Skip to content

Skip to table of contents

ਪ੍ਰਬੰਧਕ ਸਭਾ ਵੱਲੋਂ ਚਿੱਠੀ

ਪ੍ਰਬੰਧਕ ਸਭਾ ਵੱਲੋਂ ਚਿੱਠੀ

ਸਾਡੇ ਪਿਆਰੇ ਭੈਣੋ-ਭਰਾਵੋ:

ਬਾਈਬਲ ਵਿਚ ਸਾਡੇ ਵਰਗੇ ਲੋਕਾਂ ਬਾਰੇ ਗੱਲ ਕੀਤੀ ਗਈ ਹੈ। ਇਨ੍ਹਾਂ ਵਿੱਚੋਂ ਬਹੁਤ ਸਾਰੇ ਵਫ਼ਾਦਾਰ ਆਦਮੀਆਂ ਅਤੇ ਔਰਤਾਂ ਨੇ ਸਾਡੇ ਵਰਗੀਆਂ ਚੁਣੌਤੀਆਂ ਦਾ ਸਾਮ੍ਹਣਾ ਕੀਤਾ ਸੀ। ਉਨ੍ਹਾਂ ਦੀਆਂ “ਸਾਡੇ ਵਰਗੀਆਂ ਭਾਵਨਾਵਾਂ” ਸਨ। (ਯਾਕੂਬ 5:17) ਕੁਝ ਲੋਕ ਮੁਸ਼ਕਲਾਂ ਅਤੇ ਚਿੰਤਾਵਾਂ ਦੇ ਬੋਝ ਹੇਠ ਦੱਬੇ ਹੋਏ ਸਨ। ਕਈਆਂ ਨੂੰ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਜਾਂ ਪਰਮੇਸ਼ੁਰ ਦੇ ਹੋਰ ਸੇਵਕਾਂ ਨੇ ਦੁੱਖ ਪਹੁੰਚਾਇਆ ਸੀ। ਕਈ ਹੋਰਨਾਂ ਨੂੰ ਖ਼ੁਦ ਦੀਆਂ ਗ਼ਲਤੀਆਂ ਕਰਕੇ ਦੋਸ਼ੀ ਭਾਵਨਾਵਾਂ ਨਾਲ ਜੂਝਣਾ ਪਿਆ।

ਕੀ ਇਨ੍ਹਾਂ ਸੇਵਕਾਂ ਨੇ ਯਹੋਵਾਹ ਨੂੰ ਬਿਲਕੁਲ ਹੀ ਛੱਡ ਦਿੱਤਾ ਸੀ? ਜੀ ਨਹੀਂ। ਇਨ੍ਹਾਂ ਵਿੱਚੋਂ ਕਈ ਜ਼ਬੂਰਾਂ ਦੇ ਲਿਖਾਰੀ ਵਾਂਗ ਮਹਿਸੂਸ ਕਰਦੇ ਸਨ ਜਿਸ ਨੇ ਪ੍ਰਾਰਥਨਾ ਵਿਚ ਕਿਹਾ ਸੀ: “ਮੈਂ ਗੁਆਚੀ ਹੋਈ ਭੇਡ ਵਾਂਙੁ ਭਟਕ ਗਿਆ ਹਾਂ, ਆਪਣੇ ਦਾਸ ਨੂੰ ਭਾਲ, ਕਿਉਂ ਜੋ ਮੈਂ ਤੇਰੇ ਹੁਕਮ ਨਹੀਂ ਭੁੱਲਦਾ ਹਾਂ।” (ਜ਼ਬੂਰਾਂ ਦੀ ਪੋਥੀ 119:176) ਕੀ ਤੁਸੀਂ ਵੀ ਇਸੇ ਤਰ੍ਹਾਂ ਮਹਿਸੂਸ ਕਰਦੇ ਹੋ?

