Skip to content

Skip to table of contents

‘ਇੱਕ ਨਵਾਂ ਨਾਉਂ’

‘ਇੱਕ ਨਵਾਂ ਨਾਉਂ’

ਤੇਈਵਾਂ ਅਧਿਆਇ

‘ਇੱਕ ਨਵਾਂ ਨਾਉਂ’

ਯਸਾਯਾਹ 62:1-12

1. ਯਸਾਯਾਹ ਦੇ 62ਵੇਂ ਅਧਿਆਇ ਵਿਚ ਕੀ ਲਿਖਿਆ ਗਿਆ ਹੈ ਜਿਸ ਤੋਂ ਸਾਨੂੰ ਭਰੋਸਾ ਮਿਲਦਾ ਹੈ?

ਬਾਬਲ ਵਿਚ ਬੈਠੇ ਮਾਯੂਸ ਯਹੂਦੀਆਂ ਨੂੰ ਭਰੋਸੇ, ਦਿਲਾਸੇ, ਅਤੇ ਉਮੀਦ ਦੀ ਜ਼ਰੂਰਤ ਸੀ। ਕਈ ਦਹਾਕੇ ਪਹਿਲਾਂ ਯਰੂਸ਼ਲਮ ਅਤੇ ਉਸ ਦੀ ਹੈਕਲ ਦਾ ਨਾਸ਼ ਕੀਤਾ ਗਿਆ ਸੀ। ਯਹੂਦਾਹ ਬਾਬਲ ਤੋਂ ਕੁਝ 800 ਕਿਲੋਮੀਟਰ ਦੂਰ ਵਿਰਾਨ ਪਿਆ ਸੀ, ਅਤੇ ਲੱਗਦਾ ਸੀ ਕਿ ਯਹੋਵਾਹ ਯਹੂਦੀ ਲੋਕਾਂ ਨੂੰ ਭੁੱਲ ਗਿਆ ਸੀ। ਉਨ੍ਹਾਂ ਨੂੰ ਕਿਸ ਚੀਜ਼ ਤੋਂ ਉਮੀਦ ਮਿਲ ਸਕਦੀ ਸੀ? ਯਹੋਵਾਹ ਦੇ ਵਾਅਦਿਆਂ ਤੋਂ ਕਿ ਉਹ ਉਨ੍ਹਾਂ ਨੂੰ ਆਪਣੇ ਵਤਨ ਵਾਪਸ ਲੈ ਜਾਵੇਗਾ ਅਤੇ ਸੱਚੀ ਭਗਤੀ ਦੁਬਾਰਾ ਕਰਨ ਦੇਵੇਗਾ। ਫਿਰ ਉਨ੍ਹਾਂ ਨੂੰ “ਛੁੱਟੜ” ਅਤੇ ਉਨ੍ਹਾਂ ਦੇ ਦੇਸ਼ ਨੂੰ “ਖਰਾਬਾ” ਸੱਦਣ ਦੀ ਬਜਾਇ ਉਹ ਨਾਂ ਦਿੱਤੇ ਜਾਣੇ ਸਨ ਜੋ ਪਰਮੇਸ਼ੁਰ ਦੀ ਮਨਜ਼ੂਰੀ ਸੰਕੇਤ ਕਰਦੇ ਸਨ। (ਯਸਾਯਾਹ 62:4; ਜ਼ਕਰਯਾਹ 2:12) ਯਸਾਯਾਹ ਦੇ 62ਵੇਂ ਅਧਿਆਇ ਵਿਚ ਅਜਿਹੇ ਬਹੁਤ ਸਾਰੇ ਵਾਅਦੇ ਹਨ। ਪਰ ਮੁੜ ਬਹਾਲੀ ਦੀਆਂ ਹੋਰਨਾਂ ਭਵਿੱਖਬਾਣੀਆਂ ਵਾਂਗ ਇਹ ਅਧਿਆਇ ਵੀ ਸਿਰਫ਼ ਬਾਬਲ ਦੇ ਗ਼ੁਲਾਮ ਯਹੂਦੀਆਂ ਦੀ ਆਜ਼ਾਦੀ ਬਾਰੇ ਹੀ ਨਹੀਂ ਹੈ। ਇਸ ਭਵਿੱਖਬਾਣੀ ਦੀ ਵੱਡੀ ਪੂਰਤੀ ਵਿਚ ਯਸਾਯਾਹ ਦਾ 62ਵਾਂ ਅਧਿਆਇ ਸਾਨੂੰ ਭਰੋਸਾ ਦਿਵਾਉਂਦਾ ਹੈ ਕਿ ਯਹੋਵਾਹ ਦੀ ਰੂਹਾਨੀ ਕੌਮ ਯਾਨੀ “ਪਰਮੇਸ਼ੁਰ ਦੇ ਇਸਰਾਏਲ” ਦਾ ਬਚਾਅ ਪੱਕਾ ਹੈ।​—ਗਲਾਤੀਆਂ 6:16.

ਯਹੋਵਾਹ ਚੁੱਪ ਨਹੀਂ ਰਿਹਾ

2. ਯਹੋਵਾਹ ਨੇ ਇਕ ਵਾਰ ਫਿਰ ਸੀਯੋਨ ਵੱਲ ਆਪਣੀ ਨਿਗਾਹ ਕਿਵੇਂ ਕੀਤੀ ਸੀ?

2 ਬਾਬਲ 539 ਸਾ.ਯੁ.ਪੂ. ਵਿਚ ਹਰਾਇਆ ਗਿਆ ਸੀ। ਇਸ ਤੋਂ ਬਾਅਦ ਫ਼ਾਰਸ ਦੇ ਰਾਜਾ ਖੋਰਸ ਨੇ ਫ਼ਰਮਾਨ ਦਿੱਤਾ ਸੀ ਜਿਸ ਕਰਕੇ ਯਹੋਵਾਹ ਪਰਮੇਸ਼ੁਰ ਦਾ ਭੈ ਰੱਖਣ ਵਾਲੇ ਲੋਕ ਯਰੂਸ਼ਲਮ ਨੂੰ ਵਾਪਸ ਜਾ ਕੇ ਉਸ ਦੀ ਭਗਤੀ ਦੁਬਾਰਾ ਕਰ ਸਕੇ ਸਨ। (ਅਜ਼ਰਾ 1:2-4) ਸੰਨ 537 ਸਾ.ਯੁ.ਪੂ. ਵਿਚ ਪਹਿਲੇ ਯਹੂਦੀ ਆਪਣੇ ਵਤਨ ਵਿਚ ਮੁੜ ਆਏ ਸਨ। ਜਿਵੇਂ ਭਵਿੱਖਬਾਣੀ ਵਿਚ ਦੱਸਿਆ ਗਿਆ ਸੀ ਯਹੋਵਾਹ ਨੇ ਇਕ ਵਾਰ ਫਿਰ ਯਰੂਸ਼ਲਮ ਵੱਲ ਆਪਣੀ ਨਿਗਾਹ ਕੀਤੀ: “ਸੀਯੋਨ ਦੇ ਨਮਿੱਤ ਮੈਂ ਚੁੱਪ ਨਹੀਂ ਰਹਾਂਗਾ, ਅਤੇ ਯਰੂਸ਼ਲਮ ਦੇ ਨਮਿੱਤ ਮੈਂ ਚੈਨ ਨਹੀਂ ਕਰਾਂਗਾ, ਜਦ ਤੀਕ ਉਹ ਦਾ ਧਰਮ ਉਜਾਲੇ ਵਾਂਙੁ, ਅਤੇ ਉਹ ਦੀ ਮੁਕਤੀ ਬਲਦੇ ਦੀਵੇ ਵਾਂਙੁ ਨਾ ਨਿੱਕਲੇ।”​—ਯਸਾਯਾਹ 62:1.

3. (ੳ) ਯਹੋਵਾਹ ਨੇ ਧਰਤੀ ਉੱਤੇ ਸੀਯੋਨ ਦੇ ਵਾਸੀਆਂ ਨੂੰ ਰੱਦ ਕਿਉਂ ਕੀਤਾ ਸੀ ਅਤੇ ਉਨ੍ਹਾਂ ਦੀ ਥਾਂ ਕਿਸ ਨੇ ਲਈ ਹੈ? (ਅ) ਸੱਚਾ ਧਰਮ ਕਦੋਂ ਅਤੇ ਕਿਵੇਂ ਛੱਡਿਆ ਗਿਆ ਸੀ, ਅਤੇ ਅਸੀਂ ਅੱਜ ਕਿਹੜੇ ਸਮੇਂ ਵਿਚ ਜੀ ਰਹੇ ਹਾਂ?

3 ਯਹੋਵਾਹ ਨੇ 537 ਸਾ.ਯੁ.ਪੂ. ਵਿਚ ਸੀਯੋਨ ਯਾਨੀ ਯਰੂਸ਼ਲਮ ਨੂੰ ਵਾਪਸ ਵਸਾਉਣ ਦਾ ਵਾਅਦਾ ਪੂਰਾ ਕੀਤਾ ਸੀ। ਯਹੋਵਾਹ ਨੇ ਉਸ ਦੇ ਵਾਸੀਆਂ ਨੂੰ ਮੁਕਤੀ ਦਿਲਾਈ ਜਿਸ ਤੋਂ ਉਨ੍ਹਾਂ ਦੀ ਧਾਰਮਿਕਤਾ ਚਮਕੀ। ਪਰ ਇਸ ਤੋਂ ਬਾਅਦ ਉਨ੍ਹਾਂ ਨੇ ਫਿਰ ਸ਼ੁੱਧ ਉਪਾਸਨਾ ਕਰਨੀ ਛੱਡ ਦਿੱਤੀ। ਅਖ਼ੀਰ ਵਿਚ ਉਨ੍ਹਾਂ ਨੇ ਯਿਸੂ ਨੂੰ ਮਸੀਹਾ ਵਜੋਂ ਸਵੀਕਾਰ ਨਹੀਂ ਕੀਤਾ ਅਤੇ ਯਹੋਵਾਹ ਨੇ ਉਨ੍ਹਾਂ ਨੂੰ ਆਪਣੀ ਚੁਣੀ ਹੋਈ ਕੌਮ ਵਜੋਂ ਤਿਆਗ ਦਿੱਤਾ ਸੀ। (ਮੱਤੀ 21:43; 23:38; ਯੂਹੰਨਾ 1:9-13) ਯਹੋਵਾਹ ਨੇ ‘ਪਰਮੇਸ਼ੁਰ ਦਾ ਇਸਰਾਏਲ’ ਨਾਮਕ ਇਕ ਨਵੀਂ ਕੌਮ ਪੈਦਾ ਕੀਤੀ। ਇਹ ਨਵੀਂ ਕੌਮ ਉਸ ਦੀ ਖ਼ਾਸ ਪਰਜਾ ਬਣੀ ਅਤੇ ਪਹਿਲੀ ਸਦੀ ਵਿਚ ਇਸ ਦੇ ਮੈਂਬਰਾਂ ਨੇ ਸਾਰੀ ਦੁਨੀਆਂ ਵਿਚ ਜੋਸ਼ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਸੀ। (ਗਲਾਤੀਆਂ 6:16; ਕੁਲੁੱਸੀਆਂ 1:23) ਅਫ਼ਸੋਸ ਦੀ ਗੱਲ ਹੈ ਕਿ ਰਸੂਲਾਂ ਦੀ ਮੌਤ ਤੋਂ ਬਾਅਦ ਕਈਆਂ ਮਸੀਹੀਆਂ ਨੇ ਸੱਚੇ ਧਰਮ ਨੂੰ ਛੱਡ ਦਿੱਤਾ ਸੀ। ਨਤੀਜੇ ਵਜੋਂ ਮਸੀਹੀਅਤ ਨੇ ਇਕ ਝੂਠਾ ਰੂਪ ਧਾਰਿਆ ਅਤੇ ਅੱਜ ਇਹ ਈਸਾਈ-ਜਗਤ ਹੈ। (ਮੱਤੀ 13:24-30, 36-43; ਰਸੂਲਾਂ ਦੇ ਕਰਤੱਬ 20:29, 30) ਸਦੀਆਂ ਤੋਂ ਈਸਾਈ-ਜਗਤ ਯਹੋਵਾਹ ਨੂੰ ਬਦਨਾਮ ਕਰਦਾ ਆਇਆ ਹੈ। ਪਰ 1914 ਵਿਚ ਯਹੋਵਾਹ ਦਾ ‘ਮਨ ਭਾਉਂਦਾ ਵਰ੍ਹਾ’ ਸ਼ੁਰੂ ਹੋਇਆ ਸੀ ਅਤੇ ਯਸਾਯਾਹ ਦੀ ਭਵਿੱਖਬਾਣੀ ਦੇ ਇਸ ਹਿੱਸੇ ਦੀ ਵੱਡੀ ਪੂਰਤੀ ਹੋਣ ਲੱਗੀ।​—ਯਸਾਯਾਹ 61:2.

