਂ ਆਵਾਜ਼ਾਂ ਮੁਰਦਿਆਂ ਦੀਆਂ ਹਨ। ਪਰ ਅਸਲ ਵਿਚ ਇਕ ਪ੍ਰੇਤ-ਮਾਧਿਅਮ ਮੁਰਦਿਆਂ ਦੀ ਆਵਾਜ਼ ਦੀ ਨਕਲ ਕਰ ਸਕਦਾ ਹੈ। ਪਰ, ਕਿਸੇ-ਕਿਸੇ ਵੇਲੇ ਬੁਰੇ ਦੂਤ ਖ਼ੁਦ ਮੁਰਦਿਆਂ ਦਾ ਰੂਪ ਧਾਰ ਲੈਂਦੇ ਹਨ, ਜਿਵੇਂ ਉਦੋਂ ਹੋਇਆ ਸੀ ਜਦੋਂ ਸ਼ਾਊਲ ਏਨਦੋਰ ਵਿਚ ਪੁੱਛਾਂ ਦੇਣ ਵਾਲੀ ਤੀਵੀਂ ਤੋਂ ਸਲਾਹ ਲੈਣ ਗਿਆ ਸੀ।—1 ਸਮੂਏਲ 28:8-19.

6. ਭੂਤ-ਪ੍ਰੇਤਾਂ ਵੱਲ ਮੁੜਨ ਵਾਲੇ ਇਸਰਾਏਲੀ ਖ਼ਾਸ ਕਰਕੇ ਕਿਉਂ ਕਸੂਰਵਾਰ ਸਨ?

6 ਯਹੋਵਾਹ ਨੇ ਭੂਤ-ਪ੍ਰੇਤਾਂ ਨਾਲ ਹਰ ਸੰਬੰਧ ਮਨ੍ਹਾ ਕੀਤਾ ਹੋਇਆ ਸੀ। ਇਸ ਦੇ ਬਾਵਜੂਦ ਇਹ ਸਭ ਕੁਝ ਹੋਇਆ। ਮੂਸਾ ਦੀ ਬਿਵਸਥਾ ਦੇ ਅਧੀਨ, ਇਸ ਉਲੰਘਣਾ ਦੀ ਸਜ਼ਾ ਮੌਤ ਸੀ। (ਲੇਵੀਆਂ 19:31; 20:6, 27; ਬਿਵਸਥਾ ਸਾਰ 18:9-12) ਯਹੋਵਾਹ ਦੇ ਖ਼ਾਸ ਲੋਕਾਂ ਨੇ ਅਜਿਹਾ ਘੋਰ ਪਾਪ ਕਿਉਂ ਕੀਤਾ ਸੀ? ਕਿਉਂਕਿ ਉਹ ਯਹੋਵਾਹ ਦੀ ਬਿਵਸਥਾ ਅਤੇ ਸਲਾਹ ਨੂੰ ਠੁਕਰਾ ਕੇ ‘ਪਾਪ ਦੇ ਧੋਖੇ ਨਾਲ ਕਠੋਰ ਹੋ ਗਏ’ ਸਨ। (ਇਬਰਾਨੀਆਂ 3:13) ‘ਉਨ੍ਹਾਂ ਦਾ ਮਨ ਚਰਬੀ ਵਰਗਾ ਮੋਟਾ ਹੋ ਗਿਆ ਸੀ,’ ਅਤੇ ਉਹ ਆਪਣੇ ਪਰਮੇਸ਼ੁਰ ਤੋਂ ਬੇਮੁਖ ਹੋ ਗਏ ਸਨ।—ਜ਼ਬੂਰ 119:70. *

7. ਅੱਜ ਕਈ ਲੋਕ ਯਸਾਯਾਹ ਦੇ ਜ਼ਮਾਨੇ ਦੇ ਲੋਕਾਂ ਦੀ ਰੀਸ ਕਿਵੇਂ ਕਰਦੇ ਹਨ, ਅਤੇ ਅਜਿਹੇ ਲੋਕਾਂ ਦਾ ਭਵਿੱਖ ਕੀ ਹੋਵੇਗਾ ਜੇ ਉਹ ਤੋਬਾ ਨਹੀਂ ਕਰਦੇ ਹਨ?

7 ਸ਼ਾਇਦ ਉਨ੍ਹਾਂ ਨੇ ਸੋਚਿਆ ਹੋਵੇ, ‘ਯਹੋਵਾਹ ਦੀ ਬਿਵਸਥਾ ਦਾ ਸਾਨੂੰ ਕੀ ਫ਼ਾਇਦਾ ਜਦੋਂ ਸਾਡੇ ਸਿਰ ਅੱਸ਼ੂਰੀਆਂ ਦਾ ਹਮਲਾ ਖੜ੍ਹਾ ਹੈ?’ ਉਹ ਆਪਣੀ ਔਖੀ ਘੜੀ ਦਾ ਹੱਲ ਝਟਪਟ ਚਾਹੁੰਦੇ ਸਨ ਅਤੇ ਉਹ ਯਹੋਵਾਹ ਦੀ ਮਰਜ਼ੀ ਅਨੁਸਾਰ ਮਾਮਲਾ ਨਿਪਟਾਏ ਜਾਣ ਦੀ ਉਡੀਕ ਨਹੀਂ ਕਰਨੀ ਚਾਹੁੰਦੇ ਸਨ। ਸਾਡੇ ਜ਼ਮਾਨੇ ਵਿਚ ਵੀ ਕਈ ਲੋਕ ਯਹੋਵਾਹ ਦੇ ਕਾਨੂੰਨਾਂ ਦੇ ਅਨੁਸਾਰ ਨਹੀਂ ਚੱਲਦੇ। ਉਹ ਆਪਣੀਆਂ ਸਮੱਸਿਆਵਾਂ ਦਾ ਹੱਲ ਲੱਭਣ ਲਈ ਪ੍ਰੇਤ-ਮਾਧਿਅਮਾਂ ਕੋਲ ਜਾਂਦੇ ਹਨ, ਜੋਤਸ਼ੀਆਂ ਦੀ ਸਲਾਹ ਲੈਂਦੇ ਹਨ, ਅਤੇ ਕਈ ਕਿਸਮਾਂ ਦੇ ਜਾਦੂ-ਟੂਣੇ ਇਸਤੇਮਾਲ ਕਰਦੇ ਹਨ। ਲੇਕਿਨ, ਜੀਉਂਦਿਆਂ ਲਈ ਮੁਰਦਿਆਂ ਤੋਂ ਜਵਾਬ ਲੱਭਣੇ ਅੱਜ ਵੀ ਉੱਨਾ ਹੀ ਫਜ਼ੂਲ ਹੈ ਜਿੰਨਾ ਯਸਾਯਾਹ ਦੇ ਜ਼ਮਾਨੇ ਵਿਚ ਸੀ। ਜਿਹੜੇ ਤੋਬਾ ਨਹੀਂ ਕਰਦੇ ਅਤੇ ਇਨ੍ਹਾਂ ਚੀਜ਼ਾਂ ਵਿਚ ਲੱਗੇ ਰਹਿੰਦੇ ਹਨ ਉਨ੍ਹਾਂ ਦਾ ਭਵਿੱਖ “ਖੂਨੀਆਂ, ਹਰਾਮਕਾਰਾਂ, ਜਾਦੂਗਰਾਂ, ਮੂਰਤੀ ਪੂਜਕਾਂ ਅਤੇ ਸਾਰਿਆਂ ਝੂਠਿਆਂ” ਵਰਗਾ ਹੋਵੇਗਾ ਜਿਨ੍ਹਾਂ ਕੋਲ ਜੀਉਣ ਦੀ ਕੋਈ ਆਸ ਨਹੀਂ ਹੈ।—ਪਰਕਾਸ਼ ਦੀ ਪੋਥੀ 21:8.

ਪਰਮੇਸ਼ੁਰ ਦੀ “ਬਿਵਸਥਾ ਤੇ ਸਾਖੀ”

8. “ਬਿਵਸਥਾ ਤੇ ਸਾਖੀ” ਕੀ ਹੈ ਜਿੱਥੋਂ ਸਾਨੂੰ ਅੱਜ ਅਗਵਾਈ ਲੈਣੀ ਚਾਹੀਦੀ ਹੈ?

8 ਪ੍ਰੇਤਵਾਦ ਨੂੰ ਮਨ੍ਹਾ ਕਰਨ ਵਾਲੇ ਯਹੋਵਾਹ ਦੇ ਕਾਨੂੰਨ ਬਾਰੇ ਸਾਰੇ ਜਣੇ ਜਾਣਦੇ ਸੀ। ਇਹ ਕਾਨੂੰਨ ਲਿੱਖਿਆ ਹੋਇਆ ਸੀ। ਅੱਜ ਉਸ ਦਾ ਪੂਰਾ ਬਚਨ ਲਿਖਤੀ ਰੂਪ ਵਿਚ ਪ੍ਰਾਪਤ ਕੀਤਾ ਜਾ ਸਕਦਾ ਹੈ। ਇਹ ਬਾਈਬਲ ਹੈ, ਜਿਸ ਵਿਚ ਨਾ ਸਿਰਫ਼ ਪਰਮੇਸ਼ੁਰ ਦੇ ਕਾਨੂੰਨ ਪਾਏ ਜਾਂਦੇ ਹਨ ਪਰ ਆਪਣੇ ਲੋਕਾਂ ਨਾਲ ਉਸ ਦੇ ਵਰਤਾਉ ਬਾਰੇ ਬਿਰਤਾਂਤ ਵੀ ਪਾਏ ਜਾਂਦੇ ਹਨ। ਯਹੋਵਾਹ ਦੇ ਵਰਤਾਉ ਬਾਰੇ ਇਹ ਬਿਰਤਾਂਤ ਇਕ ਸਾਖੀ ਹਨ ਜੋ ਯਹੋਵਾਹ ਅਤੇ ਉਸ ਦੇ ਗੁਣਾਂ ਬਾਰੇ ਸਾਨੂੰ ਸਿਖਾਉਂਦੇ ਹਨ। ਇਸਰਾਏਲੀਆਂ ਨੂੰ ਅਗਵਾਈ ਲਈ ਮੁਰਦਿਆਂ ਤੋਂ ਪੁੱਛਾਂ ਪਾਉਣ ਦੀ ਬਜਾਇ, ਹੋਰ ਕਿੱਥੇ ਜਾਣਾ ਚਾਹੀਦਾ ਸੀ? ਯਸਾਯਾਹ ਨੇ ਜਵਾਬ ਦਿੱਤਾ: “ਬਿਵਸਥਾ ਤੇ ਸਾਖੀ ਨੂੰ!” (ਯਸਾਯਾਹ 8:20ੳ) ਜੀ ਹਾਂ, ਜਿਹੜੇ ਲੋਕ ਸੱਚਾ ਗਿਆਨ ਲੱਭ ਰਹੇ ਹਨ ਉਨ੍ਹਾਂ ਨੂੰ ਪਰਮੇਸ਼ੁਰ ਦੇ ਲਿਖੇ ਬਚਨ ਵੱਲ ਜਾਣਾ ਚਾਹੀਦਾ ਹੈ।

9. ਕੀ ਤੋਬਾ ਨਾ ਕਰਨ ਵਾਲੇ ਪਾਪੀਆਂ ਲਈ ਕਦੇ-ਕਦਾਈਂ ਬਾਈਬਲ ਵਿੱਚੋਂ ਹਵਾਲੇ ਦੇਣ ਦਾ ਕੋਈ ਫ਼ਾਇਦਾ ਹੁੰਦਾ ਹੈ?

