Skip to content

Skip to table of contents

ਅਧਿਆਇ 19

“ਜਿੱਥੇ ਕਿਤੇ ਇਹ ਪਾਣੀ ਵਗੇਗਾ, ਉੱਥੇ ਜੀਵਨ ਹੋਵੇਗਾ”

“ਜਿੱਥੇ ਕਿਤੇ ਇਹ ਪਾਣੀ ਵਗੇਗਾ, ਉੱਥੇ ਜੀਵਨ ਹੋਵੇਗਾ”

ਹਿਜ਼ਕੀਏਲ 47:9

ਮੁੱਖ ਗੱਲ: ਮੰਦਰ ਤੋਂ ਵਗਣ ਵਾਲੀ ਨਦੀ ਦੀ ਭਵਿੱਖਬਾਣੀ ਪੁਰਾਣੇ ਜ਼ਮਾਨੇ ਵਿਚ ਕਿਵੇਂ ਪੂਰੀ ਹੋਈ, ਅੱਜ ਕਿਵੇਂ ਪੂਰੀ ਹੋ ਰਹੀ ਹੈ ਤੇ ਭਵਿੱਖ ਵਿਚ ਕਿਵੇਂ ਪੂਰੀ ਹੋਵੇਗੀ

1, 2. ਹਿਜ਼ਕੀਏਲ 47:​1-​12 ਮੁਤਾਬਕ ਹਿਜ਼ਕੀਏਲ ਨੇ ਕੀ ਦੇਖਿਆ ਅਤੇ ਉਸ ਨੂੰ ਕੀ ਪਤਾ ਲੱਗਾ? (ਪਹਿਲੀ ਤਸਵੀਰ ਦੇਖੋ।)

ਹਿਜ਼ਕੀਏਲ ਮੰਦਰ ਵਿਚ ਇਕ ਹੋਰ ਅਨੋਖੀ ਚੀਜ਼ ਦੇਖਦਾ ਹੈ। ਇਸ ਪਵਿੱਤਰ ਭਵਨ ਤੋਂ ਪਾਣੀ ਦਾ ਚਸ਼ਮਾ ਵਹਿ ਰਿਹਾ ਹੈ ਜਿਸ ਦਾ ਪਾਣੀ ਬਲੌਰ ਜਿੰਨਾ ਸਾਫ਼ ਹੈ। ਕਲਪਨਾ ਕਰੋ ਕਿ ਹਿਜ਼ਕੀਏਲ ਉਸ ਵਹਿੰਦੇ ਪਾਣੀ ਦੇ ਨਾਲ-ਨਾਲ ਚੱਲ ਰਿਹਾ ਹੈ। (ਹਿਜ਼ਕੀਏਲ 47:1-12 ਪੜ੍ਹੋ।) ਇਹ ਚਸ਼ਮਾ ਮੰਦਰ ਦੀ ਦਹਿਲੀਜ਼ ਤੋਂ ਵਹਿਣਾ ਸ਼ੁਰੂ ਹੁੰਦਾ ਹੈ ਅਤੇ ਇਸ ਚਸ਼ਮੇ ਵਿਚ ਥੋੜ੍ਹਾ ਹੀ ਪਾਣੀ ਹੈ। ਫਿਰ ਇਹ ਮੰਦਰ ਦੇ ਪੂਰਬੀ ਦਰਵਾਜ਼ੇ ਤੋਂ ਹੁੰਦਾ ਹੋਇਆ ਵਗਦਾ ਹੈ। ਹਿਜ਼ਕੀਏਲ ਨੂੰ ਮੰਦਰ ਦਿਖਾਉਣ ਵਾਲਾ ਦੂਤ ਉਸ ਨੂੰ ਮੰਦਰ ਤੋਂ ਦੂਰ ਲੈ ਜਾਂਦਾ ਹੈ। ਜਿਉਂ-ਜਿਉਂ ਉਹ ਮੰਦਰ ਤੋਂ ਦੂਰ ਜਾ ਰਹੇ ਹਨ, ਦੂਤ ਦੂਰੀ ਨੂੰ ਮਾਪਦਾ ਜਾਂਦਾ ਹੈ ਅਤੇ ਹਿਜ਼ਕੀਏਲ ਨੂੰ ਵਾਰ-ਵਾਰ ਪਾਣੀ ਵਿੱਚੋਂ ਦੀ ਲੰਘਣ ਨੂੰ ਕਹਿੰਦਾ ਹੈ। ਹਿਜ਼ਕੀਏਲ ਦੇਖਦਾ ਹੈ ਕਿ ਪਾਣੀ ਡੂੰਘਾ ਹੁੰਦਾ ਜਾਂਦਾ ਹੈ। ਅੱਗੇ ਚੱਲ ਕੇ ਇਹ ਪਾਣੀ ਇਕ ਨਦੀ ਬਣ ਜਾਂਦਾ ਹੈ ਅਤੇ ਹਿਜ਼ਕੀਏਲ ਨੂੰ ਇਹ ਨਦੀ ਤੁਰ ਕੇ ਨਹੀਂ, ਸਗੋਂ ਤੈਰ ਕੇ ਪਾਰ ਕਰਨੀ ਪੈਣੀ!

2 ਦੂਤ ਹਿਜ਼ਕੀਏਲ ਨੂੰ ਦੱਸਦਾ ਹੈ ਕਿ ਇਹ ਨਦੀ ਮ੍ਰਿਤ ਸਾਗਰ ਵਿਚ ਜਾ ਮਿਲੇਗੀ ਤੇ ਉਸ ਦੇ ਖਾਰੇ ਪਾਣੀ ਨੂੰ ਮਿੱਠਾ ਕਰ ਦੇਵੇਗੀ ਜਿਸ ਕਰਕੇ ਉਹ ਮੱਛੀਆਂ ਨਾਲ ਭਰ ਜਾਵੇਗਾ। ਹਿਜ਼ਕੀਏਲ ਦੇਖਦਾ ਹੈ ਕਿ ਨਦੀ ਦੇ ਦੋਹਾਂ ਪਾਸਿਆਂ ’ਤੇ ਹਰ ਤਰ੍ਹਾਂ ਦੇ ਦਰਖ਼ਤ ਲੱਗੇ ਹੋਏ ਹਨ। ਹਰ ਮਹੀਨੇ ਉਨ੍ਹਾਂ ਨੂੰ ਨਵੇਂ ਫਲ ਲੱਗਦੇ ਹਨ ਤੇ ਉਨ੍ਹਾਂ ਦੇ ਪੱਤੇ ਇਲਾਜ ਲਈ ਵਰਤੇ ਜਾਂਦੇ ਹਨ। ਇਹ ਸਭ ਦੇਖ ਕੇ ਹਿਜ਼ਕੀਏਲ ਨੂੰ ਮਨ ਦੀ ਸ਼ਾਂਤੀ ਤੇ ਉਮੀਦ ਮਿਲੀ ਹੋਣੀ। ਪਰ ਹਿਜ਼ਕੀਏਲ ਨੇ ਦਰਸ਼ਣ ਵਿਚ ਜੋ ਨਦੀ ਦੇਖੀ, ਉਹ ਉਸ ਲਈ ਤੇ ਬਾਕੀ ਗ਼ੁਲਾਮ ਯਹੂਦੀਆਂ ਲਈ ਕੀ ਮਾਅਨੇ ਰੱਖਦੀ ਸੀ? ਇਹ ਅੱਜ ਸਾਡੇ ਲਈ ਕੀ ਮਾਅਨੇ ਰੱਖਦੀ ਹੈ?

ਦਰਸ਼ਣ ਵਿਚਲੀ ਨਦੀ ਗ਼ੁਲਾਮ ਯਹੂਦੀਆਂ ਲਈ ਕੀ ਮਾਅਨੇ ਰੱਖਦੀ ਸੀ?

3. ਪੁਰਾਣੇ ਜ਼ਮਾਨੇ ਦੇ ਯਹੂਦੀ ਕਿਉਂ ਸਮਝ ਗਏ ਹੋਣੇ ਕਿ ਦਰਸ਼ਣ ਵਿਚਲੀ ਨਦੀ ਕੋਈ ਸੱਚ-ਮੁੱਚ ਦੀ ਨਦੀ ਨਹੀਂ ਸੀ?

3 ਪੁਰਾਣੇ ਜ਼ਮਾਨੇ ਦੇ ਯਹੂਦੀਆਂ ਨੇ ਇਹ ਨਹੀਂ ਸੋਚਿਆ ਹੋਣਾ ਕਿ ਦਰਸ਼ਣ ਵਿਚਲੀ ਨਦੀ ਸੱਚ-ਮੁੱਚ ਦੀ ਕਿਸੇ ਨਦੀ ਨੂੰ ਦਰਸਾਉਂਦੀ ਸੀ। ਇਸ ਦੀ ਬਜਾਇ, ਉਨ੍ਹਾਂ ਨੂੰ ਬਹਾਲੀ ਬਾਰੇ ਇਕ ਹੋਰ ਭਵਿੱਖਬਾਣੀ ਯਾਦ ਆਈ ਹੋਣੀ ਜੋ 200 ਤੋਂ ਜ਼ਿਆਦਾ ਸਾਲ ਪਹਿਲਾਂ ਯੋਏਲ ਨਬੀ ਨੇ ਕੀਤੀ ਸੀ। (ਯੋਏਲ 3:18 ਪੜ੍ਹੋ।) ਜਦੋਂ ਗ਼ੁਲਾਮ ਯਹੂਦੀ ਯੋਏਲ ਦੀ ਭਵਿੱਖਬਾਣੀ ਪੜ੍ਹਦੇ ਹੋਣੇ, ਤਾਂ ਉਨ੍ਹਾਂ ਨੇ ਇਹ ਨਹੀਂ ਸੋਚਿਆ ਹੋਣਾ ਕਿ ਪਹਾੜਾਂ ਤੋਂ ਸੱਚ-ਮੁੱਚ “ਮਿੱਠਾ ਦਾਖਰਸ ਚੋਵੇਗਾ,” ਪਹਾੜੀਆਂ ਵਿੱਚੋਂ “ਦੁੱਧ ਵਹੇਗਾ” ਅਤੇ “ਯਹੋਵਾਹ ਦੇ ਘਰ ਤੋਂ ਪਾਣੀ ਦਾ ਚਸ਼ਮਾ ਫੁੱਟੇਗਾ।” ਇਸੇ ਤਰ੍ਹਾਂ ਯਹੂਦੀ ਸਮਝ ਗਏ ਹੋਣੇ ਕਿ ਹਿਜ਼ਕੀਏਲ ਦੇ ਦਰਸ਼ਣ ਵਿਚਲੀ ਨਦੀ ਕੋਈ ਸੱਚ-ਮੁੱਚ ਦੀ ਨਦੀ ਨਹੀਂ ਸੀ। * ਤਾਂ ਫਿਰ, ਉਸ ਦਰਸ਼ਣ ਰਾਹੀਂ ਯਹੋਵਾਹ ਕਿਹੜਾ ਸੰਦੇਸ਼ ਦੇਣਾ ਚਾਹੁੰਦਾ ਸੀ? ਬਾਈਬਲ ਤੋਂ ਅਸੀਂ ਸਾਫ਼-ਸਾਫ਼ ਜਾਣ ਸਕਦੇ ਹਾਂ ਕਿ ਦਰਸ਼ਣ ਦੀਆਂ ਕੁਝ ਗੱਲਾਂ ਦਾ ਕੀ ਮਤਲਬ ਹੈ। ਆਓ ਆਪਾਂ ਅਜਿਹੀਆਂ ਤਿੰਨ ਗੱਲਾਂ ’ਤੇ ਗੌਰ ਕਰੀਏ ਜਿਨ੍ਹਾਂ ਤੋਂ ਸਾਨੂੰ ਹੌਸਲਾ ਮਿਲ ਸਕਦਾ ਹੈ।