4, 5. (ੳ) ਸੀਯੋਨ ਅਤੇ ਉਸ ਦੇ ਬੱਚੇ ਅੱਜ ਕਿਨ੍ਹਾਂ ਨੂੰ ਦਰਸਾਉਂਦੇ ਹਨ? (ਅ) ਯਹੋਵਾਹ ਨੇ ਸੀਯੋਨ “ਦੀ ਮੁਕਤੀ ਬਲਦੇ ਦੀਵੇ ਵਾਂਙੁ” ਕਿਵੇਂ ਬਣਾਈ ਹੈ?

4 ਅੱਜ ਸੀਯੋਨ ਨੂੰ ਬਹਾਲ ਕਰਨ ਦਾ ਯਹੋਵਾਹ ਦਾ ਵਾਅਦਾ ‘ਉਤਾਹਾਂ ਦੇ ਯਰੂਸ਼ਲਮ,’ ਮਤਲਬ ਕਿ ਉਸ ਦੇ ਸਵਰਗੀ ਸੰਗਠਨ ਉੱਤੇ ਪੂਰਾ ਹੋਇਆ ਹੈ, ਅਤੇ ਧਰਤੀ ਉੱਤੇ ਉਸ ਦੇ ਬੱਚੇ, ਮਸਹ ਕੀਤੇ ਹੋਏ ਮਸੀਹੀ, ਉਸ ਦੇ ਪ੍ਰਤਿਨਿਧ ਹਨ। (ਗਲਾਤੀਆਂ 4:26) ਯਹੋਵਾਹ ਦਾ ਸਵਰਗੀ ਸੰਗਠਨ ਮਿਹਨਤ ਕਰ ਕੇ ਵਫ਼ਾਦਾਰੀ ਅਤੇ ਪਿਆਰ ਨਾਲ ਉਨ੍ਹਾਂ ਦੀ ਮਦਦ ਕਰਦਾ ਹੈ। ਉਹ ਕਿੰਨੀ ਖ਼ੁਸ਼ੀ-ਭਰੀ ਘਟਨਾ ਸੀ ਜਦੋਂ ਉਸ ਸੰਗਠਨ ਨੇ 1914 ਵਿਚ ਮਸੀਹਾਈ ਰਾਜ ਨੂੰ ਜਨਮ ਦਿੱਤਾ ਸੀ! (ਪਰਕਾਸ਼ ਦੀ ਪੋਥੀ 12:1-5) ਖ਼ਾਸ ਕਰਕੇ 1919 ਤੋਂ ਲੈ ਕੇ ਧਰਤੀ ਉੱਤੇ ਉਸ ਸੰਗਠਨ ਦੇ ਬੱਚਿਆਂ ਨੇ ਕੌਮਾਂ ਨੂੰ ਉਸ ਦੀ ਧਾਰਮਿਕਤਾ ਅਤੇ ਮੁਕਤੀ ਬਾਰੇ ਦੱਸਿਆ ਹੈ। ਯਸਾਯਾਹ ਦੀ ਭਵਿੱਖਬਾਣੀ ਅਨੁਸਾਰ ਇਨ੍ਹਾਂ ਬੱਚਿਆਂ ਨੇ ਹਨੇਰੇ ਵਿਚ ਆਪਣਾ ਚਾਨਣ ਬਲਦੇ ਦੀਵੇ ਦੀ ਤਰ੍ਹਾਂ ਚਮਕਾਇਆ ਹੈ।​—ਮੱਤੀ 5:15, 16; ਫ਼ਿਲਿੱਪੀਆਂ 2:15.

5 ਯਹੋਵਾਹ ਆਪਣੇ ਸੇਵਕਾਂ ਵਿਚ ਬਹੁਤ ਦਿਲਚਸਪੀ ਲੈਂਦਾ ਹੈ ਅਤੇ ਜਿੰਨਾ ਚਿਰ ਉਹ ਸੀਯੋਨ ਅਤੇ ਉਸ ਦੇ ਬੱਚਿਆਂ ਨਾਲ ਕੀਤੇ ਗਏ ਸਾਰੇ ਵਾਅਦੇ ਪੂਰੇ ਨਹੀਂ ਕਰਦਾ, ਉੱਨਾ ਚਿਰ ਉਹ ਨਾ ਆਰਾਮ ਕਰੇਗਾ ਅਤੇ ਨਾ ਹੀ ਚੁੱਪ ਰਹੇਗਾ। ਮਸਹ ਕੀਤੇ ਹੋਇਆਂ ਦਾ ਬਕੀਆ ਅਤੇ ਉਨ੍ਹਾਂ ਦਾ ਸਾਥ ਦੇਣ ਵਾਲੀਆਂ ‘ਹੋਰ ਭੇਡਾਂ’ ਵੀ ਚੁੱਪ ਨਹੀਂ ਰਹਿਣਗੀਆਂ। (ਯੂਹੰਨਾ 10:16) ਉਹ ਲੋਕਾਂ ਨੂੰ ਮੁਕਤੀ ਦੇ ਇੱਕੋ ਇਕ ਰਾਹ ਬਾਰੇ ਦੱਸਦੀਆਂ ਰਹਿਣਗੀਆਂ।​—ਰੋਮੀਆਂ 10:10.

ਯਹੋਵਾਹ ਨੇ ‘ਇੱਕ ਨਵਾਂ ਨਾਉਂ’ ਦਿੱਤਾ

6. ਸੀਯੋਨ ਲਈ ਯਹੋਵਾਹ ਦਾ ਕੀ ਇਰਾਦਾ ਹੈ?

6 ਪ੍ਰਾਚੀਨ ਯਰੂਸ਼ਲਮ ਨੇ ਸੀਯੋਨ ਜਾਂ ਯਹੋਵਾਹ ਦੀ ਸਵਰਗੀ ਤੀਵੀਂ ਨੂੰ ਦਰਸਾਇਆ ਸੀ। ਤਾਂ ਫਿਰ ਸੀਯੋਨ ਲਈ ਯਹੋਵਾਹ ਦਾ ਕੀ ਇਰਾਦਾ ਹੈ? ਉਸ ਨੇ ਕਿਹਾ: “ਕੌਮਾਂ ਤੇਰੇ ਧਰਮ ਨੂੰ ਅਤੇ ਸਾਰੇ ਰਾਜੇ ਤੇਰੀ ਸ਼ਾਨ ਨੂੰ ਵੇਖਣਗੇ, ਤੂੰ ਇੱਕ ਨਵੇਂ ਨਾਉਂ ਤੋਂ ਸੱਦੀ ਜਾਵੇਂਗੀ, ਜਿਹੜਾ ਯਹੋਵਾਹ ਦਾ ਮੂੰਹ ਦੱਸੇਗਾ।” (ਯਸਾਯਾਹ 62:2) ਜਦੋਂ ਪਰਮੇਸ਼ੁਰ ਦੇ ਲੋਕ ਧਾਰਮਿਕਤਾ ਨਾਲ ਕੰਮ ਕਰਦੇ ਹਨ, ਤਾਂ ਕੌਮਾਂ ਉਨ੍ਹਾਂ ਵੱਲ ਧਿਆਨ ਦੇਣ ਲਈ ਮਜਬੂਰ ਹੁੰਦੀਆਂ ਹਨ। ਰਾਜਿਆਂ ਨੂੰ ਵੀ ਮੰਨਣਾ ਪੈਂਦਾ ਹੈ ਕਿ ਯਹੋਵਾਹ ਸਵਰਗੀ ਯਰੂਸ਼ਲਮ ਨੂੰ ਵਰਤ ਰਿਹਾ ਹੈ ਅਤੇ ਕਿ ਯਹੋਵਾਹ ਦੇ ਰਾਜ ਦੀ ਤੁਲਨਾ ਵਿਚ ਉਨ੍ਹਾਂ ਦੀ ਹਕੂਮਤ ਕੁਝ ਵੀ ਨਹੀਂ ਹੈ।​—ਯਸਾਯਾਹ 49:23.

7. ਸੀਯੋਨ ਦੇ ਨਵੇਂ ਨਾਂ ਨੇ ਕੀ ਜ਼ਾਹਰ ਕੀਤਾ ਸੀ?

7 ਯਹੋਵਾਹ ਨੇ ਸੀਯੋਨ ਨੂੰ ਇਕ ਨਵਾਂ ਨਾਂ ਦੇ ਕੇ ਦਿਖਾਇਆ ਕਿ ਉਸ ਦੀ ਹਾਲਤ ਬਦਲ ਚੁੱਕੀ ਸੀ। ਇਸ ਨਵੇਂ ਨਾਂ ਨੇ ਜ਼ਾਹਰ ਕੀਤਾ ਕਿ 537 ਸਾ.ਯੁ.ਪੂ. ਤੋਂ ਲੈ ਕੇ ਧਰਤੀ ਉੱਤੇ ਸੀਯੋਨ ਦੇ ਬੱਚੇ ਮੁਬਾਰਕ ਸਨ ਅਤੇ ਉਨ੍ਹਾਂ ਦੀ ਸ਼ਾਨ ਵਧੀ ਸੀ। * ਇਸ ਨੇ ਦਿਖਾਇਆ ਕਿ ਯਹੋਵਾਹ ਨੇ ਸੀਯੋਨ ਨੂੰ ਕਬੂਲ ਕੀਤਾ ਸੀ। ਅੱਜ ਪਰਮੇਸ਼ੁਰ ਦਾ ਇਸਰਾਏਲ ਬਹੁਤ ਖ਼ੁਸ਼ ਹੈ ਕਿ ਯਹੋਵਾਹ ਉਸ ਤੋਂ ਪ੍ਰਸੰਨ ਹੈ ਅਤੇ ਹੋਰ ਭੇਡਾਂ ਵੀ ਉਨ੍ਹਾਂ ਨਾਲ ਆਨੰਦ ਮਾਣਦੀਆਂ ਹਨ।

8. ਯਹੋਵਾਹ ਨੇ ਸੀਯੋਨ ਨੂੰ ਮਾਣ ਕਿਸ ਤਰ੍ਹਾਂ ਦਿੱਤਾ ਹੈ?

