Skip to content

Skip to table of contents

ਅਧਿਆਇ 1

“ਤੂੰ ਸਿਰਫ਼ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਮੱਥਾ ਟੇਕ”

“ਤੂੰ ਸਿਰਫ਼ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਮੱਥਾ ਟੇਕ”

ਮੱਤੀ 4:10

ਮੁੱਖ ਗੱਲ: ਸ਼ੁੱਧ ਭਗਤੀ ਬਹਾਲ ਕਰਨ ਦੀ ਕਿਉਂ ਲੋੜ ਹੈ

1, 2. 29 ਈਸਵੀ ਦੀ ਪਤਝੜ ਨੂੰ ਯਿਸੂ ਯਹੂਦਿਯਾ ਦੀ ਉਜਾੜ ਵਿਚ ਕਿਵੇਂ ਆਇਆ ਅਤੇ ਇੱਥੇ ਉਸ ਨਾਲ ਕੀ ਹੋਇਆ? (ਪਹਿਲੀ ਤਸਵੀਰ ਦੇਖੋ।)

ਇਹ 29 ਈਸਵੀ ਦੀ ਪਤਝੜ ਦਾ ਸਮਾਂ ਹੈ। ਯਿਸੂ ਯਹੂਦਿਯਾ ਦੀ ਉਜਾੜ ਵਿਚ ਹੈ ਜੋ ਮ੍ਰਿਤ ਸਾਗਰ ਦੇ ਉੱਤਰ ਵੱਲ ਪੈਂਦੀ ਹੈ। ਇੱਥੇ ਆਉਣ ਤੋਂ ਪਹਿਲਾਂ ਉਸ ਦਾ ਬਪਤਿਸਮਾ ਹੋਇਆ ਤੇ ਪਵਿੱਤਰ ਸ਼ਕਤੀ ਰਾਹੀਂ ਉਸ ਨੂੰ ਚੁਣਿਆ ਗਿਆ। ਫਿਰ ਪਵਿੱਤਰ ਸ਼ਕਤੀ ਨੇ ਉਸ ਨੂੰ ਇਸ ਉਜਾੜ ਵਿਚ ਆਉਣ ਲਈ ਪ੍ਰੇਰਿਆ। ਇਹ ਇਲਾਕਾ ਬਹੁਤ ਵਿਰਾਨ ਹੈ ਤੇ ਇਸ ਵਿਚ ਹਰ ਪਾਸੇ ਖੱਡਾਂ ਅਤੇ ਚਟਾਨਾਂ ਹਨ। ਇਸ ਉਜਾੜ ਵਿਚ ਯਿਸੂ 40 ਦਿਨ ਬਿਲਕੁਲ ਇਕੱਲਾ ਰਹਿੰਦਾ ਹੈ। ਇਸ ਦੌਰਾਨ ਉਹ ਵਰਤ ਰੱਖਦਾ, ਪ੍ਰਾਰਥਨਾ ਕਰਦਾ ਅਤੇ ਸੋਚ-ਵਿਚਾਰ ਕਰਦਾ ਹੈ। ਸ਼ਾਇਦ ਇਸ ਸਮੇਂ ਯਹੋਵਾਹ ਆਪਣੇ ਬੇਟੇ ਨਾਲ ਗੱਲ ਕਰ ਕੇ ਉਸ ਨੂੰ ਆਉਣ ਵਾਲੇ ਸਮੇਂ ਲਈ ਤਿਆਰ ਕਰਦਾ ਹੈ।

2 ਹੁਣ ਜਦ ਯਿਸੂ ਭੁੱਖ ਨਾਲ ਬੇਹਾਲ ਹੈ, ਤਾਂ ਸ਼ੈਤਾਨ ਉਸ ਕੋਲ ਆਉਂਦਾ ਹੈ। ਅੱਗੇ ਜੋ ਹੁੰਦਾ ਹੈ, ਉਸ ਨਾਲ ਇਕ ਅਹਿਮ ਮੁੱਦਾ ਸਾਮ੍ਹਣੇ ਆਉਂਦਾ ਹੈ। ਇਸ ਮੁੱਦੇ ਵਿਚ ਸ਼ੁੱਧ ਭਗਤੀ ਕਰਨ ਵਾਲੇ ਸਾਰੇ ਲੋਕ ਸ਼ਾਮਲ ਹਨ ਤੇ ਤੁਸੀਂ ਵੀ ਹੋ।

“ਜੇ ਤੂੰ ਪਰਮੇਸ਼ੁਰ ਦਾ ਪੁੱਤਰ ਹੈਂ . . .”

3, 4. (ੳ) ਪਹਿਲੀਆਂ ਦੋ ਪਰੀਖਿਆਵਾਂ ਦੇ ਸ਼ੁਰੂ ਵਿਚ ਸ਼ੈਤਾਨ ਕੀ ਕਹਿੰਦਾ ਹੈ ਅਤੇ ਉਹ ਯਿਸੂ ਦੇ ਮਨ ਵਿਚ ਕਿਹੜਾ ਸ਼ੱਕ ਪੈਦਾ ਕਰਨ ਦੀ ਕੋਸ਼ਿਸ਼ ਕਰਦਾ ਹੈ? (ਅ) ਸ਼ੈਤਾਨ ਅੱਜ ਵੀ ਅਜਿਹੀਆਂ ਚਾਲਾਂ ਕਿਵੇਂ ਚੱਲਦਾ ਹੈ?

3 ਮੱਤੀ 4:1-7 ਪੜ੍ਹੋ। ਸ਼ੈਤਾਨ ਨੇ ਪਹਿਲੀਆਂ ਦੋ ਪਰੀਖਿਆਵਾਂ ਵੇਲੇ ਚਲਾਕੀ ਨਾਲ ਕਿਹਾ, “ਜੇ ਤੂੰ ਪਰਮੇਸ਼ੁਰ ਦਾ ਪੁੱਤਰ ਹੈਂ।” ਕੀ ਸ਼ੈਤਾਨ ਨੂੰ ਸ਼ੱਕ ਸੀ ਕਿ ਯਿਸੂ ਪਰਮੇਸ਼ੁਰ ਦਾ ਪੁੱਤਰ ਹੈ? ਨਹੀਂ। ਇਹ ਬਗਾਵਤੀ ਦੂਤ ਚੰਗੀ ਤਰ੍ਹਾਂ ਜਾਣਦਾ ਸੀ ਕਿ ਯਿਸੂ ਹੀ ਪਰਮੇਸ਼ੁਰ ਦਾ ਜੇਠਾ ਪੁੱਤਰ ਹੈ। (ਕੁਲੁ. 1:15) ਬਿਨਾਂ ਸ਼ੱਕ, ਸ਼ੈਤਾਨ ਉਹ ਸ਼ਬਦ ਚੰਗੀ ਤਰ੍ਹਾਂ ਜਾਣਦਾ ਸੀ ਜੋ ਯਹੋਵਾਹ ਨੇ ਯਿਸੂ ਦੇ ਬਪਤਿਸਮੇ ਸਮੇਂ ਸਵਰਗੋਂ ਕਹੇ ਸਨ: “ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਖ਼ੁਸ਼ ਹਾਂ।” (ਮੱਤੀ 3:17) ਸ਼ਾਇਦ ਸ਼ੈਤਾਨ ਯਿਸੂ ਦੇ ਮਨ ਵਿਚ ਸ਼ੱਕ ਪਾਉਣਾ ਚਾਹੁੰਦਾ ਸੀ ਕਿ ਉਸ ਦਾ ਪਿਤਾ ਭਰੋਸੇ ਦੇ ਲਾਇਕ ਹੈ ਜਾਂ ਨਹੀਂ ਅਤੇ ਉਹ ਸੱਚ-ਮੁੱਚ ਉਸ ਦੀ ਪਰਵਾਹ ਕਰਦਾ ਹੈ ਜਾਂ ਨਹੀਂ। ਜਦੋਂ ਸ਼ੈਤਾਨ ਨੇ ਪਹਿਲੀ ਪਰੀਖਿਆ ਲੈਂਦਿਆਂ ਉਸ ਨੂੰ ਪੱਥਰਾਂ ਨੂੰ ਰੋਟੀਆਂ ਬਣਾਉਣ ਲਈ ਕਿਹਾ, ਤਾਂ ਉਹ ਅਸਲ ਵਿਚ ਕਹਿ ਰਿਹਾ ਸੀ: ‘ਤੂੰ ਤਾਂ ਪਰਮੇਸ਼ੁਰ ਦਾ ਪੁੱਤਰ ਹੈਂ, ਤਾਂ ਫਿਰ ਤੇਰਾ ਪਿਤਾ ਤੈਨੂੰ ਇਸ ਉਜਾੜ ਵਿਚ ਰੋਟੀ ਕਿਉਂ ਨਹੀਂ ਖਿਲਾਉਂਦਾ?’ ਜਦੋਂ ਉਸ ਨੇ ਦੂਜੀ ਪਰੀਖਿਆ ਲੈਂਦੇ ਹੋਏ ਯਿਸੂ ਨੂੰ ਮੰਦਰ ਦੀ ਉੱਚੀ ਕੰਧ ਤੋਂ ਛਾਲ ਮਾਰਨ ਲਈ ਕਿਹਾ, ਤਾਂ ਉਹ ਅਸਲ ਵਿਚ ਕਹਿ ਰਿਹਾ ਸੀ: ‘ਤੂੰ ਤਾਂ ਪਰਮੇਸ਼ੁਰ ਦਾ ਪੁੱਤਰ ਹੈਂ, ਤਾਂ ਫਿਰ ਕੀ ਤੈਨੂੰ ਪੂਰਾ ਭਰੋਸਾ ਹੈ ਕਿ ਤੇਰਾ ਪਿਤਾ ਤੈਨੂੰ ਬਚਾ ਲਵੇਗਾ?’