9 ਕੁਝ ਇਸਰਾਏਲੀ ਜੋ ਪ੍ਰੇਤਵਾਦ ਵਿਚ ਹਿੱਸਾ ਲੈ ਰਹੇ ਸਨ ਸ਼ਾਇਦ ਪਰਮੇਸ਼ੁਰ ਦੇ ਲਿਖਤੀ ਬਚਨ ਲਈ ਆਦਰ ਦਿਖਾਉਣ ਦਾ ਦਾਅਵਾ ਕਰਦੇ ਸਨ। ਪਰ ਅਜਿਹੇ ਦਾਅਵੇ ਝੂਠੇ ਅਤੇ ਪਖੰਡੀ ਸਨ। ਯਸਾਯਾਹ ਨੇ ਕਿਹਾ: “ਜੇ ਓਹ ਏਸ ਬਚਨ ਅਨੁਸਾਰ ਨਾ ਆਖਣ ਤਾਂ ਸੱਚ ਮੁੱਚ ਉਨ੍ਹਾਂ ਲਈ ਪਹੁ ਨਾ ਫਟੇਗੀ।” (ਯਸਾਯਾਹ 8:20ਅ) ਯਸਾਯਾਹ ਇੱਥੇ ਕਿਸ ਬਚਨ ਬਾਰੇ ਗੱਲ ਕਰ ਰਿਹਾ ਸੀ? ਸ਼ਾਇਦ ਇਹ ਬਚਨ: “ਬਿਵਸਥਾ ਤੇ ਸਾਖੀ ਨੂੰ!” ਹੋ ਸਕਦਾ ਹੈ ਕਿ ਕੁਝ ਧਰਮ-ਤਿਆਗੀ ਇਸਰਾਏਲੀ ਪਰਮੇਸ਼ੁਰ ਦੇ ਬਚਨ ਤੋਂ ਹਵਾਲੇ ਦਿੰਦੇ ਸਨ, ਜਿਵੇਂ ਅੱਜ ਯਹੋਵਾਹ ਨੂੰ ਛੱਡ ਦੇਣ ਵਾਲੇ ਅਤੇ ਦੂਸਰੇ ਲੋਕ ਬਾਈਬਲ ਤੋਂ ਹਵਾਲੇ ਦਿੰਦੇ ਹਨ। ਪਰ ਇਹ ਸਿਰਫ਼ ਗੱਲਾਂ ਹੀ ਹਨ। ਜੇ ਉਹ ਯਹੋਵਾਹ ਦੀ ਇੱਛਾ ਪੂਰੀ ਨਹੀਂ ਕਰ ਰਹੇ ਅਤੇ ਅਸ਼ੁੱਧ ਕੰਮਾਂ ਤੋਂ ਦੂਰ ਨਹੀਂ ਹੋ ਰਹੇ ਤਾਂ ਬਾਈਬਲ ਵਿੱਚੋਂ ਹਵਾਲੇ ਦੇਣ ਨਾਲ ਉਨ੍ਹਾਂ ਲਈ “ਪਹੁ ਨਾ ਫਟੇਗੀ,” ਯਾਨੀ ਯਹੋਵਾਹ ਤੋਂ ਉਨ੍ਹਾਂ ਨੂੰ ਚਾਨਣ ਨਹੀਂ ਮਿਲੇਗਾ। *

“ਰੋਟੀ ਦਾ ਕਾਲ ਨਹੀਂ”

10. ਯਹੋਵਾਹ ਨੂੰ ਠੁਕਰਾਉਣ ਦੇ ਕਾਰਨ ਯਹੂਦਾਹ ਦੇ ਲੋਕਾਂ ਨੇ ਦੁੱਖ ਕਿਵੇਂ ਝੱਲੇ ਸਨ?

10 ਜੇਕਰ ਲੋਕ ਯਹੋਵਾਹ ਦਾ ਕਹਿਣਾ ਨਾ ਮੰਨਣ ਤਾਂ ਉਨ੍ਹਾਂ ਦੀ ਬੁੱਧੀ ਹਨੇਰੀ ਹੋ ਜਾਂਦੀ ਹੈ। (ਅਫ਼ਸੀਆਂ 4:17, 18) ਰੂਹਾਨੀ ਤੌਰ ਤੇ, ਯਹੂਦਾਹ ਦੇ ਲੋਕ ਅੰਨ੍ਹੇ ਹੋ ਗਏ ਸਨ ਅਤੇ ਕੁਝ ਵੀ ਨਹੀਂ ਸਮਝਦੇ ਸਨ। (1 ਕੁਰਿੰਥੀਆਂ 2:14) ਯਸਾਯਾਹ ਨੇ ਉਨ੍ਹਾਂ ਦੇ ਹਾਲ ਬਾਰੇ ਦੱਸਿਆ: “ਓਹ ਉਸ ਦੇ ਵਿੱਚ ਦੀ ਰੋਗੀ ਤੇ ਭੋਗੀ ਹੋ ਕੇ ਲੰਘਣਗੇ।” (ਯਸਾਯਾਹ 8:21ੳ) ਕੌਮ ਦੀ ਬੇਵਫ਼ਾਈ ਦੇ ਕਾਰਨ—ਖ਼ਾਸ ਕਰਕੇ ਆਹਾਜ਼ ਦੇ ਰਾਜ ਦੌਰਾਨ—ਇਕ ਆਜ਼ਾਦ ਰਾਜ ਵਜੋਂ ਯਹੂਦਾਹ ਦੇਸ਼ ਦਾ ਬਚਣਾ ਖ਼ਤਰੇ ਵਿਚ ਸੀ। ਦੁਸ਼ਮਣ ਫ਼ੌਜਾਂ ਨੇ ਦੇਸ਼ ਨੂੰ ਘੇਰਿਆ ਹੋਇਆ ਸੀ। ਅੱਸ਼ੂਰੀ ਫ਼ੌਜ ਨੇ ਇਕ ਤੋਂ ਬਾਅਦ ਦੂਸਰੇ ਸ਼ਹਿਰ ਉੱਤੇ ਚੜ੍ਹਾਈ ਕੀਤੀ ਸੀ। ਦੁਸ਼ਮਣ ਉਨ੍ਹਾਂ ਦੀ ਜ਼ਮੀਨ ਨੂੰ ਬਰਬਾਦ ਕਰ ਰਹੇ ਸਨ ਜਿਸ ਦੇ ਕਾਰਨ ਰੋਟੀ ਦੀ ਕਮੀ ਸੀ। ਕਈ “ਰੋਗੀ ਤੇ ਭੋਗੀ” ਸਨ। ਪਰ ਦੇਸ਼ ਵਿਚ ਇਕ ਹੋਰ ਤਰ੍ਹਾਂ ਦੀ ਭੁੱਖ ਵੀ ਸੀ। ਕੁਝ ਦਹਾਕੇ ਪਹਿਲਾਂ ਆਮੋਸ ਨੇ ਭਵਿੱਖਬਾਣੀ ਕੀਤੀ ਸੀ: “ਵੇਖ, ਓਹ ਦਿਨ ਆਉਂਦੇ ਹਨ, ਪ੍ਰਭੁ ਯਹੋਵਾਹ ਦਾ ਵਾਕ ਹੈ, ਕਿ ਮੈਂ ਦੇਸ ਵਿੱਚ ਕਾਲ ਘੱਲਾਂਗਾ, ਰੋਟੀ ਦਾ ਕਾਲ ਨਹੀਂ, ਨਾ ਪਾਣੀ ਲਈ ਤਿਹਾ, ਸਗੋਂ ਯਹੋਵਾਹ ਦੀ ਬਾਣੀ ਦੇ ਸੁਣਨ ਦਾ।” (ਆਮੋਸ 8:11) ਯਹੂਦਾਹ ਅਜਿਹੇ ਰੂਹਾਨੀ ਕਾਲ਼ ਦੇ ਪੰਜੇ ਵਿਚ ਸੀ!

11. ਕੀ ਯਹੂਦਾਹ ਦੇ ਲੋਕਾਂ ਨੇ ਆਪਣੀ ਸਜ਼ਾ ਤੋਂ ਸਬਕ ਸਿੱਖਿਆ ਸੀ?

11 ਕੀ ਯਹੂਦਾਹ ਸਬਕ ਸਿੱਖ ਕੇ ਯਹੋਵਾਹ ਵੱਲ ਮੁੜਿਆ? ਕੀ ਉਸ ਦੇ ਲੋਕ ਪ੍ਰੇਤਵਾਦ ਅਤੇ ਮੂਰਤੀ-ਪੂਜਾ ਤੋਂ ਹਟ ਕੇ “ਬਿਵਸਥਾ ਤੇ ਸਾਖੀ” ਵੱਲ ਵਾਪਸ ਮੁੜੇ? ਯਹੋਵਾਹ ਪਹਿਲਾਂ ਹੀ ਜਾਣਦਾ ਸੀ ਕਿ ਉਹ ਕੀ ਕਰਨਗੇ: “ਐਉਂ ਹੋਵੇਗਾ ਕਿ ਜਦ ਓਹ ਭੁੱਖੇ ਹੋਣਗੇ ਤਾਂ ਓਹ ਆਪਣੇ ਆਪ ਤੇ ਖਿਝਣਗੇ ਅਤੇ ਆਪਣੇ ਪਾਤਸ਼ਾਹ ਤੇ ਆਪਣੇ ਪਰਮੇਸ਼ੁਰ ਨੂੰ ਫਿਟਕਾਰਨਗੇ ਅਤੇ ਆਪਣੇ ਮੂੰਹ ਉਤਾਹਾਂ ਕਰਨਗੇ।” (ਯਸਾਯਾਹ 8:21ਅ) ਜੀ ਹਾਂ, ਇਸ ਹਾਲਤ ਵਿਚ ਪੈਣ ਲਈ ਕਈ ਲੋਕਾਂ ਨੇ ਆਪਣੇ ਮਾਨਵੀ ਰਾਜੇ ਉੱਤੇ ਦੋਸ਼ ਲਾਇਆ। ਕੁਝ ਲੋਕਾਂ ਨੇ ਤਾਂ ਆਪਣੀਆਂ ਮੁਸੀਬਤਾਂ ਲਈ ਮੂਰਖਤਾ ਨਾਲ ਯਹੋਵਾਹ ਨੂੰ ਦੋਸ਼ੀ ਠਹਿਰਾਇਆ ਸੀ! (ਯਿਰਮਿਯਾਹ 44:15-18 ਦੀ ਤੁਲਨਾ ਕਰੋ।) ਅੱਜ ਵੀ ਕਈ ਲੋਕ ਇਸੇ ਤਰ੍ਹਾਂ ਕਰਦੇ ਹਨ। ਉਹ ਮਨੁੱਖਾਂ ਦੀ ਬੁਰਿਆਈ ਦੇ ਕਾਰਨ ਆਈਆਂ ਬਿਪਤਾਵਾਂ ਲਈ ਪਰਮੇਸ਼ੁਰ ਨੂੰ ਉਲਾਹਮਾ ਦਿੰਦੇ ਹਨ।

12. (ੳ) ਪਰਮੇਸ਼ੁਰ ਤੋਂ ਬੇਮੁਖ ਹੋ ਕੇ ਯਹੂਦਾਹ ਦੀ ਹਾਲਤ ਕੀ ਸੀ? (ਅ) ਕਿਹੜੇ ਜ਼ਰੂਰੀ ਸਵਾਲ ਪੁੱਛੇ ਗਏ ਹਨ?

