Skip to content

Skip to table of contents

ਅਧਿਆਇ 15

“ਮੈ ਤੇਰੀ ਵੇਸਵਾਗਿਰੀ ਦਾ ਅੰਤ ਕਰ ਦਿਆਂਗਾ”

“ਮੈ ਤੇਰੀ ਵੇਸਵਾਗਿਰੀ ਦਾ ਅੰਤ ਕਰ ਦਿਆਂਗਾ”

ਹਿਜ਼ਕੀਏਲ 16:41

ਮੁੱਖ ਗੱਲ: ਹਿਜ਼ਕੀਏਲ ਤੇ ਪ੍ਰਕਾਸ਼ ਦੀ ਕਿਤਾਬ ਵਿਚ ਵੇਸਵਾਵਾਂ ਨੂੰ ਜਿਵੇਂ ਬਿਆਨ ਕੀਤਾ ਗਿਆ ਹੈ, ਉਸ ਤੋਂ ਅਸੀਂ ਕੀ ਸਿੱਖਦੇ ਹਾਂ

1, 2. ਸਾਨੂੰ ਖ਼ਾਸ ਤੌਰ ਤੇ ਕਿਹੋ ਜਿਹੀ ਵੇਸਵਾ ਤੋਂ ਘਿਣ ਆਉਂਦੀ ਹੈ?

ਸਾਨੂੰ ਇਹ ਦੇਖ ਕੇ ਬਹੁਤ ਦੁੱਖ ਲੱਗਦਾ ਹੈ ਜਦੋਂ ਕੋਈ ਕੁੜੀ ਵੇਸਵਾ ਬਣ ਜਾਂਦੀ ਹੈ। ਅਸੀਂ ਸ਼ਾਇਦ ਸੋਚੀਏ ਕਿ ਪਤਾ ਨਹੀਂ ਕਿਹੜੇ ਹਾਲਾਤਾਂ ਕਰਕੇ ਉਹ ਇਸ ਤਰ੍ਹਾਂ ਦੀ ਜ਼ਿੰਦਗੀ ਜੀਉਣ ਲਈ ਮਜਬੂਰ ਹੋ ਗਈ। ਹੋ ਸਕਦਾ ਹੈ ਕਿ ਘਰ ਵਿਚ ਉਸ ਨਾਲ ਹੁੰਦੀ ਮਾਰ-ਕੁੱਟ ਜਾਂ ਬਦਫ਼ੈਲੀ ਕਰਕੇ ਉਹ ਇਹ ਕੰਮ ਕਰਨ ਲੱਗ ਪਈ। ਜਾਂ ਸ਼ਾਇਦ ਅੱਤ ਦੀ ਗ਼ਰੀਬੀ ਕਰਕੇ ਉਸ ਨੇ ਆਪਣੇ ਆਪ ਨੂੰ ਵੇਚ ਦਿੱਤਾ। ਜਾਂ ਫਿਰ ਉਹ ਆਪਣੇ ਪਤੀ ਦੇ ਜ਼ੁਲਮਾਂ ਤੋਂ ਬਚਣ ਲਈ ਇਸ ਦਲਦਲ ਵਿਚ ਜਾ ਧਸੀ। ਇਸ ਬੁਰੀ ਦੁਨੀਆਂ ਵਿਚ ਇਸ ਤਰ੍ਹਾਂ ਦੀਆਂ ਦੁੱਖ ਭਰੀਆਂ ਕਹਾਣੀਆਂ ਆਮ ਹੀ ਸੁਣਨ ਨੂੰ ਮਿਲਦੀਆਂ ਹਨ। ਇਸ ਲਈ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਯਿਸੂ ਮਸੀਹ ਨੂੰ ਕੁਝ ਵੇਸਵਾਵਾਂ ’ਤੇ ਤਰਸ ਆਇਆ ਤੇ ਉਹ ਉਨ੍ਹਾਂ ਨਾਲ ਦਇਆ ਨਾਲ ਪੇਸ਼ ਆਇਆ। ਉਸ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਜਿਹੜੇ ਲੋਕ ਤੋਬਾ ਕਰਨਗੇ ਅਤੇ ਆਪਣੀ ਜ਼ਿੰਦਗੀ ਵਿਚ ਫੇਰ-ਬਦਲ ਕਰਨਗੇ, ਉਹ ਵਧੀਆ ਜ਼ਿੰਦਗੀ ਜੀ ਸਕਣਗੇ।​—ਮੱਤੀ 21:28-32; ਲੂਕਾ 7:36-50.

2 ਪਰ ਤੁਸੀਂ ਅਜਿਹੀ ਔਰਤ ਬਾਰੇ ਕੀ ਕਹੋਗੇ ਜੋ ਆਪਣੀ ਮਰਜ਼ੀ ਨਾਲ ਵੇਸਵਾ ਬਣੀ ਹੈ? ਉਸ ਨੂੰ ਇਹ ਕੰਮ ਘਟੀਆ ਨਹੀਂ ਲੱਗਦਾ, ਸਗੋਂ ਉਸ ਨੂੰ ਫ਼ਖ਼ਰ ਹੈ ਕਿ ਉਹ ਬਹੁਤ ਸਾਰਾ ਪੈਸਾ ਕਮਾਉਂਦੀ ਹੈ ਅਤੇ ਲੋਕਾਂ ਨੂੰ ਆਪਣੀ ਮੁੱਠੀ ਵਿਚ ਕਰਦੀ ਹੈ। ਭਾਵੇਂ ਉਸ ਦਾ ਪਤੀ ਚੰਗਾ ਸੀ ਅਤੇ ਉਸ ਪ੍ਰਤੀ ਵਫ਼ਾਦਾਰ ਸੀ, ਫਿਰ ਵੀ ਉਸ ਨੇ ਆਪਣੇ ਪਤੀ ਨਾਲ ਬੇਵਫ਼ਾਈ ਕੀਤੀ ਅਤੇ ਵੇਸਵਾ ਬਣ ਗਈ। ਕਿੰਨੀ ਹੀ ਮਾੜੀ ਗੱਲ! ਇਸ ਤਰ੍ਹਾਂ ਦੀ ਔਰਤ ਤੋਂ ਹਰ ਕੋਈ ਘਿਣ ਕਰੇਗਾ। ਅਸੀਂ ਜਿੰਨੀ ਘਿਰਣਾ ਅਜਿਹੀ ਬਦਚਲਣ ਔਰਤ ਨਾਲ ਕਰਦੇ ਹਾਂ, ਉੱਨੀ ਹੀ ਘਿਰਣਾ ਯਹੋਵਾਹ ਝੂਠੇ ਧਰਮਾਂ ਨਾਲ ਕਰਦਾ ਹੈ। ਇਸੇ ਕਰਕੇ ਯਹੋਵਾਹ ਨੇ ਝੂਠੇ ਧਰਮਾਂ ਦੀ ਤੁਲਨਾ ਵੇਸਵਾ ਨਾਲ ਕੀਤੀ।

3. ਇਸ ਅਧਿਆਇ ਵਿਚ ਅਸੀਂ ਕਿਨ੍ਹਾਂ ਗੱਲਾਂ ’ਤੇ ਚਰਚਾਂ ਕਰਾਂਗੇ?

3 ਹਿਜ਼ਕੀਏਲ ਦੀ ਕਿਤਾਬ ਵਿਚ ਦੋ ਬਿਰਤਾਂਤ ਦਿੱਤੇ ਗਏ ਹਨ। ਇਨ੍ਹਾਂ ਬਿਰਤਾਂਤਾਂ ਵਿਚ ਇਜ਼ਰਾਈਲ ਅਤੇ ਯਹੂਦਾਹ ਦੇ ਲੋਕਾਂ ਦੀ ਤੁਲਨਾ ਵੇਸਵਾਵਾਂ ਨਾਲ ਕੀਤੀ ਗਈ ਹੈ ਅਤੇ ਦੱਸਿਆ ਹੈ ਕਿ ਉਨ੍ਹਾਂ ਨੇ ਕਿੰਨੀ ਬੇਵਫ਼ਾਈ ਕੀਤੀ। (ਹਿਜ਼., ਅਧਿ. 16 ਅਤੇ 23) ਇਨ੍ਹਾਂ ਬਿਰਤਾਂਤਾਂ ’ਤੇ ਗੌਰ ਕਰਨ ਤੋਂ ਪਹਿਲਾਂ ਆਓ ਆਪਾਂ ਬਾਈਬਲ ਵਿਚ ਦੱਸੀ ਇਕ ਹੋਰ ਵੇਸਵਾ ’ਤੇ ਗੌਰ ਕਰੀਏ। ਉਸ ਨੇ ਹਿਜ਼ਕੀਏਲ ਦੇ ਜ਼ਮਾਨੇ ਤੋਂ ਕਾਫ਼ੀ ਸਮਾਂ ਪਹਿਲਾਂ, ਇੱਥੋਂ ਤਕ ਕਿ ਇਜ਼ਰਾਈਲ ਦੇ ਹੋਂਦ ਵਿਚ ਆਉਣ ਤੋਂ ਵੀ ਪਹਿਲਾਂ ਬਦਚਲਣੀ ਕਰਨੀ ਸ਼ੁਰੂ ਕਰ ਦਿੱਤੀ ਸੀ। ਉਹ ਅੱਜ ਵੀ ਇਸ ਕੰਮ ਲਈ ਮਸ਼ਹੂਰ ਹੈ। ਬਾਈਬਲ ਦੇ ਅਖ਼ੀਰ ਵਿਚ ਪ੍ਰਕਾਸ਼ ਦੀ ਕਿਤਾਬ ਵਿਚ ਇਸ ਵੇਸਵਾ ਦੀ ਪਛਾਣ ਕਰਾਈ ਗਈ ਹੈ।

‘ਵੇਸਵਾਵਾਂ ਦੀ ਮਾਂ’

4, 5. “ਮਹਾਂ ਬਾਬਲ” ਕੀ ਹੈ ਅਤੇ ਅਸੀਂ ਇਹ ਗੱਲ ਕਿਵੇਂ ਜਾਣਦੇ ਹਾਂ? (ਪਹਿਲੀ ਤਸਵੀਰ ਦੇਖੋ।)

