Skip to content

Skip to table of contents

ਅਧਿਆਇ 10

“ਤੁਹਾਡੇ ਵਿਚ ਜਾਨ ਆ ਜਾਵੇਗੀ”

“ਤੁਹਾਡੇ ਵਿਚ ਜਾਨ ਆ ਜਾਵੇਗੀ”

ਹਿਜ਼ਕੀਏਲ 37:5

ਮੁੱਖ ਗੱਲ: “ਸੁੱਕੀਆਂ ਹੱਡੀਆਂ” ਦਾ ਦਰਸ਼ਣ। ਉਨ੍ਹਾਂ ਵਿਚ ਕਿਵੇਂ ਜਾਨ ਆ ਗਈ ਅਤੇ ਇਹ ਭਵਿੱਖਬਾਣੀ ਵੱਡੇ ਪੈਮਾਨੇ ’ਤੇ ਕਿਵੇਂ ਪੂਰੀ ਹੋਈ

1-3. ਬਾਬਲ ਵਿਚ ਰਹਿੰਦੇ ਯਹੂਦੀ ਉਦਾਸ ਕਿਉਂ ਹਨ? (ਪਹਿਲੀ ਤਸਵੀਰ ਦੇਖੋ।)

ਬਾਬਲ ਵਿਚ ਰਹਿੰਦੇ ਯਹੂਦੀ ਬਹੁਤ ਹੀ ਉਦਾਸ ਹਨ! ਤਕਰੀਬਨ ਪੰਜ ਸਾਲਾਂ ਤੋਂ ਹਿਜ਼ਕੀਏਲ ਭਵਿੱਖਬਾਣੀ ਕਰ ਰਿਹਾ ਸੀ ਕਿ ਯਰੂਸ਼ਲਮ ਨਾਸ਼ ਹੋ ਜਾਵੇਗਾ, ਪਰ ਉਨ੍ਹਾਂ ਦੇ ਕੰਨਾਂ ’ਤੇ ਜੂੰ ਤਕ ਨਹੀਂ ਸਰਕੀ। ਚਾਹੇ ਉਸ ਨੇ ਕਿੰਨੀ ਹੀ ਵਾਰ ਇਸ ਭਵਿੱਖਬਾਣੀ ਦਾ ਨਾਟਕ ਕਰ ਕੇ ਦਿਖਾਇਆ, ਉਨ੍ਹਾਂ ਨੂੰ ਮਿਸਾਲਾਂ ਦੇ ਕੇ ਸਮਝਾਇਆ, ਕਿੰਨੇ ਹੀ ਸੰਦੇਸ਼ ਦਿੱਤੇ, ਫਿਰ ਵੀ ਉਹ ਮੰਨੇ ਨਹੀਂ ਕਿ ਯਹੋਵਾਹ ਯਰੂਸ਼ਲਮ ਦਾ ਨਾਸ਼ ਹੋਣ ਦੇਵੇਗਾ। ਇੱਥੋਂ ਤਕ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਬਾਬਲ ਦੀ ਫ਼ੌਜ ਨੇ ਯਰੂਸ਼ਲਮ ਨੂੰ ਘੇਰ ਲਿਆ ਹੈ, ਫਿਰ ਵੀ ਉਨ੍ਹਾਂ ਨੇ ਸੋਚਿਆ ਕਿ ਯਰੂਸ਼ਲਮ ਦੇ ਲੋਕ ਮਹਿਫੂਜ਼ ਰਹਿਣਗੇ।

2 ਪਰ ਹੁਣ ਘੇਰਾਬੰਦੀ ਤੋਂ ਦੋ ਸਾਲ ਬਾਅਦ ਯਰੂਸ਼ਲਮ ਤੋਂ ਕੋਈ ਭੱਜ ਕੇ ਬਾਬਲ ਆਉਂਦਾ ਹੈ ਤੇ ਇਹ ਖ਼ਬਰ ਦਿੰਦਾ ਹੈ: “ਸ਼ਹਿਰ ਉੱਤੇ ਕਬਜ਼ਾ ਕਰ ਲਿਆ ਗਿਆ ਹੈ!” ਇਹ ਖ਼ਬਰ ਸੁਣ ਕੇ ਉਨ੍ਹਾਂ ਦੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਜਾਂਦੀ ਹੈ। ਉਹ ਇਸ ਗੱਲ ਨੂੰ ਸਮਝ ਨਹੀਂ ਸਕੇ ਕਿ ਉਨ੍ਹਾਂ ਦਾ ਪਿਆਰਾ ਸ਼ਹਿਰ, ਪਵਿੱਤਰ ਮੰਦਰ ਤੇ ਦੇਸ਼ ਤਹਿਸ-ਨਹਿਸ ਹੋ ਗਏ ਹਨ। ਲੰਬੇ ਸਮੇਂ ਤੋਂ ਲਾਈ ਉਨ੍ਹਾਂ ਦੀ ਇਸ ਉਮੀਦ ’ਤੇ ਪਾਣੀ ਫਿਰ ਗਿਆ ਕਿ ਯਰੂਸ਼ਲਮ ਦਾ ਨਾਸ਼ ਨਹੀਂ ਹੋਵੇਗਾ।​—ਹਿਜ਼. 21:7; 33:21.

3 ਇਸ ਨਿਰਾਸ਼ਾ ਭਰੇ ਸਮੇਂ ਵਿਚ ਹਿਜ਼ਕੀਏਲ ਇਕ ਜ਼ਬਰਦਸਤ ਦਰਸ਼ਣ ਦੇਖਦਾ ਹੈ ਜਿਸ ਤੋਂ ਉਨ੍ਹਾਂ ਨੂੰ ਇਕ ਉਮੀਦ ਦੀ ਕਿਰਨ ਮਿਲਦੀ ਹੈ। ਇਸ ਦਰਸ਼ਣ ਵਿਚ ਕਿਹੜੀ ਗੱਲ ਤੋਂ ਨਿਰਾਸ਼ ਲੋਕਾਂ ਨੂੰ ਉਮੀਦ ਮਿਲਦੀ ਹੈ? ਇਸ ਦਰਸ਼ਣ ਦਾ ਅੱਜ ਪਰਮੇਸ਼ੁਰ ਦੇ ਲੋਕਾਂ ਨਾਲ ਕੀ ਸੰਬੰਧ ਹੈ ਅਤੇ ਸਾਡੇ ਵਿੱਚੋਂ ਹਰੇਕ ਜਣਾ ਇਸ ਤੋਂ ਕੀ ਸਿੱਖ ਸਕਦਾ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਜਾਣਨ ਲਈ ਆਓ ਆਪਾਂ ਦੇਖੀਏ ਕਿ ਯਹੋਵਾਹ ਦਰਸ਼ਣ ਵਿਚ ਹਿਜ਼ਕੀਏਲ ਨੂੰ ਕੀ ਦਿਖਾਉਂਦਾ ਹੈ।

“ਇਨ੍ਹਾਂ ਹੱਡੀਆਂ ਬਾਰੇ ਭਵਿੱਖਬਾਣੀ ਕਰ” ਅਤੇ “ਹਵਾ ਨੂੰ ਭਵਿੱਖਬਾਣੀ ਕਰ”

4. ਦਰਸ਼ਣ ਵਿਚ ਹਿਜ਼ਕੀਏਲ ਦਾ ਧਿਆਨ ਕਿਨ੍ਹਾਂ ਗੱਲਾਂ ’ਤੇ ਗਿਆ?