12 ਕੀ ਪਰਮੇਸ਼ੁਰ ਨੂੰ ਫਿਟਕਾਰ ਕੇ ਯਹੂਦਾਹ ਦੇ ਵਾਸੀਆਂ ਨੂੰ ਸ਼ਾਂਤੀ ਮਿਲੀ ਸੀ? ਨਹੀਂ। ਯਸਾਯਾਹ ਨੇ ਭਵਿੱਖਬਾਣੀ ਕੀਤੀ: “ਓਹ ਧਰਤੀ ਵੱਲ ਤੱਕਣਗੇ ਅਤੇ ਵੇਖੋ! ਬਿਪਤਾ ਤੇ ਅਨ੍ਹੇਰਾ, ਕਸ਼ਟ ਦੀ ਧੁੰਦ! ਅਤੇ ਗੂੜ੍ਹੇ ਅਨ੍ਹੇਰੇ ਵਿੱਚ ਓਹ ਧੱਕੇ ਜਾਣਗੇ।” (ਯਸਾਯਾਹ 8:22) ਪਰਮੇਸ਼ੁਰ ਨੂੰ ਉਲਾਹਮਾ ਦੇਣ ਲਈ ਸਵਰਗ ਵੱਲ ਆਪਣੇ ਮੂੰਹ ਉਤਾਹਾਂ ਚੁੱਕਣ ਤੋਂ ਬਾਅਦ, ਫਿਰ ਉਨ੍ਹਾਂ ਨੇ ਧਰਤੀ ਉੱਤੇ ਆਪਣੀ ਬੁਰੀ ਹਾਲਤ ਵੱਲ ਦੇਖਿਆ। ਪਰਮੇਸ਼ੁਰ ਤੋਂ ਬੇਮੁਖ ਹੋਣ ਕਰਕੇ ਉਨ੍ਹਾਂ ਉੱਤੇ ਮੁਸੀਬਤ ਆਈ ਸੀ। (ਕਹਾਉਤਾਂ 19:3) ਪਰ, ਉਨ੍ਹਾਂ ਵਾਅਦਿਆਂ ਬਾਰੇ ਕੀ ਜੋ ਪਰਮੇਸ਼ੁਰ ਨੇ ਅਬਰਾਹਾਮ, ਇਸਹਾਕ, ਅਤੇ ਯਾਕੂਬ ਨਾਲ ਕੀਤੇ ਸਨ? (ਉਤਪਤ 22:15-18; 28:14, 15) ਕੀ ਯਹੋਵਾਹ ਆਪਣੇ ਵਾਅਦੇ ਤੋੜੇਗਾ? ਕੀ ਅੱਸ਼ੂਰੀ ਜਾਂ ਹੋਰ ਕੋਈ ਸੈਨਿਕ ਸ਼ਕਤੀ ਯਹੂਦਾਹ ਅਤੇ ਦਾਊਦ ਨਾਲ ਵਾਅਦਾ ਕੀਤੀ ਗਈ ਸ਼ਾਹੀ ਵੰਸ਼ਾਵਲੀ ਨੂੰ ਖ਼ਤਮ ਕਰ ਦੇਵੇਗੀ? (ਉਤਪਤ 49:8-10; 2 ਸਮੂਏਲ 7:11-16) ਕੀ ਇਸਰਾਏਲੀ ਲੋਕ ਹਮੇਸ਼ਾ ਲਈ ਹਨੇਰੇ ਵਿਚ ਛੱਡੇ ਗਏ ਸਨ?

“ਤੁੱਛ ਕੀਤਾ” ਗਿਆ ਦੇਸ਼

13. ‘ਕੌਮਾਂ ਦਾ ਗਲੀਲ’ ਕੀ ਸੀ, ਅਤੇ ਇਸ ਨੂੰ ‘ਤੁੱਛ ਕਿਵੇਂ ਕੀਤਾ’ ਗਿਆ?

13 ਯਸਾਯਾਹ ਨੇ ਹੁਣ ਅਬਰਾਹਾਮ ਦੀ ਅੰਸ ਨਾਲ ਵਾਪਰੀ ਇਕ ਸਭ ਤੋਂ ਭੈੜੀ ਘਟਨਾ ਬਾਰੇ ਗੱਲ ਕੀਤੀ: “ਉਹ ਦੇ ਲਈ ਜਿਹੜੀ ਕਸ਼ਟ ਵਿੱਚ ਸੀ ਧੁੰਦ ਨਹੀਂ ਹੋਵੇਗੀ। ਪਿੱਛਲੇ ਸਮੇਂ ਵਿੱਚ ਉਹ ਨੇ ਜ਼ਬੁਲੂਨ ਦੀ ਧਰਤੀ ਅਤੇ ਨਫ਼ਤਾਲੀ ਦੀ ਧਰਤੀ ਨੂੰ ਤੁੱਛ ਕੀਤਾ ਪਰ ਆਖਰੀ ਸਮੇਂ ਵਿੱਚ ਓਹ ਸਮੁੰਦਰ ਦੇ ਰਾਹ ਯਰਦਨੋਂ ਪਾਰ ਕੌਮਾਂ ਦੇ ਗਲੀਲ ਨੂੰ ਪਰਤਾਪਵਾਨ ਕਰੇਗਾ।” (ਯਸਾਯਾਹ 9:1) ਗਲੀਲ ਉੱਤਰੀ ਰਾਜ ਇਸਰਾਏਲ ਦਾ ਇਕ ਇਲਾਕਾ ਸੀ। ਯਸਾਯਾਹ ਦੀ ਭਵਿੱਖਬਾਣੀ ਵਿਚ ਇਸ ਇਲਾਕੇ ਵਿਚ “ਜ਼ਬੁਲੂਨ ਦੀ ਧਰਤੀ ਅਤੇ ਨਫ਼ਤਾਲੀ ਦੀ ਧਰਤੀ” ਅਤੇ ‘ਸਮੁੰਦਰ ਦਾ ਰਾਹ’ ਸ਼ਾਮਲ ਸੀ। ਇਹ ਰਾਹ ਇਕ ਪੁਰਾਣੀ ਸੜਕ ਸੀ ਜੋ ਗਲੀਲ ਦੀ ਝੀਲ ਦੇ ਨਾਲ-ਨਾਲ ਚੱਲ ਕੇ ਭੂਮੱਧ ਸਾਗਰ ਤਕ ਲੈ ਜਾਂਦੀ ਸੀ। ਯਸਾਯਾਹ ਦੇ ਜ਼ਮਾਨੇ ਵਿਚ, ਇਸ ਇਲਾਕੇ ਨੂੰ ‘ਕੌਮਾਂ ਦਾ ਗਲੀਲ’ ਸੱਦਿਆ ਜਾਂਦਾ ਸੀ, ਸ਼ਾਇਦ ਇਸ ਲਈ ਕਿ ਉਸ ਦੇ ਕਈਆਂ ਨਗਰਾਂ ਵਿਚ ਇਸਰਾਏਲੀਆਂ ਦੀ ਬਜਾਇ ਪਰਾਈਆਂ ਕੌਮਾਂ ਦੇ ਲੋਕ ਵੱਸਦੇ ਸਨ। * ਇਸ ਦੇਸ਼ ਨੂੰ ‘ਤੁੱਛ ਕਿਵੇਂ ਕੀਤਾ’ ਗਿਆ? ਗ਼ੈਰ-ਯਹੂਦੀ ਅੱਸ਼ੂਰੀ ਇਸ ਉੱਤੇ ਕਬਜ਼ਾ ਕਰ ਕੇ ਇਸਰਾਏਲੀ ਲੋਕਾਂ ਨੂੰ ਗ਼ੁਲਾਮੀ ਵਿਚ ਲੈ ਗਏ। ਫਿਰ ਉਨ੍ਹਾਂ ਨੇ ਪੂਰੇ ਇਲਾਕੇ ਵਿਚ ਹੋਰ ਧਰਮਾਂ ਦੇ ਲੋਕਾਂ ਨੂੰ ਲਿਆ ਕੇ ਵਸਾ ਦਿੱਤਾ, ਜੋ ਅਬਰਾਹਾਮ ਦੀ ਅੰਸ ਵਿੱਚੋਂ ਨਹੀਂ ਸਨ। ਇਸ ਤਰ੍ਹਾਂ ਦਸ-ਗੋਤੀ ਉੱਤਰੀ ਰਾਜ ਇਕ ਖ਼ਾਸ ਕੌਮ ਵਜੋਂ ਇਤਿਹਾਸ ਵਿੱਚੋਂ ਮਿਟ ਗਿਆ ਸੀ!—2 ਰਾਜਿਆਂ 17:5, 6, 18, 23, 24.

14. ਦਸ-ਗੋਤੀ ਰਾਜ ਦੀ ਧੁੰਦ ਨਾਲੋਂ ਯਹੂਦਾਹ ਦੀ “ਧੁੰਦ” ਕਿਸ ਭਾਵ ਵਿਚ ਘੱਟ ਸੀ?

14 ਯਹੂਦਾਹ ਵੀ ਅੱਸ਼ੂਰੀ ਕੌਮ ਦੇ ਦਬਾਅ ਅਧੀਨ ਸੀ। ਕੀ ਯਹੂਦਾਹ ਵੀ ਸਦਾ ਲਈ “ਧੁੰਦ” ਵਿਚ ਪੈ ਗਿਆ ਜਿਵੇਂ ਕਿ ਜ਼ਬੁਲੂਨ ਅਤੇ ਨਫ਼ਤਾਲੀ ਦੁਆਰਾ ਦਰਸਾਇਆ ਗਿਆ ਦਸ-ਗੋਤੀ ਰਾਜ ਪੈ ਗਿਆ ਸੀ? ਨਹੀਂ। “ਆਖਰੀ ਸਮੇਂ” ਵਿਚ ਯਹੋਵਾਹ ਨੇ ਦੱਖਣੀ ਰਾਜ ਯਹੂਦਾਹ ਦੇ ਇਲਾਕੇ ਨੂੰ ਅਤੇ ਉਸ ਧਰਤੀ ਨੂੰ ਵੀ ਜੋ ਉੱਤਰੀ ਰਾਜ ਦੇ ਵੱਸ ਵਿਚ ਹੁੰਦੀ ਸੀ ਬਰਕਤਾਂ ਦਿੱਤੀਆਂ। ਉਹ ਕਿਵੇਂ?