4 ਪਹਿਲੀ ਸਦੀ ਦੇ ਅਖ਼ੀਰ ਵਿਚ ਯਿਸੂ ਨੇ ਯੂਹੰਨਾ ਰਸੂਲ ਨੂੰ ਦਰਸ਼ਣ ਵਿਚ ਅਜੀਬੋ-ਗ਼ਰੀਬ ਔਰਤ ਦਿਖਾਈ। ਇਸ ਔਰਤ ਨੂੰ “ਵੱਡੀ ਵੇਸਵਾ” ਅਤੇ ‘ਮਹਾਂ ਬਾਬਲ, ਵੇਸਵਾਵਾਂ ਦੀ ਮਾਂ’ ਕਿਹਾ ਗਿਆ ਹੈ। (ਪ੍ਰਕਾ. 17:1, 5) ਸਦੀਆਂ ਤੋਂ ਧਾਰਮਿਕ ਗੁਰੂ ਅਤੇ ਬਾਈਬਲ ਦੇ ਵਿਦਵਾਨ ਇਹ ਰਾਜ਼ ਜਾਣਨ ਦੀ ਕੋਸ਼ਿਸ਼ ਕਰਦੇ ਆਏ ਹਨ ਕਿ ਇਹ ਵੇਸਵਾ ਕਿਸ ਨੂੰ ਦਰਸਾਉਂਦੀ ਹੈ। ਉਨ੍ਹਾਂ ਨੇ ਅਲੱਗ-ਅਲੱਗ ਅੰਦਾਜ਼ੇ ਲਾਏ ਕਿ ਇਹ ਵੇਸਵਾ ਬਾਬਲ, ਰੋਮ ਜਾਂ ਰੋਮਨ ਕੈਥੋਲਿਕ ਚਰਚ ਨੂੰ ਦਰਸਾਉਂਦੀ ਹੈ। ਕਾਫ਼ੀ ਸਾਲ ਪਹਿਲਾਂ ਯਹੋਵਾਹ ਦੇ ਗਵਾਹਾਂ ਨੇ ਪਛਾਣ ਕਰ ਲਈ ਸੀ ਕਿ “ਵੱਡੀ ਵੇਸਵਾ” ਝੂਠੇ ਧਰਮਾਂ ਦਾ ਵਿਸ਼ਵ ਸਾਮਰਾਜ ਹੈ। ਅਸੀਂ ਇਹ ਗੱਲ ਕਿਵੇਂ ਜਾਣਦੇ ਹਾਂ?

5 “ਧਰਤੀ ਦੇ ਰਾਜਿਆਂ” ਯਾਨੀ ਰਾਜਨੀਤਿਕ ਤਾਕਤਾਂ ਨਾਲ ਨਾਜਾਇਜ਼ ਸੰਬੰਧ ਰੱਖਣ ਕਰਕੇ ਇਸ ਵੇਸਵਾ ਦੀ ਨਿੰਦਿਆ ਕੀਤੀ ਗਈ ਹੈ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਇਹ ਵੇਸਵਾ ਰਾਜਨੀਤਿਕ ਤਾਕਤਾਂ ਨੂੰ ਨਹੀਂ ਦਰਸਾਉਂਦੀ। ਪ੍ਰਕਾਸ਼ ਦੀ ਕਿਤਾਬ ਵਿਚ ਦੱਸਿਆ ਗਿਆ ਹੈ ਕਿ ਮਹਾਂ ਬਾਬਲ ਦਾ ਨਾਸ਼ ਹੋਣ ਤੇ “ਧਰਤੀ ਦੇ ਵਪਾਰੀ” ਯਾਨੀ ਇਸ ਦੁਨੀਆਂ ਦਾ ਵਪਾਰ ਜਗਤ ਸੋਗ ਮਨਾਉਂਦਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਮਹਾਂ ਬਾਬਲ ਵਪਾਰ ਜਗਤ ਨੂੰ ਨਹੀਂ ਦਰਸਾਉਂਦੀ। ਤਾਂ ਫਿਰ ਇਹ ਵੇਸਵਾ ਕੌਣ ਹੈ? ਇਹ ਭ੍ਰਿਸ਼ਟ ਧਾਰਮਿਕ ਸੰਗਠਨਾਂ ਨੂੰ ਦਰਸਾਉਂਦੀ ਹੈ। ਬਾਈਬਲ ਵਿਚ ਲਿਖਿਆ ਹੈ ਕਿ ਇਹ ਵੇਸਵਾ “ਜਾਦੂਗਰੀਆਂ” ਤੇ ਮੂਰਤੀ-ਪੂਜਾ ਕਰਦੀ ਹੈ ਅਤੇ ਲੋਕਾਂ ਨੂੰ ਗੁਮਰਾਹ ਕਰਦੀ ਹੈ। ਇਹ ਵੀ ਗੌਰ ਕਰੋ ਕਿ ਇਹ ਵੇਸਵਾ ਦੁਨੀਆਂ ਦੀਆਂ ਰਾਜਨੀਤਿਕ ਤਾਕਤਾਂ ਉੱਤੇ ਸਵਾਰ ਹੈ ਯਾਨੀ ਇਸ ਦਾ ਉਨ੍ਹਾਂ ਉੱਤੇ ਕਾਫ਼ੀ ਦਬਦਬਾ ਹੈ। ਇਹ ਯਹੋਵਾਹ ਦੇ ਵਫ਼ਾਦਾਰ ਸੇਵਕਾਂ ’ਤੇ ਅਤਿਆਚਾਰ ਵੀ ਕਰਦੀ ਹੈ। (ਪ੍ਰਕਾ. 17:2, 3; 18:11, 23, 24) ਝੂਠੇ ਧਰਮ ਸ਼ੁਰੂ ਤੋਂ ਲੈ ਕੇ ਹੁਣ ਤਕ ਇਹੀ ਕੰਮ ਕਰਦੇ ਆਏ ਹਨ।

ਪੁਰਾਣੇ ਬਾਬਲ ਅਤੇ ਬਾਅਦ ਵਿਚ ਬੈਬੀਲੋਨੀਆ ਕਹਾਏ ਜਾਣ ਵਾਲੇ ਸ਼ਹਿਰ ਤੋਂ ਝੂਠੇ ਧਰਮ ਨਾਲ ਸੰਬੰਧਿਤ ਰਿਵਾਜ ਤੇ ਸਿੱਖਿਆਵਾਂ ਫੈਲੀਆਂ ਅਤੇ ਸੰਗਠਨ ਆਏ (ਪੈਰਾ 6 ਦੇਖੋ)

6. ਮਹਾਂ ਬਾਬਲ ਨੂੰ ‘ਵੇਸਵਾਵਾਂ ਦੀ ਮਾਂ’ ਕਿਉਂ ਕਿਹਾ ਗਿਆ ਹੈ?

6 ਮਹਾਂ ਬਾਬਲ ਨੂੰ ਸਿਰਫ਼ “ਵੱਡੀ ਵੇਸਵਾ” ਨਹੀਂ, ਸਗੋਂ ‘ਵੇਸਵਾਵਾਂ ਦੀ ਮਾਂ’ ਵੀ ਕਿਹਾ ਗਿਆ ਹੈ। ਝੂਠੇ ਧਰਮਾਂ ਵਿਚ ਅਣਗਿਣਤ ਗੁੱਟ ਬਣੇ ਹੋਏ ਹਨ। ਇਨ੍ਹਾਂ ਗੁੱਟਾਂ ਵਿਚ ਅੱਗੋਂ ਬਹੁਤ ਸਾਰੇ ਪੰਥ ਤੇ ਫ਼ਿਰਕੇ ਹਨ। ਪੁਰਾਣੇ ਸਮੇਂ ਦੇ ਬਾਬਲ ਵਿਚ ਜਦੋਂ ਭਾਸ਼ਾਵਾਂ ਦੀ ਗੜਬੜੀ ਹੋਈ, ਉਦੋਂ ਤੋਂ ਝੂਠੇ ਧਰਮਾਂ ਦੀਆਂ ਸਿੱਖਿਆਵਾਂ ਦੂਰ-ਦੂਰ ਤਕ ਫੈਲਣ ਲੱਗੀਆਂ ਅਤੇ ਸਮੇਂ ਦੇ ਬੀਤਣ ਨਾਲ ਬੇਹਿਸਾਬ ਨਵੇਂ-ਨਵੇਂ ਧਰਮ ਬਣਦੇ ਗਏ। ਇਹ ਕਹਿਣਾ ਸਹੀ ਹੈ ਕਿ “ਮਹਾਂ ਬਾਬਲ” ਦਾ ਨਾਂ ਬਾਬਲ ਸ਼ਹਿਰ ਦੇ ਨਾਂ ਤੋਂ ਹੀ ਪਿਆ ਜਿੱਥੋਂ ਝੂਠੇ ਧਰਮਾਂ ਦੀ ਸ਼ੁਰੂਆਤ ਹੋਈ। (ਉਤ. 11:1-9) ਇਸ ਕਰਕੇ ਕਿਹਾ ਜਾ ਸਕਦਾ ਹੈ ਕਿ ਇਹ ਸਾਰੇ ਧਰਮ ਇੱਕੋ ਸੰਗਠਨ ਦੀ ਉਪਜ ਹਨ ਯਾਨੀ ਵੱਡੀ ਵੇਸਵਾ ਦੀਆਂ “ਧੀਆਂ” ਹਨ। ਸ਼ੈਤਾਨ ਅਕਸਰ ਇਨ੍ਹਾਂ ਧਰਮਾਂ ਦੇ ਜ਼ਰੀਏ ਲੋਕਾਂ ਨੂੰ ਜਾਦੂਗਰੀ, ਮੂਰਤੀ-ਪੂਜਾ ਅਤੇ ਪਰਮੇਸ਼ੁਰ ਦੀ ਬੇਅਦਬੀ ਕਰਨ ਵਾਲੀਆਂ ਹੋਰ ਸਿੱਖਿਆਵਾਂ ਅਤੇ ਰੀਤੀ-ਰਿਵਾਜਾਂ ਵਿਚ ਉਲਝਾਉਣ ਦੀ ਕੋਸ਼ਿਸ਼ ਕਰਦਾ ਹੈ। ਇਸੇ ਕਰਕੇ ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਇਸ ਭ੍ਰਿਸ਼ਟ ਸੰਗਠਨ ਤੋਂ ਦੂਰ ਰਹਿਣ ਜੋ ਪੂਰੀ ਦੁਨੀਆਂ ਵਿਚ ਹੈ। ਯਹੋਵਾਹ ਨੇ ਕਿਹਾ: ‘ਹੇ ਮੇਰੇ ਲੋਕੋ, ਜੇ ਤੁਸੀਂ ਉਸ ਦੇ ਪਾਪਾਂ ਦੇ ਹਿੱਸੇਦਾਰ ਨਹੀਂ ਬਣਨਾ ਚਾਹੁੰਦੇ, ਤਾਂ ਉਸ ਵਿੱਚੋਂ ਨਿਕਲ ਆਓ।’​—ਪ੍ਰਕਾਸ਼ ਦੀ ਕਿਤਾਬ 18:4, 5 ਪੜ੍ਹੋ।

7. ਸਾਨੂੰ ਮਹਾਂ ਬਾਬਲ ਵਿੱਚੋਂ ਕਿਉਂ ‘ਨਿਕਲ ਆਉਣਾ’ ਚਾਹੀਦਾ ਹੈ?

