Skip to content

Skip to table of contents

ਅਧਿਆਇ 2

‘ਪਰਮੇਸ਼ੁਰ ਨੇ ਉਨ੍ਹਾਂ ਦੀਆਂ ਭੇਟਾਂ ਸਵੀਕਾਰ’ ਕੀਤੀਆਂ

‘ਪਰਮੇਸ਼ੁਰ ਨੇ ਉਨ੍ਹਾਂ ਦੀਆਂ ਭੇਟਾਂ ਸਵੀਕਾਰ’ ਕੀਤੀਆਂ

ਇਬਰਾਨੀਆਂ 11:4

ਮੁੱਖ ਗੱਲ: ਯਹੋਵਾਹ ਨੇ ਪੁਰਾਣੇ ਸਮੇਂ ਵਿਚ ਸ਼ੁੱਧ ਭਗਤੀ ਲਈ ਕਿਹੜੇ ਇੰਤਜ਼ਾਮ ਕੀਤੇ

1-3. (ੳ) ਅਸੀਂ ਕਿਨ੍ਹਾਂ ਸਵਾਲਾਂ ’ਤੇ ਗੌਰ ਕਰਾਂਗੇ? (ਅ) ਅਸੀਂ ਸ਼ੁੱਧ ਭਗਤੀ ਬਾਰੇ ਕਿਹੜੀਆਂ ਚਾਰ ਮੁੱਖ ਗੱਲਾਂ ’ਤੇ ਗੌਰ ਕਰਾਂਗੇ? (ਪਹਿਲੀ ਤਸਵੀਰ ਦੇਖੋ।)

ਹਾਬਲ ਧਿਆਨ ਨਾਲ ਆਪਣੇ ਇੱਜੜ ਦੀ ਜਾਂਚ ਕਰ ਰਿਹਾ ਹੈ। ਉਸ ਨੇ ਆਪਣੇ ਇੱਜੜ ਨੂੰ ਬੜੇ ਹੀ ਪਿਆਰ ਨਾਲ ਪਾਲ਼ਿਆ ਹੈ। ਪਰ ਹੁਣ ਉਹ ਇਨ੍ਹਾਂ ਵਿੱਚੋਂ ਕੁਝ ਜਾਨਵਰਾਂ ਨੂੰ ਚੁਣਦਾ ਹੈ ਅਤੇ ਇਨ੍ਹਾਂ ਨੂੰ ਹਲਾਲ ਕਰ ਕੇ ਪਰਮੇਸ਼ੁਰ ਨੂੰ ਭੇਟ ਵਜੋਂ ਚੜ੍ਹਾਉਂਦਾ ਹੈ। ਕੀ ਯਹੋਵਾਹ ਇਸ ਨਾਮੁਕੰਮਲ ਇਨਸਾਨ ਦੀ ਭਗਤੀ ਨੂੰ ਸਵੀਕਾਰ ਕਰੇਗਾ?

2 ਪਰਮੇਸ਼ੁਰ ਦੀ ਪ੍ਰੇਰਣਾ ਨਾਲ ਪੌਲੁਸ ਨੇ ਹਾਬਲ ਬਾਰੇ ਲਿਖਿਆ: ‘ਪਰਮੇਸ਼ੁਰ ਨੇ ਉਸ ਦੀਆਂ ਭੇਟਾਂ ਸਵੀਕਾਰ ਕੀਤੀਆਂ।’ ਪਰ ਯਹੋਵਾਹ ਨੇ ਕਾਇਨ ਦੀ ਭੇਟ ਸਵੀਕਾਰ ਨਹੀਂ ਕੀਤੀ। (ਇਬਰਾਨੀਆਂ 11:4 ਪੜ੍ਹੋ।) ਇਸ ਕਰਕੇ ਕਈ ਸਵਾਲ ਖੜ੍ਹੇ ਹੁੰਦੇ ਹਨ ਜਿਨ੍ਹਾਂ ’ਤੇ ਸਾਨੂੰ ਗੌਰ ਕਰਨ ਦੀ ਲੋੜ ਹੈ। ਪਰਮੇਸ਼ੁਰ ਨੇ ਹਾਬਲ ਦੀ ਭਗਤੀ ਸਵੀਕਾਰ ਕੀਤੀ, ਪਰ ਕਾਇਨ ਦੀ ਕਿਉਂ ਨਹੀਂ? ਅਸੀਂ ਇਬਰਾਨੀਆਂ ਦੇ 11ਵੇਂ ਅਧਿਆਇ ਵਿਚ ਦਰਜ ਹਾਬਲ, ਕਾਇਨ ਅਤੇ ਹੋਰ ਲੋਕਾਂ ਦੀਆਂ ਮਿਸਾਲਾਂ ਤੋਂ ਕੀ ਸਿੱਖ ਸਕਦੇ ਹਾਂ? ਇਨ੍ਹਾਂ ਸਵਾਲਾਂ ਦੇ ਜਵਾਬ ਜਾਣ ਕੇ ਅਸੀਂ ਹੋਰ ਚੰਗੀ ਤਰ੍ਹਾਂ ਸਮਝਾਂਗੇ ਕਿ ਸ਼ੁੱਧ ਭਗਤੀ ਵਿਚ ਕੀ ਕੁਝ ਸ਼ਾਮਲ ਹੈ।

3 ਹੁਣ ਆਪਾਂ ਹਾਬਲ ਤੋਂ ਲੈ ਕੇ ਹਿਜ਼ਕੀਏਲ ਦੇ ਦਿਨਾਂ ਤਕ ਵਾਪਰੀਆਂ ਘਟਨਾਵਾਂ ’ਤੇ ਗੌਰ ਕਰਾਂਗੇ। ਧਿਆਨ ਦਿਓ ਕਿ ਪਰਮੇਸ਼ੁਰ ਦੀ ਮਰਜ਼ੀ ਮੁਤਾਬਕ ਭਗਤੀ ਕਰਨ ਲਈ ਕਿਹੜੀਆਂ ਚਾਰ ਮੁੱਖ ਗੱਲਾਂ ਹੋਣੀਆਂ ਜ਼ਰੂਰੀ ਹਨ। ਇਹ ਚਾਰ ਗੱਲਾਂ ਹਨ: ਸਾਨੂੰ ਸਿਰਫ਼ ਯਹੋਵਾਹ ਦੀ ਭਗਤੀ ਕਰਨੀ ਚਾਹੀਦੀ ਹੈ, ਸਾਡੀ ਭਗਤੀ ਸਭ ਤੋਂ ਵਧੀਆ ਹੋਣੀ ਚਾਹੀਦੀ ਹੈ, ਭਗਤੀ ਕਰਨ ਦਾ ਤਰੀਕਾ ਪਰਮੇਸ਼ੁਰ ਦੀ ਮਰਜ਼ੀ ਮੁਤਾਬਕ ਹੋਣਾ ਚਾਹੀਦਾ ਅਤੇ ਸਾਡਾ ਇਰਾਦਾ ਸਹੀ ਹੋਣਾ ਚਾਹੀਦਾ।

ਕਾਇਨ ਦੀ ਭਗਤੀ ਸਵੀਕਾਰ ਕਿਉਂ ਨਹੀਂ ਕੀਤੀ ਗਈ?

4, 5. ਕਾਇਨ ਨੇ ਕਿਹੜੇ ਕਾਰਨਾਂ ਕਰਕੇ ਯਹੋਵਾਹ ਨੂੰ ਭੇਟ ਚੜ੍ਹਾਈ ਹੋਣੀ?

4 ਉਤਪਤ 4:2-5 ਪੜ੍ਹੋ। ਕਾਇਨ ਜਾਣਦਾ ਸੀ ਕਿ ਸਿਰਫ਼ ਯਹੋਵਾਹ ਨੂੰ ਭੇਟ ਚੜ੍ਹਾਈ ਜਾਣੀ ਚਾਹੀਦੀ। ਕਾਇਨ ਕੋਲ ਯਹੋਵਾਹ ਬਾਰੇ ਸਿੱਖਣ ਲਈ ਬਹੁਤ ਸਾਰਾ ਸਮਾਂ ਤੇ ਕਈ ਮੌਕੇ ਸਨ। ਜਦੋਂ ਕਾਇਨ ਤੇ ਹਾਬਲ ਨੇ ਯਹੋਵਾਹ ਨੂੰ ਭੇਟਾਂ ਚੜ੍ਹਾਈਆਂ ਸਨ, ਤਾਂ ਦੋਵਾਂ ਦੀ ਉਮਰ ਲਗਭਗ 100 ਸਾਲ ਦੀ ਸੀ। * ਦੋਵੇਂ ਭਰਾ ਬਚਪਨ ਤੋਂ ਹੀ ਜਾਣਦੇ ਸਨ ਕਿ ਅਦਨ ਦੇ ਬਾਗ਼ ਵਿਚ ਕੀ ਹੋਇਆ ਸੀ ਅਤੇ ਸ਼ਾਇਦ ਉਹ ਦੋਵੇਂ ਦੂਰੋਂ ਉਸ ਬਾਗ਼ ਨੂੰ ਦੇਖਦੇ ਵੀ ਹੋਣੇ। ਉਨ੍ਹਾਂ ਨੇ ਅਦਨ ਦੇ ਬਾਗ਼ ਦੇ ਦਰਵਾਜ਼ੇ ’ਤੇ ਪਹਿਰਾ ਦੇ ਰਹੇ ਕਰੂਬੀਆਂ ਨੂੰ ਵੀ ਜ਼ਰੂਰ ਦੇਖਿਆ ਹੋਣਾ। (ਉਤ. 3:24) ਬਿਨਾਂ ਸ਼ੱਕ ਉਨ੍ਹਾਂ ਦੇ ਮਾਪਿਆਂ ਨੇ ਜ਼ਰੂਰ ਦੱਸਿਆ ਹੋਣਾ ਕਿ ਯਹੋਵਾਹ ਨੇ ਹੀ ਸਾਰਿਆਂ ਨੂੰ ਜ਼ਿੰਦਗੀ ਦਿੱਤੀ ਹੈ ਅਤੇ ਉਸ ਦਾ ਮਕਸਦ ਨਹੀਂ ਸੀ ਕਿ ਇਨਸਾਨ ਹੌਲੀ-ਹੌਲੀ ਮੌਤ ਦੇ ਮੂੰਹ ਵਿਚ ਚਲੇ ਜਾਣ। (ਉਤ. 1:24-28) ਇਹ ਸਾਰੀਆਂ ਗੱਲਾਂ ਜਾਣਨ ਤੋਂ ਬਾਅਦ ਸ਼ਾਇਦ ਕਾਇਨ ਦੇ ਮਨ ਵਿਚ ਪਰਮੇਸ਼ੁਰ ਨੂੰ ਭੇਟ ਚੜ੍ਹਾਉਣ ਦਾ ਖ਼ਿਆਲ ਆਇਆ ਹੋਣਾ।

5 ਕਾਇਨ ਨੇ ਹੋਰ ਕਿਹੜੇ ਕਾਰਨ ਕਰਕੇ ਪਰਮੇਸ਼ੁਰ ਨੂੰ ਭੇਟ ਚੜ੍ਹਾਈ ਹੋਣੀ? ਯਹੋਵਾਹ ਨੇ ਪਹਿਲਾਂ ਹੀ ਦੱਸਿਆ ਸੀ ਕਿ ਇਕ “ਸੰਤਾਨ” ਆਵੇਗੀ ਜੋ ਉਸ “ਸੱਪ” ਦਾ ਸਿਰ ਕੁਚਲੇਗੀ ਜਿਸ ਨੇ ਹੱਵਾਹ ਨੂੰ ਭਰਮਾਇਆ ਸੀ। (ਉਤ. 3:4-6, 14, 15) ਜੇਠਾ ਹੋਣ ਕਰਕੇ ਕਾਇਨ ਨੇ ਸ਼ਾਇਦ ਸੋਚਿਆ ਹੋਣਾ ਕਿ ਉਹੀ ਵਾਅਦਾ ਕੀਤੀ ਹੋਈ “ਸੰਤਾਨ” ਸੀ। (ਉਤ. 4:1) ਨਾਲੇ ਯਹੋਵਾਹ ਨੇ ਪਾਪੀ ਇਨਸਾਨਾਂ ਨਾਲ ਪੂਰੀ ਤਰ੍ਹਾਂ ਗੱਲ ਕਰਨੀ ਬੰਦ ਨਹੀਂ ਕੀਤੀ ਸੀ। ਆਦਮ ਦੇ ਗ਼ਲਤੀ ਕਰਨ ਤੋਂ ਬਾਅਦ ਵੀ ਯਹੋਵਾਹ ਨੇ ਇਕ ਦੂਤ ਰਾਹੀਂ ਉਸ ਨਾਲ ਗੱਲ ਕੀਤੀ ਸੀ। (ਉਤ. 3:8-10) ਕਾਇਨ ਦੇ ਭੇਟ ਚੜ੍ਹਾਉਣ ਤੋਂ ਬਾਅਦ ਯਹੋਵਾਹ ਨੇ ਉਸ ਨਾਲ ਗੱਲ ਕੀਤੀ। (ਉਤ. 4:6) ਬਿਨਾਂ ਸ਼ੱਕ, ਕਾਇਨ ਜਾਣਦਾ ਸੀ ਕਿ ਯਹੋਵਾਹ ਦੀ ਹੀ ਭਗਤੀ ਕੀਤੀ ਜਾਣੀ ਚਾਹੀਦੀ ਹੈ।