15, 16. (ੳ) ਉਹ ‘ਆਖਰੀ ਸਮਾਂ’ ਕਦੋਂ ਸੀ ਜਦੋਂ “ਜ਼ਬੂਲੁਨ ਅਤੇ ਨਫ਼ਥਾਲੀ ਦੇ ਬੰਨਿਆਂ” ਵਿਚ ਹਾਲਤ ਬਦਲੀ? (ਅ) ਉਹ ਦੇਸ਼ ਜੋ ਤੁੱਛ ਕੀਤਾ ਗਿਆ ਸੀ ਹੁਣ ਪਰਤਾਪਵਾਨ ਕਿਵੇਂ ਕੀਤਾ ਗਿਆ?

15 ਧਰਤੀ ਉੱਤੇ ਯਿਸੂ ਦੀ ਸੇਵਕਾਈ ਬਾਰੇ ਆਪਣੇ ਪ੍ਰੇਰਿਤ ਬਿਰਤਾਂਤ ਵਿਚ ਮੱਤੀ ਰਸੂਲ ਨੇ ਇਸ ਸਵਾਲ ਦਾ ਜਵਾਬ ਦਿੱਤਾ। ਉਸ ਸੇਵਕਾਈ ਦੇ ਮੁਢਲੇ ਦਿਨਾਂ ਬਾਰੇ ਦੱਸਦੇ ਹੋਏ, ਮੱਤੀ ਨੇ ਕਿਹਾ ਕਿ ‘ਯਿਸੂ ਨਾਸਰਤ ਨੂੰ ਛੱਡ ਕੇ ਕਫ਼ਰਨਾਹੂਮ ਵਿੱਚ ਗਿਆ ਜਿਹੜਾ ਝੀਲ ਦੇ ਕੰਢੇ ਜ਼ਬੂਲੁਨ ਅਤੇ ਨਫ਼ਥਾਲੀ ਦੇ ਬੰਨਿਆਂ ਵਿੱਚ ਹੈ। ਭਈ ਯਸਾਯਾਹ ਨਬੀ ਦਾ ਵਾਕ ਪੂਰਾ ਹੋਵੇ ਕਿ ਜ਼ਬੂਲੁਨ ਦੀ ਧਰਤੀ ਅਤੇ ਨਫ਼ਥਾਲੀ ਦੀ ਧਰਤੀ, ਸਮੁੰਦਰ ਦੀ ਰਾਹ ਯਰਦਨੋਂ ਪਾਰ, ਪਰਾਈਆਂ ਕੌਮਾਂ ਦੀ ਗਲੀਲ—ਜਿਹੜੇ ਲੋਕ ਅਨ੍ਹੇਰੇ ਵਿੱਚ ਬੈਠੇ ਹੋਏ ਸਨ, ਉਨ੍ਹਾਂ ਨੇ ਵੱਡਾ ਚਾਨਣ ਵੇਖਿਆ, ਅਤੇ ਜਿਹੜੇ ਮੌਤ ਦੇ ਦੇਸ ਅਤੇ ਛਾਇਆ ਵਿੱਚ ਬੈਠੇ ਹੋਏ ਸਨ, ਉਨ੍ਹਾਂ ਲਈ ਚਾਨਣ ਪਰਕਾਸ਼ ਹੋਇਆ।’—ਮੱਤੀ 4:13-16.

16 ਜੀ ਹਾਂ, ਯਸਾਯਾਹ ਦੁਆਰਾ ਦੱਸਿਆ ਗਿਆ ‘ਆਖਰੀ ਸਮਾਂ’ ਧਰਤੀ ਉੱਤੇ ਮਸੀਹ ਦੀ ਸੇਵਕਾਈ ਦਾ ਸਮਾਂ ਸੀ। ਧਰਤੀ ਉੱਤੇ ਯਿਸੂ ਨੇ ਲਗਭਗ ਆਪਣਾ ਸਾਰਾ ਜੀਵਨ ਗਲੀਲ ਵਿਚ ਗੁਜ਼ਾਰਿਆ ਸੀ। ਗਲੀਲ ਦੇ ਬੰਨਿਆਂ ਵਿਚ ਉਸ ਨੇ ਆਪਣੀ ਸੇਵਕਾਈ ਸ਼ੁਰੂ ਕਰ ਕੇ ਐਲਾਨ ਕੀਤਾ ਸੀ ਕਿ “ਸੁਰਗ ਦਾ ਰਾਜ ਨੇੜੇ ਆਇਆ ਹੈ।” (ਮੱਤੀ 4:17) ਗਲੀਲ ਵਿਚ ਉਸ ਨੇ ਆਪਣਾ ਮਸ਼ਹੂਰ ਪਹਾੜੀ ਉਪਦੇਸ਼ ਦਿੱਤਾ, ਆਪਣੇ ਰਸੂਲ ਚੁਣੇ, ਆਪਣਾ ਪਹਿਲਾ ਚਮਤਕਾਰ ਕੀਤਾ, ਅਤੇ ਜੀ ਉੱਠਣ ਤੋਂ ਬਾਅਦ ਕੁਝ 500 ਚੇਲਿਆਂ ਨੂੰ ਦਰਸ਼ਣ ਦਿੱਤਾ। (ਮੱਤੀ 5:1–7:27; 28:16-20; ਮਰਕੁਸ 3:13, 14; ਯੂਹੰਨਾ 2:8-11; 1 ਕੁਰਿੰਥੀਆਂ 15:6) ਇਸ ਤਰ੍ਹਾਂ ਯਿਸੂ ਨੇ ਯਸਾਯਾਹ ਦੀ ਭਵਿੱਖਬਾਣੀ ਪੂਰੀ ਕੀਤੀ ਅਤੇ “ਜ਼ਬੁਲੂਨ ਦੀ ਧਰਤੀ ਅਤੇ ਨਫ਼ਤਾਲੀ ਦੀ ਧਰਤੀ” ਨੂੰ ਸਨਮਾਨ ਦਿੱਤਾ। ਇਸ ਦਾ ਇਹ ਮਤਲਬ ਨਹੀਂ ਕਿ ਯਿਸੂ ਨੇ ਸਿਰਫ਼ ਗਲੀਲ ਦੇ ਲੋਕਾਂ ਨੂੰ ਪ੍ਰਚਾਰ ਕੀਤਾ ਸੀ। ਸਗੋਂ ਸਾਰੇ ਦੇਸ਼ ਵਿਚ ਪ੍ਰਚਾਰ ਕਰ ਕੇ ਯਿਸੂ ਨੇ ਯਹੂਦਾਹ ਸਮੇਤ ਇਸਰਾਏਲ ਦੀ ਸਾਰੀ ਕੌਮ ‘ਨੂੰ ਪਰਤਾਪਵਾਨ ਕੀਤਾ’ ਸੀ।

“ਵੱਡਾ ਚਾਨਣ”

17. ਗਲੀਲ ਵਿਚ “ਵੱਡਾ ਚਾਨਣ” ਕਿਵੇਂ ਚਮਕਿਆ ਸੀ?

17 ਪਰ, ਉਹ “ਵੱਡਾ ਚਾਨਣ” ਕੀ ਸੀ ਜੋ ਮੱਤੀ ਨੇ ਕਿਹਾ ਕਿ ਗਲੀਲ ਵਿਚ ਦੇਖਿਆ ਜਾਵੇਗਾ? ਇਹ ਹਵਾਲਾ ਵੀ ਯਸਾਯਾਹ ਦੀ ਭਵਿੱਖਬਾਣੀ ਤੋਂ ਲਿਆ ਗਿਆ ਸੀ। ਯਸਾਯਾਹ ਨੇ ਲਿਖਿਆ: “ਜਿਹੜੇ ਲੋਕ ਅਨ੍ਹੇਰੇ ਵਿੱਚ ਚੱਲਦੇ ਸਨ, ਓਹਨਾਂ ਨੇ ਵੱਡਾ ਚਾਨਣ ਵੇਖਿਆ, ਅਤੇ ਜਿਹੜੇ ਮੌਤ ਦੇ ਸਾਯੇ ਦੇ ਦੇਸ ਵਿੱਚ ਵੱਸਦੇ ਸਨ, ਓਹਨਾਂ ਉੱਤੇ ਚਾਨਣ ਚਮਕਿਆ।” (ਯਸਾਯਾਹ 9:2) ਪਹਿਲੀ ਸਦੀ ਤਕ, ਸੱਚਾਈ ਦਾ ਚਾਨਣ ਅਧਰਮੀ ਅਤੇ ਝੂਠੀਆਂ ਗੱਲਾਂ ਨਾਲ ਲੁਕਾਇਆ ਗਿਆ ਸੀ। ਯਹੂਦੀ ਧਾਰਮਿਕ ਆਗੂਆਂ ਨੇ ਆਪਣੇ ਧਾਰਮਿਕ ਰੀਤੀ-ਰਿਵਾਜਾਂ ਨਾਲ ਇਸ ਸਮੱਸਿਆ ਨੂੰ ਹੋਰ ਵੀ ਵਧਾ ਦਿੱਤਾ ਸੀ, ਜਿਸ ਦੇ ਕਾਰਨ ਉਨ੍ਹਾਂ ਨੇ “ਪਰਮੇਸ਼ੁਰ ਦੇ ਬਚਨ ਨੂੰ ਅਕਾਰਥ ਕਰ ਦਿੱਤਾ।” (ਮੱਤੀ 15:6) ਨਿਮਰ ਲੋਕ ‘ਅੰਨ੍ਹੇ ਆਗੂਆਂ’ ਦੇ ਪਿੱਛੇ ਲੱਗ ਕੇ ਦੁਖੀ ਅਤੇ ਗੁਮਰਾਹ ਹੋਏ ਸਨ। (ਮੱਤੀ 23:2-4, 16) ਜਦੋਂ ਮਸੀਹਾ ਵਜੋਂ ਯਿਸੂ ਆਇਆ, ਤਾਂ ਅਸਚਰਜ ਢੰਗ ਨਾਲ ਨਿਮਰ ਲੋਕਾਂ ਦੀਆਂ ਅੱਖਾਂ ਖੋਲ੍ਹੀਆਂ ਗਈਆਂ। (ਯੂਹੰਨਾ 1:9, 12) ਧਰਤੀ ਉੱਤੇ ਯਿਸੂ ਦਾ ਕੰਮ ਅਤੇ ਉਸ ਦੇ ਬਲੀਦਾਨ ਤੋਂ ਆਈਆਂ ਬਰਕਤਾਂ ਉਚਿਤ ਢੰਗ ਨਾਲ ਯਸਾਯਾਹ ਦੀ ਭਵਿੱਖਬਾਣੀ ਵਿਚ ‘ਵੱਡੇ ਚਾਨਣ’ ਵਜੋਂ ਬਿਆਨ ਕੀਤੀਆਂ ਗਈਆਂ।—ਯੂਹੰਨਾ 8:12.

18, 19. ਜਿਨ੍ਹਾਂ ਲੋਕਾਂ ਨੇ ਚਾਨਣ ਦਾ ਫ਼ਾਇਦਾ ਉਠਾਇਆ ਉਨ੍ਹਾਂ ਕੋਲ ਖ਼ੁਸ਼ੀ ਮਨਾਉਣ ਦਾ ਕੀ ਕਾਰਨ ਸੀ?

