Skip to content

Skip to table of contents

ਪਰਮੇਸ਼ੁਰ ਦੇ ਇਕ ਨਬੀ ਨੇ ਮਨੁੱਖਜਾਤੀ ਲਈ ਚਾਨਣ ਲਿਆਂਦਾ

ਪਰਮੇਸ਼ੁਰ ਦੇ ਇਕ ਨਬੀ ਨੇ ਮਨੁੱਖਜਾਤੀ ਲਈ ਚਾਨਣ ਲਿਆਂਦਾ

ਪਹਿਲਾ ਅਧਿਆਇ

ਪਰਮੇਸ਼ੁਰ ਦੇ ਇਕ ਨਬੀ ਨੇ ਮਨੁੱਖਜਾਤੀ ਲਈ ਚਾਨਣ ਲਿਆਂਦਾ

1, 2. ਅੱਜ-ਕੱਲ੍ਹ ਕਈ ਲੋਕ ਕਿਨ੍ਹਾਂ ਹਾਲਤਾਂ ਦੇ ਕਾਰਨ ਪਰੇਸ਼ਾਨ ਹਨ?

ਅਸੀਂ ਅਜਿਹੇ ਯੁਗ ਵਿਚ ਰਹਿ ਰਹੇ ਹਾਂ ਜਿੱਥੇ ਲੱਗਦਾ ਹੈ ਕਿ ਸਭ ਕੁਝ ਇਨਸਾਨਾਂ ਦੇ ਵੱਸ ਵਿਚ ਹੈ। ਪੁਲਾੜ ਵਿਚ ਸਫ਼ਰ, ਕੰਪਿਊਟਰ ਤਕਨਾਲੋਜੀ, ਜੀਨਾਂ ਦੀ ਇੰਜੀਨੀਅਰੀ, ਅਤੇ ਵਿਗਿਆਨ ਦੀਆਂ ਹੋਰ ਨਵੀਆਂ ਲੱਭਤਾਂ ਕਾਰਨ ਇਨਸਾਨ ਕਿੱਥੋਂ ਦੀ ਕਿੱਥੇ ਤਕ ਪਹੁੰਚ ਗਏ ਹਨ। ਇਸ ਦੇ ਨਾਲ-ਨਾਲ ਬਿਹਤਰ ਅਤੇ ਲੰਮੀ ਜ਼ਿੰਦਗੀ ਹੋਣ ਦੀ ਵੀ ਆਸ ਪੈਦਾ ਹੋਈ ਹੈ।

2 ਕੀ ਇਨ੍ਹਾਂ ਤਰੱਕੀਆਂ ਦੇ ਕਾਰਨ ਤੁਸੀਂ ਹੁਣ ਆਪਣੇ ਘਰਾਂ ਦੇ ਦਰਵਾਜ਼ੇ ਖੁੱਲ੍ਹੇ ਛੱਡ ਸਕਦੇ ਹੋ? ਜਾਂ ਕੀ ਜੰਗਾਂ ਦਾ ਖ਼ਤਰਾ ਖ਼ਤਮ ਹੋ ਗਿਆ ਹੈ? ਕੀ ਵਿਗਿਆਨ ਰਾਹੀਂ ਬੀਮਾਰੀਆਂ ਦੇ ਇਲਾਜ ਮਿਲ ਗਏ ਹਨ ਜਾਂ ਕੀ ਮੌਤ ਦਾ ਗਮ ਦੂਰ ਕੀਤਾ ਗਿਆ ਹੈ? ਬਿਲਕੁਲ ਨਹੀਂ! ਭਾਵੇਂ ਕਿ ਇਨਸਾਨਾਂ ਨੇ ਕਾਫ਼ੀ ਤਰੱਕੀਆਂ ਕੀਤੀਆਂ ਹਨ ਉਹ ਸਭ ਕੁਝ ਨਹੀਂ ਕਰ ਸਕਦੇ। ਇਕ ਸੰਸਥਾ ਦੀ ਰਿਪੋਰਟ ਨੇ ਕਿਹਾ: ‘ਅਸੀਂ ਚੰਦ ਤਕ ਪਹੁੰਚਣਾ ਜਾਣ ਗਏ ਹਾਂ, ਨਵੀਆਂ ਅਤੇ ਪ੍ਰਭਾਵਸ਼ਾਲੀ ਚੀਜ਼ਾਂ ਬਣਾ ਸਕਦੇ ਹਾਂ, ਅਤੇ ਇਨਸਾਨਾਂ ਦੀਆਂ ਜੀਨਾਂ ਬਦਲ ਸਕਦੇ ਹਾਂ। ਪਰ ਅਸੀਂ ਇਕ ਅਰਬ ਲੋਕਾਂ ਨੂੰ ਸਾਫ਼ ਪਾਣੀ ਨਹੀਂ ਦੇ ਸਕਦੇ ਹਾਂ, ਅਸੀਂ ਹਜ਼ਾਰਾਂ ਹੀ ਕਿਸਮਾਂ ਦੇ ਜੀਵ-ਜੰਤੂਆਂ ਅਤੇ ਪੌਦਿਆਂ ਦੀ ਬਰਬਾਦੀ ਨਹੀਂ ਰੋਕ ਸਕਦੇ, ਅਤੇ ਨਾ ਹੀ ਅਸੀਂ ਵਾਯੂਮੰਡਲ ਦਾ ਨੁਕਸਾਨ ਕਰਨ ਤੋਂ ਬਿਨਾਂ ਕੁਦਰਤ ਤੋਂ ਊਰਜਾ ਪ੍ਰਾਪਤ ਕਰ ਸਕਦੇ ਹਾਂ।’ ਇਸ ਲਈ ਅਸੀਂ ਭਵਿੱਖ ਬਾਰੇ ਕਈਆਂ ਲੋਕਾਂ ਦੀ ਪਰੇਸ਼ਾਨੀ ਸਮਝ ਸਕਦੇ ਹਾਂ। ਉਹ ਇਹ ਨਹੀਂ ਜਾਣਦੇ ਹਨ ਕਿ ਉਨ੍ਹਾਂ ਨੂੰ ਦਿਲਾਸਾ ਅਤੇ ਉਮੀਦ ਕਿੱਥੋਂ ਮਿਲ ਸਕਦੇ ਹਨ।

3. ਅੱਠਵੀਂ ਸਦੀ ਸਾ.ਯੁ.ਪੂ. ਦੌਰਾਨ ਯਹੂਦਾਹ ਦੀ ਕੀ ਹਾਲਤ ਸੀ?

3 ਸਾਡੀ ਹਾਲਤ ਅੱਠਵੀਂ ਸਦੀ ਸਾ.ਯੁ.ਪੂ. ਦੌਰਾਨ ਪਰਮੇਸ਼ੁਰ ਦੇ ਲੋਕਾਂ ਦੀ ਹਾਲਤ ਵਰਗੀ ਹੈ। ਉਸ ਸਮੇਂ ਯਹੂਦਾਹ ਦੇ ਵਾਸੀਆਂ ਨੂੰ ਦਿਲਾਸੇ ਦੀ ਸਖ਼ਤ ਜ਼ਰੂਰਤ ਸੀ। ਇਸ ਲਈ ਪਰਮੇਸ਼ੁਰ ਨੇ ਦਿਲਾਸਾ ਦੇਣ ਲਈ ਉਨ੍ਹਾਂ ਕੋਲ ਆਪਣੇ ਸੇਵਕ ਯਸਾਯਾਹ ਨੂੰ ਭੇਜਿਆ ਸੀ। ਕਾਫ਼ੀ ਗੜਬੜ ਹੋਣ ਕਰਕੇ ਇਹ ਕੌਮ ਬਿਪਤਾ ਵਿਚ ਪਈ ਹੋਈ ਸੀ। ਅੱਸ਼ੂਰ ਦਾ ਬੇਰਹਿਮ ਸਾਮਰਾਜ ਉਨ੍ਹਾਂ ਦੇ ਦੇਸ਼ ਉੱਤੇ ਹਮਲਾ ਕਰਨ ਵਾਲਾ ਸੀ ਅਤੇ ਲੋਕ ਡਰੇ ਹੋਏ ਸਨ। ਬਚਾਅ ਲਈ ਪਰਮੇਸ਼ੁਰ ਦੇ ਲੋਕ ਕਿਸ ਵੱਲ ਮੁੜ ਸਕਦੇ ਸਨ? ਉਹ ਯਹੋਵਾਹ ਦਾ ਨਾਂ ਲੈਣ ਦਾ ਦਾਅਵਾ ਤਾਂ ਕਰ ਰਹੇ ਸਨ, ਪਰ ਉਹ ਇਨਸਾਨਾਂ ਉੱਤੇ ਭਰੋਸਾ ਰੱਖਣਾ ਪਸੰਦ ਕਰਦੇ ਸਨ।​—2 ਰਾਜਿਆਂ 16:7; 18:21.