6, 7. ਕੀ ਕਾਇਨ ਦੀ ਭੇਟ ਵਿਚ ਕੋਈ ਨੁਕਸ ਸੀ ਜਾਂ ਉਸ ਦਾ ਭੇਟ ਚੜ੍ਹਾਉਣ ਦਾ ਤਰੀਕਾ ਗ਼ਲਤ ਸੀ? ਸਮਝਾਓ।

6 ਤਾਂ ਫਿਰ, ਯਹੋਵਾਹ ਨੇ ਕਾਇਨ ਦੀ ਭੇਟ ਕਿਉਂ ਨਹੀਂ ਸਵੀਕਾਰ ਕੀਤੀ? ਕੀ ਕਾਇਨ ਵੱਲੋਂ ਚੜ੍ਹਾਈ ਭੇਟ ਵਧੀਆ ਨਹੀਂ ਸੀ? ਬਾਈਬਲ ਇਸ ਬਾਰੇ ਕੁਝ ਨਹੀਂ ਦੱਸਦੀ। ਬਾਈਬਲ ਬੱਸ ਇੰਨਾ ਦੱਸਦੀ ਹੈ ਕਿ ਉਹ “ਜ਼ਮੀਨ ਦੀ ਪੈਦਾਵਾਰ ਵਿੱਚੋਂ” ਫਲ-ਸਬਜ਼ੀਆਂ ਲੈ ਕੇ ਆਇਆ। ਬਾਅਦ ਵਿਚ ਯਹੋਵਾਹ ਨੇ ਮੂਸਾ ਦੇ ਕਾਨੂੰਨ ਵਿਚ ਵੀ ਦੱਸਿਆ ਕਿ ਉਸ ਨੂੰ ਅਜਿਹੀਆਂ ਭੇਟਾਂ ਸਵੀਕਾਰ ਸਨ। (ਗਿਣ. 15:8, 9) ਜ਼ਰਾ ਉਸ ਸਮੇਂ ਦੇ ਹਾਲਾਤਾਂ ’ਤੇ ਵੀ ਗੌਰ ਕਰੋ। ਉਸ ਵੇਲੇ ਲੋਕ ਸਿਰਫ਼ ਫਲ-ਸਬਜ਼ੀਆਂ ਹੀ ਖਾਂਦੇ ਸਨ। (ਉਤ. 1:29) ਪਰਮੇਸ਼ੁਰ ਨੇ ਜ਼ਮੀਨ ਨੂੰ ਸਰਾਪ ਦਿੱਤਾ ਸੀ ਜਿਸ ਕਰਕੇ ਕਾਇਨ ਨੂੰ ਖੇਤਾਂ ਵਿਚ ਹੱਡ-ਤੋੜ ਮਿਹਨਤ ਕਰਨੀ ਪੈਂਦੀ ਸੀ। (ਉਤ. 3:17-19) ਉਸ ਨੇ ਆਪਣਾ ਢਿੱਡ ਭਰਨ ਲਈ ਖ਼ੂਨ-ਪਸੀਨਾ ਵਹਾ ਕੇ ਜੋ ਉਗਾਇਆ ਸੀ, ਉਹ ਉਸ ਨੇ ਯਹੋਵਾਹ ਨੂੰ ਭੇਟ ਵਜੋਂ ਚੜ੍ਹਾਇਆ। ਪਰ ਫਿਰ ਵੀ ਯਹੋਵਾਹ ਨੇ ਉਸ ਦੀ ਭੇਟ ਸਵੀਕਾਰ ਨਹੀਂ ਕੀਤੀ।

7 ਕੀ ਉਸ ਦਾ ਭੇਟ ਚੜ੍ਹਾਉਣ ਦਾ ਤਰੀਕਾ ਗ਼ਲਤ ਸੀ? ਕੀ ਪਰਮੇਸ਼ੁਰ ਨੂੰ ਉਸ ਦਾ ਭੇਟ ਚੜ੍ਹਾਉਣ ਦਾ ਤਰੀਕਾ ਮਨਜ਼ੂਰ ਨਹੀਂ ਸੀ? ਇਸ ਤਰ੍ਹਾਂ ਨਹੀਂ ਲੱਗਦਾ। ਕਿਉਂ? ਕਿਉਂਕਿ ਜਦੋਂ ਯਹੋਵਾਹ ਨੇ ਕਾਇਨ ਦੀ ਭੇਟ ਸਵੀਕਾਰ ਨਹੀਂ ਕੀਤੀ ਸੀ, ਤਾਂ ਪਰਮੇਸ਼ੁਰ ਨੇ ਇਹ ਨਹੀਂ ਕਿਹਾ ਸੀ ਕਿ ਕਾਇਨ ਦੇ ਭੇਟ ਚੜ੍ਹਾਉਣ ਦਾ ਤਰੀਕਾ ਗ਼ਲਤ ਸੀ। ਅਸਲ ਵਿਚ, ਬਾਈਬਲ ਵਿਚ ਕਿਤੇ ਨਹੀਂ ਦੱਸਿਆ ਕਿ ਕਾਇਨ ਤੇ ਹਾਬਲ ਨੇ ਕਿਸ ਤਰੀਕੇ ਨਾਲ ਭੇਟ ਚੜ੍ਹਾਈ ਸੀ। ਤਾਂ ਫਿਰ, ਪਰਮੇਸ਼ੁਰ ਨੇ ਉਸ ਦੀ ਭੇਟ ਸਵੀਕਾਰ ਕਿਉਂ ਨਹੀਂ ਕੀਤੀ?

ਕਾਇਨ ਦਾ ਇਰਾਦਾ ਸਹੀ ਨਹੀਂ ਸੀ (ਪੈਰੇ 8, 9 ਦੇਖੋ)

8, 9. (ੳ) ਯਹੋਵਾਹ ਨੇ ਕਾਇਨ ਅਤੇ ਉਸ ਦੀ ਭੇਟ ਨੂੰ ਸਵੀਕਾਰ ਕਿਉਂ ਨਹੀਂ ਕੀਤਾ? (ਅ) ਬਾਈਬਲ ਵਿਚ ਕਾਇਨ ਅਤੇ ਹਾਬਲ ਬਾਰੇ ਜੋ ਜਾਣਕਾਰੀ ਦਿੱਤੀ ਗਈ ਹੈ, ਉਸ ਤੋਂ ਤੁਹਾਨੂੰ ਕਿਹੜੀ ਖ਼ਾਸ ਗੱਲ ਪਤਾ ਲੱਗਦੀ ਹੈ?

8 ਪੌਲੁਸ ਨੇ ਇਬਰਾਨੀਆਂ ਨੂੰ ਜੋ ਚਿੱਠੀ ਲਿਖੀ, ਉਸ ਤੋਂ ਪਤਾ ਲੱਗਦਾ ਹੈ ਕਿ ਕਾਇਨ ਨੇ ਸਹੀ ਇਰਾਦੇ ਨਾਲ ਭੇਟ ਨਹੀਂ ਚੜ੍ਹਾਈ ਸੀ। ਕਾਇਨ ਨੂੰ ਪਰਮੇਸ਼ੁਰ ’ਤੇ ਨਿਹਚਾ ਨਹੀਂ ਸੀ। (ਇਬ. 11:4; 1 ਯੂਹੰ. 3:11, 12) ਇਸ ਲਈ ਯਹੋਵਾਹ ਨੇ ਨਾ ਸਿਰਫ਼ ਕਾਇਨ ਦੀ ਭੇਟ ਨੂੰ ਠੁਕਰਾਇਆ, ਸਗੋਂ ਉਸ ਨੂੰ ਵੀ ਠੁਕਰਾ ਦਿੱਤਾ। (ਉਤ. 4:5-8) ਯਹੋਵਾਹ ਪਿਆਰ ਕਰਨ ਵਾਲਾ ਪਿਤਾ ਹੈ, ਇਸ ਲਈ ਉਸ ਨੇ ਆਪਣੇ ਪੁੱਤਰ ਕਾਇਨ ਨੂੰ ਪਿਆਰ ਨਾਲ ਸੁਧਾਰਨ ਦੀ ਕੋਸ਼ਿਸ਼ ਕੀਤੀ। ਪਰ ਕਾਇਨ ਨੇ ਪਰਮੇਸ਼ੁਰ ਦੀ ਇਕ ਨਾ ਸੁਣੀ। ਕਾਇਨ ਦਾ ਦਿਲ ਪਾਪੀ ਸਰੀਰ ਦੇ ਕੰਮਾਂ ਯਾਨੀ “ਵੈਰ, ਝਗੜੇ ਅਤੇ ਈਰਖਾ” ਨਾਲ ਭ੍ਰਿਸ਼ਟ ਹੋ ਚੁੱਕਾ ਸੀ। (ਗਲਾ. 5:19, 20) ਕਾਇਨ ਦਾ ਦਿਲ ਬੁਰਾ ਹੋਣ ਕਰਕੇ ਉਸ ਦੀ ਭਗਤੀ ਵਿਅਰਥ ਸਾਬਤ ਹੋਈ, ਚਾਹੇ ਉਸ ਦੀ ਭਗਤੀ ਵਿਚ ਕੁਝ ਗੱਲਾਂ ਚੰਗੀਆਂ ਸਨ। ਉਸ ਦੀ ਮਿਸਾਲ ਤੋਂ ਅਸੀਂ ਸਿੱਖਦੇ ਹਾਂ ਕਿ ਸਾਨੂੰ ਸ਼ੁੱਧ ਭਗਤੀ ਕਰਨ ਦਾ ਦਿਖਾਵਾ ਨਹੀਂ ਕਰਨਾ ਚਾਹੀਦਾ, ਸਗੋਂ ਸਾਡਾ ਇਰਾਦਾ ਸਹੀ ਹੋਣਾ ਚਾਹੀਦਾ ਹੈ।

9 ਬਾਈਬਲ ਵਿਚ ਕਾਇਨ ਬਾਰੇ ਬਹੁਤ ਕੁਝ ਦੱਸਿਆ ਗਿਆ, ਜਿਵੇਂ ਕਿ ਯਹੋਵਾਹ ਨੇ ਕਾਇਨ ਨਾਲ ਗੱਲ ਕੀਤੀ, ਉਸ ਨੇ ਯਹੋਵਾਹ ਨੂੰ ਕੀ ਜਵਾਬ ਦਿੱਤਾ ਅਤੇ ਇੱਥੋਂ ਤਕ ਕਿ ਉਸ ਦੇ ਬੱਚਿਆਂ ਦੇ ਨਾਂ ਵੀ ਦੱਸੇ ਗਏ ਹਨ ਅਤੇ ਉਨ੍ਹਾਂ ਨੇ ਕੀ-ਕੀ ਕੀਤਾ। (ਉਤ. 4:17-24) ਪਰ ਕਾਇਨ ਤੋਂ ਉਲਟ, ਬਾਈਬਲ ਵਿਚ ਹਾਬਲ ਦੀ ਕਹੀ ਇਕ ਵੀ ਗੱਲ ਦਰਜ ਨਹੀਂ ਹੈ ਅਤੇ ਇਹ ਵੀ ਨਹੀਂ ਦੱਸਿਆ ਗਿਆ ਕਿ ਉਸ ਦੇ ਬੱਚੇ ਸਨ ਕਿ ਨਹੀਂ। ਪਰ ਅੱਜ ਵੀ ਉਹ ਆਪਣੇ ਕੰਮਾਂ ਰਾਹੀਂ ਸਾਡੇ ਨਾਲ ਗੱਲ ਕਰਦਾ ਹੈ। ਕਿਵੇਂ?

ਸ਼ੁੱਧ ਭਗਤੀ ਕਰਨ ਵਿਚ ਹਾਬਲ ਨੇ ਮਿਸਾਲ ਰੱਖੀ

10. ਹਾਬਲ ਨੇ ਸ਼ੁੱਧ ਭਗਤੀ ਕਰਨ ਦੇ ਮਾਮਲੇ ਵਿਚ ਕਿਵੇਂ ਮਿਸਾਲ ਕਾਇਮ ਕੀਤੀ?

