Skip to content

Skip to table of contents

ਅਧਿਆਇ 21

“ਸ਼ਹਿਰ ਦਾ ਨਾਂ ਹੋਵੇਗਾ, ‘ਯਹੋਵਾਹ ਉੱਥੇ ਹੈ’”

“ਸ਼ਹਿਰ ਦਾ ਨਾਂ ਹੋਵੇਗਾ, ‘ਯਹੋਵਾਹ ਉੱਥੇ ਹੈ’”

ਹਿਜ਼ਕੀਏਲ 48:35

ਮੁੱਖ ਗੱਲ: ਸ਼ਹਿਰ ਅਤੇ ਭੇਟ ਕੀਤੀ ਜ਼ਮੀਨ ਦਾ ਕੀ ਮਤਲਬ ਹੈ?

1, 2. (ੳ) ਜ਼ਮੀਨ ਦਾ ਕਿਹੜਾ ਖ਼ਾਸ ਹਿੱਸਾ ਵੱਖਰਾ ਰੱਖਿਆ ਜਾਣਾ ਸੀ? (ਜਿਲਦ ’ਤੇ ਤਸਵੀਰ ਦੇਖੋ।) (ਅ) ਇਸ ਦਰਸ਼ਣ ਤੋਂ ਗ਼ੁਲਾਮ ਯਹੂਦੀਆਂ ਨੂੰ ਕੀ ਯਕੀਨ ਹੋਇਆ?

ਹਿਜ਼ਕੀਏਲ ਨੂੰ ਆਖ਼ਰੀ ਦਰਸ਼ਣ ਵਿਚ ਦੱਸਿਆ ਗਿਆ ਕਿ ਦੇਸ਼ ਦੀ ਜ਼ਮੀਨ ਦਾ ਇਕ ਹਿੱਸਾ ਇਕ ਖ਼ਾਸ ਮਕਸਦ ਲਈ ਵੱਖਰਾ ਰੱਖਿਆ ਜਾਵੇ। ਇਹ ਜ਼ਮੀਨ ਇਜ਼ਰਾਈਲੀਆਂ ਦੇ ਕਿਸੇ ਗੋਤ ਨੂੰ ਵਿਰਾਸਤ ਵਿਚ ਨਹੀਂ ਦਿੱਤੀ ਜਾਵੇਗੀ, ਸਗੋਂ ਯਹੋਵਾਹ ਨੂੰ ਭੇਟ ਵਜੋਂ ਦਿੱਤੀ ਜਾਵੇਗੀ। ਹਿਜ਼ਕੀਏਲ ਨੂੰ ਇਕ ਸ਼ਾਨਦਾਰ ਸ਼ਹਿਰ ਬਾਰੇ ਵੀ ਦੱਸਿਆ ਗਿਆ ਜਿਸ ਦਾ ਇਕ ਅਨੋਖਾ ਨਾਂ ਹੈ। ਦਰਸ਼ਣ ਦੀਆਂ ਇਹ ਗੱਲਾਂ ਜਾਣ ਕੇ ਗ਼ੁਲਾਮ ਯਹੂਦੀਆਂ ਨੂੰ ਇਸ ਗੱਲ ਦਾ ਯਕੀਨ ਹੋ ਗਿਆ ਹੋਣਾ ਕਿ ਜਦੋਂ ਉਹ ਆਪਣੇ ਪਿਆਰੇ ਦੇਸ਼ ਵਾਪਸ ਮੁੜਨਗੇ, ਤਾਂ ਯਹੋਵਾਹ ਉਨ੍ਹਾਂ ਦੇ ਨਾਲ ਹੋਵੇਗਾ।

2 ਹਿਜ਼ਕੀਏਲ ਨੇ ਉਸ ਭੇਟ ਕੀਤੀ ਜ਼ਮੀਨ ਬਾਰੇ ਬਹੁਤ ਸਾਰੀ ਜਾਣਕਾਰੀ ਦਿੱਤੀ। ਆਓ ਦਰਸ਼ਣ ਦੀਆਂ ਇਨ੍ਹਾਂ ਗੱਲਾਂ ਦੀ ਜਾਂਚ ਕਰੀਏ ਕਿਉਂਕਿ ਯਹੋਵਾਹ ਦੇ ਸੇਵਕ ਹੋਣ ਦੇ ਨਾਤੇ ਅਸੀਂ ਇਸ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ।

“ਸ਼ਹਿਰ ਦੀ ਜ਼ਮੀਨ” ਅਤੇ “ਪਵਿੱਤਰ ਭੇਟ”

3. ਜ਼ਮੀਨ ਦਾ ਜਿਹੜਾ ਹਿੱਸਾ ਯਹੋਵਾਹ ਨੇ ਵੱਖਰਾ ਰੱਖਣ ਲਈ ਕਿਹਾ ਸੀ, ਉਸ ਦੇ ਪੰਜ ਹਿੱਸੇ ਕਿਹੜੇ ਸਨ ਅਤੇ ਉਨ੍ਹਾਂ ਦਾ ਕੀ ਮਕਸਦ ਸੀ? (“‘ਤੁਸੀਂ ਜ਼ਮੀਨ ਦਾ ਕੁਝ ਹਿੱਸਾ ਭੇਟ ਵਜੋਂ ਵੱਖਰਾ ਰੱਖਣਾ’” ਨਾਂ ਦੀ ਡੱਬੀ ਦੇਖੋ।)

3 ਜ਼ਮੀਨ ਦਾ ਵੱਖਰਾ ਰੱਖਿਆ ਗਿਆ ਹਿੱਸਾ ਖ਼ਾਸ ਸੀ। ਉੱਤਰ ਤੋਂ ਦੱਖਣ ਅਤੇ ਪੂਰਬ ਤੋਂ ਪੱਛਮ ਤਕ ਇਸ ਦੀ ਲੰਬਾਈ-ਚੁੜਾਈ 25,000 ਹੱਥ ਯਾਨੀ 13 ਕਿਲੋਮੀਟਰ ਸੀ। ਜ਼ਮੀਨ ਦਾ ਇਹ ਚੌਰਸ ਹਿੱਸਾ “ਭੇਟ ਕੀਤੀ ਗਈ ਪੂਰੀ ਜ਼ਮੀਨ” ਸੀ। ਇਸ ਨੂੰ ਤਿੰਨ ਹਿੱਸਿਆਂ ਵਿਚ ਵੰਡਿਆ ਗਿਆ ਸੀ। ਉੱਪਰਲਾ ਹਿੱਸਾ ਲੇਵੀਆਂ ਲਈ ਅਤੇ ਵਿਚਕਾਰਲਾ ਹਿੱਸਾ ਮੰਦਰ ਅਤੇ ਪੁਜਾਰੀਆਂ ਲਈ ਸੀ। ਇਨ੍ਹਾਂ ਦੋਵਾਂ ਹਿੱਸਿਆਂ ਨੂੰ ਮਿਲਾ ਕੇ “ਪਵਿੱਤਰ ਭੇਟ” ਕਿਹਾ ਗਿਆ। “ਬਾਕੀ ਬਚੀ ਜ਼ਮੀਨ” ਯਾਨੀ ਹੇਠਲਾ ਛੋਟਾ ਹਿੱਸਾ “ਆਮ ਵਰਤੋਂ” ਲਈ ਸੀ। ਇਹ ਜ਼ਮੀਨ ਸ਼ਹਿਰ ਲਈ ਸੀ।​—ਹਿਜ਼. 48:15, 20.