8 ਸੀਯੋਨ ਨੂੰ ਇਕ ਨਵਾਂ ਨਾਂ ਦੇ ਕੇ ਯਹੋਵਾਹ ਨੇ ਵਾਅਦਾ ਕੀਤਾ ਸੀ: “ਤੂੰ ਯਹੋਵਾਹ ਦੇ ਹੱਥ ਵਿੱਚ ਇੱਕ ਸੁਹੱਪਣ ਦਾ ਮੁਕਟ, ਅਤੇ ਆਪਣੇ ਪਰਮੇਸ਼ੁਰ ਦੇ ਹੱਥ ਵਿੱਚ ਇੱਕ ਸ਼ਾਹੀ ਅਮਾਮਾ ਹੋਵੇਂਗੀ।” (ਯਸਾਯਾਹ 62:3) ਇਹ ਇਸ ਤਰ੍ਹਾਂ ਸੀ ਜਿਵੇਂ ਯਹੋਵਾਹ ਨੇ ਆਪਣੀ ਤੀਵੀਂ, ਸਵਰਗੀ ਸੀਯੋਨ ਨੂੰ, ਆਪਣੇ ਹੱਥ ਵਿਚ ਚੁੱਕਿਆ ਤਾਂਕਿ ਲੋਕ ਉਸ ਨੂੰ ਦੇਖ ਕੇ ਉਸ ਦੀ ਤਾਰੀਫ਼ ਕਰ ਸਕਣ। (ਜ਼ਬੂਰ 48:2; 50:2) ਸੁੰਦਰਤਾ ਦਾ ਤਾਜ ਅਤੇ “ਸ਼ਾਹੀ ਅਮਾਮਾ” ਇਹ ਦਿਖਾਉਂਦੇ ਹਨ ਕਿ ਉਸ ਕੋਲ ਇੱਜ਼ਤ ਅਤੇ ਅਧਿਕਾਰ ਹੈ। (ਜ਼ਕਰਯਾਹ 9:16) ਸਵਰਗੀ ਸੀਯੋਨ ਜਾਂ ‘ਉਤਾਹਾਂ ਦੇ ਯਰੂਸ਼ਲਮ’ ਦਾ ਪ੍ਰਤਿਨਿਧ ਪਰਮੇਸ਼ੁਰ ਦਾ ਇਸਰਾਏਲ ਹੈ, ਜੋ ਕਿ ਪਰਮੇਸ਼ੁਰ ਦੇ ਹੱਥਾਂ ਦਾ ਇਕ ਵਧੀਆ ਕੰਮ ਹੈ। (ਗਲਾਤੀਆਂ 4:26) ਯਹੋਵਾਹ ਦੀ ਮਦਦ ਨਾਲ ਇਸ ਰੂਹਾਨੀ ਕੌਮ ਨੇ ਆਪਣੀ ਖਰਿਆਈ ਅਤੇ ਵਫ਼ਾਦਾਰੀ ਦਾ ਸ਼ਾਨਦਾਰ ਰਿਕਾਰਡ ਕਾਇਮ ਕੀਤਾ ਹੈ। ਮਸਹ ਕੀਤੇ ਹੋਏ ਅਤੇ ਹੋਰ ਭੇਡਾਂ ਦੇ ਲੱਖਾਂ ਹੀ ਲੋਕ ਨਿਹਚਾ ਅਤੇ ਪਿਆਰ ਦਿਖਾਉਣ ਲਈ ਮਜ਼ਬੂਤ ਕੀਤੇ ਗਏ ਹਨ। ਮਸੀਹ ਦੇ ਹਜ਼ਾਰ ਵਰ੍ਹਿਆਂ ਦੇ ਰਾਜ ਦੌਰਾਨ ਮਸਹ ਕੀਤੇ ਹੋਇਆਂ ਨੂੰ ਸਵਰਗ ਵਿਚ ਆਪਣਾ ਸ਼ਾਨਦਾਰ ਇਨਾਮ ਮਿਲ ਚੁੱਕਾ ਹੋਵੇਗਾ ਅਤੇ ਯਹੋਵਾਹ ਉਨ੍ਹਾਂ ਨੂੰ ਵਰਤ ਕੇ ਹਾਉਕੇ ਭਰਨ ਵਾਲੀ ਸ੍ਰਿਸ਼ਟੀ ਨੂੰ ਸਦੀਪਕ ਜੀਵਨ ਦੇਵੇਗਾ।​—ਰੋਮੀਆਂ 8:21, 22; ਪਰਕਾਸ਼ ਦੀ ਪੋਥੀ 22:2.

‘ਯਹੋਵਾਹ ਦੀ ਭਾਉਣੀ ਤੇਰੇ ਵਿੱਚ ਹੈ’

9. ਸੀਯੋਨ ਦੀ ਤਬਦੀਲੀ ਬਾਰੇ ਦੱਸੋ।

9 ਨਵਾਂ ਨਾਂ ਸਵਰਗੀ ਸੀਯੋਨ ਦੀ ਸ਼ਾਨਦਾਰ ਤਬਦੀਲੀ ਦਾ ਹਿੱਸਾ ਹੈ ਜੋ ਧਰਤੀ ਉੱਤੇ ਉਸ ਦੇ ਬੱਚਿਆਂ ਦੁਆਰਾ ਦਰਸਾਈ ਗਈ ਹੈ। ਅਸੀਂ ਪੜ੍ਹਦੇ ਹਾਂ: “ਤੂੰ ਫੇਰ ‘ਛੁੱਟੜ’ ਨਾ ਸਦਾਏਂਗੀ, ਨਾ ਤੇਰੀ ਧਰਤੀ ਫੇਰ ‘ਖਰਾਬਾ’ ਅਖਵਾਏਗੀ, ਪਰ ਤੂੰ ਏਹ ਸਦਾਏਂਗੀ, ‘ਮੇਰੀ ਭਾਉਣੀ ਉਹ ਦੇ ਵਿੱਚ ਹੈ’, ਅਤੇ ਤੇਰੀ ਧਰਤੀ, ‘ਸੁਹਾਗਣ’, ਯਹੋਵਾਹ ਦੀ ਭਾਉਣੀ ਜੋ ਤੇਰੇ ਵਿੱਚ ਹੈ, ਅਤੇ ਤੇਰੀ ਧਰਤੀ ਵਿਆਹੀ ਜਾਵੇਗੀ।” (ਯਸਾਯਾਹ 62:4) ਧਰਤੀ ਉੱਤੇ ਸੀਯੋਨ ਦਾ ਨਾਸ਼ 607 ਸਾ.ਯੁ.ਪੂ. ਵਿਚ ਹੋਇਆ ਸੀ ਜਿਸ ਤੋਂ ਬਾਅਦ ਉਹ ਵਿਰਾਨ ਪਿਆ ਰਿਹਾ ਸੀ। ਭਾਵੇਂ ਕਿ ਸੀਯੋਨ ਦਾ ਨਾਸ਼ ਕੀਤਾ ਗਿਆ ਸੀ, ਉਸ ਨੇ ਇਕ ਛੱਡੀ ਹੋਈ ਤੀਵੀਂ ਨਹੀਂ ਰਹਿਣਾ ਸੀ ਅਤੇ ਉਸ ਦਾ ਦੇਸ਼ ਵਿਰਾਨ ਨਹੀਂ ਪਿਆ ਰਹਿਣਾ ਸੀ। ਪਰ ਯਹੋਵਾਹ ਨੇ ਉਸ ਨੂੰ ਭਰੋਸਾ ਦਿੱਤਾ ਸੀ ਕਿ ਉਸ ਦਾ ਦੇਸ਼ ਫਿਰ ਤੋਂ ਵਸਾਇਆ ਜਾਣਾ ਸੀ ਅਤੇ ਉਸ ਦੀ ਹਾਲਤ ਸੁਧਾਰੀ ਜਾਣੀ ਸੀ। ਸੰਨ 537 ਸਾ.ਯੁ.ਪੂ. ਵਿਚ ਜਦੋਂ ਯਰੂਸ਼ਲਮ ਮੁੜ ਬਹਾਲ ਕੀਤਾ ਗਿਆ ਸੀ ਤਾਂ ਉਸ ਦੀ ਹਾਲਤ ਬਿਲਕੁਲ ਨਵੀਂ ਬਣ ਗਈ ਸੀ ਅਤੇ ਉਹ ਬਰਬਾਦ ਨਹੀਂ ਰਿਹਾ। ਯਹੋਵਾਹ ਨੇ ਐਲਾਨ ਕੀਤਾ ਸੀ ਕਿ ਸੀਯੋਨ ਨੂੰ “ਮੇਰੀ ਭਾਉਣੀ ਉਹ ਦੇ ਵਿੱਚ ਹੈ,” ਅਤੇ ਉਸ ਦੇ ਦੇਸ਼ ਨੂੰ “ਸੁਹਾਗਣ” ਸੱਦਿਆ ਜਾਣਾ ਸੀ।​—ਯਸਾਯਾਹ 54:1, 5, 6; 66:8; ਯਿਰਮਿਯਾਹ 23:5-8; 30:17; ਗਲਾਤੀਆਂ 4:27-31.

10. (ੳ) ਪਰਮੇਸ਼ੁਰ ਦੇ ਇਸਰਾਏਲ ਵਿਚ ਕਿਹੜੀ ਤਬਦੀਲੀ ਆਈ ਸੀ? (ਅ) ਪਰਮੇਸ਼ੁਰ ਦੇ ਇਸਰਾਏਲ ਦੀ “ਧਰਤੀ” ਕੀ ਹੈ?

10 ਸੰਨ 1919 ਤੋਂ ਲੈ ਕੇ ਅਜਿਹੀ ਤਬਦੀਲੀ ਪਰਮੇਸ਼ੁਰ ਦੇ ਇਸਰਾਏਲ ਵਿਚ ਵੀ ਆਈ ਸੀ। ਪਹਿਲੇ ਵਿਸ਼ਵ ਯੁੱਧ ਦੌਰਾਨ ਇਸ ਤਰ੍ਹਾਂ ਲੱਗਦਾ ਸੀ ਕਿ ਪਰਮੇਸ਼ੁਰ ਨੇ ਮਸਹ ਕੀਤੇ ਹੋਏ ਮਸੀਹੀਆਂ ਨੂੰ ਛੱਡ ਦਿੱਤਾ ਸੀ। ਪਰ 1919 ਵਿਚ ਉਨ੍ਹਾਂ ਨੇ ਫਿਰ ਤੋਂ ਪਰਮੇਸ਼ੁਰ ਦੀ ਮਨਜ਼ੂਰੀ ਹਾਸਲ ਕੀਤੀ ਅਤੇ ਉਨ੍ਹਾਂ ਦੀ ਭਗਤੀ ਸ਼ੁੱਧ ਕੀਤੀ ਗਈ ਸੀ। ਇਸ ਦਾ ਅਸਰ ਉਨ੍ਹਾਂ ਦੀਆਂ ਸਿੱਖਿਆਵਾਂ, ਉਨ੍ਹਾਂ ਦੇ ਸੰਗਠਨ, ਅਤੇ ਉਨ੍ਹਾਂ ਦੇ ਕੰਮ ਉੱਤੇ ਪਿਆ। ਪਰਮੇਸ਼ੁਰ ਦਾ ਇਸਰਾਏਲ ਆਪਣੀ “ਧਰਤੀ,” ਮਤਲਬ ਆਪਣੇ ਰੂਹਾਨੀ ਦੇਸ਼ ਵਿਚ ਆਇਆ, ਜਿੱਥੇ ਉਹ ਆਪਣਾ ਕੰਮ ਦੁਬਾਰਾ ਕਰ ਸਕਿਆ।​—ਯਸਾਯਾਹ 66:7, 8, 20-22.