7 ਕੀ ਤੁਸੀਂ ਇਸ ਚੇਤਾਵਨੀ ਨੂੰ ਮੰਨਿਆ ਹੈ? ਯਾਦ ਰੱਖੋ ਕਿ ਯਹੋਵਾਹ ਨੇ ਇਨਸਾਨਾਂ ਨੂੰ ਇਸ ਤਰ੍ਹਾਂ ਬਣਾਇਆ ਹੈ ਕਿ ਉਨ੍ਹਾਂ ਨੂੰ “ਪਰਮੇਸ਼ੁਰ ਦੀ ਅਗਵਾਈ” ਦੀ ਲੋੜ ਹੈ। (ਮੱਤੀ 5:3) ਉਹ ਆਪਣੀ ਇਸ ਲੋੜ ਨੂੰ ਸਿਰਫ਼ ਯਹੋਵਾਹ ਦੀ ਸ਼ੁੱਧ ਭਗਤੀ ਕਰ ਕੇ ਹੀ ਪੂਰਾ ਕਰ ਸਕਦੇ ਹਨ। ਯਹੋਵਾਹ ਦੇ ਲੋਕ ਜਾਣਦੇ ਹਨ ਕਿ ਉਸ ਤੋਂ ਇਲਾਵਾ ਕਿਸੇ ਹੋਰ ਦੀ ਭਗਤੀ ਕਰਨੀ ਯਹੋਵਾਹ ਦੀਆਂ ਨਜ਼ਰਾਂ ਵਿਚ ਵੇਸਵਾਗਿਰੀ ਕਰਨ ਵਾਂਗ ਹੈ। ਇਸੇ ਲਈ ਉਹ ਝੂਠੀ ਭਗਤੀ ਤੋਂ ਜਿੰਨਾ ਹੋ ਸਕੇ ਦੂਰ ਰਹਿੰਦੇ ਹਨ। ਪਰ ਸ਼ੈਤਾਨ ਪਰਮੇਸ਼ੁਰ ਦੇ ਲੋਕਾਂ ਨੂੰ ਇਸ ਵੇਸਵਾਗਿਰੀ ਦੇ ਫੰਦੇ ਵਿਚ ਫਸਾਉਣਾ ਚਾਹੁੰਦਾ ਹੈ ਤੇ ਉਸ ਨੂੰ ਇਸ ਤੋਂ ਬਹੁਤ ਖ਼ੁਸ਼ੀ ਮਿਲਦੀ ਹੈ। ਉਹ ਅਕਸਰ ਇਸ ਵਿਚ ਕਾਮਯਾਬ ਵੀ ਹੋਇਆ ਹੈ। ਹਿਜ਼ਕੀਏਲ ਦੇ ਜ਼ਮਾਨੇ ਤਕ ਪਰਮੇਸ਼ੁਰ ਦੇ ਲੋਕਾਂ ਨੂੰ ਝੂਠੀ ਭਗਤੀ ਕਰਦਿਆਂ ਕਾਫ਼ੀ ਲੰਬਾ ਸਮਾਂ ਹੋ ਗਿਆ ਸੀ। ਆਓ ਆਪਾਂ ਇਜ਼ਰਾਈਲੀਆਂ ਦੇ ਇਤਿਹਾਸ ’ਤੇ ਇਕ ਨਜ਼ਰ ਮਾਰੀਏ। ਇਸ ਤੋਂ ਅਸੀਂ ਯਹੋਵਾਹ ਦੇ ਮਿਆਰਾਂ, ਨਿਆਂ ਅਤੇ ਦਇਆ ਬਾਰੇ ਕਾਫ਼ੀ ਕੁਝ ਸਿੱਖ ਸਕਾਂਗੇ।

‘ਤੂੰ ਵੇਸਵਾ ਬਣ ਗਈ’

8-10. (ੳ) ਸ਼ੁੱਧ ਭਗਤੀ ਬਾਰੇ ਸਾਨੂੰ ਕਿਹੜੀ ਖ਼ਾਸ ਮੰਗ ਦਾ ਧਿਆਨ ਰੱਖਣਾ ਚਾਹੀਦਾ ਹੈ? (ਅ) ਯਹੋਵਾਹ ਝੂਠੀ ਭਗਤੀ ਨੂੰ ਕਿਸ ਨਜ਼ਰ ਨਾਲ ਦੇਖਦਾ ਹੈ? ਇਕ ਮਿਸਾਲ ਦਿਓ।

8 ਯਹੋਵਾਹ ਨੇ ਆਪਣੇ ਲੋਕਾਂ ਦੀ ਬੇਵਫ਼ਾਈ ’ਤੇ ਦੁੱਖ ਜ਼ਾਹਰ ਕਰਨ ਲਈ ਇਕ ਮਿਸਾਲ ਵਰਤੀ। ਪਰਮੇਸ਼ੁਰ ਦੀ ਪ੍ਰੇਰਣਾ ਅਧੀਨ ਹਿਜ਼ਕੀਏਲ ਨੇ ਦੋ ਵੇਸਵਾਵਾਂ ਦੀ ਮਿਸਾਲ ਲਿਖੀ ਜਿਸ ਵਿਚ ਦੱਸਿਆ ਗਿਆ ਹੈ ਕਿ ਪਰਮੇਸ਼ੁਰ ਨੂੰ ਆਪਣੇ ਲੋਕਾਂ ਦੇ ਵਿਸ਼ਵਾਸਘਾਤ ਅਤੇ ਬੁਰੇ ਚਾਲ-ਚਲਣ ਕਰਕੇ ਕਿੰਨੀ ਠੇਸ ਪਹੁੰਚੀ। ਪਰਮੇਸ਼ੁਰ ਨੇ ਆਪਣੇ ਲੋਕਾਂ ਦੀ ਤੁਲਨਾ ਵੇਸਵਾਵਾਂ ਨਾਲ ਕਿਉਂ ਕੀਤੀ?

9 ਇਸ ਸਵਾਲ ਦਾ ਜਵਾਬ ਜਾਣਨ ਲਈ ਸ਼ੁੱਧ ਭਗਤੀ ਲਈ ਇਕ ਖ਼ਾਸ ਮੰਗ ਨੂੰ ਯਾਦ ਕਰੋ ਜਿਸ ਬਾਰੇ ਅਸੀਂ ਇਸ ਕਿਤਾਬ ਦੇ 5ਵੇਂ ਅਧਿਆਇ ਵਿਚ ਚਰਚਾ ਕੀਤੀ ਸੀ। ਇਜ਼ਰਾਈਲੀਆਂ ਨੂੰ ਦਿੱਤੇ ਕਾਨੂੰਨ ਵਿਚ ਯਹੋਵਾਹ ਨੇ ਕਿਹਾ: “ਮੇਰੇ ਤੋਂ ਇਲਾਵਾ ਤੇਰਾ ਕੋਈ ਹੋਰ ਈਸ਼ਵਰ ਨਾ ਹੋਵੇ [ਜਾਂ, “ਤੁਸੀਂ ਮੇਰੇ ਵਿਰੁੱਧ ਜਾ ਕੇ ਕਿਸੇ ਹੋਰ ਨੂੰ ਆਪਣਾ ਈਸ਼ਵਰ ਨਾ ਬਣਾਇਓ,” ਫੁਟਨੋਟ]। . . . ਮੈਂ ਤੇਰਾ ਪਰਮੇਸ਼ੁਰ ਯਹੋਵਾਹ ਮੰਗ ਕਰਦਾ ਹਾਂ ਕਿ ਸਿਰਫ਼ ਮੇਰੀ ਹੀ ਭਗਤੀ ਕੀਤੀ ਜਾਵੇ।” (ਕੂਚ 20:3, 5) ਬਾਅਦ ਵਿਚ ਫਿਰ ਯਹੋਵਾਹ ਨੇ ਇਸ ਗੱਲ ’ਤੇ ਜ਼ੋਰ ਦਿੱਤਾ: “ਤੂੰ ਕਿਸੇ ਹੋਰ ਦੇਵਤੇ ਅੱਗੇ ਮੱਥਾ ਨਾ ਟੇਕੀਂ ਕਿਉਂਕਿ ਯਹੋਵਾਹ ਮੰਗ ਕਰਦਾ ਹੈ ਕਿ ਸਿਰਫ਼ ਉਸੇ ਦੀ ਹੀ ਭਗਤੀ ਕੀਤੀ ਜਾਵੇ। ਹਾਂ, ਉਹ ਅਜਿਹਾ ਪਰਮੇਸ਼ੁਰ ਹੈ ਜੋ ਮੰਗ ਕਰਦਾ ਹੈ ਕਿ ਸਿਰਫ਼ ਉਸੇ ਦੀ ਹੀ ਭਗਤੀ ਕੀਤੀ ਜਾਵੇ।” (ਕੂਚ 34:14) ਯਹੋਵਾਹ ਨੇ ਸਾਫ਼ ਸ਼ਬਦਾਂ ਵਿਚ ਉਨ੍ਹਾਂ ਨੂੰ ਇਹ ਗੱਲ ਦੱਸੀ ਕਿ ਯਹੋਵਾਹ ਤਾਂ ਹੀ ਸਾਡੀ ਭਗਤੀ ਮਨਜ਼ੂਰ ਕਰੇਗਾ ਜੇ ਅਸੀਂ ਸਿਰਫ਼ ਉਸੇ ਦੀ ਹੀ ਭਗਤੀ ਕਰਾਂਗੇ।

