Skip to content

Skip to table of contents

‘ਇਕ ਮਨ ਭਾਉਂਦਾ ਸਮਾਂ’

‘ਇਕ ਮਨ ਭਾਉਂਦਾ ਸਮਾਂ’

ਦਸਵਾਂ ਅਧਿਆਇ

‘ਇਕ ਮਨ ਭਾਉਂਦਾ ਸਮਾਂ’

ਯਸਾਯਾਹ 49:1-26

1, 2. (ੳ) ਯਸਾਯਾਹ ਨੇ ਕਿਹੜੀ ਬਰਕਤ ਦਾ ਆਨੰਦ ਮਾਣਿਆ ਸੀ? (ਅ) ਯਸਾਯਾਹ ਦੇ 49ਵੇਂ ਅਧਿਆਇ ਦੇ ਪਹਿਲੇ ਹਿੱਸੇ ਦੇ ਸ਼ਬਦ ਕਿਨ੍ਹਾਂ ਉੱਤੇ ਲਾਗੂ ਹੁੰਦੇ ਹਨ?

ਹਰ ਵਫ਼ਾਦਾਰ ਇਨਸਾਨ ਪਰਮੇਸ਼ੁਰ ਦੀ ਮਨਜ਼ੂਰੀ ਅਤੇ ਸੁਰੱਖਿਆ ਦਾ ਆਨੰਦ ਮਾਣਦਾ ਹੈ। ਪਰ ਯਹੋਵਾਹ ਸਾਰਿਆਂ ਨੂੰ ਬਿਨਾਂ ਸ਼ਰਤ ਮਨਜ਼ੂਰ ਨਹੀਂ ਕਰਦਾ ਹੈ। ਇਕ ਵਿਅਕਤੀ ਨੂੰ ਅਜਿਹੀ ਵੱਡੀ ਬਰਕਤ ਪਾਉਣ ਦੇ ਲਾਇਕ ਬਣਨਾ ਪੈਂਦਾ ਹੈ। ਯਸਾਯਾਹ ਇਕ ਅਜਿਹਾ ਇਨਸਾਨ ਸੀ ਜਿਸ ਨੂੰ ਪਰਮੇਸ਼ੁਰ ਦੀ ਮਨਜ਼ੂਰੀ ਮਿਲੀ ਸੀ ਅਤੇ ਯਹੋਵਾਹ ਨੇ ਉਸ ਨੂੰ ਆਪਣੀ ਇੱਛਾ ਦੂਸਰਿਆਂ ਨੂੰ ਦੱਸਣ ਲਈ ਵਰਤਿਆ ਸੀ। ਇਸ ਦੀ ਇਕ ਮਿਸਾਲ ਯਸਾਯਾਹ ਦੀ ਭਵਿੱਖਬਾਣੀ ਦੇ 49ਵੇਂ ਅਧਿਆਇ ਦੇ ਪਹਿਲੇ ਹਿੱਸੇ ਵਿਚ ਮਿਲਦੀ ਹੈ।

2 ਇਸ ਭਵਿੱਖਬਾਣੀ ਦੇ ਇਹ ਸ਼ਬਦ ਅਬਰਾਹਾਮ ਦੀ ਅੰਸ ਨੂੰ ਕਹੇ ਗਏ ਸਨ। ਇਸ ਭਵਿੱਖਬਾਣੀ ਦੀ ਪਹਿਲੀ ਪੂਰਤੀ ਵਿਚ ਅਬਰਾਹਾਮ ਦੀ ਅੰਸ ਇਸਰਾਏਲ ਦੀ ਕੌਮ ਸੀ। ਲੇਕਿਨ ਇਨ੍ਹਾਂ ਸ਼ਬਦਾਂ ਤੋਂ ਸਾਫ਼-ਸਾਫ਼ ਪਤਾ ਲੱਗਦਾ ਹੈ ਕਿ ਇਹ ਸ਼ਬਦ ਬਹੁਤ ਸਮੇਂ ਤੋਂ ਉਡੀਕ ਕੀਤੀ ਗਈ ਅਬਰਾਹਾਮ ਦੀ ਅੰਸ, ਯਾਨੀ ਵਾਅਦਾ ਕੀਤੇ ਗਏ ਮਸੀਹਾ ਉੱਤੇ ਲਾਗੂ ਹੁੰਦੇ ਹਨ। ਇਹ ਮਸੀਹਾ ਦੇ ਮਸਹ ਕੀਤੇ ਹੋਏ ਭਰਾਵਾਂ ਉੱਤੇ ਵੀ ਲਾਗੂ ਹੁੰਦੇ ਹਨ, ਜੋ ਅਬਰਾਹਾਮ ਦੀ ਰੂਹਾਨੀ ਅੰਸ ਅਤੇ “ਪਰਮੇਸ਼ੁਰ ਦੇ ਇਸਰਾਏਲ” ਦਾ ਹਿੱਸਾ ਬਣੇ ਹਨ। (ਗਲਾਤੀਆਂ 3:7, 16, 29; 6:16) ਯਸਾਯਾਹ ਦੀ ਭਵਿੱਖਬਾਣੀ ਦਾ ਇਹ ਹਿੱਸਾ ਖ਼ਾਸ ਕਰਕੇ ਯਹੋਵਾਹ ਅਤੇ ਉਸ ਦੇ ਪਿਆਰੇ ਪੁੱਤਰ ਯਿਸੂ ਮਸੀਹ ਦੇ ਵਧੀਆ ਰਿਸ਼ਤੇ ਬਾਰੇ ਦੱਸਦਾ ਹੈ।​—ਯਸਾਯਾਹ 49:26.

ਯਹੋਵਾਹ ਤੋਂ ਨਿਯੁਕਤੀ ਅਤੇ ਸੁਰੱਖਿਆ

3, 4. (ੳ) ਮਸੀਹਾ ਕੋਲ ਕਿਸ ਦਾ ਆਸਰਾ ਸੀ? (ਅ) ਮਸੀਹਾ ਕਿਨ੍ਹਾਂ ਨਾਲ ਗੱਲ ਕਰ ਰਿਹਾ ਸੀ?

3 ਮਸੀਹਾ ਉੱਤੇ ਯਹੋਵਾਹ ਦੀ ਕਿਰਪਾ ਸੀ ਯਾਨੀ ਉਹ ਉਸ ਨੂੰ ਮਨਜ਼ੂਰ ਸੀ। ਯਹੋਵਾਹ ਨੇ ਉਸ ਨੂੰ ਆਪਣਾ ਕੰਮ ਪੂਰਾ ਕਰਨ ਦਾ ਇਖ਼ਤਿਆਰ ਅਤੇ ਹੱਕ ਦਿੱਤਾ ਸੀ। ਤਾਂ ਫਿਰ ਇਹ ਕਿੰਨਾ ਢੁਕਵਾਂ ਹੈ ਕਿ ਮਸੀਹਾ ਨੇ ਕਿਹਾ: “ਹੇ ਟਾਪੂਓ, ਮੇਰੀ ਸੁਣੋ, ਹੇ ਦੂਰ ਦੀਓ ਉੱਮਤੋ, ਕੰਨ ਲਾਓ! ਯਹੋਵਾਹ ਨੇ ਮੈਨੂੰ ਢਿੱਡੋਂ ਹੀ ਸੱਦ ਲਿਆ, ਮੇਰੀ ਮਾਂ ਦੀ ਕੁੱਖੋਂ ਓਸ ਮੇਰਾ ਨਾਉਂ ਲਿਆ।”​—ਯਸਾਯਾਹ 49:1.

4 ਇੱਥੇ ਮਸੀਹਾ ਨੇ ਆਪਣੀ ਗੱਲ “ਦੂਰ” ਦਿਆਂ ਲੋਕਾਂ ਨੂੰ ਕਹੀ ਸੀ। ਭਾਵੇਂ ਕਿ ਮਸੀਹਾ ਨੇ ਯਹੂਦੀ ਲੋਕਾਂ ਲਈ ਆਉਣਾ ਸੀ, ਉਸ ਦੀ ਸੇਵਕਾਈ ਰਾਹੀਂ ਸਾਰੀਆਂ ਕੌਮਾਂ ਨੂੰ ਬਰਕਤਾਂ ਮਿਲਣੀਆਂ ਸਨ। (ਮੱਤੀ 25:31-33) ਭਾਵੇਂ ਕਿ ‘ਟਾਪੂ’ ਅਤੇ ‘ਉੱਮਤਾਂ’ ਯਹੋਵਾਹ ਨਾਲ ਇਕ ਨੇਮ ਵਿਚ ਨਹੀਂ ਬੰਨ੍ਹੀਆਂ ਹੋਈਆਂ ਸਨ, ਉਨ੍ਹਾਂ ਨੂੰ ਇਸਰਾਏਲ ਦੇ ਮਸੀਹਾ ਵੱਲ ਧਿਆਨ ਦੇਣਾ ਚਾਹੀਦਾ ਸੀ ਕਿਉਂਕਿ ਉਸ ਰਾਹੀਂ ਸਾਰੀ ਮਨੁੱਖਜਾਤੀ ਨੂੰ ਮੁਕਤੀ ਮਿਲਣੀ ਸੀ।

5. ਇਨਸਾਨ ਵਜੋਂ ਮਸੀਹਾ ਦੇ ਜਨਮ ਤੋਂ ਪਹਿਲਾਂ ਉਸ ਦੇ ਕੀ-ਕੀ ਨਾਂ ਰੱਖੇ ਗਏ ਸਨ?

5 ਇਸ ਭਵਿੱਖਬਾਣੀ ਨੇ ਦੱਸਿਆ ਸੀ ਕਿ ਇਨਸਾਨ ਵਜੋਂ ਮਸੀਹਾ ਦੇ ਜਨਮ ਤੋਂ ਪਹਿਲਾਂ ਹੀ ਯਹੋਵਾਹ ਉਸ ਦਾ ਨਾਂ ਰੱਖੇਗਾ। (ਮੱਤੀ 1:21; ਲੂਕਾ 1:31) ਉਸ ਦੇ ਜਨਮ ਤੋਂ ਬਹੁਤ ਚਿਰ ਪਹਿਲਾਂ ਯਿਸੂ ਦਾ ਨਾਂ “ਅਚਰਜ ਸਲਾਹੂ, ਸ਼ਕਤੀਮਾਨ ਪਰਮੇਸ਼ੁਰ, ਅਨਾਦੀ ਪਿਤਾ, ਸ਼ਾਂਤੀ ਦਾ ਰਾਜ ਕੁਮਾਰ” ਰੱਖਿਆ ਗਿਆ ਸੀ। (ਯਸਾਯਾਹ 9:6) ਇੰਮਾਨੂਏਲ ਜੋ ਸ਼ਾਇਦ ਯਸਾਯਾਹ ਦੇ ਇਕ ਪੁੱਤਰ ਦਾ ਨਾਂ ਸੀ, ਭਵਿੱਖਬਾਣੀ ਵਿਚ ਮਸੀਹਾ ਨੂੰ ਵੀ ਦਿੱਤਾ ਗਿਆ ਸੀ। (ਯਸਾਯਾਹ 7:14; ਮੱਤੀ 1:21-23) ਮਸੀਹਾ ਨੇ ਯਿਸੂ ਦੇ ਨਾਂ ਤੋਂ ਪਛਾਣਿਆ ਜਾਣਾ ਸੀ ਅਤੇ ਇਹ ਨਾਂ ਵੀ ਉਸ ਦੇ ਜਨਮ ਤੋਂ ਪਹਿਲਾਂ ਦੱਸਿਆ ਗਿਆ ਸੀ। (ਲੂਕਾ 1:30, 31) ਇਬਰਾਨੀ ਵਿਚ ਇਸ ਨਾਂ ਦਾ ਅਰਥ ਹੈ “ਯਹੋਵਾਹ ਮੁਕਤੀ ਹੈ।” ਇਸ ਤੋਂ ਇਹ ਜ਼ਾਹਰ ਹੁੰਦਾ ਹੈ ਕਿ ਯਿਸੂ ਨੇ ਆਪਣੇ ਆਪ ਨੂੰ ਮਸੀਹਾ ਨਹੀਂ ਠਹਿਰਾਇਆ ਸੀ।

6. ਮਸੀਹਾ ਦਾ ਮੂੰਹ ਇਕ ਤਿੱਖੀ ਤਲਵਾਰ ਵਰਗਾ ਕਿਵੇਂ ਸੀ, ਅਤੇ ਉਹ ਲੁਕਾਇਆ ਹੋਇਆ ਕਿਵੇਂ ਸੀ?