10 ਹਾਬਲ ਨੇ ਯਹੋਵਾਹ ਨੂੰ ਭੇਟ ਚੜ੍ਹਾਈ ਕਿਉਂਕਿ ਉਹ ਜਾਣਦਾ ਸੀ ਕਿ ਸਿਰਫ਼ ਉਹੀ ਇਸ ਦਾ ਹੱਕਦਾਰ ਹੈ। ਹਾਬਲ ਨੇ ਸਭ ਤੋਂ ਵਧੀਆ ਭੇਟ ਚੜ੍ਹਾਈ ਕਿਉਂਕਿ ਉਸ ਨੇ “ਆਪਣੇ ਇੱਜੜ ਵਿੱਚੋਂ ਕੁਝ ਪਲੇਠੇ ਲੇਲੇ” ਭੇਟ ਵਜੋਂ ਚੜ੍ਹਾਏ ਸਨ। ਚਾਹੇ ਬਾਈਬਲ ਵਿਚ ਕਿਤੇ ਨਹੀਂ ਦੱਸਿਆ ਗਿਆ ਕਿ ਉਸ ਨੇ ਆਪਣੀ ਭੇਟ ਵੇਦੀ ’ਤੇ ਚੜ੍ਹਾਈ ਸੀ ਜਾਂ ਨਹੀਂ, ਪਰ ਉਸ ਦੇ ਭੇਟ ਚੜ੍ਹਾਉਣ ਦਾ ਤਰੀਕਾ ਪਰਮੇਸ਼ੁਰ ਨੂੰ ਜ਼ਰੂਰ ਮਨਜ਼ੂਰ ਹੋਣਾ। ਹਾਬਲ ਦੀ ਭੇਟ ਵਧੀਆ ਕਿਉਂ ਸੀ? ਕਿਉਂਕਿ ਹਾਬਲ ਨੇ ਸਹੀ ਇਰਾਦੇ ਨਾਲ ਭੇਟ ਚੜ੍ਹਾਈ ਸੀ। ਇਸ ਕਰਕੇ ਅਸੀਂ ਛੇ ਹਜ਼ਾਰ ਸਾਲ ਬਾਅਦ ਵੀ ਹਾਬਲ ਦੀ ਮਿਸਾਲ ਤੋਂ ਸਿੱਖਦੇ ਹਾਂ। ਹਾਬਲ ਨੂੰ ਪਰਮੇਸ਼ੁਰ ’ਤੇ ਗਹਿਰੀ ਨਿਹਚਾ ਸੀ ਅਤੇ ਉਹ ਉਸ ਦੇ ਉੱਚੇ-ਸੁੱਚੇ ਮਿਆਰਾਂ ਨੂੰ ਪਿਆਰ ਕਰਦਾ ਸੀ ਜਿਸ ਕਰਕੇ ਉਸ ਨੇ ਪਰਮੇਸ਼ੁਰ ਨੂੰ ਭੇਟ ਚੜ੍ਹਾਈ। ਅਸੀਂ ਇਹ ਗੱਲ ਕਿਉਂ ਕਹਿ ਸਕਦੇ ਹਾਂ?

ਹਾਬਲ ਨੇ ਸ਼ੁੱਧ ਭਗਤੀ ਬਾਰੇ ਚਾਰ ਮੁੱਖ ਗੱਲਾਂ ਪੂਰੀਆਂ ਕੀਤੀਆਂ (ਪੈਰਾ 10 ਦੇਖੋ)

11. ਯਿਸੂ ਨੇ ਹਾਬਲ ਨੂੰ ਧਰਮੀ ਕਿਉਂ ਕਿਹਾ?

11 ਪਹਿਲਾਂ ਗੌਰ ਕਰੋ ਕਿ ਯਿਸੂ ਨੇ ਹਾਬਲ ਬਾਰੇ ਕੀ ਕਿਹਾ ਸੀ। ਯਿਸੂ ਉਸ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਕਿਉਂਕਿ ਜਿਸ ਵੇਲੇ ਹਾਬਲ ਧਰਤੀ ’ਤੇ ਸੀ, ਉਸ ਵੇਲੇ ਯਿਸੂ ਸਵਰਗ ਵਿਚ ਮੌਜੂਦ ਸੀ। ਯਿਸੂ ਨੂੰ ਆਦਮ ਦੇ ਇਸ ਪੁੱਤਰ ਵਿਚ ਗਹਿਰੀ ਦਿਲਚਸਪੀ ਸੀ। (ਕਹਾ. 8:22, 30, 31; ਯੂਹੰ. 8:58; ਕੁਲੁ. 1:15, 16) ਯਿਸੂ ਨੇ ਹਾਬਲ ਦੇ ਧਰਮੀ ਕੰਮਾਂ ਨੂੰ ਆਪਣੀ ਅੱਖੀਂ ਦੇਖਿਆ ਸੀ, ਇਸ ਕਰਕੇ ਉਸ ਨੇ ਹਾਬਲ ਨੂੰ ਧਰਮੀ ਕਿਹਾ ਸੀ। (ਮੱਤੀ 23:35) ਧਰਮੀ ਇਨਸਾਨ ਉਹ ਹੁੰਦਾ ਹੈ ਜੋ ਮੰਨਦਾ ਹੈ ਕਿ ਯਹੋਵਾਹ ਕੋਲ ਹੀ ਸਹੀ ਤੇ ਗ਼ਲਤ ਬਾਰੇ ਮਿਆਰ ਠਹਿਰਾਉਣ ਦਾ ਹੱਕ ਹੈ। ਇਸ ਤੋਂ ਇਲਾਵਾ, ਉਹ ਆਪਣੀ ਕਹਿਣੀ ਤੇ ਕਰਨੀ ਰਾਹੀਂ ਇਨ੍ਹਾਂ ਮਿਆਰਾਂ ਨੂੰ ਕਬੂਲ ਵੀ ਕਰਦਾ ਹੈ। (ਲੂਕਾ 1:5, 6 ਵਿਚ ਨੁਕਤਾ ਦੇਖੋ।) ਇਕ ਇਨਸਾਨ ਰਾਤੋ-ਰਾਤ ਧਰਮੀ ਨਹੀਂ ਬਣ ਜਾਂਦਾ। ਹਾਬਲ ਭੇਟ ਚੜ੍ਹਾਉਣ ਤੋਂ ਕਾਫ਼ੀ ਦੇਰ ਪਹਿਲਾਂ ਵੀ ਯਹੋਵਾਹ ਦੇ ਮਿਆਰਾਂ ਮੁਤਾਬਕ ਚੱਲਦਾ ਰਿਹਾ ਹੋਣਾ। ਉਸ ਲਈ ਇਸ ਤਰ੍ਹਾਂ ਕਰਨਾ ਸੌਖਾ ਨਹੀਂ ਰਿਹਾ ਹੋਣਾ। ਉਸ ਦਾ ਵੱਡਾ ਭਰਾ ਕਾਇਨ ਉਸ ਲਈ ਚੰਗੀ ਮਿਸਾਲ ਨਹੀਂ ਸੀ ਕਿਉਂਕਿ ਕਾਇਨ ਦੇ ਦਿਲ ਵਿਚ ਦੁਸ਼ਟਤਾ ਭਰੀ ਸੀ। (1 ਯੂਹੰ. 3:12) ਹਾਬਲ ਦੀ ਮਾਂ ਨੇ ਵੀ ਪਰਮੇਸ਼ੁਰ ਦਾ ਹੁਕਮ ਤੋੜਿਆ ਸੀ। ਉਸ ਦੇ ਪਿਤਾ ਨੇ ਯਹੋਵਾਹ ਖ਼ਿਲਾਫ਼ ਬਗਾਵਤ ਕੀਤੀ ਸੀ ਅਤੇ ਉਹ ਸਹੀ ਤੇ ਗ਼ਲਤ ਬਾਰੇ ਖ਼ੁਦ ਫ਼ੈਸਲਾ ਕਰਨਾ ਚਾਹੁੰਦਾ ਸੀ। (ਉਤ. 2:16, 17; 3:6) ਆਪਣੇ ਪਰਿਵਾਰ ਤੋਂ ਅਲੱਗ ਰਾਹ ਚੁਣ ਕੇ ਹਾਬਲ ਨੇ ਕਿੰਨੀ ਦਲੇਰੀ ਦਿਖਾਈ!

12. ਕਾਇਨ ਤੇ ਹਾਬਲ ਵਿਚ ਕਿਹੜਾ ਇਕ ਵੱਡਾ ਫ਼ਰਕ ਸੀ?

12 ਹੁਣ ਧਿਆਨ ਦਿਓ ਕਿ ਪੌਲੁਸ ਨੇ ਨਿਹਚਾ ਅਤੇ ਧਾਰਮਿਕਤਾ ਵਿਚ ਕੀ ਸੰਬੰਧ ਦੱਸਿਆ। ਪੌਲੁਸ ਨੇ ਲਿਖਿਆ: ‘ਨਿਹਚਾ ਨਾਲ ਹਾਬਲ ਨੇ ਪਰਮੇਸ਼ੁਰ ਨੂੰ ਕਾਇਨ ਦੇ ਬਲੀਦਾਨ ਨਾਲੋਂ ਉੱਤਮ ਬਲੀਦਾਨ ਚੜ੍ਹਾਇਆ ਅਤੇ ਉਸ ਦੀ ਨਿਹਚਾ ਕਰਕੇ ਪਰਮੇਸ਼ੁਰ ਨੇ ਉਸ ਨੂੰ ਗਵਾਹੀ ਦਿੱਤੀ ਕਿ ਉਹ ਧਰਮੀ ਸੀ।’ (ਇਬ. 11:4) ਪੌਲੁਸ ਦੇ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਕਾਇਨ ਤੋਂ ਉਲਟ ਹਾਬਲ ਨੇ ਆਪਣੀ ਪੂਰੀ ਜ਼ਿੰਦਗੀ ਯਹੋਵਾਹ ’ਤੇ ਦਿਲੋਂ ਨਿਹਚਾ ਰੱਖੀ ਅਤੇ ਉਸ ਨੂੰ ਭਰੋਸਾ ਸੀ ਕਿ ਯਹੋਵਾਹ ਦਾ ਕੰਮ ਕਰਨ ਦਾ ਤਰੀਕਾ ਸਹੀ ਸੀ।

13. ਅਸੀਂ ਹਾਬਲ ਦੀ ਮਿਸਾਲ ਤੋਂ ਕੀ ਸਿੱਖਦੇ ਹਾਂ?

13 ਹਾਬਲ ਦੀ ਮਿਸਾਲ ਤੋਂ ਅਸੀਂ ਸਿੱਖਦੇ ਹਾਂ ਕਿ ਸ਼ੁੱਧ ਭਗਤੀ ਲਈ ਸਹੀ ਇਰਾਦਾ ਹੋਣਾ ਜ਼ਰੂਰੀ ਹੈ ਯਾਨੀ ਯਹੋਵਾਹ ’ਤੇ ਪੂਰੇ ਦਿਲੋਂ ਨਿਹਚਾ ਰੱਖਣੀ ਅਤੇ ਉਸ ਦੇ ਧਰਮੀ ਮਿਆਰਾਂ ਨੂੰ ਪੂਰੀ ਤਰ੍ਹਾਂ ਕਬੂਲ ਕਰਨਾ। ਅਸੀਂ ਇਹ ਵੀ ਸਿੱਖਦੇ ਹਾਂ ਕਿ ਭਗਤੀ ਦਾ ਇਕ-ਅੱਧਾ ਕੰਮ ਕਰਨਾ ਹੀ ਕਾਫ਼ੀ ਨਹੀਂ ਹੈ, ਸਗੋਂ ਸ਼ੁੱਧ ਭਗਤੀ ਵਿਚ ਸਾਡਾ ਜੀਉਣ ਦਾ ਤਰੀਕਾ ਅਤੇ ਚਾਲ-ਚਲਣ ਬਹੁਤ ਮਾਅਨੇ ਰੱਖਦਾ ਹੈ।

ਹਾਬਲ ਦੀ ਮਿਸਾਲ ’ਤੇ ਚੱਲਣ ਵਾਲੇ ਹੋਰ ਸੇਵਕ

14. ਯਹੋਵਾਹ ਨੇ ਨੂਹ, ਅਬਰਾਹਾਮ ਅਤੇ ਯਾਕੂਬ ਦੀਆਂ ਭੇਟਾਂ ਨੂੰ ਕਿਉਂ ਸਵੀਕਾਰ ਕੀਤਾ?