4 ਸ਼ੈਤਾਨ ਅੱਜ ਵੀ ਅਜਿਹੀਆਂ ਚਾਲਾਂ ਚੱਲਦਾ ਹੈ। (2 ਕੁਰਿੰ. 2:11) ਸ਼ੈਤਾਨ ਇਸ ਮੌਕੇ ਦੀ ਤਾਕ ਵਿਚ ਰਹਿੰਦਾ ਹੈ ਕਿ ਕਦੋਂ ਸੱਚੀ ਭਗਤੀ ਕਰਨ ਵਾਲੇ ਕਮਜ਼ੋਰ ਪੈ ਜਾਣ ਜਾਂ ਨਿਰਾਸ਼ ਹੋ ਜਾਣ ਤੇ ਉਹ ਉਨ੍ਹਾਂ ’ਤੇ ਹਮਲਾ ਕਰੇ। ਉਹ ਅਕਸਰ ਚਲਾਕੀ ਨਾਲ ਹਮਲੇ ਕਰਦਾ ਹੈ। (2 ਕੁਰਿੰ. 11:14) ਸ਼ੈਤਾਨ ਧੋਖੇ ਨਾਲ ਸਾਨੂੰ ਇਸ ਗੱਲ ਦਾ ਯਕੀਨ ਦਿਵਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਯਹੋਵਾਹ ਨਾ ਤਾਂ ਸਾਨੂੰ ਪਿਆਰ ਕਰਦਾ ਹੈ ਤੇ ਨਾ ਹੀ ਉਹ ਸਾਡੇ ਤੋਂ ਖ਼ੁਸ਼ ਹੁੰਦਾ ਹੈ। ਉਹ ਸਾਨੂੰ ਇਹ ਵੀ ਯਕੀਨ ਦਿਵਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਯਹੋਵਾਹ ਭਰੋਸੇ ਦੇ ਲਾਇਕ ਨਹੀਂ ਹੈ ਅਤੇ ਆਪਣੇ ਬਚਨ ਵਿਚ ਲਿਖਵਾਏ ਆਪਣੇ ਵਾਅਦੇ ਪੂਰੇ ਨਹੀਂ ਕਰੇਗਾ। ਪਰ ਇਹ ਸਰਾਸਰ ਝੂਠੀਆਂ ਗੱਲਾਂ ਹਨ। (ਯੂਹੰ. 8:44) ਅਸੀਂ ਇਨ੍ਹਾਂ ਝੂਠੀਆਂ ਗੱਲਾਂ ਵਿਚ ਫਸਣ ਤੋਂ ਕਿਵੇਂ ਬਚ ਸਕਦੇ ਹਾਂ?

5. ਯਿਸੂ ਨੇ ਪਹਿਲੀਆਂ ਦੋ ਪਰੀਖਿਆਵਾਂ ਦੌਰਾਨ ਕੀ ਕੀਤਾ?

5 ਗੌਰ ਕਰੋ ਕਿ ਯਿਸੂ ਨੇ ਪਹਿਲੀਆਂ ਦੋ ਪਰੀਖਿਆਵਾਂ ਦੌਰਾਨ ਕੀ ਕੀਤਾ। ਉਸ ਨੂੰ ਆਪਣੇ ਪਿਤਾ ਦੇ ਪਿਆਰ ’ਤੇ ਜ਼ਰਾ ਵੀ ਸ਼ੱਕ ਨਹੀਂ ਸੀ, ਸਗੋਂ ਉਸ ਨੂੰ ਆਪਣੇ ਪਿਤਾ ’ਤੇ ਪੂਰਾ ਭਰੋਸਾ ਸੀ। ਯਿਸੂ ਨੇ ਆਪਣੇ ਪਿਤਾ ਦੇ ਬਚਨ ਵਿੱਚੋਂ ਹਵਾਲੇ ਦੇ ਕੇ ਝੱਟ ਸ਼ੈਤਾਨ ਦੀ ਗੱਲ ਨੂੰ ਰੱਦ ਕੀਤਾ। ਯਿਸੂ ਨੇ ਉਹੀ ਆਇਤਾਂ ਵਰਤੀਆਂ ਜਿਨ੍ਹਾਂ ਵਿਚ ਪਰਮੇਸ਼ੁਰ ਦਾ ਨਾਂ ਯਹੋਵਾਹ ਦਿੱਤਾ ਗਿਆ ਹੈ। (ਬਿਵ. 6:16; 8:3) ਪਰਮੇਸ਼ੁਰ ਦੇ ਪੁੱਤਰ ਨੇ ਆਪਣੇ ਪਿਤਾ ਦਾ ਨਾਂ ਵਰਤ ਕੇ ਦਿਖਾਇਆ ਕਿ ਉਸ ਨੂੰ ਆਪਣੇ ਪਿਤਾ ’ਤੇ ਪੂਰਾ ਭਰੋਸਾ ਸੀ। ਇਹ ਨਾਂ ਇਸ ਗੱਲ ਦੀ ਗਾਰੰਟੀ ਹੈ ਕਿ ਯਹੋਵਾਹ ਆਪਣੇ ਸਾਰੇ ਵਾਅਦੇ ਜ਼ਰੂਰ ਪੂਰੇ ਕਰੇਗਾ। *

6, 7. ਅਸੀਂ ਸ਼ੈਤਾਨ ਦੇ ਚਲਾਕੀ ਨਾਲ ਕੀਤੇ ਹਮਲਿਆਂ ਤੋਂ ਕਿਵੇਂ ਬਚ ਸਕਦੇ ਹਾਂ?

6 ਅਸੀਂ ਯਹੋਵਾਹ ਦੇ ਬਚਨ ਦਾ ਸਹਾਰਾ ਲੈ ਕੇ ਅਤੇ ਉਸ ਦੇ ਨਾਂ ਦੇ ਮਤਲਬ ’ਤੇ ਸੋਚ-ਵਿਚਾਰ ਕਰ ਕੇ ਸ਼ੈਤਾਨ ਦੇ ਚਲਾਕੀ ਨਾਲ ਕੀਤੇ ਹਮਲਿਆਂ ਤੋਂ ਬਚ ਸਕਦੇ ਹਾਂ। ਬਾਈਬਲ ਕਹਿੰਦੀ ਹੈ ਕਿ ਯਹੋਵਾਹ ਆਪਣੇ ਸਾਰੇ ਸੇਵਕਾਂ ਨੂੰ, ਇੱਥੋਂ ਤਕ ਕਿ ਨਿਰਾਸ਼ ਸੇਵਕਾਂ ਨੂੰ ਵੀ ਪਿਆਰ ਕਰਦਾ ਅਤੇ ਉਨ੍ਹਾਂ ਦੀ ਪਰਵਾਹ ਕਰਦਾ ਹੈ। ਜੇ ਅਸੀਂ ਇਸ ਗੱਲ ਨੂੰ ਦਿਲੋਂ ਮੰਨਦੇ ਹਾਂ, ਤਾਂ ਅਸੀਂ ਸ਼ੈਤਾਨ ਦੇ ਇਸ ਝੂਠ ਵਿਚ ਫਸਣ ਤੋਂ ਬਚ ਸਕਦੇ ਹਾਂ ਕਿ ਯਹੋਵਾਹ ਨਾ ਹੀ ਸਾਨੂੰ ਪਿਆਰ ਕਰਦਾ ਹੈ ਤੇ ਨਾ ਹੀ ਸਾਡੇ ਤੋਂ ਖ਼ੁਸ਼ ਹੁੰਦਾ ਹੈ। (ਜ਼ਬੂ. 34:18; 1 ਪਤ. 5:8) ਜੇ ਅਸੀਂ ਯਾਦ ਰੱਖਦੇ ਹਾਂ ਕਿ ਯਹੋਵਾਹ ਹਮੇਸ਼ਾ ਆਪਣੇ ਨਾਂ ’ਤੇ ਪੂਰਾ ਉਤਰਦਾ ਹੈ ਯਾਨੀ ਆਪਣੇ ਸਾਰੇ ਵਾਅਦੇ ਪੂਰੇ ਕਰਦਾ ਹੈ, ਤਾਂ ਅਸੀਂ ਉਸ ’ਤੇ ਸ਼ੱਕ ਕਰਨ ਦੀ ਬਜਾਇ ਉਸ ’ਤੇ ਪੂਰਾ ਭਰੋਸਾ ਰੱਖਾਂਗੇ।​—ਕਹਾ. 3:5, 6.

