Skip to content

Skip to table of contents

ਨਵੀਂ ਸਮਝ​—⁠ਸਾਰ

ਨਵੀਂ ਸਮਝ​—⁠ਸਾਰ

ਬੀਤੇ ਕੁਝ ਸਾਲਾਂ ਦੌਰਾਨ ਹਿਜ਼ਕੀਏਲ ਦੀਆਂ ਕਈ ਭਵਿੱਖਬਾਣੀਆਂ ਬਾਰੇ ਸਾਡੀ ਸਮਝ ਵਿਚ ਸੁਧਾਰ ਕੀਤਾ ਗਿਆ ਹੈ ਅਤੇ ਇਸ ਬਾਰੇ ਪਹਿਰਾਬੁਰਜ ਵਿਚ ਦੱਸਿਆ ਜਾਂਦਾ ਰਿਹਾ ਹੈ। ਯਹੋਵਾਹ ਦੀ ਸ਼ੁੱਧ ਭਗਤੀ ਬਹਾਲ! ਕਿਤਾਬ ਵਿਚ ਕੁਝ ਹੋਰ ਭਵਿੱਖਬਾਣੀਆਂ ਬਾਰੇ ਸਾਡੀ ਸਮਝ ਵਿਚ ਹੋਏ ਸੁਧਾਰ ਬਾਰੇ ਦੱਸਿਆ ਗਿਆ ਹੈ। ਦੇਖੋ ਕਿ ਤੁਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਦੇ ਸਕਦੇ ਹੋ ਜਾਂ ਨਹੀਂ।

ਚਾਰ ਜੀਉਂਦੇ ਪ੍ਰਾਣੀਆਂ ਦੇ ਚਿਹਰੇ ਕਿਸ ਗੱਲ ਨੂੰ ਦਰਸਾਉਂਦੇ ਹਨ?

ਪੁਰਾਣੀ ਸਮਝ: ਚਾਰ ਜੀਉਂਦੇ ਪ੍ਰਾਣੀਆਂ ਜਾਂ ਕਰੂਬੀਆਂ ਦੇ ਚਾਰ ਮੂੰਹ ਯਹੋਵਾਹ ਦੇ ਚਾਰ ਮੁੱਖ ਗੁਣਾਂ ਨੂੰ ਦਰਸਾਉਂਦੇ ਹਨ।

ਨਵੀਂ ਸਮਝ: ਜੀਉਂਦੇ ਪ੍ਰਾਣੀਆਂ ਦੇ ਚਾਰ ਮੂੰਹ ਹਨ। ਹਰ ਮੂੰਹ ਯਹੋਵਾਹ ਦੇ ਇਕ ਮੁੱਖ ਗੁਣ ਨੂੰ ਦਰਸਾਉਂਦਾ ਹੈ ਅਤੇ ਚਾਰੇ ਮੂੰਹ ਮਿਲ ਕੇ ਯਹੋਵਾਹ ਦੇ ਸਾਰੇ ਗੁਣਾਂ ਨੂੰ ਦਰਸਾਉਂਦੇ ਹਨ। ਨਾਲੇ ਸਾਨੂੰ ਇਹ ਗੱਲ ਪਤਾ ਲੱਗਦੀ ਹੈ ਕਿ ਯਹੋਵਾਹ ਅਪਾਰ ਮਹਿਮਾ ਅਤੇ ਬੇਅੰਤ ਤਾਕਤ ਦਾ ਮਾਲਕ ਹੈ।