14 ਹਾਬਲ ਨਾਮੁਕੰਮਲ ਇਨਸਾਨਾਂ ਵਿੱਚੋਂ ਪਹਿਲਾ ਇਨਸਾਨ ਸੀ ਜਿਸ ਨੇ ਯਹੋਵਾਹ ਦੀ ਸ਼ੁੱਧ ਭਗਤੀ ਕੀਤੀ। ਉਸ ਤੋਂ ਬਾਅਦ ਵੀ ਕਈ ਨਾਮੁਕੰਮਲ ਇਨਸਾਨਾਂ ਨੇ ਯਹੋਵਾਹ ਦੀ ਸ਼ੁੱਧ ਭਗਤੀ ਕੀਤੀ। ਪੌਲੁਸ ਨੇ ਹੋਰ ਸੇਵਕਾਂ ਦਾ ਵੀ ਜ਼ਿਕਰ ਕੀਤਾ ਜਿਨ੍ਹਾਂ ਨੇ ਪਰਮੇਸ਼ੁਰ ਦੀ ਮਰਜ਼ੀ ਮੁਤਾਬਕ ਭਗਤੀ ਕੀਤੀ, ਜਿਵੇਂ ਕਿ ਨੂਹ, ਅਬਰਾਹਾਮ ਅਤੇ ਯਾਕੂਬ। (ਇਬਰਾਨੀਆਂ 11:7, 8, 17-21 ਪੜ੍ਹੋ।) ਇਨ੍ਹਾਂ ਸੇਵਕਾਂ ਨੇ ਯਹੋਵਾਹ ਅੱਗੇ ਬਲ਼ੀਆਂ ਚੜ੍ਹਾਈਆਂ ਅਤੇ ਪਰਮੇਸ਼ੁਰ ਨੇ ਇਨ੍ਹਾਂ ਦੀਆਂ ਭੇਟਾਂ ਸਵੀਕਾਰ ਕੀਤੀਆਂ। ਕਿਉਂ? ਕਿਉਂਕਿ ਇਨ੍ਹਾਂ ਨੇ ਸਿਰਫ਼ ਬਲ਼ੀਆਂ ਹੀ ਨਹੀਂ ਚੜ੍ਹਾਈਆਂ, ਸਗੋਂ ਸ਼ੁੱਧ ਭਗਤੀ ਸੰਬੰਧੀ ਚਾਰੇ ਖ਼ਾਸ ਮੰਗਾਂ ਵੀ ਪੂਰੀਆਂ ਕੀਤੀਆਂ। ਆਓ ਇਨ੍ਹਾਂ ਦੀਆਂ ਮਿਸਾਲਾਂ ’ਤੇ ਗੌਰ ਕਰੀਏ।

ਨੂਹ ਨੇ ਭੇਟ ਚੜ੍ਹਾ ਕੇ ਇਕ ਅਹਿਮ ਸਬਕ ਸਿਖਾਇਆ (ਪੈਰੇ 15, 16 ਦੇਖੋ)

15, 16. ਨੂਹ ਨੇ ਸ਼ੁੱਧ ਭਗਤੀ ਸੰਬੰਧੀ ਚਾਰ ਮੰਗਾਂ ਕਿਵੇਂ ਪੂਰੀਆਂ ਕੀਤੀਆਂ?

15 ਨੂਹ ਦਾ ਜਨਮ ਆਦਮ ਦੀ ਮੌਤ ਤੋਂ 126 ਸਾਲ ਬਾਅਦ ਹੋਇਆ ਸੀ। ਉਸ ਸਮੇਂ ਤਕ ਸਾਰੇ ਪਾਸੇ ਝੂਠੀ ਭਗਤੀ ਹੋਣ ਲੱਗ ਪਈ ਸੀ। * (ਉਤ. 6:11) ਜਲ-ਪਰਲੋ ਤੋਂ ਪਹਿਲਾਂ ਨੂਹ ਤੇ ਉਸ ਦਾ ਪਰਿਵਾਰ ਹੀ ਯਹੋਵਾਹ ਦੀ ਮਰਜ਼ੀ ਮੁਤਾਬਕ ਭਗਤੀ ਕਰਦੇ ਸਨ। (2 ਪਤ. 2:5) ਜਲ-ਪਰਲੋ ਤੋਂ ਬਾਅਦ ਨੂਹ ਨੇ ਇਕ ਵੇਦੀ * ਬਣਾ ਕੇ ਉਸ ਉੱਤੇ ਯਹੋਵਾਹ ਲਈ ਬਲ਼ੀਆਂ ਚੜ੍ਹਾਈਆਂ। ਨੂਹ ਨੇ ਦਿਲੋਂ ਭੇਟ ਚੜ੍ਹਾ ਕੇ ਆਪਣੇ ਪਰਿਵਾਰ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਅਹਿਮ ਸਬਕ ਸਿਖਾਇਆ ਕਿ ਸਿਰਫ਼ ਯਹੋਵਾਹ ਦੀ ਹੀ ਭਗਤੀ ਕੀਤੀ ਜਾਣੀ ਚਾਹੀਦੀ ਹੈ। ਨੂਹ ਨੇ ਕੁਝ ‘ਸ਼ੁੱਧ ਜਾਨਵਰਾਂ ਅਤੇ ਸ਼ੁੱਧ ਪੰਛੀਆਂ’ ਦੀ ਬਲ਼ੀ ਚੜ੍ਹਾਈ ਸੀ। (ਉਤ. 8:20) ਨੂਹ ਨੇ ਸਭ ਤੋਂ ਵਧੀਆ ਭੇਟ ਚੜ੍ਹਾਈ ਕਿਉਂਕਿ ਯਹੋਵਾਹ ਨੇ ਹੀ ਇਨ੍ਹਾਂ ਜਾਨਵਰਾਂ ਨੂੰ ਸ਼ੁੱਧ ਠਹਿਰਾਇਆ ਸੀ।​—ਉਤ. 7:2.

16 ਨੂਹ ਨੇ ਵੇਦੀ ਬਣਾ ਕੇ ਉਸ ’ਤੇ ਬਲ਼ੀਆਂ ਚੜ੍ਹਾਈਆਂ। ਕੀ ਭਗਤੀ ਕਰਨ ਦਾ ਇਹ ਤਰੀਕਾ ਸਹੀ ਸੀ? ਜੀ ਹਾਂ। ਬਾਈਬਲ ਦੱਸਦੀ ਹੈ ਕਿ ਜਦੋਂ ਯਹੋਵਾਹ ਨੇ ਇਸ ਭੇਟ ਦੀ ਖ਼ੁਸ਼ਬੂ ਸੁੰਘੀ, ਤਾਂ ਉਹ ਖ਼ੁਸ਼ ਹੋਇਆ ਅਤੇ ਉਸ ਨੇ ਨੂਹ ਤੇ ਉਸ ਦੇ ਪੁੱਤਰਾਂ ਨੂੰ ਬਰਕਤ ਦਿੱਤੀ। (ਉਤ. 8:21; 9:1) ਯਹੋਵਾਹ ਨੇ ਨੂਹ ਦੀ ਭੇਟ ਖ਼ਾਸ ਤੌਰ ਤੇ ਇਸ ਲਈ ਸਵੀਕਾਰ ਕੀਤੀ ਕਿਉਂਕਿ ਉਸ ਦਾ ਭੇਟ ਚੜ੍ਹਾਉਣ ਦਾ ਇਰਾਦਾ ਸਹੀ ਸੀ। ਬਲ਼ੀਆਂ ਚੜ੍ਹਾ ਕੇ ਵੀ ਨੂਹ ਨੇ ਦਿਖਾਇਆ ਕਿ ਉਸ ਨੂੰ ਯਹੋਵਾਹ ’ਤੇ ਪੱਕੀ ਨਿਹਚਾ ਸੀ ਅਤੇ ਉਸ ਨੂੰ ਭਰੋਸਾ ਸੀ ਕਿ ਯਹੋਵਾਹ ਦਾ ਕੰਮ ਕਰਨ ਦਾ ਤਰੀਕਾ ਸਹੀ ਸੀ। ਨੂਹ ਆਪਣੀ ਪੂਰੀ ਜ਼ਿੰਦਗੀ ਯਹੋਵਾਹ ਦਾ ਕਹਿਣਾ ਮੰਨਦਾ ਰਿਹਾ ਅਤੇ ਉਸ ਦੇ ਉੱਚੇ-ਸੁੱਚੇ ਮਿਆਰਾਂ ’ਤੇ ਚੱਲਦਾ ਰਿਹਾ ਜਿਸ ਕਰਕੇ ਬਾਈਬਲ ਕਹਿੰਦੀ ਹੈ: “ਨੂਹ ਸੱਚੇ ਪਰਮੇਸ਼ੁਰ ਦੇ ਨਾਲ-ਨਾਲ ਚੱਲਿਆ।” ਇਸੇ ਕਰਕੇ ਨੂਹ ਨੇ ਧਰਮੀ ਇਨਸਾਨ ਵਜੋਂ ਨੇਕਨਾਮੀ ਖੱਟੀ।​—ਉਤ. 6:9; ਹਿਜ਼. 14:14; ਇਬ. 11:7.

17, 18. ਅਬਰਾਹਾਮ ਨੇ ਸ਼ੁੱਧ ਭਗਤੀ ਸੰਬੰਧੀ ਚਾਰ ਖ਼ਾਸ ਮੰਗਾਂ ਕਿਵੇਂ ਪੂਰੀਆਂ ਕੀਤੀਆਂ?

17 ਅਬਰਾਹਾਮ ਊਰ ਸ਼ਹਿਰ ਵਿਚ ਰਹਿੰਦਾ ਸੀ ਜਿੱਥੇ ਹਰ ਪਾਸੇ ਝੂਠੀ ਭਗਤੀ ਹੁੰਦੀ ਸੀ। ਸ਼ਹਿਰ ਵਿਚ ਚੰਨ ਦੇਵਤੇ ਨਾਨਾ ਦਾ ਇਕ ਬਹੁਤ ਵੱਡਾ ਮੰਦਰ ਸੀ। * ਇਕ ਸਮੇਂ ’ਤੇ ਅਬਰਾਹਾਮ ਦਾ ਪਿਤਾ ਵੀ ਝੂਠੇ ਦੇਵਤਿਆਂ ਦੀ ਭਗਤੀ ਕਰਦਾ ਸੀ। (ਯਹੋ. 24:2) ਪਰ ਅਬਰਾਹਾਮ ਨੇ ਯਹੋਵਾਹ ਦੀ ਭਗਤੀ ਕੀਤੀ। ਸ਼ਾਇਦ ਉਸ ਨੇ ਸੱਚੇ ਪਰਮੇਸ਼ੁਰ ਬਾਰੇ ਆਪਣੇ ਪੂਰਵਜ ਸ਼ੇਮ ਤੋਂ ਸਿੱਖਿਆ ਹੋਣਾ ਜੋ ਨੂਹ ਦਾ ਪੁੱਤਰ ਸੀ। ਅਬਰਾਹਾਮ ਦੇ ਜਨਮ ਤੋਂ ਬਾਅਦ ਸ਼ੇਮ 150 ਸਾਲ ਜੀਉਂਦਾ ਰਿਹਾ।