ਹਨੇਰੇ ਵਿਚ ਚਮਕਦਾ ਚਾਨਣ

4. ਯਸਾਯਾਹ ਕਿਹੜੇ ਦੋ ਸੁਨੇਹੇ ਦੱਸਣ ਲਈ ਚੁਣਿਆ ਗਿਆ ਸੀ?

4 ਯਹੂਦਾਹ ਦੀ ਬਗਾਵਤ ਕਾਰਨ ਯਰੂਸ਼ਲਮ ਦਾ ਨਾਸ਼ ਕੀਤਾ ਜਾਣਾ ਸੀ ਅਤੇ ਯਹੂਦਾਹ ਦੇ ਵਾਸੀਆਂ ਨੂੰ ਗ਼ੁਲਾਮ ਬਣਾ ਕੇ ਬਾਬਲ ਵਿਚ ਲਿਜਾਇਆ ਜਾਣਾ ਸੀ। ਜੀ ਹਾਂ, ਉਨ੍ਹਾਂ ਲਈ ਬੁਰੇ ਦਿਨ ਆਉਣ ਵਾਲੇ ਸਨ। ਯਹੋਵਾਹ ਨੇ ਇਹ ਗੱਲ ਪਹਿਲਾਂ ਹੀ ਦੱਸਣ ਲਈ ਅਤੇ ਇਸ ਦੇ ਨਾਲ-ਨਾਲ ਖ਼ੁਸ਼ ਖ਼ਬਰੀ ਸੁਣਾਉਣ ਲਈ ਆਪਣੇ ਨਬੀ ਯਸਾਯਾਹ ਨੂੰ ਚੁਣਿਆ ਸੀ। ਗ਼ੁਲਾਮੀ ਵਿਚ 70 ਸਾਲ ਗੁਜ਼ਾਰਨ ਤੋਂ ਬਾਅਦ ਯਹੂਦੀਆਂ ਨੂੰ ਬਾਬਲ ਵਿੱਚੋਂ ਆਜ਼ਾਦ ਕੀਤਾ ਜਾਣਾ ਸੀ! ਇਕ ਬਕੀਏ ਨੇ ਖ਼ੁਸ਼ੀ ਨਾਲ ਸੀਯੋਨ ਨੂੰ ਵਾਪਸ ਮੁੜ ਕੇ ਸੱਚੀ ਉਪਾਸਨਾ ਦੁਬਾਰਾ ਸ਼ੁਰੂ ਕਰਨੀ ਸੀ। ਇਸ ਖ਼ੁਸ਼ ਖ਼ਬਰੀ ਨਾਲ ਯਹੋਵਾਹ ਨੇ ਯਸਾਯਾਹ ਰਾਹੀਂ ਹਨੇਰੇ ਵਿਚ ਚਾਨਣ ਚਮਕਾਇਆ ਸੀ।

5. ਯਹੋਵਾਹ ਨੇ ਆਪਣਾ ਮਕਸਦ ਇੰਨਾ ਚਿਰ ਪਹਿਲਾਂ ਕਿਉਂ ਦੱਸਿਆ ਸੀ?

5 ਯਹੂਦਾਹ ਦੀ ਬਰਬਾਦੀ ਦੀਆਂ ਇਨ੍ਹਾਂ ਭਵਿੱਖਬਾਣੀਆਂ ਦੇ ਲਿਖੇ ਜਾਣ ਤੋਂ ਇਕ ਸਦੀ ਬਾਅਦ ਇਹ ਪੂਰੀਆਂ ਹੋਈਆਂ। ਤਾਂ ਫਿਰ, ਯਹੋਵਾਹ ਨੇ ਆਪਣਾ ਮਕਸਦ ਇੰਨਾ ਚਿਰ ਪਹਿਲਾਂ ਕਿਉਂ ਦੱਸਿਆ ਸੀ? ਇਹ ਸੱਚ ਹੈ ਕਿ ਯਸਾਯਾਹ ਦੀਆਂ ਗੱਲਾਂ ਸੁਣਨ ਵਾਲੇ ਲੋਕ ਇਨ੍ਹਾਂ ਭਵਿੱਖਬਾਣੀਆਂ ਦੀ ਪੂਰਤੀ ਤੋਂ ਪਹਿਲਾਂ ਹੀ ਮਰ ਗਏ ਸਨ। ਪਰ ਜਿਹੜੇ ਲੋਕ 607 ਸਾ.ਯੁ.ਪੂ. ਵਿਚ ਯਰੂਸ਼ਲਮ ਦੇ ਨਾਸ਼ ਵੇਲੇ ਜੀਉਂਦੇ ਸਨ ਉਹ ਯਸਾਯਾਹ ਦੀਆਂ ਇਹ ਭਵਿੱਖਬਾਣੀਆਂ ਪੜ੍ਹ ਸਕਦੇ ਸਨ। ਇਸ ਨੇ ਪੂਰੀ ਤਰ੍ਹਾਂ ਸਾਬਤ ਕੀਤਾ ਕਿ ਯਹੋਵਾਹ “ਆਦ ਤੋਂ ਅੰਤ ਨੂੰ, ਅਤੇ ਮੁੱਢ ਤੋਂ ਜੋ ਅਜੇ ਨਹੀਂ ਹੋਇਆ ਦੱਸਦਾ” ਹੈ।​—ਯਸਾਯਾਹ 46:10; 55:10, 11.

6. ਭਵਿੱਖਬਾਣੀ ਕਰਨ ਵਿਚ ਯਹੋਵਾਹ ਇਨਸਾਨਾਂ ਨਾਲੋਂ ਕਿਵੇਂ ਉੱਤਮ ਹੈ?

6 ਸਿਰਫ਼ ਯਹੋਵਾਹ ਹੀ ਇਹ ਗੱਲ ਕਹਿ ਸਕਦਾ ਹੈ। ਹੋ ਸਕਦਾ ਹੈ ਕਿ ਇਕ ਇਨਸਾਨ ਰਾਜਨੀਤੀ ਸਮਝ ਕੇ ਜਾਂ ਸਮਾਜ ਦੇ ਮਾਹੌਲ ਦਾ ਅੰਦਾਜ਼ਾ ਲਗਾ ਕੇ ਨੇੜਲੇ ਭਵਿੱਖ ਬਾਰੇ ਦੱਸ ਸਕੇ। ਪਰ ਸਿਰਫ਼ ਯਹੋਵਾਹ ਹੀ ਸਹੀ ਤਰ੍ਹਾਂ ਜਾਣ ਸਕਦਾ ਹੈ ਕਿ ਅਗਾਹਾਂ ਨੂੰ ਕਿਸੇ ਵੀ ਸਮੇਂ ਕੀ ਹੋਣਾ ਹੈ। ਉਹ ਆਪਣੇ ਸੇਵਕਾਂ ਰਾਹੀਂ ਵੀ ਉਨ੍ਹਾਂ ਘਟਨਾਵਾਂ ਬਾਰੇ ਦੱਸ ਸਕਦਾ ਹੈ ਜੋ ਕਾਫ਼ੀ ਦੇਰ ਬਾਅਦ ਹੋਣਗੀਆਂ। ਬਾਈਬਲ ਦੱਸਦੀ ਹੈ: “ਨਿਸੰਗ ਪ੍ਰਭੁ ਯਹੋਵਾਹ ਕੋਈ ਕੰਮ ਨਹੀਂ ਕਰੇਗਾ, ਜੇ ਉਹ ਆਪਣੇ ਸੇਵਕ ਨਬੀਆਂ ਨੂੰ ਆਪਣਾ ਭੇਤ ਪਰਗਟ ਨਾ ਕਰੇ।”​—ਆਮੋਸ 3:7.

ਯਸਾਯਾਹ ਦੀ ਪੁਸਤਕ ਦਾ ਲਿਖਾਰੀ ਕੌਣ ਸੀ?

7. ਕਈਆਂ ਵਿਦਵਾਨਾਂ ਨੇ ਇਸ ਪੁਸਤਕ ਦੇ ਲਿਖਾਰੀ ਉੱਤੇ ਸ਼ੱਕ ਕਿਵੇਂ ਅਤੇ ਕਿਉਂ ਪ੍ਰਗਟ ਕੀਤਾ ਹੈ?

