Skip to content

Skip to table of contents

ਪਰਮੇਸ਼ੁਰ ਦੇ ਲੋਕਾਂ ਲਈ ਦਿਲਾਸਾ

ਪਰਮੇਸ਼ੁਰ ਦੇ ਲੋਕਾਂ ਲਈ ਦਿਲਾਸਾ

ਬਾਰ੍ਹਵਾਂ ਅਧਿਆਇ

ਪਰਮੇਸ਼ੁਰ ਦੇ ਲੋਕਾਂ ਲਈ ਦਿਲਾਸਾ

ਯਸਾਯਾਹ 51:1-23

1. ਯਰੂਸ਼ਲਮ ਅਤੇ ਉਸ ਦੇ ਵਾਸੀਆਂ ਨਾਲ ਕੀ ਹੋਇਆ ਸੀ, ਪਰ ਉਨ੍ਹਾਂ ਕੋਲ ਕਿਹੜੀ ਉਮੀਦ ਸੀ?

ਇਕ ਇਨਸਾਨ ਦੀ ਉਮਰ ਲਗਭਗ 70 ਸਾਲਾਂ ਦੀ ਹੁੰਦੀ ਹੈ ਅਤੇ ਯਹੂਦਾਹ ਦੀ ਕੌਮ ਬਾਬਲ ਵਿਚ ਇੰਨੇ ਹੀ ਚਿਰ ਲਈ ਗ਼ੁਲਾਮ ਰਹੀ ਸੀ। (ਜ਼ਬੂਰ 90:10; ਯਿਰਮਿਯਾਹ 25:11; 29:10) ਗ਼ੁਲਾਮੀ ਵਿਚ ਲਿਜਾਏ ਗਏ ਬਹੁਤ ਸਾਰੇ ਇਸਰਾਏਲੀ ਬਾਬਲ ਵਿਚ ਹੀ ਬੁੱਢੇ ਹੋ ਕੇ ਮਰ ਗਏ ਸਨ। ਜ਼ਰਾ ਸੋਚੋ ਕਿ ਉਨ੍ਹਾਂ ਨੇ ਆਪਣੇ ਦੁਸ਼ਮਣਾਂ ਦੇ ਤਾਅਨੇ ਅਤੇ ਮਖੌਲ ਸੁਣ ਕੇ ਕਿੰਨਾ ਅਪਮਾਨ ਸਹਿਆ ਹੋਣਾ। ਉਸ ਅਪਮਾਨ ਬਾਰੇ ਵੀ ਸੋਚੋ ਜੋ ਯਹੋਵਾਹ, ਉਨ੍ਹਾਂ ਦੇ ਪਰਮੇਸ਼ੁਰ ਨੇ ਸਹਿਆ ਸੀ ਜਦੋਂ ਉਸ ਦੇ ਨਾਂ ਨਾਲ ਜੁੜਿਆ ਹੋਇਆ ਸ਼ਹਿਰ ਇੰਨੇ ਚਿਰ ਲਈ ਵਿਰਾਨ ਪਿਆ ਰਿਹਾ। (ਨਹਮਯਾਹ 1:9; ਜ਼ਬੂਰ 132:13; 137:1-3) ਉਹ ਹੈਕਲ ਜੋ ਪਰਮੇਸ਼ੁਰ ਦੇ ਪ੍ਰਤਾਪ ਨਾਲ ਭਰ ਗਈ ਸੀ ਜਦੋਂ ਸੁਲੇਮਾਨ ਨੇ ਉਸ ਦਾ ਉਦਘਾਟਨ ਕੀਤਾ ਸੀ, ਤਬਾਹ ਕੀਤੀ ਗਈ ਸੀ। (2 ਇਤਹਾਸ 7:1-3) ਉਨ੍ਹਾਂ ਦੀ ਹਾਲਤ ਕਿੰਨੀ ਬੁਰੀ ਸੀ! ਪਰ ਯਸਾਯਾਹ ਰਾਹੀਂ ਯਹੋਵਾਹ ਨੇ ਮੁੜ ਬਹਾਲੀ ਦੀ ਭਵਿੱਖਬਾਣੀ ਕੀਤੀ ਸੀ। (ਯਸਾਯਾਹ 43:14; 44:26-28) ਯਸਾਯਾਹ ਦੀ ਪੁਸਤਕ ਦੇ 51ਵੇਂ ਅਧਿਆਇ ਵਿਚ ਅਸੀਂ ਦਿਲਾਸੇ ਅਤੇ ਭਰੋਸੇ ਦੀਆਂ ਹੋਰ ਭਵਿੱਖਬਾਣੀਆਂ ਵੀ ਪੜ੍ਹਦੇ ਹਾਂ।

2. (ੳ) ਯਸਾਯਾਹ ਰਾਹੀਂ ਯਹੋਵਾਹ ਨੇ ਦਿਲਾਸੇ ਵਾਲਾ ਸੁਨੇਹਾ ਕਿਨ੍ਹਾਂ ਨੂੰ ਭੇਜਿਆ ਸੀ? (ਅ) ਵਫ਼ਾਦਾਰ ਯਹੂਦੀਆਂ ਨੇ ਧਾਰਮਿਕਤਾ ਦਾ ਪਿੱਛਾ ਕਿਵੇਂ ਕੀਤਾ ਸੀ?

2 ਯਹੋਵਾਹ ਨੇ ਯਹੂਦਾਹ ਦੇ ਵਾਸੀਆਂ ਵਿੱਚੋਂ ਉਸ ਨੂੰ ਭਾਲਣ ਵਾਲਿਆਂ ਨੂੰ ਕਿਹਾ: “ਹੇ ਧਰਮ ਦੇ ਪੈਰਾਓ, ਯਹੋਵਾਹ ਦੇ ਤਾਲਿਬੋ, ਮੇਰੀ ਸੁਣੋ!” (ਯਸਾਯਾਹ 51:1ੳ) “ਧਰਮ ਦੇ ਪੈਰਾਓ” ਹੋਣ ਦਾ ਮਤਲਬ ਹੈ ਧਰਮ ਦਾ ਪਿੱਛਾ ਕਰਨ ਵਾਲੇ। ਧਰਮ ਦਾ ਪਿੱਛਾ ਕਰਨ ਵਾਲਿਆਂ ਨੇ ਪਰਮੇਸ਼ੁਰ ਦੇ ਲੋਕ ਹੋਣ ਦਾ ਦਾਅਵਾ ਹੀ ਨਹੀਂ ਕੀਤਾ ਸੀ। ਉਨ੍ਹਾਂ ਨੇ ਜੋਸ਼ ਨਾਲ ਧਰਮੀ ਬਣਨ ਅਤੇ ਪਰਮੇਸ਼ੁਰ ਦੀ ਮਰਜ਼ੀ ਅਨੁਸਾਰ ਜੀਉਣ ਦਾ ਜਤਨ ਵੀ ਕੀਤਾ ਸੀ। (ਜ਼ਬੂਰ 34:15; ਕਹਾਉਤਾਂ 21:21) ਉਹ ਧਾਰਮਿਕਤਾ ਦੇ ਸ੍ਰੋਤ, ਯਹੋਵਾਹ ਵੱਲ ਮੁੜੇ ਸਨ ਅਤੇ ਉਨ੍ਹਾਂ ਨੇ ਉਸ ਨੂੰ ਭਾਲਿਆ ਸੀ। (ਜ਼ਬੂਰ 11:7; 145:17) ਇਸ ਦਾ ਇਹ ਮਤਲਬ ਨਹੀਂ ਸੀ ਕਿ ਉਹ ਯਹੋਵਾਹ ਨੂੰ ਜਾਣਦੇ ਨਹੀਂ ਸਨ, ਜਾਂ ਉਨ੍ਹਾਂ ਨੂੰ ਪ੍ਰਾਰਥਨਾ ਕਰਨੀ ਨਹੀਂ ਆਉਂਦੀ ਸੀ। ਸਗੋਂ ਉਨ੍ਹਾਂ ਨੇ ਯਹੋਵਾਹ ਦੇ ਨਜ਼ਦੀਕ ਹੋਣ, ਉਸ ਦੀ ਭਗਤੀ ਕਰਨ, ਉਸ ਨੂੰ ਪ੍ਰਾਰਥਨਾ ਕਰਨ, ਅਤੇ ਹਰ ਕੰਮ ਵਿਚ ਉਸ ਦੀ ਅਗਵਾਈ ਭਾਲਣ ਦੀ ਕੋਸ਼ਿਸ਼ ਕੀਤੀ ਸੀ।

3, 4. (ੳ) ਉਹ “ਚਟਾਨ” ਕੌਣ ਸੀ ਜਿਸ ਤੋਂ ਯਹੂਦੀ ਕੱਟੇ ਗਏ ਸਨ, ਅਤੇ ਉਹ ‘ਟੋਏ ਦਾ ਛੇਕ’ ਕੌਣ ਸੀ ਜਿਸ ਤੋਂ ਉਹ ਪੁੱਟੇ ਗਏ ਸਨ? (ਅ) ਆਪਣੇ ਪੂਰਵਜ ਯਾਦ ਕਰ ਕੇ ਯਹੂਦੀਆਂ ਨੂੰ ਦਿਲਾਸਾ ਕਿਉਂ ਮਿਲਿਆ ਹੋਣਾ?

3 ਪਰ ਯਹੂਦਾਹ ਵਿਚ ਧਾਰਮਿਕਤਾ ਭਾਲਣ ਵਾਲੇ ਲੋਕ ਥੋੜ੍ਹੇ ਸਨ, ਅਤੇ ਇਸ ਕਾਰਨ ਉਹ ਸ਼ਾਇਦ ਨਿਰਾਸ਼ ਸਨ ਅਤੇ ਡਰਦੇ ਵੀ ਸਨ। ਇਸ ਲਈ ਯਹੋਵਾਹ ਨੇ ਪੱਥਰਖਾਣ ਦੀ ਮਿਸਾਲ ਵਰਤ ਕੇ ਉਨ੍ਹਾਂ ਨੂੰ ਹੌਸਲਾ ਦਿੱਤਾ: “ਉਸ ਚਟਾਨ ਵੱਲ ਜਿੱਥੋਂ ਤੁਸੀਂ ਕੱਟੇ ਗਏ, ਅਤੇ ਉਸ ਟੋਏ ਦੇ ਛੇਕ ਵੱਲ ਜਿੱਥੋਂ ਤੁਸੀਂ ਪੁੱਟੇ ਗਏ, ਧਿਆਨ ਕਰੋ! ਆਪਣੇ ਪਿਤਾ ਅਬਰਾਹਾਮ ਉੱਤੇ ਧਿਆਨ ਕਰੋ, ਅਤੇ ਸਾਰਾਹ ਉੱਤੇ ਜਿਸ ਤੁਹਾਨੂੰ ਜਣਿਆ, ਜਦ ਉਹ ਇੱਕੋ ਈ ਸੀ ਮੈਂ ਉਹ ਨੂੰ ਬੁਲਾਇਆ, ਅਤੇ ਉਹ ਨੂੰ ਬਰਕਤ ਦਿੱਤੀ ਅਰ ਉਹ ਨੂੰ ਵਧਾਇਆ।” (ਯਸਾਯਾਹ 51:1ਅ, 2) ਅਬਰਾਹਾਮ ਉਹ “ਚਟਾਨ” ਸੀ ਜਿਸ ਤੋਂ ਯਹੂਦੀ ਲੋਕ ਕੱਟੇ ਗਏ ਸਨ। ਉਹ ਅਜਿਹਾ ਮਨੁੱਖ ਸੀ ਜਿਸ ਦਾ ਇਸਰਾਏਲ ਦੀ ਕੌਮ ਵਿਚ ਬਹੁਤ ਮਾਣ ਕੀਤਾ ਜਾਂਦਾ ਸੀ। (ਮੱਤੀ 3:9; ਯੂਹੰਨਾ 8:33, 39) ਉਹ ਇਸ ਕੌਮ ਦਾ ਇਕ ਪੂਰਵਜ ਸੀ। ‘ਟੋਏ ਦਾ ਛੇਕ’ ਸਾਰਾਹ ਸੀ, ਜਿਸ ਦੀ ਕੁੱਖ ਤੋਂ ਇਸਹਾਕ ਪੈਦਾ ਹੋਇਆ ਸੀ। ਉਹ ਵੀ ਇਸਰਾਏਲ ਦਾ ਇਕ ਪੂਰਵਜ ਸੀ।