ਸਮਝ ਵਿਚ ਬਦਲਾਅ ਦਾ ਕਾਰਨ: ਪਰਮੇਸ਼ੁਰ ਦੇ ਬਚਨ ਵਿਚ ਚਾਰ ਨੰਬਰ ਸੰਪੂਰਣਤਾ ਨੂੰ ਦਰਸਾਉਂਦਾ ਹੈ। ਇਸੇ ਤਰ੍ਹਾਂ ਕਰੂਬੀਆਂ ਦੇ ਚਾਰ ਮੂੰਹ ਮਿਲ ਕੇ ਯਹੋਵਾਹ ਦੇ ਚਾਰ ਗੁਣਾਂ ਨੂੰ ਹੀ ਨਹੀਂ ਦਰਸਾਉਂਦੇ, ਸਗੋਂ ਇਹ ਉਸ ਦੀ ਪੂਰੀ ਸ਼ਖ਼ਸੀਅਤ ਦੀ ਨੀਂਹ ਹਨ। ਕਰੂਬੀ ਬਹੁਤ ਸ਼ਕਤੀਸ਼ਾਲੀ ਹਨ ਕਿਉਂਕਿ ਦਰਸ਼ਣ ਵਿਚ ਦਿਖਾਇਆ ਗਿਆ ਹੈ ਕਿ ਉਨ੍ਹਾਂ ਦੇ ਚਾਰ ਮੂੰਹ ਸ਼ੇਰ, ਬਲਦ, ਉਕਾਬ ਅਤੇ ਆਦਮੀ ਦੇ ਹਨ ਜੋ ਸ਼ਾਨ, ਬਲ ਅਤੇ ਤਾਕਤ ਲਈ ਜਾਣੇ ਜਾਂਦੇ ਹਨ। ਫਿਰ ਵੀ ਇਹ ਤਾਕਤਵਰ ਪ੍ਰਾਣੀ ਯਹੋਵਾਹ ਦੇ ਸਿੰਘਾਸਣ ਹੇਠ ਖੜ੍ਹੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਸਾਰੇ ਜਹਾਨ ਦਾ ਮਾਲਕ ਹੈ।

ਲਿਖਾਰੀ ਦੀ ਕਲਮ-ਦਵਾਤ ਵਾਲਾ ਆਦਮੀ ਕਿਸ ਨੂੰ ਦਰਸਾਉਂਦਾ ਹੈ?

ਪੁਰਾਣੀ ਸਮਝ: ਕਲਮ-ਦਵਾਤ ਵਾਲਾ ਆਦਮੀ ਬਾਕੀ ਬਚੇ ਚੁਣੇ ਹੋਏ ਮਸੀਹੀਆਂ ਨੂੰ ਦਰਸਾਉਂਦਾ ਹੈ। ਪ੍ਰਚਾਰ ਅਤੇ ਚੇਲੇ ਬਣਾਉਣ ਦੇ ਕੰਮ ਰਾਹੀਂ ਚੁਣੇ ਹੋਏ ਮਸੀਹੀ ਹੁਣ ਉਨ੍ਹਾਂ ਲੋਕਾਂ ਦੇ ਮੱਥੇ ’ਤੇ ਨਿਸ਼ਾਨ ਲਾਉਣ ਦਾ ਕੰਮ ਕਰ ਰਹੇ ਹਨ ਜੋ “ਵੱਡੀ ਭੀੜ” ਦਾ ਹਿੱਸਾ ਬਣਦੇ ਹਨ।—ਪ੍ਰਕਾ. 7:9.

ਨਵੀਂ ਸਮਝ: ਲਿਖਾਰੀ ਦੀ ਕਲਮ-ਦਵਾਤ ਵਾਲਾ ਆਦਮੀ ਯਿਸੂ ਮਸੀਹ ਨੂੰ ਦਰਸਾਉਂਦਾ ਹੈ। ਉਹ “ਮਹਾਂਕਸ਼ਟ” ਦੌਰਾਨ ਵੱਡੀ ਭੀੜ ਦੇ ਲੋਕਾਂ ਦੇ ਮੱਥੇ ’ਤੇ ਨਿਸ਼ਾਨ ਲਾਵੇਗਾ ਜਦੋਂ ਉਹ ਨਿਆਂ ਕਰੇਗਾ ਕਿ ਭੇਡਾਂ ਵਰਗੇ ਲੋਕ ਕੌਣ ਹਨ।—ਮੱਤੀ 24:21.

ਸਮਝ ਵਿਚ ਬਦਲਾਅ ਦਾ ਕਾਰਨ: ਯਹੋਵਾਹ ਨੇ ਨਿਆਂ ਕਰਨ ਦਾ ਕੰਮ ਆਪਣੇ ਪੁੱਤਰ ਨੂੰ ਸੌਂਪਿਆ ਹੈ। (ਯੂਹੰ. 5:22, 23) ਮੱਤੀ 25:31-33 ਮੁਤਾਬਕ ਯਿਸੂ ਆਖ਼ਰੀ ਫ਼ੈਸਲਾ ਸੁਣਾਵੇਗਾ ਕਿ ਕੌਣ “ਭੇਡਾਂ” ਵਰਗੇ ਹਨ ਤੇ ਕੌਣ “ਬੱਕਰੀਆਂ” ਵਰਗੇ।