7 ਅਸਲ ਵਿਚ ਸ਼ੈਤਾਨ ਦਾ ਇਰਾਦਾ ਕੀ ਹੈ? ਉਹ ਸਾਡੇ ਤੋਂ ਕੀ ਚਾਹੁੰਦਾ ਹੈ? ਜਦੋਂ ਸ਼ੈਤਾਨ ਨੇ ਯਿਸੂ ਨੂੰ ਤੀਜੀ ਵਾਰ ਪਰਖਿਆ, ਉਦੋਂ ਉਸ ਦਾ ਇਰਾਦਾ ਸਾਮ੍ਹਣੇ ਆਇਆ।

‘ਤੂੰ ਮੈਨੂੰ ਸਿਰਫ਼ ਇਕ ਵਾਰ ਮੱਥਾ ਟੇਕ’

8. ਤੀਜੀ ਪਰੀਖਿਆ ਵੇਲੇ ਸ਼ੈਤਾਨ ਨੇ ਆਪਣਾ ਅਸਲ ਇਰਾਦਾ ਕਿਵੇਂ ਜ਼ਾਹਰ ਕੀਤਾ?

8 ਮੱਤੀ 4:8-11 ਪੜ੍ਹੋ। ਤੀਜੀ ਪਰੀਖਿਆ ਲੈਂਦਿਆਂ ਸ਼ੈਤਾਨ ਨੇ ਚਲਾਕੀ ਛੱਡ ਕੇ ਸਾਫ਼-ਸਾਫ਼ ਜ਼ਾਹਰ ਕੀਤਾ ਕਿ ਉਸ ਦਾ ਅਸਲ ਇਰਾਦਾ ਕੀ ਸੀ। ਸ਼ੈਤਾਨ ਨੇ ਯਿਸੂ ਨੂੰ (ਸ਼ਾਇਦ ਇਕ ਦਰਸ਼ਣ ਵਿਚ) “ਦੁਨੀਆਂ ਦੀਆਂ ਸਾਰੀਆਂ ਬਾਦਸ਼ਾਹੀਆਂ ਅਤੇ ਉਨ੍ਹਾਂ ਦੀ ਸ਼ਾਨੋ-ਸ਼ੌਕਤ ਦਿਖਾਈ।” ਪਰ ਉਸ ਨੇ ਇਸ ਵਿਚ ਹੁੰਦੀ ਬੁਰਾਈ ਨਹੀਂ ਦਿਖਾਈ। ਫਿਰ ਉਸ ਨੇ ਯਿਸੂ ਨੂੰ ਕਿਹਾ: “ਜੇ ਤੂੰ ਮੈਨੂੰ ਸਿਰਫ਼ ਇਕ ਵਾਰ ਮੱਥਾ ਟੇਕੇਂ, ਤਾਂ ਮੈਂ ਇਹ ਸਭ ਕੁਝ ਤੈਨੂੰ ਦੇ ਦਿਆਂਗਾ।” * ਇਸ ਤੋਂ ਪਤਾ ਲੱਗਦਾ ਹੈ ਕਿ ਭਗਤੀ ਹੀ ਅਸਲ ਮੁੱਦਾ ਸੀ। ਸ਼ੈਤਾਨ ਚਾਹੁੰਦਾ ਸੀ ਕਿ ਯਿਸੂ ਆਪਣੇ ਪਿਤਾ ਨੂੰ ਛੱਡ ਕੇ ਉਸ ਨੂੰ ਆਪਣਾ ਰੱਬ ਮੰਨ ਲਵੇ। ਸ਼ੈਤਾਨ ਨੇ ਯਿਸੂ ਨੂੰ ਸੌਖਾ ਰਾਹ ਚੁਣਨ ਲਈ ਕਿਹਾ। ਉਹ ਕਹਿ ਰਿਹਾ ਸੀ ਕਿ ਯਿਸੂ ਬਿਨਾਂ ਦੁੱਖ ਸਹੇ ਕੌਮਾਂ ਦੀ ਸਾਰੀ ਤਾਕਤ ਤੇ ਧਨ-ਦੌਲਤ ਹਾਸਲ ਕਰ ਸਕਦਾ ਸੀ। ਇਸ ਲਈ ਉਸ ਨੂੰ ਨਾ ਤਾਂ ਕੰਡਿਆਂ ਦਾ ਤਾਜ ਪਾਉਣ ਦੀ ਲੋੜ ਸੀ, ਨਾ ਕੋਰੜਿਆਂ ਦੀ ਮਾਰ ਸਹਿਣ ਦੀ ਲੋੜ ਸੀ ਤੇ ਨਾ ਹੀ ਸੂਲ਼ੀ ’ਤੇ ਚੜ੍ਹਨ ਦੀ ਲੋੜ ਸੀ। ਸ਼ੈਤਾਨ ਸਾਰੀਆਂ ਕੌਮਾਂ ਦਾ ਮਾਲਕ ਹੋਣ ਕਰਕੇ ਯਿਸੂ ਨੂੰ ਇਹ ਚੀਜ਼ਾਂ ਪੇਸ਼ ਕਰ ਰਿਹਾ ਸੀ। ਯਿਸੂ ਵੀ ਜਾਣਦਾ ਸੀ ਕਿ ਦੁਨੀਆਂ ਦੀਆਂ ਸਾਰੀਆਂ ਸਰਕਾਰਾਂ ਸ਼ੈਤਾਨ ਦੀ ਮੁੱਠੀ ਵਿਚ ਹਨ। (ਯੂਹੰ. 12:31; 1 ਯੂਹੰ. 5:19) ਯਿਸੂ ਨੂੰ ਆਪਣੇ ਪਿਤਾ ਦੀ ਸ਼ੁੱਧ ਭਗਤੀ ਕਰਨ ਤੋਂ ਹਟਾਉਣ ਵਾਸਤੇ ਸ਼ੈਤਾਨ ਕੁਝ ਵੀ ਦੇਣ ਲਈ ਤਿਆਰ ਸੀ।

9. (ੳ) ਸ਼ੈਤਾਨ ਸੱਚੀ ਭਗਤੀ ਕਰਨ ਵਾਲਿਆਂ ਤੋਂ ਕੀ ਚਾਹੁੰਦਾ ਹੈ ਅਤੇ ਉਹ ਸਾਨੂੰ ਭਰਮਾਉਣ ਦੀ ਕੋਸ਼ਿਸ਼ ਕਿਵੇਂ ਕਰਦਾ ਹੈ? (ਅ) ਸਾਡੀ ਭਗਤੀ ਵਿਚ ਕੀ ਕੁਝ ਸ਼ਾਮਲ ਹੈ? (“ਭਗਤੀ ਕਰਨ ਦਾ ਕੀ ਮਤਲਬ ਹੈ?” ਨਾਂ ਦੀ ਡੱਬੀ ਦੇਖੋ।)