4 ਅਬਰਾਹਾਮ ਅਤੇ ਸਾਰਾਹ ਬੱਚੇ ਪੈਦਾ ਕਰਨ ਦੀ ਉਮਰ ਤੋਂ ਲੰਘ ਚੁੱਕੇ ਸਨ ਅਤੇ ਉਨ੍ਹਾਂ ਦੀ ਕੋਈ ਔਲਾਦ ਨਹੀਂ ਸੀ। ਇਸ ਦੇ ਬਾਵਜੂਦ ਯਹੋਵਾਹ ਨੇ ਅਬਰਾਹਾਮ ਨੂੰ ਬਰਕਤ ਦੇਣ ਅਤੇ ਉਸ ਨੂੰ ‘ਵਧਾਉਣ’ ਦਾ ਵਾਅਦਾ ਕੀਤਾ ਸੀ। (ਉਤਪਤ 17:1-6, 15-17) ਪਰਮੇਸ਼ੁਰ ਨੇ ਅਬਰਾਹਾਮ ਅਤੇ ਸਾਰਾਹ ਦੇ ਬੁਢਾਪੇ ਵਿਚ ਉਨ੍ਹਾਂ ਨੂੰ ਜਣਨ ਸ਼ਕਤੀ ਦਿੱਤੀ ਅਤੇ ਉਨ੍ਹਾਂ ਦੇ ਇਕ ਮੁੰਡਾ ਪੈਦਾ ਹੋਇਆ ਅਤੇ ਉਸ ਤੋਂ ਪਰਮੇਸ਼ੁਰ ਦੀ ਨੇਮ-ਬੱਧ ਕੌਮ ਬਣੀ। ਇਸ ਤਰ੍ਹਾਂ ਯਹੋਵਾਹ ਨੇ ਉਸ ਮਨੁੱਖ ਨੂੰ ਇਕ ਵੱਡੀ ਕੌਮ ਦਾ ਪਿਤਾ ਬਣਾਇਆ ਅਤੇ ਇਸ ਕੌਮ ਦੀ ਗਿਣਤੀ ਆਕਾਸ਼ ਦੇ ਤਾਰਿਆਂ ਜਿੰਨੀ ਬਣੀ। (ਉਤਪਤ 15:5; ਰਸੂਲਾਂ ਦੇ ਕਰਤੱਬ 7:5) ਜੇਕਰ ਯਹੋਵਾਹ ਅਬਰਾਹਾਮ ਨੂੰ ਇਕ ਦੂਰ ਦੇਸ਼ ਤੋਂ ਬੁਲਾ ਕੇ ਉਸ ਤੋਂ ਇਕ ਵੱਡੀ ਕੌਮ ਬਣਾ ਸਕਦਾ ਸੀ, ਤਾਂ ਉਹ ਇਕ ਵਫ਼ਾਦਾਰ ਬਕੀਏ ਨੂੰ ਬਾਬਲ ਵਿੱਚੋਂ ਛੁਡਾਉਣ, ਉਨ੍ਹਾਂ ਦੇ ਵਤਨ ਵਾਪਸ ਪਹੁੰਚਾਉਣ, ਅਤੇ ਇਕ ਵਾਰ ਫਿਰ ਇਕ ਵੱਡੀ ਕੌਮ ਬਣਾਉਣ ਦਾ ਵਾਅਦਾ ਜ਼ਰੂਰ ਪੂਰਾ ਕਰ ਸਕਦਾ ਸੀ। ਅਬਰਾਹਾਮ ਨਾਲ ਕੀਤਾ ਗਿਆ ਪਰਮੇਸ਼ੁਰ ਦਾ ਵਾਅਦਾ ਪੂਰਾ ਹੋਇਆ ਸੀ। ਉਨ੍ਹਾਂ ਗ਼ੁਲਾਮ ਯਹੂਦੀਆਂ ਨਾਲ ਉਸ ਦਾ ਕੀਤਾ ਗਿਆ ਵਾਅਦਾ ਵੀ ਪੂਰਾ ਹੋ ਕੇ ਹੀ ਰਹਿਣਾ ਸੀ।

5. (ੳ) ਇਹ ਗੱਲ ਸਮਝਾਓ ਕਿ ਅਬਰਾਹਾਮ ਅਤੇ ਸਾਰਾਹ ਕਿਨ੍ਹਾਂ ਨੂੰ ਦਰਸਾਉਂਦੇ ਹਨ। (ਅ) ਆਖ਼ਰੀ ਪੂਰਤੀ ਵਿਚ “ਚਟਾਨ” ਤੋਂ ਕੌਣ ਪੈਦਾ ਹੋਏ ਸਨ?

5ਯਸਾਯਾਹ 51:1, 2 ਵਿਚ ਖਾਣ ਵਿੱਚੋਂ ਪੱਥਰ ਪੁੱਟਣ ਦੀ ਗੱਲ ਇਕ ਹੋਰ ਤਰੀਕੇ ਵਿਚ ਵੀ ਲਾਗੂ ਹੁੰਦੀ ਹੈ। ਬਿਵਸਥਾ ਸਾਰ 32:18 ਵਿਚ ਯਹੋਵਾਹ ਨੂੰ ਉਹ “ਚਟਾਨ” ਸੱਦਿਆ ਗਿਆ ਹੈ ‘ਜਿਸ ਨੇ ਇਸਰਾਏਲ ਨੂੰ ਜਨਮ ਦਿੱਤਾ ਸੀ।’ ਇੱਥੇ ਇਬਰਾਨੀ ਦੀ ਉਹੀ ਕ੍ਰਿਆ ਵਰਤੀ ਗਈ ਹੈ ਜੋ ਯਸਾਯਾਹ 51:2 ਵਿਚ ਸਾਰਾਹ ਲਈ ਵਰਤੀ ਗਈ ਸੀ ਜਦੋਂ ਉਸ ਨੇ ਇਸਰਾਏਲ ਨੂੰ ਜਣਿਆ ਸੀ। ਇਸ ਲਈ ਯਹੋਵਾਹ ਮਹਾਨ ਅਬਰਾਹਾਮ ਹੈ। ਅਬਰਾਹਾਮ ਦੀ ਪਤਨੀ ਸਾਰਾਹ ਯਹੋਵਾਹ ਦੇ ਸਵਰਗੀ ਸੰਗਠਨ ਨੂੰ ਦਰਸਾਉਂਦੀ ਹੈ ਜੋ ਦੂਤਾਂ ਦਾ ਬਣਿਆ ਹੋਇਆ ਹੈ। ਬਾਈਬਲ ਵਿਚ ਇਸ ਸੰਗਠਨ ਨੂੰ ਪਰਮੇਸ਼ੁਰ ਦੀ ਤੀਵੀਂ ਸੱਦਿਆ ਗਿਆ ਹੈ। (ਉਤਪਤ 3:15; ਪਰਕਾਸ਼ ਦੀ ਪੋਥੀ 12:1, 5) ਯਸਾਯਾਹ ਦੀ ਭਵਿੱਖਬਾਣੀ ਦੀ ਆਖ਼ਰੀ ਪੂਰਤੀ ਵਿਚ ਪੰਤੇਕੁਸਤ 33 ਸਾ.ਯੁ. ਤੇ “ਚਟਾਨ” ਤੋਂ ਇਕ ਕੌਮ ਵਜੋਂ ‘ਪਰਮੇਸ਼ੁਰ ਦਾ ਇਸਰਾਏਲ’ ਪੈਦਾ ਹੋਇਆ ਸੀ, ਯਾਨੀ ਆਤਮਾ ਦੁਆਰਾ ਮਸਹ ਕੀਤੇ ਗਏ ਮਸੀਹੀਆਂ ਦੀ ਕਲੀਸਿਯਾ ਸਥਾਪਿਤ ਹੋਈ ਸੀ। ਜਿਵੇਂ ਇਸ ਪੁਸਤਕ ਦੇ ਪਿੱਛਲਿਆਂ ਅਧਿਆਵਾਂ ਵਿਚ ਗੱਲ ਕੀਤੀ ਗਈ ਹੈ, ਉਹ ਮਸੀਹੀ 1918 ਵਿਚ ਬਾਬੁਲ ਦੀ ਕੈਦ ਵਿਚ ਸਨ ਪਰ 1919 ਵਿਚ ਉਨ੍ਹਾਂ ਨੂੰ ਰੂਹਾਨੀ ਖ਼ੁਸ਼ਹਾਲੀ ਦੁਬਾਰਾ ਮਿਲੀ ਸੀ।​—ਗਲਾਤੀਆਂ 3:26-29; 4:28; 6:16.

6. (ੳ) ਯਹੂਦਾਹ ਦੇ ਦੇਸ਼ ਨੂੰ ਕੀ ਹੋਇਆ ਸੀ, ਅਤੇ ਉਹ ਮੁੜ ਬਹਾਲ ਕਿਵੇਂ ਕੀਤਾ ਗਿਆ ਸੀ? (ਅ) ਯਸਾਯਾਹ 51:3 ਦੇ ਸ਼ਬਦ ਸਾਨੂੰ ਕਿਹੜੀ ਆਧੁਨਿਕ ਬਹਾਲੀ ਬਾਰੇ ਯਾਦ ਕਰਾਉਂਦੇ ਹਨ?