6 ਭਵਿੱਖਬਾਣੀ ਵਿਚ ਮਸੀਹਾ ਨੇ ਅੱਗੇ ਕਿਹਾ: “ਓਸ ਮੇਰੇ ਮੂੰਹ ਨੂੰ ਤਿੱਖੀ ਤੇਗ ਵਾਂਙੁ ਬਣਾਇਆ, ਓਸ ਆਪਣੇ ਹੱਥ ਦੇ ਸਾਯੇ ਵਿੱਚ ਮੈਨੂੰ ਲੁਕਾਇਆ, ਓਸ ਮੈਨੂੰ ਇੱਕ ਸਿਕਲ ਕੀਤਾ ਹੋਇਆ ਬਾਣ ਬਣਾਇਆ, ਓਸ ਮੈਨੂੰ ਆਪਣੀ ਤਰਕਸ਼ ਵਿੱਚ ਲੁਕਾਇਆ।” (ਯਸਾਯਾਹ 49:2) ਸੰਨ 29 ਵਿਚ ਮਸੀਹਾ ਨੇ ਧਰਤੀ ਉੱਤੇ ਆਪਣੀ ਸੇਵਕਾਈ ਸ਼ੁਰੂ ਕੀਤੀ ਸੀ। ਉਸ ਸਮੇਂ ਉਸ ਦੀ ਕਰਨੀ ਅਤੇ ਕਹਿਣੀ ਸੱਚ-ਮੁੱਚ ਇਕ ਤਿੱਖੀ ਅਤੇ ਲਿਸ਼ਕਦੀ ਤਲਵਾਰ ਵਰਗੀ ਸੀ ਜੋ ਉਸ ਦੇ ਸੁਣਨ ਵਾਲਿਆਂ ਦੇ ਦਿਲਾਂ ਨੂੰ ਛੋਹ ਸਕਦੀ ਸੀ। (ਲੂਕਾ 4:31, 32) ਉਸ ਦੀ ਕਰਨੀ ਅਤੇ ਕਹਿਣੀ ਨੇ ਯਹੋਵਾਹ ਦੇ ਵੱਡੇ ਵੈਰੀ ਸ਼ਤਾਨ ਅਤੇ ਉਸ ਦੇ ਕਾਰਿੰਦਿਆਂ ਦਾ ਕ੍ਰੋਧ ਭੜਕਾਇਆ ਸੀ। ਯਿਸੂ ਦੇ ਜਨਮ ਤੋਂ ਲੈ ਕੇ ਸ਼ਤਾਨ ਨੇ ਉਸ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਯਿਸੂ ਯਹੋਵਾਹ ਦੇ ਤੀਰਦਾਨ ਵਿਚ ਇਕ ਲੁਕਾਏ ਗਏ ਤੀਰ ਵਰਗਾ ਸੀ। * ਉਹ ਆਪਣੇ ਪਿਤਾ ਦੀ ਸੁਰੱਖਿਆ ਉੱਤੇ ਪੂਰਾ ਭਰੋਸਾ ਰੱਖ ਸਕਦਾ ਸੀ। (ਜ਼ਬੂਰ 91:1; ਲੂਕਾ 1:35) ਯਿਸੂ ਨੇ ਠਹਿਰਾਏ ਗਏ ਸਮੇਂ ਤੇ ਆਪਣੀ ਜਾਨ ਮਨੁੱਖਜਾਤੀ ਦੀ ਖ਼ਾਤਰ ਦੇ ਦਿੱਤੀ ਸੀ। ਪਰ ਉਹ ਸਮਾਂ ਆਵੇਗਾ ਜਦੋਂ ਉਹ ਇਕ ਸ਼ਕਤੀਸ਼ਾਲੀ ਸਵਰਗੀ ਸੂਰਮੇ ਵਾਂਗ ਅੱਗੇ ਵਧੇਗਾ ਅਤੇ ਉਸ ਦੇ ਮੂੰਹੋਂ ਇਕ ਤਿੱਖੀ ਤਲਵਾਰ ਨਿਕਲੇਗੀ। ਇਹ ਤਿੱਖੀ ਤਲਵਾਰ ਯਿਸੂ ਦੇ ਇਖ਼ਤਿਆਰ ਨੂੰ ਦਰਸਾਉਂਦੀ ਹੈ ਜਿਸ ਨਾਲ ਉਹ ਯਹੋਵਾਹ ਦੇ ਵੈਰੀਆਂ ਨੂੰ ਸਜ਼ਾ ਦੇਵੇਗਾ।​—ਪਰਕਾਸ਼ ਦੀ ਪੋਥੀ 1:16.

ਪਰਮੇਸ਼ੁਰ ਦੇ ਦਾਸ ਦੀ ਮਿਹਨਤ ਵਿਅਰਥ ਨਹੀਂ ਸੀ

7. ਯਸਾਯਾਹ 49:3 ਵਿਚ ਯਹੋਵਾਹ ਦੇ ਸ਼ਬਦ ਕਿਸ ਉੱਤੇ ਲਾਗੂ ਹੋਏ ਸਨ ਅਤੇ ਕਿਉਂ?

7 ਯਹੋਵਾਹ ਨੇ ਭਵਿੱਖਬਾਣੀ ਵਿਚ ਕਿਹਾ: “ਤੂੰ ਮੇਰਾ ਦਾਸ ਹੈਂ, ਇਸਰਾਏਲ, ਜਿਹ ਦੇ ਵਿੱਚ ਮੈਂ ਸ਼ਾਨਦਾਰ ਹੋਵਾਂਗਾ।” (ਯਸਾਯਾਹ 49:3) ਯਹੋਵਾਹ ਨੇ ਇਸਰਾਏਲ ਦੀ ਕੌਮ ਨੂੰ ਆਪਣਾ ਦਾਸ ਸੱਦਿਆ ਸੀ। (ਯਸਾਯਾਹ 41:8) ਪਰ ਯਿਸੂ ਪਰਮੇਸ਼ੁਰ ਦਾ ਪ੍ਰਮੁੱਖ ਦਾਸ ਜਾਂ ਸੇਵਕ ਸੀ। (ਰਸੂਲਾਂ ਦੇ ਕਰਤੱਬ 3:13) ਯਿਸੂ ਵਿਚ ਯਹੋਵਾਹ “ਸ਼ਾਨਦਾਰ” ਹੋਇਆ ਸੀ, ਅਤੇ ਉਸ ਦਾ ਹੋਰ ਕੋਈ ਵੀ ਸੇਵਕ ਯਿਸੂ ਨਾਲੋਂ ਬਿਹਤਰ ਯਹੋਵਾਹ ਦੀ ‘ਸ਼ਾਨ’ ਨਹੀਂ ਦਿਖਾ ਸਕਦਾ ਸੀ। ਇਸ ਲਈ ਭਾਵੇਂ ਕਿ ਇਹ ਸ਼ਬਦ ਇਸਰਾਏਲ ਨੂੰ ਕਹੇ ਗਏ ਸਨ, ਇਨ੍ਹਾਂ ਦੀ ਅਸਲੀ ਪੂਰਤੀ ਯਿਸੂ ਵਿਚ ਹੋਈ ਸੀ।​—ਯੂਹੰਨਾ 14:9; ਕੁਲੁੱਸੀਆਂ 1:15.

8. ਮਸੀਹਾ ਦੇ ਆਪਣੇ ਲੋਕਾਂ ਦਾ ਉਸ ਬਾਰੇ ਕੀ ਖ਼ਿਆਲ ਸੀ, ਪਰ ਉਸ ਨੇ ਆਪਣੀ ਸਫ਼ਲਤਾ ਦਾ ਫ਼ੈਸਲਾ ਕਿਸ ਤੋਂ ਮੰਗਿਆ ਸੀ?

8 ਪਰ ਕੀ ਇਹ ਸੱਚ ਨਹੀਂ ਹੈ ਕਿ ਯਿਸੂ ਦੇ ਆਪਣੇ ਹੀ ਲੋਕਾਂ ਨੇ ਉਸ ਨਾਲ ਨਫ਼ਰਤ ਕੀਤੀ ਸੀ ਅਤੇ ਉਸ ਨੂੰ ਰੱਦ ਕੀਤਾ ਸੀ? ਜੀ ਹਾਂ, ਆਮ ਤੌਰ ਤੇ ਇਸਰਾਏਲ ਦੀ ਕੌਮ ਨੇ ਯਿਸੂ ਨੂੰ ਪਰਮੇਸ਼ੁਰ ਦੇ ਮਸਹ ਕੀਤੇ ਹੋਏ ਦਾਸ ਵਜੋਂ ਸਵੀਕਾਰ ਨਹੀਂ ਕੀਤਾ ਸੀ। (ਯੂਹੰਨਾ 1:11) ਧਰਤੀ ਉੱਤੇ ਜੋ ਕੁਝ ਯਿਸੂ ਨੇ ਕੀਤਾ ਸੀ ਉਹ ਸ਼ਾਇਦ ਲੋਕਾਂ ਦੇ ਭਾਣੇ ਮਾਮੂਲੀ ਜਾਂ ਵਿਅਰਥ ਸੀ। ਸੇਵਕਾਈ ਵਿਚ ਇਸ ਜਾਪਦੀ ਅਸਫ਼ਲਤਾ ਬਾਰੇ ਮਸੀਹਾ ਨੇ ਭਵਿੱਖਬਾਣੀ ਵਿਚ ਕਿਹਾ: “ਮੈਂ ਧਿਗਾਣੇ ਮਿਹਨਤ ਕੀਤੀ, ਮੈਂ ਆਪਣਾ ਬਲ ਫੋਕਟ ਤੇ ਵਿਅਰਥ ਲਈ ਗੁਆ ਦਿੱਤਾ।” (ਯਸਾਯਾਹ 49:4ੳ) ਮਸੀਹਾ ਨੇ ਇਹ ਗੱਲਾਂ ਇਸ ਲਈ ਨਹੀਂ ਕਹੀਆਂ ਸਨ ਕਿਉਂਕਿ ਉਹ ਨਿਰਾਸ਼ ਸੀ। ਧਿਆਨ ਦਿਓ ਕਿ ਉਸ ਨੇ ਅੱਗੇ ਕੀ ਕਿਹਾ ਸੀ: “ਸੱਚ ਮੁੱਚ ਮੇਰਾ ਇਨਸਾਫ਼ ਯਹੋਵਾਹ ਕੋਲ, ਅਤੇ ਮੇਰਾ ਵੱਟਾ ਮੇਰੇ ਪਰਮੇਸ਼ੁਰ ਕੋਲ ਹੈ।” (ਯਸਾਯਾਹ 49:4ਅ) ਮਸੀਹਾ ਦੀ ਸਫ਼ਲਤਾ ਬਾਰੇ ਮਨੁੱਖਾਂ ਨੇ ਨਹੀਂ, ਸਗੋਂ ਪਰਮੇਸ਼ੁਰ ਨੇ ਫ਼ੈਸਲਾ ਕੀਤਾ ਸੀ।

9, 10. (ੳ) ਯਹੋਵਾਹ ਨੇ ਮਸੀਹਾ ਨੂੰ ਕਿਹੜਾ ਕੰਮ ਸੌਂਪਿਆ ਸੀ, ਅਤੇ ਇਸ ਦੇ ਨਤੀਜੇ ਕੀ ਨਿਕਲੇ ਸਨ? (ਅ) ਅੱਜ ਮਸੀਹੀਆਂ ਨੂੰ ਮਸੀਹਾ ਦੀ ਮਿਸਾਲ ਤੋਂ ਹੌਸਲਾ ਕਿਵੇਂ ਮਿਲ ਸਕਦਾ ਹੈ?

9 ਯਿਸੂ ਮੁੱਖ ਤੌਰ ਤੇ ਪਰਮੇਸ਼ੁਰ ਦੀ ਮਨਜ਼ੂਰੀ ਜਾਂ ਕਿਰਪਾ ਚਾਹੁੰਦਾ ਸੀ। ਭਵਿੱਖਬਾਣੀ ਵਿਚ ਮਸੀਹਾ ਨੇ ਕਿਹਾ: “ਹੁਣ ਯਹੋਵਾਹ ਆਖਦਾ ਹੈ, ਜਿਹ ਨੇ ਮੈਨੂੰ ਢਿੱਡੋਂ ਈ ਆਪਣਾ ਦਾਸ ਹੋਣ ਲਈ ਸਾਜਿਆ, ਭਈ ਮੈਂ ਯਾਕੂਬ ਨੂੰ ਉਹ ਦੇ ਕੋਲ ਮੋੜ ਲਿਆਵਾਂ, ਅਤੇ ਇਸਰਾਏਲ ਉਹ ਦੇ ਕੋਲ ਇਕੱਠਾ ਕੀਤਾ ਜਾਵੇ, ਮੈਂ ਯਹੋਵਾਹ ਦੀ ਨਿਗਾਹ ਵਿੱਚ ਆਦਰ ਪਾਉਂਦਾ ਹਾਂ, ਅਤੇ ਮੇਰਾ ਪਰਮੇਸ਼ੁਰ ਮੇਰੀ ਸਮਰਥ ਹੈ।” (ਯਸਾਯਾਹ 49:5) ਮਸੀਹਾ ਇਸਰਾਏਲੀਆਂ ਦੇ ਦਿਲਾਂ ਨੂੰ ਉਨ੍ਹਾਂ ਦੇ ਸਵਰਗੀ ਪਿਤਾ ਵੱਲ ਮੋੜਨ ਆਇਆ ਸੀ। ਜ਼ਿਆਦਾਤਰ ਲੋਕਾਂ ਨੇ ਉਸ ਦੀ ਗੱਲ ਨਹੀਂ ਸੁਣੀ, ਪਰ ਕੁਝ ਲੋਕਾਂ ਨੇ ਸੁਣੀ ਸੀ। ਲੇਕਿਨ ਉਸ ਦੀ ਮਿਹਨਤ ਦਾ ਫਲ ਯਹੋਵਾਹ ਪਰਮੇਸ਼ੁਰ ਕੋਲ ਸੀ। ਉਸ ਦੀ ਸਫ਼ਲਤਾ ਇਨਸਾਨਾਂ ਦੇ ਨਹੀਂ ਪਰ ਪਰਮੇਸ਼ੁਰ ਦੇ ਮਿਆਰਾਂ ਅਨੁਸਾਰ ਮਿਣੀ ਗਈ ਸੀ।