9 ਅੱਜ ਵੀ ਸ਼ੈਤਾਨ ਇਹੀ ਚਾਹੁੰਦਾ ਹੈ ਕਿ ਅਸੀਂ ਸਿੱਧੇ-ਸਿੱਧੇ ਜਾਂ ਕਿਸੇ ਹੋਰ ਤਰੀਕੇ ਨਾਲ ਉਸ ਦੀ ਭਗਤੀ ਕਰੀਏ। ਸ਼ੈਤਾਨ ਇਸ “ਦੁਨੀਆਂ ਦਾ ਈਸ਼ਵਰ” ਹੈ ਜਿਸ ਕਰਕੇ ਮਹਾਂ ਬਾਬਲ ਦੇ ਸਾਰੇ ਝੂਠੇ ਧਰਮ ਉਸ ਦੀ ਹੀ ਭਗਤੀ ਕਰਦੇ ਹਨ। (2 ਕੁਰਿੰ. 4:4) ਅਰਬਾਂ ਲੋਕ ਉਸ ਦੀ ਭਗਤੀ ਕਰਦੇ ਹਨ, ਫਿਰ ਵੀ ਸ਼ੈਤਾਨ ਇਨ੍ਹਾਂ ਲੋਕਾਂ ਦੀ ਭਗਤੀ ਤੋਂ ਰੱਜਦਾ ਨਹੀਂ, ਸਗੋਂ ਉਹ ਚਾਹੁੰਦਾ ਹੈ ਕਿ ਸੱਚੀ ਭਗਤੀ ਕਰਨ ਵਾਲੇ ਲੋਕ ਵੀ ਪਰਮੇਸ਼ੁਰ ਦੇ ਖ਼ਿਲਾਫ਼ ਹੋ ਜਾਣ। ਸ਼ੈਤਾਨ ਸਾਨੂੰ ਭਰਮਾਉਣਾ ਚਾਹੁੰਦਾ ਹੈ ਕਿ ਅਸੀਂ ਉਸ ਦੀ ਦੁਨੀਆਂ ਵਿਚ ਨਾਂ, ਸ਼ੁਹਰਤ ਤੇ ਧਨ-ਦੌਲਤ ਕਮਾਈਏ, ਨਾ ਕਿ ਮਸੀਹੀਆਂ ਵਜੋਂ ਜ਼ਿੰਦਗੀ ਜੀਉਂਦੇ ਹੋਏ ‘ਨੇਕ ਕੰਮ ਕਰਨ ਕਰਕੇ ਦੁੱਖ ਝੱਲੀਏ।’ (1 ਪਤ. 3:14) ਜੇ ਅਸੀਂ ਸ਼ੈਤਾਨ ਦੇ ਇਸ ਝਾਂਸੇ ਵਿਚ ਆ ਕੇ ਸ਼ੁੱਧ ਭਗਤੀ ਕਰਨੀ ਛੱਡ ਦਿੰਦੇ ਹਾਂ ਅਤੇ ਉਸ ਦੀ ਦੁਨੀਆਂ ਦਾ ਹਿੱਸਾ ਬਣ ਜਾਂਦੇ ਹਾਂ, ਤਾਂ ਅਸੀਂ ਉਸ ਨੂੰ ਆਪਣਾ ਰੱਬ ਬਣਾਉਂਦੇ ਹਾਂ ਅਤੇ ਉਸ ਅੱਗੇ ਮੱਥਾ ਟੇਕਦੇ ਹਾਂ। ਅਸੀਂ ਇਸ ਝਾਂਸੇ ਵਿਚ ਆਉਣ ਤੋਂ ਕਿਵੇਂ ਬਚ ਸਕਦੇ ਹਾਂ?

10. ਯਿਸੂ ਨੇ ਤੀਜੀ ਪਰੀਖਿਆ ਵੇਲੇ ਕੀ ਕੀਤਾ ਅਤੇ ਕਿਉਂ?

10 ਧਿਆਨ ਦਿਓ ਕਿ ਯਿਸੂ ਤੀਜੀ ਪਰੀਖਿਆ ਦੌਰਾਨ ਸ਼ੈਤਾਨ ਦੇ ਝਾਂਸੇ ਵਿਚ ਆਉਣ ਤੋਂ ਕਿਵੇਂ ਬਚਿਆ। ਯਿਸੂ ਨੇ ਉਸੇ ਵੇਲੇ ਕਿਹਾ: “ਹੇ ਸ਼ੈਤਾਨ, ਮੇਰੇ ਤੋਂ ਦੂਰ ਹੋ ਜਾ।” ਇਸ ਤਰ੍ਹਾਂ ਉਸ ਨੇ ਆਪਣੀ ਵਫ਼ਾਦਾਰੀ ਦਾ ਸਬੂਤ ਦਿੱਤਾ। ਤੀਜੀ ਪਰੀਖਿਆ ਦੌਰਾਨ ਵੀ ਯਿਸੂ ਨੇ ਬਿਵਸਥਾ ਸਾਰ ਦੀ ਉਹ ਆਇਤ ਵਰਤੀ ਜਿਸ ਵਿਚ ਯਹੋਵਾਹ ਦਾ ਨਾਂ ਦਰਜ ਹੈ: “ਇਹ ਲਿਖਿਆ ਹੈ: ‘ਤੂੰ ਸਿਰਫ਼ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਮੱਥਾ ਟੇਕ ਅਤੇ ਉਸੇ ਇਕੱਲੇ ਦੀ ਹੀ ਭਗਤੀ ਕਰ।’” (ਮੱਤੀ 4:10; ਬਿਵ. 6:13) ਯਿਸੂ ਨੇ ਦੁਨੀਆਂ ਦੀ ਧਨ-ਦੌਲਤ ਅਤੇ ਐਸ਼ੋ-ਆਰਾਮ ਦੀ ਜ਼ਿੰਦਗੀ ਨੂੰ ਠੁਕਰਾ ਦਿੱਤਾ, ਹਾਂ, ਅਜਿਹੀ ਜ਼ਿੰਦਗੀ ਨੂੰ ਜਿਸ ਵਿਚ ਉਸ ਨੂੰ ਕੋਈ ਦੁੱਖ-ਦਰਦ ਨਹੀਂ ਸਹਿਣਾ ਪੈਣਾ ਸੀ। ਪਰ ਇਹ ਜ਼ਿੰਦਗੀ ਬੱਸ ਥੋੜ੍ਹੇ ਸਮੇਂ ਦੀ ਹੀ ਹੋਣੀ ਸੀ। ਯਿਸੂ ਇਹ ਗੱਲ ਚੰਗੀ ਤਰ੍ਹਾਂ ਜਾਣਦਾ ਸੀ ਕਿ ਉਸ ਦਾ ਪਿਤਾ ਹੀ ਭਗਤੀ ਦਾ ਹੱਕਦਾਰ ਹੈ। ਉਸ ਨੂੰ ਪਤਾ ਸੀ ਕਿ ਸ਼ੈਤਾਨ ਨੂੰ ਇਕ ਵਾਰ ‘ਮੱਥਾ ਟੇਕਣ’ ਦਾ ਮਤਲਬ ਹੋਵੇਗਾ, ਉਸ ਦੁਸ਼ਟ ਨੂੰ ਆਪਣਾ ਰੱਬ ਮੰਨਣਾ। ਇਸ ਲਈ ਉਸ ਨੇ ਮੱਥਾ ਟੇਕਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਯਿਸੂ ਦਾ ਮੂੰਹ-ਤੋੜ ਜਵਾਬ ਸੁਣ ਕੇ “ਸ਼ੈਤਾਨ ਉਸ ਨੂੰ ਛੱਡ ਕੇ ਚਲਾ ਗਿਆ।” *

“ਹੇ ਸ਼ੈਤਾਨ, ਮੇਰੇ ਤੋਂ ਦੂਰ ਹੋ ਜਾ” (ਪੈਰਾ 10 ਦੇਖੋ)

11. ਅਸੀਂ ਸ਼ੈਤਾਨ ਦਾ ਵਿਰੋਧ ਕਿਵੇਂ ਕਰ ਸਕਦੇ ਅਤੇ ਉਸ ਦੇ ਝਾਂਸੇ ਵਿਚ ਆਉਣ ਤੋਂ ਕਿਵੇਂ ਬਚ ਸਕਦੇ ਹਾਂ?

11 ਸ਼ੈਤਾਨ ਅਤੇ ਉਸ ਦੀ ਦੁਸ਼ਟ ਦੁਨੀਆਂ ਵੱਲੋਂ ਸਾਡੇ ’ਤੇ ਪਰੀਖਿਆਵਾਂ ਆਉਂਦੀਆਂ ਹਨ। ਪਰ ਅਸੀਂ ਸ਼ੈਤਾਨ ਅਤੇ ਦੁਨੀਆਂ ਦੇ ਝਾਂਸੇ ਵਿਚ ਆਉਣ ਤੋਂ ਬਚ ਸਕਦੇ ਹਾਂ ਕਿਉਂਕਿ ਯਿਸੂ ਵਾਂਗ ਸਾਡੇ ਕੋਲ ਵੀ ਇਹ ਫ਼ੈਸਲਾ ਕਰਨ ਦੀ ਆਜ਼ਾਦੀ ਹੈ ਕਿ ਅਸੀਂ ਕਿਸ ਦੀ ਭਗਤੀ ਕਰਾਂਗੇ। ਯਹੋਵਾਹ ਨੇ ਸਾਨੂੰ ਇਹ ਆਜ਼ਾਦੀ ਦਿੱਤੀ ਹੈ। ਇਸ ਲਈ ਕੋਈ ਵੀ ਸਾਨੂੰ ਸ਼ੁੱਧ ਭਗਤੀ ਕਰਨ ਤੋਂ ਰੋਕ ਨਹੀਂ ਸਕਦਾ, ਇੱਥੋਂ ਤਕ ਕਿ ਸਾਡੇ ਨਾਲੋਂ ਕਿਤੇ ਜ਼ਿਆਦਾ ਤਾਕਤਵਰ ਦੁਸ਼ਟ ਸ਼ੈਤਾਨ ਵੀ ਨਹੀਂ। ਜੇ ਅਸੀਂ “ਆਪਣੀ ਨਿਹਚਾ ਨੂੰ ਮਜ਼ਬੂਤ ਰੱਖ ਕੇ [ਸ਼ੈਤਾਨ] ਦਾ ਮੁਕਾਬਲਾ” ਕਰਦੇ ਹਾਂ, ਤਾਂ ਅਸੀਂ ਪਰਮੇਸ਼ੁਰ ਦੇ ਵਫ਼ਾਦਾਰ ਰਹਿ ਕੇ ਸ਼ੈਤਾਨ ਨੂੰ ਕਹਿ ਰਹੇ ਹੁੰਦੇ ਹਾਂ, “ਹੇ ਸ਼ੈਤਾਨ, ਮੇਰੇ ਤੋਂ ਦੂਰ ਹੋ ਜਾ।” (1 ਪਤ. 5:9) ਯਾਦ ਕਰੋ ਕਿ ਯਿਸੂ ਦੁਆਰਾ ਸਖ਼ਤ ਵਿਰੋਧ ਕਰਨ ਤੋਂ ਬਾਅਦ ਹੀ ਸ਼ੈਤਾਨ ਉਸ ਨੂੰ ਛੱਡ ਕੇ ਗਿਆ ਸੀ। ਬਾਈਬਲ ਸਾਨੂੰ ਵੀ ਇਹੀ ਭਰੋਸਾ ਦਿਵਾਉਂਦੀ ਹੈ: “ਸ਼ੈਤਾਨ ਦਾ ਵਿਰੋਧ ਕਰੋ ਅਤੇ ਉਹ ਤੁਹਾਡੇ ਤੋਂ ਭੱਜ ਜਾਵੇਗਾ।”​—ਯਾਕੂ. 4:7.