ਕੀ ਦੋ ਵੇਸਵਾ ਭੈਣਾਂ, ਆਹਾਲਾਹ ਅਤੇ ਆਹਾਲੀਬਾਹ ਈਸਾਈ-ਜਗਤ ਦੇ ਕੈਥੋਲਿਕ ਅਤੇ ਪ੍ਰੋਟੈਸਟੈਂਟ ਧਰਮਾਂ ਨੂੰ ਦਰਸਾਉਂਦੀਆਂ ਹਨ?

ਪੁਰਾਣੀ ਸਮਝ: ਵੱਡੀ ਭੈਣ ਆਹਾਲਾਹ (ਇਜ਼ਰਾਈਲ ਦੀ ਰਾਜਧਾਨੀ ਸਾਮਰਿਯਾ) ਕੈਥੋਲਿਕ ਧਰਮ ਨੂੰ ਦਰਸਾਉਂਦੀ ਹੈ; ਛੋਟੀ ਭੈਣ ਆਹਾਲੀਬਾਹ (ਯਹੂਦਾਹ ਦੀ ਰਾਜਧਾਨੀ ਯਰੂਸ਼ਲਮ) ਪ੍ਰੋਟੈਸਟੈਂਟ ਧਰਮ ਨੂੰ ਦਰਸਾਉਂਦੀ ਹੈ।

ਨਵੀਂ ਸਮਝ: ਇਹ ਵੇਸਵਾ ਭੈਣਾਂ ਈਸਾਈ-ਜਗਤ ਦੇ ਧਰਮਾਂ ਨੂੰ ਨਹੀਂ ਦਰਸਾਉਂਦੀਆਂ। ਇਸ ਦੀ ਬਜਾਇ, ਇਨ੍ਹਾਂ ਤੋਂ ਅਸੀਂ ਸਿੱਖਦੇ ਹਾਂ ਕਿ ਜਦੋਂ ਯਹੋਵਾਹ ਦੇ ਵਫ਼ਾਦਾਰ ਲੋਕ ਉਸ ਨੂੰ ਛੱਡ ਕੇ ਕਿਸੇ ਹੋਰ ਦੀ ਭਗਤੀ ਕਰਨ ਲੱਗ ਪੈਂਦੇ ਹਨ, ਤਾਂ ਉਸ ਦੀਆਂ ਨਜ਼ਰਾਂ ਵਿਚ ਇਹ ਬਦਚਲਣੀ ਕਰਨ ਦੇ ਬਰਾਬਰ ਹੈ। ਉਹ ਸਾਰੇ ਝੂਠੇ ਧਰਮਾਂ ਬਾਰੇ ਵੀ ਇਸੇ ਤਰ੍ਹਾਂ ਮਹਿਸੂਸ ਕਰਦਾ ਹੈ।

ਸਮਝ ਵਿਚ ਬਦਲਾਅ ਦਾ ਕਾਰਨ: ਬਾਈਬਲ ਵਿੱਚੋਂ ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਦਾ ਕਿ ਆਹਾਲਾਹ ਅਤੇ ਆਹਾਲੀਬਾਹ ਈਸਾਈ-ਜਗਤ ਨੂੰ ਦਰਸਾਉਂਦੀਆਂ ਹਨ। ਇਜ਼ਰਾਈਲ ਅਤੇ ਯਹੂਦਾਹ ਇਕ ਸਮੇਂ ਤੇ ਯਹੋਵਾਹ ਦੀਆਂ ਵਫ਼ਾਦਾਰ ਪਤਨੀਆਂ ਵਾਂਗ ਸਨ, ਪਰ ਈਸਾਈ-ਜਗਤ ਕਦੇ ਵੀ ਯਹੋਵਾਹ ਦੀ ਪਤਨੀ ਵਾਂਗ ਨਹੀਂ ਸੀ। ਇਸ ਤੋਂ ਇਲਾਵਾ, ਹਿਜ਼ਕੀਏਲ ਅਧਿਆਇ 16 ਅਤੇ 23 ਵਿਚ ਪਰਮੇਸ਼ੁਰ ਦੇ ਬੇਵਫ਼ਾ ਲੋਕਾਂ ਦੀ ਤੁਲਨਾ ਵੇਸਵਾਵਾਂ ਨਾਲ ਕੀਤੀ ਗਈ ਹੈ ਤੇ ਉਨ੍ਹਾਂ ਨੂੰ ਛੁਟਕਾਰੇ ਅਤੇ ਬਹਾਲੀ ਦੀ ਉਮੀਦ ਵੀ ਦਿੱਤੀ ਗਈ ਹੈ। ਪਰ ਮਹਾਂ ਬਾਬਲ ਦੇ ਹਿੱਸੇ ਈਸਾਈ-ਜਗਤ ਨੂੰ ਅਜਿਹੀ ਕੋਈ ਉਮੀਦ ਨਹੀਂ ਦਿੱਤੀ ਗਈ।