4. (ੳ) ਨਦੀ ਦੇ ਦਰਸ਼ਣ ਬਾਰੇ ਜਾਣ ਕੇ ਯਹੂਦੀਆਂ ਨੇ ਕਿਹੜੀਆਂ ਬਰਕਤਾਂ ਪਾਉਣ ਦੀ ਉਮੀਦ ਰੱਖੀ ਹੋਣੀ? (ਅ) ਬਾਈਬਲ ਵਿਚ ਵਰਤੇ ਸ਼ਬਦ “ਨਦੀ” ਅਤੇ “ਪਾਣੀ” ਸਾਨੂੰ ਕਿਵੇਂ ਭਰੋਸਾ ਦਿਵਾਉਂਦੇ ਹਨ ਕਿ ਯਹੋਵਾਹ ਆਪਣੇ ਲੋਕਾਂ ਨੂੰ ਬਰਕਤਾਂ ਦੇਵੇਗਾ? (“ਯਹੋਵਾਹ ਤੋਂ ਬਰਕਤਾਂ ਦੀਆਂ ਨਦੀਆਂ” ਨਾਂ ਦੀ ਡੱਬੀ ਦੇਖੋ।)

4 ਬਰਕਤਾਂ ਦੀ ਨਦੀ। ਬਾਈਬਲ ਦੀਆਂ ਆਇਤਾਂ ਵਿਚ ਅਕਸਰ ਯਹੋਵਾਹ ਤੋਂ ਮਿਲਣ ਵਾਲੀਆਂ ਬਰਕਤਾਂ ਬਾਰੇ ਦੱਸਣ ਲਈ ਪਾਣੀ ਅਤੇ ਨਦੀਆਂ ਦੀ ਮਿਸਾਲ ਦਿੱਤੀ ਜਾਂਦੀ ਹੈ। ਹਿਜ਼ਕੀਏਲ ਨੇ ਅਜਿਹੀ ਇਕ ਨਦੀ ਦੇਖੀ ਸੀ ਜੋ ਮੰਦਰ ਤੋਂ ਵਹਿੰਦੀ ਸੀ। ਯਹੂਦੀ ਇਸ ਨਦੀ ਦਾ ਮਤਲਬ ਸਮਝ ਗਏ ਹੋਣੇ ਕਿ ਯਹੋਵਾਹ ਉਨ੍ਹਾਂ ਨੂੰ ਉਦੋਂ ਤਕ ਬਰਕਤਾਂ ਦਿੰਦਾ ਰਹੇਗਾ ਜਦ ਤਕ ਉਹ ਸ਼ੁੱਧ ਭਗਤੀ ਕਰਦੇ ਰਹਿਣਗੇ। ਕਿਹੜੀਆਂ ਬਰਕਤਾਂ? ਇਕ ਤਾਂ ਇਹ ਕਿ ਪੁਜਾਰੀ ਉਨ੍ਹਾਂ ਨੂੰ ਫਿਰ ਤੋਂ ਪਰਮੇਸ਼ੁਰ ਦੇ ਬਚਨ ਵਿੱਚੋਂ ਸਿੱਖਿਆ ਦੇਣਗੇ। ਨਾਲੇ ਜਦੋਂ ਉਹ ਮੰਦਰ ਵਿਚ ਦੁਬਾਰਾ ਬਲ਼ੀਆਂ ਚੜ੍ਹਾਉਣਗੇ, ਤਾਂ ਉਨ੍ਹਾਂ ਨੂੰ ਭਰੋਸਾ ਹੋਵੇਗਾ ਕਿ ਯਹੋਵਾਹ ਨੇ ਉਨ੍ਹਾਂ ਦੇ ਪਾਪ ਮਾਫ਼ ਕਰ ਦਿੱਤੇ ਹਨ। (ਹਿਜ਼. 44:15, 23; 45:17) ਉਹ ਯਹੋਵਾਹ ਦੀਆਂ ਨਜ਼ਰਾਂ ਵਿਚ ਦੁਬਾਰਾ ਸ਼ੁੱਧ ਹੋ ਜਾਣਗੇ, ਜਿਵੇਂ ਉਨ੍ਹਾਂ ਨੂੰ ਮੰਦਰ ਵਿੱਚੋਂ ਵਹਿੰਦੇ ਸ਼ੁੱਧ ਪਾਣੀ ਨਾਲ ਧੋਤਾ ਗਿਆ ਹੋਵੇ।

5. ਨਦੀ ਬਾਰੇ ਜਾਣ ਕੇ ਯਹੂਦੀਆਂ ਦੀਆਂ ਚਿੰਤਾਵਾਂ ਕਿਉਂ ਦੂਰ ਹੋ ਗਈਆਂ ਹੋਣੀਆਂ?

5 ਕੀ ਸਾਰੇ ਯਹੂਦੀਆਂ ਨੂੰ ਲਗਾਤਾਰ ਭਰਪੂਰ ਬਰਕਤਾਂ ਮਿਲਣੀਆਂ ਸਨ? ਜੇ ਉਨ੍ਹਾਂ ਨੂੰ ਇਸ ਗੱਲ ਦੀ ਚਿੰਤਾ ਸੀ, ਤਾਂ ਨਦੀ ਦੇ ਦਰਸ਼ਣ ਕਾਰਨ ਉਨ੍ਹਾਂ ਦੀ ਇਹ ਚਿੰਤਾ ਦੂਰ ਹੋ ਗਈ ਹੋਣੀ। ਦਰਸ਼ਣ ਵਿਚ ਥੋੜ੍ਹੇ ਪਾਣੀ ਵਾਲਾ ਚਸ਼ਮਾ ਅੱਗੇ ਜਾ ਕੇ ਡੂੰਘਾ ਹੋ ਗਿਆ ਤੇ ਬੱਸ ਦੋ ਕਿਲੋਮੀਟਰ ਦੀ ਦੂਰੀ ਤੇ ਜਾ ਕੇ ਤੇਜ਼ ਵਹਿਣ ਵਾਲੀ ਨਦੀ ਬਣ ਗਿਆ। (ਹਿਜ਼. 47:3-5) ਦੁਬਾਰਾ ਵਸਾਏ ਗਏ ਦੇਸ਼ ਵਿਚ ਲੋਕਾਂ ਦੀ ਗਿਣਤੀ ਭਾਵੇਂ ਵਧਦੀ ਜਾਣੀ ਸੀ, ਪਰ ਉਨ੍ਹਾਂ ਨੂੰ ਯਹੋਵਾਹ ਤੋਂ ਮਿਲਣ ਵਾਲੀਆਂ ਬਰਕਤਾਂ ਦੀ ਕਮੀ ਨਹੀਂ ਹੋਣੀ ਸੀ। ਨਦੀ ਦੇ ਦਰਸ਼ਣ ਤੋਂ ਉਨ੍ਹਾਂ ਨੂੰ ਯਕੀਨ ਹੋ ਗਿਆ ਹੋਣਾ ਕਿ ਉਨ੍ਹਾਂ ਨੂੰ ਲਗਾਤਾਰ ਭਰਪੂਰ ਬਰਕਤਾਂ ਮਿਲਣਗੀਆਂ!

6. (ੳ) ਇਸ ਦਰਸ਼ਣ ਰਾਹੀਂ ਲੋਕਾਂ ਨੂੰ ਕਿਹੜਾ ਵਾਅਦਾ ਪੂਰਾ ਹੋਣ ਦਾ ਯਕੀਨ ਦਿਵਾਇਆ ਗਿਆ? (ਅ) ਇਸ ਦਰਸ਼ਣ ਰਾਹੀਂ ਕਿਹੜੀ ਚੇਤਾਵਨੀ ਦਿੱਤੀ ਗਈ? (ਫੁਟਨੋਟ ਦੇਖੋ।)