10 ਅੱਜ ਯਿਸੂ ਦੇ ਚੇਲੇ ਸ਼ਾਇਦ ਮਹਿਸੂਸ ਕਰਨ ਕਿ ਉਨ੍ਹਾਂ ਦਾ ਕੰਮ ਵਿਅਰਥ ਹੈ। ਕੁਝ ਥਾਵਾਂ ਵਿਚ ਉਨ੍ਹਾਂ ਦੀ ਮਿਹਨਤ ਅਤੇ ਜਤਨ ਦੀ ਤੁਲਨਾ ਵਿਚ ਉਨ੍ਹਾਂ ਦੀ ਸੇਵਕਾਈ ਦੇ ਨਤੀਜੇ ਮਾਮੂਲੀ ਜਿਹੇ ਲੱਗਦੇ ਹਨ। ਫਿਰ ਵੀ ਉਹ ਧੀਰਜ ਰੱਖਦੇ ਹਨ ਅਤੇ ਯਿਸੂ ਦੀ ਮਿਸਾਲ ਤੋਂ ਉਨ੍ਹਾਂ ਨੂੰ ਹੌਸਲਾ ਮਿਲਦਾ ਹੈ। ਉਨ੍ਹਾਂ ਨੂੰ ਪੌਲੁਸ ਰਸੂਲ ਦੇ ਸ਼ਬਦਾਂ ਤੋਂ ਵੀ ਹੌਸਲਾ ਮਿਲਦਾ ਹੈ, ਜਿਸ ਨੇ ਲਿਖਿਆ: “ਸੋ ਹੇ ਮੇਰੇ ਪਿਆਰੇ ਭਰਾਵੋ, ਤੁਸੀਂ ਇਸਥਿਰ ਅਤੇ ਅਡੋਲ ਹੋਵੋ ਅਤੇ ਪ੍ਰਭੁ ਦੇ ਕੰਮ ਵਿੱਚ ਸਦਾ ਵਧਦੇ ਜਾਓ ਕਿਉਂ ਜੋ ਤੁਸੀਂ ਜਾਣਦੇ ਹੋ ਜੋ ਪ੍ਰਭੁ ਵਿੱਚ ਤੁਹਾਡੀ ਮਿਹਨਤ ਥੋਥੀ ਨਹੀਂ ਹੈ।”​—1 ਕੁਰਿੰਥੀਆਂ 15:58.

“ਕੌਮਾਂ ਲਈ ਜੋਤ”

11, 12. ਮਸੀਹਾ “ਕੌਮਾਂ ਲਈ ਜੋਤ” ਕਿਵੇਂ ਰਿਹਾ ਹੈ?

11 ਯਸਾਯਾਹ ਦੀ ਭਵਿੱਖਬਾਣੀ ਵਿਚ ਯਹੋਵਾਹ ਨੇ ਇਹ ਗੱਲ ਯਾਦ ਕਰਾ ਕੇ ਮਸੀਹਾ ਨੂੰ ਉਤਸ਼ਾਹ ਦਿੱਤਾ ਕਿ ਪਰਮੇਸ਼ੁਰ ਦਾ ਦਾਸ ਹੋਣਾ ਕੋਈ “ਛੋਟੀ ਗੱਲ” ਨਹੀਂ ਸੀ। ਯਿਸੂ ਨੇ “ਯਾਕੂਬ ਦਿਆਂ ਗੋਤਾਂ ਨੂੰ ਉਠਾਉਣ ਲਈ ਅਤੇ ਇਸਰਾਏਲ ਦੇ ਬਚਿਆਂ ਹੋਇਆਂ ਨੂੰ ਮੋੜਨ ਲਈ” ਸੇਵਾ ਕਰਨੀ ਸੀ। ਯਹੋਵਾਹ ਨੇ ਅੱਗੇ ਸਮਝਾਇਆ ਕਿ “ਮੈਂ ਤੈਨੂੰ ਕੌਮਾਂ ਲਈ ਜੋਤ ਠਹਿਰਾਵਾਂਗਾ, ਭਈ ਮੇਰੀ ਮੁਕਤੀ ਧਰਤੀ ਦੀਆਂ ਹੱਦਾਂ ਤੀਕ ਅੱਪੜੇ!” (ਯਸਾਯਾਹ 49:6) ਯਿਸੂ ਦੀ ਸੇਵਕਾਈ ਸਿਰਫ਼ ਇਸਰਾਏਲ ਦੇ ਦੇਸ਼ ਵਿਚ ਕੀਤੀ ਗਈ ਸੀ, ਤਾਂ ਫਿਰ ਉਸ ਨੇ “ਧਰਤੀ ਦੀਆਂ ਹੱਦਾਂ ਤੀਕ” ਲੋਕਾਂ ਨੂੰ ਗਿਆਨ ਕਿਵੇਂ ਦਿੱਤਾ ਸੀ?

12 ਬਾਈਬਲ ਸਮਝਾਉਂਦੀ ਹੈ ਕਿ ਜਦੋਂ ਯਿਸੂ ਧਰਤੀ ਤੋਂ ਸਵਰਗ ਨੂੰ ਚਲੇ ਗਿਆ ਸੀ ਤਾਂ ‘ਕੌਮਾਂ ਲਈ ਪਰਮੇਸ਼ੁਰ ਦੀ ਜੋਤ’ ਬੁਝੀ ਨਹੀਂ ਸੀ। ਯਿਸੂ ਦੀ ਮੌਤ ਤੋਂ ਕੁਝ 15 ਸਾਲ ਬਾਅਦ, ਮਿਸ਼ਨਰੀਆਂ ਵਜੋਂ ਪੌਲੁਸ ਅਤੇ ਬਰਨਬਾਸ ਨੇ ਯਸਾਯਾਹ 49:6 ਦਾ ਹਵਾਲਾ ਦੇ ਕੇ ਉਸ ਭਵਿੱਖਬਾਣੀ ਨੂੰ ਯਿਸੂ ਦੇ ਚੇਲਿਆਂ ਯਾਨੀ ਯਿਸੂ ਦੇ ਰੂਹਾਨੀ ਭਰਾਵਾਂ ਉੱਤੇ ਲਾਗੂ ਕੀਤਾ ਸੀ। ਉਨ੍ਹਾਂ ਨੇ ਦੱਸਿਆ: “ਪ੍ਰਭੁ ਨੇ ਸਾਨੂੰ ਇਉਂ ਹੁਕਮ ਦਿੱਤਾ ਹੈ—ਮੈਂ ਤੈਨੂੰ ਪਰਾਈਆਂ ਕੌਮਾਂ ਦੇ ਲਈ ਜੋਤ ਠਹਿਰਾਇਆ ਹੈ, ਭਈ ਤੂੰ ਧਰਤੀ ਦੇ ਬੰਨੇ ਤੀਕੁਰ ਮੁਕਤੀ ਦਾ ਕਾਰਨ ਹੋਵੇਂ।” (ਰਸੂਲਾਂ ਦੇ ਕਰਤੱਬ 13:47) ਆਪਣੀ ਮੌਤ ਤੋਂ ਪਹਿਲਾਂ ਪੌਲੁਸ ਨੇ ਮੁਕਤੀ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਸਿਰਫ਼ ਯਹੂਦੀਆਂ ਵਿਚ ਨਹੀਂ ਸਗੋਂ “ਅਕਾਸ਼ ਹੇਠਲੀ ਸਾਰੀ ਸਰਿਸ਼ਟ” ਵਿਚ ਕੀਤਾ ਗਿਆ ਦੇਖਿਆ ਸੀ। (ਕੁਲੁੱਸੀਆਂ 1:6, 23) ਮਸੀਹ ਦੇ ਮਸਹ ਕੀਤੇ ਹੋਏ ਭਰਾਵਾਂ ਦਾ ਬਕੀਆ ਇਹ ਕੰਮ ਅੱਜ ਵੀ ਕਰਦਾ ਹੈ। ਲੱਖਾਂ ਦੀ ਗਿਣਤੀ ਵਿਚ “ਇੱਕ ਵੱਡੀ ਭੀੜ” ਉਨ੍ਹਾਂ ਦੇ ਨਾਲ-ਨਾਲ ਸੇਵਾ ਕਰਦੀ ਹੈ ਅਤੇ ਇਹ ਸਾਰੇ ਜਣੇ ਸੰਸਾਰ ਭਰ ਵਿਚ 230 ਤੋਂ ਜ਼ਿਆਦਾ ਦੇਸ਼ਾਂ ਵਿਚ “ਕੌਮਾਂ ਲਈ ਜੋਤ” ਹਨ।​—ਪਰਕਾਸ਼ ਦੀ ਪੋਥੀ 7:9.

13, 14. (ੳ) ਮਸੀਹਾ ਅਤੇ ਉਸ ਦੇ ਚੇਲਿਆਂ ਨੇ ਪ੍ਰਚਾਰ ਦੇ ਕੰਮ ਵਿਚ ਕਿਹੋ ਜਿਹੀਆਂ ਚੀਜ਼ਾਂ ਦਾ ਸਾਮ੍ਹਣਾ ਕੀਤਾ ਹੈ? (ਅ) ਯਿਸੂ ਦੀ ਹਾਲਤ ਕਿਸ ਤਰ੍ਹਾਂ ਬਦਲ ਗਈ ਸੀ?

13 ਵਾਕਈ ਯਹੋਵਾਹ ਨੇ ਆਪਣੇ ਦਾਸ ਮਸੀਹਾ ਨੂੰ ਤਾਕਤ ਬਖ਼ਸ਼ੀ ਸੀ ਤਾਂਕਿ ਉਹ ਪ੍ਰਚਾਰ ਕਰ ਸਕੇ। ਅੱਜ ਯਹੋਵਾਹ ਮਸੀਹਾ ਦੇ ਮਸਹ ਕੀਤੇ ਹੋਏ ਭਰਾਵਾਂ ਅਤੇ ਉਨ੍ਹਾਂ ਨਾਲ ਸੇਵਾ ਕਰ ਰਹੀ ਵੱਡੀ ਭੀੜ ਦੇ ਮੈਂਬਰਾਂ ਨੂੰ ਵੀ ਤਾਕਤ ਬਖ਼ਸ਼ਦਾ ਹੈ ਤਾਂਕਿ ਉਹ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਰਹਿਣ। ਇਹ ਸੱਚ ਹੈ ਕਿ ਯਿਸੂ ਵਾਂਗ ਉਸ ਦੇ ਚੇਲਿਆਂ ਨੇ ਨਫ਼ਰਤ ਅਤੇ ਵਿਰੋਧਤਾ ਦਾ ਸਾਮ੍ਹਣਾ ਕੀਤਾ ਹੈ। (ਯੂਹੰਨਾ 15:20) ਪਰ ਯਹੋਵਾਹ ਆਪਣੇ ਵਫ਼ਾਦਾਰ ਸੇਵਕਾਂ ਨੂੰ ਸਮੇਂ ਸਿਰ ਬਚਾਉਣ ਲਈ ਅਤੇ ਬਰਕਤ ਦੇਣ ਲਈ ਹਮੇਸ਼ਾ ਹਾਲਾਤ ਬਦਲਦਾ ਆਇਆ ਹੈ। “ਨਿੰਦੇ ਹੋਏ” ਅਤੇ “ਉਸ ਕੌਮ ਦੇ ਘਿਣਾਉਣੇ” ਮਸੀਹਾ ਬਾਰੇ ਯਹੋਵਾਹ ਨੇ ਵਾਅਦਾ ਕੀਤਾ: “ਪਾਤਸ਼ਾਹ ਵੇਖਣਗੇ ਤੇ ਉੱਠਣਗੇ, ਸਰਦਾਰ ਵੀ ਅਤੇ ਓਹ ਮੱਥਾ ਟੇਕਣਗੇ, ਯਹੋਵਾਹ ਦੇ ਕਾਰਨ ਜੋ ਵਫ਼ਾਦਾਰ ਹੈ, ਇਸਰਾਏਲ ਦਾ ਪਵਿੱਤਰ ਪੁਰਖ ਜਿਹ ਨੇ ਤੈਨੂੰ ਚੁਣਿਆ ਹੈ।”​—ਯਸਾਯਾਹ 49:7.