4. ਯਹੋਵਾਹ ਨੂੰ ਭੇਟ ਕੀਤੀ ਜ਼ਮੀਨ ਬਾਰੇ ਜਾਣ ਕੇ ਅਸੀਂ ਕੀ ਸਿੱਖਦੇ ਹਾਂ?

4 ਯਹੋਵਾਹ ਨੂੰ ਭੇਟ ਕੀਤੀ ਜ਼ਮੀਨ ਬਾਰੇ ਜਾਣਕਾਰੀ ਤੋਂ ਅਸੀਂ ਕੀ ਸਿੱਖ ਸਕਦੇ ਹਾਂ? ਗੌਰ ਕਰੋ ਕਿ ਪਰਮੇਸ਼ੁਰ ਨੇ ਕਿਹਾ ਕਿ ਸਭ ਤੋਂ ਪਹਿਲਾਂ ਦੇਸ਼ ਦੀ ਜ਼ਮੀਨ ਦਾ ਇਕ ਹਿੱਸਾ ਖ਼ਾਸ ਭੇਟ ਲਈ ਅਲੱਗ ਰੱਖਿਆ ਜਾਵੇ ਅਤੇ ਇਸ ਤੋਂ ਬਾਅਦ ਬਾਕੀ ਜ਼ਮੀਨ ਗੋਤਾਂ ਵਿਚ ਵੰਡੀ ਜਾਵੇ। ਇਹ ਕਹਿ ਕੇ ਯਹੋਵਾਹ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਦੇਸ਼ ਵਿਚ ਭਗਤੀ ਦੀ ਇਸ ਖ਼ਾਸ ਜਗ੍ਹਾ ਨੂੰ ਸਭ ਤੋਂ ਜ਼ਿਆਦਾ ਅਹਿਮੀਅਤ ਦਿੱਤੀ ਜਾਵੇ। (ਹਿਜ਼. 45:1) ਇਸ ਕਾਰਨ ਗ਼ੁਲਾਮੀ ਵਿਚ ਰਹਿਣ ਵਾਲੇ ਯਹੂਦੀਆਂ ਦੇ ਦਿਮਾਗ਼ ਵਿਚ ਇਹ ਗੱਲ ਚੰਗੀ ਤਰ੍ਹਾਂ ਬੈਠ ਗਈ ਹੋਣੀ ਕਿ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਵਿਚ ਯਹੋਵਾਹ ਦੀ ਭਗਤੀ ਨੂੰ ਪਹਿਲ ਦੇਣੀ ਚਾਹੀਦੀ ਹੈ। ਅੱਜ ਅਸੀਂ ਵੀ ਪਰਮੇਸ਼ੁਰ ਦੇ ਕੰਮਾਂ ਨੂੰ ਜ਼ਿੰਦਗੀ ਵਿਚ ਪਹਿਲ ਦਿੰਦੇ ਹਾਂ, ਜਿਵੇਂ ਪਰਮੇਸ਼ੁਰ ਦਾ ਬਚਨ ਪੜ੍ਹਨਾ, ਸਭਾਵਾਂ ਵਿਚ ਜਾਣਾ ਅਤੇ ਪ੍ਰਚਾਰ ਕਰਨਾ। ਯਹੋਵਾਹ ਆਪਣੀ ਮਿਸਾਲ ਰਾਹੀਂ ਸਾਨੂੰ ਸਿਖਾਉਣਾ ਚਾਹੁੰਦਾ ਹੈ ਕਿ ਸਾਨੂੰ ਰੋਜ਼ਮੱਰਾ ਦੀ ਜ਼ਿੰਦਗੀ ਵਿਚ ਉਸ ਦੀ ਭਗਤੀ ਨੂੰ ਪਹਿਲ ਦੇਣੀ ਚਾਹੀਦੀ ਹੈ।

“ਸ਼ਹਿਰ ਇਸ ਦੇ ਵਿਚਕਾਰ ਹੋਵੇਗਾ”

5, 6. (ੳ) ਸ਼ਹਿਰ ਦੀ ਜ਼ਮੀਨ ਕਿਸ ਦੀ ਸੀ? (ਅ) ਸ਼ਹਿਰ ਦਾ ਮਤਲਬ ਕੀ ਨਹੀਂ ਹੈ ਅਤੇ ਕਿਉਂ?

5 ਹਿਜ਼ਕੀਏਲ 48:15 ਪੜ੍ਹੋ। “ਸ਼ਹਿਰ” ਅਤੇ ਉਸ ਦੇ ਆਲੇ-ਦੁਆਲੇ ਦੀ ਜ਼ਮੀਨ ਦੀ ਕੀ ਅਹਿਮੀਅਤ ਸੀ? (ਹਿਜ਼. 48:16-18) ਦਰਸ਼ਣ ਵਿਚ ਯਹੋਵਾਹ ਨੇ ਹਿਜ਼ਕੀਏਲ ਨੂੰ ਦੱਸਿਆ: “ਸ਼ਹਿਰ ਦੇ ਲਈ ਜ਼ਮੀਨ . . . ਇਜ਼ਰਾਈਲ ਦੇ ਸਾਰੇ ਘਰਾਣੇ ਦੀ ਹੋਵੇਗੀ।” (ਹਿਜ਼. 45:6, 7) ਇਸ ਤੋਂ ਪਤਾ ਲੱਗਦਾ ਹੈ ਕਿ ਸ਼ਹਿਰ ਅਤੇ ਇਸ ਦੇ ਆਲੇ-ਦੁਆਲੇ ਦੀ ਜ਼ਮੀਨ ਉਸ “ਪਵਿੱਤਰ ਭੇਟ” ਦਾ ਹਿੱਸਾ ਨਹੀਂ ਸੀ ਜੋ ‘ਯਹੋਵਾਹ ਲਈ ਭੇਟ ਵਜੋਂ ਵੱਖਰੀ ਰੱਖੀ’ ਜਾਣੀ ਸੀ। (ਹਿਜ਼. 48:9) ਇਹ ਗੱਲ ਧਿਆਨ ਵਿਚ ਰੱਖਦਿਆਂ ਆਓ ਆਪਾਂ ਦੇਖੀਏ ਕਿ ਅਸੀਂ ਸ਼ਹਿਰ ਦੇ ਇੰਤਜ਼ਾਮ ਤੋਂ ਕੀ ਸਿੱਖ ਸਕਦੇ ਹਾਂ।