6 ਸੀਯੋਨ ਜਾਂ ਯਰੂਸ਼ਲਮ ਨੂੰ ਯਹੋਵਾਹ ਨੇ ਸਿਰਫ਼ ਇਹ ਹੀ ਦਿਲਾਸਾ ਨਹੀਂ ਦਿੱਤਾ ਸੀ ਕਿ ਉਹ ਇਕ ਵੱਡੀ ਕੌਮ ਪੈਦਾ ਕਰੇਗਾ। ਅਸੀਂ ਪੜ੍ਹਦੇ ਹਾਂ: “ਯਹੋਵਾਹ ਤਾਂ ਸੀਯੋਨ ਨੂੰ ਦਿਲਾਸਾ ਦੇਵੇਗਾ, ਉਹ ਦੇ ਸਾਰਿਆਂ ਵਿਰਾਨਿਆਂ ਨੂੰ ਦਿਲਾਸਾ ਦੇਵੇਗਾ, ਉਹ ਉਸ ਦੀ ਉਜਾੜ ਨੂੰ ਅਦਨ ਵਾਂਙੁ, ਅਤੇ ਉਸ ਦਾ ਥਲ ਯਹੋਵਾਹ ਦੇ ਬਾਗ ਵਾਂਙੁ ਬਣਾ ਦੇਵੇਗਾ। ਖੁਸ਼ੀ ਅਰ ਅਨੰਦ ਉਹ ਦੇ ਵਿੱਚ ਪਾਇਆ ਜਾਵੇਗਾ, ਨਾਲੇ ਧੰਨਵਾਦ ਅਰ ਭਜਨ ਦੀ ਅਵਾਜ਼ ਵੀ।” (ਯਸਾਯਾਹ 51:3) ਵਿਰਾਨੀ ਦੇ 70 ਸਾਲਾਂ ਦੌਰਾਨ ਯਹੂਦਾਹ ਦਾ ਦੇਸ਼ ਉਜਾੜ ਬਣ ਗਿਆ ਸੀ ਜਿੱਥੇ ਜੰਗਲੀ ਬੂਟੀਆਂ ਤੋਂ ਇਲਾਵਾ ਕੁਝ ਨਹੀਂ ਉੱਗਦਾ ਸੀ। (ਯਸਾਯਾਹ 64:10; ਯਿਰਮਿਯਾਹ 4:26; 9:10-12) ਤਾਂ ਫਿਰ ਯਹੂਦਾਹ ਨੂੰ ਦੁਬਾਰਾ ਵਸਾਉਣ ਦੇ ਨਾਲ-ਨਾਲ ਜ਼ਮੀਨ ਨੂੰ ਵੀ ਮੁੜ ਬਹਾਲ ਕੀਤਾ ਗਿਆ ਸੀ। ਇਹ ਦੇਸ਼ ਅਦਨ ਦੇ ਬਾਗ਼ ਵਰਗਾ ਬਣਾਇਆ ਗਿਆ ਸੀ ਜਿਸ ਵਿਚ ਫਲਦਾਰ ਖੇਤ ਅਤੇ ਫਲਾਂ ਦੇ ਬਗ਼ੀਚੇ ਸਨ। ਜ਼ਮੀਨ ਖ਼ੁਸ਼ੀ ਮਨਾਉਂਦੀ ਜਾਪਦੀ ਸੀ। ਗ਼ੁਲਾਮੀ ਦੌਰਾਨ ਇਹ ਦੇਸ਼ ਵਿਰਾਨ ਪਿਆ ਸੀ ਪਰ ਬਾਅਦ ਵਿਚ ਇਹ ਫਿਰਦੌਸ ਵਰਗਾ ਬਣਿਆ। ਇਸੇ ਤਰ੍ਹਾਂ 1919 ਵਿਚ ਪਰਮੇਸ਼ੁਰ ਦੇ ਇਸਰਾਏਲ ਦਾ ਮਸਹ ਕੀਤਾ ਹੋਇਆ ਬਕੀਆ ਰੂਹਾਨੀ ਫਿਰਦੌਸ ਵਿਚ ਆਇਆ ਸੀ।​—ਯਸਾਯਾਹ 11:6-9; 35:1-7.

ਯਹੋਵਾਹ ਉੱਤੇ ਭਰੋਸਾ ਰੱਖਣ ਦੇ ਕਾਰਨ

7, 8. (ੳ) ਯਹੋਵਾਹ ਵੱਲ ਕੰਨ ਲਾਉਣ ਦਾ ਕੀ ਮਤਲਬ ਸੀ? (ਅ) ਇਹ ਜ਼ਰੂਰੀ ਕਿਉਂ ਸੀ ਕਿ ਯਹੂਦਾਹ ਦੇ ਲੋਕ ਯਹੋਵਾਹ ਵੱਲ ਧਿਆਨ ਦੇਣ?

7 ਯਹੋਵਾਹ ਨੇ ਆਪਣੇ ਲੋਕਾਂ ਦਾ ਫਿਰ ਤੋਂ ਧਿਆਨ ਖਿੱਚਣ ਲਈ ਉਨ੍ਹਾਂ ਨੂੰ ਕਿਹਾ: “ਹੇ ਮੇਰੀ ਪਰਜਾ, ਮੇਰੀ ਵੱਲ ਧਿਆਨ ਦਿਓ, ਹੇ ਮੇਰੀ ਉੱਮਤ, ਮੇਰੀ ਵੱਲ ਕੰਨ ਲਾਓ! ਬਿਵਸਥਾ ਤਾਂ ਮੈਥੋਂ ਨਿੱਕਲੇਗੀ, ਅਤੇ ਮੈਂ ਆਪਣਾ ਇਨਸਾਫ਼ ਲੋਕਾਂ ਦੇ ਚਾਨਣ ਲਈ ਰੱਖ ਛੱਡਾਂਗਾ। ਮੇਰਾ ਧਰਮ ਨੇੜੇ ਹੈ, ਮੇਰਾ ਬਚਾਓ ਨਿੱਕਲਿਆ ਹੈ, ਮੇਰੀਆਂ ਭੁਜਾਂ ਲੋਕਾਂ ਦਾ ਨਿਆਉਂ ਕਰਨਗੀਆਂ, ਟਾਪੂ ਮੇਰੀ ਉਡੀਕ ਕਰਨਗੇ, ਅਤੇ ਮੇਰੀ ਭੁਜਾ ਉੱਤੇ ਆਸ ਰੱਖਣਗੇ।”​—ਯਸਾਯਾਹ 51:4, 5.

8 ਯਹੋਵਾਹ ਵੱਲ ਕੰਨ ਲਾਉਣ ਦਾ ਮਤਲਬ ਸਿਰਫ਼ ਇਹ ਨਹੀਂ ਸੀ ਕਿ ਉਸ ਦਾ ਸੁਨੇਹਾ ਸੁਣਿਆ ਜਾਵੇ। ਇਸ ਦਾ ਮਤਲਬ ਸੀ ਕਿ ਧਿਆਨ ਦੇ ਕੇ ਉਸ ਦੀ ਗੱਲ ਉੱਤੇ ਅਮਲ ਵੀ ਕੀਤਾ ਜਾਵੇ। (ਜ਼ਬੂਰ 49:1; 78:1) ਲੋਕਾਂ ਨੂੰ ਇਸ ਗੱਲ ਦੀ ਕਦਰ ਕਰਨੀ ਚਾਹੀਦੀ ਸੀ ਕਿ ਸਿੱਖਿਆ, ਇਨਸਾਫ਼, ਅਤੇ ਮੁਕਤੀ ਯਹੋਵਾਹ ਤੋਂ ਮਿਲਦੇ ਹਨ। ਸਿਰਫ਼ ਉਹੀ ਰੂਹਾਨੀ ਗਿਆਨ ਅਤੇ ਚਾਨਣ ਦੇ ਸਕਦਾ ਹੈ। (2 ਕੁਰਿੰਥੀਆਂ 4:6) ਉਹੀ ਮਨੁੱਖਜਾਤੀ ਦਾ ਅੰਤਿਮ ਨਿਆਂਕਾਰ ਹੈ। ਯਹੋਵਾਹ ਦੇ ਨਿਯਮ ਅਤੇ ਫ਼ੈਸਲੇ ਉਨ੍ਹਾਂ ਲਈ ਚਾਨਣ ਹਨ ਜੋ ਉਨ੍ਹਾਂ ਅਨੁਸਾਰ ਚੱਲਦੇ ਹਨ।​—ਜ਼ਬੂਰ 43:3; 119:105; ਕਹਾਉਤਾਂ 6:23.

9. ਪਰਮੇਸ਼ੁਰ ਦੇ ਨੇਮ-ਬੱਧ ਲੋਕਾਂ ਤੋਂ ਇਲਾਵਾ ਹੋਰ ਕੌਣ ਯਹੋਵਾਹ ਦੀ ਮਦਦ ਤੋਂ ਫ਼ਾਇਦਾ ਉਠਾਉਂਦੇ ਹਨ?

9 ਇਹ ਸਿਰਫ਼ ਪਰਮੇਸ਼ੁਰ ਦੇ ਨੇਮ-ਬੱਧ ਲੋਕਾਂ ਬਾਰੇ ਹੀ ਸੱਚ ਨਹੀਂ ਸੀ ਪਰ ਦੂਰ-ਦੂਰ ਟਾਪੂਆਂ ਉੱਤੇ ਵੱਸਦੇ ਨੇਕਦਿਲ ਲੋਕਾਂ ਬਾਰੇ ਵੀ ਸੱਚ ਸੀ। ਪਰਮੇਸ਼ੁਰ ਉੱਤੇ ਇਨ੍ਹਾਂ ਨੇਕਦਿਲ ਲੋਕਾਂ ਦਾ ਭਰੋਸਾ ਗ਼ਲਤ ਨਹੀਂ ਸੀ ਕਿ ਉਹ ਆਪਣੇ ਵਫ਼ਾਦਾਰ ਸੇਵਕਾਂ ਦੀ ਮਦਦ ਕਰ ਸਕਦਾ ਹੈ ਅਤੇ ਉਨ੍ਹਾਂ ਨੂੰ ਬਚਾ ਵੀ ਸਕਦਾ ਹੈ। ਉਸ ਦੀ ਭੁਜਾ, ਉਸ ਦੀ ਤਾਕਤ ਜਾਂ ਸ਼ਕਤੀ ਨੂੰ ਦਰਸਾਉਂਦੀ ਹੈ ਅਤੇ ਕੋਈ ਵੀ ਇਸ ਨੂੰ ਰੋਕ ਨਹੀਂ ਸਕਦਾ। (ਯਸਾਯਾਹ 40:10; ਲੂਕਾ 1:51, 52) ਇਸੇ ਤਰ੍ਹਾਂ ਅੱਜ ਪਰਮੇਸ਼ੁਰ ਦੇ ਇਸਰਾਏਲ ਦੇ ਬਾਕੀ ਰਹਿੰਦੇ ਮੈਂਬਰਾਂ ਦੇ ਜੋਸ਼ੀਲੇ ਪ੍ਰਚਾਰ ਰਾਹੀਂ ਦੂਰ-ਦੂਰ ਟਾਪੂਆਂ ਤੋਂ ਲੱਖਾਂ ਹੀ ਲੋਕ ਯਹੋਵਾਹ ਵੱਲ ਮੁੜੇ ਹਨ ਅਤੇ ਉਨ੍ਹਾਂ ਨੇ ਉਸ ਉੱਤੇ ਭਰੋਸਾ ਰੱਖਿਆ ਹੈ।

10. (ੳ) ਰਾਜਾ ਨਬੂਕਦਨੱਸਰ ਨੂੰ ਕਿਸ ਸੱਚਾਈ ਦਾ ਸਾਮ੍ਹਣਾ ਕਰਨਾ ਪਿਆ ਸੀ? (ਅ) ਕਿਹੜੇ “ਅਕਾਸ਼” ਅਤੇ “ਧਰਤੀ” ਖ਼ਤਮ ਕੀਤੇ ਗਏ ਸਨ?