14 ਬਾਅਦ ਵਿਚ ਪੌਲੁਸ ਰਸੂਲ ਨੇ ਫ਼ਿਲਿੱਪੈ ਦੇ ਮਸੀਹੀਆਂ ਨੂੰ ਇਸ ਭਵਿੱਖਬਾਣੀ ਦੀ ਪੂਰਤੀ ਬਾਰੇ ਲਿਖਿਆ ਸੀ। ਉਸ ਨੇ ਯਿਸੂ ਬਾਰੇ ਕਿਹਾ ਕਿ ਸੂਲੀ ਉੱਤੇ ਟੰਗੇ ਜਾਣ ਨਾਲ ਉਸ ਦਾ ਅਪਮਾਨ ਕੀਤਾ ਗਿਆ ਸੀ ਪਰ ਬਾਅਦ ਵਿਚ ਪਰਮੇਸ਼ੁਰ ਨੇ ਉਸ ਨੂੰ ਉੱਚਾ ਕੀਤਾ ਸੀ। ਯਹੋਵਾਹ ਨੇ ਆਪਣੇ ਦਾਸ ਨੂੰ “ਉਹ ਨਾਮ ਦਿੱਤਾ ਜਿਹੜਾ ਸਭਨਾਂ ਨਾਮਾਂ ਤੋਂ ਉੱਤਮ ਹੈ। ਭਈ ਯਿਸੂ ਦਾ ਨਾਮ ਲੈ ਕੇ . . . ਹਰ ਗੋਡਾ ਨਿਵਾਇਆ ਜਾਵੇ।” (ਫ਼ਿਲਿੱਪੀਆਂ 2:8-11) ਮਸੀਹ ਦੇ ਵਫ਼ਾਦਾਰ ਚੇਲਿਆਂ ਨੂੰ ਚੇਤਾਵਨੀ ਦਿੱਤੀ ਗਈ ਸੀ ਕਿ ਉਹ ਵੀ ਸਤਾਏ ਜਾਣਗੇ। ਪਰ ਮਸੀਹਾ ਦੀ ਤਰ੍ਹਾਂ ਉਨ੍ਹਾਂ ਨੂੰ ਵੀ ਪਰਮੇਸ਼ੁਰ ਦੀ ਮਨਜ਼ੂਰੀ ਮਿਲੇਗੀ।​—ਮੱਤੀ 5:10-12; 24:9-13; ਮਰਕੁਸ 10:29, 30.

“ਮਨ ਭਾਉਂਦਾ ਸਮਾ”

15. ਯਸਾਯਾਹ ਦੀ ਭਵਿੱਖਬਾਣੀ ਵਿਚ ਕਿਸ ਖ਼ਾਸ “ਸਮੇਂ” ਦੀ ਗੱਲ ਕੀਤੀ ਗਈ ਹੈ, ਅਤੇ ਇਹ ਕੀ ਸੰਕੇਤ ਕਰਦਾ ਹੈ?

15 ਯਸਾਯਾਹ ਦੀ ਭਵਿੱਖਬਾਣੀ ਵਿਚ ਇਕ ਬਹੁਤ ਮਹੱਤਵਪੂਰਣ ਗੱਲ ਕੀਤੀ ਜਾਂਦੀ ਹੈ। ਯਹੋਵਾਹ ਨੇ ਮਸੀਹਾ ਨੂੰ ਕਿਹਾ: “ਮੈਂ ਮਨ ਭਾਉਂਦੇ ਸਮੇਂ ਤੈਨੂੰ ਉੱਤਰ ਦਿੱਤਾ, ਮੈਂ ਮੁਕਤੀ ਦੇ ਦਿਨ ਤੇਰੀ ਸਹਾਇਤਾ ਕੀਤੀ, ਅਤੇ ਮੈਂ ਤੇਰੀ ਰੱਛਿਆ ਕਰਾਂਗਾ ਅਤੇ ਤੈਨੂੰ ਪਰਜਾ ਦੇ ਨੇਮ ਲਈ ਦਿਆਂਗਾ।” (ਯਸਾਯਾਹ 49:8ੳ) ਅਜਿਹੀ ਭਵਿੱਖਬਾਣੀ ਜ਼ਬੂਰ 69:13-18 ਵਿਚ ਵੀ ਪਾਈ ਜਾਂਦੀ ਹੈ। ਜ਼ਬੂਰਾਂ ਦੇ ਲਿਖਾਰੀ ਨੇ “ਮਨ ਭਾਉਂਦੇ ਸਮੇਂ” ਨੂੰ “ਠੀਕ ਵੇਲੇ ਸਿਰ” ਸੱਦਿਆ ਸੀ। ਇਹ ਸ਼ਬਦ ਦਿਖਾਉਂਦੇ ਹਨ ਕਿ ਯਹੋਵਾਹ ਦੀ ਮਨਜ਼ੂਰੀ ਅਤੇ ਸੁਰੱਖਿਆ ਇਕ ਖ਼ਾਸ ਤਰੀਕੇ ਵਿਚ ਹੀ ਨਹੀਂ, ਬਲਕਿ ਇਕ ਖ਼ਾਸ ਸਮੇਂ ਦੌਰਾਨ ਹੀ ਦਿੱਤੀ ਜਾਂਦੀ ਹੈ।

16. ਪ੍ਰਾਚੀਨ ਇਸਰਾਏਲ ਲਈ ਯਹੋਵਾਹ ਦਾ ਮਨਭਾਉਂਦਾ ਸਮਾਂ ਕਦੋਂ ਸੀ?

16 ਇਹ ਮਨਭਾਉਂਦਾ ਸਮਾਂ ਕਦੋਂ ਸੀ? ਸ਼ੁਰੂ ਵਿਚ ਇਹ ਸ਼ਬਦ ਮੁੜ ਬਹਾਲੀ ਦੀ ਭਵਿੱਖਬਾਣੀ ਦਾ ਹਿੱਸਾ ਸਨ ਅਤੇ ਇਨ੍ਹਾਂ ਨੇ ਯਹੂਦੀਆਂ ਦੀ ਗ਼ੁਲਾਮੀ ਵਿੱਚੋਂ ਵਾਪਸੀ ਬਾਰੇ ਪਹਿਲਾਂ ਹੀ ਦੱਸਿਆ ਸੀ। ਇਸਰਾਏਲ ਦੀ ਕੌਮ ਲਈ ਉਦੋਂ ਮਨਭਾਉਂਦਾ ਸਮਾਂ ਸੀ ਜਦੋਂ ਉਹ ਲੋਕ ‘ਦੇਸ ਨੂੰ ਉਠਾ,’ ਯਾਨੀ ਮੁੜ ਬਹਾਲ ਕਰ ਸਕੇ ਅਤੇ ਆਪਣੀਆਂ “ਵਿਰਾਨ ਮਿਲਖਾਂ ਨੂੰ” ਫਿਰ ਪ੍ਰਾਪਤ ਕਰ ਸਕੇ ਸਨ। (ਯਸਾਯਾਹ 49:8ਅ) ਉਹ ਬਾਬਲ ਵਿਚ ‘ਅਸੀਰ,’ ਯਾਨੀ ਕੈਦੀ ਨਹੀਂ ਰਹੇ ਸਨ। ਘਰ ਵਾਪਸ ਜਾਣ ਦੇ ਸਫ਼ਰ ਦੌਰਾਨ ਯਹੋਵਾਹ ਨੇ ਉਨ੍ਹਾਂ ਨੂੰ “ਭੁੱਖੇ” ਜਾਂ “ਤਿਹਾਏ” ਨਹੀਂ ਛੱਡਿਆ ਸੀ, ਅਤੇ ਨਾ ਹੀ “ਲੂ, ਨਾ ਧੁੱਪ” ਨੇ ਉਨ੍ਹਾਂ ਨੂੰ ਮਾਰਿਆ ਸੀ। ਖਿੰਡੇ ਹੋਏ ਇਸਰਾਏਲੀ “ਦੂਰੋਂ . . . ਉੱਤਰ ਵੱਲੋਂ ਤੇ ਲਹਿੰਦੇ ਵੱਲੋਂ” ਆਪਣੇ ਵਤਨ ਵਾਪਸ ਪਰਤੇ ਸਨ। (ਯਸਾਯਾਹ 49:9-12) ਇਸ ਪਹਿਲੀ ਪੂਰਤੀ ਦੇ ਨਾਲ-ਨਾਲ ਬਾਈਬਲ ਦਿਖਾਉਂਦੀ ਹੈ ਕਿ ਇਸ ਭਵਿੱਖਬਾਣੀ ਦੀਆਂ ਹੋਰ ਵੀ ਪੂਰਤੀਆਂ ਹੋਣੀਆਂ ਸਨ।

17, 18. ਪਹਿਲੀ ਸਦੀ ਦੌਰਾਨ ਯਹੋਵਾਹ ਨੇ ਕਿਹੜਾ ਮਨਭਾਉਂਦਾ ਸਮਾਂ ਠਹਿਰਾਇਆ ਸੀ?

17 ਪਹਿਲਾਂ, ਯਿਸੂ ਦੇ ਜਨਮ ਤੇ ਦੂਤਾਂ ਨੇ ਮਨੁੱਖਾਂ ਲਈ ਸ਼ਾਂਤੀ ਅਤੇ ਪਰਮੇਸ਼ੁਰ ਦੀ ਮਨਜ਼ੂਰੀ ਬਾਰੇ ਐਲਾਨ ਕੀਤਾ ਸੀ। (ਲੂਕਾ 2:13, 14) ਇਹ ਮਨਜ਼ੂਰੀ ਸਾਰਿਆਂ ਮਨੁੱਖਾਂ ਲਈ ਨਹੀਂ ਸੀ, ਪਰ ਸਿਰਫ਼ ਉਨ੍ਹਾਂ ਲਈ ਜੋ ਯਿਸੂ ਉੱਤੇ ਨਿਹਚਾ ਕਰਦੇ ਸਨ। ਬਾਅਦ ਵਿਚ ਯਿਸੂ ਨੇ ਯਸਾਯਾਹ 61:1, 2 ਦੀ ਭਵਿੱਖਬਾਣੀ ਖੁੱਲ੍ਹੇ-ਆਮ ਪੜ੍ਹ ਕੇ ਕਿਹਾ ਕਿ ਉਹ “ਪ੍ਰਭੁ ਦੀ ਮਨਜ਼ੂਰੀ ਦੇ ਵਰ੍ਹੇ” ਦਾ ਪ੍ਰਚਾਰਕ ਸੀ। (ਲੂਕਾ 4:17-21) ਪੌਲੁਸ ਰਸੂਲ ਦੇ ਸ਼ਬਦ ਸੰਕੇਤ ਕਰਦੇ ਹਨ ਕਿ ਉਨ੍ਹੀਂ ਦਿਨੀਂ ਜਦੋਂ ਮਸੀਹ ਧਰਤੀ ਉੱਤੇ ਇਕ ਇਨਸਾਨ ਸੀ ਉਸ ਨੇ ਯਹੋਵਾਹ ਦੀ ਖ਼ਾਸ ਸੁਰੱਖਿਆ ਪਾਈ ਸੀ। (ਇਬਰਾਨੀਆਂ 5:7-9) ਇਸ ਲਈ ਇਹ ਮਨਭਾਉਂਦਾ ਸਮਾਂ ਉਦੋਂ ਸੀ ਜਦੋਂ ਯਿਸੂ ਦੀ ਇਨਸਾਨੀ ਜ਼ਿੰਦਗੀ ਦੌਰਾਨ ਪਰਮੇਸ਼ੁਰ ਦੀ ਕਿਰਪਾ ਉਸ ਉੱਤੇ ਸੀ।

18 ਪਰ ਇਸ ਭਵਿੱਖਬਾਣੀ ਦੀ ਹੋਰ ਵੀ ਪੂਰਤੀ ਹੋਈ ਸੀ। ਮਨਭਾਉਂਦੇ ਸਮੇਂ ਬਾਰੇ ਯਸਾਯਾਹ ਦੇ ਸ਼ਬਦਾਂ ਦਾ ਹਵਾਲਾ ਦੇਣ ਤੋਂ ਬਾਅਦ, ਪੌਲੁਸ ਨੇ ਕਿਹਾ ਸੀ ਕਿ “ਵੇਖੋ, ਹੁਣ ਹੀ ਮਨ ਭਾਉਂਦਾ ਸਮਾ ਹੈ, ਵੇਖੋ, ਹੁਣ ਹੀ ਮੁਕਤੀ ਦਾ ਦਿਨ ਹੈ!” (2 ਕੁਰਿੰਥੀਆਂ 6:2) ਪੌਲੁਸ ਨੇ ਇਹ ਸ਼ਬਦ ਯਿਸੂ ਦੀ ਮੌਤ ਤੋਂ 22 ਸਾਲ ਬਾਅਦ ਲਿਖੇ ਸਨ। ਜ਼ਾਹਰ ਹੈ ਕਿ ਪੰਤੇਕੁਸਤ 33 ਸਾ.ਯੁ. ਵਿਚ ਮਸੀਹੀ ਕਲੀਸਿਯਾ ਦੇ ਜਨਮ ਦੇ ਸਮੇਂ, ਯਹੋਵਾਹ ਨੇ ਮਨਭਾਉਂਦੇ ਵਰ੍ਹੇ ਨੂੰ ਵਧਾਇਆ ਸੀ ਤਾਂਕਿ ਮਸੀਹ ਦੇ ਮਸਹ ਕੀਤੇ ਹੋਏ ਚੇਲੇ ਵੀ ਇਸ ਵਿਚ ਸ਼ਾਮਲ ਹੋ ਸਕਣ।

19. ਅੱਜ ਮਸੀਹੀ ਯਹੋਵਾਹ ਦੇ ਮਨਭਾਉਂਦੇ ਸਮੇਂ ਦਾ ਲਾਭ ਕਿਵੇਂ ਉਠਾ ਸਕਦੇ ਹਨ?