6 ਇਸ ਤੋਂ ਪਹਿਲਾਂ ਆਓ ਦੇਖੀਏ ਕਿ ਸ਼ਹਿਰ ਦਾ ਮਤਲਬ ਕੀ ਨਹੀਂ ਹੋ ਸਕਦਾ। ਦਰਸ਼ਣ ਵਿਚ ਦਿਖਾਏ ਇਸ ਸ਼ਹਿਰ ਦਾ ਮਤਲਬ ਦੁਬਾਰਾ ਬਣਾਇਆ ਗਿਆ ਯਰੂਸ਼ਲਮ ਸ਼ਹਿਰ ਨਹੀਂ ਹੋ ਸਕਦਾ ਜਿੱਥੇ ਮੰਦਰ ਬਣਾਇਆ ਗਿਆ ਸੀ। ਇਸ ਤਰ੍ਹਾਂ ਕਿਉਂ? ਕਿਉਂਕਿ ਹਿਜ਼ਕੀਏਲ ਨੇ ਜੋ ਸ਼ਹਿਰ ਦੇਖਿਆ, ਉਸ ਵਿਚ ਕੋਈ ਮੰਦਰ ਨਹੀਂ ਸੀ। ਦਰਸ਼ਣ ਵਿਚਲਾ ਇਹ ਸ਼ਹਿਰ ਮੁੜ ਵਸਾਏ ਗਏ ਇਜ਼ਰਾਈਲ ਦੇ ਕਿਸੇ ਹੋਰ ਸ਼ਹਿਰ ਨੂੰ ਵੀ ਨਹੀਂ ਦਰਸਾਉਂਦਾ। ਕਿਉਂ? ਕਿਉਂਕਿ ਦਰਸ਼ਣ ਵਿਚ ਜਿਸ ਤਰ੍ਹਾਂ ਦਾ ਸ਼ਹਿਰ ਦਿਖਾਇਆ ਗਿਆ ਸੀ, ਉਸ ਤਰ੍ਹਾਂ ਦਾ ਸ਼ਹਿਰ ਨਾ ਤਾਂ ਆਪਣੇ ਦੇਸ਼ ਵਾਪਸ ਆਏ ਯਹੂਦੀਆਂ ਨੇ ਕਦੇ ਬਣਾਇਆ ਸੀ ਤੇ ਨਾ ਹੀ ਉਨ੍ਹਾਂ ਦੀ ਔਲਾਦ ਨੇ। ਇਸ ਤੋਂ ਇਲਾਵਾ, ਇਹ ਸਵਰਗੀ ਸ਼ਹਿਰ ਨੂੰ ਵੀ ਨਹੀਂ ਦਰਸਾ ਸਕਦਾ ਕਿਉਂਕਿ ਇਹ ਸ਼ਹਿਰ “ਸਾਧਾਰਣ ਥਾਂ” ’ਤੇ ਬਣਿਆ ਹੋਇਆ ਸੀ, ਨਾ ਕਿ ਭਗਤੀ ਲਈ ਵੱਖਰੀ ਕੀਤੀ ਜ਼ਮੀਨ ਉੱਤੇ।​—ਹਿਜ਼. 42:20.

7. ਹਿਜ਼ਕੀਏਲ ਦੁਆਰਾ ਦੇਖਿਆ ਸ਼ਹਿਰ ਕੀ ਹੈ ਅਤੇ ਸ਼ਾਇਦ ਉਹ ਸ਼ਹਿਰ ਕਿਸ ਨੂੰ ਦਰਸਾਉਂਦਾ ਹੈ? (ਪਹਿਲੀ ਤਸਵੀਰ ਦੇਖੋ।)

7 ਤਾਂ ਫਿਰ ਉਹ ਸ਼ਹਿਰ ਕੀ ਸੀ ਜੋ ਹਿਜ਼ਕੀਏਲ ਨੇ ਦੇਖਿਆ ਸੀ? ਯਾਦ ਕਰੋ ਕਿ ਹਿਜ਼ਕੀਏਲ ਨੇ ਜਿਸ ਦਰਸ਼ਣ ਵਿਚ ਦੇਸ਼ ਦੇਖਿਆ ਸੀ, ਉਸੇ ਵਿਚ ਸ਼ਹਿਰ ਵੀ ਦੇਖਿਆ ਸੀ। (ਹਿਜ਼. 40:2; 45:1, 6) ਪਰਮੇਸ਼ੁਰ ਦੇ ਬਚਨ ਤੋਂ ਪਤਾ ਲੱਗਦਾ ਹੈ ਕਿ ਹਿਜ਼ਕੀਏਲ ਨੇ ਜੋ ਦੇਸ਼ ਦੇਖਿਆ, ਉਹ ਸੱਚ-ਮੁੱਚ ਦਾ ਕੋਈ ਦੇਸ਼ ਨਹੀਂ ਸੀ। ਇਸੇ ਤਰ੍ਹਾਂ ਇਹ ਸ਼ਹਿਰ ਵੀ ਕੋਈ ਸੱਚ-ਮੁੱਚ ਦਾ ਸ਼ਹਿਰ ਨਹੀਂ ਸੀ। ਆਮ ਤੌਰ ਤੇ “ਸ਼ਹਿਰ” ਸ਼ਬਦ ਸੁਣ ਕੇ ਸਾਡੇ ਮਨ ਵਿਚ ਕੀ ਤਸਵੀਰ ਬਣਦੀ ਹੈ? ਇਕ ਅਜਿਹੀ ਜਗ੍ਹਾ ਜਿੱਥੇ ਬਹੁਤ ਸਾਰੇ ਲੋਕ ਰਹਿੰਦੇ ਹਨ ਅਤੇ ਹਰ ਕੰਮ ਸਹੀ ਢੰਗ ਨਾਲ ਤੇ ਕਾਇਦੇ-ਕਾਨੂੰਨਾਂ ਮੁਤਾਬਕ ਕੀਤਾ ਜਾਂਦਾ ਹੈ। ਇਸ ਲਈ ਲੱਗਦਾ ਹੈ ਕਿ ਚੌਰਸ ਜ਼ਮੀਨ ’ਤੇ ਬਣਿਆ ਇਹ ਸ਼ਹਿਰ ਸਹੀ ਤਰੀਕੇ ਨਾਲ ਕੰਮ ਕਰਨ ਵਾਲੇ ਪ੍ਰਸ਼ਾਸਨ ਨੂੰ ਦਰਸਾਉਂਦਾ ਹੈ।

8. ਇਸ ਪ੍ਰਸ਼ਾਸਨ ਦਾ ਅਧਿਕਾਰ ਕਿੱਥੇ ਤਕ ਹੈ ਤੇ ਅਸੀਂ ਇਹ ਕਿਉਂ ਕਹਿੰਦੇ ਹਾਂ?

8 ਇਸ ਪ੍ਰਸ਼ਾਸਨ ਦਾ ਅਧਿਕਾਰ ਕਿੱਥੇ ਤਕ ਹੈ? ਦਰਸ਼ਣ ਵਿਚ ਦੇਖਿਆ ਗਿਆ ਇਹ ਸ਼ਹਿਰ ਸ਼ੁੱਧ ਭਗਤੀ ਕਰਨ ਵਾਲੇ ਲੋਕਾਂ ਦੇ “ਦੇਸ਼” ਦੇ ਅੰਦਰ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਇਹ ਪ੍ਰਸ਼ਾਸਨ ਸ਼ੁੱਧ ਭਗਤੀ ਨਾਲ ਜੁੜੇ ਕੰਮਾਂ ਵਿਚ ਪਰਮੇਸ਼ੁਰ ਦੇ ਲੋਕਾਂ ਨੂੰ ਸੇਧ ਦਿੰਦਾ ਹੈ। ਸ਼ਹਿਰ ਸਾਧਾਰਣ ਜਗ੍ਹਾ ’ਤੇ ਬਣਿਆ ਹੋਇਆ ਹੈ, ਇਸ ਤੋਂ ਕੀ ਪਤਾ ਲੱਗਦਾ ਹੈ? ਇਹੀ ਕਿ ਸ਼ਹਿਰ ਸਵਰਗ ਦੇ ਪ੍ਰਸ਼ਾਸਨ ਨੂੰ ਨਹੀਂ, ਸਗੋਂ ਧਰਤੀ ਦੇ ਪ੍ਰਸ਼ਾਸਨ ਨੂੰ ਦਰਸਾਉਂਦਾ ਹੈ। ਇਹ ਪ੍ਰਸ਼ਾਸਨ ਅੱਜ ਧਰਤੀ ’ਤੇ ਪਰਮੇਸ਼ੁਰ ਦੇ ਲੋਕਾਂ ਲਈ ਕੰਮ ਕਰਦਾ ਹੈ ਜੋ ਉੱਚੇ-ਸੁੱਚੇ ਤਰੀਕੇ ਨਾਲ ਉਸ ਦੀ ਭਗਤੀ ਕਰਦੇ ਹਨ।

