ਪ੍ਰਬੰਧਕ ਸਭਾ ਵੱਲੋਂ ਚਿੱਠੀ
ਹੇ ਯਹੋਵਾਹ ਦੇ ਪ੍ਰੇਮੀਓ:
ਇਹ ਸਾਲ 1971 ਦੀ ਗੱਲ ਹੈ। ਉਸ ਸਾਲ “ਪਰਮੇਸ਼ੁਰ ਦਾ ਨਾਂ” ਜ਼ਿਲ੍ਹਾ ਸੰਮੇਲਨ ਵਿਚ ਬਹੁਤ ਸਾਰੇ ਪ੍ਰਕਾਸ਼ਨ ਰਿਲੀਜ਼ ਕੀਤੇ ਗਏ ਅਤੇ ਜਦੋਂ ਇਹ ਪ੍ਰਕਾਸ਼ਨ ਭੈਣਾਂ-ਭਰਾਵਾਂ ਦੇ ਹੱਥਾਂ ਵਿਚ ਆਏ, ਤਾਂ ਉਨ੍ਹਾਂ ਦੀ ਖ਼ੁਸ਼ੀ ਦੇਖਣ ਵਾਲੀ ਸੀ। ਉਸ ਸਮੇਂ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਉਨ੍ਹਾਂ ਨੂੰ ਇੰਨੇ ਸਾਰੇ ਪ੍ਰਕਾਸ਼ਨ ਮਿਲਣਗੇ। ਇਨ੍ਹਾਂ ਵਿੱਚੋਂ ਇਕ ਕਿਤਾਬ ਬਾਰੇ ਗੱਲ ਕਰਦਿਆਂ ਇਕ ਭਰਾ ਨੇ ਕਿਹਾ: “ਮੈਂ ਅੱਜ ਤਕ ਇੰਨੀ ਵਧੀਆ ਕਿਤਾਬ ਨਹੀਂ ਪੜ੍ਹੀ ਜਿਸ ਵਿਚ ਆਉਣ ਵਾਲੇ ਸਮੇਂ ਬਾਰੇ ਇੰਨੇ ਵਧੀਆ ਢੰਗ ਨਾਲ ਦੱਸਿਆ ਗਿਆ ਹੋਵੇ!” ਉਹ ਕਿਸ ਕਿਤਾਬ ਬਾਰੇ ਗੱਲ ਕਰ ਰਿਹਾ ਸੀ? ਉਹ ਕਿਤਾਬ ਸੀ “ਕੌਮਾਂ ਜਾਣਨਗੀਆਂ ਕਿ ਮੈਂ ਯਹੋਵਾਹ ਹਾਂ”—ਕਿਸ ਤਰ੍ਹਾਂ? ਪਰ ਇਸ ਕਿਤਾਬ ਨੂੰ ਲੈ ਕੇ ਭੈਣਾਂ-ਭਰਾਵਾਂ ਵਿਚ ਇੰਨੀ ਉਤਸੁਕਤਾ ਕਿਉਂ ਸੀ? ਕਿਉਂਕਿ ਇਸ ਵਿਚ ਹਿਜ਼ਕੀਏਲ ਦੀਆਂ ਉਨ੍ਹਾਂ ਭਵਿੱਖਬਾਣੀਆਂ ਦੀ ਨਵੀਂ ਸਮਝ ਦਿੱਤੀ ਗਈ ਸੀ ਜਿਨ੍ਹਾਂ ਦਾ ਸੰਬੰਧ ਇਨਸਾਨਾਂ ਦੇ ਭਵਿੱਖ ਨਾਲ ਹੈ।
ਇਸ ਕਿਤਾਬ ਦੇ ਰਿਲੀਜ਼ ਹੋਣ ਤੋਂ ਬਾਅਦ ਪਰਮੇਸ਼ੁਰ ਦੇ ਲੋਕਾਂ ਦੀ ਗਿਣਤੀ ਬਹੁਤ ਵਧ ਗਈ। ਇਹ ਗਿਣਤੀ 15 ਲੱਖ ਤੋਂ ਵੱਧ ਕੇ ਹੁਣ 80 ਲੱਖ ਤੋਂ ਜ਼ਿਆਦਾ ਹੋ ਗਈ ਹੈ। (ਯਸਾ. 