6 ਜੀਵਨ ਦੇਣ ਵਾਲਾ ਪਾਣੀ। ਹਿਜ਼ਕੀਏਲ ਦੇ ਦਰਸ਼ਣ ਵਿਚ ਨਦੀ ਮ੍ਰਿਤ ਸਾਗਰ ਵਿਚ ਜਾ ਰਲ਼ੀ ਤੇ ਇਸ ਦਾ ਪਾਣੀ ਮਿੱਠਾ ਹੋ ਗਿਆ। ਧਿਆਨ ਦਿਓ ਕਿ ਨਦੀ ਦੇ ਪਾਣੀ ਨਾਲ ਮ੍ਰਿਤ ਸਾਗਰ ਵਿਚ ਮੱਛੀਆਂ ਦੀ ਭਰਮਾਰ ਹੋ ਗਈ, ਜਿਵੇਂ ਵੱਡੇ ਸਾਗਰ ਯਾਨੀ ਭੂਮੱਧ ਸਾਗਰ ਵਿਚ ਹੁੰਦੀ ਹੈ। ਇੱਥੋਂ ਤਕ ਕਿ ਮ੍ਰਿਤ ਸਾਗਰ ਦੇ ਕੰਢੇ ’ਤੇ ਦੋ ਕਸਬਿਆਂ ਦੇ ਵਿਚਕਾਰ ਮੱਛੀਆਂ ਦਾ ਕਾਰੋਬਾਰ ਸ਼ੁਰੂ ਹੋ ਗਿਆ। ਇਹ ਦੋਵੇਂ ਕਸਬੇ ਇਕ-ਦੂਜੇ ਤੋਂ ਕਾਫ਼ੀ ਦੂਰ ਸਨ। ਦੂਤ ਨੇ ਕਿਹਾ ਸੀ: “ਜਿੱਥੇ ਕਿਤੇ ਇਹ ਪਾਣੀ ਵਗੇਗਾ, ਉੱਥੇ ਜੀਵਨ ਹੋਵੇਗਾ।” ਕੀ ਇਸ ਦਾ ਇਹ ਮਤਲਬ ਹੈ ਕਿ ਯਹੋਵਾਹ ਦੇ ਮੰਦਰ ਤੋਂ ਵਹਿੰਦੇ ਪਾਣੀ ਨਾਲ ਪੂਰੇ ਮ੍ਰਿਤ ਸਾਗਰ ਦਾ ਪਾਣੀ ਮਿੱਠਾ ਹੋ ਜਾਵੇਗਾ? ਨਹੀਂ। ਦੂਤ ਨੇ ਦੱਸਿਆ ਕਿ ਮ੍ਰਿਤ ਸਾਗਰ ਦੀਆਂ ਕੁਝ ਦਲਦਲੀ ਥਾਵਾਂ ਤਕ ਨਦੀ ਦਾ ਪਾਣੀ ਨਹੀਂ ਪਹੁੰਚੇਗਾ। ਉਨ੍ਹਾਂ ਥਾਵਾਂ ਦਾ ਪਾਣੀ “ਖਾਰਾ ਰਹੇਗਾ।” * (ਹਿਜ਼. 47:8-11) ਇਸ ਦਰਸ਼ਣ ਰਾਹੀਂ ਲੋਕਾਂ ਨੂੰ ਇਹ ਵਾਅਦਾ ਪੂਰਾ ਹੋਣ ਦਾ ਯਕੀਨ ਦਿਵਾਇਆ ਗਿਆ ਕਿ ਸ਼ੁੱਧ ਭਗਤੀ ਬਹਾਲ ਹੋਣ ਨਾਲ ਉਨ੍ਹਾਂ ਵਿਚ ਦੁਬਾਰਾ ਜਾਨ ਆ ਜਾਵੇਗੀ ਤੇ ਉਹ ਵਧਣ-ਫੁੱਲਣਗੇ। ਪਰ ਉਨ੍ਹਾਂ ਨੂੰ ਇਹ ਚੇਤਾਵਨੀ ਵੀ ਦਿੱਤੀ ਗਈ: ਸਾਰੇ ਲੋਕ ਯਹੋਵਾਹ ਦੀਆਂ ਬਰਕਤਾਂ ਕਬੂਲ ਨਹੀਂ ਕਰਨਗੇ ਤੇ ਨਾ ਹੀ ਸਾਰੇ ਜਣੇ ਠੀਕ ਹੋਣਗੇ।

7. ਦਰਸ਼ਣ ਵਿਚ ਨਦੀ ਦੇ ਕੰਢਿਆਂ ਉੱਤੇ ਲੱਗੇ ਦਰਖ਼ਤਾਂ ਕਾਰਨ ਗ਼ੁਲਾਮ ਯਹੂਦੀਆਂ ਨੂੰ ਕਿਹੜੀ ਗੱਲ ਦਾ ਭਰੋਸਾ ਹੋਇਆ ਹੋਣਾ?

7 ਭੋਜਨ ਅਤੇ ਇਲਾਜ ਲਈ ਦਰਖ਼ਤ। ਨਦੀ ਦੇ ਕੰਢਿਆਂ ’ਤੇ ਦਰਖ਼ਤ ਕਿਉਂ ਲਾਏ ਗਏ ਸਨ? ਦਰਖ਼ਤਾਂ ਕਾਰਨ ਨਾ ਸਿਰਫ਼ ਆਲਾ-ਦੁਆਲਾ ਸੋਹਣਾ ਲੱਗ ਰਿਹਾ ਸੀ, ਸਗੋਂ ਉਨ੍ਹਾਂ ਦਾ ਇਕ ਹੋਰ ਵੀ ਮਕਸਦ ਸੀ। ਦਰਸ਼ਣ ਵਿਚ ਦੱਸਿਆ ਗਿਆ ਸੀ ਕਿ ਦਰਖ਼ਤਾਂ ਨੂੰ ਹਰ ਮਹੀਨੇ ਨਵੇਂ-ਨਵੇਂ ਸੁਆਦੀ ਫਲ ਲੱਗਣਗੇ। ਇਸ ਗੱਲ ਤੋਂ ਹਿਜ਼ਕੀਏਲ ਅਤੇ ਬਾਕੀ ਯਹੂਦੀਆਂ ਨੂੰ ਭਰੋਸਾ ਹੋਇਆ ਹੋਣਾ ਕਿ ਯਹੋਵਾਹ ਉਨ੍ਹਾਂ ਨੂੰ ਆਪਣੇ ਬਚਨ ਤੋਂ ਗਿਆਨ ਦਿੰਦਾ ਰਹੇਗਾ। ਹੋਰ ਕੀ ਫ਼ਾਇਦਾ ਹੋਣਾ ਸੀ? ਧਿਆਨ ਦਿਓ ਕਿ ਉਨ੍ਹਾਂ ਦਰਖ਼ਤਾਂ ਦੇ ਪੱਤੇ ‘ਇਲਾਜ ਲਈ ਵਰਤੇ ਜਾਣੇ’ ਸਨ। (ਹਿਜ਼. 47:12) ਯਾਦ ਕਰੋ ਕਿ ਯਹੋਵਾਹ ਨਾਲ ਯਹੂਦੀਆਂ ਦਾ ਰਿਸ਼ਤਾ ਕਮਜ਼ੋਰ ਪੈ ਗਿਆ ਸੀ। ਇਸ ਅਰਥ ਵਿਚ ਉਹ ਬੀਮਾਰ ਹੋ ਗਏ ਸਨ। ਯਹੋਵਾਹ ਜਾਣਦਾ ਸੀ ਕਿ ਜਦੋਂ ਉਹ ਆਪਣੇ ਦੇਸ਼ ਮੁੜਨਗੇ, ਤਾਂ ਉਨ੍ਹਾਂ ਨੂੰ ਠੀਕ ਕਰਨ ਦੀ ਲੋੜ ਪਵੇਗੀ ਯਾਨੀ ਉਸ ਨਾਲ ਦੁਬਾਰਾ ਰਿਸ਼ਤਾ ਜੋੜਨਾ ਪਵੇਗਾ। ਯਹੋਵਾਹ ਨੇ ਇਸ ਤਰ੍ਹਾਂ ਕਰਨ ਦਾ ਵਾਅਦਾ ਕੀਤਾ। ਉਸ ਨੇ ਇਹ ਕਿਵੇਂ ਕੀਤਾ? ਇਸ ਬਾਰੇ ਅਸੀਂ ਇਸ ਕਿਤਾਬ ਦੇ 9ਵੇਂ ਅਧਿਆਇ ਵਿਚ ਬਹਾਲੀ ਬਾਰੇ ਹੋਰ ਭਵਿੱਖਬਾਣੀਆਂ ’ਤੇ ਗੌਰ ਕਰ ਕੇ ਦੇਖਿਆ ਸੀ।

8. ਕਿਹੜੀ ਗੱਲ ਤੋਂ ਪਤਾ ਲੱਗਦਾ ਹੈ ਕਿ ਹਿਜ਼ਕੀਏਲ ਦੇ ਦਰਸ਼ਣ ਦੀ ਭਵਿੱਖਬਾਣੀ ਹੋਰ ਵੀ ਵੱਡੇ ਪੈਮਾਨੇ ’ਤੇ ਪੂਰੀ ਹੋਣੀ ਸੀ?

8 ਅਸੀਂ 9ਵੇਂ ਅਧਿਆਇ ਵਿਚ ਦੇਖਿਆ ਸੀ ਕਿ ਯਹੂਦੀ ਜਦੋਂ ਆਪਣੇ ਦੇਸ਼ ਵਾਪਸ ਆਏ ਸਨ, ਤਾਂ ਬਹਾਲੀ ਬਾਰੇ ਭਵਿੱਖਬਾਣੀਆਂ ਕੁਝ ਹੱਦ ਤਕ ਹੀ ਪੂਰੀਆਂ ਹੋਈਆਂ। ਇਸ ਦੇ ਲਈ ਯਹੂਦੀ ਆਪ ਹੀ ਕਸੂਰਵਾਰ ਸਨ। ਉਹ ਦੁਬਾਰਾ ਬੁਰੇ ਰਾਹਾਂ ’ਤੇ ਤੁਰ ਪਏ, ਵਾਰ-ਵਾਰ ਯਹੋਵਾਹ ਦੀ ਆਗਿਆ ਦੀ ਉਲੰਘਣਾ ਕਰਦੇ ਸਨ ਤੇ ਸ਼ੁੱਧ ਭਗਤੀ ਨੂੰ ਨਜ਼ਰਅੰਦਾਜ਼ ਕਰਦੇ ਸਨ। ਤਾਂ ਫਿਰ, ਯਹੋਵਾਹ ਉਨ੍ਹਾਂ ਨੂੰ ਬਰਕਤਾਂ ਕਿਵੇਂ ਦੇ ਸਕਦਾ ਸੀ? ਵਫ਼ਾਦਾਰ ਯਹੂਦੀ ਇਹ ਦੇਖ ਕੇ ਬਹੁਤ ਨਿਰਾਸ਼ ਤੇ ਦੁਖੀ ਹੋਏ ਕਿ ਉਨ੍ਹਾਂ ਦੇ ਯਹੂਦੀ ਭਰਾ ਫਿਰ ਤੋਂ ਬੁਰੇ ਕੰਮ ਕਰਨ ਲੱਗ ਪਏ ਸਨ। ਫਿਰ ਵੀ ਉਹ ਵਫ਼ਾਦਾਰ ਸੇਵਕ ਜਾਣਦੇ ਸਨ ਕਿ ਯਹੋਵਾਹ ਦੇ ਵਾਅਦੇ ਜ਼ਰੂਰ ਪੂਰੇ ਹੋਣਗੇ ਕਿਉਂਕਿ ਉਹ ਹਮੇਸ਼ਾ ਤੋਂ ਪੂਰੇ ਹੁੰਦੇ ਆਏ ਹਨ। (ਯਹੋਸ਼ੁਆ 23:14 ਪੜ੍ਹੋ।) ਇਸ ਲਈ ਹਿਜ਼ਕੀਏਲ ਦੇ ਦਰਸ਼ਣ ਦੀ ਭਵਿੱਖਬਾਣੀ ਅੱਗੇ ਜਾ ਕੇ ਵੱਡੇ ਪੈਮਾਨੇ ’ਤੇ ਜ਼ਰੂਰ ਪੂਰੀ ਹੋਣੀ ਸੀ। ਪਰ ਕਦੋਂ?