19 ਅੱਜ ਯਿਸੂ ਦੇ ਉਨ੍ਹਾਂ ਚੇਲਿਆਂ ਬਾਰੇ ਕੀ ਜੋ ਪਰਮੇਸ਼ੁਰ ਦੇ ਸਵਰਗੀ ਰਾਜ ਦੇ ਮਸਹ ਕੀਤੇ ਹੋਏ ਵਾਰਸ ਨਹੀਂ ਹਨ? ਕੀ ਜ਼ਮੀਨ ਉੱਤੇ ਰਹਿਣ ਦੀ ਉਮੀਦ ਰੱਖਣ ਵਾਲੇ ਇਸ ਮਨਭਾਉਂਦੇ ਸਮੇਂ ਦਾ ਲਾਭ ਉਠਾ ਸਕਦੇ ਹਨ? ਜੀ ਹਾਂ। ਬਾਈਬਲ ਦੀ ਪਰਕਾਸ਼ ਦੀ ਪੋਥੀ ਦਿਖਾਉਂਦੀ ਹੈ ਕਿ ਵੱਡੀ ਭੀੜ ਲਈ ਯਹੋਵਾਹ ਦਾ ਮਨਭਾਉਂਦਾ ਸਮਾਂ ਹੁਣ ਹੈ। ਇਹ ਲੋਕ “ਵੱਡੀ ਬਿਪਤਾ ਵਿੱਚੋਂ” ਬਚ ਕੇ ਇਕ ਸੁੰਦਰ ਧਰਤੀ ਉੱਤੇ ਜ਼ਿੰਦਗੀ ਦਾ ਆਨੰਦ ਮਾਣਨਗੇ। (ਪਰਕਾਸ਼ ਦੀ ਪੋਥੀ 7:13-17) ਇਸ ਲਈ ਸਾਰੇ ਮਸੀਹੀ ਇਸ ਥੋੜ੍ਹੇ ਜਿਹੇ ਸਮੇਂ ਦਾ ਪੂਰਾ ਫ਼ਾਇਦਾ ਉਠਾ ਸਕਦੇ ਹਨ ਜਿਸ ਦੌਰਾਨ ਯਹੋਵਾਹ ਅਪੂਰਣ ਮਨੁੱਖਾਂ ਉੱਤੇ ਆਪਣੀ ਕਿਰਪਾ ਕਰਦਾ ਹੈ।

20. ਮਸੀਹੀ ਯਹੋਵਾਹ ਦੀ ਕਿਰਪਾ ਅਕਾਰਥ ਨਾ ਲੈਣ ਦੀ ਸਲਾਹ ਕਿਵੇਂ ਲਾਗੂ ਕਰ ਸਕਦੇ ਹਨ?

20 ਪੌਲੁਸ ਰਸੂਲ ਨੇ ਯਹੋਵਾਹ ਦੇ ਮਨਭਾਉਂਦੇ ਸਮੇਂ ਬਾਰੇ ਦੱਸਣ ਤੋਂ ਪਹਿਲਾਂ ਇਕ ਚੇਤਾਵਨੀ ਦਿੱਤੀ ਸੀ। ਉਸ ਨੇ ਮਸੀਹੀਆਂ ਅੱਗੇ ਬੇਨਤੀ ਕੀਤੀ ਸੀ ਕਿ ਉਹ “ਪਰਮੇਸ਼ੁਰ ਦੀ ਕਿਰਪਾ ਨੂੰ ਅਕਾਰਥ ਨਾ” ਲੈਣ। (2 ਕੁਰਿੰਥੀਆਂ 6:1) ਇਸ ਲਈ ਮਸੀਹੀ ਹਰ ਮੌਕੇ ਦਾ ਫ਼ਾਇਦਾ ਉਠਾ ਕੇ ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਉਸ ਦੀ ਇੱਛਾ ਪੂਰੀ ਕਰਦੇ ਹਨ। (ਅਫ਼ਸੀਆਂ 5:15, 16) ਉਨ੍ਹਾਂ ਨੂੰ ਪੌਲੁਸ ਦੀ ਇਸ ਸਲਾਹ ਉੱਤੇ ਚੱਲਣ ਤੋਂ ਲਾਭ ਹੋਵੇਗਾ: “ਹੇ ਭਰਾਵੋ, ਵੇਖਣਾ ਭਈ ਜੀਉਂਦੇ ਪਰਮੇਸ਼ੁਰ ਤੋਂ ਬੇਮੁਖ ਹੋਣ ਕਰਕੇ ਕਿਤੇ ਤੁਹਾਡੇ ਵਿੱਚੋਂ ਕਿਸੇ ਦਾ ਬੇਪਰਤੀਤਾ ਬੁਰਾ ਦਿਲ ਨਾ ਹੋਵੇ। ਸਗੋਂ ਜਿੰਨਾ ਚਿਰ ਅੱਜ ਦਾ ਦਿਨ ਆਖੀਦਾ ਹੈ ਤੁਸੀਂ ਨਿੱਤ ਇੱਕ ਦੂਏ ਨੂੰ ਉਪਦੇਸ਼ ਕਰਿਆ ਕਰੋ ਤਾਂ ਜੋ ਤੁਹਾਡੇ ਵਿੱਚੋਂ ਕੋਈ ਪਾਪ ਦੇ ਧੋਖੇ ਨਾਲ ਕਠੋਰ ਨਾ ਹੋ ਜਾਵੇ।”​—ਇਬਰਾਨੀਆਂ 3:12, 13.

21. ਯਸਾਯਾਹ ਦੇ 49ਵੇਂ ਅਧਿਆਇ ਦਾ ਪਹਿਲਾ ਹਿੱਸਾ ਕਿਸ ਖ਼ੁਸ਼ੀ-ਭਰੀ ਗੱਲ ਨਾਲ ਖ਼ਤਮ ਹੁੰਦਾ ਹੈ?

21 ਭਵਿੱਖਬਾਣੀ ਵਿਚ ਯਹੋਵਾਹ ਅਤੇ ਮਸੀਹਾ ਦੀਆਂ ਆਪਸ ਵਿਚ ਗੱਲਾਂ ਖ਼ਤਮ ਹੋਣ ਤੋਂ ਬਾਅਦ, ਯਸਾਯਾਹ ਨੇ ਇਕ ਖ਼ੁਸ਼ੀ-ਭਰੀ ਗੱਲ ਕੀਤੀ: “ਹੇ ਅਕਾਸ਼ੋ, ਜੈਕਾਰਾ ਗਜਾਓ! ਹੇ ਧਰਤੀ, ਬਾਗ ਬਾਗ ਹੋ! ਹੇ ਪਹਾੜੋ, ਜੈ ਜੈ ਕਾਰ ਦੇ ਨਾਰੇ ਮਾਰੋ! ਕਿਉਂਕਿ ਯਹੋਵਾਹ ਨੇ ਆਪਣੀ ਪਰਜਾ ਨੂੰ ਦਿਲਾਸਾ ਦਿੱਤਾ, ਅਤੇ ਆਪਣੇ ਦੁਖਿਆਰਿਆਂ ਉੱਤੇ ਰਹਮ ਕੀਤਾ ਹੈ।” (ਯਸਾਯਾਹ 49:13) ਇਹ ਦਿਲਾਸੇ-ਭਰੇ ਸ਼ਬਦ ਇਸਰਾਏਲੀਆਂ ਲਈ ਅਤੇ ਯਹੋਵਾਹ ਦੇ ਪ੍ਰਮੁੱਖ ਦਾਸ, ਯਿਸੂ ਮਸੀਹ ਲਈ ਕਿੰਨੇ ਸੋਹਣੇ ਸਨ। ਅਤੇ ਅੱਜ ਯਹੋਵਾਹ ਦੇ ਮਸਹ ਕੀਤੇ ਹੋਏ ਸੇਵਕਾਂ ਲਈ ਅਤੇ ਉਨ੍ਹਾਂ ਦਾ ਸਾਥ ਦੇਣ ਵਾਲੀਆਂ ‘ਹੋਰ ਭੇਡਾਂ’ ਲਈ ਵੀ ਇਹ ਕਿੰਨੇ ਸੋਹਣੇ ਹਨ!​—ਯੂਹੰਨਾ 10:16.

ਯਹੋਵਾਹ ਆਪਣੇ ਲੋਕਾਂ ਨੂੰ ਭੁੱਲਦਾ ਨਹੀਂ

22. ਯਹੋਵਾਹ ਨੇ ਇਸ ਗੱਲ ਉੱਤੇ ਕਿਵੇਂ ਜ਼ੋਰ ਦਿੱਤਾ ਕਿ ਉਹ ਆਪਣੇ ਲੋਕਾਂ ਨੂੰ ਕਦੇ ਭੁੱਲੇਗਾ ਨਹੀਂ?

22 ਯਸਾਯਾਹ ਨੇ ਅੱਗੇ ਯਹੋਵਾਹ ਦੇ ਐਲਾਨ ਦੱਸੇ। ਉਸ ਨੇ ਭਵਿੱਖਬਾਣੀ ਕੀਤੀ ਕਿ ਗ਼ੁਲਾਮ ਯਹੂਦੀ ਥੱਕ ਜਾਣਗੇ ਅਤੇ ਉਮੀਦ ਖੋਹ ਦੇਣਗੇ। ਯਸਾਯਾਹ ਨੇ ਕਿਹਾ: “ਸੀਯੋਨ ਨੇ ਆਖਿਆ, ਯਹੋਵਾਹ ਨੇ ਮੈਨੂੰ ਛੱਡ ਦਿੱਤਾ, ਅਤੇ ਪ੍ਰਭੁ ਨੇ ਮੈਨੂੰ ਭੁਲਾ ਦਿੱਤਾ।” (ਯਸਾਯਾਹ 49:14) ਕੀ ਇਹ ਸੱਚ ਸੀ? ਕੀ ਯਹੋਵਾਹ ਆਪਣੇ ਲੋਕਾਂ ਨੂੰ ਛੱਡ ਕੇ ਭੁੱਲ ਗਿਆ ਸੀ? ਯਹੋਵਾਹ ਲਈ ਗੱਲ ਕਰਦੇ ਹੋਏ ਯਸਾਯਾਹ ਨੇ ਅੱਗੇ ਕਿਹਾ: “ਭਲਾ, ਤੀਵੀਂ ਆਪਣੇ ਦੁੱਧ ਚੁੰਘਦੇ ਬੱਚੇ ਨੂੰ ਭੁਲਾ ਸੱਕਦੀ, ਭਈ ਉਹ ਆਪਣੇ ਢਿੱਡ ਦੇ ਬਾਲ ਉੱਤੇ ਰਹਮ ਨਾ ਕਰੇ? ਏਹ ਭਾਵੇਂ ਭੁੱਲ ਜਾਣ ਪਰ ਮੈਂ ਤੈਨੂੰ ਨਹੀਂ ਭੁੱਲਾਂਗਾ।” (ਯਸਾਯਾਹ 49:15) ਯਹੋਵਾਹ ਨੇ ਕਿੰਨਾ ਪਿਆਰ ਦਿਖਾਇਆ! ਪਰਮੇਸ਼ੁਰ ਦਾ ਆਪਣੇ ਲੋਕਾਂ ਲਈ ਪਿਆਰ ਇਕ ਮਾਂ ਦੀ ਮਮਤਾ ਨਾਲੋਂ ਜ਼ਿਆਦਾ ਸੀ। ਉਹ ਹਮੇਸ਼ਾ ਆਪਣੇ ਵਫ਼ਾਦਾਰ ਲੋਕਾਂ ਬਾਰੇ ਸੋਚਦਾ ਰਹਿੰਦਾ ਹੈ। ਉਹ ਸਾਰਿਆਂ ਨੂੰ ਇਵੇਂ ਯਾਦ ਰੱਖਦਾ ਹੈ ਜਿਵੇਂ ਕਿ ਉਨ੍ਹਾਂ ਦੇ ਨਾਂ ਉਸ ਦੇ ਹੱਥਾਂ ਉੱਤੇ ਲਿਖੇ ਗਏ ਹੋਣ: “ਵੇਖ, ਮੈਂ ਤੈਨੂੰ ਆਪਣੀਆਂ ਹਥੇਲੀਆਂ ਉੱਤੇ ਉੱਕਰ ਲਿਆ, ਤੇਰੀਆਂ ਕੰਧਾਂ ਸਦਾ ਮੇਰੇ ਸਾਹਮਣੇ ਹਨ।”​—ਯਸਾਯਾਹ 49:16.