ਕੀ ਧਰਮ-ਤਿਆਗੀ ਯਰੂਸ਼ਲਮ ਈਸਾਈ-ਜਗਤ ਨੂੰ ਦਰਸਾਉਂਦਾ ਹੈ?

ਪੁਰਾਣੀ ਸਮਝ: ਬੇਵਫ਼ਾ ਯਰੂਸ਼ਲਮ ਈਸਾਈ-ਜਗਤ ਨੂੰ ਦਰਸਾਉਂਦਾ ਹੈ। ਇਸ ਕਰਕੇ ਯਰੂਸ਼ਲਮ ਦਾ ਨਾਸ਼ ਇਕ ਭਵਿੱਖਬਾਣੀ ਸੀ ਕਿ ਈਸਾਈ-ਜਗਤ ਦਾ ਨਾਸ਼ ਕੀਤਾ ਜਾਵੇਗਾ।

ਨਵੀਂ ਸਮਝ: ਅੱਜ ਈਸਾਈ-ਜਗਤ ਦੀ ਹਾਲਤ ਬਿਲਕੁਲ ਉਸ ਬੇਵਫ਼ਾ ਯਰੂਸ਼ਲਮ ਵਰਗੀ ਹੈ। ਮੂਰਤੀ-ਪੂਜਾ ਅਤੇ ਭ੍ਰਿਸ਼ਟਾਚਾਰ ਵਰਗੀਆਂ ਬੁਰਾਈਆਂ ਈਸਾਈ-ਜਗਤ ਵਿਚ ਆਮ ਹੀ ਹਨ। ਪਰ ਹੁਣ ਅਸੀਂ ਇਹ ਨਹੀਂ ਕਹਿੰਦੇ ਕਿ ਯਰੂਸ਼ਲਮ ਈਸਾਈ-ਜਗਤ ਨੂੰ ਦਰਸਾਉਂਦਾ ਹੈ।

ਸਮਝ ਵਿਚ ਬਦਲਾਅ ਦਾ ਕਾਰਨ: ਬਾਈਬਲ ਵਿਚ ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਦਾ ਕਿ ਬੇਵਫ਼ਾ ਯਰੂਸ਼ਲਮ ਈਸਾਈ-ਜਗਤ ਨੂੰ ਦਰਸਾਉਂਦਾ ਹੈ। ਪੁਰਾਣੇ ਜ਼ਮਾਨੇ ਦਾ ਯਰੂਸ਼ਲਮ ਇਕ ਸਮੇਂ ਤੇ ਸ਼ੁੱਧ ਭਗਤੀ ਕਰਦਾ ਸੀ, ਪਰ ਈਸਾਈ-ਜਗਤ ਨੇ ਕਦੇ ਵੀ ਸ਼ੁੱਧ-ਭਗਤੀ ਨਹੀਂ ਕੀਤੀ। ਨਾਲੇ ਯਰੂਸ਼ਲਮ ਨੂੰ ਯਹੋਵਾਹ ਨੇ ਮਾਫ਼ ਕੀਤਾ ਸੀ, ਪਰ ਈਸਾਈ-ਜਗਤ ਲਈ ਅਜਿਹੀ ਕੋਈ ਉਮੀਦ ਨਹੀਂ ਦਿੱਤੀ ਗਈ।

ਸੁੱਕੀਆਂ ਹੱਡੀਆਂ ਦੀ ਘਾਟੀ ਸੰਬੰਧੀ ਭਵਿੱਖਬਾਣੀ ਕਿਵੇਂ ਪੂਰੀ ਹੋਈ?