10 ਅੱਗੇ ਯਹੋਵਾਹ ਨੇ ਉਹ ਸੱਚਾਈ ਦੱਸੀ ਜਿਸ ਦਾ ਸਾਮ੍ਹਣਾ ਬਾਬਲ ਦੇ ਰਾਜਾ ਨਬੂਕਦਨੱਸਰ ਨੂੰ ਕਰਨਾ ਪਿਆ ਸੀ। ਆਕਾਸ਼ ਜਾਂ ਧਰਤੀ ਉੱਤੇ ਅਜਿਹੀ ਕੋਈ ਸ਼ਕਤੀ ਨਹੀਂ ਹੈ ਜੋ ਯਹੋਵਾਹ ਨੂੰ ਆਪਣੀ ਮਰਜ਼ੀ ਪੂਰੀ ਕਰਨ ਤੋਂ ਰੋਕ ਸਕਦੀ ਹੈ। (ਦਾਨੀਏਲ 4:34, 35) ਅਸੀਂ ਪੜ੍ਹਦੇ ਹਾਂ: “ਆਪਣੀਆਂ ਅੱਖਾਂ ਅਕਾਸ਼ ਵੱਲ ਚੁੱਕੋ, ਅਤੇ ਹੇਠਾਂ ਧਰਤੀ ਉੱਤੇ ਨਿਗਾਹ ਕਰੋ, ਅਕਾਸ਼ ਤਾਂ ਧੂੰਏਂ ਵਾਂਙੁ ਅਲੋਪ ਹੋ ਜਾਵੇਗਾ, ਅਤੇ ਧਰਤੀ ਕੱਪੜੇ ਵਾਂਙੁ ਪੁਰਾਣੀ ਪੈ ਜਾਵੇਗੀ, ਉਹ ਦੇ ਵਾਸੀ ਮੱਛਰਾਂ ਵਾਂਙੁ ਮਰ ਜਾਣਗੇ, ਪਰ ਮੇਰੀ ਮੁਕਤੀ ਸਦੀਪਕ ਹੋਵੇਗੀ, ਅਤੇ ਮੇਰਾ ਧਰਮ ਅਨੰਤ ਹੋਵੇਗਾ।” (ਯਸਾਯਾਹ 51:6) ਭਾਵੇਂ ਕਿ ਬਾਬਲੀ ਰਾਜੇ ਆਪਣੇ ਗ਼ੁਲਾਮਾਂ ਨੂੰ ਉਨ੍ਹਾਂ ਦੇ ਵਤਨ ਵਾਪਸ ਨਹੀਂ ਜਾਣ ਦਿੰਦੇ ਸਨ, ਯਹੋਵਾਹ ਆਪਣੇ ਲੋਕਾਂ ਨੂੰ ਆਜ਼ਾਦ ਕਰ ਕੇ ਹੀ ਰਿਹਾ ਸੀ। (ਯਸਾਯਾਹ 14:16, 17) ਬਾਬਲੀ “ਅਕਾਸ਼,” ਯਾਨੀ ਹਾਕਮ ਹਰਾਏ ਗਏ ਸਨ। ਬਾਬਲੀ “ਧਰਤੀ,” ਯਾਨੀ ਹਾਕਮਾਂ ਅਧੀਨ ਪਰਜਾ, ਅਖ਼ੀਰ ਵਿਚ ਖ਼ਤਮ ਹੋ ਗਈ ਸੀ। ਜੀ ਹਾਂ, ਉਸ ਜ਼ਮਾਨੇ ਦੀ ਸਭ ਤੋਂ ਵੱਡੀ ਸ਼ਕਤੀ ਵੀ ਯਹੋਵਾਹ ਦਾ ਮੁਕਾਬਲਾ ਨਹੀਂ ਕਰ ਸਕੀ ਅਤੇ ਉਸ ਦੀ ਮੁਕਤੀ ਨੂੰ ਨਹੀਂ ਰੋਕ ਸਕੀ ਸੀ।

11. ਅੱਜ ਮਸੀਹੀਆਂ ਨੂੰ ਇਸ ਭਵਿੱਖਬਾਣੀ ਦੀ ਪੂਰਤੀ ਤੋਂ ਹੌਸਲਾ ਕਿਉਂ ਮਿਲਦਾ ਹੈ ਕਿ ਬਾਬਲੀ “ਅਕਾਸ਼” ਅਤੇ “ਧਰਤੀ” ਖ਼ਤਮ ਕੀਤੇ ਗਏ ਸਨ?

11 ਅੱਜ ਮਸੀਹੀਆਂ ਨੂੰ ਇਹ ਜਾਣ ਕੇ ਕਿੰਨਾ ਹੌਸਲਾ ਮਿਲਦਾ ਹੈ ਕਿ ਭਵਿੱਖਬਾਣੀ ਦੇ ਇਹ ਸ਼ਬਦ ਪੂਰੇ ਹੋਏ ਸਨ! ਕਿਉਂ? ਕਿਉਂਕਿ ਪਤਰਸ ਰਸੂਲ ਨੇ ਇਕ ਆਉਣ ਵਾਲੀ ਘਟਨਾ ਬਾਰੇ ਅਜਿਹਾ ਕੁਝ ਲਿਖਿਆ ਸੀ। ਉਸ ਨੇ ਯਹੋਵਾਹ ਦੇ ਤੇਜ਼ੀ ਨਾਲ ਆ ਰਹੇ ਦਿਨ ਬਾਰੇ ਗੱਲ ਕੀਤੀ ਸੀ “ਜਿਹ ਦੇ ਕਾਰਨ ਅਕਾਸ਼ ਬਲ ਕੇ ਢਲ ਜਾਣਗੇ ਅਤੇ ਮੂਲ ਵਸਤਾਂ ਵੱਡੇ ਤਾਉ ਨਾਲ ਤਪ ਕੇ ਪੱਘਰ ਜਾਣਗੀਆਂ।” ਫਿਰ ਉਸ ਨੇ ਕਿਹਾ: “ਉਹ ਦੇ ਬਚਨ ਦੇ ਅਨੁਸਾਰ ਅਸੀਂ ਨਵੇਂ ਅਕਾਸ਼ ਅਤੇ ਨਵੀਂ ਧਰਤੀ ਦੀ ਉਡੀਕ ਕਰਦੇ ਹਾਂ ਜਿਨ੍ਹਾਂ ਵਿੱਚ ਧਰਮ ਵੱਸਦਾ ਹੈ।” (2 ਪਤਰਸ 3:12, 13; ਯਸਾਯਾਹ 34:4; ਪਰਕਾਸ਼ ਦੀ ਪੋਥੀ 6:12-14) ਭਾਵੇਂ ਕਿ ਵੱਡੀਆਂ-ਵੱਡੀਆਂ ਕੌਮਾਂ ਅਤੇ ਉਨ੍ਹਾਂ ਦੇ ਵੱਡੇ-ਵੱਡੇ ਹਾਕਮ ਯਹੋਵਾਹ ਦਾ ਵਿਰੋਧ ਕਰਦੇ ਹਨ, ਸਮਾਂ ਆਉਣ ਤੇ ਉਹ ਇਕ ਮੱਛਰ ਦੀ ਤਰ੍ਹਾਂ ਸੌਖਿਆਂ ਖ਼ਤਮ ਕੀਤੇ ਜਾਣਗੇ। (ਜ਼ਬੂਰ 2:1-9) ਸਿਰਫ਼ ਪਰਮੇਸ਼ੁਰ ਦੀ ਧਰਮੀ ਹਕੂਮਤ ਲੋਕਾਂ ਦੇ ਇਕ ਧਰਮੀ ਸਮਾਜ ਉੱਤੇ ਹਮੇਸ਼ਾ ਲਈ ਰਾਜ ਕਰੇਗੀ।​—ਦਾਨੀਏਲ 2:44; ਪਰਕਾਸ਼ ਦੀ ਪੋਥੀ 21:1-4.

12. ਪਰਮੇਸ਼ੁਰ ਦੇ ਸੇਵਕਾਂ ਨੂੰ ਡਰਨਾ ਕਿਉਂ ਨਹੀਂ ਚਾਹੀਦਾ ਜਦੋਂ ਵਿਰੋਧੀ ਉਨ੍ਹਾਂ ਨੂੰ ਬਦਨਾਮ ਕਰਦੇ ਹਨ?

12 ਧਾਰਮਿਕਤਾ ਦਾ ਪਿੱਛਾ ਕਰਨ ਵਾਲਿਆਂ ਨਾਲ ਗੱਲ ਕਰਦੇ ਹੋਏ ਯਹੋਵਾਹ ਨੇ ਕਿਹਾ: “ਹੇ ਧਰਮ ਦੇ ਜਾਣਨ ਵਾਲਿਓ, ਮੇਰੀ ਸੁਣੋ, ਹੇ ਮੇਰੀ ਪਰਜਾ, ਜਿਨ੍ਹਾਂ ਦੇ ਦਿਲਾਂ ਵਿੱਚ ਮੇਰੀ ਬਿਵਸਥਾ ਹੈ। ਮਨੁੱਖਾਂ ਦੀਆਂ ਊਜਾਂ ਤੋਂ ਨਾ ਡਰੋ, ਅਤੇ ਓਹਨਾਂ ਦੇ ਦੁਰਬਚਨਾਂ ਤੋਂ ਨਾ ਘਾਬਰੋ, ਕਿਉਂ ਜੋ ਕੀੜਾ ਓਹਨਾਂ ਨੂੰ ਕੱਪੜੇ ਵਾਂਙੁ ਖਾ ਜਾਵੇਗਾ, ਅਤੇ ਲੇਹਾ ਓਹਨਾਂ ਨੂੰ ਉੱਨ ਵਾਂਙੁ ਖਾ ਜਾਵੇਗਾ, ਪਰ ਮੇਰਾ ਧਰਮ ਸਦੀਪਕ ਹੋਵੇਗਾ, ਅਤੇ ਮੇਰੀ ਮੁਕਤੀ ਪੀੜ੍ਹੀਓਂ ਪੀੜ੍ਹੀ ਤੀਕ।” (ਯਸਾਯਾਹ 51:7, 8) ਯਹੋਵਾਹ ਉੱਤੇ ਭਰੋਸਾ ਰੱਖਣ ਵਾਲਿਆਂ ਨੂੰ ਉਨ੍ਹਾਂ ਦੀ ਦਲੇਰੀ ਕਰਕੇ ਬਦਨਾਮ ਕੀਤਾ ਜਾਣਾ ਸੀ ਪਰ ਉਨ੍ਹਾਂ ਨੂੰ ਡਰਨ ਦੀ ਕੋਈ ਲੋੜ ਨਹੀਂ ਸੀ। ਬਦਨਾਮ ਕਰਨ ਵਾਲੇ ਲੋਕ ਮਰਨਹਾਰ ਮਨੁੱਖ ਹੀ ਸਨ ਅਤੇ ਇਨ੍ਹਾਂ ਨੂੰ ਇਸ ਤਰ੍ਹਾਂ ‘ਖਾਧਾ ਜਾਣਾ’ ਸੀ ਜਿਵੇਂ ਕੀੜਾ ਕੱਪੜੇ ਨੂੰ ਖਾ ਜਾਂਦਾ ਹੈ। * ਜਿਵੇਂ ਪ੍ਰਾਚੀਨ ਵਫ਼ਾਦਾਰ ਯਹੂਦੀਆਂ ਬਾਰੇ ਸੱਚ ਸੀ, ਅੱਜ ਸੱਚੇ ਮਸੀਹੀਆਂ ਨੂੰ ਆਪਣੇ ਵਿਰੋਧੀਆਂ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਦੀ ਮੁਕਤੀ ਸਦੀਵੀ ਪਰਮੇਸ਼ੁਰ ਯਹੋਵਾਹ ਤੋਂ ਆਵੇਗੀ। (ਜ਼ਬੂਰ 37:1, 2) ਪਰਮੇਸ਼ੁਰ ਦੇ ਦੁਸ਼ਮਣਾਂ ਵੱਲੋਂ ਵਿਰੋਧਤਾ ਇਸ ਗੱਲ ਦਾ ਸਬੂਤ ਹੈ ਕਿ ਯਹੋਵਾਹ ਦੇ ਲੋਕਾਂ ਕੋਲ ਉਸ ਦੀ ਪਵਿੱਤਰ ਆਤਮਾ ਹੈ।​—ਮੱਤੀ 5:11, 12; ਮੱਤੀ 10:24-31.

13, 14. “ਰਹਬ” ਅਤੇ “ਸਰਾਲ” ਸ਼ਬਦ ਕਿਸ ਨੂੰ ਦਰਸਾਉਂਦੇ ਹਨ, ਅਤੇ ਇਹ ਕਿਵੇਂ “ਵਿੰਨ੍ਹਿਆ” ਗਿਆ ਅਤੇ ਇਸ ਦੇ “ਟੋਟੇ ਟੋਟੇ” ਕਿਵੇਂ ਹੋਏ ਸਨ?

13 ਜਿਵੇਂ ਕਿ ਯਸਾਯਾਹ ਯਹੋਵਾਹ ਨੂੰ ਆਪਣੇ ਗ਼ੁਲਾਮ ਲੋਕਾਂ ਲਈ ਕੁਝ ਕਰਨ ਦਾ ਸੱਦਾ ਦੇ ਰਿਹਾ ਸੀ, ਉਸ ਨੇ ਕਿਹਾ: “ਜਾਗ, ਜਾਗ, ਬਲ ਪਹਿਨ ਲੈ, ਹੇ ਯਹੋਵਾਹ ਦੀਏ ਭੁਜਾ! ਜਾਗ, ਜਿਵੇਂ ਪੁਰਾਣਿਆਂ ਦਿਨਾਂ ਵਿੱਚ, ਪਰਾਚੀਨ ਸਮਿਆਂ ਦੀਆਂ ਪੀੜ੍ਹੀਆਂ ਵਿੱਚ! ਕੀ ਤੂੰ ਉਹ ਨਹੀਂ ਜਿਹ ਨੇ ਰਹਬ ਨੂੰ ਟੋਟੇ ਟੋਟੇ ਕਰ ਦਿੱਤਾ, ਅਤੇ ਸਰਾਲ ਨੂੰ ਵਿੰਨ੍ਹਿਆ? ਕੀ ਤੂੰ ਉਹ ਨਹੀਂ ਜਿਹ ਨੇ ਸਮੁੰਦਰ ਨੂੰ, ਵੱਡੀ ਡੁੰਘਿਆਈ ਦਿਆਂ ਪਾਣੀਆਂ ਨੂੰ ਸੁਕਾ ਦਿੱਤਾ? ਜਿਹ ਨੇ ਸਮੁੰਦਰ ਦੀ ਤਹਿ ਨੂੰ ਛੁਡਾਏ ਹੋਇਆਂ ਦੇ ਲੰਘਣ ਦਾ ਰਾਹ ਬਣਾ ਦਿੱਤਾ?”​—ਯਸਾਯਾਹ 51:9, 10.

14 ਇੱਥੇ ਯਸਾਯਾਹ ਨੇ ਸੋਚ-ਸਮਝ ਕੇ ਮਿਸਾਲਾਂ ਇਸਤੇਮਾਲ ਕੀਤੀਆਂ ਸਨ। ਹਰ ਇਸਰਾਏਲੀ ਜਾਣਦਾ ਸੀ ਕਿ ਉਨ੍ਹਾਂ ਦੀ ਕੌਮ ਮਿਸਰ ਤੋਂ ਕਿਵੇਂ ਛੁਡਾਈ ਗਈ ਸੀ ਅਤੇ ਉਨ੍ਹਾਂ ਨੇ ਲਾਲ ਸਮੁੰਦਰ ਕਿਵੇਂ ਪਾਰ ਕੀਤਾ ਸੀ। (ਕੂਚ 12:24-27; 14:26-31) “ਰਹਬ” ਅਤੇ “ਸਰਾਲ” ਸ਼ਬਦ ਮਿਸਰ ਨੂੰ ਦਰਸਾਉਂਦੇ ਹਨ ਜਿਸ ਦੇ ਫ਼ਿਰਊਨ ਨੇ ਇਸਰਾਏਲੀਆਂ ਦੀ ਮਿਸਰ ਤੋਂ ਜਾਣ ਦੀ ਵਿਰੋਧਤਾ ਕੀਤੀ ਸੀ। (ਜ਼ਬੂਰ 74:13; 87:4; ਯਸਾਯਾਹ 30:7) ਨਕਸ਼ੇ ਤੇ ਪ੍ਰਾਚੀਨ ਮਿਸਰ ਦੇਖਣ ਨੂੰ ਇਕ ਸੱਪ ਵਰਗਾ ਲੱਗਦਾ ਸੀ ਜਿਸ ਦਾ ਸਿਰ ਨੀਲ ਡੈਲਟਾ ਤੇ ਸੀ ਅਤੇ ਸਰੀਰ ਨੀਲ ਵਾਦੀ ਵਿਚ ਸੈਂਕੜੇ ਕਿਲੋਮੀਟਰ ਲੰਮਾ ਸੀ। (ਹਿਜ਼ਕੀਏਲ 29:3) ਪਰ ਇਸ ਸਰਾਲ ਦੇ ਟੋਟੇ-ਟੋਟੇ ਕੀਤੇ ਗਏ ਸਨ ਜਦੋਂ ਯਹੋਵਾਹ ਨੇ ਉਸ ਉੱਤੇ 10 ਬਿਪਤਾਵਾਂ ਲਿਆਂਦੀਆਂ ਸਨ। ਇਹ ਉਦੋਂ ਵਿੰਨ੍ਹਿਆ ਗਿਆ, ਜ਼ਖ਼ਮੀ ਅਤੇ ਕਮਜ਼ੋਰ ਹੋਇਆ ਜਦੋਂ ਉਸ ਦੀ ਫ਼ੌਜ ਲਾਲ ਸਮੁੰਦਰ ਵਿਚ ਖ਼ਤਮ ਕੀਤੀ ਗਈ ਸੀ। ਜੀ ਹਾਂ, ਯਹੋਵਾਹ ਮਿਸਰ ਨੂੰ ਆਪਣੀ ਸ਼ਕਤੀ ਦਿਖਾ ਚੁੱਕਾ ਸੀ। ਤਾਂ ਫਿਰ ਕੀ ਉਹ ਆਪਣੇ ਲੋਕਾਂ ਲਈ ਨਹੀਂ ਲੜੇਗਾ ਜੋ ਬਾਬਲ ਵਿਚ ਗ਼ੁਲਾਮ ਸਨ?

15. (ੳ) ਸੀਯੋਨ ਦਾ ਸੋਗ ਕਰਨਾ ਅਤੇ ਹਉਕੇ ਭਰਨੇ ਕਦੋਂ ਅਤੇ ਕਿਵੇਂ ਖ਼ਤਮ ਹੋਣੇ ਸਨ? (ਅ) ਸਾਡੇ ਜ਼ਮਾਨੇ ਵਿਚ ਪਰਮੇਸ਼ੁਰ ਦੇ ਇਸਰਾਏਲ ਦਾ ਸੋਗ ਕਰਨਾ ਅਤੇ ਹਉਕੇ ਭਰਨੇ ਕਿਵੇਂ ਖ਼ਤਮ ਹੋਏ ਸਨ?

15 ਬਾਬਲ ਤੋਂ ਇਸਰਾਏਲ ਦੇ ਛੁਟਕਾਰੇ ਵੱਲ ਧਿਆਨ ਦਿੰਦੇ ਹੋਏ ਭਵਿੱਖਬਾਣੀ ਨੇ ਅੱਗੇ ਕਿਹਾ: “ਯਹੋਵਾਹ ਦੇ ਮੁੱਲ ਨਾਲ ਛੁਡਾਏ ਹੋਏ ਮੁੜ ਆਉਣਗੇ, ਅਤੇ ਜੈਕਾਰਿਆਂ ਨਾਲ ਸੀਯੋਨ ਵਿੱਚ ਆਉਣਗੇ, ਸਦੀਪਕ ਅਨੰਦ ਓਹਨਾਂ ਦੇ ਸਿਰਾਂ ਉੱਤੇ ਹੋਵੇਗਾ, ਓਹ ਖੁਸ਼ੀ ਅਤੇ ਅਨੰਦ ਪਰਾਪਤ ਕਰਨਗੇ, ਸੋਗ ਅਤੇ ਹੂੰਗਾ ਨੱਸ ਜਾਣਗੇ।” (ਯਸਾਯਾਹ 51:11) ਬਾਬਲ ਵਿਚ ਇਸਰਾਏਲੀਆਂ ਦੀ ਹਾਲਤ ਭਾਵੇਂ ਜਿੰਨੀ ਮਰਜ਼ੀ ਦੁਖੀ ਸੀ, ਯਹੋਵਾਹ ਦੀ ਧਾਰਮਿਕਤਾ ਭਾਲਣ ਵਾਲਿਆਂ ਕੋਲ ਇਕ ਵਧੀਆ ਉਮੀਦ ਸੀ। ਅਜਿਹਾ ਸਮਾਂ ਆਉਣਾ ਸੀ ਜਦੋਂ ਉਨ੍ਹਾਂ ਨੂੰ ਨਾ ਸੋਗ ਕਰਨਾ ਅਤੇ ਨਾ ਹਉਕੇ ਭਰਨੇ ਪੈਣੇ ਸਨ। ਸਗੋਂ ਮੁੱਲ ਨਾਲ ਛੁਡਾਏ ਗਏ ਲੋਕਾਂ ਦੇ ਬੁੱਲ੍ਹਾਂ ਤੇ ਖ਼ੁਸ਼ੀ ਅਤੇ ਜੈਕਾਰਾ ਹੋਣਾ ਸੀ। ਇਸ ਭਵਿੱਖਬਾਣੀ ਦੀ ਆਧੁਨਿਕ ਪੂਰਤੀ ਵਿਚ, ਪਰਮੇਸ਼ੁਰ ਦਾ ਇਸਰਾਏਲ 1919 ਵਿਚ ਬਾਬੁਲੀ ਗ਼ੁਲਾਮੀ ਤੋਂ ਛੁਡਾਇਆ ਗਿਆ ਸੀ। ਉਸ ਸਮੇਂ ਤੋਂ ਉਸ ਦੀ ਰੂਹਾਨੀ ਦਸ਼ਾ ਖ਼ੁਸ਼ੀ ਵਿਚ ਬਦਲੀ ਗਈ ਅਤੇ ਇਹ ਖ਼ੁਸ਼ੀ ਅੱਜ ਵੀ ਸਮਾਈ ਹੋਈ ਹੈ।

16. ਯਹੂਦੀਆਂ ਨੂੰ ਛੁਡਾਉਣ ਦਾ ਮੁੱਲ ਕੀ ਸੀ?