ਨਦੀ ਅੱਜ ਵੀ ਵਹਿ ਰਹੀ ਹੈ!

9. ਦਰਸ਼ਣ ਵਿਚਲੇ ਮੰਦਰ ਬਾਰੇ ਭਵਿੱਖਬਾਣੀ ਕਦੋਂ ਵੱਡੇ ਪੈਮਾਨੇ ’ਤੇ ਪੂਰੀ ਹੋਣੀ ਸੀ?

9 ਜਿਵੇਂ ਅਸੀਂ 14ਵੇਂ ਅਧਿਆਇ ਵਿਚ ਦੇਖਿਆ, ਦਰਸ਼ਣ ਵਿਚਲੇ ਮੰਦਰ ਦੀ ਭਵਿੱਖਬਾਣੀ “ਆਖ਼ਰੀ ਦਿਨਾਂ ਵਿਚ” ਪੂਰੀ ਹੋ ਰਹੀ ਹੈ। ਅੱਜ ਸਾਡੇ ਦਿਨਾਂ ਵਿਚ ਸ਼ੁੱਧ ਭਗਤੀ ਇੰਨੀ ਬੁਲੰਦ ਕੀਤੀ ਜਾ ਰਹੀ ਹੈ ਜਿੰਨੀ ਪਹਿਲਾਂ ਕਦੀ ਨਹੀਂ ਕੀਤੀ ਗਈ। (ਯਸਾ. 2:2) ਕਿਸ ਅਰਥ ਵਿਚ?

10, 11. (ੳ) ਅੱਜ ਅਸੀਂ ਕਿਵੇਂ ਬਰਕਤਾਂ ਦੀ ਨਦੀ ਦਾ ਆਨੰਦ ਮਾਣ ਰਹੇ ਹਾਂ? (ਅ) ਆਖ਼ਰੀ ਦਿਨਾਂ ਦੌਰਾਨ ਵਧਦੀ ਲੋੜ ਅਨੁਸਾਰ ਯਹੋਵਾਹ ਬਰਕਤਾਂ ਦੀ ਨਦੀ ਨੂੰ ਹੋਰ ਤੇਜ਼ ਕਿਵੇਂ ਵਹਾ ਰਿਹਾ ਹੈ?

10 ਬਰਕਤਾਂ ਦੀ ਨਦੀ। ਯਹੋਵਾਹ ਦੇ ਮੰਦਰ ਤੋਂ ਵਹਿ ਰਹੀ ਨਦੀ ਅੱਜ ਸਾਨੂੰ ਕਿਹੜੀਆਂ ਬਰਕਤਾਂ ਯਾਦ ਕਰਾਉਂਦੀ ਹੈ? ਸਾਨੂੰ ਉਹ ਪ੍ਰਬੰਧ ਯਾਦ ਆਉਂਦੇ ਹਨ ਜਿਨ੍ਹਾਂ ਕਾਰਨ ਅਸੀਂ ਯਹੋਵਾਹ ਨਾਲ ਚੰਗਾ ਰਿਸ਼ਤਾ ਜੋੜ ਪਾਏ ਹਾਂ ਤੇ ਸਾਨੂੰ ਸੱਚਾਈ ਦੀ ਵਧੀਆ ਖ਼ੁਰਾਕ ਮਿਲ ਰਹੀ ਹੈ। ਉਸ ਦੇ ਪ੍ਰਬੰਧਾਂ ਵਿੱਚੋਂ ਸਭ ਤੋਂ ਖ਼ਾਸ ਹੈ, ਮਸੀਹ ਦੁਆਰਾ ਦਿੱਤੀ ਰਿਹਾਈ ਦੀ ਕੀਮਤ। ਇਸ ਦੇ ਆਧਾਰ ’ਤੇ ਸਾਨੂੰ ਪਾਪਾਂ ਦੀ ਮਾਫ਼ੀ ਮਿਲਦੀ ਹੈ ਅਤੇ ਅਸੀਂ ਯਹੋਵਾਹ ਦੀਆਂ ਨਜ਼ਰਾਂ ਵਿਚ ਸ਼ੁੱਧ ਠਹਿਰਦੇ ਹਾਂ। ਪਰਮੇਸ਼ੁਰ ਦੇ ਬਚਨ ਦੀਆਂ ਸੱਚਾਈਆਂ ਜੀਵਨ ਦੇਣ ਵਾਲੇ ਪਾਣੀ ਵਾਂਗ ਹਨ ਜੋ ਸਾਨੂੰ ਸ਼ੁੱਧ ਕਰਦੀਆਂ ਹਨ। (ਅਫ਼. 5:25-27) ਸਾਡੇ ਦਿਨਾਂ ਵਿਚ ਬਰਕਤਾਂ ਦੀ ਇਹ ਨਦੀ ਕਿਵੇਂ ਵਹਿ ਰਹੀ ਹੈ?

11 ਸੰਨ 1919 ਵਿਚ ਯਹੋਵਾਹ ਦੇ ਸੇਵਕਾਂ ਦੀ ਗਿਣਤੀ ਕੁਝ ਕੁ ਹਜ਼ਾਰ ਸੀ। ਉਨ੍ਹਾਂ ਨੂੰ ਪਰਮੇਸ਼ੁਰ ਦੇ ਬਚਨ ਦਾ ਭਰਪੂਰ ਗਿਆਨ ਦਿੱਤਾ ਗਿਆ ਤੇ ਉਹ ਪਰਮੇਸ਼ੁਰ ਦਾ ਗਿਆਨ ਲੈ ਕੇ ਬਹੁਤ ਖ਼ੁਸ਼ ਹੋਏ। ਬਾਅਦ ਦੇ ਦਹਾਕਿਆਂ ਵਿਚ ਉਨ੍ਹਾਂ ਦੀ ਗਿਣਤੀ ਤੇਜ਼ੀ ਨਾਲ ਵਧਣ ਲੱਗੀ। ਅੱਜ ਪਰਮੇਸ਼ੁਰ ਦੇ ਲੋਕਾਂ ਦੀ ਗਿਣਤੀ 80 ਲੱਖ ਤੋਂ ਵੀ ਜ਼ਿਆਦਾ ਹੈ। ਕੀ ਇਸ ਦੇ ਨਾਲ-ਨਾਲ ਸੱਚਾਈ ਦੇ ਸ਼ੁੱਧ ਪਾਣੀ ਦੀ ਰਫ਼ਤਾਰ ਵੀ ਤੇਜ਼ ਹੋਈ ਹੈ? ਜੀ ਹਾਂ। ਅੱਜ ਸਾਡੇ ਕੋਲ ਬਾਈਬਲ ਦੀਆਂ ਸੱਚਾਈਆਂ ਦੀ ਭਰਮਾਰ ਹੈ। ਪਿਛਲੇ 100 ਸਾਲਾਂ ਦੌਰਾਨ ਪਰਮੇਸ਼ੁਰ ਦੇ ਲੋਕਾਂ ਲਈ ਅਰਬਾਂ ਹੀ ਬਾਈਬਲਾਂ, ਕਿਤਾਬਾਂ, ਰਸਾਲੇ, ਬਰੋਸ਼ਰ ਅਤੇ ਪਰਚੇ ਤਿਆਰ ਕੀਤੇ ਗਏ ਹਨ। ਜਿਵੇਂ ਦਰਸ਼ਣ ਵਿਚ ਪਾਣੀ ਡੂੰਘਾ ਹੁੰਦਾ ਗਿਆ, ਉਸੇ ਤਰ੍ਹਾਂ ਦੁਨੀਆਂ ਭਰ ਵਿਚ ਸੱਚਾਈ ਦੇ ਪਿਆਸੇ ਲੋਕਾਂ ਤਕ ਸੱਚਾਈ ਦਾ ਗਿਆਨ ਬਹੁਤਾਤ ਵਿਚ ਪਹੁੰਚਾਇਆ ਜਾ ਰਿਹਾ ਹੈ। ਕਾਫ਼ੀ ਲੰਬੇ ਸਮੇਂ ਤੋਂ ਬਾਈਬਲ-ਆਧਾਰਿਤ ਪ੍ਰਕਾਸ਼ਨ ਛਾਪ ਕੇ ਉਪਲਬਧ ਕਰਾਏ ਜਾ ਰਹੇ ਹਨ। ਹੁਣ ਇਹ ਪ੍ਰਕਾਸ਼ਨ ਇਲੈਕਟ੍ਰਾਨਿਕ ਰੂਪ ਵਿਚ jw.org ਵੈੱਬਸਾਈਟ ’ਤੇ 1,000 ਤੋਂ ਵੀ ਜ਼ਿਆਦਾ ਭਾਸ਼ਾਵਾਂ ਵਿਚ ਉਪਲਬਧ ਹਨ। ਸੱਚਾਈ ਦਾ ਇਹ ਪਾਣੀ ਨੇਕਦਿਲ ਲੋਕਾਂ ’ਤੇ ਕਿਹੋ ਜਿਹਾ ਅਸਰ ਪਾ ਰਿਹਾ ਹੈ?