18 ਜਿਨ੍ਹਾਂ ਲੋਕਾਂ ਨੇ ਚਾਨਣ ਦਾ ਫ਼ਾਇਦਾ ਉਠਾਇਆ ਉਨ੍ਹਾਂ ਕੋਲ ਖ਼ੁਸ਼ੀ ਮਨਾਉਣ ਦਾ ਵੱਡਾ ਕਾਰਨ ਸੀ। ਯਸਾਯਾਹ ਨੇ ਅੱਗੇ ਕਿਹਾ: “ਤੈਂ ਕੌਮ ਨੂੰ ਵਧੇਰੇ ਕੀਤਾ, ਤੈਂ ਉਹ ਦੀ ਖੁਸ਼ੀ ਨੂੰ ਵਧਾਇਆ, ਓਹ ਤੇਰੇ ਸਨਮੁਖ ਖੁਸ਼ੀ ਕਰਦੇ ਹਨ, ਜਿਵੇਂ ਵਾਢੀ ਤੇ ਖੁਸ਼ੀ ਕਰੀਦੀ ਹੈ, ਅਤੇ ਜਿਵੇਂ ਲੁੱਟ ਦਾ ਮਾਲ ਵੰਡਣ ਉੱਤੇ ਓਹ ਬਾਗ ਬਾਗ ਹੁੰਦੇ ਹਨ।” (ਯਸਾਯਾਹ 9:3) ਯਿਸੂ ਅਤੇ ਉਸ ਦੇ ਚੇਲਿਆਂ ਦੇ ਪ੍ਰਚਾਰ ਦੇ ਕੰਮ ਦੇ ਨਤੀਜੇ ਵਜੋਂ, ਨੇਕਦਿਲ ਲੋਕਾਂ ਨੇ ਯਹੋਵਾਹ ਦੀ ਉਪਾਸਨਾ ਆਤਮਾ ਅਤੇ ਸੱਚਾਈ ਨਾਲ ਕਰਨ ਦੀ ਆਪਣੀ ਇੱਛਾ ਪ੍ਰਗਟ ਕੀਤੀ। (ਯੂਹੰਨਾ 4:24) ਲਗਭਗ ਚਾਰ ਸਾਲਾਂ ਦੇ ਅੰਦਰ-ਅੰਦਰ, ਬਹੁਤ ਸਾਰੇ ਲੋਕ ਮਸੀਹੀ ਬਣੇ। ਪੰਤੇਕੁਸਤ 33 ਸਾ.ਯੁ. ਦੇ ਦਿਨ ਤੇ ਤਿੰਨ ਹਜ਼ਾਰ ਲੋਕਾਂ ਨੇ ਬਪਤਿਸਮਾ ਲਿਆ। ਥੋੜ੍ਹੀ ਦੇਰ ਬਾਅਦ, “ਮਨੁੱਖਾਂ ਦੀ ਗਿਣਤੀ ਪੰਜਕੁ ਹਜ਼ਾਰ ਹੋ ਗਈ।” (ਰਸੂਲਾਂ ਦੇ ਕਰਤੱਬ 2:41; 4:4) ਜਿਉਂ-ਜਿਉਂ ਚੇਲਿਆਂ ਨੇ ਜੋਸ਼ ਨਾਲ ਚਾਨਣ ਚਮਕਾਇਆ, ‘ਯਰੂਸ਼ਲਮ ਵਿੱਚ ਚੇਲਿਆਂ ਦੀ ਗਿਣਤੀ ਬਹੁਤ ਵਧਦੀ ਗਈ ਅਤੇ ਬਹੁਤ ਸਾਰੇ ਜਾਜਕ ਉਸ ਮੱਤ ਦੇ ਮੰਨਣ ਵਾਲੇ ਹੋ ਗਏ।’—ਰਸੂਲਾਂ ਦੇ ਕਰਤੱਬ 6:7.

19 ਲੋਕ ਵਾਢੀ ਵਿਚ ਬਹੁਤ ਸਾਰਾ ਫਲ ਇਕੱਠਾ ਕਰ ਕੇ ਖ਼ੁਸ਼ ਹੁੰਦੇ ਹਨ। ਵੱਡੀ ਸੈਨਿਕ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਵੀ ਲੁੱਟੇ ਗਏ ਕੀਮਤੀ ਮਾਲ ਨੂੰ ਵੰਡ ਕੇ ਖ਼ੁਸ਼ੀ ਹੁੰਦੀ ਹੈ। ਉਸ ਤਰ੍ਹਾਂ ਯਿਸੂ ਦੇ ਚੇਲੇ ਇਹ ਵਾਧਾ ਦੇਖ ਕੇ ਬਹੁਤ ਖ਼ੁਸ਼ ਹੋਏ। (ਰਸੂਲਾਂ ਦੇ ਕਰਤੱਬ 2:46, 47) ਸਮੇਂ ਸਿਰ, ਯਹੋਵਾਹ ਨੇ ਪਰਾਈਆਂ ਕੌਮਾਂ ਉੱਤੇ ਵੀ ਚਾਨਣ ਪਾਇਆ। (ਰਸੂਲਾਂ ਦੇ ਕਰਤੱਬ 14:27) ਇਸ ਲਈ ਸਾਰੀਆਂ ਜਾਤਾਂ ਦੇ ਲੋਕਾਂ ਨੇ ਖ਼ੁਸ਼ੀ ਮਨਾਈ ਕਿ ਉਨ੍ਹਾਂ ਲਈ ਵੀ ਯਹੋਵਾਹ ਦੀ ਉਪਾਸਨਾ ਕਰਨ ਦਾ ਰਾਹ ਖੋਲ੍ਹਿਆ ਗਿਆ।—ਰਸੂਲਾਂ ਦੇ ਕਰਤੱਬ 13:48.

“ਜਿਵੇਂ ਮਿਦਯਾਨ ਦੇ ਦਿਨ ਵਿੱਚ”

20. (ੳ) ਮਿਦਯਾਨੀ ਲੋਕ ਇਸਰਾਏਲੀਆਂ ਦੇ ਦੁਸ਼ਮਣ ਕਿਵੇਂ ਸਾਬਤ ਹੋਏ, ਅਤੇ ਯਹੋਵਾਹ ਨੇ ਉਨ੍ਹਾਂ ਦੇ ਖ਼ਤਰੇ ਨੂੰ ਕਿਵੇਂ ਮਿਟਾਇਆ? (ਅ) ਯਿਸੂ ਭਵਿੱਖ ਵਿਚ ਆਉਣ ਵਾਲੇ “ਮਿਦਯਾਨ ਦੇ ਦਿਨ” ਵਿਚ ਪਰਮੇਸ਼ੁਰ ਦੇ ਲੋਕਾਂ ਦੇ ਵੈਰੀਆਂ ਦੇ ਖ਼ਤਰੇ ਨੂੰ ਕਿਵੇਂ ਖ਼ਤਮ ਕਰੇਗਾ?

20 ਮਸੀਹ ਦੇ ਕੰਮ ਦੇ ਨਤੀਜੇ ਸਦਾ ਲਈ ਕਾਇਮ ਰਹਿਣਗੇ, ਜਿਵੇਂ ਅਸੀਂ ਯਸਾਯਾਹ ਦੇ ਅਗਲੇ ਸ਼ਬਦਾਂ ਤੋਂ ਦੇਖਦੇ ਹਾਂ: “ਉਸ ਦੇ ਭਾਰ ਦੇ ਜੂਲੇ ਨੂੰ, ਉਸ ਦੇ ਮੋਢੇ ਦੀ ਲਾਠੀ ਨੂੰ, ਅਤੇ ਉਸ ਦੇ ਸਤਾਉਣ ਵਾਲੇ ਦੀ ਸੋਟੀ ਨੂੰ, ਤੈਂ ਟੋਟੇ ਟੋਟੇ ਕੀਤਾ ਜਿਵੇਂ ਮਿਦਯਾਨ ਦੇ ਦਿਨ ਵਿੱਚ।” (ਯਸਾਯਾਹ 9:4) ਯਸਾਯਾਹ ਦੇ ਜ਼ਮਾਨੇ ਤੋਂ ਸਦੀਆਂ ਪਹਿਲਾਂ, ਮਿਦਯਾਨੀ ਲੋਕਾਂ ਨੇ ਮੋਆਬੀ ਲੋਕਾਂ ਨਾਲ ਮਿਲ ਕੇ ਸਾਜ਼ਸ਼ ਘੜੀ ਸੀ ਕਿ ਉਹ ਇਸਰਾਏਲੀਆਂ ਨੂੰ ਪਾਪ ਕਰਨ ਲਈ ਲੁਭਾਉਣ। (ਗਿਣਤੀ 25:1-9, 14-18; 31:15, 16) ਬਾਅਦ ਵਿਚ, ਮਿਦਯਾਨੀਆਂ ਨੇ ਸੱਤਾਂ ਸਾਲਾਂ ਤਕ ਇਸਰਾਏਲੀਆਂ ਦੇ ਪਿੰਡਾਂ ਅਤੇ ਖੇਤਾਂ ਉੱਤੇ ਹਮਲੇ ਅਤੇ ਲੁੱਟਮਾਰ ਕਰ ਕੇ ਉਨ੍ਹਾਂ ਵਿਚ ਡਰ ਪੈਦਾ ਕੀਤਾ ਸੀ। (ਨਿਆਈਆਂ 6:1-6) ਪਰ ਫਿਰ ਯਹੋਵਾਹ ਨੇ ਆਪਣੇ ਸੇਵਕ ਗਿਦਾਊਨ ਰਾਹੀਂ ਮਿਦਯਾਨ ਦੀਆਂ ਫ਼ੌਜਾਂ ਨੂੰ ਹਰਾਇਆ। ‘ਮਿਦਯਾਨ ਦੇ ਇਸ ਦਿਨ’ ਤੋਂ ਬਾਅਦ, ਯਹੋਵਾਹ ਦੇ ਲੋਕਾਂ ਨੇ ਫਿਰ ਕਦੀ ਵੀ ਮਿਦਯਾਨੀਆਂ ਦੇ ਹੱਥੋਂ ਦੁੱਖ ਨਹੀਂ ਝੱਲੇ। (ਨਿਆਈਆਂ 6:7-16; 8:28) ਨੇੜਲੇ ਭਵਿੱਖ ਵਿਚ, ਮਹਾਨ ਗਿਦਾਊਨ, ਯਿਸੂ ਮਸੀਹ, ਯਹੋਵਾਹ ਦੇ ਲੋਕਾਂ ਦੇ ਵੈਰੀਆਂ ਦਾ ਨਾਸ਼ ਕਰੇਗਾ। (ਪਰਕਾਸ਼ ਦੀ ਪੋਥੀ 17:14; 19:11-21) ਫਿਰ, “ਜਿਵੇਂ ਮਿਦਯਾਨ ਦੇ ਦਿਨ ਵਿੱਚ” ਹੋਇਆ ਸੀ, ਇਕ ਪੂਰੀ ਅਤੇ ਹਮੇਸ਼ਾ ਦੀ ਜਿੱਤ ਪ੍ਰਾਪਤ ਕੀਤੀ ਜਾਵੇਗੀ। ਇਹ ਇਨਸਾਨਾਂ ਦੀ ਬਹਾਦਰੀ ਨਾਲ ਨਹੀਂ, ਸਗੋਂ ਯਹੋਵਾਹ ਦੀ ਸ਼ਕਤੀ ਨਾਲ ਪ੍ਰਾਪਤ ਹੋਵੇਗੀ। (ਨਿਆਈਆਂ 7:2-22) ਪਰਮੇਸ਼ੁਰ ਦੇ ਲੋਕਾਂ ਉੱਤੇ ਫਿਰ ਕਦੀ ਵੀ ਜ਼ੁਲਮ ਨਹੀਂ ਕੀਤੇ ਜਾਣਗੇ!