16 ਯਹੂਦੀਆਂ ਨੂੰ ਛੁਡਾਏ ਜਾਣ ਦਾ ਮੁੱਲ ਕੀ ਸੀ? ਯਸਾਯਾਹ ਦੀ ਭਵਿੱਖਬਾਣੀ ਵਿਚ ਪਹਿਲਾਂ ਹੀ ਦੱਸਿਆ ਜਾ ਚੁੱਕਾ ਸੀ ਕਿ ਯਹੋਵਾਹ ਨੇ “ਮਿਸਰ ਨੂੰ ਤੇਰੀ ਚੱਟੀ ਲਈ ਠਹਿਰਾਇਆ ਹੈ, ਕੂਸ਼ ਅਤੇ ਸਬਾ ਤੇਰੇ ਵਟਾਂਦਰੇ ਵਿੱਚ।” (ਯਸਾਯਾਹ 43:1-4) ਫਾਰਸੀ ਸਾਮਰਾਜ ਨੇ ਬਾਬਲ ਨੂੰ ਜਿੱਤ ਕੇ ਯਹੂਦੀਆਂ ਨੂੰ ਆਜ਼ਾਦ ਕਰਨ ਤੋਂ ਬਾਅਦ ਮਿਸਰ, ਕੂਸ਼ ਮਤਲਬ ਕਿ ਈਥੀਓਪੀਆ, ਅਤੇ ਸਬਾ ਦੇ ਦੇਸ਼ਾਂ ਉੱਤੇ ਵੀ ਜਿੱਤ ਪ੍ਰਾਪਤ ਕੀਤੀ ਸੀ। ਇਹ ਉਸ ਨੂੰ ਇਸਰਾਏਲੀਆਂ ਦੀਆਂ ਜਾਨਾਂ ਦੇ ਵੱਟੇ ਦਿੱਤੇ ਗਏ ਸਨ। ਇਹ ਕਹਾਉਤਾਂ 21:18 ਦੇ ਸਿਧਾਂਤ ਦੇ ਅਨੁਸਾਰ ਹੈ ਕਿ “ਧਰਮੀ ਲਈ ਦੁਸ਼ਟ ਪ੍ਰਾਸਚਿਤ ਹੈ, ਅਤੇ ਸਚਿਆਰ ਦੇ ਥਾਂ ਛਲੀਆ।”

ਹੋਰ ਦਿਲਾਸਾ

17. ਯਹੂਦੀਆਂ ਨੂੰ ਬਾਬਲ ਦੇ ਗੁੱਸੇ ਤੋਂ ਡਰਨ ਦੀ ਲੋੜ ਕਿਉਂ ਨਹੀਂ ਸੀ?

17 ਯਹੋਵਾਹ ਨੇ ਆਪਣੇ ਲੋਕਾਂ ਨੂੰ ਹੋਰ ਵੀ ਦਿਲਾਸਾ ਦਿੱਤਾ: “ਮੈਂ, ਮੈਂ ਹੀ ਉਹ ਹਾਂ ਜੋ ਤੁਹਾਨੂੰ ਦਿਲਾਸਾ ਦਿੰਦਾ ਹਾਂ, ਤੂੰ ਕੌਣ ਹੈਂ ਜੋ ਮਰਨਹਾਰ ਮਨੁੱਖ ਤੋਂ ਡਰੇਂ, ਅਤੇ ਆਦਮ ਵੰਸ ਤੋਂ, ਜਿਹੜਾ ਘਾਹ ਵਾਂਙੁ ਹੋ ਜਾਵੇਗਾ? ਤੈਂ ਯਹੋਵਾਹ ਆਪਣੇ ਕਰਤਾਰ ਨੂੰ ਵਿਸਾਰਿਆ, ਜੋ ਅਕਾਸ਼ ਦਾ ਤਾਣਨ ਵਾਲਾ ਤੇ ਧਰਤੀ ਦੀ ਨੀਉਂ ਰੱਖਣ ਵਾਲਾ ਹੈ, ਤੂੰ ਨਿੱਤ ਦਿਹਾੜੇ ਜ਼ਾਲਮ ਦੇ ਗੁੱਸੇ ਤੋਂ ਡਰਦਾ ਹੈਂ, ਜਦ ਉਹ ਨਾਸ ਕਰਨ ਲਈ ਤਿਆਰ ਹੋਵੇ,—ਭਲਾ, ਜ਼ਾਲਮ ਦਾ ਗੁੱਸਾ ਕਿੱਥੇ ਰਿਹਾ?” (ਯਸਾਯਾਹ 51:12, 13) ਇਸਰਾਏਲੀਆਂ ਨੇ ਗ਼ੁਲਾਮੀ ਵਿਚ ਕਾਫ਼ੀ ਸਾਲ ਬਿਤਾਉਣੇ ਸਨ। ਫਿਰ ਵੀ ਉਨ੍ਹਾਂ ਨੂੰ ਬਾਬਲ ਦੇ ਗੁੱਸੇ ਤੋਂ ਡਰਨਾ ਨਹੀਂ ਚਾਹੀਦਾ ਸੀ। ਭਾਵੇਂ ਕਿ ਬਾਈਬਲ ਵਿਚ ਦੱਸੀ ਗਈ ਤੀਜੀ ਵਿਸ਼ਵ ਸ਼ਕਤੀ ਬਾਬਲ ਨੇ ਪਰਮੇਸ਼ੁਰ ਦੇ ਲੋਕਾਂ ਉੱਤੇ ਜਿੱਤ ਪ੍ਰਾਪਤ ਕੀਤੀ ਸੀ ਅਤੇ ਉਨ੍ਹਾਂ ਨੂੰ ਗ਼ੁਲਾਮ ਬਣਾ ਕੇ ਰੱਖਿਆ ਸੀ, ਵਫ਼ਾਦਾਰ ਯਹੂਦੀ ਜਾਣਦੇ ਸਨ ਕਿ ਯਹੋਵਾਹ ਨੇ ਖੋਰਸ ਦੇ ਹੱਥੀਂ ਬਾਬਲ ਦੇ ਡਿੱਗਣ ਬਾਰੇ ਭਵਿੱਖਬਾਣੀ ਕੀਤੀ ਹੋਈ ਸੀ। (ਯਸਾਯਾਹ 44:8, 24-28) ਸਦੀਵੀ ਪਰਮੇਸ਼ੁਰ ਅਤੇ ਸਿਰਜਣਹਾਰ ਯਹੋਵਾਹ ਦੇ ਉਲਟ ਬਾਬਲ ਦੇ ਵਾਸੀ ਤਾਂ ਘਾਹ ਵਰਗੇ ਸਨ ਜੋ ਗਰਮੀ ਦੀ ਰੁੱਤ ਵਿਚ ਸੁੱਕ ਜਾਂਦਾ ਹੈ। ਫਿਰ ਉਨ੍ਹਾਂ ਦਾ ਜ਼ੁਲਮ ਅਤੇ ਗੁੱਸਾ ਕਿੱਥੇ ਰਹਿਣਾ ਸੀ? ਆਕਾਸ਼ ਅਤੇ ਧਰਤੀ ਬਣਾਉਣ ਵਾਲੇ ਯਹੋਵਾਹ ਨੂੰ ਭੁੱਲ ਕੇ ਇਨਸਾਨ ਤੋਂ ਡਰਨਾ ਕਿੰਨੀ ਮੂਰਖਤਾ ਹੈ!

18. ਭਾਵੇਂ ਕਿ ਯਹੋਵਾਹ ਦੇ ਲੋਕਾਂ ਨੇ ਕਾਫ਼ੀ ਚਿਰ ਗ਼ੁਲਾਮੀ ਵਿਚ ਰਹਿਣਾ ਸੀ, ਯਹੋਵਾਹ ਨੇ ਉਨ੍ਹਾਂ ਨੂੰ ਕਿਹੜਾ ਭਰੋਸਾ ਦਿਵਾਇਆ ਸੀ?

18 ਭਾਵੇਂ ਕਿ ਯਹੋਵਾਹ ਦੇ ਲੋਕਾਂ ਨੇ ਕਾਫ਼ੀ ਚਿਰ ਲਈ ਕੈਦ ਵਿਚ ਰਹਿਣਾ ਸੀ ਉਨ੍ਹਾਂ ਨੂੰ ਅਚਾਨਕ ਹੀ ਆਜ਼ਾਦ ਕੀਤਾ ਜਾਣਾ ਸੀ। ਉਨ੍ਹਾਂ ਨੇ ਬਾਬਲ ਵਿਚ ਹੀ ਖ਼ਤਮ ਨਹੀਂ ਹੋਣਾ ਸੀ ਜਾਂ ਕੈਦੀਆਂ ਵਜੋਂ ਭੁੱਖੇ ਨਹੀਂ ਮਰਨਾ ਸੀ, ਯਾਨੀ ਉਨ੍ਹਾਂ ਨੇ ਗੋਰ ਜਾਂ ਕਬਰ ਵਿਚ ਨਹੀਂ ਜਾਣਾ ਸੀ। (ਜ਼ਬੂਰ 30:3; 88:3-5) ਯਹੋਵਾਹ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ: “ਝੁੱਕਿਆ ਹੋਇਆ ਛੇਤੀ ਖੋਲ੍ਹਿਆ ਜਾਵੇਗਾ, ਉਹ ਮਰ ਕੇ ਗੋਰ ਵਿੱਚ ਨਾ ਜਾਵੇਗਾ, ਨਾ ਉਹ ਦੀ ਰੋਟੀ ਘਟੇਗੀ।”​—ਯਸਾਯਾਹ 51:14.

19. ਵਫ਼ਾਦਾਰ ਯਹੂਦੀ ਯਹੋਵਾਹ ਦੇ ਸ਼ਬਦਾਂ ਉੱਤੇ ਪੂਰਾ ਭਰੋਸਾ ਕਿਉਂ ਰੱਖ ਸਕਦੇ ਸਨ?