9. (ੳ) ਧਰਤੀ ਦਾ ਪ੍ਰਸ਼ਾਸਨ ਚਲਾਉਣ ਵਾਲੇ ਕੌਣ ਹਨ? (ਅ) ਹਜ਼ਾਰ ਸਾਲ ਦੇ ਰਾਜ ਦੌਰਾਨ ਯਿਸੂ ਕੀ ਕਰੇਗਾ?

9 ਧਰਤੀ ਦਾ ਪ੍ਰਸ਼ਾਸਨ ਕੌਣ ਚਲਾਉਂਦੇ ਹਨ? ਹਿਜ਼ਕੀਏਲ ਦੇ ਦਰਸ਼ਣ ਵਿਚ ਸ਼ਹਿਰ ਦੇ ਸਰਕਾਰੀ ਕੰਮ-ਕਾਜ ਦੀ ਅਗਵਾਈ ਕਰਨ ਵਾਲੇ ਵਿਅਕਤੀ ਨੂੰ “ਮੁਖੀ” ਕਿਹਾ ਗਿਆ ਹੈ। (ਹਿਜ਼. 45:7) ਉਹ ਪਰਮੇਸ਼ੁਰ ਦੇ ਲੋਕਾਂ ਦਾ ਨਿਗਰਾਨ ਸੀ, ਪਰ ਉਹ ਨਾ ਤਾਂ ਪੁਜਾਰੀ ਸੀ ਤੇ ਨਾ ਹੀ ਲੇਵੀ। ਇਹ ਮੁਖੀ ਸਾਨੂੰ ਮੰਡਲੀ ਵਿਚ ਅਗਵਾਈ ਕਰਨ ਵਾਲੇ ਉਨ੍ਹਾਂ ਭਰਾਵਾਂ ਦੀ ਯਾਦ ਦਿਵਾਉਂਦਾ ਹੈ ਜੋ ਚੁਣੇ ਹੋਏ ਮਸੀਹੀ ਨਹੀਂ ਹਨ। ਇਹ ਭਰਾ “ਹੋਰ ਭੇਡਾਂ” ਵਿੱਚੋਂ ਹਨ ਜੋ ਮਸੀਹ ਦੀ ਸਵਰਗੀ ਸਰਕਾਰ ਅਧੀਨ ਰਹਿ ਕੇ ਨਿਮਰਤਾ ਨਾਲ ਧਰਤੀ ਉੱਤੇ ਸੇਵਾ ਕਰਦੇ ਹਨ ਤੇ ਪਿਆਰ ਨਾਲ ਸਾਡੀ ਦੇਖ-ਭਾਲ ਕਰਦੇ ਹਨ। (ਯੂਹੰ. 10:16) ਹਜ਼ਾਰ ਸਾਲ ਦੇ ਰਾਜ ਦੌਰਾਨ ਯਿਸੂ ‘ਪੂਰੀ ਧਰਤੀ ਉੱਤੇ ਹਾਕਮਾਂ’ ਯਾਨੀ ਕਾਬਲ ਬਜ਼ੁਰਗਾਂ ਨੂੰ ਨਿਯੁਕਤ ਕਰੇਗਾ। (ਜ਼ਬੂ. 45:16) ਉਸ ਸਮੇਂ ਦੌਰਾਨ ਉਹ ਸਵਰਗੀ ਸਰਕਾਰ ਅਧੀਨ ਰਹਿ ਕੇ ਪਰਮੇਸ਼ੁਰ ਦੇ ਲੋਕਾਂ ਦੇ ਭਲੇ ਲਈ ਕੰਮ ਕਰਨਗੇ।

“ਯਹੋਵਾਹ ਉੱਥੇ ਹੈ”

10. ਸ਼ਹਿਰ ਦਾ ਨਾਂ ਕੀ ਹੈ ਅਤੇ ਇਸ ਨਾਂ ਤੋਂ ਲੋਕਾਂ ਨੂੰ ਕੀ ਯਕੀਨ ਹੋਇਆ?

10 ਹਿਜ਼ਕੀਏਲ 48:35 ਪੜ੍ਹੋ। ਸ਼ਹਿਰ ਦਾ ਨਾਂ ਹੈ “ਯਹੋਵਾਹ ਉੱਥੇ ਹੈ।” ਇਸ ਨਾਂ ਤੋਂ ਲੋਕਾਂ ਨੂੰ ਯਕੀਨ ਹੋਇਆ ਹੋਣਾ ਕਿ ਉਸ ਸ਼ਹਿਰ ਵਿਚ ਯਹੋਵਾਹ ਦੀ ਮੌਜੂਦਗੀ ਹੋਣੀ ਸੀ। ਯਹੋਵਾਹ ਨੇ ਹਿਜ਼ਕੀਏਲ ਨੂੰ ਦਰਸ਼ਣ ਵਿਚ ਦਿਖਾਇਆ ਕਿ ਸ਼ਹਿਰ ਦੇਸ਼ ਦੇ ਵਿਚਕਾਰ ਹੋਵੇਗਾ। ਇਹ ਦਿਖਾ ਕੇ ਯਹੋਵਾਹ ਨੇ ਗ਼ੁਲਾਮ ਯਹੂਦੀਆਂ ਨੂੰ ਭਰੋਸਾ ਦਿਵਾਇਆ: “ਮੈਂ ਫਿਰ ਤੋਂ ਤੁਹਾਡੇ ਨਾਲ ਰਹਾਂਗਾ।” ਇਹ ਜਾਣ ਕੇ ਉਨ੍ਹਾਂ ਦਾ ਭਰੋਸਾ ਕਿੰਨਾ ਵਧਿਆ ਹੋਣਾ!

11. ਸ਼ਹਿਰ ਅਤੇ ਉਸ ਦੇ ਨਾਂ ਤੋਂ ਅਸੀਂ ਕਿਹੜੇ ਸਬਕ ਸਿੱਖ ਸਕਦੇ ਹਾਂ?

