ਭਾਗ 3
ਠੇਸ ਪਹੁੰਚਾਉਣ ਵਾਲੀਆਂ ਗੱਲਾਂ—ਜਦੋਂ ਕਿਸੇ ਭੈਣ-ਭਰਾ ਨੇ ਸਾਨੂੰ “ਕਿਸੇ ਗੱਲੋਂ ਨਾਰਾਜ਼ ਕੀਤਾ” ਹੋਵੇ
“ਮੇਰੀ ਮੰਡਲੀ ਦੀ ਇਕ ਭੈਣ ਨੇ ਮੇਰੇ ʼਤੇ ਝੂਠਾ ਦੋਸ਼ ਲਾਇਆ ਕਿ ਮੈਂ ਉਸ ਦੇ ਪੈਸੇ ਚੋਰੀ ਕੀਤੇ ਸਨ। ਮੰਡਲੀ ਦੇ ਬਾਕੀ ਭੈਣਾਂ-ਭਰਾਵਾਂ ਨੂੰ ਵੀ ਇਸ ਬਾਰੇ ਪਤਾ ਲੱਗ ਗਿਆ ਅਤੇ ਕੁਝ ਉਸ ਦਾ ਪੱਖ ਲੈਣ ਲੱਗੇ ਤੇ ਕੁਝ ਮੇਰਾ। ਬਾਅਦ ਵਿਚ ਉਸ ਭੈਣ ਨੇ ਮੈਨੂੰ ਦੱਸਿਆ ਕਿ ਉਸ ਨੂੰ ਕੋਈ ਗੱਲ ਪਤਾ ਲੱਗੀ ਜਿਸ ਤੋਂ ਉਸ ਦੀ ਗ਼ਲਤਫ਼ਹਿਮੀ ਦੂਰ ਹੋ ਗਈ। ਭਾਵੇਂ ਕਿ ਉਸ ਨੇ ਮਾਫ਼ੀ ਮੰਗ ਲਈ ਸੀ, ਪਰ ਮੈਨੂੰ ਲੱਗਾ ਕਿ ਮੈਂ ਉਸ ਨੂੰ ਦਿਲੋਂ ਕਦੇ ਨਹੀਂ ਮਾਫ਼ ਕਰ ਸਕਾਂਗੀ ਕਿਉਂਕਿ ਉਸ ਕਰਕੇ ਮੈਨੂੰ ਬਹੁਤ ਠੇਸ ਪਹੁੰਚੀ ਸੀ।”—ਲੀਨਾ
ਕੀ ਤੁਸੀਂ ਲੀਨਾ ਦੀਆਂ ਭਾਵਨਾਵਾਂ ਨੂੰ ਸਮਝ ਸਕਦੇ ਹੋ? ਅਫ਼ਸੋਸ ਦੀ ਗੱਲ ਹੈ ਕਿ ਕੁਝ ਭੈਣ-ਭਰਾ ਮੰਡਲੀ ਦੇ ਦੂਜੇ ਭੈਣਾਂ-ਭਰਾਵਾਂ ਦੇ ਰਵੱਈਏ ਕਰਕੇ ਇੰਨੇ ਪਰੇਸ਼ਾਨ ਹੋ ਗਏ ਕਿ ਯਹੋਵਾਹ ਦੀ ਸੇਵਾ ਵਿਚ ਉਨ੍ਹਾਂ ਦਾ ਜੋਸ਼ ਘੱਟ ਗਿਆ। ਹੋ ਸਕਦਾ ਹੈ ਕਿ ਤੁਹਾਡੇ ਨਾਲ ਵੀ ਇੱਦਾਂ ਹੋਇਆ ਹੋਵੇ।
ਕੀ ਕੋਈ “ਪਰਮੇਸ਼ੁਰ ਨੂੰ ਸਾਡੇ ਨਾਲ ਪਿਆਰ ਕਰਨ ਤੋਂ ਰੋਕ” ਸਕਦਾ ਹੈ?