21. ਯਸਾਯਾਹ ਦੀ ਭਵਿੱਖਬਾਣੀ ਲੜਾਈਆਂ ਬਾਰੇ ਕੀ ਦੱਸਦੀ ਹੈ?

21 ਪਰਮੇਸ਼ੁਰ ਦੀ ਸ਼ਕਤੀ ਦੇ ਪ੍ਰਗਟਾਵੇ ਯੁੱਧ ਦੀ ਵਡਿਆਈ ਨਹੀਂ ਕਰਦੇ। ਜੀ ਉਠਾਇਆ ਗਿਆ ਯਿਸੂ ਸ਼ਾਂਤੀ ਦਾ ਰਾਜਕੁਮਾਰ ਹੈ, ਅਤੇ ਜਦੋਂ ਉਹ ਆਪਣੇ ਦੁਸ਼ਮਣਾਂ ਦਾ ਨਾਸ਼ ਕਰੇਗਾ ਉਹ ਸਦਾ ਦੀ ਸ਼ਾਂਤੀ ਕਾਇਮ ਕਰੇਗਾ। ਫਿਰ ਯਸਾਯਾਹ ਨੇ ਫ਼ੌਜੀ ਕੱਪੜਿਆਂ ਨੂੰ ਅੱਗ ਨਾਲ ਤਬਾਹ ਕੀਤੇ ਜਾਣ ਬਾਰੇ ਗੱਲ ਕੀਤੀ: “ਹਰ ਸ਼ੋਰ ਨਾਲ ਪੌੜ ਮਾਰਨ ਵਾਲਾ ਫੌਜੀ ਬੂਟ, ਅਤੇ ਹਰ ਲਹੂ ਲੁਹਾਣ ਕੱਪੜਾ, ਅੱਗ ਦੇ ਬਾਲਣ ਵਾਂਙੁ ਸਾੜਿਆ ਜਾਵੇਗਾ।” (ਯਸਾਯਾਹ 9:5) ਫ਼ੌਜੀ ਚਾਲ ਵਿਚ ਚੱਲਣ ਵਾਲੇ ਸਿਪਾਹੀਆਂ ਦੇ ਬੂਟਾਂ ਦਾ ਸ਼ੋਰ ਫਿਰ ਕਦੀ ਵੀ ਨਹੀਂ ਸੁਣਿਆ ਜਾਵੇਗਾ। ਲੜਾਈ ਕਰ ਰਹੇ ਸਿਪਾਹੀਆਂ ਦੀਆਂ ਲਹੂ-ਲੁਹਾਨ ਵਰਦੀਆਂ ਫਿਰ ਕਦੀ ਨਹੀਂ ਦੇਖੀਆਂ ਜਾਣਗੀਆਂ। ਲੜਾਈਆਂ ਖ਼ਤਮ ਕੀਤੀਆਂ ਜਾਣਗੀਆਂ!—ਜ਼ਬੂਰ 46:9.

“ਅਚਰਜ ਸਲਾਹੂ”

22. ਯਸਾਯਾਹ ਦੀ ਪੁਸਤਕ ਵਿਚ ਭਵਿੱਖਬਾਣੀ ਅਨੁਸਾਰ ਯਿਸੂ ਦਾ ਨਾਂ ਕੀ ਹੈ?

22 ਜਦੋਂ ਮਸੀਹਾ ਬਣਨ ਵਾਲੇ ਬੱਚੇ ਦਾ ਚਮਤਕਾਰੀ ਜਨਮ ਹੋਇਆ ਸੀ, ਤਾਂ ਉਸ ਦਾ ਨਾਂ ਯਿਸੂ ਰੱਖਿਆ ਗਿਆ। ਇਸ ਨਾਂ ਦਾ ਮਤਲਬ ਹੈ “ਯਹੋਵਾਹ ਮੁਕਤੀ ਹੈ।” ਪਰ ਭਵਿੱਖਬਾਣੀ ਅਨੁਸਾਰ ਉਸ ਦੇ ਹੋਰ ਵੀ ਨਾਂ ਹਨ ਜੋ ਉਸ ਦੇ ਕੰਮ ਅਤੇ ਪਦਵੀਆਂ ਬਾਰੇ ਦੱਸਦੇ ਹਨ। ਅਜਿਹਾ ਇਕ ਨਾਂ ਇੰਮਾਨੂਏਲ ਹੈ, ਜਿਸ ਦਾ ਮਤਲਬ ਹੈ “ਪਰਮੇਸ਼ੁਰ ਸਾਡੇ ਸੰਗ ਹੈ।” (ਯਸਾਯਾਹ 7:14) ਯਸਾਯਾਹ ਨੇ ਅੱਗੇ ਇਕ ਹੋਰ ਨਾਂ ਬਾਰੇ ਦੱਸਿਆ: “ਸਾਡੇ ਲਈ ਤਾਂ ਇੱਕ ਬਾਲਕ ਜੰਮਿਆ, ਅਤੇ ਸਾਨੂੰ ਇੱਕ ਪੁੱਤ੍ਰ ਬਖ਼ਸ਼ਿਆ ਗਿਆ, ਰਾਜ ਉਹ ਦੇ ਮੋਢੇ ਉੱਤੇ ਹੋਵੇਗਾ, ਅਤੇ ਉਹ ਦਾ ਨਾਮ ਇਉਂ ਸੱਦਿਆ ਜਾਵੇਗਾ, ‘ਅਚਰਜ ਸਲਾਹੂ, ਸ਼ਕਤੀਮਾਨ ਪਰਮੇਸ਼ੁਰ [“ਸ਼ਕਤੀਮਾਨ ਈਸ਼ਵਰ,” “ਨਿ ਵ”], ਅਨਾਦੀ ਪਿਤਾ, ਸ਼ਾਂਤੀ ਦਾ ਰਾਜ ਕੁਮਾਰ।’” (ਯਸਾਯਾਹ 9:6) ਇਸ ਨਾਂ ਦੇ ਵੱਖੋ-ਵੱਖਰੇ ਹਿੱਸਿਆਂ ਦੇ ਖ਼ਾਸ ਅਰਥ ਵੱਲ ਧਿਆਨ ਦਿਓ।

23, 24. (ੳ) ਯਿਸੂ “ਅਚਰਜ ਸਲਾਹੂ” ਕਿਵੇਂ ਹੈ? (ਅ) ਅੱਜ ਦੇ ਮਸੀਹੀ ਸਲਾਹਕਾਰ ਯਿਸੂ ਦੀ ਮਿਸਾਲ ਉੱਤੇ ਕਿਵੇਂ ਚੱਲ ਸਕਦੇ ਹਨ?

23 ਸਲਾਹੂ ਉਹ ਵਿਅਕਤੀ ਹੁੰਦਾ ਹੈ ਜੋ ਸਲਾਹ ਜਾਂ ਰਾਇ ਦਿੰਦਾ ਹੈ। ਜਦੋਂ ਯਿਸੂ ਮਸੀਹ ਧਰਤੀ ਉੱਤੇ ਸੀ, ਤਾਂ ਉਸ ਨੇ ਵਧੀਆ ਸਲਾਹਾਂ ਦਿੱਤੀਆਂ ਸਨ। ਬਾਈਬਲ ਵਿਚ ਅਸੀਂ ਪੜ੍ਹਦੇ ਹਾਂ ਕਿ “ਭੀੜ ਉਹ ਦੇ ਉਪਦੇਸ਼ ਤੋਂ ਹੈਰਾਨ ਹੋਈ।” (ਮੱਤੀ 7:28) ਉਹ ਬੁੱਧੀਮਾਨ ਅਤੇ ਹਮਦਰਦ ਸਲਾਹਕਾਰ ਹੈ, ਜੋ ਇਨਸਾਨਾਂ ਨੂੰ ਬਹੁਤ ਚੰਗੀ ਤਰ੍ਹਾਂ ਸਮਝਦਾ ਹੈ। ਉਸ ਦੀ ਸਲਾਹ ਸਿਰਫ਼ ਤਾੜਦੀ ਜਾਂ ਸਜ਼ਾ ਹੀ ਨਹੀਂ ਦਿੰਦੀ। ਅਕਸਰ ਇਹ ਸਲਾਹ ਸਿੱਖਿਆ ਅਤੇ ਪ੍ਰੇਮ ਨਾਲ ਦਿੱਤੀ ਗਈ ਰਾਇ ਦੇ ਰੂਪ ਵਿਚ ਹੁੰਦੀ ਹੈ। ਯਿਸੂ ਦੀ ਸਲਾਹ ਅਸਚਰਜ ਹੈ ਕਿਉਂਕਿ ਇਹ ਹਮੇਸ਼ਾ ਚੰਗੀ, ਸੰਪੂਰਣ, ਅਤੇ ਭਰੋਸੇਯੋਗ ਹੁੰਦੀ ਹੈ। ਜਦੋਂ ਅਸੀਂ ਇਸ ਦੇ ਅਨੁਸਾਰ ਚੱਲਦੇ ਹਾਂ, ਤਾਂ ਇਹ ਸਾਨੂੰ ਸਦਾ ਦੇ ਜੀਵਨ ਦੇ ਰਸਤੇ ਤੇ ਪਾਉਂਦੀ ਹੈ।—ਯੂਹੰਨਾ 6:68.

24 ਯਿਸੂ ਦੀ ਸਲਾਹ ਉਸ ਦੇ ਵਧੀਆ ਦਿਮਾਗ਼ ਤੋਂ ਹੀ ਨਹੀਂ ਦਿੱਤੀ ਜਾਂਦੀ ਸੀ। ਬਲਕਿ, ਉਸ ਨੇ ਕਿਹਾ ਕਿ “ਮੇਰੀ ਸਿੱਖਿਆ ਮੇਰੀ ਆਪਣੀ ਨਹੀਂ ਸਗੋਂ ਉਹ ਦੀ ਹੈ ਜਿਨ੍ਹ ਮੈਨੂੰ ਘੱਲਿਆ।” (ਯੂਹੰਨਾ 7:16) ਜਿਵੇਂ ਸੁਲੇਮਾਨ ਬਾਰੇ ਇਹ ਗੱਲ ਸੱਚ ਸੀ, ਉਵੇਂ ਯਿਸੂ ਦੀ ਬੁੱਧ ਯਹੋਵਾਹ ਪਰਮੇਸ਼ੁਰ ਤੋਂ ਹੈ। (1 ਰਾਜਿਆਂ 3:7-14; ਮੱਤੀ 12:42) ਮਸੀਹੀ ਕਲੀਸਿਯਾ ਵਿਚ ਯਿਸੂ ਦੀ ਮਿਸਾਲ ਨੂੰ ਉਪਦੇਸ਼ਕਾਂ ਅਤੇ ਸਲਾਹਕਾਰਾਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ ਕਿ ਉਹ ਆਪਣੀ ਸਿੱਖਿਆ ਹਮੇਸ਼ਾ ਪਰਮੇਸ਼ੁਰ ਦੇ ਬਚਨ ਉੱਤੇ ਆਧਾਰਿਤ ਕਰਨ।—ਕਹਾਉਤਾਂ 21:30.