7 ਕਈਆਂ ਵਿਦਵਾਨਾਂ ਨੇ ਭਵਿੱਖਬਾਣੀ ਦੇ ਵਿਸ਼ੇ ਕਰਕੇ ਸ਼ੱਕ ਪ੍ਰਗਟ ਕੀਤਾ ਹੈ ਕਿ ਕੀ ਇਸ ਪੁਸਤਕ ਦਾ ਲਿਖਾਰੀ ਸੱਚ-ਮੁੱਚ ਯਸਾਯਾਹ ਸੀ। ਇਹ ਆਲੋਚਕ ਦਾਅਵਾ ਕਰਦੇ ਹਨ ਕਿ ਯਸਾਯਾਹ ਦੀ ਪੁਸਤਕ ਦਾ ਆਖ਼ਰੀ ਹਿੱਸਾ ਛੇਵੀਂ ਸਦੀ ਸਾ.ਯੁ.ਪੂ. ਵਿਚ ਰਹਿਣ ਵਾਲੇ ਕਿਸੇ ਬੰਦੇ ਨੇ ਲਿਖਿਆ ਸੀ, ਯਾਨੀ ਬਾਬਲ ਵਿਚ ਪਰਮੇਸ਼ੁਰ ਦੇ ਲੋਕਾਂ ਦੀ ਗ਼ੁਲਾਮੀ ਦੌਰਾਨ ਜਾਂ ਉਸ ਤੋਂ ਬਾਅਦ। ਉਨ੍ਹਾਂ ਦੇ ਅਨੁਸਾਰ, ਯਹੂਦਾਹ ਦੇ ਨਾਸ਼ ਬਾਰੇ ਗੱਲਾਂ ਉਨ੍ਹਾਂ ਦੀ ਪੂਰਤੀ ਹੋਣ ਤੋਂ ਬਾਅਦ ਹੀ ਲਿਖੀਆਂ ਗਈਆਂ ਸਨ ਅਤੇ ਇਸ ਲਈ ਇਨ੍ਹਾਂ ਨੂੰ ਭਵਿੱਖਬਾਣੀਆਂ ਨਹੀਂ ਸਮਝਿਆ ਜਾ ਸਕਦਾ ਹੈ। ਇਹ ਆਲੋਚਕ ਕਹਿੰਦੇ ਹਨ ਕਿ 40ਵੇਂ ਅਧਿਆਇ ਤੋਂ ਬਾਅਦ, ਯਸਾਯਾਹ ਦੀ ਪੁਸਤਕ ਇਸ ਤਰ੍ਹਾਂ ਲਿਖੀ ਗਈ ਹੈ ਜਿਵੇਂ ਬਾਬਲ ਦਾ ਰਾਜ ਚੱਲ ਰਿਹਾ ਸੀ ਅਤੇ ਇਸਰਾਏਲੀ ਲੋਕ ਬਾਬਲ ਦੀ ਗ਼ੁਲਾਮੀ ਵਿਚ ਸਨ। ਇਸ ਲਈ ਉਹ ਕਹਿੰਦੇ ਹਨ ਕਿ ਯਸਾਯਾਹ ਦਾ ਆਖ਼ਰੀ ਹਿੱਸਾ ਛੇਵੀਂ ਸਦੀ ਸਾ.ਯੁ.ਪੂ. ਵਿਚ ਕਿਸੇ ਹੋਰ ਬੰਦੇ ਨੇ ਲਿਖਿਆ ਸੀ। ਕੀ ਇਸ ਗੱਲ ਦਾ ਕੋਈ ਸਬੂਤ ਹੈ? ਬਿਲਕੁਲ ਨਹੀਂ!

8. ਇਹ ਸ਼ੱਕ ਕਰਨਾ ਕਿ ਯਸਾਯਾਹ ਲਿਖਾਰੀ ਹੈ ਜਾਂ ਨਹੀਂ ਕਦੋਂ ਸ਼ੁਰੂ ਹੋਇਆ ਸੀ, ਅਤੇ ਇਹ ਕਿਵੇਂ ਫੈਲਿਆ?

8 ਇਹ ਸ਼ੱਕ ਕਰਨਾ ਕਿ ਯਸਾਯਾਹ ਲਿਖਾਰੀ ਸੀ ਜਾਂ ਨਹੀਂ 12ਵੀਂ ਸਦੀ ਸਾ.ਯੁ.ਪੂ. ਵਿਚ ਸ਼ੁਰੂ ਹੋਇਆ ਸੀ। ਅਬਰਾਹਾਮ ਈਬਨ ਅਜ਼ਰਾ ਨਾਂ ਦਾ ਯਹੂਦੀ ਟੀਕਾਕਾਰ ਪਹਿਲਾ ਆਦਮੀ ਸੀ ਜਿਸ ਨੇ ਇਹ ਸ਼ੱਕ ਪ੍ਰਗਟ ਕੀਤਾ। ਇਕ ਵਿਸ਼ਵ-ਕੋਸ਼ ਦੇ ਅਨੁਸਾਰ ‘ਯਸਾਯਾਹ ਬਾਰੇ ਟਿੱਪਣੀ ਕਰਦੇ ਹੋਏ ਅਬਰਾਹਾਮ ਈਬਨ ਅਜ਼ਰਾ ਨੇ ਕਿਹਾ ਕਿ 40ਵੇਂ ਅਧਿਆਇ ਤੋਂ ਬਾਅਦ, ਯਸਾਯਾਹ ਦੀ ਪੁਸਤਕ ਦਾ ਲਿਖਾਰੀ ਕੋਈ ਨਬੀ ਸੀ ਜੋ ਬਾਬਲ ਦੀ ਗ਼ੁਲਾਮੀ ਦੌਰਾਨ ਅਤੇ ਯਹੂਦੀਆਂ ਦੇ ਸੀਯੋਨ ਵਾਪਸ ਜਾਣ ਦੇ ਪਹਿਲਿਆਂ ਕੁਝ ਸਾਲਾਂ ਦੌਰਾਨ ਜੀਉਂਦਾ ਸੀ।’ ਹੋਰ ਕਈਆਂ ਵਿਦਵਾਨਾਂ ਨੇ 18ਵੀਂ ਅਤੇ 19ਵੀਂ ਸਦੀ ਦੌਰਾਨ ਇਹ ਵਿਚਾਰ ਅਪਣਾਇਆ। ਇਨ੍ਹਾਂ ਵਿਚ ਯੋਹਾਨ ਕ੍ਰਿਸਟੋਫ਼ ਡੋਡੇਰਲਾਈਨ ਨਾਂ ਦਾ ਇਕ ਜਰਮਨ ਧਰਮ-ਸ਼ਾਸਤਰੀ ਸੀ। ਉਸ ਨੇ ਯਸਾਯਾਹ ਬਾਰੇ 1775 ਵਿਚ ਇਕ ਪੁਸਤਕ ਛਪਵਾਈ ਅਤੇ ਇਸ ਦਾ ਦੂਜਾ ਐਡੀਸ਼ਨ 1789 ਵਿਚ ਛਾਪਿਆ ਗਿਆ ਸੀ। ਬਾਈਬਲ ਉੱਤੇ ਟਿੱਪਣੀ ਕਰਦੇ ਹੋਏ ਇਕ ਕਿਤਾਬ ਨੇ ਕਿਹਾ: “ਹੁਣ ਕਾਫ਼ੀ ਵਿਦਵਾਨ ਡੋਡੇਰਲਾਈਨ ਦੀ ਗੱਲ ਨਾਲ ਸਹਿਮਤ ਹਨ . . . ਕਿ ਯਸਾਯਾਹ ਦੀ ਪੁਸਤਕ ਦੇ 40ਵੇਂ ਤੋਂ 66ਵੇਂ ਅਧਿਆਵਾਂ ਦੀਆਂ ਭਵਿੱਖਬਾਣੀਆਂ ਅੱਠਵੀਂ ਸਦੀ ਦੇ ਯਸਾਯਾਹ ਨਬੀ ਤੋਂ ਨਹੀਂ ਹਨ ਪਰ ਬਾਅਦ ਵਿਚ ਕਿਸੇ ਦੂਜੇ ‘ਯਸਾਯਾਹ’ ਦੁਆਰਾ ਲਿਖੀਆਂ ਗਈਆਂ ਸਨ।”

9. (ੳ) ਯਸਾਯਾਹ ਦੀ ਪੁਸਤਕ ਹਿੱਸਿਆਂ ਵਿਚ ਕਿਵੇਂ ਵੰਡੀ ਗਈ ਹੈ? (ਅ) ਬਾਈਬਲ ਦਾ ਇਕ ਟੀਕਾਕਾਰ ਯਸਾਯਾਹ ਦੀ ਪੁਸਤਕ ਦੇ ਲਿਖਾਰੀ ਬਾਰੇ ਕੀਤੀ ਗਈ ਬਹਿਸ ਬਾਰੇ ਕੀ ਕਹਿੰਦਾ ਹੈ?