11. ਯਹੂਦੀ ਲੋਕਾਂ ਨੇ ਸੀਯੋਨ ਨੂੰ ਕਿਵੇਂ ਵਿਆਹ ਲਿਆ ਸੀ?

11 ਆਪਣੇ ਲੋਕਾਂ ਦੀ ਨਵੀਂ ਅਤੇ ਚੰਗੀ ਹਾਲਤ ਬਾਰੇ ਅੱਗੇ ਦੱਸਦੇ ਹੋਏ ਯਹੋਵਾਹ ਨੇ ਕਿਹਾ: “ਜਿਵੇਂ ਜੁਆਨ ਕੁਆਰੀ ਨੂੰ ਵਿਆਹ ਲੈਂਦਾ, ਤਿਵੇਂ ਤੇਰੇ ਬਣਾਉਣ ਵਾਲੇ ਤੈਨੂੰ ਵਿਆਹ ਲੈਣਗੇ, ਅਤੇ ਜਿਵੇਂ ਲਾੜਾ ਲਾੜੀ ਉੱਤੇ ਰੀਝਦਾ ਹੈ, ਤਿਵੇਂ ਤੇਰਾ ਪਰਮੇਸ਼ੁਰ ਤੇਰੇ ਉੱਤੇ ਰੀਝੇਗਾ।” (ਯਸਾਯਾਹ 62:5) ਸੀਯੋਨ ਦੇ “ਬਣਾਉਣ ਵਾਲੇ” ਯਹੂਦੀ ਲੋਕ ਉਸ ਨੂੰ ਕਿਵੇਂ ਵਿਆਹ ਸਕਦੇ ਸਨ? ਬਾਬਲ ਦੀ ਗ਼ੁਲਾਮੀ ਤੋਂ ਆਜ਼ਾਦ ਹੋ ਕੇ ਸੀਯੋਨ ਦੇ ਵਾਪਸ ਮੁੜੇ ਲੋਕ ਇਸ ਸ਼ਹਿਰ ਵਿਚ ਦੁਬਾਰਾ ਵੱਸੇ ਅਤੇ ਇਸ ਤੋਂ ਬਾਅਦ ਸੀਯੋਨ ਵਿਰਾਨ ਨਹੀਂ ਰਿਹਾ ਸਗੋਂ ਲੋਕਾਂ ਨਾਲ ਭਰ ਗਿਆ ਸੀ।​—ਯਿਰਮਿਯਾਹ 3:14.

12. (ੳ) ਯਹੋਵਾਹ ਨੇ ਕਿਵੇਂ ਦਿਖਾਇਆ ਹੈ ਕਿ ਮਸਹ ਕੀਤੇ ਹੋਏ ਮਸੀਹੀ ਉਸ ਸੰਗਠਨ ਦਾ ਹਿੱਸਾ ਹਨ ਜੋ ਉਸ ਨਾਲ ਵਿਆਇਆ ਹੋਇਆ ਹੈ? (ਅ) ਯਹੋਵਾਹ ਦਾ ਆਪਣੇ ਲੋਕਾਂ ਨਾਲ ਰਿਸ਼ਤਾ ਪਤੀ-ਪਤਨੀ ਲਈ ਇਕ ਵਧੀਆ ਮਿਸਾਲ ਕਿਵੇਂ ਕਾਇਮ ਕਰਦਾ ਹੈ? (ਸਫ਼ੇ 342 ਉੱਤੇ ਡੱਬੀ ਦੇਖੋ।)

12 ਇਸੇ ਤਰ੍ਹਾਂ 1919 ਤੋਂ ਸਵਰਗੀ ਸੀਯੋਨ ਦੇ ਬੱਚੇ ਆਪਣੇ ਰੂਹਾਨੀ ਦੇਸ਼ ਵਿਚ ਵੱਸੇ ਹਨ ਅਤੇ ਭਵਿੱਖਬਾਣੀ ਵਿਚ ਉਸ ਦੇਸ਼ ਨੂੰ “ਸੁਹਾਗਣ” ਸੱਦਿਆ ਜਾਂਦਾ ਹੈ। ਉਸ ਦੇਸ਼ ਵਿਚ ਉਨ੍ਹਾਂ ਦੇ ਮਸੀਹੀ ਕੰਮਾਂ ਨੇ ਸਾਬਤ ਕੀਤਾ ਹੈ ਕਿ ਮਸਹ ਕੀਤੇ ਹੋਏ ਮਸੀਹੀ ‘ਯਹੋਵਾਹ ਦੇ ਨਾਮ ਦੇ ਲਈ ਇਕ ਪਰਜਾ’ ਹਨ। (ਰਸੂਲਾਂ ਦੇ ਕਰਤੱਬ 15:14) ਰਾਜ ਦੇ ਫਲ ਪੈਦਾ ਕਰ ਕੇ ਅਤੇ ਯਹੋਵਾਹ ਦੇ ਨਾਂ ਦਾ ਪ੍ਰਚਾਰ ਕਰ ਕੇ ਉਨ੍ਹਾਂ ਨੇ ਸਾਫ਼-ਸਾਫ਼ ਦਿਖਾਇਆ ਹੈ ਕਿ ਯਹੋਵਾਹ ਉਨ੍ਹਾਂ ਨਾਲ ਖ਼ੁਸ਼ ਹੈ। ਯਹੋਵਾਹ ਨੇ ਦਿਖਾਇਆ ਹੈ ਕਿ ਉਹ ਉਸ ਦੇ ਸੰਗਠਨ ਦਾ ਹਿੱਸਾ ਹਨ ਜੋ ਉਸ ਨਾਲ ਏਕਤਾ ਵਿਚ ਜੁੜਿਆ ਹੋਇਆ ਹੈ। ਇਨ੍ਹਾਂ ਮਸੀਹੀਆਂ ਨੂੰ ਪਵਿੱਤਰ ਆਤਮਾ ਨਾਲ ਮਸਹ ਕਰ ਕੇ, ਉਨ੍ਹਾਂ ਨੂੰ ਰੂਹਾਨੀ ਗ਼ੁਲਾਮੀ ਤੋਂ ਆਜ਼ਾਦ ਕਰ ਕੇ, ਅਤੇ ਉਨ੍ਹਾਂ ਨੂੰ ਰਾਜ ਦੀ ਉਮੀਦ ਬਾਰੇ ਸਾਰੀ ਮਨੁੱਖਜਾਤੀ ਨੂੰ ਪ੍ਰਚਾਰ ਕਰਨ ਲਈ ਵਰਤ ਕੇ, ਯਹੋਵਾਹ ਨੇ ਦਿਖਾਇਆ ਹੈ ਕਿ ਉਹ ਉਨ੍ਹਾਂ ਨਾਲ ਉਸ ਤਰ੍ਹਾਂ ਖ਼ੁਸ਼ ਹੈ ਜਿਵੇਂ ਇਕ ਲਾੜਾ ਆਪਣੀ ਲਾੜੀ ਨਾਲ ਖ਼ੁਸ਼ ਹੁੰਦਾ ਹੈ।​—ਯਿਰਮਿਯਾਹ 32:41.

‘ਤੁਸੀਂ ਕਦੀ ਚੁੱਪ ਨਾ ਰਹੋ’

13, 14. (ੳ) ਪੁਰਾਣੇ ਜ਼ਮਾਨੇ ਵਿਚ ਯਰੂਸ਼ਲਮ ਰੱਖਿਆ ਦੇਣ ਵਾਲਾ ਸ਼ਹਿਰ ਕਿਵੇਂ ਬਣਿਆ ਸੀ? (ਅ) ਸਾਡੇ ਜ਼ਮਾਨੇ ਵਿਚ ਸੀਯੋਨ ਨੂੰ “ਧਰਤੀ ਉੱਤੇ ਉਸਤਤ ਲਈ ਕਾਇਮ” ਕਿਵੇਂ ਕੀਤਾ ਗਿਆ ਹੈ?

13 ਯਹੋਵਾਹ ਨੇ ਜੋ ਨਵਾਂ ਨਾਂ ਆਪਣੇ ਲੋਕਾਂ ਨੂੰ ਦਿੱਤਾ ਸੀ ਉਸ ਤੋਂ ਉਹ ਸੁਰੱਖਿਅਤ ਮਹਿਸੂਸ ਕਰਦੇ ਸਨ। ਉਹ ਜਾਣਦੇ ਸਨ ਕਿ ਯਹੋਵਾਹ ਨੇ ਉਨ੍ਹਾਂ ਨੂੰ ਕਬੂਲ ਕੀਤਾ ਸੀ ਅਤੇ ਉਹ ਉਨ੍ਹਾਂ ਦਾ ਮਾਲਕ ਸੀ। ਅੱਗੇ ਯਹੋਵਾਹ ਨੇ ਇਕ ਹੋਰ ਉਦਾਹਰਣ ਦੇ ਕੇ ਆਪਣੇ ਲੋਕਾਂ ਨੂੰ ਇਕ ਅਜਿਹੇ ਸ਼ਹਿਰ ਨਾਲ ਦਰਸਾਇਆ ਹੈ ਜਿਸ ਦੇ ਦੁਆਲੇ ਇਕ ਕੰਧ ਸੀ: “ਹੇ ਯਰੂਸ਼ਲਮ, ਮੈਂ ਤੇਰੀਆਂ ਕੰਧਾਂ ਉੱਤੇ ਰਾਖੇ ਲਾਏ ਹਨ, ਸਾਰਾ ਦਿਨ ਅਤੇ ਸਾਰੀ ਰਾਤ ਓਹ ਕਦੀ ਚੁੱਪ ਨਾ ਰਹਿਣਗੇ, ਤੁਸੀਂ ਜਿਹੜੇ ਯਹੋਵਾਹ ਦਾ ਜ਼ਿਕਰ ਕਰਦੇ ਹੋ ਅਰਾਮ ਨਾ ਕਰੋ! ਅਤੇ ਉਹ ਨੂੰ ਅਰਾਮ ਨਾ ਕਰਨ ਦਿਓ, ਜਦ ਤੀਕ ਉਹ ਯਰੂਸ਼ਲਮ ਨੂੰ ਧਰਤੀ ਉੱਤੇ ਉਸਤਤ ਲਈ ਕਾਇਮ ਨਾ ਕਰੇ!” (ਯਸਾਯਾਹ 62:6, 7) ਬਾਬਲ ਤੋਂ ਵਫ਼ਾਦਾਰ ਬਕੀਏ ਦੀ ਵਾਪਸੀ ਤੋਂ ਬਾਅਦ ਯਹੋਵਾਹ ਦੇ ਠਹਿਰਾਏ ਗਏ ਸਮੇਂ ਤੇ ਯਰੂਸ਼ਲਮ ਸੱਚ-ਮੁੱਚ “ਧਰਤੀ ਉੱਤੇ ਉਸਤਤ ਲਈ ਕਾਇਮ” ਕੀਤਾ ਗਿਆ ਸੀ। ਉਹ ਅਜਿਹਾ ਸ਼ਹਿਰ ਬਣਿਆ ਜਿਸ ਦੀ ਕੰਧ ਨੇ ਉਸ ਦੇ ਵਾਸੀਆਂ ਨੂੰ ਸੁਰੱਖਿਅਤ ਰੱਖਿਆ ਸੀ। ਉਸ ਸ਼ਹਿਰ ਦੀ ਰੱਖਿਆ ਲਈ ਦਿਨ-ਰਾਤ ਉਸ ਦੀਆਂ ਕੰਧਾਂ ਉੱਤੇ ਰਾਖੇ ਸਨ ਜੋ ਉਸ ਦੇ ਵਾਸੀਆਂ ਨੂੰ ਹਰ ਖ਼ਤਰੇ ਦੀ ਚੇਤਾਵਨੀ ਦੇਣ ਲਈ ਤਿਆਰ ਸਨ।​—ਨਹਮਯਾਹ 6:15; 7:3; ਯਸਾਯਾਹ 52:8.