4 ਹਿਜ਼ਕੀਏਲ 37:1-10 ਪੜ੍ਹੋ। ਦਰਸ਼ਣ ਵਿਚ ਹਿਜ਼ਕੀਏਲ ਨੂੰ ਇਕ ਘਾਟੀ ਵਿਚ ਖੜ੍ਹਾ ਕੀਤਾ ਜਾਂਦਾ ਹੈ ਜੋ ਹੱਡੀਆਂ ਨਾਲ ਭਰੀ ਪਈ ਹੈ। ਯਹੋਵਾਹ ਚਾਹੁੰਦਾ ਸੀ ਕਿ ਹਿਜ਼ਕੀਏਲ ਇਸ ਦਰਸ਼ਣ ਦੀ ਅਹਿਮੀਅਤ ਨੂੰ ਚੰਗੀ ਤਰ੍ਹਾਂ ਸਮਝੇ, ਇਸ ਲਈ ਯਹੋਵਾਹ ਨੇ ਉਸ ਨੂੰ ਖਿਲਰੀਆਂ ਪਈਆਂ ਹੱਡੀਆਂ ਦੇ “ਆਲੇ-ਦੁਆਲੇ ਘੁਮਾਇਆ।” ਘਾਟੀ ਵਿਚ ਘੁੰਮਦੇ ਸਮੇਂ ਹਿਜ਼ਕੀਏਲ ਦਾ ਧਿਆਨ ਹੱਡੀਆਂ ਬਾਰੇ ਦੋ ਖ਼ਾਸ ਗੱਲਾਂ ’ਤੇ ਗਿਆ: ਉਨ੍ਹਾਂ ਦੀ ਗਿਣਤੀ ਅਤੇ ਉਨ੍ਹਾਂ ਦੀ ਹਾਲਤ। ਉਸ ਨੇ ਦੇਖਿਆ ਕਿ “ਘਾਟੀ ਵਿਚ ਹੱਡੀਆਂ ਹੀ ਹੱਡੀਆਂ ਪਈਆਂ ਸਨ ਅਤੇ ਇਹ ਪੂਰੀ ਤਰ੍ਹਾਂ ਸੁੱਕੀਆਂ ਹੋਈਆਂ ਸਨ।”

5. ਯਹੋਵਾਹ ਨੇ ਹਿਜ਼ਕੀਏਲ ਨੂੰ ਕਿਹੜੇ ਦੋ ਹੁਕਮ ਦਿੱਤੇ ਅਤੇ ਹਿਜ਼ਕੀਏਲ ਦੁਆਰਾ ਇਹ ਹੁਕਮ ਮੰਨਣ ਤੋਂ ਬਾਅਦ ਕੀ ਹੋਇਆ?

5 ਫਿਰ ਯਹੋਵਾਹ ਨੇ ਹਿਜ਼ਕੀਏਲ ਨੂੰ ਦੋ ਹੁਕਮ ਦਿੱਤੇ ਜਿਨ੍ਹਾਂ ਕਰਕੇ ਤਰਤੀਬਵਾਰ ਢੰਗ ਨਾਲ ਬਹਾਲੀ ਹੋਣੀ ਸੀ। ਪਹਿਲਾ ਹੁਕਮ ਸੀ: “ਇਨ੍ਹਾਂ ਹੱਡੀਆਂ ਬਾਰੇ ਭਵਿੱਖਬਾਣੀ ਕਰ” ਅਤੇ ਇਨ੍ਹਾਂ ਨੂੰ ਕਹਿ, ‘ਤੁਹਾਡੇ ਵਿਚ ਜਾਨ ਆ ਜਾਵੇ।’ (ਹਿਜ਼. 37:4-6) ਹਿਜ਼ਕੀਏਲ ਦੇ ਭਵਿੱਖਬਾਣੀ ਕਰਦਿਆਂ ਹੀ “ਖੜ-ਖੜ ਦੀ ਆਵਾਜ਼ ਸੁਣਾਈ ਦੇਣ ਲੱਗੀ ਅਤੇ ਹੱਡੀਆਂ ਇਕ-ਦੂਜੇ ਨਾਲ ਜੁੜਨ ਲੱਗ ਪਈਆਂ।” ਫਿਰ ਹੱਡੀਆਂ ਉੱਤੇ “ਨਾੜਾਂ ਅਤੇ ਮਾਸ ਚੜ੍ਹਨ ਲੱਗਾ ਅਤੇ ਚਮੜੀ ਨੇ ਹੱਡੀਆਂ ਨੂੰ ਢਕ ਲਿਆ।” (ਹਿਜ਼. 37:7, 8) ਦੂਜਾ ਹੁਕਮ ਇਹ ਸੀ: “ਹਵਾ ਨੂੰ ਭਵਿੱਖਬਾਣੀ ਕਰ” ਤੇ ਇਸ ਨੂੰ ਕਹਿ ਕਿ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਉੱਤੇ “ਵਗ।” ਜਦੋਂ ਹਿਜ਼ਕੀਏਲ ਨੇ ਭਵਿੱਖਬਾਣੀ ਕੀਤੀ, ਤਾਂ “ਉਨ੍ਹਾਂ ਵਿਚ ਸਾਹ ਆ ਗਿਆ ਅਤੇ ਉਹ ਜੀਉਂਦੇ ਹੋਣ ਲੱਗ ਪਏ ਅਤੇ ਆਪਣੇ ਪੈਰਾਂ ’ਤੇ ਖੜ੍ਹੇ ਹੋਣੇ ਸ਼ੁਰੂ ਹੋ ਗਏ। ਉਨ੍ਹਾਂ ਜੀਉਂਦੇ ਹੋਏ ਲੋਕਾਂ ਦੀ ਇਕ ਬਹੁਤ ਵੱਡੀ ਫ਼ੌਜ ਸੀ।”​—ਹਿਜ਼. 37:9, 10.

“ਸਾਡੀਆਂ ਹੱਡੀਆਂ ਸੁੱਕ ਗਈਆਂ ਹਨ ਅਤੇ ਸਾਡੀ ਉਮੀਦ ਖ਼ਤਮ ਹੋ ਗਈ ਹੈ”

6. ਯਹੋਵਾਹ ਨੇ ਹਿਜ਼ਕੀਏਲ ਨੂੰ ਦਰਸ਼ਣ ਦਾ ਕੀ ਮਤਲਬ ਸਮਝਾਇਆ?