12. (ੳ) ਸੱਚਾਈ ਜਾਣ ਕੇ ਲੋਕਾਂ ਨੂੰ ਕੀ ਫ਼ਾਇਦਾ ਹੋਇਆ ਹੈ? (ਅ) ਅੱਜ ਇਸ ਦਰਸ਼ਣ ਤੋਂ ਸਾਨੂੰ ਕਿਹੜੀ ਚੇਤਾਵਨੀ ਮਿਲਦੀ ਹੈ? (ਫੁਟਨੋਟ ਵੀ ਦੇਖੋ।)

12 ਜੀਵਨ ਦੇਣ ਵਾਲਾ ਪਾਣੀ। ਹਿਜ਼ਕੀਏਲ ਨੂੰ ਦੱਸਿਆ ਗਿਆ ਸੀ: “ਜਿੱਥੇ ਕਿਤੇ ਇਹ ਪਾਣੀ ਵਗੇਗਾ, ਉੱਥੇ ਜੀਵਨ ਹੋਵੇਗਾ।” ਅੱਜ ਉਨ੍ਹਾਂ ਲੋਕਾਂ ਨੂੰ ਸੱਚਾਈ ਦਾ ਪਾਣੀ ਮਿਲ ਰਿਹਾ ਹੈਂ ਜਿਹੜੇ ਸ਼ੁੱਧ ਭਗਤੀ ਦੇ “ਦੇਸ਼” ਵਿਚ ਆਉਂਦੇ ਹਨ। ਇਸ ਸਦਕਾ ਲੱਖਾਂ ਹੀ ਲੋਕਾਂ ਨੂੰ ਨਵੀਂ ਜ਼ਿੰਦਗੀ ਮਿਲੀ ਹੈ ਤੇ ਉਹ ਯਹੋਵਾਹ ’ਤੇ ਨਿਹਚਾ ਕਰ ਸਕੇ ਹਨ। ਪਰ ਇਸ ਦਰਸ਼ਣ ਵਿਚ ਸਾਡੇ ਸਮੇਂ ਲਈ ਇਕ ਚੇਤਾਵਨੀ ਵੀ ਦਿੱਤੀ ਗਈ ਹੈ: ਬਾਅਦ ਵਿਚ ਕੁਝ ਲੋਕ ਸੱਚਾਈ ਮੁਤਾਬਕ ਚੱਲਣਾ ਛੱਡ ਦਿੰਦੇ ਹਨ। ਉਨ੍ਹਾਂ ਦਾ ਦਿਲ ਹਿਜ਼ਕੀਏਲ ਦੇ ਦਰਸ਼ਣ ਵਿਚ ਮ੍ਰਿਤ ਸਾਗਰ ਦੀਆਂ ਦਲਦਲੀ ਥਾਵਾਂ ਵਰਗਾ ਹੋ ਜਾਂਦਾ ਹੈ ਜਿਸ ਕਰਕੇ ਉਹ ਸੱਚਾਈ ਦੀ ਕਦਰ ਨਹੀਂ ਕਰਦੇ ਤੇ ਉਸ ਮੁਤਾਬਕ ਜ਼ਿੰਦਗੀ ਨਹੀਂ ਜੀਉਂਦੇ। * ਪਰ ਸਾਨੂੰ ਧਿਆਨ ਰੱਖਣ ਦੀ ਲੋੜ ਹੈ ਕਿ ਸਾਡਾ ਰਵੱਈਆ ਇਸ ਤਰ੍ਹਾਂ ਦਾ ਨਾ ਹੋਵੇ।​—ਬਿਵਸਥਾ ਸਾਰ 10:16-18 ਪੜ੍ਹੋ।

13. ਦਰਸ਼ਣ ਵਿਚ ਨਦੀ ਦੇ ਕੰਢਿਆਂ ’ਤੇ ਲੱਗੇ ਦਰਖ਼ਤਾਂ ਤੋਂ ਅੱਜ ਅਸੀਂ ਕਿਹੜੇ ਸਬਕ ਸਿੱਖ ਸਕਦੇ ਹਾਂ?

13 ਭੋਜਨ ਅਤੇ ਇਲਾਜ ਲਈ ਦਰਖ਼ਤ। ਦਰਸ਼ਣ ਵਿਚ ਨਦੀ ਦੇ ਕੰਢਿਆਂ ’ਤੇ ਲੱਗੇ ਦਰਖ਼ਤਾਂ ਤੋਂ ਅਸੀਂ ਕਈ ਸਬਕ ਸਿੱਖਦੇ ਹਾਂ ਜਿਨ੍ਹਾਂ ਤੋਂ ਸਾਨੂੰ ਹੌਸਲਾ ਮਿਲਦਾ ਹੈ। ਯਾਦ ਕਰੋ ਕਿ ਉਨ੍ਹਾਂ ਦਰਖ਼ਤਾਂ ਨੂੰ ਹਰ ਮਹੀਨੇ ਨਵੇਂ ਸੁਆਦਲੇ ਫਲ ਲੱਗਦੇ ਹਨ ਤੇ ਉਨ੍ਹਾਂ ਦੇ ਪੱਤੇ ਇਲਾਜ ਲਈ ਵਰਤੇ ਜਾਂਦੇ ਹਨ। (ਹਿਜ਼. 47:12) ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਯਹੋਵਾਹ ਸਾਨੂੰ ਸੱਚਾਈ ਦੀ ਭਰਪੂਰ ਖ਼ੁਰਾਕ ਦਿੰਦਾ ਹੈ ਤੇ ਸਾਨੂੰ ਤੰਦਰੁਸਤ ਕਰਦਾ ਹੈ ਯਾਨੀ ਉਸ ਨਾਲ ਸਾਡਾ ਰਿਸ਼ਤਾ ਮਜ਼ਬੂਤ ਹੁੰਦਾ ਹੈ। ਅੱਜ ਦੁਨੀਆਂ ਵਿਚ ਸਹੀ ਸੇਧ ਦਾ ਕਾਲ਼ ਪਿਆ ਹੋਇਆ ਹੈ ਜਿਸ ਕਰਕੇ ਲੋਕਾਂ ਦੀ ਹਾਲਤ ਬੀਮਾਰਾਂ ਵਰਗੀ ਹੈ। ਪਰ ਯਹੋਵਾਹ ਸਾਨੂੰ ਆਪਣਾ ਭਰਪੂਰ ਗਿਆਨ ਦੇ ਰਿਹਾ ਹੈ। ਕੀ ਤੁਹਾਡੇ ਨਾਲ ਕਦੀ ਇੱਦਾਂ ਹੋਇਆ ਕਿ ਕੋਈ ਲੇਖ ਪੜ੍ਹਨ ਤੋਂ ਬਾਅਦ, ਸੰਮੇਲਨ ਤੋਂ ਬਾਅਦ ਅਤੇ ਕੋਈ ਵੀਡੀਓ ਜਾਂ ਬ੍ਰਾਡਕਾਸਟਿੰਗ ਦੇਖਣ ਤੋਂ ਬਾਅਦ ਤੁਸੀਂ ਖ਼ੁਸ਼ ਹੋਏ ਕਿ ਤੁਹਾਨੂੰ ਕਿੰਨੀ ਚੰਗੀ ਸਿੱਖਿਆ ਮਿਲ ਰਹੀ ਹੈ? (ਯਸਾ. 65:13, 14) ਇਨ੍ਹਾਂ ਪ੍ਰਬੰਧਾਂ ਕਰਕੇ ਅਸੀਂ ਪਰਮੇਸ਼ੁਰ ਨਾਲ ਇਕ ਚੰਗਾ ਰਿਸ਼ਤਾ ਜੋੜ ਸਕੇ ਹਾਂ। ਸੱਚਾਈ ਦੀ ਚੰਗੀ ਖ਼ੁਰਾਕ ਲੈ ਕੇ ਅਸੀਂ ਇਕ ਤਰ੍ਹਾਂ ਨਾਲ ਚੰਗੀ ਸਿਹਤ ਦਾ ਆਨੰਦ ਮਾਣ ਰਹੇ ਹਾਂ। ਪਰਮੇਸ਼ੁਰ ਦੇ ਬਚਨ ਵਿੱਚੋਂ ਸਾਨੂੰ ਚੰਗੀਆਂ ਸਲਾਹਾਂ ਮਿਲਦੀਆਂ ਹਨ ਜਿਨ੍ਹਾਂ ਦੀ ਮਦਦ ਨਾਲ ਅਸੀਂ ਅਜਿਹੇ ਪਾਪ ਕਰਨ ਤੋਂ ਬਚ ਜਾਂਦੇ ਹਾਂ, ਜਿਵੇਂ ਅਨੈਤਿਕਤਾ, ਲਾਲਚ ਤੇ ਨਿਹਚਾ ਦੀ ਕਮੀ। ਜੇ ਅਸੀਂ ਕੋਈ ਗੰਭੀਰ ਪਾਪ ਕਰ ਬੈਠਦੇ ਹਾਂ ਤੇ ਇਸ ਅਰਥ ਵਿਚ ਬੀਮਾਰ ਹੋ ਜਾਂਦੇ ਹਾਂ, ਤਾਂ ਯਹੋਵਾਹ ਨੇ ਸਾਨੂੰ ਠੀਕ ਕਰਨ ਲਈ ਇਕ ਪ੍ਰਬੰਧ ਕੀਤਾ ਹੈ। (ਯਾਕੂਬ 5:14 ਪੜ੍ਹੋ।) ਅੱਜ ਸਾਨੂੰ ਬਹੁਤ ਸਾਰੀਆਂ ਬਰਕਤਾਂ ਮਿਲ ਰਹੀਆਂ ਹਨ, ਠੀਕ ਜਿਵੇਂ ਨਦੀ ਦੇ ਕੰਢਿਆਂ ’ਤੇ ਲੱਗੇ ਦਰਖ਼ਤਾਂ ਦੀ ਭਵਿੱਖਬਾਣੀ ਵਿਚ ਦੱਸਿਆ ਗਿਆ ਹੈ।

14, 15. (ੳ) ਹਿਜ਼ਕੀਏਲ ਦੇ ਦਰਸ਼ਣ ਵਿਚਲੀਆਂ ਦਲਦਲੀ ਥਾਵਾਂ ਤੋਂ ਅਸੀਂ ਕਿਹੜਾ ਸਬਕ ਸਿੱਖਦੇ ਹਾਂ? (ਅ) ਦਰਸ਼ਣ ਵਿਚਲੀ ਨਦੀ ਤੋਂ ਅੱਜ ਸਾਨੂੰ ਕੀ ਫ਼ਾਇਦਾ ਹੋ ਰਿਹਾ ਹੈ?