14 ਸਾਡੇ ਜ਼ਮਾਨੇ ਵਿਚ ਯਹੋਵਾਹ ਨੇ ਲੋਕਾਂ ਨੂੰ ਝੂਠੇ ਧਰਮਾਂ ਦੀ ਗ਼ੁਲਾਮੀ ਤੋਂ ਆਜ਼ਾਦੀ ਦਾ ਰਾਹ ਦਿਖਾਉਣ ਲਈ ਆਪਣੇ ਮਸਹ ਕੀਤੇ ਹੋਏ ਰਾਖਿਆਂ ਨੂੰ ਵਰਤਿਆ ਹੈ। ਇਨ੍ਹਾਂ ਲੋਕਾਂ ਨੂੰ ਉਸ ਦੇ ਸੰਗਠਨ ਵਿਚ ਆਉਣ ਦਾ ਸੱਦਾ ਦਿੱਤਾ ਗਿਆ ਹੈ ਜਿੱਥੇ ਰੂਹਾਨੀ ਅਸ਼ੁੱਧਤਾ, ਬੁਰੇ ਅਸਰਾਂ, ਅਤੇ ਯਹੋਵਾਹ ਦੀ ਨਾਰਾਜ਼ਗੀ ਤੋਂ ਉਨ੍ਹਾਂ ਦੀ ਰੱਖਿਆ ਕੀਤੀ ਜਾਂਦੀ ਹੈ। (ਯਿਰਮਿਯਾਹ 33:9; ਸਫ਼ਨਯਾਹ 3:19) ਅਜਿਹੀ ਸੁਰੱਖਿਆ ਦੇਣ ਲਈ ਇਹ ਬਹੁਤ ਜ਼ਰੂਰੀ ਹੈ ਕਿ ਰਾਖਾ ਯਾਨੀ ‘ਮਾਤਬਰ ਅਤੇ ਬੁੱਧਵਾਨ ਨੌਕਰ ਉਨ੍ਹਾਂ ਨੂੰ ਵੇਲੇ ਸਿਰ ਰੂਹਾਨੀ ਰਸਤ ਦਿੰਦਾ ਰਹੇ।’ (ਮੱਤੀ 24:45-47) ਰਾਖੇ ਦੇ ਨਾਲ-ਨਾਲ ਕੰਮ ਕਰਦੇ ਹੋਏ “ਵੱਡੀ ਭੀੜ” ਵੀ ਸੀਯੋਨ ਨੂੰ “ਧਰਤੀ ਉੱਤੇ ਉਸਤਤ ਲਈ ਕਾਇਮ” ਕਰਨ ਵਿਚ ਹਿੱਸਾ ਲੈਂਦੀ ਹੈ।​—ਪਰਕਾਸ਼ ਦੀ ਪੋਥੀ 7:9.

15. ਰਾਖਾ ਅਤੇ ਉਸ ਦੇ ਸਾਥੀ ਯਹੋਵਾਹ ਦੀ ਸੇਵਾ ਵਿਚ ਕਿਵੇਂ ਲੱਗੇ ਹੋਏ ਹਨ?

15 ਰਾਖਾ ਅਤੇ ਉਸ ਦੇ ਸਾਥੀ ਅਜੇ ਵੀ ਆਪਣੀ ਸੇਵਾ ਵਿਚ ਲੱਗੇ ਹੋਏ ਹਨ। ਲੱਖਾਂ ਹੀ ਵਫ਼ਾਦਾਰ ਲੋਕ ਇਹ ਸੇਵਾ ਤਨ-ਮਨ ਅਤੇ ਜੋਸ਼ ਨਾਲ ਕਰ ਰਹੇ ਹਨ। ਇਸ ਦੀ ਮਿਸਾਲ ਅਸੀਂ ਸਫ਼ਰੀ ਨਿਗਾਹਬਾਨਾਂ ਅਤੇ ਉਨ੍ਹਾਂ ਦੀਆਂ ਪਤਨੀਆਂ, ਯਹੋਵਾਹ ਦੇ ਗਵਾਹਾਂ ਦੇ ਸ਼ਾਖਾ ਦਫ਼ਤਰਾਂ ਵਿਚ ਸੇਵਾ ਕਰਨ ਵਾਲਿਆਂ, ਮਿਸ਼ਨਰੀਆਂ, ਅਤੇ ਪਾਇਨੀਅਰੀ ਕਰਨ ਵਾਲਿਆਂ ਦੇ ਜੋਸ਼ੀਲੇ ਕੰਮਾਂ ਤੋਂ ਦੇਖ ਸਕਦੇ ਹਾਂ। ਇਸ ਤੋਂ ਇਲਾਵਾ ਉਹ ਨਵੇਂ ਕਿੰਗਡਮ ਹਾਲ ਬਣਾਉਣ ਵਿਚ, ਬੀਮਾਰਾਂ ਦੀ ਖਬਰ ਲੈਣ ਵਿਚ, ਉਨ੍ਹਾਂ ਦੀ ਮਦਦ ਕਰਨ ਵਿਚ ਜਿਨ੍ਹਾਂ ਨੂੰ ਡਾਕਟਰੀ ਇਲਾਜ ਭਾਲਣ ਦੀ ਜ਼ਰੂਰਤ ਹੁੰਦੀ ਹੈ, ਅਤੇ ਬਿਪਤਾਵਾਂ ਜਾਂ ਹਾਦਸਿਆਂ ਦੇ ਸ਼ਿਕਾਰਾਂ ਦੀ ਮਦਦ ਕਰਨ ਵਿਚ ਬਹੁਤ ਹੀ ਮਿਹਨਤੀ ਹਨ। ਇਨ੍ਹਾਂ ਵਿਚ ਬਹੁਤ ਹਨ ਜੋ ਸੱਚ-ਮੁੱਚ “ਰਾਤ ਦਿਨ” ਸੇਵਾ ਕਰਦੇ ਰਹਿੰਦੇ ਹਨ।​—ਪਰਕਾਸ਼ ਦੀ ਪੋਥੀ 7:14, 15.

16. ਯਹੋਵਾਹ ਦੇ ਸੇਵਕ ਕਿਸ ਤਰ੍ਹਾਂ ਉਸ ਨੂੰ ‘ਅਰਾਮ ਨਹੀਂ ਕਰਨ ਦਿੰਦੇ’?

16 ਯਹੋਵਾਹ ਦੇ ਸੇਵਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਪ੍ਰਾਰਥਨਾ ਕਰਦੇ ਰਹਿਣ ਅਤੇ ਪਰਮੇਸ਼ੁਰ ਅੱਗੇ ਦੁਆ ਕਰਨ ਕਿ ਉਸ ਦੀ “ਮਰਜ਼ੀ ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ ਹੋਵੇ।” (ਮੱਤੀ 6:9, 10; 1 ਥੱਸਲੁਨੀਕੀਆਂ 5:17) ਉਨ੍ਹਾਂ ਨੂੰ ਤਾਗੀਦ ਕੀਤੀ ਜਾਂਦੀ ਹੈ ਕਿ ਉਹ ‘ਯਹੋਵਾਹ ਨੂੰ ਅਰਾਮ ਨਾ ਕਰਨ ਦੇਣ’ ਜਿੰਨਾ ਚਿਰ ਸੱਚੀ ਭਗਤੀ ਦੁਬਾਰਾ ਕਰਨ ਬਾਰੇ ਉਨ੍ਹਾਂ ਦੀਆਂ ਸਾਰੀਆਂ ਉਮੀਦਾਂ ਪੂਰੀਆਂ ਨਾ ਹੋ ਜਾਣ। ਯਿਸੂ ਨੇ ਪ੍ਰਾਰਥਨਾ ਵਿਚ ਲੱਗੇ ਰਹਿਣ ਉੱਤੇ ਜ਼ੋਰ ਦਿੱਤਾ ਸੀ ਅਤੇ ਆਪਣੇ ਚੇਲਿਆਂ ਨੂੰ ਕਿਹਾ ਸੀ ਕਿ ਉਹ “ਰਾਤ ਦਿਨ [ਪਰਮੇਸ਼ੁਰ] ਦੀ ਦੁਹਾਈ ਦਿੰਦੇ” ਰਹਿਣ।​—ਲੂਕਾ 18:1-8.

ਪਰਮੇਸ਼ੁਰ ਦੀ ਸੇਵਾ ਕਰਨ ਦਾ ਮੇਵਾ

17, 18. (ੳ) ਸੀਯੋਨ ਦੇ ਵਾਸੀਆਂ ਨੇ ਆਪਣੀ ਮਿਹਨਤ ਦੇ ਫਲ ਦਾ ਆਨੰਦ ਕਿਵੇਂ ਮਾਣਿਆ ਸੀ? (ਅ) ਅੱਜ ਯਹੋਵਾਹ ਦੇ ਲੋਕ ਆਪਣੀ ਮਿਹਨਤ ਦੇ ਫਲ ਦਾ ਆਨੰਦ ਕਿਵੇਂ ਮਾਣਦੇ ਹਨ?

17 ਯਹੋਵਾਹ ਨੇ ਆਪਣੇ ਲੋਕਾਂ ਨੂੰ ਜਿਹੜਾ ਨਵਾਂ ਨਾਂ ਦਿੱਤਾ ਸੀ ਉਹ ਉਨ੍ਹਾਂ ਨੂੰ ਭਰੋਸਾ ਦਿੰਦਾ ਹੈ ਕਿ ਉਨ੍ਹਾਂ ਦੀ ਮਿਹਨਤ ਵਿਅਰਥ ਨਹੀਂ ਹੋਵੇਗੀ। “ਯਹੋਵਾਹ ਨੇ ਆਪਣੇ ਸੱਜੇ ਹੱਥ ਨਾਲ, ਅਤੇ ਆਪਣੀ ਬਲਵੰਤ ਭੁਜਾ ਨਾਲ ਸੌਂਹ ਖਾਧੀ, ਭਈ ਮੈਂ ਅੱਗੇ ਨੂੰ ਤੇਰਾ ਅੰਨ ਤੇਰੇ ਵੈਰੀਆਂ ਨੂੰ ਭੋਜਨ ਲਈ ਕਦੀ ਨਾ ਦੇਵਾਂਗਾ, ਅਤੇ ਓਪਰੇ ਤੇਰੀ ਨਵੀਂ ਮੈ ਨਾ ਪੀਣਗੇ, ਜਿਹ ਦੇ ਲਈ ਤੈਂ ਮਿਹਨਤ ਕੀਤੀ ਹੈ, ਪਰ ਉਹ ਦੇ ਸਾਂਭਣ ਵਾਲੇ ਉਹ ਨੂੰ ਖਾਣਗੇ, ਅਤੇ ਯਹੋਵਾਹ ਦੀ ਉਸਤਤ ਕਰਨਗੇ। ਉਹ ਦੇ ਇਕੱਠਾ ਕਰਨ ਵਾਲੇ ਉਹ ਨੂੰ ਮੇਰੇ ਪਵਿੱਤ੍ਰ ਅਸਥਾਨ ਦਿਆਂ ਵੇਹੜਿਆਂ ਵਿੱਚ ਪੀਣਗੇ।” (ਯਸਾਯਾਹ 62:8, 9) ਯਹੋਵਾਹ ਦਾ ਸੱਜਾ ਹੱਥ ਅਤੇ ਉਸ ਦੀ ਬਲਵੰਤ ਬਾਂਹ ਉਸ ਦੀ ਸ਼ਕਤੀ ਅਤੇ ਤਾਕਤ ਨੂੰ ਦਰਸਾਉਂਦੇ ਹਨ। (ਬਿਵਸਥਾ ਸਾਰ 32:40; ਹਿਜ਼ਕੀਏਲ 20:5) ਇਨ੍ਹਾਂ ਨਾਲ ਸੌਂਹ ਖਾਣ ਦਾ ਮਤਲਬ ਸੀ ਕਿ ਉਸ ਨੇ ਸੀਯੋਨ ਦੀ ਹਾਲਤ ਨੂੰ ਜ਼ਰੂਰ ਬਦਲਣਾ ਸੀ। ਯਹੋਵਾਹ ਨੇ 607 ਸਾ.ਯੁ.ਪੂ. ਵਿਚ ਸੀਯੋਨ ਦੇ ਵੈਰੀਆਂ ਨੂੰ ਉਸ ਦਾ ਮਾਲ ਲੁੱਟ ਲੈਣ ਦਿੱਤਾ ਸੀ। (ਬਿਵਸਥਾ ਸਾਰ 28:33, 51) ਪਰ ਆਪਣੇ ਵਤਨ ਵਿਚ ਵਾਪਸ ਆਉਣ ਤੋਂ ਬਾਅਦ ਸੀਯੋਨ ਦੇ ਮਾਲ ਦਾ ਆਨੰਦ ਸਿਰਫ਼ ਉਨ੍ਹਾਂ ਨੇ ਮਾਣਿਆ ਸੀ ਜਿਨ੍ਹਾਂ ਦਾ ਹੱਕ ਬਣਦਾ ਸੀ।​—ਬਿਵਸਥਾ ਸਾਰ 14:22-27.