ਪੁਰਾਣੀ ਸਮਝ: ਸੰਨ 1918 ਵਿਚ ਚੁਣੇ ਹੋਏ ਮਸੀਹੀਆਂ ’ਤੇ ਅਤਿਆਚਾਰ ਕੀਤੇ ਗਏ ਅਤੇ ਉਹ ਮਹਾਂ ਬਾਬਲ ਦੀ ਗ਼ੁਲਾਮੀ ਵਿਚ ਚਲੇ ਗਏ। ਉਨ੍ਹਾਂ ਦਾ ਕੰਮ ਲਗਭਗ ਬੰਦ ਹੀ ਹੋ ਗਿਆ ਸੀ ਜਿਸ ਕਰਕੇ ਉਨ੍ਹਾਂ ਦੀ ਹਾਲਤ ਮੁਰਦਿਆਂ ਵਰਗੀ ਹੋ ਗਈ ਸੀ। ਉਹ ਥੋੜ੍ਹੇ ਸਮੇਂ ਬਾਅਦ ਹੀ 1919 ਵਿਚ ਮਹਾਂ ਬਾਬਲ ਦੀ ਗ਼ੁਲਾਮੀ ਤੋਂ ਆਜ਼ਾਦ ਹੋ ਗਏ ਜਦੋਂ ਯਹੋਵਾਹ ਨੇ ਰਾਜ ਦੇ ਪ੍ਰਚਾਰਕਾਂ ਵਿਚ ਫਿਰ ਤੋਂ ਜਾਨ ਪਾਈ।

ਨਵੀਂ ਸਮਝ: ਚੁਣੇ ਹੋਏ ਮਸੀਹੀ 1918 ਤੋਂ ਕਾਫ਼ੀ ਸਮਾਂ ਪਹਿਲਾਂ ਮਹਾਂ ਬਾਬਲ ਦੀ ਗ਼ੁਲਾਮੀ ਵਿਚ ਚਲੇ ਗਏ ਅਤੇ ਕਾਫ਼ੀ ਲੰਬੇ ਸਮੇਂ ਤਕ ਉਹ ਮੁਰਦਿਆਂ ਵਰਗੀ ਹਾਲਤ ਵਿਚ ਰਹੇ। ਉਹ ਦੂਜੀ ਸਦੀ ਵਿਚ ਮਹਾਂ ਬਾਬਲ ਦੀ ਗ਼ੁਲਾਮੀ ਵਿਚ ਗਏ ਅਤੇ 1919 ਵਿਚ ਜਾ ਕੇ ਆਜ਼ਾਦ ਹੋਏ। ਯਿਸੂ ਨੇ ਵੀ ਕਣਕ ਅਤੇ ਜੰਗਲੀ ਬੂਟੀ ਦੀ ਮਿਸਾਲ ਵਿਚ ਅਜਿਹੀ ਗੱਲ ਕਹੀ ਸੀ। ਉਸ ਨੇ ਦੱਸਿਆ ਸੀ ਕਿ ਕਣਕ ਅਤੇ ਜੰਗਲੀ ਬੂਟੀ ਲੰਬੇ ਸਮੇਂ ਤਕ ਇਕੱਠੀ ਵਧੇਗੀ।

ਸਮਝ ਵਿਚ ਬਦਲਾਅ ਦਾ ਕਾਰਨ: ਪੁਰਾਣੇ ਸਮੇਂ ਵਿਚ ਇਜ਼ਰਾਈਲੀ ਕਾਫ਼ੀ ਲੰਬੇ ਸਮੇਂ ਤਕ ਗ਼ੁਲਾਮੀ ਵਿਚ ਰਹੇ। ਉਹ 740 ਈਸਵੀ ਪੂਰਵ ਵਿਚ ਗ਼ੁਲਾਮੀ ਵਿਚ ਗਏ ਅਤੇ 537 ਈਸਵੀ ਪੂਰਵ ਵਿਚ ਆਜ਼ਾਦ ਹੋ ਗਏ। ਹਿਜ਼ਕੀਏਲ ਦੀ ਭਵਿੱਖਬਾਣੀ ਵਿਚ ਦੱਸਿਆ ਗਿਆ ਸੀ ਕਿ ਹੱਡੀਆਂ “ਸੁੱਕੀਆਂ” ਅਤੇ “ਪੂਰੀ ਤਰ੍ਹਾਂ ਸੁੱਕੀਆਂ” ਸਨ। ਇਸ ਤੋਂ ਪਤਾ ਲੱਗਦਾ ਹੈ ਕਿ ਉਹ ਕਾਫ਼ੀ ਲੰਬੇ ਸਮੇਂ ਤੋਂ ਮੁਰਦਿਆਂ ਵਰਗੀ ਹਾਲਤ ਵਿਚ ਸਨ ਅਤੇ ਇਨ੍ਹਾਂ ਹੱਡੀਆਂ ਵਿਚ ਹੌਲੀ-ਹੌਲੀ ਜਾਨ ਪਈ।