11 ਹਿਜ਼ਕੀਏਲ ਦੀ ਭਵਿੱਖਬਾਣੀ ਦੇ ਇਸ ਹਿੱਸੇ ਤੋਂ ਅਸੀਂ ਕਿਹੜੇ ਸਬਕ ਸਿੱਖ ਸਕਦੇ ਹਾਂ? ਸ਼ਹਿਰ ਦਾ ਨਾਂ ਸਾਨੂੰ ਭਰੋਸਾ ਦਿਵਾਉਂਦਾ ਹੈ ਕਿ ਅੱਜ ਪਰਮੇਸ਼ੁਰ ਧਰਤੀ ’ਤੇ ਆਪਣੇ ਸੇਵਕਾਂ ਦੇ ਨਾਲ ਹੈ ਅਤੇ ਹਮੇਸ਼ਾ ਰਹੇਗਾ। ਸ਼ਹਿਰ ਦੇ ਅਨੋਖੇ ਨਾਂ ਤੋਂ ਇਹ ਅਹਿਮ ਸੱਚਾਈ ਪਤਾ ਲੱਗਦੀ ਹੈ: ਇਹ ਸ਼ਹਿਰ ਯਾਨੀ ਪ੍ਰਸ਼ਾਸਨ ਇਨਸਾਨਾਂ ਨੂੰ ਅਧਿਕਾਰ ਨਹੀਂ ਦਿੰਦਾ, ਬਲਕਿ ਇਹ ਉਨ੍ਹਾਂ ਦੀ ਯਹੋਵਾਹ ਦੇ ਕਾਨੂੰਨ ਲਾਗੂ ਕਰਨ ਵਿਚ ਮਦਦ ਕਰਦਾ ਹੈ ਜੋ ਸਖ਼ਤ ਨਹੀਂ, ਸਗੋਂ ਉਨ੍ਹਾਂ ਦੇ ਭਲੇ ਲਈ ਹਨ। ਮਿਸਾਲ ਲਈ, ਦਰਸ਼ਣ ਵਿਚ ਯਹੋਵਾਹ ਨੇ ਪ੍ਰਸ਼ਾਸਨ ਨੂੰ ਇਹ ਅਧਿਕਾਰ ਨਹੀਂ ਦਿੱਤਾ ਕਿ ਉਹ ਆਪਣੀ ਮਰਜ਼ੀ ਨਾਲ ਜ਼ਮੀਨ ਵੰਡੇ, ਸਗੋਂ ਯਹੋਵਾਹ ਨੇ ਆਪ ਲੋਕਾਂ ਵਿਚ ਇਹ ਜ਼ਮੀਨ ਵੰਡੀ। ਇਸੇ ਤਰ੍ਹਾਂ ਯਹੋਵਾਹ ਖ਼ੁਦ ਆਪਣੇ ਸਾਰੇ ਸੇਵਕਾਂ ਨੂੰ ਸੇਵਾ ਕਰਨ ਦੇ ਮੌਕੇ ਦਿੰਦਾ ਹੈ, ਉਨ੍ਹਾਂ ਨੂੰ ਵੀ ਜੋ ਦੁਨੀਆਂ ਦੀਆਂ ਨਜ਼ਰਾਂ ਵਿਚ ਮਾਮੂਲੀ ਸਮਝੇ ਜਾਂਦੇ ਹਨ। ਯਹੋਵਾਹ ਇਸ ਪ੍ਰਸ਼ਾਸਨ ਤੋਂ ਉਮੀਦ ਰੱਖਦਾ ਹੈ ਕਿ ਉਹ ਉਸ ਦੇ ਇਨ੍ਹਾਂ ਫ਼ੈਸਲਿਆਂ ਮੁਤਾਬਕ ਚੱਲੇ।​—ਹਿਜ਼. 46:18; 48:29.

12. (ੳ) ਸ਼ਹਿਰ ਦੀ ਇਕ ਖ਼ਾਸੀਅਤ ਕਿਹੜੀ ਸੀ ਅਤੇ ਇਸ ਤੋਂ ਕੀ ਪਤਾ ਚੱਲਦਾ ਹੈ? (ਅ) ਸ਼ਹਿਰ ਦੇ ਦਰਵਾਜ਼ਿਆਂ ਤੋਂ ਮਸੀਹੀ ਨਿਗਾਹਬਾਨ ਕੀ ਸਿੱਖਦੇ ਹਨ?

12 “ਯਹੋਵਾਹ ਉੱਥੇ ਹੈ” ਨਾਂ ਦੇ ਸ਼ਹਿਰ ਦੀ ਇਕ ਖ਼ਾਸੀਅਤ ਕਿਹੜੀ ਹੈ? ਪੁਰਾਣੇ ਜ਼ਮਾਨੇ ਵਿਚ ਸ਼ਹਿਰ ਦੀ ਸੁਰੱਖਿਆ ਵਾਸਤੇ ਜੋ ਕੰਧ ਬਣਾਈ ਜਾਂਦੀ ਸੀ, ਉਸ ਵਿਚ ਬਹੁਤ ਘੱਟ ਦਰਵਾਜ਼ੇ ਰੱਖੇ ਜਾਂਦੇ ਸਨ, ਪਰ ਇਸ ਸ਼ਹਿਰ ਦੇ 12 ਦਰਵਾਜ਼ੇ ਸਨ। (ਹਿਜ਼. 48:30-34) ਇਸ ਚੌਰਸ ਸ਼ਹਿਰ ਦੇ ਹਰ ਪਾਸੇ ਤਿੰਨ-ਤਿੰਨ ਦਰਵਾਜ਼ੇ ਸਨ। ਇੰਨੇ ਸਾਰੇ ਦਰਵਾਜ਼ੇ ਹੋਣ ਦਾ ਮਤਲਬ ਹੈ ਕਿ ਸ਼ਹਿਰ ਵਿਚ ਪ੍ਰਸ਼ਾਸਨ ਦੀਆਂ ਜ਼ਿੰਮੇਵਾਰੀਆਂ ਸੰਭਾਲਣ ਵਾਲੇ ਲੋਕ ਮਿਲਣਸਾਰ ਹਨ ਅਤੇ ਪਰਮੇਸ਼ੁਰ ਦੇ ਸਾਰੇ ਲੋਕਾਂ ਦੀ ਮਦਦ ਕਰਨ ਵਾਸਤੇ ਹਰ ਵੇਲੇ ਤਿਆਰ ਰਹਿੰਦੇ ਹਨ। ਇਸ ਤੋਂ ਇਲਾਵਾ, ਸ਼ਹਿਰ ਦੇ ਚਾਰੇ ਪਾਸੇ ਕੁੱਲ 12 ਦਰਵਾਜ਼ੇ ਹੋਣ ਕਰਕੇ “ਇਜ਼ਰਾਈਲ ਦੇ ਸਾਰੇ ਘਰਾਣੇ” ਵਿੱਚੋਂ ਹਰ ਕੋਈ ਉਸ ਵਿਚ ਆ ਸਕਦਾ ਸੀ। (ਹਿਜ਼. 45:6) ਸ਼ਹਿਰ ਦੇ ਦਰਵਾਜ਼ਿਆਂ ਤੋਂ ਮਸੀਹੀ ਨਿਗਾਹਬਾਨ ਇਕ ਅਹਿਮ ਗੱਲ ਸਿੱਖ ਸਕਦੇ ਹਨ। ਯਹੋਵਾਹ ਚਾਹੁੰਦਾ ਹੈ ਕਿ ਉਹ ਮਿਲਣਸਾਰ ਹੋਣ ਅਤੇ ਉਨ੍ਹਾਂ ਸਾਰੇ ਲੋਕਾਂ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿਣ ਜੋ ਉੱਚੇ-ਸੁੱਚੇ ਤਰੀਕੇ ਨਾਲ ਉਸ ਦੀ ਭਗਤੀ ਕਰਦੇ ਹਨ।