10 ਇਸ ਗੱਲ ਦੀ ਗੰਭੀਰਤਾ ਨੂੰ ਸਮਝਣ ਲਈ ਆਓ ਆਪਾਂ ਪਤੀ-ਪਤਨੀ ਦੀ ਮਿਸਾਲ ’ਤੇ ਗੌਰ ਕਰੀਏ। ਪਤੀ-ਪਤਨੀ ਇਕ-ਦੂਜੇ ਤੋਂ ਵਫ਼ਾਦਾਰੀ ਦੀ ਉਮੀਦ ਰੱਖਦੇ ਹਨ ਤੇ ਇਹ ਉਨ੍ਹਾਂ ਦੋਹਾਂ ਦਾ ਹੱਕ ਵੀ ਬਣਦਾ ਹੈ। ਜੇ ਪਤੀ ਜਾਂ ਪਤਨੀ ਵਿੱਚੋਂ ਕੋਈ ਜਣਾ ਕਿਸੇ ਹੋਰ ਲਈ ਰੋਮਾਂਟਿਕ ਭਾਵਨਾਵਾਂ ਰੱਖਦਾ ਹੈ ਜਾਂ ਕਿਸੇ ਹੋਰ ਨਾਲ ਸਰੀਰਕ ਸੰਬੰਧ ਰੱਖਦਾ ਹੈ, ਤਾਂ ਇਸ ਬੇਵਫ਼ਾਈ ਕਰਕੇ ਦੂਸਰੇ ਸਾਥੀ ਦਾ ਗੁੱਸਾ ਜ਼ਰੂਰ ਭੜਕੇਗਾ। (ਇਬਰਾਨੀਆਂ 13:4 ਪੜ੍ਹੋ।) ਇਸੇ ਤਰ੍ਹਾਂ ਜਦੋਂ ਯਹੋਵਾਹ ਦੇ ਸਮਰਪਿਤ ਲੋਕ ਉਸ ਨੂੰ ਛੱਡ ਕੇ ਝੂਠੇ ਦੇਵੀ-ਦੇਵਤਿਆਂ ਦੀ ਭਗਤੀ ਕਰਨ ਲੱਗ ਪਏ, ਤਾਂ ਇਹ ਉਸ ਦੀਆਂ ਨਜ਼ਰਾਂ ਵਿਚ ਵਿਸ਼ਵਾਸਘਾਤ ਸੀ। ਇਸ ਕਾਰਨ ਉਸ ਦੇ ਦਿਲ ’ਤੇ ਕੀ ਬੀਤੀ, ਇਸ ਬਾਰੇ ਉਸ ਨੇ ਹਿਜ਼ਕੀਏਲ ਦੀ ਕਿਤਾਬ ਦੇ ਅਧਿਆਇ 16 ਵਿਚ ਦੱਸਿਆ।

11. ਯਰੂਸ਼ਲਮ ਨਗਰੀ ਕਿਵੇਂ ਵਜੂਦ ਵਿਚ ਆਈ? ਇਸ ਬਾਰੇ ਯਹੋਵਾਹ ਨੇ ਕੀ ਦੱਸਿਆ ਹੈ?

11 ਹਿਜ਼ਕੀਏਲ ਦੇ 16ਵੇਂ ਅਧਿਆਇ ਵਿਚ ਅਸੀਂ ਦੇਖਦੇ ਹਾਂ ਕਿ ਯਹੋਵਾਹ ਨੇ ਆਪਣਾ ਦਰਦ ਬਿਆਨ ਕਰਨ ਲਈ ਕਾਫ਼ੀ ਦੇਰ ਤਕ ਗੱਲ ਕੀਤੀ। ਦਰਅਸਲ ਪੂਰੀਆਂ ਇਬਰਾਨੀ ਲਿਖਤਾਂ ਵਿਚ ਕਿਸੇ ਵੀ ਭਵਿੱਖਬਾਣੀ ਵਿਚ ਯਹੋਵਾਹ ਨੇ ਇੰਨੀ ਦੇਰ ਤਕ ਗੱਲ ਨਹੀਂ ਕੀਤੀ। ਇਸ ਅਧਿਆਇ ਵਿਚ ਯਹੋਵਾਹ ਯਰੂਸ਼ਲਮ ਦਾ ਇਤਿਹਾਸ ਦੱਸਦਾ ਹੈ ਜੋ ਵਿਸ਼ਵਾਸਘਾਤੀ ਯਹੂਦਾਹ ਕੌਮ ਨੂੰ ਦਰਸਾਉਂਦਾ ਹੈ। ਉਹ ਯਰੂਸ਼ਲਮ ਦੀ ਦੁੱਖ ਭਰੀ ਕਹਾਣੀ ਸੁਣਾਉਂਦਾ ਹੈ ਕਿ ਇਹ ਨਗਰੀ ਵਜੂਦ ਵਿਚ ਕਿਵੇਂ ਆਈ ਅਤੇ ਇਸ ਨੇ ਪਰਮੇਸ਼ੁਰ ਨਾਲ ਬੇਵਫ਼ਾਈ ਕਿਵੇਂ ਕੀਤੀ। ਜਦੋਂ ਇਹ ਨਗਰੀ ਵਜੂਦ ਵਿਚ ਆਈ, ਤਾਂ ਇਹ ਬੇਸਹਾਰਾ ਤੇ ਆਪਣੇ ਲਹੂ ਵਿਚ ਲੱਥ-ਪੱਥ ਸੀ ਅਤੇ ਇਸ ਦੀ ਦੇਖ-ਭਾਲ ਕਰਨ ਵਾਲਾ ਕੋਈ ਨਹੀਂ ਸੀ। ਇਸ ਦੇ ਮਾਪੇ ਮੂਰਤੀ-ਪੂਜਾ ਕਰਨ ਵਾਲੇ ਕਨਾਨੀ ਸਨ। ਇਹ ਨਗਰੀ ਕਾਫ਼ੀ ਲੰਬੇ ਸਮੇਂ ਤਕ ਕਨਾਨੀਆਂ ਦੇ ਕਬੀਲੇ ਯਬੂਸੀਆਂ ਦੀ ਸੀ। ਫਿਰ ਦਾਊਦ ਨੇ ਇਸ ’ਤੇ ਜਿੱਤ ਹਾਸਲ ਕਰ ਲਈ। ਯਹੋਵਾਹ ਨੂੰ ਇਸ ਨਗਰੀ ’ਤੇ ਤਰਸ ਆਇਆ ਤੇ ਇਸ ਨੂੰ ਨਲ੍ਹਾਇਆ ਅਤੇ ਇਸ ਦੀ ਹਰ ਜ਼ਰੂਰਤ ਪੂਰੀ ਕੀਤੀ। ਬਾਅਦ ਵਿਚ ਇਜ਼ਰਾਈਲੀ ਇੱਥੇ ਆ ਕੇ ਵੱਸ ਗਏ। ਸਮੇਂ ਦੇ ਬੀਤਣ ਨਾਲ ਯਹੋਵਾਹ ਨੇ ਇਸ ਨੂੰ ਆਪਣੀ ਪਤਨੀ ਦਾ ਦਰਜਾ ਦਿੱਤਾ। ਅਸਲ ਵਿਚ ਇਜ਼ਰਾਈਲੀਆਂ ਨੇ ਮੂਸਾ ਦੇ ਦਿਨਾਂ ਵਿਚ ਆਪਣੀ ਮਰਜ਼ੀ ਨਾਲ ਯਹੋਵਾਹ ਨਾਲ ਇਕਰਾਰ ਕਰ ਕੇ ਰਿਸ਼ਤਾ ਜੋੜਿਆ ਸੀ। (ਕੂਚ 24:7, 8) ਜਦੋਂ ਯਰੂਸ਼ਲਮ ਦੇਸ਼ ਦੀ ਰਾਜਧਾਨੀ ਬਣ ਗਿਆ, ਤਾਂ ਯਹੋਵਾਹ ਨੇ ਉਸ ਨੂੰ ਬਰਕਤ ਦਿੱਤੀ, ਉਸ ਦੀ ਧਨ-ਦੌਲਤ ਤੇ ਸ਼ਾਨੋ-ਸ਼ੌਕਤ ਨੂੰ ਵਧਾਇਆ ਅਤੇ ਉਸ ਨੂੰ ਖ਼ੂਬਸੂਰਤ ਬਣਾਇਆ। ਹਾਂ, ਉਸੇ ਤਰ੍ਹਾਂ ਜਿਵੇਂ ਇਕ ਅਮੀਰ ਆਦਮੀ ਆਪਣੀ ਪਤਨੀ ਨੂੰ ਕੀਮਤੀ ਗਹਿਣਿਆਂ ਨਾਲ ਸ਼ਿੰਗਾਰਦਾ ਹੈ।​—ਹਿਜ਼. 16:1-14.

ਸੁਲੇਮਾਨ ਨੇ ਆਪਣੀਆਂ ਵਿਦੇਸ਼ੀ ਪਤਨੀਆਂ ਮਗਰ ਲੱਗ ਕੇ ਯਰੂਸ਼ਲਮ ਨੂੰ ਮੂਰਤੀ-ਪੂਜਾ ਨਾਲ ਭ੍ਰਿਸ਼ਟ ਕਰ ਦਿੱਤਾ (ਪੈਰਾ 12 ਦੇਖੋ)

12. ਯਰੂਸ਼ਲਮ ਨੇ ਬੇਵਫ਼ਾਈ ਕਰਨੀ ਕਿਵੇਂ ਸ਼ੁਰੂ ਕੀਤੀ?