ਦੋ ਸੋਟੀਆਂ ਨੂੰ ਇਕ ਕਰਨ ਦਾ ਕੀ ਮਤਲਬ ਹੈ?

ਪੁਰਾਣੀ ਸਮਝ: ਪਹਿਲੇ ਵਿਸ਼ਵ ਯੁੱਧ ਦੌਰਾਨ ਵਫ਼ਾਦਾਰ ਚੁਣੇ ਹੋਏ ਮਸੀਹੀਆਂ ਵਿਚ ਥੋੜ੍ਹੇ ਸਮੇਂ ਲਈ ਫੁੱਟ ਪੈ ਗਈ ਸੀ। ਪਰ 1919 ਵਿਚ ਫਿਰ ਤੋਂ ਉਨ੍ਹਾਂ ਨੂੰ ਇਕ ਕੀਤਾ ਗਿਆ।

ਨਵੀਂ ਸਮਝ: ਭਵਿੱਖਬਾਣੀ ਵਿਚ ਖ਼ਾਸ ਤੌਰ ਤੇ ਦੱਸਿਆ ਗਿਆ ਕਿ ਯਹੋਵਾਹ ਹੀ ਆਪਣੇ ਸੇਵਕਾਂ ਨੂੰ ਇਕ ਕਰੇਗਾ। 1919 ਤੋਂ ਬਾਅਦ ਬਾਕੀ ਬਚੇ ਚੁਣੇ ਹੋਏ ਮਸੀਹੀਆਂ ਨਾਲ ਅਜਿਹੇ ਬਹੁਤ ਸਾਰੇ ਲੋਕ ਜੁੜਦੇ ਗਏ ਜਿਨ੍ਹਾਂ ਦੀ ਉਮੀਦ ਧਰਤੀ ’ਤੇ ਰਹਿਣ ਦੀ ਹੈ। ਇਹ ਦੋਵੇਂ ਸਮੂਹ ਇਕ ਹੋ ਕੇ ਯਹੋਵਾਹ ਦੀ ਭਗਤੀ ਕਰ ਰਹੇ ਹਨ।

ਸਮਝ ਵਿਚ ਬਦਲਾਅ ਦਾ ਕਾਰਨ: ਭਵਿੱਖਬਾਣੀ ਵਿਚ ਇਹ ਨਹੀਂ ਦੱਸਿਆ ਗਿਆ ਕਿ ਇਕ ਸੋਟੀ ਨੂੰ ਤੋੜ ਕੇ ਦੋ ਕੀਤਾ ਗਿਆ ਅਤੇ ਫਿਰ ਦੋਨਾਂ ਨੂੰ ਜੋੜ ਦਿੱਤਾ ਗਿਆ। ਇਸ ਲਈ ਭਵਿੱਖਬਾਣੀ ਦਾ ਇਹ ਮਤਲਬ ਨਹੀਂ ਹੈ ਕਿ ਇਕ ਸਮੂਹ ਵਿਚ ਫੁੱਟ ਪੈ ਜਾਵੇਗੀ ਅਤੇ ਫਿਰ ਤੋਂ ਦੋਹਾਂ ਸਮੂਹਾਂ ਨੂੰ ਇਕ ਕੀਤਾ ਜਾਵੇਗਾ। ਇਸ ਦੀ ਬਜਾਇ, ਭਵਿੱਖਬਾਣੀ ਵਿਚ ਦੱਸਿਆ ਗਿਆ ਹੈ ਕਿ ਕਿਵੇਂ ਦੋ ਵੱਖੋ-ਵੱਖਰੇ ਸਮੂਹ ਇਕ ਹੋਣਗੇ।

ਮਾਗੋਗ ਦਾ ਗੋਗ ਕੌਣ ਹੈ?