18 ਸਾਡੇ ਜ਼ਮਾਨੇ ਵਿਚ ਇਸ ਵਾਅਦੇ ਦੀ ਪੂਰਤੀ ਵਿਚ ਯਹੋਵਾਹ ਦੇ ਲੋਕਾਂ ਨੂੰ ਰੂਹਾਨੀ ਤੌਰ ਤੇ ਵੱਡੀ ਖ਼ੁਸ਼ੀ ਮਿਲਦੀ ਹੈ। ਉਨ੍ਹਾਂ ਨੂੰ ਆਪਣੀ ਮਿਹਨਤ ਦਾ ਫਲ ਮਿਲਦਾ ਹੈ ਯਾਨੀ ਮਸੀਹੀ ਚੇਲਿਆਂ ਦੀ ਵੱਧ ਰਹੀ ਗਿਣਤੀ ਅਤੇ ਬਹੁਤ ਸਾਰਾ ਰੂਹਾਨੀ ਭੋਜਨ। (ਯਸਾਯਾਹ 55:1, 2; 65:14) ਯਹੋਵਾਹ ਦੇ ਲੋਕ ਵਫ਼ਾਦਾਰ ਹਨ, ਇਸ ਲਈ ਯਹੋਵਾਹ ਉਨ੍ਹਾਂ ਦੇ ਵੈਰੀਆਂ ਨੂੰ ਉਨ੍ਹਾਂ ਦੀ ਖ਼ੁਸ਼ੀ ਜਾਂ ਸੇਵਾ ਦਾ ਫਲ ਲੁੱਟਣ ਨਹੀਂ ਦਿੰਦਾ। ਯਹੋਵਾਹ ਦੀ ਸੇਵਾ ਵਿਚ ਤਨ-ਮਨ ਨਾਲ ਕੀਤਾ ਗਿਆ ਕੋਈ ਵੀ ਕੰਮ ਵਿਅਰਥ ਨਹੀਂ ਹੈ।​—ਮਲਾਕੀ 3:10-12; ਇਬਰਾਨੀਆਂ 6:10.

19, 20. (ੳ) ਯਹੂਦੀਆਂ ਲਈ ਯਰੂਸ਼ਲਮ ਨੂੰ ਵਾਪਸ ਮੁੜਨ ਦਾ ਰਾਹ ਤਿਆਰ ਕਿਵੇਂ ਕੀਤਾ ਗਿਆ ਸੀ? (ਅ) ਸਾਡੇ ਜ਼ਮਾਨੇ ਵਿਚ ਨੇਕਦਿਲ ਲੋਕਾਂ ਲਈ ਯਹੋਵਾਹ ਦੇ ਸੰਗਠਨ ਵਿਚ ਆਉਣ ਦਾ ਰਾਹ ਤਿਆਰ ਕਿਵੇਂ ਕੀਤਾ ਗਿਆ ਹੈ?

19 ਇਸ ਨਵੇਂ ਨਾਂ ਕਰਕੇ ਕਈ ਨੇਕਦਿਲ ਲੋਕ ਯਹੋਵਾਹ ਦੇ ਸੰਗਠਨ ਵੱਲ ਖਿੱਚੇ ਜਾਂਦੇ ਹਨ। ਉਹ ਉਸ ਵਿਚ ਆਉਂਦੇ ਹਨ ਅਤੇ ਉਨ੍ਹਾਂ ਲਈ ਰਾਹ ਖੁੱਲ੍ਹਾ ਰੱਖਿਆ ਜਾਂਦਾ ਹੈ। ਯਸਾਯਾਹ ਦੀ ਭਵਿੱਖਬਾਣੀ ਨੇ ਕਿਹਾ: “ਲੰਘ ਜਾਓ, ਫਾਟਕਾਂ ਦੇ ਵਿੱਚੋਂ ਦੀ ਲੰਘ ਜਾਓ! ਲੋਕਾਂ ਦਾ ਰਸਤਾ ਤਿਆਰ ਕਰੋ, ਭਰਤੀ ਪਾਓ, ਸ਼ਾਹੀ ਸੜਕ ਉੱਤੇ ਭਰਤੀ ਪਾਓ! ਪੱਥਰਾਂ ਨੂੰ ਕੱਢ ਸੁੱਟੋ, ਲੋਕਾਂ ਦੇ ਉੱਤੇ ਝੰਡਾ ਉੱਚਾ ਕਰੋ!” (ਯਸਾਯਾਹ 62:10) ਇਸ ਦੀ ਪਹਿਲੀ ਪੂਰਤੀ ਵਿਚ ਇਹ ਸੱਦਾ ਸ਼ਾਇਦ ਬੈਬੀਲੋਨੀਆ ਦੇ ਸ਼ਹਿਰਾਂ ਦੇ ਫਾਟਕਾਂ ਵਿਚ ਦੀ ਲੰਘਣ ਲਈ ਸੀ ਤਾਂਕਿ ਲੋਕ ਯਰੂਸ਼ਲਮ ਨੂੰ ਵਾਪਸ ਮੁੜ ਸਕਣ। ਵਾਪਸ ਮੁੜਨ ਵਾਲਿਆਂ ਨੂੰ ਸਫ਼ਰ ਸੌਖਾ ਬਣਾਉਣ ਲਈ ਪੱਥਰ ਹਟਾ ਕੇ ਰਾਹ ਪੱਧਰਾ ਕਰਨ ਅਤੇ ਰਾਹ ਦਿਖਾਉਣ ਲਈ ਝੰਡਾ ਉੱਚਾ ਕਰਨ ਲਈ ਕਿਹਾ ਗਿਆ ਸੀ।​—ਯਸਾਯਾਹ 11:12.

20 ਸੰਨ 1919 ਵਿਚ ਮਸਹ ਕੀਤੇ ਹੋਏ ਮਸੀਹੀਆਂ ਨੂੰ ਪਰਮੇਸ਼ੁਰ ਦੀ ਸੇਵਾ ਕਰਨ ਲਈ ਦੁਨੀਆਂ ਤੋਂ ਅਲੱਗ ਕੀਤਾ ਗਿਆ ਸੀ ਅਤੇ ਉਸ ਸਮੇਂ ਤੋਂ ਉਹ “ਪਵਿੱਤ੍ਰ ਰਾਹ” ਉੱਤੇ ਚੱਲ ਰਹੇ ਹਨ। (ਯਸਾਯਾਹ 35:8) ਉਹ ਪਹਿਲੇ ਸਨ ਜੋ ਵੱਡੀ ਬਾਬੁਲ ਵਿੱਚੋਂ ਨਿਕਲ ਕੇ ਇਸ ਰੂਹਾਨੀ ਰਾਹ ਉੱਤੇ ਚੱਲੇ ਸਨ। (ਯਸਾਯਾਹ 40:3; 48:20) ਪਰਮੇਸ਼ੁਰ ਨੇ ਉਨ੍ਹਾਂ ਨੂੰ ਆਪਣੇ ਵੱਡੇ-ਵੱਡੇ ਕੰਮਾਂ ਬਾਰੇ ਪ੍ਰਚਾਰ ਕਰਨ ਅਤੇ ਦੂਸਰਿਆਂ ਨੂੰ ਇਹ ਰਾਹ ਦਿਖਾਉਣ ਵਿਚ ਪਹਿਲ ਕਰਨ ਦਾ ਸਨਮਾਨ ਦਿੱਤਾ ਹੈ। ਉਸ ਰਾਹ ਤੋਂ ਪੱਥਰਾਂ ਨੂੰ ਹਟਾਉਣਾ ਯਾਨੀ ਰੁਕਾਵਟਾਂ ਨੂੰ ਦੂਰ ਕਰਨਾ ਖ਼ਾਸ ਕਰਕੇ ਉਨ੍ਹਾਂ ਦੇ ਫ਼ਾਇਦੇ ਲਈ ਸੀ। (ਯਸਾਯਾਹ 57:14) ਇਹ ਜ਼ਰੂਰੀ ਸੀ ਕਿ ਉਹ ਪਰਮੇਸ਼ੁਰ ਦੇ ਮਕਸਦਾਂ ਅਤੇ ਸਿੱਖਿਆਵਾਂ ਨੂੰ ਸਾਫ਼-ਸਾਫ਼ ਸਮਝਣ। ਝੂਠੇ ਵਿਸ਼ਵਾਸ ਜ਼ਿੰਦਗੀ ਦੇ ਰਾਹ ਵਿਚ ਰੁਕਾਵਟਾਂ ਹਨ, ਪਰ ਯਹੋਵਾਹ ਦਾ ਬਚਨ “ਵਦਾਣ ਵਾਂਙੁ [ਹੈ] ਜਿਹੜਾ ਚਟਾਨ ਨੂੰ ਚੂਰ ਚੂਰ ਕਰ ਸੁੱਟਦਾ ਹੈ।” ਉਸ ਨਾਲ ਮਸਹ ਕੀਤੇ ਹੋਏ ਮਸੀਹੀਆਂ ਨੇ ਉਹ ਪੱਥਰ ਚੂਰ ਚੂਰ ਕਰ ਦਿੱਤੇ ਹਨ ਜਿਸ ਤੋਂ ਯਹੋਵਾਹ ਦੀ ਸੇਵਾ ਕਰਨ ਵਾਲੇ ਠੋਕਰ ਖਾ ਸਕਦੇ ਸਨ।​—ਯਿਰਮਿਯਾਹ 23:29.

21, 22. ਯਹੋਵਾਹ ਨੇ ਝੂਠੇ ਧਰਮਾਂ ਨੂੰ ਛੱਡਣ ਵਾਲਿਆਂ ਲਈ ਕਿਹੜਾ ਝੰਡਾ ਖੜ੍ਹਾ ਕੀਤਾ ਹੈ, ਅਤੇ ਅਸੀਂ ਇਹ ਕਿਵੇਂ ਜਾਣਦੇ ਹਾਂ?