14 ਇਸ ਦਰਸ਼ਣ ਤੋਂ ਸਾਨੂੰ ਇਕ ਚੇਤਾਵਨੀ ਵੀ ਮਿਲਦੀ ਹੈ। ਯਾਦ ਕਰੋ ਕਿ ਜਿਹੜੀਆਂ ਥਾਵਾਂ ਦਲਦਲੀ ਸਨ, ਉੱਥੇ ਦਾ ਪਾਣੀ ਮਿੱਠਾ ਨਹੀਂ ਹੋਇਆ, ਸਗੋਂ ਖਾਰਾ ਹੀ ਰਿਹਾ। ਇਸ ਤੋਂ ਅਸੀਂ ਸਿੱਖਦੇ ਹਾਂ ਕਿ ਸਾਡਾ ਰਵੱਈਆ ਅਜਿਹਾ ਨਹੀਂ ਹੋਣਾ ਚਾਹੀਦਾ ਜਿਸ ਕਰਕੇ ਯਹੋਵਾਹ ਦੀਆਂ ਬਰਕਤਾਂ ਦੀ ਨਦੀ ਸਾਡੇ ਤਕ ਨਾ ਪਹੁੰਚੇ। ਜੇ ਇਸ ਤਰ੍ਹਾਂ ਹੋਇਆ, ਤਾਂ ਅਸੀਂ ਵੀ ਦੁਨੀਆਂ ਦੇ ਲੋਕਾਂ ਵਾਂਗ ਬੀਮਾਰ ਹਾਲਤ ਵਿਚ ਹੀ ਰਹਾਂਗੇ। (ਮੱਤੀ 13:15) ਇਸ ਦੀ ਬਜਾਇ, ਅਸੀਂ ਚਾਹੁੰਦੇ ਹਾਂ ਕਿ ਸਾਨੂੰ ਬਰਕਤਾਂ ਦੀ ਇਸ ਨਦੀ ਤੋਂ ਹਮੇਸ਼ਾ ਫ਼ਾਇਦਾ ਹੁੰਦਾ ਰਹੇ। ਅੱਜ ਸਾਨੂੰ ਕਈ ਬਰਕਤਾਂ ਮਿਲ ਰਹੀਆਂ ਹਨ, ਜਿਵੇਂ ਸਾਨੂੰ ਪਰਮੇਸ਼ੁਰ ਦੇ ਬਚਨ ਦੀ ਸਮਝ ਮਿਲ ਰਹੀ ਹੈ, ਸਾਨੂੰ ਦੂਸਰਿਆਂ ਨੂੰ ਵੀ ਇਹ ਸੱਚਾਈਆਂ ਸਿਖਾਉਣ ਦਾ ਮੌਕਾ ਮਿਲ ਰਿਹਾ ਹੈ ਅਤੇ ਵਫ਼ਾਦਾਰ ਨੌਕਰ ਤੋਂ ਸਿਖਲਾਈ ਲੈ ਕੇ ਬਜ਼ੁਰਗ ਸਾਨੂੰ ਸਹੀ ਸੇਧ ਤੇ ਦਿਲਾਸਾ ਦਿੰਦੇ ਹਨ। ਇਸ ਤਰ੍ਹਾਂ ਅਸੀਂ ਪਰਮੇਸ਼ੁਰ ਦੇ ਬਚਨ ਤੋਂ ਸੱਚਾਈ ਦਾ ਸ਼ੁੱਧ ਪਾਣੀ ਪੀਂਦੇ ਹਾਂ। ਬਰਕਤਾਂ ਦੀ ਇਹ ਨਦੀ ਜਿੱਥੇ-ਜਿੱਥੇ ਵਹਿੰਦੀ ਹੈ, ਉੱਥੇ ਜੀਵਨ ਹੁੰਦਾ ਹੈ ਤੇ ਬੀਮਾਰੀਆਂ ਦੂਰ ਹੁੰਦੀਆਂ ਹਨ।

15 ਨਦੀ ਬਾਰੇ ਇਹ ਭਵਿੱਖਬਾਣੀ ਅੱਗੇ ਜਾ ਕੇ ਕਿਵੇਂ ਪੂਰੀ ਹੋਵੇਗੀ? ਅਸੀਂ ਦੇਖਾਂਗੇ ਕਿ ਨਵੀਂ ਦੁਨੀਆਂ ਵਿਚ ਇਹ ਭਵਿੱਖਬਾਣੀ ਵੱਡੇ ਪੈਮਾਨੇ ’ਤੇ ਪੂਰੀ ਹੋਵੇਗੀ।

ਨਵੀਂ ਦੁਨੀਆਂ ਵਿਚ ਇਹ ਭਵਿੱਖਬਾਣੀ ਕਿਵੇਂ ਪੂਰੀ ਹੋਵੇਗੀ?

16, 17. (ੳ) ਕਿਸ ਅਰਥ ਵਿਚ ਨਵੀਂ ਦੁਨੀਆਂ ਵਿਚ ਜੀਵਨ ਦੇਣ ਵਾਲਾ ਪਾਣੀ ਹੋਰ ਵੀ ਡੂੰਘਾ ਹੋ ਜਾਵੇਗਾ? (ਅ) ਨਵੀਂ ਦੁਨੀਆਂ ਵਿਚ ਸਾਨੂੰ ਬਰਕਤਾਂ ਦੀ ਨਦੀ ਤੋਂ ਕੀ ਫ਼ਾਇਦਾ ਹੋਵੇਗਾ?

16 ਕਲਪਨਾ ਕਰੋ ਕਿ ਤੁਸੀਂ ਨਵੀਂ ਦੁਨੀਆਂ ਵਿਚ ਹੋ ਤੇ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਜ਼ਿੰਦਗੀ ਦਾ ਪੂਰਾ ਮਜ਼ਾ ਲੈ ਰਹੇ ਹੋ। ਦਰਸ਼ਣ ਵਿਚਲੀ ਨਦੀ ਬਾਰੇ ਅਧਿਐਨ ਕਰ ਕੇ ਸਾਡੇ ਮਨ ਵਿਚ ਨਵੀਂ ਦੁਨੀਆਂ ਦੀ ਇਹ ਤਸਵੀਰ ਹੋਰ ਵੀ ਸਾਫ਼ ਬਣੇਗੀ। ਉਹ ਕਿਵੇਂ? ਆਓ ਇਕ ਵਾਰ ਫਿਰ ਇਸ ਦਰਸ਼ਣ ਦੀਆਂ ਤਿੰਨ ਗੱਲਾਂ ’ਤੇ ਗੌਰ ਕਰੀਏ ਜਿਨ੍ਹਾਂ ਤੋਂ ਅਸੀਂ ਯਹੋਵਾਹ ਦਾ ਪਿਆਰ ਸਾਫ਼ ਦੇਖ ਸਕਦੇ ਹਾਂ।

17 ਬਰਕਤਾਂ ਦੀ ਨਦੀ। ਇਹ ਨਦੀ ਨਵੀਂ ਦੁਨੀਆਂ ਵਿਚ ਹੋਰ ਵੀ ਡੂੰਘੀ ਹੁੰਦੀ ਜਾਵੇਗੀ। ਉਸ ਵੇਲੇ ਅਸੀਂ ਨਾ ਸਿਰਫ਼ ਯਹੋਵਾਹ ਨਾਲ ਚੰਗੇ ਰਿਸ਼ਤੇ ਦਾ ਆਨੰਦ ਮਾਣਾਂਗੇ, ਸਗੋਂ ਅਸੀਂ ਤੰਦਰੁਸਤ ਵੀ ਹੋ ਜਾਵਾਂਗੇ। ਯਿਸੂ ਦੇ ਹਜ਼ਾਰ ਸਾਲ ਦੇ ਰਾਜ ਦੌਰਾਨ ਵਫ਼ਾਦਾਰ ਲੋਕਾਂ ਨੂੰ ਉਸ ਦੀ ਕੁਰਬਾਨੀ ਤੋਂ ਪੂਰਾ ਫ਼ਾਇਦਾ ਹੋਵੇਗਾ। ਉਹ ਸਾਰੇ ਹੌਲੀ-ਹੌਲੀ ਮੁਕੰਮਲ ਹੋ ਜਾਣਗੇ! ਫਿਰ ਨਾ ਕੋਈ ਬੀਮਾਰੀ, ਨਾ ਕੋਈ ਡਾਕਟਰ, ਨਾ ਨਰਸਾਂ ਤੇ ਹਸਪਤਾਲ ਹੋਣਗੇ ਤੇ ਨਾ ਹੀ ਜੀਵਨ ਬੀਮਾ ਕਰਾਉਣ ਦੀ ਲੋੜ ਪਵੇਗੀ। “ਵੱਡੀ ਭੀੜ” ਦੇ ਜੋ ਲੱਖਾਂ-ਕਰੋੜਾਂ ਲੋਕ “ਮਹਾਂਕਸ਼ਟ” ਵਿੱਚੋਂ ਬਚ ਨਿਕਲਣਗੇ, ਉਨ੍ਹਾਂ ਤਕ ਜੀਵਨ ਦੇਣ ਵਾਲਾ ਪਾਣੀ ਪਹੁੰਚੇਗਾ। (ਪ੍ਰਕਾ. 7:9, 14) ਪਹਿਲਾਂ-ਪਹਿਲਾਂ ਇਹ ਬਰਕਤਾਂ ਚਸ਼ਮੇ ਦੇ ਥੋੜ੍ਹੇ ਪਾਣੀ ਵਾਂਗ ਹੋਣਗੀਆਂ ਤੇ ਬਾਅਦ ਵਿਚ ਬਰਕਤਾਂ ਦੀ ਨਦੀ ਵਗੇਗੀ।

ਨਵੀਂ ਦੁਨੀਆਂ ਵਿਚ ਬਰਕਤਾਂ ਦੀ ਨਦੀ ਕਰਕੇ ਸਾਰੇ ਲੋਕ ਜਵਾਨ ਅਤੇ ਤੰਦਰੁਸਤ ਹੋ ਜਾਣਗੇ (ਪੈਰਾ 17 ਦੇਖੋ)

18. ਹਜ਼ਾਰ ਸਾਲ ਦੌਰਾਨ ‘ਜੀਵਨ ਦੇਣ ਵਾਲੇ ਪਾਣੀ ਦੀ ਨਦੀ’ ਹੋਰ ਤੇਜ਼ ਕਿਵੇਂ ਵਗੇਗੀ?