18 ਅਬਰਾਹਾਮ ਨੇ ਆਪਣੀ ਲੰਬੀ ਜ਼ਿੰਦਗੀ ਦੌਰਾਨ ਬਹੁਤ ਸਾਰੀਆਂ ਬਲ਼ੀਆਂ ਚੜ੍ਹਾਈਆਂ। ਉਸ ਨੇ ਇਹ ਬਲ਼ੀਆਂ ਹਮੇਸ਼ਾ ਯਹੋਵਾਹ ਨੂੰ ਚੜ੍ਹਾਈਆਂ ਕਿਉਂਕਿ ਉਹ ਜਾਣਦਾ ਸੀ ਕਿ ਸਿਰਫ਼ ਉਹੀ ਇਸ ਦਾ ਹੱਕਦਾਰ ਹੈ। (ਉਤ. 12:8; 13:18; 15:8-10) ਕੀ ਅਬਰਾਹਾਮ ਯਹੋਵਾਹ ਨੂੰ ਸਭ ਤੋਂ ਵਧੀਆ ਭੇਟ ਚੜ੍ਹਾਉਣ ਲਈ ਤਿਆਰ ਸੀ? ਹਾਂ, ਬਿਲਕੁਲ ਕਿਉਂਕਿ ਉਹ ਤਾਂ ਆਪਣੇ ਪਿਆਰੇ ਪੁੱਤਰ ਇਸਹਾਕ ਦੀ ਵੀ ਬਲ਼ੀ ਚੜ੍ਹਾਉਣ ਲਈ ਤਿਆਰ ਹੋ ਗਿਆ ਸੀ। ਇਸ ਮੌਕੇ ’ਤੇ ਯਹੋਵਾਹ ਨੇ ਉਸ ਨੂੰ ਸਾਫ਼-ਸਾਫ਼ ਦੱਸਿਆ ਕਿ ਉਸ ਨੇ ਕਿਸ ਤਰੀਕੇ ਨਾਲ ਬਲ਼ੀ ਚੜ੍ਹਾਉਣੀ ਸੀ। (ਉਤ. 22:1, 2) ਉਸ ਨੇ ਇਸਹਾਕ ਦੀ ਬਲ਼ੀ ਚੜ੍ਹਾਉਂਦੇ ਵੇਲੇ ਯਹੋਵਾਹ ਦੀ ਹਰ ਹਿਦਾਇਤ ਮੰਨੀ। ਬਾਅਦ ਵਿਚ ਯਹੋਵਾਹ ਨੇ ਹੀ ਅਬਰਾਹਾਮ ਨੂੰ ਆਪਣੇ ਪੁੱਤਰ ਦੀ ਬਲ਼ੀ ਚੜ੍ਹਾਉਣ ਤੋਂ ਰੋਕਿਆ। (ਉਤ. 22:9-12) ਯਹੋਵਾਹ ਨੇ ਅਬਰਾਹਾਮ ਵੱਲੋਂ ਚੜ੍ਹਾਈਆਂ ਬਲ਼ੀਆਂ ਇਸ ਕਰਕੇ ਸਵੀਕਾਰ ਕੀਤੀਆਂ ਕਿਉਂਕਿ ਅਬਰਾਹਾਮ ਦੇ ਇਰਾਦੇ ਸਹੀ ਸਨ। ਇਸ ਕਰਕੇ ਪੌਲੁਸ ਨੇ ਲਿਖਿਆ: “ਅਬਰਾਹਾਮ ਨੇ ਯਹੋਵਾਹ ਉੱਤੇ ਨਿਹਚਾ ਕੀਤੀ ਜਿਸ ਕਰਕੇ ਉਸ ਨੂੰ ਧਰਮੀ ਗਿਣਿਆ ਗਿਆ।”​—ਰੋਮੀ. 4:3.

ਯਾਕੂਬ ਨੇ ਆਪਣੇ ਪਰਿਵਾਰ ਲਈ ਵਧੀਆ ਮਿਸਾਲ ਰੱਖੀ (ਪੈਰੇ 19, 20 ਦੇਖੋ)

19, 20. ਯਾਕੂਬ ਨੇ ਸ਼ੁੱਧ ਭਗਤੀ ਸੰਬੰਧੀ ਚਾਰ ਮੰਗਾਂ ਕਿਵੇਂ ਪੂਰੀਆਂ ਕੀਤੀਆਂ?

19 ਯਾਕੂਬ ਨੇ ਆਪਣੀ ਜ਼ਿਆਦਾਤਰ ਜ਼ਿੰਦਗੀ ਕਨਾਨ ਵਿਚ ਬਿਤਾਈ। ਯਹੋਵਾਹ ਨੇ ਇਹ ਦੇਸ਼ ਅਬਰਾਹਾਮ ਅਤੇ ਉਸ ਦੀ ਸੰਤਾਨ ਨੂੰ ਦੇਣ ਦਾ ਵਾਅਦਾ ਕੀਤਾ ਸੀ। (ਉਤ. 17:1, 8) ਉਸ ਦੇਸ਼ ਦੇ ਲੋਕਾਂ ਦੀ ਭਗਤੀ ਇੰਨੀ ਘਿਣਾਉਣੀ ਸੀ ਕਿ ਯਹੋਵਾਹ ਨੇ ਕਿਹਾ ਕਿ ਉਹ “ਉਨ੍ਹਾਂ ਨੂੰ ਉੱਥੋਂ ਕੱਢ” ਦੇਵੇਗਾ। (ਲੇਵੀ. 18:24, 25) ਜਦੋਂ ਯਾਕੂਬ 77 ਸਾਲ ਦਾ ਸੀ, ਉਦੋਂ ਉਹ ਕਨਾਨ ਦੇਸ਼ ਛੱਡ ਕੇ ਚਲਾ ਗਿਆ। ਫਿਰ ਉਸ ਨੇ ਵਿਆਹ ਕਰਾ ਲਿਆ ਅਤੇ ਬਾਅਦ ਵਿਚ ਉਹ ਆਪਣੇ ਵੱਡੇ ਘਰਾਣੇ ਸਮੇਤ ਕਨਾਨ ਦੇਸ਼ ਵਾਪਸ ਆ ਗਿਆ। (ਉਤ. 28:1, 2; 33:18) ਕਨਾਨ ਆਉਣ ਤੋਂ ਪਹਿਲਾਂ ਉਸ ਦੇ ਪਰਿਵਾਰ ਦੇ ਕੁਝ ਮੈਂਬਰ ਝੂਠੀ ਭਗਤੀ ਕਰਨ ਲੱਗ ਪਏ ਸਨ। ਪਰ ਜਦੋਂ ਯਹੋਵਾਹ ਨੇ ਯਾਕੂਬ ਨੂੰ ਕਿਹਾ ਕਿ ਉਹ ਕਨਾਨ ਦੇ ਬੈਤੇਲ ਸ਼ਹਿਰ ਨੂੰ ਜਾ ਕੇ ਇਕ ਵੇਦੀ ਬਣਾਵੇ, ਤਾਂ ਉਸ ਨੇ ਤੁਰੰਤ ਕਦਮ ਚੁੱਕੇ। ਉਸ ਨੇ ਪਹਿਲਾਂ ਆਪਣੇ ਪਰਿਵਾਰ ਨੂੰ ਕਿਹਾ: ‘ਤੁਹਾਡੇ ਕੋਲ ਝੂਠੇ ਦੇਵੀ-ਦੇਵਤਿਆਂ ਦੇ ਜਿਹੜੇ ਵੀ ਬੁੱਤ ਹਨ, ਉਨ੍ਹਾਂ ਨੂੰ ਸੁੱਟ ਦਿਓ ਅਤੇ ਆਪਣੇ ਆਪ ਨੂੰ ਸ਼ੁੱਧ ਕਰੋ।’ ਫਿਰ ਉਸ ਨੇ ਵਫ਼ਾਦਾਰੀ ਨਾਲ ਪਰਮੇਸ਼ੁਰ ਦੀਆਂ ਸਾਰੀਆਂ ਹਿਦਾਇਤਾਂ ਮੰਨੀਆਂ।​—ਉਤ. 35:1-7.

20 ਯਾਕੂਬ ਨੇ ਵਾਅਦਾ ਕੀਤੇ ਦੇਸ਼ ਵਿਚ ਬਹੁਤ ਸਾਰੀਆਂ ਵੇਦੀਆਂ ਬਣਾਈਆਂ, ਪਰ ਉਸ ਨੇ ਇਹ ਵੇਦੀਆਂ ਸਿਰਫ਼ ਯਹੋਵਾਹ ਦੀ ਭਗਤੀ ਕਰਨ ਲਈ ਬਣਾਈਆਂ। (ਉਤ. 35:14; 46:1) ਉਸ ਨੇ ਸਭ ਤੋਂ ਵਧੀਆ ਭੇਟਾਂ ਚੜ੍ਹਾਈਆਂ, ਸਹੀ ਤਰੀਕੇ ਨਾਲ ਅਤੇ ਸਹੀ ਇਰਾਦੇ ਨਾਲ ਚੜ੍ਹਾਈਆਂ ਜਿਸ ਕਰਕੇ ਬਾਈਬਲ ਵਿਚ ਉਸ ਨੂੰ “ਨੇਕ ਇਨਸਾਨ” ਕਿਹਾ ਗਿਆ ਹੈ। (ਉਤ. 25:27) ਧਿਆਨ ਦਿਓ ਕਿ ਉਨ੍ਹਾਂ ਇਨਸਾਨਾਂ ਨੂੰ ਹੀ ਨੇਕ ਕਿਹਾ ਜਾਂਦਾ ਹੈ ਜਿਨ੍ਹਾਂ ਤੋਂ ਪਰਮੇਸ਼ੁਰ ਖ਼ੁਸ਼ ਹੁੰਦਾ ਹੈ। ਉਸ ਦੀ ਪੂਰੀ ਜ਼ਿੰਦਗੀ ਅੱਗੇ ਚੱਲ ਕੇ ਇਜ਼ਰਾਈਲ ਕੌਮ ਲਈ ਇਕ ਵਧੀਆ ਮਿਸਾਲ ਸਾਬਤ ਹੋਈ।​—ਉਤ. 35:9-12.

21. ਅਸੀਂ ਪੁਰਾਣੇ ਸਮੇਂ ਦੇ ਸੇਵਕਾਂ ਤੋਂ ਸ਼ੁੱਧ ਭਗਤੀ ਬਾਰੇ ਕੀ ਸਿੱਖਦੇ ਹਾਂ?

21 ਅਸੀਂ ਪੁਰਾਣੇ ਸਮੇਂ ਦੇ ਇਨ੍ਹਾਂ ਸੇਵਕਾਂ ਤੋਂ ਸ਼ੁੱਧ ਭਗਤੀ ਬਾਰੇ ਕੀ ਸਿੱਖਦੇ ਹਾਂ? ਉਨ੍ਹਾਂ ਵਾਂਗ ਅਸੀਂ ਵੀ ਅਜਿਹੇ ਲੋਕਾਂ ਵਿਚ ਰਹਿੰਦੇ ਹਾਂ ਜੋ ਯਹੋਵਾਹ ਦੀ ਸ਼ੁੱਧ ਭਗਤੀ ਕਰਨ ਤੋਂ ਸਾਡਾ ਧਿਆਨ ਭਟਕਾ ਸਕਦੇ ਹਨ। ਇਨ੍ਹਾਂ ਵਿਚ ਸਾਡੇ ਪਰਿਵਾਰ ਦੇ ਮੈਂਬਰ ਵੀ ਹੋ ਸਕਦੇ ਹਨ। ਜੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਧਿਆਨ ਨਾ ਭਟਕੇ, ਤਾਂ ਜ਼ਰੂਰੀ ਹੈ ਕਿ ਅਸੀਂ ਯਹੋਵਾਹ ’ਤੇ ਪੱਕੀ ਨਿਹਚਾ ਰੱਖੀਏ ਅਤੇ ਸਾਨੂੰ ਯਕੀਨ ਹੋਣਾ ਚਾਹੀਦਾ ਹੈ ਕਿ ਉਸ ਦੇ ਧਰਮੀ ਮਿਆਰ ਹੀ ਸਭ ਤੋਂ ਵਧੀਆ ਹਨ। ਜੇ ਸਾਨੂੰ ਯਹੋਵਾਹ ’ਤੇ ਪੱਕੀ ਨਿਹਚਾ ਹੈ, ਤਾਂ ਅਸੀਂ ਉਸ ਦਾ ਕਹਿਣਾ ਮੰਨਾਂਗੇ ਅਤੇ ਆਪਣਾ ਸਮਾਂ, ਤਾਕਤ ਅਤੇ ਚੀਜ਼ਾਂ ਉਸ ਦੀ ਸੇਵਾ ਵਿਚ ਲਾਵਾਂਗੇ। (ਮੱਤੀ 22:37-40; 1 ਕੁਰਿੰ. 10:31) ਜਦੋਂ ਅਸੀਂ ਯਹੋਵਾਹ ਦੀ ਭਗਤੀ ਸਹੀ ਇਰਾਦੇ ਨਾਲ ਅਤੇ ਉਸ ਦੀ ਮਰਜ਼ੀ ਮੁਤਾਬਕ ਪੂਰੀ ਵਾਹ ਲਾ ਕੇ ਕਰਦੇ ਹਾਂ, ਤਾਂ ਉਹ ਸਾਨੂੰ ਧਰਮੀ ਇਨਸਾਨ ਸਮਝਦਾ ਹੈ। ਇਹ ਜਾਣ ਕੇ ਸਾਨੂੰ ਕਿੰਨੀ ਖ਼ੁਸ਼ੀ ਹੁੰਦੀ ਹੈ!​—ਯਾਕੂਬ 2:18-24 ਪੜ੍ਹੋ।

ਸ਼ੁੱਧ ਭਗਤੀ ਕਰਨ ਵਾਲੀ ਇਕ ਕੌਮ

22-24. ਕਾਨੂੰਨ ਤੋਂ ਸ਼ੁੱਧ ਭਗਤੀ ਨਾਲ ਸੰਬੰਧਿਤ ਤਿੰਨ ਜ਼ਰੂਰੀ ਗੱਲਾਂ ਦੀ ਅਹਿਮੀਅਤ ਬਾਰੇ ਕਿਵੇਂ ਪਤਾ ਲੱਗਾ?