60:22) ਯਹੋਵਾਹ ਦੇ ਇਹ ਲੱਖਾਂ ਸੇਵਕ 1000 ਤੋਂ ਜ਼ਿਆਦਾ ਭਾਸ਼ਾਵਾਂ ਬੋਲਦੇ ਹਨ। (ਜ਼ਕ. 8:23) ਇਨ੍ਹਾਂ ਵਿੱਚੋਂ ਬਹੁਤ ਜਣਿਆਂ ਨੂੰ ਇੱਦਾਂ ਦੀ ਕਿਸੇ ਕਿਤਾਬ ਦਾ ਅਧਿਐਨ ਕਰਨ ਦਾ ਮੌਕਾ ਨਹੀਂ ਮਿਲਿਆ ਹੈ ਜਿਸ ਵਿਚ ਹਿਜ਼ਕੀਏਲ ਦੀਆਂ ਭਵਿੱਖਬਾਣੀਆਂ ਨੂੰ ਖੋਲ੍ਹ ਕੇ ਸਮਝਾਇਆ ਗਿਆ ਹੋਵੇ।
ਇਸ ਤੋਂ ਇਲਾਵਾ, 1971 ਤੋਂ ਬਾਈਬਲ ਸੱਚਾਈਆਂ ਦਾ ਚਾਨਣ ਲਗਾਤਾਰ ਵਧਿਆ ਹੈ ਯਾਨੀ ਇਨ੍ਹਾਂ ਬਾਰੇ ਸਾਡੀ ਸਮਝ ਹੋਰ ਡੂੰਘੀ ਹੋਈ ਹੈ। (ਕਹਾ. 4:18) 1985 ਵਿਚ ਸਾਨੂੰ ਇਹ ਗੱਲ ਸਾਫ਼ ਸਮਝ ਆਈ ਕਿ “ਹੋਰ ਭੇਡਾਂ” ਕਿਸ ਆਧਾਰ ’ਤੇ ਧਰਮੀ ਠਹਿਰ ਸਕਦੀਆਂ ਹਨ ਅਤੇ ਪਰਮੇਸ਼ੁਰ ਦੀਆਂ ਦੋਸਤ ਬਣ ਸਕਦੀਆਂ ਹਨ। (ਯੂਹੰ. 10:16; ਰੋਮੀ. 5:18; ਯਾਕੂ. 2:23) ਫਿਰ 1995 ਵਿਚ ਸਾਨੂੰ ਪਹਿਲੀ ਵਾਰ ਇਹ ਗੱਲ ਸਮਝ ਆਈ ਕਿ “ਭੇਡਾਂ” ਅਤੇ “ਬੱਕਰੀਆਂ” ਦਾ ਆਖ਼ਰੀ ਨਿਆਂ “ਮਹਾਂਕਸ਼ਟ” ਦੌਰਾਨ ਕੀਤਾ ਜਾਵੇਗਾ। (ਮੱਤੀ 24:21; 25:31, 32) ਇਨ੍ਹਾਂ ਸਿੱਖਿਆਵਾਂ ਸੰਬੰਧੀ ਸਾਡੀ ਸਮਝ ਵਿਚ ਜੋ ਫੇਰ-ਬਦਲ ਹੋਇਆ ਹੈ, ਉਸ ਕਰਕੇ ਹਿਜ਼ਕੀਏਲ ਦੀ ਕਿਤਾਬ ਬਾਰੇ ਵੀ ਅਸੀਂ ਕਈ ਨਵੀਆਂ ਗੱਲਾਂ ਜਾਣੀਆਂ ਹਨ।
“ਹੇ ਮਨੁੱਖ ਦੇ ਪੁੱਤਰ, ਜੋ ਮੈਂ ਤੈਨੂੰ ਦਿਖਾਉਂਦਾ ਹਾਂ, ਉਸ ਨੂੰ ਗੌਰ ਨਾਲ ਦੇਖ, ਧਿਆਨ ਨਾਲ ਸੁਣ ਅਤੇ ਉਸ ਵੱਲ ਪੂਰਾ ਧਿਆਨ ਦੇ ਕਿਉਂਕਿ ਤੈਨੂੰ ਇਸੇ ਕਰਕੇ ਇੱਥੇ ਲਿਆਂਦਾ ਗਿਆ ਹੈ।”—ਹਿਜ਼ਕੀਏਲ 40:4