ਮਸੀਹੀ ਨਿਗਾਹਬਾਨ ਮਿਲਣਸਾਰ ਹਨ ਅਤੇ ਦੂਸਰਿਆਂ ਦੀ ਮਦਦ ਕਰਨ ਲਈ ਤਿਆਰ ਰਹਿੰਦੇ ਹਨ (ਪੈਰਾ 12 ਦੇਖੋ)

ਪਰਮੇਸ਼ੁਰ ਦੇ ਲੋਕ “ਭਗਤੀ ਕਰਨ ਆਉਂਦੇ ਹਨ” ਅਤੇ “ਸ਼ਹਿਰ ਲਈ ਕੰਮ ਕਰਦੇ ਹਨ”

13. ਯਹੋਵਾਹ ਨੇ ਕਿਹੜੇ ਕੰਮ ਦੱਸੇ ਜੋ ਉਸ ਦੇ ਲੋਕਾਂ ਨੇ ਕਰਨੇ ਸਨ?

13 ਆਓ ਆਪਾਂ ਫਿਰ ਤੋਂ ਹਿਜ਼ਕੀਏਲ ਦੇ ਜ਼ਮਾਨੇ ਵਿਚ ਚੱਲੀਏ ਅਤੇ ਜਾਣੀਏ ਕਿ ਜ਼ਮੀਨ ਦੀ ਵੰਡ ਵਾਲੇ ਦਰਸ਼ਣ ਵਿਚ ਉਸ ਨੇ ਹੋਰ ਕੀ-ਕੀ ਦੇਖਿਆ। ਯਹੋਵਾਹ ਨੇ ਦੱਸਿਆ ਕਿ ਲੋਕ ਅਲੱਗ-ਅਲੱਗ ਤਰੀਕੇ ਨਾਲ ਉਸ ਦੀ ਸੇਵਾ ਕਰਨਗੇ। “ਪਵਿੱਤਰ ਸਥਾਨ ਵਿਚ ਸੇਵਾ” ਕਰਨ ਵਾਲੇ ਪੁਜਾਰੀ ਬਲ਼ੀਆਂ ਚੜ੍ਹਾਉਣਗੇ ਅਤੇ ਯਹੋਵਾਹ ਦੇ ਹਜ਼ੂਰ ਆ ਕੇ ਉਸ ਦੀ ਸੇਵਾ ਕਰਨਗੇ। “ਮੰਦਰ ਵਿਚ ਸੇਵਾ” ਕਰਨ ਵਾਲੇ ਲੇਵੀ “ਉੱਥੇ ਸੇਵਾ ਦੇ ਸਾਰੇ ਕੰਮ” ਕਰਨਗੇ। (ਹਿਜ਼. 44:14-16; 45:4, 5) ਇਸ ਤੋਂ ਇਲਾਵਾ, ਕੁਝ ਲੋਕ ਸ਼ਹਿਰ ਦੇ ਨੇੜੇ ਆ ਕੇ ਕੰਮ ਕਰਨਗੇ। ਇਹ ਕੰਮ ਕਰਨ ਵਾਲੇ ਕੌਣ ਹਨ?

14. ਸ਼ਹਿਰ ਦੇ ਨੇੜੇ ਕੰਮ ਕਰਨ ਵਾਲੇ ਸਾਨੂੰ ਕੀ ਯਾਦ ਦਿਵਾਉਂਦੇ ਹਨ?

14 ਸ਼ਹਿਰ ਦੇ ਨੇੜੇ ਕੰਮ ਕਰਨ ਵਾਲੇ “ਸ਼ਹਿਰ ਦੇ ਸਾਰੇ ਗੋਤਾਂ” ਵਿੱਚੋਂ ਹਨ। ਉਹ ਸ਼ਹਿਰ ਦੀ ਮਦਦ ਲਈ ਕੰਮ ਕਰਦੇ ਹਨ। ਉਹ ਫ਼ਸਲਾਂ ਉਗਾਉਂਦੇ ਹਨ ਤਾਂਕਿ ਉਨ੍ਹਾਂ ਲੋਕਾਂ ਨੂੰ ਖਾਣ ਲਈ ਭੋਜਨ ਮਿਲੇ “ਜੋ ਸ਼ਹਿਰ ਲਈ ਕੰਮ ਕਰਦੇ ਹਨ।” (ਹਿਜ਼. 48:18, 19) ਇਹ ਇੰਤਜ਼ਾਮ ਸਾਨੂੰ ਇਕ ਗੱਲ ਯਾਦ ਕਰਾਉਂਦਾ ਹੈ। ਅੱਜ ਉੱਚੀ-ਸੁੱਚੀ ਭਗਤੀ ਕਰਨ ਵਾਲਿਆਂ ਦੇ “ਦੇਸ਼” ਦੇ ਸਾਰੇ ਵਾਸੀਆਂ ਨੂੰ ਇਸੇ ਤਰ੍ਹਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਸਾਨੂੰ ਮਸੀਹ ਦੇ ਚੁਣੇ ਹੋਏ ਭਰਾਵਾਂ ਅਤੇ “ਵੱਡੀ ਭੀੜ” ਦੇ ਉਨ੍ਹਾਂ ਲੋਕਾਂ ਦਾ ਸਾਥ ਦੇਣ ਦਾ ਮੌਕਾ ਮਿਲਿਆ ਹੈ ਜਿਨ੍ਹਾਂ ਨੂੰ ਯਹੋਵਾਹ ਨੇ ਅਗਵਾਈ ਕਰਨ ਦੀ ਜ਼ਿੰਮੇਵਾਰੀ ਸੌਂਪੀ ਹੈ। (ਪ੍ਰਕਾ. 7:9, 10) ਉਨ੍ਹਾਂ ਦਾ ਸਾਥ ਦੇਣ ਦਾ ਇਕ ਅਹਿਮ ਤਰੀਕਾ ਹੈ ਵਫ਼ਾਦਾਰ ਨੌਕਰ ਤੋਂ ਮਿਲਦੀਆਂ ਹਿਦਾਇਤਾਂ ਨੂੰ ਖ਼ੁਸ਼ੀ-ਖ਼ੁਸ਼ੀ ਮੰਨਣਾ।

15, 16. (ੳ) ਹਿਜ਼ਕੀਏਲ ਨੂੰ ਦਰਸ਼ਣ ਵਿਚ ਹੋਰ ਕੀ ਦੱਸਿਆ ਗਿਆ? (ਅ) ਅੱਜ ਸਾਨੂੰ ਸੇਵਾ ਦੇ ਕਿਹੜੇ ਕੰਮ ਕਰਨ ਦਾ ਮੌਕਾ ਮਿਲਿਆ ਹੈ?