6 ਫਿਰ ਯਹੋਵਾਹ ਨੇ ਹਿਜ਼ਕੀਏਲ ਨੂੰ ਦਰਸ਼ਣ ਦਾ ਮਤਲਬ ਸਮਝਾਉਂਦਿਆਂ ਕਿਹਾ: “ਇਹ ਹੱਡੀਆਂ ਇਜ਼ਰਾਈਲ ਦਾ ਸਾਰਾ ਘਰਾਣਾ ਹੈ।” ਜਦੋਂ ਇਜ਼ਰਾਈਲੀਆਂ ਨੇ ਯਰੂਸ਼ਲਮ ਦੇ ਨਾਸ਼ ਦੀ ਖ਼ਬਰ ਸੁਣੀ, ਤਾਂ ਉਨ੍ਹਾਂ ਦੀ ਹਾਲਤ ਮੁਰਦਿਆਂ ਵਰਗੀ ਹੋ ਗਈ। ਇਸ ਲਈ ਉਹ ਵੈਣ ਪਾਉਣ ਲੱਗੇ: “ਸਾਡੀਆਂ ਹੱਡੀਆਂ ਸੁੱਕ ਗਈਆਂ ਹਨ ਅਤੇ ਸਾਡੀ ਉਮੀਦ ਖ਼ਤਮ ਹੋ ਗਈ ਹੈ। ਅਸੀਂ ਪੂਰੀ ਤਰ੍ਹਾਂ ਨਾਸ਼ ਹੋ ਗਏ ਹਾਂ।” (ਹਿਜ਼. 37:11; ਯਿਰ. 34:20) ਇਜ਼ਰਾਈਲੀਆਂ ਦੇ ਵੈਣ ਸੁਣ ਕੇ ਯਹੋਵਾਹ ਨੇ ਹੱਡੀਆਂ ਬਾਰੇ ਦਰਸ਼ਣ ਦੇ ਜ਼ਰੀਏ ਉਨ੍ਹਾਂ ਨੂੰ ਉਮੀਦ ਦੀ ਕਿਰਨ ਦਿੱਤੀ।

7. ਹਿਜ਼ਕੀਏਲ 37:12-14 ਮੁਤਾਬਕ ਯਹੋਵਾਹ ਨੇ ਹਿਜ਼ਕੀਏਲ ਨੂੰ ਕੀ ਦੱਸਿਆ ਅਤੇ ਇਸ ਤੋਂ ਗ਼ੁਲਾਮ ਯਹੂਦੀਆਂ ਨੂੰ ਕਿਸ ਗੱਲ ਦਾ ਯਕੀਨ ਹੋਇਆ?

7 ਹਿਜ਼ਕੀਏਲ 37:12-14 ਪੜ੍ਹੋ। ਇਸ ਦਰਸ਼ਣ ਦੇ ਜ਼ਰੀਏ ਯਹੋਵਾਹ ਨੇ ਗ਼ੁਲਾਮ ਯਹੂਦੀਆਂ ਨੂੰ ਯਕੀਨ ਦਿਵਾਇਆ ਕਿ ਉਹ ਉਨ੍ਹਾਂ ਵਿਚ ਜਾਨ ਪਾਵੇਗਾ, ਉਨ੍ਹਾਂ ਨੂੰ ਦੇਸ਼ ਵਾਪਸ ਲਿਆਵੇਗਾ ਅਤੇ ਉੱਥੇ ਵਸਾਵੇਗਾ। ਇਸ ਤੋਂ ਇਲਾਵਾ, ਯਹੋਵਾਹ ਨੇ ਉਨ੍ਹਾਂ ਨੂੰ ਫਿਰ ਤੋਂ “ਮੇਰੇ ਲੋਕੋ” ਕਹਿ ਕੇ ਬੁਲਾਇਆ। ਇਹ ਹੌਸਲੇ ਭਰੇ ਸ਼ਬਦ ਸੁਣ ਕੇ ਗ਼ੁਲਾਮ ਯਹੂਦੀਆਂ ਦੇ ਚਿਹਰੇ ਖ਼ੁਸ਼ੀ ਨਾਲ ਖਿੜ ਗਏ ਹੋਣੇ! ਪਰ ਉਹ ਕਿਉਂ ਯਕੀਨ ਕਰ ਸਕਦੇ ਸਨ ਕਿ ਬਹਾਲੀ ਬਾਰੇ ਇਹ ਵਾਅਦਾ ਜ਼ਰੂਰ ਪੂਰਾ ਹੋਵੇਗਾ? ਕਿਉਂਕਿ ਇਹ ਵਾਅਦਾ ਖ਼ੁਦ ਯਹੋਵਾਹ ਨੇ ਕੀਤਾ ਸੀ। ਉਸ ਨੇ ਕਿਹਾ: “ਮੈਂ ਯਹੋਵਾਹ ਨੇ ਆਪ ਇਹ ਗੱਲ ਕਹੀ ਹੈ ਅਤੇ ਪੂਰੀ ਵੀ ਕੀਤੀ ਹੈ।”

8. (ੳ) ਕਿਸ ਮਾਅਨੇ ਵਿਚ ‘ਇਜ਼ਰਾਈਲ ਦੇ ਸਾਰੇ ਘਰਾਣੇ’ ਦੀ ਹਾਲਤ ਮੁਰਦਿਆਂ ਵਰਗੀ ਸੀ? (ਅ) ਹਿਜ਼ਕੀਏਲ 37:9 ਮੁਤਾਬਕ ਕਿਸ ਕਾਰਨ ਉਨ੍ਹਾਂ ਦੀ ਇਹ ਹਾਲਤ ਹੋ ਗਈ ਸੀ? (ਫੁਟਨੋਟ ਦੇਖੋ।)

8 ਪੁਰਾਣੇ ਇਜ਼ਰਾਈਲ ਦੀ ਹਾਲਤ ਕਿਸ ਮਾਅਨੇ ਵਿਚ ਸੁੱਕੀਆਂ ਹੱਡੀਆਂ ਵਰਗੀ ਹੋ ਗਈ ਸੀ? 740 ਈਸਵੀ ਪੂਰਵ ਵਿਚ ਜਦੋਂ ਦਸ-ਗੋਤੀ ਰਾਜ ਦਾ ਨਾਸ਼ ਹੋਇਆ ਤੇ ਉਸ ਨੂੰ ਗ਼ੁਲਾਮ ਬਣਾ ਕੇ ਲਿਜਾਇਆ ਗਿਆ, ਉਦੋਂ ਤਕ ਇਜ਼ਰਾਈਲੀਆਂ ਦਾ ਪਰਮੇਸ਼ੁਰ ਨਾਲੋਂ ਰਿਸ਼ਤਾ ਟੁੱਟ ਚੁੱਕਾ ਸੀ। ਇਸ ਤੋਂ ਲਗਭਗ 130 ਸਾਲਾਂ ਬਾਅਦ ਯਹੂਦਾਹ ਦੇ ਲੋਕਾਂ ਨੂੰ ਵੀ ਗ਼ੁਲਾਮ ਬਣਾ ਕੇ ਲੈ ਜਾਇਆ ਗਿਆ। ਇਸ ਤਰ੍ਹਾਂ “ਇਜ਼ਰਾਈਲ ਦਾ ਸਾਰਾ ਘਰਾਣਾ” ਗ਼ੁਲਾਮੀ ਵਿਚ ਚਲਾ ਗਿਆ। (ਹਿਜ਼. 37:11) ਇਕ ਤਰ੍ਹਾਂ ਨਾਲ ਇਜ਼ਰਾਈਲ ਦੇ ਘਰਾਣੇ ਦੀ ਹਾਲਤ ਸੁੱਕੀਆਂ ਹੱਡੀਆਂ ਵਰਗੀ ਬੇਜਾਨ ਹੋ ਗਈ ਸੀ। * ਯਾਦ ਕਰੋ ਕਿ ਹਿਜ਼ਕੀਏਲ ਨੇ ਸਿਰਫ਼ ਹੱਡੀਆਂ ਹੀ ਨਹੀਂ ਦੇਖੀਆਂ, ਸਗੋਂ “ਪੂਰੀ ਤਰ੍ਹਾਂ ਸੁੱਕੀਆਂ” ਹੱਡੀਆਂ ਦੇਖੀਆਂ। ਇਸ ਤੋਂ ਪਤਾ ਲੱਗਦਾ ਹੈ ਕਿ ਇਜ਼ਰਾਈਲ ਅਤੇ ਯਹੂਦਾਹ ਦੀ ਹਾਲਤ ਲੰਬੇ ਸਮੇਂ ਤਕ ਮੁਰਦਿਆਂ ਵਰਗੀ ਰਹੀ। ਉਨ੍ਹਾਂ ਦੀ ਇਹ ਹਾਲਤ 740 ਈਸਵੀ ਪੂਰਵ ਤੋਂ ਲੈ ਕੇ 537 ਈਸਵੀ ਪੂਰਵ ਤਕ ਯਾਨੀ 200 ਤੋਂ ਜ਼ਿਆਦਾ ਸਾਲਾਂ ਤਕ ਰਹੀ।​—ਯਿਰ. 50:33.