12 ਧਿਆਨ ਦਿਓ ਕਿ ਅੱਗੇ ਕੀ ਹੋਇਆ। ਯਹੋਵਾਹ ਨੇ ਕਿਹਾ: “ਤੂੰ ਆਪਣੀ ਖ਼ੂਬਸੂਰਤੀ ’ਤੇ ਘਮੰਡ ਕਰਨ ਲੱਗ ਪਈ ਅਤੇ ਆਪਣੀ ਮਸ਼ਹੂਰੀ ਦਾ ਫ਼ਾਇਦਾ ਉਠਾ ਕੇ ਵੇਸਵਾ ਬਣ ਗਈ। ਤੂੰ ਹਰ ਆਉਂਦੇ-ਜਾਂਦੇ ਬੰਦੇ ਦੀਆਂ ਬਾਹਾਂ ਵਿਚ ਚਲੀ ਗਈ ਅਤੇ ਉਸ ਨਾਲ ਖੁੱਲ੍ਹ ਕੇ ਵੇਸਵਾਗਿਰੀ ਕੀਤੀ।” (ਹਿਜ਼. 16:15) ਸੁਲੇਮਾਨ ਦੇ ਦਿਨਾਂ ਵਿਚ ਯਹੋਵਾਹ ਨੇ ਆਪਣੇ ਲੋਕਾਂ ਨੂੰ ਇੰਨੀਆਂ ਬਰਕਤਾਂ ਦਿੱਤੀਆਂ ਕਿ ਯਰੂਸ਼ਲਮ ਉਸ ਜ਼ਮਾਨੇ ਦੀ ਸਭ ਤੋਂ ਖ਼ੂਬਸੂਰਤ ਤੇ ਅਮੀਰ ਨਗਰੀ ਬਣ ਗਈ। (1 ਰਾਜ. 10:23, 27) ਪਰ ਫਿਰ ਯਰੂਸ਼ਲਮ ਦੇ ਲੋਕਾਂ ਨੇ ਯਹੋਵਾਹ ਨਾਲ ਬੇਵਫ਼ਾਈ ਕਰਨੀ ਸ਼ੁਰੂ ਕਰ ਦਿੱਤੀ। ਸੁਲੇਮਾਨ ਨੇ ਆਪਣੀਆਂ ਵਿਦੇਸ਼ੀ ਪਤਨੀਆਂ ਨੂੰ ਖ਼ੁਸ਼ ਕਰਨ ਲਈ ਯਰੂਸ਼ਲਮ ਵਿਚ ਝੂਠੇ ਦੇਵੀ-ਦੇਵਤਿਆਂ ਦੀ ਭਗਤੀ ਸ਼ੁਰੂ ਕਰਵਾ ਦਿੱਤੀ ਅਤੇ ਉਸ ਨਗਰੀ ਨੂੰ ਭ੍ਰਿਸ਼ਟ ਕਰ ਦਿੱਤਾ। (1 ਰਾਜ. 11:1-8) ਬਾਅਦ ਵਿਚ ਉਸ ਦੇ ਖ਼ਾਨਦਾਨ ਵਿੱਚੋਂ ਆਏ ਕੁਝ ਰਾਜੇ ਉਸ ਤੋਂ ਵੀ ਭੈੜੇ ਨਿਕਲੇ। ਉਨ੍ਹਾਂ ਨੇ ਨਾ ਸਿਰਫ਼ ਯਰੂਸ਼ਲਮ ਨੂੰ, ਸਗੋਂ ਸਾਰੇ ਦੇਸ਼ ਨੂੰ ਝੂਠੀ ਭਗਤੀ ਨਾਲ ਭ੍ਰਿਸ਼ਟ ਕਰ ਦਿੱਤਾ। ਇਸ ਬਦਚਲਣੀ ਅਤੇ ਬੇਵਫ਼ਾਈ ਕਰਕੇ ਯਹੋਵਾਹ ਨੂੰ ਕਿਵੇਂ ਮਹਿਸੂਸ ਹੋਇਆ? ਉਸ ਨੇ ਕਿਹਾ: “ਇਹ ਸਾਰੇ ਕੰਮ ਨਹੀਂ ਹੋਣੇ ਚਾਹੀਦੇ ਸਨ ਅਤੇ ਨਾ ਹੀ ਕਦੇ ਕੀਤੇ ਜਾਣੇ ਚਾਹੀਦੇ ਹਨ।” (ਹਿਜ਼.16:16) ਪਰ ਉਹ ਢੀਠ ਲੋਕ ਬਦਚਲਣੀ ਦੀ ਦਲਦਲ ਵਿਚ ਹੋਰ ਵੀ ਧਸਦੇ ਗਏ!

ਕੁਝ ਇਜ਼ਰਾਈਲੀ ਮੌਲਕ ਵਰਗੇ ਝੂਠੇ ਦੇਵਤਿਆਂ ਨੂੰ ਆਪਣੇ ਬੱਚਿਆਂ ਦੀ ਬਲ਼ੀ ਚੜ੍ਹਾਉਂਦੇ ਸਨ

13. ਯਰੂਸ਼ਲਮ ਵਿਚ ਪਰਮੇਸ਼ੁਰ ਦੇ ਲੋਕ ਕਿਹੋ ਜਿਹੇ ਬੁਰੇ ਕੰਮ ਕਰਦੇ ਸਨ?

13 ਜ਼ਰਾ ਸੋਚੋ ਕਿ ਯਹੋਵਾਹ ਨੂੰ ਕਿੰਨਾ ਦੁੱਖ ਅਤੇ ਘਿਰਣਾ ਹੋਈ ਹੋਣੀ ਜਦੋਂ ਉਸ ਨੇ ਆਪਣੇ ਚੁਣੇ ਹੋਏ ਲੋਕਾਂ ਦੇ ਘਿਣਾਉਣੇ ਕੰਮਾਂ ਦਾ ਪਰਦਾਫ਼ਾਸ਼ ਕੀਤਾ: “ਤੂੰ ਮੂਰਤਾਂ ਅੱਗੇ ਆਪਣੇ ਧੀਆਂ-ਪੁੱਤਰਾਂ ਦੀ ਬਲ਼ੀ ਦੇ ਦਿੱਤੀ ਜੋ ਤੂੰ ਮੇਰੇ ਲਈ ਪੈਦਾ ਕੀਤੇ ਸਨ। ਕੀ ਇਹ ਸਭ ਕਰ ਕੇ ਤੂੰ ਵੇਸਵਾਗਿਰੀ ਦੀ ਹੱਦ ਨਹੀਂ ਕਰ ਦਿੱਤੀ? ਤੂੰ ਮੇਰੇ ਪੁੱਤਰ ਮਾਰ ਦਿੱਤੇ ਅਤੇ ਅੱਗ ਵਿਚ ਉਨ੍ਹਾਂ ਦੀ ਬਲ਼ੀ ਦਿੱਤੀ।” (ਹਿਜ਼. 16:20, 21) ਉਨ੍ਹਾਂ ਲੋਕਾਂ ਦੇ ਦਿਲ ਦਹਿਲਾਉਣ ਵਾਲੇ ਇਨ੍ਹਾਂ ਕੰਮਾਂ ਤੋਂ ਪਤਾ ਲੱਗਦਾ ਹੈ ਕਿ ਸ਼ੈਤਾਨ ਕਿੰਨਾ ਦੁਸ਼ਟ ਹੈ। ਉਹ ਯਹੋਵਾਹ ਦੇ ਲੋਕਾਂ ਤੋਂ ਇਸ ਤਰ੍ਹਾਂ ਦੇ ਘਿਣਾਉਣੇ ਕੰਮ ਕਰਾਉਣ ਦੀ ਤਾਕ ਵਿਚ ਰਹਿੰਦਾ ਹੈ। ਪਰ ਯਹੋਵਾਹ ਸਭ ਕੁਝ ਦੇਖ ਰਿਹਾ ਹੈ। ਉਹ ਜ਼ਰੂਰ ਨਿਆਂ ਕਰੇਗਾ। ਉਹ ਸ਼ੈਤਾਨ ਦੇ ਜ਼ੁਲਮਾਂ ਦਾ ਅੰਤ ਕਰ ਦੇਵੇਗਾ ਅਤੇ ਇਸ ਕਰਕੇ ਜੋ ਵੀ ਨੁਕਸਾਨ ਹੋਇਆ ਹੈ, ਉਸ ਦੀ ਭਰਪਾਈ ਕਰੇਗਾ।​—ਅੱਯੂਬ 34:24 ਪੜ੍ਹੋ।

14. ਯਹੋਵਾਹ ਵੱਲੋਂ ਦਿੱਤੀ ਮਿਸਾਲ ਵਿਚ ਯਰੂਸ਼ਲਮ ਦੀਆਂ ਦੋ ਭੈਣਾਂ ਕੌਣ ਸਨ ਅਤੇ ਤਿੰਨਾਂ ਵਿੱਚੋਂ ਸਭ ਤੋਂ ਦੁਸ਼ਟ ਕੌਣ ਸੀ?

14 ਯਰੂਸ਼ਲਮ ਨਗਰੀ ਨੂੰ ਇਸ ਗੱਲ ਦਾ ਅਹਿਸਾਸ ਤਕ ਨਹੀਂ ਸੀ ਕਿ ਉਹ ਕਿੰਨੇ ਘਿਣਾਉਣੇ ਕੰਮ ਕਰ ਰਹੀ ਸੀ। ਉਹ ਵੇਸਵਾਗਿਰੀ ਕਰਨ ਵਿਚ ਲੱਗੀ ਰਹੀ। ਯਹੋਵਾਹ ਨੇ ਕਿਹਾ ਕਿ ਉਹ ਦੂਸਰੀਆਂ ਵੇਸਵਾਵਾਂ ਨਾਲੋਂ ਵੀ ਜ਼ਿਆਦਾ ਬੇਸ਼ਰਮ ਸੀ ਕਿਉਂਕਿ ਉਹ ਆਪਣੇ ਨਾਲ ਬਦਚਲਣੀ ਕਰਨ ਲਈ ਦੂਸਰਿਆਂ ਨੂੰ ਪੈਸੇ ਦਿੰਦੀ ਸੀ। (ਹਿਜ਼. 16:34) ਪਰਮੇਸ਼ੁਰ ਨੇ ਕਿਹਾ ਕਿ ਯਰੂਸ਼ਲਮ ਬਿਲਕੁਲ ਆਪਣੀ “ਮਾਂ” ਵਰਗੀ ਸੀ ਯਾਨੀ ਝੂਠੀ ਭਗਤੀ ਕਰਨ ਵਾਲੀਆਂ ਉਨ੍ਹਾਂ ਕੌਮਾਂ ਵਰਗੀ ਜਿਨ੍ਹਾਂ ਦੇ ਕਬਜ਼ੇ ਵਿਚ ਪਹਿਲਾਂ ਉਨ੍ਹਾਂ ਦਾ ਦੇਸ਼ ਸੀ। (ਹਿਜ਼. 16:44, 45) ਯਹੋਵਾਹ ਨੇ ਅੱਗੇ ਕਿਹਾ ਕਿ ਯਰੂਸ਼ਲਮ ਦੀ ਵੱਡੀ ਭੈਣ ਸਾਮਰਿਯਾ ਉਸ ਤੋਂ ਵੀ ਪਹਿਲਾਂ ਝੂਠੀ ਭਗਤੀ ਕਰ ਕੇ ਯਹੋਵਾਹ ਦੀਆਂ ਨਜ਼ਰਾਂ ਵਿਚ ਬਦਚਲਣ ਹੋ ਗਈ ਸੀ। ਯਹੋਵਾਹ ਨੇ ਉਸ ਦੀ ਇਕ ਹੋਰ ਭੈਣ ਸਦੋਮ ਦਾ ਵੀ ਜ਼ਿਕਰ ਕੀਤਾ। ਉਸ ਦਾ ਬਹੁਤ ਪਹਿਲਾਂ ਨਾਸ਼ ਕਰ ਦਿੱਤਾ ਗਿਆ ਸੀ ਕਿਉਂਕਿ ਉਹ ਘਮੰਡੀ ਹੋ ਗਈ ਸੀ ਅਤੇ ਵਧ-ਚੜ੍ਹ ਕੇ ਘਿਣਾਉਣੇ ਕੰਮ ਕਰਦੀ ਸੀ। ਯਹੋਵਾਹ ਕਹਿਣਾ ਚਾਹੁੰਦਾ ਸੀ ਕਿ ਯਰੂਸ਼ਲਮ ਆਪਣੀਆਂ ਦੋਵੇਂ ਭੈਣਾਂ ਸਾਮਰਿਯਾ ਅਤੇ ਸਦੋਮ ਨਾਲੋਂ ਕਿਤੇ ਜ਼ਿਆਦਾ ਦੁਸ਼ਟ ਸੀ। (ਹਿਜ਼. 16:46-50) ਪਰਮੇਸ਼ੁਰ ਦੇ ਲੋਕਾਂ ਨੇ ਉਸ ਦੀਆਂ ਚੇਤਾਵਨੀਆਂ ਨੂੰ ਵਾਰ-ਵਾਰ ਨਜ਼ਰਅੰਦਾਜ਼ ਕੀਤਾ ਅਤੇ ਉਸ ਦੇ ਖ਼ਿਲਾਫ਼ ਬਗਾਵਤ ਕਰਦੇ ਰਹੇ।