ਪੁਰਾਣੀ ਸਮਝ: ਸਵਰਗੋਂ ਕੱਢੇ ਜਾਣ ਤੋਂ ਬਾਅਦ ਸ਼ੈਤਾਨ ਨੂੰ ਮਾਗੋਗ ਦਾ ਗੋਗ ਨਾਂ ਦਿੱਤਾ ਗਿਆ।

ਨਵੀਂ ਸਮਝ: ਮਾਗੋਗ ਦਾ ਗੋਗ ਕੌਮਾਂ ਦਾ ਗਠਜੋੜ ਹੈ ਜੋ ਮਹਾਂਕਸ਼ਟ ਦੌਰਾਨ ਸ਼ੁੱਧ ਭਗਤੀ ਕਰਨ ਵਾਲਿਆਂ ’ਤੇ ਹਮਲਾ ਕਰੇਗਾ।

ਸਮਝ ਵਿਚ ਬਦਲਾਅ ਦਾ ਕਾਰਨ: ਭਵਿੱਖਬਾਣੀ ਵਿਚ ਦੱਸਿਆ ਗਿਆ ਹੈ ਕਿ ਗੋਗ ਨੂੰ ਸ਼ਿਕਾਰੀ ਪੰਛੀਆਂ ਦਾ ਭੋਜਨ ਬਣਾਇਆ ਜਾਵੇਗਾ ਅਤੇ ਧਰਤੀ ਉੱਤੇ ਉਸ ਨੂੰ ਇਕ ਕਬਰਸਤਾਨ ਦਿੱਤਾ ਜਾਵੇਗਾ। ਇਸ ਤੋਂ ਪਤਾ ਲੱਗਦਾ ਹੈ ਕਿ ਗੋਗ ਕੋਈ ਅਦਿੱਖ ਪ੍ਰਾਣੀ ਨਹੀਂ ਹੈ। ਨਾਲੇ ਦਾਨੀਏਲ ਅਤੇ ਪ੍ਰਕਾਸ਼ ਦੀ ਕਿਤਾਬ ਵਿਚ ਪਰਮੇਸ਼ੁਰ ਦੇ ਲੋਕਾਂ ’ਤੇ ਧਰਤੀ ਦੀਆਂ ਕੌਮਾਂ ਦੇ ਹਮਲੇ ਬਾਰੇ ਜੋ ਦੱਸਿਆ ਗਿਆ ਹੈ, ਉਹੀ ਗੋਗ ਦੇ ਹਮਲੇ ਬਾਰੇ ਦੱਸਿਆ ਗਿਆ ਹੈ।—ਦਾਨੀ. 11:40, 44, 45; ਪ੍ਰਕਾ. 17:14; 19:19.

ਕੀ ਹਿਜ਼ਕੀਏਲ ਨੇ ਉਹ ਮਹਾਨ ਮੰਦਰ ਦੇਖਿਆ ਸੀ ਜਿਸ ਬਾਰੇ ਪੌਲੁਸ ਨੇ ਦੱਸਿਆ ਸੀ?

ਪੁਰਾਣੀ ਸਮਝ: ਹਿਜ਼ਕੀਏਲ ਨੇ ਦਰਸ਼ਣ ਵਿਚ ਉਹ ਮਹਾਨ ਮੰਦਰ ਦੇਖਿਆ ਸੀ ਜਿਸ ਬਾਰੇ ਪੌਲੁਸ ਰਸੂਲ ਨੇ ਸਮਝਾਇਆ ਸੀ।