9. ਪੈਦਾਇਸ਼ੀ ਇਜ਼ਰਾਈਲ ਅਤੇ “ਪਰਮੇਸ਼ੁਰ ਦੇ ਇਜ਼ਰਾਈਲ” ਨਾਲ ਕਿਵੇਂ ਇੱਕੋ ਜਿਹੀਆਂ ਘਟਨਾਵਾਂ ਹੋਈਆਂ?

9 ਇਜ਼ਰਾਈਲ ਦੀ ਬਹਾਲੀ ਬਾਰੇ ਹਿਜ਼ਕੀਏਲ ਦੀਆਂ ਭਵਿੱਖਬਾਣੀਆਂ ਅਤੇ ਕੁਝ ਹੋਰ ਭਵਿੱਖਬਾਣੀਆਂ ਅੱਗੇ ਜਾ ਕੇ ਵੱਡੇ ਪੈਮਾਨੇ ’ਤੇ ਪੂਰੀਆਂ ਹੋਈਆਂ ਸਨ। (ਰਸੂ. 3:21) ਜਿਸ ਤਰ੍ਹਾਂ ਇਜ਼ਰਾਈਲ ਕੌਮ ਨੂੰ ਇਕ ਤਰ੍ਹਾਂ ਨਾਲ ‘ਮਾਰਿਆ ਗਿਆ’ ਸੀ ਤੇ ਇਹ ਇਕ ਲੰਬੇ ਸਮੇਂ ਤਕ ਬੇਜਾਨ ਹਾਲਤ ਵਿਚ ਰਹੀ, ਉਸੇ ਤਰ੍ਹਾਂ ‘ਪਰਮੇਸ਼ੁਰ ਦਾ ਇਜ਼ਰਾਈਲ’ ਯਾਨੀ ਚੁਣੇ ਹੋਏ ਮਸੀਹੀਆਂ ਦੀ ਮੰਡਲੀ ਨੂੰ ਇਕ ਅਰਥ ਵਿਚ ਮਾਰਿਆ ਗਿਆ ਸੀ ਤੇ ਇਹ ਲੰਬੇ ਸਮੇਂ ਤਕ ਗ਼ੁਲਾਮੀ ਵਿਚ ਬੇਜਾਨ ਹਾਲਤ ਵਿਚ ਰਹੀ। (ਗਲਾ. 6:16) ਅਸਲ ਵਿਚ, ਚੁਣੇ ਹੋਏ ਮਸੀਹੀਆਂ ਦੀ ਪੂਰੀ ਮੰਡਲੀ ਇੰਨੇ ਲੰਬੇ ਸਮੇਂ ਤਕ ਗ਼ੁਲਾਮੀ ਵਿਚ ਰਹੀ ਕਿ ਉਨ੍ਹਾਂ ਦੀ ਹਾਲਤ ਉਨ੍ਹਾਂ ਹੱਡੀਆਂ ਵਰਗੀ ਹੋ ਗਈ ਸੀ ਜੋ “ਪੂਰੀ ਤਰ੍ਹਾਂ ਸੁੱਕੀਆਂ ਹੋਈਆਂ ਸਨ” ਯਾਨੀ ਪਰਮੇਸ਼ੁਰ ਨਾਲੋਂ ਉਨ੍ਹਾਂ ਦਾ ਰਿਸ਼ਤਾ ਟੁੱਟ ਚੁੱਕਾ ਸੀ। (ਹਿਜ਼. 37:2) ਜਿਵੇਂ ਅਸੀਂ ਪਿਛਲੇ ਅਧਿਆਇ ਵਿਚ ਦੇਖਿਆ ਸੀ, ਚੁਣੇ ਹੋਏ ਮਸੀਹੀਆਂ ਦੀ ਮੰਡਲੀ ਦਾ ਗ਼ੁਲਾਮੀ ਵਿਚ ਜਾਣਾ ਦੂਜੀ ਸਦੀ ਵਿਚ ਸ਼ੁਰੂ ਹੋਇਆ ਸੀ ਤੇ ਉਹ ਕਈ ਸਦੀਆਂ ਤਕ ਗ਼ੁਲਾਮੀ ਵਿਚ ਰਹੇ, ਠੀਕ ਜਿਵੇਂ ਯਿਸੂ ਨੇ ਕਣਕ ਅਤੇ ਜੰਗਲੀ ਬੂਟੀ ਬਾਰੇ ਦਿੱਤੀ ਮਿਸਾਲ ਵਿਚ ਦੱਸਿਆ ਸੀ।​—ਮੱਤੀ 13:24-30.

ਹਿਜ਼ਕੀਏਲ ਦੇ ਦਰਸ਼ਣ ਵਿਚ “ਪੂਰੀ ਤਰ੍ਹਾਂ ਸੁੱਕੀਆਂ” ਹੱਡੀਆਂ ਯਹੋਵਾਹ ਦੇ ਚੁਣੇ ਹੋਏ ਮਸੀਹੀਆਂ ਦੀ ਲੰਬੇ ਸਮੇਂ ਤਕ ਰਹੀ ਬੇਜਾਨ ਹਾਲਤ ਨੂੰ ਦਰਸਾਉਂਦੀਆਂ ਹਨ (ਪੈਰੇ 8, 9 ਦੇਖੋ)

“ਹੱਡੀਆਂ ਇਕ-ਦੂਜੇ ਨਾਲ ਜੁੜਨ ਲੱਗ ਪਈਆਂ”

10. (ੳ) ਹਿਜ਼ਕੀਏਲ 37:7, 8 ਵਿਚ ਪਰਮੇਸ਼ੁਰ ਦੇ ਲੋਕਾਂ ਬਾਰੇ ਕਿਹੜੀ ਭਵਿੱਖਬਾਣੀ ਕੀਤੀ ਗਈ ਸੀ? (ਅ) ਕਿਨ੍ਹਾਂ ਕਾਰਨਾਂ ਕਰਕੇ ਗ਼ੁਲਾਮ ਯਹੂਦੀਆਂ ਦੀ ਨਿਹਚਾ ਹੌਲੀ-ਹੌਲੀ ਵਧੀ ਹੋਣੀ?