23. ਪੌਲੁਸ ਨੇ ਮਸੀਹੀਆਂ ਨੂੰ ਕਿਵੇਂ ਉਤਸ਼ਾਹਿਤ ਕੀਤਾ ਸੀ ਕਿ ਯਹੋਵਾਹ ਆਪਣੇ ਲੋਕਾਂ ਨੂੰ ਭੁੱਲੇਗਾ ਨਹੀਂ?

23 ਪੌਲੁਸ ਰਸੂਲ ਨੇ ਗਲਾਤੀ ਮਸੀਹੀਆਂ ਨੂੰ ਆਪਣੀ ਪੱਤਰੀ ਵਿਚ ਇਹ ਸਲਾਹ ਦਿੱਤੀ: “ਭਲਿਆਈ ਕਰਦਿਆਂ ਅਸੀਂ ਅੱਕ ਨਾਂ ਜਾਈਏ ਕਿਉਂਕਿ ਜੇ ਹੌਸਲਾ ਨਾ ਹਾਰੀਏ ਤਾਂ ਵੇਲੇ ਸਿਰ ਵੱਢਾਂਗੇ।” (ਗਲਾਤੀਆਂ 6:9) ਇਬਰਾਨੀਆਂ ਨੂੰ ਉਸ ਨੇ ਇਹ ਉਤਸ਼ਾਹ-ਭਰੇ ਸ਼ਬਦ ਲਿਖੇ: “ਪਰਮੇਸ਼ੁਰ ਕੁਨਿਆਈ ਨਹੀਂ ਜੋ ਤੁਹਾਡੇ ਕੰਮ ਨੂੰ ਅਤੇ ਉਸ ਪ੍ਰੇਮ ਨੂੰ ਭੁੱਲ ਜਾਵੇ ਜਿਹੜਾ ਤੁਸਾਂ ਉਹ ਦੇ ਨਾਮ ਨਾਲ ਵਿਖਾਇਆ।” (ਇਬਰਾਨੀਆਂ 6:10) ਸਾਨੂੰ ਕਦੀ ਵੀ ਇਸ ਤਰ੍ਹਾਂ ਨਹੀਂ ਲੱਗਣਾ ਚਾਹੀਦਾ ਕਿ ਯਹੋਵਾਹ ਆਪਣੇ ਲੋਕਾਂ ਨੂੰ ਭੁੱਲ ਗਿਆ ਹੈ। ਪ੍ਰਾਚੀਨ ਸੀਯੋਨ ਦੀ ਤਰ੍ਹਾਂ ਮਸੀਹੀਆਂ ਕੋਲ ਖ਼ੁਸ਼ੀ ਮਨਾਉਣ ਅਤੇ ਧੀਰਜ ਨਾਲ ਯਹੋਵਾਹ ਦੀ ਉਡੀਕ ਕਰਨ ਦਾ ਚੰਗਾ ਕਾਰਨ ਹੈ। ਉਹ ਆਪਣੇ ਨੇਮ ਦਾ ਪੱਕਾ ਰਹਿੰਦਾ ਹੈ ਅਤੇ ਆਪਣੇ ਵਾਅਦੇ ਹਮੇਸ਼ਾ ਪੂਰੇ ਕਰਦਾ ਹੈ।

24. ਸੀਯੋਨ ਨੂੰ ਕਿਸ ਤਰ੍ਹਾਂ ਮੁੜ ਵਸਾਇਆ ਗਿਆ ਸੀ, ਅਤੇ ਉਸ ਨੇ ਕਿਹੜੇ ਸਵਾਲ ਪੁੱਛੇ ਸਨ?

24 ਯਸਾਯਾਹ ਰਾਹੀਂ ਯਹੋਵਾਹ ਨੇ ਹੋਰ ਵੀ ਦਿਲਾਸਾ ਦਿੱਤਾ। ਸੀਯੋਨ ਲਈ “ਢਾਉਣ ਵਾਲੇ” ਬਾਬਲੀਆਂ ਜਾਂ ਧਰਮ-ਤਿਆਗੀ ਯਹੂਦੀਆਂ ਵੱਲੋਂ ਖ਼ਤਰਾ ਖ਼ਤਮ ਹੋ ਚੁੱਕਾ ਸੀ। ਸੀਯੋਨ ਦੇ “ਬਣਾਉਣ ਵਾਲੇ,” ਯਾਨੀ ਗ਼ੁਲਾਮ ਯਹੂਦੀ ਜੋ ਯਹੋਵਾਹ ਪ੍ਰਤੀ ਵਫ਼ਾਦਾਰ ਰਹੇ ਸਨ, ਯਰੂਸ਼ਲਮ ਵਾਪਸ ਮੁੜਨ ਲਈ “ਕਾਹਲੀ ਕਰਦੇ” ਸਨ। ਉਹ “ਇਕੱਠੇ” ਕੀਤੇ ਗਏ ਸਨ। ਉਹ ਆਪਣੀ ਰਾਜਧਾਨੀ ਲਈ ਸਜਾਵਟ ਸਨ ਠੀਕ ਇਕ “ਲਾੜੀ” ਦੀ ਤਰ੍ਹਾਂ ਜੋ “ਗਹਿਣੇ” ਪਹਿਨਦੀ ਹੈ। (ਯਸਾਯਾਹ 49:17, 18) ਸੀਯੋਨ ਦੇ ਅਸਥਾਨ “ਬਰਬਾਦ” ਕੀਤੇ ਗਏ ਸਨ। ਉਸ ਦੀ ਹੈਰਾਨੀ ਦੀ ਕਲਪਨਾ ਕਰੋ ਜਦੋਂ ਅਚਾਨਕ ਉਸ ਦੇ ਇੰਨੇ ਵਾਸੀ ਹੋ ਗਏ ਸਨ ਕਿ ਉਸ ਦੀ ਜਗ੍ਹਾ ਭੀੜੀ ਲੱਗਦੀ ਸੀ। (ਯਸਾਯਾਹ 49:19, 20 ਪੜ੍ਹੋ।) ਇਹ ਕੁਦਰਤੀ ਸੀ ਕਿ ਉਹ ਪੁੱਛੇ ਕਿ ਇਹ ਸਾਰੇ ਬੱਚੇ ਕਿੱਥੋਂ ਆਏ ਸਨ: “ਤਦ ਤੂੰ ਆਪਣੇ ਮਨ ਵਿੱਚ ਆਖੇਂਗੀ, ਕਿਹ ਨੇ ਏਹਨਾਂ ਨੂੰ ਮੇਰੇ ਲਈ ਜਣਿਆ? ਮੈਂ ਔਂਤ ਤੇ ਬਾਂਝ ਸਾਂ, ਮੈਂ ਕੱਢੀ ਹੋਈ ਤੇ ਛੱਡੀ ਹੋਈ ਸਾਂ,—ਏਹਨਾਂ ਨੂੰ ਕਿਹ ਨੇ ਪਾਲਿਆ? ਮੈਂ ਤਾਂ ਇਕੱਲੀ ਰਹਿ ਗਈ ਸਾਂ, ਏਹ, ਤਾਂ ਏਹ ਕਿੱਥੋਂ ਹਨ?” (ਯਸਾਯਾਹ 49:21) ਬਾਂਝ ਸੀਯੋਨ ਲਈ ਇਹ ਕਿੰਨੀ ਖ਼ੁਸ਼ੀ-ਭਰੀ ਹਾਲਤ ਸੀ!

25. ਸਾਡੇ ਜ਼ਮਾਨੇ ਵਿਚ ਰੂਹਾਨੀ ਇਸਰਾਏਲ ਕਿਸ ਤਰ੍ਹਾਂ ਬਹਾਲ ਕੀਤਾ ਗਿਆ ਸੀ?

25 ਇਨ੍ਹਾਂ ਸ਼ਬਦਾਂ ਦੀ ਪੂਰਤੀ ਸਾਡੇ ਜ਼ਮਾਨੇ ਵਿਚ ਵੀ ਹੁੰਦੀ ਹੈ। ਪਹਿਲੇ ਵਿਸ਼ਵ ਯੁੱਧ ਦੇ ਔਖੇ ਸਮੇਂ ਦੌਰਾਨ, ਰੂਹਾਨੀ ਇਸਰਾਏਲ ਨੇ ਵਿਰਾਨੀ ਅਤੇ ਗ਼ੁਲਾਮੀ ਦਾ ਸਮਾਂ ਕੱਟਿਆ ਸੀ। ਪਰ ਉਸ ਨੂੰ ਬਹਾਲ ਕੀਤਾ ਗਿਆ ਅਤੇ ਉਹ ਰੂਹਾਨੀ ਫਿਰਦੌਸ ਵਿਚ ਆਇਆ। (ਯਸਾਯਾਹ 35:1-10) ਉਹ ਪਹਿਲਾਂ ਉਸ ਬਰਬਾਦ ਸ਼ਹਿਰ ਵਰਗਾ ਸੀ ਜਿਸ ਬਾਰੇ ਯਸਾਯਾਹ ਨੇ ਗੱਲ ਕੀਤੀ ਸੀ, ਪਰ ਬਾਅਦ ਵਿਚ ਉਹ ਖ਼ੁਸ਼ ਹੋਇਆ ਕਿ ਉਸ ਵਿਚ ਯਹੋਵਾਹ ਦੇ ਇੰਨੇ ਖ਼ੁਸ਼ ਸੇਵਕ ਸਨ।

‘ਲੋਕਾਂ ਲਈ ਇਕ ਝੰਡਾ’

26. ਯਹੋਵਾਹ ਨੇ ਆਪਣੇ ਆਜ਼ਾਦ ਕੀਤੇ ਗਏ ਲੋਕਾਂ ਨੂੰ ਕਿਹੜੀ ਅਗਵਾਈ ਦਿੱਤੀ ਸੀ?

26 ਭਵਿੱਖਬਾਣੀ ਵਿਚ ਯਹੋਵਾਹ ਨੇ ਯਸਾਯਾਹ ਨੂੰ ਉਹ ਸਮਾਂ ਦਿਖਾਇਆ ਜਦੋਂ ਉਸ ਦੇ ਲੋਕ ਬਾਬਲ ਤੋਂ ਛੁਡਾਏ ਜਾਣਗੇ। ਕੀ ਪਰਮੇਸ਼ੁਰ ਉਨ੍ਹਾਂ ਨੂੰ ਕੋਈ ਅਗਵਾਈ ਦੇਵੇਗਾ? ਯਹੋਵਾਹ ਨੇ ਇਸ ਦਾ ਜਵਾਬ ਦਿੱਤਾ: “ਵੇਖੋ, ਮੈਂ ਆਪਣਾ ਹੱਥ ਕੌਮਾਂ ਲਈ ਉਠਾਵਾਂਗਾ, ਅਤੇ ਲੋਕਾਂ ਲਈ ਆਪਣਾ ਝੰਡਾ ਉੱਚਾ ਕਰਾਂਗਾ, ਓਹ ਤੇਰੇ ਪੁੱਤ੍ਰਾਂ ਨੂੰ ਝੋਲੀ ਵਿੱਚ ਲਿਆਉਣਗੇ, ਅਤੇ ਤੇਰੀਆਂ ਧੀਆਂ ਮੋਢਿਆਂ ਤੇ ਚੁੱਕੀਆਂ ਜਾਣਗੀਆਂ।” (ਯਸਾਯਾਹ 49:22) ਇਸ ਦੀ ਪਹਿਲੀ ਪੂਰਤੀ ਵਿਚ ਯਰੂਸ਼ਲਮ ਯਹੋਵਾਹ ਦਾ “ਝੰਡਾ” ਬਣਿਆ ਸੀ ਕਿਉਂਕਿ ਉਹ ਰਾਜਧਾਨੀ ਸ਼ਹਿਰ ਅਤੇ ਯਹੋਵਾਹ ਦੀ ਹੈਕਲ ਦੀ ਜਗ੍ਹਾ ਸੀ। ਦੂਸਰੀਆਂ ਕੌਮਾਂ ਦੇ ‘ਪਾਤਸ਼ਾਹਾਂ’ ਅਤੇ “ਰਾਣੀਆਂ” ਵਰਗੇ ਵੱਡੇ-ਵੱਡੇ ਲੋਕਾਂ ਨੇ ਯਰੂਸ਼ਲਮ ਵਾਪਸ ਜਾਣ ਦੇ ਸਫ਼ਰ ਵਿਚ ਇਸਰਾਏਲੀਆਂ ਦੀ ਮਦਦ ਕੀਤੀ ਸੀ। (ਯਸਾਯਾਹ 49:23ੳ) ਫ਼ਾਰਸੀ ਰਾਜਿਆਂ ਖੋਰਸ ਅਤੇ ਅਰਤਹਸ਼ਸ਼ਤਾ ਲੌਂਗੀਮੇਨਸ ਅਤੇ ਉਨ੍ਹਾਂ ਦੇ ਘਰਾਣਿਆਂ ਨੂੰ ਇਨ੍ਹਾਂ ਮਦਦਗਾਰਾਂ ਵਿਚ ਗਿਣਿਆ ਜਾਂਦਾ ਹੈ। (ਅਜ਼ਰਾ 5:13; 7:11-26) ਪਰ ਯਸਾਯਾਹ ਦੇ ਸ਼ਬਦਾਂ ਦੀ ਹੋਰ ਵੀ ਪੂਰਤੀ ਹੋਈ ਸੀ।

27. (ੳ) ਇਸ ਭਵਿੱਖਬਾਣੀ ਦੀ ਵੱਡੀ ਪੂਰਤੀ ਵਿਚ ਲੋਕ ਕਿਸ ‘ਝੰਡੇ’ ਦੇ ਆਲੇ-ਦੁਆਲੇ ਇਕੱਠੇ ਹੋਣਗੇ? (ਅ) ਜਦੋਂ ਸਾਰੀਆਂ ਕੌਮਾਂ ਨੂੰ ਮਸੀਹ ਦੀ ਹਕੂਮਤ ਅੱਗੇ ਮਜਬੂਰੀ ਨਾਲ ਝੁਕਣਾ ਪਵੇਗਾ ਤਾਂ ਨਤੀਜਾ ਕੀ ਨਿਕਲੇਗਾ?