22 ਯਹੋਵਾਹ ਨੇ ਯਾਕੂਬ ਦੀ ਸੰਤਾਨ ਨੂੰ ਕਾਨੂੰਨ ਦੇ ਕੇ ਸਾਫ਼-ਸਾਫ਼ ਦੱਸਿਆ ਕਿ ਉਹ ਉਨ੍ਹਾਂ ਤੋਂ ਕੀ ਚਾਹੁੰਦਾ ਸੀ। ਜੇ ਉਹ ਯਹੋਵਾਹ ਦਾ ਕਹਿਣਾ ਮੰਨਦੇ, ਤਾਂ ਉਨ੍ਹਾਂ ਨੇ ਉਸ ਦੇ “ਖ਼ਾਸ ਲੋਕ” ਅਤੇ “ਪਵਿੱਤਰ ਕੌਮ” ਬਣਨਾ ਸੀ। (ਕੂਚ 19:5, 6) ਧਿਆਨ ਦਿਓ ਕਿ ਕਾਨੂੰਨ ਵਿਚ ਸ਼ੁੱਧ ਭਗਤੀ ਬਾਰੇ ਚਾਰ ਮੁੱਖ ਗੱਲਾਂ ’ਤੇ ਕਿਵੇਂ ਜ਼ੋਰ ਦਿੱਤਾ ਗਿਆ ਹੈ।

23 ਯਹੋਵਾਹ ਨੇ ਇਜ਼ਰਾਈਲ ਕੌਮ ਨੂੰ ਸਾਫ਼-ਸਾਫ਼ ਦੱਸਿਆ ਕਿ ਉਨ੍ਹਾਂ ਨੂੰ ਸਿਰਫ਼ ਉਸ ਦੀ ਭਗਤੀ ਕਰਨੀ ਚਾਹੀਦੀ ਸੀ। ਯਹੋਵਾਹ ਨੇ ਕਿਹਾ: “ਮੇਰੇ ਤੋਂ ਇਲਾਵਾ ਤੇਰਾ ਕੋਈ ਹੋਰ ਈਸ਼ਵਰ ਨਾ ਹੋਵੇ।” (ਕੂਚ 20:3-5) ਉਨ੍ਹਾਂ ਨੇ ਯਹੋਵਾਹ ਨੂੰ ਜੋ ਵੀ ਭੇਟਾਂ ਚੜ੍ਹਾਉਣੀਆਂ ਸਨ, ਉਹ ਸਭ ਤੋਂ ਵਧੀਆ ਹੋਣੀਆਂ ਚਾਹੀਦੀਆਂ ਸਨ। ਮਿਸਾਲ ਲਈ, ਉਨ੍ਹਾਂ ਨੇ ਜਿਸ ਜਾਨਵਰ ਦੀ ਬਲ਼ੀ ਚੜ੍ਹਾਉਣੀ ਹੁੰਦੀ ਸੀ, ਉਸ ਵਿਚ ਕੋਈ ਵੀ ਨੁਕਸ ਨਹੀਂ ਹੋਣਾ ਚਾਹੀਦਾ ਸੀ। (ਲੇਵੀ. 1:3; ਬਿਵ. 15:21; ਮਲਾ. 1:6-8 ਵਿਚ ਨੁਕਤਾ ਦੇਖੋ।) ਯਹੋਵਾਹ ਨੂੰ ਚੜ੍ਹਾਈਆਂ ਜਾਂਦੀਆਂ ਭੇਟਾਂ ਵਿੱਚੋਂ ਕੁਝ ਹਿੱਸਾ ਲੇਵੀਆਂ ਨੂੰ ਦਿੱਤਾ ਜਾਂਦਾ ਸੀ, ਪਰ ਉਹ ਆਪ ਵੀ ਭੇਟਾਂ ਚੜ੍ਹਾਉਂਦੇ ਸਨ। ਲੇਵੀਆਂ ਨੂੰ “ਜੋ ਸਭ ਤੋਂ ਵਧੀਆ ਚੀਜ਼ਾਂ ਦਿੱਤੀਆਂ ਜਾਂਦੀਆਂ” ਸਨ, ਉਨ੍ਹਾਂ ਚੀਜ਼ਾਂ ਵਿੱਚੋਂ ਹੀ ਉਨ੍ਹਾਂ ਨੇ ਇਹ ਦਾਨ ਦੇਣਾ ਹੁੰਦਾ ਸੀ। (ਗਿਣ. 18:29) ਸਹੀ ਤਰੀਕੇ ਨਾਲ ਭਗਤੀ ਕਰਨ ਲਈ ਇਜ਼ਰਾਈਲੀਆਂ ਨੂੰ ਸਾਫ਼-ਸਾਫ਼ ਦੱਸਿਆ ਗਿਆ ਸੀ ਕਿ ਉਨ੍ਹਾਂ ਨੇ ਯਹੋਵਾਹ ਨੂੰ ਕਿਹੜੇ ਬਲੀਦਾਨ ਚੜ੍ਹਾਉਣੇ ਸਨ, ਕਿਵੇਂ ਚੜ੍ਹਾਉਣੇ ਸਨ ਅਤੇ ਕਿੱਥੇ ਚੜ੍ਹਾਉਣੇ ਸਨ। ਇਜ਼ਰਾਈਲੀਆਂ ਨੂੰ 600 ਤੋਂ ਵੀ ਜ਼ਿਆਦਾ ਕਾਨੂੰਨ ਦਿੱਤੇ ਗਏ ਸਨ ਜਿਨ੍ਹਾਂ ਵਿਚ ਦੱਸਿਆ ਗਿਆ ਸੀ ਕਿ ਉਨ੍ਹਾਂ ਨੇ ਕਿਹੋ ਜਿਹੀ ਜ਼ਿੰਦਗੀ ਜੀਉਣੀ ਸੀ। ਉਨ੍ਹਾਂ ਨੂੰ ਕਿਹਾ ਗਿਆ ਸੀ: “ਤੁਸੀਂ ਸਾਰੇ ਧਿਆਨ ਨਾਲ ਇਨ੍ਹਾਂ ਦੀ ਪਾਲਣਾ ਕਰਿਓ ਜਿਵੇਂ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਨੂੰ ਹੁਕਮ ਦਿੱਤਾ ਹੈ। ਤੁਸੀਂ ਸੱਜੇ ਜਾਂ ਖੱਬੇ ਨਾ ਮੁੜਿਓ।”​—ਬਿਵ. 5:32.

24 ਕੀ ਇਹ ਗੱਲ ਮਾਅਨੇ ਰੱਖਦੀ ਸੀ ਕਿ ਇਜ਼ਰਾਈਲੀ ਕਿੱਥੇ ਬਲ਼ੀਆਂ ਚੜ੍ਹਾਉਂਦੇ ਸਨ? ਜੀ ਹਾਂ। ਯਹੋਵਾਹ ਨੇ ਆਪਣੇ ਲੋਕਾਂ ਨੂੰ ਡੇਰਾ ਬਣਾਉਣ ਲਈ ਕਿਹਾ ਜੋ ਸ਼ੁੱਧ ਭਗਤੀ ਲਈ ਖ਼ਾਸ ਥਾਂ ਹੋਣੀ ਸੀ। (ਕੂਚ 40:1-3, 29, 34) ਉਸ ਸਮੇਂ ਜੇ ਉਹ ਚਾਹੁੰਦੇ ਕਿ ਯਹੋਵਾਹ ਉਨ੍ਹਾਂ ਦੀਆਂ ਭੇਟਾਂ ਸਵੀਕਾਰ ਕਰੇ, ਤਾਂ ਉਨ੍ਹਾਂ ਨੂੰ ਆਪਣੀਆਂ ਭੇਟਾਂ ਡੇਰੇ ਵਿਚ ਲੈ ਕੇ ਆਉਣੀਆਂ ਪੈਂਦੀਆਂ ਸਨ। *​—ਬਿਵ. 12:17, 18.

25. ਬਲ਼ੀਆਂ ਦੇ ਮਾਮਲੇ ਵਿਚ ਕਿਹੜੀ ਗੱਲ ਜ਼ਿਆਦਾ ਮਾਅਨੇ ਰੱਖਦੀ ਸੀ? ਸਮਝਾਓ।

25 ਪਰ ਇਹ ਗੱਲ ਸਭ ਤੋਂ ਜ਼ਿਆਦਾ ਮਾਅਨੇ ਰੱਖਦੀ ਸੀ ਕਿ ਇਜ਼ਰਾਈਲੀ ਸਹੀ ਇਰਾਦੇ ਨਾਲ ਭੇਟਾਂ ਚੜ੍ਹਾਉਣ। ਉਨ੍ਹਾਂ ਦੇ ਦਿਲ ਵਿਚ ਯਹੋਵਾਹ ਲਈ ਪਿਆਰ ਅਤੇ ਉਸ ਦੇ ਮਿਆਰਾਂ ਲਈ ਕਦਰ ਹੋਣੀ ਜ਼ਰੂਰੀ ਸੀ। (ਬਿਵਸਥਾ ਸਾਰ 6:4-6 ਪੜ੍ਹੋ।) ਜਦੋਂ ਇਜ਼ਰਾਈਲੀ ਖ਼ਾਨਾ-ਪੂਰਤੀ ਲਈ ਭਗਤੀ ਕਰਦੇ ਸਨ, ਤਾਂ ਯਹੋਵਾਹ ਉਨ੍ਹਾਂ ਦੀਆਂ ਭੇਟਾਂ ਸਵੀਕਾਰ ਨਹੀਂ ਕਰਦਾ ਸੀ। (ਯਸਾ. 1:10-13) ਯਹੋਵਾਹ ਨੇ ਯਸਾਯਾਹ ਨਬੀ ਰਾਹੀਂ ਦੱਸਿਆ ਕਿ ਕੋਈ ਦਿਖਾਵੇ ਦੀ ਭਗਤੀ ਕਰ ਕੇ ਉਸ ਨੂੰ ਮੂਰਖ ਨਹੀਂ ਬਣਾ ਸਕਦਾ। ਉਸ ਨੇ ਕਿਹਾ: ‘ਇਹ ਲੋਕ ਬੁੱਲ੍ਹਾਂ ਨਾਲ ਤਾਂ ਮੇਰਾ ਆਦਰ ਕਰਦੇ ਹਨ, ਪਰ ਇਨ੍ਹਾਂ ਦੇ ਦਿਲ ਮੇਰੇ ਤੋਂ ਕਿਤੇ ਦੂਰ ਹਨ।’​—ਯਸਾ. 29:13.

ਮੰਦਰ ਵਿਚ ਭਗਤੀ

26. ਸੁਲੇਮਾਨ ਦਾ ਮੰਦਰ ਪਹਿਲਾਂ ਕਿਸ ਖ਼ਾਸ ਗੱਲ ਲਈ ਜਾਣਿਆ ਜਾਂਦਾ ਸੀ?