10 ਪੁਰਾਣੇ ਸਮੇਂ ਵਿਚ ਯਹੋਵਾਹ ਨੇ ਭਵਿੱਖਬਾਣੀ ਕੀਤੀ ਸੀ ਕਿ ਉਸ ਦੇ ਲੋਕਾਂ ਵਿਚ ਹੌਲੀ-ਹੌਲੀ ਜਾਨ ਆ ਜਾਵੇਗੀ। (ਹਿਜ਼. 37:7, 8) ਸੋ ਕਿਹੜੇ ਕਾਰਨਾਂ ਕਰਕੇ ਪਰਮੇਸ਼ੁਰ ਦਾ ਡਰ ਰੱਖਣ ਵਾਲੇ ਲੋਕਾਂ ਦੀ ਨਿਹਚਾ ਹੌਲੀ-ਹੌਲੀ ਵਧੀ ਕਿ ਇਜ਼ਰਾਈਲ ਵਾਪਸ ਜਾਣ ਦੀ ਉਨ੍ਹਾਂ ਦੀ ਉਮੀਦ ਜ਼ਰੂਰ ਪੂਰੀ ਹੋਵੇਗੀ? ਇਕ ਕਾਰਨ ਸੀ ਕਿ ਹਿਜ਼ਕੀਏਲ ਤੋਂ ਪਹਿਲਾਂ ਆਏ ਨਬੀਆਂ ਦੀਆਂ ਗੱਲਾਂ ਤੋਂ ਉਨ੍ਹਾਂ ਨੂੰ ਉਮੀਦ ਮਿਲੀ ਹੋਵੇਗੀ। ਮਿਸਾਲ ਲਈ, ਯਸਾਯਾਹ ਨੇ ਭਵਿੱਖਬਾਣੀ ਕੀਤੀ ਸੀ ਕਿ “ਇਕ ਪਵਿੱਤਰ ਬੀ” ਯਾਨੀ ਕੁਝ ਬਚੇ ਹੋਏ ਯਹੂਦੀ ਆਪਣੇ ਦੇਸ਼ ਮੁੜਨਗੇ। (ਯਸਾ. 6:13; ਅੱਯੂ. 14:7-9) ਨਾਲੇ ਬਹਾਲੀ ਬਾਰੇ ਹਿਜ਼ਕੀਏਲ ਦੀਆਂ ਬਹੁਤ ਸਾਰੀਆਂ ਭਵਿੱਖਬਾਣੀਆਂ ਕਰਕੇ ਉਨ੍ਹਾਂ ਦੀ ਉਮੀਦ ਬਰਕਰਾਰ ਰਹੀ। ਇਸ ਤੋਂ ਇਲਾਵਾ, ਬਾਬਲ ਵਿਚ ਦਾਨੀਏਲ ਵਰਗੇ ਵਫ਼ਾਦਾਰ ਆਦਮੀ ਵੀ ਸਨ ਜਿਨ੍ਹਾਂ ਕਰਕੇ ਉਨ੍ਹਾਂ ਦੀ ਉਮੀਦ ਬਰਕਰਾਰ ਰਹੀ। ਫਿਰ ਜਦੋਂ ਉਨ੍ਹਾਂ ਨੇ 539 ਈਸਵੀ ਪੂਰਵ ਵਿਚ ਆਪਣੀ ਅੱਖੀਂ ਬਾਬਲ ਸ਼ਹਿਰ ਤਬਾਹ ਹੁੰਦਾ ਦੇਖਿਆ, ਤਾਂ ਉਨ੍ਹਾਂ ਨੂੰ ਪੂਰਾ ਯਕੀਨ ਹੋ ਗਿਆ ਕਿ ਉਹ ਆਪਣੇ ਦੇਸ਼ ਜ਼ਰੂਰ ਵਾਪਸ ਜਾਣਗੇ।

11, 12. (ੳ) ‘ਪਰਮੇਸ਼ੁਰ ਦਾ ਇਜ਼ਰਾਈਲ’ ਕਿਵੇਂ ਹੌਲੀ-ਹੌਲੀ ਬਹਾਲ ਹੋਇਆ? (“ਸ਼ੁੱਧ ਭਗਤੀ—ਹੌਲੀ-ਹੌਲੀ ਬਹਾਲ ਹੋਈ” ਨਾਂ ਦੀ ਡੱਬੀ ਵੀ ਦੇਖੋ।) (ਅ) ਹਿਜ਼ਕੀਏਲ 37:10 ਵਿਚ ਲਿਖੀ ਗੱਲ ਕਰਕੇ ਕਿਹੜਾ ਸਵਾਲ ਖੜ੍ਹਾ ਹੁੰਦਾ ਹੈ?

11 ‘ਪਰਮੇਸ਼ੁਰ ਦਾ ਇਜ਼ਰਾਈਲ’ ਯਾਨੀ ਚੁਣੇ ਹੋਏ ਮਸੀਹੀਆਂ ਦੀ ਮੰਡਲੀ ਹੌਲੀ-ਹੌਲੀ ਬਹਾਲ ਹੋਈ। ਉਹ ਕਿਵੇਂ? ਇਹ ਮੰਡਲੀ ਕਈ ਸਦੀਆਂ ਤਕ ਇਕ ਤਰ੍ਹਾਂ ਨਾਲ ਗ਼ੁਲਾਮੀ ਵਿਚ ਸੀ ਜਿਸ ਕਰਕੇ ਇਸ ਦੀ ਹਾਲਤ ਮੁਰਦਿਆਂ ਵਰਗੀ ਸੀ। ਫਿਰ “ਖੜ-ਖੜ ਦੀ ਆਵਾਜ਼ ਸੁਣਾਈ ਦੇਣ ਲੱਗੀ” ਯਾਨੀ ਪਰਮੇਸ਼ੁਰ ਦਾ ਡਰ ਰੱਖਣ ਵਾਲੇ ਕੁਝ ਲੋਕ ਸੱਚੀ ਭਗਤੀ ਦੇ ਪੱਖ ਵਿਚ ਖੜ੍ਹੇ ਹੋਏ। ਮਿਸਾਲ ਲਈ, 16ਵੀਂ ਸਦੀ ਵਿਚ ਵਿਲੀਅਮ ਟਿੰਡੇਲ ਨੇ ਅੰਗ੍ਰੇਜ਼ੀ ਵਿਚ ਬਾਈਬਲ ਦਾ ਅਨੁਵਾਦ ਕੀਤਾ। ਰੋਮਨ ਕੈਥੋਲਿਕ ਚਰਚ ਦੇ ਪਾਦਰੀਆਂ ਨੂੰ ਇਹ ਦੇਖ ਕੇ ਬਹੁਤ ਗੁੱਸਾ ਚੜ੍ਹਿਆ ਕਿ ਹੁਣ ਇਕ ਆਮ ਇਨਸਾਨ ਵੀ ਬਾਈਬਲ ਪੜ੍ਹ ਸਕਦਾ ਹੈ। ਇਸ ਲਈ ਟਿੰਡੇਲ ਨੂੰ ਮਾਰ ਦਿੱਤਾ ਗਿਆ। ਫਿਰ ਵੀ ਕੁਝ ਦਲੇਰ ਲੋਕ ਹੋਰ ਭਾਸ਼ਾਵਾਂ ਵਿਚ ਬਾਈਬਲ ਦਾ ਅਨੁਵਾਦ ਕਰਦੇ ਰਹੇ। ਇਸ ਤਰ੍ਹਾਂ ਹਨੇਰ ਭਰੀ ਦੁਨੀਆਂ ਵਿਚ ਪਰਮੇਸ਼ੁਰ ਦੇ ਬਚਨ ਦਾ ਚਾਨਣ ਹੌਲੀ-ਹੌਲੀ ਫੈਲਣ ਲੱਗਾ।