9 ਪਰ ਯਸਾਯਾਹ ਦੀ ਪੁਸਤਕ ਦੇ ਲਿਖਾਰੀ ਬਾਰੇ ਸ਼ੱਕ ਇੱਥੇ ਹੀ ਖ਼ਤਮ ਨਹੀਂ ਹੋਇਆ। ਦੂਜਾ “ਯਸਾਯਾਹ” ਜਾਂ ਕੋਈ ਹੋਰ ਲਿਖਾਰੀ ਹੋਣ ਦੇ ਅਨੁਮਾਨ ਨੇ ਇਹ ਸ਼ੱਕ ਵੀ ਪੈਦਾ ਕੀਤਾ ਕਿ ਸ਼ਾਇਦ ਕੋਈ ਤੀਜਾ ਲਿਖਾਰੀ ਵੀ ਸੀ। * ਫਿਰ ਇਹ ਪੁਸਤਕ ਹੋਰ ਹਿੱਸਿਆਂ ਵਿਚ ਵੰਡੀ ਗਈ, ਅਤੇ ਇਕ ਵਿਦਵਾਨ ਨੇ ਕਿਹਾ ਕਿ 15ਵੇਂ ਅਤੇ 16ਵੇਂ ਅਧਿਆਵਾਂ ਦਾ ਲਿਖਾਰੀ ਕੋਈ ਅਣਜਾਣ ਨਬੀ ਹੀ ਸੀ ਅਤੇ ਇਕ ਦੂਸਰਾ ਵਿਦਵਾਨ 23ਵੇਂ ਤੋਂ 27ਵੇਂ ਅਧਿਆਵਾਂ ਦੇ ਲਿਖਾਰੀ ਬਾਰੇ ਵੀ ਸਵਾਲ ਖੜ੍ਹੇ ਕਰਦਾ ਹੈ। ਇਕ ਹੋਰ ਵਿਦਵਾਨ ਕਹਿੰਦਾ ਹੈ ਕਿ 34ਵੇਂ ਅਤੇ 35ਵੇਂ ਅਧਿਆਵਾਂ ਦਾ ਲਿਖਾਰੀ ਯਸਾਯਾਹ ਨਹੀਂ ਹੋ ਸਕਦਾ ਹੈ। ਕਿਉਂ? ਕਿਉਂਕਿ ਇਹ ਅਧਿਆਏ 40ਵੇਂ ਤੋਂ 66ਵੇਂ ਅਧਿਆਵਾਂ ਨਾਲ ਮੇਲ ਖਾਂਦੇ ਹਨ, ਜੋ ਅੱਠਵੀਂ ਸਦੀ ਦੇ ਲਿਖਾਰੀ ਦਾ ਕੰਮ ਨਹੀਂ ਮੰਨਿਆ ਜਾਂਦਾ! ਬਾਈਬਲ ਦਾ ਇਕ ਟੀਕਾਕਾਰ ਇਸ ਪੁਸਤਕ ਦੇ ਵੰਡੇ ਜਾਣ ਬਾਰੇ ਕਹਿੰਦਾ ਹੈ ਕਿ ‘ਅਜਿਹਾ ਸਮਾਂ ਹੁੰਦਾ ਸੀ ਜਦੋਂ ਯਸਾਯਾਹ ਨੂੰ “ਗ਼ੁਲਾਮੀ ਦੇ ਸਮੇਂ ਦਾ ਮਹਾਨ ਨਬੀ” ਸੱਦਿਆ ਜਾਂਦਾ ਸੀ। ਪਰ ਹੁਣ ਇਨ੍ਹਾਂ ਹਿੱਸਿਆਂ ਵਿਚ ਉਸ ਦੀ ਕੋਈ ਜਾਣ-ਪਛਾਣ ਨਹੀਂ ਰਹੀ ਅਤੇ ਉਸ ਦੀ ਪਦਵੀ ਖੋਹੀ ਗਈ ਹੈ।’ ਲੇਕਿਨ, ਸਾਰੇ ਵਿਦਵਾਨ ਇਸ ਗੱਲ ਨਾਲ ਸਹਿਮਤ ਨਹੀਂ ਹਨ ਕਿ ਯਸਾਯਾਹ ਦੀ ਪੁਸਤਕ ਨੂੰ ਹਿੱਸਿਆਂ ਵਿਚ ਵੰਡਿਆ ਗਿਆ ਹੈ।

ਇੱਕੋ ਲਿਖਾਰੀ ਹੋਣ ਦਾ ਸਬੂਤ

10. ਇਕ ਮਿਸਾਲ ਦੇ ਕੇ ਸਮਝਾਓ ਕਿ ਸ਼ਬਦਾਂ ਦਾ ਆਪਸ ਵਿਚ ਮੇਲ ਕਿਵੇਂ ਇਕ ਸਬੂਤ ਹੈ ਕਿ ਯਸਾਯਾਹ ਦੀ ਪੁਸਤਕ ਦਾ ਇੱਕੋ ਹੀ ਲਿਖਾਰੀ ਸੀ।

10 ਯਸਾਯਾਹ ਦੀ ਪੁਸਤਕ ਸਿਰਫ਼ ਇੱਕੋ ਲਿਖਾਰੀ ਦੁਆਰਾ ਲਿਖੀ ਗਈ ਸੀ ਅਤੇ ਇਸ ਗੱਲ ਦੇ ਕਾਫ਼ੀ ਸਬੂਤ ਹਨ। ਇਕ ਸਬੂਤ ਹੈ ਸ਼ਬਦਾਂ ਦਾ ਆਪਸ ਵਿਚ ਮੇਲ। ਮਿਸਾਲ ਲਈ, ਯਸਾਯਾਹ ਦੇ ਪਹਿਲੇ 39 ਅਧਿਆਵਾਂ ਵਿਚ ‘ਇਸਰਾਏਲ ਦਾ ਪਵਿੱਤਰ ਪੁਰਖ’ ਸ਼ਬਦ 12 ਵਾਰ ਪਾਏ ਜਾਂਦੇ ਹਨ ਅਤੇ 40-66 ਅਧਿਆਵਾਂ ਵਿਚ 13 ਵਾਰ ਪਾਏ ਜਾਂਦੇ ਹਨ। ਪਰ ਯਹੋਵਾਹ ਬਾਰੇ ਇਹ ਸ਼ਬਦ ਬਾਈਬਲ ਦੇ ਬਾਕੀ ਦੇ ਇਬਰਾਨੀ ਹਿੱਸੇ ਵਿਚ ਸਿਰਫ਼ 6 ਵਾਰ ਮਿਲਦੇ ਹਨ। ਇਹ ਸ਼ਬਦ ਜੋ ਯਸਾਯਾਹ ਦੀ ਪੁਸਤਕ ਵਿਚ ਵਾਰ-ਵਾਰ ਵਰਤੇ ਜਾਂਦੇ ਹਨ, ਪਰ ਬਾਕੀ ਦੀ ਬਾਈਬਲ ਵਿਚ ਆਮ ਤੌਰ ਤੇ ਨਹੀਂ ਪਾਏ ਜਾਂਦੇ, ਯਸਾਯਾਹ ਦੀ ਪੁਸਤਕ ਦੇ ਇੱਕੋ ਲਿਖਾਰੀ ਹੋਣ ਦਾ ਸਬੂਤ ਦਿੰਦੇ ਹਨ।

11. ਯਸਾਯਾਹ ਦੇ ਪਹਿਲੇ 39 ਅਧਿਆਵਾਂ ਅਤੇ 40-66 ਅਧਿਆਵਾਂ ਵਿਚਕਾਰ ਕਿਹੋ ਜਿਹੇ ਮੇਲ ਦੇਖੇ ਜਾਂਦੇ ਹਨ?

11ਯਸਾਯਾਹ ਦੇ ਪਹਿਲੇ 39 ਅਧਿਆਵਾਂ ਅਤੇ 40-66 ਅਧਿਆਵਾਂ ਵਿਚਕਾਰ ਹੋਰ ਵੀ ਮੇਲ ਦੇਖੇ ਜਾਂਦੇ ਹਨ। ਇਨ੍ਹਾਂ ਦੋਹਾਂ ਹਿੱਸਿਆਂ ਵਿਚ ਇੱਕੋ ਜਿਹੇ ਸ਼ਬਦ ਇਸਤੇਮਾਲ ਕੀਤੇ ਗਏ ਹਨ, ਜਿਵੇਂ ਕਿ ਜਣਨ ਵਾਲੀ ਤੀਵੀਂ ਦੀ ਪੀੜ, ਅਤੇ “ਰਾਹ” ਜਾਂ “ਸ਼ਾਹੀ ਰਾਹ।” * “ਸੀਯੋਨ” ਸ਼ਬਦ ਪਹਿਲੇ 39 ਅਧਿਆਵਾਂ ਵਿਚ 29 ਵਾਰ ਪਾਇਆ ਜਾਂਦਾ ਹੈ ਅਤੇ 40-66 ਅਧਿਆਵਾਂ ਵਿਚ 18 ਵਾਰ ਪਾਇਆ ਜਾਂਦਾ ਹੈ। ਦਰਅਸਲ ਬਾਈਬਲ ਦੀ ਹੋਰ ਕਿਸੇ ਵੀ ਪੁਸਤਕ ਨਾਲੋਂ ਯਸਾਯਾਹ ਦੀ ਪੁਸਤਕ ਵਿਚ ਸੀਯੋਨ ਸ਼ਬਦ ਦਾ ਜ਼ਿਆਦਾ ਜ਼ਿਕਰ ਮਿਲਦਾ ਹੈ! ਬਾਈਬਲ ਦੇ ਇਕ ਵਿਸ਼ਵ-ਕੋਸ਼ ਦੇ ਅਨੁਸਾਰ ਅਜਿਹੇ ਸਬੂਤ ਯਸਾਯਾਹ ਦੀ “ਪੁਸਤਕ ਨੂੰ ਨਿਰਾਲੀ ਸਾਬਤ ਕਰਦੇ ਹਨ” ਅਤੇ ਜੇ ਇਹ ਪੁਸਤਕ ਦੋ, ਤਿੰਨ, ਜਾਂ ਇਸ ਤੋਂ ਵੀ ਜ਼ਿਆਦਾ ਲਿਖਾਰੀਆਂ ਦੁਆਰਾ ਲਿਖੀ ਗਈ ਹੁੰਦੀ, “ਤਾਂ ਇਸ ਬਾਰੇ ਇਹ ਨਹੀਂ ਕਿਹਾ ਜਾ ਸਕਦਾ” ਸੀ।