19 ਯਹੋਵਾਹ ਨੇ ਸੀਯੋਨ ਨੂੰ ਦਿਲਾਸਾ ਦੇਣ ਲਈ ਇਹ ਵੀ ਗੱਲ ਕਹੀ: “ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ, ਜੋ ਸਮੁੰਦਰ ਨੂੰ ਇਉਂ ਉਛਾਲਦਾ ਹਾਂ ਕਿ ਉਹ ਦੀਆਂ ਲਹਿਰਾਂ ਗੱਜਦੀਆਂ ਹਨ,—ਸੈਨਾਂ ਦਾ ਯਹੋਵਾਹ ਉਹ ਦਾ ਨਾਮ ਹੈ! ਮੈਂ ਆਪਣੇ ਬਚਨ ਤੇਰੇ ਮੂੰਹ ਵਿੱਚ ਪਾਏ, ਅਤੇ ਆਪਣੇ ਹੱਥ ਦੇ ਸਾਯੇ ਵਿੱਚ ਤੈਨੂੰ ਢੱਕਿਆ, ਭਈ ਮੈਂ ਅਕਾਸ਼ ਨੂੰ ਲਾਵਾਂ ਤੇ ਧਰਤੀ ਦੀ ਨੀਉਂ ਰੱਖਾਂ, ਅਤੇ ਸੀਯੋਨ ਨੂੰ ਆਖਾਂ, ਤੂੰ ਮੇਰੀ ਪਰਜਾ ਹੈਂ।” (ਯਸਾਯਾਹ 51:15, 16) ਬਾਈਬਲ ਵਿਚ ਕਈ ਵਾਰ ਦੱਸਿਆ ਗਿਆ ਹੈ ਕਿ ਪਰਮੇਸ਼ੁਰ ਸਮੁੰਦਰ ਨੂੰ ਕਾਬੂ ਕਰਨ ਲਈ ਆਪਣੀ ਤਾਕਤ ਵਰਤ ਸਕਦਾ ਹੈ। (ਅੱਯੂਬ 26:12; ਜ਼ਬੂਰ 89:9; ਯਿਰਮਿਯਾਹ 31:35) ਉਹ ਕੁਦਰਤ ਦੀਆਂ ਸ਼ਕਤੀਆਂ ਉੱਤੇ ਪੂਰਾ ਕਾਬੂ ਰੱਖਦਾ ਹੈ ਜਿਵੇਂ ਕਿ ਮਿਸਰ ਤੋਂ ਆਪਣੇ ਲੋਕਾਂ ਨੂੰ ਬਚਾਉਣ ਲਈ ਉਸ ਨੇ ਦਿਖਾਇਆ ਸੀ। ਸਭ ਤੋਂ ਛੋਟੀ ਗੱਲ ਵਿਚ ਵੀ ‘ਸੈਨਾਂ ਦੇ ਯਹੋਵਾਹ’ ਵਰਗਾ ਕੌਣ ਹੋ ਸਕਦਾ ਹੈ?​—ਜ਼ਬੂਰ 24:10.

20. ਜਦੋਂ ਯਹੋਵਾਹ ਨੇ ਸੀਯੋਨ ਨੂੰ ਮੁੜ ਬਹਾਲ ਕੀਤਾ ਸੀ ਤਾਂ ਕਿਹੜੇ “ਅਕਾਸ਼” ਅਤੇ “ਧਰਤੀ” ਹੋਂਦ ਵਿਚ ਆਏ ਸਨ, ਅਤੇ ਉਸ ਨੇ ਕਿਹੜੀ ਦਿਲਾਸੇ ਵਾਲੀ ਗੱਲ ਕਹੀ ਸੀ?

20 ਯਹੂਦੀ ਪਰਮੇਸ਼ੁਰ ਦੇ ਨੇਮ-ਬੱਧ ਲੋਕ ਸਨ ਅਤੇ ਯਹੋਵਾਹ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਸੀ ਕਿ ਉਹ ਆਪਣੇ ਵਤਨ ਜ਼ਰੂਰ ਮੁੜਨਗੇ ਅਤੇ ਇਕ ਵਾਰ ਫਿਰ ਉਸ ਦੀ ਬਿਵਸਥਾ ਅਧੀਨ ਰਹਿਣਗੇ। ਉਨ੍ਹਾਂ ਨੇ ਯਰੂਸ਼ਲਮ ਅਤੇ ਉਸ ਦੀ ਹੈਕਲ ਨੂੰ ਮੁੜ ਉਸਾਰਨਾ ਸੀ ਅਤੇ ਮੂਸਾ ਰਾਹੀਂ ਬੰਨ੍ਹੇ ਗਏ ਨੇਮ ਅਨੁਸਾਰ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਸਨ। ਜਦੋਂ ਇਸਰਾਏਲੀ ਅਤੇ ਉਨ੍ਹਾਂ ਦੇ ਪਸ਼ੂ ਦੇਸ਼ ਵਿਚ ਦੁਬਾਰਾ ਆਏ, ਤਾਂ ਕਿਹਾ ਜਾ ਸਕਦਾ ਸੀ ਕਿ ਇਕ “ਨਵੀਂ ਧਰਤੀ” ਹੋਂਦ ਵਿਚ ਆਈ ਸੀ। ਉਸ ਉੱਤੇ “ਨਵਾਂ ਅਕਾਸ਼” ਯਾਨੀ ਇਕ ਨਵੀਂ ਹਕੂਮਤ ਸਥਾਪਿਤ ਹੋਈ ਸੀ। (ਯਸਾਯਾਹ 65:17-19; ਹੱਜਈ 1:1, 14) ਯਹੋਵਾਹ ਨੇ ਸੀਯੋਨ ਨੂੰ ਫਿਰ ਤੋਂ ਕਿਹਾ ਸੀ ਕਿ “ਤੂੰ ਮੇਰੀ ਪਰਜਾ ਹੈਂ।”

ਕੁਝ ਕਰਨ ਦਾ ਸੱਦਾ

21. ਯਹੋਵਾਹ ਨੇ ਸੀਯੋਨ ਨੂੰ ਕਿਹੜਾ ਸੱਦਾ ਦਿੱਤਾ ਸੀ?

21 ਸੀਯੋਨ ਨੂੰ ਭਰੋਸਾ ਦਿਵਾ ਕੇ ਯਹੋਵਾਹ ਨੇ ਉਸ ਨੂੰ ਕੁਝ ਕਰਨ ਦਾ ਸੱਦਾ ਵੀ ਦਿੱਤਾ ਸੀ। ਉਸ ਨੇ ਇਸ ਤਰ੍ਹਾਂ ਗੱਲ ਕੀਤੀ ਜਿਵੇਂ ਕਿ ਸੀਯੋਨ ਦੇ ਦੁੱਖ ਖ਼ਤਮ ਹੋ ਚੁੱਕੇ ਸਨ: “ਹੇ ਯਰੂਸ਼ਲਮ ਜਾਗ, ਜਾਗ! ਖੜਾ ਹੋ ਜਾਹ! ਤੂੰ ਜਿਹ ਨੇ ਯਹੋਵਾਹ ਦੇ ਹੱਥੋਂ ਉਹ ਦੇ ਗੁੱਸੇ ਦਾ ਜਾਮ ਪੀਤਾ, ਡਗਮਗਾਉਣ ਦੇ ਜਾਮ ਨੂੰ ਪੀ ਕੇ ਸੱਖਣਾ ਕੀਤਾ।” (ਯਸਾਯਾਹ 51:17) ਜੀ ਹਾਂ, ਯਰੂਸ਼ਲਮ ਆਪਣੀ ਬਿਪਤਾ ਭੋਗਣ ਤੋਂ ਬਾਅਦ ਪਹਿਲਾਂ ਵਰਗੀ ਪਦਵੀ ਅਤੇ ਸ਼ਾਨ ਹਾਸਲ ਕਰਨ ਲਈ ਖੜ੍ਹਾ ਹੋਇਆ ਸੀ। ਉਹ ਸਮਾਂ ਆਇਆ ਸੀ ਜਦੋਂ ਉਸ ਨੂੰ ਪਰਮੇਸ਼ੁਰ ਦੀ ਸਜ਼ਾ ਮਿਲ ਚੁੱਕੀ ਸੀ ਅਤੇ ਉਹ ਪਰਮੇਸ਼ੁਰ ਦੇ ਗੁੱਸੇ ਦਾ ਜਾਮ ਪੀ ਚੁੱਕਾ ਸੀ। ਪਰਮੇਸ਼ੁਰ ਦਾ ਗੁੱਸਾ ਸਦਾ ਲਈ ਨਹੀਂ ਰਿਹਾ ਸੀ।

22, 23. ਯਰੂਸ਼ਲਮ ਨਾਲ ਕੀ-ਕੀ ਹੋਇਆ ਸੀ ਜਦੋਂ ਉਸ ਨੇ ਪਰਮੇਸ਼ੁਰ ਦੇ ਗੁੱਸੇ ਦਾ ਜਾਮ ਪੀਤਾ ਸੀ?

22 ਫਿਰ ਵੀ ਜਦੋਂ ਯਰੂਸ਼ਲਮ ਨੂੰ ਸਜ਼ਾ ਮਿਲ ਰਹੀ ਸੀ ਉਸ ਦਾ ਕੋਈ ਵੀ ਵਾਸੀ ਜਾਂ ‘ਪੁੱਤ੍ਰ’ ਉਸ ਨੂੰ ਰੋਕ ਨਹੀਂ ਸਕਿਆ ਸੀ। (ਯਸਾਯਾਹ 43:5-7; ਯਿਰਮਿਯਾਹ 3:14) ਭਵਿੱਖਬਾਣੀ ਨੇ ਕਿਹਾ: “ਉਨ੍ਹਾਂ ਸਾਰਿਆਂ ਪੁੱਤ੍ਰਾਂ ਵਿੱਚੋਂ ਜਿਨ੍ਹਾਂ ਨੂੰ ਉਹ ਜਣੀ, ਕੋਈ ਆਗੂ ਉਹ ਦੇ ਲਈ ਨਹੀਂ, ਉਨ੍ਹਾਂ ਸਾਰਿਆਂ ਪੁੱਤ੍ਰਾਂ ਵਿੱਚੋਂ ਜਿਨ੍ਹਾਂ ਨੂੰ ਓਸ ਪਾਲਿਆ, ਕੋਈ ਨਹੀਂ ਜੋ ਉਹ ਦਾ ਹੱਥ ਫੜੇ।” (ਯਸਾਯਾਹ 51:18) ਉਸ ਨੇ ਬਾਬਲੀਆਂ ਦੇ ਕਬਜ਼ੇ ਵਿਚ ਕਿੰਨਾ ਦੁੱਖ ਸਹਿਆ ਸੀ! “ਏਹ ਦੋ ਗੱਲਾਂ ਤੇਰੇ ਉੱਤੇ ਆ ਪਈਆਂ, ਕੌਣ ਤੇਰੇ ਲਈ ਹਾਂ ਕਰੇਗਾ? ਬਰਬਾਦੀ ਤੇ ਭੰਨ ਤੋੜ, ਕਾਲ ਤੇ ਤਲਵਾਰ, ਮੈਂ ਕਿਵੇਂ ਤੈਨੂੰ ਦਿਲਾਸਾ ਦਿਆਂ? ਤੇਰੇ ਪੁੱਤ੍ਰ ਬੇਹੋਸ਼ ਹੋ ਗਏ, ਓਹ ਸਾਰੀਆਂ ਗਲੀਆਂ ਦੇ ਸਿਰਿਆਂ ਉੱਤੇ ਲੇਟੇ ਪਏ ਹਨ, ਜਿਵੇਂ ਹਰਨ ਜਾਲ ਵਿੱਚ, ਓਹ ਯਹੋਵਾਹ ਦੇ ਗੁੱਸੇ ਨਾਲ, ਤੇਰੇ ਪਰਮੇਸ਼ੁਰ ਦੀ ਝਿੜਕ ਨਾਲ ਭਰੇ ਹੋਏ ਹਨ।”​—ਯਸਾਯਾਹ 51:19, 20.