27ਯਸਾਯਾਹ 11:10 ਵਿਚ ‘ਲੋਕਾਂ ਲਈ ਇਕ ਝੰਡੇ’ ਦੀ ਗੱਲ ਕੀਤੀ ਗਈ ਸੀ। ਪੌਲੁਸ ਰਸੂਲ ਨੇ ਇਹ ਸ਼ਬਦ ਮਸੀਹ ਯਿਸੂ ਉੱਤੇ ਲਾਗੂ ਕੀਤੇ ਸਨ। (ਰੋਮੀਆਂ 15:8-12) ਤਾਂ ਫਿਰ ਇਸ ਦੀ ਵੱਡੀ ਪੂਰਤੀ ਵਿਚ ਯਿਸੂ ਅਤੇ ਉਸ ਦੇ ਆਤਮਾ ਦੁਆਰਾ ਮਸਹ ਕੀਤੇ ਗਏ ਸੰਗੀ ਰਾਜੇ ਯਹੋਵਾਹ ਦਾ “ਝੰਡਾ” ਹਨ ਜਿਸ ਦੇ ਆਲੇ-ਦੁਆਲੇ ਲੋਕ ਇਕੱਠੇ ਹੁੰਦੇ ਹਨ। (ਪਰਕਾਸ਼ ਦੀ ਪੋਥੀ 14:1) ਉਹ ਸਮਾਂ ਵੀ ਆਵੇਗਾ ਜਦੋਂ ਧਰਤੀ ਦੇ ਸਾਰਿਆਂ ਲੋਕਾਂ ਨੂੰ, ਹਾਕਮਾਂ ਨੂੰ ਵੀ, ਮਸੀਹ ਦੀ ਹਕੂਮਤ ਅੱਗੇ ਝੁਕਣਾ ਪਵੇਗਾ। (ਜ਼ਬੂਰ 2:10, 11; ਦਾਨੀਏਲ 2:44) ਇਸ ਦਾ ਨਤੀਜਾ ਕੀ ਨਿਕਲੇਗਾ? ਯਹੋਵਾਹ ਨੇ ਕਿਹਾ: ‘ਉਹ ਜਾਣਨਗੇ ਕਿ ਮੈਂ ਯਹੋਵਾਹ ਹਾਂ, ਅਤੇ ਮੇਰੇ ਉਡੀਕਣ ਵਾਲੇ ਸ਼ਰਮਿੰਦੇ ਨਾ ਹੋਣਗੇ।’​—ਯਸਾਯਾਹ 49:23ਅ.

“ਸਾਡੀ ਮੁਕਤੀ ਹੁਣ ਨੇੜੇ ਹੈ”

28. (ੳ) ਯਹੋਵਾਹ ਨੇ ਕਿਨ੍ਹਾਂ ਸ਼ਬਦਾਂ ਨਾਲ ਆਪਣੇ ਲੋਕਾਂ ਨੂੰ ਫਿਰ ਤੋਂ ਭਰੋਸਾ ਦਿੱਤਾ ਸੀ ਕਿ ਉਹ ਛੁਡਾਏ ਜਾਣਗੇ? (ਅ) ਯਹੋਵਾਹ ਅੱਜ ਵੀ ਆਪਣੇ ਲੋਕਾਂ ਨਾਲ ਕਿਹੜਾ ਵਾਅਦਾ ਕਰਦਾ ਹੈ?

28 ਬਾਬਲ ਵਿਚ ਕੁਝ ਗ਼ੁਲਾਮਾਂ ਨੇ ਸ਼ਾਇਦ ਸੋਚਿਆ ਹੋਵੇ: ‘ਕੀ ਇਸਰਾਏਲ ਸੱਚ-ਮੁੱਚ ਛੁਡਾਇਆ ਜਾਵੇਗਾ?’ ਯਹੋਵਾਹ ਨੇ ਇਸ ਸਵਾਲ ਨੂੰ ਧਿਆਨ ਵਿਚ ਰੱਖਦੇ ਹੋਏ ਹੋਰ ਸਵਾਲ ਪੁੱਛਿਆ: “ਕੀ ਲੁੱਟ ਸੂਰਮੇ ਕੋਲੋਂ ਲਈ ਜਾਵੇਗੀ? ਯਾ ਧਰਮੀ ਦੇ ਬੰਧੂਏ ਛੁਡਾਏ ਜਾਣਗੇ?” (ਯਸਾਯਾਹ 49:24) ਜੀ ਹਾਂ, ਉਹ ਜ਼ਰੂਰ ਛੁਡਾਏ ਜਾਣਗੇ। ਯਹੋਵਾਹ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ: “ਸੂਰਮੇ ਤੇ ਬੰਧੂਏ ਵੀ ਲਏ ਜਾਣਗੇ, ਅਤੇ ਜ਼ਾਲਮ ਦੀ ਲੁੱਟ ਛੁਡਾਈ ਜਾਵੇਗੀ।” (ਯਸਾਯਾਹ 49:25ੳ) ਇਸ ਤੋਂ ਉਨ੍ਹਾਂ ਨੂੰ ਕਿੰਨਾ ਦਿਲਾਸਾ ਮਿਲਿਆ ਹੋਣਾ! ਇਸ ਤੋਂ ਇਲਾਵਾ, ਯਹੋਵਾਹ ਨੇ ਆਪਣੀ ਕਿਰਪਾ ਦੇ ਨਾਲ-ਨਾਲ ਉਨ੍ਹਾਂ ਦੀ ਰੱਖਿਆ ਕਰਨ ਦਾ ਵਾਅਦਾ ਵੀ ਕੀਤਾ ਸੀ। ਉਸ ਨੇ ਸਾਫ਼-ਸਾਫ਼ ਕਿਹਾ: “ਤੇਰੇ ਝਗੜਨ ਵਾਲਿਆਂ ਨਾਲ ਮੈਂ ਝਗੜਾਂਗਾ, ਅਤੇ ਤੇਰੇ ਪੁੱਤ੍ਰਾਂ ਨੂੰ ਮੈਂ ਬਚਾਵਾਂਗਾ।” (ਯਸਾਯਾਹ 49:25ਅ) ਇਹ ਵਾਅਦਾ ਅੱਜ ਵੀ ਲਾਗੂ ਹੁੰਦਾ ਹੈ। ਜ਼ਕਰਯਾਹ 2:8 ਦੇ ਅਨੁਸਾਰ ਯਹੋਵਾਹ ਨੇ ਆਪਣੇ ਲੋਕਾਂ ਨੂੰ ਕਿਹਾ ਸੀ ਕਿ ‘ਜਿਹੜਾ ਤੁਹਾਨੂੰ ਛੋਹੰਦਾ ਹੈ ਉਹ ਮੇਰੀ ਅੱਖ ਦੀ ਕਾਕੀ ਨੂੰ ਛੋਹੰਦਾ ਹੈ।’ ਇਹ ਸੱਚ ਹੈ ਕਿ ਅਸੀਂ ਹੁਣ ਇਕ ਮਨਭਾਉਂਦੇ ਸਮੇਂ ਵਿਚ ਰਹਿ ਰਹੇ ਹਾਂ ਜਿਸ ਦੌਰਾਨ ਸਾਰੀ ਧਰਤੀ ਦੇ ਲੋਕਾਂ ਨੂੰ ਰੂਹਾਨੀ ਸੀਯੋਨ ਨਾਲ ਇਕੱਠੇ ਹੋਣ ਦਾ ਮੌਕਾ ਮਿਲਦਾ ਹੈ। ਲੇਕਿਨ ਇਹ ਮਨਭਾਉਂਦਾ ਸਮਾਂ ਖ਼ਤਮ ਹੋਣ ਵਾਲਾ ਹੈ।

29. ਉਨ੍ਹਾਂ ਨਾਲ ਕੀ ਹੋਵੇਗਾ ਜੋ ਯਹੋਵਾਹ ਦੀ ਆਗਿਆ ਨਹੀਂ ਮੰਨਦੇ?

29 ਉਨ੍ਹਾਂ ਲੋਕਾਂ ਨਾਲ ਕੀ ਹੋਵੇਗਾ ਜੋ ਜ਼ਿੱਦ ਕਰ ਕੇ ਯਹੋਵਾਹ ਦੀ ਆਗਿਆ ਨਹੀਂ ਮੰਨਣੀ ਚਾਹੁੰਦੇ ਅਤੇ ਜੋ ਉਸ ਦੇ ਲੋਕਾਂ ਨੂੰ ਸਤਾਉਂਦੇ ਵੀ ਹਨ? ਉਸ ਨੇ ਕਿਹਾ: “ਮੈਂ ਤੇਰੇ ਸਤਾਉਣ ਵਾਲਿਆਂ ਨੂੰ ਓਹਨਾਂ ਦਾ ਆਪਣਾ ਮਾਸ ਖੁਲਾਵਾਂਗਾ, ਓਹ ਆਪਣੇ ਲਹੂ ਨਾਲ ਮਸਤਾਨੇ ਹੋਣਗੇ ਜਿਵੇਂ ਮਧ ਨਾਲ।” (ਯਸਾਯਾਹ 49:26ੳ) ਉਨ੍ਹਾਂ ਦਾ ਅੰਤ ਕਿੰਨਾ ਭੈੜਾ ਹੋਵੇਗਾ! ਅਜਿਹੇ ਜ਼ਿੱਦੀ ਵਿਰੋਧੀਆਂ ਦਾ ਕੋਈ ਭਵਿੱਖ ਨਹੀਂ ਹੈ। ਉਨ੍ਹਾਂ ਦਾ ਨਾਸ਼ ਕੀਤਾ ਜਾਵੇਗਾ। ਇਸ ਤਰ੍ਹਾਂ ਆਪਣੇ ਲੋਕਾਂ ਨੂੰ ਬਚਾ ਕੇ ਅਤੇ ਉਨ੍ਹਾਂ ਦੇ ਵੈਰੀਆਂ ਨੂੰ ਖ਼ਤਮ ਕਰ ਕੇ ਯਹੋਵਾਹ ਇਕ ਮੁਕਤੀਦਾਤਾ ਸਾਬਤ ਹੋਵੇਗਾ। “ਸਾਰੇ ਬਸ਼ਰ ਜਾਣਨਗੇ ਕਿ ਮੈਂ ਯਹੋਵਾਹ ਤੇਰਾ ਬਚਾਉਣ ਵਾਲਾ ਹਾਂ, ਅਤੇ ਤੇਰਾ ਛੁਟਕਾਰਾ ਦੇਣ ਵਾਲਾ, ਯਾਕੂਬ ਦਾ ਸ਼ਕਤੀਮਾਨ।”​—ਯਸਾਯਾਹ 49:26ਅ.

30. ਯਹੋਵਾਹ ਨੇ ਆਪਣੇ ਲੋਕਾਂ ਨੂੰ ਕਿਸ ਤਰ੍ਹਾਂ ਛੁਡਾਇਆ ਹੈ, ਅਤੇ ਉਹ ਅਗਾਹਾਂ ਨੂੰ ਕੀ ਕਰੇਗਾ?