21 ਸੰਨ 537 ਸਾ.ਯੁ.ਪੂ. ਵਿਚ ਯਰੂਸ਼ਲਮ ਇਕ ਝੰਡੇ ਵਰਗਾ ਸੀ ਜਿੱਥੇ ਯਹੂਦੀ ਬਕੀਏ ਨੂੰ ਵਾਪਸ ਆਉਣ ਅਤੇ ਹੈਕਲ ਨੂੰ ਦੁਬਾਰਾ ਬਣਾਉਣ ਲਈ ਸੱਦਾ ਦਿੱਤਾ ਗਿਆ ਸੀ। (ਯਸਾਯਾਹ 49:22) ਸੰਨ 1919 ਵਿਚ ਜਦੋਂ ਮਸਹ ਕੀਤੇ ਹੋਏ ਬਕੀਏ ਨੂੰ ਝੂਠੇ ਧਰਮਾਂ ਦੀ ਗ਼ੁਲਾਮੀ ਤੋਂ ਛੁਡਾਇਆ ਗਿਆ ਸੀ, ਤਾਂ ਉਹ ਭਟਕਦੇ ਨਹੀਂ ਫਿਰੇ ਸਨ। ਉਹ ਆਪਣੀ ਮੰਜ਼ਲ ਜਾਣਦੇ ਸਨ ਕਿਉਂਕਿ ਯਹੋਵਾਹ ਨੇ ਉਨ੍ਹਾਂ ਲਈ ਇਕ ਝੰਡਾ ਖੜ੍ਹਾ ਕੀਤਾ ਸੀ। ਇਹ ਝੰਡਾ ਕੋਣ ਸੀ? ਉਹੀ ਝੰਡਾ ਜਿਸ ਬਾਰੇ ਯਸਾਯਾਹ 11:10 ਵਿਚ ਗੱਲ ਕੀਤੀ ਗਈ ਸੀ: ‘ਓਸ ਦਿਨ ਐਉਂ ਹੋਵੇਗਾ ਕਿ ਯੱਸੀ ਦੀ ਜੜ੍ਹ ਲੋਕਾਂ ਦੇ ਝੰਡੇ ਲਈ ਖੜੀ ਹੋਵੇਗੀ।’ ਪੌਲੁਸ ਰਸੂਲ ਨੇ ਇਹ ਸ਼ਬਦ ਯਿਸੂ ਉੱਤੇ ਲਾਗੂ ਕੀਤੇ ਸਨ। (ਰੋਮੀਆਂ 15:8, 12) ਜੀ ਹਾਂ, ਸੀਯੋਨ ਦੇ ਸਵਰਗੀ ਪਹਾੜ ਉੱਤੇ ਰਾਜਾ ਯਿਸੂ ਝੰਡੇ ਵਰਗਾ ਹੈ!​—ਇਬਰਾਨੀਆਂ 12:22; ਪਰਕਾਸ਼ ਦੀ ਪੋਥੀ 14:1.

22 ਮਸਹ ਕੀਤੇ ਹੋਏ ਮਸੀਹੀ ਅਤੇ ਹੋਰ ਭੇਡਾਂ ਏਕਤਾ ਵਿਚ ਅੱਤ ਮਹਾਨ ਪਰਮੇਸ਼ੁਰ ਦੀ ਭਗਤੀ ਕਰਨ ਲਈ ਯਿਸੂ ਮਸੀਹ ਦੇ ਆਲੇ-ਦੁਆਲੇ ਇਕੱਠੇ ਹੋਏ ਹਨ। ਯਿਸੂ ਦੀ ਹਕੂਮਤ ਯਹੋਵਾਹ ਦੇ ਰਾਜ ਕਰਨ ਦੇ ਹੱਕ ਨੂੰ ਸਹੀ ਸਿੱਧ ਕਰਦੀ ਹੈ ਅਤੇ ਧਰਤੀ ਦੀਆਂ ਸਾਰੀਆਂ ਕੌਮਾਂ ਵਿੱਚੋਂ ਨੇਕਦਿਲ ਲੋਕਾਂ ਨੂੰ ਬਰਕਤ ਦਿੰਦੀ ਹੈ। ਸਾਨੂੰ ਸਾਰਿਆਂ ਨੂੰ ਯਹੋਵਾਹ ਦੀ ਵਡਿਆਈ ਕਰਨੀ ਚਾਹੀਦੀ ਹੈ!

“ਤੇਰਾ ਬਚਾਉਣ ਵਾਲਾ ਲਗਾ ਆਉਂਦਾ ਹੈ”

23, 24. ਪਰਮੇਸ਼ੁਰ ਵਿਚ ਨਿਹਚਾ ਰੱਖਣ ਵਾਲਿਆਂ ਦਾ ‘ਬਚਾਅ’ ਕਿਵੇਂ ਹੋ ਰਿਹਾ ਹੈ?

23 ਯਹੋਵਾਹ ਨੇ ਆਪਣੇ ਤੀਵੀਂ ਵਰਗੇ ਸੰਗਠਨ ਨੂੰ ਜਿਹੜਾ ਨਵਾਂ ਨਾਂ ਦਿੱਤਾ ਹੈ ਉਹ ਉਸ ਦੇ ਬੱਚਿਆਂ ਦੀ ਸਦੀਵੀ ਮੁਕਤੀ ਨਾਲ ਸੰਬੰਧ ਰੱਖਦਾ ਹੈ। ਯਸਾਯਾਹ ਨੇ ਲਿਖਿਆ: “ਵੇਖੋ, ਯਹੋਵਾਹ ਨੇ ਧਰਤੀ ਦੀ ਹੱਦ ਤੀਕ ਏਹ ਸੁਣਾਇਆ ਭਈ ਸੀਯੋਨ ਦੀ ਧੀ ਨੂੰ ਆਖੋ, ਵੇਖ, ਤੇਰਾ ਬਚਾਉਣ ਵਾਲਾ ਲਗਾ ਆਉਂਦਾ ਹੈ, ਵੇਖ, ਉਹ ਦਾ ਇਨਾਮ ਉਹ ਦੇ ਕੋਲ ਹੈ, ਅਤੇ ਉਹ ਦਾ ਬਦਲਾ ਉਹ ਦੇ ਅੱਗੇ ਹੈ।” (ਯਸਾਯਾਹ 62:11) ਯਹੂਦੀਆਂ ਦਾ ਬਚਾਅ ਉਦੋਂ ਹੋਇਆ ਸੀ ਜਦੋਂ ਬਾਬਲ ਡਿੱਗ ਪਿਆ ਸੀ ਅਤੇ ਉਹ ਆਪਣੇ ਵਤਨ ਵਾਪਸ ਮੁੜੇ ਸਨ। ਪਰ ਇਹ ਸ਼ਬਦ ਇਕ ਹੋਰ ਵੱਡੀ ਗੱਲ ਵੱਲ ਇਸ਼ਾਰਾ ਕਰਦੇ ਹਨ। ਯਹੋਵਾਹ ਦਾ ਐਲਾਨ ਸਾਨੂੰ ਯਰੂਸ਼ਲਮ ਦੇ ਸੰਬੰਧ ਵਿਚ ਜ਼ਕਰਯਾਹ ਦੀ ਭਵਿੱਖਬਾਣੀ ਬਾਰੇ ਯਾਦ ਕਰਾਉਂਦਾ ਹੈ: “ਹੇ ਸੀਯੋਨ ਦੀਏ ਧੀਏ, ਬਹੁਤ ਖੁਸ਼ ਹੋ, ਹੇ ਯਰੂਸ਼ਲਮ ਦੀਏ ਧੀਏ, ਲਲਕਾਰ! ਵੇਖ, ਤੇਰਾ ਪਾਤਸ਼ਾਹ ਤੇਰੇ ਕੋਲ ਆਉਂਦਾ ਹੈ, ਉਹ ਧਰਮੀ ਹੈ ਅਤੇ ਸੁਰਜੀਤ ਹੈ, ਉਹ ਅਧੀਨ ਹੈ ਅਤੇ ਗਧੇ ਦੇ ਜੁਆਨ ਬੱਚੇ ਉੱਤੇ ਸਵਾਰ ਹੈ।”​—ਜ਼ਕਰਯਾਹ 9:9.

24 ਪਾਣੀ ਵਿਚ ਬਪਤਿਸਮਾ ਲੈਣ ਅਤੇ ਪਰਮੇਸ਼ੁਰ ਦੀ ਪਵਿੱਤਰ ਆਤਮਾ ਨਾਲ ਮਸਹ ਕੀਤੇ ਜਾਣ ਤੋਂ ਸਾਢੇ ਤਿੰਨ ਸਾਲ ਬਾਅਦ, ਯਿਸੂ ਯਰੂਸ਼ਲਮ ਵਿਚ ਗਧੀ ਦੇ ਬੱਚੇ ਉੱਤੇ ਸਵਾਰ ਹੋ ਕੇ ਆਇਆ ਅਤੇ ਉਸ ਨੇ ਹੈਕਲ ਨੂੰ ਸਾਫ਼ ਕੀਤਾ ਸੀ। (ਮੱਤੀ 21:1-5; ਯੂਹੰਨਾ 12:14-16) ਅੱਜ ਯਿਸੂ ਮਸੀਹ ਪਰਮੇਸ਼ੁਰ ਵਿਚ ਨਿਹਚਾ ਕਰਨ ਵਾਲੇ ਲੋਕਾਂ ਲਈ ਯਹੋਵਾਹ ਵੱਲੋਂ ਮੁਕਤੀ ਲਿਆ ਰਿਹਾ ਹੈ। ਸੰਨ 1914 ਵਿਚ ਰਾਜਾ ਬਣਨ ਤੋਂ ਬਾਅਦ ਯਿਸੂ ਯਹੋਵਾਹ ਦਾ ਨਿਆਂਕਾਰ ਅਤੇ ਸਜ਼ਾ ਦੇਣ ਵਾਲਾ ਵੀ ਬਣਿਆ ਸੀ। ਸੰਨ 1918 ਵਿਚ ਯਿਸੂ ਦੇ ਰਾਜਾ ਬਣਨ ਤੋਂ ਸਾਢੇ ਤਿੰਨ ਸਾਲ ਬਾਅਦ, ਉਸ ਨੇ ਯਹੋਵਾਹ ਦੀ ਰੂਹਾਨੀ ਹੈਕਲ ਸਾਫ਼ ਕੀਤੀ ਸੀ, ਜੋ ਧਰਤੀ ਉੱਤੇ ਮਸਹ ਕੀਤੇ ਹੋਏ ਮਸੀਹੀਆਂ ਦੀ ਕਲੀਸਿਯਾ ਨੂੰ ਦਰਸਾਉਂਦੀ ਹੈ। (ਮਲਾਕੀ 3:1-5) ਜਦੋਂ ਯਿਸੂ ਇਕ ਝੰਡੇ ਵਜੋਂ ਖੜ੍ਹਾ ਹੋਇਆ ਸੀ ਉਦੋਂ ਸਾਰੀ ਧਰਤੀ ਦੇ ਲੋਕਾਂ ਨੂੰ ਮਸੀਹਾਈ ਰਾਜ ਦੇ ਪੱਖ ਵਿਚ ਇਕੱਠੇ ਕਰਨ ਦਾ ਕੰਮ ਸ਼ੁਰੂ ਹੋਇਆ ਸੀ। ਪੁਰਾਣੇ ਜ਼ਮਾਨੇ ਦੀ ਤਰ੍ਹਾਂ ਪਰਮੇਸ਼ੁਰ ਦੇ ਇਸਰਾਏਲ ਦਾ ‘ਬਚਾਅ’ ਉਦੋਂ ਹੋਇਆ ਜਦੋਂ ਉਹ 1919 ਵਿਚ ਵੱਡੀ ਬਾਬੁਲ ਤੋਂ ਆਜ਼ਾਦ ਕੀਤਾ ਗਿਆ ਸੀ। ਪੂਰੇ ਜੋਸ਼ ਨਾਲ ਲੋਕਾਂ ਨੂੰ ਇਕੱਠੇ ਕਰਨ ਦੇ ਕੰਮ ਵਿਚ ਹਿੱਸਾ ਲੈਣ ਦਾ “ਇਨਾਮ” ਜਾਂ “ਬਦਲਾ,” ਸਵਰਗ ਵਿਚ ਅਮਰ ਜੀਵਨ ਜਾਂ ਧਰਤੀ ਉੱਤੇ ਸਦੀਪਕ ਜੀਵਨ ਹੈ। ਵਫ਼ਾਦਾਰ ਰਹਿਣ ਵਾਲੇ ਸਾਰੇ ਲੋਕ ਪੂਰਾ ਭਰੋਸਾ ਰੱਖ ਸਕਦੇ ਹਨ ਕਿ ‘ਪ੍ਰਭੁ ਵਿੱਚ ਉਨ੍ਹਾਂ ਦੀ ਮਿਹਨਤ ਥੋਥੀ ਨਹੀਂ ਹੈ।’​—1 ਕੁਰਿੰਥੀਆਂ 15:58.