ਯਹੋਵਾਹ ਆਪਣੇ ਉਨ੍ਹਾਂ ਸੇਵਕਾਂ ਨੂੰ ਕਦੇ ਨਹੀਂ ਭੁੱਲਦਾ ਜੋ ਮੰਡਲੀ ਤੋਂ ਦੂਰ ਚਲੇ ਜਾਂਦੇ ਹਨ। ਇਸ ਤੋਂ ਉਲਟ, ਉਹ ਉਨ੍ਹਾਂ ਵੱਲ ਮਦਦ ਲਈ ਆਪਣਾ ਹੱਥ ਵਧਾਉਂਦਾ ਹੈ। ਯਹੋਵਾਹ ਅਕਸਰ ਆਪਣੇ ਕਿਸੇ ਸੇਵਕ ਰਾਹੀਂ ਉਨ੍ਹਾਂ ਦੀ ਮਦਦ ਕਰਦਾ ਹੈ। ਮਿਸਾਲ ਲਈ, ਜ਼ਰਾ ਸੋਚੋ ਕਿ ਯਹੋਵਾਹ ਨੇ ਆਪਣੇ ਸੇਵਕ ਅੱਯੂਬ ਦੀ ਕਿਵੇਂ ਮਦਦ ਕੀਤੀ ਸੀ ਜਦ ਉਸ ʼਤੇ ਮੁਸੀਬਤਾਂ ਦਾ ਪਹਾੜ ਟੁੱਟ ਪਿਆ ਸੀ। ਉਸ ਦੇ ਮਾਲ-ਧਨ ਦਾ ਨੁਕਸਾਨ ਹੋਇਆ, ਉਸ ਨੇ ਆਪਣਿਆਂ ਦੀ ਮੌਤ ਦਾ ਗਮ ਸਹਿਆ ਅਤੇ ਉਸ ਨੂੰ ਭਿਆਨਕ ਬੀਮਾਰੀ ਲੱਗ ਗਈ। ਉਸ ਨੂੰ ਲੋਕਾਂ ਦੀਆਂ ਠੇਸ ਪਹੁੰਚਾਉਣ ਵਾਲੀਆਂ ਗੱਲਾਂ ਵੀ ਸੁਣਨੀਆਂ ਪਈਆਂ ਜਿਨ੍ਹਾਂ ਨੂੰ ਉਸ ਨੂੰ ਸਹਾਰਾ ਦੇਣਾ ਚਾਹੀਦਾ ਸੀ। ਭਾਵੇਂ ਕਿ ਅੱਯੂਬ ਨੇ ਯਹੋਵਾਹ ਤੋਂ ਕਦੇ ਮੂੰਹ ਨਹੀਂ ਮੋੜਿਆ ਸੀ, ਫਿਰ ਵੀ ਉਹ ਕੁਝ ਸਮੇਂ ਲਈ ਗ਼ਲਤ ਸੋਚਣ ਲੱਗ ਪਿਆ ਸੀ। (ਅੱਯੂਬ 1:22; 2:10) ਯਹੋਵਾਹ ਨੇ ਅੱਯੂਬ ਦੀ ਸੋਚ ਨੂੰ ਕਿਵੇਂ ਸੁਧਾਰਿਆ?

ਅੱਯੂਬ ਨੂੰ ਮਦਦ ਦੇਣ ਲਈ ਯਹੋਵਾਹ ਨੇ ਅਲੀਹੂ ਨੂੰ ਭੇਜਿਆ। ਜਦ ਅੱਯੂਬ ਨੇ ਆਪਣੀਆਂ ਪਰੇਸ਼ਾਨੀਆਂ ਬਾਰੇ ਅਲੀਹੂ ਨੂੰ ਦੱਸਿਆ, ਤਾਂ ਉਸ ਨੇ ਧਿਆਨ ਨਾਲ ਸੁਣਿਆ। ਉਸ ਦੀਆਂ ਪਰੇਸ਼ਾਨੀਆਂ ਸੁਣਨ ਤੋਂ ਬਾਅਦ ਹੀ ਉਸ ਨੇ ਅੱਯੂਬ ਨਾਲ ਗੱਲ ਕੀਤੀ। ਕੀ ਉਸ ਨੇ ਅੱਯੂਬ ਦੀ ਨੁਕਤਾਚੀਨੀ ਕੀਤੀ ਜਾਂ ਅੱਯੂਬ ਨੂੰ ਦੋਸ਼ੀ ਮਹਿਸੂਸ ਕਰਾਉਣ ਜਾਂ ਸ਼ਰਮਿੰਦਾ ਕਰਨ ਦੀ ਕੋਸ਼ਿਸ਼ ਕੀਤੀ? ਕੀ ਉਸ ਨੇ ਆਪਣੇ ਆਪ ਨੂੰ ਅੱਯੂਬ ਨਾਲੋਂ ਜ਼ਿਆਦਾ ਧਰਮੀ ਸਮਝਿਆ? ਬਿਲਕੁਲ ਨਹੀਂ! ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਪ੍ਰੇਰਣਾ ਅਧੀਨ ਅਲੀਹੂ ਨੇ ਕਿਹਾ: “ਵੇਖ, ਮੈਂ ਪਰਮੇਸ਼ੁਰ ਲਈ ਤੇਰੇ ਜਿਹਾ ਹਾਂ, ਮੈਂ ਵੀ ਗਾਰੇ ਦੇ ਇੱਕ ਥੋਬੇ ਦਾ ਬਣਿਆ ਹੋਇਆ ਹਾਂ।” ਫਿਰ ਅਲੀਹੂ ਨੇ ਅੱਯੂਬ ਨੂੰ ਭਰੋਸਾ ਦਿਵਾਇਆ: “ਵੇਖ, ਮੇਰੇ ਭੈ ਤੋਂ ਤੈਨੂੰ ਡਰਨਾ ਨਾ ਪਊਗਾ, ਮੇਰਾ ਦਾਬਾ ਤੇਰੇ ਉੱਤੇ ਭਾਰੀ ਨਾ ਹੋਊਗਾ।” (ਅੱਯੂਬ 33:6, 7) ਅੱਯੂਬ ਨੂੰ ਹੋਰ ਦੁਖੀ ਕਰਨ ਦੀ ਬਜਾਇ, ਅਲੀਹੂ ਨੇ ਲੋੜ ਮੁਤਾਬਕ ਉਸ ਨੂੰ ਪਿਆਰ ਨਾਲ ਸਲਾਹ ਅਤੇ ਹੌਸਲਾ ਦਿੱਤਾ।

ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਅਲੀਹੂ ਦੀ ਮਿਸਾਲ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਬਰੋਸ਼ਰ ਤਿਆਰ ਕੀਤਾ ਹੈ। ਪਹਿਲਾਂ ਅਸੀਂ ਮੰਡਲੀ ਤੋਂ ਦੂਰ ਹੋ ਚੁੱਕੇ ਭੈਣਾਂ-ਭਰਾਵਾਂ ਦੇ ਦਿਲਾਂ ਦੀਆਂ ਗੱਲਾਂ ਸੁਣੀਆਂ ਅਤੇ ਉਨ੍ਹਾਂ ਦੇ ਹਾਲਾਤਾਂ ʼਤੇ ਧਿਆਨ ਨਾਲ ਸੋਚ-ਵਿਚਾਰ ਕੀਤਾ। (ਕਹਾਉਤਾਂ 18:13) ਫਿਰ ਅਸੀਂ ਯਹੋਵਾਹ ਨੂੰ ਪ੍ਰਾਰਥਨਾ ਕਰ ਕੇ ਬਾਈਬਲ ਵਿੱਚੋਂ ਪਰਮੇਸ਼ੁਰ ਦੇ ਪੁਰਾਣੇ ਸਮੇਂ ਦੇ ਸੇਵਕਾਂ ਦੀਆਂ ਮਿਸਾਲਾਂ ਦੀ ਜਾਂਚ ਕੀਤੀ ਕਿ ਯਹੋਵਾਹ ਨੇ ਉਨ੍ਹਾਂ ਦੀ ਕਿਵੇਂ ਮਦਦ ਕੀਤੀ ਜਦ ਉਨ੍ਹਾਂ ਨੇ ਇਸ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਮ੍ਹਣਾ ਕੀਤਾ ਸੀ। ਇਸ ਤੋਂ ਬਾਅਦ, ਅਸੀਂ ਉਨ੍ਹਾਂ ਮਿਸਾਲਾਂ ਅਤੇ ਅੱਜ ਦੇ ਸੇਵਕਾਂ ਦੇ ਤਜਰਬਿਆਂ ਨੂੰ ਇਕੱਠਾ ਕਰ ਕੇ ਇਹ ਬਰੋਸ਼ਰ ਤੁਹਾਡੇ ਲਈ ਤਿਆਰ ਕੀਤਾ ਗਿਆ ਹੈ ਅਤੇ ਅਸੀਂ ਤੁਹਾਨੂੰ ਇਸ ਬਰੋਸ਼ਰ ਨੂੰ ਪੜ੍ਹਨ ਦਾ ਸੱਦਾ ਦਿੰਦੇ ਹਾਂ। ਅਸੀਂ ਤੁਹਾਨੂੰ ਦਿਲੋਂ ਪਿਆਰ ਕਰਦੇ ਹਾਂ।

ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