26 ਇਜ਼ਰਾਈਲੀਆਂ ਦੇ ਵਾਅਦਾ ਕੀਤੇ ਦੇਸ਼ ਵਿਚ ਵੱਸਣ ਤੋਂ ਸਦੀਆਂ ਬਾਅਦ ਰਾਜਾ ਸੁਲੇਮਾਨ ਨੇ ਇਕ ਮੰਦਰ ਬਣਾਇਆ ਜੋ ਡੇਰੇ ਨਾਲੋਂ ਕਿਤੇ ਸ਼ਾਨਦਾਰ ਸੀ। ਇਹ ਮੰਦਰ ਸ਼ੁੱਧ ਭਗਤੀ ਲਈ ਖ਼ਾਸ ਥਾਂ ਹੋਣਾ ਸੀ। (1 ਰਾਜ. 7:51; 2 ਇਤਿ. 3:1, 6, 7) ਸ਼ੁਰੂ-ਸ਼ੁਰੂ ਵਿਚ ਉੱਥੇ ਸਿਰਫ਼ ਯਹੋਵਾਹ ਨੂੰ ਹੀ ਬਲ਼ੀਆਂ ਚੜ੍ਹਾਈਆਂ ਜਾਂਦੀਆਂ ਸਨ। ਸੁਲੇਮਾਨ ਅਤੇ ਉਸ ਦੀ ਪਰਜਾ ਨੇ ਵੱਡੀ ਤਾਦਾਦ ਵਿਚ ਬਲ਼ੀਆਂ ਚੜ੍ਹਾਈਆਂ। ਬਲ਼ੀਆਂ ਦੇ ਜਾਨਵਰ ਸਭ ਤੋਂ ਵਧੀਆ ਸਨ ਅਤੇ ਇਹ ਬਲ਼ੀਆਂ ਪਰਮੇਸ਼ੁਰ ਦੇ ਕਾਨੂੰਨ ਵਿਚ ਦੱਸੇ ਤਰੀਕੇ ਨਾਲ ਚੜ੍ਹਾਈਆਂ ਗਈਆਂ ਸਨ। (1 ਰਾਜ. 8:63) ਪਰ ਮੰਦਰ ਵਿਚ ਕੀਤੀ ਜਾਂਦੀ ਭਗਤੀ ਨੂੰ ਯਹੋਵਾਹ ਇਸ ਲਈ ਸਵੀਕਾਰ ਨਹੀਂ ਕਰਦਾ ਸੀ ਕਿ ਮੰਦਰ ਨੂੰ ਬਣਾਉਣ ’ਤੇ ਬਹੁਤ ਸਾਰਾ ਪੈਸਾ ਖ਼ਰਚਿਆ ਗਿਆ ਸੀ ਜਾਂ ਉੱਥੇ ਬਹੁਤ ਸਾਰੀਆਂ ਬਲ਼ੀਆਂ ਚੜ੍ਹਾਈਆਂ ਜਾਂਦੀਆਂ ਸਨ। ਪਰ ਇਹ ਗੱਲ ਜ਼ਿਆਦਾ ਮਾਅਨੇ ਰੱਖਦੀ ਸੀ ਕਿ ਉੱਥੇ ਕਿਸ ਇਰਾਦੇ ਨਾਲ ਬਲ਼ੀਆਂ ਚੜ੍ਹਾਈਆਂ ਜਾਂਦੀਆਂ ਸਨ। ਮੰਦਰ ਦੇ ਸਮਰਪਣ ਵੇਲੇ ਸੁਲੇਮਾਨ ਨੇ ਵੀ ਇਸ ਗੱਲ ’ਤੇ ਜ਼ੋਰ ਦਿੰਦੇ ਹੋਏ ਕਿਹਾ: “ਉਸ ਦੇ ਨਿਯਮਾਂ ਅਨੁਸਾਰ ਚੱਲ ਕੇ ਅਤੇ ਉਸ ਦੇ ਹੁਕਮਾਂ ਨੂੰ ਮੰਨ ਕੇ ਤੁਹਾਡਾ ਦਿਲ ਪੂਰੀ ਤਰ੍ਹਾਂ ਯਹੋਵਾਹ ਸਾਡੇ ਪਰਮੇਸ਼ੁਰ ਵੱਲ ਲੱਗਾ ਰਹੇ।”​—1 ਰਾਜ. 8:57-61.

27. ਇਜ਼ਰਾਈਲ ਦੇ ਰਾਜਿਆਂ ਅਤੇ ਉਨ੍ਹਾਂ ਦੀ ਪਰਜਾ ਦਾ ਕੀ ਰਵੱਈਆ ਸੀ ਅਤੇ ਯਹੋਵਾਹ ਨੇ ਕੀ ਕੀਤਾ?

27 ਪਰ ਦੁੱਖ ਦੀ ਗੱਲ ਹੈ ਕਿ ਰਾਜਾ ਸੁਲੇਮਾਨ ਦੀ ਇਸ ਚੰਗੀ ਸਲਾਹ ਉੱਤੇ ਇਜ਼ਰਾਈਲੀ ਜ਼ਿਆਦਾ ਦੇਰ ਨਹੀਂ ਚੱਲੇ। ਉਨ੍ਹਾਂ ਨੇ ਉਨ੍ਹਾਂ ਖ਼ਾਸ ਗੱਲਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜੋ ਸ਼ੁੱਧ ਭਗਤੀ ਲਈ ਜ਼ਰੂਰੀ ਸਨ। ਇਜ਼ਰਾਈਲ ਦੇ ਰਾਜਿਆਂ ਅਤੇ ਉਨ੍ਹਾਂ ਦੀ ਪਰਜਾ ਦੇ ਦਿਲ ਬੁਰੇ ਹੋ ਗਏ, ਉਨ੍ਹਾਂ ਨੇ ਪਰਮੇਸ਼ੁਰ ’ਤੇ ਨਿਹਚਾ ਕਰਨੀ ਅਤੇ ਉਸ ਦੇ ਧਰਮੀ ਮਿਆਰਾਂ ’ਤੇ ਚੱਲਣਾ ਛੱਡ ਦਿੱਤਾ। ਯਹੋਵਾਹ ਵਾਰ-ਵਾਰ ਉਨ੍ਹਾਂ ਕੋਲ ਆਪਣੇ ਨਬੀਆਂ ਨੂੰ ਭੇਜਦਾ ਰਿਹਾ ਤਾਂਕਿ ਉਹ ਪਿਆਰ ਨਾਲ ਉਨ੍ਹਾਂ ਨੂੰ ਸੁਧਾਰੇ ਅਤੇ ਉਨ੍ਹਾਂ ਦੇ ਕੰਮਾਂ ਦੇ ਨਤੀਜਿਆਂ ਬਾਰੇ ਚੇਤਾਵਨੀ ਦੇਵੇ। (ਯਿਰ. 7:13-15, 23-26) ਉਨ੍ਹਾਂ ਨਬੀਆਂ ਵਿੱਚੋਂ ਇਕ ਸੀ ਵਫ਼ਾਦਾਰ ਨਬੀ ਹਿਜ਼ਕੀਏਲ। ਉਸ ਦੇ ਜ਼ਮਾਨੇ ਦੇ ਲੋਕ ਸਿਰਫ਼ ਨਾਂ ਲਈ ਹੀ ਭਗਤੀ ਕਰਦੇ ਸਨ।

ਹਿਜ਼ਕੀਏਲ ਨੇ ਸ਼ੁੱਧ ਭਗਤੀ ਭ੍ਰਿਸ਼ਟ ਹੁੰਦੀ ਦੇਖੀ

28, 29. ਅਸੀਂ ਹਿਜ਼ਕੀਏਲ ਬਾਰੇ ਕੀ ਜਾਣਦੇ ਹਾਂ? (“ਹਿਜ਼ਕੀਏਲ​—ਉਸ ਦੀ ਜ਼ਿੰਦਗੀ ਅਤੇ ਉਸ ਦਾ ਜ਼ਮਾਨਾ” ਨਾਂ ਦੀ ਡੱਬੀ ਦੇਖੋ।)

28 ਸੁਲੇਮਾਨ ਦੇ ਮੰਦਰ ਵਿਚ ਹੁੰਦੀ ਭਗਤੀ ਬਾਰੇ ਹਿਜ਼ਕੀਏਲ ਚੰਗੀ ਤਰ੍ਹਾਂ ਜਾਣਦਾ ਸੀ। ਉਸ ਦਾ ਪਿਤਾ ਇਕ ਪੁਜਾਰੀ ਸੀ ਅਤੇ ਉਹ ਆਪਣੀ ਵਾਰੀ ਸਿਰ ਮੰਦਰ ਵਿਚ ਸੇਵਾ ਕਰਦਾ ਹੋਣਾ। (ਹਿਜ਼. 1:3) ਉਸ ਦਾ ਬਚਪਨ ਵਧੀਆ ਬੀਤਿਆ ਹੋਣਾ। ਬਿਨਾਂ ਸ਼ੱਕ ਹਿਜ਼ਕੀਏਲ ਦੇ ਪਿਤਾ ਨੇ ਉਸ ਨੂੰ ਯਹੋਵਾਹ ਅਤੇ ਉਸ ਦੇ ਕਾਨੂੰਨ ਬਾਰੇ ਸਿਖਾਇਆ ਸੀ। ਜਦੋਂ ਹਿਜ਼ਕੀਏਲ ਲਗਭਗ ਇਕ ਸਾਲ ਦਾ ਸੀ, ਉਦੋਂ ਮੰਦਰ ਵਿੱਚੋਂ “ਕਾਨੂੰਨ ਦੀ ਕਿਤਾਬ” ਲੱਭੀ ਸੀ। * ਉਸ ਵੇਲੇ ਰਾਜਾ ਯੋਸੀਯਾਹ ਰਾਜ ਕਰ ਰਿਹਾ ਸੀ ਜੋ ਇਕ ਚੰਗਾ ਰਾਜਾ ਸੀ। ਜਦੋਂ ਯੋਸੀਯਾਹ ਨੇ ਇਸ ਕਾਨੂੰਨ ਦੀ ਕਿਤਾਬ ਵਿੱਚੋਂ ਗੱਲਾਂ ਸੁਣੀਆਂ, ਤਾਂ ਉਸ ਨੇ ਸ਼ੁੱਧ ਭਗਤੀ ਲਈ ਹੋਰ ਜ਼ਿਆਦਾ ਠੋਸ ਕਦਮ ਚੁੱਕੇ।​—2 ਰਾਜ. 22:8-13.

ਬਿਨਾਂ ਸ਼ੱਕ ਹਿਜ਼ਕੀਏਲ ਦੇ ਪਿਤਾ ਨੇ ਉਸ ਨੂੰ ਯਹੋਵਾਹ ਅਤੇ ਉਸ ਦੇ ਕਾਨੂੰਨ ਬਾਰੇ ਸਿਖਾਇਆ ਸੀ (ਪੈਰਾ 28 ਦੇਖੋ)

29 ਆਪਣੇ ਤੋਂ ਪਹਿਲਾਂ ਦੇ ਵਫ਼ਾਦਾਰ ਆਦਮੀਆਂ ਵਾਂਗ ਹਿਜ਼ਕੀਏਲ ਨੇ ਸ਼ੁੱਧ ਭਗਤੀ ਦੀਆਂ ਚਾਰੇ ਮੰਗਾਂ ਪੂਰੀਆਂ ਕੀਤੀਆਂ। ਹਿਜ਼ਕੀਏਲ ਦੀ ਕਿਤਾਬ ਪੜ੍ਹ ਕੇ ਅਸੀਂ ਸਿੱਖਦੇ ਹਾਂ ਕਿ ਹਿਜ਼ਕੀਏਲ ਨੇ ਸਿਰਫ਼ ਯਹੋਵਾਹ ਦੀ ਭਗਤੀ ਕੀਤੀ ਅਤੇ ਪੂਰੀ ਵਾਹ ਲਾ ਕੇ ਉਸ ਦਾ ਹਰ ਹੁਕਮ ਮੰਨਿਆ। ਉਸ ਨੇ ਇਹ ਸਭ ਕੁਝ ਪਰਮੇਸ਼ੁਰ ਦੇ ਦੱਸੇ ਤਰੀਕੇ ਅਨੁਸਾਰ ਕੀਤਾ। ਹਿਜ਼ਕੀਏਲ ਨੇ ਇਹ ਸਭ ਕੁਝ ਇਸ ਲਈ ਕੀਤਾ ਕਿਉਂਕਿ ਉਹ ਦਿਲੋਂ ਯਹੋਵਾਹ ’ਤੇ ਨਿਹਚਾ ਰੱਖਦਾ ਸੀ। ਉਸ ਦੇ ਜ਼ਮਾਨੇ ਦੇ ਜ਼ਿਆਦਾਤਰ ਲੋਕਾਂ ਨੇ ਇਸ ਤਰ੍ਹਾਂ ਨਹੀਂ ਕੀਤਾ। ਹਿਜ਼ਕੀਏਲ ਬਚਪਨ ਤੋਂ ਹੀ ਯਿਰਮਿਯਾਹ ਦੀਆਂ ਭਵਿੱਖਬਾਣੀਆਂ ਸੁਣਦਾ ਆਇਆ ਸੀ। ਯਿਰਮਿਯਾਹ ਨੇ 647 ਈਸਵੀ ਪੂਰਵ ਵਿਚ ਕੰਮ ਕਰਨਾ ਸ਼ੁਰੂ ਕੀਤਾ ਅਤੇ ਉਸ ਨੇ ਜੋਸ਼ ਨਾਲ ਇਜ਼ਰਾਈਲੀਆਂ ਨੂੰ ਖ਼ਬਰਦਾਰ ਕੀਤਾ ਕਿ ਯਹੋਵਾਹ ਉਨ੍ਹਾਂ ਨੂੰ ਜਲਦ ਹੀ ਸਜ਼ਾ ਦੇਵੇਗਾ।

30. (ੳ) ਹਿਜ਼ਕੀਏਲ ਦੁਆਰਾ ਦਰਜ ਭਵਿੱਖਬਾਣੀਆਂ ਤੋਂ ਕੀ ਪਤਾ ਲੱਗਦਾ ਹੈ? (ਅ) ਭਵਿੱਖਬਾਣੀ ਕੀ ਹੁੰਦੀ ਹੈ ਅਤੇ ਹਿਜ਼ਕੀਏਲ ਦੀਆਂ ਭਵਿੱਖਬਾਣੀਆਂ ਦਾ ਕੀ ਮਤਲਬ ਹੋ ਸਕਦਾ ਹੈ? (“ਹਿਜ਼ਕੀਏਲ ਦੀਆਂ ਭਵਿੱਖਬਾਣੀਆਂ ਦੀ ਸਮਝ” ਨਾਂ ਦੀ ਡੱਬੀ ਦੇਖੋ।)