“ਸ਼ਕਤੀਮਾਨ ਈਸ਼ਵਰ” ਅਤੇ “ਅਨਾਦੀ ਪਿਤਾ”

25. “ਸ਼ਕਤੀਮਾਨ ਈਸ਼ਵਰ” ਨਾਂ ਸਾਨੂੰ ਸਵਰਗ ਵਿਚ ਯਿਸੂ ਬਾਰੇ ਕੀ ਦੱਸਦਾ ਹੈ?

25 ਯਿਸੂ “ਸ਼ਕਤੀਮਾਨ ਈਸ਼ਵਰ” ਅਤੇ “ਅਨਾਦੀ ਪਿਤਾ” ਵੀ ਹੈ। ਇਸ ਦਾ ਇਹ ਮਤਲਬ ਨਹੀਂ ਕਿ ਉਹ ਯਹੋਵਾਹ ਦੇ ਇਖ਼ਤਿਆਰ ਅਤੇ ਉਸ ਦੀ ਪਦਵੀ ਉੱਤੇ ਅਧਿਕਾਰ ਜਮਾਉਣਾ ਚਾਹੁੰਦਾ ਹੈ। ਯਹੋਵਾਹ ‘ਸਾਡਾ ਪਿਤਾ ਪਰਮੇਸ਼ੁਰ’ ਹੈ। (2 ਕੁਰਿੰਥੀਆਂ 1:2) ‘ਯਿਸੂ ਨੇ ਪਰਮੇਸ਼ੁਰ ਦੇ ਤੁੱਲ ਹੋਣਾ ਕਬਜ਼ੇ ਰੱਖਣ ਦੀ ਚੀਜ਼ ਨਾ ਜਾਣਿਆ।’ (ਫ਼ਿਲਿੱਪੀਆਂ 2:6) ਉਸ ਨੂੰ ਸਰਬਸ਼ਕਤੀਮਾਨ ਪਰਮੇਸ਼ੁਰ ਨਹੀਂ, ਸਗੋਂ ਸ਼ਕਤੀਮਾਨ ਈਸ਼ਵਰ ਸੱਦਿਆ ਜਾਂਦਾ ਹੈ। ਯਿਸੂ ਨੇ ਕਦੀ ਵੀ ਨਹੀਂ ਸੋਚਿਆ ਕਿ ਉਹ ਸਰਬਸ਼ਕਤੀਮਾਨ ਪਰਮੇਸ਼ੁਰ ਹੈ। ਉਸ ਨੇ ਖ਼ੁਦ ਕਿਹਾ ਕਿ ਉਸ ਦਾ ਪਿਤਾ “ਸੱਚਾ ਵਾਹਿਦ ਪਰਮੇਸ਼ੁਰ ਹੈ,” ਯਾਨੀ ਸਿਰਫ਼ ਪਰਮੇਸ਼ੁਰ ਦੀ ਹੀ ਉਪਾਸਨਾ ਕੀਤੀ ਜਾਣੀ ਚਾਹੀਦੀ ਹੈ। (ਯੂਹੰਨਾ 17:3; ਪਰਕਾਸ਼ ਦੀ ਪੋਥੀ 4:11) ਬਾਈਬਲ ਵਿਚ ਸ਼ਬਦ “ਈਸ਼ਵਰ” ਦਾ ਮਤਲਬ “ਸ਼ਕਤੀਮਾਨ” ਜਾਂ “ਬਲਵਾਨ” ਹੋ ਸਕਦਾ ਹੈ। (ਕੂਚ 12:12; ਜ਼ਬੂਰ 8:5; 2 ਕੁਰਿੰਥੀਆਂ 4:4) ਧਰਤੀ ਉੱਤੇ ਆਉਣ ਤੋਂ ਪਹਿਲਾਂ, ਯਿਸੂ “ਪਰਮੇਸ਼ੁਰ ਦੇ ਸਰੂਪ ਵਿੱਚ” ਇਕ ਈਸ਼ਵਰ ਸੀ। ਉਸ ਦੇ ਜੀ ਉਠਾਏ ਜਾਣ ਤੋਂ ਬਾਅਦ, ਸਵਰਗ ਵਿਚ ਵਾਪਸ ਜਾਣ ਤੇ ਉਸ ਦੀ ਪਦਵੀ ਹੋਰ ਵੀ ਉੱਚੀ ਕੀਤੀ ਗਈ ਸੀ। (ਫ਼ਿਲਿੱਪੀਆਂ 2:6-11; ਯੂਹੰਨਾ 1:1) ਇਸ ਤੋਂ ਇਲਾਵਾ, ਸ਼ਬਦ “ਈਸ਼ਵਰ,” ਜਾਂ “ਦਿਓਤੇ,” ਦਾ ਇਕ ਹੋਰ ਅਰਥ ਵੀ ਹੋ ਸਕਦਾ ਹੈ। ਇਸਰਾਏਲ ਦੇ ਜਾਜਕਾਂ ਨੂੰ “ਦਿਓਤੇ” ਸੱਦਿਆ ਜਾਂਦਾ ਸੀ—ਯਿਸੂ ਨੇ ਵੀ ਇਕ ਵਾਰ ਉਨ੍ਹਾਂ ਨੂੰ ਦਿਓਤੇ ਸੱਦਿਆ ਸੀ। (ਜ਼ਬੂਰ 82:6; ਯੂਹੰਨਾ 10:35) ਯਿਸੂ ਯਹੋਵਾਹ ਦਾ ਨਿਯੁਕਤ ਕੀਤਾ ਗਿਆ ਨਿਆਂਕਾਰ ਹੈ, “ਜਿਹੜਾ ਜੀਉਂਦਿਆਂ ਅਤੇ ਮੋਇਆਂ ਦਾ ਨਿਆਉਂ ਕਰੇਗਾ।” (2 ਤਿਮੋਥਿਉਸ 4:1; ਯੂਹੰਨਾ 5:30) ਫਿਰ ਇਹ ਸਪੱਸ਼ਟ ਹੈ ਕਿ ਉਸ ਨੂੰ ਸ਼ਕਤੀਮਾਨ ਈਸ਼ਵਰ ਸੱਦਣਾ ਢੁਕਵਾਂ ਹੈ।

26. ਯਿਸੂ ਨੂੰ “ਅਨਾਦੀ ਪਿਤਾ” ਕਿਉਂ ਸੱਦਿਆ ਜਾ ਸਕਦਾ ਹੈ?

26 “ਅਨਾਦੀ ਪਿਤਾ” ਦੀ ਪਦਵੀ ਮਸੀਹਾਈ ਰਾਜੇ ਦੀ ਸ਼ਕਤੀ ਅਤੇ ਇਖ਼ਤਿਆਰ ਵੱਲ ਧਿਆਨ ਖਿੱਚਦੀ ਹੈ ਕਿ ਉਹ ਧਰਤੀ ਉੱਤੇ ਇਨਸਾਨਾਂ ਨੂੰ ਸਦਾ ਦੇ ਜੀਵਨ ਦੀ ਉਮੀਦ ਦੇ ਸਕਦਾ ਹੈ। (ਯੂਹੰਨਾ 11:25, 26) ਸਾਡੇ ਪਹਿਲੇ ਪਿਤਾ, ਆਦਮ ਨੇ ਸਾਨੂੰ ਵਿਰਸੇ ਵਿਚ ਮੌਤ ਦਿੱਤੀ। ਛੇਕੜਲਾ ਆਦਮ, ਯਾਨੀ ਯਿਸੂ, “ਜੀਵਨ ਦਾਤਾ ਆਤਮਾ ਹੋਇਆ।” (1 ਕੁਰਿੰਥੀਆਂ 15:22, 45; ਰੋਮੀਆਂ 5:12, 18) ਠੀਕ ਜਿਵੇਂ ਅਨਾਦੀ ਪਿਤਾ, ਯਿਸੂ, ਸਦਾ ਲਈ ਜੀਉਂਦਾ ਰਹੇਗਾ, ਉਸੇ ਤਰ੍ਹਾਂ ਆਗਿਆਕਾਰ ਮਨੁੱਖਜਾਤੀ ਵੀ ਉਸ ਦੇ ਪਿਤਾ ਹੋਣ ਦੇ ਫ਼ਾਇਦਿਆਂ ਦਾ ਸਦਾ ਲਈ ਆਨੰਦ ਮਾਣੇਗੀ।—ਰੋਮੀਆਂ 6:9.

“ਸ਼ਾਂਤੀ ਦਾ ਰਾਜ ਕੁਮਾਰ”

27, 28. ‘ਸ਼ਾਂਤੀ ਦੇ ਰਾਜ ਕੁਮਾਰ’ ਦੀ ਪਰਜਾ ਨੂੰ ਹੁਣ ਅਤੇ ਅਗਾਹਾਂ ਨੂੰ ਕਿਹੜੇ ਵਧੀਆ ਲਾਭ ਮਿਲਣਗੇ?

27 ਸਦਾ ਦੇ ਜੀਵਨ ਹਾਸਲ ਕਰਨ ਤੋਂ ਇਲਾਵਾ, ਇਨਸਾਨਾਂ ਨੂੰ ਪਰਮੇਸ਼ੁਰ ਅਤੇ ਆਪਣੇ ਸੰਗੀ ਮਨੁੱਖਾਂ ਨਾਲ ਸ਼ਾਂਤੀ ਰੱਖਣ ਦੀ ਜ਼ਰੂਰਤ ਹੈ। ਅੱਜ ਵੀ, ਜਿਨ੍ਹਾਂ ਨੇ ‘ਸ਼ਾਂਤੀ ਦੇ ਰਾਜ ਕੁਮਾਰ’ ਦਾ ਰਾਜ ਸਵੀਕਾਰ ਕੀਤਾ ਹੈ, ਉਨ੍ਹਾਂ ਨੇ ‘ਆਪਣੀਆਂ ਤਲਵਾਰਾਂ ਨੂੰ ਕੁੱਟ ਕੇ ਫਾਲੇ ਬਣਾਏ ਹਨ, ਅਤੇ ਆਪਣੇ ਬਰਛਿਆਂ ਨੂੰ ਦਾਤ।’ (ਯਸਾਯਾਹ 2:2-4) ਉਹ ਰਾਜਨੀਤਿਕ, ਇਲਾਕਾਈ, ਜਾਤੀਗਤ, ਜਾਂ ਮਾਲੀ ਚੀਜ਼ਾਂ ਕਰਕੇ ਦੂਜਿਆਂ ਨਾਲ ਫ਼ਰਕ ਜਾਂ ਨਫ਼ਰਤ ਨਹੀਂ ਕਰਦੇ। ਉਹ ਇੱਕੋ-ਇਕ ਸੱਚੇ ਪਰਮੇਸ਼ੁਰ, ਯਹੋਵਾਹ, ਦੀ ਉਪਾਸਨਾ ਵਿਚ ਇਕਮੁੱਠ ਹਨ। ਉਹ ਕਲੀਸਿਯਾ ਦੇ ਅੰਦਰ ਅਤੇ ਬਾਹਰ, ਆਪਣੇ ਗੁਆਂਢੀਆਂ ਨਾਲ ਸ਼ਾਂਤੀ ਕਾਇਮ ਰੱਖਣ ਦੀ ਕੋਸ਼ਿਸ਼ ਕਰਦੇ ਹਨ।—ਗਲਾਤੀਆਂ 6:10; ਅਫ਼ਸੀਆਂ 4:2, 3; 2 ਤਿਮੋਥਿਉਸ 2:24.