ਨਵੀਂ ਸਮਝ: ਹਿਜ਼ਕੀਏਲ ਨੇ ਉਹ ਮਹਾਨ ਮੰਦਰ ਨਹੀਂ ਸੀ ਦੇਖਿਆ ਜੋ 29 ਈਸਵੀ ਵਿਚ ਹੋਂਦ ਵਿਚ ਆਇਆ ਸੀ। ਪਰ ਦਰਸ਼ਣ ਵਿਚ ਉਸ ਨੇ ਦੇਖਿਆ ਕਿ ਗ਼ੁਲਾਮੀ ਵਿੱਚੋਂ ਆਜ਼ਾਦ ਹੋਣ ਤੋਂ ਬਾਅਦ ਸ਼ੁੱਧ ਭਗਤੀ ਉਸੇ ਤਰ੍ਹਾਂ ਕੀਤੀ ਜਾਵੇਗੀ ਜਿਵੇਂ ਮੂਸਾ ਦੇ ਕਾਨੂੰਨ ਵਿਚ ਦੱਸਿਆ ਗਿਆ ਹੈ। ਪੌਲੁਸ ਨੇ ਮਹਾਨ ਮੰਦਰ ਬਾਰੇ ਦੱਸਦਿਆਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਯਿਸੂ ਨੇ ਮਹਾਂ ਪੁਜਾਰੀ ਵਜੋਂ 29 ਤੋਂ 33 ਈਸਵੀ ਤਕ ਕਿਹੜੇ ਕੰਮ ਕੀਤੇ। ਹਿਜ਼ਕੀਏਲ ਦੇ ਦਰਸ਼ਣ ਵਿਚ ਮਹਾਂ ਪੁਜਾਰੀ ਦਾ ਜ਼ਿਕਰ ਨਹੀਂ ਕੀਤਾ ਗਿਆ, ਸਗੋਂ ਸ਼ੁੱਧ ਭਗਤੀ ਦੀ ਬਹਾਲੀ ’ਤੇ ਜ਼ੋਰ ਦਿੱਤਾ ਗਿਆ ਜੋ 1919 ਵਿਚ ਹੋਣੀ ਸ਼ੁਰੂ ਹੋਈ। ਇਸ ਲਈ ਅਸੀਂ ਹਿਜ਼ਕੀਏਲ ਦੇ ਮੰਦਰ ਦੇ ਵੱਖੋ-ਵੱਖਰੇ ਹਿੱਸਿਆਂ ਅਤੇ ਮਿਣਤੀ-ਗਿਣਤੀ ਦਾ ਮਤਲਬ ਨਹੀਂ ਕੱਢਦੇ। ਇਸ ਦੀ ਬਜਾਇ, ਹਿਜ਼ਕੀਏਲ ਦੇ ਦਰਸ਼ਣ ਤੋਂ ਸਾਨੂੰ ਇਹ ਜਾਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਯਹੋਵਾਹ ਨੇ ਸ਼ੁੱਧ ਭਗਤੀ ਲਈ ਕਿਹੜੇ ਮਿਆਰ ਠਹਿਰਾਏ ਹਨ।

ਸਮਝ ਵਿਚ ਬਦਲਾਅ ਦਾ ਕਾਰਨ: ਹਿਜ਼ਕੀਏਲ ਦੇ ਦਰਸ਼ਣ ਵਿਚਲਾ ਮੰਦਰ ਕੁਝ ਗੱਲਾਂ ਵਿਚ ਮਹਾਨ ਮੰਦਰ ਨਾਲੋਂ ਵੱਖਰਾ ਹੈ। ਮਿਸਾਲ ਲਈ, ਹਿਜ਼ਕੀਏਲ ਦੁਆਰਾ ਦੇਖੇ ਮੰਦਰ ਵਿਚ ਜਾਨਵਰਾਂ ਦੀਆਂ ਕਈ ਬਲ਼ੀਆਂ ਚੜ੍ਹਾਈਆਂ ਗਈਆਂ, ਜਦ ਕਿ ਮਹਾਨ ਮੰਦਰ ਵਿਚ “ਇੱਕੋ ਵਾਰ ਹਮੇਸ਼ਾ ਲਈ” ਇਕ ਬਲ਼ੀ ਚੜ੍ਹਾਈ ਗਈ। (ਇਬ. 9:11, 12) ਮਸੀਹ ਦੇ ਆਉਣ ਤੋਂ ਕਾਫ਼ੀ ਸਦੀਆਂ ਪਹਿਲਾਂ ਮਹਾਨ ਮੰਦਰ ਬਾਰੇ ਡੂੰਘੀਆਂ ਸੱਚਾਈਆਂ ਦੱਸਣ ਦਾ ਯਹੋਵਾਹ ਦਾ ਸਮਾਂ ਨਹੀਂ ਸੀ।