12, 13. ਬਾਈਬਲ ਦਾ ਯੂਨਾਨੀ ਹਿੱਸਾ ਕਿਵੇਂ ਸੰਕੇਤ ਕਰਦਾ ਹੈ ਕਿ ਇੱਕੋ ਲਿਖਾਰੀ ਨੇ ਯਸਾਯਾਹ ਦੀ ਪੁਸਤਕ ਲਿਖੀ ਸੀ?

12 ਸਭ ਤੋਂ ਵੱਡਾ ਸਬੂਤ ਕਿ ਯਸਾਯਾਹ ਦੀ ਪੁਸਤਕ ਦਾ ਸਿਰਫ਼ ਇੱਕੋ ਲਿਖਾਰੀ ਸੀ ਬਾਈਬਲ ਦੇ ਯੂਨਾਨੀ ਹਿੱਸੇ ਤੋਂ ਮਿਲਦਾ ਹੈ। ਇਸ ਤੋਂ ਸਾਫ਼-ਸਾਫ਼ ਪਤਾ ਲੱਗਦਾ ਹੈ ਕਿ ਪਹਿਲੀ ਸਦੀ ਦੇ ਮਸੀਹੀ ਇਹ ਮੰਨਦੇ ਸਨ ਕਿ ਯਸਾਯਾਹ ਦੀ ਪੁਸਤਕ ਦਾ ਇੱਕੋ ਲਿਖਾਰੀ ਸੀ। ਉਦਾਹਰਣ ਲਈ, ਲੂਕਾ ਨੇ ਈਥੀਓਪੀਆ ਦੇਸ਼ ਦੇ ਇਕ ਦਰਬਾਰੀ ਅਫ਼ਸਰ ਬਾਰੇ ਦੱਸਿਆ ਜੋ ਯਸਾਯਾਹ ਦੀ ਪੋਥੀ ਦਾ ਹਿੱਸਾ ਪੜ੍ਹ ਰਿਹਾ ਸੀ। ਅੱਜ ਇਹ ਹਿੱਸਾ ਯਸਾਯਾਹ ਦਾ 53ਵਾਂ ਅਧਿਆਇ ਹੈ ਜੋ ਆਲੋਚਕਾਂ ਦੇ ਅਨੁਸਾਰ ਦੂਜੇ “ਯਸਾਯਾਹ” ਨੇ ਲਿਖਿਆ ਸੀ। ਪਰ ਲੂਕਾ ਨੇ ਕਿਹਾ ਕਿ ਇਹ ਦਰਬਾਰੀ ਅਫ਼ਸਰ “ਯਸਾਯਾਹ ਨਬੀ ਦੀ ਪੋਥੀ ਵਾਚ ਰਿਹਾ ਸੀ।”​—ਰਸੂਲਾਂ ਦੇ ਕਰਤੱਬ 8:26-28.

13 ਫਿਰ ਇੰਜੀਲ ਦੇ ਲਿਖਾਰੀ ਮੱਤੀ ਵੱਲ ਧਿਆਨ ਦਿਓ। ਉਸ ਨੇ ਦੱਸਿਆ ਕਿ ਯੂਹੰਨਾ ਬਪਤਿਸਮਾ ਦੇਣ ਵਾਲੇ ਦੀ ਸੇਵਕਾਈ ਨੇ ਯਸਾਯਾਹ 40:3 ਦੀ ਭਵਿੱਖਬਾਣੀ ਨੂੰ ਪੂਰਾ ਕੀਤਾ। ਮੱਤੀ ਦੇ ਅਨੁਸਾਰ ਇਹ ਭਵਿੱਖਬਾਣੀ ਕਿਸ ਨੇ ਲਿਖੀ ਸੀ? ਕਿਸੇ ਅਣਜਾਣੇ ਦੂਜੇ “ਯਸਾਯਾਹ” ਨੇ? ਨਹੀਂ, ਉਸ ਨੇ ਸਿਰਫ਼ ਇਹੀ ਕਿਹਾ ਕਿ “ਯਸਾਯਾਹ ਨਬੀ” ਨੇ ਲਿਖੀ ਸੀ। * (ਮੱਤੀ 3:1-3) ਇਕ ਹੋਰ ਸਮੇਂ ਤੇ ਯਿਸੂ ਨੇ ਇਕ ਪੋਥੀ ਤੋਂ ਉਹ ਸ਼ਬਦ ਪੜ੍ਹੇ ਜੋ ਅੱਜ ਅਸੀਂ ਯਸਾਯਾਹ 61:1, 2 ਵਿਚ ਪੜ੍ਹ ਸਕਦੇ ਹਾਂ। ਇਸ ਬਾਰੇ ਲਿਖਦੇ ਹੋਏ ਲੂਕਾ ਨੇ ਕਿਹਾ: “ਯਸਾਯਾਹ ਨਬੀ ਦੀ ਪੋਥੀ ਉਹ ਨੂੰ ਦਿੱਤੀ ਗਈ।” (ਲੂਕਾ 4:17) ਰੋਮੀਆਂ ਨੂੰ ਪੱਤਰੀ ਲਿਖਦੇ ਹੋਏ ਪੌਲੁਸ ਨੇ ਯਸਾਯਾਹ ਦੀ ਪੁਸਤਕ ਦੇ ਪਹਿਲੇ ਅਤੇ ਅਖ਼ੀਰਲੇ ਹਿੱਸਿਆਂ ਬਾਰੇ ਵੀ ਗੱਲ ਕੀਤੀ ਸੀ। ਲੇਕਿਨ ਉਸ ਨੇ ਇਹ ਕਦੀ ਨਹੀਂ ਸੰਕੇਤ ਕੀਤਾ ਕਿ ਲਿਖਾਰੀ ਯਸਾਯਾਹ ਤੋਂ ਇਲਾਵਾ ਕੋਈ ਹੋਰ ਸੀ। (ਰੋਮੀਆਂ 10:16, 20; 15:12) ਤਾਂ ਫਿਰ, ਅਸੀਂ ਦੇਖ ਸਕਦੇ ਹਾਂ ਕਿ ਪਹਿਲੀ ਸਦੀ ਦੇ ਮਸੀਹੀ ਇਹ ਨਹੀਂ ਮੰਨਦੇ ਸਨ ਕਿ ਯਸਾਯਾਹ ਦੀ ਪੁਸਤਕ ਨੂੰ ਦੋ, ਤਿੰਨ, ਜਾਂ ਇਸ ਤੋਂ ਜ਼ਿਆਦਾ ਲਿਖਾਰੀਆਂ ਨੇ ਲਿਖਿਆ ਸੀ।

14. ਮ੍ਰਿਤ ਸਾਗਰ ਲਾਗਿਓਂ ਲੱਭੀਆਂ ਪੋਥੀਆਂ ਯਸਾਯਾਹ ਦੀ ਪੁਸਤਕ ਦੇ ਲਿਖਾਰੀ ਬਾਰੇ ਕੀ ਸੰਕੇਤ ਕਰਦੀਆਂ ਹਨ?