15. ਯਹੋਵਾਹ ਦਾ ਯਰੂਸ਼ਲਮ ਨੂੰ ਸਜ਼ਾ ਦੇਣ ਦਾ ਮਕਸਦ ਕੀ ਸੀ ਅਤੇ ਇਸ ਤੋਂ ਕੀ ਉਮੀਦ ਮਿਲੀ?

15 ਫਿਰ ਯਹੋਵਾਹ ਨੇ ਕੀ ਕੀਤਾ? ਯਹੋਵਾਹ ਨੇ ਯਰੂਸ਼ਲਮ ਨੂੰ ਕਿਹਾ: “ਮੈਂ ਤੇਰੇ ਸਾਰੇ ਯਾਰਾਂ ਨੂੰ ਇਕੱਠਾ ਕਰਾਂਗਾ ਜਿਨ੍ਹਾਂ ਨੂੰ ਤੂੰ ਖ਼ੁਸ਼ ਕੀਤਾ ਹੈ” ਅਤੇ “ਮੈਂ ਤੈਨੂੰ ਉਨ੍ਹਾਂ ਦੇ ਹੱਥਾਂ ਵਿਚ ਦੇ ਦਿਆਂਗਾ।” ਉਸ ਦੇ ਲੋਕਾਂ ਨੇ ਜਿਨ੍ਹਾਂ ਕੌਮਾਂ ਨਾਲ ਦੋਸਤੀ ਕੀਤੀ ਸੀ, ਉਨ੍ਹਾਂ ਨੇ ਯਰੂਸ਼ਲਮ ਨੂੰ ਤਬਾਹ ਕਰ ਦੇਣਾ ਸੀ, ਉਸ ਦੀਆਂ ਕੀਮਤੀ ਚੀਜ਼ਾਂ ਲੁੱਟ ਲੈਣੀਆਂ ਸਨ ਅਤੇ ਉਸ ਦੀ ਖ਼ੂਬਸੂਰਤੀ ਵਿਗਾੜ ਦੇਣੀ ਸੀ। ਪਰਮੇਸ਼ੁਰ ਨੇ ਉਸ ਨੂੰ ਕਿਹਾ: ‘ਉਹ ਤੈਨੂੰ ਪੱਥਰ ਮਾਰਨਗੇ ਅਤੇ ਆਪਣੀਆਂ ਤਲਵਾਰਾਂ ਨਾਲ ਤੈਨੂੰ ਵੱਢ ਸੁੱਟਣਗੇ।’ ਯਹੋਵਾਹ ਨੇ ਉਨ੍ਹਾਂ ਨੂੰ ਇਹ ਸਜ਼ਾ ਕਿਉਂ ਦਿੱਤੀ? ਯਹੋਵਾਹ ਦਾ ਮਕਸਦ ਆਪਣੀ ਪਰਜਾ ਦਾ ਨਾਸ਼ ਕਰਨਾ ਨਹੀਂ ਸੀ, ਸਗੋਂ ਉਸ ਦੀ “ਵੇਸਵਾਗਿਰੀ ਦਾ ਅੰਤ” ਕਰਨਾ ਸੀ। ਪਰਮੇਸ਼ੁਰ ਨੇ ਅੱਗੇ ਕਿਹਾ: “ਜਦੋਂ ਮੈਂ ਤੇਰੇ ’ਤੇ ਆਪਣਾ ਪੂਰਾ ਗੁੱਸਾ ਕੱਢ ਲਵਾਂਗਾ, ਤਾਂ ਮੇਰਾ ਕ੍ਰੋਧ ਸ਼ਾਂਤ ਹੋ ਜਾਵੇਗਾ ਅਤੇ ਮੈਨੂੰ ਚੈਨ ਮਿਲੇਗਾ। ਫਿਰ ਅੱਗੇ ਤੋਂ ਮੈਨੂੰ ਤੇਰੇ ’ਤੇ ਗੁੱਸਾ ਨਹੀਂ ਆਵੇਗਾ।” ਅਸੀਂ ਇਸ ਕਿਤਾਬ ਦੇ ਅਧਿਆਇ 9 ਵਿਚ ਚਰਚਾ ਕੀਤੀ ਸੀ ਕਿ ਯਹੋਵਾਹ ਦਾ ਮਕਸਦ ਆਪਣੇ ਲੋਕਾਂ ਨੂੰ ਗ਼ੁਲਾਮੀ ਤੋਂ ਛੁਡਾ ਕੇ ਸ਼ੁੱਧ ਭਗਤੀ ਨੂੰ ਬਹਾਲ ਕਰਨਾ ਸੀ। ਉਹ ਇਸ ਤਰ੍ਹਾਂ ਕਿਉਂ ਕਰਨਾ ਚਾਹੁੰਦਾ ਸੀ? ਉਸ ਨੇ ਦੱਸਿਆ: “ਮੈਂ ਆਪਣਾ ਇਕਰਾਰ ਯਾਦ ਰੱਖਾਂਗਾ ਜੋ ਮੈਂ ਤੇਰੇ ਨਾਲ ਤੇਰੇ ਬਚਪਨ ਦੇ ਦਿਨਾਂ ਵਿਚ ਕੀਤਾ ਸੀ।” (ਹਿਜ਼. 16:37-42, 60) ਯਹੋਵਾਹ ਆਪਣੇ ਬੇਵਫ਼ਾ ਲੋਕਾਂ ਵਰਗਾ ਨਹੀਂ ਸੀ, ਸਗੋਂ ਉਸ ਨੇ ਹਰ ਹਾਲ ਵਿਚ ਉਨ੍ਹਾਂ ਨਾਲ ਵਫ਼ਾਦਾਰ ਰਹਿਣਾ ਸੀ।​—ਪ੍ਰਕਾਸ਼ ਦੀ ਕਿਤਾਬ 15:4 ਪੜ੍ਹੋ।

16, 17. (ੳ) ਅਸੀਂ ਹੁਣ ਕਿਉਂ ਨਹੀਂ ਕਹਿੰਦੇ ਕਿ ਆਹਾਲਾਹ ਅਤੇ ਆਹਾਲੀਬਾਹ ਈਸਾਈ-ਜਗਤ ਨੂੰ ਦਰਸਾਉਂਦੀਆਂ ਹਨ? (“ਦੋ ਵੇਸਵਾ ਭੈਣਾਂ” ਨਾਂ ਦੀ ਡੱਬੀ ਦੇਖੋ।) (ਅ) ਹਿਜ਼ਕੀਏਲ ਅਧਿਆਇ 16 ਅਤੇ 23 ਤੋਂ ਅਸੀਂ ਕਿਹੜੇ ਸਬਕ ਸਿੱਖਦੇ ਹਾਂ?

16 ਹਿਜ਼ਕੀਏਲ ਅਧਿਆਇ 16 ਵਿਚ ਦਰਜ ਯਹੋਵਾਹ ਦੀ ਲੰਬੀ ਅਤੇ ਦਮਦਾਰ ਗੱਲਬਾਤ ਤੋਂ ਅਸੀਂ ਉਸ ਦੇ ਧਰਮੀ ਮਿਆਰਾਂ, ਨਿਆਂ ਅਤੇ ਦਇਆ ਬਾਰੇ ਸਿੱਖਦੇ ਹਾਂ। ਹਿਜ਼ਕੀਏਲ ਅਧਿਆਇ 23 ਤੋਂ ਵੀ ਅਸੀਂ ਇਹੀ ਗੱਲ ਸਿੱਖਦੇ ਹਾਂ। ਯਹੋਵਾਹ ਨੇ ਆਪਣੇ ਲੋਕਾਂ ਦੀ ਬਦਚਲਣੀ ਬਾਰੇ ਸਾਫ਼-ਸਾਫ਼ ਸ਼ਬਦਾਂ ਵਿਚ ਜੋ ਕਿਹਾ, ਉਸ ਨੂੰ ਸੱਚੇ ਮਸੀਹੀ ਅੱਜ ਬਹੁਤ ਗੰਭੀਰਤਾ ਨਾਲ ਲੈਂਦੇ ਹਨ। ਅਸੀਂ ਯਹੂਦਾਹ ਅਤੇ ਯਰੂਸ਼ਲਮ ਵਾਂਗ ਕਦੇ ਵੀ ਯਹੋਵਾਹ ਦਾ ਦਿਲ ਨਹੀਂ ਦੁਖਾਉਣਾ ਚਾਹਾਂਗੇ! ਇਸ ਲਈ ਅਸੀਂ ਹਰ ਕਿਸਮ ਦੀ ਮੂਰਤੀ-ਪੂਜਾ ਤੋਂ ਦੂਰ ਰਹਿੰਦੇ ਹਾਂ ਜਿਸ ਵਿਚ ਲਾਲਚ ਅਤੇ ਧਨ-ਦੌਲਤ ਲਈ ਪਿਆਰ ਵੀ ਸ਼ਾਮਲ ਹੈ। (ਮੱਤੀ 6:24; ਕੁਲੁ. 3:5) ਅਸੀਂ ਯਹੋਵਾਹ ਦੇ ਕਿੰਨੇ ਅਹਿਸਾਨਮੰਦ ਹਾਂ ਕਿ ਉਸ ਨੇ ਇਨ੍ਹਾਂ ਆਖ਼ਰੀ ਦਿਨਾਂ ਵਿਚ ਸ਼ੁੱਧ ਭਗਤੀ ਨੂੰ ਬਹਾਲ ਕੀਤਾ ਅਤੇ ਫਿਰ ਉਹ ਕਦੇ ਵੀ ਇਸ ਨੂੰ ਭ੍ਰਿਸ਼ਟ ਨਹੀਂ ਹੋਣ ਦੇਵੇਗਾ! ਉਸ ਨੇ ਪਰਮੇਸ਼ੁਰ ਦੇ ਇਜ਼ਰਾਈਲ ਨਾਲ “ਹਮੇਸ਼ਾ ਕਾਇਮ ਰਹਿਣ ਵਾਲਾ ਇਕਰਾਰ” ਕੀਤਾ ਹੈ। ਇਹ ਇਜ਼ਰਾਈਲ ਕਦੇ ਵੀ ਬੇਵਫ਼ਾਈ ਜਾਂ ਬਦਚਲਣੀ ਕਰ ਕੇ ਇਸ ਇਕਰਾਰ ਨੂੰ ਨਹੀਂ ਤੋੜੇਗਾ। (ਹਿਜ਼. 16:60) ਸਾਨੂੰ ਹਮੇਸ਼ਾ ਇਸ ਗੱਲ ਦੀ ਕਦਰ ਕਰਨੀ ਚਾਹੀਦੀ ਹੈ ਕਿ ਯਹੋਵਾਹ ਨੇ ਸਾਨੂੰ ਆਪਣੇ ਸ਼ੁੱਧ ਲੋਕਾਂ ਵਿਚ ਸ਼ਾਮਲ ਹੋਣ ਦਾ ਸਨਮਾਨ ਦਿੱਤਾ ਹੈ।