28 ਪਰਮੇਸ਼ੁਰ ਦੇ ਸਮੇਂ ਮੁਤਾਬਕ, ਮਸੀਹ ਧਰਤੀ ਉੱਤੇ ਸਦਾ ਲਈ ਸ਼ਾਂਤੀ ਸਥਾਪਿਤ ਕਰੇਗਾ ਜੋ ਸਾਰੇ ਵਿਸ਼ਵ ਵਿਚ ਹੋਵੇਗੀ। (ਰਸੂਲਾਂ ਦੇ ਕਰਤੱਬ 1:7) “ਉਹ ਦੇ ਰਾਜ ਦੀ ਤਰੱਕੀ, ਅਤੇ ਸਲਾਮਤੀ ਦੀ ਕੋਈ ਹੱਦ ਨਾ ਹੋਵੇਗੀ, ਦਾਊਦ ਦੀ ਰਾਜ-ਗੱਦੀ ਉੱਤੇ, ਅਤੇ ਉਹ ਦੀ ਪਾਤਸ਼ਾਹੀ ਉੱਤੇ, ਭਈ ਉਹ ਉਸ ਨੂੰ ਕਾਇਮ ਕਰੇ, ਅਤੇ ਨਿਆਉਂ ਤੇ ਧਰਮ ਨਾਲ ਉਸ ਨੂੰ ਹੁਣ ਤੋਂ ਜੁੱਗੋ ਜੁੱਗ ਸੰਭਾਲੇ।” (ਯਸਾਯਾਹ 9:7ੳ) ਸ਼ਾਂਤੀ ਦੇ ਰਾਜਕੁਮਾਰ ਵਜੋਂ ਆਪਣਾ ਇਖ਼ਤਿਆਰ ਇਸਤੇਮਾਲ ਕਰਦੇ ਹੋਏ, ਯਿਸੂ ਨਿਰਦਈ ਨਹੀਂ ਹੋਵੇਗਾ। ਉਸ ਦੀ ਪਰਜਾ ਦੀ ਆਜ਼ਾਦੀ ਖੋਹੀ ਨਹੀਂ ਜਾਵੇਗੀ ਅਤੇ ਉਨ੍ਹਾਂ ਨੂੰ ਮਜਬੂਰੀ ਨਾਲ ਆਗਿਆਕਾਰ ਨਹੀਂ ਬਣਾਇਆ ਜਾਵੇਗਾ। ਸਗੋਂ, ਜੋ ਕੁਝ ਵੀ ਉਹ ਕਰੇਗਾ ਉਹ “ਨਿਆਉਂ ਤੇ ਧਰਮ ਨਾਲ” ਪੂਰਾ ਹੋਵੇਗਾ। ਇਹ ਕਿੰਨਾ ਸੁਖ ਦਾ ਸਮਾਂ ਹੋਵੇਗਾ!

29. ਜੇ ਅਸੀਂ ਸਦਾ ਦੀ ਸ਼ਾਂਤੀ ਦੀ ਅਸੀਸ ਚਾਹੁੰਦੇ ਹਾਂ ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?

29 ਯਿਸੂ ਦੇ ਭਵਿੱਖ-ਸੂਚਕ ਨਾਂ ਦੇ ਮਤਲਬ ਨੂੰ ਧਿਆਨ ਵਿਚ ਰੱਖਦੇ ਹੋਏ, ਯਸਾਯਾਹ ਦੀ ਭਵਿੱਖਬਾਣੀ ਦੇ ਇਸ ਹਿੱਸੇ ਦੀ ਸਮਾਪਤੀ ਬਹੁਤ ਖ਼ੁਸ਼ੀ ਲਿਆਉਂਦੀ ਹੈ। ਉਸ ਨੇ ਲਿਖਿਆ: “ਸੈਨਾਂ ਦੇ ਯਹੋਵਾਹ ਦੀ ਅਣਖ ਏਹ ਕਰੇਗੀ।” (ਯਸਾਯਾਹ 9:7ਅ) ਜੀ ਹਾਂ, ਯਹੋਵਾਹ ਅਣਖ ਜਾਂ ਜੋਸ਼ ਨਾਲ ਕੰਮ ਕਰਦਾ ਹੈ। ਉਹ ਸਭ ਕੁਝ ਚਿੱਤ ਲਾ ਕੇ ਕਰਦਾ ਹੈ। ਅਸੀਂ ਯਕੀਨ ਕਰ ਸਕਦੇ ਹਾਂ ਕਿ ਉਹ ਆਪਣਾ ਹਰ ਵਾਅਦਾ ਪੂਰੀ ਤਰ੍ਹਾਂ ਨਿਭਾਏਗਾ। ਤਾਂ ਫਿਰ, ਜੇ ਕੋਈ ਵਿਅਕਤੀ ਸਦਾ ਦੀ ਸ਼ਾਂਤੀ ਦਾ ਆਨੰਦ ਮਾਣਨਾ ਚਾਹੁੰਦਾ ਹੈ, ਤਾਂ ਉਸ ਨੂੰ ਤਨ-ਮਨ ਲਾ ਕੇ ਯਹੋਵਾਹ ਦੀ ਸੇਵਾ ਕਰਨੀ ਚਾਹੀਦੀ ਹੈ। ਉਮੀਦ ਹੈ ਕਿ ਯਹੋਵਾਹ ਪਰਮੇਸ਼ੁਰ ਅਤੇ ਸ਼ਾਂਤੀ ਦੇ ਰਾਜਕੁਮਾਰ ਯਿਸੂ ਵਾਂਗ, ਪਰਮੇਸ਼ੁਰ ਦੇ ਸਾਰੇ ਸੇਵਕ ‘ਸ਼ੁਭ ਕਰਮਾਂ ਵਿੱਚ ਸਰਗਰਮ ਹੋਣਗੇ।’—ਤੀਤੁਸ 2:14.

[ਫੁਟਨੋਟ]

^ ਪੈਰਾ 6 ਕਈ ਲੋਕ ਮੰਨਦੇ ਹਨ ਕਿ ਰਾਜਾ ਬਣਨ ਤੋਂ ਪਹਿਲਾਂ ਹਿਜ਼ਕੀਯਾਹ ਨੇ ਜ਼ਬੂਰ 119 ਲਿਖਿਆ ਸੀ। ਜੇ ਇਹ ਸੱਚ ਹੈ, ਤਾਂ ਹੋ ਸਕਦਾ ਹੈ ਕਿ ਇਹ ਉਸ ਸਮੇਂ ਲਿਖਿਆ ਗਿਆ ਸੀ ਜਦੋਂ ਯਸਾਯਾਹ ਭਵਿੱਖਬਾਣੀਆਂ ਕਰ ਰਿਹਾ ਸੀ।

^ ਪੈਰਾ 9 ਯਸਾਯਾਹ 8:20 ਵਿਚ ਪਾਇਆ ਜਾਂਦਾ ਸ਼ਬਦ “ਬਚਨ,” ਯਸਾਯਾਹ 8:19 ਵਿਚ ਪ੍ਰੇਤਵਾਦ ਬਾਰੇ ਬਚਨ ਹੋ ਸਕਦਾ ਹੈ। ਜੇ ਇਹ ਗੱਲ ਹੈ, ਤਾਂ ਯਸਾਯਾਹ ਇਹ ਕਹਿ ਰਿਹਾ ਸੀ ਕਿ ਯਹੂਦਾਹ ਵਿਚ ਪ੍ਰੇਤਵਾਦ ਨੂੰ ਅੱਗੇ ਵਧਾਉਣ ਵਾਲੇ ਵਿਅਕਤੀ ਦੂਸਰੇ ਲੋਕਾਂ ਨੂੰ ਪ੍ਰੇਤ-ਮਾਧਿਅਮਾਂ ਕੋਲ ਜਾਣ ਦੀ ਸਲਾਹ ਦਿੰਦੇ ਰਹਿਣਗੇ ਅਤੇ ਇਸ ਲਈ ਉਨ੍ਹਾਂ ਨੂੰ ਯਹੋਵਾਹ ਤੋਂ ਚਾਨਣ ਨਹੀਂ ਮਿਲੇਗਾ।

^ ਪੈਰਾ 13 ਕਿਹਾ ਜਾਂਦਾ ਹੈ ਕਿ ਗਲੀਲ ਦੇ ਉਨ੍ਹਾਂ 20 ਨਗਰਾਂ ਵਿਚ, ਜੋ ਰਾਜਾ ਸੁਲੇਮਾਨ ਨੇ ਸੂਰ ਦੇ ਰਾਜਾ ਹੀਰਾਮ ਨੂੰ ਦਿੱਤੇ ਸਨ, ਸ਼ਾਇਦ ਗ਼ੈਰ-ਯਹੂਦੀ ਲੋਕ ਵੱਸਦੇ ਸਨ।—1 ਰਾਜਿਆਂ 9:10-13.

[ਸਵਾਲ]

[ਸਫ਼ਾ 122 ਉੱਤੇ ਨਕਸ਼ਾ/ਤਸਵੀਰ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਖ਼ੁਰਾਜ਼ੀਨ

ਬੈਤਸੈਦਾ

ਕਫ਼ਰਨਾਹੂਮ

ਗੰਨੇਸਰਤ ਦਾ ਮੈਦਾਨ

ਗਲੀਲ ਦੀ ਝੀਲ

ਮਗਦਾਨ

ਤਿਬਿਰਿਯਾਸ

ਯਰਦਨ ਨਦੀ

ਗਾਡਰਾ

ਗਾਡਰਾ

[ਸਫ਼ਾ 119 ਉੱਤੇ ਤਸਵੀਰਾਂ]

ਕਾਈਨ ਅਤੇ ਯਿਸੂ ਦੇ ਜਨਮ ਬਹੁਤ ਖ਼ਾਸ ਸਨ। ਸਿਰਫ਼ ਯਿਸੂ ਦੇ ਜਨਮ ਦਾ ਚੰਗਾ ਨਤੀਜਾ ਨਿਕਲਿਆ

[ਸਫ਼ਾ 121 ਉੱਤੇ ਤਸਵੀਰ]

ਰੋਟੀ ਲਈ ਭੁੱਖ ਅਤੇ ਪਾਣੀ ਲਈ ਤਿਹਾ ਨਾਲੋਂ ਇਕ ਭੈੜਾ ਕਾਲ਼ ਆਇਆ

[ਸਫ਼ਾ 127 ਉੱਤੇ ਤਸਵੀਰ]

ਯਿਸੂ ਦੇਸ਼ ਵਿਚ ਚਾਨਣ ਸੀ