14 ਮ੍ਰਿਤ ਸਾਗਰ ਲਾਗਿਓਂ ਲੱਭੀਆਂ ਪੋਥੀਆਂ ਦੀ ਗਵਾਹੀ ਵੱਲ ਵੀ ਧਿਆਨ ਦਿਓ। ਇਹ ਪੋਥੀਆਂ ਪੁਰਾਣੀਆਂ ਲਿਖਤਾਂ ਹਨ ਅਤੇ ਇਨ੍ਹਾਂ ਵਿੱਚੋਂ ਕਈ ਪੋਥੀਆਂ ਯਿਸੂ ਦੇ ਜ਼ਮਾਨੇ ਤੋਂ ਪਹਿਲਾਂ ਦੀਆਂ ਹਨ। ਇਨ੍ਹਾਂ ਵਿਚ ਦੂਸਰੀ ਸਦੀ ਸਾ.ਯੁ.ਪੂ. ਤੋਂ ਯਸਾਯਾਹ ਦੀ ਪੋਥੀ ਵੀ ਹੈ। ਇਹ ਪੋਥੀ ਆਲੋਚਕਾਂ ਦੇ ਦਾਅਵੇ ਨੂੰ ਝੂਠਾ ਸਾਬਤ ਕਰਦੀ ਹੈ ਕਿ ਦੂਜੇ “ਯਸਾਯਾਹ” ਨੇ 40ਵੇਂ ਅਧਿਆਇ ਤੋਂ ਪੁਸਤਕ ਲਿਖਣੀ ਸ਼ੁਰੂ ਕੀਤੀ ਸੀ। ਉਹ ਕਿਵੇਂ? ਇਸ ਪੁਰਾਣੀ ਲਿਖਤ ਵਿਚ ਉਹ ਹਿੱਸਾ ਜੋ ਅੱਜ 40ਵਾਂ ਅਧਿਆਇ ਹੈ, ਪਹਿਲੇ ਕਾਲਮ ਦੀ ਆਖ਼ਰੀ ਲਾਈਨ ਤੇ ਸ਼ੁਰੂ ਹੁੰਦਾ ਹੈ ਅਤੇ ਪਹਿਲਾ ਵਾਕ ਅਗਲੇ ਕਾਲਮ ਤੇ ਖ਼ਤਮ ਹੁੰਦਾ ਹੈ। ਇਸ ਦਾ ਮਤਲਬ ਹੈ ਕਿ ਜੇ ਇਸ ਜਗ੍ਹਾ ਤੋਂ ਲਿਖਣ ਵਾਲਾ ਕੋਈ ਹੋਰ ਲਿਖਾਰੀ ਸੀ ਜਾਂ ਕਿ ਨਵਾਂ ਹਿੱਸਾ ਸ਼ੁਰੂ ਹੋਇਆ ਸੀ, ਤਾਂ ਨਕਲਕਾਰ ਇਹ ਫ਼ਰਕ ਦਿਖਾਉਂਦਾ, ਪਰ ਇਸ ਤਰ੍ਹਾਂ ਨਹੀਂ ਸੀ।

15. ਯਹੂਦੀ ਇਤਿਹਾਸਕਾਰ ਜੋਸੀਫ਼ਸ ਨੇ ਖੋਰਸ ਬਾਰੇ ਯਸਾਯਾਹ ਦੀਆਂ ਭਵਿੱਖਬਾਣੀਆਂ ਬਾਰੇ ਕੀ ਕਿਹਾ ਸੀ?

15 ਅਖ਼ੀਰ ਵਿਚ ਪਹਿਲੀ ਸਦੀ ਦੇ ਯਹੂਦੀ ਇਤਿਹਾਸਕਾਰ ਫਲੇਵੀਅਸ ਜੋਸੀਫ਼ਸ ਦੀ ਗਵਾਹੀ ਉੱਤੇ ਗੌਰ ਕਰੋ। ਉਹ ਸਿਰਫ਼ ਇਹ ਨਹੀਂ ਕਹਿੰਦਾ ਕਿ ਖੋਰਸ ਬਾਰੇ ਯਸਾਯਾਹ ਦੀਆਂ ਭਵਿੱਖਬਾਣੀਆਂ ਅੱਠਵੀਂ ਸਦੀ ਵਿਚ ਲਿਖੀਆਂ ਗਈਆਂ ਸਨ, ਪਰ ਇਹ ਵੀ ਕਹਿੰਦਾ ਹੈ ਕਿ ਖੋਰਸ ਖ਼ੁਦ ਇਨ੍ਹਾਂ ਭਵਿੱਖਬਾਣੀਆਂ ਬਾਰੇ ਜਾਣਦਾ ਸੀ। ਜੋਸੀਫ਼ਸ ਨੇ ਲਿਖਿਆ ਕਿ “ਖੋਰਸ ਇਹ ਗੱਲਾਂ ਜਾਣਦਾ ਸੀ ਕਿਉਂਕਿ ਉਸ ਨੇ ਯਸਾਯਾਹ ਦੀ ਭਵਿੱਖਬਾਣੀ ਪੜ੍ਹੀ ਸੀ ਜੋ ਯਸਾਯਾਹ ਨੇ 210 ਸਾਲ ਪਹਿਲਾਂ ਲਿਖ ਕੇ ਛੱਡੀ ਸੀ।” ਜੋਸੀਫ਼ਸ ਦੇ ਅਨੁਸਾਰ ਖੋਰਸ ਸ਼ਾਇਦ ਇਸ ਕਰਕੇ ਯਹੂਦੀਆਂ ਨੂੰ ਆਪਣੇ ਵਤਨ ਵਾਪਸ ਭੇਜਣਾ ਚਾਹੁੰਦਾ ਸੀ ਕਿਉਂਕਿ ਉਹ ਇਨ੍ਹਾਂ ਭਵਿੱਖਬਾਣੀਆਂ ਬਾਰੇ ਜਾਣਦਾ ਸੀ। ਜੋਸੀਫ਼ਸ ਨੇ ਲਿਖਿਆ ਕਿ ਖੋਰਸ “ਦੀ ਬੜੀ ਇੱਛਾ ਸੀ ਕਿ ਉਹ ਉਹ ਕੰਮ ਪੂਰਾ ਕਰੇ ਜੋ ਉਸ ਬਾਰੇ ਲਿਖਿਆ ਗਿਆ ਸੀ।”​—ਯਹੂਦੀਆਂ ਦਾ ਪੁਰਾਤਨ ਸਭਿਆਚਾਰ (ਅੰਗ੍ਰੇਜ਼ੀ), 11ਵੀਂ ਪੁਸਤਕ, ਪਹਿਲਾ ਅਧਿਆਇ, ਪੈਰਾ 2.

16. ਆਲੋਚਕਾਂ ਦੀ ਇਸ ਗੱਲ ਬਾਰੇ ਕੀ ਕਿਹਾ ਜਾ ਸਕਦਾ ਹੈ ਕਿ ਯਸਾਯਾਹ ਦੀ ਪੁਸਤਕ ਦੇ ਆਖ਼ਰੀ ਹਿੱਸੇ ਵਿਚ ਇਹ ਦਿਖਾਇਆ ਗਿਆ ਹੈ ਕਿ ਬਾਬਲ ਰਾਜ ਕਰ ਰਿਹਾ ਸੀ?