ਹਾਲ ਹੀ ਦੇ ਸਾਲਾਂ ਵਿਚ ਸੱਚਾਈ ਦੀ ਇਹ ਰੌਸ਼ਨੀ ਲਗਾਤਾਰ ਵਧ ਰਹੀ ਹੈ। ਜ਼ਰਾ ਯਿਸੂ ਦੀਆਂ ਮਿਸਾਲਾਂ ਤੋਂ ਸਿੱਖੇ ਸਬਕਾਂ ਬਾਰੇ ਸੋਚੋ ਜਿਨ੍ਹਾਂ ਨੂੰ ਅਸੀਂ ਹੁਣ ਚੰਗੀ ਤਰ੍ਹਾਂ ਸਮਝਦੇ ਹਾਂ। ਨਾਲੇ ਉਨ੍ਹਾਂ ਵਿੱਚੋਂ ਬਹੁਤ ਸਾਰੀਆਂ ਮਿਸਾਲਾਂ ਉਨ੍ਹਾਂ ਘਟਨਾਵਾਂ ਨੂੰ ਦਰਸਾਉਂਦੀਆਂ ਹਨ ਜੋ ਜਲਦੀ ਹੀ ਮਹਾਂਕਸ਼ਟ ਦੌਰਾਨ ਵਾਪਰਨਗੀਆਂ। ਬਿਲਕੁਲ ਇਸੇ ਤਰ੍ਹਾਂ ਹਿਜ਼ਕੀਏਲ ਦੀ ਕਿਤਾਬ ਵਿਚ ਦਰਜ ਕੁਝ ਭਵਿੱਖਬਾਣੀਆਂ ਬਾਰੇ ਸਾਡੀ ਸਮਝ ਵਿਚ ਸੁਧਾਰ ਹੋਇਆ ਹੈ, ਜਿਵੇਂ ਮਾਗੋਗ ਦੇ ਗੋਗ ਬਾਰੇ (ਅਧਿਆਇ 38 ਤੇ 39), ਉਸ ਆਦਮੀ ਦੇ ਕੰਮ ਬਾਰੇ ਜਿਸ ਕੋਲ ਲਿਖਾਰੀ ਦੀ ਕਲਮ-ਦਵਾਤ ਹੈ (ਅਧਿਆਇ 9), ਸੁੱਕੀਆਂ ਹੱਡੀਆਂ ਦੀ ਘਾਟੀ ਬਾਰੇ ਅਤੇ ਦੋ ਸੋਟੀਆਂ ਨੂੰ ਜੋੜਨ ਬਾਰੇ (ਅਧਿਆਇ 37)। ‘ਯਹੋਵਾਹ ਨੂੰ ਜਾਣੋ’ ਕਿਤਾਬ ਵਿਚ ਭਵਿੱਖਬਾਣੀਆਂ ਬਾਰੇ ਜੋ ਸਮਝ ਦਿੱਤੀ ਗਈ ਸੀ, ਉਸ ਨਾਲੋਂ ਅੱਜ ਸਾਡੇ ਕੋਲ ਜ਼ਿਆਦਾ ਸਹੀ ਸਮਝ ਹੈ।
ਸਾਨੂੰ ਉਦੋਂ ਕੋਈ ਹੈਰਾਨੀ ਨਹੀਂ ਹੁੰਦੀ ਜਦੋਂ ਯਹੋਵਾਹ ਦੇ ਬਹੁਤ ਸਾਰੇ ਲੋਕ ਪੁੱਛਦੇ ਹਨ, ‘ਸਾਨੂੰ ਉਹ ਕਿਤਾਬ ਕਦੋਂ ਮਿਲੇਗੀ ਜਿਸ ਵਿਚ ਹਿਜ਼ਕੀਏਲ ਦੀਆਂ ਭਵਿੱਖਬਾਣੀਆਂ ਬਾਰੇ ਨਵੀਂ ਸਮਝ ਦਿੱਤੀ ਗਈ ਹੈ?’ ਯਹੋਵਾਹ ਦੀ ਸ਼ੁੱਧ ਭਗਤੀ ਬਹਾਲ! ਕਿਤਾਬ ਦੇ ਆਉਣ ਨਾਲ ਭੈਣਾਂ-ਭਰਾਵਾਂ ਦੀ ਇਹ ਖ਼ਾਹਸ਼ ਪੂਰੀ ਹੋਈ। ਜਦੋਂ ਤੁਸੀਂ ਇਸ ਕਿਤਾਬ ਵਿਚ ਦਿੱਤੇ 22 ਅਧਿਆਇ ਪੜ੍ਹੋਗੇ ਅਤੇ ਇਸ ਵਿਚ ਦਿੱਤੀਆਂ ਖ਼ੂਬਸੂਰਤ ਤਸਵੀਰਾਂ ’ਤੇ ਗੌਰ ਕਰੋਗੇ, ਤਾਂ ਤੁਹਾਨੂੰ ਇਹ ਦੇਖ ਬਹੁਤ ਹੈਰਾਨੀ ਹੋਵੇਗੀ ਕਿ ਇਸ ਨੂੰ ਕਿੰਨੇ ਧਿਆਨ ਨਾਲ ਖੋਜਬੀਨ ਕਰ ਕੇ ਤਿਆਰ ਕੀਤਾ ਗਿਆ ਹੈ। ਯਹੋਵਾਹ ਨੇ ਬਾਈਬਲ ਵਿਚ ਹਿਜ਼ਕੀਏਲ ਦੀ ਕਿਤਾਬ ਨੂੰ ਕਿਸ ਮਕਸਦ ਨਾਲ ਲਿਖਵਾਇਆ ਹੈ, ਇਹ ਜਾਣਨ ਲਈ ਅਸੀਂ ਪ੍ਰਾਰਥਨਾ ਕਰ ਕੇ ਬਹੁਤ ਸੋਚ-ਵਿਚਾਰ ਕੀਤਾ। ਇਸ ਲਈ ਇਨ੍ਹਾਂ ਸਵਾਲਾਂ ’ਤੇ ਗੌਰ ਕੀਤਾ ਗਿਆ: ਹਿਜ਼ਕੀਏਲ ਦੀ ਕਿਤਾਬ ਵਿਚ ਕਿਹੜੇ ਸਬਕ ਹਨ ਜੋ ਹਿਜ਼ਕੀਏਲ ਦੇ ਜ਼ਮਾਨੇ ਦੇ ਅਤੇ ਅੱਜ ਦੇ ਲੋਕਾਂ ’ਤੇ ਵੀ ਲਾਗੂ ਹੁੰਦੇ ਹਨ? ਕਿਹੜੀਆਂ ਕੁਝ ਭਵਿੱਖਬਾਣੀਆਂ ਹਾਲੇ ਪੂਰੀਆਂ ਹੋਣੀਆਂ ਬਾਕੀ ਹਨ?
ਹਿਜ਼ਕੀਏਲ ਦੀਆਂ ਭਵਿੱਖਬਾਣੀਆਂ ਵਿਚ ਜੋ ਲਿਖਿਆ ਹੈ, ਕੀ ਉਸ ਦਾ ਆਪਣੇ ਵੱਲੋਂ ਕੋਈ ਮਤਲਬ ਕੱਢਣਾ ਚਾਹੀਦਾ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਜਾਣ ਕੇ ਸਾਨੂੰ ਬਾਈਬਲ ਦੀ ਇਸ ਦਿਲਚਸਪ ਕਿਤਾਬ ਦੀ ਸਾਫ਼-ਸਾਫ਼ ਸਮਝ ਮਿਲੀ।ਹਿਜ਼ਕੀਏਲ ਦੀ ਪੂਰੀ ਕਿਤਾਬ ਪੜ੍ਹ ਕੇ ਤੁਹਾਡੇ ਦਿਲ ਯਹੋਵਾਹ ਦੇ ਸੰਗਠਨ ਦੇ ਸਵਰਗੀ ਹਿੱਸੇ ਲਈ ਸ਼ਰਧਾ ਨਾਲ ਭਰ ਜਾਣਗੇ। ਬਿਨਾਂ ਸ਼ੱਕ, ਤੁਸੀਂ ਯਹੋਵਾਹ ਦੇ ਉੱਚੇ-ਸੁੱਚੇ ਮਿਆਰਾਂ ਬਾਰੇ ਜਾਣ ਕੇ ਵੀ ਹੈਰਾਨ ਹੋਵੋਗੇ ਜੋ ਉਸ ਨੇ ਸਵਰਗ ਅਤੇ ਧਰਤੀ ’ਤੇ ਉਸ ਦੀ ਮਰਜ਼ੀ ਮੁਤਾਬਕ ਭਗਤੀ ਕਰਨ ਵਾਲਿਆਂ ਲਈ ਤੈਅ ਕੀਤੇ ਹਨ। ਸ਼ੁੱਧ ਭਗਤੀ ਕਿਤਾਬ ਪੜ੍ਹ ਕੇ ਤੁਹਾਡੇ ਦਿਲ ਵਿਚ ਯਹੋਵਾਹ ਦੇ ਉਨ੍ਹਾਂ ਕੰਮਾਂ ਲਈ ਕਦਰ ਵਧੇਗੀ ਜੋ ਉਸ ਨੇ ਆਪਣੇ ਲੋਕਾਂ ਲਈ ਹੁਣ ਤਕ ਕੀਤੇ ਹਨ ਅਤੇ ਆਉਣ ਵਾਲੇ ਸਮੇਂ ਵਿਚ ਕਰੇਗਾ। ਤੁਸੀਂ ਗੌਰ ਕਰੋਗੇ ਕਿ ਇਸ ਕਿਤਾਬ ਵਿਚ ਦੋ ਵਿਸ਼ਿਆਂ ਬਾਰੇ ਵਾਰ-ਵਾਰ ਗੱਲ ਕੀਤੀ ਗਈ ਹੈ। ਪਹਿਲਾ, ਯਹੋਵਾਹ ਨੂੰ ਖ਼ੁਸ਼ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਮੰਨੀਏ ਕਿ ਉਹੀ ਸਾਰੇ ਜਹਾਨ ਦਾ ਮਾਲਕ ਹੈ। ਦੂਜਾ, ਅਸੀਂ ਯਹੋਵਾਹ ਦੀ ਮਰਜ਼ੀ ਮੁਤਾਬਕ ਉਸ ਦੀ ਭਗਤੀ ਕਰੀਏ ਅਤੇ ਉਸ ਦੇ ਉੱਚੇ-ਸੁੱਚੇ ਮਿਆਰਾਂ ਮੁਤਾਬਕ ਜ਼ਿੰਦਗੀ ਬਤੀਤ ਕਰੀਏ।
ਅਸੀਂ ਦਿਲੋਂ ਚਾਹੁੰਦੇ ਹਾਂ ਕਿ ਇਸ ਕਿਤਾਬ ਦੀ ਮਦਦ ਨਾਲ ਯਹੋਵਾਹ ਦੀ ਭਗਤੀ ਕਰਨ ਦਾ ਤੁਹਾਡਾ ਇਰਾਦਾ ਹੋਰ ਵੀ ਪੱਕਾ ਹੋਵੇ ਅਤੇ ਤੁਸੀਂ ਉਸ ਤਰੀਕੇ ਨਾਲ ਭਗਤੀ ਕਰੋ ਜਿਸ ਨਾਲ ਪਰਮੇਸ਼ੁਰ ਦੇ ਮਹਾਨ ਤੇ ਪਵਿੱਤਰ ਨਾਂ ਦੀ ਮਹਿਮਾ ਹੋਵੇ। ਇਸ ਦੇ ਨਾਲ-ਨਾਲ ਤੁਹਾਡੇ ਅੰਦਰ ਉਸ ਸਮੇਂ ਨੂੰ ਦੇਖਣ ਦੀ ਉਤਸੁਕਤਾ ਬਣੀ ਰਹੇ ਜਦੋਂ ਸਾਰੀਆਂ ਕੌਮਾਂ ਨੂੰ ਜਾਣਨਾ ਪਵੇਗਾ ਕਿ ਯਹੋਵਾਹ ਕੌਣ ਹੈ।—ਹਿਜ਼. 36:23; 38:23.
ਸਾਡੀ ਦਿਲੀ ਦੁਆ ਹੈ ਕਿ ਸਾਡਾ ਪਿਆਰਾ ਪਿਤਾ ਯਹੋਵਾਹ ਹਿਜ਼ਕੀਏਲ ਨਬੀ ਦੀ ਕਿਤਾਬ ਨੂੰ ਸਮਝਣ ਦੀਆਂ ਤੁਹਾਡੀਆਂ ਕੋਸ਼ਿਸ਼ਾਂ ’ਤੇ ਬਰਕਤ ਪਾਵੇ।
ਤੁਹਾਡੇ ਭਰਾ,
ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