12 ਬਾਅਦ ਵਿਚ ਭਰਾ ਚਾਰਲਜ਼ ਟੀ. ਰਸਲ ਅਤੇ ਉਸ ਦੇ ਸਾਥੀਆਂ ਨੇ ਜੋਸ਼ ਨਾਲ ਖੋਜਬੀਨ ਕਰ ਕੇ ਬਾਈਬਲ ਦੀਆਂ ਸੱਚਾਈਆਂ ਦੀ ਸਮਝ ਹਾਸਲ ਕੀਤੀ। ਇਹ ਇਸ ਤਰ੍ਹਾਂ ਸੀ ਜਿਵੇਂ ਹੱਡੀਆਂ ਉੱਤੇ ‘ਨਾੜਾਂ ਅਤੇ ਮਾਸ ਚੜ੍ਹਨ ਲੱਗ’ ਪਿਆ ਹੋਵੇ। ਜ਼ਾਇਨਸ ਵਾਚ ਟਾਵਰ ਅਤੇ ਹੋਰ ਪ੍ਰਕਾਸ਼ਨਾਂ ਦੀ ਮਦਦ ਨਾਲ ਨੇਕਦਿਲ ਲੋਕਾਂ ਨੂੰ ਬਾਈਬਲ ਦੀਆਂ ਸੱਚਾਈਆਂ ਹੌਲੀ-ਹੌਲੀ ਸਮਝ ਆਉਣ ਲੱਗੀਆਂ ਜਿਨ੍ਹਾਂ ਕਰਕੇ ਉਹ ਪਰਮੇਸ਼ੁਰ ਦੇ ਚੁਣੇ ਹੋਏ ਮਸੀਹੀਆਂ ਨਾਲ ਰਲ਼ ਗਏ। 20ਵੀਂ ਸਦੀ ਦੀ ਸ਼ੁਰੂਆਤ ਵਿਚ “ਸ੍ਰਿਸ਼ਟੀ ਦਾ ਫੋਟੋ-ਡਰਾਮਾ” ਅਤੇ ਪ੍ਰਗਟ ਹੋਇਆ ਭੇਦ ਕਿਤਾਬ (ਅੰਗ੍ਰੇਜ਼ੀ) ਕਰਕੇ ਪਰਮੇਸ਼ੁਰ ਦੇ ਚੁਣੇ ਹੋਏ ਲੋਕਾਂ ਦਾ ਜੋਸ਼ ਹੋਰ ਵੀ ਵਧਿਆ। ਇਸ ਤੋਂ ਥੋੜ੍ਹੀ ਦੇਰ ਬਾਅਦ ਆਪਣੇ ਲੋਕਾਂ ਨੂੰ ‘ਉਨ੍ਹਾਂ ਦੇ ਪੈਰਾਂ ’ਤੇ ਖੜ੍ਹੇ’ ਕਰਨ ਦਾ ਪਰਮੇਸ਼ੁਰ ਦਾ ਸਮਾਂ ਆ ਗਿਆ। (ਹਿਜ਼. 37:10) ਇਸ ਤਰ੍ਹਾਂ ਕਦੋਂ ਤੇ ਕਿਵੇਂ ਹੋਇਆ? ਪੁਰਾਣੇ ਸਮੇਂ ਦੇ ਬਾਬਲ ਵਿਚ ਹੋਈਆਂ ਘਟਨਾਵਾਂ ’ਤੇ ਗੌਰ ਕਰ ਕੇ ਸਾਨੂੰ ਇਸ ਸਵਾਲ ਦਾ ਜਵਾਬ ਮਿਲਦਾ ਹੈ।

“ਉਹ ਜੀਉਂਦੇ ਹੋਣ ਲੱਗ ਪਏ ਅਤੇ ਆਪਣੇ ਪੈਰਾਂ ’ਤੇ ਖੜ੍ਹੇ ਹੋਣੇ ਸ਼ੁਰੂ ਹੋ ਗਏ”

13. (ੳ) ਹਿਜ਼ਕੀਏਲ 37:10, 14 ਦੇ ਸ਼ਬਦ 537 ਈਸਵੀ ਪੂਰਵ ਵਿਚ ਕਿਵੇਂ ਪੂਰੇ ਹੋਣ ਲੱਗੇ? (ਅ) ਕਿਨ੍ਹਾਂ ਆਇਤਾਂ ਤੋਂ ਪਤਾ ਲੱਗਦਾ ਹੈ ਕਿ ਦਸ-ਗੋਤੀ ਰਾਜ ਦੇ ਕੁਝ ਲੋਕ ਇਜ਼ਰਾਈਲ ਵਾਪਸ ਆਏ ਸਨ?

13 ਬਾਬਲ ਵਿਚ ਰਹਿਣ ਵਾਲੇ ਯਹੂਦੀਆਂ ਨੇ 537 ਈਸਵੀ ਪੂਰਵ ਤੋਂ ਇਸ ਦਰਸ਼ਣ ਨੂੰ ਪੂਰਾ ਹੁੰਦਾ ਦੇਖਿਆ। ਕਿਵੇਂ? ਯਹੋਵਾਹ ਨੇ ਉਨ੍ਹਾਂ ਨੂੰ ਗ਼ੁਲਾਮੀ ਵਿੱਚੋਂ ਛੁਡਾਇਆ ਤੇ ਇਜ਼ਰਾਈਲ ਦੇਸ਼ ਵਾਪਸ ਲੈ ਆਇਆ। ਇਸ ਤਰ੍ਹਾਂ ਉਸ ਨੇ ਇਕ ਤਰ੍ਹਾਂ ਨਾਲ ਉਨ੍ਹਾਂ ਨੂੰ ਜੀਉਂਦਾ ਕੀਤਾ ਤੇ “ਆਪਣੇ ਪੈਰਾਂ ’ਤੇ ਖੜ੍ਹੇ” ਕੀਤਾ। ਬਾਬਲ ਤੋਂ ਵਾਪਸ ਆਉਣ ਵਾਲਿਆਂ ਵਿਚ 42,360 ਯਹੂਦੀ ਅਤੇ ਤਕਰੀਬਨ 7,000 ਗ਼ੈਰ-ਯਹੂਦੀ ਸਨ ਜਿਨ੍ਹਾਂ ਨੇ ਯਰੂਸ਼ਲਮ ਤੇ ਇਸ ਦੇ ਮੰਦਰ ਨੂੰ ਦੁਬਾਰਾ ਬਣਾਇਆ ਤੇ ਇਜ਼ਰਾਈਲ ਵਿਚ ਵੱਸ ਗਏ। (ਅਜ਼. 1:1-4; 2:64, 65; ਹਿਜ਼. 37:14) ਫਿਰ ਲਗਭਗ 70 ਸਾਲਾਂ ਬਾਅਦ ਜਦੋਂ ਅਜ਼ਰਾ ਯਰੂਸ਼ਲਮ ਵਾਪਸ ਆਇਆ, ਤਾਂ ਉਸ ਨਾਲ ਤਕਰੀਬਨ 1,750 ਲੋਕ ਆਏ। (ਅਜ਼. 8:1-20) ਇਸ ਤਰ੍ਹਾਂ ਕੁੱਲ ਮਿਲਾ ਕੇ 44,000 ਤੋਂ ਜ਼ਿਆਦਾ ਯਹੂਦੀ ਆਪਣੇ ਦੇਸ਼ ਵਾਪਸ ਆਏ ਜੋ ਇਕ “ਵੱਡੀ ਫ਼ੌਜ ਸੀ।” (ਹਿਜ਼. 37:10) ਇਸ ਤੋਂ ਇਲਾਵਾ, ਪਰਮੇਸ਼ੁਰ ਦਾ ਬਚਨ ਦੱਸਦਾ ਹੈ ਕਿ ਦਸ-ਗੋਤੀ ਰਾਜ ਦੇ ਉਹ ਲੋਕ ਵੀ ਇਜ਼ਰਾਈਲ ਵਾਪਸ ਆਏ ਸਨ ਜਿਨ੍ਹਾਂ ਦੇ ਦਾਦੇ-ਪੜਦਾਦਿਆਂ ਨੂੰ 8ਵੀਂ ਸਦੀ ਈਸਵੀ ਪੂਰਵ ਵਿਚ ਅੱਸ਼ੂਰੀ ਗ਼ੁਲਾਮ ਬਣਾ ਕੇ ਲੈ ਗਏ ਸਨ। ਉਨ੍ਹਾਂ ਨੇ ਮੰਦਰ ਨੂੰ ਦੁਬਾਰਾ ਬਣਾਉਣ ਵਿਚ ਹੱਥ ਵਟਾਇਆ।​—1 ਇਤਿ. 9:3; ਅਜ਼. 6:17; ਯਿਰ. 33:7; ਹਿਜ਼. 36:10.