ਸ਼ੈਤਾਨ ਦੀ ਦੁਨੀਆਂ ਸਾਨੂੰ ਭਰਮਾਉਂਦੀ ਹੈ, ਪਰ ਅਸੀਂ ਬਚ ਸਕਦੇ ਹਾਂ (ਪੈਰੇ 11, 19 ਦੇਖੋ)

ਸ਼ੁੱਧ ਭਗਤੀ ਦਾ ਦੁਸ਼ਮਣ

12. ਅਦਨ ਦੇ ਬਾਗ਼ ਵਿਚ ਸ਼ੈਤਾਨ ਨੇ ਕਿਵੇਂ ਜ਼ਾਹਰ ਕੀਤਾ ਕਿ ਉਹ ਸ਼ੁੱਧ ਭਗਤੀ ਦਾ ਦੁਸ਼ਮਣ ਹੈ?

12 ਯਿਸੂ ਦੀ ਤੀਜੀ ਪਰੀਖਿਆ ਤੋਂ ਇਹ ਗੱਲ ਸਾਬਤ ਹੋ ਗਈ ਕਿ ਸ਼ੈਤਾਨ ਨੇ ਹੀ ਸਭ ਤੋਂ ਪਹਿਲਾਂ ਸ਼ੁੱਧ ਭਗਤੀ ’ਤੇ ਹਮਲਾ ਕੀਤਾ ਸੀ। ਸ਼ੈਤਾਨ ਨੂੰ ਇਹ ਗੱਲ ਬਿਲਕੁਲ ਵੀ ਬਰਦਾਸ਼ਤ ਨਹੀਂ ਕਿ ਯਹੋਵਾਹ ਦੀ ਭਗਤੀ ਕੀਤੀ ਜਾਵੇ। ਇਹ ਗੱਲ ਉਸ ਨੇ ਹਜ਼ਾਰਾਂ ਸਾਲ ਪਹਿਲਾਂ ਅਦਨ ਦੇ ਬਾਗ਼ ਵਿਚ ਜ਼ਾਹਰ ਕੀਤੀ। ਉਸ ਨੇ ਹੱਵਾਹ ਨੂੰ ਯਹੋਵਾਹ ਦਾ ਹੁਕਮ ਤੋੜਨ ਲਈ ਭਰਮਾਇਆ ਤੇ ਫਿਰ ਹੱਵਾਹ ਨੇ ਆਦਮ ਨੂੰ ਇਸ ਤਰ੍ਹਾਂ ਕਰਨ ਲਈ ਮਨਾ ਲਿਆ। ਇਸ ਤਰ੍ਹਾਂ ਸ਼ੈਤਾਨ ਨੇ ਉਨ੍ਹਾਂ ਨੂੰ ਆਪਣੇ ਗ਼ੁਲਾਮ ਬਣਾ ਲਿਆ। (ਉਤਪਤ 3:1-5 ਪੜ੍ਹੋ; 2 ਕੁਰਿੰ. 11:3; ਪ੍ਰਕਾ. 12:9) ਅਸਲ ਵਿਚ ਸ਼ੈਤਾਨ ਉਨ੍ਹਾਂ ਦਾ ਰੱਬ ਬਣ ਗਿਆ ਅਤੇ ਉਹ ਉਸ ਦੀ ਭਗਤੀ ਕਰਨ ਲੱਗ ਪਏ, ਭਾਵੇਂ ਕਿ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਉਨ੍ਹਾਂ ਨੂੰ ਭਰਮਾਉਣ ਵਾਲਾ ਕੌਣ ਸੀ। ਇਸ ਤੋਂ ਇਲਾਵਾ, ਅਦਨ ਦੇ ਬਾਗ਼ ਵਿਚ ਸ਼ੈਤਾਨ ਨੇ ਬਗਾਵਤ ਕਰ ਕੇ ਨਾ ਸਿਰਫ਼ ਯਹੋਵਾਹ ਦੇ ਰਾਜ ਕਰਨ ਦੇ ਹੱਕ ਨੂੰ ਲਲਕਾਰਿਆ, ਸਗੋਂ ਸ਼ੁੱਧ ਭਗਤੀ ’ਤੇ ਵੀ ਹਮਲਾ ਕੀਤਾ। ਕਿਵੇਂ?

13. ਸ਼ੁੱਧ ਭਗਤੀ ਦਾ ਪਰਮੇਸ਼ੁਰ ਦੇ ਰਾਜ ਕਰਨ ਦੇ ਹੱਕ ਨਾਲ ਕੀ ਸੰਬੰਧ ਹੈ?

13 ਸ਼ੁੱਧ ਭਗਤੀ ਦਾ ਸੰਬੰਧ ਪਰਮੇਸ਼ੁਰ ਦੇ ਰਾਜ ਕਰਨ ਦੇ ਹੱਕ ਨਾਲ ਜੁੜਿਆ ਹੈ। ਜਿਸ ਨੇ “ਸਾਰੀਆਂ ਚੀਜ਼ਾਂ ਸਿਰਜੀਆਂ” ਹਨ ਅਤੇ ਜੋ ਸੱਚ-ਮੁੱਚ ਇਸ ਦੁਨੀਆਂ ਦਾ ਮਾਲਕ ਹੈ, ਉਹੀ ਸਾਡੀ ਭਗਤੀ ਦਾ ਹੱਕਦਾਰ ਹੈ। (ਪ੍ਰਕਾ. 4:11) ਜਦੋਂ ਯਹੋਵਾਹ ਨੇ ਆਦਮ ਤੇ ਹੱਵਾਹ ਨੂੰ ਬਣਾ ਕੇ ਅਦਨ ਦੇ ਬਾਗ਼ ਵਿਚ ਰੱਖਿਆ, ਤਾਂ ਉਸ ਦਾ ਮਕਸਦ ਸੀ ਕਿ ਪੂਰੀ ਧਰਤੀ ਮੁਕੰਮਲ ਇਨਸਾਨਾਂ ਨਾਲ ਭਰ ਜਾਵੇ ਜੋ ਆਪਣੀ ਮਰਜ਼ੀ ਨਾਲ ਉਸ ਦੀ ਭਗਤੀ ਕਰਨ। ਪਰਮੇਸ਼ੁਰ ਚਾਹੁੰਦਾ ਸੀ ਕਿ ਸਾਰੇ ਲੋਕ ਸਾਫ਼ ਮਨ ਨਾਲ ਸ਼ੁੱਧ ਭਗਤੀ ਕਰਨ। (ਉਤ. 1:28) ਸਾਰੇ ਜਹਾਨ ਦਾ ਮਾਲਕ ਹੋਣ ਕਰਕੇ ਯਹੋਵਾਹ ਦਾ ਹੀ ਹੱਕ ਬਣਦਾ ਹੈ ਕਿ ਉਸ ਦੀ ਭਗਤੀ ਕੀਤੀ ਜਾਵੇ। ਪਰ ਸ਼ੈਤਾਨ ਇਹ ਹੱਕ ਹਥਿਆਉਣਾ ਚਾਹੁੰਦਾ ਸੀ। ਇਸੇ ਲਈ ਉਸ ਨੇ ਯਹੋਵਾਹ ਦੇ ਰਾਜ ਕਰਨ ਦੇ ਹੱਕ ਨੂੰ ਲਲਕਾਰਿਆ।​—ਯਾਕੂ. 1:14, 15.