ਇਹ ਸੱਚ ਹੈ ਕਿ ਸ਼ਾਇਦ ਸਾਨੂੰ ਕਿਸੇ ਮਸੀਹੀ ਭੈਣ ਜਾਂ ਭਰਾ ਨੂੰ ਮਾਫ਼ ਕਰਨਾ ਬਹੁਤ ਔਖਾ ਲੱਗੇ ਜਿਸ ਨੇ ਸਾਨੂੰ ਦੁੱਖ ਪਹੁੰਚਾਇਆ ਹੈ। ਮਸੀਹੀਆਂ ਨੂੰ ਹੁਕਮ ਦਿੱਤਾ ਗਿਆ ਹੈ ਕਿ ਉਨ੍ਹਾਂ ਨੂੰ ਇਕ-ਦੂਜੇ ਨਾਲ ਪਿਆਰ ਕਰਨਾ ਚਾਹੀਦਾ ਹੈ। (ਯੂਹੰਨਾ 13:34, 35) ਜੇ ਕਿਸੇ ਭੈਣ-ਭਰਾ ਨੇ ਸਾਨੂੰ ਠੇਸ ਪਹੁੰਚਾਈ ਹੈ, ਤਾਂ ਅਸੀਂ ਦੁਖੀ ਹੋ ਕੇ ਨਿਰਾਸ਼ਾ ਦੇ ਸਮੁੰਦਰ ਵਿਚ ਡੁੱਬ ਸਕਦੇ ਹਾਂ।—ਜ਼ਬੂਰਾਂ ਦੀ ਪੋਥੀ 55:12.
ਦਰਅਸਲ ਬਾਈਬਲ ਸਾਨੂੰ ਦੱਸਦੀ ਹੈ ਕਿ ਕਦੇ-ਕਦੇ ਇਸ ਤਰ੍ਹਾਂ ਦੇ ਮੌਕੇ ਆਉਂਦੇ ਹਨ ਜਦੋਂ ਇਕ ਮਸੀਹੀ ਦੂਜੇ ਨੂੰ ‘ਕਿਸੇ ਗੱਲੋਂ ਨਾਰਾਜ਼ ਕਰ ਵੀ ਦਿੰਦਾ ਹੈ।’ (ਕੁਲੁੱਸੀਆਂ 3:13) ਜਦੋਂ ਕੋਈ ਸਾਡੇ ਨਾਲ ਇੱਦਾਂ ਕਰਦਾ ਹੈ, ਤਾਂ ਸ਼ਾਇਦ ਸਾਨੂੰ ਪਤਾ ਨਾ ਲੱਗੇ ਕਿ ਅਸੀਂ ਕੀ ਕਰੀਏ। ਕੀ ਕੋਈ ਗੱਲ ਸਾਡੀ ਮਦਦ ਕਰ ਸਕਦੀ ਹੈ? ਬਾਈਬਲ ਦੇ ਤਿੰਨ ਅਸੂਲਾਂ ʼਤੇ ਧਿਆਨ ਦਿਓ:
ਸਾਡਾ ਸਵਰਗੀ ਪਿਤਾ ਸਭ ਕੁਝ ਜਾਣਦਾ ਹੈ। ਯਹੋਵਾਹ ਸਭ ਕੁਝ ਦੇਖਦਾ ਹੈ। ਹਾਂ, ਉਹ ਸਾਡੇ ਨਾਲ ਹੁੰਦੇ ਅਨਿਆਂ ਅਤੇ ਇਸ ਕਰਕੇ ਆਉਂਦੇ ਦੁੱਖਾਂ ਨੂੰ ਵੀ ਦੇਖਦਾ ਹੈ। (ਇਬਰਾਨੀਆਂ 4:13) ਇਸ ਤੋਂ ਇਲਾਵਾ, ਯਹੋਵਾਹ ਸਾਡੇ ਦੁੱਖਾਂ ਨੂੰ ਦੇਖ ਕੇ ਖ਼ੁਦ ਦੁਖੀ ਹੁੰਦਾ ਹੈ। (ਯਸਾਯਾਹ 