18 ਜੀਵਨ ਦੇਣ ਵਾਲਾ ਪਾਣੀ। ਹਜ਼ਾਰ ਸਾਲ ਦੌਰਾਨ ‘ਜੀਵਨ ਦੇਣ ਵਾਲੇ ਪਾਣੀ ਦੀ ਨਦੀ’ ਹੋਰ ਵੀ ਤੇਜ਼ ਵਹੇਗੀ। (ਪ੍ਰਕਾ. 22:1, ਫੁਟਨੋਟ) ਅਣਗਿਣਤ ਲੱਖਾਂ-ਕਰੋੜਾਂ ਲੋਕਾਂ ਨੂੰ ਜੀਉਂਦਾ ਕੀਤਾ ਜਾਵੇਗਾ ਤੇ ਉਨ੍ਹਾਂ ਨੂੰ ਬਾਗ਼ ਵਰਗੀ ਸੋਹਣੀ ਧਰਤੀ ’ਤੇ ਹਮੇਸ਼ਾ ਲਈ ਜੀਉਣ ਦਾ ਮੌਕਾ ਮਿਲੇਗਾ। ਪਰਮੇਸ਼ੁਰ ਦੇ ਰਾਜ ਵਿਚ ਉਨ੍ਹਾਂ ਲੋਕਾਂ ਨੂੰ ਵੀ ਜੀਉਂਦਾ ਕੀਤਾ ਜਾਵੇਗਾ ਜੋ ਲੰਬੇ ਸਮੇਂ ਤੋਂ ਮੌਤ ਦੇ ਹੱਥਾਂ ਵਿਚ ਬੇਬੱਸ ਪਏ ਹਨ। (ਯਸਾ. 26:19) ਪਰ ਕੀ ਮੌਤ ਦੀ ਨੀਂਦ ਤੋਂ ਜਗਾਏ ਸਾਰੇ ਲੋਕ ਹਮੇਸ਼ਾ ਲਈ ਜੀਉਣਗੇ?

19. (ੳ) ਅਸੀਂ ਕਿਉਂ ਕਹਿ ਸਕਦੇ ਹਾਂ ਕਿ ਹਜ਼ਾਰ ਸਾਲ ਦੌਰਾਨ ਨਵੀਆਂ ਸੱਚਾਈਆਂ ਸਿਖਾਈਆਂ ਜਾਣਗੀਆਂ? (ਅ) ਭਵਿੱਖ ਵਿਚ ਕੁਝ ਲੋਕ ‘ਖਾਰੇ ਪਾਣੀ’ ਵਾਂਗ ਕਿਵੇਂ ਹੋਣਗੇ?

19 ਇਹ ਹਰੇਕ ਵਿਅਕਤੀ ਦੇ ਕੰਮਾਂ ’ਤੇ ਨਿਰਭਰ ਕਰੇਗਾ ਕਿ ਉਸ ਨੂੰ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ ਜਾਂ ਨਹੀਂ। ਹਜ਼ਾਰ ਸਾਲ ਦੌਰਾਨ ਨਵੀਆਂ ਕਿਤਾਬਾਂ ਖੋਲ੍ਹੀਆਂ ਜਾਣਗੀਆਂ। ਇਸ ਦਾ ਮਤਲਬ ਹੈ ਕਿ ਉਸ ਸਮੇਂ ਯਹੋਵਾਹ ਜੋ ਜਲ ਦੇਵੇਗਾ, ਉਸ ਵਿਚ ਨਵੀਆਂ ਸੱਚਾਈਆਂ ਤੇ ਨਵੀਆਂ ਹਿਦਾਇਤਾਂ ਹੋਣਗੀਆਂ। ਇਹ ਬਰਕਤਾਂ ਪਾ ਕੇ ਅਸੀਂ ਫੁੱਲੇ ਨਹੀਂ ਸਮਾਵਾਂਗੇ! ਪਰ ਅਫ਼ਸੋਸ ਦੀ ਗੱਲ ਹੈ ਕਿ ਕੁਝ ਲੋਕ ਇਨ੍ਹਾਂ ਬਰਕਤਾਂ ਦੀ ਕਦਰ ਨਹੀਂ ਕਰਨਗੇ। ਉਹ ਜਾਣ-ਬੁੱਝ ਕੇ ਯਹੋਵਾਹ ਦੇ ਹੁਕਮ ਤੋੜਨਗੇ। ਉਸ ਸਮੇਂ ਕੁਝ ਲੋਕ ਯਹੋਵਾਹ ਖ਼ਿਲਾਫ਼ ਬਗਾਵਤ ਕਰਨਗੇ, ਪਰ ਉਨ੍ਹਾਂ ਨੂੰ ਨਵੀਂ ਦੁਨੀਆਂ ਵਿਚ ਸ਼ਾਂਤੀ ਭੰਗ ਕਰਨ ਲਈ ਨਹੀਂ ਰਹਿਣ ਦਿੱਤਾ ਜਾਵੇਗਾ। (ਯਸਾ. 65:20) ਉਹ ਉਨ੍ਹਾਂ ਦਲਦਲੀ ਥਾਵਾਂ ਵਰਗੇ ਹੋਣਗੇ ਜਿਨ੍ਹਾਂ ਦਾ ਪਾਣੀ ਮਿੱਠਾ ਨਹੀਂ ਹੁੰਦਾ, ਸਗੋਂ ‘ਖਾਰਾ ਹੀ ਰਹਿੰਦਾ ਹੈ।’ ਜਿਹੜੇ ਲੋਕ ਜੀਵਨ ਦੇਣ ਵਾਲਾ ਪਾਣੀ ਪੀਣ ਤੋਂ ਮਨ੍ਹਾ ਕਰ ਦੇਣਗੇ, ਉਹ ਕਿੰਨੀ ਵੱਡੀ ਬੇਵਕੂਫ਼ੀ ਕਰ ਰਹੇ ਹੋਣਗੇ! ਹਜ਼ਾਰ ਸਾਲ ਤੋਂ ਬਾਅਦ ਕੁਝ ਲੋਕ ਬਗਾਵਤ ਕਰ ਕੇ ਸ਼ੈਤਾਨ ਵੱਲ ਹੋ ਜਾਣਗੇ। ਪਰ ਯਹੋਵਾਹ ਦੀ ਹਕੂਮਤ ਨੂੰ ਠੁਕਰਾਉਣ ਵਾਲੇ ਇਨ੍ਹਾਂ ਸਾਰੇ ਲੋਕਾਂ ਦਾ ਇੱਕੋ ਅੰਜਾਮ ਹੋਵੇਗਾ​—ਹਮੇਸ਼ਾ ਲਈ ਨਾਸ਼!​—ਪ੍ਰਕਾ. 20:7-12.

20. ਹਜ਼ਾਰ ਸਾਲ ਦੌਰਾਨ ਯਹੋਵਾਹ ਸਾਡੇ ਲਈ ਕਿਹੜਾ ਇੰਤਜ਼ਾਮ ਕਰੇਗਾ?

20 ਭੋਜਨ ਅਤੇ ਇਲਾਜ ਲਈ ਦਰਖ਼ਤ। ਯਹੋਵਾਹ ਨਹੀਂ ਚਾਹੁੰਦਾ ਕਿ ਸਾਡੇ ਵਿੱਚੋਂ ਕੋਈ ਵੀ ਹਮੇਸ਼ਾ ਦੀ ਜ਼ਿੰਦਗੀ ਪਾਉਣ ਦਾ ਮੌਕਾ ਗੁਆ ਬੈਠੇ। ਦਰਸ਼ਣ ਵਿਚ ਨਦੀ ਦੇ ਕੰਢਿਆਂ ’ਤੇ ਲੱਗੇ ਦਰਖ਼ਤਾਂ ਵਾਂਗ ਹਜ਼ਾਰ ਸਾਲ ਦੌਰਾਨ ਵੀ ਯਹੋਵਾਹ ਇਕ ਇੰਤਜ਼ਾਮ ਕਰੇਗਾ ਤਾਂਕਿ ਅਸੀਂ ਤੰਦਰੁਸਤ ਹੋ ਜਾਈਏ ਤੇ ਉਸ ਨਾਲ ਸਾਡਾ ਚੰਗਾ ਰਿਸ਼ਤਾ ਬਣਿਆ ਰਹੇ। ਯਿਸੂ ਮਸੀਹ ਅਤੇ 1,44,000 ਜਣੇ ਇਕ ਹਜ਼ਾਰ ਸਾਲ ਤਕ ਸਵਰਗ ਤੋਂ ਰਾਜ ਕਰਨਗੇ। ਇਹ 1,44,000 ਜਣੇ ਪੁਜਾਰੀਆਂ ਵਜੋਂ ਮਸੀਹ ਦੀ ਕੁਰਬਾਨੀ ਦੇ ਫ਼ਾਇਦੇ ਲੈਣ ਵਿਚ ਸਾਡੀ ਮਦਦ ਕਰਨਗੇ ਤਾਂਕਿ ਅਸੀਂ ਮੁਕੰਮਲ ਹੋ ਜਾਈਏ। (ਪ੍ਰਕਾ. 20:6) ਇਹ ਇੰਤਜ਼ਾਮ ਸਾਨੂੰ ਉਨ੍ਹਾਂ ਦਰਖ਼ਤਾਂ ਦੀ ਯਾਦ ਦਿਵਾਉਂਦਾ ਹੈ ਜੋ ਹਿਜ਼ਕੀਏਲ ਨੇ ਨਦੀ ਦੇ ਕੰਢਿਆਂ ’ਤੇ ਦੇਖੇ ਸਨ। ਹਾਂ, ਉਹ ਦਰਖ਼ਤ ਜੋ ਸੁਆਦੀ ਫਲ ਦਿੰਦੇ ਸਨ ਤੇ ਜਿਨ੍ਹਾਂ ਦੇ ਪੱਤੇ ਇਲਾਜ ਲਈ ਵਰਤੇ ਜਾਂਦੇ ਸਨ। ਹਿਜ਼ਕੀਏਲ ਵਾਂਗ ਯੂਹੰਨਾ ਰਸੂਲ ਨੇ ਵੀ ਅਜਿਹਾ ਇਕ ਦਰਸ਼ਣ ਦੇਖਿਆ ਸੀ। (ਪ੍ਰਕਾਸ਼ ਦੀ ਕਿਤਾਬ 22:1, 2 ਪੜ੍ਹੋ।) ਉਸ ਨੇ ਵੀ ਅਜਿਹੇ ਦਰਖ਼ਤ ਦੇਖੇ ਸਨ ਜਿਨ੍ਹਾਂ ਦੇ ਪੱਤਿਆਂ ਨਾਲ “ਕੌਮਾਂ ਦਾ ਇਲਾਜ ਹੁੰਦਾ ਸੀ।” ਉਸ ਸਮੇਂ 1,44,000 ਪੁਜਾਰੀਆਂ ਦੀਆਂ ਸੇਵਾਵਾਂ ਤੋਂ ਅਣਗਿਣਤ ਵਫ਼ਾਦਾਰ ਲੋਕਾਂ ਨੂੰ ਫ਼ਾਇਦਾ ਹੋਵੇਗਾ।