15 ਹਿਜ਼ਕੀਏਲ ਦੇ ਦਰਸ਼ਣ ਵਿਚ ਇਕ ਹੋਰ ਅਹਿਮ ਗੱਲ ਦੱਸੀ ਗਈ ਜਿਸ ਤੋਂ ਸਾਨੂੰ ਯਹੋਵਾਹ ਦੀ ਸੇਵਾ ਬਾਰੇ ਅਹਿਮ ਸਬਕ ਸਿੱਖਣ ਨੂੰ ਮਿਲਦਾ ਹੈ। ਯਹੋਵਾਹ ਦੱਸਦਾ ਹੈ ਕਿ 12 ਗੋਤਾਂ ਦੇ ਲੋਕ, ਜੋ ਲੇਵੀ ਨਹੀਂ ਹਨ, ਦੋ ਥਾਵਾਂ ’ਤੇ ਸੇਵਾ ਕਰਦੇ ਹਨ: ਮੰਦਰ ਦੇ ਵਿਹੜੇ ਅਤੇ ਸ਼ਹਿਰ ਦੀ ਚਰਾਂਦ ਵਿਚ। ਇਨ੍ਹਾਂ ਦੋਹਾਂ ਥਾਵਾਂ ’ਤੇ ਉਹ ਕਿਹੜੇ ਕੰਮ ਕਰਦੇ ਹਨ? ਮੰਦਰ ਦੇ ਵਿਹੜੇ ਵਿਚ ਸਾਰੇ ਗੋਤ “ਯਹੋਵਾਹ ਦੇ ਅੱਗੇ ਭਗਤੀ ਕਰਨ ਆਉਂਦੇ ਹਨ” ਅਤੇ ਉਸ ਅੱਗੇ ਬਲ਼ੀਆਂ ਚੜ੍ਹਾਉਂਦੇ ਹਨ। (ਹਿਜ਼. 46:9, 24) ਇਸ ਸ਼ਹਿਰ ਦੀ ਜ਼ਮੀਨ ਉੱਤੇ ਸਾਰੇ ਗੋਤਾਂ ਦੇ ਲੋਕ ਖੇਤੀ-ਬਾੜੀ ਕਰ ਕੇ ਸ਼ਹਿਰ ਦੀ ਮਦਦ ਕਰਦੇ ਹਨ। ਇਨ੍ਹਾਂ ਲੋਕਾਂ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

16 ਹਿਜ਼ਕੀਏਲ ਦੇ ਦਰਸ਼ਣ ਵਿਚ ਲੋਕ ਜਿਸ ਤਰ੍ਹਾਂ ਦੇ ਕੰਮ ਕਰ ਰਹੇ ਸਨ, ਅੱਜ ਵੱਡੀ ਭੀੜ ਦੇ ਲੋਕਾਂ ਨੂੰ ਵੀ ਉਸੇ ਤਰ੍ਹਾਂ ਦੇ ਕੰਮ ਕਰਨ ਦਾ ਮੌਕਾ ਮਿਲਿਆ ਹੈ। ਅੱਜ ਉਹ ਯਹੋਵਾਹ ਨੂੰ ਉਸਤਤ ਦੇ ਬਲੀਦਾਨ ਚੜ੍ਹਾ ਕੇ “ਉਸ ਦੇ ਮੰਦਰ ਵਿਚ” ਉਸ ਦੀ ਭਗਤੀ ਕਰਦੇ ਹਨ। (ਪ੍ਰਕਾ. 7:9-15) ਉਹ ਪ੍ਰਚਾਰ ਕਰ ਕੇ, ਮਸੀਹੀ ਸਭਾਵਾਂ ਵਿਚ ਜਵਾਬ ਦੇ ਕੇ ਅਤੇ ਗੀਤ ਗਾ ਕੇ ਆਪਣੀ ਨਿਹਚਾ ਦਾ ਐਲਾਨ ਕਰਦੇ ਹਨ। ਇਨ੍ਹਾਂ ਤਰੀਕਿਆਂ ਨਾਲ ਭਗਤੀ ਕਰਨ ਨੂੰ ਉਹ ਆਪਣੀ ਖ਼ਾਸ ਜ਼ਿੰਮੇਵਾਰੀ ਸਮਝਦੇ ਹਨ। (1 ਇਤਿ. 16:29) ਇਸ ਤੋਂ ਇਲਾਵਾ, ਯਹੋਵਾਹ ਦੇ ਲੋਕ ਅਲੱਗ-ਅਲੱਗ ਤਰੀਕਿਆਂ ਨਾਲ ਉਸ ਦੇ ਸੰਗਠਨ ਦੀ ਮਦਦ ਕਰਦੇ ਹਨ। ਮਿਸਾਲ ਲਈ, ਉਹ ਕਿੰਗਡਮ ਹਾਲ ਅਤੇ ਬ੍ਰਾਂਚ ਆਫ਼ਿਸ ਬਣਾਉਣ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨ ਅਤੇ ਉਸਾਰੀ ਦੇ ਹੋਰ ਕੰਮਾਂ ਵਿਚ ਹੱਥ ਵਟਾਉਂਦੇ ਹਨ। ਦੂਸਰੇ ਲੋਕ ਇਨ੍ਹਾਂ ਕੰਮਾਂ ਲਈ ਦਾਨ ਦਿੰਦੇ ਹਨ। ਇਸ ਤਰ੍ਹਾਂ ਇਹ ਭੈਣ-ਭਰਾ ਖੇਤੀ-ਬਾੜੀ ਦਾ ਕੰਮ ਕਰਦੇ ਹਨ ਤਾਂਕਿ ਉਨ੍ਹਾਂ ਦੇ ਕੰਮਾਂ ਕਾਰਨ “ਪਰਮੇਸ਼ੁਰ ਦੀ ਮਹਿਮਾ” ਹੋਵੇ। (1 ਕੁਰਿੰ. 10:31) ਉਹ ਇਹ ਕੰਮ ਜੋਸ਼ ਨਾਲ ਅਤੇ ਖ਼ੁਸ਼ੀ-ਖ਼ੁਸ਼ੀ ਕਰਦੇ ਹਨ ਕਿਉਂਕਿ ਉਹ ਜਾਣਦੇ ਹਨ ਕਿ “ਪਰਮੇਸ਼ੁਰ ਨੂੰ ਅਜਿਹੇ ਬਲੀਦਾਨਾਂ ਤੋਂ ਬਹੁਤ ਖ਼ੁਸ਼ੀ ਹੁੰਦੀ ਹੈ।” (ਇਬ. 13:16) ਕੀ ਤੁਸੀਂ ਵੀ ਇਸ ਤਰ੍ਹਾਂ ਜੀ-ਜਾਨ ਲਾ ਕੇ ਸੇਵਾ ਕਰਦੇ ਹੋ?

ਮੰਦਰ ਅਤੇ ਸ਼ਹਿਰ ਦੇ ਆਲੇ-ਦੁਆਲੇ ਹੁੰਦੇ ਕੰਮਾਂ ਬਾਰੇ ਹਿਜ਼ਕੀਏਲ ਨੇ ਜੋ ਦੱਸਿਆ, ਉਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ? (ਪੈਰੇ 14-16 ਦੇਖੋ)

“ਅਸੀਂ ਨਵੇਂ ਆਕਾਸ਼ ਅਤੇ ਨਵੀਂ ਧਰਤੀ ਦੀ ਉਡੀਕ ਕਰ ਰਹੇ ਹਾਂ”

17. (ੳ) ਭਵਿੱਖ ਵਿਚ ਇਹ ਭਵਿੱਖਬਾਣੀ ਵੱਡੇ ਪੈਮਾਨੇ ’ਤੇ ਕਿਵੇਂ ਪੂਰੀ ਹੋਵੇਗੀ? (ਅ) ਹਜ਼ਾਰ ਸਾਲ ਦੇ ਰਾਜ ਦੌਰਾਨ ਸ਼ਹਿਰ ਵਰਗੇ ਪ੍ਰਸ਼ਾਸਨ ਤੋਂ ਕਿਨ੍ਹਾਂ ਨੂੰ ਫ਼ਾਇਦਾ ਹੋਵੇਗਾ?