63:9) “ਮੁਸੀਬਤਾਂ ਜਾਂ ਕਸ਼ਟ” ਜਾਂ ਕੋਈ ਹੋਰ ਚੀਜ਼, ਇੱਥੋਂ ਤਕ ਕਿ ਯਹੋਵਾਹ ਦਾ ਕੋਈ ਹੋਰ ਸੇਵਕ ਵੀ ‘ਉਸ ਨੂੰ ਸਾਡੇ ਨਾਲ ਪਿਆਰ ਕਰਨ ਤੋਂ ਨਹੀਂ ਰੋਕ ਸਕਦਾ।’ (ਰੋਮੀਆਂ 8:35, 38, 39) ਇਸੇ ਤਰ੍ਹਾਂ ਯਹੋਵਾਹ ਨਾਲ ਪਿਆਰ ਕਰਨ ਵਿਚ ਸਾਨੂੰ ਵੀ ਕਿਸੇ ਇਨਸਾਨ ਜਾਂ ਚੀਜ਼ ਨੂੰ ਰੁਕਾਵਟ ਨਹੀਂ ਬਣਨ ਦੇਣਾ ਚਾਹੀਦਾ।
ਮਾਫ਼ ਕਰਨਾ ਗ਼ਲਤੀ ਨੂੰ ਨਜ਼ਰਅੰਦਾਜ਼ ਕਰਨਾ ਨਹੀਂ ਹੈ। ਜਦੋਂ ਅਸੀਂ ਠੇਸ ਪਹੁੰਚਾਉਣ ਵਾਲੇ ਨੂੰ ਮਾਫ਼ ਕਰਦੇ ਹਾਂ, ਤਾਂ ਇਸ ਦਾ ਇਹ ਮਤਲਬ ਨਹੀਂ ਹੈ ਕਿ ਅਸੀਂ ਗੱਲ ਨੂੰ ਮਾਮੂਲੀ ਸਮਝਦੇ ਹਾਂ। ਅਤੇ ਨਾ ਹੀ ਅਸੀਂ ਇੱਦਾਂ ਸੋਚਦੇ ਹਾਂ ਜਿੱਦਾਂ ਕੁਝ ਹੋਇਆ ਹੀ ਨਹੀਂ ਜਾਂ ਨਾ ਹੀ ਉਸ ਦੀ ਗ਼ਲਤੀ ਨੂੰ ਨਜ਼ਰਅੰਦਾਜ਼ ਕਰਦੇ ਹਾਂ। ਯਾਦ ਰੱਖੋ ਕਿ ਯਹੋਵਾਹ ਕਦੇ ਵੀ ਪਾਪ ਨੂੰ ਸਹੀ ਨਹੀਂ ਠਹਿਰਾਉਂਦਾ, ਪਰ ਉਹ ਉਦੋਂ ਜ਼ਰੂਰ ਮਾਫ਼ ਕਰਦਾ ਹੈ ਜਦੋਂ ਮਾਫ਼ ਕਰਨ ਦਾ ਕੋਈ ਕਾਰਨ ਹੁੰਦਾ ਹੈ। (ਜ਼ਬੂਰਾਂ ਦੀ ਪੋਥੀ 103:12, 13; ਹਬੱਕੂਕ 1:13) ਯਹੋਵਾਹ ‘ਹਮੇਸ਼ਾ ਗੁੱਸੇ ਨਹੀਂ ਰਹਿੰਦਾ।’ ਇਸ ਲਈ ਉਹ ਸਾਨੂੰ ਦੂਜਿਆਂ ਨੂੰ ਮਾਫ਼ ਕਰਨ ਦੀ ਹੱਲਾਸ਼ੇਰੀ ਦਿੰਦਾ ਹੈ ਅਤੇ ਚਾਹੁੰਦਾ ਹੈ ਕਿ ਅਸੀਂ ਉਸ ਦੀ ਰੀਸ ਕਰੀਏ।—ਭਜਨ 103:9, CL; ਮੱਤੀ 6:14.