30 ਹਿਜ਼ਕੀਏਲ ਦੁਆਰਾ ਲਿਖੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਲੋਕ ਪਰਮੇਸ਼ੁਰ ਤੋਂ ਕਿੰਨੇ ਦੂਰ ਹੋ ਚੁੱਕੇ ਸਨ। (ਹਿਜ਼ਕੀਏਲ 8:6 ਪੜ੍ਹੋ।) ਜਦੋਂ ਯਹੋਵਾਹ ਨੇ ਯਹੂਦਾਹ ਨੂੰ ਸਜ਼ਾ ਦੇਣੀ ਸ਼ੁਰੂ ਕੀਤੀ, ਤਾਂ ਹਿਜ਼ਕੀਏਲ ਵੀ ਉਨ੍ਹਾਂ ਲੋਕਾਂ ਵਿਚ ਸੀ ਜਿਨ੍ਹਾਂ ਨੂੰ ਗ਼ੁਲਾਮ ਬਣਾ ਕੇ ਬਾਬਲ ਲਿਜਾਇਆ ਗਿਆ ਸੀ। (2 ਰਾਜ. 24:11-17) ਪਰ ਉਸ ਨੂੰ ਗ਼ੁਲਾਮ ਬਣਾਉਣ ਦਾ ਮਤਲਬ ਇਹ ਨਹੀਂ ਸੀ ਕਿ ਯਹੋਵਾਹ ਉਸ ਨੂੰ ਵੀ ਸਜ਼ਾ ਦੇ ਰਿਹਾ ਸੀ, ਸਗੋਂ ਉਸ ਨੇ ਉਨ੍ਹਾਂ ਗ਼ੁਲਾਮ ਲੋਕਾਂ ਵਿਚ ਰਹਿ ਕੇ ਯਹੋਵਾਹ ਦਾ ਕੰਮ ਕਰਨਾ ਸੀ। ਹਿਜ਼ਕੀਏਲ ਨੇ ਆਪਣੀ ਕਿਤਾਬ ਵਿਚ ਜਿਹੜੇ ਸ਼ਾਨਦਾਰ ਦਰਸ਼ਣ ਅਤੇ ਭਵਿੱਖਬਾਣੀਆਂ ਦਰਜ ਕੀਤੀਆਂ, ਉਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਯਰੂਸ਼ਲਮ ਵਿਚ ਸ਼ੁੱਧ ਭਗਤੀ ਕਿਵੇਂ ਬਹਾਲ ਕੀਤੀ ਜਾਣੀ ਸੀ। ਪਰ ਇਨ੍ਹਾਂ ਤੋਂ ਇਹ ਵੀ ਸਮਝ ਮਿਲਦੀ ਹੈ ਕਿ ਭਵਿੱਖ ਵਿਚ ਪੂਰੀ ਧਰਤੀ ’ਤੇ ਸ਼ੁੱਧ ਭਗਤੀ ਕਿਵੇਂ ਬਹਾਲ ਕੀਤੀ ਜਾਵੇਗੀ ਅਤੇ ਯਹੋਵਾਹ ਨੂੰ ਪਿਆਰ ਕਰਨ ਵਾਲੇ ਸਾਰੇ ਲੋਕ ਮਿਲ ਕੇ ਉਸ ਦੀ ਭਗਤੀ ਕਰਨਗੇ।

31. ਇਹ ਕਿਤਾਬ ਕੀ ਕਰਨ ਵਿਚ ਸਾਡੀ ਮਦਦ ਕਰੇਗੀ?

31 ਇਸ ਕਿਤਾਬ ਦੇ ਅਲੱਗ-ਅਲੱਗ ਭਾਗਾਂ ਵਿਚ ਅਸੀਂ ਕਈ ਗੱਲਾਂ ’ਤੇ ਗੌਰ ਕਰਾਂਗੇ। ਅਸੀਂ ਸਵਰਗ ਦੀ ਇਕ ਝਲਕ ਦੇਖਾਂਗੇ ਜਿੱਥੇ ਯਹੋਵਾਹ ਰਹਿੰਦਾ ਹੈ। ਨਾਲੇ ਆਪਾਂ ਦੇਖਾਂਗੇ ਕਿ ਸ਼ੁੱਧ ਭਗਤੀ ਕਿਵੇਂ ਪੂਰੀ ਤਰ੍ਹਾਂ ਭ੍ਰਿਸ਼ਟ ਹੋ ਚੁੱਕੀ ਸੀ ਅਤੇ ਬੀਤੇ ਸਮੇਂ ਵਿਚ ਯਹੋਵਾਹ ਨੇ ਇਸ ਨੂੰ ਕਿਵੇਂ ਬਹਾਲ ਕੀਤਾ ਅਤੇ ਆਪਣੇ ਲੋਕਾਂ ਨੂੰ ਬਚਾਇਆ। ਅਸੀਂ ਇਹ ਵੀ ਦੇਖਾਂਗੇ ਕਿ ਭਵਿੱਖ ਵਿਚ ਸਾਰੇ ਲੋਕ ਯਹੋਵਾਹ ਦੀ ਭਗਤੀ ਕਰਨਗੇ। ਅਗਲੇ ਅਧਿਆਇ ਵਿਚ ਅਸੀਂ ਹਿਜ਼ਕੀਏਲ ਦੇ ਪਹਿਲੇ ਦਰਸ਼ਣ ’ਤੇ ਗੌਰ ਕਰਾਂਗੇ। ਇਸ ’ਤੇ ਗੌਰ ਕਰ ਕੇ ਅਸੀਂ ਯਹੋਵਾਹ ਦੀ ਮਹਾਨਤਾ ਅਤੇ ਉਸ ਦੇ ਸੰਗਠਨ ਦੇ ਸਵਰਗੀ ਹਿੱਸੇ ਨੂੰ ਆਪਣੇ ਮਨ ਦੀਆਂ ਅੱਖਾਂ ਨਾਲ ਦੇਖ ਸਕਾਂਗੇ। ਫਿਰ ਅਸੀਂ ਸਮਝ ਸਕਾਂਗੇ ਕਿ ਸਿਰਫ਼ ਯਹੋਵਾਹ ਹੀ ਸ਼ੁੱਧ ਭਗਤੀ ਦਾ ਹੱਕਦਾਰ ਕਿਉਂ ਹੈ।

^ ਪੈਰਾ 4 ਆਦਮ ਅਤੇ ਹੱਵਾਹ ਨੂੰ ਅਦਨ ਦੇ ਬਾਗ਼ ਵਿੱਚੋਂ ਬਾਹਰ ਕੱਢੇ ਜਾਣ ਤੋਂ ਥੋੜ੍ਹੇ ਸਮੇਂ ਬਾਅਦ ਹਾਬਲ ਦਾ ਜਨਮ ਹੋਇਆ ਸੀ। (ਉਤ. 4:1, 2) ਉਤਪਤ 4:25 ਦੱਸਦਾ ਹੈ ਕਿ ਪਰਮੇਸ਼ੁਰ ਨੇ “ਹਾਬਲ ਦੇ ਬਦਲੇ” ਸੇਥ ਦਿੱਤਾ ਸੀ। ਹਾਬਲ ਦੀ ਹੱਤਿਆ ਤੋਂ ਬਾਅਦ ਜਦੋਂ ਸੇਥ ਜੰਮਿਆ, ਉਦੋਂ ਆਦਮ ਦੀ ਉਮਰ 130 ਸਾਲ ਸੀ। (ਉਤ. 5:3) ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਹਾਬਲ ਦੀ ਉਮਰ ਉਦੋਂ ਲਗਭਗ 100 ਸਾਲ ਹੋਣੀ ਜਦੋਂ ਕਾਇਨ ਨੇ ਉਸ ਦੀ ਹੱਤਿਆ ਕੀਤੀ ਸੀ।

^ ਪੈਰਾ 15 ਉਤਪਤ 4:26 ਦੱਸਦਾ ਹੈ ਕਿ ਆਦਮ ਦੇ ਪੋਤੇ ਅਨੋਸ਼ ਦੇ ਦਿਨਾਂ ਤੋਂ “ਲੋਕਾਂ ਨੇ ਯਹੋਵਾਹ ਦਾ ਨਾਂ ਲੈਣਾ ਸ਼ੁਰੂ ਕੀਤਾ।” ਪਰ ਜ਼ਾਹਰ ਹੈ ਕਿ ਉਹ ਉਸ ਦਾ ਨਿਰਾਦਰ ਕਰਨ ਲਈ ਇਹ ਨਾਂ ਲੈਂਦੇ ਹੋਣੇ। ਉਹ ਸ਼ਾਇਦ ਆਪਣੇ ਦੇਵਤਿਆਂ ਦੇ ਬੁੱਤਾਂ ਨੂੰ ਯਹੋਵਾਹ ਕਹਿ ਕੇ ਬੁਲਾਉਂਦੇ ਹੋਣੇ।

^ ਪੈਰਾ 15 ਬਾਈਬਲ ਵਿਚ ਇੱਥੇ ਪਹਿਲੀ ਵਾਰ ਵੇਦੀ ਦਾ ਜ਼ਿਕਰ ਆਉਂਦਾ ਹੈ।

^ ਪੈਰਾ 17 ਨਾਨਾ ਦੇਵਤੇ ਨੂੰ ਸਿੰਨ ਨਾਂ ਤੋਂ ਵੀ ਜਾਣਿਆ ਜਾਂਦਾ ਸੀ। ਚਾਹੇ ਊਰ ਸ਼ਹਿਰ ਦੇ ਲੋਕ ਬਹੁਤ ਸਾਰੇ ਦੇਵੀ-ਦੇਵਤਿਆਂ ਦੀ ਭਗਤੀ ਕਰਦੇ ਸਨ, ਪਰ ਜ਼ਿਆਦਾਤਰ ਮੰਦਰ ਅਤੇ ਵੇਦੀਆਂ ਇਸ ਦੇਵਤੇ ਲਈ ਸਨ।

^ ਪੈਰਾ 24 ਜਦੋਂ ਡੇਰੇ ਵਿੱਚੋਂ ਪਵਿੱਤਰ ਸੰਦੂਕ ਹਟਾ ਦਿੱਤਾ ਗਿਆ ਸੀ, ਤਾਂ ਲੱਗਦਾ ਹੈ ਕਿ ਯਹੋਵਾਹ ਡੇਰੇ ਤੋਂ ਇਲਾਵਾ ਹੋਰ ਥਾਵਾਂ ’ਤੇ ਚੜ੍ਹਾਈਆਂ ਬਲ਼ੀਆਂ ਵੀ ਸਵੀਕਾਰ ਕਰਦਾ ਸੀ।​—1 ਸਮੂ. 4:3, 11; 7:7-9; 10:8; 11:14, 15; 16:4, 5; 1 ਇਤਿ. 21:26-30.

^ ਪੈਰਾ 28 ਲੱਗਦਾ ਹੈ ਕਿ ਜਦੋਂ ਹਿਜ਼ਕੀਏਲ ਨੇ 613 ਈਸਵੀ ਪੂਰਵ ਵਿਚ ਭਵਿੱਖਬਾਣੀਆਂ ਕਰਨੀਆਂ ਸ਼ੁਰੂ ਕੀਤੀਆਂ, ਤਾਂ ਉਹ 30 ਸਾਲ ਦਾ ਸੀ। ਇਸ ਦਾ ਮਤਲਬ ਹੈ ਕਿ ਉਸ ਦਾ ਜਨਮ ਤਕਰੀਬਨ 643 ਈਸਵੀ ਪੂਰਵ ਵਿਚ ਹੋਇਆ ਹੋਣਾ। (ਹਿਜ਼. 1:1) ਯੋਸੀਯਾਹ ਨੇ 659 ਈਸਵੀ ਪੂਰਵ ਵਿਚ ਰਾਜ ਕਰਨਾ ਸ਼ੁਰੂ ਕੀਤਾ ਸੀ ਅਤੇ ਕਾਨੂੰਨ ਦੀ ਕਿਤਾਬ ਉਸ ਦੇ ਰਾਜ ਦੇ 18ਵੇਂ ਸਾਲ ਯਾਨੀ 642-641 ਈਸਵੀ ਪੂਰਵ ਦੌਰਾਨ ਮਿਲੀ ਸੀ। ਸ਼ਾਇਦ ਇਹ ਕਿਤਾਬ ਮੂਸਾ ਨੇ ਆਪਣੇ ਹੱਥੀਂ ਲਿਖੀ ਸੀ।