14. ਕੀ ਸ਼ੈਤਾਨ ਸ਼ੁੱਧ ਭਗਤੀ ਨੂੰ ਖ਼ਤਮ ਕਰਨ ਵਿਚ ਸਫ਼ਲ ਹੋਇਆ? ਸਮਝਾਓ।

14 ਕੀ ਸ਼ੈਤਾਨ ਸ਼ੁੱਧ ਭਗਤੀ ਨੂੰ ਖ਼ਤਮ ਕਰਨ ਵਿਚ ਸਫ਼ਲ ਹੋਇਆ? ਉਹ ਆਦਮ ਤੇ ਹੱਵਾਹ ਨੂੰ ਪਰਮੇਸ਼ੁਰ ਤੋਂ ਦੂਰ ਕਰਨ ਵਿਚ ਸਫ਼ਲ ਹੋਇਆ। ਉਸ ਸਮੇਂ ਤੋਂ ਹੀ ਸ਼ੈਤਾਨ ਸੱਚੀ ਭਗਤੀ ’ਤੇ ਹਮਲੇ ਕਰਦਾ ਆਇਆ ਹੈ। ਉਹ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਯਹੋਵਾਹ ਪਰਮੇਸ਼ੁਰ ਦੀ ਭਗਤੀ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕਰਦਾ ਹੈ। ਮਸੀਹੀਆਂ ਦੇ ਜ਼ਮਾਨੇ ਤੋਂ ਪਹਿਲਾਂ ਸ਼ੈਤਾਨ ਨੇ ਯਹੋਵਾਹ ਦੇ ਸੇਵਕਾਂ ਨੂੰ ਭਰਮਾਉਣ ਲਈ ਪੂਰਾ ਜ਼ੋਰ ਲਾਇਆ। ਪਹਿਲੀ ਸਦੀ ਵਿਚ ਵੀ ਉਸ ਨੇ ਬੜੀ ਚਲਾਕੀ ਨਾਲ ਮਸੀਹੀ ਮੰਡਲੀ ਵਿਚ ਪਰਮੇਸ਼ੁਰ ਖ਼ਿਲਾਫ਼ ਬਗਾਵਤ ਸ਼ੁਰੂ ਕਰਵਾ ਦਿੱਤੀ। ਇਸ ਕਰਕੇ ਮਸੀਹੀ ਮੰਡਲੀ ਵਿਚ ਝੂਠੇ ਧਰਮਾਂ ਦੀਆਂ ਸਿੱਖਿਆਵਾਂ ਸ਼ਾਮਲ ਹੋ ਗਈਆਂ ਅਤੇ ਇੱਦਾਂ ਲੱਗਦਾ ਸੀ ਕਿ ਸ਼ੁੱਧ ਭਗਤੀ ਖ਼ਤਮ ਹੀ ਹੋ ਜਾਵੇਗੀ। (ਮੱਤੀ 13:24-30, 36-43; ਰਸੂ. 20:29, 30) ਦੂਸਰੀ ਸਦੀ ਵਿਚ ਮਹਾਂ ਬਾਬਲ ਯਾਨੀ ਝੂਠੇ ਧਰਮਾਂ ਨੇ ਸੱਚੀ ਭਗਤੀ ਕਰਨ ਵਾਲਿਆਂ ਨੂੰ ਕਾਫ਼ੀ ਲੰਬੇ ਸਮੇਂ ਲਈ ਆਪਣੇ ਗ਼ੁਲਾਮ ਬਣਾ ਲਿਆ। ਇੰਨਾ ਕੁਝ ਕਰ ਕੇ ਵੀ ਸ਼ੈਤਾਨ ਪੂਰੀ ਤਰ੍ਹਾਂ ਸ਼ੁੱਧ ਭਗਤੀ ਨੂੰ ਖ਼ਤਮ ਨਹੀਂ ਕਰ ਸਕਿਆ। ਕੋਈ ਵੀ ਚੀਜ਼ ਯਹੋਵਾਹ ਦੇ ਮਕਸਦ ਨੂੰ ਪੂਰਾ ਹੋਣ ਤੋਂ ਨਹੀਂ ਰੋਕ ਸਕਦੀ। (ਯਸਾ. 46:10; 55:8-11) ਆਖ਼ਰ ਪਰਮੇਸ਼ੁਰ ਦੇ ਨਾਂ ਦਾ ਸਵਾਲ ਹੈ। ਯਹੋਵਾਹ ਆਪਣੇ ਨਾਂ ਮੁਤਾਬਕ ਕੰਮ ਕਰਦਾ ਹੈ ਯਾਨੀ ਹਰ ਹਾਲ ਵਿਚ ਆਪਣਾ ਮਕਸਦ ਪੂਰਾ ਕਰਦਾ ਹੈ।

ਸੱਚੀ ਭਗਤੀ ਨੂੰ ਬੁਲੰਦ ਕਰਨ ਵਾਲਾ

15. ਯਹੋਵਾਹ ਨੇ ਅਦਨ ਦੇ ਬਾਗ਼ ਵਿਚ ਬਾਗ਼ੀਆਂ ਨਾਲ ਕੀ ਕੀਤਾ ਅਤੇ ਆਪਣਾ ਮਕਸਦ ਪੂਰਾ ਕਰਨ ਲਈ ਕਿਹੜੇ ਕਦਮ ਚੁੱਕੇ?

15 ਯਹੋਵਾਹ ਨੇ ਆਪਣਾ ਮਕਸਦ ਪੂਰਾ ਕਰਨ ਲਈ ਅਤੇ ਤਿੰਨਾਂ ਬਾਗ਼ੀਆਂ ਨੂੰ ਸਜ਼ਾ ਦੇਣ ਲਈ ਫ਼ੌਰਨ ਕਦਮ ਚੁੱਕੇ। (ਉਤਪਤ 3:14-19 ਪੜ੍ਹੋ।) ਜਦੋਂ ਆਦਮ ਤੇ ਹੱਵਾਹ ਬਾਗ਼ ਵਿਚ ਹੀ ਸਨ, ਉਦੋਂ ਹੀ ਯਹੋਵਾਹ ਨੇ ਬਾਗ਼ੀਆਂ ਨੂੰ ਸਜ਼ਾ ਸੁਣਾ ਦਿੱਤੀ। ਜਿਸ ਨੇ ਪਹਿਲਾਂ ਪਾਪ ਕੀਤਾ ਉਸ ਨੂੰ ਪਹਿਲਾਂ ਸਜ਼ਾ ਸੁਣਾਈ ਯਾਨੀ ਪਹਿਲਾਂ ਸ਼ੈਤਾਨ ਨੂੰ, ਫਿਰ ਹੱਵਾਹ ਨੂੰ ਤੇ ਫਿਰ ਆਦਮ ਨੂੰ। ਸ਼ੈਤਾਨ ਨੂੰ ਸਜ਼ਾ ਸੁਣਾਉਂਦੇ ਵੇਲੇ ਯਹੋਵਾਹ ਨੇ ਭਵਿੱਖਬਾਣੀ ਕੀਤੀ ਕਿ ਇਕ “ਸੰਤਾਨ” ਆਵੇਗੀ ਜੋ ਇਸ ਬਗਾਵਤ ਦੇ ਅਸਰਾਂ ਨੂੰ ਖ਼ਤਮ ਕਰੇਗੀ। ਇਸ “ਸੰਤਾਨ” ਨੂੰ ਪੂਰੀ ਧਰਤੀ ’ਤੇ ਯਹੋਵਾਹ ਦੀ ਸ਼ੁੱਧ ਭਗਤੀ ਬਹਾਲ ਕਰਨ ਦੀ ਅਹਿਮ ਜ਼ਿੰਮੇਵਾਰੀ ਦਿੱਤੀ ਗਈ।

16. ਅਦਨ ਦੇ ਬਾਗ਼ ਵਿਚ ਹੋਈ ਬਗਾਵਤ ਤੋਂ ਬਾਅਦ ਯਹੋਵਾਹ ਆਪਣਾ ਮਕਸਦ ਪੂਰਾ ਕਰਨ ਲਈ ਕੀ ਕਰਦਾ ਆ ਰਿਹਾ ਹੈ?