16 ਜਿਵੇਂ ਪਹਿਲਾਂ ਦੱਸਿਆ ਗਿਆ ਸੀ ਕਈ ਆਲੋਚਕ ਕਹਿੰਦੇ ਹਨ ਕਿ ਯਸਾਯਾਹ ਦੇ 40ਵੇਂ ਅਧਿਆਇ ਤੋਂ ਲੈ ਕੇ ਇਹ ਦਿਖਾਇਆ ਗਿਆ ਹੈ ਕਿ ਉਦੋਂ ਰਾਜ ਕਰ ਰਹੀ ਸ਼ਕਤੀ ਬਾਬਲ ਸੀ, ਅਤੇ ਇਸਰਾਏਲੀਆਂ ਬਾਰੇ ਇਸ ਤਰ੍ਹਾਂ ਗੱਲ ਕੀਤੀ ਗਈ ਹੈ ਜਿਵੇਂ ਉਹ ਉੱਥੇ ਗ਼ੁਲਾਮ ਸਨ। ਕੀ ਇਸ ਤੋਂ ਇਹ ਸਬੂਤ ਨਹੀਂ ਮਿਲਦਾ ਕਿ ਲਿਖਾਰੀ ਛੇਵੀਂ ਸਦੀ ਸਾ.ਯੁ.ਪੂ. ਵਿਚ ਰਹਿੰਦਾ ਸੀ? ਜ਼ਰੂਰੀ ਨਹੀਂ। ਅਸਲ ਵਿਚ ਯਸਾਯਾਹ ਦੇ 40ਵੇਂ ਅਧਿਆਇ ਤੋਂ ਪਹਿਲਾਂ ਵੀ ਦਿਖਾਇਆ ਗਿਆ ਹੈ ਕਿ ਬਾਬਲ ਰਾਜ ਕਰ ਰਿਹਾ ਸੀ। ਉਦਾਹਰਣ ਲਈ, ਯਸਾਯਾਹ 13:19 ਵਿਚ ਬਾਬਲ ਨੂੰ “ਪਾਤਸ਼ਾਹੀਆਂ ਦੀ ਸਜਾਵਟ” ਸੱਦਿਆ ਗਿਆ ਹੈ ਜਾਂ ਜਿਵੇਂ ਪਵਿੱਤਰ ਬਾਈਬਲ ਨਵਾਂ ਅਨੁਵਾਦ ਕਹਿੰਦਾ ਹੈ “ਬਾਬਲ ਦਾ ਰਾਜ ਇਕ ਅਤਿ ਸੁੰਦਰ ਰਾਜ ਹੈ।” ਇਹ ਇਕ ਭਵਿੱਖਬਾਣੀ ਸੀ, ਕਿਉਂਕਿ ਬਾਬਲ ਇਸ ਦੇ ਲਿਖਣ ਤੋਂ ਇਕ ਸਦੀ ਬਾਅਦ ਵਿਸ਼ਵ ਸ਼ਕਤੀ ਬਣਿਆ ਸੀ। ਇਕ ਆਲੋਚਕ ਇਸ ਸਮੱਸਿਆ ਦਾ “ਹੱਲ” ਆਪਣੀ ਸਮਝ ਨਾਲ ਇਸ ਤਰ੍ਹਾਂ ਕਰਦਾ ਹੈ। ਉਹ ਕਹਿੰਦਾ ਹੈ ਕਿ ਯਸਾਯਾਹ ਦਾ 13ਵਾਂ ਅਧਿਆਇ ਜ਼ਰੂਰ ਕਿਸੇ ਹੋਰ ਲਿਖਾਰੀ ਨੇ ਲਿਖਿਆ ਹੋਣਾ! ਪਰ ਆਉਣ ਵਾਲੀਆਂ ਘਟਨਾਵਾਂ ਬਾਰੇ ਇਸ ਤਰ੍ਹਾਂ ਗੱਲ ਕਰਨੀ ਜਿਵੇਂ ਉਹ ਪਹਿਲਾਂ ਹੀ ਹੋ ਚੁੱਕੀਆਂ ਹਨ ਬਾਈਬਲ ਦੀਆਂ ਭਵਿੱਖਬਾਣੀਆਂ ਵਿਚ ਆਮ ਹੈ। ਇਸ ਤਰ੍ਹਾਂ ਲਿਖਣ ਦਾ ਢੰਗ ਜ਼ੋਰ ਦਿੰਦਾ ਸੀ ਕਿ ਭਵਿੱਖਬਾਣੀ ਜ਼ਰੂਰ ਪੂਰੀ ਹੋ ਕੇ ਰਹੇਗੀ। (ਪਰਕਾਸ਼ ਦੀ ਪੋਥੀ 21:5, 6) ਵਾਕਈ, ਸਿਰਫ਼ ਸੱਚੀ ਭਵਿੱਖਬਾਣੀ ਦਾ ਪਰਮੇਸ਼ੁਰ ਹੀ ਇਹ ਕਹਿ ਸਕਦਾ ਹੈ ਕਿ “ਨਵੀਂਆਂ ਗੱਲਾਂ ਮੈਂ ਦੱਸਦਾ ਹਾਂ, ਓਹਨਾਂ ਦੇ ਪਰਕਾਸ਼ ਹੋਣ ਤੋਂ ਪਹਿਲਾਂ ਮੈਂ ਤੁਹਾਨੂੰ ਸੁਣਾਉਂਦਾ ਹਾਂ।”​—ਯਸਾਯਾਹ 42:9.

ਭਰੋਸੇਯੋਗ ਭਵਿੱਖਬਾਣੀਆਂ ਵਾਲੀ ਪੁਸਤਕ

17. ਅਸੀਂ 40ਵੇਂ ਅਧਿਆਇ ਤੋਂ ਯਸਾਯਾਹ ਦੇ ਲਿਖਣ ਦੇ ਢੰਗ ਵਿਚ ਤਬਦੀਲੀ ਕਿਵੇਂ ਸਮਝਾ ਸਕਦੇ ਹਾਂ?

17 ਤਾਂ ਫਿਰ ਸਬੂਤ ਸਾਨੂੰ ਕਿਸ ਸਿੱਟੇ ਤੇ ਪਹੁੰਚਾਉਂਦੇ ਹਨ? ਇਹੋ ਕਿ ਯਸਾਯਾਹ ਦੀ ਪੁਸਤਕ ਨੂੰ ਸਿਰਫ਼ ਇੱਕੋ ਲਿਖਾਰੀ ਨੇ ਲਿਖਿਆ ਸੀ। ਸਦੀਆਂ ਦੌਰਾਨ ਇਸ ਪੂਰੀ ਪੁਸਤਕ ਨੂੰ ਇੱਕੋ ਲਿਖਾਰੀ ਦਾ ਕੰਮ ਮੰਨਿਆ ਗਿਆ ਹੈ, ਨਾ ਕਿ ਦੋ ਜਾਂ ਉਸ ਤੋਂ ਵੱਧ। ਭਾਵੇਂ ਕੁਝ ਲੋਕ ਕਹਿਣ ਕਿ ਇਸ ਪੁਸਤਕ ਦੇ 40ਵੇਂ ਅਧਿਆਇ ਤੋਂ ਲੈ ਕੇ ਯਸਾਯਾਹ ਦੇ ਲਿਖਣ ਦਾ ਢੰਗ ਕੁਝ ਹੱਦ ਤਕ ਬਦਲ ਗਿਆ ਹੈ, ਫਿਰ ਵੀ ਯਾਦ ਰੱਖੋ ਕਿ ਯਸਾਯਾਹ ਨੇ ਪਰਮੇਸ਼ੁਰ ਦੇ ਨਬੀ ਵਜੋਂ 46 ਸਾਲਾਂ ਲਈ ਸੇਵਾ ਕੀਤੀ ਸੀ। ਉਸ ਸਮੇਂ ਦੌਰਾਨ ਇਹ ਕੁਦਰਤੀ ਸੀ ਕਿ ਉਸ ਦਾ ਸੁਨੇਹਾ ਅਤੇ ਸੁਨੇਹਾ ਦੱਸਣ ਦਾ ਢੰਗ ਥੋੜ੍ਹਾ-ਬਹੁਤਾ ਬਦਲ ਗਿਆ ਹੋਵੇ। ਪਰਮੇਸ਼ੁਰ ਨੇ ਯਸਾਯਾਹ ਨੂੰ ਸਿਰਫ਼ ਆਉਣ ਵਾਲੀ ਸਜ਼ਾ ਦੀ ਚੇਤਾਵਨੀ ਦੇਣ ਲਈ ਨਹੀਂ ਚੁਣਿਆ ਸੀ। ਉਸ ਨੇ ਯਹੋਵਾਹ ਦੇ ਇਹ ਸ਼ਬਦ “ਦਿਲਾਸਾ ਦਿਓ, ਮੇਰੀ ਪਰਜਾ ਨੂੰ ਦਿਲਾਸਾ ਦਿਓ” ਵੀ ਸਮਝਾਉਣੇ ਸਨ। (ਯਸਾਯਾਹ 40:1) ਪਰਮੇਸ਼ੁਰ ਦੇ ਨੇਮ-ਬੱਧ ਲੋਕਾਂ ਨੂੰ ਇਸ ਵਾਅਦੇ ਤੋਂ ਜ਼ਰੂਰ ਦਿਲਾਸਾ ਮਿਲਿਆ ਹੋਣਾ ਕਿ 70 ਸਾਲਾਂ ਦੀ ਗ਼ੁਲਾਮੀ ਤੋਂ ਬਾਅਦ ਉਨ੍ਹਾਂ ਨੇ ਆਪਣੇ ਦੇਸ਼ ਵਾਪਸ ਮੁੜਨਾ ਸੀ।

18. ਯਸਾਯਾਹ ਦੀ ਪੁਸਤਕ ਦਾ ਇਕ ਵਿਸ਼ਾ ਕੀ ਹੈ ਜਿਸ ਦੀ ਚਰਚਾ ਇਸ ਕਿਤਾਬ ਵਿਚ ਕੀਤੀ ਜਾਵੇਗੀ?