30 ਇਹ ਸ਼ਬਦ ਪਹਿਲਾਂ ਉਦੋਂ ਪੂਰੇ ਹੋਏ ਸਨ ਜਦੋਂ ਯਹੋਵਾਹ ਨੇ ਖੋਰਸ ਰਾਹੀਂ ਆਪਣੇ ਲੋਕਾਂ ਨੂੰ ਬਾਬਲ ਦੀ ਗ਼ੁਲਾਮੀ ਤੋਂ ਛੁਡਾਇਆ ਸੀ। ਇਹ 1919 ਵਿਚ ਵੀ ਪੂਰੇ ਹੋਏ ਸਨ ਜਦੋਂ ਯਹੋਵਾਹ ਨੇ ਆਪਣੇ ਰਾਜੇ ਯਿਸੂ ਮਸੀਹ ਰਾਹੀਂ ਆਪਣੇ ਲੋਕਾਂ ਨੂੰ ਰੂਹਾਨੀ ਗ਼ੁਲਾਮੀ ਤੋਂ ਛੁਡਾਇਆ ਸੀ। ਇਸ ਲਈ ਬਾਈਬਲ ਵਿਚ ਸਾਨੂੰ ਦੱਸਿਆ ਗਿਆ ਹੈ ਕਿ ਯਹੋਵਾਹ ਅਤੇ ਯਿਸੂ ਦੋਨੋਂ ਮੁਕਤੀਦਾਤੇ ਹਨ। (ਤੀਤੁਸ 2:11-13; 3:4-6) ਯਹੋਵਾਹ ਸਾਡਾ ਮੁਕਤੀਦਾਤਾ ਹੈ ਅਤੇ ਯਿਸੂ ਮਸੀਹ ਯਹੋਵਾਹ ਦਾ “ਹਾਕਮ” ਹੈ। (ਰਸੂਲਾਂ ਦੇ ਕਰਤੱਬ 5:31) ਵਾਕਈ ਯਿਸੂ ਮਸੀਹ ਰਾਹੀਂ ਯਹੋਵਾਹ ਵਧੀਆ ਬਚਾਅ ਕਰਦਾ ਹੈ। ਰਾਜ ਦੀ ਖ਼ੁਸ਼ ਖ਼ਬਰੀ ਸੁਣਵਾ ਕੇ ਯਹੋਵਾਹ ਨੇਕਦਿਲ ਲੋਕਾਂ ਨੂੰ ਝੂਠੇ ਧਰਮ ਦੀ ਗ਼ੁਲਾਮੀ ਤੋਂ ਛੁਡਾਉਂਦਾ ਹੈ। ਰਿਹਾਈ ਦੇ ਬਲੀਦਾਨ ਰਾਹੀਂ ਉਹ ਉਨ੍ਹਾਂ ਨੂੰ ਪਾਪ ਅਤੇ ਮੌਤ ਦੀ ਗ਼ੁਲਾਮੀ ਤੋਂ ਛੁਡਾਉਂਦਾ ਹੈ। ਸੰਨ 1919 ਵਿਚ ਉਸ ਨੇ ਯਿਸੂ ਦੇ ਭਰਾਵਾਂ ਨੂੰ ਰੂਹਾਨੀ ਗ਼ੁਲਾਮੀ ਤੋਂ ਛੁਡਾਇਆ ਸੀ। ਅਤੇ ਆਰਮਾਗੇਡਨ ਦੇ ਯੁੱਧ ਵਿਚ ਉਹ ਵਫ਼ਾਦਾਰ ਇਨਸਾਨਾਂ ਦੀ ਇਕ ਵੱਡੀ ਭੀੜ ਨੂੰ ਉਸ ਤਬਾਹੀ ਤੋਂ ਬਚਾਵੇਗਾ ਜੋ ਪਾਪੀਆਂ ਉੱਤੇ ਆਵੇਗੀ।

31. ਮਸੀਹੀਆਂ ਨੂੰ ਪਰਮੇਸ਼ੁਰ ਦੀ ਮਨਜ਼ੂਰੀ ਹਾਸਲ ਕਰਨ ਵਾਲਿਆਂ ਵਜੋਂ ਕਿਵੇਂ ਮਹਿਸੂਸ ਕਰਨਾ ਚਾਹੀਦਾ ਹੈ?

31 ਪਰਮੇਸ਼ੁਰ ਦੀ ਮਨਜ਼ੂਰੀ ਹਾਸਲ ਕਰਨੀ ਸਾਡੇ ਲਈ ਕਿੰਨਾ ਵੱਡਾ ਸਨਮਾਨ ਹੈ! ਉਮੀਦ ਹੈ ਕਿ ਅਸੀਂ ਸਾਰੇ ਜਣੇ ਇਸ ਮਨਭਾਉਂਦੇ ਸਮੇਂ ਨੂੰ ਬੁੱਧੀਮਤਾ ਨਾਲ ਇਸਤੇਮਾਲ ਕਰਾਂਗੇ। ਸਾਨੂੰ ਇਸ ਸਮੇਂ ਦੀ ਮਹੱਤਤਾ ਮਨ ਵਿਚ ਰੱਖਦੇ ਹੋਏ ਰੋਮੀਆਂ ਨੂੰ ਲਿਖੇ ਹੋਏ ਪੌਲੁਸ ਦੇ ਸ਼ਬਦਾਂ ਵੱਲ ਧਿਆਨ ਦੇਣਾ ਚਾਹੀਦਾ ਹੈ: “ਤੁਸੀਂ ਸਮਾ ਜਾਣਦੇ ਹੋ ਜੋ ਹੁਣ ਨੀਂਦਰ ਤੋਂ ਤੁਹਾਡੇ ਜਾਗਣ ਦਾ ਵੇਲਾ ਆ ਪੁੱਜਿਆ ਹੈ ਕਿਉਂ ਜੋ ਜਿਸ ਵੇਲੇ ਅਸਾਂ ਨਿਹਚਾ ਕੀਤੀ ਓਸ ਵੇਲੇ ਨਾਲੋਂ ਸਾਡੀ ਮੁਕਤੀ ਹੁਣ ਨੇੜੇ ਹੈ। ਰਾਤ ਬਹੁਤ ਬੀਤ ਗਈ ਅਤੇ ਦਿਨ ਚੜ੍ਹਨ ਵਾਲਾ ਹੈ ਇਸ ਲਈ ਅਨ੍ਹੇਰੇ ਦੇ ਕੰਮ ਛੱਡ ਦੇਈਏ ਅਤੇ ਚਾਨਣ ਦੀ ਸੰਜੋ ਪਹਿਨ ਲਈਏ। ਭਲਮਣਸਊ ਨਾਲ ਚੱਲੀਏ ਜਿੱਕੁਰ ਦਿਨੇ ਚੱਲੀਦਾ ਹੈ, ਨਾ ਬਦਮਸਤੀਆਂ ਅਤੇ ਨਸ਼ਿਆਂ ਵਿੱਚ, ਨਾ ਹਰਾਮਕਾਰੀਆਂ ਅਤੇ ਲੁੱਚਪੁਣਿਆਂ ਵਿੱਚ, ਨਾ ਝਗੜੇ ਅਤੇ ਹਸਦ ਵਿੱਚ। ਸਗੋਂ ਪ੍ਰਭੁ ਯਿਸੂ ਮਸੀਹ ਨੂੰ ਪਹਿਨ ਲਓ ਅਤੇ ਸਰੀਰ ਦੇ ਵਿਸ਼ਿਆਂ ਲਈ ਕੋਈ ਤਰੱਦਦ ਨਾ ਕਰੋ।”​—ਰੋਮੀਆਂ 13:11-14.

32. ਪਰਮੇਸ਼ੁਰ ਦੇ ਲੋਕਾਂ ਦਾ ਕਿਹੜਾ ਭਰੋਸਾ ਹੈ?

32 ਯਹੋਵਾਹ ਦੀ ਕਿਰਪਾ ਉਨ੍ਹਾਂ ਉੱਤੇ ਰਹੇਗੀ ਜੋ ਉਸ ਦੀ ਸਲਾਹ ਮੰਨਦੇ ਹਨ। ਉਹ ਉਨ੍ਹਾਂ ਨੂੰ ਤਾਕਤ ਅਤੇ ਯੋਗਤਾ ਬਖ਼ਸ਼ੇਗਾ ਤਾਂਕਿ ਉਹ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਸਕਣ। (2 ਕੁਰਿੰਥੀਆਂ 4:7) ਯਹੋਵਾਹ ਆਪਣੇ ਸੇਵਕਾਂ ਨੂੰ ਉਸ ਤਰ੍ਹਾਂ ਵਰਤੇਗਾ ਜਿਸ ਤਰ੍ਹਾਂ ਉਸ ਨੇ ਉਨ੍ਹਾਂ ਦੇ ਆਗੂ ਯਿਸੂ ਨੂੰ ਵਰਤਿਆ ਸੀ। ਉਹ ਉਨ੍ਹਾਂ ਦੇ ਮੂੰਹ “ਤਿੱਖੀ ਤੇਗ ਵਾਂਙੁ” ਬਣਾਵੇਗਾ ਤਾਂਕਿ ਉਹ ਖ਼ੁਸ਼ ਖ਼ਬਰੀ ਦਾ ਸੁਨੇਹਾ ਨਿਮਰ ਲੋਕਾਂ ਦੇ ਦਿਲਾਂ ਤਕ ਪਹੁੰਚਾ ਸਕਣ। (ਮੱਤੀ 28:19, 20) ਉਹ “ਆਪਣੇ ਹੱਥ ਦੇ ਸਾਯੇ ਵਿੱਚ” ਆਪਣੇ ਲੋਕਾਂ ਨੂੰ ਸੁਰੱਖਿਅਤ ਰੱਖੇਗਾ। ‘ਇੱਕ ਸਿਕਲ ਕੀਤੇ ਹੋਏ ਬਾਣ’ ਵਾਂਗ ਉਹ ਉਸ ਦੀ “ਆਪਣੀ ਤਰਕਸ਼ ਵਿੱਚ” ਲੁਕਾਏ ਜਾਣਗੇ। ਸੱਚ-ਮੁੱਚ ਯਹੋਵਾਹ ਆਪਣੇ ਲੋਕਾਂ ਨੂੰ ਨਹੀਂ ਤਿਆਗੇਗਾ!​—ਜ਼ਬੂਰ 94:14; ਯਸਾਯਾਹ 49:2, 15.

[ਫੁਟਨੋਟ]

^ ਪੈਰਾ 6 ‘ਇਸ ਵਿਚ ਕੋਈ ਸ਼ੱਕ ਨਹੀਂ ਕਿ ਸ਼ਤਾਨ ਜਾਣਦਾ ਸੀ ਕਿ ਯਿਸੂ ਪਰਮੇਸ਼ੁਰ ਦਾ ਪੁੱਤਰ ਹੈ ਅਤੇ ਉਹ ਭਵਿੱਖਬਾਣੀ ਅਨੁਸਾਰ ਉਸ ਦੇ ਸਿਰ ਨੂੰ ਫੇਵੇਗਾ। (ਉਤ 3:15) ਇਸ ਲਈ ਸ਼ਤਾਨ ਨੇ ਯਿਸੂ ਨੂੰ ਖ਼ਤਮ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਸੀ। ਪਰ ਜਦੋਂ ਜਬਰਾਏਲ ਦੂਤ ਨੇ ਮਰਿਯਮ ਨੂੰ ਦੱਸਿਆ ਸੀ ਕਿ ਉਹ ਗਰਭਵਤੀ ਹੋਵੇਗੀ ਅਤੇ ਯਿਸੂ ਨੂੰ ਜਨਮ ਦੇਵੇਗੀ, ਤਾਂ ਉਸ ਨੇ ਕਿਹਾ ਸੀ: “ਪਵਿੱਤ੍ਰ ਆਤਮਾ ਤੇਰੇ ਉੱਪਰ ਆਵੇਗਾ ਅਰ ਅੱਤ ਮਹਾਨ ਦੀ ਕੁਦਰਤ ਤੇਰੇ ਉੱਤੇ ਛਾਇਆ ਕਰੇਗੀ ਇਸ ਕਰਕੇ ਜਿਹੜਾ ਜੰਮੇਗਾ ਉਹ ਪਵਿੱਤ੍ਰ ਅਤੇ ਪਰਮੇਸ਼ੁਰ ਦਾ ਪੁੱਤ੍ਰ ਕਹਾਵੇਗਾ।” (ਲੂਕਾ 1:35) ਯਹੋਵਾਹ ਨੇ ਆਪਣੇ ਪੁੱਤਰ ਦੀ ਰਖਵਾਲੀ ਕੀਤੀ ਸੀ। ਯਿਸੂ ਨੂੰ ਬਚਪਨ ਵਿਚ ਮਾਰਨ ਦੇ ਜਤਨ ਨਾਕਾਮਯਾਬ ਰਹੇ।’​—ਇਨਸਾਈਟ ਔਨ ਦ ਸਕ੍ਰਿਪਚਰਸ, ਦੂਜੀ ਪੁਸਤਕ, ਸਫ਼ਾ 868, ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ।

[ਸਵਾਲ]

[ਸਫ਼ਾ 139 ਉੱਤੇ ਤਸਵੀਰ]

ਮਸੀਹਾ ਯਹੋਵਾਹ ਦੀ ਤਰਕਸ਼ ਵਿਚ ‘ਇੱਕ ਸਿਕਲ ਕੀਤੇ ਹੋਏ ਬਾਣ’ ਵਰਗਾ ਸੀ

[ਸਫ਼ਾ 141 ਉੱਤੇ ਤਸਵੀਰ]

ਮਸੀਹਾ “ਕੌਮਾਂ ਲਈ ਜੋਤ” ਰਿਹਾ ਹੈ

[ਸਫ਼ਾ 147 ਉੱਤੇ ਤਸਵੀਰ]

ਪਰਮੇਸ਼ੁਰ ਦਾ ਆਪਣੇ ਲੋਕਾਂ ਲਈ ਪਿਆਰ ਇਕ ਮਾਂ ਦੀ ਮਮਤਾ ਨਾਲੋਂ ਜ਼ਿਆਦਾ ਹੈ