ਨਾਰਾਜ਼ਗੀ ਛੱਡਣ ਨਾਲ ਸਾਨੂੰ ਫ਼ਾਇਦਾ ਹੁੰਦਾ ਹੈ। ਉਹ ਕਿਵੇਂ? ਇਸ ਮਿਸਾਲ ʼਤੇ ਗੌਰ ਕਰੋ: ਤੁਸੀਂ ਇਕ ਪੱਥਰ ਚੁੱਕਦੇ ਹੋ। ਇਹ ਜ਼ਿਆਦਾ ਭਾਰਾ ਨਹੀਂ ਹੈ। ਤੁਸੀਂ ਆਪਣੀ ਬਾਂਹ ਸਿੱਧੀ ਕਰ ਕੇ ਇਸ ਨੂੰ ਚੁੱਕਿਆ ਹੋਇਆ ਹੈ। ਤੁਸੀਂ ਕਿੰਨੇ ਚਿਰ ਲਈ ਇਸ ਨੂੰ ਇੱਦਾਂ ਹੀ ਚੁੱਕ ਸਕੋਗੇ? ਕੁਝ ਮਿੰਟ? ਇਕ ਘੰਟਾ? ਜਾਂ ਇਸ ਤੋਂ ਜ਼ਿਆਦਾ ਚਿਰ? ਬਿਨਾਂ ਸ਼ੱਕ ਤੁਹਾਡੀ ਬਾਂਹ ਥੱਕ ਜਾਵੇਗੀ! ਪਰ ਪੱਥਰ ਦਾ ਭਾਰ ਤਾਂ ਉੱਨਾ ਹੀ ਹੈ। ਤੁਸੀਂ ਜਿੰਨਾ ਚਿਰ ਇਸ ਨੂੰ ਫੜੀ ਰੱਖੋਗੇ, ਇਹ ਕਹਾਉਤਾਂ 11:17.
ਉੱਨਾ ਹੀ ਜ਼ਿਆਦਾ ਭਾਰਾ ਲੱਗੇਗਾ। ਨਾਰਾਜ਼ਗੀ ਬਾਰੇ ਵੀ ਇਹੀ ਗੱਲ ਸੱਚ ਹੈ। ਜਿੰਨੀ ਦੇਰ ਅਸੀਂ ਆਪਣੇ ਮਨ ਵਿਚ ਨਾਰਾਜ਼ਗੀ ਪਾਲ਼ੀ ਰੱਖਾਂਗੇ, ਭਾਵੇਂ ਇਹ ਛੋਟੀ ਗੱਲ ਕਰਕੇ ਹੀ ਕਿਉਂ ਨਾ ਹੋਵੇ, ਉੱਨਾ ਹੀ ਜ਼ਿਆਦਾ ਅਸੀਂ ਆਪਣੇ ਆਪ ਨੂੰ ਦੁੱਖ ਦੇ ਰਹੇ ਹੋਵਾਂਗੇ। ਤਾਂ ਫਿਰ ਇਹ ਹੈਰਾਨੀ ਦੀ ਗੱਲ ਨਹੀਂ ਹੈ ਕਿ ਯਹੋਵਾਹ ਸਾਨੂੰ ਨਾਰਾਜ਼ਗੀ ਛੱਡਣ ਦੀ ਹੱਲਾਸ਼ੇਰੀ ਦਿੰਦਾ ਹੈ ਜੋ ਇਕ ਭਾਰੇ ਪੱਥਰ ਵਾਂਗ ਹੈ। ਜੀ ਹਾਂ, ਇਸ ਵਿਚ ਸਾਡਾ ਹੀ ਭਲਾ ਹੈ।—“ਮੈਨੂੰ ਇੱਦਾਂ ਲੱਗਾ ਜਿਵੇਂ ਯਹੋਵਾਹ ਖ਼ੁਦ ਮੇਰੇ ਨਾਲ ਗੱਲਾਂ ਕਰ ਰਿਹਾ ਸੀ”