18 ਯਸਾਯਾਹ ਦੀ ਪੁਸਤਕ ਦੇ ਕਈਆਂ ਅਧਿਆਵਾਂ ਦਾ ਵਿਸ਼ਾ ਬਾਬਲ ਦੀ ਗ਼ੁਲਾਮੀ ਤੋਂ ਯਹੂਦੀਆਂ ਦਾ ਛੁਟਕਾਰਾ ਹੈ, ਜਿਸ ਬਾਰੇ ਇਸ ਕਿਤਾਬ ਵਿਚ ਵੀ ਚਰਚਾ ਕੀਤੀ ਗਈ ਹੈ। * ਇਨ੍ਹਾਂ ਵਿੱਚੋਂ ਕਈਆਂ ਭਵਿੱਖਬਾਣੀਆਂ ਦੀ ਪੂਰਤੀ ਸਾਡੇ ਜ਼ਮਾਨੇ ਵਿਚ ਵੀ ਹੁੰਦੀ ਹੈ, ਜਿਵੇਂ ਅਸੀਂ ਦੇਖਾਂਗੇ। ਇਸ ਤੋਂ ਇਲਾਵਾ, ਅਸੀਂ ਯਸਾਯਾਹ ਦੀ ਪੁਸਤਕ ਵਿਚ ਦਿਲਚਸਪ ਭਵਿੱਖਬਾਣੀਆਂ ਦੇਖਦੇ ਹਾਂ ਜੋ ਪਰਮੇਸ਼ੁਰ ਦੇ ਇਕਲੌਤੇ ਪੁੱਤਰ ਦੀ ਜ਼ਿੰਦਗੀ ਅਤੇ ਮੌਤ ਵਿਚ ਪੂਰੀਆਂ ਹੋਈਆਂ ਸਨ। ਯਸਾਯਾਹ ਦੀ ਪੁਸਤਕ ਦੀਆਂ ਇਨ੍ਹਾਂ ਮਹੱਤਵਪੂਰਣ ਭਵਿੱਖਬਾਣੀਆਂ ਦਾ ਅਧਿਐਨ ਕਰ ਕੇ ਸਾਰੀ ਧਰਤੀ ਉੱਤੇ ਪਰਮੇਸ਼ੁਰ ਦੇ ਸੇਵਕਾਂ ਅਤੇ ਦੂਸਰਿਆਂ ਨੂੰ ਲਾਭ ਹੋਵੇਗਾ। ਇਹ ਭਵਿੱਖਬਾਣੀਆਂ ਸੱਚ-ਮੁੱਚ ਸਾਰੀ ਮਨੁੱਖਜਾਤੀ ਲਈ ਚਾਨਣ ਹਨ।

[ਫੁਟਨੋਟ]

^ ਪੈਰਾ 9 ਵਿਦਵਾਨ ਯਸਾਯਾਹ ਦੀ ਪੁਸਤਕ ਦੇ 56ਵੇਂ ਤੋਂ 66ਵੇਂ ਅਧਿਆਵਾਂ ਦੇ ਲਿਖਾਰੀ ਨੂੰ ਤੀਜਾ “ਯਸਾਯਾਹ” ਸੱਦਦੇ ਹਨ।

^ ਪੈਰਾ 11 ਜਣਨ ਵਾਲੀ ਤੀਵੀਂ ਦੀ ਪੀੜ: ਯਸਾਯਾਹ 13:8; 21:3; 26:17, 18; 42:14; 45:10; 54:1; 66:7. “ਰਾਹ” ਜਾਂ “ਸ਼ਾਹੀ ਰਾਹ”: ਯਸਾਯਾਹ 35:8; 40:3; 43:19; 49:11; 57:14.

^ ਪੈਰਾ 13 ਇਸ ਦੇ ਨਾਲ ਦੇ ਬਿਰਤਾਂਤਾਂ ਵਿਚ ਮਰਕੁਸ, ਲੂਕਾ, ਅਤੇ ਯੂਹੰਨਾ ਨੇ ਇਹੋ ਸ਼ਬਦ ਇਸਤੇਮਾਲ ਕੀਤੇ ਸਨ।​—ਮਰਕੁਸ 1:2; ਲੂਕਾ 3:4; ਯੂਹੰਨਾ 1:23.

^ ਪੈਰਾ 18 ਯਸਾਯਾਹ ਦੀ ਪੁਸਤਕ ਦੇ ਪਹਿਲੇ 40 ਅਧਿਆਵਾਂ ਦੀ ਚਰਚਾ ਯਸਾਯਾਹ ਦੀ ਭਵਿੱਖਬਾਣੀ​—ਸਾਰੀ ਮਨੁੱਖਜਾਤੀ ਲਈ ਚਾਨਣ 1 ਵਿਚ ਕੀਤੀ ਗਈ ਹੈ। ਇਹ ਪੁਸਤਕ ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਛਾਪੀ ਗਈ ਹੈ।

[ਸਵਾਲ]

[ਸਫ਼ਾ 9 ਉੱਤੇ ਡੱਬੀ]

ਭਾਸ਼ਾ ਦੇ ਅਧਿਐਨ ਤੋਂ ਸਬੂਤ

ਭਾਸ਼ਾ ਦੇ ਅਧਿਐਨ ਦੁਆਰਾ ਉਨ੍ਹਾਂ ਛੋਟੀਆਂ-ਮੋਟੀਆਂ ਤਬਦੀਲੀਆਂ ਦੀ ਜਾਂਚ ਕੀਤੀ ਜਾਂਦੀ ਹੈ ਜੋ ਕਈਆਂ ਸਾਲਾਂ ਦੌਰਾਨ ਭਾਸ਼ਾ ਵਿਚ ਆ ਜਾਂਦੀਆਂ ਹਨ। ਇਸ ਅਧਿਐਨ ਤੋਂ ਸਾਨੂੰ ਹੋਰ ਸਬੂਤ ਮਿਲਦਾ ਹੈ ਕਿ ਯਸਾਯਾਹ ਦੀ ਪੁਸਤਕ ਦਾ ਇੱਕੋ ਲਿਖਾਰੀ ਸੀ। ਯਸਾਯਾਹ ਦੀ ਪੁਸਤਕ ਇਬਰਾਨੀ ਵਿਚ ਲਿਖੀ ਗਈ ਸੀ। ਜੇਕਰ ਯਸਾਯਾਹ ਦਾ ਕੁਝ ਹਿੱਸਾ ਅੱਠਵੀਂ ਸਦੀ ਵਿਚ ਲਿਖਿਆ ਗਿਆ ਹੁੰਦਾ ਅਤੇ ਦੂਸਰਾ ਹਿੱਸਾ 200 ਸਾਲ ਬਾਅਦ, ਤਾਂ ਦੋਨਾਂ ਹਿੱਸਿਆਂ ਦੀ ਭਾਸ਼ਾ ਵਿਚ ਫ਼ਰਕ ਜ਼ਰੂਰ ਹੁੰਦਾ। ਪਰ ਇਕ ਧਾਰਮਿਕ ਰਸਾਲੇ ਦੀ ਰਿਪੋਰਟ ਅਨੁਸਾਰ “ਭਾਸ਼ਾ ਦੇ ਅਧਿਐਨ ਤੋਂ ਸਬੂਤ ਇਹ ਦਿਖਾਉਂਦਾ ਹੈ ਕਿ ਯਸਾਯਾਹ ਦੇ 40-66 ਅਧਿਆਏ ਯਹੂਦੀਆਂ ਦੀ ਗ਼ੁਲਾਮੀ ਤੋਂ ਪਹਿਲਾਂ ਲਿਖੇ ਗਏ ਸਨ।” ਇਸ ਰਿਪੋਰਟ ਦੇ ਲੇਖਕ ਨੇ ਇਹ ਸਿੱਟਾ ਕੱਢਿਆ: “ਜੇ ਆਲੋਚਕ ਇਹ ਦਾਅਵਾ ਕਰਦੇ ਹਨ ਕਿ ਯਸਾਯਾਹ ਦੀ ਪੁਸਤਕ [ਯਹੂਦੀਆਂ ਦੀ ਬਾਬਲ ਵਿਚ] ਗ਼ੁਲਾਮੀ ਦੌਰਾਨ ਜਾਂ ਉਸ ਤੋਂ ਬਾਅਦ ਲਿਖੀ ਗਈ ਸੀ, ਤਾਂ ਉਹ ਇਹ ਗੱਲ ਭਾਸ਼ਾ ਦੇ ਅਧਿਐਨ ਦੇ ਸਬੂਤ ਤੋਂ ਉਲਟ ਕਹਿੰਦੇ ਹਨ।”

[ਸਫ਼ਾ 11 ਉੱਤੇ ਤਸਵੀਰ]

ਮ੍ਰਿਤ ਸਾਗਰ ਦੇ ਲਾਗਿਓਂ ਲੱਭੀ ਯਸਾਯਾਹ ਦੀ ਪੋਥੀ ਦਾ ਇਕ ਹਿੱਸਾ। ਨਿਸ਼ਾਨ ਦਿਖਾਉਂਦਾ ਹੈ ਕਿ 39ਵਾਂ ਅਧਿਆਇ ਕਿੱਥੇ ਖ਼ਤਮ ਹੁੰਦਾ ਹੈ

[ਸਫ਼ੇ 12, 13 ਉੱਤੇ ਤਸਵੀਰਾਂ]

ਯਸਾਯਾਹ ਨੇ ਯਹੂਦੀਆਂ ਦੀ ਆਜ਼ਾਦੀ ਤੋਂ ਕੁਝ 200 ਸਾਲ ਪਹਿਲਾਂ ਉਸ ਬਾਰੇ ਦੱਸਿਆ ਸੀ