17 ਕੀ ਭੇਟ ਕੀਤੀ ਜ਼ਮੀਨ ਦੇ ਦਰਸ਼ਣ ਦੀ ਪੂਰਤੀ ਭਵਿੱਖ ਵਿਚ ਵੱਡੇ ਪੈਮਾਨੇ ’ਤੇ ਹੋਵੇਗੀ? ਜੀ ਹਾਂ। ਗੌਰ ਕਰੋ ਕਿ ਹਿਜ਼ਕੀਏਲ ਨੇ ਦੇਖਿਆ ਕਿ “ਪਵਿੱਤਰ ਭੇਟ” ਨਾਂ ਦੀ ਜ਼ਮੀਨ ਦੇਸ਼ ਦੇ ਵਿਚਕਾਰ ਸੀ। (ਹਿਜ਼. 48:10) ਇਸੇ ਤਰ੍ਹਾਂ ਆਰਮਾਗੇਡਨ ਤੋਂ ਬਾਅਦ ਅਸੀਂ ਧਰਤੀ ’ਤੇ ਭਾਵੇਂ ਜਿੱਥੇ ਮਰਜ਼ੀ ਰਹਿੰਦੇ ਹੋਵਾਂਗੇ, ਯਹੋਵਾਹ ਸਾਡੇ ਨਾਲ ਰਹੇਗਾ। (ਪ੍ਰਕਾ. 21:3) ਹਜ਼ਾਰ ਸਾਲ ਦੇ ਰਾਜ ਦੌਰਾਨ ਇਕ ਪ੍ਰਸ਼ਾਸਨ ਪੂਰੀ ਧਰਤੀ ’ਤੇ ਕੰਮ ਕਰੇਗਾ। ਇਹ ਪ੍ਰਸ਼ਾਸਨ ਉਨ੍ਹਾਂ ਲੋਕਾਂ ਨਾਲ ਬਣਿਆ ਹੋਵੇਗਾ ਜਿਨ੍ਹਾਂ ਨੂੰ ਧਰਤੀ ਉੱਤੇ ਪਰਮੇਸ਼ੁਰ ਦੇ ਸਾਰੇ ਸੇਵਕਾਂ ਦੀ ਦੇਖ-ਰੇਖ ਕਰਨ ਦੀ ਜ਼ਿੰਮੇਵਾਰੀ ਦਿੱਤੀ ਜਾਵੇਗੀ। ਉਹ “ਨਵੀਂ ਧਰਤੀ” ਯਾਨੀ ਨਵੇਂ ਸਮਾਜ ਦੇ ਸਾਰੇ ਲੋਕਾਂ ਨੂੰ ਪਿਆਰ ਨਾਲ ਸੇਧ ਦੇਣਗੇ ਅਤੇ ਉਨ੍ਹਾਂ ਦੀ ਮਦਦ ਕਰਨਗੇ।​—2 ਪਤ. 3:13.

18. (ੳ) ਅਸੀਂ ਕਿਉਂ ਕਹਿ ਸਕਦੇ ਹਾਂ ਕਿ ਸ਼ਹਿਰ ਵਰਗਾ ਪ੍ਰਸ਼ਾਸਨ ਪਰਮੇਸ਼ੁਰ ਦੀ ਹਕੂਮਤ ਦੀ ਸੇਧ ਮੁਤਾਬਕ ਕੰਮ ਕਰੇਗਾ? (ਅ) ਸ਼ਹਿਰ ਦਾ ਨਾਂ ਸਾਨੂੰ ਕੀ ਭਰੋਸਾ ਦਿਵਾਉਂਦਾ ਹੈ?

18 ਅਸੀਂ ਯਕੀਨ ਕਰ ਸਕਦੇ ਹਾਂ ਕਿ ਇਹ ਪ੍ਰਸ਼ਾਸਨ ਪਰਮੇਸ਼ੁਰ ਦੀ ਹਕੂਮਤ ਦੀ ਸੇਧ ਮੁਤਾਬਕ ਕੰਮ ਕਰੇਗਾ। ਪਰਮੇਸ਼ੁਰ ਦੇ ਬਚਨ ਤੋਂ ਪਤਾ ਲੱਗਦਾ ਹੈ ਕਿ ਧਰਤੀ ਉੱਤੇ 12 ਦਰਵਾਜ਼ਿਆਂ ਵਾਲਾ ਸ਼ਹਿਰ ਸਵਰਗੀ ਸ਼ਹਿਰ ਨਾਲ ਮਿਲਦਾ-ਜੁਲਦਾ ਹੈ। ਇਹ ਸਵਰਗੀ ਸ਼ਹਿਰ ਨਵਾਂ ਯਰੂਸ਼ਲਮ ਹੈ ਜੋ ਮਸੀਹ ਨਾਲ ਰਾਜ ਕਰਨ ਵਾਲੇ 1,44,000 ਜਣਿਆਂ ਨਾਲ ਬਣਿਆ ਹੈ। (ਪ੍ਰਕਾ. 21:2, 12, 21-27) ਇਸ ਤੋਂ ਪਤਾ ਲੱਗਦਾ ਹੈ ਕਿ ਧਰਤੀ ’ਤੇ ਮੌਜੂਦ ਪ੍ਰਸ਼ਾਸਨ ਸਵਰਗ ਵਿਚ ਪਰਮੇਸ਼ੁਰ ਦੇ ਰਾਜ ਦੁਆਰਾ ਲਏ ਫ਼ੈਸਲਿਆਂ ਮੁਤਾਬਕ ਹੀ ਕੰਮ ਕਰੇਗਾ ਅਤੇ ਇਨ੍ਹਾਂ ਨੂੰ ਧਿਆਨ ਨਾਲ ਲਾਗੂ ਕਰੇਗਾ। ਜੀ ਹਾਂ, ਸ਼ਹਿਰ ਦਾ ਨਾਂ “ਯਹੋਵਾਹ ਉੱਥੇ ਹੈ” ਸਾਨੂੰ ਸਾਰਿਆਂ ਨੂੰ ਭਰੋਸਾ ਦਿਵਾਉਂਦਾ ਹੈ ਕਿ ਨਵੀਂ ਦੁਨੀਆਂ ਵਿਚ ਸ਼ੁੱਧ ਭਗਤੀ ਹਮੇਸ਼ਾ-ਹਮੇਸ਼ਾ ਹੁੰਦੀ ਰਹੇਗੀ। ਸੱਚ-ਮੁੱਚ, ਸਾਡਾ ਭਵਿੱਖ ਕਿੰਨਾ ਸੁਨਹਿਰਾ ਹੋਵੇਗਾ!