23 ਯਰੂਸ਼ਲਮ ਦੀ ਹਾਲਤ ਕਿੰਨੀ ਬੁਰੀ ਸੀ! ਉਸ ਨੇ “ਬਰਬਾਦੀ ਤੇ ਭੰਨ ਤੋੜ” ਅਤੇ “ਕਾਲ ਤੇ ਤਲਵਾਰ” ਝੱਲੇ ਸਨ। ਉਸ ਦੇ “‘ਪੁੱਤ੍ਰ” ਆਪਣੀ ਕਮਜ਼ੋਰੀ ਕਰਕੇ ਉਸ ਦੀ ਰੱਖਿਆ ਨਹੀਂ ਕਰ ਸਕੇ ਜਦੋਂ ਬਾਬਲੀਆਂ ਨੇ ਉਸ ਉੱਤੇ ਹਮਲਾ ਕੀਤਾ ਸੀ। ਉਹ ਗਲੀਆਂ ਵਿਚ ਥੱਕੇ ਹੋਏ ਅਤੇ ਕਮਜ਼ੋਰੀ ਨਾਲ ਲੇਟੇ ਪਏ ਸਾਫ਼-ਸਾਫ਼ ਦਿੱਸਦੇ ਸਨ। (ਵਿਰਲਾਪ 2:19; 4:1, 2) ਉਨ੍ਹਾਂ ਨੇ ਪਰਮੇਸ਼ੁਰ ਦੇ ਗੁੱਸੇ ਦਾ ਪਿਆਲਾ ਪੀਤਾ ਸੀ ਅਤੇ ਉਹ ਜਾਲ ਵਿਚ ਫੱਸੇ ਹੋਏ ਜਾਨਵਰਾਂ ਵਾਂਗ ਬੇਬੱਸ ਸਨ।

24, 25. (ੳ) ਯਰੂਸ਼ਲਮ ਨਾਲ ਫਿਰ ਕਦੀ ਵੀ ਕੀ ਨਹੀਂ ਹੋਇਆ ਸੀ? (ਅ) ਯਰੂਸ਼ਲਮ ਤੋਂ ਬਾਅਦ ਯਹੋਵਾਹ ਦੇ ਗੁੱਸੇ ਦਾ ਕਟੋਰਾ ਕਿਸ ਨੇ ਪੀਤਾ ਸੀ?

24 ਪਰ ਉਸ ਦੀ ਇਹ ਬੁਰੀ ਹਾਲਤ ਖ਼ਤਮ ਕੀਤੀ ਗਈ ਸੀ। ਯਸਾਯਾਹ ਨੇ ਦਿਲਾਸਾ ਦਿੱਤਾ: “ਏਸ ਲਈ ਤੂੰ ਜੋ ਦੁਖੀ ਹੈਂ ਏਹ ਸੁਣ, ਅਤੇ ਮਸਤ ਹੈਂ ਪਰ ਮਧ ਨਾਲ ਨਹੀਂ। ਤੇਰਾ ਪ੍ਰਭੁ ਯਹੋਵਾਹ ਅਤੇ ਤੇਰਾ ਪਰਮੇਸ਼ੁਰ, ਜਿਹੜਾ ਆਪਣੀ ਪਰਜਾ ਦਾ ਮੁਕੱਦਮਾ ਲੜਦਾ ਹੈ, ਐਉਂ ਆਖਦਾ ਹੈ, ਵੇਖ, ਮੈਂ ਤੇਰੇ ਹੱਥੋਂ ਡਗਮਗਾਉਣ ਦਾ ਜਾਮ ਲਿਆ ਹੈ, ਮੇਰੇ ਗੁੱਸੇ ਦਾ ਕਟੋਰਾ, ਤੂੰ ਏਹ ਫੇਰ ਕਦੀ ਨਾ ਪੀਵੇਂਗੀ। ਮੈਂ ਉਹ ਨੂੰ ਤੇਰੇ ਦੁਖ ਦੇਣ ਵਾਲਿਆਂ ਦੇ ਹੱਥ ਵਿੱਚ ਰੱਖਾਂਗਾ, ਜਿਨ੍ਹਾਂ ਨੇ ਤੇਰੀ ਜਾਨ ਨੂੰ ਆਖਿਆ ਸੀ, ਝੁਕ ਜਾਹ, ਭਈ ਅਸੀਂ ਲੰਘੀਏ! ਤਾਂ ਤੈਂ ਆਪਣੀ ਪਿੱਠ ਨੂੰ ਧਰਤੀ ਵਾਂਙੁ, ਅਤੇ ਓਹਨਾਂ ਦੇ ਲੰਘਣ ਲਈ ਗਲੀ ਵਾਂਙੁ ਬਣਾਇਆ।” (ਯਸਾਯਾਹ 51:21-23) ਯਰੂਸ਼ਲਮ ਨੂੰ ਸਜ਼ਾ ਦੇਣ ਤੋਂ ਬਾਅਦ, ਯਹੋਵਾਹ ਦਇਆ ਕਰਨ ਅਤੇ ਮਾਫ਼ੀ ਦੇਣ ਲਈ ਤਿਆਰ ਸੀ।

25 ਯਹੋਵਾਹ ਨੇ ਆਪਣਾ ਗੁੱਸਾ ਯਰੂਸ਼ਲਮ ਤੋਂ ਮੋੜ ਕੇ ਬਾਬਲ ਉੱਤੇ ਕੱਢਿਆ ਸੀ। ਬਾਬਲ ਨੇ ਯਰੂਸ਼ਲਮ ਨੂੰ ਢਾਹ ਦਿੱਤਾ ਸੀ ਅਤੇ ਉਸ ਦਾ ਅਪਮਾਨ ਕੀਤਾ ਸੀ। (ਜ਼ਬੂਰ 137:7-9) ਪਰ ਯਰੂਸ਼ਲਮ ਨੂੰ ਬਾਬਲ ਜਾਂ ਉਸ ਦੇ ਮਿੱਤਰ ਦੇਸ਼ਾਂ ਦੇ ਹੱਥੋਂ ਅਜਿਹਾ ਕਟੋਰਾ ਫਿਰ ਕਦੀ ਵੀ ਨਹੀਂ ਪੀਣਾ ਪਿਆ ਸੀ। ਸਗੋਂ ਇਹ ਕਟੋਰਾ ਯਰੂਸ਼ਲਮ ਦੇ ਹੱਥੋਂ ਲੈ ਕੇ ਉਨ੍ਹਾਂ ਨੂੰ ਦਿੱਤਾ ਗਿਆ ਸੀ ਜਿਨ੍ਹਾਂ ਨੇ ਉਸ ਦੀ ਬਰਬਾਦੀ ਉੱਤੇ ਖ਼ੁਸ਼ੀ ਮਨਾਈ ਸੀ। (ਵਿਰਲਾਪ 4:21, 22) ਬਾਬਲ ਸ਼ਰਾਬੀ ਹੋ ਕੇ ਡਿੱਗਿਆ ਸੀ। (ਯਿਰਮਿਯਾਹ 51:6-8) ਪਰ ਸੀਯੋਨ ਉੱਠ ਖੜ੍ਹਿਆ ਸੀ! ਇਨ੍ਹਾਂ ਦੋਹਾਂ ਦੀ ਹਾਲਤ ਕਿੰਨੀ ਬਦਲ ਗਈ ਸੀ! ਸੀਯੋਨ ਨੂੰ ਇਸ ਉਮੀਦ ਤੋਂ ਕਾਫ਼ੀ ਹੌਸਲਾ ਮਿਲਿਆ ਹੋਵੇਗਾ। ਅੱਜ ਯਹੋਵਾਹ ਦੇ ਸੇਵਕ ਪੂਰਾ ਭਰੋਸਾ ਰੱਖ ਸਕਦੇ ਹਨ ਕਿ ਯਹੋਵਾਹ ਉਨ੍ਹਾਂ ਨੂੰ ਬਚਾ ਕੇ ਆਪਣਾ ਨਾਂ ਪਵਿੱਤਰ ਕਰੇਗਾ।

[ਫੁਟਨੋਟ]

^ ਪੈਰਾ 12 ਇੱਥੇ ਕੱਪੜੇ ਨੂੰ ਲੱਗਣ ਵਾਲੇ ਕੀੜੇ ਦੀ ਗੱਲ ਕੀਤੀ ਗਈ ਹੈ ਜੋ ਖ਼ਾਸ ਕਰਕੇ ਆਪਣੇ ਲਾਰਵੇ ਦੇ ਰੂਪ ਵਿਚ ਸਭ ਤੋਂ ਵਿਨਾਸ਼ਕਾਰੀ ਹੁੰਦਾ ਹੈ।

[ਸਵਾਲ]

[ਸਫ਼ਾ 167 ਉੱਤੇ ਤਸਵੀਰ]

ਮਹਾਨ ਅਬਰਾਹਾਮ, ਯਹੋਵਾਹ ਉਹ “ਚਟਾਨ” ਹੈ ਜਿਸ ਤੋਂ ਉਸ ਦੇ ਲੋਕ “ਕੱਟੇ ਗਏ” ਸਨ

[ਸਫ਼ਾ 170 ਉੱਤੇ ਤਸਵੀਰ]

ਪਰਮੇਸ਼ੁਰ ਦੇ ਲੋਕਾਂ ਦੇ ਵਿਰੋਧੀ ਉਸ ਤਰ੍ਹਾਂ ਖ਼ਤਮ ਕੀਤੇ ਗਏ ਸਨ ਜਿਵੇਂ ਕੀੜਾ ਕੱਪੜੇ ਨੂੰ ਖਾ ਜਾਂਦਾ ਹੈ

[ਸਫ਼ੇ 176, 177 ਉੱਤੇ ਤਸਵੀਰ]

ਯਹੋਵਾਹ ਨੇ ਕੁਦਰਤ ਦੀਆਂ ਸ਼ਕਤੀਆਂ ਉੱਤੇ ਕਾਬੂ ਰੱਖ ਕੇ ਆਪਣੀ ਤਾਕਤ ਦਿਖਾਈ ਹੈ

[ਸਫ਼ਾ 178 ਉੱਤੇ ਤਸਵੀਰ]

ਉਹ ਕਟੋਰਾ ਜਿਸ ਤੋਂ ਯਰੂਸ਼ਲਮ ਨੇ ਪੀਤਾ ਸੀ ਬਾਬਲ ਅਤੇ ਉਸ ਦੇ ਮਿੱਤਰ ਦੇਸ਼ਾਂ ਨੂੰ ਦਿੱਤਾ ਗਿਆ