17 ਪਰ ਯਹੋਵਾਹ ਨੇ ਹਿਜ਼ਕੀਏਲ ਦੀ ਕਿਤਾਬ ਵਿਚ ਜੋ ਦੱਸਿਆ ਹੈ, ਉਸ ਤੋਂ ਸਾਨੂੰ “ਵੱਡੀ ਵੇਸਵਾ” ਯਾਨੀ ਮਹਾਂ ਬਾਬਲ ਬਾਰੇ ਕੀ ਪਤਾ ਲੱਗਦਾ ਹੈ? ਆਓ ਦੇਖੀਏ।

“ਉਸ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ ਜਾਵੇਗਾ”

18, 19. ਹਿਜ਼ਕੀਏਲ ਤੇ ਪ੍ਰਕਾਸ਼ ਦੀ ਕਿਤਾਬ ਵਿਚ ਦੱਸੀਆਂ ਵੇਸਵਾਵਾਂ ਵਿਚ ਕਿਹੜੀਆਂ ਗੱਲਾਂ ਮਿਲਦੀਆਂ-ਜੁਲਦੀਆਂ ਹਨ?

18 ਯਹੋਵਾਹ ਬਦਲਦਾ ਨਹੀਂ। (ਯਾਕੂ. 1:17) ਯਹੋਵਾਹ ਸ਼ੁਰੂ ਤੋਂ ਹੀ ਇਸ ਵੱਡੀ ਵੇਸਵਾ ਨਾਲ ਨਫ਼ਰਤ ਕਰਦਾ ਆਇਆ ਹੈ। ਇਸ ਲਈ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਹਿਜ਼ਕੀਏਲ ਦੀ ਕਿਤਾਬ ਵਿਚ ਦੱਸੀਆਂ ਵੇਸਵਾਵਾਂ ਅਤੇ ਪ੍ਰਕਾਸ਼ ਦੀ ਕਿਤਾਬ ਵਿਚ ਦੱਸੀ “ਵੱਡੀ ਵੇਸਵਾ” ਨੂੰ ਇੱਕੋ ਜਿਹੀ ਸਜ਼ਾ ਸੁਣਾਈ ਗਈ।

19 ਜ਼ਰਾ ਇਕ ਗੱਲ ’ਤੇ ਗੌਰ ਕਰੋ: ਹਿਜ਼ਕੀਏਲ ਦੀ ਕਿਤਾਬ ਵਿਚ ਦੱਸੀਆਂ ਵੇਸਵਾਵਾਂ ਨੂੰ ਯਹੋਵਾਹ ਨੇ ਆਪ ਸਜ਼ਾ ਨਹੀਂ ਦਿੱਤੀ, ਸਗੋਂ ਉਨ੍ਹਾਂ ਕੌਮਾਂ ਰਾਹੀਂ ਦਿੱਤੀ ਜਿਨ੍ਹਾਂ ਨਾਲ ਦੋਸਤੀ ਕਰ ਕੇ ਉਨ੍ਹਾਂ ਨੇ ਬਦਚਲਣੀ ਕੀਤੀ ਸੀ। ਇਸੇ ਤਰ੍ਹਾਂ ਝੂਠੇ ਧਰਮਾਂ ਦੇ ਵਿਸ਼ਵ ਸਾਮਰਾਜ ਨੂੰ “ਧਰਤੀ ਦੇ ਰਾਜਿਆਂ” ਨਾਲ ਬਦਚਲਣੀ ਕਰਨ ਕਰਕੇ ਸਜ਼ਾ ਸੁਣਾਈ ਗਈ ਹੈ। ਉਸ ਨੂੰ ਸਜ਼ਾ ਕਿਸ ਰਾਹੀਂ ਦਿੱਤੀ ਜਾਵੇਗੀ? ਅਸੀਂ ਪ੍ਰਕਾਸ਼ ਦੀ ਕਿਤਾਬ ਵਿਚ ਪੜ੍ਹਦੇ ਹਾਂ ਕਿ ਇਹ ‘ਰਾਜੇ’ ਯਾਨੀ ਰਾਜਨੀਤਿਕ ਤਾਕਤਾਂ ‘ਉਸ ਵੇਸਵਾ ਨਾਲ ਨਫ਼ਰਤ ਕਰਨਗੀਆਂ ਅਤੇ ਉਸ ਨੂੰ ਬਰਬਾਦ ਅਤੇ ਨੰਗਾ ਕਰ ਦੇਣਗੀਆਂ ਅਤੇ ਉਸ ਦਾ ਮਾਸ ਖਾ ਜਾਣਗੀਆਂ ਅਤੇ ਉਸ ਨੂੰ ਪੂਰੀ ਤਰ੍ਹਾਂ ਅੱਗ ਵਿਚ ਸਾੜ ਸੁੱਟਣਗੀਆਂ।’ ਦੁਨੀਆਂ ਦੀਆਂ ਸਰਕਾਰਾਂ ਅਚਾਨਕ ਇਹ ਹਮਲਾ ਕਿਉਂ ਕਰਨਗੀਆਂ? ਕਿਉਂਕਿ “ਪਰਮੇਸ਼ੁਰ ਆਪਣੇ ਇਸ ਇਰਾਦੇ ਨੂੰ ਪੂਰਾ ਕਰਨ ਦਾ ਵਿਚਾਰ ਉਨ੍ਹਾਂ ਦੇ ਦਿਲਾਂ ਵਿਚ ਪਾਵੇਗਾ।”​—ਪ੍ਰਕਾ. 17:1-3, 15-17.

20. ਕਿਸ ਗੱਲ ਤੋਂ ਪਤਾ ਲੱਗਦਾ ਹੈ ਕਿ ਮਹਾਂ ਬਾਬਲ ਦਾ ਨਾਸ਼ ਜ਼ਰੂਰ ਹੋਵੇਗਾ?

20 ਯਹੋਵਾਹ ਇਸ ਦੁਨੀਆਂ ਦੀਆਂ ਕੌਮਾਂ ਦੇ ਜ਼ਰੀਏ ਸਾਰੇ ਝੂਠੇ ਧਰਮਾਂ ਨੂੰ ਸਜ਼ਾ ਦੇਵੇਗਾ ਜਿਨ੍ਹਾਂ ਵਿਚ ਈਸਾਈ-ਜਗਤ ਦੇ ਧਰਮ ਵੀ ਸ਼ਾਮਲ ਹਨ। ਸਜ਼ਾ ਦੇਣ ਦਾ ਯਹੋਵਾਹ ਦਾ ਇਹ ਫ਼ੈਸਲਾ ਬਦਲੇਗਾ ਨਹੀਂ। ਉਨ੍ਹਾਂ ਨੂੰ ਕਿਸੇ ਵੀ ਹਾਲਤ ਵਿਚ ਮਾਫ਼ੀ ਨਹੀਂ ਮਿਲੇਗੀ ਤੇ ਨਾ ਹੀ ਉਨ੍ਹਾਂ ਨੂੰ ਬਦਲਣ ਦਾ ਮੌਕਾ ਦਿੱਤਾ ਜਾਵੇਗਾ। ਪ੍ਰਕਾਸ਼ ਦੀ ਕਿਤਾਬ ਵਿਚ ਦੱਸਿਆ ਗਿਆ ਹੈ ਕਿ ਬਾਬਲ ਦਾ “ਨਾਮੋ-ਨਿਸ਼ਾਨ ਮਿਟਾ ਦਿੱਤਾ ਜਾਵੇਗਾ।” (ਪ੍ਰਕਾ. 18:21) ਪਰਮੇਸ਼ੁਰ ਦੇ ਦੂਤ ਉਸ ਦਾ ਨਾਸ਼ ਹੋਣ ਤੇ ਖ਼ੁਸ਼ੀਆਂ ਮਨਾਉਂਦੇ ਹੋਏ ਕਹਿਣਗੇ: “ਯਾਹ ਦੀ ਮਹਿਮਾ ਕਰੋ! ਯੁਗਾਂ-ਯੁਗਾਂ ਤਕ ਉਸ ਸ਼ਹਿਰ ਤੋਂ ਧੂੰਆਂ ਉੱਠਦਾ ਰਹੇਗਾ।” (ਪ੍ਰਕਾ. 19:3) ਝੂਠੇ ਧਰਮਾਂ ਦਾ ਹਮੇਸ਼ਾ-ਹਮੇਸ਼ਾ ਲਈ ਨਾਸ਼ ਹੋ ਜਾਵੇਗਾ। ਇਸ ਤੋਂ ਬਾਅਦ ਫਿਰ ਕੋਈ ਵੀ ਝੂਠਾ ਧਰਮ ਹੋਂਦ ਵਿਚ ਨਹੀਂ ਆਵੇਗਾ ਅਤੇ ਸ਼ੁੱਧ ਭਗਤੀ ਫਿਰ ਕਦੇ ਵੀ ਭ੍ਰਿਸ਼ਟ ਨਹੀਂ ਹੋਵੇਗੀ। ਮਹਾਂ ਬਾਬਲ ਨੂੰ ਸਾੜ ਕੇ ਸੁਆਹ ਕਰ ਦਿੱਤਾ ਜਾਵੇਗਾ ਅਤੇ ਇਸ ਦਾ ਧੂੰਆਂ ਹਮੇਸ਼ਾ-ਹਮੇਸ਼ਾ ਲਈ ਉੱਠਦਾ ਰਹੇਗਾ।