14. (ੳ) ਹਿਜ਼ਕੀਏਲ 37:24 ਵਿਚ ਦਰਜ ਸ਼ਬਦਾਂ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਸੁੱਕੀਆਂ ਹੱਡੀਆਂ ਬਾਰੇ ਭਵਿੱਖਬਾਣੀ ਵੱਡੇ ਪੈਮਾਨੇ ’ਤੇ ਕਦੋਂ ਪੂਰੀ ਹੋਵੇਗੀ? (ਅ) 1919 ਵਿਚ ਕੀ ਹੋਇਆ? (“‘ਸੁੱਕੀਆਂ ਹੱਡੀਆਂ’ ਅਤੇ ‘ਦੋ ਗਵਾਹ’​—ਇਨ੍ਹਾਂ ਦਾ ਆਪਸ ਵਿਚ ਕੀ ਸੰਬੰਧ ਹੈ?” ਨਾਂ ਦੀ ਡੱਬੀ ਵੀ ਦੇਖੋ।)

14 ਹਿਜ਼ਕੀਏਲ ਦੀ ਇਹ ਭਵਿੱਖਬਾਣੀ ਵੱਡੇ ਪੈਮਾਨੇ ’ਤੇ ਕਿਵੇਂ ਪੂਰੀ ਹੋਈ? ਇਸ ਭਵਿੱਖਬਾਣੀ ਨਾਲ ਜੁੜੀ ਇਕ ਹੋਰ ਭਵਿੱਖਬਾਣੀ ਵਿਚ ਯਹੋਵਾਹ ਨੇ ਦੱਸਿਆ ਕਿ ਜਦੋਂ ਮਹਾਨ ਦਾਊਦ ਯਾਨੀ ਯਿਸੂ ਮਸੀਹ ਨੇ ਰਾਜੇ ਵਜੋਂ ਰਾਜ ਕਰਨਾ ਸ਼ੁਰੂ ਕਰਨਾ ਸੀ, ਉਸ ਤੋਂ ਕੁਝ ਸਮੇਂ ਬਾਅਦ ਬਹਾਲੀ ਬਾਰੇ ਇਹ ਭਵਿੱਖਬਾਣੀ ਵੱਡੇ ਪੈਮਾਨੇ ’ਤੇ ਪੂਰੀ ਹੋਣੀ ਸੀ। * (ਹਿਜ਼. 37:24) ਵਾਕਈ, ਯਹੋਵਾਹ ਨੇ 1919 ਵਿਚ ਆਪਣੇ ਲੋਕਾਂ ਉੱਤੇ ਪਵਿੱਤਰ ਸ਼ਕਤੀ ਪਾਈ। ਨਤੀਜੇ ਵਜੋਂ, ਉਨ੍ਹਾਂ ਵਿਚ “ਜਾਨ” ਆ ਗਈ ਅਤੇ ਉਹ ਮਹਾਂ ਬਾਬਲ ਦੀ ਗ਼ੁਲਾਮੀ ਤੋਂ ਆਜ਼ਾਦ ਹੋ ਗਏ। (ਯਸਾ. 66:8) ਇਸ ਤੋਂ ਬਾਅਦ, ਯਹੋਵਾਹ ਨੇ ਉਨ੍ਹਾਂ ਨੂੰ ਉਨ੍ਹਾਂ ਦੇ “ਦੇਸ਼” ਵਿਚ ਵਸਾਇਆ ਯਾਨੀ ਉਹ ਉੱਚੇ-ਸੁੱਚੇ ਤਰੀਕੇ ਨਾਲ ਉਸ ਦੀ ਭਗਤੀ ਕਰਨ ਲੱਗੇ। ਪਰ ਸਾਡੇ ਸਮੇਂ ਵਿਚ ਯਹੋਵਾਹ ਦੇ ਲੋਕ ਇਕ “ਵੱਡੀ ਫ਼ੌਜ” ਕਿਵੇਂ ਬਣ ਗਏ?

15, 16. (ੳ) ਸਾਡੇ ਸਮੇਂ ਵਿਚ ਯਹੋਵਾਹ ਦੇ ਲੋਕ ਇਕ “ਵੱਡੀ ਫ਼ੌਜ” ਕਿਵੇਂ ਬਣ ਗਏ? (ਅ) ਹਿਜ਼ਕੀਏਲ ਦੀ ਇਹ ਭਵਿੱਖਬਾਣੀ ਅੱਜ ਮੁਸ਼ਕਲਾਂ ਨਾਲ ਸਿੱਝਣ ਵਿਚ ਸਾਡੀ ਕਿਵੇਂ ਮਦਦ ਕਰਦੀ ਹੈ? (“ਆਪਣੇ ਪੈਰਾਂ ’ਤੇ ਖੜ੍ਹੇ ਹੋਣ ਲਈ ਸਹਾਰਾ” ਨਾਂ ਦੀ ਡੱਬੀ ਦੇਖੋ।)