16 ਅਦਨ ਦੇ ਬਾਗ਼ ਵਿਚ ਹੋਈ ਬਗਾਵਤ ਤੋਂ ਬਾਅਦ ਯਹੋਵਾਹ ਆਪਣੇ ਮਕਸਦ ਨੂੰ ਪੂਰਾ ਕਰਨ ਲਈ ਲਗਾਤਾਰ ਕਦਮ ਚੁੱਕਦਾ ਆ ਰਿਹਾ ਹੈ। ਉਸ ਨੇ ਅਜਿਹੇ ਇੰਤਜ਼ਾਮ ਕੀਤੇ ਜਿਨ੍ਹਾਂ ਦੀ ਮਦਦ ਨਾਲ ਨਾਮੁਕੰਮਲ ਇਨਸਾਨ ਉਸ ਦੀ ਮਰਜ਼ੀ ਮੁਤਾਬਕ ਭਗਤੀ ਕਰ ਸਕਦੇ ਹਨ। ਇਸ ਬਾਰੇ ਆਪਾਂ ਅਗਲੇ ਅਧਿਆਇ ਵਿਚ ਦੇਖਾਂਗੇ। (ਇਬ. 11:4–12:1) ਪਰਮੇਸ਼ੁਰ ਨੇ ਯਸਾਯਾਹ, ਯਿਰਮਿਯਾਹ ਅਤੇ ਹਿਜ਼ਕੀਏਲ ਵਰਗੇ ਨਬੀਆਂ ਰਾਹੀਂ ਸ਼ੁੱਧ ਭਗਤੀ ਬਹਾਲ ਕੀਤੇ ਜਾਣ ਬਾਰੇ ਕਈ ਭਵਿੱਖਬਾਣੀਆਂ ਲਿਖਵਾਈਆਂ। ਬਾਈਬਲ ਵਿਚ ਖ਼ਾਸ ਤੌਰ ਤੇ ਸ਼ੁੱਧ ਭਗਤੀ ਦੇ ਬਹਾਲ ਕੀਤੇ ਜਾਣ ਬਾਰੇ ਗੱਲ ਕੀਤੀ ਗਈ ਹੈ। ਇਹ ਸਾਰੀਆਂ ਭਵਿੱਖਬਾਣੀਆਂ ਵਾਅਦਾ ਕੀਤੀ ਗਈ “ਸੰਤਾਨ” ਰਾਹੀਂ ਪੂਰੀਆਂ ਹੋਣਗੀਆਂ। ਇਹ “ਸੰਤਾਨ” ਖ਼ਾਸ ਤੌਰ ਤੇ ਯਿਸੂ ਮਸੀਹ ਹੈ। (ਗਲਾ. 3:16) ਯਿਸੂ ਹੀ ਸ਼ੁੱਧ ਭਗਤੀ ਨੂੰ ਬੁਲੰਦ ਕਰਨ ਵਾਲਾ ਹੈ, ਇਹ ਗੱਲ ਉਸ ਨੇ ਆਪਣੀ ਤੀਜੀ ਪਰੀਖਿਆ ਵੇਲੇ ਸਾਬਤ ਕੀਤੀ। ਜੀ ਹਾਂ, ਯਹੋਵਾਹ ਨੇ ਇਨ੍ਹਾਂ ਭਵਿੱਖਬਾਣੀਆਂ ਨੂੰ ਪੂਰਾ ਕਰਨ ਲਈ ਯਿਸੂ ਨੂੰ ਹੀ ਚੁਣਿਆ। (ਪ੍ਰਕਾ. 19:10) ਯਿਸੂ ਨੂੰ ਹੀ ਇਹ ਜ਼ਿੰਮੇਵਾਰੀ ਦਿੱਤੀ ਗਈ ਕਿ ਉਹ ਪਰਮੇਸ਼ੁਰ ਦੇ ਲੋਕਾਂ ਨੂੰ ਮਹਾਂ ਬਾਬਲ ਦੀ ਗ਼ੁਲਾਮੀ ਤੋਂ ਛੁਡਾਵੇ ਅਤੇ ਸ਼ੁੱਧ ਭਗਤੀ ਬਹਾਲ ਕਰੇ।

ਤੁਸੀਂ ਕੀ ਕਰੋਗੇ?

17. ਸ਼ੁੱਧ ਭਗਤੀ ਸੰਬੰਧੀ ਭਵਿੱਖਬਾਣੀਆਂ ਵਿਚ ਸਾਨੂੰ ਇੰਨੀ ਦਿਲਚਸਪੀ ਕਿਉਂ ਹੈ?

17 ਸ਼ੁੱਧ ਭਗਤੀ ਬਹਾਲ ਕੀਤੇ ਜਾਣ ਬਾਰੇ ਭਵਿੱਖਬਾਣੀਆਂ ਦਾ ਅਧਿਐਨ ਕਰ ਕੇ ਸਾਨੂੰ ਮਜ਼ਾ ਆਉਂਦਾ ਹੈ ਤੇ ਸਾਡੀ ਨਿਹਚਾ ਵੀ ਮਜ਼ਬੂਤ ਹੁੰਦੀ ਹੈ। ਸਾਨੂੰ ਇਨ੍ਹਾਂ ਭਵਿੱਖਬਾਣੀਆਂ ਵਿਚ ਦਿਲਚਸਪੀ ਹੈ ਕਿਉਂਕਿ ਅਸੀਂ ਉਸ ਸਮੇਂ ਦੀ ਉਡੀਕ ਕਰਦੇ ਹਾਂ ਜਦੋਂ ਸਵਰਗ ਅਤੇ ਧਰਤੀ ’ਤੇ ਰਹਿਣ ਵਾਲੇ ਸਾਰੇ ਜਣੇ ਮਿਲ ਕੇ ਇਸ ਜਹਾਨ ਦੇ ਮਾਲਕ ਯਹੋਵਾਹ ਦੀ ਸ਼ੁੱਧ ਭਗਤੀ ਕਰਨਗੇ। ਸਾਨੂੰ ਇਨ੍ਹਾਂ ਭਵਿੱਖਬਾਣੀਆਂ ਤੋਂ ਉਮੀਦ ਮਿਲਦੀ ਹੈ ਅਤੇ ਭਰੋਸਾ ਵਧਦਾ ਹੈ ਕਿ ਯਹੋਵਾਹ ਦੇ ਸਾਰੇ ਵਾਅਦੇ ਪੂਰੇ ਹੋਣਗੇ, ਜਿਵੇਂ ਕਿ ਸਾਡੇ ਮਰ ਚੁੱਕੇ ਅਜ਼ੀਜ਼ ਦੁਬਾਰਾ ਜੀ ਉੱਠਣਗੇ, ਪੂਰੀ ਧਰਤੀ ਬਾਗ਼ ਵਰਗੀ ਬਣ ਜਾਵੇਗੀ, ਸਾਰੇ ਲੋਕ ਤੰਦਰੁਸਤ ਹੋਣਗੇ ਅਤੇ ਹਮੇਸ਼ਾ ਲਈ ਜੀ ਸਕਣਗੇ। ਸਾਡੇ ਵਿੱਚੋਂ ਕੌਣ ਇਨ੍ਹਾਂ ਵਾਅਦਿਆਂ ਨੂੰ ਪੂਰਾ ਹੁੰਦਾ ਦੇਖਣ ਲਈ ਬੇਤਾਬ ਨਹੀਂ ਹੈ!​—ਯਸਾ. 33:24; 35:5, 6; ਪ੍ਰਕਾ. 20:12, 13; 21:3, 4.

18. ਇਸ ਕਿਤਾਬ ਵਿਚ ਅਸੀਂ ਕਿਸ ਗੱਲ ’ਤੇ ਚਰਚਾ ਕਰਾਂਗੇ?

18 ਇਸ ਕਿਤਾਬ ਵਿਚ ਅਸੀਂ ਹਿਜ਼ਕੀਏਲ ਨਬੀ ਦੁਆਰਾ ਕੀਤੀਆਂ ਸ਼ਾਨਦਾਰ ਭਵਿੱਖਬਾਣੀਆਂ ’ਤੇ ਚਰਚਾ ਕਰਾਂਗੇ। ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਭਵਿੱਖਬਾਣੀਆਂ ਸ਼ੁੱਧ ਭਗਤੀ ਬਹਾਲ ਕੀਤੇ ਜਾਣ ਬਾਰੇ ਹਨ। ਅਸੀਂ ਚਰਚਾ ਕਰਾਂਗੇ ਕਿ ਹਿਜ਼ਕੀਏਲ ਦੀਆਂ ਭਵਿੱਖਬਾਣੀਆਂ ਦਾ ਹੋਰ ਭਵਿੱਖਬਾਣੀਆਂ ਨਾਲ ਕੀ ਸੰਬੰਧ ਹੈ, ਇਹ ਮਸੀਹ ਰਾਹੀਂ ਕਿਵੇਂ ਪੂਰੀਆਂ ਹੋਣਗੀਆਂ ਅਤੇ ਇਨ੍ਹਾਂ ਦਾ ਸਾਡੇ ਨਾਲ ਕੀ ਸੰਬੰਧ ਹੈ।​—“ਹਿਜ਼ਕੀਏਲ ਦੀ ਕਿਤਾਬ ਦੀਆਂ ਮੁੱਖ ਗੱਲਾਂ” ਨਾਂ ਦੀ ਡੱਬੀ ਦੇਖੋ।

19. ਤੁਸੀਂ ਕੀ ਕਰਨ ਦਾ ਇਰਾਦਾ ਕੀਤਾ ਹੈ ਅਤੇ ਕਿਉਂ?