25. ਯਹੋਵਾਹ ਦੇ ਲੋਕਾਂ ਨੂੰ ਕਿਹੜਾ ਭਰੋਸਾ ਦਿੱਤਾ ਗਿਆ ਹੈ?

25 ਯਹੋਵਾਹ ਦੇ ਸਵਰਗੀ ਸੰਗਠਨ ਲਈ, ਉਸ ਦੇ ਮਸਹ ਕੀਤੇ ਹੋਏ ਪ੍ਰਤਿਨਿਧਾਂ ਲਈ, ਅਤੇ ਉਨ੍ਹਾਂ ਦੇ ਨਾਲ ਮਿਲ ਕੇ ਕੰਮ ਕਰਨ ਵਾਲਿਆਂ ਲਈ ਇਹ ਕਿੰਨੀ ਚੰਗੀ ਉਮੀਦ ਹੈ! (ਬਿਵਸਥਾ ਸਾਰ 26:19) ਯਸਾਯਾਹ ਨੇ ਭਵਿੱਖਬਾਣੀ ਕੀਤੀ ਸੀ: “ਓਹ ਉਨ੍ਹਾਂ ਨੂੰ ‘ਪਵਿੱਤ੍ਰ ਪਰਜਾ’, ‘ਯਹੋਵਾਹ ਦੇ ਛੁਡਾਏ ਹੋਏ’ ਆਖਣਗੇ, ਅਤੇ ਤੂੰ ‘ਲੱਭੀ ਹੋਈ’ ਅਰ ‘ਨਾ ਤਿਆਗੀ ਹੋਈ ਨਗਰੀ’ ਸਦਾਵੇਂਗੀ।” (ਯਸਾਯਾਹ 62:12) ਇਕ ਅਜਿਹਾ ਸਮਾਂ ਸੀ ਜਦੋਂ ‘ਉਤਾਹਾਂ ਦਾ ਯਰੂਸ਼ਲਮ’ ਜੋ ਧਰਤੀ ਉੱਤੇ ਪਰਮੇਸ਼ੁਰ ਦੇ ਇਸਰਾਏਲ ਨੂੰ ਦਰਸਾਉਂਦਾ ਹੈ, ਤਿਆਗਿਆ ਹੋਇਆ ਮਹਿਸੂਸ ਕਰਦਾ ਸੀ। ਉਹ ਫਿਰ ਕਦੀ ਵੀ ਇਸ ਤਰ੍ਹਾਂ ਨਹੀਂ ਮਹਿਸੂਸ ਕਰੇਗਾ। ਯਹੋਵਾਹ ਆਪਣੇ ਲੋਕਾਂ ਦੀ ਹਮੇਸ਼ਾ ਲਈ ਰੱਖਿਆ ਅਤੇ ਦੇਖ-ਭਾਲ ਕਰੇਗਾ ਅਤੇ ਉਸ ਦੇ ਲੋਕਾਂ ਉੱਤੇ ਉਸ ਦੀ ਕਿਰਪਾ ਸਦਾ ਰਹੇਗੀ।

[ਫੁਟਨੋਟ]

^ ਪੈਰਾ 7 ਬਾਈਬਲ ਦੀਆਂ ਭਵਿੱਖਬਾਣੀਆਂ ਵਿਚ ਕਿਸੇ ਨੂੰ ‘ਇੱਕ ਨਵਾਂ ਨਾਉਂ’ ਉਦੋਂ ਦਿੱਤਾ ਜਾ ਸਕਦਾ ਸੀ ਜਦੋਂ ਉਸ ਨੂੰ ਇਕ ਨਵੀਂ ਪਦਵੀ ਜਾਂ ਨਵੀਂ ਜ਼ਿੰਮੇਵਾਰੀ ਦਿੱਤੀ ਜਾਂਦੀ ਸੀ।​—ਪਰਕਾਸ਼ ਦੀ ਪੋਥੀ 2:17; 3:12.

[ਸਵਾਲ]

[ਸਫ਼ਾ 342 ਉੱਤੇ ਡੱਬੀ]

ਪਤੀ-ਪਤਨੀ ਲਈ ਇਕ ਵਧੀਆ ਮਿਸਾਲ

ਜਦੋਂ ਲੋਕ ਵਿਆਹ ਕਰਾਉਂਦੇ ਹਨ ਤਾਂ ਉਨ੍ਹਾਂ ਦੀਆਂ ਕਈ ਉਮੀਦਾਂ ਹੁੰਦੀਆਂ ਹਨ। ਪਰ ਵਿਆਹ ਬਾਰੇ ਯਹੋਵਾਹ ਕਿਹੜੀ ਉਮੀਦ ਰੱਖਦਾ ਹੈ? ਉਸ ਨੇ ਵਿਆਹਾਂ ਦਾ ਪ੍ਰਬੰਧ ਕਿਉਂ ਸ਼ੁਰੂ ਕੀਤਾ ਸੀ?

ਇਸਰਾਏਲ ਦੀ ਕੌਮ ਨਾਲ ਪਰਮੇਸ਼ੁਰ ਦੇ ਰਿਸ਼ਤੇ ਤੋਂ ਸਾਨੂੰ ਵਿਆਹਾਂ ਬਾਰੇ ਉਸ ਦੇ ਇਰਾਦੇ ਦਾ ਪਤਾ ਲੱਗਦਾ ਹੈ। ਯਸਾਯਾਹ ਨੇ ਇਸ ਰਿਸ਼ਤੇ ਨੂੰ ਵਿਆਹ ਨਾਲ ਦਰਸਾਇਆ ਸੀ। (ਯਸਾਯਾਹ 62:1-5) ਧਿਆਨ ਦਿਓ ਕਿ ਯਹੋਵਾਹ ਪਰਮੇਸ਼ੁਰ ਨੇ ਇਕ ‘ਪਤੀ’ ਵਜੋਂ ਆਪਣੀ “ਲਾੜੀ” ਲਈ ਕੀ ਕੀਤਾ ਸੀ। ਉਸ ਨੇ ਉਸ ਦੀ ਰੱਖਿਆ ਕੀਤੀ ਸੀ ਅਤੇ ਉਸ ਨੂੰ ਪਵਿੱਤਰ ਠਹਿਰਾਇਆ ਸੀ। (ਯਸਾਯਾਹ 62:6, 7, 12) ਉਸ ਨੇ ਉਸ ਦੀ ਇੱਜ਼ਤ ਅਤੇ ਕਦਰ ਕੀਤੀ ਸੀ। (ਯਸਾਯਾਹ 62:3, 8, 9) ਅਤੇ ਉਹ ਉਸ ਨਾਲ ਖ਼ੁਸ਼ ਹੋਇਆ ਸੀ, ਜੋ ਉਸ ਨੂੰ ਨਵਾਂ ਨਾਂ ਦੇਣ ਤੋਂ ਦੇਖਿਆ ਜਾਂਦਾ ਹੈ।​—ਯਸਾਯਾਹ 62:4, 5, 12.

ਯਸਾਯਾਹ ਨੇ ਯਹੋਵਾਹ ਅਤੇ ਇਸਰਾਏਲ ਦੇ ਰਿਸ਼ਤੇ ਬਾਰੇ ਜੋ ਗੱਲ ਕੀਤੀ ਸੀ ਪੌਲੁਸ ਨੇ ਬਾਈਬਲ ਦੇ ਯੂਨਾਨੀ ਹਿੱਸੇ ਵਿਚ ਉਸ ਨੂੰ ਦੁਹਰਾਇਆ ਸੀ ਜਦੋਂ ਉਸ ਨੇ ਪਤੀ-ਪਤਨੀ ਦੇ ਰਿਸ਼ਤਾ ਦੀ ਤੁਲਨਾ ਮਸੀਹ ਅਤੇ ਮਸਹ ਕੀਤੇ ਹੋਏ ਮਸੀਹੀਆਂ ਦੀ ਕਲੀਸਿਯਾ ਨਾਲ ਕੀਤੀ ਸੀ।​—ਅਫ਼ਸੀਆਂ 5:21-27.

ਪੌਲੁਸ ਨੇ ਪਤੀ-ਪਤਨੀਆਂ ਨੂੰ ਸਲਾਹ ਦਿੱਤੀ ਸੀ ਕਿ ਉਹ ਆਪਸ ਵਿਚ ਮਸੀਹ ਅਤੇ ਕਲੀਸਿਯਾ ਦੇ ਰਿਸ਼ਤੇ ਦੀ ਰੀਸ ਕਰਨ। ਇਸ ਤੋਂ ਹੋਰ ਕੋਈ ਵੱਡਾ ਪਿਆਰ ਨਹੀਂ ਹੋ ਸਕਦਾ ਜੋ ਯਹੋਵਾਹ ਨੇ ਇਸਰਾਏਲ ਨਾਲ ਅਤੇ ਮਸੀਹ ਨੇ ਕਲੀਸਿਯਾ ਨਾਲ ਕੀਤਾ ਸੀ। ਇਹ ਰਿਸ਼ਤੇ ਮਸੀਹੀਆਂ ਦੇ ਵਿਆਹਾਂ ਵਿਚ ਸਫ਼ਲਤਾ ਅਤੇ ਖ਼ੁਸ਼ੀ ਪਾਉਣ ਲਈ ਇਕ ਵਧੀਆ ਮਿਸਾਲ ਹਨ।​—ਅਫ਼ਸੀਆਂ 5:28-33.

[ਸਫ਼ਾ 339 ਉੱਤੇ ਤਸਵੀਰ]

ਯਹੋਵਾਹ ਨੇ ਸਵਰਗੀ ਸੀਯੋਨ ਨੂੰ ਇਕ ਨਵਾਂ ਨਾਂ ਦਿੱਤਾ

[ਸਫ਼ਾ 347 ਉੱਤੇ ਤਸਵੀਰਾਂ]

ਸਾਡੇ ਜ਼ਮਾਨੇ ਵਿਚ ਯਹੋਵਾਹ ਦਾ ਰਾਖਾ ਚੁੱਪ ਨਹੀਂ ਰਿਹਾ ਹੈ