15 ਜਦੋਂ ਮਸੀਹ ਨੇ 1919 ਵਿਚ ਵਫ਼ਾਦਾਰ ਤੇ ਸਮਝਦਾਰ ਨੌਕਰ ਨੂੰ ਠਹਿਰਾਇਆ, ਤਾਂ ਉਸ ਤੋਂ ਕੁਝ ਸਮੇਂ ਬਾਅਦ ਯਹੋਵਾਹ ਦੇ ਸੇਵਕਾਂ ਨੇ ਨਬੀ ਜ਼ਕਰਯਾਹ ਦੀ ਭਵਿੱਖਬਾਣੀ ਪੂਰੀ ਹੁੰਦੀ ਦੇਖੀ ਸੀ। ਜ਼ਕਰਯਾਹ ਨੇ ਗ਼ੁਲਾਮੀ ਵਿੱਚੋਂ ਵਾਪਸ ਆਏ ਲੋਕਾਂ ਨੂੰ ਇਹ ਭਵਿੱਖਬਾਣੀ ਕੀਤੀ ਸੀ: ‘ਬਹੁਤ ਸਾਰੇ ਲੋਕ ਅਤੇ ਤਾਕਤਵਰ ਕੌਮਾਂ ਯਹੋਵਾਹ ਨੂੰ ਭਾਲਣ ਆਉਣਗੀਆਂ।’ ਉਸ ਨੇ ਯਹੋਵਾਹ ਨੂੰ ਭਾਲਣ ਵਾਲੇ ਇਨ੍ਹਾਂ ਲੋਕਾਂ ਨੂੰ “ਕੌਮਾਂ ਦੀਆਂ ਸਾਰੀਆਂ ਭਾਸ਼ਾਵਾਂ ਦੇ ਦਸ ਆਦਮੀ” ਕਿਹਾ ਸੀ। ਇਹ ਆਦਮੀ ਆ ਕੇ “ਇਕ ਯਹੂਦੀ” ਯਾਨੀ ਪਰਮੇਸ਼ੁਰ ਦੇ ਇਜ਼ਰਾਈਲ ਦਾ ਕੱਪੜਾ ਘੁੱਟ ਕੇ ਫੜਨਗੇ ਤੇ ਕਹਿਣਗੇ: “ਅਸੀਂ ਤੁਹਾਡੇ ਨਾਲ ਜਾਣਾ ਚਾਹੁੰਦੇ ਹਾਂ ਕਿਉਂਕਿ ਅਸੀਂ ਸੁਣਿਆ ਹੈ ਕਿ ਪਰਮੇਸ਼ੁਰ ਤੁਹਾਡੇ ਨਾਲ ਹੈ।”​—ਜ਼ਕ. 8:20-23.

16 ਅੱਜ ਯਹੋਵਾਹ ਦੇ ਲੋਕਾਂ ਦੀ “ਇਕ ਬਹੁਤ ਵੱਡੀ ਫ਼ੌਜ” ਦੀ ਗਿਣਤੀ ਲੱਖਾਂ ਵਿਚ ਹੈ। ਇਸ ਵਿਚ ਪਰਮੇਸ਼ੁਰ ਦਾ ਇਜ਼ਰਾਈਲ (ਬਾਕੀ ਬਚੇ ਚੁਣੇ ਹੋਏ ਮਸੀਹੀ) ਅਤੇ “ਦਸ ਆਦਮੀ” (ਹੋਰ ਭੇਡਾਂ) ਸ਼ਾਮਲ ਹਨ। (ਹਿਜ਼. 37:10) ਮਸੀਹ ਦੇ ਫ਼ੌਜੀ ਹੋਣ ਦੇ ਨਾਤੇ, ਅਸੀਂ ਆਪਣੇ ਰਾਜੇ ਦਾ ਹਰ ਹੁਕਮ ਮੰਨਦੇ ਹਾਂ ਤੇ ਬਹੁਤ ਜਲਦੀ ਸਾਨੂੰ ਬਹੁਤ ਸਾਰੀਆਂ ਬਰਕਤਾਂ ਮਿਲਣ ਵਾਲੀਆਂ ਹਨ।​—ਜ਼ਬੂ. 37:29; ਹਿਜ਼. 37:24; ਫ਼ਿਲਿ. 2:25; 1 ਥੱਸ. 4:16, 17.

17. ਅਗਲੇ ਅਧਿਆਇ ਵਿਚ ਅਸੀਂ ਕਿਸ ਗੱਲ ’ਤੇ ਚਰਚਾ ਕਰਾਂਗੇ?

17 ਜਦੋਂ ਸ਼ੁੱਧ ਭਗਤੀ ਬਹਾਲ ਹੋਈ, ਤਾਂ ਪਰਮੇਸ਼ੁਰ ਦੇ ਲੋਕਾਂ ਨੂੰ ਇਕ ਖ਼ਾਸ ਜ਼ਿੰਮੇਵਾਰੀ ਦਿੱਤੀ ਗਈ। ਉਹ ਕੀ ਹੈ? ਇਸ ਸਵਾਲ ਦਾ ਜਵਾਬ ਜਾਣਨ ਲਈ ਸਾਨੂੰ ਗੌਰ ਕਰਨ ਦੀ ਲੋੜ ਹੈ ਕਿ ਯਰੂਸ਼ਲਮ ਦੇ ਨਾਸ਼ ਤੋਂ ਪਹਿਲਾਂ ਯਹੋਵਾਹ ਨੇ ਹਿਜ਼ਕੀਏਲ ਨੂੰ ਕਿਹੜੀ ਜ਼ਿੰਮੇਵਾਰੀ ਦਿੱਤੀ ਸੀ। ਅਸੀਂ ਅਗਲੇ ਅਧਿਆਇ ਵਿਚ ਇਸ ਬਾਰੇ ਚਰਚਾ ਕਰਾਂਗੇ।

^ ਪੈਰਾ 8 ਹਿਜ਼ਕੀਏਲ ਨੇ ਦਰਸ਼ਣ ਵਿਚ ਜੋ ਹੱਡੀਆਂ ਦੇਖੀਆਂ, ਉਹ ਉਨ੍ਹਾਂ ਲੋਕਾਂ ਦੀਆਂ ਨਹੀਂ ਸਨ ਜੋ ਆਪਣੇ ਆਪ ਮਰ ਗਏ ਸਨ, ਸਗੋਂ “ਮਾਰੇ ਗਏ ਲੋਕਾਂ” ਦੀਆਂ ਸਨ। (ਹਿਜ਼. 37:9) ਜਦੋਂ ਇਜ਼ਰਾਈਲ ਦੇ ਦਸ-ਗੋਤੀ ਰਾਜ ਦੇ ਲੋਕਾਂ ਨੂੰ ਅੱਸ਼ੂਰੀ ਗ਼ੁਲਾਮ ਬਣਾ ਕੇ ਲੈ ਗਏ ਅਤੇ ਬਾਅਦ ਵਿਚ ਯਹੂਦਾਹ ਦੇ ਦੋ-ਗੋਤੀ ਰਾਜ ਦੇ ਲੋਕਾਂ ਨੂੰ ਬਾਬਲ ਦੇ ਲੋਕ ਗ਼ੁਲਾਮ ਬਣਾ ਕੇ ਲੈ ਗਏ, ਤਾਂ “ਇਜ਼ਰਾਈਲ ਦਾ ਸਾਰਾ ਘਰਾਣਾ” ਇਕ ਤਰ੍ਹਾਂ ਨਾਲ ਮਾਰ ਦਿੱਤਾ ਗਿਆ ਯਾਨੀ ਯਹੋਵਾਹ ਨਾਲੋਂ ਉਨ੍ਹਾਂ ਦਾ ਰਿਸ਼ਤਾ ਟੁੱਟ ਗਿਆ।

^ ਪੈਰਾ 14 ਮਸੀਹ ਬਾਰੇ ਇਹ ਭਵਿੱਖਬਾਣੀ ਇਸ ਕਿਤਾਬ ਦੇ 8ਵੇਂ ਅਧਿਆਇ ਵਿਚ ਸਮਝਾਈ ਗਈ ਹੈ।