19 ਸਾਲ 29 ਈਸਵੀ ਵਿਚ ਸ਼ੈਤਾਨ ਨੇ ਯਹੂਦਿਯਾ ਦੀ ਉਜਾੜ ਵਿਚ ਯਿਸੂ ਨੂੰ ਸ਼ੁੱਧ ਭਗਤੀ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਪਰ ਸ਼ੈਤਾਨ ਬੁਰੀ ਤਰ੍ਹਾਂ ਨਾਕਾਮ ਹੋਇਆ। ਕੀ ਅਸੀਂ ਵੀ ਯਿਸੂ ਵਾਂਗ ਸ਼ੈਤਾਨ ਨੂੰ ਮੂੰਹ-ਤੋੜ ਜਵਾਬ ਦੇਵਾਂਗੇ? ਸ਼ੈਤਾਨ ਅੱਜ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸਾਡੇ ਮਗਰ ਹੱਥ ਧੋ ਕੇ ਪਿਆ ਹੋਇਆ ਹੈ ਕਿ ਅਸੀਂ ਸੱਚੀ ਭਗਤੀ ਕਰਨੀ ਛੱਡ ਦੇਈਏ। (ਪ੍ਰਕਾ. 12:12, 17) ਇਸ ਲਈ ਸਾਨੂੰ ਸ਼ੈਤਾਨ ਦਾ ਵਿਰੋਧ ਕਰਨ ਦੇ ਆਪਣੇ ਇਰਾਦੇ ਨੂੰ ਹੋਰ ਪੱਕਾ ਕਰਨ ਦੀ ਲੋੜ ਹੈ। ਉਮੀਦ ਹੈ ਕਿ ਇਹ ਕਿਤਾਬ ਇਸ ਤਰ੍ਹਾਂ ਕਰਨ ਵਿਚ ਤੁਹਾਡੀ ਮਦਦ ਕਰੇਗੀ। ਆਓ ਆਪਾਂ ਆਪਣੀ ਕਹਿਣੀ ਤੇ ਕਰਨੀ ਰਾਹੀਂ ਦਿਖਾਈਏ ਕਿ ਅਸੀਂ ਦਿਲੋਂ ਇਸ ਗੱਲ ਨਾਲ ਸਹਿਮਤ ਹਾਂ, “ਤੂੰ ਸਿਰਫ਼ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਮੱਥਾ ਟੇਕ।” ਫਿਰ ਸਾਨੂੰ ਯਹੋਵਾਹ ਦੇ ਇਸ ਸ਼ਾਨਦਾਰ ਮਕਸਦ ਨੂੰ ਪੂਰਾ ਹੁੰਦਿਆਂ ਦੇਖਣ ਦਾ ਮੌਕਾ ਮਿਲੇਗਾ ਜਦੋਂ ਸਵਰਗ ਅਤੇ ਧਰਤੀ ’ਤੇ ਰਹਿਣ ਵਾਲੇ ਸਾਰੇ ਜਣੇ ਮਿਲ ਕੇ ਸਾਫ਼ ਮਨ ਨਾਲ ਯਹੋਵਾਹ ਦੀ ਸ਼ੁੱਧ ਭਗਤੀ ਕਰਨਗੇ ਜਿਸ ਦਾ ਉਹ ਹੱਕਦਾਰ ਹੈ।

^ ਪੈਰਾ 5 ਕੁਝ ਲੋਕਾਂ ਦਾ ਮੰਨਣਾ ਹੈ ਕਿ ਯਹੋਵਾਹ ਦੇ ਨਾਂ ਦਾ ਮਤਲਬ ਹੈ ਕਿ “ਉਹ ਕਰਨ ਤੇ ਕਰਾਉਣ ਵਾਲਾ ਬਣਦਾ ਹੈ।” ਇਹ ਨਾਂ ਉਸ ’ਤੇ ਪੂਰਾ ਢੁਕਦਾ ਹੈ ਕਿਉਂਕਿ ਉਹੀ ਸ੍ਰਿਸ਼ਟੀਕਰਤਾ ਹੈ ਅਤੇ ਆਪਣੇ ਮਕਸਦਾਂ ਨੂੰ ਪੂਰਾ ਕਰਦਾ ਹੈ।

^ ਪੈਰਾ 8 ਬਾਈਬਲ ਨੂੰ ਸਮਝਾਉਣ ਵਾਲੀ ਇਕ ਕਿਤਾਬ ਸ਼ੈਤਾਨ ਦੇ ਇਨ੍ਹਾਂ ਸ਼ਬਦਾਂ ਬਾਰੇ ਕਹਿੰਦੀ ਹੈ: “ਜਦੋਂ ਆਦਮ ਤੇ ਹੱਵਾਹ ਨੂੰ ਸ਼ੈਤਾਨ ਨੇ ਭਰਮਾਇਆ, ਤਾਂ ਉਨ੍ਹਾਂ ਨੇ ਇਹ ਫ਼ੈਸਲਾ ਕਰਨਾ ਸੀ ਕਿ ਉਹ ਸ਼ੈਤਾਨ ਦੀ ਮਰਜ਼ੀ ਪੂਰੀ ਕਰਨਗੇ ਜਾਂ ਪਰਮੇਸ਼ੁਰ ਦੀ। ਅਸਲੀ ਮੁੱਦਾ ਸੀ ਕਿ ਉਹ ਪਰਮੇਸ਼ੁਰ ਦੀ ਭਗਤੀ ਕਰਨਗੇ ਜਾਂ ਸ਼ੈਤਾਨ ਦੀ। ਯਿਸੂ ਦੀ ਪਰੀਖਿਆ ਵੇਲੇ ਵੀ ਭਗਤੀ ਹੀ ਅਸਲ ਮੁੱਦਾ ਸੀ। ਵਾਕਈ, ਸ਼ੈਤਾਨ ਇੱਕੋ-ਇਕ ਸੱਚੇ ਪਰਮੇਸ਼ੁਰ ਦੀ ਜਗ੍ਹਾ ਲੈਣੀ ਚਾਹੁੰਦਾ ਹੈ।”

^ ਪੈਰਾ 10 ਯਿਸੂ ’ਤੇ ਆਈਆਂ ਪਰੀਖਿਆਵਾਂ ਨੂੰ ਲੂਕਾ ਨੇ ਸਿਲਸਿਲੇਵਾਰ ਨਹੀਂ ਲਿਖਿਆ, ਜਦ ਕਿ ਮੱਤੀ ਨੇ ਇਨ੍ਹਾਂ ਨੂੰ ਸਿਲਸਿਲੇਵਾਰ ਲਿਖਿਆ। ਅਸੀਂ ਇਹ ਗੱਲ ਕਿਉਂ ਕਹਿ ਸਕਦੇ ਹਾਂ? ਆਓ ਤਿੰਨ ਕਾਰਨਾਂ ’ਤੇ ਗੌਰ ਕਰੀਏ। (1) ਮੱਤੀ ਨੇ “ਇਸ ਤੋਂ ਬਾਅਦ” ਸ਼ਬਦ ਕਹਿ ਕੇ ਦੂਜੀ ਪਰੀਖਿਆ ਦਾ ਜ਼ਿਕਰ ਕੀਤਾ। ਇਸ ਤੋਂ ਪਤਾ ਲੱਗਦਾ ਹੈ ਕਿ ਸ਼ੈਤਾਨ ਇਸ ਤੋਂ ਪਹਿਲਾਂ ਇਕ ਪਰੀਖਿਆ ਲੈ ਚੁੱਕਾ ਸੀ। (2) ਜਿਨ੍ਹਾਂ ਪਰੀਖਿਆਵਾਂ ਦੌਰਾਨ ਸ਼ੈਤਾਨ ਨੇ ਕਿਹਾ, “ਜੇ ਤੂੰ ਪਰਮੇਸ਼ੁਰ ਦਾ ਪੁੱਤਰ ਹੈਂ,” ਉਹ ਪਰੀਖਿਆਵਾਂ ਉਸ ਨੇ ਜ਼ਰੂਰ ਪਹਿਲਾਂ ਲਈਆਂ ਹੋਣੀਆਂ ਕਿਉਂਕਿ ਇਨ੍ਹਾਂ ਪਰੀਖਿਆਵਾਂ ਦੌਰਾਨ ਉਸ ਨੇ ਚਲਾਕੀ ਨਾਲ ਗੱਲ ਕੀਤੀ ਸੀ। ਇਨ੍ਹਾਂ ਵਿਚ ਨਾਕਾਮ ਹੋਣ ਤੋਂ ਬਾਅਦ ਹੀ ਉਸ ਨੇ ਯਿਸੂ ਨੂੰ ਸਿੱਧੇ-ਸਿੱਧੇ ਮੂਸਾ ਦੇ ਕਾਨੂੰਨ ਦਾ ਪਹਿਲਾ ਹੁਕਮ ਤੋੜਨ ਲਈ ਕਿਹਾ ਹੋਣਾ। (ਕੂਚ 20:2, 3) (3) “ਹੇ ਸ਼ੈਤਾਨ ਮੇਰੇ ਤੋਂ ਦੂਰ ਹੋ ਜਾ” ਸ਼ਬਦ ਉਸ ਨੇ ਤੀਜੀ ਯਾਨੀ ਆਖ਼ਰੀ ਪਰੀਖਿਆ ਤੋਂ ਬਾਅਦ ਹੀ ਕਹੇ ਹੋਣੇ।​—ਮੱਤੀ 4:5, 10, 11.