ਕਿਹੜੀ ਗੱਲ ਨੇ ਲੀਨਾ ਦੀ ਮਦਦ ਕੀਤੀ ਤਾਂਕਿ ਉਹ ਆਪਣੇ ਮਨ ਵਿੱਚੋਂ ਨਾਰਾਜ਼ਗੀ ਕੱਢ ਸਕੇ? ਹੋਰ ਗੱਲਾਂ ਦੇ ਨਾਲ-ਨਾਲ ਉਸ ਨੇ ਮਾਫ਼ ਕਰਨ ਬਾਰੇ ਬਾਈਬਲ ਦੇ ਹਵਾਲਿਆਂ ʼਤੇ ਮਨਨ ਕੀਤਾ। (ਜ਼ਬੂਰਾਂ ਦੀ ਪੋਥੀ 130:3, 4) ਉਸ ਭੈਣ ਨੂੰ ਮਾਫ਼ ਕਰਨ ਲਈ ਇਕ ਖ਼ਾਸ ਗੱਲ ਨੇ ਲੀਨਾ ਨੂੰ ਪ੍ਰੇਰਿਤ ਕੀਤਾ। ਉਹ ਸੀ ਕਿ ਜਦੋਂ ਅਸੀਂ ਕਿਸੇ ਨੂੰ ਮਾਫ਼ ਕਰਾਂਗੇ, ਤਾਂ ਯਹੋਵਾਹ ਸਾਨੂੰ ਵੀ ਮਾਫ਼ ਕਰੇਗਾ। (ਅਫ਼ਸੀਆਂ 4:32–5:2) ਇਨ੍ਹਾਂ ਹਵਾਲਿਆਂ ਉੱਤੇ ਸੋਚ-ਵਿਚਾਰ ਕਰਨ ਤੋਂ ਬਾਅਦ ਉਸ ਨੇ ਕਿਹਾ: “ਮੈਨੂੰ ਇੱਦਾਂ ਲੱਗਾ ਜਿਵੇਂ ਯਹੋਵਾਹ ਖ਼ੁਦ ਮੇਰੇ ਨਾਲ ਗੱਲਾਂ ਕਰ ਰਿਹਾ ਸੀ।”
ਸਮੇਂ ਦੇ ਬੀਤਣ ਨਾਲ ਲੀਨਾ ਆਪਣੇ ਮਨ ਵਿੱਚੋਂ ਨਾਰਾਜ਼ਗੀ ਕੱਢ ਸਕੀ। ਲੀਨਾ ਨੇ ਉਸ ਭੈਣ ਨੂੰ ਦਿਲੋਂ ਮਾਫ਼ ਕੀਤਾ ਅਤੇ ਹੁਣ ਉਹ ਪੱਕੀਆਂ ਸਹੇਲੀਆਂ ਹਨ। ਲੀਨਾ ਯਹੋਵਾਹ ਦੀ ਸੇਵਾ ਵਿਚ ਵੀ ਅੱਗੇ ਵਧ ਸਕੀ। ਯਕੀਨ ਰੱਖੋ ਕਿ ਯਹੋਵਾਹ ਇੱਦਾਂ ਕਰਨ ਵਿਚ ਤੁਹਾਡੀ ਵੀ ਮਦਦ ਕਰਨੀ ਚਾਹੁੰਦਾ ਹੈ।