ਮਹਾਂ ਬਾਬਲ ਨੇ ਲੰਬੇ ਸਮੇਂ ਤਕ ਜਿਨ੍ਹਾਂ ਕੌਮਾਂ ਨੂੰ ਭਰਮਾਇਆ, ਉਹ ਉਸ ’ਤੇ ਹਮਲਾ ਕਰ ਕੇ ਉਸ ਦਾ ਨਾਸ਼ ਕਰ ਦੇਣਗੀਆਂ (ਪੈਰੇ 19, 20 ਦੇਖੋ)

21. ਝੂਠੇ ਧਰਮਾਂ ਦੇ ਨਾਸ਼ ਨਾਲ ਕਿਹੋ ਜਿਹੇ ਸਮੇਂ ਦੀ ਸ਼ੁਰੂਆਤ ਹੋਵੇਗੀ ਅਤੇ ਇਸ ਦੇ ਅਖ਼ੀਰ ਵਿਚ ਕੀ ਹੋਵੇਗਾ?

21 ਜਦੋਂ ਇਸ ਦੁਨੀਆਂ ਦੀਆਂ ਸਰਕਾਰਾਂ ਮਹਾਂ ਬਾਬਲ ਦੇ ਖ਼ਿਲਾਫ਼ ਹੋਣਗੀਆਂ, ਤਾਂ ਉਹ ਅਸਲ ਵਿਚ ਯਹੋਵਾਹ ਵੱਲੋਂ ਉਸ ਨੂੰ ਸਜ਼ਾ ਦੇ ਰਹੀਆਂ ਹੋਣਗੀਆਂ। ਇਹ ਯਹੋਵਾਹ ਦੇ ਮਕਸਦ ਦੀ ਪੂਰਤੀ ਵਿਚ ਇਕ ਬਹੁਤ ਹੀ ਅਹਿਮ ਘਟਨਾ ਹੋਵੇਗੀ। ਇਸ ਨਾਲ ਮਹਾਂਕਸ਼ਟ ਦੀ ਸ਼ੁਰੂਆਤ ਹੋਵੇਗੀ ਜਿਸ ਦੌਰਾਨ ਇੰਨੀ ਉਥਲ-ਪੁਥਲ ਮਚੇਗੀ ਅਤੇ ਇੰਨੀਆਂ ਦੁੱਖ-ਤਕਲੀਫ਼ਾਂ ਆਉਣਗੀਆਂ ਜਿੰਨੀਆਂ ਪਹਿਲਾਂ ਕਦੇ ਨਹੀਂ ਸਨ। (ਮੱਤੀ 24:21) ਮਹਾਂਕਸ਼ਟ ਦੇ ਅਖ਼ੀਰ ਵਿਚ ਆਰਮਾਗੇਡਨ ਦਾ ਯੁੱਧ ਹੋਵੇਗਾ ਜਿਸ ਵਿਚ ਯਹੋਵਾਹ ਇਸ ਦੁਸ਼ਟ ਦੁਨੀਆਂ ਦਾ ਨਾਸ਼ ਕਰੇਗਾ। (ਪ੍ਰਕਾ. 16:14, 16) ਅਸੀਂ ਅਗਲੇ ਕੁਝ ਅਧਿਆਵਾਂ ਵਿਚ ਦੇਖਾਂਗੇ ਕਿ ਹਿਜ਼ਕੀਏਲ ਦੀ ਕਿਤਾਬ ਵਿਚ ਮਹਾਂਕਸ਼ਟ ਦੀ ਸ਼ੁਰੂਆਤ ਅਤੇ ਇਸ ਦੌਰਾਨ ਹੋਣ ਵਾਲੀਆਂ ਘਟਨਾਵਾਂ ਬਾਰੇ ਬਹੁਤ ਕੁਝ ਦੱਸਿਆ ਗਿਆ ਹੈ। ਪਰ ਆਓ ਆਪਾਂ ਦੇਖੀਏ ਕਿ ਹਿਜ਼ਕੀਏਲ ਅਧਿਆਇ 16 ਅਤੇ 23 ਤੋਂ ਅਸੀਂ ਕਿਹੜੀਆਂ ਗੱਲਾਂ ਯਾਦ ਰੱਖ ਸਕਦੇ ਹਾਂ ਤੇ ਆਪਣੀ ਜ਼ਿੰਦਗੀ ਵਿਚ ਲਾਗੂ ਕਰ ਸਕਦੇ ਹਾਂ।

ਪਰਮੇਸ਼ੁਰ ਇਸ ਦੁਨੀਆਂ ਦੀਆਂ ਸਰਕਾਰਾਂ ਦੇ ਜ਼ਰੀਏ ਮਹਾਂ ਬਾਬਲ ਨੂੰ ਸਜ਼ਾ ਦੇਵੇਗਾ (ਪੈਰਾ 21 ਦੇਖੋ)

22, 23. ਹਿਜ਼ਕੀਏਲ ਅਤੇ ਪ੍ਰਕਾਸ਼ ਦੀ ਕਿਤਾਬ ਵਿਚ ਦੱਸੀਆਂ ਵੇਸਵਾਵਾਂ ਬਾਰੇ ਪੜ੍ਹ ਕੇ ਸਾਡੀ ਭਗਤੀ ’ਤੇ ਕੀ ਅਸਰ ਪੈਣਾ ਚਾਹੀਦਾ ਹੈ?

22 ਸ਼ੈਤਾਨ ਸ਼ੁੱਧ ਭਗਤੀ ਕਰਨ ਵਾਲੇ ਲੋਕਾਂ ਨੂੰ ਭ੍ਰਿਸ਼ਟ ਕਰਨ ਦੀ ਤਾਕ ਵਿਚ ਰਹਿੰਦਾ ਹੈ। ਉਸ ਨੂੰ ਸਭ ਤੋਂ ਜ਼ਿਆਦਾ ਖ਼ੁਸ਼ੀ ਇਸ ਗੱਲ ਤੋਂ ਮਿਲਦੀ ਹੈ ਕਿ ਅਸੀਂ ਸ਼ੁੱਧ ਭਗਤੀ ਕਰਨੀ ਛੱਡ ਦੇਈਏ ਅਤੇ ਉਨ੍ਹਾਂ ਵੇਸਵਾਵਾਂ ਵਾਂਗ ਬਾਗ਼ੀ ਹੋ ਜਾਈਏ ਜਿਨ੍ਹਾਂ ਬਾਰੇ ਹਿਜ਼ਕੀਏਲ ਦੀ ਕਿਤਾਬ ਵਿਚ ਦੱਸਿਆ ਗਿਆ ਹੈ। ਪਰ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਇਹ ਹਰਗਿਜ਼ ਵੀ ਬਰਦਾਸ਼ਤ ਨਹੀਂ ਕਰਦਾ ਕਿ ਕਿਸੇ ਹੋਰ ਦੀ ਭਗਤੀ ਕਰ ਕੇ ਉਸ ਨਾਲ ਬੇਵਫ਼ਾਈ ਕੀਤੀ ਜਾਵੇ। (ਗਿਣ. 25:11) ਇਸ ਲਈ ਅਸੀਂ ਧਿਆਨ ਰੱਖਦੇ ਹਾਂ ਕਿ ਅਸੀਂ ਝੂਠੇ ਧਰਮਾਂ ਤੋਂ ਪੂਰੀ ਤਰ੍ਹਾਂ ਦੂਰ ਰਹੀਏ ਅਤੇ ਅਜਿਹੀ ਕਿਸੇ ਵੀ ਚੀਜ਼ ਨੂੰ ‘ਹੱਥ ਨਾ ਲਾਈਏ’ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ “ਅਸ਼ੁੱਧ” ਹੈ। (ਯਸਾ. 52:11) ਅਸੀਂ ਰਾਜਨੀਤਿਕ ਧਰਨਿਆਂ ਅਤੇ ਦੰਗਿਆਂ ਵਿਚ ਵੀ ਹਿੱਸਾ ਨਹੀਂ ਲੈਂਦੇ। (ਯੂਹੰ. 15:19) ਅਸੀਂ ਮੰਨਦੇ ਹਾਂ ਕਿ ਦੇਸ਼-ਭਗਤੀ ਵੀ ਸ਼ੈਤਾਨ ਦੁਆਰਾ ਫੈਲਾਇਆ ਇਕ ਝੂਠਾ ਧਰਮ ਹੈ ਅਤੇ ਸਾਡਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

23 ਸਭ ਤੋਂ ਜ਼ਰੂਰੀ ਗੱਲ, ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਾਡੇ ਕੋਲ ਯਹੋਵਾਹ ਦੇ ਪਵਿੱਤਰ ਮਹਾਨ ਮੰਦਰ ਵਿਚ ਭਗਤੀ ਕਰਨ ਦਾ ਸਨਮਾਨ ਹੈ। ਸਾਨੂੰ ਇਸ ਸਨਮਾਨ ਦੀ ਹਮੇਸ਼ਾ ਕਦਰ ਕਰਨੀ ਚਾਹੀਦੀ ਹੈ ਅਤੇ ਪੱਕਾ ਇਰਾਦਾ ਕਰਨਾ ਚਾਹੀਦਾ ਹੈ ਕਿ ਅਸੀਂ ਅਜਿਹਾ ਕੋਈ ਵੀ ਕੰਮ ਨਾ ਕਰੀਏ ਜਿਸ ਦਾ ਸੰਬੰਧ ਝੂਠੇ ਧਰਮਾਂ ਅਤੇ ਉਨ੍ਹਾਂ ਦੀ ਬਦਚਲਣੀ ਨਾਲ ਹੈ!