21. ਦਰਸ਼ਣ ਵਿਚਲੀ ਨਦੀ ’ਤੇ ਸੋਚ-ਵਿਚਾਰ ਕਰ ਕੇ ਤੁਹਾਨੂੰ ਕਿਵੇਂ ਲੱਗਦਾ ਹੈ? ਅਗਲੇ ਅਧਿਆਇ ਵਿਚ ਅਸੀਂ ਕੀ ਚਰਚਾ ਕਰਾਂਗੇ? (“ਚਸ਼ਮੇ ਦਾ ਥੋੜ੍ਹਾ ਪਾਣੀ ਨਦੀ ਬਣ ਗਿਆ!” ਨਾਂ ਦੀ ਡੱਬੀ ਦੇਖੋ।)

21 ਕੀ ਤੁਹਾਨੂੰ ਦਰਸ਼ਣ ਵਿਚਲੀ ਨਦੀ ’ਤੇ ਸੋਚ-ਵਿਚਾਰ ਕਰ ਕੇ ਮਨ ਦੀ ਸ਼ਾਂਤੀ ਤੇ ਉਮੀਦ ਨਹੀਂ ਮਿਲਦੀ? ਸਾਡੇ ਸਾਮ੍ਹਣੇ ਕਿੰਨਾ ਸ਼ਾਨਦਾਰ ਭਵਿੱਖ ਹੈ! ਜ਼ਰਾ ਸੋਚੋ, ਯਹੋਵਾਹ ਨੇ ਉਸ ਸਮੇਂ ਦੀ ਝਲਕ ਦਿਖਾਉਣ ਲਈ ਹਜ਼ਾਰਾਂ ਸਾਲ ਪਹਿਲਾਂ ਕਿੰਨੀਆਂ ਸ਼ਾਨਦਾਰ ਭਵਿੱਖਬਾਣੀਆਂ ਲਿਖਵਾਈਆਂ ਹਨ। ਉਹ ਇੰਨੇ ਸਾਲਾਂ ਤੋਂ ਧੀਰਜ ਰੱਖ ਰਿਹਾ ਹੈ ਤੇ ਲੋਕਾਂ ਨੂੰ ਪਿਆਰ ਨਾਲ ਸੱਦਾ ਦੇ ਰਿਹਾ ਹੈ ਕਿ ਉਹ ਨਵੀਂ ਦੁਨੀਆਂ ਵਿਚ ਮਿਲਣ ਵਾਲੀਆਂ ਬਰਕਤਾਂ ਪਾਉਣ। ਕੀ ਤੁਸੀਂ ਉੱਥੇ ਹੋਵੋਗੇ? ਤੁਸੀਂ ਸ਼ਾਇਦ ਸੋਚੋ, ਕੀ ਵਾਕਈ ਮੈਨੂੰ ਨਵੀਂ ਦੁਨੀਆਂ ਵਿਚ ਰਹਿਣ ਦਾ ਮੌਕਾ ਮਿਲੇਗਾ? ਇਸ ਸਵਾਲ ਦਾ ਜਵਾਬ ਸਾਨੂੰ ਅਗਲੇ ਅਧਿਆਇ ਵਿਚ ਮਿਲੇਗਾ ਜਿਸ ਵਿਚ ਅਸੀਂ ਹਿਜ਼ਕੀਏਲ ਦੀ ਕਿਤਾਬ ਦੇ ਕੁਝ ਆਖ਼ਰੀ ਅਧਿਆਵਾਂ ’ਤੇ ਚਰਚਾ ਕਰਾਂਗੇ।

^ ਪੈਰਾ 3 ਇਸ ਤੋਂ ਇਲਾਵਾ, ਗ਼ੁਲਾਮੀ ਵਿਚ ਰਹਿੰਦੇ ਯਹੂਦੀਆਂ ਨੂੰ ਯਾਦ ਸੀ ਕਿ ਉਨ੍ਹਾਂ ਦੇ ਦੇਸ਼ ਵਿਚ ਪਹਾੜ ਤੇ ਨਦੀਆਂ ਕਿੱਥੇ-ਕਿੱਥੇ ਸਨ। ਸੰਭਵ ਹੈ ਕਿ ਉਨ੍ਹਾਂ ਨੂੰ ਪਤਾ ਸੀ ਕਿ ਇਹ ਕੋਈ ਸੱਚ-ਮੁੱਚ ਦੀ ਨਦੀ ਨਹੀਂ ਹੋ ਸਕਦੀ ਕਿਉਂਕਿ ਇਹ ਨਦੀ ਬਹੁਤ ਉੱਚੇ ਪਹਾੜ ਦੀ ਚੋਟੀ ’ਤੇ ਬਣੇ ਮੰਦਰ ਵਿੱਚੋਂ ਵੱਗ ਰਹੀ ਸੀ। ਅਸਲ ਵਿਚ, ਦਰਸ਼ਣ ਵਿਚ ਜੋ ਜਗ੍ਹਾ ਦੱਸੀ ਗਈ ਹੈ, ਉੱਥੇ ਸੱਚ-ਮੁੱਚ ਦਾ ਕੋਈ ਇੰਨਾ ਉੱਚਾ ਪਹਾੜ ਨਹੀਂ ਸੀ। ਦਰਸ਼ਣ ਵਿਚ ਅੱਗੇ ਦੱਸਿਆ ਗਿਆ ਕਿ ਨਦੀ ਬਿਨਾਂ ਕਿਸੇ ਰੁਕਾਵਟ ਦੇ ਸਿੱਧੀ ਮ੍ਰਿਤ ਸਾਗਰ ਵਿਚ ਜਾ ਪੈਂਦੀ ਸੀ, ਜਦ ਕਿ ਯਰੂਸ਼ਲਮ ਸ਼ਹਿਰ ਵਿਚ ਜਗ੍ਹਾ-ਜਗ੍ਹਾ ਪਹਾੜੀਆਂ ਹੋਣ ਕਰਕੇ ਇਸ ਤਰ੍ਹਾਂ ਹੋਣਾ ਨਾਮੁਮਕਿਨ ਸੀ।

^ ਪੈਰਾ 6 ਬਾਈਬਲ ’ਤੇ ਟਿੱਪਣੀ ਕਰਨ ਵਾਲੇ ਕੁਝ ਲੋਕਾਂ ਦਾ ਮੰਨਣਾ ਹੈ ਕਿ ਇਸ ਆਇਤ ਵਿਚ ਇਕ ਚੰਗੀ ਗੱਲ ਦੱਸੀ ਗਈ ਹੈ ਕਿਉਂਕਿ ਲੰਬੇ ਸਮੇਂ ਤੋਂ ਮ੍ਰਿਤ ਸਾਗਰ ਤੋਂ ਲੂਣ ਇਕੱਠਾ ਕਰਨ ਦਾ ਕਾਰੋਬਾਰ ਚੱਲਦਾ ਆਇਆ ਹੈ। ਪਰ ਧਿਆਨ ਦਿਓ ਕਿ ਭਵਿੱਖਬਾਣੀ ਵਿਚ ਸਾਫ਼ ਕਿਹਾ ਗਿਆ ਹੈ ਕਿ ਉੱਥੇ ਦੀਆਂ ਦਲਦਲੀ ਥਾਵਾਂ ਦਾ ਪਾਣੀ “ਖਾਰਾ ਰਹੇਗਾ।” ਉੱਥੇ ਦਾ ਪਾਣੀ ਬੇਕਾਰ ਰਹੇਗਾ ਕਿਉਂਕਿ ਯਹੋਵਾਹ ਦੇ ਮੰਦਰ ਤੋਂ ਜੀਵਨ ਦੇਣ ਵਾਲਾ ਪਾਣੀ ਉਨ੍ਹਾਂ ਥਾਵਾਂ ਤਕ ਨਹੀਂ ਪਹੁੰਚੇਗਾ। ਇਸ ਲਈ ਲੱਗਦਾ ਹੈ ਕਿ ਇਨ੍ਹਾਂ ਥਾਵਾਂ ਦਾ ਖਾਰਾਪਣ ਬੁਰੀਆਂ ਗੱਲਾਂ ਨੂੰ ਦਰਸਾਉਂਦਾ ਹੈ।​—ਜ਼ਬੂ. 107:​33, 34; ਯਿਰ. 17:6.

^ ਪੈਰਾ 12 ਯਿਸੂ ਨੇ ਵੱਡੇ ਜਾਲ਼ ਦੀ ਮਿਸਾਲ ਵਿਚ ਵੀ ਅਜਿਹੀ ਗੱਲ ਦੱਸੀ ਸੀ। ਜਾਲ਼ ਵਿਚ ਭਾਵੇਂ ਬਹੁਤ ਸਾਰੀਆਂ ਮੱਛੀਆਂ ਫਸ ਜਾਂਦੀਆਂ ਹਨ, ਪਰ ਸਾਰੀਆਂ ਮੱਛੀਆਂ “ਚੰਗੀਆਂ” ਨਹੀਂ ਹੁੰਦੀਆਂ। ਬੇਕਾਰ ਮੱਛੀਆਂ ਨੂੰ ਸੁੱਟ ਦਿੱਤਾ ਜਾਂਦਾ ਹੈ। ਇਹ ਮਿਸਾਲ ਦੇ ਕੇ ਯਿਸੂ ਦੱਸਣਾ ਚਾਹੁੰਦਾ ਸੀ ਕਿ ਯਹੋਵਾਹ ਦੇ ਸੰਗਠਨ ਨਾਲ ਸੰਗਤ ਕਰਨ ਵਾਲੇ ਕੁਝ ਲੋਕ ਸਮੇਂ ਦੇ ਬੀਤਣ ਨਾਲ ਬੇਕਾਰ ਮੱਛੀਆਂ ਸਾਬਤ ਹੋਣਗੇ।​—ਮੱਤੀ 13:​47-​50; 2 ਤਿਮੋ. 2:​20, 21.